.

ਵਰਤ ਅਤੇ ਗੁਰਮਤਿ

ਸਤਿੰਦਰਜੀਤ ਸਿੰਘ

ਗੁਰੂ ਕਾਲ ਸਮੇਂ ਹਿੰਦੂ ਮੱਤ ਅਨੁਸਾਰ ਇੱਕ ਪ੍ਰਥਾ ਪ੍ਰਚੱਲਿਤ ਸੀ ਜਿਸਨੂੰ ‘ਸਤੀ ਪ੍ਰਥਾ’ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਪ੍ਰਥਾ ਅਨੁਸਾਰ ਪਤੀ ਦੇ ਮਰ ਜਾਣ ‘ਤੇ ‘ਜਨਮ-ਜਨਮ ਦੇ ਸਾਥ’ ਲਈ ਪਤਨੀ ਨੂੰ ਉਸਦੀ ਚਿਖਾਂ ਵਿੱਚ ਜ਼ਿੰਦਾ ਜਲਾ ਦਿੱਤਾ ਜਾਂਦਾ ਸੀ। ਪ੍ਰੋ.ਸਰਬਜੀਤ ਸਿੰਘ ਧੂੰਦਾ ਨੇ ਇੱਕ ਵਾਰ ਗੁਰਮਤਿ ਵਿਚਾਰ ਕਰਦਿਆਂ ਨੁਕਤਾ ਪੇਸ਼ ਕੀਤਾ ਕਿ ਕਰਵਾ-ਚੌਥ ਦੇ ਵਰਤ ਦੀ ਸ਼ੁਰੂਆਤ ਦਾ ਕਾਰਨ ਵੀ ‘ਸਤੀ ਪ੍ਰਥਾ’ ਹੀ ਹੈ, ਜੋ ਕਿ ਮੰਨਣ ਵਿੱਚ ਵੀ ਆਉਂਦਾ ਹੈ। ਔਰਤਾਂ ਦਾ ਵਰਤ ਰੱਖਣਾ ਇੱਕ ਤਰ੍ਹਾਂ ਨਾਲ ਇਸ ਰੀਤ ਤੋਂ ਬਚਣ ਦਾ ਕਾਰਨ ਸੀ। ਔਰਤਾਂ ਨੂੰ ਵਰਤ ਰੱਖ ਕੇ ਪਤੀ ਦੀ ਲੰਮੀ ਉਮਰ ਮੰਗਣ ਲਈ ਪ੍ਰੇਰਿਤ ਕੀਤਾ ਗਿਆ, ਅਸਲ ਵਿੱਚ ਇਹ ਲੰਮੀ ਉਮਰ ਭਾਵੇਂ ਪਤੀ ਦੀ ਮੰਗਦੀਆਂ ਸਨ ਪਰ ਜਿਉਂਦੇ ਸੜਨ ਤੋਂ ਆਪਣਾ ਬਚਾਅ ਕਰਨ ਦਾ ਢੰਗ ਸੀ।

ਗੁਰੂ ਅਮਰਦਾਸ ਸਾਹਿਬ ਨੇ ਔਰਤਾਂ ‘ਤੇ ਹੁੰਦੇ ਅੱਤਿਆਚਾਰ ਨੂੰ ਰੋਕਣ ਲਈ, ਇਸ ਸਤੀ ਦੀ ਰੀਤ ਨੂੰ ਖਤਮ ਕਰਨ ਲਈ ਆਵਾਜ਼ ਚੁੱਕੀ ਅਤੇ ਆਖਿਆ:

ਸਲੋਕੁ ਮਃ ੩॥

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹ੍ਹਿ ॥

ਨਾਨਕ ਸਤੀਆ ਜਾਣੀਅਨ੍ਹ੍ਹਿ ਜਿ ਬਿਰਹੇ ਚੋਟ ਮਰੰਨ੍ਹ੍ਹਿ ॥੧॥

{ਪੰਨਾ 787}

ਭਾਵ ਕਿ ਉਹਨਾਂ ਇਸਤ੍ਰੀਆਂ ਨੂੰ ਸਤੀ ਹੋ ਗਈਆਂ ਨਹੀਂ ਆਖੀਦਾ ਜੋ ਪਤੀ ਦੀ ਲਾਸ਼ ਦੇ ਨਾਲ ਸੜ ਕੇ ਮਰ ਜਾਂਦੀਆਂ ਹਨ। ਹੇ ਨਾਨਕ! ਜੋ ਪਤੀ ਦੀ ਮੌਤ ਤੇ ਵਿਛੋੜੇ ਦੀ ਸੱਟ ਨਾਲ ਮਰ ਜਾਣ, ਉਹਨਾਂ ਨੂੰ ਸਤੀ ਹੋ ਗਈਆਂ ਸਮਝਣਾ ਚਾਹੀਦਾ ਹੈ।੧। ਭਾਵ ਕਿ ਪਤੀ ਨਾਲ ਪ੍ਰੇਮ ਹੋਵੇ ਤਾਂ ਉਸਦੇ ਵਿਛੋੜੇ ਨਾਲ ਮਰ ਜਾਈਦਾ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਹਨ ਕਿ:

ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍ਹ੍ਹਿ ॥

ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਹ੍ਹਾਲੰਨ੍ਹ੍ਹਿ ॥੨॥ {ਪੰਨਾ 787}

ਭਾਵ ਕਿ ਉਹਨਾਂ ਔਰਤਾਂ ਨੂੰ ਵੀ ਸਤੀਆਂ ਹੀ ਸਮਝਣਾ ਚਾਹੀਦਾ ਹੈ ਜੋ ਪਤੀ-ਧਰਮ ਵਿੱਚ ਰਹਿੰਦੀਆਂ ਹਨ, ਜੋ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ ‘ਤੇ ਸਦਾ ਉੱਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ।੨।

ਵਰਤਾਂ ਵਰਗੇ ਮਨਮਤੀ ਤਿਉਹਾਰਾਂ ਬਾਰੇ ਗੁਰੂ ਸਾਹਿਬ ਨੇ ਕਿਹਾ ਕਿ:

ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ ॥ {ਪੰਨਾ 48}

ਭਾਵ ਕਿ ਹੇ ਭਾਈ! ‘ਗੁਰੂ’ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਚਾਹੀਦੀ ਹੈ, ਇਹੀ ਹੈ ਤੀਰਥਾਂ ਦੇ ਇਸ਼ਨਾਨ, ਇਹੀ ਹੈ ਵਰਤ ਰੱਖਣੇ, ਇਹੀ ਹੈ ਇੰਦ੍ਰੀਆਂ ਨੂੰ ਵੱਸ ਕਰਨ ਦੇ ਲੱਖਾਂ ਉੱਦਮ।

ਕਬੀਰ ਸਾਹਿਬ ਅੰਨ ਛੱਡਣ ਵਾਲੇ ਲੋਕਾਂ (ਕਰਵਾ ਚੌਥ ਦੇ ਵਰਤ ਰੱਖਣ ਵਾਲੀਆਂ ਔਰਤਾਂ) ਨੂੰ ਸਮਝਾਉਂਦੇ ਹਨ ਕਿ:

ਧੰਨੁ ਗੁਪਾਲ ਧੰਨੁ ਗੁਰਦੇਵ ॥ ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥

ਧਨੁ ਓਇ ਸੰਤ ਜਿਨ ਐਸੀ ਜਾਨੀ ॥ ਤਿਨ ਕਉ ਮਿਲਿਬੋ ਸਾਰਿੰਗਪਾਨੀ ॥੧॥

ਭਾਵ ਕਿ ਧੰਨ ਹੈ ਧਰਤੀ ਦਾ ਪਾਲਣ ਵਾਲਾ ਪ੍ਰਭੂ ਜੋ ਅੰਨ ਪੈਦਾ ਕਰਦਾ ਹੈ, ਧੰਨ ਹੈ ਸਤਿਗੁਰੂ ਜੋ ਐਸੇ ਪ੍ਰਭੂ ਦੀ ਸੂਝ ਬਖ਼ਸ਼ਦਾ ਹੈ ‘ਤੇ ਧੰਨ ਹੈ ਅੰਨ ਜਿਸ ਨਾਲ ਭੁੱਖੇ ਮਨੁੱਖ ਦਾ ਹਿਰਦਾ ਫੁੱਲ ਵਾਂਗ ਟਹਿਕ ਪੈਂਦਾ ਹੈ। ਉਹ ਸੰਤ ਵੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਹ ਸਮਝ ਆਈ ਹੈ ਕਿ ਅੰਨ ਨਿੰਦਣਯੋਗ ਨਹੀਂ ਹੈ ‘ਤੇ ਅੰਨ ਖਾ ਕੇ ਪ੍ਰਭੂ ਨੂੰ ਸਿਮਰਦੇ ਹਨ, ਉਹਨਾਂ ਨੂੰ ਪਰਮਾਤਮਾ ਮਿਲਦਾ ਹੈ।੧।

ਆਦਿ ਪੁਰਖ ਤੇ ਹੋਇ ਅਨਾਦਿ ॥ ਜਪੀਐ ਨਾਮੁ ਅੰਨ ਕੈ ਸਾਦਿ ॥੧॥ ਰਹਾਉ ॥

ਭਾਵ ਕਿ ਹੇ ਭਾਈ! ਅੰਨ, ਜਿਸ ਨੂੰ ਤਿਆਗਣ ਵਿੱਚ ਤੁਸੀਂ ਭਗਤੀ ਸਮਝਦੇ ਹੋ, ਪ੍ਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ ‘ਤੇ ਪਰਮਾਤਮਾ ਦਾ ਨਾਮ ਵੀ ਅੰਨ ਖਾਧਿਆਂ ਹੀ ਜਪਿਆ ਜਾ ਸਕਦਾ ਹੈ।੧।ਰਹਾਉ।

ਜਪੀਐ ਨਾਮੁ ਜਪੀਐ ਅੰਨੁ ॥ ਅੰਭੈ ਕੈ ਸੰਗਿ ਨੀਕਾ ਵੰਨੁ ॥

ਅੰਨੈ ਬਾਹਰਿ ਜੋ ਨਰ ਹੋਵਹਿ ॥ ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥

ਭਾਵ ਕਿ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ‘ਤੇ ਅੰਨ ਨੂੰ ਵੀ ਪਿਆਰ ਕਰਨਾ ਚਾਹੀਦਾ ਹੈ ਭਾਵ, ਅੰਨ ਤੋਂ ਤਰਕ ਕਰਨ ਦੇ ਥਾਂ ਅੰਨ ਨੂੰ ਇਉਂ ਸਹਿਜੇ ਸਹਿਜੇ ਪ੍ਰੀਤ ਨਾਲ ਛਕੋ ਜਿਵੇਂ ਅਡੋਲ ਹੋ ਕੇ ਪਿਆਰ ਨਾਲ ਨਾਮ ਸਿਮਰਨਾ ਹੈ। ਵੇਖੋ, ਜਿਸ ਪਾਣੀ ਨੂੰ ਰੋਜ਼ ਵਰਤਦੇ ਹੋ, ਉਸੇ ਪਾਣੀ ਦੀ ਸੰਗਤ ਨਾਲ ਇਸ ਅੰਨ ਦਾ ਕੇਹਾ ਸੁਹਣਾ ਰੰਗ ਨਿਕਲਦਾ ਹੈ। ਜੇ ਪਾਣੀ ਵਰਤਣ ਵਿੱਚ ਪਾਪ ਨਹੀਂ ਤਾਂ ਅੰਨ ਤੋਂ ਨਫ਼ਰਤ ਕਿਉਂ?। ਜੋ ਮਨੁੱਖ ਅੰਨ ਤੋਂ ਤਰਕ ਕਰਦੇ ਹਨ ਉਹ ਸਭ ਥਾਂ ਆਪਣੀ ਇੱਜ਼ਤ ਗਵਾਉਂਦੇ ਹਨ ਭਾਵ, ਅੰਨ ਦਾ ਤਿਆਗ ਕੋਈ ਐਸਾ ਕੰਮ ਨਹੀਂ ਜਿਸ ਨੂੰ ਦੁਨੀਆ ਪਸੰਦ ਕਰੇ।੨।

ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥

ਜਗ ਮਹਿ ਬਕਤੇ ਦੂਧਾਧਾਰੀ ॥ ਗੁਪਤੀ ਖਾਵਹਿ ਵਟਿਕਾ ਸਾਰੀ ॥੩॥

ਜੋ ਲੋਕ ਅੰਨ ਛੱਡ ਦੇਂਦੇ ਹਨ ‘ਤੇ ਇਹ ਪਾਖੰਡ ਕਰਦੇ ਹਨ, ਉਹ ਉਹਨਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ ਜੋ ਨਾ ਸੋਹਾਗਣਾਂ ਹਨ ਅਤੇ ਨਾ ਹੀ ਰੰਡੀਆਂ। ਅੰਨ ਛੱਡਣ ਵਾਲੇ ਸਾਧੂ, ਲੋਕਾਂ ਵਿੱਚ ਆਖਦੇ ਫਿਰਦੇ ਹਨ, ਅਸੀਂ ਨਿਰਾ ਦੁੱਧ ਪੀ ਕੇ ਹੀ ਨਿਰਬਾਹ ਕਰਦੇ ਹਾਂ ਪਰ ਚੋਰੀ-ਚੋਰੀ ਸਾਰੀ ਦੀ ਸਾਰੀ ਪਿੰਨੀ ਖਾਂਦੇ ਹਨ।੩।

ਅੰਨੈ ਬਿਨਾ ਨ ਹੋਇ ਸੁਕਾਲੁ ॥ ਤਜਿਐ ਅੰਨਿ ਨ ਮਿਲੈ ਗੁਪਾਲੁ ॥

ਕਹੁ ਕਬੀਰ ਹਮ ਐਸੇ ਜਾਨਿਆ ॥ ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥ {ਪੰਨਾ 873}

ਭਾਵ ਕਿ ਅੰਨ ਤੋਂ ਬਗ਼ੈਰ ਸੁਕਾਲ ਨਹੀਂ ਹੋ ਸਕਦਾ, ਅੰਨ ਛੱਡਿਆਂ ਰੱਬ ਨਹੀਂ ਮਿਲਦਾ। ਹੇ ਕਬੀਰ! ਬੇਸ਼ੱਕ ਆਖ ਕਿ ਸਾਨੂੰ ਇਹ ਨਿਸ਼ਚਾ ਹੈ ਕਿ ਅੰਨ ਬੜਾ ਸੁੰਦਰ ਪਦਾਰਥ ਹੈ ਜਿਸ ਨੂੰ ਖਾਧਿਆਂ ਸਿਮਰਨ ਕਰ ਕੇ ਸਾਡਾ ਮਨ ਪ੍ਰਮਾਤਮਾ ਨਾਲ ਜੁੜਦਾ ਹੈ।੪।੮।੧੧।

ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥

ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥

ਮਨਮੁਖਿ ਜਨਮੈ ਜਨਮਿ ਮਰੀਜੈ ॥ (ਮ: 1, 905)

ਭਾਵ ਕਿ ਜਿਹੜੇ ਬੰਦੇ ਅੰਨ ਨਹੀਂ ਖਾਂਦੇ ਇਸ ਤਰ੍ਹਾਂ ਉਹ ਕੋਈ ਆਤਮਿਕ ਲਾਭ ਤਾਂ ਨਹੀਂ ਖੱਟਦੇ ਸਰੀਰ ਨੂੰ ਹੀ ਕਸ਼ਟ ਮਿਲਦਾ ਹੈ, ਗੁਰੂ ਤੋਂ ਮਿਲੇ ਗਿਆਨ ਤੋਂ ਬਿਨ੍ਹਾਂ ਮਾਇਆ ਵੱਲੋਂ, ਵਿਕਾਰਾਂ ਵੱਲੋਂ ਤ੍ਰਿਪਤੀ ਨਹੀਂ ਹੋ ਸਕਦੀ। ਸੋ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਫਿਰ ਮਰਦਾ ਹੈ। ਉਸ ਦਾ ਇਹ ਗੇੜ ਤੁਰਿਆ ਰਹਿੰਦਾ ਹੈ।

ਗੁਰੂ ਅਰਜਨ ਸਾਹਿਬ ਅੰਨ ਦਾ ਤਿਆਗ ਕਰਨ ਵਾਲਿਆਂ ਨੂੰ ਸਮਝਾਉਂਦੇ ਹਨ ਕਿ ਪ੍ਰਮਾਤਮਾ ਦੀ ਸੰਗਤ ਕਰਨਾ, ਉਸਦਾ ਨਾਮ ਜਪਣਾ ਹੀ ਸਮਝੋ ਸਾਰੇ ਵਰਤ ਹਨ, ਤੀਰਥ ਇਸ਼ਨਾਨ ਹਨ:

ਵਰਤ ਨੇਮ ਮਜਨ ਤਿਸੁ ਪੂਜਾ ॥ ਬੇਦ ਪੁਰਾਨ ਤਿਨਿ ਸਿੰਮ੍ਰਿਤਿ ਸੁਨੀਜਾ ॥

ਮਹਾ ਪੁਨੀਤ ਜਾ ਕਾ ਨਿਰਮਲ ਥਾਨੁ ॥ ਸਾਧਸੰਗਤਿ ਜਾ ਕੈ ਹਰਿ ਹਰਿ ਨਾਮੁ ॥੨॥ {ਪੰਨਾ 393}

ਭਾਵ ਕਿ ਹੇ ਭਾਈ! ਗੁਰੂ ਦੀ ਸੰਗਤ ਦੀ ਬਰਕਤ ਨਾਲ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆ ਵੱਸਦਾ ਹੈ, ਜੋ ਉਸਦੇ ਗੁਣਾਂ ਨੂੰ ਧਾਰ ਲੈਂਦਾ ਹੈ, ਨਾਮ ਦੀ ਬਰਕਤ ਨਾਲ ਜਿਸ ਮਨੁੱਖ ਦਾ ਮਨ ਬਹੁਤ ਪਵਿੱਤਰ ਅਤੇ ਨਿਰਮਲ ਹੋ ਜਾਂਦਾ ਹੈ, ਸਮਝੋ ਉਸ ਦੇ ਸਾਰੇ ਵਰਤ ਨੇਮ, ਸਾਰੇ ਤੀਰਥ ਇਸ਼ਨਾਨ ਅਤੇ ਸਾਰੀਆਂ ਪੂਜਾ ਹੋ ਗਈਆਂ, ਸਮਝੋ ਉਸਨੇ ਵੇਦ, ਪੁਰਾਣ, ਸਿੰਮ੍ਰਤੀਆਂ ਆਦਿਕ ਸਾਰੇ ਧਰਮ-ਪੁਸਤਕ ਸੁਣ ਲਏ।2।

ਗੁਰੂ ਅਰਜਨ ਸਾਹਿਬ, ਪ੍ਰਮਾਤਮਾ ਨੂੰ ਸੰਬੋਧਨ ਹੋ ਕੇ ਬੇਨਤੀ ਕਰਦੇ ਹਨ ਕਿ:

ਮਿਲੁ ਰਾਮ ਪਿਆਰੇ ਤੁਮ ਬਿਨੁ ਧੀਰਜੁ ਕੋ ਨ ਕਰੈ ॥੧॥ ਰਹਾਉ ॥

ਭਾਵ ਕਿ ਹੇ ਮੇਰੇ ਪਿਆਰੇ ਰਾਮ! ਮੈਨੂੰ ਮਿਲ, ਤੇਰੇ ਮਿਲਾਪ ਤੋਂ ਬਿਨ੍ਹਾਂ ਹੋਰ ਕੋਈ ਵੀ ਉੱਦਮ ਮੇਰੇ ਮਨ ਵਿੱਚ ਸ਼ਾਂਤੀ ਪੈਦਾ ਨਹੀਂ ਕਰ ਸਕਦਾ ।1।ਰਹਾਉ।

ਅੱਗੇ ਗੁਰੂ ਸਾਹਿਬ ਆਖਦੇ ਹਨ ਕਿ:

ਸਿੰਮ੍ਰਿਤਿ ਸਾਸਤ੍ਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨੁ ਸੁਖੁ ਨਾਹੀ ॥੧॥

ਵਰਤ ਨੇਮ ਸੰਜਮ ਕਰਿ ਥਾਕੇ ਨਾਨਕ ਸਾਧ ਸਰਨਿ ਪ੍ਰਭ ਸੰਗਿ ਵਸੈ ॥੨॥੨॥੧੫੧॥

{ਪੰਨਾ 408}

ਭਾਵ ਕਿ ਹੇ ਪਿਆਰੇ ਰਾਮ! ਅਨੇਕਾਂ ਲੋਕਾਂ ਨੇ ਸ਼ਾਸਤ੍ਰਾਂ-ਸਿਮ੍ਰਿਤੀਆਂ ਦੇ ਲਿਖੇ ਅਨੁਸਾਰ, ਮਿਥੇ ਹੋਏ ਧਾਰਮਿਕ ਕੰਮ ਕੀਤੇ ਪਰ ਹੇ ਪ੍ਰਭੂ! ਇਹਨਾਂ ਕਰਮਾਂ ਨਾਲ ਤੇਰਾ ਦਰਸ਼ਨ ਨਸੀਬ ਨਾਹੀਂ ਹੋਇਆ ‘ਤੇ ਤੇਰੇ ਦਰਸ਼ਨ ਤੋਂ ਬਿਨ੍ਹਾਂ ਆਤਮਿਕ ਆਨੰਦ ਨਹੀਂ ਮਿਲਦਾ ।1। ਹੇ ਪ੍ਰਭੂ! ਸ਼ਾਸਤ੍ਰਾਂ ਦੇ ਕਹੇ ਅਨੁਸਾਰ ਅਨੇਕਾਂ ਲੋਕ ਵਰਤ ਰੱਖਦੇ ਰਹੇ, ਕਈ ਨੇਮ ਨਿਭਾਉਂਦੇ ਰਹੇ, ਇੰਦ੍ਰਿਆਂ ਨੂੰ ਵੱਸ ਕਰਨ ਦੇ ਯਤਨ ਕਰਦੇ ਰਹੇ ਪਰ ਇਹ ਸਭ ਕੁੱਝ ਕਰ ਕੇ ਥੱਕ ਗਏ ਪਰ ਤੇਰਾ ਦਰਸ਼ਨ ਪ੍ਰਾਪਤ ਨਾਹੀਂ ਹੋਇਆ।

ਹੇ ਨਾਨਕ! ਗੁਰੂ ਦੀ ਸਰਨ ਪਿਆਂ, ਮਨੁੱਖ ਦਾ ਮਨ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ‘ਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ।2।2।151।

ਗੁਰੂ ਸਾਹਿਬ, ਪ੍ਰਮਾਤਮਾ ਦਾ ਨਾਮ ਸਿਮਰਨ ਕਰਨ, ਉਸਦੇ ਗੁਣ ਗਾਉਣ ਨੂੰ ਹੀ ਅਸਲੀ ਭਗਤੀ ਕਹਿੰਦੇ ਹਨ ‘ਤੇ ਵਰਤ ਆਦਿਕ ਬਾਕੀ ਸਭ ਤਰੀਕਿਆਂ ਨੂੰ ਬੇਮਤਲਬ ਦੱਸਦੇ ਹਨ:

ਕਿਨਹੀ ਘੂਘਰ ਨਿਰਤਿ ਕਰਾਈ ॥ ਕਿਨਹੂ ਵਰਤ ਨੇਮ ਮਾਲਾ ਪਾਈ ॥

ਕਿਨਹੀ ਤਿਲਕੁ ਗੋਪੀ ਚੰਦਨ ਲਾਇਆ ॥ ਮੋਹਿ ਦੀਨ ਹਰਿ ਹਰਿ ਹਰਿ ਧਿਆਇਆ ॥੫॥ {ਪੰਨਾ 913}

ਭਾਵ ਹੇ ਭਾਈ! ਕਿਸੇ ਨੇ ਘੁੰਘਰੂ ਬੰਨ੍ਹ ਕੇ ਦੇਵਤਿਆਂ ਅੱਗੇ ਨਾਚ ਸ਼ੁਰੂ ਕੀਤੇ ਹੋਏ ਹਨ, ਕਿਸੇ ਨੇ ਗਲ ਵਿੱਚ ਮਾਲਾ ਪਾਈ ਹੋਈ ਹੈ ਅਤੇ ਵਰਤ ਰੱਖਣ ਦੇ ਨੇਮ ਧਾਰੇ ਹੋਏ ਹਨ। ਕਿਸੇ ਮਨੁੱਖ ਨੇ ਮੱਥੇ ਉੱਤੇ ਗੋਪੀ ਚੰਦਨ ਦਾ ਟਿੱਕਾ ਲਾਇਆ ਹੋਇਆ ਹੈ ਪਰ ਮੈਂ ਗ਼ਰੀਬ ਤਾਂ ਸਿਰਫ਼ ਪ੍ਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ।5।

ਵਰਤ ਆਦਿਕ ਰੱਖ ਤੀਰਥਾਂ ‘ਤੇ ਜਾ ਕੇ ਪ੍ਰਮਾਤਮਾ ਨੂੰ ਪਾਉਣ ਦੀ ਵਿਧੀ ਕਰਨ ਵਾਲਿਆਂ ਨੂੰ ਗੁਰੂ ਸਾਹਿਬ ਸਮਝਾਉਂਦੇ ਹਨ ਕਿ:

ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ ॥

ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥

ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ॥

{ਪੰਨਾ 1024}

ਭਾਵ ਕਿ ਅਨੇਕਾਂ ਬੰਦੇ ਜਗਤ ਤਿਆਗ ਕੇ ਤੀਰਥਾਂ ਉੱਤੇ ਇਸ਼ਨਾਨ ਕਰਦੇ ਹਨ ‘ਤੇ ਅੰਨ ਨਹੀਂ ਖਾਂਦੇ। ਅਨੇਕਾਂ ਬੰਦੇ ਤਿਆਗੀ ਬਣ ਕੇ ਅੱਗ ਬਾਲਦੇ ਹਨ, ਧੂਣੀਆਂ ਤਪਾਉਂਦੇ ਹਨ ‘ਤੇ ਆਪਣੇ ਸਰੀਰ ਨੂੰ ਤਪਾਂ ਦਾ ਕਸ਼ਟ ਦਿੰਦੇ ਹਨ ਪਰ ਅਕਾਲ ਪੁਰਖ ਦਾ ਨਾਮ ਸਿਮਰਨ ਤੋਂ ਬਿਨ੍ਹਾਂ ਮਾਇਆ ਦੇ ਬੰਧਨਾਂ ਤੋਂ ਮੁਕਤੀ ਨਹੀਂ ਮਿਲਦੀ। ਸਿਮਰਨ ਤੋਂ ਬਿਹਾਂ ਹੋਰ ਕਿਸੇ ਤਰੀਕੇ ਨਾਲ ਕੋਈ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ।

ਗੁਰੂ ਅਮਰਦਾਸ ਸਾਹਿਬ ਦੀ ਵਰਤ ਰੱਖਣ ਬਾਰੇ ਕਹਿੰਦੇ ਹਨ ਕਿ:

ਨਉਮੀ ਨੇਮੁ ਸਚੁ ਜੇ ਕਰੈ ॥ ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥

ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥

ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥

ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥ {ਪੰਨਾ 1245}

ਭਾਵ ਕਿ ਜੇ ਮਨੁੱਖ ਸੱਚ ਧਾਰਨ ਕਰਨ ਦੇ ਨੇਮ ਨੂੰ ਨੌਮੀ ਦਾ ਵਰਤ ਬਣਾਏ, ਕਾਮ-ਕ੍ਰੋਧ ‘ਤੇ ਲਾਲਚ ਨੂੰ ਚੰਗੀ ਤਰ੍ਹਾਂ ਦੂਰ ਕਰ ਲਏ, ਜੇ ਸਾਰੀਆਂ ਹੀ ਦਸਾਂ ਇੰਦ੍ਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਰੱਖੇ, ਇਸ ਉੱਦਮ ਨੂੰ ਦਸਮੀ (ਥਿੱਤੀ ਦਾ ਵਰਤ) ਬਣਾਏ, ਇੱਕ ਅਕਾਲ ਪੁਰਖ ਨੂੰ ਹਰ ਥਾਂ ਵਿਆਪਕ ਸਮਝੇ,ਇਹ ਉਸ ਦਾ ਏਕਾਦਸੀ ਦਾ ਵਰਤ ਹੋਵੇ, ਪੰਜ ਕਾਮਾਦਿਕਾਂ ਨੂੰ ਕਾਬੂ ਵਿੱਚ ਰੱਖੇ, ਜੋ ਇਹ ਉਸ ਦਾ ਦੁਆਦਸੀ ਦਾ ਵਰਤ ਬਣੇ ਤਾਂ, ਹੇ ਨਾਨਕ! ਮਨ ਪਤੀਜ ਜਾਂਦਾ ਹੈ। ਹੇ ਪੰਡਿਤ! ਜੇ ਇਹੋ ਜਿਹਾ ਵਰਤ ਨਿਬ੍ਹਾ ਸਕੀਏ ਤਾਂ ਕਿਸੇ ਹੋਰ ਸਿੱਖਿਆ ਦੀ ਲੋੜ ਨਹੀਂ ਪੈਂਦੀ।

ਉਪਰੋਕਤ ਗੁਰਬਾਣੀ ਪਰਮਾਣਾਂ ਦੀ ਰੌਸ਼ਨੀ ਵਿੱਚ ਫੋਕੀਆਂ ਰਸਮਾਂ ਦਾ ਤਿਆਗ ਕਰ, ਇੱਕ ਪ੍ਰਮਾਤਮਾ ਦੇ ਲੜ ਲੱਗੀਏ, ਉਸਦੀ ਸਿੱਖਿਆ ਨੂੰ ਧਾਰਨ ਕਰੀਏ।

ਭੁੱਲ-ਚੁੱਕ ਦੀ ਖਿਮਾਂ।

ਮਿਤੀ: 29/ਅਕਤੂਬਰ/2015




.