ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥ ਨਾ ਦਿਨੁ ਰੈਨਿ
ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਂਦਾ॥ 1॥
(ਮ: 1, 1035)
ਪਦ ਅਰਥ: ਅਰਬਦ - ਦਸ ਕਰੋੜ ਸਾਲ। ਨਰਬਦ - ਨ-ਅਰਬਦ, ਜਿਸ ਵਾਸਤੇ ਲਫ਼ਜ਼
‘ਅਰਬਦ’ ਭੀ ਨਾਂਹ ਵਰਤਿਆ ਜਾ ਸਕੇ, ਗਿਣਤੀ ਤੋਂ ਪਰ੍ਹਾਂ। ਧੁੰਧੂਕਾਰਾ-ਘੁੱਪ ਹਨੇਰਾ, ਉਹ ਹਾਲਤ ਜਿਸ
ਦੀ ਬਾਬਤ ਕੋਈ ਵੀ ਮਨੁੱਖ ਕੁੱਝ ਭੀ ਦੱਸ ਨਹੀਂ ਸਕਦਾ। ਧਰਣਿ-ਧਰਤੀ। ਗਗਨਾ-ਆਕਾਸ਼। ਰੈਨਿ-ਰਾਤ।
ਸੁੰਨ-ਸੁੰਞ। ਸੁੰਨ-ਸਮਾਧਿ-ਉਹ ਸਮਾਧੀ ਜਿਸ ਵਿੱਚ ਪ੍ਰਭੂ ਦੇ ਆਪਣੇ ਆਪੇ ਤੋਂ ਬਿਨਾਂ ਹੋਰ ਕੁੱਝ ਵੀ
ਨਹੀਂ ਸੀ।
ਭਾਵ: (ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ ਜਿਸ ਦੀ ਗਿਣਤੀ ਦੇ
ਵਾਸਤੇ) ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ-ਹਨੇਰੇ ਦੀ ਹਾਲਤ ਸੀ (ਭਾਵ,
ਅਜਿਹੀ ਹਾਲਤ ਸੀ ਜਿਸ ਦੀ ਬਾਬਤ ਕੁੱਝ ਭੀ ਦੱਸਿਆ ਨਹੀਂ ਜਾ ਸਕਦਾ)। ਤਦੋਂ ਨਾ ਧਰਤੀ ਸੀ, ਨਾ ਆਕਾਸ਼
ਸੀ ਅਤੇ ਨਾ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ। ਤਦੋਂ ਨਾ ਦਿਨ ਸੀ ਨਾ ਰਾਤ ਸੀ, ਨਾ
ਚੰਦ ਸੀ ਨਾ ਸੂਰਜ ਸੀ। ਤਦੋਂ ਪਰਮਾਤਮਾ ਆਪਣੇ ਆਪ ਵਿੱਚ ਹੀ (ਮਾਨੋਂ ਐਸੀ) ਸਮਾਧੀ ਲਾਈ ਬੈਠਾ ਸੀ
ਜਿਸ ਵਿੱਚ ਕੋਈ ਕਿਸੇ ਕਿਸਮ ਦਾ ਫ਼ੁਰਨਾ ਨਹੀਂ ਸੀ।
(ਅ) ‘ਗੁਪਤ ਰੱਬ’ ਕਿਵੇਂ ਪਰਗਟ ਹੋਇਆ?
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥
ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥ 14॥ ਵਿਰਲੇ ਕਉ ਗੁਰਿ ਸਬਦੁ ਸੁਣਾਇਆ॥ ਕਰਿ
ਕਰਿ ਦੇਖੈ ਹੁਕਮੁ ਸਬਾਇਆ॥ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ॥ 15॥ ਤਾ
ਕਾ ਅੰਤੁ ਨ ਜਾਣੈ ਕੋਈ॥ ਪੂਰੇ ਗੁਰ ਤੇ ਸੋਝੀ ਹੋਈ॥ ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ
ਗਾਇਦਾ॥ 16॥
(ਮ: 1, 1036)
ਪਦ-ਅਰਥ: ਤਿਸੁ ਭਾਣਾ-ਉਸ ਪ੍ਰਭੂ ਨੂੰ ਚੰਗਾ ਲੱਗਾ। ਆਡਾਣੁ-ਪਸਾਰਾ।
ਰਹਾਇਆ-ਟਿਕਾਇਆ। ਗੁਰਿ-ਗੁਰੂ ਨੇ। ਦੇਖੈ-ਸੰਭਾਲ ਕਰਦਾ ਹੈ। ਅਰੰਭੇ-ਬਣਾਏ। ਗੁਪਤਹੁ-ਗੁਪਤ ਹਾਲਤ
ਤੋਂ। ਤੇ-ਤੋਂ। ਸਾਚਿ-ਸਦਾ-ਥਿਰ ਪ੍ਰਭੂ ਵਿੱਚ। ਬਿਸਮਾਦੀ-ਹੈਰਾਨ। ਬਿਸਮ-ਹੈਰਾਨ।
ਭਾਵ: ਜਦੋਂ ਉਸ ਪ੍ਰਭੂ ਨੂੰ ਚੰਗਾ ਲੱਗਾ ਤਾਂ ਉਸ ਨੇ ਜਗਤ ਪੈਦਾ ਕਰ
ਦਿੱਤਾ। ਇਸ ਸਾਰੇ ਜਗਤ-ਖਿਲਾਰੇ ਨੂੰ ਉਸ ਨੇ (ਕਿਸੇ ਦਿਸਦੇ) ਸਹਾਰੇ ਤੋਂ ਬਿਨਾਂ ਹੀ (ਆਪੋ-ਆਪਣੇ
ਥਾਂ) ਟਿਕਾ ਦਿੱਤਾ। ਤਦੋਂ ਉਸ ਨੇ (ਮਾਨੋਂ) ਬ੍ਰਹਮਾ, ਵਿਸ਼ਨੂ ਤੇ ਸ਼ਿਵ ਵੀ ਪੈਦਾ ਕਰ ਦਿੱਤੇ (ਜਗਤ
ਵਿੱਚ) ਮਾਇਆ ਦਾ ਮੋਹ ਵਧਾ ਦਿੱਤਾ। 14.
ਜਿਸ ਕਿਸੇ ਵਿਰਲੇ ਬੰਦੇ ਨੂੰ ਗੁਰੂ (ਸ਼ਬਦ-ਗੁਰੂ) ਨੇ ਉਪਦੇਸ਼ ਸੁਣਾਇਆ (ਉਸ
ਨੂੰ ਸਮਝ ਆ ਗਈ ਕਿ) ਪਰਮਾਤਮਾ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਕਰ ਰਿਹਾ ਹੈ, ਹਰ ਥਾਂ ਉਸ ਦਾ
ਹੁਕਮ ਚੱਲ ਰਿਹਾ ਹੈ। ਉਸ ਪਰਮਾਤਮਾ ਨੇ ਆਪ ਹੀ ਖੰਡ ਬ੍ਰਹਮੰਡ ਪਾਤਾਲ ਆਦਿਕ ਬਣਾਏ ਹਨ ਤੇ ਉਹ ਆਪ
ਹੀ ਗੁਪਤ ਹਾਲਤ ਤੋਂ ਪ੍ਰਗਟ ਹੋਇਆ ਹੈ। 15.
ਪੂਰੇ ਗੁਰੂ (ਸ਼ਬਦ ਗੁਰੂ) ਤੋਂ ਇਹ ਸਮਝ ਪੈਂਦੀ ਹੈ ਕਿ ਕੋਈ ਵੀ ਜੀਵ
ਪਰਮਾਤਮਾ ਦੀ ਤਾਕਤ ਦਾ ਅੰਤ ਨਹੀਂ ਜਾਣ ਸਕਦਾ। ਹੇ ਨਾਨਕ! ਜਿਹੜੇ ਬੰਦੇ ਉਸ ਸਦਾਥਿਰ ਰਹਿਣ ਵਾਲੇ
ਪਰਮਾਤਮਾ (ਦੇ ਨਾਮ-ਰੰਗ) ਵਿੱਚ ਰੰਗੇ ਜਾਂਦੇ ਹਨ ਉਹ (ਉਸ ਦੀ ਬੇਅੰਤ ਤਾਕਤ ਦੇ ਕੌਤਕ ਵੇਖ-ਵੇਖ ਕੇ)
ਹੈਰਾਨ ਹੀ ਹੈਰਾਨ ਹੁੰਦੇ ਹਨ ਤੇ ਉਸਦੇ ਗੁਣ ਗਾਂਦੇ ਰਹਿੰਦੇ ਹਨ। 16.
(ੲ) ਪ੍ਰਭੂ-ਪਿਤਾ ਨੇ ਜਗਤ ਰਚਨਾ ਕਿਵੇਂ ਕੀਤੀ?
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥
(ਮ: 1, 20)
ਭਾਵ: ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ, ਪਵਣ ਤੋਂ ਜਲ (
)
ਹੋਂਦ ਵਿੱਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੀ ਸ੍ਰਿਸ਼ਟੀ ਦੇ) ਹਰੇਕ ਘਟ ਵਿੱਚ
ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ।
ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥ (ਮ: 1, 3)
ਭਾਵ: (ਅਕਾਲ ਪੁਰਖੁ ਨੇ) ਆਪਣੇ ਹੁਕਮ ਨਾਲ ਸਾਰੀ ਸ੍ਰਿਸ਼ਟੀ (ਕੁਦਰਤਿ)
ਬਣਾ ਦਿੱਤੀ ਅਤੇ ਉਸ ਹੁਕਮ ਨਾਲ (ਹੀ ਜਿੰਦਗੀ ਦੇ) ਲੱਖਾਂ (ਬੇਗਿਣਤ) ਦਰੀਆ ਬਣ ਗਏ, ਯਾਨੀ ਕਿ
ਬੇਗਿਣਤ ਕਿਸਮਾਂ ਦੇ ਬੇਗਿਣਤ ਜੀਵ ਹੋਂਦ ਵਿੱਚ ਆ ਗਏ।
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ (ਮ: 1,
1)
ਪਦ-ਅਰਥ: ਹੁਕਮੀ-ਹੁਕਮ ਵਿੱਚ (ਅਕਾਲ ਪੁਰਖ ਦੇ ਹੁਕਮ ਅਨੁਸਾਰ)।
ਹੋਵਨਿ-ਹੁੰਦੇ ਹਨ, ਹੋਂਦ ਵਿੱਚ ਆਉਂਦੇ ਹਨ, ਬਣ ਜਾਂਦੇ ਹਨ। ਆਕਾਰ-ਸਰੂਪ, ਸ਼ਕਲਾਂ, ਸਰੀਰ। ਨ ਕਹਿਆ
ਜਾਈ-ਪੂਰਨ ਤੌਰ `ਤੇ ਦੱਸਿਆ ਨਹੀਂ ਜਾ ਸਕਦਾ। ਜੀਅ-ਜੀਅ ਜੰਤ। ਹੁਕਮਿ-ਪ੍ਰਭੂ ਦੇ ਹੁਕਮ ਅਨੁਸਾਰ।
ਵਡਿਆਈ-ਆਦਰ, ਸ਼ੋਭਾ।
ਭਾਵ: ਅਕਾਲ ਪੁਰਖੁ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ (ਪਰ ਇਹ)
ਹੁਕਮ ਸੰਪੂਰਨ ਰੂਪ ਵਿੱਚ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਰੱਬ ਦੇ ਹੁਕਮ ਅਨੁਸਾਰ ਸਾਰੇ
ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ ਤੇ) ਸ਼ੋਭਾ ਮਿਲਦੀ ਹੈ।
(ਸ) ਸ੍ਰਿਸ਼ਟੀ (ਕੁਦਰਤਿ) ਦੀ ਰਚਨਾ ਕਦੋਂ ਹੋਈ?
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ
ਆਕਾਰੁ॥ (ਮ: 1, 4)
ਭਾਵ: ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿੱਤ ਸੀ, ਕਿਹੜਾ ਦਿਨ
ਸੀ, ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਜਗਤ (ਸ੍ਰਿਸ਼ਟੀ) ਬਣਿਆ ਸੀ?
ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਗੁਰੂ ਨਾਨਕ ਸਾਹਿਬ ਇਸੇ ਪਉੜੀ ਦੀਆਂ ਅਗਲੀਆਂ
ਪੰਕਤੀਆਂ ਵਿੱਚ ਇੰਝ ਬਖ਼ਸ਼ਿਸ਼ ਕਰਦੇ ਹਨ:
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥ ਵਖਤੁ ਨ ਪਾਇਓ ਕਾਦੀਆਂ ਜਿ ਲਿਖਨਿ ਲੇਖੁ
ਕੁਰਾਣੁ॥ ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ
ਸੋਈ॥ (ਮ: 1, 4)
ਭਾਵ: (ਕਦੋਂ ਇਹ ਜਗਤ ਬਣਿਆ?) ਉਸ ਸਮੇਂ ਦਾ ਪੰਡਤਾਂ ਨੂੰ ਭੀ ਪਤਾ ਨਾ
ਲੱਗਾ, ਨਹੀਂ ਤਾਂ (ਇਸ ਮਜ਼ਮੂਨ ਉੱਤੇ ਵੀ) ਇੱਕ ਪੁਰਾਣ ਲਿਖਿਆ ਹੁੰਦਾ। ਉਸ ਸਮੇਂ ਦੇ ਕਾਜ਼ੀਆਂ ਨੂੰ
ਵੀ ਖ਼ਬਰ ਨਾ ਲੱਗ ਸਕੀ, ਨਹੀਂ ਤਾਂ ਉਹ ਲੇਖ ਲਿਖ ਦੇਂਦੇ ਜਿਵੇਂ ਉਨ੍ਹਾਂ ਨੇ (ਆਇਤਾਂ ਇਕੱਠੀਆਂ ਕਰ
ਕੇ) ਕੁਰਾਨ (ਲਿਖਿਆ ਸੀ)।
(ਜਦੋਂ ਜਗਤ ਬਣਿਆ ਸੀ ਤਦੋਂ) ਕਿਹੜੀ ਥਿੱਤ ਸੀ, (ਕਿਹੜਾ) ਵਾਰ ਸੀ, ਇਹ ਗੱਲ
ਕੋਈ ਜੋਗੀ ਭੀ ਨਹੀਂ ਜਾਣਦਾ। ਕੋਈ ਮਨੁੱਖ (ਦੱਸ ਨਹੀਂ ਸਕਦਾ) ਕਿ ਤਦੋਂ ਕਿਹੜੀ ਰੁੱਤ ਸੀ ਅਤੇ
ਕਿਹੜਾ ਮਹੀਨਾ ਸੀ। ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ
ਕਦੋਂ ਰਚਿਆ)।
16. ਸਮੁੱਚੀ ਸ੍ਰਿਸ਼ਟੀ ਪ੍ਰਭੂ-ਪਿਤਾ ਦੇ ਹੁਕਮ ਅਧੀਨ ਹੈ
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ
ਨ ਕੋਇ॥ (ਮ: 1, 1)
ਪਦ-ਅਰਥ: ਬਾਹਰਿ (ਰੱਬ ਦੇ ਹੁਕਮ ਦੇ ਦਾਇਰੇ ਤੋਂ ਬਾਹਰ)। ਹੁਕਮੈ-ਹੁਕਮ
ਨੂੰ। ਬੁਝੈ-ਸਮਝ ਲਏ। ਹਉਂਮੈ ਕਹੈ ਨ-ਮੈਂ-ਮੈਂ (ਹਉਂ-ਮੈਂ) ਦੇ ਬਚਨ ਨਹੀਂ ਆਖਦਾ, ਸੁਆਰਥੀ ਨਹੀਂ
ਬਣਦਾ।
ਭਾਵ: ਹਰੇਕ ਜੀਵ ਰੱਬ ਦੇ ਹੁਕਮ ਵਿੱਚ ਹੀ ਹੈ (ਕੋਈ ਜੀਵ ਰੱਬ ਦੀ ਸੱਚੀ
ਅਦਾਲਤ ਦੇ ਅਧਿਕਾਰ ਖੇਤਰ ਤੋਂ ਭੱਜ ਨਹੀਂ ਸਕਦਾ), ਭਾਵ ਹੁਕਮ ਤੋਂ ਆਕੀ ਨਹੀਂ ਹੋ ਸਕਦਾ। ਹੇ ਨਾਨਕ!
ਜੇ ਕੋਈ ਮਨੁੱਖ ਅਕਾਲ ਪੁਰਖੁ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ
(ਭਾਵ ਫਿਰ ਉਹ ਸੁਆਰਥੀ ਜੀਵਨ ਜਿਉਣਾ ਛੱਡ ਦੇਂਦਾ ਹੈ)।
ਨੋਟ: ਉੱਪਰ ਬੇਅੰਤ ਪ੍ਰਭੂ-ਪਿਤਾ ਦੇ ਬੇਅੰਤ ਗੁਣਾਂ ਵਿੱਚੋਂ,
ਵੰਨਗੀ-ਪਾਤਰ, ਕੁੱਝ ਕੁ ਗੁਣਾਂ ਦਾ ਹੀ, ਪਾਠਕਾਂ ਦੀ ਦਿਲਚਸਪੀ ਲਈ, ਜ਼ਿਕਰ ਕੀਤਾ ਗਿਆ ਹੈ ਤਾਕਿ
ਪੁਸਤਕ ਦਾ ਆਕਾਰ ਬਹੁਤ ਵੱਡਾ ਨਾ ਹੋ ਜਾਏ।
ਕਰਤਾ ਪੁਰਖੁ ਦਾ ਹੁਕਮ ਕਿਵੇਂ ਵਰਤਦਾ ਹੈ?
ਇਸ ਪ੍ਰਸ਼ਨ ਦਾ ਉੱਤਰ ਲੱਭਣ ਲਈ ਗੁਰੂ ਨਾਨਕ ਸਾਹਿਬ ਵੱਲੋਂ ਉਚਾਰਨ ਕੀਤੀ
‘ਜਪੁ’ ਗੁਰਬਾਣੀ ਦੀ ਦੂਜੀ ਪਉੜੀ ਦੀ ਵਿਚਾਰ ਸਹਾਇਤਾ ਕਰ ਸਕਦੀ ਹੈ:
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ
ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿਂ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿਂ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨਾ ਕੋਇ॥ (ਮ:
1, 1)
ਨੋਟ: ਇਸ ਪਉੜੀ ਦੀ ਪੰਕਤੀ ਨੰਬਰ 1, 2, 5 ਅਤੇ 6 ਦੀ ਵਿਚਾਰ ਉੱਪਰ
ਕੀਤੀ ਜਾ ਚੁੱਕੀ ਹੈ। ਪੰਕਤੀ ਨੰਬਰ 3 ਤੇ 4 ਦੀ ਵਿਚਾਰ ਹੇਠਾਂ ਦਰਜ਼ ਹੈ:
ਪਦ-ਅਰਥ: ਉਤਮ-ਸ੍ਰੇਸ਼ਟ, ਚੰਗਾ। ਲਿਖਿ-ਲਿਖ ਕੇ, ਲਿਖੇ ਅਨੁਸਾਰ।
ਪਾਈਅਹਿਂ-ਪਾਈਦੇ ਹਨ, ਭੋਗੀਦੇ ਹਨ। ਇਕਨਾ-ਕਈ ਮਨੁੱਖਾਂ ਨੂੰ। ਬਖ਼ਸ਼ੀਸ਼-ਦਾਤ, ਬਖਸ਼ਿਸ਼।
ਭਵਾਈਅਹਿਂ-ਭਵਾਈਦੇ ਹਨ, ਜਨਮ-ਮਰਨ ਦੇ ਗੇੜ (ਆਵਾਗਉਂਣ) ਵਿੱਚ ਪਾਏ ਜਾਂਦੇ ਹਨ।
ਭਾਵ: ਰੱਬ ਦੇ ਹੁਕਮ ਵਿੱਚ ਕੋਈ ਮਨੁੱਖ (ਕਿਰਤਿ ਕਰਮ ਅਨੁਸਾਰ) ਚੰਗਾ
(ਬਣ ਜਾਂਦਾ) ਹੈ, ਕੋਈ ਭੈੜਾ (ਭਾਵ ਕਿ ਆਪੋ-ਆਪਣੇ ਕੀਤੇ ਕਰਮਾਂ ਅਨੁਸਾਰ ਉਨ੍ਹਾਂ ਦੇ ਸੰਸਕਾਰ ਚੰਗੇ
ਜਾਂ ਮਾੜੇ ਬਣ ਜਾਂਦੇ ਹਨ ਅਤੇ ਸੰਸਕਾਰਾਂ ਅਨੁਸਾਰ ਹੀ ਕਿਸੇ ਮਨੁੱਖ ਦਾ ਸੁਭਾਅ ਚੰਗਾਂ ਜਾਂ ਮਾੜਾ
ਬਣਦਾ ਹੈ)। ਉਸ ਦੇ ਹੁਕਮ ਵਿੱਚ ਹੀ (ਆਪਣੇ ਕੀਤੇ ਕਰਮਾਂ ਦੇ) ਲਿਖੇ ਲੇਖਾਂ ਅਨੁਸਾਰ ਦੁੱਖ ਅਤੇ ਸੁਖ
ਭੋਗੀਦੇ ਹਨ। ਹੁਕਮ ਵਿੱਚ ਹੀ ਕਈ ਮਨੁੱਖਾਂ ਉੱਤੇ (ਕਰਤਾ ਪੁਰਖ ਦੇ ਦਰ ਤੋਂ) ਬਖ਼ਸ਼ਿਸ਼ ਹੁੰਦੀ ਹੈ
(ਭਾਵ ਕਿ, ਜਿਹੜੇ ਜੀਵ ਆਪਣੀ ਸ਼ੁਭ ਕਰਣੀ-ਆਚਰਣ) ਅਨੁਸਾਰ ਉਸ ਮਾਲਿਕ-ਪ੍ਰਭੂ ਦੀ ਕਿਰਪਾ ਦੇ ਪਾਤਰ ਬਣ
ਜਾਂਦੇ ਹਨ, ਉਨ੍ਹਾਂ `ਤੇ ਹੀ ਉਸ ਦੀ ਰਹਿਮਤ ਹੁੰਦੀ ਹੈ, ਅਤੇ ਉਸ ਪ੍ਰਭੂ-ਪਿਤਾ ਦੇ ਹੁਕਮ ਵਿੱਚ ਹੀ
ਕਈ ਮਨੁੱਖ (ਆਪਣੇ ਕੀਤੇ ਮੰਦੇ-ਚੰਗੇ ਕਰਮਾਂ ਅਨੁਸਾਰ), ਜਨਮ-ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ।
ਨੋਟ:
ਤਿੰਨ ਤਾਪ ਇਹ ਹਨ -
1. ਆਧਿ:- ਮਨ ਦੇ ਦੁੱਖ।
2. ਬਿਆਧਿ: ਸਰੀਰ ਦੇ ਦੁੱਖ।
3. ਉਪਾਧਿ: ਭੁਲੇਖੇ ਦੇ ਦੁੱਖ ਤੇ ਕੁਦਰਤੀ ਆਫ਼ਤਾਂ (ਹੜ੍ਹ, ਭੁਚਾਲ, ਸੁਨਾਮੀ
ਆਦਿ) ਦੇ ਦੁੱਖ।