ਵਿਦੇਸ਼ੀਂ ਵਸਦੇ ਸਿੱਖ ਅਤੇ ਅਕਾਲ ਤਖਤ ਦਾ ‘ਅਖੌਤੀ ਜਥੇਦਾਰ’
ਸਿੱਖ ਕੌਮ ਲਈ ਸਭ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਅਸੀਂ ਗੁਰੂ
ਗਰੰਥ ਸਾਹਿਬ ਜੀ ਨੂੰ ਕੇਵਲ ਮੱਥਾ ਟੇਕਣ ਤੱਕ ਸੀਮਿਤ ਹਾਂ , ਗੁਰਬਾਣੀ ਵਿੱਚ ਸਾਡੇ ਗੁਰੂ ਸਾਹਿਬਾਨ
ਨੇ ਜੋ ਸਿਧਾਂਤ ਸਾਨੂੰ ਦਿੱਤਾ ਸੀ ਉਹ ਅਖੰਡ ਪਾਠਾਂ , ਸੁਖਮਨੀ ਸਾਹਿਬ ਦੇ ਪਾਠਾਂ, ਕੀਰਤਨ ਦਰਬਾਰਾਂ
ਅਤੇ ਨਗਰ ਕੀਰਤਨਾਂ ਵਿੱਚ ਗੁਰੂ ਗਰੰਥ ਸਾਹਿਬ ਨੂੰ ਘੁਮਾਉਣ ਕਰੇ ਅਲੋਪ ਹੋ ਗਿਆ ਹੈ। ਅੱਜ ਆਮ ਸਿੱਖ
ਗੁਰਬਾਣੀ ਦਾ ਸਿਧਾਂਤ ਸਮਝਣ ਵਾਲੇ ਰਾਹ ਤਾਂ ਕੀ ਉਧਰ ਮੂੰਹ ਵੀ ਨਹੀਂ ਕਰਦਾ । ਜੋ ਕਰਮ-ਕਾਂਡ, ਆਲੇ
ਦੁਆਲੇ ਵੱਲ ਵੇਖਕੇ ਘੜੀਆਂ ਰਸਮਾਂ ਹੀ ਸਿੱਖ ਧਰਮ ਦੀ ਮਰਿਯਾਦਾ ਕਹਿਕੇ ਪ੍ਰਚਾਰੀਆਂ ਜਾਂਦੀਆਂ ਹਨ,
ਉਸੇ ਨੂੰ ਹੀ ਸਿੱਖੀ ਸਮਝਿਆ ਜਾਂਦਾ ਹੈ । ਜੇ ਅਕਾਲ ਤਖਤ ਤੇ ਇਸਦਾ ਪੁਜਾਰੀ ਹੀ ਸਿੱਖਾਂ ਲਈ
ਸਰਬਉੱਚ ਹੈ ਤਾਂ "ਗੁਰੂ ਗਰੰਥ ਸਾਹਿਬ" ਸਿੱਖ ਲਈ ਕੀ ਹੈ ? ਕੀ ਸਿੱਖ ਕਦੇ ਸੋਚਣਗੇ ?
ਪੰਜਾਬ ਵਿੱਚ ਜੋ ਘਟਨਾਕ੍ਰਮ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਦ
ਚੱਲਿਆ ਉਸਨੂੰ ਬੜੇ ਨੇੜੇ ਤੋਂ ਦੇਖਕੇ ਪਤਾ ਲੱਗਦਾ ਹੈ ਕਿ ਸਿੱਖ ਬਾਦਲ ਸਰਕਾਰ ਅਤੇ ਪੰਜ ਜਥੇਦਾਰਾਂ
ਤੋਂ ਬਹੁਤ ਨਾਰਾਜ਼ ਹਨ। ਜਥੇਦਾਰਾਂ ਵਲੋਂ ਸਿਰਸਾ ਸਾਧ ਨੂੰ ਮਾਫ ਕਰਨਾ, ਫਿਰ ਬੇਅਦਬੀ ਹੋਣ ਅਤੇ ਮੁੜ
ਫਿਰ ਸਾਧ ਬਾਰੇ ਹੁਕਮਨਾਮੇ ਨੂੰ ਵਾਪਿਸ ਲੈਣਾ ਜਥੇਦਾਰਾਂ ਦੀ ਨਾਲਾਇਕੀ ਸਾਬਤ ਕਰਦਾ ਹੈ। ਅਖੌਤੀ
ਜਥੇਦਾਰ ਸਿਰਫ ਸਰਕਾਰ ਜਾਂ ਰਾਜਨੀਤਿਕਾਂ ਦੇ ਦਿਸ਼ਾ ਨਿਰਦੇਸ਼ ਤੇ ਕੰਮ ਕਰਦੇ ਹਨ।
ਗੁਰਦੁਵਾਰਾ ਐਕਟ ਮੁਤਾਬਿਕ ‘ਜਥੇਦਾਰ’ ਸ਼੍ਰੋਮਣੀ ਕਮੇਟੀ ਦਾ ਇੱਕ ਕਰਮਚਾਰੀ
ਹੈ ਜਿਸਨੂੰ ਲਗਾਉਣ ਜਾਂ ਹਟਾਉਣ ਦਾ ਹੱਕ ਸਿਰਫ ਸ਼੍ਰੋਮਣੀ ਕਮੇਟੀ ਕੋਲ ਹੈ। ਪੁਰਾਤਨ ਸਿੱਖ ਇਤਿਹਾਸ
ਵਿੱਚ ਜਥੇਦਾਰਾਂ ਵਲੋਂ ਹੁਕਮਨਾਮੇ ਜਾਰੀ ਕਰਨ ਦੀ ਕੋਈ ਵੀ ਗਵਾਹੀ ਨਹੀਂ ਮਿਲਦੀ ਅਤੇ ਨਾ ਹੀ ਗੁਰੂ
ਸਾਹਿਬਾਨ ਜਾਂ ਬਾਅਦ ਵਿੱਚ ਕਦੇ ਅਕਾਲ ਤਖਤ ਦਾ ਕੋਈ ਜਥੇਦਾਰ ਥਾਪਿਆ ਗਿਆ । ਪੰਜ ਤਖਤ ਵੀ ਬਹੁਤ
ਬਾਅਦ ਵਿੱਚ ਹੋਂਦ ਵਿੱਚ ਆਏ । ਤਲਵੰਡੀ ਸਾਬੋ ਤਖਤ 60ਵਿਆਂ ਵਿੱਚ ਤਖਤ ਬਣਾਇਆ ਗਿਆ ਤੇ ਉਸਤੋਂ
ਪਹਿਲਾਂ ਅਰਦਾਸ ਵਿੱਚ ਵੀ ਚਾਰ ਤਖਤ ਸਨ । ਭਾਵ ਕਿ ਸਿਰਫ ਗੁਰਬਾਣੀ ਦਾ ਸਿਧਾਂਤ ਹੀ ਸਿੱਖ ਲਈ ਸੱਚ
ਹੈ ਬਾਕੀ ਚੀਜ਼ਾਂ ਬਦਲਦੀਆ ਹਨ ਜਾਂ ਰਾਜਨੀਤੀ ਦੇ ਦਬਾਅ ਅੰਦਰ ਬਦਲਾਅ ਦਿੱਤੀਆਂ ਜਾਂਦੀਆਂ ਹਨ ।
ਸਿੱਖ ਇਤਿਹਾਸ ਵਿੱਚ ਪੁਜਾਰੀਆਂ ਵਲੋਂ ਅਕਾਲ ਤਖਤ ਤੋਂ ਸਭ ਤੋਂ ਪਹਿਲਾਂ ਜੇ
ਕੋਈ ਹੁਕਮਨਾਮਾਂ ਜਾਰੀ ਕੀਤਾ ਗਿਆ ਤਾਂ ਉਹ 18 ਮਾਰਚ 1887 ਈ. ਨੂੰ ਕੀਤਾ ਗਿਆ ਜੋ ਸਿੱਖ ਵਿਦਵਾਨ
ਪ੍ਰੋ. ਗੁਰਮੁਖ ਸਿੰਘ ਨੂੰ ਛੇਕਣ ਦਾ ਸੀ। ਬੇਦੀਆਂ ਦੀ ਵਿਰੋਧਤਾ ਅਤੇ ਸਿੱਖਾਂ ਵਿੱਚ ਜਾਗਰਿਤੀ ਪੈਦਾ
ਕਰਨ ਕਰਕੇ ਪ੍ਰੋ. ਗੁਰਮੁਖ ਸਿੰਘ ਨੂੰ ਛੇਕਿਆ ਗਿਆ ਪਰ ਉਹਨਾ ਨੇ ਕਦੇ ਵੀ ਇਹ ਹੁਕਮਨਾਮਾਂ ਨਹੀਂ
ਮੰਨਿਆ। ਆਮ ਸਿੱਖ ਅਕਾਲੀ ਫੂਲਾ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਰਿਹਾ ਸਮਝਦਾ ਹੈ ਪਰ ਇਸ ਬਾਰੇ
ਇਤਿਹਾਸ ਚੁੱਪ ਹੈ, ਹਾਂ ਅਕਾਲੀ ਫੂਲਾ ਸਿੰਘ ਔਰ ਬਾਬਾ ਨੈਣਾ ਸਿੰਘ ਵਲੋਂ ਮਹਾਰਾਜਾ ਰਣਜੀਤ ਸਿੰਘ
ਨੂੰ ਵੰਗਾਰਨ ਦਾ ਮੁੱਲ ਇਹ ਤਾਰਨਾ ਪਿਆ ਸੀ ਕਿ ਮਹਾਰਾਜੇ ਨੇ ਬਾਬਾ ਜੀ ਹੋਰਾਂ ਦਾ ਦਰਬਾਰ ਸਾਹਿਬ
ਟਿਕਣਾ ਮੁਸ਼ਕਿਲ ਕੀਤਾ ਅਰ ਉਹ ਅਨੰਦਪੁਰ ਸਾਹਿਬ ਰਹਿੰਦੇ ਰਹੇ ।
ਸ. ਮਹਿੰਦਰ ਸਿੰਘ ਜੋਸ਼ ਆਪਣੀ ਪੁਸਤਕ ‘ਸ੍ਰੀ ਅਕਾਲ ਤਖਤ ਤੇ ਇਸਦਾ ਜਥੇਦਾਰ’
ਵਿੱਚ ਲਿਖਦੇ ਹਨ...
‘ਦਰਅਸਲ
ਵੀਹਵੀਂ ਸਦੀ ਦੇ ਮਗਰਲੇ ਅੱਧ ਵਿੱਚ ਕੁਝ ਸੁਆਰਥੀ ਨੀਮ-ਧਾਰਮਕ ਆਗੂਆ ਨੂੰ ਅਤੇ ਅਕਾਲ ਤਖਤ ਦੇ ਕੁਝ
ਮੁਖ ਸੇਵਾਦਾਰਾਂ ਜਾਂ ਗ੍ਰੰਥੀਆਂ ਨੂੰ ਜਾਣੇ ਜਾਂ ਅਨਜਾਣੇ ਵਿੱਚ ਰੱਬ ਦੀ ਅਜਿਹੀ ਮਾਰ ਵਗੀ ਕਿ
ਉਹਨਾਂ ਨੇ ਧਰਮ ਬਲ ਦੀ ਦੁਰਵਰਤੋਂ ਕਰਨ ਲਈ ਅਕਾਲ ਤਖਤ ਦੇ ਗ੍ਰੰਥੀ ਨੂੰ ਭਾਵੇਂ ਨੰਗੇ ਤੌਰ ਤੇ ਗੁਰੂ
ਦਾ ਨਾਮ ਤਾਂ ਨਹੀਂ ਸੀ ਦਿੱਤਾ ਪਰ ਅਕਾਲ ਤਖਤ ਦੇ ਜਥੇਦਾਰ ਨੂੰ ਪੰਥ ਲਈ ਹਊਆ ਖੜ੍ਹਾ ਕਰ ਦਿੱਤਾ ਸੀ
ਤੇ ਸਿੱਖ ਪੰਥ ਦੇ ਗਲ ਵਾਧੂ ਤੇ ਬੇਲੋੜਵੀਂ ਬਿਪਤਾ ਪਾ ਦਿੱਤੀ ਸੀ"...
ਅਖੌਤੀ ਜਥੇਦਾਰ ਨੂੰ ਕਿਵੇਂ ਰਾਜਨੀਤਕਾਂ ਨੇ ਸਿੱਖਾਂ ਦੇ ਸਿਰ ਮੜਿਆ ਉਸਦੀ ਜਾਣਕਾਰੀ ਲਈ ਇਹ ਪੁਸਤਕ
ਬੇਹੱਦ ਲਾਹੇਵੰਦ ਹੈ ਅਤੇ ‘ਅਕਾਲ ਬੁੰਗੇ ਤੋਂ ਅਕਾਲ ਤਖਤ ’ਤੇ ਸਿੱਖਾਂ ਨੂੰ ਧਾਰਮਿਕ ਅਤੇ ਰਾਜਨੀਤਕ
ਤੌਰ ਕਾਬੂ ਕਰਨ ਦੀ ਸਾਰੀ ਵਿਥਿਆ ਹੈ ।
ਵਿਦੇਸ਼ੀਂ ਵਸਦੇ ਸਿੱਖ ਵੀ ਪੰਜਾਬ ਵਿੱਚ ਹੁੰਦੀਆਂ ਘਟਨਾਵਾਂ ਤੋਂ ਪ੍ਰਭਾਵਿਤ
ਹੁੰਦੇ ਹਨ ਤੇ ਸਿੱਖੀ ਨਾਲ ਅਥਾਹ ਪਿਆਰ ਹੋਣ ਕਰਕੇ ਦੁਖੀ ਵੀ ਹੁੰਦੇ ਹਨ । ਪੰਜਾਬ ਵਿਚਲੇ ਸਿੱਖ ਕਈ
ਵਾਰ ਸੋਚਦੇ ਹਨ ਕਿ ਵਿਦੇਸ਼ਾਂ ਵਿੱਚ ਬਹੁਤ ਸਿੱਖੀ ਹੈ, ਹਾਂ ਦੇਖਣ ਲਈ ਹੈ ਪਰ ਜੇ ਗੁਰਬਾਣੀ ਦੇ
ਸਿਧਾਂਤ ਦੀ ਗੱਲ ਕਰੀਏ ਤਾਂ ਪੰਜਾਬ ਵਾਲਾ ਹੀ ਹਾਲ ਹੈ ਤੇ ਸ਼ਇਦ ਉਸਤੋਂ ਵੀ ਮਾੜਾ । ਬਾਹਰਲੇ ਸਿੱਖ
ਵੀ ਗੁਰੂ ਗਰੰਥ ਸਾਹਿਬ ਜੀ ਦੇ ਉਪਦੇਸ਼ ਤੋਂ ਅਗਵਾਈ ਲੈਣ ਦੀ ਬਜਾਏ ਅਕਾਲ ਤਖਤ ਦੇ ਪੁਜਾਰੀ ਵੱਲ ਹੀ
ਵੇਖਦਾ ਹੈ ਕਿ ਉਹ ਕੀ ਹੁਕਮ ਦੇਵੇਗਾ , ਉਸਦੀ ਦੱਸੀ ਸਿੱਖੀ ਹੀ ਸਿੱਖੀ ਹੈ ਜੇ ਉਹ ਕਹੇ ਦਿਨ ਤਾਂ
ਦਿਨ ਜੇ ਉਹ ਕਹੇ ਰਾਤ ਤਾਂ ਰਾਤ । ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਗੁਰੂ ਤੋਂ ਪੁੱਛਣ ਦੀ ਬਜਾਏ
ਸਿੱਖ ਇਸ ਅਖੌਤੀ ਜਥੇਦਾਰ ਦਾ ਹੁਕਮ ਮੰਨਣ ਵਿੱਚ ਮਾਣ ਸਮਝਦੇ ਹਨ । ਪੁਰਾਣੇ ਸਮੇਂ ਵਿਦੇਸ਼ੀ ਸਿੱਖ
ਆਪਣੇ ਮਾਮਲੇ ਸ਼੍ਰੋਮਣੀ ਕਮੇਟੀ ਕੋਲ ਭੇਜਦੇ ਰਹੇ ਜੋ ਕਿ ਧਰਮ ਜਾਂ ਮਰਿਯਾਦਾ ਨਾਲ ਸੰਬੰਧਿਤ ਸਨ ਤੇ
‘ਧਾਰਮਿਕ ਸਲਾਹਕਾਰ ਕਮੇਟੀ’ ਉਹਨਾਂ ਬਾਰੇ ਆਪਣੀ ਰਾਇ ਭੇਜ ਦਿੰਦੀ ਸੀ।
ਜਿਸਦੀ ਗਵਾਹੀ ਡਾ. ਮਾਨ ਸਿੰਘ
ਨਿਰੰਕਾਰੀ (ਮੈਂਬਰ ਧਰਮ ਪ੍ਰਚਾਰ ਸਲਾਹਕਾਰ ਕਮੇਟੀ) ਵਲੋਂ ਪ੍ਰਕਾਸ਼ਿਤ ਅਤੇ ਡਾ. ਕਿਰਪਾਲ ਸਿੰਘ ਵਲੋਂ
ਸੰਪਾਦਿਤ ਕਿਤਾਬ ‘ਪੰਥਕ ਮਤੇ’ ਭਰਦੀ ਹੈ।
ਧਾਰਮਿਕ ਸਲਾਹਕਾਰ ਕਮੇਟੀ ਵਿੱਚ ਸਿਰਫ ਗੁਰਮਤਿ ਦੇ ਜਾਣਕਾਰ ਵਿਦਵਾਨ ਹੀ ਕੰਮ ਕਰਦੇ ਰਹੇ, ‘ਭਾਈ ਕਾਨ
ਸਿੰਘ ਨਾਭਾ’ ਵੀ ਸੇਵਾ ਨਿਭਾਉਂਦੇ ਰਹੇ ਅਤੇ ਅਕਾਲ ਤਖਤ ਦਾ ਜਥੇਦਾਰ ਸਿਰਫ ਇੱਕ ਮੈਂਬਰ ਦੇ ਤੌਰ ਤੇ
ਹਾਜ਼ਰੀ ਭਰਦਾ ਰਿਹਾ ਤੇ ਉਹ ਵੀ ਗੁਰਮਤਿ ਦੀ ਜਾਣਕਾਰੀ ਵਾਲਾ।
ਧਾਰਮਿਕ ਸਲਾਹਕਾਰ ਕਮੇਟੀ ਦਾ ਲੱਕ 1998 ਵਿੱਚ ਤੋੜਿਆ ਗਿਆ ਅਤੇ ਅਕਾਲ ਤਖਤ
ਦੇ ਅਖੌਤੀ ਜਥੇਦਾਰ ਨੇ ਵਿਦੇਸ਼ਾਂ ਵਿਚਲੇ ਸਿੱਖਾਂ ਵਿੱਚ ਫੁੱਟ ਪਵਾ ਦਿੱਤੀ । ਕੈਨੇਡਾ ਦੇ ‘ਸਰੀ’
ਸ਼ਹਿਰ ਵਿੱਚ ਇੱਕ ਗੁਰਦੁਵਾਰੇ ਦੀ ਚੌਧਰ ਨੂੰ ਲੈਕੇ ਹੀ ਲੜਾਈ ਨੂੰ ਅਕਾਲ ਤਖਤ ਤੇ ਪਹੁੰਚਾਇਆ ਗਿਆ
ਉਥੇ ਮਸਲਾ ਖੜਾ ਹੋਇਆ ਲੰਗਰ ਹਾਲ ਵਿੱਚ ਕੁਰਸੀਆਂ ਤੇ ਬਹਿਕੇ ਲੰਗਰ ਛੱਕਣ ਦਾ । ਹਾਸੋਹੀਣੀ ਗੱਲ ਇਹ
ਸੀ ਕਿ ਕਈ ਸਾਲਾਂ ਤੋਂ ਲੰਗਰ ਹਾਲਾਂ ਵਿੱਚ ਪਈਆਂ ਕੁਰਸੀਆਂ ਇੱਕਦਮ ਗੁਰਦੁਵਾਰੇ ਦੀ ਚੌਧਰ ਖੁੱਸਣ ਤੇ
ਸਿੱਖੀ ਵਿਰੋਧੀ ਹੋ ਗਈਆਂ । ਅਕਾਲ ਤਖਤ ਦੇ ਉਦੋਂ ਦੇ ਪੁਜਾਰੀ ‘ਰਣਜੀਤ ਸਿੰਘ ‘ ਨੇ ਧਾਰਮਿਕ
ਸਲਾਹਕਾਰ ਕਮੇਟੀ ਜਾਂ ਵਿਦਵਾਨਾਂ ਦੀ ਕਮੇਟੀ ਨੂੰ ਮਸਲਾ ਵਿਚਾਰਨ ਲਈ ਦੇਣ ਦੇ ਬਜਾਏ ਸਿਰਫ ਤੇ ਸਿਰਫ
ਇਕੱਲੇ ਆਪਣੇ ਵਲੋਂ ਹੁਕਮਨਾਮਾ ਕੱਢ ਮਾਰਿਆ। ਪੰਜ ਜਥੇਦਾਰਾਂ ਨੂੰ ਵੀ ਇਕੱਠੇ ਕਰਨ ਦੀ ਲੋੜ ਨਹੀਂ
ਸਮਝੀ । ਭਾਈ ਜੀ ਦਾ ਇਕੱਲੇ ਦਾ ਜਾਰੀ ਹੁਕਮਨਾਮਾ ਹਾਜ਼ਿਰ ਹੈ :-
ਹਰ ਪਾਸੇ ਅਕਾਲ ਤਖਤ ਮਹਾਨ ਹੈ ਦੇ ਨਾਅਰੇ ਗੂੰਜ ਉੱਠੇ, ਕਿਸੇ ਨਾ ਗੌਲਿਆ ਕਿ
ਇਹ ਸਿੱਖ ਸਿਧਾਂਤ ਹੈ ਵੀ ਜਾਂ ਨਹੀਂ ਕਹਿੰਦੇ ਕਹਾਉਂਦੇ ਵਿਦਵਾਨ ਇਸਤੇ ਚੁੱਪ ਧਾਰਨ ਕਰ ਗਏ । ਕਈ
ਸਾਬਕਾ ਅਖੌਤੀ ਜਥੇਦਾਰ ਵੀ ਘੁੱਗੂ ਬਣ ਗਏ ਜੋ ਅੱਜ ਵੀ ਇਸ ਕੁਫਰ ਦਾ ਸੱਚ ਸਿੱਖਾਂ ਸਾਹਮਣੇ ਨਹੀਂ
ਰੱਖਦੇ ।
ਉਪਰੋਕਤ ਹੁਕਮਨਾਮਾ ਪੜਕੇ ਆਪ ਵਿਚਾਰ ਲਈਏ ਕਿ ਕਿਵੇਂ ਸ਼ਰੇਆਮ ਕੁਫਰ ਤੋਲਿਆ
ਗਿਆ ਹੈ ਹੁਕਮਨਾਮੇ ਵਿੱਚ ਇਕੱਤਰਤਾ ਪੰਜ ਸਿੰਘਾਂ ਦੀ ਤੇ ਥੱਲੇ ਦਸਤਖਤ ਸਿਰਫ ਇੱਕ ਦੇ ।
ਇਹਨਾਂ ਪੁਜਾਰੀਆਂ ਦੀ ਅਕਲ ਦਾ ਜਨਾਜ਼ਾ ਉਦੋਂ ਨਿਕਲਦਾ ਹੈ ਜਦੋਂ ਧਾਰਮਿਕ
ਸਲਾਹਕਾਰ ਕਮੇਟੀ ਦੇ ਪੁਰਾਤਨ ਮਤੇ ਪੜੀਏ ।
ਕਿਤਾਬ ‘ਪੰਥਕ ਮਤੇ’ ਪੰਨਾ 13-14 ਧਾਰਮਿਕ ਸਲਾਹਕਾਰ ਕਮੇਟੀ ਦੀ ਦੂਜੀ
ਇਕੱਤਰਤਾ –
ਮੈਂਬਰ ਸਨ :- ਭਾਈ ਕਾਹਨ ਸਿੰਘ ਨਾਭਾ, ਪ੍ਰੋ. ਜੋਧ ਸਿੰਘ, ਪ੍ਰੋ. ਤੇਜਾ
ਸਿੰਘ, ਪ੍ਰੋ. ਗੰਗਾ ਸਿੰਘ, ਜਥੇਦਾਰ ਮੋਹਣ ਸਿੰਘ
ਗੁਰੂ ਪ੍ਰਕਾਸ਼ ਤੇ ਕੁਰਸੀਆਂ-
(ਸ) ਯੂਰਪ ਜਾਂ ਅਮਰੀਕਾ ਆਦਿ ਦੇਸ਼ਾਂ ਵਿੱਚ ਜਿੱਥੇ ਕਿ ਧਾਰਮਿਕ ਅਸਥਾਨਾਂ
ਵਿੱਚ ਕੁਰਸੀਆਂ ਤੇ ਬੈਠਣ ਦਾ ਰਿਵਾਜ਼ ਹੈ ਐਸੀ ਥਾਈਂ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਚੀ ਥਾਂ
ਕਰਕੇ ਜੇ ਹੇਠਾਂ ਕੁਰਸੀਆਂ ਤੇ ਬੈਠਿਆ ਜਾਏ ਤਾਂ ਕੋਈ ਹਰਜ਼ ਨਹੀਂ।
ਸੰਨ 1975 ਵਿੱਚ ਵੀ ਇਹ ਮਸਲਾ ਧਾਰਮਿਕ ਸਲਾਹਕਾਰ ਕਮੇਟੀ ਕੋਲ ਗਿਆ ਤੇ
ਉਹਨਾਂ ਸੂਝਵਾਨ ਸਿੱਖਾਂ ਨੇ ਪਹਿਲਾ ਪੁਰਾਣੇ ਮਤੇ ਵਾਚੇ ਤੇ ਫਿਰ ਇਹੀ ਫੈਸਲਾ ਦਿੱਤਾ ਜੋ 1935 ਵਿੱਚ
ਸੀ ।
ਪਰ 1998 ਵਿੱਚ ਪੁਜਾਰੀ ਜੀ ਨੇ ਆਪਣੀ ਹੈਂਕੜ ਹੀ ਵਰਤੀ ਤੇ ਵਿਦੇਸ਼ਾਂ ਤੇ
ਖਾਸ ਕਰਕੇ ਬੀ.ਸੀ. ‘ਕੈਨੇਡਾ’ ਦੇ ਸਿੱਖਾਂ ਨੂੰ ਬਲਦੀ ਦੇ ਮੂੰਹ ਵਿੱਚ ਧੱਕ ਦਿੱਤਾ । ਉੱਥੇ
ਗੁਰਦਵਿਰਆ ਵਿੱਚ ਦੋਨਾ ਧਿਰਾਂ ਹੁਕਮਨਾਮਾਂ ਮੰਨਣ ਵਾਲੇ ਤੇ ਵਿਰੋਧ ਕਰਨ ਵਾਲੇ ਵਿਚਕਾਰ ਖੂਨੀ ਟਕਰਾ
ਹੋਏ । ਸਿੱਖਾਂ ਦੀਆਂ ਰਿਸ਼ਤੇਦਾਰੀਆਂ ਵੀ ਟੁੱਟ ਗਈਆਂ, ਸਿੱਖਾਂ ਵਿੱਚ ਮੋਨੇ ਤੇ ਕੇਸਾਂ ਵਾਲੇ ਧਿਰਾਂ
ਬਣ ਗਈਆਂ, ਸਿਰ ਪਾਟੇ, ਪੱਗਾਂ ਰੁਲੀਆਂ, ਪੁਜਾਰੀ ਅਨੁਸਾਰ ਕੁਰਸੀਆਂ ਨਾਲ ਬੇਅਦਬੀ ਹੋਣ ਵਾਲੇ
ਗੁਰਦੁਵਾਰਿਆਂ ਵਿੱਚ ਜੁੱਤੀਆਂ ਅਤੇ ਕੁੱਤਿਆਂ ਸਮੇਤ ਪੁਲਿਸ ਆਈ । ਮੀਡੀਏ ਵਿੱਚ ਸਿੱਖਾਂ ਦਾ ਪੂਰਾ
ਜਲੂਸ ਨਿਲਕਿਆ, ਬੀਬੀਆਂ ਬਜ਼ੁਰਗਾਂ ਦੇ ਸੱਟਾਂ ਵੱਜੀਆਂ । ਫਿਰ ਚੋਣਾਂ ਦਾ ਦੌਰ ਸ਼ੁਰੂ ਹੋਇਆ, ਦੋਨਾਂ
ਪਾਸਿਆਂ ਤੋਂ ਲੱਖਾਂ ਕਰੋੜਾਂ ਡਾਲਰ ਬਰਬਾਦ ਹੋ ਗਏ, ਲੜਾਈਆਂ ਤੋਂ ਉਪਰੰਤ ਕੋਰਟ-ਕਚਹਿਰੀਆਂ ਵਿੱਚ
ਲੱਖਾਂ ਡਾਲਰ ਬਰਬਾਦ ਹੋਏ ਤੇ ਸਾਰੀ ਦੁਨੀਆਂ ਨੇ ਸਿੱਖਾਂ ਦਾ ਜਲੂਸ ਵੇਖਿਆ। ਫਿਰ ਹੋਰ ਗੁਰਦੁਵਾਰੇ
ਬਣੇ ਹੋਰ ਪੈਸਾ ਬਰਬਾਦ ਹੋਇਆ ਫਿਰ ਉਹਨਾਂ ਤੋਂ ਵੀ ਹੋਰ ਗੁਰਦਵਾਰੇ ਬਣੇ । ਤੇ ਅੱਜ ਵੀ ਗੁਰਦਵਾਰਿਆਂ
ਦੀ ਚੌਧਰ ਦੀ ਲੜਾਈ ਉੱਥੇ ਦੀ ਉੱਥੇ ਹੀ ਖੜੀ ਹੈ । ਦੋਨਾਂ ਹੀ ਧਿਰਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ
ਦੀ ਵਿਚਾਰ ਅਜੇ ਵੀ ਗਾਇਬ ਹੈ ।
ਇਹ ਸਭ ਕੁਝ ਰੋਕਿਆ ਜਾ ਸਕਦਾ ਸੀ ਅਗਰ
ਇਹ ਮਸਲਾ ਪੁਜਾਰੀ ਰਣਜੀਤ ਸਿੰਘ ਦੀ ਬਜਾਏ ਧਾਰਮਿਕ ਸਲਾਹਕਾਰ ਕਮੇਟੀ ਵਲੋਂ ਪੁਰਾਣੇ ਮਤਿਆਂ ਤੇ
ਨਿਰੋਲ ਗੁਰਮਤਿ ਦੇ ਆਧਾਰ ਤੇ ਕੀਤਾ ਜਾਂਦਾ।
ਰਣਜੀਤ ਸਿੰਘ ਕੋਲੋਂ ਜਦੋਂ ਵੀ ਕਿਸੇ ਨੇ ਸਵਾਲ ਪੁੱਛਿਆ ਤਾਂ ਭਾਈ ਜੀ ਦਾ
ਘੜਿਆ –ਘੜਾਇਆ ਉੱਤਰ ਹੁੰਦਾ ਹੈ ਕਿ ਗੁਰਬਾਣੀ ਵਿੱਚ ਵੀ ਲਿਖਿਆ ਹੈ
"ਗੁਰਮੁਖਿ ਬੈਸਹੁ ਸਫਾ ਵਿਛਾਇ"
ਸੋ ਲੰਗਰ ਜ਼ਮੀਨ ਤਾ ਬੈਠਕੇ ਛਕਣਾ ਚਾਹੀਦਾ ਹੈ । ਪਿੱਛੇ ਜਿਹੇ ‘ਬਾਦਲ’ ਨੇ ਦਰਬਾਰ ਸਾਹਿਬ ਲੰਗਰ
ਵਿੱਚ ਕੁਰਸੀ ਤੇ ਲੰਗਰ ਛਕਿਆ ਤਾਂ ਭਾਈ ਜੀ ਨੇ ਫਿਰ ਇਹੀ ਸ਼ਬਦ ਸੁਣਾਇਆ ।
ਆਓ ਇਹ ਸਾਰਾ ਸ਼ਬਦ ਵੇਖੀਏ ਕਿ ਇਹ ਲੰਗਰ ਛਕਣ ਪ੍ਰਤੀ ਹੈ ? ਤੇ ਇਸਦੇ ਕੀ
ਅਸਲ
ਅਰਥ ਬਣਦੇ ਹਨ :-
ਬਸੰਤੁ ਮਹਲਾ ੫ ਘਰੁ ੨ ਹਿੰਡੋਲੴ ਸਤਿਗੁਰ ਪ੍ਰਸਾਦਿ ॥ ਹੋਇ ਇਕਤ੍ਰ
ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ
ਸਫਾ ਵਿਛਾਇ ॥੧॥ ਇਨ੍ਹ੍ਹ ਬਿਧਿ ਪਾਸਾ ਢਾਲਹੁ ਬੀਰ ॥ ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ
ਨਹ ਲਾਗੈ ਪੀਰ ॥੧॥ ਰਹਾਉ ॥ ਕਰਮ ਧਰਮ ਤੁਮ੍ਹ੍ਹ ਚਉਪੜਿ ਸਾਜਹੁ ਸਤੁ ਕਰਹੁ ਤੁਮ੍ਹ੍ਹ ਸਾਰੀ ॥ ਕਾਮੁ
ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ ॥੨॥ ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ
ਆਰਾਧੇ ॥ ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥੩॥ ਹਰਿ ਆਪੇ ਖੇਲੈ ਆਪੇ
ਦੇਖੈ ਹਰਿ ਆਪੇ ਰਚਨੁ ਰਚਾਇਆ ॥ ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ
॥੪॥੧॥੧੯॥ {ਪੰਨਾ1185}
ਪਦਅਰਥ:- ਹੋਇ ਇਕਤ੍ਰ-(ਸਾਧ ਸੰਗਤਿ ਵਿਚ) ਇਕੱਠੇ ਹੋ ਕੇ । ਭਾਈ-ਹੇ ਭਾਈ!
ਦੁਬਿਧਾ-ਮੇਰ-ਤੇਰ, ਵਿਤਕਰੇ । ਲਿਵ ਲਾਇ-(ਪ੍ਰਭੂ-ਚਰਨਾਂ ਵਿਚ) ਸੁਰਤੀ ਜੋੜ ਕੇ । ਜੋੜੀ-ਜੋਟੀਦਾਰ,
ਸਾਥੀ । ਹੋਵਹੁ ਜੋੜੀ-ਸਾਥੀ ਬਣੋ । ਹਰਿ ਨਾਮੈ ਕੇ ਜੋੜੀ-ਹਰਿ-ਨਾਮ-ਸਿਮਰਨ ਦਾ ਚੌਪੜ ਖੇਡਣ ਵਾਲੇ
ਸਾਥੀ । ਗੁਰਮੁਖਿ-ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ । ਸਫਾ ਵਿਛਾਇ-ਸਫਾ ਵਿਛਾ ਕੇ, ਚੌਪੜ
ਵਾਲਾ ਕੱਪੜਾ ਵਿਛਾ ਕੇ । ਗੁਰਮੁਖਿ ਸਫਾ ਵਿਛਾਇ-ਗੁਰੂ ਦੀ ਸਰਨ ਪਏ ਰਹਿਣਾ-ਇਹ ਕਪੜਾ ਵਿਛਾ ਕੇ ।
ਬੈਸਹੁ-ਬੈਠੋ ।1।
ਇਨ ਬਿਧਿ-ਇਸ ਤਰੀਕੇ ਨਾਲ । ਪਾਸਾ ਢਾਲਹੁ-ਪਾਸਾ ਸੁੱਟੋ । ਅੰਤ
ਕਾਲਿ-ਅਖ਼ੀਰਲੇ ਵਕਤ । ਪੀਰ-ਪੀੜ ।1।ਰਹਾਉ।
ਕਰਮ ਧਰਮ-ਧਰਮ ਦੇ ਕਰਮ, ਨੇਕ ਕੰਮ । ਸਾਜਹੁ-ਬਣਾਓ । ਸਤੁ-ਉੱਚਾ ਆਚਰਨ ।
ਸਾਰੀ-ਨਰਦ । ਐਸੀ-ਅਜਿਹੀ ।2।
ਉਠਿ-ਉੱਠ ਕੇ । ਪਰਭਾਤੇ-ਅੰਮ੍ਰਿਤ ਵੇਲੇ । ਇਸਨਾਨੁ-ਹਰਿ-ਨਾਮ ਵਿਚ ਆਤਮਕ
ਇਸ਼ਨਾਨ । ਸੋਏ-ਸੁੱਤੇ ਹੋਏ ਭੀ । ਬਿਖੜੇ-ਔਖੇ । ਲੰਘਾਵੈ-ਪਾਰ ਲੰਘਾਂਦਾ ਹੈ, ਜਿਤਾਂਦਾ ਹੈ ।
ਸਹਜ-ਆਤਮਕ ਅਡੋਲਤਾ । ਸੇਤੀ-ਨਾਲ । ਘਰਿ-ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ ।3।
ਆਪੇ-ਆਪ ਹੀ । ਖੇਲੈ-ਜਗਤ-ਖੇਡ ਖੇਡਦਾ ਹੈ । ਰਚਨੁ ਰਚਾਇਆ-ਰਚਨਾ ਰਚੀ ਹੈ ।
ਗੁਰਮੁਖਿ-ਗੁਰੂ ਦੀ ਸਰਨ ਪੈ ਕੇ । ਜਿਣਿ-ਜਿੱਤ ਕੇ ।4।
ਅਰਥ:- ਹੇ ਵੀਰ! ਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ
ਕਰੋ, ਇਸ ਤਰ੍ਹਾਂ (ਇਸ ਜੀਵਨ-ਖੇਡ ਵਿਚ) ਦਾਅ ਚਲਾਵੋ (ਪਾਸਾ ਸੁੱਟੋ) । (ਜੇ ਇਸ ਤਰ੍ਹਾਂ ਇਹ ਖੇਡ
ਖੇਡਦੇ ਰਹੋਗੇ ਤਾਂ) ਜ਼ਿੰਦਗੀ ਦੇ ਅਖ਼ੀਰਲੇ ਸਮੇ (ਜਮਾਂ ਦਾ) ਦੁੱਖ ਨਹੀਂ ਲੱਗੇਗਾ ।1।ਰਹਾਉ।
ਹੇ ਮੇਰੇ ਵੀਰ! ਇਕੱਠੇ ਹੋ ਕੇ ਸਾਧ ਸੰਗਤਿ ਵਿਚ ਬੈਠਿਆ ਕਰੋ, (ਉਥੇ
ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ (ਆਪਣੇ ਮਨ ਵਿਚੋਂ) ਮੇਰ-ਤੇਰ ਮਿਟਾਇਆ ਕਰੋ । ਗੁਰੂ ਦੀ ਸਰਨ
ਪਏ ਰਹਿਣਾ-ਇਹ ਚੌਪੜ ਦਾ ਕੱਪੜਾ ਵਿਛਾ ਕੇ ਮਨ ਨੂੰ ਟਿਕਾਇਆ ਕਰੋ, (ਅਤੇ ਸਾਧ ਸੰਗਤਿ ਵਿਚ)
ਹਰਿ-ਨਾਮ-ਸਿਮਰਨ ਦਾ ਚੌਪੜ ਖੇਡਣ ਵਾਲੇ ਸਾਥੀ ਬਣਿਆ ਕਰੋ ।1।
ਹੇ ਮੇਰੇ ਵੀਰ! ਨੇਕ ਕੰਮ ਕਰਨ ਨੂੰ ਤੁਸੀ ਚੌਪੜ ਦੀ ਖੇਡ ਬਣਾਵੋ, ਉੱਚੇ
ਆਚਰਨ ਨੂੰ ਨਰਦ ਬਣਾਵੋ । (ਇਸ ਨਰਦ ਦੀ ਬਰਕਤਿ ਨਾਲ) ਤੁਸੀ (ਆਪਣੇ ਅੰਦਰੋਂ) ਕਾਮ ਨੂੰ ਕ੍ਰੋਧ ਨੂੰ
ਲੋਭ ਨੂੰ ਅਤੇ ਮੋਹ ਨੂੰ ਵੱਸ ਵਿਚ ਕਰੋ । ਹੇ ਵੀਰ! ਇਹੋ ਜਿਹੀ ਖੇਡ ਪਰਮਾਤਮਾ ਨੂੰ ਪਿਆਰੀ ਲੱਗਦੀ
ਹੈ (ਪਸੰਦ ਆਉਂਦੀ ਹੈ) ।2।
ਹੇ ਮੇਰੇ ਵੀਰ! ਅੰਮ੍ਰਿਤ ਵੇਲੇ ਉੱਠ ਕੇ (ਨਾਮ-ਜਲ ਵਿਚ) ਚੁੱਭੀ ਲਾਇਆ ਕਰੋ,
ਸੁੱਤੇ ਹੋਏ ਭੀ ਪਰਮਾਤਮਾ ਦੇ ਆਰਾਧਨ ਵਿਚ ਜੁੜੇ ਰਹੋ । (ਜਿਹੜੇ ਮਨੁੱਖ ਇਹ ਉੱਦਮ ਕਰਦੇ ਹਨ ਉਹਨਾਂ
ਨੂੰ) ਪਿਆਰਾ ਗੁਰੂ (ਕਾਮਾਦਿਕਾਂ ਦੇ ਟਾਕਰੇ ਤੇ) ਔਖੇ ਦਾਅ ਤੋਂ ਕਾਮਯਾਬ ਕਰ ਦੇਂਦਾ ਹੈ, ਉਹ ਮਨੁੱਖ
ਆਤਮਕ ਅਡੋਲਤਾ ਦੇ ਸੁਖ-ਆਨੰਦ ਨਾਲ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ ।3।
ਹੇ ਦਾਸ ਨਾਨਕ! (ਆਖ-ਹੇ ਵੀਰ!) ਪਰਮਾਤਮਾ ਆਪ ਹੀ ਜਗਤ-ਖੇਡ ਖੇਡਦਾ ਹੈ, ਆਪ
ਹੀ ਇਹ ਖੇਡ ਵੇਖਦਾ ਹੈ । ਪ੍ਰਭੂ ਨੇ ਆਪ ਹੀ ਇਹ ਰਚਨਾ ਰਚੀ ਹੋਈ ਹੈ । ਇਥੇ ਜਿਹੜਾ ਮਨੁੱਖ ਗੁਰੂ ਦੀ
ਸਰਨ ਪੈ ਕੇ (ਕਾਮਾਦਿਕਾਂ ਦੇ ਟਾਕਰੇ ਤੇ ਜੀਵਨ-ਖੇਡ) ਖੇਡਦਾ ਹੈ, ਉਹ ਇਹ ਬਾਜੀ ਜਿੱਤ ਕੇ ਪ੍ਰਭੂ-ਦਰ
ਤੇ ਪਹੁੰਚਦਾ ਹੈ ।4।
ਕਿਤੇ ਹੈ ਇਸ ਸ਼ਬਦ ਵਿੱਚ ਲੰਗਰ ਛਕਣ ਛਕਾਉਣ ਬਾਰੇ ਕੋਈ ਗੱਲ , ਚਿੱਟਾ ਝੂਠ
ਪਰੋਸਿਆ ਗਿਆ ਸਿੱਖਾਂ ਨੂੰ ਤੇ ਗੁਰਬਾਣੀ ਦੀ ਦੁਰਵਰਤੋਂ ਹੈ । ਬਦਕਿਸਮਤੀ ਇਹ ਹੇ ਕਿ ਸਿੱਖ ਗੁਰਬਾਣੀ
ਪੜਨ ਵਿੱਚ ਧਿਆਨ ਦਿੰਦੇ ਹਨ ਸਮਝਣ ਵਿੱਚ ਨਹੀਂ । ਰੱਬ ਬਚਾਏ ਅਜਿਹੇ ਗਿਆਨੀਆ ਤੋਂ, ਵੀਰੋ ਜਿੱਥੇ
ਇਹਨਾਂ ਚੰਮ ਦੀਆਂ ਚਲਾਈਆਂ ਉੱਥੇ ਗੁਰਬਾਣੀ ਦੇ ਅਰਥਾਂ ਦੇ ਅਨਰਥ ਵੀ ਕਰ ਦਿੱਤੇ ਸਿਰਫ ਆਪਣੇ ਗੁਰਮਤਿ
ਵਿਰੋਧੀ ਫਤਵੇ ਸੱਚੇ ਸਾਬਿਤ ਕਰਨ ਲਈ ।
ਸੁੱਚੇ ਹੋਕੇ ਤੇ ਪਖੰਡ ਕਰਕੇ ਖਾਣ-ਪੀਣ ਦੇ ਵਿਰੱਧ ਗੁਰਬਾਣੀ ਦੇ ਅਨੇਕਾਂ
ਪ੍ਰਮਾਣ ਮਿਲ ਜਾਣਗੇ,
ਕਹੁਪੰਡਿਤਸੂਚਾਕਵਨੁ ਠਾਉ ॥ ਜਹਾਂ ਬੈਸਿ ਹਉ ਭੋਜਨੁ ਖਾਉ ।
ਬ੍ਰਾਹਮਣ ਦੀ ਸੁੱਚ-ਭਿੱਟ ਨੂੰ ਵੰਗਾਰਨ ਵਾਲੇ ਬਾਬੇ ਨਾਨਕ
ਦੇ ਸਿੱਖ ਆਪ ਬ੍ਰਾਹਮਣ ਬਣ ਗਏ ਤੇ ਸ਼ਾਤਿਰ ਤੇ ਮੂਰਖ ਪੁਜਾਰੀ ਦੀ ਮਾਰ ਥੱਲੇ ਆ ਗਏ।
ਰਣਜੀਤ ਸਿੰਘ ਦੀ ਇਸ ਮੂਰਖਤਾ ਦਾ ਵਰਨਣ ਇਸ ਲਈ ਕਰਨਾ ਪਿਆ ਕਿਉਂਕਿ ਵਿਦੇਸ਼
ਵਿੱਚ ਰਹਿੰਦਾ ਸਿੱਖ ਇਸ ਹੁਕਮਨਾਮੇ ਤੋਂ ਬਹੁਤ ਖਤਰਨਾਕ ਤਰੀਕੇ ਨਾਲ ਵੰਡਿਆ ਗਿਆ ਹੈ ਤੇ ਜਿਸਦਾ
ਫਾਇਦਾ ਗੁਰਮਤਿ ਵਿਰੋਧੀ ਲੈ ਗਏ ਅਤੇ ਪਿਛਲੇ ਦਿਨਾਂ ਵਿੱਚ ਪੰਜਾਬ ਵਿੱਚ ਹੋਈਆਂ ਘਟਨਾਵਾਂ ਤੋਂ ਬਾਦ
ਰਣਜੀਤ ਸਿੰਘ ਨੇ ਅਖੌਤੀ ਜਥੇਦਾਰਾਂ ਬਾਰੇ ਖੂਬ ਬਿਆਨਬਾਜ਼ੀ ਕੀਤੀ ਪਰ ਆਪ ਇਹ ਭੁੱਲ ਗਿਆ ਕਿ ਸਿੱਖੀ
ਦੇ ਰਾਹ ਵਿੱਚ ਇਹ ਕੰਡੇ ਵਿਛਾਉਣ ਦੀ ਸੇਵਾ ਭਾਈ ਜੀ ਨੇ ਵੀ ਨਿਭਾਈ ਹੈ। ਹੁਣ ਤੜਫਣ ਕਾਹਦੀ, ਕਿ
ਤੁਸੀਂ ਗੁਰੂ ਦਾ ਸਿਧਾਂਤ ਵਾਚਿਆ ਸੀ। ਤੁਹਾਨੂੰ ਸਿੱਖਾਂ ਤੇ ਕੰਟਰੋਲ ਕਰਨ ਦੀ ਤਾਕਤ ਕਿਸਨੇ ਦਿੱਤੀ
। ਜੇ ਹੁਣ ਬਾਦਲ ਹੈ ਤਾਂ ਤੁਹਾਡੇ ਨਾਲ ਗੁਰਚਰਨ ਸਿੰਘ ਟੌਹੜਾ ਸੀ । ‘ਨਿਰੰਕਾਰੀ’ ਭਵਨ ਵਾਲੀ ਟੌਹੜੇ
ਦੀ ਫੇਰੀ ਨੂੰ ਤੁਸੀਂ ਬੁੱਕਲ ਵਿੱਚ ਹੀ ਲੁਕੋ ਲਿਆ ਸੀ ਤੇ ਸਾਫ ਬਰੀ ਕਰ ਦਿੱਤਾ ਸੀ।
ਤੇ ਅਸੀਂ ਸਿੱਖ ਅੱਜ ਵੀ ਉੱਥੇ ਹੀ ਖੜੇ ਹਾਂ , ਸ਼ੋਸਲ ਮੀਡੀਏ ਤੇ ਕਈ ਕਹਿ
ਰਹੇ ਹਨ ਕਿ ਰਣਜੀਤ ਸਿੰਘ ਜਥੇਦਾਰ ਹੋਵੇ, ਬਿਲਕੁਲ ਹੋਵੇ, ਤਾਂ ਜੋ ਨੁਕਸਾਨ ਸਿੱਖੀ ਦਾ ਉਸਨੇ 1998
ਵਿੱਚ ਕੀਤਾ ਹੈ ਉਸਤੋਂ ਵੀ ਹੋਰ ਜ਼ਿਆਦਾ ਕਰ ਸਕੇ... ਵਾਹ! ਸਿੱਖੋ ਕਦੇ ਇਤਿਹਾਸ ਤੋਂ ਨਾ ਸਿੱਖਿਓ ।
ਵਿਦੇਸ਼ ਵਿੱਚ ਬੈਠੇ ਸਿੱਖ ਵੀਰੋ ਅਜੇ ਵੀ ਸੰਭਲੋ, ਜੇ ਰੋਸ ਕਰਨੇ ਹਨ ਤਾਂ
ਸ਼੍ਰੋਮਣੀ ਕਮੇਟੀ ਨੂੰ ਲਿਖੋ ਕਿ ਅਸੀਂ ਇਸ ਪੁਜਾਰੀ ਸਿਸਟਮ ਨੂੰ ਸਦਾ ਲਈ ਨਹੀਂ ਮੰਨਾਂਗੇ । ਸੇਧ
ਲਵਾਂਗੇ ਤਾਂ ਸਿਰਫ ਗੁਰਬਾਣੀ ਤੋਂ ਲਵਾਂਗੇ । ਇਸ ਪੁਜਾਰੀ ਸਿਸਟਮ ਦਾ ਬਾਈਕਾਟ ਕਰੋ ਜਿਸਨੇ 1887
ਤੋਂ ਅੱਜ ਤੱਕ ਸਿਰਫ ਨੁਕਸਾਨ ਕੀਤਾ ਹੈ । ਪ੍ਰੋ. ਗੁਰਮੁਖ ਸਿੰਘ ਵਰਗੇ ਸਿੱਖਾਂ ਨੂੰ ਛੇਕਿਆ, 1984
ਤੋਂ ਬਾਦ ਸਿੱਖੀ ਦੋਖੀਆਂ ਸੁਰਜੀਤ ਸਿੰਘ ਬਰਨਾਲਾ ਤੇ ਬੂਟਾ ਸਿੰਘ ਵਰਗਿਆਂ ਨੂੰ ਦਰਸ਼ਨ ਸਿੰਘ ਰਾਗੀ
ਤੋਂ ਮਾਫੀ ਦਿਵਾਉਣ ਦਾ ਡਰਾਮਾ ਕਰਵਾਕੇ ਸਿੱਖ ਰੋਹ ਤੋਂ ਬਚਾਉਣਾ, ਜਸਬੀਰ ਸਿੰਘ ਰੋਡੇ ਨੂੰ ਲਿਆਕੇ
ਸਿੱਖ ਜੁਝਾਰੂਆਂ ਤੇ ਕਾਬੂ ਪਾਉਣਾ ਤੇ ਅਸੀਂ ਅੱਖਾਂ ਮੀਟਕੇ ਉਸਦੀ ਅਗ਼ਵਾਈ ਮੰਨੀ ਕਿਉਂਕਿ ਉਹ ਜਰਨੈਲ
ਸਿੰਘ ਭਿੰਡਰਾਂਵਾਲੇ ਦਾ ਭਤੀਜਾ ਸੀ। ਹੁਣ ਜਸਬੀਰ ਸਿੰਘ ਰੋਡੇ ‘ਬਾਦਲ’ ਦਾ ਦਲਾਲ ਹੈ । ਗੁਰਚਰਨ
ਸਿੰਘ ਟੌਹੜੇ ਵਲੋਂ ਆਪਣੇ ਚਹੇਤੇ ਰਣਜੀਤ ਸਿੰਘ ਨੂੰ ਲਿਆ ਆਪਣੇ ਵਿਰੋਧੀਆਂ ਤੇ ਕਾਬੂ ਪਾਉਣ ਦਾ ਯਤਨ,
ਪੁਜਾਰੀ ਜੋਗਿੰਦਰ ਸਿੰਘ ਵੇਦਾਂਤੀ ਨੇ ਰਿਸ਼ਵਤ ਲੈਕੇ ਸਾਧ ਧਨਵੰਤ ਸਿੰਘ ਬਲਾਤਕਾਰ ਤੋਂ ਬਰੀ ਕੀਤਾ ਤੇ
‘ਗੁਰ ਬਿਲਾਸ 6’ ਵਰਗੀ ਕੂੜ ਕਿਤਾਬ ਸਿੱਖੀ ਵਿੱਚ ਦੁਬਾਰਾ ਲਿਆਂਦੀ ਜਿਸਦੇ ਉੱਪਰ ਰਣਜੀਤ ਸਿੰਘ ਦੇ
ਵੀ ਵਧਾਈ ਦੇਣ ਦੇ ਦਸਤਖਤ ਹਨ।
ਜੇ ਇੱਕ ਹੋਣਾ ਹੈ ਤਾਂ ਇਹਨਾਂ
ਜਥੇਦਾਰਾਂ ਦੇ ਜਾਰੀ ਕੀਤੇ ਹੁਕਮਨਾਮੇ ਰੱਦ ਕਰੋ ਸਾਰੇ ਦੇ ਸਾਰੇ । ਪੰਥ ਵਿੱਚੋਂ ਛੇਕੇ ਵਿਦਵਾਨਾਂ
ਤੋਂ ਲੈਕੇ ਤੁਹਾਡੇ ਭੈਣਾਂ ਭਰਾਵਾਂ ਨਾਲ ਲੜਾਈ ਪਾਉਣ ਵਾਲੇ ਲੰਗਰ ਵਾਲੇ ਗੁਰਮਤਿ ਵਿਰੋਧੀ ਹੁਕਮਨਾਮੇ
ਨੂੰ ਰੱਦ ਕਰੋ । ਹੈ ! ਹਿੰਮਤ ਇਹਨਾਂ ਨੂੰ ਗਲੋਂ ਲਾਹੁਣ ਦੀ ਤੇ ਸਿਰਫ ਗੁਰਬਾਣੀ ਸਿਧਾਂਤ ਤੇ ਚੱਲਣ
ਦੀ । ਕਿ ਵਿਦੇਸ਼ ਦੇ ਗੁਰਦੁਵਾਰੇ ਇੱਕ ਹੋ ਸਕਦੇ ਹਨ ? ਜੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ
ਹੋ ਤਾਂ ਸਿਰਫ ਗੁਰੂ ਦੀ ਮੰਨੋ , ਇੱਕ ਹੋ ਜਾਓ ਤੇ ਜੇ ਪੁਜਾਰੀਆਂ ਦੇ ਸਿੱਖ ਹੋ ਤਾਂ ਪਖੰਡ ਨਾ ਕਰੀਏ
। ਅੱਜ ਹਰ ਕੋਈ ਸਰਬੱਤ ਖਾਲਸਾ ਸੱਦਣ ਦੀ ਗੱਲ
ਕਰ ਰਿਹਾ ਹੈ, 1986 ਵਾਲੇ ਸਰਬੱਤ ਖਾਲਸੇ ਵਿੱਚੋਂ ਦੋ ਪੰਥਕ ਕਮੇਟੀਆਂ ਨਿਕਲੀਆਂ ਸਨ ਤੇ ਅਸੀਂ ਫਿਰ
ਵੀ ਕਿਸੇ ਪਾਸੇ ਨਹੀਂ ਲੱਗੇ, ਜੇ ਕੁਝ ਕਰਨਾ ਹੈ ਤਾਂ ਆਪਣੇ ਨਿੱਕੇ-ਨਿੱਕੇ ਬੱਚਿਆਂ ਦੇ ਵੀ ਦਿਮਾਗ
ਵਿੱਚ ਪਾ ਦਿਓ ਕਿ ਸਿੱਖ ਸਿਰਫ ੴ ਦਾ ਉਪਾਸ਼ਕ ਹੈ । ਇਹਨਾ ਪੰਜ ਮੂਰਤੀਆਂ ਦਾ ਫਸਤਾ ਵੱਢਣਾ ਪੈਣਾ ਹੈ
ਅੱਜ ਨਹੀਂ ਤੇ ਕੱਲ । ਸਮਾਂ ਲੱਗੇਗਾ ਪਰ ਨਾ-ਮੁਨਕਿਨ ਨਹੀਂ ਹੈ । ਵਿਦੇਸ਼ੀ ਸਿੱਖਾਂ ਦਾ ਹਾਲ ਦੇਖਕੇ
ਤਾਂ ਅਫਸੋਸ ਹੀ ਜ਼ਾਹਿਰ ਕਰ ਸਕਦੇ ਹਾਂ ਇਹਨਾਂ ਨੇ ਵਧੀਆ ਢਾਂਚੇ ਵਾਲੇ ਮੁਲਕਾਂ ਵਿੱਚ ਪਹੁੰਚਕੇ ਵੀ
ਦੋ ਟਕੇ ਦੇ ਪੁਜਾਰੀਆਂ ਦੀ ਗੁਲਾਮੀ ਆਪਣੇ ਜ਼ਿਹਨ ਵਿੱਚ ਵਸਾ ਲਈ ਹੈ ਤੇ ਉਸਤੋਂ ਬਾਹਰ ਨਿਕਲਣ ਲਈ
ਰਾਜ਼ੀ ਨਹੀਂ ।
ਗੁਰੂ ਗਰੰਥ ਸਾਹਿਬ ਜੀ ਨੂੰ ਆਪ ਪੜੋ, ਸਮਝੋ ਤੇ ਗੁਰਬਾਣੀ ਦੀ ਰੌਸ਼ਨੀ ਵਿੱਚ
ਆਪਣੇ ਫੈਸਲੇ ਆਪ ਲਵੋ । ਨਹੀਂ ਤਾਂ ਜਿੰਨਾਂ ਮਰਜ਼ੀ ਰੌਲਾ ਪਾ ਲਓ , ਇਹ ਪੁਜਾਰੀ ਜਾਣਗੇ ਤੇ ਹੋਰ
ਨਵੇਂ ਆ ਜਾਣਗੇ, ਗੰਦੀ ਰਾਜਨੀਤੀ ਹੇਠ ਪਲਦੇ ਇਹ ਭਰਿਸ਼ਟ ਪੁਜਾਰੀ ਸਾਡੇ ਤੇ ਹਾਵੀ ਹੀ ਰਹਿਣਗੇ ਤੇ
ਅਸੀਂ ਗੁਰੂ ਦੀ ਵਿਚਾਰ ਤੋਂ ਸੱਖਣੇ ਰਹਾਂਗੇ । ਕੋਹਲੂ ਦੇ ਬਲਦ ਵਾਂਗ ਅਸੀਂ ਮੁੜ-ਮੁੜ ਉੱਥੇ ਹੀ
ਆਵਾਂਗੇ ਤੇ ਸ਼ਾਤਿਰ ਪੁਜਾਰੀ ਸਾਡੀ ਹੀ ਮਾਇਆ ਤੇ ਪਲਕੇ ਸਾਡੇ ਤੇ ਹੀ ਰਾਜ ਕਰੇਗਾ । ਸਾਡੇ ਗੁਰੂ
ਸਾਹਿਬਾਨ ਨੇ ਸਾਨੂੰ ਬ੍ਰਾਹਮਣ ਪੁਜਾਰੀ ਦੀ ਅਸਲੀਅਤ ਦਿਖਾਕੇ ਉਸਦੀ ਲੁੱਟ ਤੋਂ ਬਚਾਇਆ ਸੀ ਪਰ ਹੁਣ
ਅਸੀਂ ਆਪਣੇ ਪੁਜਾਰੀ ਪੈਦਾ ਕਰਕੇ ਆਪ ਉਹਨਾਂ ਤੋਂ ਹਲਾਲ ਹੋ ਰਹੇ ਹਾਂ । ਖੁਦਮੁਖਤਿਆਰ ਬਣੋ । ਫੈਸਲਾ
ਤੁਹਾਡੇ ਹੱਥ ।
ਮਨਦੀਪ ਸਿੰਘ ਵਰਨਨ
250-540-6266
(ਸੰਪਾਦਕੀ ਟਿੱਪਣੀ:-
ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਸੱਚ ਅਸੀਂ ਕਈ ਦਹਾਕਿਆਂ ਤੋਂ ਦੱਸਦੇ ਆ ਰਹੇ ਹਾਂ ਉਹ ਸੱਚ
ਹੁਣ ਨਿਰਪੱਖਤਾ ਨਾਲ ਭਾਈ ਮਨਦੀਪ ਸਿੰਘ ਅਤੇ ਹੋਰ ਵੀ ਕਈਆਂ ਨੇ ਦੱਸਣਾ ਸ਼ੁਰੂ ਕਰ ਦਿੱਤਾ ਹੈ। ਜੇ ਕਰ
ਗੁਰਮਤਿ ਨੂੰ ਸਮਝਣ ਵਾਲੇ ਸਾਰੇ ਸਿੱਖ ਹੀ ਸੱਚ ਬੋਲਣ ਦੀ ਹਿੰਮਤ ਕਰ ਲੈਣ ਤਾਂ ਸਿੱਖੀ ਅਤੇ ਮਨੁੱਖਤਾ
ਦਾ ਭਲਾ ਹੋ ਸਕਦਾ ਹੈ)