.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਜੋਕੀ ਸਿੱਖ ਲੀਡਰਸ਼ਿੱਪ `ਚੋਂ ਪੰਥਕ ਮੁੱਦੇ ਗਾਇਬ
ਤੇ ਹੁਣ
ਲੱਗਣਗੀਆਂ ਪਿੰਡਾਂ `ਚ ਆਰ ਐਸ ਐਸ ਦੀਆਂ ਸ਼ਾਖਾਵਾਂ


ਕਹਿੰਦੇ ਨੇ ਸਿੱਖ ਕੌਮ ਕਦੇ ਮੈਦਾਨ ਵਿਚੋਂ ਭੱਜੀ ਨਹੀਂ ਹੈ। ਹਰ ਮੁਹਾਜ਼ `ਤੇ ਦੁਸ਼ਮਨ ਦਾ ਮੁਕਾਬਲਾ ਕਰਦਿਆਂ ਜਿੱਤਾਂ ਆਪਣੇ ਨਾਂ ਦਰਜ ਕਰਾਈਆਂ ਹਨ। ਜਦੋਂ ਵੀ ਪੰਥ ਦੇ ਆਗੂਆਂ ਨੇ ਪੰਥਕ ਮੋਰਚੇ ਲਈ ਅਵਾਜ਼ ਮਾਰੀ ਤਾਂ ਹਰੇਕ ਸਿੱਖ ਨੇ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਇਆ ਹੈ। ਤਿੰਨ ਸੌ ਸਾਲ ਦੇ ਵਿੱਢੇ ਹੋਏ ਸੰਘਰਸ਼ ਵਿਚੋਂ ਲੰਘਦਿਆਂ ਹੋਇਆਂ ਤੇ ਦੋ ਘਲੂਘਾਰਿਆਂ ਵਿੱਚ ਸ਼ਹੀਦੀਆਂ ਦੇਣ ਉਪਰੰਤ ਖਾਲਸਾ ਰਾਜ ਕਾਇਮ ਕਰ ਲਿਆ। ਸਿੱਖ ਕੌਮ ਨੇ ਜਦੋਂ ਵੀ ਹਾਰੀ ਹੈ ਜਾਂ ਕੌਮੀ ਤੌਰ `ਤੇ ਮਾਰ ਖਾਧੀ ਹੈ ਤਾਂ ਇਸ ਨੇ ਸਰਕਾਰੀ, ਗੈਰ ਸਰਕਾਰੀ ਤੇ ਧਾਰਮਿਕ ਸਮਝੌਤਿਆਂ ਵਿੱਚ ਮਾਰ ਖਾਧੀ ਹੈ। ਸਾਡੇ ਆਗੂਆਂ ਨੇ ਦੂਰ ਅੰਦੇਸ਼ੀ ਘੱਟ ਤੇ ਮੋਮੋਠੱਗਣੀਆਂ ਗੱਲਾਂ `ਤੇ ਵੱਧ ਭਰੋਸਾ ਕਰਕੇ ਹਮੇਸ਼ਾਂ ਕੌਮ ਦਾ ਨੁਕਸਾਨ ਹੀ ਕਰਾਇਆ ਹੈ। ਏਦਾਂ ਸਮਝੀਏ ਕਿ ਹਰ ਸਮਝਾਉਤੇ ਵਿੱਚ ਚਵਾਨੀ ਪ੍ਰਾਪਤ ਕੀਤੀ ਹੈ ਬਾਰ੍ਹਾਂ ਆਨੇ ਗਵਾਏ ਹਨ। ਹੁਣ ਬਹੁਤੇ ਲੋਕ ਇਹ ਸਮਝਦੇ ਹਨ ਕਿ ਜੀ ਆਹ ਲੀਡਰਸ਼ਿੱਪ ਬਹੁਤ ਮਾੜੀ ਹੈ ਇਸ ਨੂੰ ਬਦਲ ਦੇਣਾ ਚਾਹੀਦਾ ਹੈ ਪਰ ਲੀਡਰਸ਼ਿੱਪ ਦੇ ਬਦਲਣ ਦਾ ਬਦਲਾਅ ਕਿਸੇ ਪਾਸ ਵੀ ਕੋਈ ਨਹੀਂ ਹੈ। ਸਿੱਖ ਕੌਮ ਪਾਸ ਅੱਜ ਲੀਹੋਂ ਲੱਥੀ, ਸਮਾਂ ਵਿਹਾ ਚੁੱਕੀ ਲਡਿਰਸ਼ਿੱਪ ਹੀ ਰਹਿ ਗਈ ਹੈ ਜਿਸ ਦਾ ਸਿੱਖ ਭਾਈਚਾਰੇ ਵਿਚੋਂ ਵਿਸ਼ਵਾਸ ਖਤਮ ਹੋ ਗਿਆ ਹੈ। ਲੀਡਰਸ਼ਿੱਪ ਬਦਲਣ ਦਾ ਭਾਵ ਏਦਾਂ ਹੈ ਕਿ ਜਿਵੇਂ ਕਹਿਆ ਜਾਏ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਅੱਗੋਂ ਜੁਆਬ ਆਉਂਦਾ ਹੈ ਇੱਕ ਮੁੱਕੀ ਚੁੱਕ ਲੈ ਦੂਜੀ ਤਿਆਰ। ਲੀਡਰਸ਼ਿੱਪ ਬਦਲਣ ਨਾਲ ਕੋਈ ਬਹੁਤਾ ਲਾਭ ਨਹੀਂ ਹੋਣਾ ਕਿਉਂ ਕਿ ਵਿਧੀ-ਵਿਧਾਨ ਤਾਂ ਉਹੋ ਹੀ ਰਹਿਣਾ ਹੈ। ਲੀਡਰਸ਼ਿੱਪ ਦਾ ਸੁਭਾਅ ਥੋੜਾ ਬਦਲ ਜਾਣਾ ਹੈ। ਬੰਦੇ ਤਾਂ ਉਹੀ ਰਹਿਣੇ ਹਨ। ਸਿਰਫ ਪਾਰਟੀ ਦਾ ਨਾਂ ਹੀ ਬਦਲਿਆ ਹੈ। ਅੰਗਰੇਜ਼ਾਂ ਦੇ ਜਾਣ ਨਾਲ ਮੁਲਕ ਭਾਂਵੇਂ ਅਜ਼ਾਦ ਹੋ ਗਿਆ ਸੀ ਪਰ ਲੋਕ ਅਜ਼ਾਦ ਨਹੀਂ ਹੋਏ। ਲੋਕ ਗ਼ੁਲਾਮੀ ਵਾਲਾ ਹੀ ਜੀਵਨ ਜਿਉਂਦੇ ਹਨ। ਗੋਰੇ ਚਲੇ ਗਏ ਦੇਸੀ ਲੀਡਰ ਆ ਗਏ ਪਰ ਰਾਜ ਕਰਨ ਦਾ ਤੌਰ-ਤਰੀਕਾ ਓਸੇ ਤਰ੍ਹਾਂ ਦਾ ਹੀ ਚਲ ਰਿਹਾ ਹੈ। ਅੱਜ ਵੀ ਰਾਜ ਕਰਨ ਵਾਲੀ ਧਿਰ ਦੇ ਗੈਰ ਕੁਦਰਤੀ ਕੰਮਾਂ ਦੇ ਵਿਰੋਧ ਵਿੱਚ ਜੇ ਕੋਈ ਅਵਾਜ਼ ੳਠਾਉਂਦਾ ਹੈ ਤਾਂ ਕਨੂੰਨ ਅੰਗਰੇਜ਼ਾਂ ਵਾਲਾ ਹੀ ਕੰਮ ਕਰਦਾ ਹੈ। ਹੁਣ `ਤੇ ਹੋਰ ਵੀ ਕਈ ਸਖਤ ਕਨੂੰਨ ਬਣਾਏ ਗਏ ਹਨ। ਏਨ੍ਹਾਂ ਜ਼ਰੂਰ ਹੈ ਅਜੋਕੀ ਸਿੱਖ ਲੀਡਰਸ਼ਿੱਪ ਕੁੱਝ ਪਰਵਾਰਾਂ ਤੱਕ ਸਿੱਮਟ ਕੇ ਰਹਿ ਗਈ ਹੈ। ਅਜੋਕੀ ਲੀਡਰਸ਼ਿੱਪ ਦੇ ਰਾਜ ਭਾਗ ਵਿਚੋਂ ਪੰਥਕ ਮੁੱਦੇ ਗਾਇਬ ਹੋ ਗਏ ਹਨ। ਅੱਜ ਦੀ ਲੀਡਰਸ਼ਿੱਪ ਵਲੋਂ ਲੋਕਾਂ ਨੂੰ ਭਰਮਾਉਣ ਵਾਲੇ ਭੁਲੇਖਾ-ਪਾਉ ਸੰਘ ਪਾੜਵੇਂ ਲੈਕਚਰ ਹੀ ਰਹਿ ਗਏ ਹਨ। ਦੂਜਾ ਆਪਣੇ ਹਿੱਤਾਂ ਦੀ ਪੂਰਤੀ ਲਈ ਵਿਰੋਧੀ ਪਾਰਟੀਆਂ ਵਿਚੋਂ ਆਏ ਲੀਡਰਾਂ ਨੂੰ ਸਿਰਪਾਓ ਦੇਣ ਦਾ ਇੱਕ ਨੁਕਾਤੀ ਪ੍ਰੋਗਰਾਮ ਰਹਿ ਗਿਆ ਹੈ।
ਕਿਸੇ ਧਾਰਮਿਕ ਵਿਆਕਤੀ ਨੇ ਮੀਰਜ਼ਾਦੇ ਨੂੰ ਕਿਹਾ, ਕਿ “ਮੀਰਜ਼ਾਦਿਆ ਸਵੇਰੇ ਸਵੇਰੇ ਰੱਬ ਦਾ ਨਾਂ ਜੱਪਿਆ ਕਰ”। “ਅੱਗੋਂ ਮੀਰਜ਼ਾਦਾ ਕਹਿੰਦਾ ਕਿ ਰੱਬ ਦਾ ਨਾਮ ਲੈਣ ਨਾਲ ਕੀ ਹੁੰਦਾ ਹੈ”? ਧਾਰਮਿਕ ਪੁਜਾਰੀ ਕਹਿਣ ਲੱਗਾ ਕਿ “ਚਿਹਰੇ `ਤੇ ਨੂਰ ਆਉਂਦਾ ਹੈ, ਸਾਰਾ ਦਿਨ ਅਨੰਦ ਵਿੱਚ ਬਤੀਤ ਹੁੰਦਾ ਹੈ”। ਮੀਰਜ਼ਾਦੇ ਨੇ ਮਰਯਾਦਾ ਪੁੱਛੀ ਕਿ “ਰੱਬ ਜੀ ਨੂੰ ਯਾਦ ਕਰਨ ਲਈ ਕਿਹੜਾ ਕਿਹੜਾ ਉਦਮ ਕਰਨਾ ਪੈਂਦਾ ਹੈ”। ਧਾਰਮਿਕ ਵਿਆਕਤੀ ਕਹਿੰਦਾ ਹੈ ਕਿ “ਪਹਿਲਾਂ ਸਵੇਰੇ ਇਸ਼ਨਾਨ ਕਰਨਾ ਹੈ ਪਰ ਜੇ ਇਸ਼ਨਾਨ ਕਰਨ ਨੂੰ ਚਿੱਤ ਨਾ ਕਰੇ ਤਾਂ ਫਿਰ ਪੰਜ ਇਸ਼ਨਾਨ ਕਰ ਲਈ ਦੀਆਂ ਹਨ”। ਮੀਰਜ਼ਾਦੇ ਨੇ ਨਾਲ ਲੱਗਦਾ ਹੋਰ ਸਵਾਲ ਪੁੱਛ ਲਿਆ ਕਿ “ਜੇ ਇਹ ਦੋਵੇਂ ਕੰਮ ਕਰਨ ਨੂੰ ਚਿੱਤ ਨਾ ਕਰੇ ਤਾਂ ਫਿਰ ਕੀ ਕਰਨਾ ਚਾਹੀਦਾ ਹੈ”? ਅੱਗੋਂ ਪੁਜਾਰੀ ਕਹਿੰਦਾ ਕਿ “ਫਿਰ ਸਵਾਹ ਨਾਲ ਹੱਥ ਪੈਰ ਸਾਫ਼ ਕਰ ਲਈਦੇ ਹਨ”। ਮੀਰਜ਼ਾਦੇ ਨੂੰ ਇਹ ਗੱਲ ਵਧੀਆ ਲੱਗੀ। ਘਰ ਆ ਗਿਆ ਤੇ ਘਰਵਾਲੀ ਨੂੰ ਕਹਿਣ ਲੱਗਾ ਕਿ “ਭਾਗਾਂ ਵਾਲੀਏ ਆਪਾਂ ਹੁਣ ਰੱਬ ਦਾ ਨਾਮ ਲਿਆ ਕਰਨਾ ਹੈ”। ਘਰਵਾਲੀ ਕਹਿੰਦੀ ਕਿ “ਮੀਰਜ਼ਾਦਿਆ ਤੂੰ ਕਾਹਨੂੰ ਵਾਅਦਾ ਕਰ ਆਇਆਂ ਏਂ ਆਪਾਂ ਏਦਾਂ ਹੀ ਠੀਕ ਹਾਂ। ਇਹ ਤੇ ਧਾਰਮਿਕ ਆਸਥਨਾਂ ਤੇ ਰਹਿਣ ਵਾਲਿਆਂ ਦਾ ਕੰਮ ਹੈ”। ਮੀਰਜ਼ਾਦਾ ਕਹਿੰਦਾ, ਕਿ “ਨਹੀਂ ਭਾਗਾਂ ਵਾਲੀਏ ਮੈਨੂੰ ਪੁਜਾਰੀ ਨੇ ਭਰੋਸਾ ਦਵਾਇਆ ਹੈ ਕਿ ਰੱਬ ਨੂੰ ਯਾਦ ਕੀਤਿਆ ਚਿਹਰੇ `ਤੇ ਡਲ਼ਕਾਂ ਮਾਰਦਾ ਹੋਇਆ ਨੂਰ ਆਉਂਦਾ ਹੈ ਘਰ ਦੇ ਸਾਰੇ ਕੰਮ ਰੱਬ ਜੀ ਆਪੇ ਹੀ ਕਰੀ ਜਾਣੇ ਹਨ”। ਘਰਵਾਲੀ ਨੂੰ ਇਹ ਗੱਲ ਚੰਗੀ ਲੱਗੀ ਤੇ ਪੁੱਛਦੀ ਹੈ, ਕਿ “ਇਸ ਵਾਸਤੇ ਉਪਰਾਲੇ ਕੀ ਕੀ ਕਰਨੇ ਪੈਂਣੇ ਹਨ”? ਅੱਗੋਂ ਮੀਰਜ਼ਾਦੇ ਨੇ ਛੇਤੀ ਗੱਲ ਮਕਾਉਂਦਿਆਂ ਕਿਹਾ ਕਿ, “ਤੂੰ ਸਵੇਰੇ ਸਵਾਹ ਦਾ ਇੰਤਜ਼ਾਮ ਕਰਨਾ ਹੈ ਆਪਾਂ ਉਸ ਨਾਲ ਹੱਥ, ਪੈਰ ਸੁੱਚੇ ਕਰ ਲੈਣੇ ਹਨ, ਫਿਰ ਦੇਖੀਂ ਖਾਂ ਕਿਦਾਂ ਨੂਰ ਆਉਂਦਾ ਹੈ”।
ਵਿਚਾਰੀ ਘਰਵਾਲੀ ਨੇ ਸਵੇਰੇ ਸਵਾਹ ਦਾ ਪ੍ਰਬੰਧ ਕਰ ਦਿੱਤਾ। ਮੀਰਜ਼ਾਦੇ ਨੇ ਸਵੇਰ ਦੇ ਹਨ੍ਹੇਰੇ ਵਿੱਚ ਹੱਥ ਪੈਰ ਨਾਲ ਸੁੱਚੇ ਕਰਦਿਆਂ ਨਾਲ ਲੱਗਦਾ ਮੂੰਹ ਵੀ ਸੁੱਚਾ ਕਰ ਲ਼ਿਆ। ਰੱਬ ਦਾ ਨਾਂ ਲੈਂਦਿਆਂ ਲੈਂਦਿਆਂ ਦਿਨ ਚੜ੍ਹ ਆਇਆ। ਮੀਰਜ਼ਾਦਾ ਘਰਵਾਲੀ ਨੂੰ ਅਵਾਜ਼ ਮਾਰ ਕੇ ਪੁੱਛਦਾ ਹੈ ਕਿ “ਭਾਗਾਂ ਵਾਲੀਏ ਦੇਖੀ ਖਾਂ ਨੂਰ ਚੜ੍ਹ ਆਇਆ ਹੈ ਕਿ ਪੁਜਾਰੀ ਐਵੇਂ ਗੱਪਾਂ ਹੀ ਮਾਰਦਾ ਸੀ”। ਮੀਰਜ਼ਾਦੀ ਵੀ ਵਿਚਾਰੀ ਬਹੁਤ ਕਾਹਲੀ ਵਿੱਚ ਸੀ ਕਿ ਘਰਵਾਲੇ ਦੇ ਚਿਹਰੇ `ਤੇ ਚਮਕਾਂ ਮਾਰਦਾ ਹੋਇਆ ਨੂਰ ਦੇਖਾਂ। ਜਦੋਂ ਘਰਵਾਲੀ ਨੇ ਆਣ ਕੇ ਦੇਖਿਆ ਤਾਂ ਉਹ ਵਿਚਾਰ ਭੋਲੀਭਾਲੀ ਕਹਿਣ ਲੱਗੀ, ਕਿ “ਮੀਰਜ਼ਾਦਿਆ, ਮੇਰੇ ਸਿਰ ਦਿਆ ਸਾਂਈਆਂ ਜੇ ਤਾਂ ਨੂਰ ਏਦਾਂ ਦਾ ਹੁੰਦਾ ਹੈ ਤਾਂ ਫਿਰ ਨੂਰ ਆ ਗਿਆ ਈ ਕਾਲ਼ੀਆਂ ਘਟਾਂ ਚੜ੍ਹ ਕੇ ਤੇ ਇਸ ਤਰ੍ਹਾਂ ਦਾ ਨੂਰ ਨਹੀਂ ਹੁੰਦਾ ਤਾਂ ਫਿਰ ਤੇਰਾ ਪਹਿਲੇ ਨਾਲੋਂ ਵੀ ਬੇੜਾ ਗਰਕ ਹੋ ਗਿਆ ਈ”।
ਹੁਣ ਜਦੋਂ ਅਸੀਂ ਅਜੋਕੀ ਸਿੱਖ ਲੀਡਰਸ਼ਿੱਪ ਦੀ ਪੰਥਕ ਸਰਕਾਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਜਭਾਗ ਦੇਖਦੇ ਹਾਂ ਤਾਂ ਕਿਹਾ ਜਾ ਸਕਦਾ ਹੈ ਕਿ ਜੇ ਪੰਥਕ ਰਾਜ ਭਾਗ ਜਾਂ ਗੁਰਦੁਆਰਿਆਂ ਦਾ ਪ੍ਰਬੰਧ ਏਦਾਂ ਦਾ ਹੁੰਦਾ ਹੈ ਤਾਂ ਫਿਰ ਇਸ ਤੋਂ ਵਧੀਆ ਰਾਜਭਾਗ, ਗੁਰਦੁਆਰਿਆਂ ਦਾ ਪ੍ਰਬੰਧ ਹੋਰ ਕੋਈ ਹੋ ਨਹੀਂ ਸਕਦਾ। ਤੇ ਜੇ ਇਸ ਰਾਜਭਾਗ ਤੇ ਪੰਥਕ ਕਮੇਟੀਆਂ ਵਿਚੋਂ ਪੰਥਕ ਮੁਦੇ ਗਵਾਚ ਗਏ ਹਨ, ਗੋਲਕ ਦੀ ਖਾਤਰ ਲੜਾਈ ਝਗੜਾ ਸਿਰ ਪਾੜਨੇ ਹੀ ਰਹਿ ਗਿਆ ਹੈ, ਨਿਜੀ ਚੌਧਰਾਂ ਦੀ ਖਾਤਰ ਸਿੱਖ ਸਿਧਾਂਤ ਛੱਡ ਦਿੱਤਾ ਹੈ ਤਾਂ ਇਸ ਤੋਂ ਮਾੜਾ ਸਰਾਕਾਰ ਦਾ ਰਾਜਭਾਗ ਤੇ ਗੁਰਦੁਅਰਿਆਂ ਦਾ ਪ੍ਰਬੰਧ ਕੋਈ ਹੋਰ ਹੋ ਨਹੀਂ ਹੋ ਸਕਦਾ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਅਜੋਕੀ ਲੀਡਰਸ਼ਿੱਪ ਨੂੰ ਕੌਮ ਨੇ ਪੰਥਕ ਸਰਕਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮਵਾਰੀ ਸੌਪੀ ਹੈ ਪਰ ਇਹਨਾਂ ਨੇ ਆਪਣਾ ਫ਼ਰਜ਼ ਪੂਰੀ ਤਰ੍ਹਾਂ ਨਹੀ ਪਛਾਣਿਆਂ ਤੇ ਨਾ ਹੀ ਨਿਭਾਇਆ ਹੈ। ਅਜੋਕੀ ਲੀਡਰਸ਼ਿੱਪ ਜੋ ਕਿ ਸਰਕਾਰ ਚਲਾ ਰਹੀ ਜੇ ਇਸ ਦੇ ਨਾਂ ਇਹ ਗੱਲ ਲੱਗੇ ਕਿ ਜੀ ਸੰਥੈਟਿਕ ਡਰੱਗ ਦਾ ਬਹੁਤ ਵੱਡੀ ਪੱਧਰ ਤੇ ਧੰਧਾ ਚਲ ਰਿਹਾ ਹੈ, ਨੌਜਵਾਨ ਨੱਸ਼ਈ ਹੋ ਗਏ ਹਨ। ਪੰਜਾਬ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ। ਛੋਟੇ ਕਾਰਖਾਨੇ ਹਜ਼ਾਰਾਂ ਦੀ ਗਿਣਤੀ ਵਿੱਚ ਬੰਦ ਹੋ ਗਏ ਹਨ। ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਘੱਟ ਗਏ ਹਨ ਸਰਕਾਰੀ ਨੌਕਰੀਆਂ ਲਈ ਧੱਕੇ ਵੱਜ ਰਹੇ ਹਨ। ਸਰਕਾਰੀ ਹਸਪਤਾਲਾਂ ਦੀ ਖੱਜਲ਼ ਖੁਆਰੀ, ਕਿਰਸਾਨਾਂ ਦੀਆਂ ਆਤਮ ਹੱਤਿਆਂਵਾਂ ਤੇ ਸਰਕਾਰੀ ਸਕੂਲਾਂ ਦਾ ਮਿਆਰ ਡਿਗਣਾ ਲਗਾਤਾਰ ਜਾਰੀ ਹੈ ਤਾਂ ਫਿਰ ਮੀਰਜ਼ਾਦੇ ਦੇ ਚਿਹਰੇ ਵਾਂਗ ਅੱਗੇ ਨਾਲੋਂ ਵੀ ਮਾੜਾ ਹਾਲ ਹੋ ਗਿਆ ਹੈ।
ਅਜੋਕੇ ਸਮੇਂ ਕੁੱਝ ਲੀਡਰਾਂ ਦੇ ਪਰਵਾਰਾਂ ਨੂੰ ਹੀ ਬਹੁਤ ਵੱਡੇ ਲਾਭ ਪ੍ਰਾਪਤ ਹੋਏ ਹਨ। ਸਮਝ ਆਉਂਦਾ ਹੈ ਕਿ ਪੰਥਕ ਪਉੜੀ ਦੁਆਰਾ ਨਿੱਜੀ ਲਾਭ ਹੀ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ਪੰਥ ਦੇ ਨਾਂ `ਤੇ ਕੰਮ ਕਰਨ ਵਾਲੀਆਂ ਸਿੱਖ ਜੱਥੇਬੰਦੀਆਂ ਜਿੰਨਾਂ ਵਿੱਚ ਸਾਰੇ ਸ਼੍ਰਮੋਣੀ ਅਕਾਲੀ ਦਲ, ਫਡਰੇਸ਼ਨਾਂ, ਤਮਾਮ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥ ਦੇ ਨਾਂ `ਤੇ ਆਪੂੰ ਬਣੇ ਲੀਡਰ ਜਾਂ ਪੰਥ ਦੇ ਨਾਂ `ਤੇ ਰਾਜਨੀਤੀ ਕਰਨ ਵਾਲੇ ਸਾਰੇ ਆਗੂਆਂ ਦੀ ਕਰਾਗੁਜ਼ਾਰੀ ਦੇਖਦੇ ਹਾਂ ਇੰਜ ਲੱਗਦਾ ਹੈ ਕਿ ਸ਼ਾਇਦ ਇਹਨਾਂ ਦੀ ਚੇਤੰਤਾ ਵਿਚੋਂ ਪੰਥਕ ਮੁੱਦੇ ਗਾਇਬ ਹੀ ਹੋ ਗਏ ਹਨ।
ਇਸ ਰਾਜ ਭਾਗ ਵਿੱਚ ਨਾਨਕ ਸ਼ਾਹੀ ਕੈਲੰਡਰ ਦਾ ਭੋਗ ਪਾਇਆ ਗਿਆ ਜਨੀ ਕਿ ਨਾਨਕ ਸ਼ਾਹੀ ਲੈਲੰਡਰ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਪਰ ਕਿਸੇ ਵੀ ਜੱਥੇਬੰਦੀ ਨੇ ਕੋਈ ਉਜਰਦਾਰੀ ਨਹੀਂ ਕੀਤੀ।
ਇਸ ਰਾਜਭਾਗ ਵਿੱਚ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਹੋਇਆ ਕਿਸੇ ਕਮੇਟੀ ਨੇ ਰਹਿਤ ਮਰਯਾਦਾ ਦਾ ਹਵਾਲਾ ਦੇਂਦਿਆਂ ਇਸ ਨਿਕੰਮੇ ਕਾਰਜ ਨੂੰ ਗਲਤ ਨਹੀਂ ਕਿਹਾ ਹੈ।
ਡੇਰਵਾਦ ਦੀ ਪਰਫੁਲਤਾ ਲਈ ਕੌਣ ਜ਼ਿੰਮੇਵਾਰ ਹੈ। ਚੰਦ ਵੋਟਾਂ ਦੀ ਖਾਤਰ ਇਹਨਾਂ ਦੀਆਂ ਲੇਲੜੀਆਂ ਕੱਢਦਿਆਂ ਅਜੋਕੀ ਸਿੱਖ ਲੀਡਰਸ਼ਿੱਪ ਨੂੰ ਡੇਰਿਆਂ `ਤੇ ਨਤਮਸਤਕ ਹੁੰਦਿਆਂ ਦੇਖਿਆ ਜਾ ਸਕਦਾ ਹੈ।
ਮੈਨੂੰ ਬਹੁਤ ਸਾਰੀਆਂ ਪੰਥਕ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ ਜਾਣ ਦਾ ਅਵਸਰ ਮਿਲਦਾ ਰਹਿੰਦਾ ਹੈ। ਇਹ ਚਿੰਤਕ ਸੋਚਦੇ ਤਾਂ ਬਹੁਤ ਹਨ ਪਰ ਕਰਦੇ ਕੁੱਝ ਨਹੀਂ। ਪਹਿਲੀ ਗੱਲ ਤਾਂ ਇਹ ਹੈ ਇਹ ਪੰਥਕ ਕਮੇਟੀਆਂ ਵਿੱਚ ਸੁਹਿਰਦਤਾ ਦੀ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਹੈ। ਜਿਹੜੀ ਧਿਰ ਵੀ ਆਉਂਦੀ ਹੈ ਉਸ ਦਾ ਆਪਣਾ ਏਜੰਡਾ ਹੁੰਦਾ ਹੈ। ਸਭ ਤੋਂ ਵੱਡੀ ਕੰਮਜ਼ੋਰੀ ਹੈ ਕਿ ਇੱਕ ਦੂੰ ਨੂੰ ਛੱਡ ਕੇ ਬਾਕੀ ਕੋਈ ਵੀ ਸਮੇਂ ਅਨੁਸਾਰ ਮੀਟਿੰਗ ਵਿੱਚ ਨਹੀਂ ਪਹੁੰਚਦਾ। ਜੇ ਕੋਈ ਧਿਰ ਪ੍ਰੋਗਰਾਮ ਦੇਂਦੀ ਹੈ ਤਾਂ ਦੂਜੀਆਂ ਧਿਰਾਂ ਉਸ ਨੂੰ ਕੋਈ ਵੀ ਸੁਹਿਰਦਤਾ ਨਾਲ ਨਹੀਂ ਲੈਂਦੀਆਂ। ਜੇ ਇੱਕ ਮੀਟਿੰਗ ਵਿੱਚ ਹਾਜ਼ਰੀ ਭਰਵੀਂ ਹੁੰਦੀ ਹੈ ਤਾਂ ਦੁਜੀ ਮੀਟਿੰਗ ਦੀ ਹਾਜ਼ਰੀ ਠੁੱਸ ਹੁੰਦੀ ਹੈ। ਪੰਥਕ ਜਾਂ ਪੰਜਾਬ ਦੇ ਮੁੱਦੇ ਘੱਟ ਹੁੰਦੇ ਹਨ ਨਿੱਜੀ ਭੜਾਸ ਜ਼ਿਆਦਾ ਹੁੰਦੀ ਹੈ।
ਇਕ ਆਮ ਹੀ ਗੱਲ ਕਹੀ ਜਾਂਦੀ ਹੈ ਕਿ ਇਕੱਠੇ ਹੋਈਏ, ਪੰਥ ਦੀ ਏਕਤਾ ਹੋਣੀ ਚਾਹੀਦੀ ਹੈ। ਸਾਰੇ ਇੱਕ ਪਲੇਟ ਫਾਰਮ `ਤੇ ਆਉਣੇ ਚਾਹੀਦੇ ਹਨ। ਇਹ ਸਿਰਫ ਹਵਾਈ ਗੱਲਾਂ ਹਨ। ਅੱਜ ਦੇ ਯੁੱਗ ਵਿੱਚ ਪੰਥਕ ਏਕਤਾ ਦੀ ਆਸ ਲਉਣੀ ਚੰਦ੍ਰਮਾ ਵਲ ਨੂੰ ਸੜਕ ਬਣਾਉਣ ਦੇ ਤੁੱਲ ਹੈ। ਜੇ ਯਾਦ ਹੋਵੇ ਤਾਂ ਇੱਕ ਸਾਬਕਾ ਜੱਥੇਦਾਰ ਅਕਾਲ ਤੱਖਤ ਨੇ ਪੰਥਕ ਏਕਤਾ ਕਰਾਉਣ ਦਾ ਯਤਨ ਕੀਤਾ ਸੀ ਤਾਂ ਉਸ ਵਿਚਾਰੇ ਨੂੰ ਬਾਥਰੂਮ ਵਿੱਚ ਵੜਕੇ ਦੁਹਾਈ ਦੇਣੀ ਪਈ ਸੀ ਕਿ ਪੰਥਕ ਏਕਤਾ ਦਾ ਮੈਂ ਹਾਮੀ ਨਹੀਂ ਹਾਂ। ਭਰਾਓ ਪੰਥਕ ਏਕਤਾ ਨਹੀਂ ਹੋਣੀ ਚਾਹੀਦੀ। ਅਗਲੇ ਬਾਹਰਲੇ ਦਰਵਾਜ਼ੇ ਨੂੰ ਹੀ ਠੁੱਡੇ ਮਾਰ ਕੇ ਚੱਲਦੇ ਬਣੇ ਸੀ ਤੇ ਨਾਲ ਚੇਤਾਵਨੀ ਦੇ ਗਏ ਸੀ ਕਿ ਖਬਰਦਾਰ ਜੇ ਅਗਾਂਹ ਏਦਾਂ ਏਕਤਾ ਦੀ ਕੋਈ ਗੱਲ ਕੀਤੀ ਤਾਂ, ਵੱਡਾ ਆਇਆ ਜੱਥੇਦਾਰ।
ਅਕਾਲ ਤੱਖਤ ਦੇ ਦੂਜੇ ਸਾਬਕਾ ਜੱਥੇਦਾਰ ਨੇ ਪੰਥਕ ਏਕਤਾ ਲਈ ਕੇਵਲ ਏੰਨਾਂ ਹੀ ਕਿਹਾ ਸੀ ਕਿ ਘੱਟੋ ਘੱਟ ਖਾਲਸੇ ਦੀ ਤਿੰਨ ਸੌ ਸਾਲਾ ਸ਼ਤਾਬਦੀ ਮਨਾਉਣ ਤੱਕ ਇਕੱਠੇ ਰਹੀਏ ਫਿਰ ਭਾਂਵੇ ਅੱਡੋ ਅੱਡ ਹੋ ਜਾਇਆ ਜੇ ਅਗਲਿਆਂ ਓਸੇ ਵੇਲੇ ਜੱਥੇਦਾਰੀ ਖੋਹ ਲਈ ਸੀ ਤੇ ਮੱਖਣ `ਚੋਂ ਵਾਲ ਵਾਂਗ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਜਿਸ ਤਰ੍ਹਾਂ ਖੇਡ ਦੇ ਮੈਦਾਨ ਵਿਚੋਂ ਖਿਡਾਰੀ ਨੂੰ ਲਾਲ ਕਾਰਡ ਦਿਖਾ ਕਿ ਬਾਹਰ ਬਿਠਾ ਦਿੱਤਾ ਜਾਂਦਾ ਹੈ।
ਮੰਨ ਲਓ ਜੇ ਪੰਥਕ ਏਕਤਾ ਹੋ ਵੀ ਜਾਂਦੀ ਹੈ ਤਾਂ ਫਿਰ ਪ੍ਰੋਗਰਾਮ ਕੀ ਹੈ? ਇੱਕ ਵਿਦਵਾਨ ਦੇ ਖ਼ਿਆਲ ਅਨੁਸਾਰ ਪੰਥਕ ਪ੍ਰੋਗਰਾਮ ਕਿਸੇ ਜੱਥੇਬੰਦੀ ਪਾਸ ਵੀ ਕੋਈ ਨਹੀਂ ਹੈ। ਅਜੋਕੀ ਸਾਰੀ ਲੀਡਰਸ਼ਿੱਪ ਹਵਾਂ ਵਿੱਚ ਤੀਰ ਮਾਰ ਰਹੀ ਹੈ। ਕੀ ਅੱਜ ਦੀ ਸਿੱਖ ਰਾਜਨੀਤੀ ਆਪਣਿਆਂ ਭਰਾਵਾਂ `ਤੇ ਭਾਵ ਦੂਜੀਆਂ ਜੱਥੇਬੰਦੀਆਂ ਤੇ ਚਿੱਕੜ ਸੁੱਟਣ ਜੋਗੀ ਹੀ ਰਹਿ ਗਈ ਹੈ?
ਸ਼ਾਇਦ ਇਹ ਜ਼ਰੂਰੀ ਹੋ ਗਿਆ ਹੈ ਕਿ ਹਰ ਜੱਥੇਬੰਦੀ ਨੇ ਦੂਜੀ ਜੱਥੇਬੰਦੀ ਵਿਰੁੱਧ ਬਿਆਨ ਦੇਣਾ ਹੀ ਦੇਣਾ ਹੈ। ਸਾਡੀ ਅਜੋਕੀ ਸਿੱਖ ਲੀਡਰਸ਼ਿੱਪ ਜੋ ਰਾਜ ਭਾਗ ਦੀ ਮਾਲਕ ਹੈ ਉਸ ਨੇ ਪਿੱਛਲੇ ਪੰਜਾਹ ਸਾਲ ਤੋਂ ਜਿਸ ਪਾਰਟੀ ਨਾਲ ਪਤੀ -ਪਤਨੀ ਦਾ ਰਿਸ਼ਤਾ ਜੋੜਿਆ ਹੈ ਅੱਜ ਉਹ ਹੀ ਪਾਰਟੀ ਪਿੰਡਾਂ ਵਿੱਚ ਆਰ ਐਸ ਐਸ ਦੀਆਂ ਇਕਾਈਆਂ ਬਣਾਉਣ ਦੀ ਗੱਲ ਕਰ ਰਹੀ ਹੈ। ਹੈਰਾਨਗੀ ਦੀ ਗੱਲ ਦੇਖੋ, ਕਿ ਕਿਸੇ ਵੀ ਸਿੱਖ ਜੱਥੇਬੰਦੀ ਨੇ ਕੋਈ ਵੀ ਨੋਟਿਸ ਨਹੀਂ ਲਿਆ। ਇਹੋ ਹੀ ਪਾਰਟੀ ਸੀ ਜਿਹੜੀ ਪੰਜਾਬੀ ਵਿੱਚ ਬੋਲ ਕੇ ਕਹਿੰਦੀ ਹੈ ਕਿ ਸਾਡੀ ਮਾਂ ਬੋਲੀ ਹਿੰਦੀ ਹੈ। ਪੰਜਾਬੀ ਸੂਬਾ ਨਹੀਂ ਬਣਨਾ ਚਾਹੀਦਾ। ਦਰਬਾਰ ਸਾਹਿਬ `ਤੇ ਹਮਲਾ ਇਸ ਤੋਂ ਪਹਿਲਾਂ ਹੋਣਾ ਚਾਹੀਦਾ ਸੀ। ਓਹੋ ਹੀ ਪਾਰਟੀ ਨੇ ਤੁਹਡੀਆਂ ਮੌਰਾਂ `ਤੇ ਚੜ੍ਹ ਕੇ ਸੰਘ ਦੀਆਂ ਇਕਾਈਆਂ ਖੋਹਲਣ ਦਾ ਪੱਕਾ ਪ੍ਰਬੰਧ ਕਰ ਲਿਆ ਹੈ ਸਿਰਫ ਸ੍ਰ, ਬੀਰਦਵਿੰਦਰ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਵਿਰੋਧ ਕੀਤਾ ਹੈ ਬਾਕੀ ਅੱਜ ਦੀ ਤਰੀਕ ਤੱਕ ਸਾਰੀਆਂ ਜੱਥੇਬੰਦੀਆਂ ਮੂਕ ਦਰਸ਼ਕ ਬਣੀਆਂ ਹੋਈਆਂ ਹਨ। ਕਿਸੇ ਵਿਦਵਾਨ ਦਾ ਕਥਨ ਹੈ ਬੜਾ ਭਵਾ ਪੂਰਤ ਹੈ—
ਜਿਨ੍ਹੋਂ ਕੋ ਹਾਰ ਸਮਝਾ ਥਾ, ਗਲਾ ਆਪਨਾ ਸਜਾਨੇ ਕੋ।
ਵੋਹ ਕਾਲੇ ਨਾਗ ਬਨ ਬੈਠੇ, ਮੇਰੇ ਹੀ ਕਾਟ ਖਾਨੇ ਕੋ।
ਦਸੰਬਰ ਦੇ ਮਹੀਨੇ ਵਿੱਚ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣਗੀਆਂ। ਪਰ ਸਾਰੀਆਂ ਰਾਜਸੀ ਪਾਰਟੀਆਂ ਇੱਕ ਦੂਜੇ ਤੇ ਚਿੱਕੜ ਸੁੱਟ ਕੇ ਤੁਰਦੀਆਂ ਬਣਗੀਆਂ। ਰਾਜ ਕਰਨ ਵਾਲੀ ਧਿਰ ਪਾਸ ਮੁੱਦਾ ਹੁੰਦਾ ਸੀ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲ ਸਲੂਕ ਕਰਦੀ ਹੈ। ਹੁਣ ਤੇ ਆਪਣੀ ਸਕੀ ਮਾਂ ਕੇਂਦਰ ਵਿੱਚ ਆ ਗਈ ਹੈ। ਜਨੀ ਕਿ ਇਹ ਵੀ ਮੁੱਦਾ ਖਤਮ ਹੋ ਗਿਆ ਹੈ। ਅਜੋਕੀ ਸਿੱਖ ਲੀਡਰਸ਼ਿੱਪ ਜਦੋਂ ਰਾਜਭਾਗ ਤੋਂ ਬਾਹਰ ਹੁੰਦੀ ਹੈ ਤਾਂ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਭਾਖੜਾ ਡੈਮ ਤੇ ਦਰਿਆਈ ਪਾਣੀਆਂ ਦੇ ਮੁੱਦੇ, ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਦੀ ਰਿਹਾਈ, ਜੂਨ ਚਉਰਾਸੀ ਦੇ ਨੁਕਸਾਨ ਦੀ ਪੂਰਤੀ, ਅਕਤੂਬਰ ਚਉਰਾਸੀ ਦੇ ਵਹਿਸ਼ੀ ਕਤਲੇਆਮ ਦੇ ਕਾਤਲਾਂ ਨੂੰ ਸਜਾਵਾਂ ਵਰਗੇ ਮੁੱਦੇ ਪੂਰੇ ਜ਼ੋਰ-ਸ਼ੋਰ ਨਾਲ ਉਠਾਏ ਜਾਂਦੇ ਹਨ ਪਰ ਸਤਾ ਪ੍ਰਾਪਤ ਹੋ ਜਾਂਦੀ ਹੈ ਤਾਂ ਇਹ ਸਾਰੇ ਮੁੱਦੇ ਸਦਾ ਲਈ ਭੁਲ-ਭੁਲਾ ਦਿੱਤੇ ਜਾਂਦੇ ਹਨ। ਸਿੱਖ ਲੀਡਰਸ਼ਿੱਪ ਦਾ ਇਹ ਆਪਣੀ ਕੌਮ ਨਾਲ ਧਰੋਅ ਕਮਾਉਣਾ ਹੈ। ਪਿੱਛਲੇ ਤੀਹ ਸਾਲ ਤੋਂ ਚਉਰਾਸੀ ਦੇ ਭਿਆਨਕ ਘੱਲੂਘਾਰੇ ਦੇ ਮਾਰੇ ਗਏ ਪਰਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਧੂੰਆਂਧਾਰ ਬਿਆਨ ਬਾਜ਼ੀ ਹੁੰਦੀ ਹੈ। ਪਰ ਸੁਹਿਰਦਤਾ ਦੀ ਵੱਡੀ ਘਾਟ ਰਹੀ ਹੈ। ਕਿਸੇ ਵਿਦਵਾਨ ਨੇ ਠੀਕ ਲਿਖਿਆ ਹੈ ਕਿ “ਕੌਮ ਨੇ ਆਪਣਿਆਂ ਨੂੰ ਸੜਦਿਆਂ ਵੇਖਿਆ, ਪੀੜਤਾਂ ਨੂੰ ਦਰ ਦਰ ਧੱਕੇ ਖਾਂਦਿਆਂ ਦੇਖਿਆ ਤੇ ਸਿਆਸਤਦਾਨਾਂ ਨੇ ਅੱਗੇ ਵੱਧਣ ਦਾ ਮੁੱਦਾ ਬਣਾ ਕੇ ਵੇਖਿਆ”।
ਅਜੋਕੀ ਸਿੱਖ ਲੀਡਰਸ਼ਿਪ ਵਿਚੋਂ ਸਿੱਖ ਸਿਧਾਂਤ ਗਵਾਚਣ ਕਰਕੇ ਇੱਕ ਖਲਾਅ ਪੈਦਾ ਹੋ ਗਿਆ ਹੈ ਜਿਸ ਦਾ ਲਾਭ ਫਿਰਕੂ ਇਕਾਈਆਂ ਨੇ ਲੈਣਾ ਹੀ ਹੈ। ਸਿਆਣੀਆਂ ਮਾਈਆਂ ਕਹਿੰਦੀਆਂ ਹੁੰਦੀਆਂ ਸਨ ਕਿ ਜੇ ਭਾਂਡਾ ਆਪਣਾ ਹੀ ਮਾੜਾ ਹੈ ਤਾਂ ਦੋਸ਼ ਗਵਾਂਢੀਆਂ ਨੂੰ ਕਿਉਂ ਦਿੱਤਾ ਜਾਏ।
ਬਾਕੀ ਜੱਥੇਬੰਦੀਆਂ ਦੀ ਕਾਰਗੁਜ਼ਾਰੀ ਸਾਲ ਬਾਅਦ ਇੱਕ ਦੋ ਰੋਸ ਮਾਰਚ ਕੱਢਣ ਤਕ ਹੀ ਸਿੱਮਟ ਕੇ ਰਹਿ ਗਿਆ ਹੈ। ਕੀ ਪੰਜਾਹ ਸਾਲ ਦੀ ਉਮਰ ਤਕ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਬਣਿਆ ਜਾ ਸਕਦਾ ਹੈ?
ਸਿੱਖ ਸਟੂਡੈਂਟ ਦਾ ਨੌਜਵਾਨਾਂ ਵਿੱਚ ਸਿੱਖੀ ਦੀ ਰੂਹ ਫੁਕਣੀ ਸੀ ਜੋ ਕੇਵਲ ਰਾਜਸੀ ਪਾਰਟੀਆਂ ਦਾ ਦੁੰਮਛੱਲਾ ਬਣ ਕੇ ਰਹਿ ਗਈ ਹੈ।
ਕੀ ਜੈਕਾਰੇ ਬਲਾਉਣੇ, ਆਪਣੀ ਪਸੰਦ ਦੇ ਲੀਡਰਾਂ ਨੂੰ ਸਿਰਪਾਓ ਜਾਂ ਸਾਲ ਵਿੱਚ ਇੱਕ ਦੋ ਰੋਸ ਮਾਰਚ ਕੱਢ ਲੈਣੇ ਹੀ ਸਾਰੀ ਸਿੱਖੀ ਹੈ ਕਿ ਜਾਂ ਅਗਾਂਹ ਵੀ ਮੰਜ਼ਿਲ ਹੈ?
ਅੱਜ ਸਿੱਖ ਰਾਜਨੀਤੀ ਵਿੱਚ ਬੜਾ ਵੱਡਾ ਖਲਾਅ ਪੈਦਾ ਹੋ ਗਿਆ ਹੈ ਇਸ ਵਿਚੋਂ ਪੰਥਕ ਮੁੱਦੇ ਗਾਇਬ ਹੋ ਗਏ ਹਨ ਜਿਹੜੇ ਇਹਨਾਂ ਦੇ ਬਦਲ ਹਨ ਉਹਨਾਂ ਪਾਸ ਵੀ ਪੰਥਕ ਮੁਦਾ ਕੋਈ ਨਹੀਂ ਹੈ।
ਸਾਰੀ ਵਿਚਾਰ ਦਾ ਨਿਚੋੜ ਹੈ ਕਿ ਅਜੋਕੀ ਲੀਡਰਸ਼ਿੱਪ ਵਿੱਚ ਨਿਘਾਰ ਆਉਣ ਨਾਲ ਹੀ ਲੋਕਾਂ ਦਾ ਇਹਨਾਂ ਤੋਂ ਮੋਹ ਭੰਗ ਹੋਇਆ ਹੈ। ਜਿਹੜਾ ਮਾਹੌਲ ਪਿੱਛਲੇ ਪੰਜਾਹ ਸਾਲ ਤੋਂ ਆਪਣੇ ਨਿੱਜੀ ਹਿੱਤਾਂ ਲਈ ਸਿਰਜਿਆ ਜਾ ਰਿਹਾ ਸੀ ਉਸ ਦਾ ਨਤੀਜਾ ਪੰਜਾਬ ਦਿਆਂ ਪਿੰਡਾਂ ਵਿੱਚ ਸੰਘ ਦੀਆਂ ਇਕਾਈਆਂ ਦੇ ਰੂਪ ਦੇਖਿਆ ਜਾਣਾ ਬਾਕੀ ਰਹਿ ਗਿਆ ਹੈ। ਤੁਹਾਡੀਆਂ ਪੰਥ ਪ੍ਰਤੀ ਬੇਵਫ਼ਾਈਆਂ ਕਰਕੇ ਹੀ ਮਿੱਤਰਾਂ ਨੇ ਤੂਹਾਨੂੰ ਡੱਸ ਲੈਣਾ ਹੈ-
ਤਾਰੀਖ਼ ਕੀ ਗਹਿਰਾਈਓਂ ਨੇ ਵਹੁ ਸਫ਼ਾ ਭੀ ਦੇਖਾ ਹੈ,
ਲਮਹੋਂ ਨੇ ਖ਼ਤਾ ਕੀ ਹੈ ਸਦੀਓਂ ਨੇ ਸਜਾ ਪਾਈ ਹੈ।
ਪ੍ਰਸਿੱਧ ਪੱਤਰਕਾਰ ਸਰਦਾਰ ਜਸਵੰਤ ਸਿੰਘ ਅਜੀਤ ਨਵੀਂ ਦਿੱਲੀ ਦੀ ਟਿੱਪਣੀ ਧਿਆਨ ਮੰਗਦੀ ਹੈ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ ਬਲਵੰਤ ਸਿੰਘ ਰਾਮੂਵਾਲੀਆ, ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਐਚ ਐਸ ਫੂਲਕਾ ਅਤੇ ਕੁੱਝ ਹੋਰ ਪਾਰਟੀਆਂ ਦੇ ਮੁਖੀਆਂ ਵਲੋਂ ਨਵੰਬਰ-੮੪ ਵਿੱਚ ਹੋਈ ਸਿੱਖ ਨਸਲਕੁਸ਼ੀ ਲਈ ਸੰਸਦ ਵਿੱਚ ਮੁਆਫੀ ਮੰਗਣ ਅਤੇ ਨਿੰਦਾ ਪ੍ਰਸਤਾਵ ਪਾਸ ਕਰਨ ਦੀ ਕੀਤੀ ਜਾ ਰਹੀ ਮੰਗ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਇਸ ਵਿੱਚ ਕੋਈ ਸ਼ਕ ਨਹੀਂ ਕਿ ਸਿੱਖਾਂ ਵਲੋਂ ਚਿਰਾਂ ਤੋਂ ਕੀਤੀ ਜਾ ਰਹੀ ਇਹ ਮੰਗ ਪੂਰੀ ਹੋਣੀ ਚਾਹੀਦੀ ਹੈ। ਪਰ ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੈਰਾਨੀ ਤਾਂ ਇਸ ਗਲ ਦੀ ਹੈ ਕਿ ਬੀਤੇ ਤੀਹ ਵਰ੍ਹਿਆਂ ਤੋਂ ਸਿੱਖ ਨਸਲਕੁਸ਼ੀ ਲਈ ਮੁਆਫੀ ਮੰਗਣ, ਨਿੰਦਾ ਪ੍ਰਸਤਾਵ ਪਾਸ ਕਰਨ, ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਆਦਿ ਦੀਆਂ ਮੰਗਾਂ, ਤਾਂ ਕੀਤੀਆਂ ਜਾ ਰਹੀਆਂ ਹਨ, ਪਰ ਇਨ੍ਹਾਂ ਤੀਹ ਵਰ੍ਹਿਆਂ ਵਿੱਚ ਨਵੰਬਰ-੮੪ ਦੀ ਨਸਲਕੁਸ਼ੀ ਦਾ ਸ਼ਿਕਾਰ ਹੋਏ ਪੀੜਤਾਂ ਦੇ ਸਨਮਾਨ-ਜਨਕ ਮੁੜ ਵਸੇਬੇ ਲਈ ਨਾ ਤਾਂ ਕਿਸੇ ਪਾਸਿਉਂ ਮੰਗ ਕੀਤੀ ਗਈ ਹੈ ਅਤੇ ਨਾ ਹੀ ਇਸ ਪਾਸੇ ਕਿਸੇ ਤਰ੍ਹਾਂ ਦਾ ਕੋਈ ਜਤਨ ਹੀ ਹੋਇਆ ਹੈ। ਜਸਟਿਸ (ਰਿ.) ਆਰ ਐਸ ਸੋਢੀ ਨੇ ਦਸਿਆ ਕਿ ਕਾਂਗ੍ਰਸ ਪ੍ਰਧਾਨ ਸੋਨੀਆ ਗਾਂਧੀ ਇੱਕ ਸਿੱਖ ਸਮਾਗਮ ਵਿੱਚ ਇਸ ਘਲੂਘਾਰੇ ਲਈ ਅਫਸੋਸ ਪ੍ਰਗਟ ਕਰ ਚੁਕੇ ਹਨ ਅਤੇ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਵਜੋਂ ਸੰਸਦ ਵਿੱਚ ਇਸ ਨਸਲਕੁਸ਼ੀ ਲਈ ਸਮੁਚੇ ਰਾਸ਼ਟਰ ਪਾਸੋਂ ਮੁਆਫੀ ਮੰਗਣ ਦੇ ਨਾਲ ਹੀ ਮੁੜ ਵਸੇਬਾ ਪੈਕੇਜ ਦਾ ਐਲਾਨ ਵੀ ਕਰ ਚੁਕੇ ਹਨ। ਉਨ੍ਹਾਂ ਕਿਹਾ ਕਿ ਇਹ ਗਲ ਵਖਰੀ ਹੈ ਕਿ ਪੰਜਾਬ ਦੀ ਬਾਦਲ ਸਰਕਾਰ ਨੇ ਅਜੇ ਤਕ ਪੰਜਾਬ ਵਿੱਚ ਰੁਲ ਰਹੇ ਪੀੜਤਾਂ ਤਕ ਇਸ ਪੈਕੇਜ ਦਾ ਲਾਭ ਨਹੀਂ ਪਹੂੰਚਾਇਆ। ਜਸਟਿਸ (ਰਿ.) ਸੋਢੀ ਨੇ ਪੁਛਿਆ ਕਿ ਇਸ ਕਾਂਡ ਲਈ ਪ੍ਰਧਾਨ ਮੰਤਰੀ ਵਲੌਂ ਮੁਆਫੀ ਮੰਗ ਲਏ ਜਾਣ ਤੇ ਸੰਸਦ ਵਿੱਚ ਨਿੰਦਿਆ ਪ੍ਰਸਤਾਵ ਪਾਸ ਹੋ ਜਾਣ ਤੋਂ ਬਾਅਦ ਇਸ ਕਾਂਡ ਨੂੰ ਭੁਲਾ ਦਿੱਤਾ ਜਾਇਗਾ ਜਾਂ ਇਸਨੂੰ ਸਿੱਖ ਇਤਿਹਾਸ ਵਿਚੋਂ ਮਨਫੀ ਕਰ ਦਿੱਤਾ ਜਾਇਗਾ ਅਤੇ ਕੀ ਅਜਿਹਾ ਹੋ ਜਾਣ ਨਾਲ ਪੀੜਤਾਂ ਦੇ ਸਾਰੇ ਮਸਲੇ ਹੋ ਜਾਣਗੇ? ਉਨ੍ਹਾਂ ਕਿਹਾ ਕਿ ਇਹ ਦੁਖ ਦੀ ਗਲ ਹੈ ਕਿ ਇਨ੍ਹਾਂ ਤੀਹ ਵਰ੍ਹਿਆਂ ਵਿੱਚ ਪੀੜਤਾਂ ਦੇ ਨਾਂ ਤੇ ਉਨ੍ਹਾਂ ਨੂੰ ਵਰਤ ਕੇ ਰਾਜਸੀ ਰੋਟੀਆਂ ਤਾਂ ਸੇਂਕੀਆਂ ਜਾਂਦੀਆਂ ਚਲੀਆਂ ਆਈਆਂ ਹਨ, ਪਰ ਉਨ੍ਹਾਂ ਦੇ ਸਨਮਾਨ-ਜਨਕ ਮੁੜ ਵਸੇਬੇ ਵਲ ਧਿਆਨ ਦੇਣ ਦੀ ਲੋੜ ਹੀ ਨਹੀਂ ਸਮਝੀ ਗਈ। ਉਨ੍ਹਾਂ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਤਕ ਪੀੜਤਾਂ ਦਾ ਸਨਮਾਨਜਨਕ ਵਸੇਬਾ ਨਹੀਂ ਹੁੰਦਾ ਤਦ ਤਕ ਉਨ੍ਹਾਂ ਦੇ ਦਿਲਾਂ ਤੇ ਲਗੇ ਜ਼ਖਮਾਂ ਪੁਰ ਮਲ੍ਹਮ ਨਹੀਂ ਲਗ ਸਕੇਗੀ। ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੇ ਨਿੰਦਾ ਪ੍ਰਸਾਤਵ ਪਾਸ ਕਰਨ ਦੀਆਂ ਮੰਗਾਂ ਨੂੰ ਲੈ ਕੇ ਜਿਤਨੇ ਮਰਜ਼ੀ ਪ੍ਰਦਰਸ਼ਨ ਕਰ ਲਏ ਜਾਣ।
ਬਹੁਤ ਮੁਸ਼ਕਲ ਹੈ ਪੰਜਾਬ ਕਿ ਗੁੱਥੀ ਸੁਲਝੇ,
ਅਹਲੇ ਸਿਅਸਤ ਨੇ ਬੜੀ ਸੋਚ ਕੇ ਉਲਝਾਈ ਹੈ।




.