੫. `ਪੈ, ਸਣੁ, ਸਮੇਤਿ, ਸਹਿਤ:
"ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ।।
(ਪੰ: /੯੨)
ਪੈ-ਵਿੱਚ।
"ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ।। (ਪੰ: /੨੪੮)
ਸਣੁ-ਸਮੇਤ।
"ਮੈਲੀ ਕਾਇਆ ਹੰਸ ਸਮੇਤਿ।। ੫।। (ਪੰ: /੧੧੫੮)
ਸਮੇਤਿ-ਸਮੇਤ।
"ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ।। (ਪੰ: /੬੧੭)
ਸਹਿਤ-ਨਾਲ।
੬. `ਬਦਲਾਵਨਿ, ਬਦਲੈ, ਸਟੈ, ਭਰਿ:
"ਆਨ ਦੇਵ ਬਦਲਾਵਨਿ ਦੈਹਉ।। ੧।। ਰਹਾਉ।। (ਪੰ: /੮੭੪)
ਬਦਲਾਵਨਿ-ਬਦਲੇ ਵਿੱਚ।
"ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ।। ੧੫੪।। (ਪੰ: /੧੩੭੨)
ਬਦਲੈ-ਭਾਅ।
"ਮੈ ਤਉ ਮੋਲਿ ਮਹਗੀ ਲਈ ਜੀਅ ਸਟੈ।। ੧।। ਰਹਾਉ।। (ਪੰ: /੬੯੪)
ਸਟੈ-ਵੱਟੇ।
"ਨਾਮੇ ਸਰ ਭਰਿ ਸੋਨਾ ਲੇਹੁ।। ੧੦।। (ਪੰ: /੧੧੬੬)
ਸਰਭਰਿ-ਨਾਮਦੇਵ ਦੇ ਬਰਾਬਰ।
੭.’ਕਾਰਣਿ, ਅਰਥਿ, ਵਿਟਹੁ:
"ਅੰਤ ਕਾਰਣਿ ਕੇਤੇ ਬਿਲਲਾਹਿ।। (ਪੰ: /੫)
ਕਾਰਣਿ- (ਸੰਪਰਦਾਨ ਕਾਰਕ) ਲਈ।
"ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ
ਅਗਿਆਨੁ।। ੨।। (ਪੰ: /੭੩੪)
ਅਰਥਿ- (ਸੰਪਰਦਾਨ ਕਾਰਕ) ਖ਼ਾਤਰ।
"ਹਉ ਸਤਿਗੁਰ ਵਿਟਹੁ ਘੁਮਾਇਆ।। (ਪੰ: /੭੨)
ਵਿਟਹੁ – (ਅਪਾਦਾਨ ਕਾਰਕ) ਤੋਂ।
੮. `ਹੀ` (ਅਵਿਐ)
ਸਮੱਗਰ ਗੁਰਬਾਣੀ ਅੰਦਰ `ਹੀ` ਲਫ਼ਜ਼ ੯੦੭ ਵਾਰ ਆਇਆ ਹੈ। ਸੰਸਕ੍ਰਿਤ ਤੋਂ ਲਫ਼ਜ਼
ਆਪਣੇ ਮੂਲ ਰੂਪ `ਚ ਵਿਸ਼ੇਸ਼ ਸੰਬੰਧਕ ਵਜੋਂ ਆਇਆ ਹੈ। ਸੰਸਕ੍ਰਿਤ ਵਿੱਚ ਉਕਤ ਲਫ਼ਜ਼ ਨੂੰ `ਅਵਿਐ` ਕਿਹਾ
ਜਾਂਦਾ ਹੈ, `ਅਵਿਐ` ਦਾ ਅਰਥ ਹੈ `ਨਾ ਬਦਲਣ ਵਾਲਾ ਚਿੰਨ੍ਹ`। ਉਪਰੋਕਤ ਸੰਬੰਧਕ ਜਿਸ ਭੀ ਲਫ਼ਜ਼ ਅੱਗੇ
ਆਵੇਗਾ, ਉਸ ਵਿੱਚ ਦੋ ਪ੍ਰਕਾਰ ਦੀ ਤਬਦੀਲੀ ਜ਼ਰੂਰ ਹੁੰਦੀ ਹੈ। ਪਹਿਲੀ ਤਬਦੀਲੀ, ਜਾਂ ਤਾਂ
ਸੰਬੰਧਿਤ-ਲਫ਼ਜ਼ ਨੂੰ ਲੱਗਾ ਵਿਆਕਰਣਿਕ-ਚਿੰਨ੍ਹ ਹਟਾ ਦੇਵੇਗਾ ਜਾਂ ਫਿਰ ਉਸ ਨੂੰ ਦੀਰਘ-ਮਾਤ੍ਰਾ ਲਾਅ
ਦੇਵੇਗਾ, ਜਿਵੇਂ:
(ਉ) ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ।। ੫।। (ਪੰ: /੬੧)
(ਅ) ਜਿਤੁ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ।। ੭।। (ਪੰ: /੧੦੧੭)
(ੲ) ਇਕਿ ਤੁਝ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ।। (ਪੰ: /੫੬੬)
ਪੰਗਤੀ `ਉ` ਵਿੱਚ `ਘਰ` ਲਫ਼ਜ਼ ਨਾਂਵ ਇਕਵਚਨ ਅਧਿਕਰਨ ਕਾਰਕ ਹੈ, ਪਰ ਅੰਤਿਕ
ਸਿਹਾਰੀ `ਹੀ` ਅਵਿਐ ਆਉਣ ਕਾਰਣ ਲੱਥ ਗਈ ਹੈ। ਇਸ ਤਰ੍ਹਾਂ ਹੀ ਪੰਗਤੀ `ਅ`ਦੀ ਸਥਿਤੀ ਹੈ, `ਜਿਤੁ,
ਤਿਤੁ` ਲਫ਼ਜ਼ ਮੂਲ-ਰੂਪ `ਚ ਪੜਨਾਵੀਂ-ਵਿਸ਼ੇਸ਼ਣ ਹਨ, ਤੇ ਸਦਾ ਅੰਤ-ਔਂਕੜ ਸਹਿਤ ਆਉਂਦੇ ਹਨ। ਪਰ ਉਕਤ
ਪੰਗਤੀ ਵਿੱਚ `ਤਿਤ` ਦਾ ਅੰਤ-ਮੁਕਤਾ ਹੋਣਾ ਅੱਗੇ ਆਇਆ ਲਫ਼ਜ਼ `ਹੀ` ਕਰਕੇ ਹੈ। ਪੰਗਤੀ `ੲ` ਵਿੱਚ ਭੀ
`ਤੁਝ` ਦਾ ਅੰਤ-ਔਂਕੜ ਅਵਿਐ ਕਰਕੇ ਹਟਿਆ ਹੈ।
(ਉ) ਸਹਜੇ ਹੀ ਹਰਿ ਨਾਮਿ ਸਮਾਇਆ।। ੩।। (ਪੰ: /੧੧)
(ਅ)
ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ।। ੧।। (ਪੰ: /੩੪)
ਪੰਗਤੀ `ਉ` ਵਿੱਚ ਅਵਿਐ ਆਉਣ ਕਾਰਣ `ਸਹਜ` ਲਫ਼ਜ਼ ਨੂੰ `ਸਿਹਾਰੀ`
ਲਘੂ-ਮਾਤ੍ਰਾ, `ਲਾਂ` ਦੀਰਘ-ਮਾਤ੍ਰਾ ਵਿੱਚ ਤਬਦੀਲ ਹੋ ਗਈ ਹੈ। ਪੰਗਤੀ `ਅ` ਵਿੱਚ ਭੀ ਲਫ਼ਜ਼ `ਨਾਮ`
ਦੀ `ਸਿਹਾਰੀ`, `ਦੋਲਾਵਾਂ` ਵਿੱਚ ਤਬਦੀਲ ਹੋਈ ਹੈ।
`ਅਵਿਐ` ਤਦਭਵ ਰੂਪਾਂ `ਚ ਗੁਰਬਾਣੀ ਅੰਦਰ ਹੋਰ ਤਰੀਕੇ ਨਾਲ ਭੀ ਵਰਤਿਆ
ਮਿਲਦਾ ਹੈ। ਜੈਤਸਰੀ ਕੀ ਵਾਰ ਪੰਨਾ `੭੦੫-੭੧੦`ਵਿੱਚ ਤਿੰਨ੍ਹ ਵਾਰ ਅਤੇ `ਸਹਸਕ੍ਰਿਤੀ` ਪੰਨਾ
੧੩੫੩-੧੩੬੦ ਵਿੱਚ ੧੪ ਵਾਰ ਲਫ਼ਜ਼`ਨਚ` ਆਇਆ ਹੈ, ਇਹ ਸਯੁੰਕਤ ਲਫ਼ਜ਼ ਕਿਰਿਆ-ਵਿਸ਼ੇਸ਼ਣ ਹੈ; ਜਿਸ ਦਾ `ਨ`
ਨਿਖੇਧ-ਬੋਧਕ ਅਤੇ `ਚ` ਅਵਿਐ ਹੈ। ਵੀਚਾਰ-ਅਧੀਨ ਲਫ਼ਜ਼ ਦਾ ਅਰਥ ਬਣਦਾ ਹੈ `ਨਹੀਂ`। ਵਿਆਕਰਣਿਕ-ਨੇਮਾਂ
ਅਨੁਸਾਰ ਉਕਤ ਲਫ਼ਜ਼ ਪ੍ਰਿੰਟ ਭੀ ਅਲਗ-ਅਲਗ ਹੋਇਗਾ ਅਤੇ ਉਚਾਰਣ ਭੀ ਅਲਗ-ਅਲਗ ਕਰਕੇ `ਨ-ਚ` ਵਾਂਗ
ਹੋਵੇਗਾ। ਅੱਜ-ਕੱਲ੍ਹ ਭਾਵੇਂ ਨਾ-ਵਾਕਫ਼ੀ ਕਾਰਣ ਉਕਤ ਲਫ਼ਜ਼ ਮੌਜੂਦਾ ਬੀੜਾਂ ਵਿੱਚ ਇਕੱਠਾ ਹੀ ਪ੍ਰਿੰਟ
ਹੋ ਰਿਹਾ ਹੈ, ਪਰ ਇਸ ਤਰ੍ਹਾਂ ਦਰੁਸੱਤ ਨਹੀਂ ਹੈ:
"ਨ ਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ।। (ਪੰ:
/੭੦੮)
"ਨ ਚ ਬਿਦਿਆ ਨਿਧਾਨ ਨਿਗਮੰ ਨਚ ਗੁਣਗ੍ਯ੍ਯ ਨਾਮ ਕੀਰਤਨਹ।। (ਪੰ: /੧੩੫੬)
"ਨ ਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸ੍ਵਰਗ ਰਾਜਨਹ।। (ਪੰ: /੧੩੫੭)
ਉਪਰੋਕਤ ਪੰਗਤੀਆਂ ਵਿੱਚ `ਨ-ਚ` ਨੂੰ ਅਲਗ-ਅਲਗ ਕਰਕੇ ਪੜ੍ਹਣਾ ਹੈ। ਪ੍ਰੋ.
ਸਾਹਿਬ ਸਿੰਘ ਜੀ ਭੀ ਉਕਤ ਲਫ਼ਜ਼ ਨੂੰ ਅਲਗ-ਅਲਗ ਕਰਕੇ ਅਰਥ ਕਰਦੇ ਹਨ। ਪ੍ਰਚਲਤ ਵੀਚਾਰ ਨਾਲ ਸੰਬੰਧਤ
ਲਫ਼ਜ਼ ਸੰਸਕ੍ਰਿਤ-ਬਾਣੀ ਅੰਦਰ ਇੱਕ ਹੋਰ ਮਿਲਦਾ ਹੈ, ਜਿਸ ਬਾਬਤ ਵੀਚਾਰ ਸਾਂਝੀ ਕਰਨੀ ਭੀ ਲਾਹੇਵੰਦ
ਹੋਵੇਗੀ। ਉਕਤ ਲਫ਼ਜ਼ ਹੈ `ਕਤੰਚ`।
ਇਹ ਲਫ਼ਜ਼ ਸੰਸਕ੍ਰਿਤ ਤੋਂ ਤਦਭਵ ਰੂਪ `ਚ ਗੁਰਬਾਣੀ-ਲਿਖ਼ਤ ਵਿੱਚ ੬ ਵਾਰ ਦਰਜ਼
ਹੋਇਆ ਹੈ, ਇਸ ਕਿਰਿਆ-ਵਿਸ਼ੇਸ਼ਣੀ ਲਫ਼ਜ਼ ਦੇ ਅੰਤ `ਚ` ਅਵਿਐ ਪਛੇਤਰ ਲਗਿਆ ਹੈ। ਉਕਤ ਸ਼ਬਦ ਪ੍ਰਿੰਟ ਭੀ
`ਕਤੰ ਚ` ਕਰਕੇ ਹੋਇਗਾ ਅਤੇ ਪੜ੍ਹਿਆ ਭੀ ਅਲਗ-ਅਲਗ ਜਾਵੇਗਾ, ਜਿਸ ਤਰ੍ਹਾਂ ਪ੍ਰੋ. ਸਾਹਿਬ ਸਿੰਘ ਜੀ
ਨੇ ਸੇਧ ਦਿੱਤੀ ਹੈ। ਇਸ ਨੂੰ ਇਕੱਠਾ ਕਰਕੇ ਪ੍ਰਿੰਟ ਕਰਨਾ ਦਰੁਸੱਤ ਨਹੀਂ:
"ਕਤੰ ਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ।। (ਪੰ: /੧੩੫੩)
"ਕਤੰ ਚ ਭ੍ਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ੍ਯ੍ਯਤੇ।। (ਪੰ: /੧੩੫੩)
ਕਤੰ ਚ- {ਕਿਰਿਆ ਵਿਸ਼ੇਸ਼ਣ} ਕਿੱਥੇ ਹੈ।
੯. `ਕਹੁ`
ਉਪਰੋਕਤ ਲਫ਼ਜ਼ ਸਮੱਗਰ ਗੁਰਬਾਣੀ ਦੀ ਲਿਖ਼ਤ ਵਿੱਚ ੫੫੨ ਵਾਰ `ਸੰਬੋਧਨੀ-ਨਾਂਵ`
ਰੂਪ `ਚ ਆਉਂਦਾ ਹੈ। ਪਰ ਦੋ ਵਾਰ `ਸੰਪਰਦਾਨ-ਕਾਰਕ` ਦਾ ਕਾਰਕੀ-ਚਿੰਨ੍ਹ ਵਜੋਂ ਭੀ ਗੁਰਬਾਣੀ `ਚ ਆਇਆ
ਹੈ, ਜਿਵੇਂ:
"ਨੰਨਾਕਾਰੁ ਨ ਹੋਤਾ ਤਾ ਕਹੁ।। ਨਾਮੁ ਮੰਤ੍ਰੁ ਗੁਰਿ ਦੀਨੋ ਜਾ ਕਹੁ।। (ਪੰ:
/੨੫੭)
ਤਾ ਕਹੁ – {ਸੰਪਰਦਾਨ ਕਾਰਕ} ਉਸ ਨੂੰ/ਲਈ।
ਜਾ ਕਹੁ – {ਸੰਪਰਦਾਨ ਕਾਰਕ} ਜਿਸ ਨੂੰ/ਲਈ।
ਉਪਰੋਕਤ ਪੰਗਤੀ ਵਿੱਚ `ਕਹੁ` ਦਾ ਅਸਲੀ ਰੂਪ `ਕਉ` ਹੈ, ਜੋ ਕਿ
ਗੁਰਮਤਿ-ਕਾਵਿ ਪ੍ਰਬੰਧ ਅਧੀਨ `ਉ` ਦਾ `ਹੁ` ਵਿੱਚ ਵਟਾਂਦਰਾ (ਬਦਲ) ਹੋਇਆ ਹੈ। ਜਿਵੇਂ ਕਿ ਅਕਸਰ ਹੀ
ਗੁਰਬਾਣੀ ਵਿੱਚ `ਉ` ਦਾ `ਹੁ` ਨਾਲ ਵਟਾਂਦਰਾ ਹੋ ਜਾਂਦਾ ਹੈ। ਉਦਾਹਰਣ ਲਈ ਜਿਵੇਂ ਲਫ਼ਜ਼ `ਉਲਾਸ` ਭੀ
ਹੈ ਅਤੇ `ਹੁਲਾਸ` ਭੀ। ਇਸ ਤਰ੍ਹਾਂ ਤਿਲੰਗ ਰਾਗ ਵਿੱਚ ਇੱਕ ਹੋਰ ਪੰਗਤੀ ਦਰਸ਼ਨ ਕਰਨ `ਤੇ ਮਿਲਦੀ ਹੈ:
"ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ; ਨਾਨਕ ਕੀ ਅਰਦਾਸਿ।। ੩।। (ਪੰ: /੭੨੨)
ਉਪਰੋਕਤ ਪੰਗਤੀ `ਚ ਲਫ਼ਜ਼ `ਕਹੁ` `ਸੰਪਰਦਾਨ-ਕਾਰਕ` ਦਾ ਕਾਰਕੀ-ਚਿੰਨ੍ਹ
ਜਾਪਦਾ ਹੈ, ਜਿਸ ਦਾ ਅਰਥ ਹੈ `ਲਈ`। ਵੀਚਾਰ-ਅਧੀਨ ਪੰਗਤੀ ਦੇ ਭੀ ਅਰਥ ਇਸ ਪ੍ਰਕਾਰ ਬਣਦੇ ਹਨ:
ਜੀ-ਜੀਅ, ਜਿੰਦ ਦੇ। ਜੀ ਕਹੁ-ਜਿੰਦ ਦੇ ਖੇੜੇ/ਖੁਸ਼ੀ/ਵਿਗਾਸ ਲਈ।
"ਨਾਨਕ ਦੀ ਅਰਦਾਸ ਹੈ ਜੇ ਕਿਤੇ ਮੇਰੇ ਜੀਅ ਦੇ ਖੇੜੇ ਲਈ ਮੈਨੂੰ ਰੰਗ-ਰਤਿਆਂ
ਦੀ ਚਰਨ-ਧੂੜ (ਮਾਰਗ/ਪੰਧ) ਪ੍ਰਾਪਤ ਹੋ ਜਾਵੇ। "
ਇਸ ਤਰ੍ਹਾਂ ਉਕਤ ਪੰਗਤੀ ਵਿੱਚ ਅਲਪ-ਬਿਸਰਾਮ ਭੀ `ਜੀ` ਦੀ ਬਜਾਇ `ਕਹੁ` `ਤੇ
ਲਗੇਗਾ।
ਭੁੱਲ-ਚੁੱਕ ਦੀ ਖਿਮਾਂ