.

ਰੁਦ੍ਰ ਅਵਤਾਰ {ਦੂਜਾ ਭਾਗ}

(Rudra: Eleventh Incarnation of Vishnu)

ਅਥ ਗਉਰ ਬਧਹ ਕਥਨੰ

ਸ੍ਰੀ ਭਗਉਤੀ ਜੀ ਸਹਾਇ

ਤੋਟਕ ਛੰਦ

ਸੁਰ ਰਾਜ ਪ੍ਰਸੰਨਿ ਭਏ ਤਬ ਹੀ। ਅਰਿ ਅੰਧਕ ਨਾਸ ਸੁਨਿਯੋ ਜਬ ਹੀ।

ਇਮ ਕੈ ਦਿਨ ਕੇਤਕ ਬੀਤ ਗਏ। ਸਿਵ ਧਾਮਿ ਸਤਕ੍ਰਿਤ ਜਾਤ ਭਏ। ੧।

ਅਰਥ: ਹੁਣ ਗੌਰੀ (ਪਾਰਬਤੀ) ਦੇ ਬਧ ਦਾ ਕਥਨ: ਇੰਦਰ ਦੇਵ ਉਦੋਂ ਪ੍ਰਸੰਨ ਹੋਇਆ ਜਦੋਂ ਉਸ ਨੇ ਵੈਰੀ ਅੰਧਕ ਦਾ ਨਾਸ ਹੋਣਾ ਸੁਣਿਆ। ਇਸ ਤਰ੍ਹਾਂ ਕਈ ਦਿਨ ਬੀਤ ਗਏ ਤਾਂ ਇੱਕ ਦਿਨ ਸ਼ਿਵ ਇੰਦਰ ਦੇ ਘਰ ਗਿਆ। ੧।

ਤਬ ਰੁਦ੍ਰ ਭਯਾਨਕ ਰੂਪ ਧਰਿਯੋ। ਹਰਿ ਹੇਰਿ ਹਰੰ ਹਥਿਯਾਰ ਹਰਿਯੋ।

ਤਬ ਹੀ ਸਿਵ ਕੋਪ ਅਖੰਡ ਕੀਯੋ। ਇੱਕ ਜਨਮ ਅੰਗਾਰ ਅਪਾਰ ਲੀਯੋ। ੨।

ਅਰਥ: ਤਦੋਂ ਸ਼ਿਵ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ। ਇੰਦਰ ਨੇ ਸ਼ਿਵ ਨੂੰ ਵੇਖ ਕੇ ਉਸ ਉਤੇ ਹਥਿਆਰ ਸੁਟਿਆ। ਉਦੋਂ ਸ਼ਿਵ ਨੇ ਵੀ ਅਖੰਡ ਕ੍ਰੋਧ ਕੀਤਾ, ਜਿਸ ਤੋਂ ਇੱਕ ਅਪਾਰ ਅੰਗਾਰ ਨੇ ਜਨਮ ਲਿਆ। ੨।

ਤਿਹ ਤੇਜ ਜਰੇ ਜਗ ਜੀਵ ਸਬੈ। ਤਿਹ ਡਾਰ ਦਯੋ ਮਧਿ ਸਿੰਧੁ ਤਬੈ।

ਸੋਊ ਡਾਰ ਦਯੋ ਸਿੰਧੁ ਮਹਿ ਨ ਗਯੋ। ਤਿਹ ਆਨਿ ਜਲੰਧਰ ਰੂਪ ਲਯੋ। ੩।

ਅਰਥ: ਉਸ ਅੰਗਾਰ ਦੇ ਤੇਜ ਨਾਲ ਜਗਤ ਦੇ ਸਾਰੇ ਜੀਵ ਸੜਨ ਲਗੇ, (ਇਸ ਕਰ ਕੇ) ਉਸ ਨੂੰ ਉਸ ਵੇਲੇ ਸਮੁੰਦਰ ਵਿੱਚ ਸੁਟ ਦਿੱਤਾ ਗਿਆ। ਪਰ ਸੁਟੇ ਜਾਣ ਤੇ ਸਮੁੰਦਰ ਨੇ ਉਸ ਨੂੰ ਗ੍ਰਹਿਣ ਨ ਕੀਤਾ। ਇਸ ਕਰ ਕੇ ਉਸ ਨੇ ਧਰਤੀ ਉਤੇ ਆ ਕੇ ਜਲੰਧਰ ਦਾ ਰੂਪ ਧਾਰਨ ਕੀਤਾ। ੩। {ਦੇਖੋ, ਦੇਵਤਿਆਂ ਦੀਆਂ ਅਖੌਤੀ ਕਰਾਮਾਤਾਂ; ਜਲੰਧਰ ਪੰਜਾਬ ਦਾ ਇੱਕ ਜਿਲਾ ਹੈ)

ਚੌਪਈ

ਇਹ ਬਿਧਿ ਭਯੋ ਅਸੁਰ ਬਲਵਾਨਾ। ਲਯੋ ਕੁਬੇਰ ਕੋ ਲੂਟ ਖਜਾਨਾ।

ਪਕਰ ਸਮਸ ਤੇ ਬ੍ਰਹਮੁ ਰੁਵਾਯੋ। ਇੰਦ੍ਰ ਜੀਤਿ ਸਿਰ ਛਤ੍ਰ ਢੁਰਾਯੋ। ੪।

ਅਰਥ: ਇਸ ਤਰ੍ਹਾਂ ਬਲਵਾਨ ਦੈਂਤ ਪ੍ਰਗਟ ਹੋਇਆ ਅਤੇ ਉਸ ਨੇ ਕੁਬੇਰ ਦਾ ਖ਼ਜ਼ਾਨਾ ਲੁਟ ਲਿਆ। ਦਾੜ੍ਹੀ ਤੋਂ ਪਕੜ ਕੇ ਬ੍ਰਹਮਾ ਨੂੰ ਰੁਆਇਆ ਅਤੇ ਇੰਦਰ ਨੂੰ ਜਿਤ ਕੇ (ਆਪਣੇ) ਸਿਰ ਉਤੇ ਛੱਤਰ ਝੁਲਵਾਇਆ। ੪। {ਬਚਿਤ੍ਰ ਨਾਟਕ ਖੇਡਣ ਵਾਲਿਆਂ ਨੂੰ ਚੁਕੰਨੇ ਰਹਿਣਾ ਚਾਹੀਦਾ ਹੈ!}

ਜੀਤਿ ਦੇਵਤਾ ਪਾਇ ਲਗਾਏ। ਰੁਦ੍ਰ ਬਿਸਨੁ ਨਿਜ ਪੁਰੀ ਬਸਾਏ।

ਚਉਦਹ ਰਤਨ ਆਨਿ ਰਾਖੇ ਗ੍ਰਿਹ। ਜਹਾ ਤਹਾ ਬੈਠਾਏ ਨਵ ਗ੍ਰਹ। ੫।

ਅਰਥ: ਦੇਵਤਿਆਂ ਨੂੰ ਜਿਤ ਕੇ ਆਪਣੀ ਚਰਨੀ ਲਾਇਆ ਅਤੇ ਸ਼ਿਵ ਤੇ ਵਿਸ਼ਣੂ ਨੂੰ (ਲਿਆ ਕੇ) ਆਪਣੇ ਸ਼ਹਿਰ ਵਿੱਚ ਵਸਾਇਆ। (ਉਸ ਨੇ) ਚੌਦਾਂ ਰਤਨ ਲਿਆ ਕੇ ਆਪਣੇ ਘਰ ਵਿੱਚ ਪਾ ਲਏ। ਜਿਥੇ ਕਿਥੇ (ਲੋਕਾਂ ਨੂੰ ਦੁਖ ਦੇਣ ਲਈ) ਨੌ ਗ੍ਰਹਿ ਬਿਠਾ ਦਿੱਤੇ। ੫।

ਦੋਹਰਾ

ਜੀਤਿ ਬਸਾਏ ਨਿਜ ਪੁਰੀ ਅਸੁਰ ਸਕਲ ਅਸੁਰਾਰ। ਪੂਜਾ ਕਰੀ ਮਹੇਸ ਕੀ ਗਿਰਿ ਕੈਲਾਸ ਮਧਾਰ। ੬।

ਅਰਥ: (ਜਲੰਧਰ ਨੇ) ਸਾਰਿਆਂ ਦੇਵਤਿਆਂ ਅਤੇ ਦੈਂਤਾਂ ਨੂੰ ਜਿਤ ਕੇ ਆਪਣੀ ਪੁਰੀ ਵਿੱਚ ਲਿਆ ਵਸਾਇਆ। ਕੈਲਾਸ਼ ਪਰਬਤ ਉਤੇ ਜਾ ਕੇ ਮਹੇਸ਼ ਦੀ ਪੂਜਾ ਕੀਤੀ। ੬। {ਹੇਮ ਕੁੰਟ ਪਰਬਤ ਜਾ ਕੇ ਵੀ ਮਹਾਕਾਲ ਕਾਲਕਾ ਦੀ ਪੂਜਾ ਕਰ ਲੈਂਦਾ!}

ਚੌਪਈ

ਧ੍ਹਯਾਨ ਬਿਧਾਨ ਕਰੇ ਬਹੁ ਭਾਤਾ। ਸੇਵਾ ਕਰੀ ਅਧਿਕ ਦਿਨ ਰਾਤਾ।

ਐਸ ਭਾਤਿ ਤਿਹ ਕਾਲ ਬਿਤਾਯੋ। ਅਬ ਪ੍ਰਸੰਗਿ ਸਿਵ ਊਪਰ ਆਯੋ। ੭।

ਅਰਥ: (ਜਲੰਧਰ) ਨੇ ਬਹੁਤ ਵਿਧੀਆਂ ਨਾਲ ਸ਼ਿਵ ਦਾ ਧਿਆਨ ਧਰਿਆ ਅਤੇ ਦਿਨ ਰਾਤ ਬਹੁਤ ਸੇਵਾ ਕੀਤੀ। ਇਸ ਤਰ੍ਹਾਂ ਨਾਲ ਉਸ ਨੇ ਕੁੱਝ ਸਮਾਂ ਬਿਤਾ ਲਿਆ। ਹੁਣ ਪ੍ਰਸੰਗ ਸ਼ਿਵ ਵਲ ਆਉਂਦਾ ਹੈ। ੭।

ਭੂਤਰਾਟ ਕੋ ਨਿਰਖਿ ਅਤੁਲ ਬਲ। ਕਾਪਤ ਭਏ ਅਨਿਕ ਅਰਿ ਜਲ ਥਲ।

ਦਛ ਪ੍ਰਜਾਪਤਿ ਹੋਤ ਨ੍ਰਿਪਤ ਬਰ। ਦਸ ਸਹੰਸ੍ਰ ਦੁਹਿਤਾ ਤਾ ਕੇ ਘਰ। ੮।

ਅਰਥ: ਸ਼ਿਵ ਦਾ ਅਤੁੱਲ ਬਲ ਵੇਖ ਕੇ, ਜਲ ਥਲ ਵਿੱਚ ਰਹਿਣ ਵਾਲੇ ਅਨੇਕਾਂ ਵੈਰੀ ਕੰਬਣ ਲਗੇ। ਉਸ ਸਮੇਂ ਦਕਸ਼ ਪ੍ਰਜਾਪਤੀ ਨਾਂ ਦਾ ਇੱਕ ਉੱਤਮ ਰਾਜਾ ਹੋਇਆ ਸੀ ਜਿਸ ਦੇ ਘਰ ਦਸ ਹਜ਼ਾਰ ਪੁੱਤਰੀਆਂ (ਪੈਦਾ ਹੋਈਆਂ) ਸਨ। ੮। (ਇਹ ਨਹੀਂ ਜਾਣਕਾਰੀ ਦਿੱਤੀ ਕਿ ਕਿੰਨੇ ਸਮੇਂ ਵਿੱਚ ਜਾਂ ਕੀ ਇੱਕ ਰਾਣੀ ਦੀ ਕੁੱਖੋਂ ਅਤੇ ਵੱਡੀ `ਤੇ ਛੋਟੀ ਦੀਆਂ ਕੀ ਉਮਰਾਂ ਸਨ?)

ਤਿਨ ਇੱਕ ਬਾਰ ਸੁਯੰਬਰ ਕੀਯਾ। ਦਸ ਸਹੰਸ੍ਰ ਦੁਹਿਤਾ ਇਸ ਦੀਯਾ।

ਜੋ ਬਰੁ ਰੁਚੇ ਬਰਹੁ ਅਬ ਸੋਈ। ਊਚ ਨੀਚ ਰਾਜਾ ਹੋਇ ਕੋਈ। ੯।

ਅਰਥ: ਉਸ ਨੇ ਇੱਕ ਵਾਰ ਸੁਅੰਬਰ ਕੀਤਾ ਅਤੇ ਦਸ ਹਜ਼ਾਰ ਰਾਜ-ਕੰਨਿਆਵਾਂ ਨੂੰ ਆਗਿਆ ਦਿੱਤੀ ਕਿ ਜਿਸ ਨੂੰ ਜੋ ਵਰ ਚੰਗਾ ਲਗਦਾ ਹੈ, ਹੁਣੇ ਉਹੀ ਵਰ ਲਵੇ, (ਭਾਵੇਂ) ਕੋਈ ਰਾਜਾ ਜਾਂ ਊਚ-ਨੀਚ (ਕਿਉਂ ਨ) ਹੋਵੇ। ੯।

ਜੋ ਜੋ ਜਿਸੈ ਰੁਚਾ ਤਿਨਿ ਬਰਾ। ਸਬ ਪ੍ਰਸੰਗ ਨਹੀ ਜਾਤ ਉਚਰਾ।

ਜੋ ਬਿਰਤਾਤ ਕਹਿ ਛੋਰਿ ਸੁਨਾਊ। ਕਥਾ ਬ੍ਰਿਧਿ ਤੇ ਅਧਿਕ ਡਰਾਊ। ੧੦।

ਅਰਥ: ਜਿਸ ਨੂੰ ਜੋ ਜੋ (ਵਰ) ਚੰਗਾ ਲਗਿਆ ਉਸ ਨੇ ਉਸ ਨੂੰ ਵਰ ਲਿਆ। ਸਾਰਾ ਪ੍ਰਸੰਗ ਉਚਾਰਿਆ ਨਹੀਂ ਜਾ ਸਕਦਾ। ਜੇ ਮੁੱਢ ਤੋਂ ਸਾਰਾ ਬ੍ਰਿੱਤਾਂਤ ਕਹਿ ਕੇ ਸੁਣਾਵਾਂ, ਤਾਂ ਕਥਾ ਦੇ ਵੱਧ ਜਾਣ ਤੋਂ ਡਰਦਾ ਹਾਂ। ੧੦।

ਚਾਰ ਸੁਤਾ ਕਸਪ ਕਹ ਦੀਨੀ। ਕੇਤਕ ਬ੍ਹਯਾਹ ਚੰਦ੍ਰਮਾ ਲੀਨੀ।

ਕੇਤਕ ਗਈ ਅਉਰ ਦੇਸਨ ਮਹਿ। ਬਰਿਯੋ ਗਉਰਜਾ ਏਕ ਰੁਦ੍ਰ ਕਹਿ। ੧੧।

ਅਰਥ: ਪ੍ਰਜਾਪਤੀ ਨੇ ਚਾਰ ਧੀਆਂ ਕਸ਼ਪ (ਰਿਸ਼ੀ) ਨੂੰ ਦਿੱਤੀਆਂ ਅਤੇ ਕਈ ਚੰਦ੍ਰਮਾ ਨੇ ਵਿਆਹ ਲਈਆਂ। ਕਈ (ਪੁੱਤਰੀਆਂ) ਦੂਜੇ ਦੇਸ਼ਾਂ ਵਿੱਚ ਗਈਆਂ। ਗੌਰਜਾਂ (ਨਾਂ ਦੀ ਇੱਕ ਪੁੱਤਰੀ) ਨੇ ਰੁਦ੍ਰ ਨਾਲ ਵਿਆਹ ਕੀਤਾ। ੧੧। (ਦੇਸ਼ਾਂ ਦੇ ਕਿਹੜੇ ਨਾਂ?)

ਜਬ ਹੀ ਬ੍ਹਯਾਹ ਰੁਦ੍ਰ ਗ੍ਰਿਹਿ ਆਨੀ। ਚਲੀ ਜਗ ਕੀ ਬਹੁਰਿ ਕਹਾਨੀ।

ਸਬ ਦੁਹਿਤਾ ਤਿਹ ਬੋਲਿ ਪਠਾਈ। ਲੀਨੋ ਸੰਗਿ ਭਤਾਰਨ ਆਈ। ੧੨।

ਅਰਥ: ਜਦੋਂ ਸ਼ਿਵ ਨੇ (ਗੌਰੀ ਨੂੰ) ਵਿਆਹ ਕੇ ਘਰ ਲੈ ਆਉਂਦਾ ਤਾਂ ਫਿਰ (ਉਸ ਤੋਂ ਕਾਫੀ ਦੇਰ ਬਾਦ) ਪ੍ਰਜਾਪਤੀ ਦੇ ਘਰ ਯੱਗ ਦੀ ਗੱਲ ਚਲ ਪਈ। ਉਸ ਨੇ ਸਾਰੀਆਂ ਧੀਆਂ ਨੂੰ ਬੁਲਾ ਭੇਜਿਆ। ਸਾਰੀਆਂ ਆਪਣੇ ਪਤੀਆਂ ਸਹਿਤ (ਪਿਤਾ ਦੇ ਘਰ) ਆਈਆਂ। ੧੨।

ਜੇ ਜੇ ਹੁਤੇ ਦੇਸ ਪਰਦੇਸਾ। ਜਾਤ ਭਏ ਸਸੁਰਾਰਿ ਨਰੇਸਾ।

ਨਿਰਖਿ ਰੁਦ੍ਰ ਕੋ ਅਉਰ ਪ੍ਰਕਾਰਾ। ਕਿਨਹੂੰ ਨ ਭੂਪਤਿ ਤਾਹਿ ਚਿਤਾਰਾ। ੧੩।

ਅਰਥ: ਜਿਹੜੇ ਜਿਹੜੇ ਦੇਸ਼ਾਂ ਪ੍ਰਦੇਸ਼ਾਂ (ਵਿਚ ਰਾਜੇ ਦੇ ਜੁਆਈ ਸਨ), ਉਹ ਸਾਰੇ ਸਹੁਰੇ ਘਰ ਨੂੰ ਚਲੇ ਗਏ। ਸ਼ਿਵ ਨੂੰ ਹੋਰ ਜਿਹੇ ਰੂਪ ਵਾਲਾ ਵੇਖ ਕੇ, ਪ੍ਰਜਾਪਤੀ ਅਤੇ ਹੋਰ ਕਿਸੇ ਨੇ ਵੀ ਉਸ ਨੂੰ ਰਾਜਾ ਨਾ ਸਮਝਿਆ। ੧੩।

ਨਹਨ ਗਉਰਜਾ ਦਛ ਬੁਲਾਈ। ਸੁਨਿ ਨਾਰਦ ਤੇ ਹ੍ਰਿਦੈ ਰਿਸਾਈ।

ਬਿਨ ਬੋਲੇ ਪਿਤ ਕੇ ਗ੍ਰਿਹ ਗਈ। ਅਨਿਕ ਪ੍ਰਕਾਰ ਤੇਜ ਤਨ ਤਈ। ੧੪।

ਅਰਥ: (ਆਪਣੀ ਪੁੱਤਰੀ) ਗੌਰਜਾ ਨੂੰ ਵੀ ਦਕਸ਼ ਨੇ ਨਹੀਂ ਬੁਲਾਇਆ। ਨਾਰਦ ਪਾਸੋਂ (ਪਿਤਾ ਦੇ ਘਰ ਯੱਗ ਦੀ ਗੱਲ) ਸੁਣ ਕੇ (ਗੌਰਜਾ) ਹਿਰਦੇ ਵਿੱਚ ਬਹੁਤ ਕ੍ਰੋਧਵਾਨ ਹੋਈ ਅਤੇ ਬਿਨਾ ਬੁਲਾਏ ਪਿਤਾ ਦੇ ਘਰ ਚਲੀ ਗਈ। (ਪਰ ਉਥੇ ਸਾਰਿਆਂ ਦਾ ਰੁਖਾ ਵਿਵਹਾਰ ਵੇਖ ਕੇ) ਅਨੇਕ ਤਰ੍ਹਾਂ ਨਾਲ ਤਨੋ ਮਨੋ ਸੜ ਗਈ। ੧੪।

ਜਗ ਕੁੰਡ ਮਹਿ ਪਰੀ ਉਛਰ ਕਰਿ। ਸਤ ਪ੍ਰਤਾਪਿ ਪਾਵਕ ਭਈ ਸੀਤਰਿ।

ਜੋਗ ਅਗਨਿ ਕਹੁ ਬਹੁਰਿ ਪ੍ਰਕਾਸਾ। ਤਾ ਤਨ ਕੀਯੋ ਪ੍ਰਾਨ ਕੋ ਨਾਸਾ। ੧੫।

ਅਰਥ: (ਆਪਣਾ ਅਤੇ ਪਤੀ ਦਾ ਨਿਰਾਦਰ ਵੇਖ ਕੇ ਗੌਰਜਾ) ਉਛਲ ਕੇ ਯੱਗ ਕੁੰਡ ਵਿੱਚ ਜਾ ਪਈ। (ਗੌਰਜਾ ਦੇ) ਸੱਤ ਅਤੇ ਪ੍ਰਤਾਪ ਨਾਲ ਯੱਗ ਅਗਨੀ ਸੀਤਲ ਹੋ ਗਈ। ਫਿਰ (ਗੌਰਜਾ ਨੇ) ਯੋਗ ਅਗਨੀ ਨੂੰ ਪ੍ਰਗਟ ਕੀਤਾ ਅਤੇ ਉਸ ਵਿੱਚ (ਕੁਦ ਕੇ) ਆਪਣੇ ਸ਼ਰੀਰ ਅਤੇ ਪ੍ਰਾਣਾਂ ਦਾ ਨਾਸ਼ ਕਰ ਦਿੱਤਾ। ੧੫।

ਆਇ ਨਾਰਦ ਇਮ ਸਿਵਹਿ ਜਤਾਈ। ਕਹਾ ਬੈਠਿ ਹੋ ਭਾਗ ਚੜਾਈ।

ਛੂਟਿਯੋ ਧ੍ਹਆਨ ਕੋਪੁ ਜੀਯ ਜਾਗਾ। ਗਹਿ ਤ੍ਰਿਸੂਲ ਤਹ ਕੋ ਉਠ ਭਾਗਾ। ੧੬।

ਅਰਥ: ਨਾਰਦ ਨੇ ਆ ਕੇ ਸ਼ਿਵ ਨੂੰ ਸਾਰੀ ਗੱਲ ਇਸ ਤਰ੍ਹਾਂ ਸੁਣਾਈ ‘ਤੂੰ ਭੰਗ ਪੀ ਕੇ ਇਥੇ ਬੈਠਾ ਹੈਂ, (ਉਧਰ ਗੌਰਜਾ ਯੱਗ ਦੇ ਕੁੰਡ ਵਿੱਚ ਸੜ ਗਈ ਹੈ।’ ) (ਇਹ ਸੁਣਦਿਆਂ ਹੀ ਸ਼ਿਵ ਦਾ) ਧਿਆਨ ਛੁਟ ਗਿਆ ਅਤੇ ਮਨ ਵਿੱਚ ਕ੍ਰੋਧ ਪੈਦਾ ਹੋ ਗਿਆ। (ਉਸੇ ਵੇਲੇ) ਤ੍ਰਿਸ਼ੂਲ ਫੜ ਕੇ ਉਧਰ ਵਲ ਦੌੜ ਪਿਆ। ੧੬। {ਸ਼ਾਇਦ ਇਸ ਲਈ ਕਈ ਨਿਹੰਗ ਸਿੰਘ ਭੰਗ ਪੀਂਦੇ ਹਨ!}

ਜਬ ਹੀ ਜਾਤ ਭਯ ਤਿਹ ਥਲੈ। ਲਯੋ ਉਠਾਇ ਸੂਲ ਕਰਿ ਬਲੈ।

ਭਾਤਿ ਭਾਤਿ ਤਿਨ ਕਰੇ ਪ੍ਰਹਾਰਾ। ਸਕਲ ਬਿਧੁੰਸ ਜਗ ਕਰ ਡਾਰਾ। ੧੭।

ਅਰਥ: ਜਦੋਂ ਹੀ (ਸ਼ਿਵ) ਉਸ ਥਾਂ ਤੇ ਗਿਆ, (ਤਦੋਂ) ਜ਼ੋਰ ਨਾਲ ਤ੍ਰਿਸ਼ੂਲ ਨੂੰ ਹੱਥ ਵਿੱਚ ਉਠਾ ਲਿਆ। ਉਸ ਨੇ ਕਈ ਤਰ੍ਹਾਂ ਨਾਲ ਵਾਰ ਕੀਤੇ। ਸਾਰੇ ਯੱਗ ਨੂੰ ਨਸ਼ਟ ਕਰ ਦਿੱਤਾ। ੧੭।

ਭਾਤਿ ਭਾਤਿ ਤਨ ਭੂਪ ਸੰਘਾਰੇ। ਇੱਕ ਇੱਕ ਤੇ ਕਰ ਦੁਇ ਦੁਇ ਡਾਰੇ।

ਜਾ ਕਹੁ ਪਹੁੰਚਿ ਤ੍ਰਿਸੂਲ ਪ੍ਰਹਾਰਾ। ਤਾ ਕਹੁ ਮਾਰ ਠਉਰ ਹੀ ਡਾਰਾ। ੧੮।

ਅਰਥ: (ਸ਼ਿਵ ਨੇ) ਤਰ੍ਹਾਂ ਤਰ੍ਹਾਂ ਨਾਲ ਰਾਜਿਆਂ ਨੂੰ ਮਾਰ ਦਿੱਤਾ। ਇੱਕ ਇੱਕ ਦੇ ਦੋ ਦੋ (ਟੋਟੇ) ਕਰ ਸੁਟੇ। ਜਿਸ ਤਕ ਪਹੁੰਚ ਕੇ ਤ੍ਰਿਸ਼ੂਲ ਦਾ ਵਾਰ ਕੀਤਾ, ਉਸ ਨੂੰ ਥਾਂ ਤੇ ਹੀ ਮਾਰ ਦਿੱਤਾ। ੧੮।

ਜਗ ਕੁੰਡ ਨਿਰਖਤ ਭਯੋ ਜਬ ਹੀ। ਜੂਟ ਜਟਾਨ ਉਖਾਰਸ ਤਬ ਹੀ।

ਬੀਰਭਦ੍ਰ ਤਬ ਕੀਆ ਪ੍ਰਕਾਸਾ। ਉਪਜਤ ਕਰੋ ਨਰੇਸਨ ਨਾਸਾ। ੧੯।

ਅਰਥ: ਸ਼ਿਵ ਨੇ ਜਦੋਂ ਯੱਗ ਕੁੰਡ ਵਲ ਵੇਖਿਆ, ਤਦੋਂ ਹੀ ਆਪਣੇ ਜੂੜੇ ਵਿਚੋਂ ਇੱਕ ਜਟਾ ਉਖਾੜ ਲਈ। ਉਸੇ ਵੇਲੇ (ਉਸ ਵਿਚੋਂ) ਵੀਰ ਭੱਦਰ ਪ੍ਰਗਟ ਹੋ ਗਿਆ। (ਉਸ ਨੂੰ) ਪੈਦਾ ਹੁੰਦੇ ਹੀ ਸ਼ਿਵ ਨੇ ਆਦੇਸ਼ ਦਿੱਤਾ ਕਿ (ਤੂੰ) ਰਾਜਿਆਂ ਦਾ ਨਾਸ਼ ਕਰ। ੧੯। {ਬਚਿਤ੍ਰ ਨਾਟਕ ਦਾ ਪ੍ਰਚਾਰ ਕਰਨ ਵਲਿਆਂ ਨੂੰ ਹੀ ਪਤਾ ਹੋਵੇਗਾ ਕਿ ਉਹ ਵੀਰ ਭੱਦਰ ਕੌਣ ਸੀ ਅਤੇ ਕਿੱਥੇ ਹੈ?}

(ਇਵੇਂ ਹੀ, ਬਨਾਵਟੀ ਜਿਹੇ ਜੁੱਧ ਦਾ ਵਰਣਨ ਕੀਤਾ ਹੋਇਆ ਹੈ: ਦੇਖੋ ਪੈਰੇ ੨੦ ਤੋਂ ੪੧। ਪਰ ਕੋਈ ਜਾਣਕਾਰੀ ਨਹੀਂ ਮਿਲਦੀ ਕਿ ਐਸਾ ਜੁੱਧ ਕਿਥੇ ਅਤੇ ਕਦੋਂ ਹੋਇਆ ਅਤੇ ਇਸ ਦੇ ਲੇਖਕ ਨੂੰ ਕਿਵੇਂ ਪਤਾ ਲਗਿਆ?)

ਚੌਪਈ

ਇਹ ਬਿਧਿ ਜੂਝਿ ਗਿਰਿਯੋ ਸਭ ਸਾਥਾ। ਰਹਿ ਗਯੋ ਦਛ ਅਕੇਲ ਅਨਾਥਾ।

ਬਚੇ ਬੀਰ ਤੇ ਬਹੁਰਿ ਬੁਲਾਇਸੁ। ਪਹਰਿ ਕਵਚ ਦੁੰਦਭੀ ਬਜਾਇਸੁ। ੪੨।

ਅਰਥ: ਇਸ ਤਰ੍ਹਾਂ ਨਾਲ ਸਾਰਾ ਸਾਥ ਜੂਝ ਕੇ ਡਿਗ ਪਿਆ, ਇਕਲਾ ਦਕਸ਼ ਹੀ ਅਨਾਥ ਜਿਹਾ ਹੋ ਕੇ ਰਹਿ ਗਿਆ। ਜਿਹੜੇ ਸੂਰਮੇ ਬਚ ਗਏ ਸਨ, ਉਨ੍ਹਾਂ ਨੂੰ ਫਿਰ ਬੁਲਾ ਲਿਆ ਅਤੇ ਕਵਚ ਧਾਰਨ ਕਰ ਕੇ (ਜੰਗ ਲਈ) ਧੌਂਸਾ ਵਜਾ ਦਿੱਤਾ। ੪੨।

ਆਪਨ ਚਲਾ ਜੁਧ ਕਹੁ ਰਾਜਾ। ਜੋਰ ਕਰੋਰ ਅਯੋਧਨ ਸਾਜਾ।

ਛੂਟਤ ਬਾਣ ਕਮਾਣ ਅਪਾਰਾ। ਜਨੁ ਦਿਨ ਤੇ ਹੁਐ ਗਯੋ ਅੰਧਾਰਾ। ੪੩।

ਅਰਥ: ਰਾਜਾ ਆਪ ਯੁੱਧ ਨੂੰ ਚਲਿਆ, ਇੱਕ ਕਰੋੜ ਸੂਰਮੇ ਇਕੱਠੇ ਕਰ ਕੇ ਯੁੱਧ ਨੂੰ ਸਾਜਿਆ। ਅਪਾਰ ਕਮਾਨਾਂ ਤੋਂ ਤੀਰ ਚਲਦੇ ਸਨ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਦਿਨ ਨੂੰ ਹੀ ਹਨੇਰਾ ਹੋ ਗਿਆ ਹੋਵੇ। ੪੩।

ਭੂਤ ਪਰੇਤ ਮਸਾਣ ਹਕਾਰੇ। ਦੁਹੂੰ ਓਰ ਡਉਰੂ ਡਮਕਾਰੇ।

ਮਹਾ ਘੋਰ ਮਚਿਯੋ ਸੰਗ੍ਰਾਮਾ। ਜੈਸਕ ਲੰਕਿ ਰਾਵਣ ਅਰੁ ਰਾਮਾ। ੪੪।

ਅਰਥ: ਭੂਤ, ਪ੍ਰੇਤ ਅਤੇ ਮਸਾਣ ਬੋਲ ਰਹੇ ਸਨ। ਦੋਹਾਂ ਪਾਸੇ ਡੌਰੂ ਡੰਮ ਡੰਮ ਕਰਦੇ ਸਨ। ਵੱਡਾ ਭਿਆਨਕ ਯੁੱਧ ਮਚਿਆ ਹੋਇਆ ਸੀ ਜਿਹਾ ਕਿ ਲੰਕਾ ਵਿੱਚ ਰਾਵਣ ਅਤੇ ਰਾਮ ਚੰਦਰ ਵਿੱਚ ਹੋਇਆ ਸੀ। ੪੪।

ਭੁਜੰਗ ਪ੍ਰਯਾਤ ਛੰਦ

ਭਯੋ ਰੁਦ੍ਰ ਕੋਪੰ ਧਰਿਯੋ ਸੂਲ ਪਾਣੰ। ਕਰੇ ਸੂਰਮਾ ਸਰਬ ਖਾਲੀ ਪਲਾਣੰ।

ਉਤੇ ਏਕ ਦਛੰ ਇਤੈ ਰੁਦ੍ਰ ਏਕੰ। ਕਰਿਯੋ ਕੋਪ ਕੈ ਜੁਧ ਭਾਤੰ ਅਨੇਕੰ। ੪੫।

ਅਰਥ: ਸ਼ਿਵ ਕ੍ਰੋਧਵਾਨ ਹੋਇਆ ਅਤੇ ਹੱਥ ਵਿੱਚ ਤ੍ਰਿਸ਼ੂਲ ਫੜ ਲਿਆ। ਸਾਰਿਆਂ ਸੂਰਮਿਆਂ ਨੂੰ ਮਾਰ ਕੇ ਘੋੜਿਆਂ ਦੇ ਪਲਾਣ ਸਖਣੇ ਕਰ ਦਿੱਤੇ। ਉਧਰ ਇੱਕ ਦਕਸ਼ ਸੀ ਅਤੇ ਇਧਰ ਇੱਕ ਰੁਦ੍ਰ, (ਦੋਹਾਂ ਨੇ) ਕ੍ਰੋਧ ਕਰ ਕੇ ਅਨੇਕ ਤਰ੍ਹਾਂ ਨਾਲ ਯੁੱਧ ਕੀਤਾ। ੪੫।

ਗਿਰਿਯੋ ਜਾਨੁ ਕੂਟਸਥਲੀ ਬ੍ਰਿਛ ਮੂਲੰ। ਗਿਰਿਯੋ ਦਛ ਤੈਸੇ ਕਟਿਯੋ ਸੀਸ ਸੂਲੰ।

ਪਰਿਯੋ ਰਾਜ ਰਾਜੰ ਭਯੋ ਦੇਹ ਘਾਤੰ। ਹਨਿਯੋ ਜਾਨ ਬਜ੍ਰੰ ਭਯੋ ਪਬ ਪਾਤੰ। ੪੬।

ਅਰਥ: ਜਿਸ ਤਰ੍ਹਾਂ ਪਹਾੜ ਦੀ ਚੋਟੀ ਤੋਂ ਮੁਢੋਂ ਪੁਟਿਆ ਬ੍ਰਿਛ ਡਿਗਦਾ ਹੈ, ਉਸੇ ਤਰ੍ਹਾਂ ਦਕਸ਼ ਦਾ ਸਿਰ ਤ੍ਰਿਸ਼ੂਲ ਨਾਲ ਕੱਟੇ ਜਾਣ ਤੇ ਡਿਗ ਪਿਆ। ਜਦੋਂ ਰਾਜਿਆਂ ਦਾ ਰਾਜਾ ਦਕਸ਼ ਮਾਰਿਆ ਗਿਆ ਤਾਂ ਉਸ ਦੀ ਪਈ ਹੋਈ ਦੇਹ (ਇਉਂ ਪ੍ਰਤੀਤ ਹੁੰਦੀ ਸੀ) ਮਾਨੋ (ਇੰਦਰ ਦੇ) ਬੱਜਰ ਦਾ ਮਾਰਿਆ ਹੋਇਆ ਪਹਾੜ ਡਿਗ ਪਿਆ ਹੋਵੇ। ੪੬।

ਗਯੋ ਗਰਬ ਸਰਬੰ ਭਜੋ ਸੂਰਬੀਰੰ। ਚਲਿਯੋ ਭਾਜ ਅੰਤਹ ਪੁਰ ਹੁਐ ਅਧੀਰੰ।

ਗਰੇ ਡਾਰ ਅੰਚਰ ਪਰੈ ਰੁਦ੍ਰ ਪਾਯੋ। ਅਹੋ ਰੁਦ੍ਰ ਕੀਜੈ ਕ੍ਰਿਪਾ ਕੈ ਸਹਾਯੰ। ੪੭।

ਅਰਥ: ਸਾਰਿਆਂ ਦਾ ਹੰਕਾਰ ਖ਼ਤਮ ਹੋ ਗਿਆ, ਸ਼ੂਰਵੀਰ ਭਜ ਗਏ ਅਤੇ ਧੀਰਜ ਤੋਂ ਹੀਣੇ ਹੋ ਕੇ ਜ਼ਨਾਨ-ਖ਼ਾਨੇ ਅੰਦਰ ਜਾ ਵੜੇ। ਗੱਲ ਵਿੱਚ ਪਲੂ ਪਾ ਕੇ ਸ਼ਿਵ ਦੇ ਚਰਨਾਂ ਉਤੇ ਡਿਗ ਪਏ ਅਤੇ ਕਹਿਣ ਲਗੇ- ਹੇ ਰੁਦ੍ਰ! ਕ੍ਰਿਪਾ ਕਰਕੇ ਸਹਾਇਤਾ ਕਰੋ। ੪੭।

ਹਮ ਤੁਮਰੋ ਹਰਿ ਓਜ ਨ ਜਾਨਾ। ਤੁਮ ਹੋ ਮਹਾ ਤਪੀ ਬਲਵਾਨਾ।

ਸੁਨਤ ਬਚਨ ਭਏ ਰੁਦ੍ਰ ਕ੍ਰਿਪਾਲਾ। ਅਜਾ ਸੀਸ ਨ੍ਰਿਪ ਜੋਰਿ ਉਤਾਲਾ। ੪੮।

ਅਰਥ: ਹੇ ਸ਼ਿਵ! ਅਸੀਂ ਤੁਹਾਡੇ ਬਲ ਨੂੰ ਨਹੀਂ ਜਾਣਿਆ, ਤੁਸੀਂ ਵੱਡੇ ਤਪਸਵੀ ਤੇ ਬਲਵਾਨ ਹੋ। (ਇਹ) ਬਚਨ ਸੁਣਦਿਆਂ ਹੀ ਸ਼ਿਵ ਕ੍ਰਿਪਾਲੂ ਹੋ ਗਿਆ ਅਤੇ ਛੇਤੀ ਨਾਲ ਬਕਰੇ ਦਾ ਸਿਰ ਰਾਜੇ (ਦੇ ਧੜ) ਨਾਲ ਜੋੜ ਦਿੱਤਾ। ੪੮। (ਮਦਾਰੀ ਦਾ ਖੇਲ)

ਚੌਪਈ

ਰੁਦ੍ਰ ਕਾਲ ਕੋ ਧਰਾ ਧਿਆਨਾ। ਬਹੁਰਿ ਜੀਯਾਇ ਨਰੇਸ ਉਠਾਨਾ।

ਰਾਜ ਸੁਤਾ ਪਤਿ ਸਕਲ ਜੀਯਾਏ। ਕਉਤਕ ਨਿਰਖਿ ਸੰਤ ਤ੍ਰਿਪਤਾਏ। ੪੯।

ਅਰਥ: ਸ਼ਿਵ ਨੇ ‘ਕਾਲ ਪੁਰਖ’ ਦਾ ਧਿਆਨ ਧਰਿਆ ਅਤੇ ਰਾਜੇ ਦਕਸ਼ ਨੂੰ ਫਿਰ ਜੀਵਿਤ ਕਰ ਕੇ ਉਠਾ ਦਿੱਤਾ। ਫਿਰ ਦਕਸ਼ ਰਾਜੇ ਦੀਆਂ ਪੁੱਤਰੀਆਂ ਦੇ ਸਾਰੇ ਪਤੀ ਜੀਵਿਤ ਕਰ ਦਿੱਤੇ। (ਇਸ ਕੌਤਕ ਨੂੰ) ਵੇਖ ਕੇ ਸਾਰੇ ਸੰਤ ਪ੍ਰਸੰਨ ਹੋ ਗਏ। ੪੯।

{ਬਚਿਤ੍ਰ ਨਾਟਕ ਦਾ ‘ਕਾਲ ਪੁਰਖ’ ਐਸੇ ਕਾਰਜ ਕਰ ਸਕਦਾ, ਜਿਹੜੇ ਅਕਾਲ ਪੁਰਖ ਦੇ ਹੁਕਮ ਨੂੰ ਵੀ ਮਾਤ ਕਰ ਦਿੰਦਾ!)

ਨਾਰਿ ਹੀਨ ਸਿਵ ਕਾਮ ਖਿਝਾਯੋ। ਤਾ ਤੇ ਸੁੰਭ ਘਨੋ ਦੁਖੁ ਪਾਯੋ।

ਅਧਿਕ ਕੋਪ ਕੈ ਕਾਮ ਜਰਾਯਸ। ਬਿਤਨ ਨਾਮ ਤਿਹ ਤਦਿਨ ਕਹਾਯਸ। ੫੦।

ਅਰਥ: (ਸਤੀ ਦੇ ਗੁਜ਼ਰਨ ਤੋਂ ਬਾਦ) ਇਸਤਰੀ ਤੋਂ ਹੀਨ ਹੋਏ ਸ਼ਿਵ ਨੂੰ ਕਾਮ ਨੇ ਬਹੁਤ ਖਿਝਾਇਆ, ਜਿਸ ਕਰ ਕੇ ਸ਼ਿਵ ਨੇ ਬਹੁਤ ਦੁਖ ਪਾਇਆ। (ਪਰ ਅੰਤ ਨੂੰ) ਬਹੁਤ ਕ੍ਰੋਧ ਕਰ ਕੇ ਸ਼ਿਵ ਨੇ ਕਾਮ ਨੂੰ ਸਾੜ ਦਿੱਤਾ। ਉਸ ਦਿਨ ਤੋਂ ਕਾਮ ਦਾ ਨਾਂ ‘ਬਿਤਨ’ (ਤਨ ਤੋਂ ਬਿਨਾ) ਜਾਂ ‘ਅਨੰਗ’ ਕਿਹਾ ਜਾਣ ਲਗਾ। ੫੦।

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ‘ਰੁਦ੍ਰ ਪ੍ਰਬੰਧ ਦਕਸ਼-ਬਧ ਰੁਦ੍ਰ ਮਹਾਤਮ ਅਤੇ ਗੌਰੀ ਬੱਧ’

ਯਾਰ੍ਹਵਾਂ ਅਧਿਆਇ ਸਮਾਪਤ, ਸਭ ਸ਼ੁਭ ਹੈ। ੧੧।

ਉਤਾਰਾ ਕਰਤਾ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੫ ਨਵੰਬਰ ੨੦੧੫




.