ਸਰਬੱਤ ਖ਼ਾਲਸਾ?
੨੬ ਜਨਵਰੀ
੧੯੮੬ ਵਾਲ਼ਾ ਇਤਿਹਾਸ ਦੁਹਰਾਇਆ ਗਿਆ
ਅਠਾਰਵੀਂ ਸਦੀ ਦੌਰਾਨ ਜਦੋਂ
ਸਿੱਖਾਂ ਨੂੰ ਜੰਗਲੀਂ ਵਾਸਾ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ ਤਾਂ ਗੁਰੂ ਸਾਹਿਬਾਨ ਦੇ ਸਮੇ ਤੋਂ
ਹੀ, ਗੁਰੂ ਦਰਬਾਰ ਵਿੱਚ ਚਲੇ ਆ ਰਹੇ ਛਿਮਾਹੀਂ ਇੱਕਠਾਂ ਵਾਲ਼ੇ ਸਮੇ, ਅਰਥਾਤ ਦਿਵਾਲੀ ਅਤੇ ਵੈਸਾਖੀ
ਦੇ ਮੌਕੇ, ਸਮੇ ਸਮੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿ ਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ
ਵਿਚਕਾਰਲੇ ਮੈਦਾਨ ਵਿਚ, ਵੱਖ ਵੱਖ ਜਥਿਆਂ ਦੇ ਮੁਖੀਆਂ ਦੀ ਇਕੱਤਰਤਾ ਵਿਚ, ਸਾਂਝੇ ਪੰਥਕ ਮਸਲੇ
ਵਿਚਾਰੇ ਜਾਂਦੇ ਸਨ। ਉਸ ਇਕੱਠ ਵਿੱਚ ਪੁਰਾਣੇ ਮੱਤਭੇਦਾਂ ਦੇ ਮਸਲਿਆਂ ਨੂੰ ਸਰਬਸੰਮਤੀ ਨਾਲ਼ ਨਜਿਠਣ
ਉਪ੍ਰੰਤ, ਪੰਥ ਦਾ ਭਵਿਖੀ ਪ੍ਰੋਗਰਾਮ ਵੀ ਤਹਿ ਕੀਤਾ ਜਾਇਆ ਕਰਦਾ ਸੀ। ਇਸ ਬਾਰੇ ਹੋਰ ਵਿਸਥਾਰ ਪਾਠਕ
ਇਤਿਹਾਸ ਵਿਚੋਂ ਪੜ੍ਹ ਸਕਦੇ ਹਨ।
ਫਿਰ ਜਦੋਂ ਸਾਰੇ ਪੰਜਾਬ ਉਪਰ ਸਿੱਖਾਂ ਦਾ ਕਬਜ਼ਾ ਹੋ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ, ਜੁਲਾਈ
੧੭੯੯ ਵਿਚ, ਭੰਗੀ ਸਰਦਾਰਾਂ ਪਾਸੋਂ ਲਾਹੋਰ ਵੀ ਖੋਹ ਲਿਆ ਤੇ ਸਤਲੁਜੋਂ ਪੱਛਮ ਵੱਲ ਦੇ ਤਕਰੀਬਨ ਸਾਰੇ
ਪੰਜਾਬ, ਚੀਨ ਦੀ ਸਰਹੱਦ ਤੋਂ ਲੈਕੇ ਸਿੰਧ ਦੀ ਸਰਹੱਦ ਅਤੇ ਸਤਲੁਜ ਤੋਂ ਲੈ ਕੇ ਦੱਰਾ ਖ਼ੈਬਰ ਤੱਕ ਦੀ
ਧਰਤੀ ਉਪਰ, ਆਪਣੀ ਸ਼ਕਤੀ ਨਾਲ਼ ਕਬਜ਼ਾ ਕਰ ਲਿਆ ਤਾਂ ੧੮੦੮ ਵਿੱਚ ਉਸ ਨੇ ਇਸ ਸਰਬੱਤ ਖ਼ਾਲਸੇ ਦੀ
ਪ੍ਰੰਪਰਾ ਨੂੰ ਬੰਦ ਕਰ ਦਿਤਾ।
ਓਦੋਂ ਦਾ ਬੰਦ ਹੋਇਆ ਹੋਇਆ ਇਹ ਸਰਬੱਤ ਖ਼ਾਲਸਾ ਫਿਰ, ਅਗੱਸਤ ੧੯੮੪ ਵਿਚ, ਇੰਦਰਾ ਦੀ ਹਿਦਾਇਤ ਉਪਰ,
ਸ. ਬੂਟਾ ਸਿੰਘ ਨੇ, ਜੋ ਕਿ ਉਸ ਸਮੇ ਹਿੰਦੁਸਤਾਨ ਦੀ ਸਰਕਾਰ ਵਿੱਚ ਇੱਕ ਪ੍ਰਮੁਖ ਵਜ਼ੀਰ ਸੀ, ਨਿਹੰਗ
ਮੁਖੀ ਭਾਈ ਸੰਤਾ ਸਿੰਘ ਨੂੰ ਅੱਗੇ ਲਾ ਕੇ, ਉਸ ਦੇ ਕਬਜ਼ੇ ਵਾਲ਼ੇ ਸਥਾਨ, ਸ੍ਰੀ ਅੰ੍ਰਿਮਤਸਰ ਵਿੱਚ
ਸਥਿਤ, ਬੁਰਜ ਬਾਬਾ ਫੂਲਾ ਸਿੰਘ ਅਕਾਲੀ ਵਿਚ, ਸਰਬੱਤ ਖ਼ਾਲਸੇ ਦੇ ਨਾਂ ਤੇ, ਸਰਕਾਰੀ ਪਿੱਠੂ ਸਿੱਖਾਂ
ਦਾ ਅਤੇ ਗ਼ੈਰ ਸਿਖਾਂ ਨੂੰ ਕੇਸਰੀ ਪੱਗਾਂ ਬੰਨ੍ਹਵਾ ਕੇ, ਸਰਬੱਤ ਖ਼ਾਲਸਾ ਦੇ ਨਾਂ ਤੇ ਇੱਕ ਇਕੱਠ
ਕੀਤਾ। ਸਰਕਾਰੀ ਵਸੀਲਿਆਂ ਰਾਹੀਂ ਦੂਰ ਦੁਰਾਡਿਉਂ ਬੰਦੇ ਢੋ ਕੇ, ਇਸ ਇਕੱਠ ਵਾਸਤੇ ਭੀੜ ਇਕੱਠੀ ਕੀਤੀ
ਗਈ। ਉਸ ਵਿੱਚ ਪੰਥ ਦੀ ਵਿਰੋਧਤਾ ਦੇ ਬਾਵਜੂਦ, ਢਾਹੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ
ਦਾ ਫੈਸਲਾ ਭਾਈ ਸੰਤਾ ਸਿੰਘ ਦੀ ਅਗਵਾਈ ਵਿਚ, ਕਰਨ ਦਾ ਕੀਤਾ ਗਿਆ। ਇਸ ਤਰ੍ਹਾਂ ਇਹ ੧੮੦੮ ਦੀ ਬੰਦ
ਹੋਈ ਹੋਈ ਪ੍ਰੰਪਰਾ ਪੌਣੇ ਦੋ ਸਦੀਆਂ ਪਿੱਛੋਂ, ਹਿੰਦੁਸਤਾਨ ਦੀ ਸਰਕਾਰ ਵੱਲੋਂ, ਸਿੱਖਾਂ ਨੂੰ ਧੋਖਾਂ
ਦੇਣ ਲਈ ਮੁੜ ਚਾਲੂ ਕੀਤੀ ਗਈ।
ਏਸੇ ਨਕਲ ਤੇ ਫਿਰ ੨੬ ਜਨਵਰੀ ੧੯੮੬ ਵਾਲ਼ੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਸ਼ਨੀ ਡਿਉੜੀ ਵਾਲ਼ੇ
ਖੁਲ੍ਹੇ ਮੈਦਾਨ ਵਿੱਚ ਇੱਕ ‘ਸਰਬੱਤ ਖ਼ਾਲਸਾ’ ਦੇ ਨਾਂ ਹੇਠ, ਦਮਦਮੀ ਟਕਸਾਲ ਅਤੇ ਸਿੱਖ ਸਟੂਡੈਂਟਸ
ਫ਼ੈਡ੍ਰੇਸ਼ਨ ਦੀ ਅਗਵਾਈ ਵਿੱਚ ਇਕੱਠ ਕੀਤਾ ਗਿਆ। ਮੈਂ ਵੀ ਉਸ ਸਮੇ ਘਰ ਦਿਆਂ ਨੂੰ ਘਚਾਨੀ ਦੇ ਕੇ ਓਥੇ
ਹੁੰਚ ਗਿਆ। ਕਈ ਨਿਜੀ ਕਾਰਨਾਂ ਕਰਕੇ ਮੈਨੂੰ ਉਸ ਸੰਕਟ ਸਮੇ ਸਿਡਨੀ ਤੋਂ ਅੰਮ੍ਰਿਤਸਰ ਜਰੂਰੀ ਜਾਣਾ
ਪਿਆ ਸੀ। ਮੇਰੇ ਉਸ ਸਮਾਗਮ ਵਿੱਚ ਜਾਣ ਦੇ ਵਿਚਾਰ ਦਾ ਜਦੋਂ ਘਰਦਿਆਂ ਨੂੰ ਪਤਾ ਲੱਗਾ ਤਾਂ ਉਹਨਾਂ
ਓਥੇ ਜਾਣੋ ਮੈਨੂੰ ਸਖ਼ਤੀ ਨਾਲ਼ ਰੋਕ ਦਿਤਾ ਕਿਉਂਕਿ ਉਸ ਸਮੇ ਵੀ ਹਾਲਾਤ ਜੂਨ ਚੌਰਾਸੀ ਨਾਲ਼ ਮਿਲਦੇ
ਜੁਲ਼ਦੇ ਹੀ ਅੰਮ੍ਰਿਤਸਰ ਵਿੱਚ ਨਜ਼ਰ ਆ ਰਹੇ ਸਨ। ਮੈਨੂੰ ਬਹਾਨਾ ਲਾਉਣਾ ਪਿਆ ਕਿ ਮੈਂ ਤਾਂ ਤਰਨ ਤਾਰਨ
ਆਪਣੇ ਮਿੱਤਰ ਸ. ਕੁਲਜੀਤ ਸਿੰਘ ਨੂੰ ਮਿਲਣ ਵਾਸਤੇ ਜਾ ਰਿਹਾ ਹਾਂ।
ਜਦੋਂ ਮੈਂ ਸ੍ਰੀ ਦਰਬਾਰ ਸਾਹਿਬ ਗਿਆ ਤਾਂ ਓਥੇ ਸਿੱਖ ਨੌਜਵਾਨੀ ਕੇਸਰੀ ਦਸਤਾਰਾਂ ਸਜਾਈ ਸਾਰੇ ਪੰਜਾਬ
ਵਿਚੋਂ ਹੁੰਮ ਹੁਮਾ ਕੇ ਪਹੁੰਚੀ ਹੋਈ ਸੀ। ਚਾਰ ਚੁਫੇਰੇ ਪ੍ਰਕਰਮਾਂ, ਕੰਧਾਂ, ਮਕਾਨਾਂ, ਬਰਾਂਡਿਆਂ
ਜਾਂ ਜਿਥੇ ਵੀ ਕਿਤੇ ਪੈਰ ਅੜਾਉਣ ਨੂੰ ਥਾਂ ਲਭਿਆ, ਸਰਕਾਰੀ ਦਮਨ ਵਿਰੁਧ ਜੋਸ਼ ਦਾ ਪ੍ਰਗਟਾਵਾ ਕਰ ਰਹੀ
ਜਵਾਨੀ ਦਾ ਕੇਸਰੀ ਸਮੁੰਦਰ ਠਾਠਾਂ ਮਾਰਦਾ ਦਿਖਾਈ ਦੇ ਰਿਹਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ
ਵਿੱਚ ਸਟੇਜ ਸਜੀ ਹੋਈ ਸੀ। ਦਮਦਮੀ ਟਕਸਾਲ ਦੇ ਭਾਈ ਮੋਹਕਮ ਸਿੰਘ ਜੀ ਮੰਚ ਸੰਚਾਲਣ ਕਰ ਰਹੇ ਸਨ। ਉਸ
ਸਮੇ ਉਹ ਚੜ੍ਹਦੀ ਜਵਾਨੀ ਵਿੱਚ ਸਨ। ਉਹਨਾਂ ਦੇ ਗੋਲ਼ ਚੇਹਰੇ ਉਪਰ ਭੂਰੀ ਜਿਹੀ ਭਾਹ ਮਾਰਦਾ ਗੋਲ਼
ਦਾਹੜਾ ਫੱਬ ਰਿਹਾ ਸੀ। ਸਟੇਜ ਉਪਰ ਕੁੱਝ ਹੋਰ ਮਾਨਯੋਗ ਪੰਥਕ ਹਸਤੀਆਂ ਦੇ ਨਾਲ਼ ਬਾਬਾ ਠਾਕਰ ਸਿੰਘ ਜੀ
ਅਤੇ ਬਾਬਾ ਜੋਗਿੰਦਰ ਸਿੰਘ ਜੀ ਵੀ ਸੁਸ਼ੋਭਤ ਸਨ। ਇਸ ਸਮੇ ਬਾਬਾ ਉਤਮ ਸਿੰਘ ਜੀ ਖਡੂਰ ਸਾਹਿਬ ਵਾਲ਼ਿਆਂ
ਨੇ ਜਦੋਂ ਸਟੇਜ ਤੋਂ ਬੋਲਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਪੰਜ ਸੰਤਾਂ ਨੂੰ ਸੌਂਪੀ ਗਈ ਹੈ
ਤਾਂ ਫੌਰਨ ਹੀ ਭਾਈ ਮੋਹਕਮ ਸਿੰਘ ਨੇ ਇਸ ਦੀ ਤਰਦੀਦ ਕਰਦਿਆਂ ਆਖਿਆ ਕਿ ਕੋਈ ਪੰਜ ਸੰਤ ਨਹੀਂ, ਇਹ
ਸੇਵਾ ਦਮਦਮੀ ਟਕਸਾਲ ਕਰਵਾ ਰਹੀ ਹੈ।
ਬਹੁਤ ਕੁੱਝ ਉਸ ਸਮੇ ਸਟੇਜ ਤੋਂ ਬੋਲਿਆ ਤੇ ਕੀਤਾ ਗਿਆ। ਇੱਕ ਪੈਂਫਲਿਟ ਵੀ ਮਤਿਆਂ ਦਾ ਪਹਿਲਾਂ ਛਪਿਆ
ਹੋਇਆ ਵੰਡਿਆ ਗਿਆ। ਮੇਰੇ ਪਾਸ ਉਹ ਮਤਿਆ ਵਾਲ਼ਾ ਪੈਂਫਲਿਟ ਹੈ। ਤਖ਼ਤਾਂ ਦੇ ਜਥੇਦਾਰ ਤੇ ਸ੍ਰੀ
ਹਰਿਮੰਦਰ ਸਾਹਿਬ ਜੀ ਦੇ ਮੁਖ ਗ੍ਰੰਥੀ ਨੂੰ ਸੇਵਾ ਮੁਕਤ ਕਰਕੇ, ਆਪਣੇ ਬੰਦੇ ਥਾਪੇ ਗਏ। ਇਹ ਪੰਜ ਸਨ:
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸੰਤ ਜਰਨੈਲ ਸਿੰਘ ਜੀ ਭਤੀਜੇ ਭਾਈ ਜਸਬੀਰ ਸਿੰਘ ਜੀ ਅਤੇ
ਉਹਨਾਂ ਦੇ ਜੇਹਲ ਵਾਸ ਦੇ ਸਮੇ ਦੌਰਾਨ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਐਕਟਿੰਗ ਜਥੇਦਾਰ ਦੀ ਸੇਵਾ
ਸੌਂਪੀ ਗਈ। ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਸੇਵਿੰਦਰ ਸਿੰਘ ਅਤੇ ਦਮਦਮਾ ਸਾਹਿਬ ਦੇ ਭਾਈ
ਜਸਵੰਤ ਸਿੰਘ ਨੂੰ ਥਾਪਿਆ ਗਿਆ। ਇਹਨਾਂ ਦੇ ਨਾਲ਼ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖ ਗ੍ਰੰਥੀ ਦੀ
ਸੇਵਾ, ਪਹਿਲੇ ਨੂੰ ਹਟਾ ਕੇ ਭਾਈ ਕਸ਼ਮੀਰ ਸਿੰਘ ਦੀ ਲਗਾਈ ਗਈ। ਸ਼੍ਰੋਮਣੀ ਗੁ. ਪ੍ਰ. ਕਮੇਟੀ ਅਤੇ
ਸ਼੍ਰੋਮਣੀ ਅਕਾਲੀ ਦਲ ਨੂੰ ਭੰਗ ਕਰਕੇ, ਉਹਨਾਂ ਦੀ ਥਾਂ ਪੰਜ ਮੈਂਬਰੀ ਕਮੇਟੀ ਸਾਜ ਕੇ ਆਖਿਆ ਗਿਆ ਕਿ
ਅੱਜ ਤੋਂ ਪੰਥ ਦੀ ਅਗਵਾਈ ਇਹ ਪੰਜ ਮੈਂਬਰੀ ਕਮੇਟੀ ਹੀ ਕਰੇਗੀ, ਹੋਰ ਕੋਈ ਨਹੀਂ। ਇਹਨਾਂ ਪੰਜਾਂ
ਨੌਜਵਾਨ ਜੁਝਾਰੂ ਸਿੰਘਾਂ ਨੂੰ ਸੰਗਤ ਦੇ ਸਾਹਮਣੇ ਸਟੇਜ ਉਪਰ ਪੇਸ਼ ਵੀ ਕੀਤਾ ਗਿਆ। ਇਹ ਸਨ ਭਾਈ
ਗੁਰਬਚਨ ਸਿੰਘ ਮਾਣੋ ਚਾਹਲ, ਭਾਈ ਵੱਸਣ ਸਿੰਘ ਜ਼ੱਫਰਵਾਲ, ਭਾਈ ਗੁਰਦੇਵ ਸਿੰਘ ਉਸਮਾਨਵਾਲ਼ਾ, ਭਾਈ
ਅਰੂੜ ਸਿੰਘ ਅਤੇ ਭਾਈ ਧੰਨਾ ਸਿੰਘ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਇਸ ਪੰਜ ਮੈਂਬਰੀ ਕਮੇਟੀ
ਦੀਆਂ ਵੀ ਤਿੰਨ ਕਮੇਟੀਆਂ ਬਣ ਗਈਆਂ। ਏਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਇੱਕ
ਤੋਂ ਵਧੀਕ ਬਣ ਗਏ। ਸਰਕਾਰ ਵੱਲੋਂ ਬਣਾਈ ਗਈ ਤਖ਼ਤ ਸਾਹਿਬ ਦੀ ਇਮਾਰਤ ਢਾਹੁਣ ਦਾ ਫੈਸਲਾ ਵੀ ਹੋਇਆ ਤੇ
ਓਸੇ ਸਮੇ ਢਾਹੁਣੀ ਵੀ ਸ਼ੁਰੂ ਹੋ ਗਈ।
ਇਸ ਸਮਗਮ ਦੀ ਆਰੰਭਤਾ ਭਾਈ ਸੁਰਿੰਦਰ ਸਿੰਘ ਜੀ ਦੇ ਹਜ਼ੂਰੀ ਰਾਗੀ ਦੇ ਜਥੇ ਨੇ, “ਜੈਕਾਰ ਕੀਓ ਧਰਮੀਆ
ਕਾ ਪਾਪੀ ਕਉ ਦੰਡ ਦੀਓ ਰੇ॥” ਸ਼ਬਦ ਗਾ ਕੇ ਕੀਤਾ ਤੇ ਫਿਰ ਭਾਈ ਜਗੀਰ ਸਿੰਘ ਮਸਤ ਦੇ ਕਵੀਸ਼ਰੀ ਜਥੇ ਨੇ
ਸੂਰਬੀਰਾਂ ਦੀਆਂ ਵਾਰਾਂ ਗਾ ਕੇ, ਨੌਜਵਾਨਾਂ ਵਿੱਚ ਜੋਸ਼ ਪੈਦਾ ਕੀਤਾ। ਉਸ ਦੇ ਸਾਥੀ ਭਾਈ ਨਿਰਮਲ
ਸਿੰਘ ਨੇ ਤਾਂ ਰੱਬੋਂ ਬਖ਼ਸ਼ੀ ਆਵਾਜ਼ ਦੀ ਦਾਤ ਨਾਲ਼ ਉਹ ਰੰਗ ਬੰਨ੍ਹਿਆਂ ਕਿ ਕਿਆ ਈ ਕਹਿਣੇ! ਥੋਹੜੇ
ਦਿਨਾਂ ਪਿੱਛੋਂ ਹੀ ਉਸ ਨੌਜਵਾਨ ਨੂੰ ਪੁਲਿਸ ਨੇ ਕਿਸੇ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿਤਾ।
ਇਸ ਸਮੇ ਮੇਰੇ ਬੀਬੀ ਜੀ (ਮਾਤਾ) ਵੀ ਉਸ ਭੀੜ ਵਿੱਚ ਮੈਨੂੰ ਦਿਖਾਈ ਦਿਤੇ। ਉਹ ਸੰਤ ਜਰਨੈਲ ਸਿੰਘ ਜੀ
ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋ ਕੇ, ਧਰਮ ਯੁਧ ਮੋਰਚੇ ਦੌਰਾਨ, ਮੇਰੇ ਬੀ ਜੀ (ਸੱਸ) ਸਮੇਤ, ਇੱਕ ਤੋਂ
ਵਧ ਵਾਰ ਜੇਹਲ ਯਾਤਰਾ ਵੀ ਕਰ ਆਏ ਸਨ ਤੇ ਓਥੇ ਵੀ ਏਸੇ ਪ੍ਰਭਾਵ ਕਾਰਨ ਹੀ ਸ਼ਾਮਲ ਸਨ। ਤਖ਼ਤ ਸਾਹਬ ਦੀ
ਸੇਵਾ ਵਾਸਤੇ ਕਾਰ ਸੇਵਾ ਵਾਲ਼ਿਆਂ ਵਾਂਙ ਟੋਕਰੀ ਰਾਹੀਂ ਉਗ੍ਰਾਹੀ ਵੀ ਕੀਤੀ ਜਾ ਰਹੀ ਸੀ। ਮੈਂ ਬੀਬੀ
ਜੀ ਨੂੰ ਕੁੱਝ ਮਾਇਆ ਦਿਤੀ ਤਾਂ ਕਿ ਉਹ ਕਾਰ ਸੇਵਾ ਵਾਲ਼ੀ ਟੋਕਰੀ ਵਿੱਚ ਭੇਟਾ ਕਰ ਸਕਣ। ਕੁੱਝ ਸਾਲ
ਪਹਿਲਾਂ ਦੋਨੋ ਬੀਬੀ ਜੀਆਂ ਵਾਰੀ ਵਾਰੀ ਇਸ ਸੰਸਾਰ ਤੋਂ ਚਾਲੇ ਪਾ ਚੁੱਕੀਆਂ ਹਨ। ਉਹਨਾਂ ਦੀ ਆਤਮਾ
ਨੂੰ ਰੱਬ ਸ਼ਾਂਤੀ ਦੇਵੇ!
ਇਸ ਸਮੇ ਇੱਕ ਹੋਰ ਦਿਲਚਸਪ ਘਟਨਾ ਵੀ ਘਟੀ: ਉਹ ਇਹ ਸੀ ਕਿ ਪੰਜ ਸੱਤ ਨੌਜਵਾਨ ਗੋਰੇ ਕੁੜੀਆਂ ਮੁੰਡੇ,
ਕੈਮਰਿਆਂ ਸ਼ੈਮਰਿਆਂ ਦਾ ‘ਜੰਘ-ਪਲ਼ਾਂਘਾ’ ਜਿਹਾ ਲੈ ਕੇ ਏਧਰ ਓਧਰ ਕਾਹਲ਼ੀ ਕਾਹਲ਼ੀ ਭੱਜੇ ਜਿਹੇ ਫਿਰਦੇ
ਸਨ ਪਰ ਉਹਨਾਂ ਦਾ ਕਿਧਰੇ ਹੱਥ ਨਹੀਂ ਸੀ ਪੈ ਰਿਹਾ। ਮੈਂ ਸਟੇਜ ਦੇ ਪਿਛਲੇ ਪਾਸੇ, ਗੁਰਦੁਆਰਾ ਥੜ੍ਹਾ
ਸਾਹਿਬ ਦੇ ਰੁਕ ਨੂੰ ਖਲੋਤਾ ਹੋਇਆ ਸਾਂ। ਜਦੋਂ ਉਹ ਮੇਰੇ ਅੱਗੋਂ ਦੀ ਲੰਘਣ ਲੱਗੇ ਤਾਂ ਮੈਂ ਉਹਨਾ
ਨੂੰ ਬੁਲਾ ਲਿਆ। ਉਹ ਇੱਕ ਦਮ ਖ਼ੁਸ਼ ਹੋ ਕੇ ਮੇਰੇ ਨਾਲ਼ ਗੱਲਾਂ ਕਰਨ ਲੱਗ ਪਏ ਤੇ ਉਹਨਾਂ ਨੇ ਦੱਸਿਆ ਕਿ
ਉਹ ਅਮ੍ਰੀਕਾ ਦੇ ਕਿਸੇ ਟੀ. ਵੀ. ਚੈਨਲ ਦੇ ਨੁਮਾਇੰਦੇ ਹਨ ਤੇ ਇਸ ਸਮਾਗਮ ਨੂੰ ਕਵਰ ਕਰਨ ਵਾਸਤੇ
ਅਮ੍ਰੀਕਾ ਤੋਂ ਆਏ ਹਨ। ਮੇਰੀ ਉਸ ਇਕੱਠ ਵਿੱਚ ਪੁਜ਼ੀਸ਼ਨ ਬਾਰੇ ਜਦੋਂ ਉਹਨਾਂ ਨੇ ਪੁੱਛਿਆ ਤਾਂ ਮੈਂ
ਦੱਸਿਆ ਕਿ ਕੁੱਝ ਸਾਲ ਪਹਿਲਾਂ ਮੈਂ ਏਥੇ ਅਜਿਹੇ ਸਮਾਗਮਾਂ ਨੂੰ ਆਰਗੇਨਾਈਜ਼ ਕਰਿਆ ਕਰਦਾ ਸਾਂ ਪਰ ਹੁਣ
ਮੈਂ ਏਥੇ ਸਿਰਫ ਦਰਸ਼ਕ ਹਾਂ। ਕਿਉਂ ਪੁਛਣ ਤੇ ਮੈਂ ਦੱਸਿਆ ਕਿ ਮੈਂ ਹੁਣ ਏਥੇ ਨਹੀਂ ਬਲਕਿ ਕਈ ਸਾਲਾਂ
ਤੋਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਹਾਂ। ਕੁੱਝ ਸਵਾਲ ਉਹਨਾਂ ਨੇ ਹੋਰ ਪੁੱਛੇ ਤੇ ਮੈਂ ਦੱਸੇ।
ਇਸ ‘ਸਰਬੱਤ ਖ਼ਾਲਸੇ ਤੋਂ ਬਾਅਦ ੧੯੯੨ ਤੱਕ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਅਤੇ ਪੰਜਾਬ ਦੇ
ਅੰਦਰ ਕੀ ਕੀ ਭਾਣੇ ਵਰਤਦੇ ਰਹੇ ਇਹਨਾਂ ਬਾਰੇ ਬਹੁਤ ਸਾਰੀਆਂ ਕਿਤਾਬਾਂ, ਲੇਖ ਆਦਿ ਸਮੇ ਸਮੇ ਲਿਖੇ
ਜਾਂਦੇ ਰਹੇ ਹਨ ਤੇ ਅਜੇ ਵੀ ਇਹ ਕਾਰਜ ਜਾਰੀ ਹੈ। ਪੰਜਾਬ ਦੇ ਖਾਂਦੇ ਪੀਂਦੇ ਸਿੱਖ ਪਰਵਾਰ ਕਿਵੇਂ ਦੋ
ਜ਼ੁਲਮੀ ਪੁੜਾਂ ਦੇ ਵਿਚਾਲ਼ੇ ਆ ਕੇ ਪੀਸੇ ਜਾਂਦੇ ਰਹੇ ਇਹ ਲੰਮਾ ਇਤਿਹਾਸ ਹੈ। ਦਿਨ ਵੇਲ਼ੇ ਬਾਵਰਦੀ
ਪੁਲਿਸੀ ਪੁੜ ਅਤੇ ਰਾਤ ਨੂੰ ਚੋਲ਼ਾਧਾਰੀ ਬੇਵਰਦੀ ਪੁੜ; ਇਹਨਾਂ ਦੋਹਾਂ ਪੁੜਾਂ ਦੇ ਦਰਮਿਆਨ ਘਾਣ ਹੋਇਆ
ਖਾਂਦੇ ਪੀਂਦੇ ਇਜ਼ਤਦਾਰ ਸਿੱਖ ਪਰਵਾਰਾਂ ਦਾ। ਕਦੀ ਕਦੀ ਤਾਂ ਇਉਂ ਵੀ ਹੋਇਆ ਕਿ ਰਾਤ ਸਮੇ ਚੋਲ਼ਿਆਂ
ਵਿੱਚ ਲੁੱਟਣ ਆਉਣ ਵਾਲ਼ੇ ਹੀ ਦਿਨੇ ਪੁਲਿਸ ਦੀ ਵਰਦੀ ਵਿੱਚ ਇਹ ਆਖ ਕੇ ਸਿੱਖ ਪਰਵਾਰਾਂ ਨੂੰ ਲੁੱਟਣ
ਤੇ ਕੁੱਟਣ ਆ ਜਾਂਦੇ ਕਿ ਤੁਸੀਂ ਅੱਤਵਾਦੀਆਂ ਦੀ ਮਦਦ ਕਰਦੇ ਹੋ। ਉਸ ਸਮੇ ਜੇਕਰ ਪੁਲਿਸ ਹੱਥੋਂ
ਜੁਝਾਰੂ ਮਰਿਆ ਤਾਂ ਸਿੱਖ, ਜੇ ਜੁਝਾਰੂਆਂ ਹੱਥੋਂ ਪੁਲਸੀਆ ਮਰਿਆ ਤਾਂ ਸਿੱਖ। ਜੇਕਰ ਪੁਲਿਸ ਹੱਥੋਂ
ਦਿਨੇ ਲੁੱਟਿਆ ਗਿਆ ਤਾਂ ਸਿੱਖ। ਜੇ ਰਾਤ ਸਮੇ ਜੁਝਾਰੂਆਂ ਹੱਥੋਂ ਆਪਣੀ ਇਜ਼ਤ ਅਤੇ ਧਨ ਲੁਟਾਇਆ ਤਾਂ
ਪੇਂਡੂ ਸਿੱਖਾਂ ਨੇ। ਬਾਕੀ ਇਤਿਹਾਸਕ ਗੁਰਦੁਆਰਿਆਂ ਵਿੱਚ ਤਾਂ ਕਿਤੇ ਫੌਜ ਦਾ ਮੁਕਾਬਲਾ ਨਹੀਂ ਹੋਇਆ;
ਸਿਰਫ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਹੀ ਫੌਜ ਦਾ ਮੁਕਾਬਲਾ ਜੁਝਾਰੂਆਂ ਵੱਲੋਂ ਕੀਤਾ ਗਿਆ ਤੇ
ਲੋਹੇ ਦੇ ਚਣੇ ਚਬਾ ਦਿਤੇ ਗਏ। ਏਥੇ ਯਾਤਰੀ ਮਰੇ ਤਾਂ ਸਿੱਖ, ਜੁਝਾਰੂ ਸ਼ਹੀਦ ਹੋਏ ਤਾਂ ਸਿੱਖ। ਹਮਲੇ
ਸਮੇ ਫੌਜੀ ਮਰੇ ਤਾਂ ਉਹਨਾਂ ਵਿੱਚ ਵੀ ਬਹੁਗਿਣਤੀ ਸਿੱਖਾਂ ਦੀ। ਫਿਰ ਪੰਜਾਬ ਦੇ ਮੁਖ ਮੰਤਰੀ ਨੂੰ
ਬੰਬ ਬੰਨ੍ਹ ਕੇ ਉਡਾਇਆ ਗਿਆ ਤੇ ਉਸ ਪਿੱਛੋਂ ਕੁੱਝ ਦਿਨਾਂ ਲਈ ਬਣਨ ਵਾਲ਼ੇ ਮੁਖ ਮੰਤਰੀ ਨੇ, ਕੁੱਝ
ਜ਼ੁਲਮ ਕਰਨ ਵਾਲ਼ੇ ਪੁਲਿਸ ਅਫ਼ਸਰਾਂ ਦੀਆਂ ਪੇਟੀਆਂ ਲੁਹਾਈਆਂ ਤਾਂ ਉਹ ਵੀ ਸਿੱਖ ਅਫ਼ਸਰਾਂ ਦੀਆਂ।
ਸਿੱਖਾਂ ਦਾ ਘਾਣ ਕਰਵਾਉਣ ਵਾਲ਼ੇ ਦਿੱਲੀ ਵਿੱਚ ਬੈਠੇ ਮੁਸਕ੍ਰਾਉਂਦੇ ਰਹੇ ਤੇ ਸਿੱਖ ਜਨਤਾ ਜ਼ੁਲਮੀ
ਚੱਕੀ ਦੇ ਦੋਹਾਂ ਪੁੜਾਂ ਦਰਮਿਆਨ ਨਪੀੜੀ ਜਾਂਦੀ ਰਹੀ।
ਹੁਣ ਆਈਏ ਇਸ ਸਰਬੱਤ ਖ਼ਾਲਸਾ ਵੱਲ਼:
ਆਏ ਦਿਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤਰ ਵਰਕੇ ਪੈਰਾਂ ਹੇਠ ਰੋਲਣ ਦਾ ਮਹਾਂ
ਪਾਪ ਉਸ ਪੰਜਾਬ ਵਿੱਚ ਹੋਈ ਜਾ ਰਿਹਾ ਹੈ ਜਿਥੇ ਬਹੁਸੰਮਤੀ ਵਿੱਚ ‘ਪਰਗਟ ਗੁਰਾਂ ਕੀ ਦੇਹ’ ਦੇ
ਸਿਧਾਂਤ ਵਿੱਚ ਯਕੀਨ ਰੱਖਣ ਵਾਲੇ ਸਿੱਖ ਵੱਸਦੇ ਹਨ। ਇਸ ਪੰਜਾਬ ਵਿੱਚ ਨੀਲੀ ਪੱਗ ਤੇ ਖੁਲ੍ਹੀ ਸਾਬਤ
ਦਾਹੜੀ ਵਾਲ਼ੇ ਅਕਾਲੀ ਅਖਵਾਉਣ ਵਾਲ਼ੇ ਦਾ ਰਾਜ ਹੈ ਤੇ ਰਾਜ ਵੀ ਉਸ ਨੇ ਪੰਜਵੀਂ ਵਾਰ ਸਿੱਖਾਂ ਦੀਆਂ
ਕੁਰਬਾਨੀਆਂ ਦਾ ਵਾਸਤਾ ਪਾ ਪਾ ਕੇ ਤੇ, ਸਾਰੀ ਸਿੱਖ ਕੌਮ ਦੇ ਸਾਰੇ ਧਾਰਮਿਕ, ਪ੍ਰ੍ਰੰਪਰਾਵਾਂ ਅਤੇ
ਵਸੀਲਿਆਂ ਨੂੰ ਵਰਤ ਕੇ ਲਿਆ ਹੈ, ਲਗਾਤਾਰ ਹੋ ਰਹੇ ਗੁਰਬਾਣੀ ਦੇ ਅਪਮਾਨ ਨੂੰ ਵੇਖ ਸੁਣ ਕੇ, ਨਾ ਤੇ
ਸਰਕਾਰ ਦੇ ਕੰਨਾਂ ਦੇ ਜੂੰ ਸਰਕ ਰਹੀ ਹੈ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਹੀ ਕੋਈ ਦੁੱਖ ਮਹਿਸੂਸ ਕਰ ਰਹੀ ਹੈ। ਇਹਨਾਂ ਸਾਰਿਆਂ ਨੂੰ ਤਾਂ ਸਿਰਸੇ ਵਾਲ਼ੇ ਨੂੰ
ਮਾਫ਼ੀ ਦੇਣ ਦੇ ਮਸਲੇ ਤੋਂ ਬਿਨਾ ਹੋਰ ਕਿਸੇ ਪਾਸੇ ਧਿਆਨ ਦੇਣ ਦਾ ਵੇਹਲ ਹੀ ਨਹੀਂ। ਅਜਿਹੀ ਹਾਲਤ ਵੇਖ
ਕੇ ਸਿੱਖ ਧਰਮ ਦੇ ਕੁੱਝ ਪ੍ਰਚਾਰਕ ਮੈਦਾਨ ਵਿੱਚ ਆਏ ਤੇ ਉਹਨਾਂ ਨੇ, ਇਸ ਅਨਰਥ ਦੇ ਖ਼ਿਲਾਫ਼ ਰੌਲ਼ਾ
ਪਾਇਆ, ਧਰਨੇ ਦਿਤੇ, ਟੀਅਰ ਗੈਸ ਤੇ ਪਾਣੀ ਦੀਆਂ ਬੁਛਾੜਾਂ ਝੱਲੀਆਂ ਤੇ ਗੋਲ਼ੀਆਂ ਖਾਧੀਆਂ। ਇਸ ਹਾਲਤ
ਨੂੰ ਵੇਖ ਕੇ ਕੁੱਝ ਸਿਆਸੀ ਸਜਣਾਂ ਨੇ, ਸਿੱਖ ਕੌਮ ਵਿੱਚ ਆਏ ਉਭਾਰ ਨੂੰ ਵੇਖ ਕੇ, ਓਵੇਂ ਹੀ ਸਾਰਾ
ਕੁੱਝ ਹਾਈਜੈਕ ਕਰ ਲਿਆ ਜਿਵੇਂ ੧੯੮੨ ਵਿਚ, ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ, ਸਿੱਖ ਨੌਜਵਾਨੀ
ਜੋਸ਼ ਵਿੱਚ ਆਈ ਵੇਖ ਕੇ, ਉਸ ਜੋਸ਼ ਤੋਂ ਲਾਭ ਉਠਾਉਣ ਹਿਤ, ਅਕਾਲੀਆਂ ਨੇ ਧਰਮਯੁਧ ਮੋਰਚਾ ਸ਼ੁਰੂ ਕਰ
ਲਿਆ ਸੀ।
ਇਸ ਜੂਨ ਚੌਰਾਸੀ ਵਾਲ਼ੇ ਘੱਲੂਘਾਰੇ ਪਿਛੋਂ ਸਿਆਸੀ ਲੋਕਾਂ ਨੇ ੧੮੦੮ ਦਾ ਬੰਦ ਹੋਇਆ ਸਰਬੱਤ ਖ਼ਾਲਸਾ,
ਜੋ ਕਿ ੧੯੮੪ ਵਿੱਚ ਹਿੰਦ ਸਰਕਾਰ ਨੇ ਸਿੱਖਾਂ ਨੂੰ ਭੁਚਲਾਉਣ ਲਈ ਮੁੜ ਸ਼ੁਰੂ ਕੀਤਾ ਸੀ, ਉਸ ਦੀ ਨਕਲ
ਉਪਰ ਫਿਰ ਸ਼ਹੀਦਾਂ ਦੀ ਧਰਤੀ, ਸ੍ਰੀ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਦਰਮਿਆਨ, ਬਾਬਾ ਨੌਧ ਸਿੰਘ ਜੀ
ਦੇ ਸ਼ਹੀਦੀ ਸਥਾਨ ਨਜ਼ਦੀਕ ਸਰਬੱਤ ਖ਼ਾਲਸਾ ਸੱਦ ਲਿਆ ਗਿਆ। ਇਹ ਵੀ ਹੈਰਾਨੀ ਵਾਲੀ ਗੱਲ ਹੋਈ ਕਿ ਮੁਢਲੇ
ਤੌਰ ਤੇ ਜਿਨ੍ਹਾਂ ਪ੍ਰਚਾਰਕਾਂ ਤੇ ਕੀਰਤਨੀਆਂ ਨੇ ਇਸ ਮੁਹਿਮ ਨੂੰ ਸ਼ੁਰੂ ਕੀਤਾ ਸੀ, ਉਹ ਤਕਰਬੀਨ
ਸਾਰੇ ਦੇ ਸਾਰੇ ਇਸ ਇਕੱਠ ਤੋਂ ਲਾਂਭੇ ਰਹਿ ਗਏ। ਉਹਨਾਂ ਵਿਚੋਂ ਕੁੱਝ ਦੇ ਨਾਂ ਇਸ ਪ੍ਰਕਾਰ ਹਨ: ਭਾਈ
ਪੰਥਪ੍ਰੀਤ ਸਿੰਘ, ਸੰਤ ਰਣਜੀਤ ਸਿੰਘ ਢਡਰੀਆਂ ਵਾਲ਼ੇ, ਭਾਈ ਪਿੰਦਰਪਾਲ ਸਿੰਘ, ਭਾਈ ਅਮ੍ਰੀਕ ਸਿੰਘ
ਚੰਡੀਗੜ੍ਹ, ਗਿਆਨੀ ਕੇਵਲ ਸਿੰਘ, ਗਿਆਨੀ ਜਗਤਾਰ ਸਿੰਘ ਜਾਚਕ, ਭਾਈ ਭਾਈ ਬਲਵੰਤ ਸਿੰਘ ਅਨੰਦਗੜ੍ਹ
ਆਦਿ; ਅਤੇ ਇਸ ਇਕੱਠ ਉਪਰ ਕਬਜ਼ਾ ਹੋ ਗਿਆ ਸਿਆਸਤਦਾਨਾਂ ਦਾ।
ਸ਼ਾਬਾਸ਼ ਸਿਖ ਕੌਮ ਦੇ; ਇਸ ਨੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਅਤੇ
ਅਕਾਲੀ ਸਰਕਾਰ ਵੱਲੋਂ ਇਸ ਬਾਰੇ ਕੁੱਝ ਨਾ ਕਰਨ ਦੇ ਰੋਸ ਵਜੋਂ, ਉਸ ਇਕੱਠ ਵਿੱਚ ਆਪ ਮੁਹਾਰੇ ਹੀ
ਸ਼ਮੂਲੀਅਤ ਕੀਤੀ ਹੈ। ਬਾਵਜੂਦ, ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵੱਲੋਂ, ਇਸ ਇਕੱਠ ਦੇ
ਵਿਰੁਧ ਸਾਰਾ ਯਤਨ ਕਰਨ ਦੇ ਵੀ, ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਧਾਰਮਿਕ ਜੋਸ਼ ਅੰਦਰ ਬੇ ਮਿਸਾਲ
ਇਕੱਠ ਕਰ ਵਿਖਾਇਆ। ਕੋਈ ਇਹ ਫੋਕਾ ਮਾਣ ਨਾ ਕਰੇ ਕਿ ਕਿਸੇ ਵਿਆਕਤੀ ਦੀ ਅਗਵਾਈ ਕਰਕੇ ਸਿਖ ਆਏ ਨੇ;
ਇਹ ਤਾਂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਅਤੇ ਇਸ ਦੇ ਜੁਮੇਵਾਰਾਂ ਦੇ
ਖ਼ਿਲਾਫ਼ ਆਪਣਾ ਰੋਸ ਪਰਗਟ ਕਰਨ ਲਈ ਹੀ ਆਏ ਸਨ। ਸਿੱਖਾਂ ਦੇ ਕੌਮੀ ਇਕੱਠਾਂ ਦਾ ਤਾਂ ਪਹਿਲਾਂ ਵੀ
ਰੀਕਾਰਡ ਰਿਹਾ ਹੈ। ਦਸੰਬਰ ੧੯੨੯ ਨੂੰ ਲਾਹੌਰ ਵਿਚ, ਕਾਂਗਰਸ ਦੀ ਸਾਲਾਨਾ ਕਾਨਫ਼੍ਰੰਸ ਦੇ ਮੁਕਾਬਲੇ
ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀ ਗਈ ਕਾਨਫ਼੍ਰੰਸ ਵਾਸਤੇ ਕਢੇ ਗਏ ਜਲੂਸ ਨੂੰ ਵੇਖ ਕੇ, ਪ੍ਰਭਾਵ
ਕਬੂਲਦੇ ਹੋਏ ਕਾਂਗਰਸੀ ਲੀਡਰ ਮਹਾਤਮਾ ਗਾਂਧੀ, ਮੋਤੀ ਲਾਲ ਤੇ ਜਵਾਹਰ ਲਾਲ ਨਹਿਰੂ ਆਦਿ, ਉਸ ਸਮੇ ਦੇ
ਅਕਾਲੀ ਲੀਡਰ, ਬਾਬਾ ਖੜਕ ਸਿੰਘ ਪਾਸ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਚੱਲ ਕੇ ਆਏ ਸਨ ਤੇ
ਬਾਬਾ ਜੀ ਨਾਲ਼ ਇਕਰਾਰ ਕੀਤਾ ਸੀ ਕਿ ਆਜ਼ਾਦ ਭਾਰਤ ਵਿੱਚ ਕੋਈ ਅਜਿਹਾ ਕਾਨੂੰਨ ਨਹੀਂ ਬਣਾਇਆ ਜਾਵੇਗਾ
ਜੇਹੜਾ ਸਿੱਖਾਂ ਨੂੰ ਮਨਜ਼ੂਰ ਨਹੀਂ ਹੋਵੇਗਾ। ਇਹ ਵੱਖਰੀ ਗੱਲ ਹੈ ਕਿ ਕਾਂਗਰਸ ਦੇ ਝੰਡੇ ਹੇਠ,
ਫਿਰਕਾਪ੍ਰਸਤਾਂ ਦੇ ਹੱਥ ਹਕੂਮਤ ਆ ਜਾਣ ਤੋਂ ਬਾਅਦ ਸਾਰੇ ਵਾਅਦੇ ਭੁਲਾ ਦਿਤੇ ਗਏ।
ਫਿਰ ਫ਼ਰਵਰੀ ੧੯੫੬ ਵਾਲੀ ਅੰਮ੍ਰਿਤਸਰ ਵਿਚਲੀ ਅਕਾਲੀ ਕਾਨਫ਼੍ਰੰਸ ਮੈਂ ਖ਼ੁਦ ਵੇਖੀ। ਜਿਸ ਨੂੰ ਵੇਖ ਕੇ
ਪੰਡਿਤ ਨਹਿਰੂ ਨੂੰ ਇਉਂ ਆਖਣ ਲਈ ਮਜਬੂਰ ਹੋਣਾ ਪਿਆ, “ਯਹ ਲੋਗ ਬੜੇ ਬੜੇ ਜਲੂਸ ਨਿਕਾਲ ਕਰ ਹਮੇ
ਡਰਾਨਾ ਚਾਹਤੇ ਹੈ। ਹਮ ਨਹੀਂ ਇਨ ਸੇ ਡਰਤੇ। “ਬੰਦਾ ਪੁੱਛੇ ਭਈ ਨਹੀਂ ਡਰਦੇ ਤਾਂ ਨਾ ਡਰੋ, ਇਹ ਆਖਣ
ਦੀ ਕੀ ਲੋੜ ਹੈ! ਇਸ ਸਮੇ ਕਾਂਗਰਸੀਆਂ ਦਾ ਲੰਗਰ ਮੁੱਕ ਗਿਆ ਤੇ ਉਹਨਾਂ ਦੇ ਬੰਦਿਆਂ ਨੇ ਅਕਾਲੀਆਂ ਦੇ
ਲੰਗਰੋਂ ਪ੍ਰਸ਼ਾਦਾ ਛਕਿਆ। ਫਿਰ ਬਟਾਲਾ ਵਿਖੇ ੧੯੬੮ ਵਾਲ਼ੀ ਅਠਾਰਵੀਂ ਸਰਬ ਹਿੰਦ ਅਕਾਲੀ ਕਾਨਫ਼੍ਰੰਸ
ਵਿੱਚ ਮੈਂ ਕੰਮ ਵੀ ਕੀਤਾ ਤੇ ਇਸ ਦੀਆਂ ਰੌਣਕਾਂ ਵੀ ਵੇਖੀਆਂ ਪਰ ਖਾਸ ਤੌਰ ਤੇ ਵੇਖਣ ਵਾਲ਼ੀ ਗੱਲ ਇਹ
ਹੈ ਕਿ ਮੌਜੂਦਾ ਇਕੱਠ ਤੋਂ ਪਹਿਲਾਂ ਹੋਣ ਵਾਲ਼ੇ ਸਾਰੇ ਇਕੱਠਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਾਰੀਆਂ ਸਿੱਖ ਸੰਸਥਾਵਾਂ ਦੇ ਸਾਰੇ ਵਸੀਲੇ ਵਰਤੇ
ਜਾਂਦੇ ਸਨ ਪਰ ਇਸ ਵਾਰੀਂ ਇਹਨਾਂ ਸਾਰੇ ਵਸੀਲਿਆਂ ਦੀ ਵਰਤੋਂ ਸਗੋਂ ਇਸ ਇਕੱਠ ਨੂੰ ਰੋਕਣ ਲਈ ਕੀਤੀ
ਗਈ। ਸਿੱਖ ਸਿਰਫ ਤੇ ਸਿਰਫ ਆਪਣੇ ਇਸ਼ਟ ਦੇ ਸਨਮਾਨ ਵਾਸਤੇ ਹੀ, ਹਰ ਤਰ੍ਹਾਂ ਦੀਆਂ ਔਕੜਾਂ ਦੀ
ਸੰਭਾਵਨਾ ਹੋਣ ਦੇ ਬਵਜੂਦ ਵੀ, ਸਮੇ ਸਿਰ ਅਤੇ ਸੱਬਰਕੱਤੀ ਗਿਣਤੀ ਵਿੱਚ ਸਮੇ ਤੋਂ ਪਹਿਲਾਂ ਹੀ ਸਿੱਖ
ਓਥੇ ਪਹੁੰਚ ਗਏ। ਅਫਵਾਹਾਂ ਉਡਾਈਆਂ ਗਈਆਂ ਸਨ ਕਿ ਪੁਲਿਸ ਫੜ ਲਵੇਗੀ, ਗੋਲ਼ੀ ਚੱਲ ਜਾਵੇਗੀ,
ਰੁਕਾਵਟਾਂ ਪਾਈਆਂ ਜਾਣਗੀਆਂ। ਸੰਗਤ ਨੂੰ ਓਥੇ ਲਿਜਾਣ ਲਈ ਵਰਤੇ ਜਾਣ ਵਾਲ਼ੇ ਪ੍ਰਾਈਵੇਟ ਵਾਹਨਾਂ ਦੇ
ਪਰਮਿਟ ਕੈਂਸਲ ਹੋਣਗੇ; ਚਲਾਣ ਕੀਤੇ ਜਾਣਗੇ ਪਰ ਸਿੱਖਾਂ ਨੇ ਓਥੇ ਪਹੁੰਚ ਕੇ ਦੱਸ ਦਿਤਾ ਕਿ ਉਹ ਆਪਣੇ
ਗੁਰੂ ਦੇ ਸਨਮਾਨ ਵਾਸਤੇ ਕੋਈ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਹਟਣਗੇ। ਏਥੋਂ ਤੱਕ ਕਿ ਕਦੀ
ਸ਼੍ਰੋਮਣੀ ਕਮੇਟੀ ਦੇ ਜੁੰਮੇਵਾਰਾਂ ਦੇ ਨਾਂ ਥੱਲੇ, ਮੀਡੀਆ ਵਿੱਚ ਬਿਆਨ ਛਪੇ ਕਿ ਸਿੱਖਾਂ ਦੀਆਂ
ਵੋਟਾਂ ਨਾਲ ਚੁਣੀ ਹੋਈ ਸ਼੍ਰੋਮਣੀ ਕਮੇਟੀ ਹੀ ਇਸ ਸਮੇ ਸਰਬੱਤ ਖ਼ਾਲਸਾ ਹੈ; ਹੋਰ ਕੋਈ ਨਹੀਂ ਤੇ ਕਦੀ
ਇਹ ਬਿਆਨ ਲੱਗੇ ਕਿ ਸਰਬੱਤ ਖ਼ਾਲਸਾ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੀ ਹੋ ਸਕਦਾ ਹੈ, ਹੋਰ
ਕਿਤੇ ਨਹੀਂ।
ਸੰਗਤਾਂ ਨੇ ਤਾਂ ਨਾ ਖ਼ਤਰਿਆਂ ਦੀ ਪਰਵਾਹ ਕੀਤੀ ਤੇ ਨਾ ਹੀ ਮੀਂਹ ਵਰਨ ਸਮੇ, ਏਧਰ ਓਧਰ ਕਿਸੇ ਓਟ
ਵਿੱਚ ਜਾਣ ਦਾ ਯਤਨ ਕੀਤਾ। ਉਹ ਬੜੀ ਉਤਸੁਕਤਾ ਨਾਲ਼ ਸਟੇਜ ਦੀ ਕਾਰਵਾਈ ਵੱਲ ਨਜ਼ਰਾਂ ਗੱਡੀ, ਸਟੇਜ ਉਪਰ
ਸਜੇ ਸੱਜਣਾਂ ਦੇ ਮੂੰਹ ਵੱਲ, ਕਿਸੇ ਉਸਾਰੂ ਪ੍ਰੋਗਰਾਮ ਵਾਸਤੇ ਵੇਖਦੀਆਂ ਰਹੀਆਂ। ਤਿੰਨਾਂ ਜਥੇਦਾਰਾਂ
ਨੂੰ ਲਾਹੁਣ ਦਾ ਮਤਾ ਪਾਸ ਹੋਣ ਦੀ ਤਾਂ ਆਸ ਹੀ ਸੀ ਤੇ ਉਹ ਹੋ ਗਿਆ ਤੇ ਉਹਨਾਂ ਦੀ ਥਾਂ ਨਵੇਂ ਵੀ
ਸਜਾ ਲਏ ਗਏ। ੮੬ ਵਾਂਙ ਹੀ ਇਸ ਵਾਰੀ ਜੇਹਲ ਵਿਚਲੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖ਼ਤ
ਸਾਹਿਬ ਦਾ ਜਥੇਦਾਰ ਥਾਪ ਲਿਆ ਗਿਆ। ਉਸ ਸਮੇ ਭਾਈ ਜਸਬੀਰ ਸਿੰਘ ਨੂੰ ਥਾਪਿਆ ਗਿਆ ਸੀ ਤੇ ਉਸ ਦੀ ਥਾਂ
ਭਾਈ ਗੁਰਦੇਵ ਸਿੰਘ ਕਾਉਂਕੇ ਵਾਂਙ ਹੀ ਭਾਈ ਧਿਆਨ ਸਿੰਘ ਮੰਡ ਨੂੰ ਇਸ ਵਾਰੀ ਆਰਜੀ ਜਥੇਦਾਰ ਥਾਪਿਆ
ਗਿਆ। ਪਹਿਲਾਂ ਵਾਂਙ ਨਾ ਤੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਭੰਗ ਕੀਤੇ ਗਏ ਤੇ ਨਾ ਹੀ
ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਨੂੰ ਹੀ ਡਿਸਮਿਸ ਕੀਤਾ ਗਿਆ। ਪਹਿਲਾਂ ਵਾਂਙ, ਕੌਮ ਦੀ
ਅਗਵਾਈ ਕਰਨ ਲਈ ਕੋਈ ਨਵੀਂ ਕਮੇਟੀ ਵੀ ਨਹੀਂ ਥਾਪੀ ਗਈ।
ਹਾਂ, ਇੱਕ ਹੋਰ ਅਣਕਿਆਸੀ ਗੱਲ ਓਵੇਂ ਹੀ ਕਰ ਦਿਤੀ ਗਈ ਹੈ ਜਿਵੇਂ ਪੰਜਾਂ ਜਥੇਦਾਰਾਂ ਨੇ ਸਿਰਸੇ
ਵਾਲ਼ੇ ਨੂੰ ਮਾਫ਼ੀ ਦੇਣ ਵਾਲ਼ਾ ਫਤਵਾ ਅਚਾਨਕ ਕੱਛ ਵਿਚੋਂ ਬਾਹਰ ਕਢ ਮਾਰਿਆ ਸੀ। ਇਸ ਸਮੇ ਇੱਕ ਬਿਲਕੁਲ
ਅਣਕਿਆਸਿਆ ਫਤਵਾ ਜਾਰੀ ਕਰਕੇ, ਕੌਮ ਘਾਤਕ ਦੋ ਦੁਸ਼ਟਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ
ਲਈ ਹੁਕਮ ਚਾਹੜ ਦਿਤਾ ਗਿਆ। ਜਿਹਾ ਕਿ ਆਸ ਹੈ ਕਿ ਜੇ ਉਹ ਨਾ ਪੇਸ਼ ਹੋਏ ਤਾਂ ਉਹਨਾਂ ਦੇ ਖ਼ਿਲਾਫ਼ ਕੀ
ਕਾਰਵਾਈ ਕੀਤੀ ਜਾਵੇਗੀ! ਇਹਨਾਂ ਦੇ ਖ਼ਿਲਾਫ਼ ਕੋਈ ਫਤਵਾ ਜਾਰੀ ਕਰਨਾ ਓਵੇਂ ਹੀ ਸਿੱਖ ਪੁਜਾਰੀਆਂ ਦੇ
ਅਧਿਕਾਰ ਖੇਤਰ ਤੋਂ ਬਾਹਰ ਹੈ ਜਿਵੇਂ ਸਿਰਸੇ ਵਾਲ਼ੇ ਦੇ ਖ਼ਿਲਾਫ਼ ਜਾਰੀ ਕਰਨਾ। ਉਹ ਸਿੱਖ ਕੌਮ ਦੇ ਘਾਤ
ਦੀ ਘਿਣਾਉਣੀ ਕਰਤੂਤ ਕਰਕੇ, ਫਿਰ ਕਿਤਾਬਾਂ ਲਿਖ ਕੇ ਖ਼ੁਦ ਨੂੰ ਸਹੀ ਆਖ ਕਰ ਚੁੱਕੇ ਹਨ; ਉਹਨਾਂ ਨੂੰ
ਹੁਣ ਇਕੱਤੀ ਸਾਲਾਂ ਬਾਅਦ ਸਪੱਸ਼ਟੀਕਰਣ ਮੰਗ ਕੇ, ਹੋਰ ਉਹਨਾਂ ਪਾਸੋਂ ਕੇਹੜੇ ਸਪੱਸ਼ਟੀਕਰਣ ਦੀ ਆਸ
ਰੱਖੀ ਜਾ ਰਹੀ ਹੈ! ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸਿੱਖ ਪੁਜਾਰੀਆਂ ਨੂੰ ਟਿੱਚ ਕਰਕੇ ਜਾਣਦੇ ਹਨ
ਤੇ ਉਹਨਾਂ ਦੇ ਸਾਹਮਣੇ ਪੇਸ਼ ਹੋਣ ਦੀ ਕੋਈ ਵੀ ਆਸ ਨਹੀਂ ਤੇ ਜੇਕਰ ਉਹ ਸਾਡਾ ਮਖੌਲ ਉਡਾਉਣ ਲਈ ਪੇਸ਼
ਹੋ ਹੀ ਗਏ ਤਾਂ ਫਿਰ ਸਾਡੇ ਪੁਜਾਰੀ ਉਹਨਾਂ ਨੂੰ ਕੀ ਤਨਖਾਹ ਲਾਉਣਗੇ! ਏਹੀ ਕਿ ਏਨੇ ਦਿਨ ਭਾਡੇ
ਮਾਂਜੋ, ਏਨੇ ਪਾਠ ਇਸ ਬਾਣੀ ਦੇ ਕਰੋ ਤੇ ਏਨੇ ਰੁਪਈਆਂ ਦਾ ਕੜਾਹ ਪ੍ਰਸ਼ਾਦ ਕਰਵਾਓ। ਕੀ ਇਹ ਕੁੱਝ ਕਰਨ
ਪਿੱਛੋਂ ਉਹਨਾਂ ਦਾ ਸਿੱਖ-ਘਾਤ ਵਾਲ਼ਾ ਗੁਨਾਹ ਮਾਫ਼ ਹੋ ਜਾਵੇਗਾ!
ਵੱਡੇ ਬਾਦਲ ਜੀ ਬੜੇ ਗੁੜ੍ਹੇ ਹੋਏ ਸਿਆਸਤਦਾਨ ਹਨ ਤੇ ਮੈਂ ਨਿਜੀ ਤੌਰ ਤੇ ਉਹਨਾਂ ਦੀਆਂ ਕਈ ਖ਼ੂਬੀਆਂ
ਦਾ ਪ੍ਰਸੰਸਕ ਵੀ ਹਾਂ ਤੇ ਪੰਜ ਵਾਰੀ ਇਸ ਸੂਬੇ ਦਾ ਮੁਖ ਮੰਤਰੀ ਬਣਨਾ ਵੀ, “ਖਾਲਾ ਜੀ ਦਾ ਵਾੜਾ
ਨਹੀਂ!” ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਉਹਨਾਂ ਦਾ ਬਦਲ ਅਜੇ ਤੱਕ ਸਿੱਖ ਪੰਥ ਵਿੱਚ ਨਹੀਂ ਲਭ
ਰਿਹਾ। ੧੯੮੯ ਵਿੱਚ ਸਿੱਖਾਂ ਨੇ ਸ. ਸਿਮਰਨਜੀਤ ਸਿੰਘ ਮਾਨ ਜੀ ਦੇ ਰੂਪ ਵਿਚ, ਇਹ ਬਦਲ ਸਿਰਜਿਆ ਸੀ
ਤੇ ਦੋਹਾਂ ਧੁਰੰਤਰ ਆਗੂਆਂ, ਬਾਦਲ ਅਤੇ ਟੌਹੜਾ ਜੀ ਨੇ ਵੀ ਪਬਲਿਕ ਤੌਰ ਤੇ ਇਹ ਸਵੀਕਾਰ ਕਰ ਲਿਆ ਸੀ
ਪਰ ਇਹ ਤਜਰਬਾ ਵੀ ਕੌਮ ਦਾ ਛੇਤੀ ਹੀ ਫੇਹਲ ਹੋ ਗਿਆ। “ਉਤਰ ਕਾਂਟੋ ਮੈਂ ਚੜ੍ਹਾਂ” ਵਾਲ਼ੀ ਪੰਜਾਬੀ
ਲੋਕੋਕਤੀ ਅਨੁਸਾਰ ਬਾਦਲ ਤੋਂ ਬਾਅਦ ਕਾਂਗਰਸ ਹੀ ਰਹਿ ਜਾਂਦੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ
ਕਾਂਗਰਸ ਸਿੱਖਾਂ ਦਾ ਘਾਤ ਕਰਨ ਲਈ ਫਿਰ ਪੰਜਾਬ ਉਪਰ ਕਾਬਜ ਹੋਵੇ। ਪਰ ਬਾਦਲ ਜੀ ਕੰਧ ਉਪਰ ਲਿਖਿਆ
ਜਿੰਨੀ ਛੇਤੀ ਪੜ੍ਹ ਲੈਣਗੇ ਓਨੀ ਛੇਤੀ ਹੀ ਪੰਜਾਬ, ਸਿੱਖ ਪੰਥ ਅਤੇ ਬਾਦਲ ਪਰਵਾਰ ਦੇ ਨਿਜੀ ਭਲੇ
ਵਾਲ਼ੀ ਗੱਲ ਹੋਵੇਗੀ। ਏਨਾ ਸਿੱਖ ਪੰਥ ਇਕੱਠਾ ਹੋ ਕੇ ਮੌਜੂਦਾ ਸਰਕਾਰ ਦੇ ਵਿਰੁਧ ਆਪਣਾ ਰੋਸ ਪਰਗਟ ਕਰ
ਰਿਹਾ ਹੈ, ਇਹ ਬਿਰਥਾ ਨਹੀਂ ਜਾਣਾ। ਬਾਦਲ ਸਾਹਿਬ ਜੀ, ਮੰਨ ਲਿਆ ਕਿ ਤੁਸੀਂ ਸੋਚਦੇ ਹੋਵੋਗੇ ਕਿ
ਅਗਲੀ ਚੋਣ ਵੀ ਤੁਸੀਂ ਜਿੱਤ ਜਾਓਗੇ ਕਿਉਂਕਿ ਇਸ ਲੜਾਈ ਨੂੰ ਜਿੱਤਣ ਲਈ ਹਰ ਪ੍ਰਕਾਰ ਦਾ ‘ਐਮਨੀਸ਼ਨ’
ਦੁਹਾਡੇ ਪਾਸ ਹੈ ਅਤੇ ਤੁਹਾਡੇ ਵਿਰੋਧੀਆਂ ਪਾਸ ਉਸ ਦੇ ਮੁਕਾਬਲੇ ਤੇ ਕੁੱਝ ਵੀ ਨਹੀਂ। ਪਰ ਤੁਹਾਨੂੰ
ਯਾਦ ਹੋਵੇਗਾ ਕਿ ੧੯੭੭ ਵਿਚ, ਜਿੰਨੀ ਸ਼ਕਤੀ ਇੰਦਰਾ ਪਾਸ ਸੀ ਉਸ ਨਾਲ਼ੋਂ ਵਧੇਰੇ ਇਸ ਸਮੇ ਤੁਹਾਡੇ ਪਾਸ
ਨਹੀਂ ਹੈ। ਜੇਕਰ ਤੁਹਾਡੀ ਅਗਵਾਈ ਵਿੱਚ ਉਸ ਨੂੰ ਉਸ ਸਮੇ ਮੂਧੇ ਮੂੰਹ ਸੁੱਟਿਆ ਜਾ ਸਕਿਆ ਸੀ ਤਾਂ
ਕਿਸੇ ਹੋਰ ਦਾ ਵੀ ਉਸ ਵਰਗਾ ਹਾਲ ਹੋ ਸਕਦਾ ਹੈ। ਫਿਰ ਹਾਲ ਵਿੱਚ ਹੀ ਸੰਸਾਰ ਨੇ ਸੱਦਾਮ ਹੁਸੈਨ ਤੇ
ਕਰਨਲ ਗ਼ਦਾਫ਼ੀ ਦਾ ਹਸ਼ਰ ਵੀ ਵੇਖ ਲਿਆ ਹੈ। ਉਹਨਾਂ ਨਾਲੋਂ ਤੁਹਾਡੇ ਪਾਸ ਵਸੀਲੇ ਵਧੇਰੇ ਨਹੀਂ ਹਨ। ਇਹ
ਵੀ ਯਾਦ ਰਖੋ ਗੁਰਬਾਣੀ ਦਾ ਫੁਰਮਾਨ:
ਨਦਰਿ ਉਪਠੀ ਜੇ ਕਰੇ
ਸੁਲਤਾਨਾ ਘਾਹੁ ਕਰਾਇੰਦਾ॥
ਥੋਹੜੇ ਆਖੇ ਨੂੰ ਬਹੁਤਾ ਕਰਕੇ ਜਾਨਣਾ।
ਬੇਨਤੀ:
ਇਹਨੀਂ ਦਿਨੀਂ ਏਥੇ ਸਾਊਥ ਆਸਟ੍ਰੇਲੀਆ ਦੇ ਦੂਰ ਦੁਰਾਡੇ ਇਲਾਕੇ ਵਿੱਚ ਹੋਣ ਕਰਕੇ, ਮੇਰੇ ਪਾਸ
ਰੇਡੀਉ, ਟੀ. ਵੀ. ਆਦਿ ਵਰਗਾ ਜਾਣਕਾਰੀ ਦਾ ਕੋਈ ਸਾਧਨ ਨਾ ਹੋਣ ਕਰਕੇ, ਇਸ ਸਾਰੇ ਘਟਨਾਕ੍ਰਮ ਬਾਰੇ
ਮੈਂ ਪੂਰੀ ਜਾਣਕਾਰੀ ਨਹੀਂ ਰੱਖਦਾ; ਸਿਰਫ ਸੀਮਤ ਜਿਹੇ ਸਮੇ ਲਈ ਕੌਂਸਲ ਦੀ ਲਾਇਬ੍ਰੇਰੀ ਵਿਚੋਂ
ਪ੍ਰਾਪਤ ਇੰਟਰਨੈਟ ਰਾਹੀਂ, ਅਜੀਤ ਅਖ਼ਬਾਰ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਆਧਾਰ ਤੇ ਹੀ ਇਹ ਕੁੱਝ
ਲਿਖ ਰਿਹਾ ਹਾਂ। ਪੂਰੀ ਸਚਾਈ ਦਾ ਦਾਅਵਾ ਕੋਈ ਨਹੀਂ ਪਰ ਜਾਣ ਬੁਝ ਕੇ ਕਿਸੇ ਦੇ ਹੱਕ ਜਾਂ ਖ਼ਿਲਾਫ਼
ਆਪਣੀ ਰਾਇ ਨਹੀਂ ਦੇ ਰਿਹਾ।
ਗਿ: ਸੰਤੋਖ ਸਿੰਘ