ਭਾਵੇਂ (ਅਣਗਹਿਲੀ ਕਾਰਨ) ਆਮ ਬੋਲ-ਚਾਲ ਵਿੱਚ ਕਿਸੇ ਦੁਨਿਆਵੀ ਹੁਨਰ
ਸਿਖਾਉਂਣ ਵਾਲੇ ਨੂੰ ਭੀ ‘ਗੁਰੂ’ ਕਹਿ ਦਿੱਤਾ ਜਾਂਦਾ ਹੈ, ਪਰ, ਅਸਲ ਵਿੱਚ ਉਸ ਨੂੰ ‘ਉਸਤਾਦ’ ਜਾਂ
‘ਅਧਿਆਪਕ’ ਕਹਿਣਾ ਜ਼ਿਆਦਾ ਠੀਕ ਲਗਦਾ ਹੈ।
ਬੇ-ਅੰਤ ਪ੍ਰਭੂ-ਪਿਤਾ ਬੇਅੰਤ ਗੁਣਾਂ ਦਾ ਮਾਲਿਕ ਹੈ ਅਤੇ ਉਨ੍ਹਾਂ ਗੁਣਾਂ
ਵਿੱਚੋਂ ਇੱਕ ਅਹਿਮ ਗੁਣ ਹੈ ‘ਗੁਰੂ-ਗੁਣ’ (ਯਾਨੀ ਕਿ, ਪਰਮਾਤਮਾ ‘ਪੂਰਾ ਗੁਰੂ’ ਭੀ ਹੈ) ਭਾਵੇਂ
‘ਗੁਰੂ’ ਸ਼ਬਦ ਦੀ ਪ੍ਰੀਭਾਸ਼ਾ ਵਿਦਵਾਨਾਂ ਨੇ ਆਪੋ-ਆਪਣੇ ਅੰਦਾਜ਼ ਅਤੇ ਲਫ਼ਜ਼ਾਂ ਰਾਹੀਂ ਕੀਤੀ ਹੈ, ਪਰ,
ਮੂਲ ਰੂਪ ਵਿੱਚ, ਤਕਰੀਬਨ ਸਾਰੇ ਹੀ ਵਿਦਵਾਨ ਇਸ ਹਕੀਕਤ ਨਾਲ ਸਹਿਮਤ ਹਨ ਕਿ ‘ਗੁਰੂ’ ਪਰਮਾਤਮਾ ਦੇ
ਬੇਅੰਤ ਗੁਣਾਂ ਵਿੱਚੋਂ ਉਹ ਗੁਣ ਹੈ ਜਿਸ ਰਾਹੀਂ ਮਨੁੱਖ ਦੀ ਅਗਿਆਨਤਾ ਦਾ ਹਨੇਰਾ ਦੂਰ ਹੋ ਕੇ
ਰੱਬੀ-ਗੁਣਾਂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਵੇ, ਕਿਉਂਕਿ, ਰੱਬ ਅਨਾਦੀ ਹੈ, ਉਸ ਦਾ ‘ਗੁਰੂ-ਗੁਣ’ ਭੀ
ਅਨਾਦੀ ਹੈ। ਇਸੇ ਕਰ ਕੇ ਗੁਰੂ ਗ੍ਰੰਥ ਸਾਹਿਬ ਦਾ ਫ਼ੁਰਮਾਣੁ ਹੈ -
ਸਤਿਗੁਰੁ ਮੇਰਾ ਸਦਾ ਸਦਾ ਨ ਆਵੈ ਨਾ ਜਾਇ॥
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥ 13॥ (ਮ: 4, 759)
ਪਦ ਅਰਥ: ਆਵੈ-ਜੰਮਦਾ। ਜਾਇ-ਮਰਦਾ। ਅਬਿਨਾਸੀ-ਨਾਸ਼ ਰਹਿਤ। 13.
ਭਾਵ: ਹੇ ਭਾਈ! ਪਿਆਰਾ ਗੁਰੂ (ਦਸਦਾ ਹੈ ਕਿ) ਪਰਮਾਤਮਾ ਸਦਾ ਹੀ ਕਾਇਮ
ਰਹਿਣ ਵਾਲਾ ਹੈ, ਉਹ ਨਾ ਜੰਮਦਾ ਹੈ, ਨਾ ਮਰਦਾ ਹੈ। ਉਹ ਪੁਰਖ-ਪ੍ਰਭੂ ਕਦੇ ਨਾਸ਼ ਹੋਣ ਵਾਲਾ ਨਹੀਂ,
ਉਹ ਸਭਨਾਂ ਵਿੱਚ (ਜੋਤਿ ਰੂਪ ਹੋ ਕੇ) ਮੌਜ਼ੂਦ ਹੈ।
ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ
ਸਾਖੀ ਜੋਤਿ ਪਰਗਟੁ ਹੋਇ॥ (ਮ: 1, 13)
ਪਦ ਅਰਥ: ਜੋਤਿ - ਚਾਨਣ, ਪ੍ਰਕਾਸ਼। ਸੋਇ-ਉਹ ਪ੍ਰਭੂ। ਤਿਸ ਦੈ
ਚਾਨਣਿ-ਉਸ ਪ੍ਰਭੂ ਦੇ ਚਾਨਣ ਨਾਲ। ਸਾਖੀ-ਸਿੱਖਿਆ ਨਾਲ।
ਭਾਵ: ਸਾਰੇ ਜੀਵਾਂ ਵਿੱਚ ਇੱਕੋ ਉਹੀ ਪਰਮਾਤਮਾ ਦੀ ਜੋਤਿ
(ਪ੍ਰਾਣ-ਸ਼ਕਤੀ) ਵਰਤ ਰਹੀ ਹੈ। ਉਸ ਜੋਤਿ ਦੇ ਪ੍ਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ (ਸੂਝ-ਬੂਝ)
ਹੈ। ਪਰ ਇਸ ਰੱਬੀ-ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। ਭਾਵ, ਗੁਰੂ ਰਾਹੀਂ ਹੀ
ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਹੀ ਜੋਤਿ ਹੈ।
2. ‘ਗੁਰੂ-ਜੋਤਿ’ ਦਾ ਇਲਾਹੀ ਸਫ਼ਰ - ਗੁਰੂ ਤੇ ਪਰਮਾਤਮਾ ਦੀ ਇੱਕ-ਮਿੱਕਤਾ
ਇੰਜ ਜਾਪਦਾ ਹੈ ਕਿ ਸਮੁੱਚੀ ਮਨੁੱਖਤਾ ਦਾ ਵੱਡੇ ਪੱਧਰ `ਤੇ ਉਧਾਰ (ਕਲਿਆਣ)
ਕਰਨ ਲਈ, ਪੂਰੇ ਗੁਰੂ (ਪਰਮਾਤਮਾ) ਨੇ ਆਪਣੇ ‘ਗੁਰੂ-ਗੁਣ’ ਦਾ ਸੰਪੂਰਨ ਪ੍ਰਕਾਸ਼, ਆਪਣੀ ਰਜ਼ਾ
ਅਨੁਸਾਰ, ਗੁਰੂ ਨਾਨਕ ਸਾਹਿਬ ਦੇ ਹਿਰਦੇ ਵਿੱਚ ਟਿਕਾ ਕੇ ਉਨ੍ਹਾਂ ਨੂੰ ਧੁਰ ਦਰਗਾਹੋਂ ਹੀ ਵਰੋਸਾਅ
ਕੇ ਭੇਜਿਆ ਸੀ।
ਇਸ ਹਕੀਕਤ ਨੂੰ ਸਪੱਸ਼ਟ ਕਰਨ ਲਈ ਸ਼ਬਦ-ਗੁਰੂ ਦਾ ਫ਼ੁਰਮਾਣੁ ਹੈ -
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ
ਸਿਉ ਤਤੁ ਮਿਲਾਯਉ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਯਉ॥ ਅਮਰਦਾਸਿ ਅਮਰਤੁ ਛਤ੍ਰੁ ਗੁਰ
ਰਾਮਹਿ ਦੀਅਉ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥ 1॥ ਮੂਰਤਿ ਪੰਚ ਪ੍ਰਮਾਣ
ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ॥ 1॥
(ਸਵਈਏ ਮਹਲੇ ਪੰਜਵੇ ਦੇ 5, 1408)
ਪਦ ਅਰਥ: ਅਮਰਤੁ-ਅਮਰਦਾਸ ਵਾਲਾ। ਅੰਮ੍ਰਿਤ ਬਯਣ (ਗੁਰੂ ਅਰਜੁਨ ਜੀ ਦੇ)
ਆਤਮਕ-ਜੀਵਨ ਦੇਣ ਵਾਲੇ ਬਚਨ। ਪੰਚ-ਪੰਜਵੀਂ। ਪ੍ਰਮਾਣੁ ਪੁਰਖੁ-ਅਕਾਲ ਪੁਰਖੁ-ਰੂਪ। ਪਿਖਹੁ-ਵੇਖੋ।
ਨਯਣ-ਅੱਖਾਂ ਨਾਲ। ਕਹਿ-ਕਹੇ, ਆਖਦਾ ਹੈ।
ਭਾਵ: ਪ੍ਰਕਾਸ਼-ਰੂਪ ਹਰੀ ਨੇ ਆਪਣੇ ਆਪ ਨੂੰ (ਆਪਣੀ ਗੁਰੂ ਜੋਤਿ ਨੂੰ)
ਗੁਰੂ ਨਾਨਕ ਅਖਵਾਇਆ। ਉਸ (ਗੁਰੂ ਨਾਨਕ ਸਾਹਿਬ) ਤੋਂ (ਗੁਰੂ) ਅੰਗਦ ਪ੍ਰਗਟ ਹੋਇਆ, (ਗੁਰੂ ਨਾਨਕ
ਸਾਹਿਬ ਦੀ) ‘ਗੁਰੂ-ਜੋਤਿ’ (ਗੁਰੂ ਅੰਗਦ ਸਾਹਿਬ ਜੀ ਦੀ) ਜੋਤਿ ਨਾਲ ਮਿਲ ਗਈ (ਇੱਕ ‘ਦੀਪਕ-ਗੁਰੂ’
ਤੋਂ ਦੂਜੇ ਗੁਰੂ ਦੀ ਦੀਪਕ-ਜੋਤਿ ਜਗਮਗਾ ਉੱਠੀ)।
(ਗੁਰੂ) ਅੰਗਦ ਜੀ ਨੇ ਕਿਰਪਾ ਕਰ ਕੇ ਅਮਰਦਾਸ ਜੀ ਨੂੰ ਗੁਰੂ ਥਾਪਿਆ;
(ਗੁਰੂ) ਅਮਰਦਾਸ (ਜੀ) ਨੇ ਆਪਣੇ ਵਾਲਾ (ਗੁਰਿਆਈ ਦਾ) ਛਤ੍ਰ ਗੁਰੂ ਰਾਮਦਾਸ ਜੀ ਨੂੰ ਦੇ ਦਿੱਤਾ।
ਮਥਰਾ ਆਖਦਾ ਹੈ- ਗੁਰੂ ਰਾਮਦਾਸ (ਜੀ) ਦਾ ਦਰਸ਼ਨ ਕਰ ਕੇ (ਗੁਰੂ ਅਰਜੁਨ
ਸਾਹਿਬ ਦੇ) ਬਚਨ ਆਤਮਕ-ਜੀਵਨ ਦੇਣ ਵਾਲੇ ਹੋ ਗਏ ਹਨ। ਪੰਜਵੇਂ ਸਰੂਪ ਅਕਾਲ-ਪੁਰਖ-ਰੂਪ ਗੁਰੂ ਅਰਜਨ
ਸਾਹਿਬ ਜੀ ਨੂੰ ਅੱਖਾਂ ਨਾਲ ਵੇਖੋ। 1.
ਹੇਠ ਲਿਖਿਆ ਗੁਰ-ਫ਼ੁਰਮਾਣੁ ਭੀ ਗੁਰਮਤਿ ਫ਼ਲਸਫ਼ੇ ਦੇ ਉੱਪਰ ਦਿੱਤੇ ਸਿਧਾਂਤ ਦੀ
ਹੀ ਪੁਸ਼ਟੀ ਕਰਦਾ ਹੈ -
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥ (ਮ: 3, 515)
ਪਉੜੀ॥ ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ॥
ਸਤਿਗੁਰ ਵਿਚਿ ਆਪ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ॥ (ਮ: 1, 466)
ਪਦ ਅਰਥ: ਕਿਨੈ-ਕਿਨਿ ਹੀ, ਕਿਸੇ ਨੇ ਹੀ। ਪਾਇਓ-ਪਾਇਆ। ਰਖਿਓਨੁ-ਉਸ
(ਪ੍ਰਭੂ-ਪਿਤਾ) ਨੇ ਰੱਖ ਦਿੱਤਾ ਹੈ। ਸਤਿਗੁਰ ਮਿਲਿਐ-ਜੇ (ਇਹੋ-ਜਿਹਾ) ਗੁਰੂ ਮਿਲ ਪਏ। ਜਿਨਿ-ਜਿਸ
(ਮਨੁੱਖ) ਨੇ।
ਭਾਵ: ਕਿਸੇ ਮਨੁੱਖ ਨੂੰ (ਪਰਮਾਤਮਾ) ਸਤਿਗੁਰ ਤੋਂ ਬਿਨਾਂ (ਭਾਵ,
ਸਤਿਗੁਰੂ ਦੀ ਸ਼ਰਣ ਪੈਂਣ ਤੋਂ ਬਿਨਾਂ) ਨਹੀਂ ਮਿਲਿਆ, (ਇਹ ਸੱਚ ਜਾਣੋ ਕਿ) ਕਿਸੇ ਮਨੁੱਖ ਨੂੰ
ਸਤਿਗੁਰੂ ਦੀ ਸ਼ਰਣ ਪੈਣ ਤੋਂ ਬਿਨਾਂ (ਪਰਮਾਤਮਾ, ਜਗਤ ਦੀ ਜਾਨ) ਨਹੀਂ ਮਿਲਿਆ (ਕਿਉਂਕਿ ਪ੍ਰਭੂ ਨੇ)
ਆਪਣੇ ਆਪ ਨੂੰ ਰੱਖਿਆ ਹੀ ਸਤਿਗੁਰੂ ਦੇ ਅੰਦਰ ਹੈ, (ਭਾਵ, ਪ੍ਰਭੂ-ਪਿਤਾ ਗੁਰੂ ਦੇ ਅੰਦਰ ਸਾਖਿਆਤ
ਹੋਇਆ ਹੈ) (ਅਸਾਂ ਹੁਣ ਇਹ ਗੱਲ ਸਭ ਨੂੰ) ਖੁੱਲ੍ਹਮ-ਖੁੱਲ੍ਹਾ ਆਖ ਕੇ ਸੁਣਾ ਦਿੱਤੀ ਹੈ। ਜੇ
(ਇਹੋ ਜਿਹਾ) ਗੁਰੂ, ਜਿਸ ਨੇ ਆਪਣੇ ਅੰਦਰੋਂ (ਮਾਇਆ ਦਾ) ਮੋਹ ਦੂਰ ਕਰ ਦਿੱਤਾ ਹੈ, ਮਨੁੱਖ ਨੂੰ ਮਿਲ
ਪਏ ਤਾਂ ਮਨੁੱਖ ਮੁਕਤ (ਭਾਵ, ਮਾਇਕ ਬੰਧਨਾਂ ਤੋਂ ਆਜ਼ਾਦ) ਹੋ ਜਾਂਦਾ ਹੈ। ਮਾਇਆ ਦੇ ਮੋਹ ਦੇ ਬੰਧਨਾਂ
ਤੋਂ ਆਜ਼ਾਦ ਹੋਇਆ ਮਨੁੱਖ ਸੰਸਾਰ ਵਿੱਚ ਅਸ਼ਾਂਤੀ ਨਹੀਂ, ਸ਼ਾਂਤੀ ਸਥਾਪਤ ਕਰਨ ਲਈ ਯਤਨਸ਼ੀਲ ਹੋਵੇਗਾ।
ਨੋਟ: ‘ਪਾਇਓ’ ਤੇ ‘ਪਾਇਆ’ ਦੋਵੇਂ ਹੀ ਭੂਤ-ਕਾਲ ਦੇ ਰੂਪ ਹਨ, ਦੋਹਾਂ
ਦਾ ਅਰਥ ਵੀ ਇੱਕੋ ਹੀ ਹੈ। ਦੋ ਵਾਰੀ ਉਹੋ ਗੱਲ ਆਖਣ ਨਾਲ ਇਸ ਖਿਆਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ
ਗੁਰੂ ਤੋਂ ਬਿਨਾਂ ਕਿਸੇ ਨੂੰ ਰੱਬ ਨਹੀਂ ਮਿਲਿਆ।
ਗੁਰੂ ਨਾਨਕ ਸਾਹਿਬ ਨੇ (ਦੀਪਕ-ਗੁਰੂ, ਗਿਆਨ-ਗੁਰੂ ਦੇ ਰੂਪ ਵਿੱਚ) ਪਰਮਾਤਮਾ
ਵੱਲੋਂ ਆਪਣੇ (ਗੁਰੂ ਸਾਹਿਬ ਦੇ) ਹਿਰਦੇ ਵਿੱਚ ਟਿਕਾਈ ‘ਗੁਰੂ-ਜੋਤਿ’ ਨੂੰ ਅੱਗੇ ਤੋਂ ਅੱਗੇ (ਜਿਵੇਂ
ਇੱਕ ਜਗਦੇ ਦੀਵੇ ਤੋਂ ਦੂਜਾ ਦੀਵਾ ਜਗਾਇਆ ਜਾ ਸਕਦਾ ਹੈ) ਦਸਮੇਸ਼ ਪਿਤਾ ਜੀ ਤੱਕ ਟਿਕਾਇਆ ਅਤੇ ਦਸਮੇਸ਼
ਜੀ ਨੇ ਉਹੋ ‘ਗੁਰੂ-ਜੋਤਿ’, ਅਕਤੂਬਰ 1708 ਵਿੱਚ, ਜੋਤੀ-ਜੋਤਿ ਸਮਾਉਂਣ ਤੋਂ ਇੱਕ ਦਿਨ ਪਹਿਲਾਂ,
(ਨੰਦੇੜ, ਹਜ਼ੂਰ ਸਾਹਿਬ ਦੇ ਸਥਾਨ `ਤੇ) ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਅੰਦਰ ਸਦੀਵਕਾਲ ਲਈ ਟਿਕਾ
ਕੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦੀ ਗੁਰ-ਗੱਦੀ `ਤੇ (ਸਦੀਵ ਕਾਲ ਲਈ) ਸੁਸ਼ੋਭਤ ਕਰ
ਕੇ ‘ਸ਼ਖਸੀ ਗੁਰੂ’ ਦੀ ਪਰੰਪਰਾ ਨੂੰ ਖਤਮ ਕਰ ਦਿੱਤਾ ਸੀ ਅਤੇ ਇਸ ਭਾਵ ਦੇ ਬਚਨ ਉਚਾਰੇ ਸਨ -
ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓਂ
ਗ੍ਰੰਥ।
ਗੁਰੁ ਪਰਮੇਸਰੁ ਏਕੋ ਜਾਣੁ॥ ਜੋ ਤਿਸੁ ਭਾਵੈ ਸੋ ਪਰਵਾਣੁ॥ 1॥ ਰਹਾਉ॥ (ਮ:
5, 864)
ਭਾਵ: ਹੇ ਭਾਈ! ਗੁਰੂ ਅਤੇ ਪਰਮਾਤਮਾ ਨੂੰ ਇੱਕ-ਰੂਪ ਸਮਝੋ। ਜੋ ਕੁੱਝ
ਪਰਮਾਤਮਾ ਨੂੰ ਚੰਗਾ ਲਗਦਾ ਹੈ, ਉਹੀ ਗੁਰੂ ਭੀ (ਸਿਰ-ਮੱਥੇ) ਕਬੂਲ ਕਰਦਾ ਹੈ। 1. ਰਹਾਉ।
3. ਸਰੀਰ ‘ਗੁਰੂ’ ਨਹੀਂ ਹੈ ਅਤੇ ਨਾ ਹੀ ਸਰੀਰ ਚੇਲਾ ਹੈ
ਬਾਬਾ ਬਕਾਲਾ ਵਿਖੇ ਤਾਂ (ਨੌਵੇਂ ਪਾਤਿਸ਼ਾਹ ਦੇ ਗੁਪਤ-ਵਾਸ ਵਕਤ) 22 ‘ਪਖੰਡੀ
ਗੁਰੂ’ ਹੀ ਆਪਣੀਆਂ ਮੰਜੀਆਂ ਲਾਈ ਬੈਠੇ ਸਨ, ਪਰ ਹੁਣ ਤਾਂ ਅਜਿਹੇ ਦੇਹਧਾਰੀ ਪਾਖੰਡੀ ਗੁਰੂਆਂ ਦੀਆਂ
ਡਾਰਾਂ ਦੀਆਂ ਡਾਰਾਂ ਹੀ, ਗੁਰਮਤਿ ਫ਼ਲਸਫ਼ੇ ਨਾਲੋਂ ਟੁੱਟੇ ਸਮਾਜ ਨੂੰ, ਗੁਮਰਾਹ ਕਰ ਕੇ ਮੌਜਾਂ ਕਰ
ਰਹੇ ਹਨ ਅਤੇ ਸ਼ਬਦ ਗੁਰੂ ਦੀ ਨਾ-ਕਾਬਲ-ਏ ਬਰਦਾਸ਼ਤ ਤੌਹੀਨ ਕਰ ਰਹੇ ਹਨ। ਸਰੀਰ ਬਿਨਸਣਹਾਰ ਹੈ, ਪਰ,
ਗੁਰੂ-ਜੋਤਿ ਤਾਂ ਅਨਾਦੀ ਹੈ। ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਜਾਮਿਆਂ ਦੇ
ਭੀ ਸਰੀਰ ਤਾਂ, ਸਮੇਂ-ਸਮੇਂ ਅਨੁਸਾਰ, ਬਿਨਸ ਗਏ ਸਨ। ਪਰ, ਉਨ੍ਹਾਂ ਦੇ ਹਿਰਦਿਆਂ ਵਿੱਚ ਪਰਮਾਤਮਾ
ਵੱਲੋਂ ਟਿਕਾਈ ਰੱਬੀ ‘ਗੁਰੂ-ਜੋਤਿ’ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਦੀਵਕਾਲ ਲਈ ਜਗਮਗਾਉਂਦੀ
ਰਹੇਗੀ।
ਗੁਰੂ ਨਾਨਕ ਸਾਹਿਬ ਨੇ ‘ਸਿਧ ਗੋਸਟਿ’ ਦੇ ਸਿਰਲੇਖ ਹੇਠਾਂ ਦਰਜ਼ ਕੀਤੀ
ਗੁਰਬਾਣੀ ਵਿੱਚ ਸਿੱਧਾਂ ਦੇ ਇਸ ਸਵਾਲ ਦਾ ਜਵਾਬ ਕਿ, "ਤੁਹਾਡਾ ਗੁਰੂ ਕੌਣ ਹੈ ਜਿਸ ਦੇ ਤੁਸੀਂ ਚੇਲੇ
ਹੋ?" ਇੰਜ ਦਿੱਤਾ ਸੀ -
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਮ: 1, 943-43)
ਭਾਵ: ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤਿ ਦਾ (ਸ਼ਬਦ ਵਿੱਚ) ਟਿਕਾਉ
(ਉਸ ਗੁਰੂ ਦਾ) ਸਿੱਖ ਹੈ।
4. ਗੁਰੂ ਦੀ ਸ਼ਰਣ-ਪ੍ਰਾਪਤੀ ਦੀ ਲੋੜ
ਪੂਰੇ ਗੁਰੂ (ਸ਼ਬਦ-ਗੁਰੂ) ਦੇ ਉਪਦੇਸ਼ਾਂ ਨੂੰ ਅਮਲੀ ਜੀਵਨ ਵਿੱਚ ਢਾਲਣ ਤੋਂ
ਬਿਨਾਂ ਮਨੁੱਖ ਨੂੰ ਸਰਬ-ਪੱਖੀ ਸ਼ਾਂਤੀ ਨਹੀਂ ਮਿਲ ਸਕਦੀ, ਅਗਿਆਨਤਾ ਦਾ ਹਨੇਰਾ ਦੂਰ ਨਹੀਂ ਕੀਤਾ ਜਾ
ਸਕਦਾ ਅਤੇ ਜੀਵਨ ਸਫ਼ਲ ਕਰ ਕੇ ਮੁਕਤੀ ਨਹੀਂ ਮਿਲ ਸਕਦੀ।
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ ਗੁਰ ਬਿਨੁ
ਘੋਰ ਅੰਧਾਰ॥ 2॥ (ਮ: 2, 463)
ਪਦ ਅਰਥ: ਸਉ ਚੰਦਾ - ਇੱਕ ਸੌ ਚੰਦ੍ਰਮਾ। ਏਤੇ ਚਾਨਣ-ਇਤਨੇ ਚਾਨਣ। ਗੁਰ
ਬਿਨੁ-ਗੁਰੂ ਤੋਂ ਬਿਨਾਂ। ਘੋਰ ਅੰਧਾਰ - ਘੁੱਪ ਹਨੇਰਾ (ਅਗਿਆਨਤਾ ਦਾ ਘੁੱਪ ਹਨੇਰਾ)।
ਭਾਵ: (ਹੇ ਭਾਈ!) ਜੇ ਇੱਕ ਸੌ ਚੰਦ੍ਰਮਾ ਚੜ੍ਹ ਪੈਣ ਅਤੇ ਹਜ਼ਾਰਾਂ ਹੀ
ਸੂਰਜ ਚੜ੍ਹ ਜਾਣ, ਜੇ ਇਤਨੇ ਭੀ ਚਾਨਣ ਹੋ ਜਾਣ (ਭਾਵ, ਚਾਨਣ ਕਰਨ ਵਾਲੇ ਜੇ ਇਤਨੇ ਭੀ ਚੰਦ੍ਰਮਾ,
ਸੂਰਜ ਆਦਿਕ ਗ੍ਰਹਿ ਆਕਾਸ਼ ਵਿੱਚ ਚੜ੍ਹ ਪੈਣ), ਗੁਰੂ ਤੋਂ ਬਿਨਾਂ (ਫੇਰ ਭੀ) ਅਗਿਆਨਤਾ ਦਾ ਘੁੱਪ
ਹਨੇਰਾ ਦੂਰ ਨਹੀਂ ਹੁੰਦਾ। 2.
ਬੁਧਿ ਪ੍ਰਗਾਸ ਭਈ ਮਤਿ ਪੂਰੀ॥ ਤਾ ਤੇ ਬਿਨਸੀ ਦੁਰਮਤਿ ਦੂਰੀ॥ 1॥ ਐਸੀ
ਗੁਰਮਤਿ ਪਾਈਅਲੇ॥ ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ॥ 1॥ ਰਹਾਉ॥ ਮਹਾ ਅਗਾਹ
ਅਗਨਿ ਕਾ ਸਾਗਰੁ॥ ਗੁਰੁ ਬੋਹਿਥੁ ਤਾਰੇ ਰਤਨਾਗਰੁ॥ 2॥ ਦੁਤਰ ਅੰਧ ਬਿਖਮ ਇਹ ਮਾਇਆ॥ ਗੁਰ ਪੂਰੈ
ਪਰਗਟੁ ਮਾਰਗੁ ਦਿਖਾਇਆ॥ 3॥ ਜਾਪ ਤਾਪ ਕਛੁ ਉਕਤਿ ਨ ਮੋਰੀ॥ ਗੁਰ ਨਾਨਕ ਸਰਣਾਗਤਿ ਤੋਰੀ॥ 4॥
(ਮ: 5, 377)
ਪਦ ਅਰਥ: ਪ੍ਰਗਾਸ- (ਆਤਮਕ ਜੀਵਨ ਦਾ) ਚਾਨਣ। ਪੂਰੀ-ਉਕਾਈਹੀਣ। ਤਾ
ਤੇ-ਉਸ ਤੋਂ, ਉਸ ਦੀ ਸਹਾਇਤਾ ਨਾਲ। ਦੂਰੀ-ਵਿੱਥ। 1.
ਪਾਈਅਲੇ-ਮੈਂ ਪ੍ਰਾਪਤਿ ਕੀਤੀ ਹੈ। ਬੂਡਤ-ਡੁੱਬਦਾ। ਘੋਰ ਅੰਧ-ਘੁੱਪ ਹਨੇਰਾ।
ਕੂਪ-ਖੂਹ। 1. ਰਹਾਉ।
ਭਾਵ: ਹੇ ਮੇਰੇ ਵੀਰ! ਮੈਂ ਗੁਰੂ ਪਾਸੋਂ ਅਜਿਹੀ ਮਤਿ ਪ੍ਰਾਪਤਿ ਕਰ ਲਈ ਹੈ
ਜਿਸ ਦੀ ਸਹਾਇਤਾ ਨਾਲ ਮੈਂ ਮਾਇਆ ਦੇ ਘੁੱਪ ਹਨੇਰੇ ਖੂਹ ਵਿੱਚੋਂ, ਡੁਬਦਾ-ਡੁਬਦਾ, ਬਚ ਨਿਕਲਿਆ ਹਾਂ।
1. ਰਹਾਉ।
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰੀ) ਬੁੱਧੀ ਵਿੱਚ (ਆਤਮਕ ਜੀਵਨ ਦਾ)
ਚਾਨਣ ਹੋ ਗਿਆ ਹੈ। ਮੇਰੀ ਅਕਲ ਉਕਾਈ-ਹੀਣ ਹੋ ਗਈ ਹੈ, ਇਸ ਦੀ ਸਹਾਇਤਾ ਨਾਲ ਮੇਰੀ ਭੈੜੀ ਮਤਿ ਦਾ
ਨਾਸ ਹੋ ਗਿਆ ਹੈ, ਮੇਰੀ ਪਰਮਾਤਮਾ ਨਾਲੋਂ ਵਿੱਥ ਮਿਟ ਗਈ ਹੈ। 1.
(ਹੇ ਭਾਈ! ਇਹ ਸੰਸਾਰ ਤ੍ਰਿਸ਼ਨਾ ਦੀ) ਅੱਗ ਦਾ ਇੱਕ ਬੜਾ ਅਥਾਹ ਸਮੁੰਦਰ ਹੈ,
ਰਤਨਾਂ ਦੀ ਖ਼ਾਣ ਗੁਰੂ (ਮਾਨੋਂ) ਜਹਾਜ਼ ਹੈ ਜੋ (ਇਸ ਸਮੁੰਦਰ ਵਿੱਚੋਂ) ਪਾਰ ਲੰਘਾ ਲੈਂਦਾ ਹੈ। 2.
(ਹੇ ਵੀਰ!) ਇਹ ਮਾਇਆ (ਮਾਨੋਂ ਇੱਕ ਸਮੁੰਦਰ ਹੈ ਜਿਸ ਵਿਚੋਂ) ਪਾਰ ਲੰਘਣਾ
ਔਖਾ ਹੈ, ਜਿਸ ਵਿੱਚ ਘੁੱਪ ਹਨੇਰਾ ਹੀ ਹਨੇਰਾ ਹੈ (ਇਸ ਵਿੱਚੋਂ ਪਾਰ ਲੰਘਣ ਲਈ) ਪੂਰੇ ਗੁਰੂ ਨੇ
ਮੈਨੂੰ ਸਾਫ਼ ਰਾਹ ਵਿਖਾ ਦਿੱਤਾ ਹੈ। 3.
ਹੇ ਨਾਨਕ! (ਆਖ-) ਹੇ ਗੁਰੂ ਜੀ! ਮੇਰੇ ਪਾਸ ਕੋਈ ਜਪ ਨਹੀਂ, ਕੋਈ ਤਪ ਨਹੀਂ,
ਕੋਈ ਸਿਆਣਪ ਨਹੀਂ। ਮੈਂ ਤਾਂ ਤੇਰੀ ਹੀ ਸ਼ਰਣ ਆਇਆ ਹਾਂ (ਮੈਨੂੰ ਇਸ ਘੁੱਪ ਹਨੇਰੇ ਖੂਹ ਵਿੱਚੋਂ ਕੱਢ
ਲੈ)। 4.
5. ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕੀਤੇ ਬਿਨਾ ਸੰਸਾਰ-ਸਮੁੰਦਰ ਤਰਿਆ
ਨਹੀਂ ਜਾ ਸਕਦਾ
ਮਤ ਕੋ ਭਰਮਿ ਭੁਲੈ ਸੰਸਾਰਿ॥ ਗੁਰ ਬਿਨੁ ਕੋਇ ਨ ਉਤਰਸਿ ਪਾਰਿ॥ 1॥ ਰਹਾਉ॥
(ਮ: 5, 864)
ਭਾਵ: ਹੇ ਭਾਈ! ਦੁਨੀਆਂ ਵਿੱਚ ਕਿਤੇ ਕੋਈ ਮਨੁੱਖ ਭਟਕਣਾ ਵਿੱਚ ਪੈ
ਕੇ (ਇਹ ਗੱਲ) ਨਾ ਭੁੱਲ ਜਾਏ ਕਿ ਗੁਰੂ ਤੋਂ ਬਿਨਾਂ ਕੋਈ ਭੀ ਜੀਵ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ
ਲੰਘ ਸਕੇਗਾ। 1. ਰਹਾਉ॥
6. ਗੁਰੂ ਦੇ ਲੜ ਲੱਗੇ ਬਿਨਾਂ ਪ੍ਰੇਮਾ-ਭਗਤੀ ਨਹੀਂ ਹੋ ਸਕਦੀ ਤੇ
ਪ੍ਰਭੂ-ਮਿਲਾਪ ਨਹੀਂ ਹੋ ਸਕਦਾ
ਮਨਮੁੱਖ ਭਗਤਿ ਕਰਹਿ ਬਿਨੁ ਸਤਿਗੁਰ ਵਿਣੁ ਸਤਿਗੁਰ ਭਗਤਿ ਨ ਹੋਈ ਰਾਮ॥ ਹਉਮੈ
ਮਾਇਆ ਰੋਗਿ ਵਿਆਪੇ ਮਰ ਜਨਮਹਿ ਦੁਖੁ ਹੋਈ ਰਾਮ॥ (ਮ: 3, 768)
7. ਕਥਿਤ ਪਾਰਸ ਤਾਂ ਆਪਣੀ ਸਪੱਰਸ਼ ਨਾਲ ਕੁੱਝ ਕੁ ਧਾਤਾਂ ਨੂੰ ਹੀ ਸੋਨਾ ਬਣਾ
ਸਕਦਾ ਹੈ, ਪਰ ਸ਼ਬਦ-ਗੁਰੂ ਸੜੇ ਹੋਏ ਲੋਹੇ ਦੀ ਮੈਲ (ਮਨੂਰ, ਯਾਨੀ ਕਿ ਮੰਦੇ ਤੋਂ ਭੀ ਮੰਦੇ ਮਨੁੱਖ)
ਨੂੰ ਭੀ ਆਪਣੀ ਸੰਗਤਿ ਤੇ ਕਿਰਪਾ-ਦ੍ਰਿਸ਼ਟੀ ਨਾਲ ਸੋਨਾ ਹੀ ਨਹੀਂ ਬਲਕਿ ਆਪਣੇ ਵਰਗਾ (ਪਾਰਸ) ਹੀ
ਬਣਾਉਣ ਦੀ ਸਮਰੱਥਾ ਰਖਦਾ ਹੈ-
(ੳ) ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ॥ ਏਕੁ ਨਾਮੁ
ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ॥ (ਮ: 1, 990)
(ਅ) ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ
ਕਰਤ ਨ ਲਾਗੀ ਵਾਰ॥ (ਮ: 1, 462)