ਸਿੱਖ ਨੂੰ ਗੁੱਸਾ ਕਦੋਂ ਅਤੇ ਕਿਉਂ ਆਉਂਦਾ ਤੇ ਨਹੀਂ ਆਉਂਦਾ?
ਅੱਜ ਕਲ ਸਿੱਖ ਗੁੱਸੇ ਵਿੱਚ ਹੈ। ਉਸ ਦੇ ਗੁਰੂ ਦੀ ਬੇਅਦਬੀ ਹੋ ਰਹੀ ਹੈ।
ਗੁਰੂ ਗਰੰਥ ਸਾਹਿਬ ਦੇ ਪੰਨੇ ਪਾੜ ਕੇ ਸੜਕਾਂ ਗਲੀਆਂ `ਚ ਰੁਲਣ ਲਈ ਖਿਲਾਰ ਦਿਤੇ ਗਏ ਜਿਸ ਨੂੰ ਨਾ
ਸਹਾਰਦੇ ਹੋਏ ਸਿੱਖ ਸੜਕਾਂ ਤੇ ਉੱਤਰ ਆਏ। ਇਥੋਂ ਤਕ ਕਿ ਦੋ ਗਭਰੂ ਆਪਣੀ ਜਾਨ ਵੀ ਗਵਾ ਬੈਠੇ। ਪੂਰੇ
ਪੰਜਾਬ ਦਾ ਸਿਆਸੀ, ਸਮਾਜਿਕ ਅਤੇ ਧਾਰਮਿਕ ਮਹੌਲ ਉਬਾਲੇ ਖਾ ਰਿਹਾ ਹੈ। ਇਹ ਸਾਰਾ ਘਟਨਾ ਕ੍ਰਮ ਹਰ
ਇੱਕ ਨੂੰ ਸੋਚਣ ਲਈ ਮਜ਼ਬੂਰ ਕਰ ਰਿਹਾ ਹੈ।
ਜਿਸ ਬੇਅਦਬੀ ਨੇ ਸਿੱਖਾਂ ਨੂੰ ਇਸ ਕਦਰ ਪਰੇਸ਼ਾਨ ਕੀਤਾ ਹੋਇਆ ਹੈ ਉਸ ਨੂੰ
ਸਮਝਣ ਦੀ ਲੋੜ ਹੈ। ਸਮਝੇ ਬਿਨਾ ਇਸ ਦਾ ਕੋਈ ਇਲਾਜ਼ ਨਹੀਂ ਹੋ ਸਕੇਗਾ। ਸਭ ਤੋਂ ਪਹਿਲਾਂ ਬੇਅਦਬੀ ਲਫ਼ਜ਼
ਦਾ ਅਰਥ ਜਾਂ ਮਤਲਬ ਸਮਝਣ ਦੀ ਲੋੜ ਹੈ। ਸ਼ਬਦ ਕੋਸ਼ ਵਿੱਚ ਬੇਅਦਬੀ ਨੂੰ ਆਦਰ ਮਾਣ ਜਾਂ ਬਣਦਾ ਸਤਿਕਾਰ
ਨਾ ਦੇਣਾ ਆਖਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਫ਼ਜ਼ ਨਹੀਂ ਮਿਲਦਾ। ਪਰ "ਮਾਨ" "ਅਪਮਾਨ"
ਲਫ਼ਜ਼ ਜ਼ਰੂਰ ਆਉਂਦੇ ਨੇ। ਗਹਿਰਾਈ ਵਿੱਚ ਜਾਂਦਿਆਂ ਵਿਚਾਰ ਯੋਗ ਗੱਲ ਇਹ ਹੈ ਕਿ ਸਿੱਖ ਨੇ ਇਹ ਹੁਣ ਹੀ
ਕਿਉਂ ਮਹਿਸੂਸ ਕੀਤਾ ਕੇ ਉਸ ਦੇ ਗੁਰੂ ਦੀ ਬੇਅਦਬੀ ਹੋਈ ਹੈ। ਕੀ ਇਸ ਤੋਂ ਪਹਿਲਾਂ ਸਿੱਖ ਦੇ ਗੁਰੂ
ਦਾ ਨਿਰਾਦਰ ਕਦੀ ਨਹੀਂ ਹੋਇਆ? ਜੇ ਹੋਇਆ ਤਾਂ ਸਿੱਖ ਦਾ ਕੀ ਪ੍ਰਤੀਕਰਮ ਸੀ?
ਬੇਅਦਬੀ ਜਾਂ ਨਿਰਾਦਰ ਦੋ ਤਰ੍ਹਾਂ ਦਾ ਹੁੰਦਾ ਹੈ।
ੳ)ਕਿਸੇ ਨੂੰ ਜਾਣ ਬੁਝ ਕੇ ਨੀਵਾਂ ਦਿਖਾਉਣ ਲਈ ਉਸ ਦੇ ਖਿਲਾਫ ਕੁੱਝ ਝੂਠ
ਕਹਿਣਾ ਜਾਂ ਲਿਖਣਾ। ਅਦਾਲਤਾਂ ਵਿੱਚ ਮਾਣ ਹਾਨੀ ਦੇ ਦਾਅਵੇ ਅਕਸਰ ਸੁਣਦੇ ਹਾਂ ਜੋ ਇਸ ਤਰ੍ਹਾਂ ਦੇ
ਨਿਰਾਦਰ ਨਾਲ ਸਬੰਧਤ ਹੁੰਦੇ ਨੇ।
ਅ) ਕਿਸੇ ਦੀ ਸਰੀਰਕ ਕੁਟ ਮਾਰ ਕਰ ਕੇ ਬੇਇਜ਼ਤ ਕਰਨਾ। ਅਦਾਲਤਾਂ ਵਿੱਚ ਇਸ
ਸਬੰਧੀ ਵੀ ਮੁਕੱਦਮੇ ਚਲਦੇ ਆਮ ਦੇਖਦੇ ਸੁਣਦੇ ਹਾਂ।
ਮੌਜ਼ੂਦਾ ਘਟਨਾ ਕ੍ਰਮ ਅਤੇ ਸਿੱਖਾਂ ਦੇ ਪ੍ਰਤੀਕਰਮ ਉੱਤੇ ਦੂਜੀ ਕਿਸਮ ਦਾ
ਨਿਰਾਦਰ ਹੀ ਢੁਕਦਾ ਹੈ। ਕਿਸੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਦੇ ਖਿਲਾਫ ਕੁੱਝ ਨਹੀ ਕਿਹਾ ਪਰ
ਪੰਨੇ ਪਾੜ ਕੇ ਗਲੀਆਂ ਵਿੱਚ ਰੁਲਣ ਲਈ ਸੁੱਟ ਦਿੱਤੇ ਗਏ। ਮਤਲਬ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸਰੂਪ
ਨਾਲ ਹੀ ਖਿਲਵਾੜ ਕੀਤਾ ਗਿਆ। ਇਸ ਤੋਂ ਸਾਫ ਜ਼ਾਹਰ ਹੈ ਕਿ ਸਿੱਖ ਉਸ ਵੇਲੇ ਭੜਕਦਾ ਹੈ ਜਦੋਂ ਕੋਈ
ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਖਿਲਵਾੜ ਕਰੇ। ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ
ਹੀ ਜੀਉਂਦਾ ਜਾਗਦਾ ਗੁਰੂ ਮੰਨ ਰਿਹਾ ਹੈ। ਹਰ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ
ਨੂੰ ਆਪਣੀ ਪੱਗ ਨੂੰ ਪਾਇਆ ਹੱਥ ਸਮਝਿਆ ਜੋ ਉਸ ਤੋਂ ਬਰਦਾਸ਼ਤ ਨਹੀ ਹੋਇਆ। ਉਹ ਕੁਰਲਾ ਉਠਿਆ। ਉਸ ਨੂੰ
ਬਹੁਤ ਗੁੱਸਾ ਆਇਆ।
ਕੀ ਸਿੱਖ ਇਸੇ ਤਰ੍ਹਾਂ ਗੁੱਸੇ ਹੁੰਦਾ ਅਗਰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ
ਖਿਲਾਫ ਕੁੱਝ ਕਿਹਾ ਜਾਂਦਾ ਜਾਂ ਲਿਖਿਆ ਜਾਂਦਾ? ਸਿੱਖੀ ਸਿਧਾਂਤ ਨਾਲ ਰੱਜ ਕੇ ਖਿਲਵਾੜ ਹੋਇਆ ਹੈ
ਅਤੇ ਹੋ ਰਿਹਾ ਹੈ ਪਰ ਸਿੱਖ ਨੂੰ ਇਸ ਤਰ੍ਹਾਂ ਗੁੱਸਾ ਕਦੇ ਨਹੀਂ ਆਇਆ।
ਅਸੀ ਸਾਰੇ ਪੜ੍ਹਦੇ ਸੁਣਦੈ ਆਏ ਹਾਂ ਕਿ ਮੱਸੇ ਰੰਗੜ ਦਾ ਇਸ
ਕਰਕੇ ਸਿਰ ਕਲਮ ਕਰ ਦਿਤਾ ਗਿਆ ਕਿਉਂਕਿ ਉਸਨੇ ਦਰਬਾਰ ਸਾਹਿਬ ਅੰਦਰ ਕੰਜਰੀਆਂ ਦਾ ਨਾਚ ਕਰਵਾਇਆ। ਪਰ
ਅਨੇਕਾ ਸਿੱਖ ਦਸਮ ਗ੍ਰੰਥ ਅੱਗੇ ਸਿਰ ਝੁਕਾਉਂਦੇ ਨੇ ਜਿਸ ਵਿੱਚ ਇਹ ਲਿਖਿਆ ਮਿਲਦਾ ਹੇ ਕਿ ਗੁਰੂ
ਗੋਬਿੰਦ ਸਿੰਘ ਇੱਕ ਅਨੂਪ ਕੌਰ ਨਾਮੀ ਬਦਮਾਸ਼ ਔਰਤ ਕੋਲ ਚੋਰੀ ਛੁਪੇ ਗਏ।
ਦਸਮ ਗ੍ਰੰਥ ਵਿੱਚ ਪੈਰ ਪੈਰ ਤੇ ਗੁਰੂ
ਗ੍ਰੰਥ ਸਾਹਿਬ ਦੇ ਸਿਧਾਂਤ ਦੇ ਉਲਟ ਗੱਲਾਂ ਲਿਖੀਆਂ ਗਈਆਂ ਹਨ ਪਰ ਫਿਰ ਵੀ ਅਣਗਿਣਤ ਸਿੱਖ ਦਸਮ
ਗ੍ਰੰਥ ਨੂੰ ਸਤਿਕਾਰਦੇ ਨੇ। ਅਜਿਹਾ ਕਿਉਂ? ਸਿੱਖ ਇਸ ਨੂੰ ਨਿਰਾਦਰ ਕਿਉਂ ਨਹੀਂ ਸਮਝਦੇ? ਇਹ ਪੜ੍ਹ
ਕੇ ਕਿਉਂ ਨਹੀਂ ਭੜਕਦੇ?
ਇਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਆਮ ਸਿੱਖ ਦੀ ਬਿਬੇਕ ਵਿਰਤੀ ਖ਼ਤਮ ਹੋ ਗਈ
ਹੈ। ਉਹ ਇਹ ਸਮਝਣ ਵਿੱਚ ਦਿਲਚਸਪੀ ਨਹੀਂ ਲੈਦਾ ਜਾਂ ਅਸਮਰਥ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ
ਨਾਲ ਖਿਲਵਾੜ ਉਸ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਸਾਬਤ ਹੋ ਰਿਹਾ ਹੈ। ਉਹ ਆਪਣੇ ਕਿਸੇ ਆਗੂ ਨੂੰ ਵੀ
ਸਿਧਾਂਤ ਦੀ ਕਸਵੱਟੀ ਤੇ ਨਹੀਂ ਪਰਖਦਾ। ਉਸ ਦਾ ਸਰੂਪ ਜਾਂ ਦਿਖਾਵਾ ਹੀ ਦੇਖਦਾ ਹੈ। ਉਸ ਦੀਆਂ ਗੱਲਾਂ
`ਚ ਬਹੁਤ ਜਲਦੀ ਆ ਜਾਂਦਾ ਹੈ। ਕਹਿਣ ਨੂੰ ਤਾਂ ਸਿੱਖ ਸਿੰਘ ਹੈ ਪਰ ਜਿਉਂ ਹੀ ਇਸ ਤੇ ਸ਼ਰਧਾ ਦਾ
ਛਿੱਟਾ ਮਾਰਿਆ ਜਾਂਦਾ ਹੈ ਇਸ ਭੇਡ ਬਣ ਆਗੂ ਦੇ ਪਿਛੇ ਲਗ ਤੁਰਦਾ ਹੈ ਭਾਵੇ ਉਹ ਇਸ ਨੂੰ ਕਤਲਗਾਹ `ਚ
ਹੀ ਕਿਉਂ ਨ ਲੈ ਜਾਵੈ। ਇਹ ਆਗੂ ਚਾਹੇ ਇੱਕ ਪਿੰਡ ਦੇ ਗੁਰਦਵਾਰੇ ਦਾ ਗ੍ਰੰਥੀ ਹੋਵੇ ਜਾਂ ਅਕਾਲ
ਤਖਤ ਦਾ ਕਿਹਾ ਜਾਂਦਾ ਜਥੇਦਾਰ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇ ਜਾਂ ਸੂਬੇ ਦਾ ਮੁਖ ਮੰਤਰੀ।
ਆਗੂ ਸਿੱਖ ਦੀ ਇਸ ਕਮਜ਼ੋਰੀ ਨੂੰ ਭਲੀ ਭਾਂਤ ਜਾਣਦੇ ਨੇ। ਇਸੇ ਕਰਕੇ ਉਹ ਅਜਿਹੀਆਂ ਹਰਕਤਾਂ ਬਿਨਾ
ਝਿਜਕ ਕਰਦੇ ਨੇ ਜੋ ਸਿੱਖ ਸਿਧਾਂਤ ਦੇ ਉਲਟ ਹਨ। ਮਿਸਾਲ ਦੇ ਤੌਰ ਤੇ ਜਦੋਂ ਬਲਵੰਤ ਸਿੰਘ ਰਾਜੋਆਣਾ
ਨੂੰ ਫਾਂਸੀ ਦੇਣ ਦੀ ਗੱਲ ਚੱਲੀ ਤਾਂ ਗਿਆਨੀ ਗੁਰਬਚਨ ਸਿੰਘ ਜੀ ਉਸ ਲਈ ਦਰਬਾਰ ਸਾਹਿਬ ਦੇ ਸਰੋਵਰ ਦਾ
ਪਾਣੀ ਲੈ ਕੇ ਆਏ ਜਿਸ ਨਾਲ ਉਸ ਨੂੰ ਫਾਂਸੀ ਤੋ ਪਹਿਲਾਂ ਇਸ਼ਨਾਨ ਕਰਨ ਲਈ ਕਿਹਾ। ਇਹ ਕਾਰਵਾਈ ਸਿੱਖ
ਸਿਧਾਂਤ ਦੇ ਸਰਾਸਰ ਉਲਟ ਹੈ। ਇਸ ਦਾ ਕੋਈ ਵਿਰੋਧ ਨਹੀਂ ਹੋਇਆ। ਗੁਰਮਤਿ ਸੱਚ ਤੇ ਟਿਕੀ ਹੋਈ ਹੈ ਪਰ
ਆਪਣੇ ਆਪ ਨੂੰ ਸਿੱਖੀ ਦੀ ਟਕਸਾਲ ਕਹਿਣ ਵਾਲੇ ਪਿਛਲੇ ਤੀਹ ਸਾਲ ਤੋਂ ਭਿੰਡਰਾਵਾਲੇ ਦੀ ਮੌਤ ਵਾਰੇ
ਝੂਠ ਬੋਲ ਰਹੇ ਨੇ ਪਰ ਸਿਖ ਫਿਰ ਵੀ ਉਹਨਾ ਦੇ ਪਿੱਛੇ ਲੱਗੇ ਹੋਏ ਨੇ।
ਅਗਰ ਕਿਸੇ ਸਿੱਖ ਨੂੰ ਸਿਧਾਂਤ ਨਾਲ ਖਿਲਵਾੜ ਦੀ ਸੋਝੀ ਹੋ ਵੀ ਜਾਂਦੀ ਹੈ
ਤਾਂ ਉਸ ਨੂੰ ਸ਼ਰਧਾ ਦੇ ਨਾਂ ਨਾਲ਼ ਚੁੱਪ ਕਰਵਾ ਦਿਤਾ ਜਾਂਦਾ ਹੈ। ਗੁਰੂ ਸਾਹਿਬ ਨੇ ਸਿੱਖ ਨੂੰ ਅਕਲ
ਦੇ ਲੜ ਲਾਇਆ ਸੀ ਪਰ ਸਿੱਖ ਨੇ ਅਕਲ ਦਾ ਲੜ ਛੱਡ ਸ਼ਰਧਾ ਦਾ ਲੜ ਫੜ ਲਿਆ ਹੈ ਜਾਂ ਜਬਰਦਸਤੀ ਫੜਾ
ਦਿੱਤਾ ਗਿਆ ਹੈ। ਉਹ ਹੁਣ ਸ਼ਰਧਾ ਵਸ ਹੀ ਪੂਜਾ ਅਤੇ ਦਾਨ ਕਰਦਾ ਹੈ। ਗੁਰੂ ਸਾਹਿਬ ਨੇ ਹਰ ਕਰਮਕਾਂਡ
ਨੂੰ ਬਿਬੇਕ ਨਾਲ ਰੱਦ ਕੀਤਾ ਪਰ ਉਹ ਸਾਰੇ ਕਰਮਕਾਂਡ ਸ਼ਰਧਾ ਦੇ ਦਰਵਾਜੇ ਰਾਹੀਂ ਮੁੜ ਸਿੱਖ ਦੇ ਘਰ
ਦਾਖਲ ਹੋ ਗਏ ਨੇ।
ਸ਼ਰਧਾ ਅਤੇ
ਅਕਲ ਇੱਕ ਜਗ੍ਹਾ ਜ਼ਿਆਦਾ ਦੇਰ ਇਕੱਠੀਆਂ ਨਹੀ ਰਹਿ ਸਕਦੀਆਂ। ਸ਼ਰਧਾ ਬਿਬੇਕ ਨੂੰ ਚੁਪ ਕਰਾਉਣ ਲਈ ਬਹੁਤ
ਹੀ ਕਾਰਗਰ ਹਥਿਆਰ ਹੈ। ਸ਼ਰਧਾ ਕਿੰਨੇ ਨੀਵੇਂ ਪੱਧਰ ਤੇ ਡਿਗ ਸਕਦੀ ਹੈ ਇਹ ਸਤਿਕਾਰ ਕਮੇਟੀ ਦੀਆਂ ਨਿਤ
ਨਵੀਆਂ ਤਾਲਬਾਨੀ ਹਰਕਤਾਂ ਤੋਂ ਪਤਾ ਲਗਦਾ ਹੈ। ਇੱਕ ਅਮਰੀਕਾ ਵਾਸੀ ਸਿੱਖ (ਚਰਨਜੀਤ ਸਿੰਘ ਪਾਹਵਾ)
ਦੀ ਕਹਾਣੀ ਸਭ ਨੇ ਪੜ੍ਹੀ ਹੈ ਕਿ ਕਿਵੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੂਟ ਕੇਸ ਵਿੱਚ
ਲਿਜਾਣ ਦੇ ਜ਼ੁਰਮ ਵਜੋਂ ਕੁਟਿਆ, ਲੁਟਿਆ ਅਤੇ ਬੇਇਜ਼ਤ ਕੀਤਾ। ਇਸ ਲੁਟ ਅਤੇ ਕੁਟ ਵਿੱਚ ਸ਼ਾਮਲ ਇੱਕ
ਵਿਅਕਤੀ ਨੂੰ ਹੁਣ ਜਥੇਦਾਰ ਵੀ ਬਣਾ ਦਿੱਤਾ ਗਿਆ।
ਜਿਉਂ ਜਿਉਂ ਸ਼ਰਧਾ ਬਿਬੇਕ ਤੋਂ ਦੂਰ ਹੁੰਦੀ ਹੈ ਤਿਉਂ ਤਿਉਂ ਪੁਜਾਰੀਵਾਦ ਦੇ
ਨੇੜੇ ਹੁੰਦੀ ਹੈ। ਬਿਬੇਕ ਪੁਜਾਰੀਵਾਦ ਦੀ ਮੌਤ ਹੈ ਸ਼ਰਧਾ ਇਸ ਦਾ ਜੀਵਨ। ਪੁਜਾਰੀਵਾਦ ਸਿੱਖ ਨੂੰ
ਸਿਧਾਂਤ ਨਾਲੋਂ ਤੋੜਦਾ ਹੈ ਅਤੇ ਸਰੂਪ ਨਾਲ ਜੋੜਦਾ ਹੈ। ਪੁਜਾਰੀਵਾਦ ਦਾ ਇਸੇ ਵਿੱਚ ਫਾਇਦਾ ਹੈ।
ਹੁਣ ਕਿਉਂਕਿ ਸਿੱਖ ਸਰੂਪ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਸਰੂਪ ਨਾਲ ਹੋਇਆ ਖਿਲਵਾੜ ਉਸ ਨੂੰ ਬਹੁਤ
ਚੁੱਭਦਾ ਹੈ। ਸਿਧਾਂਤ ਤੋਂ ਉਹ ਕਾਫੀ ਦੂਰ ਹੋ ਚੁਕਾ ਹੈ ਇਸ ਕਰਕੇ ਸਿਧਾਂਤ ਨਾਲ ਖਿਲਵਾੜ ਉਸ ਨੂੰ
ਕੋਈ ਤਕਲੀਫ ਨਹੀਂ ਦਿੰਦਾ। ਸਿੱਖ ਦੀ ਅਜੋਕੀ ਹਾਲਤ ਅਜਿਹੀ ਬਣ ਚੁਕੀ ਹੈ ਕਿ ਉਹ ਜਦੋਂ ਤੱਕ
ਪੁਜਾਰੀਵਾਦ ਦੀ ਪਾਣ ਨਹੀ ਚੜ੍ਹਾਉਂਦਾ ਉਦੋ ਤਕ ਨਾ ਤਾਂ ਆਪਣੇ ਆਪ ਨੂੰ ਧਰਮੀ ਸਮਝਦਾ ਹੈ ਨਾ ਹੀ
ਕਿਸੇ ਦੂਸਰੇ ਨੂੰ। ਗੁਰੂ ਸਾਹਿਬ ਨੇ ਸਾਨੂੰ ਜਿਸ ਚੁੰਗਲ ਚੋਂ ਛਡਾਇਆ ਸੀ ਅਸੀ ਫਿਰ ਉਥੇ ਜਾ ਵੜੇ
ਹਾਂ। ਮੌਜੂਦਾ ਘਟਨਾਵਾਂ ਵਲ ਨਜ਼ਰ ਮਾਰਿਆਂ ਜੋ ਗੱਲਾਂ ਸਾਹਮਣੇ ਆਉਂਦੀਆਂ ਹਨ ਉਹ ਵੀ ਇਸ ਦੀ ਪੁਸ਼ਟੀ
ਕਰਦੀਆਂ ਹਨ। ਸਿੱਖਾਂ ਦੀਆਂ ਭੜਕੀਆਂ ਹੋਈਆਂ ਭਾਵਨਾਵਾਂ ਨੂੰ ਸਿਆਸੀ ਆਗੂ ਅਤੇ ਪੁਜਾਰੀਵਾਦ ਨੇ ਰਲ
ਕੇ ਆਪੋ ਆਪਣੇ ਫਾਇਦੇ ਲਈ ਪੂਰਾ ਪੂਰਾ ਵਰਤਿਆ। ਜਿਹੜੇ ਆਗੂ ਕੰਡਮ ਹੋ ਚੁਕੇ ਸਨ ਉਹ ਮੁਹਰਲੀ ਕਤਾਰ
ਵਿੱਚ ਆ ਬੈਠੇ। ਜਦੋ ਸੁਖਬੀਰ ਬਾਦਲ ਨੂੰ ਸਿੱਖਾਂ ਨੂੰ ਮਨਾਉਣ ਦੀ ਲੋੜ ਮਹਿਸੂਸ ਹੋਈ ਉਹ ਵੀ ਸਿਧਾ
ਸਿੱਖਾਂ ਨੂੰ ਮੁਖਾਤਿਬ ਹੋਣ ਦੀ ਬਜਾਏ ਪੁਜਾਰੀਵਾਦ ਨੂੰ ਮਨਾੳਣ ਲਈ ਡੇਰਿਆਂ ਵਿੱਚ ਗਿਆ।
ਕਿਉਂਕਿ ਸਿੱਖ ਸਰੂਪ ਨਾਲ ਜੁੜ ਚੁਕਾ ਹੈ ਇਸ ਕਰਕੇ ਉਸ ਲਈ ਸਰੀਰਕ ਕੁਰਬਾਨੀ
ਵਧੀਆ ਸਿੱਖ ਹੋਣ ਦੀ ਇਕੋ ਇੱਕ ਸ਼ਰਤ ਬਣ ਗਈ ਹੈ। ਸਰੀਰਕ ਕੁਰਬਾਨੀ ਬੇਹੱਦ ਹੌਸਲੇ ਦਾ ਕੰਮ ਹੈ।
ਕੋਈ ਵਿਰਲਾ ਸੂਰਮਾ ਹੀ ਇਹ ਕੰਮ ਕਰ ਸਕਦਾ ਹੈ। ਪਰ ਸਿਧਾਂਤ ਤੇ ਟਿਕੇ ਰਹਿਣ ਬਿਨਾਂ ਸਰੀਰਕ ਕੁਰਬਾਨੀ
ਆਪਣਾ ਮਕਸਦ ਪੂਰਾ ਨਹੀਂ ਕਰ ਸਕਦੀ। ਸ਼ਾਤਰ ਆਗੂ ਇਹ ਗਲ ਭਲੀ ਭਾਂਤ ਜਾਣਦਾ ਹੈ ਕਿ ਸਿੱਖ ਬਿਬੇਕ ਸਹਿਤ
ਪਰਖ ਕਰਨ ਦਾ ਆਦੀ ਨਹੀਂ ਹੈ ਇਸ ਲਈ ਉਹ ੳਸ ਦੀਆਂ ਭਾਵਨਾਵਾ ਦਾ ਅਛੋਪਲੇ ਹੀ ਮੁੱਲ ਵੱਟ ਔਹ ਜਾਂਦਾ
ਔਹ ਜਾਂਦਾ। ਹਵਾਰੇ ਨੂੰ ਜਥੇਦਾਰ ਥਾਪਣਾ ਇਸ ਦੀ ਇੱਕ ਤਾਜਾ ਮਿਸਾਲ ਹੈ। ਮੋਜ਼ੁਦਾ ਬੇਅਦਬੀ ਵਿਰੁਧ
ਹੋਏ ਸੰਘਰਸ਼ ਵਿੱਚ ਜੋ ਦੋ ਗਭਰੂ ਆਪਣੀ ਜਾਨ ਗੁਆ ਬੈਠੇ ਨੇ ਉਹਨਾਂ ਦੀ ਮੌਤ ਨੂੰ ਵੀ ਸਾਰੀਆਂ ਧਿਰਾਂ
ਆਪੋ ਆਪਣੇ ਮੁਫਾਦ ਲਈ ਵਰਤ ਰਹੀਆਂ ਹਨ। ਸਿੱਖ ਇਹ ਸਭ ਖੁਸ਼ੀ ਖੁਸ਼ੀ ਹੋਣ ਦੇ ਰਿਹਾ ਹੈ। ਉਸ ਨੂੰ ਇਹ
ਚੰਗਾ ਲਗ ਰਿਹਾ ਹੈ।
ਸਿੱਖ ਆਪਣੀਆਂ ਮੁੱਖ ਸੰਸਥਾਵਾ ਦਾ ਵੀ ਮੁਲਾਂਕਣ ਨਹੀ ਕਰ ਰਿਹਾ। ਇਹ
ਸੰਸਥਾਵਾਂ ਵੀ ਇਹ ਗੱਲ ਜਾਣਦੀਆਂ ਹਨ ਕਿ ਸਿੱਖ ਬਿਬੇਕ ਹੀਣ ਹੈ ਅਤੇ ਸ਼ਰਧਾ ਦੇ ਜਾਦੂ ਵੱਸ ਉਹਨਾਂ
ਖਿਲਾਫ ਕੋਈ ਕਾਰਵਾਈ ਨਹੀ ਕਰੇਗਾ। ਇਸੇ ਕਰਕੇ ਇਹ ਸੰਸਥਾਵਾਂ ਸਿੱਖ ਦਾ ਕੋਈ ਵੀ ਮਸਲਾ ਹੱਲ ਨਹੀਂ ਕਰ
ਰਹੀਆਂ। ਦੇਸ਼ ਵਿਦੇਸ਼ ਵਿੱਚ ਸਿਖ ਅਦਾਲਤਾਂ ਅੰਦਰ ਆਪਣੇ ਮਸਲੇ ਆਪ ਜਾਂ ਆਪਣੀਆਂ ਸਥਾਨਿਕ ਸੰਸਥਾਵਾ
ਰਾਹੀਂ ਨਿੱਜਠ ਰਹੇ ਨੇ। ਸਿੱਖ ਵਾਰ ਵਾਰ ਨਿਰਾਸ਼ ਹੋਣ ਦੇ ਬਾਵਜ਼ੂਦ ਸ਼ਰਧਾ ਵੱਸ ਫਿਰ ਇਹਨਾਂ ਸੰਸਥਾਵਾਂ
ਪਾਸ ਜਾਂਦਾ ਹੈ। ਇਹਨਾਂ ਸੰਸਥਾਵਾਂ ਦਾ ਮੁਲਾਂਕਣ ਕਰ ਕੋਈ ਬਦਲ ਨਹੀ ਲੱਭ ਰਿਹਾ।
ਅਗਰ ਸਿੱਖ ਸਿਧਾਂਤ ਨਾਲ ਜੁੜੇ ਹੁੰਦੇ ਤਾਂ ਸਿੱਖਾਂ ਦੀਆਂ ਬਹੁਤ ਸਾਰੀਆਂ
ਸਮੱਸਿਆਵਾਂ ਆਪਣੇ ਆਪ ਹੀ ਹੱਲ ਹੋ ਜਾਣੀਆਂ ਸਨ। ਜਦੋਂ ਸਿੱਖ ਸਿਧਾਂਤ ਨਾਲ ਜੁੜਦਾ ਹੈ ਤਾਂ
ਪੁਜਾਰੀਵਾਦ ਆਪਣੇ ਆਪ ਖ਼ਤਮ ਹੋ ਜਾਂਦਾ ਹੈ। ਬਿਬੇਕ ਸ਼ਰਧਾ ਤੇ ਭਾਰੂ ਹੋ ਜਾਂਦਾ ਹੈ। ਆਪਾਂ ਇੱਕ
ਮਿਸਾਲ ਲੈਂਦੇ ਹਾਂ। ਸਰਸੇ ਵਾਲੇ ਡੇਰੇਦਾਰ ਗੁਰਮੀਤ ਰਾਮ ਰਹੀਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੇ
1699 ਦੀ ਵਿਸਾਖੀ ਵਾਲੇ ਕੌਤਕ ਦੀ ਨਕਲ ਕੀਤੀ। ਸਿਖ ਭੜ੍ਹਕ ਉੱਠੇ। ਉਹਨਾ ਤੋਂ ਇਹ ਬਰਦਾਸ਼ਤ ਨਹੀ
ਹੋਇਆ ਕਿ ਗੁਰੂ ਸਾਹਿਬ ਵਰਗਾ ਲਿਬਾਸ ਪਹਿਨ ਕੋਈ ਹੋਰ ਸ਼ਖਸ਼ ਉਹਨਾ ਵਰਗਾ ਬਣ ਕੇ ਪੇਸ਼ ਆਏ। ਸਾਡੇ
ਜਥੇਦਾਰ ਨੇ ਵੀ ਸਰਸੇ ਵਾਲੇ ਵਿਰੁਧ ਹੁਕਮਨਾਵਾਂ ਕੱਢ ਮਾਰਿਆਂ। ਜੋ ਗੁਰੂ ਸਾਹਿਬ ਨੇ 1699 ਨੂੰ
ਕੀਤਾ ਸੀ ਉਸ ਦੀ ਸਿਧਾਂਤ ਪੱਖੋਂ ਨਕਲ ਕਰਨੀ ਜਾਂ ਉਸ ਨੂੰ ਦੁਹਰਾਉਣਾ ਅਸੰਭਵ ਹੈ। ਸਰਸੇ ਵਾਲੇ ਸਾਧ
ਨੇ ਸਿਰਫ 1699 ਦੀ ਵਿਸਾਖੀ ਨੂੰ ਜੋ ਵਾਪਰਿਆਂ ਉਸ ਦੇ ਬਾਹਰਲੇ ਸਰੂਪ ਦੀ ਹੀ ਨਕਲ ਕੀਤੀ। ਇਸ ਤੋਂ
ਵੱਧ ਉਹ ਕਰ ਵੀ ਨਹੀ ਸੀ ਸਕਦਾ। ਜ਼ਾਹਰ ਹੈ ਇਥੇ ਵੀ ਸਿੱਖ ਸਿਰਫ ਇਸ ਕਰਕੇ ਹੀ ਭੜਕੇ ਕਿਉਂਕਿ ਉਹ ਇਹ
ਬਰਦਾਸ਼ਤ ਨਹੀਂ ਕਰ ਸਕੇ ਕਿ ਜੋ ਗੁਰੂ ਸਾਹਿਬ ਨੇ 1699 ਦੀ ਵਿਸਾਖੀ ਨੂੰ ਕੀਤਾ ਸੀ ਉਸ ਦੇ ਸਰੂਪ ਦੀ
ਕੋਈ ਨਕਲ਼ ਕਰੇ। ਇਸ ਸਾਰੇ ਘਟਨਾਕ੍ਰਮ ਵਾਰੇ ਹੇਠ ਲਿਖੀਆਂ ਗੱਲਾਂ ਵਿਚਾਰਣਯੋਗ ਨੇ।
- ਗੁਰੂ ਸਾਹਿਬ ਤਾਂ ਲੱਖਾਂ ਮੀਲ ਪੈਂਡਾ ਚੱਲ ਕੇ ਆਪਣੇ ਹਮਖਿਆਲ ਗੁਰਮੁਖਿ ਲੱਭਣ ਚੌਪਾਸੇ
ਗਏ। ਜੋ ਵੀ ਹਮਖ਼ਿਆਲ ਜਿੱਥੇ ਵੀ ਮਿਲਿਆ ਜਾਂ ਉਸ ਦੀ ਰਚਨਾ ਮਿਲੀ ਗੁਰੂ ਸਾਹਿਬ ਨੇ ਉਸ ਨੂੰ
ਹਿੱਕ ਨਾਲ ਲਾਇਆ, ਸਤਿਕਾਰ ਦਿੱਤਾ। ਅਗਰ ਕੋਈ ਹੁਣ ਉਹਨਾਂ ਦੇ ਸਿਧਾਂਤ ਨਾਲ ਮਿਲਦੀ ਗੱਲ ਕਰਦਾ
ਹੈ ਤਾਂ ਇਹ ਉਹਨਾ ਦੇ ਸਿਧਾਂਤ ਦੀ ਪ੍ਰੋੜਤਾ ਹੀ ਹੋਵੇਗੀ ਅਤੇ ਉਹ ਵੀ ਸਿੱਖਾਂ ਦੇ ਸਤਿਕਾਰ ਦਾ
ਪਾਤਰ ਬਣੇਗਾ ਜਾਂ ਬਣਨਾ ਚਾਹੀਦਾ ਹੈ।
- ਅਗਰ ਕੋਈ ਗੁਰੂ ਸਾਹਿਬ ਦੇ ਸਿਧਾਂਤ ਤੇ ਅਮਲ ਕੀਤੇ ਬਿਨਾ ਉਹਨਾਂ ਵਰਗਾ ਲੱਗਣ ਲਈ ਉਹਨਾ ਦੇ
ਸਰੂਪ ਦੀ ਹੀ ਨਕਲ ਕਰਦਾ ਹੈ ਤਾਂ ਉਹ ਇੱਕ ਨਕਲਚੀ ਤੇ ਸਿਧਾਂਤਹੀਣ ਵਿਅਕਤੀ ਸਿੱਧ ਹੁੰਦਾ ਹੈ।
ਅਗਰ ਆਪਣੇ ਆਪ ਨੂੰ ਗੁਰੂ ਕਹਿਲਾਉਣ ਵਾਲਾ ਵਿਅਕਤੀ ਅਜਿਹੀ ਹਰਕਤ ਕਰਦਾ ਹੈ ਫਿਰ ਤਾਂ ਉਸ ਦੇ
ਹੋਰ ਵੀ ਲੱਖ ਲਾਹਣਤ। ਜਿਸ ਗੁਰੂ ਕੋਲ ਆਪਣਾ ਸਿਧਾਂਤ ਹੀ ਨਹੀਂ ਉਹ ਚੇਲੇ ਨੂੰ ਕੀ ਸੇਧ
ਦੇਵੇਗਾ। ਉਸ ਦੇ ਮਗਰ ਲਗਣ ਵਾਲੇ ਵੀ ਇੱਕ ਭੇਡਾਂ ਦੇ ਇੱਜੜ ਤੋਂ ਬਿਨਾਂ ਹੋਰ ਕੁੱਝ ਨਹੀਂ।
- ਸਿੱਖਾਂ ਦੇ ਭੜਕਣ ਦਾ ਸਭ ਤੋਂ ਵਧ ਲਾਭ ਸਰਸੇ ਵਾਲੇ ਸਾਧ ਨੂੰ ਹੀ ਹੋਇਆ। ਸਿੱਖਾਂ ਦੀ
ਭੜਕਾਹਟ ਨੇ ਉਸ ਦੇ ਸ਼ਰਧਾਲੂਆਂ ਵਿੱਚ ਉਸ ਦੀ ਭੱਲ ਹੋਰ ਵੀ ਪੱਕੀ ਕਰ ਦਿੱਤੀ। ਸ਼ਰਧਾਲੂਆਂ ਨੂੰ
ਵੀ ਇਹ ਭਰਮ ਪੈ ਗਿਆਂ ਕਿ ਸਚਮੁਚ ਹੀ ਉਹਨਾ ਦਾ "ਗੁਰੂ ਮਹਾਰਾਜ" ਵੀ ਗੁਰੂ ਗੋਬਿੰਦ ਸਿੰਘ ਵਰਗਾ
ਹੈ ਤਾਂਹੀਓਂ ਤਾਂ ਸਿੱਖ ਇੰਨੇ ਔਖੇ ਹੋ ਰਹੇ ਨੇ। ਗਲ ਕੀ ਇੱਕ ਨਾਟਕ ਸੱਚ ਬਣ ਗਿਆ।
- ਇਥੇ ਸਿੱਖ ਦੀ ਅਗਵਾਈ ਉਸ ਦੇ ਆਗੂ ਨੇ ਕਰਨੀ ਸੀ ਪਰ ਦੁੱਖ ਦੀ ਗਲ ਇਹ ਹੈ ਕਿ ਉਹ ਆਪ ਹੀ
ਸਿਧਾਂਤ ਨਾਲੋਂ ਟੁੱਟ ਚੁੱਕਾ ਹੈ। ਜਥੇਦਾਰ ਸਾਹਿਬ ਸਿੱਖਾਂ ਨੂੰ ਇਹ ਗਲ ਸਮਝਾ ਸਕਦੇ ਸਨ ਅਤੇ
ਸਰਸੇ ਵਾਲੇ ਸਾਧ ਨੂੰ ਵੀ ਸਵਾਲ ਕਰ ਸਕਦੇ ਸਨ ਕਿ ਗੁਰੂ ਦੀ ਨਕਲ ਕੀਤਿਆ ਗੁਰੂ ਵਰਗਾ ਨਹੀਂ ਬਣ
ਹੋਣਾ। ਆਪਣੀ ਕਹਿਣੀ ਅਤੇ ਕਰਨੀ ਨੂੰ ਮੇਚ ਕੇ ਦੱਸੇ। ਸੱਚ ਦੇ ਰਾਹ ਤੇ ਚਲਦਿਆਂ ਆਪਣਾ ਸਰਬੰਸ
ਵਾਰ ਕੇ ਦਿਖਾਵੇ। 1699 ਦੀ ਵਿਸਾਖੀ ਨੂੰ ਗੁਰੂ ਸਾਹਿਬ ਨੇ ਸਿਰਫ ਸ਼ਰਬਤ ਹੀ ਨਹੀਂ ਪਿਲਾਇਆ ਪਰ
ਇੱਕ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਸੀ। ਪੁਜਾਰੀ ਦੀ ਵਿਚੋਲਗਿਰੀ ਖ਼ਤਮ ਕਰ ਸਿੱਖ ਨੂੰ
ਜਾਤ, ਧਰਮ, ਕਰਮ, ਭਰਮ ਅਤੇ ਸ਼ਰਮ ਤੋ ਖੁਲਾਸੀ ਦੁਆ ਅਕਾਲ ਪੁਰਖ ਨਾਲ ਸਿਧਾ ਜੋੜਿਆ ਸੀ। ਜੋ ਸ਼ਖਸ਼
ਆਪ ਹੀ ਵਿਚੋਲਗਿਰੀ ਦੀ ਕਮਾਈ ਖਾਂਦਾ ਹੋਵੇ ਉਹ ਗੁਰੂ ਸਾਹਿਬ ਵਰਗਾ ਕਿਵੇਂ ਬਣ ਸਕਦਾ ਹੈ।
ਜਥੇਦਾਰ ਸਾਹਿਬ ਇਹ ਗੱਲ ਨਹੀਂ ਕਹਿ ਸਕਦੇ ਸਨ ਕਿਉਂਕਿ ਉਹ ਆਪ ਵੀ ਉਸ ਪੁਜਾਰੀਵਾਦ ਦੀ ਉਪਜ ਨੇ
ਜੋ ਵਿਚੋਲਗਿਰੀ ਦੀ ਵਕਾਲਤ ਕਰਦਾ ਹੈ। ਸੋ ਸਿੱਖ ਨੂੰ ਸਹੀ ਸੇਧ ਨਹੀਂ ਮਿਲੀ ਜਿਸ ਕਰਕੇ ਖੰਡੇ
ਦੀ ਪਾਹੁਲ ਦਾ ਸਿਧਾਂਤ ਸ਼ਰਬਤ ਬਣ ਕੇ ਰਹਿ ਗਿਆ। ਸਿੱਖ ਨੂੰ ਇਸ ਨੁਕਸਾਨ ਦੀ ਸਮਝ ਨਹੀਂ ਲੱਗੀ
ਕਿਉਂਕਿ ਉਹ ਆਪ ਵੀ ਖੰਡੇ ਦੀ ਪਾਹੁਲ ਦੇ ਸਿਧਾਂਤ ਨਾਲੋਂ ਟੁੱਟਾ ਹੋਣ ਕਰਕੇ ਹੁਣ ਇਸ ਨੂੰ ਮਹਿਜ਼
ਇੱਕ ਰਸਮ ਸਮਝਦਾ ਹੈ।
- ਸਿਆਸੀ ਆਗੂ ਨੂੰ ਇਹ ਵਧੀਆਂ ਮੌਕਾ ਮਿਲਿਆਂ ਅਤੇ ਉਸਨੇ ਬਲਦੀ ਤੇ ਆਪਣੀਆਂ ਰੋਟੀਆਂ ਖੂਬ
ਸੇਕੀਆਂ। ਸਿੱਖ ਦਾ ਧਾਰਮਿਕ ਆਗੂ ਵੀ ਸਿਧਾਂਤ ਤੋ ਟੁੱਟਾ ਹੋਣ ਕਰਕੇ ਸਿਆਸਤ ਦਾ ਗੁਲਾਮ ਹੈ। ਇਸ
ਨੇ ਸਿੱਖ ਲਈ ਹੋਰ ਵੀ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਨੇ। ਬਹੁਤੇ ਧਾਰਮਿਕ ਆਗੂ ਪੁਜਾਰੀ ਬਣ
ਵਿਚੋਲਗਿਰੀ ਕਰਦੇ ਨੇ। ਉਹ ਸਰਸੇ ਵਾਲੇ ਸਾਧ ਨਾਲੋਂ ਜ਼ਿਆਦਾ ਭਿੰਨ ਨਹੀਂ ਹਨ। ਉਹਨਾਂ ਦਾ ਸਰਸੇ
ਵਾਲੇ ਸਾਧ ਦਾ ਵਿਰੋਧ ਨਿਰਾ ਨਾਟਕ ਹੈ ਜੋ ਉਹ ਸਿਆਸੀ ਆਗੂ ਦੇ ਇਸ਼ਾਰੇ ਤੇ ਕਰ ਰਿਹਾ ਹੈ। ਉਹ
ਇੰਨ੍ਹੀ ਹਿੰਮਤ ਨਹੀ ਰੱਖਦਾ ਕਿ ਸਿਆਸੀ ਆਗੂ ਦਾ ਰਾਹ ਰੋਕ ਸਿੱਖ ਨੂੰ ਸਹੀ ਸੇਧ ਦੇਵੇ।
- ਇਸ ਸਾਰੇ ਪ੍ਰਸੰਗ ਦਾ ਤੱਤ ਸਾਰ ਇਹ ਨਿਕਲਦਾ ਹੈ ਕਿ ਪੂਰੇ ਘਟਨਾਕ੍ਰਮ ਵਿੱਚ ਸਿਆਸੀ ਆਗੂ
ਅਤੇ ਸਰਸੇ ਵਾਲੇ ਸਾਧ ਸਮੇਤ ਸਾਰੀ ਪੁਜਾਰੀ ਜਮਾਤ ਮੁਨਾਫੇ `ਚ ਰਹੀ ਜਦਕਿ ਸਿੱਖ ਅਤੇ ਸਰਸੇ
ਵਾਲੇ ਦੇ ਸ਼ਰਧਾਲੂ ਘਾਟੇ ਵਿੱਚ।
ਇਤਿਹਾਸ ਵਿੱਚ ਇਸ ਗਲ ਦਾ ਜ਼ਕਰ ਆਉਂਦਾ ਹੈ ਕਿ ਗੁਰੂ ਅੰਗਦ ਸਾਹਿਬ ਨੇ ਸਿਖਾਂ
ਦੀ ਸਰੀਰਕ ਤੰਦਰੁਸਤੀ ਲਈ ਮੱਲ ਅਖਾੜੇ ਸ਼ੁਰੂ ਕੀਤੇ ਅਤੇ ਉਹਨਾਂ ਦੀ ਬੌਧਿਕ ਤੰਦਰੁਸਤੀ ਲਈ ਵਿਦਿਆ
ਲੈਣ ਲਈ ਪ੍ਰੇਰਿਆ ਜਿਸ ਲਈ ਉਹਨਾ ਗੁਰਮੁਖੀ ਦੇ ਕੈਦੇ ਆਪ ਤਿਆਰ ਕੀਤੇ। ਪੰਜਾਬੀ ਕੌਮ ਖਾਸ ਕਰਕੇ
ਸਿੱਖਾਂ ਦੀ ਤਰੱਕੀ ਦਾ ਮੁੱਢ ਇਥੋਂ ਬੱਝਾ। ਹੁਣ ਜਦੋਂ ਸਿੱਖ ਸਰੀਰਕ ਅਤੇ ਬੌਧਿਕ ਮਿਹਨਤ ਨੂੰ ਤਿਆਗ
ਰਿਹਾ ਹੈ ਇਸ ਦਾ ਸਪਸ਼ਟ ਅਸਰ ਸਾਡੇ ਸਾਰਿਆ ਦੇ ਸਾਹਮਣੇ ਹੈ। ਗੁਰਮਤਿ ਦਾ ਫੈਸਲਾ ਹੈ ਕਿ ਅਸੀ ਜੋ
ਬੀਜਦੇ ਹਾਂ ਉਹੀ ਫਸਲ ਵੱਢਦੇ ਹਾਂ। ਇਹ ਫੈਸਲਾ ਸਭ ਤੇ ਇੱਕ ਸਮਾਨ ਲਾਗੂ ਹੁੰਦਾ ਹੈ ਚਾਹੇ ਉਹ ਸਿਆਸੀ
ਨੇਤਾ ਹੈ, ਧਾਰਮਿਕ ਆਗੂ ਜਾਂ ਆਮ ਆਦਮੀ। ਕਰਤਾਰ ਬਿਨਾਂ ਕਿਸੈ ਭੈ ਅਤੇ ਵਿਤਕਰੇ ਦੇ ਆਪਣਾ ਇਹ ਅਟੱਲ
ਹੁਕਮ ਵਰਤਾ ਰਿਹਾ ਹੈ। ਅਜੋਕੇ ਹਾਲਾਤ ਇਸ ਤਰ੍ਹਾਂ ਹਨ ਕਿ ਸਿਖ ਗੁਰੂ ਦੇ ਸਿਧਾਂਤ ਤੋਂ ਬੇਮੁਖ ਹੋ
ਜਾਣੇ ਅਣਜਾਣੇ ੳਸ ਦੇ ਸਰੂਪ ਨਾਲ ਹੀ ਜੁੜ ਗਿਆ ਹੈ। ਸਿੱਖ ਨੂੰ ਆਪਣੀ ਇਸ ਕਰਨੀ ਦਾ ਫਲ ਭੁਗਤਣਾ ਪੈ
ਰਿਹਾ ਹੈ। ਗੁਰੂ ਦਾ ਅਨੰਦ ਬਾਣੀ ਅੰਦਰ ਫੁਰਮਾਨ ਹੈ-
ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨਾ ਪਾਵੈ॥
ਪਾਵੈ ਮੁਕਤਿ ਨਨ ਹੋਰਥੈ ਕੋਈ ਪੁਛਹੁ ਬਿਬੇਕੀਆ ਜਾਏ॥
ਅਨੇਕ ਜੂਨੀ ਭਰਿਮ ਆਵੈ, ਵਿਣ ਸਤਿਗੁਰ ਮੁਕਤਿ ਨ ਪਾਏ॥
ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥
ਕਹੇ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਗਿੁਰ ਮੁਕਤਿ ਨ ਪਾਏ॥ 22॥
ਸਿੱਖ ਹੁਣ ਭਟਕਣਾ ਵਿੱਚ ਆਵਾਰਗੀ ਦੀ ਜੂਨ ਭੁਗਤ ਰਿਹਾ ਹੈ। ਉਹ ਇਸੇ ਤਰ੍ਹਾਂ
ਭਟਕਦਾ ਰਹੇਗਾ ਜਦੋਂ ਤਕ ਮੁੜ ਗੁਰੂ ਦਾ ਸਬਦੁ ਸੁਣ ਸਿਧਾਂਤ ਨਾਲ ਨਹੀਂ ਜੁੜਦਾ। ਇਹ ਫੁਰਮਾਨ ਹਰ ਇੱਕ
ਤੇ ਇਕਸਾਰ ਢੁੱਕਦਾ ਹੈ। ਇਹ ਉਹਨਾਂ ਆਗੂਆਂ ਤੇ ਵੀ ਲਾਗੂ ਹੈ ਜੋ ਇਸ ਵੇਲੇ ਸਿੱਖ ਦੀਆਂ ਭਾਵਨਾਵਾਂ
ਦਾ ਮੁਲ ਵੱਟ ਆਪਣੇ ਆਪ ਨੂੰ ਚਤੁਰ ਸਮਝ ਰਹੇ ਨੇ। ਉਹ ਵੀ ਅਵਾਰਗੀ ਦੀ ਜੂਨੇ ਹਨ। ਇੱਥੇ ਇੱਕ ਗਲ
ਧਿਆਨ ਮੰਗਦੀ ਹੈ। ਅਨੰਦ ਬਾਣੀ ਦੀ ਇਸ ਪੌੜੀ ਵਿੱਚ ਗੁਰੂ ਸਾਹਿਬ ਇਹ ਨਹੀ ਕਹਿ ਰੇ ਕਿ ਜੇ "ਸਿੱਖ"
ਗੁਰੂ ਤੋਂ ਬੇਮੁਖ ਹੋਵੇ ਪਰ ਇਸ ਤੋਂ ਪਹਿਲੀ ਪੌੜੀ ਵਿੱਚ ਉਹ ਜਦੋਂ ਸਨਮੁਖ ਹੋਣ ਦੀ ਗਲ ਕਰਦੇ ਨੇ
ਤਾਂ ਸਿੱਖ ਲ਼ਫ਼ਜ਼ ਦੀ ਵਰਤੋ ਕਰਦੇ ਨੇ। ਸਨਮੁਖ ਦਾ ਅਰਥ ਹੈ ਆਗਿਆਕਾਰੀ ਹੋਣਾ, ਗੁਰੂ ਦੀ ਗਲ਼ ਨੂੰ
ਮੰਨਣਾ। ਸੋ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠ ਕੇ ਹੀ ਸਿੱਖ ਨਹੀਂ ਬਣ ਜਾਈਦਾ ਬਲਕਿ ਗੁਰੂ ਦਾ
ਅਗਿਆਕਾਰੀ ਹੋਣਾ ਲਾਜ਼ਮੀ ਹੈ। ਜਦੋਂ ਸਿੱਖ ਬਣ ਜਾਈਦਾ ਹੈ ਤਾਂ ਲੋਕਾਈ ਵਿੱਚ ਪਈਆਂ ਲੀਕਾਂ ਮਿਟ
ਜਾਂਦੀਆਂ ਹਨ। ਸਾਡਾ ਸਭ ਦਾ ਸਾਂਝਾ ਬਾਪੂ ਹੈ ਅਤੇ ਅਸੀਂ ਸਾਰੇ ਸਾਂਝੀਵਾਲ ਹਾਂ। ਕੋਈ ਓਪਰਾ ਹੈ ਹੀ
ਨਹੀਂ। ਸਰਸੇ ਵਾਲੇ ਸਾਧ ਦੇ ਚੇਲਿਆਂ ਦਾ ਬਾਪੂ ਵੀ ਉਹੀ ਹੈ। ਜਦੋਂ ਇਹ ਗਲ ਸਮਝ ਆ ਜਾਏ ਤਾਂ
ਹੁਕਮਨਾਮੇ ਜ਼ਾਰੀ ਕਰਨ ਦੀ ਲੋੜ ਨਹੀਂ ਰਹਿੰਦੀ।
ਜਦੋਂ ਤਕ ਸਿੱਖ ਸਿਧਾਂਤ ਨਾਲੋ ਟੁਟਿਆ ਰਹੇਗਾ ਉਦੋਂ ਤਕ ਉਹ ਸਰੂਪ ਦੀ
ਬੇਅਦਬੀ ਉੱਤੇ ਗੁੱਸੇ ਹੁੰਦਾ ਰਹੇਗਾ ਅਤੇ ਉਸ ਦੀਆਂ ਭਾਵਨਾਵਾਂ ਦਾ ਸਿਆਸੀ ਅਤੇ ਧਾਰਮਿਕ ਆਗੂ ਮੁੱਲ
ਵੱਟਦੇ ਰਹਿਣਗੇ। ਸਿੱਖ ਨੂੰ ਗੁਰੂ ਦੇ "ਸਨਮੁਖ" ਹੋਣ ਦੀ ਲੋੜ ਹੈ।
ਅਕਸਰ ਇੱਕ ਗੱਲ ਕਹੀ ਜਾਂਦੀ ਹੈ ਕਿ ਇਸ ਸਾਰੀ ਸਮੱਸਿਆ ਦੀ
ਜੜ੍ਹ ਬਾਦਲ ਪਰਿਵਾਰ ਦਾ ਸਿੱਖਾਂ ਦੇ ਧਾਰਮਿਕ ਅਦਾਰਿਆਂ ਤੇ ਕਬਜ਼ਾ ਹੈ। ਅਤੇ ਹਲ ਇਹਨਾਂ ਅਦਾਰਿਆਂ ਦੀ
ਬਾਦਲ ਸਾਹਿਬ ਦੇ ਕਬਜ਼ੇ ਤੋਂ ਅਜ਼ਾਦੀ ਦੱਸੀ ਜਾਂਦੀ ਹੈ। ਅਗਰ ਸਿਧਾਂਤ ਨਾਲ ਨਹੀਂ ਜੁੜਦੇ ਤਾਂ ਬਾਦਲ
ਦੇ ਜਾਣ ਬਾਅਦ ਕੋਈ ਹੋਰ ਆ ਜਾਏਗਾ ਜੋ ਉਹੀ ਕਰੇਗਾ ਜੋ ਅੱਜ ਬਾਦਲ ਕਰ ਰਿਹਾ ਹੈ। ਸਿਰਫ ਨਾਮ ਹੀ
ਬਦਲੇਗਾ। ਸੋ ਸਮੇ ਦੀ ਲੋੜ ਹੈ ਗੁਰੂ ਦੇ ਸਨਮੁਖ ਹੋਣ ਦੀ।
ਜਰਨੈਲ਼ ਸਿੰਘ
ਸਿਡਨੀ, ਅਸਟ੍ਰੇਲੀਆ
(ਸੰਪਾਦਕੀ ਟਿੱਪਣੀ:- ਇਸ
ਤਰ੍ਹਾਂ ਦੇ ਲੇਖ ਪੜ੍ਹ ਕੇ ਮਨ ਨੂੰ ਕੁੱਝ ਹੌਂਸਲਾ ਮਿਲਦਾ ਹੈ ਕਿ ਅਕਲ ਨਾਲ ਗੱਲ ਕਰਨ ਵਾਲੇ ਵੀ
ਸਿੱਖ ਹਾਲੇ ਵਿਰਲੇ –ਵਿਰਲੇ ਮੌਜੂਦ ਹਨ। ਬਹੁਤੀਆਂ ਤਾਂ ਸ਼ਰਧਾ ਵਾਲੀਆਂ ਭੇਡਾਂ ਹੀ ਹਨ। ਮੈਂ ਤਾਂ
ਆਪਣਾ ਫੇਸ-ਬੁੱਕ ਵਾਲਾ ਅਕਾਉਂਟ ਕਈ ਮਹੀਨੇ ਪਹਿਲਾਂ ਦਾ ਬੰਦ ਕਰ ਦਿੱਤਾ ਹੋਇਆ ਹੈ ਪਰ ਜਿਹੜੇ
ਫੇਸ-ਬੁੱਕ ਵਰਤਦੇ ਹਨ ਜੇ ਕਰ ਉਹ ਚਾਹੁੰਣ ਤਾਂ ਆਪਣੇ ਵਿਚਾਰ ਹੇਠਾਂ ਪ੍ਰਗਟ ਕਰ ਸਕਦੇ ਹਨ)