ਤੈ ਨਰ ਕਿਆ ਪੁਰਾਨ ਸੁਨਿ ਕੀਨਾ॥
ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨ ਨ ਦੀਨਾ॥ ਰਹਾਉ॥
ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ॥
ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫ਼ਲ ਭਈ ਸਭ ਸੇਵਾ॥ ੧॥
ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟਿ ਭਰੇ ਅਪਰਾਧੀ॥
ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ॥ ੨॥
ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ॥
ਪਰਮਾਨੰਦ ਸਾਧ ਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ॥ ੩॥
ਸ਼ਬਦ ਅਰਥ:- ਤੈ: ਤੂੰ। ਨਰ: ਪੁਰਖ, ਮਨੁੱਖ। ਪੁਰਾਨ:
ਪ੍ਰਾਚੀਨ ਧਰਮ-ਗ੍ਰੰਥ। ਕੀਨਾ: ਕੀਤਾ। ਅਨਪਾਵਨੀ: ਅਨ=ਨਾਂਹ+ਪਾਵਨੀ=ਨਾਸ਼ ਹੋਣ ਵਾਲੀ
ਅਰਥਾਤ ਨਾਸ਼ ਨਾ ਹੋਣ ਵਾਲੀ, ਅਡੋਲ, ਨਿਰੰਤਰ ਤੇ ਸਦੀਵੀ। ਰਹਾਉ। ਕਾਮੁ: ਹਿਰਸ, ਹਵਸ,
ਤ੍ਰਿਸ਼ਨਾ। ਬਿਸਰਿਓ: ਵਿਸਾਰਿਆ, ਮਨ ਵਿੱਚੋਂ ਕੱਢਿਆ, ਭੁਲਾਇਆ। ਦੇਵਾ: ਦਾਤਾ,
ਜੀਵਨ-ਦਾਤਾ। ਪਰ: ਪਰਾਈ, ਦੂਜਿਆਂ ਦੀ। ਨਿੰਦਾ: ਦੂਸਰਿਆਂ ਦੇ ਗੁਣਾਂ ਵਿੱਚ
ਵੀ ਦੋਸ਼ ਲੱਭਣੇ ਤੇ ਲਾਉਣੇ। ਨਿਫਲ: ਨਿਸ਼ਫਲ, ਬੇਫ਼ਾਇਦਾ, ਬੇਅਰਥ। ਸੇਵਾ:
(ਪੁਰਾਨ/ਗ੍ਰੰਥ ਦੇ) ਪੂਜਾ-ਪਾਠ ਦੀ ਸੇਵਾ, ਪੂਜਾ-ਭਗਤੀ। ੧। ਬਾਟ ਪਾਰਿ:
ਬਾਟ=ਰਾਹ+ਪਾਰ=ਲੁੱਟਣਾ/ਠੱਗਣਾ/ਖੋਹਣਾ। ਮੂਸਿ: ਮੂਸਣਾ: ਚੁਰਾਣਾ, ਠੱਗਣਾ, ਲੁੱਟਣਾ;
ਮੂਸਿ: ਠੱਗ ਕੇ, ਲੁੱਟ ਕੇ। ਬਿਰਾਨੋ: ਬੇਗਾਨਿਆਂ/ਦੂਸਰਿਆਂ ਦਾ। ਪਰਲੋਕ: ਉਹ
ਲੋਕ ਜਿੱਥੇ ਆਤਮਾ/ਰੂਹ ਨੇ ਸ਼ਰੀਰ ਛੱਡਣ ਪਿੱਛੋਂ ਜਾਣਾ ਹੈ, ਨਰਕ-ਸਵਰਗ। ਅਪਕੀਰਤਿ:
ਖ਼ੁਨਾਮੀ, ਅਪਮਾਨ, ਬਦਨਾਮੀ, ਨਿਰਾਦਰ। ਅਬਿਦਿਆ: ਅਣਪੜ੍ਹਤਾ, ਮੂੜ੍ਹਤਾ, ਅਗਿਆਨਤਾ।
ਸਾਧੀ: ਅਭਿਆਸ ਕੀਤਾ। ੨। ਹਿੰਸਾ: ਦੂਜਿਆਂ ਨੂੰ ਮਾਰਨਾ ਜਾਂ ਦੁੱਖ ਦੇਣਾ, ਨਿਰਦਯਤਾ।
ਕਥਾ: ਵਿਚਾਰ-ਵਿਆਖਿਆ। ਪੁਨੀਤ: ਪਵਿਤ੍ਰ, ਪਾਕ, ਨਿਰਮੈਲ, ਸ਼ੁੱਧ। ਚਾਲੀ:
ਪ੍ਰਚੱਲਿਤ, ਰੀਤਿ-ਰਿਵਾਜ। ੩।
ਭਾਵ ਅਰਥ:- ਹੇ ਮਨੁੱਖ! ਧਰਮ-ਗ੍ਰੰਥਾਂ ਦਾ ਪਾਠ ਸੁਣ ਕੇ ਤੈਨੂੰ ਕੀ
ਫ਼ਾਇਦਾ ਹੋਇਆ? (ਪਾਠ ਸੁਣ-ਸੁਣ ਕੇ ਵੀ) ਤੇਰੇ ਅੰਦਰ ਪ੍ਰਭੂ-ਭਗਤੀ ਦੀ ਅਡੋਲ ਤੇ ਸਦੀਵੀ ਭਾਵਨਾ ਪੈਦਾ
ਨਹੀਂ ਹੋਈ; ਅਤੇ ਨਾ ਹੀ ਤੂੰ ਕਿਸੇ ਲੋੜਵੰਦ ਦੀ ਕਦੇ ਸਹਾਇਤਾ ਹੀ ਕੀਤੀ। ਰਹਾਉ।
ਜੀਵਨ-ਦਾਤੇ ਪ੍ਰਭੂ! (ਧਰਮ-ਗ੍ਰੰਥ ਦਾ ਪਾਠ ਪੜ੍ਹ-ਸੁਣ ਕੇ ਵੀ) ਮਨੁੱਖ ਹਵਸ,
ਕਰੋਧ ਤੇ ਲੋਭ-ਲਾਲਚ ਜਿਹੇ (ਮਨ ਆਤਮਾ ਨੂੰ ਮਲੀਨ ਕਰਨ ਵਾਲੇ) ਵਿਕਾਰਾਂ ਤੋਂ ਛੁਟਕਾਰਾ ਨਹੀਂ ਪਾ
ਸਕਿਆ। (ਪਾਠ ਸੁਣਨ ਦਾ ਦਿਖਾਵਾ ਕਰਨ ਵਾਲੇ ਮਨੁੱਖ) ਤੇਰਾ ਦੂਸਰਿਆਂ ਦੀ ਬਦਗੋਈ ਕਰਨ ਦਾ ਝੱਸ ਵੀ
ਨਹੀਂ ਗਿਆ। (ਪਾਠ ਸੁਣਨ ਦਾ ਪਾਖੰਡ ਕਰਨ ਵਾਲੇ ਮਨੁੱਖ) ਧਰਮ-ਗ੍ਰੰਥ ਦਾ ਪਾਠ ਸੁਣਨ ਦਾ ਕਰਮ, ਜਿਸ
ਨੂੰ ਤੂੰ ਸੇਵਾ-ਭਗਤੀ ਸਮਝਦਾ ਹੈਂ, ਤੇਰੇ ਵਾਸਤੇ ਬੇਫ਼ਾਇਦਾ ਹੀ ਰਿਹਾ। ੧।
(ਗ੍ਰੰਥਾਂ ਦਾ ਪਾਠ ਪੜ੍ਹ-ਸੁਣ ਕੇ ਵੀ) ਤੂੰ ਉਹ ਪਾਪੀ ਹੈਂ ਜੋ ਜੀਵਨ-ਮਾਰਗ
ਦੇ ਦੂਸਰੇ ਰਾਹੀਆਂ ਦੀ ਲੁੱਟ-ਮਾਰ ਕਰਕੇ, ਉਨ੍ਹਾਂ ਨੂੰ ਦੁੱਖ ਦੇ ਕੇ ਤੇ ਦੂਜਿਆਂ ਦੇ ਘਰਾਂ ਨੂੰ
ਠੱਗ ਕੇ ਆਪਣੀ ਗੋਗੜ ਭਰਦਾ ਹੈਂ। (ਗ੍ਰੰਥ ਦਾ ਪਾਠ ਸੁਣ ਕੇ ਵੀ) ਤੂੰ (ਮਾਇਆ ਦੇ ਪ੍ਰਭਾਵ ਹੇਠ)
ਮੂੜ੍ਹਤਾ ਦੇ ਅਜਿਹੇ ਨੀਚ ਕਰਮ ਹੀ ਕਮਾਉਂਦਾ ਰਿਹਾ ਜਿਨ੍ਹਾਂ ਸਦਕਾ ਅਗਲੇ ਜਨਮ ਵਿੱਚ ਵੀ ਤੇਰੇ ਮੱਥੇ
`ਤੇ ਕਲੰਕ ਦਾ ਟਿੱਕਾ ਹੀ ਲੱਗੇਗਾ। ੨।
ਹੇ ਪਰਮਾਨੰਦ! (ਧਰਮ-ਗ੍ਰੰਥ ਦੀ ਸਿੱਖਿਆ ਸੁਣ ਕੇ ਵੀ) ਤੂੰ ਆਪਣੇ ਸੁੱਖਾਂ
ਲਈ ਦੂਜਿਆਂ ਨੂੰ ਮਾਰਨ ਤੇ ਦੁੱਖ ਦੇਣ ਦੀ ਅਮਾਨਵੀ ਰੁਚੀ ਨੂੰ ਤਿਆਗ ਨਹੀਂ ਸਕਿਆ, ਅਤੇ ਲੋੜਵੰਦਾਂ
ਉੱਤੇ ਦਇਆ ਕਰਨ ਦੀ ਭਾਵਨਾਂ ਵੀ ਤੇਰੇ ਮਨ ਵਿੱਚ ਨਹੀਂ ਉਪਜੀ। ਸੰਤਜਨਾਂ ਦੀ ਸੰਗਤ ਵਿੱਚ ਬੈਠ ਕੇ
ਤੂੰ ਕਦੇ ਮਨ-ਆਤਮਾ ਨੂੰ ਪਵਿੱਤਰ ਕਰਨ ਵਾਲੀ ਪ੍ਰਚੱਲਿਤ ਵਿਚਾਰ-ਵਿਆਖਿਆ ਵੱਲ ਧਿਆਨ ਹੀ ਨਹੀਂ
ਦਿੱਤਾ। ੩।
ਪਰਮਾਨੰਦ ਜੀ ਦੇ ਉਪਰੋਕਤ ਵਿਚਾਰੇ ਸ਼ਬਦ ਵਿੱਚ ਕਹੀਆਂ ਗਈਆਂ ਖਰੀਆਂ ਗੱਲਾਂ
ਕਿਸੇ ਪੁਸ਼ਟੀ ਪ੍ਰਮਾਣ ਦੀਆਂ ਮੁਹਤਾਜ ਨਹੀਂ। ਗੁਰੂ ਗ੍ਰੰਥ ਜੀ ਦੇ ਜਿਤਨੇ ਪਾਠ ਕੀਤੇ ਕਰਾਏ ਤੇ
‘ਸੁਣੇ’ ਜਾਂਦੇ ਹਨ, ਉਸ ਅਨੁਸਾਰ ਤਾਂ ਪੰਜ ਸੌ ਸਾਲਾਂ ਵਿੱਚ ‘ਗੁਰਸਿੱਖਾਂ’ ਨੂੰ ਹੁਣ ਤੀਕ ਰੱਬ
ਜਿਹਾ ਹੀ ਹੋ ਜਾਣਾ ਚਾਹੀਦਾ ਸੀ। ਪਰੰਤੂ ਸੱਚ ਇਸ ਦੇ ਬਿਲਕੁਲ ਉਲਟ ਹੈ! ਕੁੜਾਂਘਾ ਸੱਚ ਤਾਂ ਇਹ ਹੈ
ਕਿ ਗੁਰੂ ਗ੍ਰੰਥ ਦੇ ਅਣਗਿਣਤ ਪਾਠ ਸੁਣ ਕੇ ਵੀ ਅਸੀਂ, ਖ਼ਾਸ ਕਰਕੇ ਸਾਡੇ ਧਾਰਮਿਕ ਲੀਡਰ ਤੇ ਪੁਜਾਰੀ
ਲਾਣਾ, ਇਨਸਾਨੀਯਤ ਦਾ ਪਰਿਤਿਆਗ ਕਰਕੇ ਸ਼ੈਤਾਨ ਦੀ ਮੂਰਤਿ ਬਣ ਗਏ ਹਾਂ। ਇਉਂ ਲੱਗਦਾ ਹੈ ਕਿ
ਬਾਣੀਕਾਰਾਂ ਦੁਆਰਾ ਵਿਵਰਜਿਤ ਵਿਕਾਰਾਂ (ਕਾਮ, ਕ੍ਰੋਧ, ਲੋਭ-ਲਾਲਚ ਤੇ ਹਉਮੈ ਆਦਿ) ਨੂੰ ਅਸੀਂ ਆਪਣੇ
ਮਨ ਦੀ ਮੁਖ ਖ਼ੁਰਾਕ ਬਣਾ ਲਿਆ ਹੈ! ਨਿਰਦਯਤਾ ਤੇ ਹਿੰਸਾ ਧਰਮ ਦੇ ਠੇਕੇਦਾਰਾਂ ਦੇ ਪਰਮੁੱਖ ਕੁਲੱਛਣ
ਬਣ ਗਏ ਹਨ। ਇਹ ਪਾਜੀ ਦਰਿੰਦੇ ਗ਼ਰੀਬ ਭੋਲੀ ਮਨੁੱਖਤਾ ਨੂੰ ਇਸ ਤਰ੍ਹਾਂ ਨਿਗਲਦੇ ਹਨ ਜਿਵੇਂ ਮਾਸੂਮ
ਨਿਮਾਣੀਆਂ ਡੱਡਾਂ ਨੂੰ ਬਗੁਲੇ! ਦਯਾ ਦਾਨ ਇਨ੍ਹਾਂ ਦੇ ਨੇੜੇ-ਤੇੜੇ ਕਿਤੇ ਵੀ ਦਿਖਾਈ ਨਹੀਂ ਦਿੰਦੇ।
ਅੱਜ ਪੰਜਾਬ ਦੀ ਦੁਰਦਸ਼ਾ ਅਤੇ ਸਾਰੇ ਸੰਸਾਰ ਵਿੱਚ ਸਮੁੱਚੀ ‘ਸਿੱਖ ਕੌਮ’ ਦੀ ਤਰਸਯੋਗ ਮਾਨਸਿਕ ਸਥਿਤੀ
ਦਾ ਮੂਲ ਕਾਰਣ ਵੀ ਗ੍ਰੰਥ ਦੇ ਲੋਕਾਚਾਰੀ ਪਾਠਾਂ ਦਾ ਪਾਖੰਡ ਹੀ ਹੈ। ਇਸ ਜਿਲ੍ਹਣ ਵਿੱਚੋਂ ਨਿਕਲਣ ਦਾ
ਇੱਕ ਹੀ ਉਪਾਓ ਹੈ: