. |
|
ਵਿਸ਼ਵ ਸ਼ਾਂਤੀ ਦੀ ਪ੍ਰਾਪਤੀ ਅਤੇ ਮਨੁੱਖੀ ਜਨਮ ਦੀ ਸਫ਼ਲਤਾ
ਸਰਬ-ਸਾਂਝੇ ਗੁਰਮਤਿ ਫ਼ਲਸਫ਼ੇ ਵਿੱਚ ਵਿਸ਼ਵ-ਸ਼ਾਂਤੀ ਦੀ ਸਥਾਪਤੀ ਅਤੇ ਮਨੁੱਖੀ
ਜੀਵਨ ਨੂੰ ਸਫ਼ਲ ਕਰਨ ਲਈ ਹਰ ਪੱਖ ਤੋਂ, ਵਿਸਥਾਰ-ਪੂਰਬਕ ਜਾਣਕਾਰੀ ਅੰਕਿਤ ਹੈ। ਇਸ ਪੁਸਤਕ ਦੇ ਵਿਸ਼ੇ
`ਤੇ ਕੇਂਦਰਤ ਹੁੰਦਿਆਂ ਹੋਇਆਂ ਇਸ ਜਾਣਕਾਰੀ ਨੂੰ ਇਸ ਅਧਿਆਇ ਤੇ ਅਗਲਿਆਂ ਅਧਿਆਇ ਵਿੱਚ ਹੇਠ ਲਿਖੇ
ਦੋ ਪੱਖਾਂ ਤੋਂ, ਨਾਲ ਦੀ ਨਾਲ, ਵਿਚਾਰਿਆ ਜਾ ਰਿਹਾ ਹੈ।
1. ਮਨੱਖਤਾ ਨੂੰ ਸਰਬ-ਪੱਖੀ ਸ਼ਾਂਤੀ ਕਿਵੇਂ ਪ੍ਰਾਪਤ ਹੋਵੇ?
2. ਦੁਰਲੱਭ ਮਨੁੱਖਾ ਜਨਮ ਨੂੰ ਸਫ਼ਲ ਕਰ ਕੇ ਆਵਾਗਵਣ ਦੇ ਗੇੜ `ਚੋਂ ਕਿਵੇਂ
ਮੁਕਤ ਹੋਇਆ ਜਾਵੇ?
1. ਮਨੁੱਖ ਵੱਲੋਂ ਰਜ਼ਾ ਦੇ ਮਾਲਿਕ ਪ੍ਰਭੂ ਦੇ ਹੁਕਮ ਅਨੁਸਾਰ ਚਲਣਾ ਹੀ
ਇੱਕੋ-ਇੱਕ ਸਹੀ ਰਾਹ ਹੈ
ਮਾਇਆ ਦੇ ਮੋਹ-ਜਾਲ ਵਿੱਚ ਫਸ ਕੇ (ਖ਼ੁਦਗਰਜ਼ੀ-ਵੱਸ) ਕੁਦਰਤਿ ਦੇ ਅਟੱਲ
ਨਿਯਮਾਂ ਦੀ ਉਲੰਘਣਾ ਕਰਨਾ ਹੀ ਮੁੱਖ ਕਾਰਨ ਹੈ ਸੰਸਾਰ ਵਿੱਚ ਅਸ਼ਾਂਤੀ ਪੈਦਾ ਹੋਣ ਦਾ ਅਤੇ
ਪ੍ਰਭੂ-ਮਿਲਾਪ ਤੋਂ ਵਾਂਝੇ ਰਹਿਣ ਦਾ। ਮਨੁੱਖੀ ਸਮਾਜ ਨੂੰ ਸਦੀਵੀ ਸੁਖ-ਸ਼ਾਂਤੀ ਉਦੋਂ ਹੀ ਪ੍ਰਾਪਤ ਹੋ
ਸਕੇਗੀ ਜਦੋਂ ਸੰਸਾਰ ਦਾ ਵੱਡਾ ਹਿੱਸਾ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਾਦਿਰ ਦੀ ਕੁਦਰਤ ਦੇ
ਅਟੱਲ ਨਿਯਮਾਂ ਤੇ ਕਾਇਦੇ-ਕਾਨੂੰਨਾਂ ਨੂੰ ਸਮਝ ਕੇ, ਮਨੋਂ ਸਵੀਕਾਰ ਕਰ ਕੇ ਇਨ੍ਹਾਂ ਅਟੱਲ ਨਿਯਮਾਂ
ਅਨੁਸਾਰ ਆਪਣਾ ਨਿਤਾ-ਪ੍ਰਤੀ ਦਾ ਅਮਲੀ ਜੀਵਨ ਜੀਊਂਣਾ ਸ਼ੁਰੂ ਕਰ ਦੇਵੇਗਾ। ਖ਼ੁਦਗਰਜ਼ੀ ਕਾਰਨ,
ਆਪੋ-ਆਪਣੀ ਮੱਤਿ (ਆਪ-ਹੁਦਰੇਪਨ) ਅਨੁਸਾਰ ਚਲਦਿਆਂ, ਇਹ ਸੁਖ-ਸ਼ਾਂਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ
ਅਤੇ ਨਾ ਹੀ ਆਵਾਗਵਣ (ਜਨਮ-ਮਰਣ) ਦਾ ਲੰਮਾ ਤੇ ਦੁਖਦਾਈ ਗੇੜ ਮੁਕ ਸਕਦਾ ਹੈ। ਪ੍ਰਭੂ-ਪਿਤਾ, ਕਿਉਂਕਿ
ਅਭੁੱਲ ਹੈ, ਉਸ ਦੀ ਸਾਜੀ ਕੁਦਰਤਿ ਦੇ ਨਿਯਮ ਭੀ ਅਟੱਲ ਹਨ ਅਤੇ ਜਦੋਂ ਤੱਕ ਸੰਸਾਰ ਦੀ ਹੋਂਦ ਰਹੇਗੀ
ਉਸ ਦੀ ਸਾਜੀ ਕੁਦਰਤਿ ਦੇ ਨਿਯਮ ਭੀ ਬਾ-ਦਸਤੂਰ (ਬਿਨਾਂ ਕਿਸੇ ਸੋਧ ਦੇ) ਜਿਉਂ-ਦੇ-ਤਿਉਂ, ਲਾਗੂ
ਰਹਿਣਗੇ। ਇਸ ਹਕੀਕਤ ਬਾਰੇ ਕੁੱਝ-ਕੁ ਵੀਚਾਰ ਉੱਪਰ ਕੀਤੀ ਜਾ ਚੁੱਕੀ ਹੈ।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਮ: 1, 1)
2. ਮੂਲ ਰੂਪ ਵਿੱਚ ਸੰਸਾਰ ਮਾਇਆ ਦੇ ਮੋਹ ਕਾਰਨ ਹੀ ਅਸ਼ਾਂਤ ਹੈ ਤੇ
ਪ੍ਰਭੂ-ਮਿਲਾਪ ਤੋਂ ਵਾਂਝਾ ਹੈ
ਇਸ ਵਿਸ਼ੇ ਬਾਰੇ ਸੰਖੇਪ ਵਿਚਾਰ ਕੀਤਾ ਜਾ ਚੁੱਕਾ ਹੈ। ਵਿਸਮਾਦੀ ਰੱਬੀ-ਖੇਡ
ਦੇ ਕੁੱਝ-ਕੁ ਅਹਿਮ ਪਹਿਲੂਆਂ ਬਾਰੇ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਫ਼ਲਸਫ਼ੇ ਨੂੰ ਵਿਚਾਰਨ ਤੋਂ
ਬਾਅਦ, ਹੇਠ ਲਿਖੇ ਸਿੱਟੇ ਸਪੱਸ਼ਟ ਤੌਰ `ਤੇ ਨਿਕਲਦੇ ਨਜ਼ਰੀਂ ਪੈਂਦੇ ਹਨ:-
(ੳ) ਪ੍ਰਭੂ-ਪਿਤਾ ਦੀ ਸਾਜੀ ਤ੍ਰੈਗੁਣੀ ਮਾਇਆ
ਪ੍ਰਭੂ-ਪਿਤਾ ਨੇ ਸੰਸਾਰ ਦੀ ਸਿਰਜਨਾ ਕਰ ਕੇ ਇਸ ਨੂੰ, ਆਪਣੀ ਮੌਜ ਅਨੁਸਾਰ,
(ਰੱਬੀ-ਖੇਡ ਅਨੁਸਾਰ) ਤ੍ਰੈਗੁਣੀ ਮਾਇਆ ਦੇ ਮੋਹ ਦੇ ਜਾਲ ਵਿੱਚ ਫ਼ਸਾਇਆ ਹੋਇਆ ਹੈ। ਤ੍ਰੈਗੁਣੀ ਮਾਇਆ
ਨੂੰ ਭੀ ਪ੍ਰਭੂ ਨੇ ਹੀ ਪੈਦਾ ਕਰ ਕੇ ਅਲੌਕਿਕ ਰੱਬੀ-ਖੇਡ ਵਿੱਚ ਸ਼ਾਮਿਲ ਕੀਤਾ ਹੋਇਆ ਹੈ। ਸ਼ਬਦ-ਗੁਰੂ
ਦੇ ਉਪਦੇਸ਼ਾਂ ਦੀ ਪਾਲਣਾ ਕਰ ਕੇ ਜਿਥੇ ਮਾਇਆ ਦੇ ਮੋਹ `ਚੋਂ ਛੁਟਕਾਰਾ ਪ੍ਰਾਪਤ ਕਰ ਕੇ ਸ਼ਾਂਤੀ
ਪ੍ਰਾਪਤ ਕੀਤੀ ਜਾ ਸਕਦੀ ਹੈ (ਇਸ ਬਾਰੇ ਸੰਖੇਪ ਵਿਚਾਰ ਅਧਿਆਇ 5 ਵਿੱਚ ਕੀਤੀ ਜਾ ਚੁੱਕੀ ਹੈ), ਉੱਥੇ
ਮਨੁੱਖਾ ਜਨਮ ਨੂੰ ਭੀ ਸਫ਼ਲ ਕੀਤਾ ਜਾ ਸਕਦਾ ਹੈ।
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥ ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ
ਫਿਰਿ ਖਾਇ॥ (ਮ: 3, 510)
(ਅ) ਤ੍ਰੈਗੁਣੀ ਮਾਇਆ ਕਾਰਨ ਜੀਵ ਦਾ ਪ੍ਰਭੂ ਤੋਂ ਵਿਛੋੜਾ
ਮਨੁੱਖ, ਤ੍ਰੈਗੁਣੀ ਮਾਇਆ ਦੇ ਮੋਹ-ਜਾਲ ਵਿੱਚ ਫਸ ਕੇ, ਪ੍ਰਭੂ ਦੀ ਯਾਦ ਨੂੰ
ਵਿਸਾਰ ਕੇ, ਜੀਵ ਸ਼ਾਂਤੀ ਦੇ ਸੋਮੇ ਪ੍ਰਭੂ-ਪਿਤਾ ਤੋਂ ਵਿੱਛੜ ਜਾਂਦਾ ਹੈ। ਪ੍ਰੇਮਾ-ਭਗਤੀ (ਹੁਕਮਿ
ਰਜਾਈ ਚਲਣ ਨਾਲ) ਰਾਹੀਂ ਮਾਇਆ-ਜਾਲ `ਚੋਂ ਮੁਕਤ ਹੋ ਕੇ ਸ਼ਾਂਤੀ ਮਿਲ ਸਕਦੀ ਹੈ।
(ੲ) ਮਾਇਆ ਦੇ ਪ੍ਰਭਾਵ ਅਧੀਨ ਮਨੁੱਖ
ਮਾਇਆ ਦੇ ਪ੍ਰਭਾਵ ਅਧੀਨ ਵਿਚਰਦਿਆਂ ਹੋਇਆਂ, ਆਪਣੇ ਆਪ ਨੂੰ ਬਹੁਤ ਸਿਆਣਾ
ਸਮਝਣ ਵਾਲਾ ਮਨੁੱਖ, ਮਾਇਆ ਦੇ ਪੰਜ ਪੁੱਤਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਅਤੇ ਠੱਗਣੀ
ਮਾਇਆ ਦੇ ਹੋਰ ਬਹੁਤ ਸਾਰੇ ਛਲ-ਰੂਪਾਂ ਦਾ ਠੱਗਿਆ ਹੋਇਆ, ਸਾਰੀ ਉਮਰ ਅਗਿਆਨਤਾ ਦੇ ਘੁੱਪ-ਹਨੇਰੇ ਖੂਹ
ਵਿੱਚ ਡਿਗਿਆ ਰਹਿੰਦਾ ਹੈ ਅਤੇ ਅੰਤ ਸਮੇਂ, ਪਛੁਤਾਉਂਦਾ ਹੋਇਆ, ਆਵਾਗਵਨ (ਜਨਮ-ਮਰਨ) ਦੇ ਲੰਮੇ ਤੇ
ਦੁਖਦਾਈ ਗੇੜ ਵਿੱਚ ਪਿਆ ਦੁੱਖ ਭੋਗਦਾ ਰਹਿੰਦਾ ਹੈ। ਅਜਿਹੇ ਹਾਲਾਤਾਂ ਵਿੱਚ ਸ਼ਬਦ ਗੁਰੂ ਹੀ ਮਨੁੱਖ
ਦਾ ਸਹਾਈ ਹੋ ਸਕਦਾ ਹੈ।
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ (ਮ: 3, 921)
(ਸ) ਗੁਰਮਤਿ-ਸਿਮਰਨ-ਵਿਸ਼ਵ-ਸ਼ਾਂਤੀ ਪ੍ਰਾਪਤ ਕਰਨ ਦਾ ਸਾਧਨੁ
ਪ੍ਰਭੂ-ਪਿਤਾ ਦੀ ਆਤਮਕ ਜੀਵਨ-ਦਾਤੀ ਯਾਦ (ਸਿਮਰਨ) ਤੋਂ ਟੁੱਟਿਆ ਹੋਇਆ
ਮਨੁੱਖ (ਮਨਮੁੱਖ, ਆਪ-ਹੁਦਰਾ) ਆਪਣੀ ਅਤੇ ਸੰਸਾਰ ਦੀ ਅਸ਼ਾਂਤੀ ਦਾ ਕਾਰਨ ਬਣ ਜਾਂਦਾ ਹੈ। ਹਰ ਪੱਖ
ਤੋਂ ਸਚਿਆਰਾ ਬਣ ਕੇ, ਗੁਰਮਤਿ ਸਿਮਰਨ ਰਾਹੀਂ, ਪ੍ਰਭੂ-ਪਿਤਾ ਦੇ ਚਰਨਾਂ `ਚ ਸੁਰਤਿ ਜੋੜਿਆਂ,
ਸਰਬ-ਪੱਖੀ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ।
ਪ੍ਰਭ ਕੈ ਸਿਮਰਨਿ ਸਹਜਿ ਸਮਾਨੀ॥ (ਮ: 5, 263)
ਭਾਵ: ਪ੍ਰਭੂ ਦੇ ਸਿਮਰਨ ਰਾਹੀਂ ਸਹਿਜ (ਆਤਮਕ ਅਡੋਲਤਾ ਵਾਲੀ ਤੇ ਸਦੀਵੀ
ਆਤਮਕ ਸੁਖ ਵਾਲੀ) ਅਵੱਸਥਾ ਪ੍ਰਾਪਤ ਹੋ ਜਾਂਦੀ ਹੈ।
(ਹ) ਆਵਾਗਵਨ ਤੋਂ ਛੁਟਕਾਰਾ
ਆਵਾ ਗਉਣੁ ਮਿਟੈ ਗੁਰ ਸਬਦੀ ਆਪੇ ਪਰਖੈ ਬਖਸਿ ਲਇਆ॥ (ਮ: 1, 940)
ਭਾਵ: ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪ੍ਰੇਮ ਤੇ ਸ਼ਰਧਾ ਨਾਲ ਪਾਲਣਾ
ਕੀਤਿਆਂ ਜਨਮ-ਮਰਨ ਦਾ ਗੇੜ ਮੁੱਕ ਜਾਂਦਾ ਹੈ, ਕਿਉਂਕਿ, ਪ੍ਰਭੂ ਅਜਿਹੇ ਜੀਵ ਨੂੰ ਪਰਖ ਕੇ ਬਖਸ਼ਿਸ਼ ਕਰ
ਦਿੰਦਾ ਹੈ (ਮਿਹਰ ਕਰ ਦਿੰਦਾ ਹੈ)।
ਮਨੁੱਖ ਦੀ ਸਰੀਰਕ ਤੌਰ `ਤੇ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਸਰੀਰ ਦੇ ਸਾਰੇ
ਸਥੂਲ ਅੰਸ਼ (ਸਸਕਾਰ ਕਰਨ, ਮਿੱਟੀ ਵਿੱਚ ਦਬਾ ਦੇਣ ਜਾਂ ਕਿਸੇ ਹੋਰ ਕਿਰਿਆ ਰਾਹੀਂ) ਵਾਪਸ ਪੰਜਾਂ
ਤੱਤਾਂ (ਅਕਾਸ਼, ਹਵਾ, ਰੌਸ਼ਨੀ, ਪਾਣੀ ਤੇ ਮਿੱਟੀ) ਵਿੱਚ ਸਮਾ ਜਾਂਦੇ ਹਨ। ਪਰ, ਉਸ ਦੇ ਸਰੀਰ ਵਿਚਲੇ
ਸੂਖਮ ਅੰਸ਼ (ਮਨ, ਹਿਰਦਾ ਤੇ ਆਤਮਾ ਆਦਿ) ਸਰੀਰਕ ਮੌਤ ਤੋਂ ਬਾਅਦ ਭੀ ਨਾਸ਼ ਨਹੀਂ ਹੁੰਦੇ। ਸਰੀਰਕ ਮੌਤ
ਤੋਂ ਬਾਅਦ, ਇਹ ਸਰੀਰ ਤੋਂ ਵੱਖ ਹੋ ਜਾਂਦੇ ਹਨ। ਬੀਤੇ ਸਮੇਂ ਵਿੱਚ ਕੀਤੇ ਚੰਗੇ ਜਾਂ ਮੰਦੇ ਕੰਮਾਂ
ਦੇ ਪ੍ਰਭਾਵ ਭੀ, ਸੰਸਕਾਰਾਂ ਦੇ ਰੂਪ ਵਿੱਚ (ਸੂਖਮ ਰੂਪ ਵਿੱਚ), ਉਸ ਦੇ ਮਨ `ਤੇ ਉੱਕਰੇ ਰਹਿੰਦੇ
ਹਨ। ਇਹ ਸੰਸਕਾਰ ਹੀ ਆਵਾਗਵਨ ਦਾ ਕਾਰਨ ਬਣਦੇ ਹਨ। ਬੀਤ ਚੁੱਕੇ ਸਮੇਂ ਵਿੱਚ ਬਣੇ ਸੰਸਕਾਰਾਂ ਅਨੁਸਾਰ
ਮਨੁੱਖ ਦੀ ਪਰਾਲਬਧ (ਕਿਸਮਤ) ਬਣਦੀ ਹੈ, ਪ੍ਰਭੂ-ਪਿਤਾ ਦੇ ਅਟੱਲ ਨਿਯਮਾਂ ਅਨੁਸਾਰ। ਇਨ੍ਹਾਂ ਨੂੰ ਹੀ
ਪ੍ਰਭੂ-ਪਿਤਾ ਵੱਲੋਂ ਮਨੁੱਖ ਦੇ ਮਸਤਕ ਉੱਤੇ ਲਿਖੇ ਲੇਖ ਕਿਹਾ ਜਾਂਦਾ ਹੈ। ਇਹ ਲੇਖ ਅਮਿੱਟ
ਹੁੰਦੇ ਹਨ ਅਤੇ ਇਨ੍ਹਾਂ ਦਾ ਫ਼ਲ ਜੀਵ ਨੂੰ, ਅਕਸਰ, ਭੋਗਣਾ ਹੀ ਪੈਂਦਾ ਹੈ। ਇਨ੍ਹਾਂ ਦਾ ਮਾੜਾ ਫ਼ਲ
ਭੋਗਣ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜੇਕਰ ਪ੍ਰਭੂ-ਪਿਤਾ, ਸ਼ਬਦ-ਗੁਰੂ ਦੀ ਕਿਰਪਾ ਰਾਹੀਂ ਮਿਹਰ ਕਰ
ਕੇ, ਮਨੁੱਖ ਦੇ ਮਸਤਕ `ਤੇ (ਜੀਵ ਦੇ ਹੁਕਮਿ ਰਜ਼ਾਈ ਚੱਲਣ ਕਾਰਨ) ਕੋਈ ਨਵਾਂ ਤੇ ਚੰਗਾ ਲੇਖ ਲਿਖ
ਦੇਵੇ ਜਿਹੜਾ ਪੁਰਾਣੇ ਲਿਖੇ ਜਾ ਚੁੱਕੇ ਲੇਖਾਂ ਨੂੰ ਬੇ-ਅਸਰ ਕਰ ਦੇਵੇ। ਇਸ ਅਹਿਮ ਸਿਧਾਂਤਕ
ਨੁਕਤੇ ਨੂੰ ਸਮਝਣ ਲਈ ਇੱਕ ਦੁਨਿਆਵੀ ਉਦਾਹਰਣ ਸਹਾਇਤਾ ਕਰ ਸਕਦੀ ਹੈ। ਫ਼ਰਜ਼ ਕਰੋ ਕਿ ਕਿਸੇ ਮਨੁੱਖ
ਨੂੰ ਉਸ ਦੇ ਕੀਤੇ ਕਿਸੇ ਅਪਰਾਧ ਕਾਰਨ ਹੇਠਲੀ ਅਦਾਲਤ ( lower
court) ਕੋਈ ਸਜ਼ਾ ਸੁਣਾ ਦਿੰਦੀ ਹੈ। ਉਹ ਮਨੁੱਖ
ਉੱਪਰਲੀ ਅਦਾਲਤ (ਜਾਂ ਸਰਬ-ਉੱਚ ਅਦਾਲਤ) ਵਿੱਚ ਇਸ ਸਜ਼ਾ ਤੋਂ ਮੁਕਤ ਹੋਣ ਲਈ ਅਰਜ਼ੀ ਦਾਖ਼ਲ ਕਰ ਦਿੰਦਾ
ਹੈ ਅਤੇ ਉਸ ਦੀ ਅਰਜ਼ੀ ਨੂੰ ਸਵੀਕਾਰ ਕਰ ਕੇ, ਉੱਪਰਲੀ ਅਦਾਲਤ, ਉਸ ਦੇ ਕੇਸ ਦੀ ਛਾਣ-ਬੀਣ ਕਰ ਕੇ, ਉਸ
ਦੀ ਸਜ਼ਾ ਨੂੰ ਰੱਦ ਕਰ ਦਿੰਦੀ ਹੈ, ਤਾਂ ਉਹ ਮਨੁੱਖ ਹੇਠਲੀ ਅਦਾਲਤ ਵੱਲੋਂ ਸੁਣਾਈ ਸਜ਼ਾ ਭੁਗਤਣ ਤੋਂ
ਮੁਕਤ ਹੋ ਜਾਂਦਾ ਹੈ। ਪਰ, ਉਸ ਨੂੰ ਹੇਠਲੀ ਅਦਾਲਤ ਵੱਲੋਂ ਸੁਣਾਈ ਹੋਈ ਸਜ਼ਾ ਉਸ ਦੇ ਕੇਸ-ਰੀਕਾਰਡ
`ਤੇ ਪਹਿਲਾਂ ਦੀ ਤਰ੍ਹਾਂ ਹੀ, ਬਰਕਰਾਰ ਰਹਿੰਦੀ ਹੈ। ਯਾਨੀ ਕਿ, ਉੱਪਰਲੀ ਅਦਾਲਤ ਇਹ ਕਦੇ ਨਹੀਂ
ਕਹਿੰਦੀ ਕਿ, "ਲਿਆਓ, ਇਸ ਨੂੰ ਹੇਠਲੀ ਅਦਾਲਤ ਵੱਲੋਂ ਸੁਣਾਈ ਹੋਈ ਸਜ਼ਾ ਦੇ ਹੁਕਮ (order)
`ਤੇ ਕਾਟਾ ਮਾਰ ਦੇਈਏ"। ਉਮੀਦ ਹੈ ਕਿ ਲੇਖਕ ਵੱਲੋਂ ਉਠਾਇਆ ਗਿਆ ਨੁਕਤਾ ਸਪੱਸ਼ਟ ਹੋ ਗਿਆ ਹੋਵੇਗਾ।
ਨੋਟ: ਜਿਹੜੇ ਵਿਦਵਾਨ ਇਹ ਪ੍ਰਚਾਰਨ ਲਈ ਬਜ਼ਿੱਦ ਹਨ ਕਿ ਮਨੁੱਖ ਦੀ
ਸਰੀਰਕ ਮੌਤ ਹੋ ਜਾਣ ਤੋਂ ਬਾਅਦ, ਮਨੁੱਖ ਦੇ ਵਜ਼ੂਦ ਦਾ ਕੋਈ ਵੀ ਅੰਸ਼ (ਸਥੂਲ ਜਾਂ ਸੂਖਮ) ਬਾਕੀ ਨਹੀਂ
ਰਹਿੰਦਾ ਉਹ, ਲੇਖਕ ਦੀ ਸਮਝ ਅਨੁਸਾਰ, ਅਣਜਾਣੇ ਵਿੱਚ ਹੀ, ਮਨੁੱਖੀ ਸਮਾਜ ਨੂੰ ਗੁਮਰਾਹ ਕਰਨ ਦੇ
ਦੋਸ਼ੀ ਬਣ ਰਹੇ ਹਨ। ਜੇਕਰ ਉਨ੍ਹਾਂ ਦੀ ਇਸ ਦਲੀਲ ਨੂੰ ਸਵੀਕਾਰ ਕਰ ਲਿਆ ਜਾਵੇ ਤਾਂ ਫਿਰ ਤਾਂ ਅਪ੍ਰਾਧ
ਕਰਨ ਜਾਂ ਹੋਰ ਸਮਾਜ-ਵਿਰੋਧੀ ਮਨ-ਮਰਜ਼ੀਆਂ (ਮਾੜੀਆਂ ਕਰਤੂਤਾਂ) ਕਰਨ ਦੀ ਮਨੁੱਖ ਨੂੰ ਖੁੱਲ੍ਹ ਮਿਲ
ਜਾਵੇਗੀ ਅਤੇ ਉਹ ਗੁਨਾਹ ਕਰ ਕੇ ਭੀ, ਕਈ ਤਰ੍ਹਾਂ ਦੀਆਂ ਚਾਲਾਂ ਚੱਲ ਕੇ, (ਆਪਣੇ ਅਸਰ-ਰਸੂਖ ਦੀ
ਵਰਤੋਂ ਕਰ ਕੇ, ਵੱਢੀ-ਟੇਢੀ ਦੇ ਕੇ, ਗ਼ਲਤ ਗਵਾਹੀਆਂ ਭੁਗਤਾਅ ਕੇ, ਗਵਾਹਾਂ ਨੂੰ ਲਾਲਚ ਦੇ ਕੇ ਜਾਂ
ਡਰਾ-ਧਮਕਾਅ ਕੇ ਆਦਿ) ਆਪਣੇ ਕੀਤੇ ਅਪ੍ਰਾਧ ਦੀ ਸਜ਼ਾ ਭੁਗਤਣ ਤੋਂ ਦੁਨਿਆਵੀ ਅਦਾਲਤਾਂ `ਚੋਂ ਤਾਂ ਬੱਚ
ਸਕਦਾ ਹੈ (ਮੀਡੀਆ ਰਾਹੀਂ ਅਜਿਹੀ ਜਾਣਕਾਰੀ ਅਕਸਰ ਹੀ ਪ੍ਰਾਪਤ ਹੁੰਦੀ ਰਹਿੰਦੀ ਹੈ), ਪਰ,
ਰੱਬੀ-ਅਦਾਲਤ ਦੇ ਸੱਚੇ ਨਿਆਂ ਤੋਂ ਨਹੀਂ ਬਚ ਸਕਦਾ, ਅਤੇ ਜੇਕਰ ਉਸ ਦੇ ਸਰੀਰ ਦਾ (ਸਰੀਰਕ ਮੌਤ ਤੋਂ
ਬਾਅਦ) ਕੋਈ ਸੂਖਮ ਵਜ਼ੂਦ ਭੀ ਬਾਕੀ ਹੀ ਨਹੀਂ ਬਚਦਾ ਤਾਂ ਰੱਬ ਉਸ ਨੂੰ ਉਸ ਦੇ ਕੀਤੇ ਅਪ੍ਰਾਧਾਂ ਦੀ
ਸਜ਼ਾ, ਭਲਾ, ਕਦੋਂ ਅਤੇ ਕਿਵੇਂ ਭੁਗਤਾਏਗਾ? ਇਸ ਪ੍ਰਥਾਇ ਗੁਰ ਫ਼ੁਰਮਾਣੁ ਹੈ -
ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ
ਜਾਇਆ॥ (ਮ: 3, 591)
ਪਦ ਅਰਥ: ਦੀਬਾਣਹੁ-ਕਚਹਿਰੀ ਵਿੱਚੋਂ। ਨਸਿ ਭਜਿ ਨਿਕਲੈ-ਆਯੋਗ ਤਰੀਕੇ
ਵਰਤ ਕੇ ਸਜ਼ਾ ਭੁਗਤਣ ਤੋਂ ਬਚ ਨਿਕਲਦਾ ਹੈ।
ਭਾਵ: ਮਨੁੱਖ ਦੀ ਕਚਹਿਰੀ ਵਿੱਚੋਂ ਤਾਂ ਮਨੁੱਖ ਨੱਸ-ਭੱਜ ਕੇ ਭੀ ਕਿਤੇ
ਖਿਸਕ ਸਕਦਾ ਹੈ (ਕੀਤੇ ਅਪ੍ਰਾਧ ਦੀ ਸਜ਼ਾ ਭੁਗਤਣ ਤੋਂ, ਕਈ ਢੰਗ-ਤਰੀਕੇ ਵਰਤ ਕੇ, ਬਚ ਸਕਦਾ ਹੈ), ਪਰ
ਰੱਬ ਦੀ ਅਦਾਲਤ ਦੇ ਅਟੱਲ ਅਤੇ ਪੂਰੇ ਨਿਆਂ ਤੋਂ ਭੱਜ ਕੇ ਕੋਈ ਕਿੱਥੇ ਜਾ ਸਕਦਾ ਹੈ?
ਅਜਿਹੇ ਵਿਦਵਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ
ਵਿੱਚ ਅੰਕਿਤ ਇਲਾਹੀ ਸਿਧਾਂਤਾਂ ਦੀ ਹੋਰ ਡੂੰਘਾਈ ਨਾਲ ਵੀਚਾਰ ਕਰਨ। ਕਿਉਂਕਿ ਗੁਰੂ ਗ੍ਰੰਥ ਸਾਹਿਬ
ਵਿੱਚ ‘ੴ’ ਤੋਂ ਲੈ ਕੇ "ਤਨੁ ਮਨੁ ਥੀਵੈ ਹਰਿਆ" ਤੱਕ ਕਿਤੇ ਭੀ ਕੋਈ ਸਵੈ-ਵਿਰੋਧੀ ( self
contradiction) ਵਿਚਾਰ ਨਹੀਂ। ਕੀ ਅੱਜ ਅਸੀਂ
ਸਿੱਖ ਕੌਮ ਦੇ ਅਜਿਹੇ ਲੀਡਰ ਨਹੀਂ ਵੇਖ ਰਹੇ ਜਿਨ੍ਹਾਂ ਨੇ ਸਿੱਖ ਸਿਧਾਂਤ, ਗੁਰ-ਇਤਿਹਾਸ,
ਸਿੱਖ-ਸਭਿਆਚਾਰ ਅਤੇ ਸਿੱਖ-ਇਤਿਹਾਸ ਦਾ ਐਨਾ ਜ਼ਿਆਦਾ ਨੁਕਸਾਨ ਕੀਤਾ ਹੈ ਜਿੰਨਾ, ਸ਼ਾਇਦ,
ਸਿੱਖ-ਵਿਰੋਧੀ, ਅਬਦਾਲੀ ਤੇ ਭਾਰਤ ਦੇ ਤੱਤਕਾਲੀਨ ਜ਼ਾਲਮ ਮੁਗ਼ਲ ਸ਼ਾਸ਼ਕ ਤੇ ਹੋਰ ਸਿੱਖ-ਵਿਰੋਧੀ ਧਿਰਾਂ
ਵਾਲੇ ਵੀ ਨਹੀਂ ਸਨ ਕਰ ਸਕੇ; ਅਤੇ ਇਹ ਅਖੌਤੀ ਸਿੱਖ ਲੀਡਰ ਹੁਣ ਆਪਣੇ ਜੀਵਨ ਦੇ ਆਖਰੀ ਪੜਾਅ `ਤੇ
(ਮਰਨ-ਕਿਨਾਰੇ) ਪਹੁੰਚ ਚੁੱਕੇ ਹਨ। ਇਹ ਲੀਡਰ ਸਿੱਖ ਕੌਮ ਨਾਲ ਹੀ ਨਹੀਂ, ਬਲਕਿ ਸਮੁੱਚੀ ਮਨੁੱਖਤਾ
ਦੇ ਖ਼ਿਲਾਫ਼ ਕੀਤੇ ਅਪ੍ਰਾਧਾਂ ਦੀ ਸਜ਼ਾ ਕਦੋਂ ਤੇ ਕਿਵੇਂ ਭੁਗਤਣਗੇ? ਗੁਰਮਤਿ ਅਨੁਸਾਰ, ਕੀਤੇ ਗੁਨਾਹਾਂ
ਦੀ ਸਜ਼ਾ ਮਿਲਣੀ ਤਾਂ ਅਟੱਲ ਹੈ। ਇਸ ਬਾਰੇ ਗੁਰੂ ਨਾਨਕ ਸਾਹਿਬ ਜਪੁ (ਜਪੁ ਜੀ) ਗੁਰਬਾਣੀ ਵਿੱਚ
ਫ਼ੁਰਮਾਉਂਦੇ ਹਨ:-
ਪੁਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ
ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ॥
(ਮ: 1, ਪਉੜੀ 20)
ਭਾਵ: ਹੇ ਨਾਨਕ! ‘ਪੁੰਨੀ’ ਜਾਂ ‘ਪਾਪੀ’ ਨਿਰਾ ਨਾਮ ਹੀ ਨਹੀਂ ਹੈ
(ਭਾਵ, ਨਿਰਾ ਕਹਿਣ ਮਾਤਰ ਹੀ ਨਹੀਂ ਹੈ, ਸੱਚ-ਮੁੱਚ ਹੈ) ਤੂੰ ਜਿਹੋ-ਜਿਹੇ ਕਰਮ ਕਰੇਂਗਾ ਤਿਹੋ-ਜਿਹੇ
ਸੰਸਕਾਰ ਆਪਣੇ ਮਨ ਅੰਦਰ (ਸਰੀਰਕ ਮੌਤ ਤੋਂ ਬਾਅਦ ਭੀ) ਉੱਕਰ ਕੇ ਲੈ ਜਾਵੇਂਗਾ। ਜੋ ਕੁੱਝ ਤੂੰ ਆਪ
(ਜੀਉਂਦੇ-ਜੀ) ਬੀਜੇਂਗਾ, ਉਸ ਦਾ ਫ਼ਲ ਭੀ ਆਪ ਹੀ ਕਦੇ-ਨਾ-ਕਦੇ ਜ਼ਰੂਰ ਖਾਏਂਗਾ। (ਆਪਣੇ ਬੀਜੇ
ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿੱਚ, ਜਨਮ-ਮਰਨ ਦੇ ਗੇੜ ਵਿੱਚ ਪਿਆ ਰਹੇਂਗਾ। ਲੇਖਕ ਦੀ ਸਮਝ
ਅਨੁਸਾਰ, ਜਦੋਂ ਕੋਈ ਮਨੁੱਖ ਅਤਿ-ਲੋਭੀ ਹੋ ਕੇ ਵਿੱਚਰਦਾ ਹੈ, ਤਾਂ ਉਸ ਵਕਤ ਉਹ (ਮਨੁੱਖੀ ਸਰੀਰ
ਵਿੱਚ ਹੁੰਦਾ ਹੋਇਆ ਭੀ) ਕੁੱਤੇ ਦਾ ਜੀਵਨ-ਭੋਗ ਰਿਹਾ ਹੁੰਦਾ ਹੈ, ਜਦੋਂ ਮਨੁੱਖ ਦੀ ਅਣਖ਼ ਜਾਂ ਜ਼ਮੀਰ
ਮਰ ਜਾਵੇ ਤਾਂ ਉਹ ਤੁਰਦੀ-ਫਿਰਦੀ ਲਾਸ਼ ਹੀ ਹੁੰਦੀ ਹੈ। ਇਵੇਂ ਹੀ ਪ੍ਰਭੂ-ਪਿਤਾ ਦੀ ਆਤਮਕ ਜੀਵਨ ਦੇਣ
ਵਾਲੀ ਯਾਦ (ਸਿਮਰਨ) ਤੋਂ ਸੱਖਣਾ ਮਨੁੱਖ ਭੀ ਆਤਮਕ-ਮੌਤ ਮਰ ਚੁੱਕਾ ਹੁੰਦਾ ਹੈ। ਸਰੀਰਕ ਮੌਤ ਸਮੇਂ
ਭੀ ਉਹ ਸਰੀਰ ਦੇ ਸਥੂਲ ਅੰਗਾਂ ਦੇ ਪੱਖੋਂ ਮਰ ਚੁੱਕਾ ਹੁੰਦਾ ਹੈ। ਪਰ, ਅਸੀ ਪਰਤੱਖ ਵੇਖ ਰਹੇ ਹਾਂ
ਕਿ ਜੋ ਕੌਮੀ ਸੰਘਰਸ਼ਾਂ ਜਾਂ ਕਤਲੇਆਮ ਕਰਨ ਵਕਤ ਵਹਿਸ਼ੀ ਢੰਗਾਂ ਨਾਲ ਨਿਰਦੋਸ਼ਾਂ ਨੂੰ ਕਤਲ ਕਰਨ ਵਾਲੇ
ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਦੱਖਣੀ ਏਸ਼ੀਆ ਦੀਆਂ ਦੁਨਿਆਵੀ ਅਦਾਲਤਾਂ ਨੇ ਤਾਂ ਕਦੇ ਕੋਈ ਸਜ਼ਾ
ਨਹੀਂ ਦਿੱਤੀ, ਬਲਕਿ ਉਨ੍ਹਾਂ ਵਿੱਚੋਂ ਕੁੱਝ ਇੱਕ ਤਾਂ ਉੱਚ ਪ੍ਰਸਾਸ਼ਕ ਅਹੁਦਿਆਂ ਦੀਆਂ
ਸੁੱਖ-ਸਹੂਲਤਾਂ ਮਾਣਦੇ-ਮਾਣਦੇ ਸੰਸਾਰ ਤੋਂ ਚਲੇ ਭੀ ਗਏ ਹਨ। ਉਨ੍ਹਾਂ ਨੂੰ ਰੱਬੀ-ਅਦਾਲਤ `ਚੋਂ ਸਜ਼ਾ
ਕਿਵੇਂ ਤੇ ਕਦੋਂ ਮਿਲੇਗੀ? 1947 ਦੀ ਭਾਰਤ-ਪਾਕ ਦੀ ਵੰਡ ਵੇਲੇ ਅਜਿਹੇ ਅਪ੍ਰਾਧ, 1984 `ਚ ਤੇ ਉਸ
ਤੋਂ ਬਾਅਦ ਭੀ ਸਿੱਖ ਕੌਮ ਦੇ ਕਤਲੇਆਮ, 2002 ਦੌਰਾਨ ਗੁਜਰਾਤ ਸੂਬੇ ਵਿੱਚ ਮੁਸਲਮਾਨਾਂ ਨਾਲ ਵਹਿਸ਼ੀ
ਵਰਤਾਰਾ ਕਰਨ ਵਾਲੇ ਅਤੇ 2008 ਵਿੱਚ ਈਸਾਈਆਂ ਦਾ ਕਤਲੇਆਮ ਕਰਨ ਵਾਲੇ (ਸਮੇਤ ਨਿਰਦੋਸ਼ ਬੀਬੀਆਂ ਦੀ
ਬੇ-ਪਤੀ ਕਰਨ ਵਾਲੇ) ਅੱਜ ਭੀ ਪ੍ਰਸ਼ਾਸਨ ਦੇ ਉੱਚ ਅਹੁਦਿਆਂ ਦਾ ਅਨੰਦ ਮਾਣ ਰਹੇ ਹਨ। ਇਨ੍ਹਾਂ ਨੂੰ
ਰੱਬੀ-ਅਦਾਲਤ `ਚ ਸਜ਼ਾ ਕਦੋਂ ਤੇ ਕਿਵੇਂ ਮਿਲੇਗੀ?
ਅਸਲ ਵਿੱਚ ਇਹ ਪ੍ਰਚਾਰ ਕਰਨਾ ਕਿ ਸਰੀਰਕ ਮੌਤ ਤੋਂ ਬਾਅਦ ਮਨੁੱਖ ਦੇ ਸਰੀਰ
ਨਾਲ ਸਬੰਧਤ ਸੂਖਮ ਅੰਗ ਵੀ ਖ਼ਤਮ ਹੋ ਜਾਂਦੇ ਹਨ, ਮਨੁੱਖਤਾ ਨੂੰ ਨਾਸਤਿਕਤਾ ਵੱਲ ਤੋਰੇਗਾ। ਜਦੋਂ
ਮਨੁੱਖ ਨੂੰ ਦੱਸਿਆ ਜਾਂਦਾ ਹੈ ਕਿ ਸਰੀਰਕ ਮੌਤ ਤੋਂ ਬਾਅਦ ਮਨੁੱਖ ਦਾ ਕੁੱਝ ਭੀ ਨਹੀਂ ਬਚਦਾ ਤਾਂ
ਉਹ, ਗੁਰਮਤਿ ਫ਼ਲਸਫ਼ੇ ਅਨੁਸਾਰ, ਕਰੜੇ ਅਨੁਸ਼ਾਸ਼ਨ ਵਾਲੇ ਜੀਵਨ ਵੱਲ ਭਲਾ ਕਿਉਂ ਪ੍ਰੇਰਤ ਹੋਵੇਗਾ?
ਇੱਕ ਦੁਨਿਆਵੀ ਉਦਾਹਰਣ, ਸ਼ਾਇਦ, ਇਸ ਸਵੈ-ਵਿਰੋਧੀ ਵਿਚਾਰਧਾਰਾ ਨੂੰ ਮਿਲ-ਬੈਠ
ਕੇ ਹੱਲ ਕਰਨ `ਚ ਸਹਾਇਤਾ ਕਰ ਸਕੇ। ਕਹਿੰਦੇ ਹਨ ਕਿ ਇੱਕ ਦਿਨ ਕਿਸੇ ਇਲਾਕੇ ਵਿੱਚ ਕੋਈ ਜਣਾ ਹਾਥੀ
ਲੈ ਕੇ ਆ ਗਿਆ। ਉਥੇ ਚਾਰ ਅੰਨ੍ਹੇ ਮਨੁੱਖ ਭੀ ਰਹਿੰਦੇ ਸਨ। ਉਹ ਵੀ ਹਾਥੀ ਦੇ ਸਰੀਰ ਨੂੰ ਟੋਹ ਕੇ
ਹਾਥੀ ਬਾਰੇ ਅੰਦਾਜ਼ਾ ਲਾਉਣ ਲਈ, ਹਾਥੀ ਕੋਲ ਚਲੇ ਗਏ। ਉਨ੍ਹਾਂ ਵਿੱਚੋਂ ਜਿਸ ਨੇ ਹਾਥੀ ਦੀਆਂ ਲੱਤਾਂ
ਨੂੰ ਛੂਹਿਆ ਤਾਂ ਇਹ ਵਿਚਾਰ ਬਣਾ ਲਿਆ ਕਿ ਹਾਥੀ ਤਾਂ ਥੰਮ੍ਹ ਵਰਗਾ ਹੁੰਦਾ ਹੋਵੇਗਾ; ਜਿਸ ਅੰਨ੍ਹੇ
ਮਨੁੱਖ ਨੇ ਹਾਥੀ ਦੇ ਪਿੰਡੇ `ਤੇ ਹੱਥ ਫੇਰਿਆ ਉਸ ਨੇ ਸਮਝ ਲਿਆ ਕਿ ਹਾਥੀ ਤਾਂ ਕੰਧ ਵਰਗਾ ਹੁੰਦਾ
ਹੈ; ਜਿਸ ਨੇ ਹਾਥੀ ਦੇ ਕੰਨਾਂ ਨੂੰ ਟੋਹਿਆ ਤਾਂ ਸੋਚਿਆ ਕਿ ਹਾਥੀ ਤਾਂ ਛੱਜ ਵਰਗਾ ਹੁੰਦਾ ਹੋਵੇਗਾ
ਅਤੇ ਜਿਸ ਨੇ ਹਾਥੀ ਦੀ ਪੂਛ ਨੂੰ ਟੋਹ ਕੇ ਵੇਖਿਆ ਤਾਂ ਉਹ ਸਮਝ ਗਿਆ ਕਿ ਹਾਥੀ ਤਾਂ ਲੱਜ (ਮੋਟੀ
ਰੱਸੀ) ਵਰਗਾ ਹੁੰਦਾ ਹੋਵੇਗਾ। ਉਹ ਆਪੋ-ਆਪਣੇ ਵਿਚਾਰਾਂ `ਤੇ ਦ੍ਰਿੜਤਾ ਨਾਲ ਅੜੇ ਰਹੇ ਅਤੇ
ਇੱਕ-ਦੂਜੇ ਨੂੰ ਗ਼ਲਤ ਸਾਬਤ ਕਰਨ ਲਈ ਆਪਸ ਵਿੱਚ ਝਗੜਾ ਕਰਨ ਤੱਕ ਭੀ ਚਲੇ ਗਏ। ਉਹ ਵਿਚਾਰੇ ਕੀ ਜਾਣਨ
ਕਿ ਹਾਥੀ ਵਿੱਚ ਇਹ ਸਾਰੇ ਭੌਤਿਕ ਗੁਣ ਸਨ। ਯਾਨੀ ਕਿ, ਉਹ ਥੰਮ੍ਹ ਵਰਗਾ ਵੀ ਸੀ, ਕੰਧ ਵਰਗਾ ਭੀ ਸੀ,
ਛੱਜ ਵਰਗਾ ਭੀ ਸੀ ਅਤੇ ਲੱਜ ਵਰਗਾ ਭੀ ਸੀ। ਕੀ, ਆਵਾਗਵਣ ਤੇ ਪੁਨਰ-ਜਨਮ ਬਾਰੇ ਸਿੱਖ ਕੌਮ ਦੇ ਕੁੱਝ
ਕੁ ਵਿਦਵਾਨਾਂ ਦਾ ਭੀ ਉਨ੍ਹਾਂ ਅੰਨ੍ਹਿਆਂ ਵਰਗਾ ਹਾਲ ਤਾਂ ਨਹੀਂ ਹੋ ਰਿਹਾ?
ਲੇਖਕ ਦੀ ਇਨ੍ਹਾਂ ਵਿਦਵਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪੋ-ਆਪਣੀ
ਜ਼ਿੱਦ (ਮਨੌਤ) ਛੱਡ ਕੇ ਗੁਰਮਤਿ ਫ਼ਲਸਫ਼ੇ ਦੇ ਹਾਂ-ਪੱਖੀ ਸਿਧਾਂਤਾਂ ਦਾ ਸ਼ੁੱਧ ਰੂਪ ਵਿੱਚ ਪ੍ਰਚਾਰ ਕਰਨ
`ਤੇ ਜ਼ੋਰ ਲਾਉਂਣ ਤਾ ਕਿ ਲੁਕਾਈ ਦਾ ਭਲਾ ਹੋ ਸਕੇ ਅਤੇ ਆਪਸ-ਵਿੱਚ ਕੁੜੱਤਣ ਭੀ ਨਾ ਪੈਦਾ ਹੋਵੇ। ਮਰਨ
ਤੋਂ ਬਾਅਦ ਕੀ ਹੁੰਦਾ ਹੈ ਜਾਂ ਨਹੀਂ ਹੁੰਦਾ, ਅਜਿਹੇ ਵਿਵਾਦਮਈ ਵਿਸ਼ਿਆਂ `ਤੇ ਸਮਾਂ ਅਜਾਈਂ ਨਾ
ਗੁਆਇਆ ਜਾਵੇ। ਗੁਰਮਤਿ ਫ਼ਲਸਫ਼ੇ ਵਿੱਚ, ਮਨੁੱਖ ਵਿੱਚ ਇਨਸਾਨੀਅਤ ਦੇ ਗੁਣ ਪੈਦਾ ਕਰਨ ਲਈ, ਬਹੁਤ ਕੁੱਝ
ਹੈ ਜਿਹੜਾ (ਲੇਖਕ ਦੀ ਜਾਣਕਾਰੀ ਅਨੁਸਾਰ) ਹੋਰ ਕਿਸੇ ਵੀ ਵਰਤਮਾਨ, ਮਜ੍ਹਬਾਂ ਦੇ ਫ਼ਲਸਫ਼ਿਆਂ ਵਿੱਚ
ਨਹੀਂ। ਉਸ ਪਾਸੇ ਜ਼ੋਰ ਲਾਵੋ ਪ੍ਰਚਾਰ ਸਾਧਨਾਂ ਦਾ। ਅੱਗੇ ਭਾਈ! ਜੋ ਭਾਵੇ ਕਰਤਾਰ। ਸਤਿਕਾਰਯੋਗ
ਪ੍ਰਚਾਰਕੋ! ਆਪੋ-ਆਪਣੀ ਜਿੱਦ ਨੂੰ ਵਕਾਰ ਦਾ ਮਸਲਾ ਬਣਾ ਕੇ ਆਪਸ-ਵਿੱਚ ਉਲਝਣ ਦੀ ਨਾ-ਮੁਰਾਦ ਬੀਮਾਰੀ
ਤੋਂ ਬਚੋ! ! ਗੁਰਮਤਿ ਇਨਕਲਾਬੀ ਲਹਿਰ 1765-70 ਦੇ ਆਸ-ਪਾਸ ਤੋਂ ਸੰਸਾਰ ਵਿੱਚ ਅੱਗੇ ਵਿਕਾਸ ਕਰਨ
ਦੀ ਬਜਾਏ, ਕੁੱਝ ਕੁ ਗੁਰਮਤਿ-ਵਿਹੂਣੇ ਮਿਸਲਾਂ (ਜੱਥਿਆਂ) ਦੇ ਆਗੂਆਂ ਦੀ ਬੇ-ਸਮਝੀ, ਖ਼ੁਦਗਰਜ਼ ਅਤੇ
ਸੌੜੀ ਸੋਚ ਦੇ ਕਾਰਨ ਹੀ, ਆਪਸੀ ਭਰਾ-ਮਾਰੂ ਜੰਗਾਂ ਦੇ ਕਾਰਨ, ਨਿਵਾਣਾਂ ਵੱਲ ਨੂੰ ਹੋ ਤੁਰੀ ਸੀ ਅਤੇ
ਇਸ ਅਤਿ-ਦੁਖਦਾਇਕ ਰੁਝਾਨ ਨੂੰ ਅਜੇ ਤੱਕ ਭੀ, ਠੱਲ੍ਹ ਨਹੀਂ ਪਾਈ ਜਾ ਸਕੀ। ਪੰਥ ਦੇ ਮਹਾਨ ਵਿਦਵਾਨ
(ਗੁਰਮਤਿ ਵਿਸ਼ਿਆਂ `ਤੇ ਤਕਰੀਬਨ 4 ਦਰਜਨ ਤੋਂ ਵੀ ਵੱਧ ਪੁਸਤਕਾਂ/ਟਰੈਕਟ ਲਿਖਣ ਵਾਲੇ ਵੀਰ) ਅਤੇ
ਮਿਸ਼ਨਰੀ ਲਹਿਰ ਦੇ ਮੋਢੀ ਮਹਿੰਦਰ ਸਿੰਘ ਜੋਸ਼ ਭੀ ਸਿੱਖ ਵਿਦਵਾਨਾਂ ਨੂੰ ਇਹੀ ਅਰਜ਼ੋਈਆਂ ਕਰਦੇ-ਕਰਦੇ
ਇਸ ਫ਼ਾਨੀ ਸੰਸਾਰ ਤੋਂ ਚਲੇ ਗਏ ਹਨ। ਪਰ, ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਅੱਜ-ਕਲ ਮਿਸ਼ਨਰੀਆਂ ਵੱਲੋਂ
ਹੀ ਮਿਸ਼ਨਰੀਆਂ ਦਾ ਸਭ ਤੋਂ ਵੱਧ ਵਿਰੋਧ ਕੀਤਾ ਜਾ ਰਿਹਾ ਹੈ। ਮਿਸ਼ਨਰੀ ਲਹਿਰ ਦੇ ਵਿਰੋਧੀਆਂ ਦੇ ਟੀਚੇ
ਅਲੱਗ-ਅਲੱਗ ਹੋਣ ਦੇ ਬਾ-ਵਜੂਦ, ਉਹ ਮਿਸ਼ਨਰੀ ਲਹਿਰ ਦਾ ਵਿਰੋਧ ਕਰਨ ਲਈ ਇਕੱਠੇ ਹਨ। ਪਰ, ਮਿਸ਼ਨਰੀਆਂ
ਦਾ ਟੀਚਾ (ਗੁਰੂ ਨਾਨਕ ਸਾਹਿਬ ਵੱਲੋਂ 1478 `ਚ ਅਰੰਭ ਕੀਤੀ ਸਰਬੱਤ ਦੇ ਭਲੇ ਦੀ ਇਨਕਲਾਬੀ ਲਹਿਰ ਦੇ
ਸਿਧਾਂਤਾਂ ਦਾ ਸ਼ੁੱਧ ਰੂਪ ਵਿੱਚ ਪ੍ਰਚਾਰ ਕਰ ਕੇ ਇੱਕ ਵਿਸ਼ਵ-ਪੱਧਰੀ ਚੰਗੇ ਸਮਾਜ ਦੀ ਸਿਰਜਨਾ ਕਰਨੀ
ਅਤੇ ਚੰਗੇ ਸਮਾਜ-ਪ੍ਰਬੰਧ, ਹਲੇਮੀ ਰਾਜ ਦੀ ਸਥਾਪਤੀ ਵੱਲ ਵਧਣਾ) ਇੱਕ ਹੋਣ ਦੇ ਬਾ-ਵਜੂਦ ਕੁੱਝ-ਕੁ
ਮਿਸ਼ਨਰੀ ਪ੍ਰਚਾਰਕ ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਤੋਂ ਬਾਜ਼ ਨਹੀਂ ਆ ਰਹੇ। ਕੀ ਅਜਿਹਾ ਕਰ ਕੇ ਇਹ
ਗੁਰੂ ਨਾਨਕ ਸਾਹਿਬ ਅਤੇ ਸਮੁੱਚੇ ਮਨੁੱਖੀ ਸਮਾਜ ਦੀ ਸੇਵਾ ਕਰ ਰਹੇ ਹਨ ਕਿ ਗ਼ੱਦਾਰੀਆਂ? ਇਸ ਅਹਿਮ
ਸੁਆਲ ਦਾ, ਆਪਣੇ ਗਰੀਵਾਨ `ਚ ਘੋਖਵੀ ਝਾਤੀ ਮਾਰ ਕੇ, ਜਵਾਬ ਆਪਣੇ ਅੰਦਰੋਂ ਹੀ ਮਿਲ ਜਾਵੇਗਾ।
ਗੁਰਬਾਣੀ ਦੀ ਵਿਆਖਿਆ ਸੁਹਿਰਦ ਹੋ ਕੇ ਕਰੀ ਜਾਵੇ, ਗੁਰਬਾਣੀ ਦੀ ਵਿਆਖਿਆ ਨੂੰ ਆਪਣੇ ਨਿੱਜੀ
ਵਿਚਾਰਾਂ ਦੀ ਪ੍ਰੋੜਤਾ ਕਰਨ ਲਈ, ਖਿੱਚ-ਧੂਹ ਕਰ ਕੇ ਨਹੀਂ। ਸਤਿਕਾਰਯੋਗ ਗੁਰਮਤਿ ਪ੍ਰਚਾਰਕਾਂ ਨੂੰ
ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਮਤਿ ਫ਼ਲਸਫ਼ੇ ਦੇ ਹਾਂ-ਪੱਖੀ ਵਿਸ਼ਿਆਂ ਬਾਰੇ ਪ੍ਰਚਾਰ ਨੂੰ ਪਹਿਲ
ਦੇਣ, (ਵਿਵਾਦਮਈ ਵਿਸ਼ਿਆਂ ਨੂੰ ਪਬਲਿਕ ਵਿੱਚ ਲਿਆ ਕੇ, ਮਿਸ਼ਨਰੀ ਲਹਿਰ ਦੀ ਬਦਨਾਮੀ ਦਾ ਕਾਰਨ ਨਾ
ਬਣਨ)। ਅਜੇ ਬਹੁਤ ਹਾਂ-ਪੱਖੀ ਕੰਮ ਕਰਨ ਵਾਲੇ ਹਨ। ਉਨ੍ਹਾਂ `ਤੇ ਜ਼ੋਰ ਲਾਵੋ।
(ਕ) ਚੰਗੇ-ਮੰਦੇ ਸੰਸਕਾਰਾਂ ਦੇ ਬੀਜ
ਮਨੁੱਖ ਦੇ ਮਨ `ਤੇ, ਉਸ ਵੱਲੋਂ ਬੀਤ ਚੁੱਕੇ ਸਮੇਂ ਦੌਰਾਨ ਕੀਤੇ ਚੰਗੇ
ਕੰਮਾਂ ਦੇ ਸੰਸਕਾਰ ਅਤੇ ਕੀਤੇ ਮਾੜੇ ਕੰਮਾਂ ਦੇ ਸੰਸਕਾਰ (ਦੋਵੇਂ ਹੀ) ਬੀਜ-ਰੂਪ ਵਿੱਚ ਉੱਕਰੇ ਹੋਏ
ਹੁੰਦੇ ਹਨ। ਜਿਹੋ-ਜਿਹਾ ਉਨ੍ਹਾਂ ਸੰਸਕਾਰਾਂ, ਨੂੰ ਵਾਤਾਵਰਣ (ਮਨੁੱਖ ਦੀ ਸੰਗਤਿ ਦੇ ਰੂਪ ਵਿੱਚ)
ਮਿਲਦਾ ਹੈ, ਉਹੋ-ਜਿਹੇ ਸੰਸਕਾਰਾਂ ਦੇ ਬੀਜ ਮਨੁੱਖ ਦੇ ਅੰਦਰ (ਮਨ ਵਿੱਚ) ਪੁੰਗਰਨੇ ਸ਼ੁਰੂ ਹੋ ਜਾਂਦੇ
ਹਨ। ਇਸੇ ਹਕੀਕਤ ਦੀ ਪੁਸ਼ਟੀ ਹੇਠ ਦਿੱਤੇ ਗੁਰ-ਫ਼ੁਰਮਾਣ ਤੇ ਆਮ ਕਹਾਵਤ ਕਰਦੇ ਹਨ -
ਕਬੀਰ ਮਨ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ
ਤੈਸੋ ਫਲ ਖਾਇ॥ 86॥ (ਕਬੀਰ ਜੀ, 1369)
ਭਾਵ: ਹੇ ਕਬੀਰ! ਇਹ ਜਾਣਦਿਆਂ ਭੀ ਕਿ ਪ੍ਰਭੂ ਦੀ ਸਿਫ਼ਤਿ-ਸਾਲਾਹ (ਮਨ
ਵਿਚਲੇ) ਵਿਕਾਰਾਂ ਨੂੰ ਸਾੜ ਕੇ, ਪ੍ਰਭੂ-ਚਰਨਾਂ `ਚ ਜੋੜਦੀ ਹੈ) ਮਨੁੱਖੀ-ਮਨ (ਮਾਨੋਂ) ਪੰਛੀ ਦੀ
ਤਰ੍ਹਾਂ (ਪ੍ਰਭੂ ਦਾ ਆਸਰਾ ਛੱਡ ਕੇ) ਭਟਕ-ਭਟਕ ਕੇ (ਮਾਇਕ-ਪਦਾਰਥਾਂ ਦੇ ਪਿੱਛੇ) ਦਸੀਂ ਪਾਸੀਂ
ਦੌੜਦਾ ਹੈ (ਤੇ ਇਹ ਕੁਦਰਤਿ ਦਾ ਨਿਯਮ ਹੈ ਕਿ) ਮਨੁੱਖ ਜੇਹੋ-ਜਿਹੀ ਸੰਗਤਿ ਵਿੱਚ ਉਠਦਾ-ਬੈਠਦਾ
ਹੈ, ਉਹੋ ਜਿਹਾ ਹੀ ਉਸ ਨੂੰ ਫ਼ਲ ਮਿਲਦਾ ਹੈ। ਆਮ ਕਹਾਵਤ ਭੀ ਹੈ ਕਿ ਜੈਸੀ ਸੰਗਤਿ, ਤੈਸੀ ਰੰਗਤ।
ਭਾਵ ਕਿ, ਜੇਕਰ ਮਨੁੱਖ ਨੂੰ ਚੰਗੀ ਸੰਗਤਿ ਮਿਲ ਜਾਵੇ ਤਾਂ ਪੂਰਬਲੇ ਕੰਮਾਂ
ਦੇ ਚੰਗੇ ਸੰਸਕਾਰਾਂ ਦੇ ਬੀਜ ਪੁੰਗਰਨ ਲਗਦੇ ਹਨ ਅਤੇ ਜੇਕਰ (ਬਦ-ਕਿਸਮਤੀ ਨਾਲ) ਉਸ ਨੂੰ ਮਾੜੀ
ਸੰਗਤਿ ਮਿਲ ਜਾਵੇ ਤਾਂ ਉਸ ਦੇ ਮਨ ਵਿੱਚ ਪੂਰਬਲੇ ਸਮੇਂ ਵਿੱਚ ਉਸ ਵੱਲੋਂ ਕੀਤੇ ਮਾੜੇ ਕੰਮਾਂ ਦੇ
ਸੰਸਕਾਰਾਂ ਦੇ ਬੀਜ ਪ੍ਰਫੁੱਲਤ ਹੋਣ ਲਗਦੇ ਹਨ।
(ਖ) ਗੁਰੂ-ਪਰਮੇਸ਼ਰ ਦੀ ਸ਼ਰਣ ਆਇਆਂ ਨਵੇਂ (ਚੰਗੇ) ਲੇਖ ਲਿਖੇ ਜਾਂਦੇ ਹਨ
ਜੇਕਰ ਮਨੁੱਖ ਨੂੰ ਕਿਸੇ ਕਰਮ-ਯੋਗੀ (ਨਾਮ ਜਪਣ, ਸੁੱਚੀ ਕਿਰਤ ਕਰਨ ਤੇ ਵੰਡ
ਕੇ ਛਕਣ ਵਾਲੇ ਭਲੇ ਮਨੁੱਖ) ਦੀ ਸੰਗਤਿ ਮਿਲ ਜਾਵੇ ਤੇ ਉਹ, ਉਸ ਨੂੰ, ਸਰਬ-ਸਾਂਝੇ ਸ਼ਬਦ-ਗੁਰੂ ਦੀ
ਮਹਿਮਾ ਦੀ ਦੱਸ ਪਾ ਦੇਵੇ ਤਾਂ ਹੋ ਸਕਦਾ ਹੈ ਕਿ ਉਹ ਜਗਿਆਸੂ ਮਨੁੱਖ ਉਸ ਦੀਆਂ ਦੱਸੀਆਂ ਗੱਲਾਂ ਤੋਂ
ਪ੍ਰਭਾਵਤ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਨੂੰ ਪੜ੍ਹਨ, ਸੁਣਨ, ਸਮਝਣ ਤੇ ਮਨੋਂ
ਸਵੀਕਾਰ ਕਰ ਕੇ ਉਸ ਦੇ ਉਪਦੇਸ਼ਾਂ `ਤੇ ਅਮਲ ਕਰਨਾ ਸ਼ੁਰੂ ਕਰ ਦੇਵੇ। ਬਹੁਤ ਸਾਰੇ ਪ੍ਰਾਣੀ ਆਪਣਾ
ਪਿੱਤਰੀ ਮਜ਼੍ਹਬ ਤਿਆਗ ਕੇ, ਅਜਿਹਾ ਕਰ ਭੀ ਚੁੱਕੇ ਹਨ। ਖਿਆਲ ਰੱਖਣਯੋਗ ਗੱਲ ਹੈ ਕਿ ਵਰਤਮਾਨ ਅਖੌਤੀ
‘ਸੰਤ-ਬਾਬੇ’, ‘ਪਹੁੰਚੇ ਹੋਏ ਮਹਾਂ ਪੁਰਸ਼’ ‘ਬ੍ਰਹਮ ਗਿਆਨੀ’ ਆਦਿ ਅਖਵਾਉਂਣ ਵਾਲੇ ਅਤੇ ਡੇਰੇਦਾਰ
(ਕਿਸੇ ਟਾਵੇਂ-ਟਾਵੇਂ ਹਰੇ ਬੂਟ ਤੋਂ ਇਲਾਵਾ, ਅਸਲ ਵਿੱਚ, ਬਾਨਾਰਸ ਦੇ ਠੱਗ) ਵਿਹਲੀਆਂ ਖਾ ਕੇ ਆਪਣੇ
ਸ਼ਰਧਾਲੂਆਂ ਦਾ ਸਰਬ-ਪੱਖੀ ਸ਼ੋਸ਼ਨ ਕਰਨ ਵਾਲੇ ਸ਼ਿਕਾਰੀ ਹੀ ਹੁੰਦੇ ਹਨ। ਇਨ੍ਹਾਂ ਦੇ ਜਾਲ ਵਿੱਚ ਫਸਿਆ
ਪ੍ਰਾਣੀ, ਛੇਤੀ ਕੀਤੇ, ਬਚ ਨਹੀਂ ਸਕਦਾ।
(ਗ) ਪ੍ਰਭੂ ਦੀ ਮਿਹਰ ਨਾਲ ਗੁਰੂ ਤੋਂ ਨਾਮੁ ਦੀ ਪ੍ਰਾਪਤੀ ਰਾਹੀਂ (ਮਨ
ਨਿਰਮਲ ਹੋਣ ਨਾਲ) ਵਿਸ਼ਵ-ਸ਼ਾਂਤੀ
ਸ਼ਬਦ-ਗੁਰੂ ਦੇ ਉਪਦੇਸ਼ਾਂ ਰਾਹੀਂ ਸਾਧ ਸੰਗਤਿ ਵਿੱਚ ਜੁੜ ਕੇ, ਸ਼ਬਦ-ਗੁਰੂ ਦੇ
ਉਪਦੇਸ਼ਾਂ ਨੂੰ ਮਨ ਕਰ ਕੇ, ਕਮਾਉਂਣ ਵਾਲੇ ਅਤੇ ਪ੍ਰਭੂ-ਚਰਨਾਂ `ਚ ਸੱਚੇ ਦਿਲੋਂ ਅਰਜ਼ੋਈ ਕਰਨ ਵਾਲੇ
ਵਿਅਕਤੀ `ਤੇ ਕਦੇ-ਨ-ਕਦੇ ਕਰਤਾਰ ਪਰਸੰਨ ਹੋ ਹੀ ਜਾਂਦਾ ਹੈ ਅਤੇ ਉਸ ਦੇ ਮਨ ਅੰਦਰ (ਚਾਅ ਤੇ ਉਤਸ਼ਾਹ
ਨਾਲ ਨਾਮ ਜਪਨ, ਸਿਮਰਨ ਕਰਨ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਦੀ ਬਰਕਤਿ ਨਾਲ) ‘ਨਾਮੁ’ ਪਰਗਟ ਹੋ
ਜਾਂਦਾ ਹੈ। ਮਾਇਆ (ਤੇ ਮਾਇਆ ਦੇ ਪੰਜੇ ਪੁੱਤਰ), ਆਸਾ, ਮਨਸਾ, ਤ੍ਰਿਸ਼ਨਾ, ਦੁਬਿਧਾ, ਨਫ਼ਰਤ,
ਨਿੰਦਿਆ-ਚੁਗਲੀ, ਆਪਣੇ-ਪਰਾਏ ਦੀ ਸੋਚ, ਵੈਰ-ਵਿਰੋਧ, ਈਰਖਾ, ਧੜੇ-ਬੰਦੀਆਂ ਆਦਿ ਔਗੁਣ ਉਸ ਨੂੰ,
ਸਹਿਜੇ ਹੀ, ਛੱਡ ਜਾਂਦੇ ਹਨ। ਕਾਮ (ਸੰਜਮ ਵਿੱਚ ਆ ਕੇ) ਵਿਕਾਰਾਂ ਵੱਲ ਰੁਚਿਤ ਹੋਣੋਂ ਹਟ
ਜਾਂਦਾ ਹੈ, ਕ੍ਰੋਧ ਬੀਰ-ਰਸ ਵਿੱਚ ਬਦਲ ਕੇ ਪਰਉਪਕਾਰ ਕਰਾਉਂਣ ਲੱਗ ਜਾਂਦਾ ਹੈ, ਲੋਭ
ਸਬਰ-ਸੰਤੋਖ ਵਿੱਚ ਬਦਲ ਕੇ ਪ੍ਰਭੂ-ਰਜ਼ਾ ਅਨੁਸਾਰ ਚੱਲਣ ਵਿੱਚ ਸਹਾਈ ਹੋ ਜਾਂਦਾ ਹੈ, ਮੋਹ
ਪ੍ਰੇਮ ਵਿੱਚ ਬਦਲ ਕੇ ਸਾਰਿਆਂ ਨੂੰ (ਦਰਜਾ-ਬਦਰਜਾ) ਆਪਣੇ ਪਿਤਾ, ਮਾਤਾ, ਭੈਣ, ਭਰਾ, ਪੁੱਤਰ, ਧੀ,
ਆਦਿ ਦਾ ਸਤਿਕਾਰ ਦੇਣ ਲੱਗ ਜਾਂਦਾ ਹੈ ਅਤੇ ਅਹੰਕਾਰ ਨਿਮਰਤਾ, ਖਿਮਾਂ, ਤੇ ਸਹਿਣਸ਼ੀਲਤਾ
ਵਿੱਚ ਬਦਲ ਕੇ ਸਮਾਜ ਵਿੱਚ ਸ਼ਾਂਤੀ ਸਥਾਪਤ ਕਰਨ ਵਿੱਚ ਸਹਾਈ ਹੋ ਜਾਂਦਾ ਹੈ।
ਇਸ ਆਤਮਕ ਅਵੱਸਥਾ `ਤੇ ਪਹੁੰਚਿਆ ਹੋਇਆ ਮਨੁੱਖ ਸ਼ਾਂਤ-ਸੁਭਾਅ ਵਾਲਾ ਬਣ
ਜਾਂਦਾ ਹੈ (ਯਾਨੀ ਕਿ ਹੱਕ, ਸੱਚ, ਇਨਸਾਫ਼ ਤੇ ਸਬਰ-ਸੰਤੋਖ ਦਾ ਧਾਰਨੀ ਬਣ ਜਾਂਦਾ ਹੈ) ਅਤੇ ਮਨੁੱਖੀ
ਸਮਾਜ ਵਿੱਚ ਸ਼ਾਂਤੀ ਕਾਇਮ ਕਰਨ ਲਈ ਸਿਰ-ਧੜ ਦੀ ਬਾਜ਼ੀ ਲਾਉਂਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਜਦੋਂ
ਅਜਿਹੇ ਵਿਅਕਤੀਆਂ ਦੀ ਗਿਣਤੀ ਸੰਸਾਰ ਦੇ ਜਿਸ ਹਿੱਸੇ ਵਿੱਚ ਵੀ ਕਾਫ਼ੀ ਤਾਦਾਦ ਵਿੱਚ (ਲਗ-ਭੱਗ 80
ਫ਼ੀਸਦੀ ਤੱਕ) ਹੋ ਜਾਵੇਗੀ ਤਾਂ ਸੰਸਾਰ ਦੇ ਉਸ ਹਿੱਸੇ ਵਿੱਚ ਚੰਗੇ ਸਮਾਜ-ਪ੍ਰਬੰਧ (ਹਲੇਮੀ-ਰਾਜ) ਦੀ
ਸਿਰਜਨਾ ਕਰਨ ਵਿੱਚ ਬਹੁਤ ਮਦਦ ਮਿਲੇਗੀ। ਸੰਸਾਰ ਦੇ ਉਸ ਹਿੱਸੇ ਵਿੱਚ ਵਸਣ ਵਾਲੇ ਮਨੁੱਖਾਂ ਦਾ ਜੀਵਨ
ਖੁਸ਼ੀਆਂ-ਭਰਪੂਰ ਬਣ ਜਾਵੇਗਾ। ਸੰਸਾਰ ਦੇ ਉਸ ਹਿੱਸੇ ਲਈ (ਮਾਨੋਂ) ਇਸ ਧਰਤੀ `ਤੇ ਹੀ ‘ਸਵਰਗ’ ਆ
ਜਾਵੇਗਾ! ਸੰਸਾਰ ਦੇ ਉਸ ਹਿੱਸੇ `ਚ ਸ਼ਾਂਤੀ ਸਥਾਪਤ ਕਰਨ `ਚ ਕੋਈ ਖ਼ਾਸ ਦਿੱਕਤ ਨਹੀਂ ਆਵੇਗੀ।
ਹੁਣ ਜ਼ਰੂਰੀ ਲਗਦਾ ਹੈ ਕਿ ਉੱਪਰ ਵਰਣਨ ਕੀਤੀ ਆਤਮਕ-ਅਵੱਸਥਾ ਤੱਕ, ਗੁਰੂ
ਗ੍ਰੰਥ ਸਾਹਿਬ ਦੇ ਸਰਬ-ਸਾਂਝੇ ਫ਼ਲਸਫ਼ੇ `ਤੇ ਅਮਲ ਕਰ ਕੇ, ਕਿਵੇਂ ਪਹੁੰਚਿਆ ਜਾ ਸਕਦਾ ਹੈ, ਇਸ ਬਾਰੇ
ਭੀ ਸ਼ਬਦ-ਗੁਰੂ ਦੇ ਸਰਬ-ਸਾਂਝੇ ਫ਼ਲਸਫ਼ੇ ਵਿੱਚੋਂ ਹੀ ਉਦਾਹਰਣਾਂ ਦਿੱਤੀਆਂ ਜਾਣ। ਅੱਗੇ, ਕਰਮਵਾਰ, ਇਹ
ਹਵਾਲੇ ਦਰਜ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ। ਯਾਨੀ ਕਿ, ਹੁਕਮਿ ਰਜਾਈ ਚੱਲਣ ਨਾਲ
ਮਨੁੱਖ ਨੂੰ ਰੱਬੀ-ਗੁਣਾਂ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਫਲ-ਸਰੂਪ ਉਸ ਦੇ ਅਉਗੁਣ
ਖਤਮ ਹੋਈ ਜਾਂਦੇ ਹਨ ਅਤੇ (ਸਹਿਜੇ-ਸਹਿਜੇ) ਤ੍ਰੈਗੁਣੀ ਮਾਇਆ ਤੇ ਇਸ ਦਾ ਸਾਰਾ ਕੋੜਮਾ-ਕਬੀਲਾ ਮਨੁੱਖ
ਦੇ ਵੱਸ ਵਿੱਚ ਆ ਜਾਂਦਾ ਹੈ। ਇਸ ਦੇ ਫ਼ਲਸਰੂਪ, ਇੱਕ ਪਰਿਵਾਰ ਤੋਂ ਲੈ ਕੇ ਵਿਸ਼ਵ-ਪੱਧਰ ਤੱਕ ਸ਼ਾਂਤੀ
ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਪ੍ਰਭੂ-ਮਿਲਾਪ ਵੀ। ਗੁਰਮਤਿ ਦੇ ਵਿਰੋਧੀਆਂ (ਮਨੂੰਵਾਦੀਆਂ,
ਮਜ਼੍ਹਬੀ ਜਨੂੰਨੀਆਂ, ਨਕਲੀ ਸੰਤ-ਬਾਬਿਆਂ, ਡੇਰੇਦਾਰਾਂ, ਕੱਚ-ਘਰੜ ਪ੍ਰਚਾਰਕਾਂ ਆਦਿ) ਵੱਲੋਂ
‘ਸਿਮਰਨ’ ਅਤੇ ਨਾਮ ਜਪਣ ਬਾਰੇ ਬਹੁਤ ਸਾਰੇ ਭੁਲੇਖੇ ਪਾਏ ਜਾ ਰਹੇ ਹਨ। ਲੇਖਕ ਦੀ ਸਮਝ ਅਨੁਸਾਰ,
ਇਨ੍ਹਾਂ ਦੀ ਪ੍ਰੀਭਾਸ਼ਾ ਇੰਜ ਕੀਤੀ ਜਾ ਸਕਦੀ ਹੈ -
1. ਗੁਰਮਤਿ-ਸਿਮਰਨ: ਪ੍ਰਭੂ-ਪਿਤਾ ਨੂੰ ਆਪਣੇ ਅੰਗਸੰਗ ਮਹਿਸੂਸ ਕਰਦਿਆਂ
ਹੋਇਆਂ ਸੁਰਤਿ ਰਾਹੀਂ ਆਪਣਾ ਧਿਆਨ ਜੋੜ ਕੇ ਉਸ ਮਾਲਿਕ-ਪ੍ਰਭੂ ਦੀ ਯਾਦ ਨੂੰ ਆਪਣੇ ਮਨ (ਤੇ ਫਿਰ
ਹਿਰਦੇ) ਵਿੱਚ ਪਿਆਰ ਨਾਲ ਪੱਕਾ ਕਰਨ ਦਾ ਯਤਨ ਕਰਨਾ। ਸਿਮਰਨ ਬੋਲ ਕੇ ਨਹੀਂ ਕੀਤਾ ਜਾਂਦਾ।
2. ਗੁਰਮਤਿ-ਜਾਪ: ਗੁਰਮੰਤ੍ਰ, ਮੂਲਮੰਤ੍ਰ ਜਾਂ ਹੋਰ ਗੁਰਬਾਣੀ ਦਾ ਜੀਭ
ਨਾਲ ਬੋਲ ਕੇ, ਕੰਨਾਂ ਨਾਲ ਧਿਆਨ (ਸੁਰਤਿ) ਲਾ ਕੇ ਸੁਣਨਾ ਅਤੇ ਪ੍ਰਭੂ-ਪਿਤਾ ਦੇ ਨਿਰਮਲ ਭਉ (ਭੈ ਤੇ
ਅਦਬ) ਵਿੱਚ ਟਿਕ ਕੇ, ਸੁਚੇਤ ਰਹਿ ਕੇ, ਜਾਪ ਕਰਨਾ -
ਗਾਵੀਐ ਸੁਣੀਐ ਮਨ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥ (ਮ: 1,
2)
3. ਗੁਰਬਾਣੀ ਨੂੰ ਗਾਉਣਾ: ਗੁਰਬਾਣੀ ਦਾ ਪਿਆਰ ਤੇ ਸ਼ਰਧਾ ਨਾਲ,
ਸੁਚੇਤ ਹੋ ਕੇ, (ਅਰਥ-ਭਾਵ ਸਮਝ ਕੇ) ਗਾਉਣਾ। ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ (ੴ ਤੋਂ ਲੈ
ਕੇ ਤਨੁ ਮਨੁ ਥੀਵੈ ਹਰਿਆ ਤੱਕ) ਅੰਮ੍ਰਿਤ-ਨਾਮ ਨਾਲ ਭਰਪੂਰ ਹੈ।
ਕਰਨਲ ਗੁਰਦੀਪ ਸਿੰਘ
|
. |