ਪਉੜੀ 10
ਸੁਣਿਐ ਸਤੁ ਸੰਤੋਖੁ ਗਿਆਨੁ ॥
ਵਿਰਲੇ ਮਨ ਨੂੰ ਸਤਿਗੁਰ ਦੀ ਮੱਤ ਸੁਣਨ ਨਾਲ ਸਤ, ਸੰਤੋਖ ਅਤੇ ਤੱਤ ਗਿਆਨ
ਪ੍ਰਾਪਤ ਹੁੰਦਾ ਹੈ।
ਸੁਣਿਐ ਅਠਸਠਿ ਕਾ ਇਸਨਾਨੁ ॥
ਨੋਟ:
2 ਪੈਰ + 2 ਗੋਡੇ +
2 ਬਾਹਵਾਂ + ਛਾਤੀ + ਖੋਪੜੀ = 8, ਇਨ੍ਹਾਂ ਹੱਡੀਆਂ ਦੇ ਢਾਂਚੇ ਨੂੰ‘ਅੱਠਾ’ ਕਹਿੰਦੇ ਹਨ। ਮਨ ਦੇ
ਅਵਗੁਣੀ ਖਿਆਲਾਂ ਵਾਲੇ ਪਾਗਲਪਨ ਨੂੰ ਸਠੀਆ ਜਾਣਾ ਭਾਵ ਸੱਠਾ (60) ਵਿਗੜਨਾ ਕਹਿੰਦੇ ਹਨ।
68 (60+8) ਤੀਰਥ ਦਾ ਇਸ਼ਨਾਨ:
ਸਤਿਗੁਰ
ਦੀ ਮੱਤ ਦੇ ਸਰੋਵਰ ’ਚ ਇਸ਼ਨਾਨ ਕਰਕੇ ਮਨ ਦਾ ਸਠੀਆਪਨ ਠੀਕ ਹੋ ਜਾਵੇ ਤਾਂ ਮਨ ਰੂਪੀ ਦੇਹ ਦਾ ਅੱਠਾ
ਵੀ ਸੰਵਰ ਜਾਂਦਾ ਹੈ। ਇਸੇ ਨੂੰ 68 ਤੀਰਥ ਦਾ ਇਸ਼ਨਾਨ ਕਹਿੰਦੇ ਹਨ।
ਸਤਿਗੁਰ ਦੀ ਮੱਤ ਦੇ ਤੀਰਥ ’ਚ ਇਸ਼ਨਾਨ ਕਰਨ ਨਾਲ ਵਿਰਲੇ ਮਨ ਦੀ ਸਾਰੀ ਸੁਰਤ,
ਮੱਤ, ਬੁਧ ਅਤੇ ਹਰੇਕ ਖਿਆਲ ਰੋਮ-ਰੋਮ ਪਵਿਤ੍ਰ ਹੋ ਜਾਂਦਾ ਹੈ।
ਸੁਣਿਐ ਪੜਿ ਪੜਿ ਪਾਵਹਿ ਮਾਨੁ ॥
ਨਿਜਘਰ ’ਚੋਂ ਪ੍ਰਾਪਤ ਪਵਿਤ੍ਰਤਾ ਵਾਲਾ ਵਿਰਲਾ ਮਨ ਰੱਬੀ ਦਰਬਾਰ ’ਤੇ ਮਾਣ
ਪ੍ਰਾਪਤ ਕਰਨ ਜੋਗ ਹੋ ਜਾਂਦਾ ਹੈ (ਚੰਗੇ ਗੁਣਾਂ ਦੀ ਪ੍ਰਾਪਤੀ)।
ਸੁਣਿਐ ਲਾਗੈ ਸਹਜਿ ਧਿਆਨੁ ॥
ਵਿਰਲਾ ਮਨ ਆਪਣੀ ਸੁਰਤ ਅਤੇ ਸਾਰੇ ਰੋਮ-ਰੋਮ ਨੂੰ ਸਹਜ ਵਿਚ ਰੱਖਣ ਲਈ ਆਪਣਾ
ਧਿਆਨ ਲਗਾਤਾਰ ਸਤਿਗੁਰ ਦੀ ਮੱਤ ਵਿਚ ਲਗਾਈ ਰਖਦਾ ਹੈ।
ਨਾਨਕ ਭਗਤਾ ਸਦਾ ਵਿਗਾਸੁ ॥
ਅਦ੍ਵੈਤ ਅਵਸਥਾ ਵਿਚ ਨਾਨਕ ਜੀ ਆਖਦੇ ਹਨ ਕਿ ਵਿਰਲਾ ਮਨ ਸਤਿਗੁਰ ਦੀ ਮੱਤ
ਨੂੰ ਸੁਣਕੇ ਆਪਣੇ ਸਾਰੇ ਜਗ ਭਾਵ ਖਿਆਲਾਂ, ਸੁਰਤ, ਮੱਤ, ਮਨ ਅਤੇ ਬੁਧ ’ਚ ਖੇੜਾ ਮਹਿਸੂਸ ਕਰਨ ਜੋਗ
ਹੋ ਜਾਂਦਾ ਹੈ।
ਸੁਣਿਐ ਦੂਖ ਪਾਪ ਕਾ ਨਾਸੁ ॥10॥
ਇਸ ਤਰ੍ਹਾਂ ਵਿਰਲੇ ਮਨ ਨੂੰ ਦ੍ਰਿੜ ਹੁੰਦਾ ਹੈ ਕਿ ਅਵਗੁਣੀ ਖਿਆਲਾਂ ਤੋਂ
ਖਲਾਸੀ ਹੁੰਦੀ ਹੈ। ਰੱਬੀ ਵਿਛੋੜੇ ਦਾ ਦੁਖ ਭਾਵ ਵਿਕਾਰੀ ਖਿਆਲ ਉਪਜਦੇ ਹੀ ਨਹੀਂ।
ਵੀਰ
ਭੁਪਿੰਦਰ ਸਿੰਘ