ਕਿਸੇ ਟਾਵੀਂ-ਟਾਵੀਂ ਬਖ਼ਸ਼ੀ ਰੂਹ ਤੋਂ ਸਿਵਾਏ, ਸਾਰੀ ਸ੍ਰਿਸ਼ਟੀ ਤ੍ਰੈਗੁਣੀ
ਮਾਇਆ ਦੇ ਮੋਹ ਅਧੀਨ ਹੈ। ਪਰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦੀ ਮਨੋਂ ਪਾਲਣਾ ਕਰ ਕੇ ਮਾਇਆ ਤੇ
ਇਸ ਦਾ ਸਾਰਾ ਕੌੜਮਾ-ਕਬੀਲਾ ਵੱਸ ਕੀਤਾ ਜਾ ਸਕਦਾ ਹੈ। ਆਓ, ਜਰਾ ਵਿਚਾਰੀਏ।
1. ਤ੍ਰੈਗੁਣੀ ਮਾਇਆ ਭੀ ਪਰਮਾਤਮਾ ਨੇ ਹੀ ਪੈਦਾ ਕਰ ਕੇ ਰੱਬੀ-ਖੇਡ ਵਿੱਚ
ਸ਼ਾਮਿਲ ਕੀਤੀ ਹੋਈ ਹੈ
ਮਾਇਆ ਦੇ ਜਾਲ `ਚੋਂ ਛੁਟਕਾਰਾ ਪਾਉਂਣ ਲਈ ਪੂਰੇ ਗੁਰੂ (ਸ਼ਬਦ-ਗੁਰੂ, ਗੁਰੂ
ਗ੍ਰੰਥ ਸਾਹਿਬ) ਦੇ ਉਪਦੇਸ਼ਾਂ ਦੀ ਸ਼ਰਧਾ ਨਾਲ ਪਾਲਣਾ ਕਰਨੀ (ਯਾਨੀ ਕਿ ਹੁਕਮਿ ਰਜ਼ਾਈ ਚੱਲਣਾ) ਅਤੀ
ਜ਼ਰੂਰੀ ਹੈ। ਇਸ ਵਿਸ਼ੇ ਬਾਰੇ ਪਿੱਛੇ ਭੀ ਕੁੱਝ ਵਿਚਾਰ ਕੀਤੀ ਜਾ ਚੁੱਕੀ ਹੈ।
ਸਾਜਨ ਸੰਤ ਹਮਾਰੇ ਮੀਤਾ ਬਿਨੁ ਹਰਿ ਹਰਿ ਆਨੀਤਾ ਰੇ॥
ਸਾਧਸੰਗਿ ਮਿਲਿ ਹਰਿ ਗੁਣ ਗਾਏ ਇਹੁ ਜਨਮੁ ਪਦਾਰਥੁ ਜੀਤਾ ਰੇ॥ 1॥
ਰਹਾਉ॥ ਤ੍ਰੈਗੁਣ ਮਾਇਆ ਬ੍ਰਹਮ ਕੀ ਕ੍ਹੀਨੀ ਕਹਹੁ ਕਵਨ ਬਿਧਿ ਤਰੀਐ ਰੇ॥ ਘੂਮਨ ਘੇਰ ਅਗਾਹ
ਗਾਖਰੀ ਗੁਰ ਸਬਦੀ ਪਾਰਿ ਉਤਰੀਐ ਰੇ॥ 2॥
(ਮ: 5, 403)
ਪਦ ਅਰਥ: ਹਮਾਰੇ ਮੀਤਾ-ਹੇ ਮੇਰੇ ਮਿੱਤਰੋ! ਅਨੀਤਾ-ਨਾਸਵੰਤ। ਮਿਲਿ-ਮਿਲ
ਕੇ। 1. ਰਹਾਉ। ਕੀ-ਦੀ। ਕੀਨੀ-ਬਣਾਈ ਹੋਈ। ਕਵਨ ਬਿਧਿ-ਕਿਸ ਤਰੀਕੇ ਨਾਲ? ਅਗਾਹ-ਅਥਾਹ, ਬਹੁਤ
ਡੂੰਘੀ। ਗਾਖਰੀ-ਔਖੀ। 2.
ਭਾਵ: ਹੇ ਸੰਤ ਜਨੋ! ਹੇ ਸੱਜਣੋ! ਹੇ ਮੇਰੇ ਮਿੱਤਰੋ! (ਜਗਤ ਵਿੱਚ ਜੋ
ਕੁੱਝ ਭੀ ਦਿਸ ਰਿਹਾ ਹੈ) ਪ੍ਰਭੂ ਤੋਂ ਬਿਨਾਂ ਹੋਰ ਸਭ ਕੁੱਛ ਨਾਸ਼ਵੰਤ ਹੈ (ਦਿਸਦੇ ਪਸਾਰੇ ਨਾਲ ਮੋਹ
ਪਾਇਆਂ ਦੁੱਖ ਹੀ ਪ੍ਰਾਪਤ ਹੋਵੇਗਾ)। ਜਿਸ ਮਨੁੱਖ ਨੇ ਸਾਧ-ਸੰਗਤਿ ਵਿੱਚ ਮਿਲ ਕੇ ਪਿਆਰ ਨਾਲ
ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਨੇ ਇਹ ਕੀਮਤੀ ਮਨੁੱਖਾ ਜਨਮ ਜਿੱਤ ਲਿਆ (ਸਫ਼ਲ ਕਰ
ਲਿਆ)। 1. ਰਹਾਉ।
ਹੇ ਭਾਈ! ਪਰਮਾਤਮਾ ਦੀ ਪੈਦਾ ਕੀਤੀ ਹੋਈ ਇਹ ਤ੍ਰੈਗੁਣੀ ਮਾਇਆ (ਮਾਨੋਂ ਇੱਕ
ਸਮੁੰਦਰ ਹੈ, ਇਸ ਵਿੱਚੋਂ) ਦੱਸੋ ਕਿਸ ਤਰ੍ਹਾਂ ਪਾਰ ਲੰਘ ਸਕੀਏ? (ਇਸ ਵਿੱਚ ਅਨੇਕਾਂ ਵਿਕਾਰਾਂ
ਦੀਆਂ) ਘੁੰਮਣ-ਘੇਰੀਆਂ ਪੈ ਰਹੀਆਂ ਹਨ, ਇਹ ਅਥਾਹ ਹੈ, ਇਸ ਵਿੱਚੋਂ ਪਾਰ ਲੰਘਣਾ ਬਹੁਤ ਔਖਾ ਹੈ।
(ਹਾਂ, ਹੇ ਭਾਈ!) ਸ਼ਬਦ-ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਹੀ ਇਸ ਵਿੱਚੋਂ ਪਾਰ
ਲੰਘ ਸਕੀਦਾ ਹੈ। 2.
2. ਮਾਇਆ ਦੇ ਪੰਜ ਪੁੱਤਰਾਂ (ਕਾਮਾਦਿਕ) ਨੂੰ ਕਾਬੂ ਕੀਤਾ ਜਾ ਸਕਦਾ ਹੈ
ਸਗਲ ਸ੍ਰਿਸਟਿ ਕੇ ਪੰਚ ਸਿਕਦਾਰ॥ ਰਾਮ ਭਗਤ ਕੇ ਪਾਨੀਹਾਰ॥ 1॥
ਰਹਾਉ॥ ਜਗਤ ਪਾਸ ਤੇ ਲੇਤੇ ਦਾਨੁ॥ ਗੋਬਿੰਦ ਭਗਤ ਕਉ ਕਰਹਿ ਸਲਾਮੁ॥ ਲੂਟ ਲੇਹਿ ਸਾਕਤ ਪਤਿ ਖੋਵਹਿ॥
ਸਾਧ ਜਨਾ ਪਗ ਮਲਿ ਮਲਿ ਧੋਵਹਿ॥ 2॥ ਪੰਚ ਪੂਤ ਜਣੇ ਇੱਕ ਮਾਇ॥ ਉਤਭੁਜ ਖੇਲੁ ਕਰਿ ਜਗਤ ਵਿਆਇ॥
ਤੀਨਿ ਗੁਣਾ ਕੇ ਸੰਗਿ ਰਚਿ ਰਸੇ॥ ਇਨ ਕਉ ਛੋਡਿ ਊਪਰਿ ਜਨ ਬਸੇ॥ 3॥
(ਮ: 5, 865)
ਪਦ ਅਰਥ: ਸਿਕਦਾਰ-ਸਰਦਾਰ, ਚੌਧਰੀ। ਪਾਨੀਹਾਰ-ਪਾਣੀ ਭਰਨ ਵਾਲੇ,
ਗੁਲਾਮ। 1. ਰਹਾਉ।
ਪਾਸ ਤੇ-ਪਾਸ ਤੋਂ, ਪਾਸੋਂ। ਦਾਨੁ-ਡੰਨ। ਸਾਕਤ-ਪ੍ਰਭੂ ਨਾਲੋਂ ਟੁੱਟੇ ਹੋਏ
ਬੰਦੇ। ਪਤਿ-ਇੱਜਤ। ਖੋਵਹਿ-ਗਵਾ ਲੈਂਦੇ ਹਨ। ਪਗ-ਪੈਰ (ਬਹੁ-ਵਚਨ)। ਮਲਿ-ਮਲ ਕੇ। 2.
ਪੰਜ ਪੂਤ- (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਇਹ ਪੁੱਤਰ। ਜਣੇ-ਜੰਮੇ ਹਨ।
ਮਾਇ-ਮਾਇਆ ਨੇ। ਉਤਭੁਜ ਖੇਲੁ- (ਅੰਡਜ, ਜੇਰਜ, ਉਤਭੁਜ, ਸੇਤਜ) ਉਤਭੁਜ (ਚਾਰ ਖਾਣੀਆਂ) ਦਾ ਤਮਾਸ਼ਾ।
ਕਰਿ-ਕਰ ਕੇ। ਵਿਆਇ-ਪੈਦਾ ਕਰਦੀ ਹੈ। ਤੀਨਿ-ਤਿੰਨ। ਤੀਨਿ ਗੁਣਾ- (ਰਜੋ, ਸਤੋ, ਤਮੋ) ਮਾਇਆ ਦੇ ਤਿੰਨ
ਗੁਣ। ਕੈ ਸੰਗਿ-ਦੇ ਨਾਲ। ਰਚਿ-ਇੱਕ-ਮਿੱਕ ਹੋ ਕੇ। ਰਸੇ-ਮਸਤ ਹਨ। ਜਨ-ਪ੍ਰਭੂ ਦੇ ਸੇਵਕ। 3.
ਭਾਵ: ਹੇ ਭਾਈ! (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ-ਇਹ) ਪੰਜ ਸਾਰੀ
ਸ੍ਰਿਸ਼ਟੀ ਦੇ ਚੌਧਰੀ ਹਨ। ਪਰ, ਪ੍ਰਭੂ ਦੀ ਭਗਤੀ (ਪ੍ਰੇਮਾ ਭਗਤੀ) ਕਰਨ ਵਾਲਿਆਂ ਬੰਦਿਆਂ ਦੇ ਇਹ
ਨੌਕਰ ਹੋ ਕੇ ਰਹਿੰਦੇ ਹਨ। 1. ਰਹਾਉ।
ਹੇ ਭਾਈ! ਇਹ ਪੰਜ ਚੌਧਰੀ ਦੁਨੀਆਂ (ਦੇ ਲੋਕਾਂ) ਪਾਸੋਂ ਡੰਨ ਲੈਂਦੇ ਹਨ,
ਪਰ, ਪ੍ਰਭੂ ਦੇ ਭਗਤਾਂ ਨੂੰ (ਕਾਦਿਰ ਦੀ ਕੁਦਰਤਿ ਦੇ ਨਿਯਮਾਂ ਅਨੁਕੂਲ ਜੀਵਨ ਜੀਊਣ ਵਾਲਿਆਂ ਨੂੰ)
ਨਮਸਕਾਰ ਕਰਦੇ ਹਨ। ਪ੍ਰਭੂ ਨਾਲੋਂ ਵਿੱਛੜੇ ਬੰਦਿਆਂ ਦੀ ਆਤਮਕ ਰਾਸ-ਪੂੰਜੀ (ਚੰਗੇ ਗੁਣ) ਲੁੱਟ
ਲੈਂਦੇ ਹਨ। (ਸਾਕਤ ਇਥੇ ਆਪਣੀ) ਇੱਜ਼ਤ ਗਵਾ ਲੈਂਦੇ ਹਨ। ਪਰ ਇਹ ਚੌਧਰੀ ਗੁਰਮੁਖਾਂ (ਸ਼ਬਦ ਗੁਰੂ ਦੇ
ਉਪਦੇਸ਼ਾਂ ਦੀ ਪਾਲਣਾ ਕਰਨ ਵਾਲਿਆਂ) ਦੇ ਪੈਰ ਮਲ-ਮਲ ਕੇ ਧੋਂਦੇ ਹਨ। 2.
(ਹੇ ਭਾਈ! ਪ੍ਰਭੂ ਦੇ ਹੁਕਮ ਵਿੱਚ) ਮਾਇਆ ਨੇ ਉਤਭੁਜ ਆਦਿ ਖੇਡ ਰਚਾ ਕੇ, ਇਹ
ਜਗਤ ਪੈਦਾ ਕੀਤਾ ਹੈ, (ਇਹ ਕਾਮਾਦਿਕ) ਪੰਜੇ ਪੁੱਤਰ ਭੀ ਉਸ ਨੇ ਪੈਦਾ ਕੀਤੇ ਹਨ। (ਦੁਨੀਆਂ ਦੇ ਲੋਕ
ਮਾਇਆ ਦੇ) ਤਿੰਨ ਗੁਣਾਂ ਨਾਲ ਇੱਕ-ਮਿੱਕ ਹੋ ਕੇ (ਮਾਨੋਂ) ਰਸ ਮਾਣ ਰਹੇ ਹਨ। ਪਰਮਾਤਮਾ ਦੇ ਭਗਤ
ਇਨ੍ਹਾਂ ਨੂੰ ਛੱਡ ਕੇ (ਮਾਇਆ ਦੇ ਤਿੰਨ ਗੁਣਾਂ ਤੋਂ ਉੱਚੇ ਉੱਠ ਕੇ) ਉੱਚੇ ਆਤਮਕ-ਮੰਡਲ ਵਿੱਚ ਵਸਦੇ
ਹਨ। 3.
ਨੋਟ: ਕਾਦਿਰ ਦੀ ਕੁਦਰਤਿ ਦੇ ਅਟੱਲ ਨਿਯਮਾਂ ਅਨੁਸਾਰ ਜੀਵਨ ਜਿਊਣਾ (
‘ਹੁਕਮਿ ਰਜਾਈ ਚਲਣਾ’ ) ਹੀ ਪ੍ਰੇਮਾ-ਭਗਤੀ ਹੈ।
ਸੂਰਬੀਰ ਵਰੀਆਮ ਕਿਨੈ ਨ ਹੋੜੀਐ॥ ਫਉਜ ਸਤਾਣੀ ਹਾਠ ਪੰਚਾ
ਜੋੜੀਐ॥ ਦਸ ਨਾਰੀ ਅਉਧੂਤ ਦੇਨ੍ਹਿ ਚਮੋੜੀਐ॥ ਜਿਣਿ ਜਿਣਿ ਲੈਨਿ ਰਲਾਇ ਏਹੋ ਏਨ੍ਹਾ ਲੋੜੀਐ॥ ਤ੍ਰੈ
ਗੁਣ ਇਨ ਕੈ ਵਸਿ ਕਿਨੈ ਨਾ ਮੋੜੀਐ ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ॥ ਗੁਰੁ
ਪੂਰਾ ਆਰਾਧਿ ਬਿਖਮ ਦਲੁ ਫੋੜੀਐ॥ 15॥ ਹਉ ਤਿਸੁ ਅਗੈ ਦਿਨੁ ਰਾਤਿ ਰਹਾ ਕਰ ਜੋੜੀਐ॥ (ਮ:
5, 522)
ਪਦ ਅਰਥ: ਵਰੀਆਮ-ਬਹਾਦਰ। ਹੋੜੀਐ-ਰੋਕਿਆ। ਸਤਾਣੀ-ਤਾਣ ਵਾਲੀ, ਤਾਕਤਵਰ।
ਹਾਠ-ਹਠੀਲੀ। ਪੰਚਾ-ਪੰਜ ਕਾਮਆਦਿਕਾਂ ਨੇ। ਨਾਰੀ-ਇੰਦ੍ਰੇ। ਅਉਧੂਤ-ਤਿਆਗੀ। ਜਿਣਿ-ਜਿੱਤ ਕੇ।
ਤ੍ਰੈ-ਗੁਣ- (ਮਾਇਆ ਦੇ) ਤਿੰਨਾਂ ਗੁਣਾਂ ਵਾਲੇ ਸਾਰੇ ਜੀਵ। ਭਰਮੁ-ਭਟਕਣਾ। ਕੋਟੁ-ਕਿਲ੍ਹਾ।
ਖਾਈ-ਖਾਲੀ, ਖਾਲ। ਕਿਤੁ ਬਿਧਿ-ਕਿਸ ਵਿਧੀ ਨਾਲ। ਦਲੁ-ਫ਼ੌਜ। ਕਰ-ਹੱਥ।
ਭਾਵ: (ਕਾਮਾਦਿਕ ਵਿਕਾਰ) ਬੜੇ ਸੂਰਮੇ ਤੇ ਬਹਾਦਰ (ਸਿਪਾਹੀ) ਹਨ, ਕਿਸੇ
ਨੇ ਇਨ੍ਹਾਂ ਨੂੰ ਠੱਲ੍ਹਿਆ ਨਹੀਂ। ਇਨ੍ਹਾਂ ਪੰਜਾਂ ਨੇ ਬੜੀ ਬਲ ਵਾਲੀ ਤੇ ਹਠੀਲੀ ਫ਼ੌਜ ਇਕੱਠੀ ਕੀਤੀ
ਹੋਈ ਹੈ, (ਦੁਨੀਆਂਦਾਰ ਤਾਂ ਕਿਤੇ ਰਹੇ) ਤਿਆਗੀਆਂ ਨੂੰ (ਭੀ) ਇਹ ਦਸ ਇੰਦ੍ਰੇ ਚੰਮੋੜ ਦਿੰਦੇ ਹਨ,
ਸਭ ਨੂੰ ਜਿੱਤ-ਜਿੱਤ ਕੇ ਆਪਣੇ ਅਨੁਸਾਰੀ ਕਰੀ ਜਾਂਦੇ ਹਨ, (ਇਹ ਪੰਜੇ ਮਨੁੱਖ ਦੇ ਮਨ ਨੂੰ ਵੱਸ ਕਰ
ਲੈਂਦੇ ਹਨ, ਇਸ ਮੈਲੇ ਮਨ ਦੇ ਅਧੀਨ ਚੱਲ ਰਹੇ ਪੰਜ ਗਿਆਨ ਇੰਦ੍ਰੇ ਤੇ ਪੰਜ ਕਰਮ ਇੰਦ੍ਰੇ ਭੀ
ਗੁਰਮਤਿ-ਵਿਰੋਧੀ ਕੰਮਾਂ ਵੱਲ ਰੁਚਿਤ ਰਹਿੰਦੇ ਹਨ) ਬੱਸ। ਇਹੀ ਗੱਲ ਇਹ ਲੋੜਦੇ ਹਨ, ਸਾਰੇ ਹੀ
ਤ੍ਰੈਗੁਣੀ ਜੀਵ ਇਨ੍ਹਾਂ ਦੇ ਦਬਾਉ ਹੇਠ ਹਨ। ਕਿਸੇ ਨੇ ਇਨ੍ਹਾਂ ਨੂੰ ਮੋੜਾ ਨਹੀਂ ਪਾਇਆ, (ਮਾਇਆ
ਦੀ ਖਾਤਰ ਜੀਵਾਂ ਦੀ) ਭਟਕਣਾਂ (ਇਹ ਮਾਨੋਂ, ਇਨ੍ਹਾਂ ਪੰਜਾਂ ਦਾ) ਕਿਲ੍ਹਾ ਹੈ ਤੇ ਮਾਇਆ (ਦਾ ਮੋਹ,
ਉਸ ਕਿਲ੍ਹੇ ਦੇ ਦੁਆਲੇ ਡੂੰਘੀ) ਖਾਈ (ਪੁੱਟੀ ਹੋਈ) ਹੈ, (ਇਹ ਕਿਲ੍ਹਾ) ਕਿਵੇਂ ਤੋੜਿਆ ਜਾਏ?
ਪੂਰੇ ਸਤਿਗੁਰੂ ਨੂੰ ਯਾਦ ਕੀਤਿਆਂ (ਸਿਮਰਨ ਕੀਤਿਆਂ) ਇਹ ਕਰੜੀ ਫ਼ੌਜ ਸਰ
ਕੀਤੀ ਜਾ ਸਕਦੀ ਹੈ, (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਮੈਂ ਦਿਨ-ਰਾਤ, ਹੱਥ ਜੋੜ ਕੇ, ਉਸ
ਗੁਰੂ ਦੇ ਸਾਹਮਣੇ ਖਲੋਤਾ ਰਹਾਂ। 15.
3. ਮਨੁੱਖ ਵੱਲੋਂ ਪੂਰਬਲੇ ਸਮੇਂ ਦੌਰਾਨ ਕੀਤੇ ਕੰਮਾਂ (ਕਿਰਤਿ-ਕਰਮ)
ਅਨੁਸਾਰ ਬਣੇ ਸੰਸਕਾਰਾਂ ਦੇ ਕਾਰਨ ਪ੍ਰਭੂ-ਪਿਤਾ ਨਾਲੋਂ ਪਏ ਵਿਛੋੜੇ ਨੂੰ ਦੂਰ ਕੀਤਾ ਜਾ ਸਕਦਾ ਹੈ
ਮਨੁੱਖ (ਰੱਬ ਦੀ ਯਾਦ ਨੂੰ ਭੁੱਲਾ ਕੇ) ਬੀਤ ਚੁੱਕੇ ਸਮੇਂ ਦੌਰਾਨ ਕੀਤੇ
ਕੰਮਾਂ ਦੇ ਕਾਰਨ ਪ੍ਰਭੂ ਤੋਂ ਵਿਛੁੜਿਆ ਹੋਇਆ ਹੈ। ਪਰ, ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰ ਕੇ,
ਗੁਰੂ ਪਾਸੋਂ ਨਾਮੁ ਪ੍ਰਾਪਤ ਕਰ ਕੇ, ਬਚ ਸਕਦਾ ਹੈ।
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥ ਚਾਰਿ ਕੁੰਟ
ਦਹਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ॥ ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ॥ ਜਲ ਬਿਨੁ ਸਾਖ
ਕੁਮਲਾਵਤੀ ਉਪਜਹਿ ਨਾਹੀ ਦਾਮ॥ ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ॥ ਜਿਤੁ ਘਰਿ ਹਰਿ ਕੰਤੁ
ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ॥ ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ॥ ਪ੍ਰਭ ਸੁਆਮੀ ਕੰਤ
ਵਿਹੂਣੀਆਂ ਮੀਤ ਸਜਣ ਸਭਿ ਜਾਮ॥ ਨਾਨਕ ਕੀ ਬੇਨੰਤੀਆਂ ਕਿਰ ਕਿਰਪਾ ਦੀਜੈ ਨਾਮੁ॥ ਹਰਿ ਮੇਲਹੁ
ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ॥ (ਮ: 5, 133)
ਪਦ ਅਰਥ: ਕਿਰਤਿ-ਕਮਾਈ (
)।
ਕੇ-ਅਨੁਸਾਰ। ਰਾਮ-ਹੇ ਪ੍ਰਭੂ! ਕੁੰਟ-ਕੂਟ, ਪਾਸਾ। ਦਹਦਿਸ-ਦਸ ਪਾਸੇ (ਉੱਤਰ, ਪੱਛਮ, ਦੱਖਣ, ਪੂਰਬ,
ਚਾਰ ਨੁਕਰਾਂ, ਉੱਪਰਲਾ ਪਾਸਾ, ਹੇਠਲਾ ਪਾਸਾ)। ਸਾਮ-ਸ਼ਰਣ। ਧੇਨੁ-ਗਾਂ। ਬਾਹਰੀ-ਬਿਨਾਂ। ਸਾਖ-ਖੇਤੀ,
ਫਸਲ। ਦਾਮ-ਪੈਸੇ, ਧਨ। ਨਾਹ-ਮਾਲਿਕ, ਪਤੀ ਪਰਮੇਸ਼ਰ। ਬਿਸਰਾਮ-ਸੁਖ। ਕਤ-ਕਿਵੇਂ, ਕਿੱਥੇ? ਜਿਤੁ-ਜਿਸ
ਵਿੱਚ। ਜਿਤੁ ਘਰਿ-ਜਿਸ (ਹਿਰਦੇ-) ਘਰ ਵਿੱਚ। ਭਠਿ-ਤਪਦੀ ਭੱਠੀ। ਸੇ-ਵਰਗੇ। ਗ੍ਰਾਮ-ਪਿੰਡ।
ਸ੍ਰਬ-ਸਾਰੇ। ਤੰਬੋਲ-ਪਾਨ ਦੇ ਬੀੜੇ। ਸਣੁ-ਸਮੇਤ, ਸਣੇ। ਦੇਹੀ-ਸਰੀਰ। ਖਾਮ-ਕੱਚੇ, ਨਾਸਵੰਤ, ਵਿਅਰਥ।
ਸਭਿ-ਸਾਰੇ। ਜਾਮ-ਜਮ, ਜਿੰਦ ਦੇ ਵੈਰੀ। ਸੰਗਿ- (ਆਪਣੇ) ਨਾਲ। ਧਾਮ-ਟਿਕਾਣਾ।
ਭਾਵ: ਹੇ ਪ੍ਰਭੂ! ਅਸੀਂ ਅਪਣੇ ਕਰਮਾਂ ਦੀ ਕਮਾਈ ਅਨੁਸਾਰ (ਤੇਰੇ, ਸਾਡੇ
ਮੱਥੇ `ਤੇ ਲਿਖੇ ਲੇਖਾਂ ਅਨੁਸਾਰ ਤੈਥੋਂ) ਵਿੱਛੜੇ ਹੋਏ ਹਾਂ (ਤੈਨੂੰ ਵਿਸਾਰੀ ਬੈਠੇ ਹਾਂ), ਮਿਹਰ
ਕਰ ਕੇ ਸਾਨੂੰ ਆਪਣੇ ਨਾਲ ਮਿਲਾਵੋ। (ਮਾਇਆ ਦੇ ਮੋਹ ਵਿੱਚ ਫਸ ਕੇ) ਚੁਫੇਰੇ ਹਰ ਪਾਸੇ (ਸੁਖਾਂ ਦੀ
ਖਾਤਰ) ਭਟਕਦੇ ਰਹੇ ਹਾਂ, ਹੁਣ ਹੇ ਪ੍ਰਭੂ! ਥੱਕ ਕੇ ਤੇਰੀ ਸ਼ਰਣ ਆਏ ਹਾਂ (ਹੋਰ ਸਾਰੇ ਆਸਰੇ ਅਸੀਂ
ਛੱਡ ਦਿੱਤੇ ਹਨ)।
ਜਿਵੇਂ ਦੁੱਧ ਤੋਂ ਸੱਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ, (ਜਿਵੇਂ) ਪਾਣੀ
ਤੋਂ ਬਿਨਾਂ ਖੇਤੀ ਸੁੱਕ ਜਾਂਦੀ ਹੈ (ਫਸਲ ਨਹੀਂ ਪਕਦੀ, ਤੇ ਉਸ ਖੇਤੀ ਵਿੱਚੋਂ) ਧਨ ਦੀ ਕਮਾਈ ਨਹੀਂ
ਹੋ ਸਕਦੀ। (ਤਿਵੇਂ ਪ੍ਰਭੂ ਦੇ ਨਾਮ ਤੋਂ ਬਿਨਾਂ ਸਾਡਾ ਜੀਵਨ ਵਿਅਰਥ ਚਲਾ ਜਾਂਦਾ ਹੈ)। ਸੱਜਣ
ਮਾਲਿਕ-ਪ੍ਰਭੂ ਨੂੰ ਮਿਲਣ ਤੋਂ ਬਿਨਾਂ ਕਿਸੇ ਹੋਰ ਥਾਂ ਸੁਖ ਭੀ ਨਹੀਂ ਮਿਲਦਾ। (ਸਾਰੇ ਸੁਖਾਂ ਦੇ
ਦਾਤੇ ਨੂੰ ਵਿਸਾਰ ਕੇ ਸੁਖ ਮਿਲੇ ਭੀ ਕਿਵੇਂ?) ਜਿਸ ਦੇ ਹਿਰਦੇ-ਘਰ ਵਿੱਚ ਪ੍ਰਭੂ-ਪਤੀ ਆ ਨਾ ਵਸੇ
(ਪਰਗਟ ਨਾ ਹੋਵੇ), ਉਸ ਦੇ ਭਾ ਦੇ (ਵਸਦੇ) ਪਿੰਡ ਤੇ ਸ਼ਹਿਰ ਤਪਦੀ ਭੱਠੀ ਵਰਗੇ ਹੁੰਦੇ ਹਨ। (ਇਸਤਰੀ
ਨੂੰ ਪਤੀ ਤੋਂ ਬਿਨਾ) ਸਰੀਰ ਦੇ ਸਾਰੇ ਸ਼ਿੰਗਾਰ, ਪਾਨਾਂ ਦੇ ਬੀੜੇ ਤੇ ਹੋਰ ਰਸ (ਆਪਣੇ) ਸਰੀਰ ਸਮੇਤ
ਹੀ ਵਿਅਰਥ ਦਿਸਦੇ ਹਨ (ਤਿਵੇਂ) ਮਾਲਿਕ-ਪ੍ਰਭੂ ਦੀ ਆਤਮਕ ਜੀਵਨ-ਦਾਤੀ ਯਾਦ (ਸਿਮਰਨ) ਤੋਂ ਬਿਨਾਂ
ਸਾਰੇ ਸੱਜਣ-ਮਿੱਤਰ (ਗਿਆਨ ਇੰਦਰੇ ਤੇ ਕਰਮ ਇੰਦਰੇ) ਜਿੰਦ ਦੇ ਵੈਰੀ ਹੋ ਢੁਕਦੇ ਹਨ।
(ਤਾਹੀਏ ਹੀ) ਨਾਨਕ ਦੀ ਬੇਨਤੀ ਹੈ ਕਿ (ਹੇ ਪ੍ਰਭੂ!) ਕਿਰਪਾ ਕਰ ਕੇ ਆਪਣੇ
ਨਾਮ ਦੀ ਦਾਤਿ ਬਖ਼ਸ਼ (ਭਾਵ ਨਾਮ ਨੂੰ ਮੇਰੇ ਮਨ ਤੇ ਹਿਰਦੇ ਵਿੱਚ ਪਰਗਟ ਕਰ ਦੇ)। ਹੇ ਹਰੀ! ਆਪਣੇ
ਚਰਨਾਂ ਵਿੱਚ (ਮੈਨੂੰ) ਜੋੜੀ ਰੱਖ, (ਹੋਰ ਸਾਰੇ ਆਸਰੇ-ਪਰਨੇ ਨਾਸਵੰਤ ਹਨ) ਇੱਕ ਤੇਰਾ ਘਰ ਹੀ ਸਦਾ
ਅਟੱਲ ਰਹਿਣ ਵਾਲਾ ਹੈ। 2.
4. ਪ੍ਰਭੂ-ਪਿਤਾ ਦੀ ਆਤਮਕ ਜੀਵਨ-ਦਾਤੀ ਯਾਦ (ਸਿਮਰਨ) ਨੂੰ ਵਿਸਾਰਨ ਵਾਲਾ
ਮਨਮੁੱਖ (ਆਪ-ਹੁਦਰਾ ਹੋ ਕੇ ਚੱਲਣ ਵਾਲਾ) ਭੀ ਗੁਰਮਤਿ ਫ਼ਲਸਫ਼ੇ `ਤੇ ਅਮਲ ਕਰ ਕੇ ਚੰਗਾ ਇਨਸਾਨ ਬਣ
ਸਕਦਾ ਹੈ
ਪਰ ਮਨਮੁੱਖ ਵੀ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਨੂੰ ਸਮਝ ਕੇ ਤੇ
ਮਨੋਂ ਸਵੀਕਾਰ ਕਰ ਕੇ ਪਿਆਰ ਨਾਲ ਆਪਣੇ ਜੀਵਨ ਵਿੱਚ ਢਾਲ ਲਵੇਗਾ, ਤਾਂ ਉਹ ਸੰਸਾਰ ਵਿੱਚ ਅਸ਼ਾਂਤੀ
ਪੈਦਾ ਕਰਨ ਦਾ ਕਾਰਨ ਬਣਨ ਦੀ ਬਜਾਏ ਸੰਸਾਰ ਦੇ ਮਾਹੌਲ ਨੂੰ ਖ਼ੁਸ਼ਗਵਾਰ ਬਣਾਉਂਣ ਵਾਲੇ ਰਸਤੇ `ਤੇ ਚੱਲ
ਪਵੇਗਾ। ਕੀ ਇਹ ਕੋਈ ਛੋਟੀ-ਮੋਟੀ ਪ੍ਰਾਪਤੀ ਹੈ? ਇਤਿਹਾਸ ਵਿੱਚ ਸਜਣ ਠੱਗ ਵਰਗੇ, ਗੁਰਮਤਿ ਫ਼ਲਸਫ਼ੇ
ਵੱਲ ਮੋੜਾ ਕੱਟ ਕੇ, ਭਾਈ ਸੱਜਣ ਬਣ ਕੇ ਗੁਰਮਤਿ ਫ਼ਲਸਫ਼ੇ ਦੇ ਪ੍ਰਚਾਰਕ ਬਣ ਨਿੱਬੜੇ, ਭੂਮੀਏ ਚੋਰ
ਵਰਗੇ ਚੋਰੀ ਕਰਨੀ ਤਿਆਗ ਕੇ ਚੰਗੇ ਇਨਸਾਨ ਬਣ ਗਏ, ਆਸਾਮ ਦੀ ਪ੍ਰਸਿੱਧ ਜਾਦੂਗਰਨੀ ਨੂਰ ਸ਼ਾਹ ਵਰਗੀਆਂ
ਰੂਹਾਂ ਗੁਰਮਤਿ ਦੀਆਂ ਧਾਰਨੀ ਬਣ ਕੇ ਲੋਕ-ਭਲਾਈ ਦੇ ਕਾਰਜ ਕਰਨ ਲੱਗ ਪਈਆਂ। ਲੰਕਾ ਦੇ ਰਾਜੇ ਸ਼ਿਵਨਾਭ
ਵਰਗੇ ਸਿਮਰਨ ਕਰ ਕੇ ਤਰ ਗਏ। ਅਜਿਹੀਆਂ, ਇੱਕੜ-ਦੁੱਕੜ ਨਹੀਂ, ਬਹੁਤ ਸਾਰੀਆਂ ਉਦਾਹਰਣਾਂ
ਗੁਰ-ਇਤਿਹਾਸ ਵਿੱਚੋਂ ਮਿਲ ਜਾਂਦੀਆਂ ਹਨ।
ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ॥ ਸਤਿਗੁਰੁ ਖੋਟਿਅਹੁ ਖਰੇ ਕਰੇ
ਸਬਦਿ ਸਵਾਰਣਹਾਰੁ॥ ਸਾਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ॥ ਗਣਤ ਤਿਨਾਂ ਦੀ ਕੋ ਕਿਆ
ਕਰੈ ਜੋ ਆਪਿ ਬਖਸੇ ਕਰਤਾਰਿ॥ 2॥
(ਮ: 2, 143)
ਪਦ ਅਰਥ: ਸਾਰੁ-ਸ੍ਰੇਸ਼ਟ। ਮੰਨੀਅਨਿ-ਮੰਨੇ ਜਾਂਦੇ ਹਨ (ਭਾਵ) ਆਦਰ
ਪਾਉਂਦੇ ਹਨ। ਗਣਤ-ਦੰਦ-ਕਥਾ (ਨਿੰਦਿਆ)।
ਭਾਵ: (ਹੌਲੇ ਜੀਵਨ ਵਾਲੇ ਜੀਵਾਂ ਲਈ) ਸਭ ਤੋਂ ਚੰਗੀ ਕਰਨ ਵਾਲੀ ਗੱਲ
ਇਹੀ ਹੈ ਕਿ ਸਤਿਗੁਰੂ (ਸ਼ਬਦ-ਗੁਰੂ) ਦੀ ਸ਼ਰਣੀ ਜਾ ਪੈਣ। ਗੁਰੂ (ਸਹੀ ਜੀਵਨ-ਜਾਚ ਸਮਝਾ ਕੇ) ਖੋਟਿਆਂ
ਤੋਂ ਖਰੇ ਬਣਾ ਦਿੰਦਾ ਹੈ (ਕਿਉਂਕਿ ਗੁਰੂ ਆਪਣੇ) ਸ਼ਬਦ (ੳਪਦੇਸ਼) ਦੀ ਰਾਹੀਂ ਖੋਟਿਆਂ ਨੂੰ ਭੀ ਖਰੇ
ਬਣਾਉਂਣ ਦੇ ਸਮਰੱਥ ਹੈ, (ਫਿਰ ਉਹ) ਸਤਿਗੁਰ ਦੇ ਬਖ਼ਸ਼ੇ ਪ੍ਰੇਮ-ਪਿਆਰ ਦੇ ਕਾਰਨ ਪਰਮਾਤਮਾ ਦੀ ਦਰਗਾਹ
ਵਿੱਚ ਆਦਰ ਪਾਉਂਦੇ ਹਨ ਤੇ ਜਿਨ੍ਹਾਂ ਨੂੰ ਕਰਤਾਰ ਨੇ ਆਪ ਬਖ਼ਸ਼ ਲਿਆ ਉਨ੍ਹਾਂ ਦੀ ਐਬ-ਜੋਈ ਕਿਸੇ ਨੇ
ਕੀ ਕਰਨੀ ਹੋਈ? । 2.
5. ਮਨ ਨੂੰ (ਜਨਮ-ਜਨਮ ਦੀ) ਲੱਗੀ ਵਿਕਾਰਾਂ ਤੇ ਪਾਪਾਂ ਦੀ ਮੈਲ ਸਤਸੰਗਤਿ
ਵਿੱਚ ਆ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਤੋਂ ਬਿਨਾ ਨਹੀਂ ਲਹਿੰਦੀ
ਵਡਭਾਗੀ ਹਰਿ ਸੰਗਤਿ ਪਾਵਹਿ॥ ਭਾਗਹੀਨ ਭ੍ਰਮਿ ਚੋਟਾ ਖਾਵਹਿ॥ ਬਿਨੁ ਭਾਗਾ
ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ॥
(ਮ: 4, 95)
ਪਦ ਅਰਥ: ਵਡਭਾਗੀ-ਵੱਡੇ ਭਾਗਾਂ ਵਾਲੇ। ਭ੍ਰਮਿ-ਭਟਕਣਾ ਵਿੱਚ ਪੈ ਕੇ।
ਭਰੀਜੈ-ਭਰ ਜਾਈਦਾ ਹੈ, (ਵਿਕਾਰਾਂ ਦੀ ਮੈਲ ਨਾਲ) ਲਿੱਬੜ ਜਾਈਦਾ ਹੈ।
ਭਾਵ: ਵੱਡੇ ਭਾਗਾਂ ਵਾਲੇ ਮਨੁੱਖ ਪ੍ਰਭੂ ਦਾ ਮਿਲਾਪ ਕਰਾਉਂਣ ਵਾਲੀ ਸਾਧ
ਸੰਗਤਿ ਪ੍ਰਾਪਤ ਕਰਦੇ ਹਨ। ਪਰ, ਨਿਭਾਗੇ ਬੰਦੇ ਭਟਕਣਾਂ ਵਿੱਚ ਪੈ ਕੇ (ਵਿਕਾਰਾਂ ਦੀਆਂ) ਚੋਟਾਂ
ਖਾਂਦੇ ਹਨ। ਚੰਗੀ ਕਿਸਮਤ (ਮਨੁੱਖ ਦੀ ਚੰਗੀ ਕਿਰਤਿ-ਕਰਮ ਦੇ ਕਾਰਨ ਬਣੇ ਸੰਸਕਾਰਾਂ ਅਨੁਸਾਰ ਪ੍ਰਭੂ
ਵੱਲੋਂ ਲਿਖੇ ਲੇਖ) ਤੋਂ ਬਿਨਾਂ ਸਾਧ ਸੰਗਤਿ (ਸ਼ਬਦ-ਗੁਰੂ ਦੇ ਹਜ਼ੂਰ ਜੁੜੀ ਸੰਗਤਿ) ਨਹੀਂ ਮਿਲਦੀ।
ਸਾਧ ਸੰਗਤਿ ਤੋਂ ਬਿਨਾਂ (ਮਨੁੱਖ ਦਾ ਮਨ ਵਿਕਾਰਾਂ ਦੀ) ਮੈਲ ਨਾਲ ਲਿੱਬੜਿਆ ਰਹਿੰਦਾ ਹੈ।
ਮਨ ਕੀ ਕਟੀਐ ਮੈਲੁ ਸਾਧ ਸੰਗਿ ਵੁਠਿਆਂ॥ (ਮ: 5, 520)
ਭਾਵ: ਸਾਧ ਸੰਗਤਿ ਵਿੱਚ ਅਪੜਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ।
ਸਤ ਸੰਗਤਿ ਕਿਸ ਨੂੰ ਕਹਿੰਦੇ ਹਨ?
ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ॥ 1॥ ਰਹਾਉ॥
------------------------------------ ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ
ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ 5॥
(ਮ: 1, 72)
ਪਦ ਅਰਥ: ਨੋ-ਨੂੰ, ਤੋਂ। 1. ਰਹਾਉ। ਜਿਥੈ-ਜਿਸ ਥਾਂ `ਤੇ।
ਭਾਵ: ਹੇ ਪ੍ਰਭੂ! ਮੈਂ ਸਦਕੇ ਹਾਂ ਤੇਰੇ ਨਾਮੁ ਤੋਂ, ਵਾਰਨੇ ਜਾਂਦਾ
ਹਾਂ ਤੇਰੇ ਨਾਮੁ ਤੋਂ, ਕੁਰਬਾਨ ਹਾਂ ਤੇਰੇ ਨਾਮ ਤੋਂ। 1. ਰਹਾਉ।
ਕਿਹੋ-ਜਿਹੇ ਇਕੱਠ ਨੂੰ ਸਤ ਸੰਗਤਿ ਸਮਝਣਾ ਚਾਹੀਦਾ ਹੈ? (ਸਤ ਸੰਗਤਿ ਉਹ ਹੈ)
ਜਿੱਥੇ ਸਿਰਫ਼ ਪਰਮਾਤਮਾ ਦਾ ਨਾਮੁ ਹੀ ਸਲਾਹਿਆ ਜਾਂਦਾ ਹੈ (ਪ੍ਰਭੂ ਦਾ ਨਾਮ ਜਪਿਆ ਜਾਂਦਾ ਹੈ, ਪ੍ਰਭੂ
ਦੀ ਹੀ ਸਿਫ਼ਤਿ-ਸਾਲਾਹ ਕੀਤੀ ਜਾਂਦੀ ਹੈ)। ਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ
(ਸਤ-ਸੰਗਤਿ ਵਿੱਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮੁ ਹੈ। 5.
6. ਮਨ ਨੂੰ ਲੱਗੀ ਵਿਕਾਰਾਂ ਦੀ ਮੈਲ, ਚਿੰਤਾ ਅਤੇ ਹਉਮੈ ਦਾ ਇਲਾਜ਼
ਗੁਨ ਗਾਵਤ ਤੇਰੀ ਉਤਰਸਿ ਮੈਲੁ॥ ਬਿਨਸਿ ਜਾਇ ਹਉਮੈ ਬਿਖੁ ਫੈਲੁ॥ ਹੋਹਿ
ਅਚਿੰਤੁ ਬਸੈ ਸੁਖ ਨਾਲਿ॥ ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ॥
(ਮ: 5, 289)
ਪਦ ਅਰਥ: ਬਿਖੁ-ਜ਼ਹਿਰ, ਵਿਹੁ। ਫੈਲੁ-ਫੈਲਾਉ, ਖਿਲਾਰਾ।
ਅਚਿੰਤੁ-ਚਿੰਤਾ-ਰਹਿਤ, ਬੇਫ਼ਿਕਰ। ਸਾਸਿ-ਸਾਹ ਦੇ ਨਾਲ। ਗ੍ਰਾਸਿ-ਗਰਾਹੀ ਦੇ
ਨਾਲ। ਸਾਸਿ ਗ੍ਰਾਸਿ-ਹਰ ਸਮੇਂ।
ਭਾਵ: (ਹੇ ਭਾਈ!) ਪ੍ਰਭੂ ਦੇ ਗੁਣ ਗਾਉਂਦਿਆਂ (ਤੇਰੇ ਮਨ ਨੂੰ ਲੱਗੀ
ਜਨਮ-ਜਨਮਾਂਤਰਾਂ ਦੇ ਵਿਕਾਰਾਂ ਤੇ ਪਾਪਾਂ ਦੀ ਮੈਲ) ਉਤਰ ਜਾਵੇਗੀ ਅਤੇ ਹਉਮੈ-ਰੂਪੀ ਜ਼ਹਿਰ ਦਾ
ਖਿਲਾਰਾ ਭੀ ਮਿਟ ਜਾਵੇਗਾ।
ਹਰ ਵਕਤ ਪ੍ਰਭੂ-ਪਿਤਾ ਦੀ ਆਤਮਕ ਜੀਵਨ-ਦਾਤੀ ਯਾਦ (ਸਿਮਰਨ) ਨੂੰ ਦ੍ਰਿੜ ਕਰ,
ਤੂੰ ਬੇਫ਼ਿਕਰ ਹੋ ਜਾਵੇਂਗਾ ਤੇ ਸੁਖੀ ਆਤਮਿਕ ਜੀਵਨ ਬਤੀਤ ਕਰੇਂਗਾ।
7. ਆਸਾ ਤੇ ਮਨਸਾ ਦਾ ਇਲਾਜ਼
ਐਸਾ ਸਾਹੁ ਸਰਾਫੀ ਕਰੈ॥ ਸਾਚੀ ਨਦਰਿ ਏਕ ਲਿਵ ਤਰੈ॥ 1॥ ਰਹਾਉ॥
--------------------------------------------- ਆਸਾ ਮਨਸਾ ਸਬਦਿ ਜਲਾਏ॥ ਰਾਮ ਨਾਰਾਇਣੁ
ਕਹੈ ਕਹਾਏ॥ ਗੁਰ ਤੇ ਵਾਟ ਮਹਲੁ ਘਰੁ ਪਾਏ॥ 3॥ (ਮ: 1, 413)
ਪਦ ਅਰਥ: ਸਾਚੀ-ਸਦਾਥਿਰ ਰਹਿਣ ਵਾਲੀ, ਅਟੱਲ, ਅਭੁੱਲ, ਉਕਾਈ ਨਾ ਖਾਣ
ਵਾਲੀ। ਏਕ ਲਿਵ-ਇੱਕ ਪ੍ਰਭੂ ਵਿੱਚ ਸੁਰਤਿ ਜੋੜ ਕੇ। 1. ਰਹਾਉ।
ਸਬਦਿ-ਗੁਰੂ ਦੇ ਸ਼ਬਦ ਦੀ ਰਾਹੀਂ। ਆਸਾ-ਭਵਿੱਖ ਦੀ ਇੱਛਾ (ਖਾਹਸ਼)।
ਮਨਸਾ-ਵਰਤਮਾਨ ਖਾਹਸ਼। ਕਹਾਏ-ਹੋਰਨਾ ਨੂੰ ਸਿਮਰਨ ਲਈ ਪ੍ਰੇਰਦਾ ਹੈ। ਵਾਟ-ਰਸਤਾ।
ਭਾਵ: ਗੁਰੂ ਇਹੋ ਜਿਹਾ ਸ਼ਾਹ (ਸਰਾਫ਼) ਹੈ ਤੇ ਇਹੋ ਜਿਹੀ ਸਰਾਫ਼ੀ ਕਰਦਾ
ਹੈ (ਕਿ ਉਹ ਜੀਵਾਂ ਨੂੰ ਤੁਰਤ ਪਰਖ਼ ਲੈਂਦਾ ਹੈ, ਤੇ) ਉਸ ਦੀ ਕਦੇ ਉਕਾਈ ਨਾ ਖਾਣ ਵਾਲੀ ਮਿਹਰ ਦੀ
ਨਿਗਾਹ ਨਾਲ ਜੀਵ ਇੱਕ ਪਰਮਾਤਮਾ ਵਿੱਚ (ਪ੍ਰੇਮ ਨਾਲ) ਸੁਰਤਿ ਜੋੜ ਕੇ (ਮੋਹ ਦੇ ਸਮੁੰਦਰ ਤੋਂ)
ਪਾਰ ਲੰਘ ਜਾਂਦਾ ਹੈ। 1. ਰਹਾਉ।
ਜਿਹੜਾ ਮਨੁੱਖ ਗੁਰੂ ਤੋਂ (ਜ਼ਿੰਦਗੀ ਦਾ ਸਹੀ) ਰਸਤਾ ਲੱਭ ਲੈਂਦਾ ਹੈ,
ਪਰਮਾਤਮਾ ਦਾ ਮਹੱਲ-ਘਰ ਲੱਭ ਲੈਂਦਾ ਹੈ। ਉਹ ਗੁਰੂ ਦੇ ਸ਼ਬਦ (ਉਪਦੇਸ਼ `ਤੇ ਅਮਲ ਕਰ ਕੇ) ਦੀ ਰਾਹੀਂ
(ਆਪਣੇ ਅੰਦਰੋਂ) ਮਾਇਕ ਆਸਾ ਤੇ ਮਾਇਕ ਫ਼ੁਰਨਾ ਸਾੜ ਦਿੰਦਾ ਹੈ। ਉਹ ਆਪ ਪਰਮਾਤਮਾ ਦਾ ਨਾਮੁ ਜਪਦਾ ਹੈ
(ਭਜਨ ਕਰਦਾ ਹੈ) ਅਤੇ ਹੋਰਨਾਂ ਨੂੰ ਇਸ ਪਾਸੇ ਪ੍ਰੇਰਦਾ ਹੈ। 3.
8. ਤ੍ਰਿਸ਼ਨਾ ਦਾ ਇਲਾਜ਼
ਮਨ ਵਿੱਚ ਨਾਮੁ ਪਰਗਟ ਹੋ ਜਾਣ ਨਾਲ ਤ੍ਰਿਸ਼ਨਾ ਮਿਟ ਜਾਂਦੀ ਹੈ, ਸਬਰ-ਸੰਤੋਖ
ਆ ਜਾਂਦਾ ਹੈ, ਪ੍ਰਭੂ-ਚਰਨਾਂ ਵਿੱਚ ਸੁਰਤਿ ਜੁੜ ਜਾਂਦੀ ਹੈ ਤੇ ਮਾਇਆ ਦੇ ਕਲੋਲ ਭੀ ਮਿਟ ਜਾਂਦੇ ਹਨ।
ਤ੍ਰਿਸ਼ਨਾ ਬੁਝੈ ਹਰਿ ਕੈ ਨਾਮਿ॥ ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ
ਲਾਗੈ ਪੂਰਨ ਧਿਆਨੁ॥ 1॥
ਰਹਾਉ।
ਮਹਾ ਕੋਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ॥ ਆਪਣਾ
ਨਾਮੁ ਦੇਹਿ ਜਪਿ ਜੀਵਾ ਪੂਰਨ ਹੋਇ ਦਾਸ ਕੀ ਘਾਲ॥ 1॥ ਸਰਬ ਮਨੋਰਥ ਰਾਜ ਸੂਖ ਰਸ ਸਦ ਖੁਸੀਆਂ
ਕੀਰਤਨੁ ਜਪਿ ਨਾਮ॥ ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ ਨਾਨਕ ਜਨ ਕੇ ਪੂਰਨ ਕਾਮ॥ 2॥
(ਮ: 5, 682)
ਪਦ ਅਰਥ: ਕੈ ਨਾਮਿ-ਦੇ ਨਾਮ ਰਾਹੀਂ। ਗੁਰ ਬਚਨੀ-ਗੁਰੂ ਦੇ ਬਚਨਾਂ ਉੱਤੇ
ਤੁਰਿਆਂ। ਸਿਉ-ਨਾਲ। ਧਿਆਨੁ-ਲਗਨ। 1. ਰਹਾਉ।
ਕਲੋਲ-ਚੋਜ ਤਮਾਸ਼ੇ, ਨਖ਼ਰੇ। ਬੁਝਹਿ-ਬੁੱਝ ਜਾਂਦੇ ਹਨ, ਪ੍ਰਭਾਵ ਨਹੀਂ ਪਾ
ਸਕਦੇ। ਦੀਨ ਦਇਆਲ-ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਜਪਿ-ਜਪ ਕੇ। ਜੀਵਾ-ਜੀਵਾਂ, ਮੈਂ ਆਤਮਕ ਜੀਵਨ
ਪ੍ਰਾਪਤ ਕਰਾਂ। ਪੂਰਨ-ਸਫ਼ਲ। ਘਾਲ-ਮੇਹਨਤ। 1.
ਸਰਬ-ਸਾਰੇ। ਮਨੋਰਥ-ਮੁਰਾਦਾਂ। ਸਦ-ਸਦਾ। ਜਿਸ ਕੈ ਕਰਮਿ-ਜਿਸ ਦੀ ਕਿਸਮਤ
ਵਿੱਚ {ਲਫ਼ਜ਼ ‘ਜਿਸੁ’ ਦਾ ਔਂਕੜ (-) ਸੰਬੰਧਕ ਕੈ ਦੇ ਕਾਰਨ ਉੱਡ ਗਿਆ ਹੈ}। ਧੁਰਿ-ਧੁਰ ਦਰਗਾਹ ਤੋਂ।
ਕਰਤੈ-ਕਰਤਾਰ ਨੇ। 2.
ਭਾਵ: ਹੇ ਭਾਈ! ਪਰਮਾਤਮਾ ਦੇ ਨਾਮ ਵਿੱਚ (ਪ੍ਰੇਮ ਤੇ ਸ਼ਰਧਾ ਨਾਲ)
ਜੁੜਿਆਂ (ਹੋਰ ਹੋਰ ਮਾਇਆ ਪ੍ਰਾਪਤ ਕਰਨ ਦੀ) ਤ੍ਰੇਹ ਬੁਝ ਜਾਂਦੀ ਹੈ। ਗੁਰੂ ਦੀ ਬਾਣੀ ਦਾ ਆਸਰਾ
ਲਿਆਂ (ਮਨ ਵਿੱਚ) ਬੜਾ ਸੰਤੋਖ ਪੈਦਾ ਹੋ ਜਾਂਦਾ ਹੈ, ਤੇ ਪਰਮਾਤਮਾ ਦੇ ਚਰਨਾਂ ਵਿੱਚ ਪੂਰੇ ਤੌਰ `ਤੇ
ਸੁਰਤਿ ਜੁੜ ਜਾਂਦੀ ਹੈ। 1. ਰਹਾਉ।
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ ਜੀ! ਜਿਸ ਮਨੁੱਖ ਉੱਤੇ ਤੂੰ
ਕਿਰਪਾ ਕਰਦਾ ਹੈਂ, ਮਾਇਆ ਦੇ ਰੰਗ-ਤਮਾਸ਼ੇ ਉਸ ਉੱਤੇ ਪ੍ਰਭਾਵ ਨਹੀਂ ਪਾ ਸਕਦੇ। ਹੇ ਪ੍ਰਭੂ! (ਮੈਨੂੰ
ਭੀ) ਆਪਣਾ ਨਾਮ ਬਖ਼ਸ਼, ਤੇਰਾ ਨਾਮ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਸਕਾਂ, ਤੇਰੇ (ਇਸ)
ਦਾਸ ਦੀ ਮੇਹਨਤ ਸਫ਼ਲ ਹੋ ਜਾਏ। 1.
ਹੇ ਭਾਈ! ਪਰਮਾਤਮਾ ਦਾ ਨਾਮ ਜਪ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ,
ਸਾਰੀਆਂ (ਜਾਇਜ਼) ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ (ਮਾਨੋਂ) ਰਾਜ ਦੇ ਸੁਖ ਤੇ ਰਸ ਮਿਲ ਜਾਂਦੇ
ਹਨ, ਸਦਾ ਆਨੰਦ ਬਣਿਆ ਰਹਿੰਦਾ ਹੈ। (ਪਰ) ਹੇ ਨਾਨਕ! ਕਰਤਾਰ ਨੇ ਜਿਸ ਮਨੁੱਖ ਦੀ ਕਿਸਮਤ ਵਿੱਚ
ਧੁਰ ਦਰਗਾਹ ਤੋਂ (ਇਹ ਨਾਮ ਦੀ ਦਾਤਿ) ਲਿਖ ਦਿੱਤੀ, ਉਸ ਮਨੁੱਖ ਦੇ (ਹੀ) ਸਾਰੇ ਕਾਰਜ ਸਫ਼ਲ ਹੁੰਦੇ
ਹਨ। 1.
9. ਦੁਬਿਧਾ ਭੀ ਮਿਟ ਜਾਂਦੀ ਹੈ
ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ॥
ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ॥ 2॥ (ਮ: 3, 244)
ਪਦ ਅਰਥ: ਗਹੀਐ-ਪ੍ਰਾਪਤ ਕਰ ਲਈਦਾ ਹੈ। ਦੁਬਿਧਾ-ਦੋਚਿੱਤਾਪਨ,
ਮੇਰ-ਤੇਰ। ਨਿਵਾਰੇ-ਦੂਰ ਕਰ ਲੈਂਦੀ ਹੈ। ਵਰੁ-ਪ੍ਰਭੂ-ਪਤੀ, ਮਾਲਿਕ-ਪ੍ਰਭੂ। ਸਗਲੇ-ਸਾਰੇ। 2.
ਭਾਵ: (ਹੇ ਸਹੇਲੀਓ!) ਆਪਣੇ ਗੁਰੂ ਨੂੰ ਮਿਲੇ ਰਹਿਣਾ ਚਾਹੀਦਾ ਹੈ
(ਗੁਰ-ਉਪਦੇਸ਼ ਨੂੰ ਮਨ ਵਿੱਚ ਪੱਕਾ ਕਰ ਕੇ ਰੱਖਣਾ ਚਾਹੀਦਾ ਹੈ) (ਗੁਰੂ ਪਾਸੋਂ ਹੀ) ਆਤਮਕ ਜੀਵਨ
ਦੇਣ ਵਾਲਾ ਨਾਮ-ਜਲ ਲੈ ਸਕੀਦਾ ਹੈ। (ਜਿਸ ਨੂੰ ਇਹ ਨਾਮ-ਜਲ ਮਿਲ ਜਾਂਦਾ ਹੈ ਉਹ ਆਪਣੇ ਅੰਦਰੋਂ)
ਮੇਰ-ਤੇਰ ਨੂੰ ਮੁਕਾ ਲੈਂਦਾ ਹੈ। ਹੇ ਨਾਨਕ! ਉਸ ਜੀਵ-ਇਸਤਰੀ ਨੇ ਮਾਲਿਕ-ਪ੍ਰਭੂ ਦਾ ਮਿਲਾਪ
ਹਾਸਲ ਕਰ ਲਿਆ, ਉਸ ਨੇ ਸਾਰੇ ਦੁੱਖ ਭੁਲਾ ਲਏ। 2.
ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ
ਨਾਮ ਦੇਵਹੁ ਆਧਾਰੇ॥ ਰਹਾਉ॥ -------------------------------------- ਮਨਸਾ ਮਾਰਿ
ਦੁਬਿਧਾ ਸਹਜਿ ਸਮਾਣੀ ਪਾਇਆ ਨਾਮੁ ਅਪਾਰਾ॥ ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ
ਕਾਟਣਹਾਰਾ॥ 2॥ (ਮ: 3, 603)
ਪਦ ਅਰਥ: ਆਧਾਰੇ-ਆਸਰਾ। ਰਹਾਉ।
ਮਨਸਾ-ਵਾਸ਼ਨਾ। ਮਾਰਿ-ਮਾਰ ਕੇ। ਦੁਬਿਧਾ-ਦੁ-ਕਿਸਮਾ-ਪਨ, ਡਾਵਾਂਡੋਲ ਹਾਲਤ।
ਸਹਜਿ-ਆਤਮਕ ਅਡੋਲਤਾ ਵਿੱਚ। ਕਿਲਬਿਖ-ਪਾਪ। 2.
ਭਾਵ: ਹੇ ਪਿਆਰੇ ਪ੍ਰਭੂ ਜੀ! (ਮੇਰੇ ਉੱਤੇ) ਮੇਹਰ ਕਰੋ, ਤੇਰੇ ਨਾਮ
ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮੁ ਮੈਨੂੰ
ਦੇਹ। ਰਹਾਉ।
(ਹੇ ਭਾਈ! ਗੁਰੂ (ਸ਼ਬਦ ਗੁਰੂ) ਦੀ ਸ਼ਰਣ ਪੈ ਕੇ ਜਿਸ ਮਨੁੱਖ ਨੇ) ਬੇਅੰਤ
ਪ੍ਰਭੂ ਦਾ ਨਾਮ ਹਾਸਲ ਕਰ ਲਿਆ (ਨਾਮ ਦੀ ਬਰਕਤਿ ਨਾਲ) ਵਾਸ਼ਨਾ ਨੂੰ ਮੁਕਾ ਕੇ ਉਸ ਦੀ ਮਾਨਸਕ
ਡਾਵਾਂਡੋਲ ਹਾਲਤ ਆਤਮਕ ਅਡੋਲਤਾ ਵਿੱਚ ਲੀਨ ਹੋ ਜਾਂਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ
ਪਾਪ ਕੱਟਣ ਦੇ ਸਮਰੱਥ ਹੈ (ਜੇਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ) ਹਰਿ ਨਾਮੁ ਦਾ ਸੁਆਦ ਚੱਖ
ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। 2.
10. ਨਿੰਦਿਆ ਦਾ ਭੀ ਇਲਾਜ਼ ਹੋ ਜਾਂਦਾ ਹੈ
ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ॥ ਨਾਨਕ ਸੰਤਸੰਗਿ ਨਿੰਦਕੁ ਭੀ ਤਰੈ॥ 1॥
(ਮ: 5, 279)
ਭਾਵ: (ਪਰ) ਜੇ ਕ੍ਰਿਪਾਲ ਗੁਰੂ ਆਪ ਕਿਰਪਾ ਕਰੇ, ਤਾਂ ਹੇ ਨਾਨਕ! ਗੁਰੂ
ਦੀ ਸੰਗਤਿ (ਸਾਧ ਸੰਗਤਿ) ਵਿੱਚ ਨਿੰਦਕ ਭੀ ਪਾਪਾਂ ਤੋਂ ਬਚ ਜਾਂਦਾ ਹੈ। 1.
11. ਈਰਖਾ ਤੇ ਵੈਰ-ਵਿਰੋਧ ਮਿਟ ਜਾਂਦੇ ਹਨ ਅਤੇ ਫ਼ਿਰਕਾ-ਪ੍ਰਸਤੀ ਭੀ ਮਿਟ
ਜਾਂਦੀ ਹੈ
ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥ 1॥
ਰਹਾਉ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ 1॥
(ਮ: 5, 1299)
ਪਦ ਅਰਥ: ਬਿਸਰਿ ਗਈ-ਭੁੱਲ ਗਈ। ਸਭ-ਸਾਰੀ। ਤਾਤਿ-ਈਰਖਾ, ਸਾੜਾ। ਤਾਤਿ
ਪਰਾਈ-ਦੂਜਿਆਂ ਦਾ ਸੁਖ ਦੇਖ ਕੇ ਅੰਦਰੇ-ਅੰਦਰ ਸੜਨ ਦੀ ਆਦਤ। ਤੇ-ਤੋਂ। ਜਬ ਤੇ-ਜਦੋਂ ਤੋਂ।
ਮੋਹਿ-ਮੈਂ। 1. ਰਹਾਉ।
ਕੋ-ਕੋਈ (ਮਨੁੱਖ)। ਸਗਲ ਸੰਗਿ-ਸਭਨਾ ਨਾਲ। ਹਮ ਕੋ ਬਨਿ ਆਈ-ਮੇਰਾ ਪਿਆਰ
ਬਣਿਆ ਹੋਇਆ ਹੈ। 1.
ਭਾਵ: ਹੇ ਭਾਈ! ਜਦੋਂ ਤੋਂ ਮੈਂ ਗੁਰੂ ਦੀ ਸੰਗਤਿ (ਸਾਧ ਸੰਗਤਿ)
ਪ੍ਰਾਪਤ ਕੀਤੀ ਹੈ, (ਤਦੋਂ ਤੋਂ) ਦੂਜਿਆਂ ਦਾ ਸੁਖ ਵੇਖ ਕੇ ਅੰਦਰੋਂ-ਅੰਦਰ ਸੜਨ ਦੀ ਸਾਰੀ ਆਦਤ ਭੁੱਲ
ਗਈ ਹੈ। 1. ਰਹਾਉ।
ਹੇ ਭਾਈ! (ਹੁਣ) ਮੈਨੂੰ ਕੋਈ ਵੈਰੀ ਨਹੀਂ ਦਿਸਦਾ, ਕੋਈ ਓਪਰਾ ਨਹੀਂ ਦਿਸਦਾ,
ਸਭ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ। 1.
12. ਆਤਮਕ ਪੱਧਰ `ਤੇ ਸਾਰੇ ਹੀ ਭੈਣ-ਭਰਾ ਲੱਗਣ ਲੱਗ ਜਾਂਦੇ ਹਨ
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥
ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ॥ 1॥
(ਮ: 5, 611)
13. ਰਾਜ ਕਰਨ (ਆਪਣਾ ਹੁਕਮ ਚਲਾਉਣ) ਦੀ ਇੱਛਾ ਵੀ ਮਿਟ ਜਾਂਦੀ ਹੈ ਅਤੇ ਰਾਜ
ਭੀ ਖਲਕਤ ਦੀ ਸੇਵਾ ਹੀ ਬਣ ਜਾਂਦਾ ਹੈ (ਹਾਕਮ ਬਣਨ ਦੀ ਖਾਹਸ਼ ਮਿਟ ਜਾਂਦੀ ਹੈ)।
ਓਹਾ ਪ੍ਰੇਮ ਪਿਰੀ॥ 1॥ ਰਹਾਉ॥ ----------------------------- ਰਾਜ
ਨ ਭਾਗ ਨ ਹੁਕਮ ਨ ਸਾਦਨ॥ ਕਿਛੁ ਕਿਛੁ ਨ ਚਾਹੀ॥ 2॥ (ਮ: 5, 406)
ਪਦ ਅਰਥ: ਪ੍ਰੇਮ ਪਿਰੀ-ਪਿਆਰੇ ਪ੍ਰਭੂ-ਪਿਤਾ ਦਾ ਪ੍ਰੇਮ। 1. ਰਹਾਉ॥
ਸਾਦ-ਸਵਾਦਲੇ ਖਾਣੇ। ਚਾਹੀ-ਮੈਂ ਚਾਹੁੰਦਾ ਹਾਂ। 2.
ਭਾਵ: (ਹੇ ਭਾਈ! ਮੈਨੂੰ ਤਾਂ) ਪਿਆਰੇ (ਪ੍ਰਭੂ) ਦਾ ਉਹ ਪ੍ਰੇਮ ਹੀ
(ਚਾਹੀਦਾ ਹੈ)। 1. ਰਹਾਉ।
ਹੇ ਭਾਈ! ਪ੍ਰਭੂ-ਪਿਆਰ ਦੇ ਥਾਂ ਨਾ ਰਾਜ, ਨਾ ਧਨ-ਪਦਾਰਥ, ਨ ਹਕੂਮਤ, ਨਾ
ਸੁਆਦਲੇ ਖਾਣੇ-ਮੈਨੂੰ ਕਿਸੇ ਚੀਜ਼ ਦੀ ਭੀ ਲੋੜ ਨਹੀਂ। 2.
ਨੋਟ: ਉਪਰ ਵਰਣਨ ਕੀਤੀ ਆਤਮਕ ਅਵੱਸਥਾ ਮਾਇਆ ਦੇ ਤਿੰਨ ਗੁਣਾਂ ਤੋਂ ਉੱਪਰ
ਉੱਠ ਕੇ ਹੀ ਪ੍ਰਾਪਤ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਦੱਸੀ ਜੀਵਨ-ਜਾਚ ਨੂੰ ਅਪਣਾਉਣ ਨਾਲ ਮਾਇਆ
ਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਸਕੀਦਾ ਹੈ।
14. ਨਿਸ਼ਕਾਮ ਸੇਵਾ ਪ੍ਰਭੂ ਦੀ ਦਰਗਾਹ ਵਿੱਚ ਪਰਵਾਨ ਹੁੰਦੀ ਹੈ
ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ ਕਹੁ ਨਾਨਕ
ਬਾਹ ਲੁਡਾਈਐ॥ 4॥ (ਮ: 1, 25-26)
ਪਦ ਅਰਥ: ਬੈਸਣੁ-ਬੈਠਣ ਦੀ ਥਾਂ। ਬਾਹ ਲੁਡਾਈਐ-ਬੇ-ਫ਼ਿਕਰ ਹੋ ਜਾਈਦਾ
ਹੈ। 4.
ਭਾਵ: ਹੇ ਭਾਈ! ਦੁਨੀਆਂ ਵਿੱਚ (ਆ ਕੇ) ਪ੍ਰਭੂ ਦੀ ਸੇਵਾ (ਸਿਮਰਨ)
ਕਰਨੀ ਚਾਹੀਦੀ ਹੈ, ਤਦੋਂ ਹੀ ਉਸ ਦੀ ਹਜ਼ੂਰੀ ਵਿੱਚ ਬੈਠਣ ਨੂੰ ਥਾਂ ਮਿਲਦਾ ਹੈ। ਹੇ ਨਾਨਕ! ਆਖ-
(ਸੇਵਾ-ਸਿਮਰਨ ਦੀ ਬਰਕਤਿ ਨਾਲ) ਬੇ-ਫ਼ਿਕਰ ਹੋ ਜਾਈਦਾ ਹੈ (ਕੋਈ ਚਿੰਤਾ-ਸੋਗ ਨਹੀਂ ਵਿਆਪਦਾ)।
ਨੋਟ:
1. ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨੀ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੁੰਦੀ
ਹੈ।
2. ਗੁਰ-ਇਤਿਹਾਸ ਇਸ ਹਕੀਕਤ ਦਾ ਗਵਾਹ ਹੈ ਕਿ ਮਨੁੱਖੀ ਹੱਕਾਂ ਦੀ ਰਾਖੀ ਕਰਨ
ਲਈ ਅਤੇ ਸੱਚ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਗੁਰੂ ਸਾਹਿਬਾਨ ਨੇ ਪੰਜਵੇਂ, ਨੌਵੇਂ ਅਤੇ ਦਸਵੇਂ
ਗੁਰੂ-ਜਾਮੇਂ (ਇਨ੍ਹਾਂ ਇਲਾਹੀ ਸਿਧਾਂਤਾਂ `ਤੇ ਪਹਿਰਾ ਦਿੰਦਿਆਂ) ਸ਼ਹਾਦਤਾਂ ਦਿੱਤੀਆਂ ਸਨ। ਦਸਵੇਂ
ਗੁਰੂ-ਜਾਮੇਂ ਵਿੱਚ ਤਾਂ ਸਰਬੰਸ ਤੱਕ ਵੀ ਵਾਰ ਦਿੱਤਾ ਸੀ। ਗੁਰੂ ਸਾਹਿਬ ਵੱਲੋਂ ਪਾਇਆਂ ਪੂਰਨਿਆਂ
`ਤੇ ਚੱਲ ਕੇ ਸਿੱਖ ਕੌਮ ਨੇ ਅਠ੍ਹਾਰਵੀਂ ਸਦੀ ਦੌਰਾਨ ਸੰਸਾਰ ਦਾ ਇੱਕ ਵਿਲੱਖਣ ਤੇ ਸ਼ਾਨਾ-ਮੱਤਾ
ਇਤਿਹਾਸ ਸਿਰਜਿਆ ਸੀ ਜਿਸ ਦੇ ਬਰਾਬਰ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਸ਼ਾਇਦ, ਹੋਰ ਕਿਧਰੇ ਭੀ
ਨਹੀਂ ਮਿਲਦੀ।
3. ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਵਿੱਚੋਂ, ਉੱਪਰ, ਵੰਨਗੀ-ਮਾਤਰ ਦਰਜ਼
ਕੀਤੇ ਸਿਧਾਂਤਾਂ ਨੂੰ ਰੋਜ਼ਾਨਾ ਦੇ ਅਮਲੀ ਜੀਵਨ ਵਿੱਚ ਅਪਣਾ ਕੇ, ਵਿਸ਼ਵ-ਸ਼ਾਂਤੀ ਦੀ ਸਥਾਪਨਾ ਵੱਲ
ਯਕੀਨਨ ਤੌਰ `ਤੇ ਵਧਿਆ ਜਾ ਸਕਦਾ ਹੈ। ਇਸ ਹਕੀਕਤ ਬਾਰੇ ਕੋਈ ਸ਼ੱਕ-ਸ਼ੁਭਾ ਨਹੀਂ ਰਹਿ ਜਾਂਦੀ।
15. ਮਨ ਭੀ ਜਿੱਤਿਆ (ਕਾਬੂ ਕੀਤਾ) ਜਾ ਸਕਦਾ ਹੈ
ਮਨ ਰੇ ਗ੍ਰਿਹ ਹੀ ਮਾਹਿ ਉਦਾਸੁ॥ ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ
ਪਰਗਾਸੁ॥ 1॥ ਰਹਾਉ॥ ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ॥ ਹਰਿ ਕਾ ਨਾਮੁ
ਧਿਆਈਐ ਸਤਿਸੰਗਤਿ ਮੇਲਿ ਮਿਲਾਇ॥ 2॥ (ਮ: 3, 26)
ਪਦ ਅਰਥ: ਸਚੁ-ਸਚਾ-ਥਿਰ ਪ੍ਰਭੂ ਦਾ ਨਾਮ। ਸੰਜਮ-ਵਿਕਾਰਾਂ ਵੱਲੋਂ
ਪਰਹੇਜ਼। ਕਰਣੀ-ਕਰਨਯੋਗ (ਚੰਗੇ) ਕਰਮ। ਗੁਰਮੁੱਖਿ-ਗੁਰੂ ਦੀ ਸ਼ਰਣ ਪੈ ਕੇ। ਪਰਗਾਸ- (ਆਤਮਕ) ਚਾਨਣ,
ਸੂਝ। 1. ਰਹਾਉ।
ਸਬਦਿ-ਸ਼ਬਦ (ਉਪਦੇਸ਼) ਦੀ ਰਾਹੀਂ। ਗਤਿ-ਉੱਚੀ ਆਤਮਕ ਅਵੱਸਥਾ।
ਮੁਕਤਿ-ਵਿਕਾਰਾਂ ਤੋਂ ਖ਼ਲਾਸੀ। ਘਰੈ-ਘਰ ਹੀ। ਘਰੈ ਮਾਹਿ-ਘਰ ਹੀ ਮਾਹਿ। ਮੇਲਿ-ਮੇਲ ਵਿੱਚ, ਇਕੱਠ
ਵਿੱਚ। ਮਿਲਾਇ-ਮਿਲ ਕੇ। 2.
ਭਾਵ: ਹੇ (ਮੇਰੇ) ਮਨ! ਗ੍ਰਿਹਸਤ ਵਿੱਚ (ਰਹਿੰਦਾ ਹੋਇਆ) ਹੀ (ਮਾਇਆ ਦੇ
ਮੋਹ ਵੱਲੋਂ) ਨਿਰਲੇਪ (ਰਹੁ)। (ਪਰ, ਜਿਸ ਮਨੁੱਖ ਦੇ ਹਿਰਦੇ ਵਿੱਚ) ਗੁਰੂ ਦੀ ਸ਼ਰਣ ਪੈ ਕੇ ਸੂਝ
ਪੈਦਾ ਹੁੰਦੀ ਹੈ ਉਹ ਮਨੁੱਖ (ਹੀ) ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ, (ਗੁਰੂ ਦੀ ਸ਼ਰਣ ਪੈ ਕੇ) ਕਮਾਈ
ਕਰਦਾ ਹੈ ਤੇ ਵਿਕਾਰਾਂ ਵੱਲੋਂ ਸੰਕੋਚ ਕਰਦਾ ਹੈ (ਇਸ ਵਾਸਤੇ) ਹੇ ਮਨ! ਗੁਰੂ ਦੀ ਸ਼ਰਣ ਪੈ ਕੇ ਇਹ
ਕਰਨ-ਯੋਗ ਕੰਮ ਕਰਨ ਦੀ ਜਾਚ ਸਿੱਖ। 1. ਰਹਾਉ।
ਜਿਸ ਮਨੁੱਖ ਨੇ ਗੁਰੂ ਦੇ ਸਬਦ ਵਿੱਚ ਜੁੜ ਕੇ ਆਪਣੇ ਮਨ ਨੂੰ ਵੱਸ ਵਿੱਚ ਕਰ
ਲਿਆ ਹੈ, ਉਹ ਗ੍ਰਿਹਸਤ ਵਿੱਚ ਰਹਿੰਦਿਆਂ ਹੀ ਉੱਚੀ ਆਤਮਕ ਅਵੱਸਥਾ ਹਾਸਲ ਕਰ ਲੈਂਦਾ ਹੈ, ਵਿਕਾਰਾਂ
ਤੋਂ ਖ਼ਲਾਸੀ ਪਾ ਲੈਂਦਾ ਹੈ। (ਇਸ ਵਾਸਤੇ ਹੇ ਮਨ!) ਸਾਧ ਸੰਗਤਿ ਦੇ ਇਕੱਠ ਵਿੱਚ ਮਿਲ ਕੇ ਪਰਮਾਤਮਾ
ਦਾ ਨਾਮ ਸਿਮਰਨਾ ਚਾਹੀਦਾ ਹੈ, (ਉਸ ਮਾਲਿਕ-ਪ੍ਰਭੂ ਦੇ ਗੁਣਾਂ ਦਾ ਚਿੰਤਨ ਕਰਨਾ ਚਾਹੀਦਾ ਹੈ, ਉਸ ਦੀ
ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਨਾਮ-ਬਾਣੀ ਦਾ, ਮਨ ਜੋੜ ਕੇ ਪ੍ਰੇਮ ਨਾਲ, ਜਾਪ ਕਰਨਾ ਚਾਹੀਦਾ
ਹੈ, ਗੁਰਬਾਣੀ ਨੂੰ ਪਿਆਰ ਨਾਲ ਗਾਉਣਾ ਚਾਹੀਦਾ ਹੈ)।
16. ਕੁਦਰਤਿ ਦੇ ਵਾਤਾਵਰਣ ਦੀ ਸੰਭਾਲ ਭੀ ਕੀਤੀ ਜਾ ਸਕਦੀ ਹੈ
ਮਨੁੱਖ ਕਰਤੇ ਦੀ ਸਾਜੀ ਕੁਦਰਤਿ ਦਾ ਸਭ ਤੋਂ ਸ੍ਰੇਸ਼ਟ ਅੰਗ ਹੈ। ਜਿੱਥੇ
ਮਾਲਿਕ-ਪ੍ਰਭੂ ਸਭ ਦਾ ਸਾਂਝਾ ਮਾਪਾ ਹੈ, ਉੱਥੇ ਉਸ ਪ੍ਰਭੂ ਦੇ ਸਿਰਜ ਕੇ ਲਾਗੂ ਕੀਤੇ ਹੋਏ
ਬ੍ਰਾਹਮੰਡੀ-ਵਰਤਾਰੇ (ਕੁਦਰਤੀ ਵਰਤਾਰੇ) ਦੇ ਅਟੱਲ ਨਿਯਮਾਂ ਦੇ ਅਧੀਨ ਹੀ ਕੁਦਰਤਿ ਦੇ ਹਰ ਅੰਸ਼ ਨੇ
ਪ੍ਰਫੁੱਲਤ ਹੋ ਕੇ ਸੰਪੂਰਨਤਾਈ ਵੱਲ ਨੂੰ ਵਿਕਾਸ ਕਰਨਾ ਹੈ। ਇਸ ਲਈ ਕੁਦਰਤਿ ਵਿੱਚ ਸਾਫ਼-ਸੁਥਰੇ ਜੀਵਨ
ਨੂੰ ਆਸਰਾ ਦੇਣ ਵਾਲੇ ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਵਰਤੋਂ ਬਹੁਤ ਹੀ ਸੂਝ-ਬੂਝ ਨਾਲ ਕੀਤੀ ਜਾਣੀ
ਚਾਹੀਦੀ ਹੈ। ਕੁਦਰਤਿ ਦੇ ਰੱਬੀ-ਨਿਯਮਾਂ ਦੀ ਉਲੰਘਣਾ ਕਰਨ ਨਾਲ ਕੁਦਰਤੀ ਵਾਤਾਵਰਣ ਦਾ ਸੰਤੁਲਨ ਵਿਗੜ
ਜਾਂਦਾ ਹੈ ਜੋ ਕਿ ਵਿਨਾਸ਼ ਦਾ ਕਾਰਨ ਬਣ ਸਕਦਾ ਹੈ। ਗੁਰਮਤਿ ਫ਼ਲਸਫ਼ਾ ਮਨੁੱਖ ਨੂੰ ਕੁਦਰਤਿ ਦੇ ਨਿਯਮਾਂ
ਦੀ ਪਾਲਣਾ ਕਰਨ ਲਈ ਬਾਰ-ਬਾਰ ਪ੍ਰੇਰਨਾ ਦੇਂਦਾ ਹੈ। ਰੱਬ ਵੱਲੋਂ ਕੁਦਰਤਿ ਦੀ ਸੰਭਾਲ ਲਈ ਬਖ਼ਸ਼ਿਸ਼
ਕੀਤੀਆਂ ਅਮੋਲਕ ਦਾਤਾਂ/ਸਹੂਲਤਾਂ ਦੀ ਸੁਚੱਜੀ ਵਰਤੋਂ ਲਈ ਫ਼ੁਰਮਾਣ ਗੁਰਮਤਿ ਫ਼ਲਸਫ਼ੇ ਵਿੱਚ ਮੌਜ਼ੂਦ ਹਨ।
ਸਲੋਕ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਿਵਸੁ ਰਾਤਿ ਦੁਇ ਦਾਈ
ਦਾਇਆ ਖੇਲੈ ਸਗਲ ਜਗਤੁ॥ (ਮ: 1, 8)
ਭਾਵ: ਜੀਵਾਂ ਨੂੰ ਜੀਵਤ ਰੱਖਣ ਲਈ ਹਵਾ ‘ਗੁਰੂ’ ਦੀ ਨਿਆਈ ਹੈ (ਜਿਵੇਂ
ਕਿ ਸ਼ਬਦ-ਗੁਰੂ ਦੇ ਉਪਦੇਸ਼ ਦੀ ਪਾਲਣਾ ਕਰਨ ਨਾਲ ਮਨੁੱਖ ਆਤਮਿਕ ਪੱਖ ਤੋਂ ਜੀਵਤ ਹੋ ਜਾਂਦਾ ਹੈ),
ਪਾਣੀ ਤੋਂ ਸਮੁੱਚੀ ਕੁਦਰਤਿ ਦੀ ਸਾਜਨਾ ਹੁੰਦੀ ਹੈ (ਇਸ ਕਰ ਕੇ ਪਾਣੀ ਪਿਤਾ ਦੀ ਨਿਆਈਂ ਹੈ) ਅਤੇ
ਧਰਤੀ ਤੋਂ ਕੁਦਰਤਿ ਦੇ ਜੀਵਾਂ ਦੀ ਖ਼ੁਰਾਕ ਮਿਲਦੀ ਹੈ (ਇਸ ਲਈ ਧਰਤੀ ਮਾਤਾ ਦੀ ਨਿਆਈਂ ਹੈ ਜੋ ਖ਼ੁਰਾਕ
ਦੇ ਕੇ ਜੀਵਾਂ ਦੀ ਪਾਲਣਾ-ਪੋਸਣਾ ਕਰਦੀ ਹੈ)।
ਦਿਨ ਅਤੇ ਰਾਤ ਦੋਵੇਂ ਦਾਈ ਅਤੇ ਦਾਇਆ ਦੀ ਨਿਆਈਂ ਹਨ (ਕਿਉਂਕਿ ਜਿਵੇਂ ਦਾਇਆ
ਦਿਨ ਵੇਲੇ ਬੱਚੇ ਨੂੰ ਖੁਸ਼ ਰੱਖਣ ਦਾ ਕੰਮ ਕਰਦਾ ਹੈ, ਤਿਵੇਂ ਦਿਨ ਵੇਲੇ ਲੋਕੀ ਕਾਰ-ਵਿਹਾਰ ਕਰਦੇ,
ਹਸਦੇ-ਖੇਡਦੇ ਤੇ ਮੌਜਾਂ ਕਰਦੇ ਹਨ। ਰਾਤ ਇਸ ਲਈ ਦਾਈ ਹੈ ਕਿਉਂਕਿ ਸਭ ਜੀਵਾਂ ਨੂੰ ਮਿੱਠੀ ਲੋਰੀ ਦੇ
ਕੇ ਸੁਆ ਦੇਂਦੀ ਹੈ, ਇਸ ਤਰ੍ਹਾਂ) ਸਾਰਾ ਸੰਸਾਰ ਹੀ (ਇਨ੍ਹਾਂ ਦੋਹਾਂ ਦੀ ਗੋਦ ਵਿੱਚ) ਖੇਡਦਾ ਹੈ।
ਸਪੱਸ਼ਟ ਹੈ, ਕਿ ਕੁਦਰਤੀ ਸੰਤੁਲਨ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ
ਹਵਾ, ਪਾਣੀ ਅਤੇ ਧਰਤੀ ਨੂੰ ਦੂਸ਼ਤ ਕਰਨ ਵਾਲੀ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ।
ਹਵਾ (ਪਵਣ)
ਹਵਾ ਵਿੱਚ ਬਹੁਤ ਸਾਰੀਆਂ ਗੈਸਾਂ (ਆਕਸੀਜਨ, ਹਾਈਡਰੋਜਨ, ਨਾਈਟਰੋਜਨ,
ਕਾਰਬਨ-ਡਾਈ-ਔਕਸਾਈਡ, ਕਾਰਬਨ-ਮੌਨੋਔਕਸਾਈਡ, ਹੀਲੀਅਮ ਆਦਿ) ਹੁੰਦੀਆਂ ਹਨ। ਇਨ੍ਹਾਂ ਦਾ ਕੁਦਰਤੀ
ਸੰਤੁਲਨ ਬਣਾ ਕੇ ਰੱਖਣ ਲਈ ਜ਼ਰੂਰੀ ਹੈ ਕਿ ਪੈਟਰੋਲੀਅਮ ਪਦਾਰਥਾਂ (ਪੈਟਰੋਲ ਡੀਜ਼ਲ ਆਦਿ) ਅਤੇ ਕੋਲੇ
ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਅਤੇ ਵਾਹਨਾਂ ਦੀ ਸੁਚੱਜੀ ਦੇਖ-ਭਾਲ ਦੁਆਰਾ ਹਵਾ ਦੇ ਪਰਦੂਸ਼ਨ
ਨੂੰ ਘਟਾਇਆ ਜਾਵੇ। ਧਰਤੀ ਦੇ ਘੱਟ ਤੋਂ ਘੱਟ ਤੀਜੇ ਹਿੱਸੇ ਉੱਤੇ ਦਰੱਖਤ ਲਗਾਏ ਜਾਣੇ ਲਾਜ਼ਮੀ ਕੀਤੇ
ਜਾਣ। ਬਿਜਲੀ ਪੈਦਾ ਕਰਨ ਲਈ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾਂ `ਤੇ ਮੁਕੰਮਲ ਪਾਬੰਦੀ ਲਗਾਈ
ਜਾਵੇ ਕਿਉਂਕਿ ਇਹ ਵਾਤਾਵਰਣ ਨੂੰ ਅਪਰਾਧਕ ਸੀਮਾ ਤੱਕ ਦੂਸ਼ਤ ਕਰਦੇ ਹਨ।
ਪਾਣੀ
ਪਾਣੀ ਨੂੰ ਸ਼ੁੱਧ ਰੱਖਣ ਲਈ ਜਿੱਥੇ ਨਦੀਆਂ-ਨਾਲਿਆਂ ਦੇ ਪਾਣੀ ਵਿੱਚ
ਗੰਦੀਆਂ-ਮੰਦੀਆਂ ਚੀਜ਼ਾਂ ਨਾ ਸੁੱਟੀਆਂ ਜਾਣ ਉੱਥੇ ਧਰਤੀ ਹੇਠਲੇ ਪਾਣੀ ਨੂੰ ਸਾਫ-ਸੁੱਥਰਾ ਰੱਖਣ ਲਈ
ਜ਼ਮੀਨ ਵਿੱਚ ਰਸਾਇਣਕ ਖਾਦਾਂ, ਕੀੜੇ-ਮਾਰ ਦਵਾਈਆਂ ਅਤੇ ਨਦੀਨ-ਨਾਸ਼ਕ ਦਵਾਈਆਂ ਦੀ ਵਰਤੋਂ `ਤੇ ਮੁਕੰਮਲ
ਪਾਬੰਦੀ ਲਾਗੂ ਕਰਨੀ ਚੰਗੀ ਗੱਲ ਹੋਵੇਗੀ। ਛੋਟੀਆਂ-ਵੱਡੀਆਂ ਸਨਅਤਾਂ (ਫੈਕਟਰੀਆਂ/ਦਸਤਕਾਰੀ
ਯੂਨਿਟਾਂ), ਦਾ ਕੈਮੀਕਲਜ਼ ਵਾਲਾ ਪਾਣੀ ਸ਼ੁੱਧ ਕਰ ਕੇ ਹੀ ਇਨ੍ਹਾਂ ਜੁਨਿਟਾਂ ਤੋਂ ਬਾਹਰ ਕੱਢਿਆ ਜਾਵੇ।
ਧਰਤੀ
ਰੁੱਖ, ਜ਼ਮੀਨ ਨੁੰ ਖੁਰਨ ਤੋਂ ਬਚਾ ਕੇ ਰਖਦੇ ਹਨ (ਹੜ੍ਹਾਂ ਦੀ ਰੋਕਥਾਮ ਲਈ
ਜ਼ਮੀਨੀ ਖੋਰੇ ਨੂੰ ਰੋਕਣਾ ਜ਼ਰੂਰੀ ਹੈ), ਵਾਤਾਵਰਣ ਨੂੰ ਸਾਫ-ਸੁੱਥਰਾ ਤੇ ਸੁਹਾਵਣਾ ਬਣਾ ਕੇ ਰੱਖਣ
ਵਿੱਚ ਮਦਦ ਕਰਦੇ ਹਨ, ਮਨੁੱਖ ਦੀ ਵਰਤੋਂ ਦੀਆਂ ਵਸਤਾਂ ਬਣਾਣ ਦੇ ਕੰਮ ਆਉਂਦੇ ਹਨ, ਵਾਤਾਵਰਣ ਵਿੱਚ
ਠੰਢਕ ਪੈਦਾ ਕਰ ਕੇ ਵਾਰਸ਼ਾਂ ਲਈ ਸਹਾਈ ਹੁੰਦੇ ਹਨ, ਪਸ਼ੂ-ਪੰਛੀਆਂ ਦੇ ਜੀਵਨ ਲਈ ਵੀ ਸਹਾਰਾ ਬਣਦੇ ਹਨ।
ਕਣਕ, ਚਾਵਲ ਆਦਿ ਫ਼ਸਲਾਂ ਦੇ ਨਾੜ, ਰੁੱਖਾਂ ਦੇ ਪੱਤੇ ਅਤੇ ਘਾਹ-ਫੂਸ ਨੂੰ ਅੱਗ ਲਗਾ ਕੇ ਧਰਤੀ ਉੱਤੇ
ਸਾੜਨ ਦੀ ਮੁਕੰਮਲ ਪਾਬੰਦੀ ਹੋਵੇ। ਧਰਤੀ `ਤੇ ਕੋਈ ਭੀ ਚੀਜ਼ ਨਾ ਸੁੱਟੀ ਜਾਏ। ਇਨ੍ਹਾਂ ਚੀਜ਼ਾਂ ਨੂੰ
ਯੋਗ ਢੰਗ ਨਾਲ ਧਰਤੀ ਅੰਦਰ ਦਬਾ ਕੇ ਖਾਦ ਵਿੱਚ ਤਬਦੀਲ ਕਰਨ ਲਈ ਸਰਕਾਰਾਂ ਸਹਾਇਤਾ ਕਰਨ।
ਸੀਵਰੇਜ਼ ਸਿਸਟਮ ਨੂੰ ਪ੍ਰਦੂਸ਼ਨ-ਰਹਿਤ ਬਣਾਈ ਰੱਖਣ ਲਈ ਯੋਗ ਕਦਮ ਚੁੱਕੇ ਜਾਣ।
ਪਿੰਡਾਂ ਤੇ ਸ਼ਹਿਰਾਂ ਦੇ ਕੂੜਾ-ਕਰਕਟ ਦੀ ਯੋਗ ਸੰਭਾਲ ਕਰ ਕੇ ਇਨ੍ਹਾਂ ਨੂੰ ਖਾਦਾਂ ਵਿੱਚ ਤਬਦੀਲ
ਕੀਤਾ ਜਾਵੇ ਜਾਂ ਕਿਸੇ ਹੋਰ ਲਾਭਕਾਰੀ ਵਸਤਾਂ ਵਿੱਚ (ਭੱਠਿਆਂ ਦੀਆਂ ਇੱਟਾਂ ਆਦਿ ਤਿਆਰ ਕਰਨ ਲਈ)
ਤਬਦੀਲ ਕੀਤਾ ਜਾਵੇ।
17. ਸ਼ੋਰ-ਪ੍ਰਦੂਸ਼ਨ (
)
ਰਾਹੀਂ ਆਮ ਪਬਲਿਕ ਦੀ ਸ਼ਮੂਲੀਅਤ ਨੂੰ ਲਾਜ਼ਮੀ ਬਣਾਇਆ ਜਾਣਾ ਸਮੇਂ ਦੀ ਲੋੜ ਹੈ।
19. ਧਰਮ ਦੀ ਸੁੱਚੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ ਗੁਰਮਤਿ
ਫ਼ਲਸਫ਼ੇ ਦੇ ਬੁਨਿਆਦੀ ਸਿਧਾਂਤ ਹਨ
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿਂ ਸੇਇ॥ 1॥ (ਮ: 1,
1245)
ਭਾਵ: ਜੋ ਮਨੁੱਖ ਧਰਮ ਦੀ ਸੁੱਚੀ ਕਿਰਤ ਕਰ ਕੇ ਆਪਣੇ ਪਰਿਵਾਰ ਦੀ
ਪਾਲਣਾ ਕਰਦਾ ਹੋਇਆ, ਆਪਣੀ ਦਿਆਨਤਦਾਰੀ ਨਾਲ ਕੀਤੀ ਕਮਾਈ ਵਿੱਚੋਂ (ਦਸਵੰਧ ਦੇ ਰੂਪ ਵਿੱਚ),
ਦੁਖੀਆਂ, ਗ਼ਰੀਬਾਂ, ਲੋੜਵੰਦਾਂ ਦੀ ਸਹਾਇਤਾ ਕਰਦਾ ਹੈ, ਉਸੇ ਨੂੰ ਹੀ ਆਪਣਾ ਜੀਵਨ ਸਫ਼ਲ ਕਰ ਕੇ
ਪਰਮਾਤਮਾ ਦੇ ਮਿਲਾਪ ਵਾਲੇ ਰਾਹ ਦੀ ਸੋਝੀ ਪ੍ਰਾਪਤ ਹੁੰਦੀ ਹੈ।
ਵਿਹਲੜਾਂ, ਲੁੱਗੜਾਂ ਅਤੇ ਠੱਗੀ-ਠੋਰੀ ਕਰ ਕੇ ਢਿੱਡ ਭਰਨ ਵਾਲਿਆਂ ਲਈ
ਗੁਰਮਤਿ ਫ਼ਲਸਫ਼ੇ ਅੰਦਰ ਕੋਈ ਜਗ੍ਹਾ ਨਹੀਂ ਹੈ।
ਕਾਰ-ਵਿਹਾਰ ਕਰਦਿਆਂ (ਹਰ ਸਮੇਂ ਹੀ) ਪਰਮੇਸ਼ਰ ਦੇ ਨਿਰਮਲ-ਭਉ ਅੰਦਰ ਰਹਿਣਾ
ਅਤੀ ਜ਼ਰੂਰੀ ਹੈ।
ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ॥ ਸਰਬ ਕਲਾ ਕਰਿ ਥਾਪਿਆ
ਅੰਤਰਿ ਜੋਤਿ ਅਪਾਰ॥ ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ॥ 1॥ (ਮ: 5, 47)
ਭਾਵ: ਜਿਸ ਪ੍ਰਭੂ ਨੇ (ਤੈਨੂੰ) ਇਹ ਮਨ ਦਿੱਤਾ ਹੈ, (ਵਰਤਣ ਲਈ) ਧਨ
ਦਿੱਤਾ ਹੈ, ਜਿਸ ਪ੍ਰਭੂ ਨੇ ਤੇਰੇ ਸਰੀਰ ਨੂੰ ਸਵਾਰ ਬਣਾ ਕੇ ਰੱਖਿਆ ਹੈ, ਜਿਸ ਨੇ (ਸਰੀਰ ਵਿੱਚ)
ਸਾਰੀਆਂ (ਸਰੀਰਕ) ਤਾਕਤਾਂ ਪੈਦਾ ਕਰ ਕੇ ਸਰੀਰ ਰੱਖਿਆ ਹੈ, ਤੇ ਸਰੀਰ ਵਿੱਚ ਆਪਣੀ ਬੇਅੰਤ ਜੋਤਿ
ਟਿਕਾ ਦਿੱਤੀ ਹੈ, (ਹੇ ਭਾਈ!) ਉਸ ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ। (ਹੇ ਭਾਈ!)
ਆਪਣੇ ਹਿਰਦੇ ਵਿੱਚ ਉਸ ਦੀ ਯਾਦ ਟਿਕਾ ਰੱਖ।
20. ਗੁਰਮਤਿ ਫ਼ਲਸਫ਼ੇ `ਤੇ ਅਮਲ ਕਰ ਕੇ ਚੋਰੀ ਤੇ ਵਿਭਚਾਰੀ ਭੀ ਸਹਿਜ-ਸੁਭਾਅ
ਹੀ ਛੱਡੀ ਜਾ ਸਕਦੀ ਹੈ
ਚੋਰੀ
ਚੋਰ ਕੀ ਹਾਮਾ ਭਰੇ ਨ ਕੋਇ॥ ਚੋਰੁ ਕੀਆ ਚੰਗਾ ਕਿਉਂ ਹੋਇ॥ 1॥
(ਮ: 1, 662)
ਭਾਵ: (ਹੇ ਭਾਈ!) ਚੋਰੀ ਕਰਨੀ ਚੰਗੀ ਗੱਲ ਨਹੀਂ। ਕੋਈ ਵੀ ਸਮਝਦਾਰ
ਮਨੁੱਖ ਚੋਰ ਦੀ ਕਦੇ ਹਮਾਇਤ ਨਹੀਂ ਕਰਦਾ।
ਵਿਭਚਾਰ
ਸਮਾਜ ਦਾ ਵਿਕਾਸ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਦੁਆਰਾ ਹੀ ਹੁੰਦਾ ਹੈ। ਅਸਲ
ਵਿੱਚ, ਪਤੀ-ਪਤਨੀ ਇੱਕ-ਦੂਜੇ ਦੇ ਸੱਚੇ-ਸੁੱਚੇ ਮਿੱਤਰ ਤੇ ਹਰ ਦੁੱਖ-ਸੁੱਖ ਦੇ ਜੀਵਨ-ਸਾਥੀ ਹੁੰਦੇ
ਹਨ। ਸੁੱਚੀ ਮਿੱਤਰਤਾਈ ਵਿੱਚ ਖ਼ੁਦਗਰਜ਼ੀ ਲਈ ਕੋਈ ਜਗ੍ਹਾ ਨਹੀਂ ਹੋ ਸਕਦੀ। ਜਿੱਥੇ ਕਿਸੇ ਕਿਸਮ ਦੀ
ਕੋਈ ਖ਼ੁਦਗਰਜ਼ੀ ਜਾਂ ਛਲ-ਕਪਟ ਹੋਵੇ ਉਸ ਨੂੰ ਸੱਜਣਤਾਈ ਜਾਂ ਮਿੱਤਰਤਾ ਦਾ ਨਾਮ ਨਹੀਂ ਦਿੱਤਾ ਜਾ
ਸਕਦਾ। ਸੱਜਣਤਾਈ, ਕਬਜ਼ਾ ਨਹੀਂ, ਕੁਰਬਾਨੀ ਦੀ ਮੰਗ ਕਰਦੀ ਹੈ, ਹਰ ਦੁਖ-ਸੁਖ ਦੇ ਸਮੇਂ ਇੱਕ-ਦੂਜੇ
ਨਾਲ ਦ੍ਰਿੜਤਾ ਨਾਲ ਖੜ੍ਹੇ ਹੋਣ ਦੀ ਮੰਗ ਕਰਦੀ ਹੈ। ਇੱਕ ਚੰਗੇ ਸਮਾਜ ਅੰਦਰ ਸਰੀਰਕ-ਸੰਬੰਧ (ਜਿਨਸੀ
ਸੰਬੰਧ) ਕੇਵਲ ਅਤੇ ਕੇਵਲ ਪਤੀ-ਪਤਨੀ ਵਿਚਕਾਰ ਹੀ ਹੋ ਸਕਦੇ ਹਨ - ਬਾਕੀ ਸਾਰੇ ਮਨੁੱਖ (ਮਰਦ ਤੇ
ਇਸਤਰੀ), ਦਰਜਾ-ਬਦਰਜਾ, (ਉਮਰ ਦੇ ਹਿਸਾਬ ਨਾਲ) ਮਾਂ, ਬਾਪ, ਭੈਣ, ਭਰਾ, ਧੀ, ਪੁੱਤਰ, ਦਾਦਾ-ਦਾਦੀ
ਦੇ ਪਿਆਰ ਤੇ ਸਤਿਕਾਰ ਦੇ ਹੱਕਦਾਰ ਹਨ। ਇਨ੍ਹਾਂ ਸੁੱਚੀਆਂ ਨੈਤਿਕ ਕਦਰਾਂ-ਕੀਮਤਾਂ ਦੇ ਕਾਰਨ ਹੀ,
ਮਨੁੱਖੀ ਸਮਾਜ, ਪਸ਼ੂਆਂ ਦੀ ਸ਼੍ਰੇਣੀ ਤੋਂ ਉੱਪਰ ਉੱਠ ਕੇ, ਸਭਿਅਕ ਸਮਾਜ ਦਾ ਦਰਜਾ ਹਾਸਿਲ ਕਰਦਾ ਹੈ।
ਗੁਰਮਤਿ ਫ਼ਲਸਫ਼ਾ ਇਸ ਆਲਮਗੀਰੀ ਸਿਧਾਂਤ ਬਾਰੇ ਇੰਜ ਸੇਧ ਬਖਸ਼ਿਸ਼ ਕਰਦਾ ਹੈ -
ਸਾਚੀ ਸੁਰਤਿ ਨਾਮਿ ਨਹੀਂ ਤ੍ਰਿਪਤੇ ਹਉਮੈ ਕਰਤ ਗਵਾਇਆ॥
ਪਰ ਧਨ ਪਰ ਨਾਰੀ ਰਤੁ ਨਿੰਦਾ ਬਿਖੁ ਖਾਈ ਦੁਖੁ ਪਾਇਆ॥ (ਮ: 1, 1255)
ਭਾਵ: ਜਿਨ੍ਹਾਂ ਦੀ ਸੁਰਤਿ ਅਡੋਲ ਹੋ ਕੇ ਪ੍ਰਭੂ ਦੇ ਨਾਮ ਵਿੱਚ ਨਹੀਂ
ਜੁੜੀ, ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਪਰਤ ਨਹੀਂ ਸਕੇ, "ਮੈਂ ਵੱਡਾ ਬਣ ਜਾਵਾਂ, ਮੈਂ ਵੱਡਾ ਬਣ
ਜਾਵਾਂ" - ਇਹ ਆਖ-ਆਖ ਕੇ, ਉਨ੍ਹਾਂ ਆਪਣਾ ਕੀਮਤੀ ਮਨੁੱਖਾ ਜੀਵਨ ਗਵਾ ਲਿਆ। ਉਨ੍ਹਾਂ ਦਾ ਮਨ ਪਰਾਏ
ਧਨ, ਪਰਾਈ ਇਸਤਰੀ ਤੇ ਪਰਾਈ ਨਿੰਦਾ ਵਿੱਚ ਮਸਤ ਰਿਹਾ, ਉਹ ਸਦਾ (ਪਰ-ਧਨ, ਪਰ-ਨਾਰੀ ਤੇ ਪਰ-ਨਿੰਦਾ
ਦੀ) ਜ਼ਹਿਰ ਖਾਂਦੇ ਰਹੇ (ਇਸ ਜ਼ਹਿਰ ਨੂੰ ਆਤਮਿਕ ਖ਼ੁਰਾਕ ਬਣਾਈ ਰੱਖਿਆ) ਤੇ ਇਸ ਤਰ੍ਹਾਂ ਦੁੱਖ ਹੀ
ਸਹੇੜਦੇ ਰਹੇ।
ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ॥ ਜਿਨ੍ਹਾਂ ਨਾਉਂ ਸੁਹਾਗਣੀ ਤਿਨ੍ਹਾਂ
ਝਾਕ ਨ ਹੋਰ॥ 114॥ (ਫ਼ਰੀਦ ਜੀ, 1384)
ਭਾਵ: ਸੁਹਾਗ (ਪਰਮਾਤਮਾ) ਨੂੰ ਭਾਲਣ ਵਾਲੀਏ (ਹੇ ਜੀਵ ਇਸਤਰੀਏ! ਤੂੰ
ਅੰਮ੍ਰਿਤ ਵੇਲੇ ਉੱਠ ਕੇ ਪਤੀ-ਪਰਮਾਤਮਾ ਨੂੰ ਮਿਲਣ ਲਈ ਬੰਦਗੀ ਕਰਦੀ ਹੈ—, ਤੈਨੂੰ ਅਜੇ ਵੀ ਨਹੀਂ
ਮਿਲਿਆ) ਤੇਰੇ ਆਪਣੇ ਅੰਦਰ ਹੀ ਕੋਈ ਕਸਰ ਹੈ। ਜਿਨ੍ਹਾਂ ਦਾ ਨਾਮ ‘ਸੁਹਾਗਣਾਂ’ ਹੈ ਉਨ੍ਹਾਂ ਦੇ ਅੰਦਰ
ਕੋਈ ਹੋਰ ਟੇਕ ਨਹੀਂ ਹੁੰਦੀ।
ਇਸ ਪੁਸਤਕ ਵਿੱਚ ਹੁਣ ਤੱਕ ਦੀ ਕੀਤੀ ਜਾ ਚੁੱਕੀ ਵਿਚਾਰ ਤੋਂ ਇਹ ਹਕੀਕਤ ਭੀ
ਸਪੱਸ਼ਟ ਹੋ ਚੁੱਕੀ ਹੈ ਕਿ ਜਿਹੜਾ ਮਨੁੱਖ ਇੱਕੋ-ਇੱਕ ਵਾਹਿਦ ਪ੍ਰਭੂ-ਪਿਤਾ ਦੀ ਸ਼ਰਣ (ਓਟ, ਆਸਰਾ)
ਵਿੱਚ ਰਹਿੰਦਾ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰਮਤਿ ਸਿਧਾਂਤਾਂ ਨੂੰ ਸਮਝ ਕੇ, ਮਨੋਂ
ਸਵੀਕਾਰ ਕਰ ਕੇ, ਆਪਣੇ ਅਮਲੀ ਜੀਵਨ ਵਿੱਚ ਢਾਲ ਕੇ, ਜੀਵਨ ਜੀਊਣਾ ਸ਼ੁਰੂ ਕਰ ਦੇਵੇਗਾ, ਉਸ ਦੇ
(ਪ੍ਰੇਮ ਤੇ ਸ਼ਰਧਾ ਨਾਲ) ਗੁਰਮਤਿ ਨਾਮ-ਸਿਮਰਨ ਕਰਨ ਨਾਲ, ਨਾਮ-ਬਾਣੀ ਦਾ ਜਾਪ/ਗਾਇਣ ਕਰਨ ਨਾਲ (ਯਾਨੀ
ਕਿ, ਪ੍ਰਭੂ-ਪਿਤਾ ਦੀ ਸਿਫ਼ਤਿ-ਸਾਲਾਹ ਕਰਨ) ਅਤੇ ਸ਼ਬਦ ਦੀ ਵੀਚਾਰ ਦੀ ਬਰਕਤਿ ਨਾਲ ਉਸ--
(ੳ) ਦੀ ਮਾਇਆ ਦੇ ਮੋਹ ਤੋਂ ਖ਼ਲਾਸੀ ਹੋ ਜਾਵੇਗੀ;
(ਅ) ਮਾਇਆ ਦੇ ਪੰਜ ਪੁੱਤਰ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਵੱਸ ਵਿੱਚ
ਆ ਜਾਣਗੇ;
(ੲ) ਦੇ ਨਿੰਦਿਆ-ਚੁਗਲੀ, ਈਰਖਾ, ਵੈਰ-ਵਿਰੋਧ, ਵਹਿਮ-ਭਰਮ ਆਦਿ ਔਗੁਣ ਮਿਟ
ਜਾਣਗੇ;
(ਸ) ਦੇ ਮਨ ਤੋਂ ਵਿਕਾਰਾਂ/ਪਾਪਾਂ ਦੀ ਮੈਲ ਲਹਿ ਜਾਵੇਗੀ ਤੇ ਮਨ ਨਿਰਮਲ ਹੋ
ਜਾਵੇਗਾ;
(ਹ) ਉਹ ਨਿਰਭਉ ਤੇ ਨਿਰਵੈਰੁ ਹੋ ਜਾਵੇਗਾ;
(ਕ) ਦੀ ਮੇਰ-ਤੇਰ (ਹਉਮੈ ਤੇ ਦੁਬਿਧਾ) ਮਿਟ ਜਾਵੇਗੀ;
(ਖ) ਦੇ ਨਿਰਮਲ ਹੋ ਚੁੱਕੇ ਮਨ ਵਿੱਚ ਪ੍ਰਭੂ-ਪਿਤਾ ਦਾ ਨਾਮੁ (ਰੱਬੀ-ਗੁਣਾਂ
ਦੇ ਰੂਪ ਵਿੱਚ) ਪਰਗਟ ਹੋ ਜਾਵੇਗਾ ਅਤੇ ਮਨ ਸ਼ਾਂਤ ਹੋ ਕੇ ਟਿਕ ਜਾਵੇਗਾ (ਮਨ ਦੀ ਭਟਕਣਾ ਖ਼ਤਮ ਹੋ
ਜਾਵੇਗੀ); ਅਤੇ
(ਗ) ਉਹ ਨਿਰ-ਸੁਆਰਥ ਹੋ ਕੇ ਮਨੁੱਖਤਾ ਦੀ ਸੇਵਾ ਕਰਨ ਵਿੱਚ ਆਤਮਕ ਵਿਗਾਸ ਤੇ
ਖ਼ੁਸ਼ੀ ਮਹਿਸੂਸ ਕਰੇਗਾ।
ਸ਼ਬਦ-ਗੁਰੂ ਦੀ ਕ੍ਰਿਪਾ ਨਾਲ, ਮਨ ਤੋਂ ਅੱਗੇ ਛਣ-ਪੁਣ ਕੇ ਨਾਮੁ ਉਸ ਦੇ
ਹਿਰਦੇ `ਚ ਸਥਾਈ ਰੂਪ ਵਿੱਚ ਟਿਕ ਜਾਵੇਗਾ ਤੇ ਪ੍ਰਭੂ-ਪਿਤਾ ਨਾਲ ਉਸ ਦਾ ਸਦੀਵੀ ਮਿਲਾਪ ਹੋ ਜਾਵੇਗਾ।
ਇਸ ਤਰ੍ਹਾਂ ਵਿਸ਼ਵ-ਅਸ਼ਾਂਤੀ ਦੇ ਸਾਰੇ ਕਾਰਨ ਹੀ ਮਿਟ ਜਾਣਗੇ।
ਸੰਸਾਰ ਦੇ ਜਿਸ ਹਿੱਸੇ ਵਿੱਚ ਭੀ ਅਜਿਹੇ ਮਨੁੱਖਾਂ ਦੀ ਬਹੁ-ਗਿਣਤੀ (ਕਿਉਂਕਿ
ਸਾਰੇ ਮਨੁੱਖ ਕਦੇ ਭੀ ਅਜਿਹੀ ਅਵੱਸਥਾ `ਤੇ ਪਹੁੰਚਣ ਲਈ ਯਤਨਸ਼ੀਲ ਨਹੀਂ ਹੋਣਗੇ) ਹੋ ਜਾਵੇਗੀ, ਉਥੇ
ਚੰਗਾ ਮਨੁੱਖੀ ਸਮਾਜ ਹੋਂਦ ਵਿੱਚ ਆ ਜਾਵੇਗਾ, ਚੰਗਾ ਸਮਾਜ-ਪ੍ਰਬੰਧ ਸਿਰਜਿਆ ਜਾ ਸਕੇਗਾ।