ਬਿਚਿਤਰ ਨਾਟਕ ਦੇ ਸਮਰਥਕ ਅਕਸਰ ਕਿਤਾਬਾਂ ਲਿਖਦੇ ਨੇ ਤੇ ਉਨ੍ਹਾਂ ਦਾ ਨਾਮ
ਰਖ ਦੇਂਦੇ ਨੇ "ਦਸਮ ਗ੍ਰੰਥ ਸ਼ੰਕੇ ਅਤੇ ਸਮਾਧਾਨ", ਇਹ ਨਾਮ ਪੜ੍ਹ ਕੇ ਧਿਆਨ ਆਇਆ ਕਿ ਗੁਰੂ
ਦੇ ਸਿੱਖਾਂ ਨੂੰ ਵੀ ਬਿਚਿਤਰ ਨਾਟਕ ਨਾਲ ਜੁੜ੍ਹੇ ਹੋਏ ਸ਼ੰਕੇ ਲਿਖਣ ਅਤੇ ਉਨ੍ਹਾਂ ਦਾ ਸਮਾਧਾਨ ਲੱਭਣ
ਦੀ ਕੋਸ਼ਿਸ਼ ਕਰਨੀ ਚਾਹਿਦੀ ਹੈ। ਅਸੀਂ ਫਿਲਹਾਲ ਇਕ ਸ਼ੰਕੇ ਦਾ ਸਮਾਧਾਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ,
ਉਹ ਸ਼ੰਕਾ ਹੈ ਕਿ ਬਿਚਿਤਰ ਨਾਟਕ ਵਿੱਚ ਬ੍ਰਹਮਾ, ਵਿਸ਼ਨੂੰ ਅਤੇ ਰੁਦ੍ਰ (ਸ਼ਿਵ) ਦੇ ਅਵਤਾਰਾਂ ਦੀ ਜੋ
ਕਹਾਣੀਆਂ ਹਨ ਕੀ ਉਹ ਹਿੰਦੂ ਧਰਮ ਦੇ ਗ੍ਰੰਥਾਂ ਦਾ ਅਨੁਵਾਦ ਹਨ? ਅਸੀਂ ਇਸ ਸ਼ੰਕੇ ਦਾ ਸਮਾਧਾਨ ਲੱਭਣ
ਦੀ ਕੋਸ਼ਿਸ਼ ਵਿੱਚ ਹਿੰਦੂ ਪੁਰਾਣਾ ਦਾ ਅਧਿਐਨ ਕੀਤਾ ਤੇ ਪਤਾ ਚਲਿਆ ਕਿ ਬ੍ਰਹਮਾ ਦੇ ਜੋ ਅਵਤਾਰ
ਬਿਚਿਤਰ ਨਾਟਕ ਵਿੱਚ ਦਰਜ ਹਨ ਉਹ ਕਿਸੇ ਵੀ ਹਿੰਦੂ ਧਰਮ ਗ੍ਰੰਥ ਵਿੱਚ ਦਰਜ ਨਹੀਂ ਹਨ ਅਤੇ ਇਸ ਸ਼ੰਕੇ
ਦਾ ਸਮਾਧਾਨ ਬਹੁਤ ਆਰਾਮ ਨਾਲ ਹੋ ਗਿਆ ਕਿ ਬਿਚਿਤਰ ਨਾਟਕ ਵਿੱਚ ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ
ਨਹੀਂ ਹੈ। ੳਲਟਾ ਬਿਆਸ ਰਿਸ਼ੀ ਵਿਸ਼ਨੂੰ ਦਾ ਅਵਤਾਰ ਹੈ ਜਿਸ ਨੂੰ ਬਿਚਿਤਰ ਨਾਟਕ ਦੇ ਲਿਖਾਰੀ ਨੇ
ਬ੍ਰਹਮਾ ਦਾ ਅਵਤਾਰ ਲਿਖ ਦਿੱਤਾ।
ਅਸੀਂ ਜੋ ਪੜਚੌਲ ਕਰ ਰਹੇ ਹਾਂ ਉਹ ਬ੍ਰਹਮਾ ਦੇ ਅਵਤਾਰਾਂ ਦੇ ਕਥਨ ਵਾਲੇ
ਅਧਿਆਇ ਵਿੱਚ ਬ੍ਰਹਮਾ ਦੇ "ਬਿਆਸ ਅਵਤਾਰ" ਹੇਠਾਂ ਦਿਤੀਆ ਰਾਜਿਆਂ ਦੀਆਂ ਕਹਾਣੀਆਂ ਦੀ ਚਲ ਰਹੀ ਹੈ।
ਅਸੀਂ ਹਾਲੇ ਤਕ ਇਹ ਪੜਚੌਲ ਕਰ ਚੁਕੇ ਹਾਂ ਕਿ ਬਿਚਿਤਰ ਨਾਟਕ ਦੇ ਗੱਪੌੜੀ ਲਿਖਾਰੀ ਨੂੰ ਕੱਖ ਵੀ ਪਤਾ
ਨਹੀ ਸੀ। ਹਿੰਦੂ ਪੁਰਾਣਾ ਮੁਤਾਬਿਕ ਮਹਾਪਾਪੀ ਰਾਜੇ ਬੇਨ ਨੂੰ ਬਹੁਤ ਵਧੀਆ ਰਾਜਾ ਲਿਖ ਕੇ
ਬਿਚਿਤਰ ਨਾਟਕ ਦੇ ਲਿਖਾਰੀ ਨੇ ਅਪਣੀ ਅਗਿਆਨਤਾ ਦਾ ਜਲੂਸ ਕਢਵਾ ਲਿਆ।
ਰਾਜੇ ਬੇਨ ਦੀ ਕਹਾਣੀ ਦੇ ਬਾਦ ਬਿਚਿਤਰ ਨਾਟਕ ਦਾ ਲਿਖਾਰੀ ਮਾਨਧਾਤਾ ਨੂੰ
ਧਰਤੀ ਦਾ ਰਾਜਾ ਲਿਖਦਾ ਹੈ,
ਹਿੰਦੂ
ਧਰਮ ਗ੍ਰੰਥਾਂ ਮੁਤਾਬਿਕ ਰਾਜੇ ਬੇਨ ਦੇ ਬਾਦ ਰਾਜਾ ਪ੍ਰਿਥੁ ਧਰਤੀ ਦਾ ਰਾਜਾ ਬਣਿਆ। ਬਿਚਿਤਰ ਨਾਟਕ
ਦਾ ਲਿਖਾਰੀ ਨਸ਼ਿਆ ਦੇ ਸੇਵਨ ਦਾ ਜੋਰਦਾਰ ਹਲੁਣਾ ਦੇਂਦਾ ਹੈ, ਲਗਦਾ ਹੈ ਲਿਖਾਰੀ ਨਸ਼ੇ ਦੇ ਪ੍ਰਭਾਵ
ਵਿੱਚ ਇਹ ਕਿਤਾਬ ਲਿਖ ਰਹਿਆ ਹੈ ਇਸ ਕਰਕੇ ਸ਼ਕੁੰਤਲਾ ਦੇ ਪਤੀ ਦਾ ਨਾਮ ਪ੍ਰਿਥੁ ਲਿਖ ਗਿਆ ਜਦ ਕਿ
ਸ਼ਕੁੰਤਲਾ ਦੇ ਪਤੀ ਦਾ ਨਾਮ ਦੁਸ਼ਅੰਤ ਸੀ। ਨਸ਼ੇ ਦੇ ਅਸਰ ਅਤੇ ਉਸ ਦੀ ਅਗਿਆਨਤਾ ਦਾ ਤੜਕਾ ਹੀ ਲਗਦਾ ਹੈ
ਕਿ ਬਿਚਿਤਰ ਨਾਟਕ ਦਾ ਲਿਖਾਰੀ ਰਾਜੇ ਰਾਮ ਦੇ ਇਕ ਵਡੇਰੇ ਮਾਨਧਾਤਾ ਨੂੰ ਰਾਜੇ ਬੇਨ ਦੇ ਬਾਦ ਧਰਤੀ
ਦਾ ਰਾਜਾ ਲਿਖ ਰਹਿਆ ਹੈ। ਕਮਾਲ ਦੀ ਗੱਲ ਹੈ ਰਾਜੇ ਸਗਰ ਨੂੰ ਮਾਨਧਾਤਾ ਤੂੰ ਪਹਿਲਾਂ ਲਿਖਿਆ ਜਦ ਕਿ
ਰਾਜਾ ਸਗਰ ਰਾਜੇ ਮਾਨਧਾਤੇ ਦੇ ਬਾਦ ੧੮ਵੀਂ ਪੀੜੀ ਵਿੱਚ ਹੋਇਆ।
ਬਿਚਿਤਰ ਨਾਟਕ ਦਾ ਲਿਖਾਰੀ ਗੱਪਾਂ ਮਾਰਨ ਦੀ ਸਾਰੀ ਹੱਦਾਂ ਤੋੜ ਚੁਕਿਆ ਹੁਣ
ਅਪਣੀ ਮਸਤੀ ਵਿੱਚ ਪੁਰੀ ਤਰਹਾਂ ਪੰਨੇ ਕਾਲੇ ਕਰ ਰਹਿਆ ਹੈ ਅਤੇ ਮਾਨਧਾਤਾ ਦੀ ਮੌਤ ਬਾਦ ਦਿਲੀਪ ਨੂੰ
ਦਿੱਲੀ ਦਾ ਰਾਜਾ ਲਿਖ ਦੇਂਦਾ ਹੈ। ਬਿਚਿਤਰ ਨਾਟਕ ਦੀ ਲਿਖਤ ਪਾਠਕਾਂ ਲਈ ਸਾਮ੍ਹਣੇ ਰਖ ਦੇਵਾਂ:--
ਚੌਪਈ ॥
ਜਬ ਨ੍ਰਿਪ ਹਨਾ ਮਾਨਧਾਤਾ ਬਰ ॥ ਸ਼ਿਵ ਤ੍ਰਿਸੂਲ ਕਰ ਧਰਿ ਲਵਨਾਸੁਰ ॥
ਭਯੋ ਦਲੀਪ ਜਗਤ ਕੋ ਰਾਜਾ ॥ ਭਾਂਤ ਭਾਂਤ ਜਿਹ ਰਾਜ ਬਿਰਾਜਾ ॥੧੨੧॥
ਲਾਹਨਤ ਹੈ ਉਨ੍ਹਾਂ ਲੋਕਾਂ ਉਤੇ ਜੋ ਇਸ ਗਲਤ ਗੱਲਾਂ ਦੀ ਭਰੀ ਕਿਤਾਬ ਨੂੰ
ਗੁਰੂ ਸਾਹਿਬ ਦੇ ਨਾਮ ਨਾਲ ਜੋੜ੍ਹਦੇ ਹਨ। ਮਾਨਧਾਤਾ ਦੇ ਬਾਦ ਅੰਬਰੀਸ਼ ਰਾਜਾ ਬਣਿਆ ਸੀ ਨਾਕਿ
ਦਿਲੀਪ। ਬਿਚਿਤਰ ਨਾਟਕ ਦਾ ਗੱਪੌੜੀ ਰਾਜੇ ਦਿਲੀਪ ਨੂੰ ਦਿੱਲੀ ਦਾ ਰਾਜਾ ਲਿਖ ਰਹਿਆ ਹੈ "ਰਣ ਮੋ
ਜਨ ਮਾਨ ਮਹੀਪ ਹਏ ॥ ਤਬ ਆਨ ਦਿਲੀਪ ਦਿਲੀਸ ਭਏ ॥----੧੨੦॥", ਜਦ ਕਿ ਉਹ ਅਯੋਧਿਆ ਦਾ ਰਾਜਾ ਸੀ, ਉਹ
ਮੁਰਖ ਹਨ ਜੋ ਇਸ ਬੇਤੁਕੀ ਅਤੇ ਬੇ ਸਿਰ-ਪੈਰ ਦੀਆਂ ਗੱਲਾਂ ਨੂੰ ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ
ਕਹਿ ਰਹੇ ਹਨ।
ਰਾਜੇ ਦਿਲੀਪ ਦੇ ਬਾਦ ਬਿਚਿਤਰ ਨਾਟਕ ਦਾ ਲਿਖਾਰੀ ਰਾਜੇ ਰਘੁ ਦੇ ਬਾਰੇ
ਲਿਖਦਾ ਹੈ। ਪਾਠਕਾਂ ਦੀ ਜਾਣਕਾਰੀ ਵਾਸਤੇ ਇਹ ਦੁਹਰਾ ਦੇਵਾਂ ਕਿ ਇਹ ਰਾਜਾ ਰਘੂ ਹੀ ਸੀ ਜਿਸ ਦੇ
ਕਰਕੇ ਰਾਜੇ ਰਾਮ ਨੂੰ ਰਘੂਵੰਸ਼ੀ ਰਾਜਾ ਕਹਿਆ ਗਿਆ ਹੈ। ਬਿਚਿਤਰ ਨਾਟਕ ਦੀ ਇਕ ਹੋਰ ਕਵਿਤਾ ਗਿਆਨ
ਪ੍ਰਬੋਧ ਵਿੱਚ ਬਿਚਿਤਰ ਨਾਟਕ ਦਾ ਲਿਖਾਰੀ ਰਾਮ ਨੂੰ ਚੰਦ੍ਰਵੰਸ਼ੀ ਯਦੁ ਦੇ ਕੁਲ ਵਿੱਚ ਹੋਇਆ ਲਿਖ ਕੇ
ਗਿਆਨ ਪ੍ਰਬੋਧ ਨੂੰ ਅਗਿਆਨ ਪ੍ਰਬੋਧ ਬਣਾ ਰਹਿਆ ਹੈ। ਰਘੁ ਦੀ ਸਿਫਤ ਕਰਦਿਆ ਬਿਚਿਤਰ ਨਾਟਕ ਦਾ
ਲਿਖਾਰੀ ਕਾਲ ਦੋਸ਼ ਦੀ ਵੀ ਸਿਰਜਣਾ ਕਰ ਜਾਂਦਾ ਹੈ ਜਦ ਉਹ ਹੇਠਾਂ ਦਿਤੀਆਂ ਪੰਕਤੀਆਂ ਲਿਖਦਾ ਹੈ:-
ਸੰਨਿਆਸਨ ਦੱਤ ਰੂਪ ਕਰਿ ਜਾਨਯੋ ॥ ਜੋਗਨ ਗੁਰ ਗੋਰਖ ਕਰਿ ਮਾਨਯੋ ॥
ਰਾਮਾਨੰਦ ਬੈਰਾਗਨ ਜਾਨਾ ॥ ਮਹਾ ਦੀਨ ਤੁਰਕਨ ਪਹਚਾਨਾ ॥੧੪੦॥
ਇਨ੍ਹਾਂ ਪੰਕਤੀਆਂ ਦਾ ਭਾਵ ਹੈ ਰਘੂ ਨੂੰ ਸੰਨਿਆਸੀਆ ਨੇ ਦੱਤ ਦਾ ਰੂਪ ਕਰ
ਜਾਣਿਆ, ਜੋਗੀਆਂ ਨੇ ਗੋਰਖ ਦਾ ਰੂਪ ਕਰ ਕੇ ਜਾਣਿਆ, ਬੈਰਾਗੀਆਂ ਨੇ ਰਾਮਾਨੰਦ ਦਾ ਰੂਪ ਕਰ ਜਾਣਿਆ
ਅਤੇ ਤੁਰਕਾਂ ਯਾਨਿ ਮੁਸਲਮਾਨਾਂ ਨੇ ਮਹਾਦੀਨ ਯਾਨਿ ਪੈਗੰਬਰ ਮੁਹੰਮਦ ਕਰ ਜਾਣਿਆ।
ਰਾਮਚੰਦ੍ਰ ਕਦ ਹੋਏ ਨੇ ਇਸ ਬਾਰੇ ਸਹੀ ਢੰਗ ਨਾਲ ਕੁਛ ਨਹੀ ਕਹਿਆ ਜਾ ਸਕਦਾ,
ਅਨੁਮਾਨ ੫੦੦੦ ਤੂੰ ੨੫੦੦੦ ਸਾਲ ਪਹਿਲਾਂ ਹੋਣ ਦਾ ਲਾਇਆ ਜਾਂਦਾ ਹੈ ਤੇ ਰਘੁ ਉਨ੍ਹਾਂ ਦਾ ਇਕ ਵਡੇਰਾ
ਸੀ। ਪੈਗੰਬਰ ਮੁਹੰਮਦ ੬ਵੀਂ ਸਦੀ ਵਿੱਚ ਹੋਏ ਨੇ ਅਤੇ ਭਗਤ ਰਾਮਾਨੰਦ ੧੫ਵੀਂ ਸਦੀ ਦੇ ਆਸ-ਪਾਸ ਹੋਏ
ਨੇ, ਹੁਣ ਇਨ੍ਹਾਂ ਦੇ ਹੋਣ ਤੋਂ ਪਹਿਲਾਂ ਹੀ ਲੋਕਾਂ ਨੇ ਰਾਜੇ ਰਘੁ ਵਿੱਚ ਇਨ੍ਹਾਂ ਦਾ ਅਕਸ ਵੇਖ
ਲਿਆ, ਕਮਾਲ ਦੀ ਗੱਲ ਹੈ। ਹੈਰਾਨੀ ਤੇ ਉਨ੍ਹਾਂ ਅਖੌਤੀ ਵਿਦਵਾਨਾਂ ਤੇ ਹੁੰਦੀ ਹੈ ਜੋ ਇਸ ਗਲਤੀ ਨੂੰ
ਵੀ ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ ਦੱਸਦੇ ਨੇ। ਪਾਠਕ ਇਸ ਪੜਚੌਲ ਤੋਂ ਅੰਦਾਜਾ ਲਾ ਚੁਕੇ ਹੋਣੇ
ਨੇ ਕਿ ਇਹ ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ ਨਹੀ ਹੈ ਅਤੇ ਨਾਹੀ ਇਹ ਕਿਸੇ ਜਾਣਕਾਰ ਤੇ
ਪੜ੍ਹੇ-ਲਿਖੇ ਸ਼ਖਸ ਦੀ ਲਿਖਤ ਹੈ, ਇਸ ਨੂੰ ਗੁਰੂ ਸਾਹਿਬ ਨਾਲ ਜੋੜ੍ਹਨਾਂ ਉਨ੍ਹਾਂ ਦੀ ਪ੍ਰਤਿਸ਼ਠਾ ਨੂੰ
ਘਟਾਉਣਾ ਹੈ।