.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਦੋ ਮਾਵਾਂ ਦੋ ਬਾਪ

ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਨੂੰ ਸਮਝਾਉਣ ਲਈ ਕਈ ਪ੍ਰਕਾਰ ਦੀਆਂ ਉਦਾਹਰਣਾਂ ਦਿੱਤੀਆਂ ਹਨ ਤਾਂ ਕਿ ਇਹ ਸਚਿਆਰ ਮਨੁੱਖ ਬਣ ਸਕੇ। ਸਾਡੇ ਮੁਲਕ ਦੇ ਵਿੱਚ ਧਰਮ ਦੇ ਨਾਂ `ਤੇ ਕਈ ਪ੍ਰਕਾਰ ਦੇ ਭਰਮ-ਵਹਿਮ ਪ੍ਰਚੱਤਲ ਹਨ ਤੇ ਇਹ ਰੀਤੀ ਰਿਵਾਜ ਨਿਬਾਹੁੰਣ ਵਾਲੇ ਨੂੰ ਧਰਮੀ ਮੰਨਿਆ ਗਿਆ ਹੈ। ਜਿਹੜੀ ਸਮੱਸਿਆ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਸੀ ਉਹ ਸਮੱਸਿਆ ਅੱਜ ਸਿੱਖ ਭਾਈਚਾਰੇ ਵਿੱਚ ਆਮ ਹੀ ਦੇਖੀ ਜਾ ਸਕਦੀ ਹੈ। ਰੱਬ ਦੀ ਪ੍ਰਾਪਤੀ ਸਬੰਧੀ ਕਈ ਪ੍ਰਕਾਰ ਦੇ ਖਿਆਲ ਮਿਲਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਰੱਬ ਜੀ ਸਾਡੇ ਮਨ ਵਿੱਚ ਸ਼ੁਭ ਗੁਣਾਂ ਦੇ ਰੂਪ ਵਿੱਚ ਬੈਠਾ ਹੋਇਆ ਹੈ ਤੇ ਇਸ ਦੀ ਸਮਝ ਸ਼ੁਭ ਗਿਆਨ ਰਾਂਹੀਂ ਆਉਂਦੀ ਹੈ। ਰੱਬ ਜੀ ਦੀ ਸਮਝ ਕਿਉਂ ਨਹੀਂ ਆਉਂਦੀ, ਕਿਉਂਕਿ ਸ਼ੁਭ ਗੁਣਾਂ ਦੇ ਨਾਲ ਹੀ ਵਿਕਾਰ ਬੈਠੇ ਹੋਏ ਹਨ। ਮਨੁੱਖ ਸ਼ੁਭ ਗੁਣਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ ਜਦ ਕਿ ਵਿਕਾਰਾਂ ਨੂੰ ਆਪਣੇ ਆਪ ਹੀ ਮਾਨਤਾ ਦਈ ਜਾ ਰਿਹਾ ਹੈ। ਇਹ ਸਾਰੀ ਵਿਚਾਰ ਚਰਚਾ ਕਰਨ ਲਈ ਦੋ ਮਾਂਵਾਂ ਤੇ ਦੋ ਪਿਉ ਦੀ ਰਮਜ਼ ਰਾਂਹੀ ਸਮਝਾਇਆ ਗਿਆ ਹੈ--

ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ।।

ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ।। ੧।।

ਸੁਆਮੀ ਪੰਡਿਤਾ ਤੁਮੑ ਦੇਹੁ ਮਤੀ।। ਕਿਨ ਬਿਧਿ ਪਾਵਉ ਪ੍ਰਾਨਪਤੀ।। ੧।। ਰਹਾਉ।।

ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ।।

ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ।। ੨।।

ਰਾਮ ਰਵੰਤਾ ਜਾਣੀਐ ਇੱਕ ਮਾਈ ਭੋਗੁ ਕਰੇਇ।।

ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ।। ੩।।

ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨਾੑ ਹੀ ਸੇਤੀ ਵਾਸਾ।।

ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ।। ੪।। ੩।। ੧੧।।

ਬਸੰਤੁ ਹਿੰਡੋਲ ਮਹਲਾ ੧ ਪੰਨਾ ੧੧੭੧

ਅੱਖਰੀਂ ਅਰਥ-—ਹੇ ਪੰਡਿਤ ਜੀ ਮਹਾਰਾਜ! ਤੁਸੀ ਤਾਂ ਹੋਰ ਹੋਰ ਤਰ੍ਹਾਂ ਦੀ ਸਿੱਖਿਆ ਦੇ ਰਹੋ ਹੋ, (ਅਜੇਹੀ ਦਿੱਤੀ ਮਤਿ ਨਾਲ) ਮੈਂ ਆਪਣੇ ਪ੍ਰਾਣਾਂ ਦੇ ਮਾਲਕ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹਾਂ? । ੧। ਰਹਾਉ।

ਹੇ ਪੰਡਿਤ! (ਜੇ ਕੋਈ ਵਿਚਾਰ ਦੀ ਗੱਲ ਕਰਨੀ ਹੈ ਤਾਂ) ਇਹ ਸੋਚੋ ਕਿ (ਸਰੀਰ-ਨਗਰੀ ਉਤੇ) ਰਾਜ ਕਰਨ ਵਾਲਾ ਮਨ ਅੰਞਾਣ ਹੈ, ਇਹ ਸਰੀਰ-ਨਗਰ ਭੀ ਕੱਚਾ ਹੈ (ਬਾਹਰੋਂ ਵਿਕਾਰਾਂ ਦੇ ਹੱਲਿਆਂ ਦਾ ਟਾਕਰਾ ਕਰਨ-ਜੋਗਾ ਨਹੀਂ ਹੈ ਕਿਉਂਕਿ ਗਿਆਨ-ਇੰਦ੍ਰੇ ਕਮਜ਼ੋਰ ਹਨ)। (ਫਿਰ ਇਸ ਅੰਞਾਣ ਮਨ ਦਾ) ਪਿਆਰ ਭੀ ਕਾਮਾਦਿਕ ਭੈੜੇ ਸਾਥੀਆਂ ਨਾਲ ਹੀ ਹੈ। ਇਸ ਦੀਆਂ ਮਾਵਾਂ ਭੀ ਦੋ ਸੁਣੀਦੀਆਂ ਹਨ (ਬੁੱਧੀ ਅਤੇ ਅਵਿੱਦਿਆ), ਇਸ ਦੇ ਪਿਉ ਭੀ ਦੋ ਹੀ ਦੱਸੀਦੇ ਹਨ (ਪਰਮਾਤਮਾ ਅਤੇ ਮਾਇਆ-ਵੇੜ੍ਹਿਆ ਜੀਵਾਤਮਾ। ਆਮ ਤੌਰ ਤੇ ਇਹ ਅੰਞਾਣ ਮਨ ਅਵਿੱਦਿਆ ਅਤੇ ਮਾਇਆ-ਵੇੜ੍ਹੇ ਜੀਵਾਤਮਾ ਦੇ ਢਹੇ ਚੜ੍ਹਿਆ ਰਹਿੰਦਾ ਹੈ)। ੧।

(ਹੇ ਪੰਡਿਤ! ਤੂੰ ਤਾਂ ਹੋਰ ਹੋਰ ਕਿਸਮ ਦੀ ਮਤਿ ਦੇ ਰਿਹਾ ਹੈਂ, ਤੇਰੀ ਦਿੱਤੀ ਸਿੱਖਿਆ ਨਾਲ ਅੰਞਾਣ ਮਨ ਨੂੰ) ਇਹ ਸਮਝ ਨਹੀਂ ਆਉਂਦੀ ਕਿ ਸੀਤਲਤਾ (-ਸ਼ਾਂਤੀ) ਅਤੇ ਰੱਬੀ ਤੇਜ ਦੋਵੇਂ ਮਨੁੱਖਾ ਸਰੀਰ ਦੇ ਅੰਦਰ ਮੌਜੂਦ ਹਨ। (ਸਮਝ ਨਾਹ ਆ ਸਕਣ ਦਾ ਕਾਰਨ ਇਹ ਹੈ ਕਿ) ਸਰੀਰ ਦੇ ਅੰਦਰ ਵਿਕਾਰਾਂ ਦੀ ਅੱਗ (ਮਚੀ ਹੋਈ ਹੈ) ਜਵਾਨੀ ਭੀ ਲਹਿਰਾਂ ਲੈ ਰਹੀ ਹੈ (ਜਿਵੇਂ ਹਰੀ-ਭਰੀ ਬਨਸਪਤੀ ਦੇ ਅੰਦਰ ਅੱਗ ਲੁਕੀ ਰਹਿੰਦੀ ਹੈ), ਮਾਇਕ ਵਾਸਨਾਂ ਦਾ ਸਮੁੰਦਰ ਇਸ ਸਰੀਰ ਦੇ ਅੰਦਰ ਠਾਠਾਂ ਮਾਰ ਰਿਹਾ ਹੈ (ਮਾਨੋ, ਸਮੁੰਦਰ ਇੱਕ ਪਿੰਡ ਵਿੱਚ ਲੁਕਿਆ ਪਿਆ ਹੈ। ਸੋ, ਸਿੱਖਿਆ ਤਾਂ ਉਹ ਚਾਹੀਦੀ ਹੈ ਜੋ ਇਸ ਅੰਦਰਲੇ ਹੜ੍ਹ ਨੂੰ ਰੋਕ ਸਕੇ)। ੨।

ਉਹੀ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਸਮਝਿਆ ਜਾ ਸਕਦਾ ਹੈ ਜੋ (ਬੁੱਧੀ ਤੇ ਅਵਿੱਦਿਆ ਦੋ ਮਾਂਵਾਂ ਵਿਚੋਂ) ਇੱਕ ਮਾਂ (ਅਵਿੱਦਿਆ ਨੂੰ) ਮੁਕਾ ਦੇਵੇ। (ਜੇਹੜਾ ਮਨੁੱਖ ਅਵਿੱਦਿਆ-ਮਾਂ ਨੂੰ ਮੁਕਾਂਦਾ ਹੈ) ਉਸ ਦੇ (ਰੋਜ਼ਾਨਾ ਜੀਵਨ ਦੇ) ਲੱਛਣ ਇਹ ਦਿੱਸਦੇ ਹਨ ਕਿ ਉਹ ਦੂਜਿਆਂ ਦੀ ਵਧੀਕੀ ਠੰਢੇ-ਜਿਗਰੇ ਸਹਾਰਨ ਦਾ ਆਤਮਕ ਧਨ (ਸਦਾ) ਇਕੱਠਾ ਕਰਦਾ ਹੈ। ੩।

(ਹੇ ਪ੍ਰਭੂ! ਤੇਰੇ) ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਕਿ ਇਨਸਾਨੀ ਮਨ ਬੇ-ਵੱਸ ਹੈ) ਇਸ ਦਾ ਸੰਗ ਸਦਾ ਉਹਨਾਂ (ਗਿਆਨ-ਇੰਦ੍ਰਿਆਂ) ਨਾਲ ਰਹਿੰਦਾ ਹੈ ਜੋ ਕੋਈ ਸਿੱਖਿਆ ਸੁਣਦੇ ਹੀ ਨਹੀਂ ਹਨ ਅਤੇ ਜੋ ਵਿਸ਼ੇ-ਵਿਕਾਰਾਂ ਵਲੋਂ ਕਦੇ ਰੱਜਦੇ ਭੀ ਨਹੀਂ ਹਨ। (ਇਹੀ ਕਾਰਨ ਹੈ ਕਿ ਇਹ ਮਨ) ਕਦੇ ਤੋਲਾ ਹੋ ਜਾਂਦਾ ਹੈ, ਕਦੇ ਮਾਸਾ ਰਹਿ ਜਾਂਦਾ ਹੈ (ਕਦੇ ਮੁਕਾਬਲਾ ਕਰਨ ਦੀ ਹਿੰਮਤ ਕਰਦਾ ਹੈ ਤੇ ਕਦੇ ਘਬਰਾ ਜਾਂਦਾ ਹੈ)। ੪। ੩। ੧੧।

ਵਿਚਾਰ ਚਰਚਾ—ਰਹਾਉ ਦੀਆਂ ਤੁਕਾਂ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਹੇ ਪੰਡਤ ਜੀ! ਤੁਸੀਂ ਮਨੁੱਖਤਾ ਨੂੰ ਧਰਮ ਦੇ ਨਾਂ `ਤੇ ਕਰਮ-ਕਾਂਡ ਕਰਨ ਸਬੰਧੀ ਹੋਰਦੀ ਹੋਰ ਹੀ ਸਿੱਖਿਆ ਦੇ ਰਹੇ ਹੋ। ਤੁਹਾਡੀ ਇਸ ਸਿੱਖਿਆ ਨਾਲ ਮਨੁੱਖਤਾ ਦਾ ਭਲਾ ਨਹੀਂ ਹੋ ਸਕਦਾ। ਇਹ ਤੇ ਸਗੋਂ ਧਰਮ ਦੇ ਨਾਂ `ਤੇ ਕਰਮ ਕਰਦਾ ਹੋਇਆ ਮਕੜੀ ਦੇ ਜਾਲ ਵਿੱਚ ਫਸਿਆ ਪਿਆ ਹੈ। ਇਸ ਵਿਚਾਰ ਚਰਚਾ ਨੂੰ ਸਮਝਣ ਲਈ ਇੱਕ ਉਦਾਹਰਣ ਨੂੰ ਸਾਹਮਣੇ ਰੱਖਦੇ ਹਾਂ। ਬ੍ਰਾਹਮਣ ਕਹਿੰਦਾ ਹੈ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਮੈਂ ਇਸ਼ਨਾਨ ਕਰਾਂ ਤੇ ਫਿਰ ਮੈਂ ਕਿਸੇ ਬੁੱਤ ਘਾੜੇ ਦੀ ਬਣਾਈ ਹੋਈ ਮੂਰਤੀ ਦਾ ਇਸ਼ਨਾਨ ਕਰਾਵਾਂ ਤੇ ਇਹ ਦੋਵੇਂ ਮਰਯਾਦਾ ਨਿਬਾਹੁੰਣ ਨਾਲ ਰੱਬ ਦੀ ਪ੍ਰਾਪਤੀ ਹੋ ਜਾਏਗੀ। ਜਦ ਅਸੀਂ ਗੁਰਬਾਣੀ ਸਿਧਾਂਤ ਨੂੰ ਸਮਝਦੇ ਹਾਂ ਤਾਂ ਗੁਰਬਾਣੀ ਅਜੇਹੀ ਪ੍ਰਕਿਰਿਆ ਨੂੰ ਰੱਦ ਕਰਦੀ ਹੈ।

ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ।।

ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ।। ੧।।

ਧਨਾਸਰੀ ਮਹਲਾ ੫ ਪੰਨਾ ੬੭੪

ਇਸ ਦਾ ਅਰਥ ਹੈ ਕਿ ਜਿਹੜੀ ਸਿੱਖਿਆ ਪੁਜਾਰੀ ਦੇ ਰਿਹਾ ਹੈ ਉਸ ਨਾਲ ਮਾਨਸਿਕ ਵਿਕਾਸ ਨਹੀਂ ਹੋ ਸਕਦਾ ਸਿਰਫ ਰਸਮਾਂ ਹੀ ਨਿਭਾਈਆਂ ਜਾ ਸਕਦੀਆਂ ਹਨ। ਜੇ ਅਸੀਂ ਸਿੱਖ ਧਰਮ ਵਲ ਦੇਖਦੇ ਹਾਂ ਤਾਂ ਸਾਡੇ ਘਰ ਵਿੱਚ ਵੀ ਅਜੇਹੇ ਸਾਧ ਪੈਦਾ ਹੋ ਗਏ ਹਨ ਜਿਹੜੇ ਕੇਵਲ ਤੋਤਾ ਰਟਨ `ਤੇ ਹੀ ਜ਼ੋਰ ਦੇ ਰਹੇ ਹਨ। ਕੁੱਝ ਤੀਰਥ ਯਾਤਰਾ ਵਿੱਚ ਉਲਝੇ ਪਏ ਹਨ ਤੇ ਕੁੱਝ ਇਸ ਗੱਲ `ਤੇ ਜ਼ੋਰ ਦੇਂਦੇ ਹਨ ਕਿ ਵਿਆਹ ਨਾ ਕਰਾ ਕੇ ਰੱਬ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ। ਕੁੱਝ ਵੀਰਵਾਰ ਨੂੰ ਕਬਰਾਂ `ਤੇ ਦੀਵੇ ਜਗਾ ਕੇ ਸ਼ਾਂਤੀ ਹਾਸਲ ਕਰਨ ਵਿੱਚ ਲੱਗੇ ਹੋਏ ਹਨ ਤੇ ਕੁੱਝ ਦਰੱਖਤਾਂ ਨੂੰ ਆਪਣਾ ਗੁਰੂ ਮੰਨੀ ਬੈਠੇ ਹਨ ਤੇ ਉਸ ਦੁਆਲੇ ਲਾਲ ਰੰਗ ਦੀਆਂ ਲੀਰਾਂ ਹੀ ਬੰਨੀ ਜਾ ਰਹੇ ਹਨ। ਅਖੇ ਪਿੱਪਲ ਜੀ ਸਾਡੇ ਕਾਰਜ ਰਾਸ ਕਰ ਦੇਣਗੇ।

ਰੀਤੀਆਂ ਨਿਭਾਹੁੰਣੀਆਂ ਧਰਮ ਨਹੀਂ ਹੈ—

ਸੁਆਮੀ ਪੰਡਿਤਾ ਤੁਮੑ ਦੇਹੁ ਮਤੀ।। ਕਿਨ ਬਿਧਿ ਪਾਵਉ ਪ੍ਰਾਨਪਤੀ।।

ਕੋਈ ਭੁੱਖਿਆਂ ਰਹਿਣ ਨੂੰ ਤਰਜੀਹ ਦੇ ਰਿਹਾ ਹੈ ਤੇ ਸਿੱਖਾਂ ਵਿੱਚ ਅਜੇਹੇ ਸਾਧ ਵੀ ਭੱਜੇ ਫਿਰਦੇ ਹਨ ਕਿ ਅਖੇ ਇਹ ਕੇਵਲ ਦੁੱਧ ਹੀ ਪੀਂਦੇ ਹਨ। ਸਿੱਖੀ ਵਿੱਚ ਇੱਕ ਅਜੇਹੇ ਫਿਰਕੇ ਨੇ ਵੀ ਜਨਮ ਲੈ ਲਿਆ ਹੈ ਜਿਹੜੇ ਜੋਗੀਆਂ ਵਾਂਗ ਸਮਾਧੀਆਂ ਲਗਾ ਰਹੇ ਹਨ ਤੇ ਕਈ ਜਿਉਂਦੇ ਜੀ ਅੱਖਾਂ ਮੀਟੀ ਜਾ ਰਹੇ ਹਨ। ਇਹਨਾਂ ਤਮਾਮ ਕਰਮ-ਕਾਂਡਾਂ ਨੂੰ ਗੁਰੂ ਨਾਨਕ ਸਾਹਿਬ ਜੀ ਰੱਦ ਕਰਦੇ ਹਨ ਤੇ ਜ਼ਿੰਦਗੀ ਦੀ ਅਸਲੀਅਤ ਸਮਝਾਉਂਦਿਆਂ ਹੋਇਆਂ ਅਗਲੀਆਂ ਤੁਕਾਂ ਵਿੱਚ ਫਰਮਾਉਂਦੇ ਹਨ ਕਿ ਪੰਡਤ ਜੀ ਰੱਬ ਜੀ ਸਾਡੇ ਅੰਦਰ ਹੀ ਬੈਠਾ ਹੋਇਆ ਹੈ ਤੇ ਕਰਮ-ਕਾਂਡੀ ਬਿਰਤੀ ਕਰਕੇ ਸਾਡੇ ਅੰਦਰ ਬੈਠਾ ਹੋਇਆ ਰੱਬ ਦਿਖਾਈ ਨਹੀਂ ਦੇ ਰਿਹਾ।

ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ।।

ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ।।

ਸੋਰਠਿ ਮਹਲਾ ੧ ਪੰਨਾ ੫੯੮

ਰੱਬ ਨੂੰ ਅਸੀਂ ਬਾਹਰਲੇ ਤਲ਼ `ਤੇ ਦੇਖਣ ਦਾ ਯਤਨ ਕਰ ਰਹੇ ਹਾਂ ਜਦ ਕਿ ਰੱਬ ਜੀ ਨੂੰ ਸਮਝ ਕੇ ਉਸ ਦੇ ਸਦੀਵ ਕਾਲ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨਾ ਹੈ।

ਰਾਹਉ ਦੀਆਂ ਤੁਕਾਂ ਵਿੱਚ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਐ ਧਾਰਮਿਕ ਆਗੂ ਜੀਓ ਤੁਹਾਡੀਆਂ ਦੱਸੀਆਂ ਹੋਈਆਂ ਰੀਤੀਆਂ ਨਿਬਾਹੁੰਣ ਨਾਲ ਰੱਬ ਜੀ ਦੀ ਪ੍ਰਾਪਤੀ ਨਾਲ ਕੋਈ ਲੈਣ ਦੇਣ ਨਹੀਂ ਹੈ ਭਾਵ ਜ਼ਿੰਦਗੀ ਜਿਉਣ ਦੀ ਜਾਚ ਨਹੀਂ ਆ ਸਕਦੀ। ਇਸ ਦਾ ਅਰਥ ਹੈ ਕਿ ਪੁਜਾਰੀ ਜਿਹੜੇ ਕਰਮ ਕਰਨ ਲਈ ਕਹਿ ਰਿਹਾ ਹੈ ਉਹਨਾਂ ਦਾ ਵਰਤਮਾਨ ਜੀਵਨ ਨਾਲ ਕੋਈ ਸਬੰਧ ਨਹੀਂ ਹੈ। ਇਹ ਗੱਲ ਪ੍ਰਚਾਰਕ, ਰਾਗੀ, ਢਾਡੀ, ਗ੍ਰੰਥੀ ਤੇ ਪ੍ਰਬੰਧਕਾਂ ਨੂੰ ਸਮਝਣੀ ਚਾਹੀਦੀ ਹੈ ਕਿ ਅਸੀਂ ਆਪਣੀ ਕੌਮ ਨੂੰ ਕਿਤੇ ਹਨੇਰੇ ਵਿੱਚ ਤਾਂ ਨਹੀਂ ਧਕੇਲ ਰਹੇ। ਮੋਟੀ ਜੇਹੀ ਗੱਲ ਦੇਖੋ ਕਿ ਕੀ ਨਿਸ਼ਾਨ ਸਾਹਿਬ ਨੂੰ ਕੱਚੀ ਲੱਸੀ ਜਾਂ ਦੁੱਧ ਦਹੀਂ ਨਾਲ ਇਸ਼ਨਾਨ ਕਰਾਉਣ ਨਾਲ ਗੁਰੂ ਦੀ ਮਤ ਆ ਜਾਏਗੀ? ਪੁਜਾਰੀ ਪੱਥਰ ਦੀ ਮੂਰਤੀ ਨੂੰ ਇਸ਼ਨਾਨ ਕਰਾਉਂਦਾ ਹੈ ਅਸੀਂ ਨਿਸ਼ਾਨ ਸਾਹਿਬ ਦੇ ਲੋਹੇ ਵਾਲੇ ਪਾਈਪ ਨੂੰ ਇਸ਼ਨਾਨ ਕਰਾ ਰਹੇ ਹਾਂ ਜਦ ਕਿ ਨਿਸ਼ਾਨ ਸਾਹਿਬ ਦੇ ਮਹੱਤਵ ਨੂੰ ਸਮਝਣ ਦੀ ਲੋੜ ਹੈ। ਨਿਸ਼ਾਨ ਸਾਹਿਬ ਆਪਣੇ ਆਪ ਵਿੱਚ ਇੱਕ ਸੰਸਥਾ ਹੈ ਤੇ ਇਸ ਮਹਾਨਤਾ ਨੂੰ ਵਿਚਾਰਨ ਦੀ ਲੋੜ ਹੈ। ਜੇ ਹਿੰਦੂ ਪੁਜਾਰੀ ਦੀ ਗੁਰਦੇਵ ਪਿਤਾ ਜੀ ਗੱਲ ਕਰ ਰਹੇ ਹਨ ਤਾਂ ਇਹ ਸਵਾਲ ਸਾਡੇ ਲਈ ਵੀ ਓਨਾ ਹੀ ਜ਼ਰੁਰੀ ਹੈ।। ਸਿੱਧਾ ਹੀ ਸਵਾਲ ਹੈ ਕਿ ਜੋ ਕੁੱਝ ਅਸੀਂ ਕਰ ਰਹੇ ਕੀ ਇਹ ਗੁਰਮਤਿ ਹੈ? ਅਗਲਿਆਂ ਬੰਦਾਂ ਵਿੱਚ ਗੁਰਦੇਵ ਪਿਤਾ ਜੀ ਵਿਸਥਾਰ ਨਾਲ ਸਮਝਾਉਂਦੇ ਹਨ।

ਸਰੀਰ ਦੇ ਤਲ਼ `ਤੇ ਇੱਕ ਮਾਂ ਤੇ ਇੱਕ ਪਿਉ ਹੈ ਜਿੰਨ੍ਹਾਂ ਦੁਆਰਾ ਸਾਡਾ ਸਰੀਰ ਹੋਂਦ ਵਿੱਚ ਆਇਆ ਹੈ। ਪਰ ਸਾਡੇ ਮਨ ਦੀਆਂ ਦੋ ਮਾਂਵਾਂ ਤੇ ਦੋ ਪਿਉ ਮੰਨੇ ਗਏ ਹਨ ਜਿੰਨਾ ਦੁਆਰਾ ਹੀ ਸਾਡੇ ਸੁਭਾਅ ਦੀ ਬਣਤਰ ਬਣਦੀ ਹੈ—

ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ।।

ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ।। ੧।।

ਉਪਰਲੀਆਂ ਤੁਕਾਂ ਵਿੱਚ ਇਹ ਸਮਝ ਆਉਂਦਾ ਹੈ ਕਿ ਸਾਡੇ ਸਰੀਰ `ਤੇ ਰਾਜ ਕਰਨ ਵਾਲਾ ਮਨ ਇੱਕ ਬਾਲਕ ਦੀ ਨਿਆਈਂ ਹੈ। ਬਾਲਕ ਨੂੰ ਸੂਝ ਨਹੀਂ ਹੁੰਦੀ ਬਾਲਕ ਨੂੰ ਅਝਾਣ ਮੰਨਿਆ ਜਾਂਦਾ ਹੈ। ਇਹ ਸਰੀਰ ਵੀ ਕੱਚਾ ਹੈ। ਕਿੰਨੀ ਪਿਆਰੀ ਉਦਾਹਰਣ ਦਿੱਤੀ ਹੈ ਕਿ ਜੇ ਕੋਈ ਕਿਲ੍ਹਾ ਕੱਚਾ ਹੋਵੇ ਤੇ ਤੇ ਉਸ ਦੀ ਰੱਖਿਆ ਕਰਨ ਵਾਲਾ ਬਹੁਤ ਅੰਞਾਣ ਬਾਲਕ ਹੋਵੇ, ਫਿਰ ਅਜੇਹੇ ਅੰਞਾਣੇ ਰਾਜੇ ਦੀ ਦੋਸਤੀ ਵੀ ਭੈਿੜਆਂ ਦੋਸਤਾਂ ਨਾਲ ਹੋਵੇ ਕੀ ਉਹ ਕਿਲ੍ਹੇ ਦੀ ਰਾਖੀ ਕਰ ਸਕਦਾ ਹੈ? ਜੇ ਕਿਲ੍ਹਾ ਹੀ ਮਜ਼ਬੁਤ ਨਾ ਹੋਇਆ ਤਾਂ ਮੁਲਕ ਅਜ਼ਾਦ ਨਹੀਂ ਰਹਿ ਸਕਦਾ।

ਇਸ ਮਨ ਦੀਆਂ ਦੋ ਮਾਂਵਾਂ ਚੰਗੀ ਮਤ ਦੇ ਦੂਜੀ ਮਾਂ ਭੈੜੀ ਬੁੱਧੀ ਵਾਲੀਆਂ ਹਨ ਏਸੇ ਤਰ੍ਹਾਂ ਸੱਚ ਤੇ ਝੂਠ ਇਸ ਦੇ ਦੋ ਪਿਉ ਹਨ। ਇਹਨਾਂ ਦੇ ਅਧੀਨ ਹੋ ਕੇ ਹੀ ਸਾਰੇ ਕਰਮ ਕਰਦਾ ਹੈ। ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਇਹ ਮਨੁੱਖ ਭੈੜੀ ਮਾਂ ਤੇ ਭੈੜੇ ਪਿਤਾ ਦੇ ਪ੍ਰਭਾਵ ਨੂੰ ਸਭ ਤੋਂ ਪਹਿਲਾਂ ਕਬੂਲਦਾ ਹੈ ਜਦ ਕੇ ਚੰਗੀ ਮਤ ਲੈਣ ਲਈ ਛੇਤੀ ਕੀਤਿਆਂ ਮੰਨਦਾ ਨਹੀਂ ਹੈ। ਭੈੜਾ ਸੁਭਾਅ ਹੀ ਇਸ ਨੂੰ ਰਾਹ ਸਿਰ ਚੱਲਣ ਨਹੀਂ ਦੇਂਦੇ।

ਇਹਨਾਂ ਤੁਕਾਂ ਇਹ ਸਮਝਾਇਆ ਹੈ ਕਿ ਮਨੁੱਖ ਦੇ ਮਨ ਵਿੱਚ ਹਰ ਵੇਲੇ ਚੰਗੇ ਤੇ ਮੰਦੇ ਦੋ ਵਿਚਾਰ ਚਲਦੇ ਰਹਿੰਦੇ ਹਨ। ਮਨੁੱਖ ਇਹਨਾਂ ਦੇ ਅਧੀਨ ਹੋ ਕੇ ਹੀ ਸਾਰੇ ਕਾਰ ਵਿਹਾਰ ਕਰਦਾ ਹੈ। ਗੁਰਬਾਣੀ ਗੁਰੂ ਦੀ ਮਤ ਨੂੰ ਚੰਗੀ ਮਾਂ ਤੇ ਪਿਤਾ ਸੰਤੋਖ ਨੂੰ ਮੰਨਿਆ ਗਿਆ ਹੈ-- ਮਾਤਾ ਮਤਿ ਪਿਤਾ ਸੰਤੋਖੁ

ਭੈੜੀ ਮਤ ਸਬੰਧੀ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਚੰਗਾ ਹੋਇਆ ਮੇਰੀ ਮਾਂ ਮਰ ਗਈ ਹੈ—" ਮੂਈ ਮੇਰੀ ਮਾਈ ਹਉ ਖਰਾ ਸੁਖਾਲਾ" ਸਾਡੇ ਮਨ ਵਿੱਚ ਚੰਗੇ ਵਿਚਾਰ ਰੱਬ ਵਾਲੇ ਹਨ ਜਦ ਕਿ ਭੈੜੇ ਵਿਚਾਰ ਵਿਕਾਰਾਂ ਵਲ ਨੂੰ ਪ੍ਰੇਰਤ ਕਰਦੇ ਹਨ। ਸਾਡੇ ਮਨ ਵਿੱਚ ਅਵਿਦਿਆ ਦੇ ਜ਼ੋਰ ਕਰਕੇ ਅਗਿਆਨਤਾ ਜਨਮ ਲੈਂਦੀ ਹੈ। ਅਗਿਆਨਤਾ ਵਿੱਚ ਮਨ ਫੈਸਲੇ ਸਹੀ ਨਹੀਂ ਕਰਦਾ। ਇਹ ਅਗਿਆਨਤਾ ਗਿਆਨ ਇੰਦ੍ਰਿਆਂ ਨੂੰ ਸਹੀ ਦਿਸ਼ਾ ਨਿਰਦੇਸ਼ ਦੇਣ ਤੋਂ ਅਸਮਰੱਥ ਹੁੰਦੀ ਹੈ। ਅਗਿਆਨਤਾ ਕਰਕੇ ਇਸ ਮਨ ਦੀ ਦੋਸਤੀ ਭੈੜੀ ਸੰਗਤ ਦੇ ਨਾਲ ਹੁੰਦੀ ਹੈ। ਪੰਡਤ ਜੀ ਤੁਸੀਂ ਕਹਿ ਰਹੇ ਹੋ ਕੇ ਕੇਵਲ ਧਰਮ ਦੇ ਕਰਮ ਨਿਬਾਹੁੰਣ ਨਾਲ ਹੀ ਰੱਬ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜ਼ਰਾ ਕੁ ਇਸ ਖਿਆਲ ਵਲ ਧਿਆਨ ਦੇਣ ਦਾ ਯਤਨ ਕਰਿਆ ਜੇ—

ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ।।

ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ।। ੩।।

ਸੋਰਠਿ ਮਹਲਾ ੧ ਪੰਨਾ ੫੯੮

ਜਿੰਨਾ ਚਿਰ ਸੰਤੋਖ ਪਿਤਾ ਤੇ ਗੁਰੂ ਦੀ ਮਤ ਨੂੰ ਮਾਂ ਨਹੀਂ ਬਣਾਉਂਦੇ ਓਨਾ ਚਿਰ ਚੰਗੀ ਸੰਤਾਨ ਦਾ ਜਨਮ ਨਹੀਂ ਹੋ ਸਕਦਾ।

ਸ਼ਬਦ ਦੇ ਦੂਸਰੇ ਬੰਦ ਵਿੱਚ ਹੋਰ ਬਰੀਕ ਗੱਲ ਸਮਝਾਉਂਦਿਆਂ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਜਦੋਂ ਬਿਮਾਰੀ ਜੜ੍ਹ ਵਿੱਚ ਹੋਵੇ ਤਾਂ ਓਦੋਂ ਪੱਤਿਆਂ `ਤੇ ਦਵਾਈ ਪਉਣ ਦਾ ਕੋਈ ਲਾਭ ਨਹੀਂ ਹੈ—

ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ।।

ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ।। ੨।।

ਬਨਸਪਤੀ ਦੀ ਉਦਾਹਰਣ ਦੇਂਦਿਆਂ ਦੱਸਿਆ ਹੈ ਕਿ ਜਿਸ ਤਰ੍ਹਾਂ ਬਨਸਪਤੀ ਦੇਖਣ ਨੂੰ ਬਾਹਰੋਂ ਬਹੁਤ ਸੋਹਣੀ ਲੱਗਦੀ ਹੈ ਪਰ ਉਸ ਦੇ ਅੰਦਰ ਅੱਗ ਲੁਕੀ ਹੋਈ ਹੈ। ਦੂਜੇ ਪਾਸੇ ਚੰਦ੍ਰਮਾ ਵਰਗੀ ਸੀਤਲਤਾ ਤੇ ਸੂਰਜ ਵਰਗਾ ਤੇਜ਼ ਪ੍ਰਤਾਪ ਵੀ ਮਨੁੱਖ ਦੇ ਮਨ ਵਿੱਚ ਪਿਆ ਹੋਇਆ ਹੈ। ਦੁੱਖ ਇਸ ਗੱਲ ਦਾ ਹੈ ਕਿ ਪੁਜਾਰੀ ਭਾਈ ਤੇਰੀ ਕਰਮ-ਕਾਂਡੀ ਸਿੱਖਿਆ ਨਾਲ ਬਨਸਪਤੀ ਵਾਲੀ ਅੱਗ ਤੋਂ ਬਚਿਆ ਨਹੀਂ ਜਾ ਰਿਹਾ ਸਗੋਂ ਭਟਕਣਾ ਜ਼ਿਆਦਾ ਹੀ ਹੋ ਰਹੀ ਹੈ। ਇੱਕ ਪਾਸੇ ਜਵਾਨੀ ਠਾਠਾਂ ਮਾਰਦੀ ਹੋਈ ਵਿਕਾਰਾਂ ਨੂੰ ਪਸੰਦ ਕਰਦੀ ਹੈ ਦੂਜੇ ਪਾਸੇ ਮਨ ਅੰਦਰ ਸ਼ਾਂਤੀ ਤੇ ਗਿਆਨ ਦਾ ਤੇਜ਼ ਪ੍ਰਤਾਪ ਵੀ ਲੁਕਿਆ ਹੋਇਆ ਹੈ। ਹੁਣ ਤੇਰੀ ਸਿੱਖਿਆ ਨਾਲ ਨਾ ਤਾਂ ਜਵਾਨੀ ਨੂੰ ਸਹੀ ਰਸਤੇ `ਤੇ ਵਿੱਚ ਲਿਆਂਦਾ ਜਾ ਰਿਹਾ ਹੈ ਤੇ ਨਾਂ ਹੀ ਰੱਬੀ ਗਿਆਨ ਦੀ ਕੋਈ ਪ੍ਰਾਪਤੀ ਕਹੀ ਜਾ ਸਕਦੀ ਹੈ। ਧਾਰਮਿਕ ਕਰਮ-ਕਾਂਡ ਨਿਬਾਹੁੰਣ ਨਾਲ ਆਤਮਿਕ ਵਿਕਾਸ ਨਹੀਂ ਹੋ ਸਕਦਾ ਤੇ ਨਾ ਹੀ ਮਨ ਨੂੰ ਕੋਈ ਸ਼ਾਂਤੀ ਮਿਲ ਸਕਦੀ ਹੈ।

ਸਾਡੇ ਮਨ ਵਿੱਚ ਇੱਕ ਤਾਂ ਤ੍ਰਿਸ਼ਨਾ, ਆਸਾ ਤੇ ਲੋਭ ਦੀ ਅੱਗ ਬਲ਼ ਰਹੀ ਹੈ। ਦੂਜੇ ਪਾਸੇ ਏਸੇ ਮਨ ਵਿੱਚ ਸ਼ਾਂਤੀ ਤੇ ਤੇਜ਼ ਗਿਆਨ ਤੇ ਰੱਬੀ ਵੀ ਏਸੇ ਮਨ ਵਿੱਚ ਹੀ ਪਏ ਹਨ ਹੋਏ ਹਨ। ਚਾਹੀਦਾ ਤਾਂ ਇਹ ਸੀ ਕਿ ਗੁਰੂ ਜੀ ਦੇ ਗਿਆਨ ਦੁਆਰਾ ਅੰਦਰਲੇ ਗਿਆਨ ਨੂੰ ਵਰਤੋਂ ਵਿੱਚ ਲਿਆ ਕੇ ਸ਼ਾਂਤੀ ਦੇ ਸਾਧਨ ਪੈਦਾ ਕਰਦਾ ਦੂਜਾ ਤ੍ਰਿਸ਼ਨਾ ਵਰਗੀ ਅੱਗ ਤੋਂ ਬਚਿਆ ਜਾਂਦਾ।

ਹੁਣ ਲਈਏ ਸਿੱਖ ਭਾਈ ਚਾਰੇ ਦੀ ਗੱਲ। ਕੀ ਅਸੀਂ ਹਿੰਦੂ ਪੁਜਾਰੀ ਵਾਂਗ ਸਾਰਾ ਕੁੱਝ ਨਹੀਂ ਕਰ ਰਹੇ? ਕੀ ਸਾਡੀਆਂ ਸਾਰੀਆਂ ਜੱਥੇਬੰਦੀਆਂ ਵਿੱਚ ਕੋਈ ਸ਼ਾਂਤੀ ਜਾਂ ਰੱਬੀ ਗਿਆਨ ਨੂੰ ਵਰਤੋਂ ਵਿੱਚ ਲਿਆਉਣ ਵਾਲੀ ਕੋਈ ਆਪਸੀ ਸਾਂਝ ਹੈ? ਜਿਸ ਤਰ੍ਹਾਂ ਹਿੰਦੂ ਪੁਜਾਰੀ ਰਸਮਾਂ ਨਿਭਾ ਰਿਹਾ ਹੈ ਏਸੇ ਤਰ੍ਹਾਂ ਸਾਡੇ ਇਤਿਹਾਸਕ, ਸਥਾਨਿਕ ਗੁਰਦੁਆਰੇ ਇਸ ਤੋਂ ਇਲਾਵਾ ਅਖੋਤੀ ਸਾਧਾਂ ਦੇ ਡੇਰੇ ਠਾਠ ਹੋਰ ਭਾਂਤ ਭਾਂਤ ਦੀਆਂ ਜੱਥੇਬੰਦੀਆਂ ਫੋਕਟ ਦੀਆਂ ਰਸਮਾਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇੰਜ ਲੱਗਦਾ ਹੈ ਜਿਹੜੀ ਅੱਜ ਗੁਰਦੁਆਰਿਆਂ ਵਿਚੋਂ ਸਾਨੂੰ ਸਿੱਖਿਆ ਮਿਲ ਰਹੀ ਹੈ ਉਸ ਨਾਲ ਅਸੀਂ ਸ਼ਾਂਤੀ ਤੇ ਰੱਬੀ ਗਿਆਨ ਨੂੰ ਵਰਤੋਂ ਵਿੱਚ ਨਹੀਂ ਲਿਆਂਦਾ ਸਗੋਂ ਈਰਖਾ ਦੀ ਅੱਗ ਹੀ ਸੇਕ ਰਹੇ ਹਾਂ। ਸਿੱਖਾਂ ਦਾ ਉਹ ਕਿਹੜਾ ਧਾਰਮਿਕ ਅਸਥਾਨ ਹੈ ਜਿੱਥੇ ਗੁਰਬਾਣੀ ਦੇ ਨਾਂ ਤੇ ਪੂਰੇ ਪੂਰੇ ਕਰਮ-ਕਾਂਡ ਨਹੀਂ ਕੀਤੇ ਜਾ ਰਹੇ। ਸਾਨੂੰ ਸਿੱਖਿਆ ਤਾਂ ਉਹ ਚਾਹੀਦੀ ਸੀ ਜਿਹੜੀ ਸਾਡੇ ਅੰਦਰ ਪਏ ਸ਼ਾਂਤੀ ਵਾਲੇ ਸੁਭਾਅ ਨੂੰ ਪ੍ਰਗਟ ਕਰਦੀ ਤੇ ਮਹਾਂ ਗਿਆਨ ਨਾਲ ਆਤਮਿਕ ਤਰੱਕੀ ਕਰਦੇ। ਪਰ ਅਸੀਂ ਤਾਂ ਅੰਦਰਲੀ ਈਰਖਾ ਵਾਲੀ ਅੱਗ ਵਿੱਚ ਹੀ ਝੁਲ਼ਸੇ ਪਏ ਹਾਂ।

ਸ਼ਬਦ ਦੇ ਤੀਸਰੇ ਬੰਦ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ—

ਰਾਮ ਰਵੰਤਾ ਜਾਣੀਐ ਇੱਕ ਮਾਈ ਭੋਗੁ ਕਰੇਇ।।

ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ।। ੩।।

ਇਹਨਾਂ ਤੁਕਾਂ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਕਿ ਗੁਰੂ ਦੇ ਗਿਆਨ ਦੁਆਰਾ ਮਨੁੱਖ ਭੈੜੀ ਮਾਂ ਨੂੰ ਮਾਰ ਲੈਂਦਾ ਹੈ। ਸ਼੍ਰਿਸੇਟ ਬੁੱਧੀ ਦੁਆਰਾ ਠੰਡੇ ਜਿਗਰੇ ਨਾਲ ਸੁਣਨ ਦੀ ਸਹਾਰਨ ਦੀ ਆਦਤ ਬਣਦੀ ਹੈ। ਰੋਜ਼ਾਨਾ ਦੇ ਜੀਵਨ ਵਿੱਚ ਇਹ ਗੱਲ ਆਮ ਦੇਖਣ ਵਰਤਣ ਤੋਂ ਪਤਾ ਲੱਗਦੀ ਹੈ। ਹੁਣ ਗੱਲ ਪੂਰੀ ਸਮਝ ਵਿੱਚ ਪੈਂਦੀ ਹੈ ਕਿ ਸਾਡੇ ਮਨ ਦੋ ਦੋ ਮਾਪੇ ਬੈਠੇ ਹੋਏ ਹਨ। ਜਿਸ ਤਰ੍ਹਾਂ ਮਾਂ ਬਾਪ ਦੁਆਰਾ ਬੱਚੇ ਜਨਮ ਲੈਂਦੇ ਏਸੇ ਤਰ੍ਹਾਂ ਹੀ ਭੈੜੈ ਮਾਪਿਆਂ ਦੁਆਰਾ ਭਾਵ ਭੈੜੀ ਮਤ ਤੇ ਅਗਿਆਨਤਾ ਨਾਲ ਅਸੀਂ ਈਰਖਾ, ਲਾਲਚ, ਆਪਾ-ਧਾਪੀ ਤੇ ਨਿੱਜੀ ਸੁਆਰਥ ਨੂੰ ਹਮੇਸ਼ਾਂ ਅੱਗੇ ਰੱਖਾਂਗੇ। ਚੰਗੇ ਮਾਪੇ ਸੰਤੋਖ ਤੇ ਸ਼ੁਧ ਗਿਆਨ ਦੁਆਰਾ ਜਿੱਥੇ ਆਤਮਿਕ ਵਿਕਾਸ ਹੁੰਦਾ ਹੈ ਓੱਥੇ ਆਪਸੀ ਭਾਈਚਾਰਕ ਸਾਂਝ, ਮਿਲਵਰਤਣ, ਸਹਿਣਸ਼ੀਲਤਾ, ਲਾਲਚ ਦਾ ਤਿਅਗ ਤੇ ਪਰਉਪਕਾਰ ਵਾਲੀ ਬਿਰਤੀ ਜਨਮ ਲੈਂਦੀ ਹੈ। ਅੱਜ ਅਸੀਂ ਇੱਕ ਦੂਜੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਾਂ। ਕੀ ਸਾਡੇ ਲੱਛਣ ਇੱਕ ਗੁਰਸਿੱਖ ਵਾਲੇ ਹੈਣ? ਮੌਜੂਦਾ ਦੌਰ ਅੰਦਰ ਹੀ ਦੇਖ ਲਈਏ ਜਿੰਨੀਆਂ ਵੀ ਸਿੱਖ ਜੱਥੇਬੰਦੀਆਂ ਹਨ ਸਭ ਇੱਕ ਦੂਜੇ ਦੇ ਖੂਨ ਦੀ ਪਿਆਸੀਆਂ ਹੋਈਆਂ ਹੀ ਲੱਗਦੀਆਂ ਹਨ। ਹਰ ਰੋਜ਼ ਅਖਬਾਰਾਂ ਵਿੱਚ ਇੱਕ ਦੁਜੇ ਤੇ ਤੋਹਮਤਾਂ ਦੀ ਹੀ ਬਰਸਾਤ ਹੋਈ ਹੁੰਦੀ ਹੈ। ਸਹਾਰਨ ਦਾ ਭਾਵ ਅਰਥ ਹੈ ਇੱਕ ਦੂਜੇ ਦੀ ਗੱਲ ਨੂੰ ਧਿਆਨ ਪੂਰਵਕ ਸੁਣਨਾ ਤੇ ਰਲ਼ ਮਿਲ਼ ਕੇ ਬੁਰਾਈਆਂ ਨੂੰ ਮਾਰਨ ਦਾ ਹਰ ਵੇਲੇ ਅਭਿਆਸ ਕਰਦੇ ਰਹਿਣਾ ਤੇ ਏਹੀ ਰੱਬੀ ਮਿਲਾਪ ਹੈ।

ਸ਼ਬਦ ਦੀਆਂ ਅਖੀਰਲੀਆਂ ਤੁਕਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ –

ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨਾੑ ਹੀ ਸੇਤੀ ਵਾਸਾ।।

ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ।। ੪।। ੩।। ੧੧।।

ਮਨੁੱਖੀ ਮਨ ਦੀ ਮਾਨਸਿਕ ਕੰਮਜ਼ੋਰੀ ਹੈ ਕਿ ਇਹ ਕਿਸੇ ਦੀ ਗੱਲ ਸੁਣਦਾ ਨਹੀਂ ਸਗੋਂ ਸਣਾਉਂਦਾ ਹੀ ਹੈ। ਦੂਸਰਾ ਵਿਸ਼ੇ ਵਿਕਾਰਾਂ ਵਲੋਂ ਰੱਜਦਾ ਵੀ ਨਹੀਂ ਹੈ। ਇਹ ਜ਼ਰੂਰੀ ਨਹੀਂ ਕਿ ਬੰਦਾ ਵਿਸ਼ੇ ਵਿਕਾਰ ਸਰੀਰ ਦੇ ਤਲ `ਤੇ ਹੀ ਭੋਗਦਾ ਹੈ ਅਸਲ ਵਿੱਚ ਇਹ ਮਾਨਸਿਕ ਤੌਰ `ਤੇ ਜੋ ਭੋਗ ਰਿਹਾ ਹੈ ਤੇ ਉਸ ਦੀ ਵਿਚਾਰ ਕੀਤੀ ਗਈ ਹੈ। ਆਪਣਿਆਂ ਵਿਚਾਰਾਂ ਵਿੱਚ ਵਿਸ਼ੇ ਵਿਕਾਰਾਂ ਨੂੰ ਰੱਖਣ ਕਰਕੇ ਨਿਵਾਣ ਵਾਲੇ ਪਾਸੇ ਚਲਿਆ ਜਾਂਦਾ ਹੈ। ਜੇ ਕਿਤੇ ਭੁੱਲਿਆ ਚੁੱਕਿਆ ਕੋਈ ਚੰਗਾ ਵਿਚਾਰ ਸੁਣ ਲੈਂਦਾ ਹੈ ਤਾਂ ਇਹ ਸ਼ੇਰ ਹੋ ਜਾਂਦਾ ਹੈ।

ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਜੇ ਪੱਕੇ ਤੌਰ `ਤੇ ਗੁਰੂ ਦੀ ਮਤ ਨੂੰ ਆਪਣੇ ਮਨ ਵਿੱਚ ਬੈਠਾ ਲਏ ਤਾਂ ਚੰਗਾ ਇਨਸਾਨ ਬਣ ਸਕਦਾ ਹੈ।

ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ।।

ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ।। ੨।।

ਸੋਰਠਿ ਮਹਲਾ ੧ ਪੰਨਾ ੫੯੮

ਮਿਲਾਵਟ ਕਰਨ ਵਾਲੇ ਧਰਮ ਦੇ ਨਾਂ `ਤੇ ਦਾਨ ਪੁੰਨ ਬਹੁਤ ਕਰਦੇ ਹਨ ਪਰ ਪਤਾ ਉਸ ਦਿਨ ਹੀ ਲੱਗਦਾ ਹੈ ਜਦ ਛਾਪੇ ਦੌਰਾਨ ਨਕਲੀ ਖੋਆ ਫੜਿਆ ਜਾਂਦਾ ਹੈ।

ਛਾਪਾ ਮਾਰਨ ਵਾਲੇ ਵੀ ਇਨਸਾਨ ਹਨ ਉਹਨਾਂ ਨੂੰ ਉਤੋਂ ਕਿਸੇ ਵੱਡੇ ਬੰਦੇ ਦਾ ਟੈਲੀਫੂਨ ਆ ਜਾਂਦਾ ਹੈ ਉਹ ਫਿਰ ਕੇਸ ਰਫਾ ਦਫਾ ਹੀ ਕਰਨ ਵਿੱਚ ਭਲਾ ਸਮਝਦੇ ਹਨ।

ਵਪਾਰੀ ਪੁਜਾਰੀ ਦੇ ਕਹੇ `ਤੇ ਆਪਣੀ ਦੁਕਾਨ ਦੇ ਅੱਗੇ ਨਿੰਬੂ ਮਿਰਚਾ ਬੰਨਣੀਆਂ ਨਹੀਂ ਭੁੱਲਦਾ ਪਰ ਧਰਮ ਵਾਲੀ ਇੱਕ ਗੱਲ ਵੀ ਨਹੀਂ ਕਰਦਾ।

ਬੰਦਾ ਸੋਚਦਾ ਹੈ ਕਿ ਸ਼ਾਇਦ ਪੈਸੇ ਦੇ ਕੇ ਪਾਠ ਕਰਾਂ ਲਵਾਂ ਤਾਂ ਮੇਰੇ ਸਾਰੇ ਕਾਰਜ ਸੌਰ ਜਾਣਗੇ ਗੁਰੂ ਸਾਹਿਬ ਜੀ ਸਪੱਸ਼ਟ ਕਹਿ ਰਹੇ ਹਨ ਕਿ ਏਦਾਂ ਦਾ ਪਾਠ ਕਰਨ ਵਾਲੇ ਦੇ ਕੋਲ ਹੀ ਨਹੀਂ ਬੈਠਣਾ ਚਾਹੀਦਾ ਪਰ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ ਕਹਿ ਰਹੇ ਹਨ ਕਿ ਤੁਹਾਨੂੰ ਸਾਰੇ ਫਲ਼ ਪ੍ਰਾਪਤ ਹੋ ਜਾਣਗੇ ਪਾਠ ਬੁੱਕ ਕਰਾ ਲਓ।

ਸਾਡੇ ਮਨ ਵਿੱਚ ਚੰਗੇ ਤੇ ਮੰਦੇ ਦੋ ਗੁਣ ਔਗੁਣ ਹਨ ਤੇ ਚੰਗੇ ਮੰਦੇ ਗਿਆਨ ਦੀ ਵਜਾ ਕਰਕੇ ਹੀ ਸਾਡੇ ਗੁਣ ਔਗੁਣ ਸਾਕਾਰ ਹੁੰਦੇ ਹਨ।

ਜੇ ਗੁਰੂ ਜੀ ਦੀ ਗੱਲ ਨੂੰ ਧਿਆਨ ਪੂਰਵਕ ਸੁਣਨ ਦਾ ਯਤਨ ਕਰਾਂਗੇ ਤਾਂ ਸਾਨੂੰ ਸਹਾਰਨ ਦੀ ਭਾਵ ਕਿਸੇ ਦੀ ਗੱਲ ਸੁਣਨ ਦੀ ਆਦਤ ਪਏਗੀ।

ਕੇਵਲ ਧਾਰਮਿਕ ਰਸਮਾਂ ਨਿਬਾਹੁੰਣ ਨਾਲ ਧਰਮੀ ਨਹੀਂ ਅਖਵਾਇਆ ਜਾ ਸਕਦਾ।

ਪੁਜਾਰੀ ਜੀਵਨ ਜਾਚ ਨਹੀਂ ਦਸਦਾ ਸਗੋਂ ਧਰਮ ਦੇ ਨਾਂ `ਤੇ ਮਨੁੱਖ ਕੋਲੋਂ ਕਰਮ-ਕਾਂਡ ਹੀ ਕਰਾਉਂਦਾ ਹੈ।

ਸ਼ੁਭ ਗੁਣ ਤੇ ਸ਼ੁਧ ਗਿਆਨ ਹੀ ਮਨੁੱਖ ਦਾ ਜੀਵਨ ਸਵਾਰ ਸਕਦਾ ਹੈ ਤੇ ਇਸ ਨੂੰ ਧਾਰਨ ਕਰਨ ਵਾਲਾ ਹੀ ਰੱਬੀ ਰੂਪ ਹੋ ਸਕਦਾ ਹੈ।

ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ।।

ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ।।

ਸੋਰਠਿ ਮਹਲਾ ੧ ਪੰਨਾ ੫੯੮




.