ਗੁਰਮਤਿ ਫ਼ਲਸਫ਼ੇ `ਤੇ ਅਮਲ ਕਰ ਕੇ ਆਦਰਸ਼ਕ (ਸ਼ਾਂਤੀ-ਪੂਰਵਕ) ਪਰਿਵਾਰ ਅਤੇ ਸਮਾਜ
ਸਿਰਜਿਆ ਜਾ ਸਕਦਾ ਹੈ
1. ਆਦਰਸ਼ਕ ਜੀਵਨ-ਸਾਥੀ (ਪਤੀ-ਪਤਨੀ) ਬਣਨ ਲਈ ਗੁਰਮਤਿ ਸੇਧਾਂ
ਉਹ ਜੋੜਾ (ਪਤੀ-ਪਤਨੀ) ਹੀ ਭਾਗਾਂ ਵਾਲਾ ਕਿਹਾ ਜਾ ਸਕਦਾ ਹੈ ਜਿਨ੍ਹਾਂ ਵਿੱਚ
ਜੀਵਨ ਜਿਊਂਣ ਬਾਰੇ ਵਿਚਾਰਾਂ ਤੇ ਗੁਣਾਂ ਦੀ ਸਾਂਝ ਹੋਵੇ। ਜਿੱਥੇ ਵਿਚਾਰਾਂ ਤੇ ਗੁਣਾਂ ਦੀ ਸਾਂਝ
ਨਹੀਂ, ਉਹ ਜੋੜਾ ਦੁਨਿਆਵੀ ਤੌਰ `ਤੇ ਭਾਵੇਂ ਜਿੰਨਾ ਮਰਜ਼ੀ ਵਿਦਵਾਨ, ਸਿਆਣਾ ਜਾਂ ਦੌਲਤਮੰਦ ਹੋਵੇ,
ਉਨ੍ਹਾਂ ਦਾ ਪਰਿਵਾਰਕ ਜੀਵਨ ਕਦੇ ਵੀ ਸੁਖਾਵਾਂ ਨਹੀਂ ਹੋ ਸਕਦਾ। ਹੁਣ ਸੁਭਾਵਕ ਹੀ ਸੁਆਲ ਪੈਦਾ ਹੋ
ਸਕਦਾ ਹੈ ਕਿ ਆਪਸੀ ਵਿਚਾਰਾਂ ਤੇ ਗੁਣਾਂ ਦੀ ਸਾਂਝ ਦਾ ਆਧਾਰ ਕੀ ਹੋਵੇ? ਕੀ ਪਤਨੀ ਆਪਣੇ ਵਿਚਾਰਾਂ
ਵਿੱਚ ਮੁਕੰਮਲ ਤੌਰ `ਤੇ ਤਬਦੀਲੀ ਕਰ ਕੇ ਆਪਣੇ ਜੀਵਨਸਾਥੀ ਦੇ ਵਿਚਾਰਾਂ ਨੂੰ ਹੀ ਮੁਕੰਮਲ ਤੌਰ `ਤੇ
ਅਪਣਾ ਲਵੇ ਜਾਂ ਪਤੀ ਆਪਣੇ ਵਿਚਾਰਾਂ ਵਿੱਚ ਸੋਧ ਕਰ ਕੇ ਆਪਣੇ ਸਾਥੀ ਦੇ ਵਿਚਾਰਾਂ ਅਨੁਸਾਰ ਹੀ ਚੱਲਣ
ਲਈ ਯਤਨ ਕਰੇ? ਨਹੀਂ। ਜੇਕਰ ਦੋਨੋਂ ਹੀ ਇੱਕ-ਦੂਜੇ ਦਾ ਪਿਆਰ ਤੇ ਸਤਿਕਾਰ ਹਾਸਲ ਕਰਨ ਲਈ ਆਪਣੇ-ਆਪਣੇ
ਵਿਚਾਰਾਂ ਅੰਦਰ ਕੁੱਝ ਕੁ ਸੁਧਾਰ ਕਰ ਲੈਣ, ਤਾਕਿ ਪਰਿਵਾਰਕ ਜੀਵਨ ਸੁਖਾਵਾਂ ਬਣਾਇਆ ਜਾ ਸਕੇ, ਤਾਂ
ਇਹ ਇੱਕ ਚੰਗੀ ਸ਼ੁਰੂਆਤ ਹੋਵੇਗੀ। ਪਰ, ਇੱਕ-ਦੂਜੇ ਦਾ ਪਿਆਰ ਤੇ ਸਤਿਕਾਰ ਹਾਸਲ ਕਰਨ ਦੀ ਬਜਾਏ (ਪਤੀ
ਜਾਂ ਪਤਨੀ ਵੱਲੋਂ) ਆਪਣੇ ਹੀ ਵਿਚਾਰਾਂ ਨੂੰ ਠੀਕ ਸਮਝਣਾ ਜਾਂ ਮੂੰਹ-ਜ਼ੋਰ ਹੋ ਕੇ ਚੱਲਣਾ ਪਤੀ-ਪਤਨੀ
ਦੇ ਪਵਿੱਤ੍ਰ ਰਿਸ਼ਤੇ ਨੂੰ ਕਦੇ ਭੀ ਸੁਖਾਵਾਂ ਨਹੀਂ ਬਣਾ ਸਕਦਾ, ਦੁਖਦਾਈ ਅਵੱਸ਼ ਹੀ ਬਣਾਏਗਾ। ਇਸ ਦੇ
ਫ਼ਲਸਰੂਪ, ਉਨ੍ਹਾਂ ਦੇ ਬੱਚਿਆਂ `ਤੇ ਭੀ, ਸੁਭਾਵਕ ਹੀ, ਬੁਰਾ ਮਾਨਸਿਕ-ਪ੍ਰਭਾਵ ਪਵੇਗਾ ਅਤੇ ਉਨ੍ਹਾਂ
ਬੱਚਿਆਂ ਦੀ ਸ਼ਖ਼ਸੀਅਤ, ਕੁਦਰਤੀ ਅੱਛੇ ਘਰੇਲੂ-ਮਾਹੌਲ ਦੀ ਘਾਟ ਹੋਣ ਦੀ ਬਦੌਲਤ, ਸਹੀ ਤੌਰ `ਤੇ ਵਿਕਸਤ
ਨਹੀਂ ਹੋਵੇਗੀ। ਪਰ, ਜੇਕਰ ਪਰਿਵਾਰਕ ਜੀਵਨ ਨੂੰ ਬਹੁਤ ਹੀ ਸੁਖਾਵਾਂ ਬਣਾਉਣਾ ਹੈ ਤਾਂ, ਨਿਰਸੰਦੇਹ,
ਦੋਨਾਂ ਨੂੰ ਹੀ ਆਪੋ-ਆਪਣੇ ਵਿਚਾਰਾਂ ਨੂੰ ਸ਼ਬਦ-ਗੁਰੂ ਦੀ ਸਿੱਖਿਆ ਦੇ ਵੱਧ ਤੋਂ ਵੱਧ ਅਨੁਕੂਲ ਬਣਾਉਣ
ਲਈ ਸੁਹਿਰਦ ਯਤਨ ਕਰਨੇ ਪੈਣਗੇ। ਮਨੁੱਖ, ਕਿਉਂਕਿ, ਭੁੱਲਣਹਾਰ ਹੈ ਉਸ ਦੇ ਵਿਚਾਰ, ਉਸ ਦੀਆ ਮਨੌਤਾਂ
ਗ਼ਲਤ ਹੋ ਸਕਦੀਆਂ ਹਨ, ਪਰ ਨਿਰੰਕਾਰ ਸਰੂਪ ਸ਼ਬਦ-ਗੁਰੂ ਦੇ ਬਚਨ ਸਦੀਵਕਾਲ ਲਈ ਸੱਚ ਹਨ। ਇਨ੍ਹਾਂ ਵਿੱਚ
ਕੋਈ ਉਕਾਈ ਨਹੀਂ ਹੋ ਸਕਦੀ। ਸ਼ਬਦ-ਗੁਰੂ ਦਾ ਫ਼ੁਰਮਾਣੁ ਹੈ -
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ
ਕਹੀਐ ਸੋਇ॥ 3॥ (ਮ: 3, 788)
ਭਾਵ: ਜੋ ਸਿਰਫ਼ (ਸਰੀਰਕ ਤੌਰ `ਤੇ) ਰਲ ਕੇ ਬਹਿਣ, ਉਨ੍ਹਾਂ ਨੂੰ ਅਸਲ
ਵਿੱਚ ਜੀਵਨਸਾਥੀ (ਪਤੀ-ਪਤਨੀ) ਨਹੀਂ ਆਖੀਦਾ। ਪਰ ਜਿਨ੍ਹਾਂ ਦੇ ਸਰੀਰ ਤਾਂ ਭਾਵੇਂ ਦੋ ਹਨ
(ਅਲੱਗ-ਅਲੱਗ ਹਨ) ਪਰ ਉਨ੍ਹਾਂ ਦਾ ਆਚਾਰ ਤੇ ਵਿਹਾਰ, ਸ਼ਬਦ-ਗੁਰੂ ਦੇ ਉਪਦੇਸ਼ਾਂ ਅਨੁਸਾਰ, ਇੱਕਸਾਰ ਹੋ
ਜਾਏ, ਉਹ ਹੀ ਅਸਲ ਵਿੱਚ ਪਤੀ ਤੇ ਪਤਨੀ ਕਹੇ ਜਾ ਸਕਦੇ ਹਨ। ਅਜਿਹੇ ਗੁਰਮਤਿ-ਅਨੁਕੂਲ ਰਿਸ਼ਤੇ `ਚ
ਇੱਕ-ਦੂਜੇ `ਤੇ ਸ਼ੱਕ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ।
ਨੋਟ: ਇਥੇ ਇੱਕ ਹੋਰ ਅਹਿਮ ਗੱਲ ਸਮਝਣ ਵਾਲੀ ਹੈ। ਉਹ, ਇਹ ਕਿ
ਸਿੱਖ-ਮੱਤ (ਗੁਰਮਤਿ) ਅਨੁਸਾਰ ਵਿਆਹ (ਅਨੰਦ-ਕਾਰਜ) ਦੀ ਪਾਵਨ ਰਸਮ ਗੁਰੂ ਗ੍ਰੰਥ ਸਾਹਿਬ ਦੀ ਪਾਵਨ
ਹਾਜ਼ਰੀ ਵਿੱਚ, ਸੰਪੂਰਨ ਕੀਤੀ ਜਾਂਦੀ ਹੈ, ਜਿਸ ਦਾ ਮਾਅਨਾ ਹੈ ਕਿ ਹੋਣ ਵਾਲੇ ਪਤੀ-ਪਤਨੀ, ਗੁਰੂ
ਗ੍ਰੰਥ ਸਾਹਿਬ ਦੇ ਸਨਮੁੱਖ ਸਾਰੀ ਉਮਰ ਲਈ, ਹਰੇਕ ਸੁੱਖ-ਦੁੱਖ ਵਿੱਚ, ਇੱਕ-ਦੂਜੇ ਦਾ ਸਾਥ ਨਿਭਾਉਂਣ
ਲਈ ਪ੍ਰਣ ਕਰਦੇ ਹਨ। ਇਸੇ ਕਰ ਕੇ ਹੀ ਸਿੱਖ-ਮੱਤ ਵਿੱਚ ਤਲਾਕ ਨਾਮ ਦੀ ਕੋਈ ਸ਼ੈਅ ਨਹੀਂ ਹੋਣੀ
ਚਾਹੀਦੀ। ਅਜਿਹਾ ਕਰਨਾ ਗੁਰੂ ਦੇ ਸਨਮੁੱਖ ਕੀਤੇ ਪਵਿੱਤ੍ਰ ਪ੍ਰਣ ਨੂੰ ਤੋੜਨਾ ਹੈ, ਗੁਰੂ ਤੋਂ
ਬੇ-ਮੁੱਖ ਹੋਣਾ ਹੈ। ਪਰ, ਬਦਕਿਸਮਤੀ ਨਾਲ, ਸਿੱਖ ਸਮਾਜ ਪਿਛਲੀਆਂ ਤਕਰੀਬਨ ਢਾਈ ਕੁ ਸਦੀਆਂ ਤੋਂ
ਗੁਰੂ ਗ੍ਰੰਥ ਸਾਹਿਬ ਦੇ ਸਰਬ-ਸ੍ਰੇਸ਼ਟ ਫ਼ਲਸਫ਼ੇ ਨਾਲੋਂ (ਇਤਿਹਾਸਕ ਕਾਰਨਾਂ ਅਤੇ ਗੁਰਮਤਿ-ਵਿਰੋਧੀ
ਧਿਰਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ਤਰਨਾਕ ਸਾਜ਼ਿਸ਼ੀ ਕਾਰਵਾਈਆਂ ਕਰ ਕੇ) ਅਮਲੀ ਤੌਰ `ਤੇ ਟੁੱਟਿਆ
ਹੋਇਆ ਚੱਲਿਆ ਆ ਰਿਹਾ ਹੈ। ਇਹੀ ਮੁੱਖ ਕਾਰਨ ਹੈ ਅੱਜਕਲ ਸਿੱਖ ਕੌਮ ਅੰਦਰ ਪਤੀ-ਪਤਨੀ ਵਿਚਕਾਰ
ਅਣ-ਸੁਖਾਵੇਂ ਮਾਹੌਲ ਅਤੇ ਵਧ ਰਹੇ ਤਲਾਕਾਂ ਅਤੇ ਲੜਾਈ-ਝੱਗੜਿਆਂ ਦਾ। ਇਸ ਅਣਸੁਖਾਵੇਂ ਘਰੇਲੂ ਮਾਹੌਲ
ਅਤੇ ਤਲਾਕਾਂ (
divorce)
ਦਾ ਦੂਜਾ ਵੱਡਾ ਕਾਰਨ ਹੈ ਦਹੇਜ਼ ਦਾ ਲਾਲਚ। ਜੇਕਰ ਮਨੁੱਖ ਪ੍ਰਭੂ-ਪਿਤਾ ਦੀ ਹੀ ਓਟ ਰੱਖ ਕੇ (ਹੁਕਮਿ
ਰਜਾਈ ਚਲਦਾ ਹੋਇਆ) ਸਬਰ-ਸੰਤੋਖ, ਸਹਿਣਸ਼ੀਲਤਾ, ਮਿੱਠਤ, ਨਿਮਰਤਾ ਤੇ ਖਿਮਾ ਵਰਗੇ ਚੰਗੇ ਗੁਣਾਂ ਦਾ
ਧਾਰਨੀ ਬਣ ਜਾਏ ਤਾਂ ਪ੍ਰਭੂ-ਪਿਤਾ (ਜੋ ਕਿ ਸਾਰੀਆਂ ਦਾਤਾਂ ਤੇ ਸੁਖਾਂ ਦਾ ਦਾਤਾ ਹੈ) ਤੋਂ ਹੀ ਸਭ
ਕੁੱਝ ਮੰਗਣ ਦੀ ਬਜਾਏ ਮਨੁੱਖਾਂ ਤੇ ਹੋਰਨਾਂ ਤੋਂ (ਮਨੋ-ਕਲਪਤ ਦੇਵੀ-ਦੇਵਤਿਆਂ, ਅਖੌਤੀ
ਸੰਤ-ਬਾਬਿਆਂ, ਜਠੇਰਿਆਂ, ਪੀਰਾਂ-ਫ਼ਕੀਰਾਂ ਦੀਆਂ ਸਮਾਧਾਂ/ਮੜ੍ਹੀਆਂ, ਡੇਰਿਆਂ ਆਦਿ `ਤੇ ਜਾ ਕੇ
ਮਿੰਨਤਾਂ-ਤਰਲੇ ਕਰ ਕੇ ਦਾਤਾਂ ਮੰਗਣੀਆਂ ਅਤੇ ਲੜਕੀ ਵਾਲੇ ਪਰਿਵਾਰ ਤੋਂ ਦਹੇਜ਼ ਆਦਿ ਦੀ ਮੰਗ ਕਰਨੀ
ਜਾਂ ਆਸ ਰੱਖਣੀ) ਮੰਗਣ ਲੱਗਿਆਂ ਸ਼ਰਮ ਮਹਿਸੂਸ ਕਰੇਗਾ। ਇਸ ਪ੍ਰਥਾਇ ਸ਼ਬਦ-ਗੁਰੂ (ਗੁਰੂ ਗ੍ਰੰਥ
ਸਾਹਿਬ) ਦੇ ਫ਼ੁਰਮਾਣੁ ਹੇਠਾਂ ਦਿੱਤੇ ਜਾ ਰਹੇ ਹਨ -
(ੳ) ਸਾਰੀਆਂ ਦਾਤਾਂ ਪ੍ਰਭੂ-ਪਿਤਾ ਤੋਂ ਹੀ ਮੰਗਣੀਆਂ ਹਨ
ਸਲੋਕ॥ ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ॥ ਸਾਸਿ ਸਾਸਿ ਸਿਮਰਤ ਰਹਹਿ
ਨਾਨਕ ਦਰਸ ਅਧਾਰ॥ 1॥
ਪਉੜੀ॥ ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰਾ॥ ਦੇਦੇ ਤੋਟਿ ਨ ਆਵਈ ਅਗਨਤ
ਭਰੇ ਭੰਡਾਰ॥ ਦੈਨਹਾਰੁ ਸਦ ਜੀਵਨਹਾਰਾ॥ ਮਨ ਮੂਰਖ ਕਿਉ ਤਾਹਿ ਬਿਸਾਰਾ॥ (ਮ: 5, 257)
ਪਦ ਅਰਥ: ਦਾਸਹਿ - ਦਾਸਾਂ ਨੇ (ਕੇਵਲ ਪ੍ਰਭੂ-ਪਿਤਾ ਦੀ ਓਟ ਰੱਖਣ
ਵਾਲਿਆਂ ਨੇ)। ਨਿਹਾਰਿਆ-ਵੇਖਿਆ ਹੈ। ਅਧਾਰ-ਆਸਰਾ। 1.
ਪਉੜੀ: ਅਗਨਤ-ਜੋ ਗਿਣੇ ਨਾ ਜਾ ਸਕਣ। ਦੈਨਹਾਰ-ਦਾਤਾਰ। ਤਾਹਿ-ਉਸ ਨੂੰ।
ਭਾਵ: ਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਇਹ ਵੇਖ ਲਿਆ ਹੈ (ਇਹ ਨਿਸ਼ਚਾ
ਕਰ ਲਿਆ ਹੈ) ਕਿ ਹਰੇਕ ਦਾਤਿ ਪ੍ਰਭੂ ਆਪ ਹੀ ਦੇਣ ਵਾਲਾ ਹੈ (ਇਸ ਵਾਸਤੇ ਉਹ ਮਾਇਆ ਦੀ ਟੇਕ ਰੱਖਣ ਦੇ
ਥਾਂ) ਪ੍ਰਭੂ ਦੇ ਦੀਦਾਰ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਕੇ, ਸੁਆਸ-ਸੁਆਸ ਉਸ ਨੂੰ ਯਾਦ ਕਰਦੇ
ਰਹਿੰਦੇ ਹਨ। 1.
ਪਉੜੀ: ਇੱਕ ਪ੍ਰਭੂ ਹੀ (ਐਸਾ ਦਾਤਾ ਹੈ ਜੋ ਸਭ ਜੀਵਾਂ ਨੂੰ ਰਿਜ਼ਕ ਅਪੜਾਣ ਦੇ
ਸਮਰੱਥ ਹੈ, ਉਸ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, ਵੰਡਦਿਆਂ ਖ਼ਜ਼ਾਨਿਆਂ ਵਿੱਚ ਤੋਟ ਨਹੀਂ ਆਉਂਦੀ)।
ਹੇ ਮੂਰਖ ਮਨ! ਤੂੰ ਸਦਾ ਦਾਤਾਰ ਨੂੰ ਕਿਉਂ ਭੁਲਾਂਦਾ ਹੈ, ਜੋ ਸਦਾ ਤੇਰੇ
ਸਿਰ `ਤੇ ਮੌਜ਼ੂਦ ਹੈ?
(ਅ) ਖਿਮਾ, ਮਿੱਠਾ ਸੁਭਾਅ ਤੇ ਸਬਰ-ਸੰਤੋਖ ਦੇ ਗੁਣਾਂ ਦੇ ਧਾਰਨੀ ਬਣਨਾ
ਜ਼ਰੂਰੀ ਹੈ
ਖਿਮਾ ਗਹੀ ਬ੍ਰਤੁ ਸੀਲ ਸੰਤੋਖੰ॥ ਰੋਗੁ ਨ ਬਿਆਪੈ ਨ ਜਮ ਦੋਖੰ॥ (ਮ: 1,
223)
ਪਦ ਅਰਥ: ਖਿਮਾ - ਦੂਜਿਆਂ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਅ।
ਗਹੀ-ਪਕੜੀ, ਗ੍ਰਾਹਣ ਕੀਤੀ। ਬ੍ਰਤੁ-ਨਿੱਤ ਦਾ ਨਿਯਮ। ਸੀਲ-ਮਿੱਠਾ ਸੁਭਾਅ। ਨ ਬਿਆਪੈ-ਜ਼ੋਰ ਨਹੀਂ ਪਾ
ਸਕਦਾ। ਜਮ ਦੋਖੰ-ਜਮ ਦਾ ਡਰ।
ਭਾਵ: ਜੋ ਮਨੁੱਖ (ਗ੍ਰਿਹਸਤ ਵਿੱਚ ਰਹਿ ਕੇ ਹੀ) ਦੂਜਿਆਂ ਦੀ ਵਧੀਕੀ
ਸਹਾਰਨ ਦਾ ਸੁਭਾਅ ਬਣਾਉਂਦਾ ਹੈ। ਮਿੱਠਾ ਸੁਭਾਅ ਤੇ ਸੰਤੋਖ ਉਸ ਦਾ ਨਿੱਤ ਦਾ ਕਰਮ ਹਨ। (ਅਜਿਹੇ ਅਸਲ
ਜੋਗੀ ਉੱਤੇ ਕਾਮਾਦਿਕ ਕੋਈ) ਹੋਰ ਜ਼ੋਰ ਨਹੀਂ ਪਾ ਸਕਦਾ, ਉਸ ਨੂੰ ਮੌਤ ਦਾ ਭੀ ਡਰ ਨਹੀਂ ਹੁੰਦਾ।
(ੲ) ਪਤੀ ਤੇ ਪਤਨੀ ਨੇ ਆਪੋ-ਆਪਣੇ ਆਚਰਨ ਨੂੰ ਉੱਚਾ-ਸੁੱਚਾ ਰੱਖਣਾ ਹੈ
ਸਚਹੁ ਓਰੈ ਸਭ ਕੋ ਉਪਰਿ ਸਚੁ ਆਚਾਰੁ॥ 5॥ (ਮ: 1, 62)
ਪਦ ਅਰਥ: ਓਰੈ-ਉਰੇ, ਘਟੀਆ। ਉਪਰਿ- {ਸਭ ਕਿਸਮ ਦੇ ਧਰਮ-ਕਰਮ
(ਕਰਮ-ਕਾਂਡ) ਤੋਂ ਉਤਾਂਹ}। ਸਚੁ ਆਚਾਰੁ - ਪ੍ਰਭੂ-ਪਿਤਾ ਦੇ ਹੁਕਮਿ-ਰਜਾਈ ਚੱਲਣ ਵਾਲਾ ਜੀਵਨ।
ਭਾਵ: ਜੀਵਨ-ਜਿਊਂਣ ਦੇ ਸਾਰੇ ਢੰਗਾਂ ਨਾਲੋਂ (ਸੱਚੇ-ਸੁੱਚੇ ਆਚਰਨ ਵਾਲਾ
ਬਣ ਕੇ) ਪ੍ਰਭੂ-ਪਿਤਾ ਦੇ ਹੁਕਮਿ ਅਨੁਸਾਰ ਜੀਵਨ-ਜਿਊਂਣਾ ਸਭ ਤੋਂ ਚੰਗਾ ਹੈ।
(ਸ) ਲਾਲਚ ਦਾ ਤਿਆਗ ਜ਼ਰੂਰੀ ਹੈ
ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ॥ ਗੁਰਮੁਖਿ ਲੋਭੁ ਨਿਵਾਰੀਐ ਹਰਿ
ਸਿਉ ਬਣਿ ਆਈ॥ 3॥ (ਮ: 1, 419)
ਪਦ ਅਰਥ: ਰਾਜਾ-ਬਲੀ। ਲੁਭਤਉ-ਲੋਭ ਵਿੱਚ ਫਸਿਆ ਹੋਇਆ। ਲੋਭਾਈ-ਲੋਭ ਕਰ
ਰਿਹਾ ਹੈ। ਨਿਵਾਰੀਐ-ਦੂਰ ਕੀਤਾ ਜਾ ਸਕਦਾ ਹੈ।
ਭਾਵ: ਇਹ (ਮਾਇਆ ਦਾ) ਲੋਭੀ ਮਨ (ਸਰੀਰ-ਨਗਰ ਦਾ) ਰਾਜਾ (ਬਣ ਬੈਠਦਾ
ਹੈ), ਲੋਭ ਵਿੱਚ ਫਸਿਆ ਹੋਇਆ (ਸਦਾ) ਮਾਇਆ ਦਾ ਲੋਭ ਕਰਦਾ ਰਹਿੰਦਾ ਹੈ। ਸ਼ਬਦ-ਗੁਰੂ (ਗੁਰੂ ਗ੍ਰੰਥ
ਸਾਹਿਬ) ਦੀ ਸ਼ਰਣ ਪੈ ਕੇ ਹੀ ਇਹ ਲੋਭ ਦੂਰ ਕੀਤਾ ਜਾ ਸਕਦਾ ਹੈ (ਜੇਹੜਾ ਮਨੁੱਖ ਲੋਭ ਦੂਰ ਕਰ ਲੈਂਦਾ
ਹੈ, ਉਸ ਦੀ) ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ। 3.
ਨੋਟ:
1. ਪਿਆਰ ਤੇ ਪ੍ਰੇਮ (ਪ੍ਰੀਤ) ਵਿੱਚ ਬਹੁਤ ਫ਼ਰਕ ਹੁੰਦਾ ਹੈ। ਪਿਆਰ ਵਿੱਚ
ਕਬਜ਼ਾ ਕਰਨ ਦੀ ਰੁਚੀ ਪਰਬਲ ਹੁੰਦੀ ਹੈ ਅਤੇ ਪ੍ਰੇਮ ਵਿੱਚ ਪਿਆਰੇ ਤੋਂ ਕੁਰਬਾਨ ਹੋ ਜਾਣ ਦੀ।
(ਹ) ਗੁਰਮਤਿ ਫ਼ਲਸਫ਼ੇ ਅਨੁਸਾਰ ਅਸਲੀ ਦਹੇਜ਼ (ਦਾਜ)
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥ ਹਰਿ ਕਪੜੋ ਹਰਿ
ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ॥ ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ
ਦਾਨੁ ਦਿਵਾਇਆ॥ ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ॥ ਹੋਰਿ ਮਨਮੁਖ ਦਾਜੁ
ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ। ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨ
ਮੈ ਦਾਜੋ॥ 4॥ (ਮ: 4, 78)
ਪਦ ਅਰਥ: ਹਰਿ ਪ੍ਰਭ ਦਾਨੁ - ਹਰਿ ਪ੍ਰਭੂ (ਦੇ ਨਾਮ) ਦਾ ਦਾਨ। ਮੈ -
ਮੈਨੂੰ। ਦਾਜੋ-ਦਾਜੁ। ਕਪੜੋ ਸੋਭਾ- (ਦਾਜ ਵਿੱਚ ਦਿੱਤਾ ਹੋਇਆ ਕੀਮਤੀ) ਕੱਪੜਾ ਤੇ ਧਨ। ਜਿਤੁ-ਜਿਸ
(ਦਾਜ) ਦੀ ਰਾਹੀਂ। ਸਵਰੈ-ਸੰਵਰ ਜਾਏ, ਸੋਹਣਾ ਲੱਗਣ ਲੱਗ ਪਏ। ਕਾਜੋ-ਕਾਜੁ, ਵਿਆਹ ਦਾ ਕੰਮ।
ਸੁਹੇਲਾ-ਸੁਖਦਾਈ। ਗੁਰਿ-ਗੁਰੂ ਨੇ। ਸਤਿਗੁਰਿ-ਸਤਿਗੁਰੂ ਨੇ। ਖੰਡ-ਖੰਡ ਵਿੱਚ, ਦੇਸ਼ ਵਿੱਚ, ਧਰਤੀ
ਉੱਤੇ। ਵਰਭੰਡਿ-ਬ੍ਰਹਮੰਡ ਵਿੱਚ, ਸੰਸਾਰ ਵਿੱਚ। ਹਰਿ ਸੋਭਾ-ਹਰਿ ਨਾਮ ਦੇ ਦਾਜ ਨਾਲ ਸੋਭਾ। ਨ ਰਲੈ
ਰਲਾਇਆ-ਕੋਈ ਹੋਰ ਦਾਜ ਇਸ ਦੀ ਬਰਾਬਰੀ ਨਹੀਂ ਕਰ ਸਕਦਾ। ਹੋਰਿ-ਹੋਰ ਬੰਦੇ {ਨੋਟ - ‘ਹੋਰਿ’ ਬਹੁ-ਵਚਨ
ਹੈ}। ਮਨਮੁਖਿ-ਆਪਣੇ ਮਨ ਦੀ ਮੱਤਿ ਦੇ ਪਿੱਛੇ ਤੁਰਨ ਵਾਲੇ। ਜਿ-ਜਿਹੜਾ। ਰੱਖਿ-ਰੱਖ ਕੇ। ਕੂੜ-ਝੂਠਾ।
ਕਚੁ- (ਕੱਚ ਵਰਗਾ) ਖੋਟਾ। ਪਾਜੋ-ਪਾਜੁ, ਵਿਖਾਵਾ। 4.
ਭਾਵ: ਹੇ ਮੇਰੇ ਪਿਤਾ! (ਮੈਂ ਤੈਥੋਂ ਦਾਜ ਮੰਗਦੀ ਹਾਂ) ਮੈਨੂੰ
ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ। ਮੈਨੂੰ ਹਰੀ ਨਾਮ ਹੀ (ਦਾਜ ਦੇ) ਕੱਪੜੇ
ਦੇਹ, ਮੈਨੂੰ ਹਰੀ-ਨਾਮ ਹੀ (ਦਾਜ ਦੇ ਗਹਿਣੇ ਆਦਿਕ) ਧਨ ਦੇਹੁ, ਇਸੇ ਦਾਨ ਨਾਲ ਮੇਰਾ (ਪ੍ਰਭੂ-ਪਤੀ
ਨਾਲ) ਵਿਆਹ ਸੋਹਣਾ ਲੱਗਣ ਲੱਗ ਪਏ।
ਪਰਮਾਤਮਾ ਦੀ ਭਗਤੀ ਨਾਲ ਹੀ (ਪਰਮਾਤਮਾ ਨਾਲ) ਵਿਆਹ ਦਾ ਉੱਦਮ ਸੁਖਦਾਈ ਬਣਦਾ
ਹੈ। (ਜਿਸ ਜੀਵ-ਮੁਟਿਆਰ ਨੂੰ) ਗੁਰੂ ਨੇ, ਸਤਿਗੁਰੂ ਨੇ ਇਹ ਦਾਨ (ਇਹ ਦਾਜ) ਦਿਵਾਇਆ ਹੈ, ਹਰੀ-ਨਾਮ
ਦੇ ਦਾਜ਼ ਨਾਲ ਉਸ ਦੀ ਸੋਭਾ (ਉਸ ਦੇ) ਦੇਸ਼ ਵਿੱਚ, ਸੰਸਾਰ ਵਿੱਚ ਹੋ ਜਾਂਦੀ ਹੈ। ਇਹ ਦਾਜ਼ ਐਸਾ ਹੈ ਕਿ
ਇਸ ਨਾਲ ਹੋਰ ਕੋਈ ਭੀ ਦਾਜ਼ ਬਰਾਬਰੀ ਨਹੀਂ ਕਰ ਸਕਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੋਰ ਬੰਦੇ
ਜਿਹੜਾ ਦਾਜ਼ ਰੱਖ ਕੇ ਵਿਖਾਲਦੇ ਹਨ (ਵਿਖਾਲਾ ਪਾਂਦੇ ਹਨ) ਉਹ ਝੂਠਾ ਅਹੰਕਾਰ (ਪੈਦਾ ਕਰਨ ਵਾਲਾ) ਹੈ,
ਉਹ ਕੱਚ (ਸਮਾਨ) ਹੈ, ਉਹ ਨਿਰਾ ਵਿਖਾਵਾ ਹੀ ਹੈ।
ਹੇ ਮੇਰੇ ਪਿਤਾ! ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ
ਦਾਜ਼ ਦੇਹ। 4.
ਨੋਟ:
1. ਬੱਚੇ/ਬੱਚੀ ਦੇ ਸਾਦਾ ਗ੍ਰਿਸਥੀ ਜੀਵਨ ਦੀਆਂ ਲੋੜਾ ਪੂਰੀਆਂ ਕਰਨ ਲਈ
ਦੋਨੋਂ ਪਰਿਵਾਰ ਸਹਾਇਤਾ ਕਰਨ।
2. ਅਨੰਦ-ਕਾਰਜ ਦੀ ਰਸਮ ਘਰੇ ਹੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ
ਜਾਂ ਨੇੜਲੇ ਗੁਰਦਵਾਰੇ ਵਿਖੇ ਕੀਤੀ ਜਾ ਸਕਦੀ ਹੈ। ਇਸ ਪਵਿੱਤ੍ਰ ਰਸਮ ਦੌਰਾਨ ਕੋਈ ਗੁਰਮਤਿ
ਸਿਧਾਂਤਾਂ ਦੀ ਸੋਝੀ ਰੱਖਣ ਵਾਲਾ (ਗੁਰਦਵਾਰੇ ਦਾ ਗੁਰਮਤਿ-ਪ੍ਰਚਾਰਕ ਜਾਂ ਕੋਈ ਹੋਰ ਯੋਗ ਪ੍ਰਾਣੀ)
ਅਨੰਦ-ਕਾਰਜ ਦੀ ਰਸਮ ਅਰੰਭ ਹੋਣ ਤੋਂ ਪਹਿਲਾਂ ਜਾਂ ਬਾਅਦ ਵਿੱਚ, ਗ੍ਰਿਹਸਤੀ-ਜੀਵਨ ਵਿੱਚ, ਜੀਵਨ-ਭਰ
ਲਈ ਇੱਕ-ਦੂਜੇ ਦੇ ਚੰਗੇ ਮਿੱਤਰ, ਵਫਾਦਾਰ ਅਤੇ ਪਤੀ-ਪਤਨੀ ਦੇ ਤੌਰ `ਤੇ ਸ਼ਾਮਿਲ ਹੋਣ ਵਾਲੇ, ਜੋੜੇ
ਨੂੰ, ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਲਈ ਦਰਜ਼ ਕੀਤੇ ਫ਼ਰਜ਼, ਵਿਸਥਾਰ ਨਾਲ ਜ਼ਰੂਰ ਸਮਝਾਅ ਦੇਵੇ।
3. ਬਰਾਤ ਵਿੱਚ ਘੱਟ ਤੋਂ ਘੱਟ ਵਿਅਕਤੀ ਹੋਣ ਅਤੇ ਉਨ੍ਹਾਂ ਲਈ ਸਾਦਾ ਪਰ
ਪੌਸ਼ਟਕ ਖਾਣਾ ਲੜਕੀ ਵਾਲਿਆਂ ਦੇ ਘਰ ਹੀ ਤਿਆਰ ਕੀਤਾ ਜਾ ਸਕੇ ਤਾਂ ਬਹੁਤ ਚੰਗੀ ਗੱਲ ਹੈ, ਨਹੀਂ ਤਾਂ
ਨੇੜਲੇ ਗੁਰਦਵਾਰਾ ਸਾਹਿਬ ਵਿੱਚ ਭੀ ਤਿਆਰ ਕਰ ਕੇ ਛਕਾਇਆ ਜਾ ਸਕਦਾ ਹੈ।
4. ਅੱਜ-ਕਲ ‘ਮੈਰਿਜ ਪੈਲੇਸਾਂ’ (
marriage
palace) ਵੱਲ ਦੌੜਨ ਦੀ ਛੂਤ ਦੀ ਬੀਮਾਰੀ ਸਿੱਖ
ਕੌਮ ਵਿੱਚ ਭੀ ਵੱਡੇ ਪੱਧਰ `ਤੇ ਆ ਪਹੁੰਚੀ ਹੈ। ਇਹ, ਸ਼ਾਇਦ, ਅਮੀਰ ਪਰਿਵਾਰਾਂ ਵੱਲੋਂ ਆਪਣੀ ਫ਼ੋਕੀ
ਅਮੀਰੀ ਦਾ ਵਿਖਾਵਾ ਕਰਨ ਲਈ ਸ਼ੁਰੂ ਹੋਈ ਸੀ, ਪਰ, ਹੁਣ ਤਕਰੀਬਨ ਹਰ ਸਿੱਖ ਪਰਿਵਾਰ ਇਸ ਨਾ-ਮੁਰਾਦ
ਬੀਮਾਰੀ ਦੀ (ਲੋਕ-ਲਾਜ ਕਾਰਨ) ਜਕੜ ਵਿੱਚ ਆ ਚੁੱਕਾ ਹੈ। ਮੈਰਿਜ ਪੈਲੇਸ ਦਾ ਵਾਤਾਵਰਣ ਜਿੱਥੇ
ਅਸ਼ਲੀਲਤਾ-ਭਰਪੂਰ ਅਤੇ ਡੀ. ਜੇ. ਦੀਆਂ ਕੰਨ-ਪਾੜਵੀਆਂ ਆਵਾਜ਼ਾਂ ਕਰ ਕੇ ਸਮਾਜ ਵਿੱਚ ਸ਼ਰਮਨਾਕ ਰੁਚੀਆਂ
ਪੈਦਾ ਕਰਨ ਅਤੇ ਸ਼ੋਰ-ਪ੍ਰਦੂਸ਼ਨ ਪੈਦਾ ਕਰਨ ਦਾ ਵੱਡਾ ਕਾਰਨ ਬਣ ਜਾਂਦਾ ਹੈ, ਉੱਥੇ ਲੜਕੀ ਵਾਲੇ
ਪਰਿਵਾਰ ਲਈ, ਮਜ਼ਬੂਰੀ-ਵੱਸ, ਬੇ-ਤਹਾਸ਼ਾ ਫ਼ਜ਼ੂਲ ਖਰਚਾ ਕਰਨ ਲਈ ਵੀ ਜ਼ਿੰਮੇਵਾਰ ਹੈ। ਜੋ ਅਨੰਦ ਸਾਦਗੀ
ਵਿੱਚ ਹੈ ਉਹ ਅਜਿਹੇ ਲੋਕ-ਲਾਜ ਲਈ ਕੀਤੇ ਫ਼ਜ਼ੂਲ ਖਰਚਿਆਂ ਵਿੱਚੋਂ ਨਹੀਂ ਮਿਲ ਸਕਦਾ। ਸੁਹਿਰਦ ਪਾਠਕਾਂ
ਲਈ ਲੇਖਕ ਦੀ ਹੱਡ-ਬੀਤੀ ਸ਼ਾਇਦ ਦਿਲਚਸਪੀ ਦਾ ਕਾਰਨ ਬਣ ਸਕੇ - ਲੇਖਕ ਦੇ ਅਨੰਦ-ਕਾਰਜ ਵਿੱਚ ਕੋਈ
ਬਰਾਤ ਨਹੀਂ ਗਈ ਸੀ। ਮੇਰੀ ਪਤਨੀ ਦੇ ਪਰਿਵਾਰ ਦੇ ਘਰ ਵਿੱਚ ਹੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ
ਕੇ, ਅਨੰਦ-ਕਾਰਜ ਦੀ ਪਵਿੱਤ੍ਰ ਰਸਮ ਸੰਪੂਰਨ ਹੋਈ ਸੀ ਅਤੇ ਘਰ ਵਿੱਚ ਤਿਆਰ ਕੀਤਾ ਪੌਸ਼ਟਕ ਭੋਜਨ ਹੀ
ਛਕਿਆ ਗਿਆ ਸੀ, ਕਿਸੇ ਹੋਟਲ ਜਾਂ ਮੈਰਿਜ ਪੈਲੇਸ ਵਿੱਚ ਵਿਆਹ ਨਾਲ ਸਬੰਧਤ ਕੋਈ ਰਸਮ (ਜਿਵੇਂ ਅੱਜਕਲ,
ਰੀਸੋ-ਰੀਸੀ, ਰੀਸ਼ੈਪਸ਼ਨ ਪਾਰਟੀਆਂ ਦੇ ਕੇ, ਲੱਖਾਂ ਰੁਪਿਆਂ ਦਾ ਬੇ-ਲੋੜਾ ਖਰਚਾ ਕੀਤਾ ਜਾਂਦਾ ਹੈ)
ਨਹੀਂ ਕੀਤੀ ਗਈ ਸੀ। ਕੋਈ ਗਹਿਣੇ ਆਦਿ ਨਹੀਂ ਪੁਆਏ ਗਏ ਸਨ। ਇਸ ਸਾਰੀ ਸੋਝੀ ਅਤੇ ਸਾਦੇ ਕਾਰਜ ਲਈ
ਸਤਿਗੁਰਾਂ ਦੀ ਮੇਹਰ ਹੀ ਮੁੱਖ ਕਾਰਨ ਸੀ। ਲੇਖਕ ਦਾ ਲੂੰ-ਲੂੰ, ਅੰਤ ਸਮੇਂ ਤੱਕ, ਸਤਿਗੁਰਾਂ ਦੀ ਇਸ
ਮਿਹਰ ਲਈ ਸ਼ੁਕਰਗੁਜ਼ਾਰ ਰਹੇ, ਇਹੀ ਅਰਜ਼ੋਈ ਹੈ ਪ੍ਰਭੂ-ਪਿਤਾ ਦੇ ਚਰਨਾਂ ਵਿੱਚ। ਇੱਕ ਗੱਲ ਹੋਰ ਵੀ
ਦਿਲਚਸਪ ਹੋ ਸਕਦੀ ਹੈ ਕਿ ਭਾਵੇਂ, ਲੇਖਕ ਦਾ ਰਿਸ਼ਤਾ ਅਨੰਦ ਕਾਰਜ ਦੀ ਰਸਮ ਤੋਂ ਤਕਰੀਬਨ 7-8 ਸਾਲ
ਪਹਿਲਾਂ ਹੀ (ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ) ਪੱਕਾ ਹੋ ਚੁੱਕਾ ਸੀ ਪਰ ਵਿਆਹ ਵਾਲੇ ਦਿਨ (ਜਾਂ
ਉਸ ਤੋਂ ਅੱਗੇ-ਪਿੱਛੇ) ਭੀ ਉਹੀ ਭੋਜਨ ਲੇਖਕ ਦੇ ਘਰ ਤਿਆਰ ਕੀਤਾ ਤੇ ਛਕਿਆ ਗਿਆ ਸੀ ਜਿਹੜਾ ਕਿ
ਹਰ-ਰੋਜ਼ ਛਕਿਆ ਜਾਂਦਾ ਸੀ। ਇਸ ਵਿੱਚ ਲੇਖਕ ਦਾ ਕੋਈ ਉਚੇਚਾ ਯੋਗਦਾਨ ਨਹੀਂ ਸੀ, ਇਹ ਸਾਰਾ ਕੁੱਝ
ਮਾਲਿਕ-ਪ੍ਰਭੂ ਦੀ ਮੇਹਰ ਦੀ ਬਖ਼ਸ਼ਿਸ਼ ਹੀ ਸੀ। ਲੋਕ-ਲਾਜ ਦੀ ਖਾਤਰ ਵਿਆਹ ਲਈ ਮੈਰਿਜ-ਪੈਲੇਸ ਬੁੱਕ ਕਰਨ
ਤੋਂ ਗੁਰੇਜ਼ ਕਰਨ ਵਾਲੇ, ਸਾਊ ਪਰਵਿਾਰ, ਧੰਨਤਾ-ਯੋਗ ਹਨ। ਲੇਖਕ ਦਾ ਉਨ੍ਹਾਂ ਖੁਸ਼-ਕਿਸਮਤ ਪਰਿਵਾਰਾਂ
ਨੂੰ ਨੀਲਾ ਸਲਾਮ! ਮੈਰਿਜ-ਪੈਲੇਸਾਂ ਵਿੱਚ ਇੱਕ ਹੋਰ ਵੀ ਅਤਿ-ਸ਼ਰਮਨਾਕ ਕਾਰਵਾਈ, ਅਕਸਰ ਹੀ, ਕੀਤੀ
ਜਾਂਦੀ ਹੈ। ਉਹ ਇਹ ਕਿ ਆਰਥਕ ਜਾਂ ਕਿਸੇ ਹੋਰ ਮਜ਼ਬੂਰੀ ਕਾਰਨ ਸਾਡੀਆਂ ਧੀਆਂ-ਭੈਣਾਂ ਵਰਗੀਆਂ ਬੱਚੀਆਂ
ਸਾਰੇ ਬਰਾਤੀਆਂ ਦੇ ਸਾਹਮਣੇ (ਤਕਰੀਬਨ ਅੱਧ-ਨੰਗੇਜ਼ ਵਾਲਾ ਲਿਬਾਸ ਪਹਿਨ ਕੇ ਨਚਦੀਆਂ ਹਨ ਅਤੇ ਬਰਾਤ
ਵਿੱਚ ਕੁੱਝ ਕੁ ਬੀਬੀਆਂ ਭੀ ਸ਼ਾਮਿਲ ਹੋਣ ਲੱਗ ਪਈਆਂ ਹਨ। ਇੱਥੇ ਹੀ ਬੱਸ ਨਹੀਂ। ਮੈਰੇਜ ਪੈਲੇਸ
ਵਾਲਿਆਂ ਵੱਲੋਂ ਤਨਖਾਹ ਜਾਂ ਠੇਕੇ `ਤੇ ਰੱਖੀਆਂ ਇਹ ਬੱਚੀਆਂ, ਪਿਆਕੜਾਂ ਨੂੰ ਸ਼ਰਾਬ-ਕਬਾਬ ਵੀ ਪਰੋਸਣ
ਲਈ ਮਜ਼ਬੂਰ ਹੁੰਦੀਆਂ ਹਨ। ਕਈ ਮਨਚਲੇ (ਬੇਸ਼ਰਮ) ਵਿਅਕਤੀ ਇਨ੍ਹਾਂ ਨੱਚ ਰਹੀਆਂ ਬੱਚੀਆਂ ਦੇ ਸਿਰਾਂ
ਦੁਆਲੇ ਨੋਟ ਵਾਰ ਕੇ ਅਸ਼ਲੀਲ ਹਰਕਤਾਂ ਕਰਨ ਤੱਕ ਭੀ ਚਲੇ ਜਾਂਦੇ ਹਨ। ਅਜਿਹਾ ਸਭਿਆਚਾਰ ਸਿੱਖ ਕੌਮ ਦਾ
ਕਦਾਚਿਤ ਵੀ ਵਿਰਸਾ ਨਹੀਂ ਹੈ। ਪਰ, ਸਿੱਖ ਕੌਮ ਤਾਂ (ਕਿਸੇ ਟਾਵੇਂ-ਟਾਵੇਂ ਹਰੇ ਬੂਟੇ ਨੂੰ ਛੱਡ ਕੇ)
ਤਕਰੀਬਨ 95% ਗੁਰਮਤਿ ਸਭਿਆਚਾਰ ਬਾਰੇ ਲੋੜੀਂਦੀ ਜਾਣਕਾਰੀ ਹੀ ਨਹੀਂ ਰਖਦੀ। ਫਿਰ ਭਲਾ, ਅਜਿਹੇ
ਅਖੌਤੀ ਸਿੱਖਾਂ (ਗੁਰੂ ਗ੍ਰੰਥ ਸਾਹਿਬ ਦੇ ਆਲਮਗੀਰੀ ਫ਼ਲਸਫ਼ੇ ਨਾਲੋਂ ਟੁੱਟੇ ਹੋਏ) ਪਾਸੋਂ
ਗੁਰਮਤਿ-ਸਭਿਆਚਾਰ ਦੇ ਸਰਬ-ਸ੍ਰੇਸ਼ਟ ਨਿਯਮਾਂ ਦੀ ਪਾਲਣਾ ਕਰਨ ਦੀ ਕਿਵੇਂ ਆਸ ਕੀਤੀ ਜਾ ਸਕਦੀ ਹੈ?
ਲੱਖ ਲਾਹਨਤਾਂ ਹਨ ਅਜਿਹੇ ਅਖੌਤੀ ਸਿੱਖਾਂ ਨੂੰ ਜਿਹੜੇ (ਲੋਕ-ਲਾਜ ਲਈ) ਅਜਿਹੀਆਂ ਸ਼ਰਮਨਾਕ ਤੇ
ਗੁਰਮਤਿ-ਵਿਰੋਧੀ ਕਾਰਵਾਈਆਂ ਕਰਦੇ ਆ ਰਹੇ ਹਨ।
5. ਅੱਜ-ਕੱਲ ਇੱਕ ਨਵੀਂ (ਪਰ, ਗੁਰਮਤਿ ਫ਼ਲਸਫ਼ੇ ਤੋਂ ਉਲਟ) ਵਿਆਹ ਨਾਲ ਜੁੜੀ
(ਸ਼ਾਇਦ ਪੱਛਮੀ ਸਭਿਆਚਾਰ ਦੇ ਪ੍ਰਭਾਵ ਕਰ ਕੇ) ‘ਮੁੰਦਰੀ ਪਾਉਂਣ’ (
ring
ceremony) ਅਤੇ `ਚੁੰਨੀ ਚੜ੍ਹਾਉਂਣ’ ਦੀ ਰਸਮ ਵੀ
ਸਿੱਖਾਂ `ਚ ਪ੍ਰਚੱਲਤ ਹੁੰਦੀ ਜਾ ਰਹੀ ਹੈ। ਮੁੰਦਰੀ ਪਾਉਂਣ (ਲੜਕਾ ਲੜਕੀ ਨੂੰ ਅਤੇ ਲੜਕੀ ਲੜਕੇ ਨੂੰ
ਸ਼ਾਪ) ਪਹਿਨਾਉਂਣ ਲੱਗ ਪਏ ਹਨ। ਯਾਦ ਰਹੇ ਕਿ ਇੰਜ ਮੁੰਦਰੀਆਂ ਦੀ ਪਾ-ਪੁਆਈ ਈਸਾਈ-ਮੱਤ ਦੇ ਵਿਆਹ ਦੀ
ਰਸਮ ਹੈ। ਭਾਵ, ਜਦੋਂ ਹੋਣ ਵਾਲੇ ਪਤੀ-ਪਤਨੀ, ਚਰਚ ਵਿੱਚ ਜਾ ਕੇ, ਇਕੱਤ੍ਰ ਹੋਏ ਇਕੱਠ ਦੇ ਸਾਹਮਣੇ,
ਇੱਕ-ਦੂਜੇ ਨੂੰ ਸੋਨੇ ਦੀ ਕੀਮਤੀ ਮੁੰਦਰੀ (ਸ਼ਾਪ) ਪਹਿਨਾਅ ਦਿੰਦੇ ਹਨ ਤਾਂ ਉਨ੍ਹਾਂ ਦਾ (ਇਸਾਈ ਮੱਤ
ਅਨੁਸਾਰ) ਵਿਆਹ ਹੋ ਗਿਆ ਸਮਝਿਆ ਜਾਂਦਾ ਹੈ। ਇਸ ਗੁਰਮਤਿ-ਵਿਰੋਧੀ ਰਸਮ ਬਾਰੇ ਇੱਕ ਦਿਲਚਸਪ ਘਟਨਾ ਦਾ
ਜ਼ਿਕਰ ਕਰਨਾ ਲਾਭਦਾਇਕ ਸਿੱਧ ਹੋ ਸਕਦਾ ਹੈ। ਕੁੱਝ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਹੋਣ ਵਾਲੇ
ਪਤੀ-ਪਤਨੀ, ਮੁੰਦਰੀ ਦੀ ਰਸਮ ਅਦਾ ਕਰ ਕੇ, ਗੁਰਦਵਾਰੇ ਅਨੰਦ ਕਾਰਜ ਕਰਵਾਉਂਣ ਲਈ (ਬਰਾਤ ਸਮੇਤ) ਆਏ।
ਉਸ ਗੁਰਦਵਾਰੇ ਦਾ ਮੁੱਖ ਗ੍ਰੰਥੀ ਗੁਰਮਤਿ ਫ਼ਲਸਫ਼ੇ ਦੀ ਸੋਝੀ ਰੱਖਣ ਵਾਲਾ ਸੀ। ਇਸ ਲਈ ਉਸ ਨੇ ਇਹ ਕਹਿ
ਕੇ ਹੋਣ ਵਾਲੇ ਪਤੀ-ਪਤਨੀ ਨੂੰ (ਬਰਾਤ ਸਮੇਤ) ਵਾਪਸ ਮੋੜ ਦਿੱਤਾ ਕਿ, "ਭਾਈ! ਇਸ ਜੋੜੇ ਦਾ ਤਾਂ,
ਈਸਾਈ-ਮੱਤ ਅਨੁਸਾਰ, ਪਹਿਲਾਂ ਹੀ ਵਿਆਹ ਹੋ ਚੁੱਕਾ ਹੈ, ਹੁਣ ਅਨੰਦ-ਕਾਰਜ ਕਿਸ ਵਾਸਤੇ ਕਰਾਉਂਣ ਆਏ
ਹੋ?" ਇਸ `ਤੇ ਆਪਸੀ ਬਹਿਸ ਅਤੇ ਤੂੰ-ਤੂੰ, ਮੈਂ-ਮੈਂ ਭੀ ਹੋਈ, ਪਰ ਉਸ ਮੁੱਖ ਗ੍ਰੰਥੀ ਨੇ
ਅਨੰਦ-ਕਾਰਜ ਦੀ ਰਸਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਜਿਹੇ ਗੁਰਮਤਿ-ਅਨੁਕੂਲ ਜਾਗਰੂਕ ਹੋ ਚੁੱਕੇ
ਗੁਰਦਵਾਰੇ ਦੇ ਸੇਵਕਾਂ ਤੇ ਪ੍ਰਬੰਧਕਾਂ ਨੂੰ ਸ਼ਾਬਾਸ਼ ਕਹਿਣਾ ਬਣਦਾ ਹੈ। ਸਿੱਖ ਕੌਮ ਜੋ ਕਿ ਪਿਛਲੀਆਂ
ਤਕਰੀਬਨ ਢਾਈ ਕੁ ਸਦੀਆਂ ਤੋਂ, ਗੁਰੂ ਗ੍ਰੰਥ ਸਾਹਿਬ ਦੇ ਸਰਬ-ਸਾਂਝੇ ਤੇ ਸਰਬ-ਸ੍ਰੇਸ਼ਟ ਫ਼ਲਸਫ਼ੇ ਨਾਲੋਂ
ਟੁੱਟੀ ਚਲੀ ਆ ਰਹੀ ਹੈ (ਇਸ ਟੁੱਟਣ ਦੇ ਕਾਰਨਾਂ ਦਾ ਸੰਕੇਤਕ ਜ਼ਿਕਰ ਇਸ ਪੁਸਤਕ ਵਿੱਚ ਕੀਤਾ ਵੀ ਜਾ
ਚੁੱਕਾ ਹੈ), ਜਦੋਂ ਤੱਕ ਵਿਸ਼ਵ-ਪੱਧਰ `ਤੇ ਦੱਬ ਕੇ ਗੁਰਮਤਿ ਫ਼ਲਸਫ਼ੇ ਦਾ ਸ਼ੁੱਧ ਰੂਪ ਵਿੱਚ
ਪ੍ਰਚਾਰ/ਪਾਸਾਰ ਨਹੀਂ ਕੀਤਾ ਜਾਂਦਾ, ਇਸ ਵਿੱਚ ਅਜਿਹੇ ਗੁਰਮਤਿ-ਵਿਰੋਧੀ ਭਾਣੇ ਵਰਤਦੇ ਹੀ ਰਹਿਣਗੇ।
6. ਦਹੇਜ਼ ਲੈਣ-ਦੇਣ ਦੀ ਗੁਰਮਤਿ-ਵਿਰੋਧੀ ਰਸਮ ਹੀ ਇੱਕ ਵੱਡਾ ਕਾਰਨ ਹੈ
ਮਾਦਾ-ਭਰੂਣ-ਹੱਤਿਆ (ਮਾਂ ਦੀ ਕੁੱਖ ਵਿੱਚ ਹੀ, ਬੱਚੀ ਨੂੰ ਕਤਲ ਕਰਨਾ) ਦਾ। ਇਸ ਤਰ੍ਹਾਂ ਪੈਦਾ ਹੋਣ
ਵਾਲੀ ਬੱਚੀ ਨੂੰ ਮਾਤਾ ਦੀ ਕੁੱਖ ਵਿੱਚ ਹੀ ਮਾਰ ਦੇਣ ਕਾਰਨ ਅਜਿਹੇ ਪਰਵਾਰ ਪ੍ਰਭੂ-ਪਿਤਾ ਦੀ ਦਰਗਾਹੀ
ਅਦਾਲਤ ਵਿੱਚ ਬਣਦੀ ਸਜ਼ਾ ਦੇ ਭਾਗੀ ਬਣਨਗੇ। ਕੇਵਲ ਪ੍ਰਭੂ-ਪਿਤਾ ਦੇ ਚਰਨਾਂ ਵਿੱਚ (ਸੱਚੇ ਦਿਲੋਂ
ਪਛੁਤਾਵਾ ਕਰ ਕੇ ਅਤੇ ਅੱਗੇ ਤੋਂ ਅਜਿਹਾ ਅਪਰਾਧ ਨਾ ਕਰਨ ਲਈ) ਅਰਦਾਸ ਕਰਨ ਅਤੇ ਮਾਲਿਕ-ਪ੍ਰਭੂ ਦੇ
ਹੁਕਮ ਅਨੁਸਾਰ (ਕਾਦਿਰ ਦੀ ਕੁਦਰਤਿ ਦੇ ਅਟੱਲ ਨਿਯਮਾਂ ਅਨੁਸਾਰ, ਯਾਨੀ ਕਿ ਹੁਕਮਿ ਰਜਾਈ ਚੱਲਣ ਲਈ)
ਜੀਵਨ ਜਿਊਂਣ ਦਾ ਪੂਰੀ ਈਮਾਨਦਾਰੀ ਨਾਲ ਯਤਨ ਕਰਦੇ ਰਹਿਣ, ਤਾਂ ਹੋ ਸਕਦਾ ਹੈ ਕਿ ਸਦ-ਬਖਸ਼ਿੰਦ ਪ੍ਰਭੂ
ਉਨ੍ਹਾਂ ਦੇ ਮਸਤਕ `ਤੇ ਕੋਈ ਅਜਿਹਾ ਲੇਖ ਪਾ ਦੇਵੇ ਜਿਹੜਾ ਉਨ੍ਹਾਂ ਦੇ ਕੀਤੇ ਅਜਿਹੇ ਅਪਰਾਧ ਨੂੰ
ਬੇ-ਅਸਰ ਕਰ ਦੇਵੇ। ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਕੀਤੇ ਅਪਰਾਧ ਦੇ ਫਲ ਦੀ ਸਜ਼ਾ ਭੁਗਤਣ ਤੋਂ
ਬਚ ਸਕਣ ਦਾ।
(ਕ) ਗੁੱਸੇ (ਕ੍ਰੋਧ) ਤੋਂ ਬਚਨਾ ਭੀ ਜ਼ਰੂਰੀ ਹੈ ਪਤੀ-ਪਤਨੀ ਲਈ
ਵੈਸੇ ਤਾਂ ਹਰ ਵਿਅਕਤੀ ਲਈ ਗੁੱਸੇ (ਕ੍ਰੋਧ) ਤੋਂ ਬੱਚ ਕੇ ਰਹਿਣਾ ਚਾਹੀਦਾ
ਹੈ। ਪਰ, ਪਿੱਛੇ ਵੀਚਾਰ ਕੀਤੀ ਜਾ ਚੁੱਕੀ ਹੈ ਕਿ ਮਾਇਆ, ਮਾਇਆ ਦੇ ਪੰਜ-ਪੁੱਤਾਂ ਅਤੇ ਮਾਇਆ ਦੇ ਹੋਰ
ਕਈ ਕਿਸਮ ਦੇ ਰੂਪਾਂ (ਛਲਾਂ) ਦੇ ਪ੍ਰਭਾਵ ਤੋਂ ਮਨੁੱਖ ਆਪਣੀ ਸਿਆਣਪ ਨਾਲ ਜਾਂ ਆਪਣੀ ਘਾਲ-ਕਮਾਈ ਦੇ
ਜ਼ੋਰ (ਦਾਅਵੇ) ਨਾਲ, ਨਹੀਂ ਬਚ ਸਕਦਾ। ਪ੍ਰਭੂ-ਪਿਤਾ ਨੇ ਰੱਬੀ-ਖੇਡ (ਤਮਾਸ਼ਾ) ਹੀ ਐਸੀ ਰਚੀ ਹੈ ਕਿ
ਉਹ ਜਿਸ ਜੀਵ `ਤੇ ਰਹਿਮਤ (ਨਦਰਿ) ਕਰਦਾ ਹੈ, ਉਸ ਦਾ ਮਿਲਾਪ ਪਰਮਾਤਮਾ-ਸਰੂਪ ਸ਼ਬਦ-ਗੁਰੂ ਨਾਲ ਕਰਾ
ਦਿੰਦਾ ਹੈ। ਸ਼ਬਦ-ਗੁਰੂ ਉਸ ਜੀਵ ਨੂੰ ਉਸ (ਜੀਵ) ਦੀ ਮੰਜ਼ਿਲ (ਪ੍ਰਭੂ-ਪਿਤਾ ਨਾਲ ਸਦੀਵੀ ਅਨੰਦਮਈ
ਮਿਲਾਪ) ਦਾ ਸਹੀ ਰਸਤਾ (ਸਹੀ ਜੀਵਨ-ਜਾਚ, ਨਾਮ-ਧਰਮ ਅਥਵਾ ਹੁਕਮਿ ਰਜਾਈ ਚੱਲਣ ਦੀ ਵਿਧੀ) ਸਮਝਾ
ਦਿੰਦਾ ਹੈ। ਜਦੋਂ ਜੀਵ ਗੁਰੂ ਦੇ ਦੱਸੇ ਰਸਤੇ `ਤੇ ਪੂਰੀ ਈਮਾਨਦਾਰੀ ਨਾਲ (ਕੇਵਲ ਸ਼ਬਦ-ਗੁਰੂ ਤੇ
ਪਰਮਾਤਮਾ ਦੀ ਸ਼ਰਣਿ ਵਿੱਚ ਰਹਿ ਕੇ) ਨਿਸ਼ਕਾਮਤਾ ਸਹਿਤ ਤੁਰਦਾ ਹੈ ਤਾਂ ਉਸ ਦੀ ਹਉਮੈ ਦਾ ਪਰਦਾ ਦੂਰ
ਹੋ ਜਾਂਦਾ ਹੈ ਤੇ ਉਸ ਦੇ ਹਿਰਦੇ ਵਿੱਚ ਹੀ ਵਸਦੇ ਪਰਮਾਤਮਾ ਤੇ ਪਰਮਾਤਮਾ ਦੀ ਅੰਸ਼, ਆਤਮਾ ਦਾ ਮਿਲਾਪ
ਹੋ ਜਾਂਦਾ ਹੈ। ਪਰ, ਇਹ ਮਿਲਾਪ ਕੇਵਲ ਅਤੇ ਕੇਵਲ ਸ਼ਬਦ-ਗੁਰੂ ਦੀ ਕਿਰਪਾ (ਗੁਰ ਪ੍ਰਸਾਦਿ) ਅਤੇ
ਰੱਬੀ-ਰਹਿਮਤ ਨਾਲ ਹੀ ਹੁੰਦਾ ਹੈ, ਸਿਰਫ਼ ਘਾਲ-ਕਮਾਈ ਦੇ ਦਾਅਵੇ ਨਾਲ ਨਹੀਂ।
ਬਲਿਓ ਚਰਾਗੁ ਅੰਧਾਰ ਮਹਿ ਸਭ ਕਲਿ ਉਧਰੀ ਇੱਕ ਨਾਮ ਧਰਮ॥ ਪ੍ਰਗਟੁ ਸਗਲ
ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥ (ਮ: 5, 1387)
ਭਾਵ: ਹੇ ਹਰੀ! ਤੇਰਾ ਸੇਵਕ, ਹੇ ਪਾਰਬ੍ਰਹਮ! ਤੇਰਾ ਰੂਪ ਗੁਰੂ ਨਾਨਕ ਸਾਰੇ
ਜਗਤ ਵਿੱਚ ਪਰਗਟ ਹੋਇਆ ਹੈ। (ਗੁਰੂ ਨਾਨਕ) ਹਨੇਰੇ ਵਿੱਚ ਦੀਵਾ ਜਗ ਪਿਆ ਹੈ, (ਉਸ ਦੇ ਦੱਸੇ ਹੋਏ)
ਨਾਮ (ਨਾਮ-ਧਰਮ, ਗੁਰਮਤਿ ਫ਼ਲਸਫ਼ਾ) ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ।
ਕਈ ਵਾਰ ਅਜਿਹਾ ਸਮਾਂ ਵੀ ਆ ਜਾਂਦਾ ਹੈ ਜਦੋਂ ਪਤੀ ਜਾਂ ਪਤਨੀ ਗੁੱਸੇ ਵਿੱਚ
ਆ ਕੇ (ਅਸਲ ਵਿੱਚ ਮਾਇਆ ਦੇ ਪੁੱਤਰ ਕ੍ਰੋਧ ਦੇ ਪ੍ਰਭਾਵ ਅਧੀਨ ਆ ਕੇ) ਇੱਕ-ਦੂਜੇ ਲਈ (ਖਿੱਝ ਕੇ)
ਗਾਲੀ-ਗਲੋਚ ਜਾਂ ਅਪ-ਸ਼ਬਦਾਂ ਦੀ ਵਰਤੋਂ ਕਰ ਬੈਠਦੇ ਹਨ। ਕਈ ਵਾਰ ਗੱਲ ਵਧਦੀ-ਵਧਦੀ ਮਾਰ-ਕੁਟਾਈ ਤੱਕ
ਭੀ ਚਲੀ ਜਾਂਦੀ ਹੈ, ਕਿਉਂਕਿ, ਕ੍ਰੋਧ ਦੇ ਵੱਸ ਵਿੱਚ ਆਏ ਮਨੁੱਖ ਦੀ ਸੋਚਣ-ਸ਼ਕਤੀ ਤੇ ਦਲੀਲ ਨਿਰਬਲ
ਹੋ ਜਾਂਦੀਆਂ ਹਨ ਅਤੇ ਉਹ ਅਜਿਹੇ ਕੰਮ (ਕਤਲ ਆਦਿ) ਭੀ ਕਰ ਬੈਠਦਾ ਹੈ ਤੇ ਫਿਰ (ਕ੍ਰੋਧ ਦਾ ਜਜ਼ਬਾ
ਖ਼ਤਮ ਹੋਣ `ਤੇ) ਸਾਰੀ ਉਮਰ ਲਈ, ਕ੍ਰੋਧ ਦੇ ਵੱਸ ਵਿੱਚ ਹੋ ਕੇ ਆਪਣੇ ਕੀਤੇ ਮਾੜੇ ਕੰਮ ਲਈ
ਪਛੁਤਾਉਂਦਾ ਰਹਿੰਦਾ ਹੈ। ਇਸ ਬਾਰੇ ਗੁਰੂ ਗ੍ਰੰਥ ਸਾਹਿਬ ਦਾ (ਬਾਬਾ ਫ਼ਰੀਦ ਜੀ ਦੀ ਮੁਬਾਰਕ ਰਸਨਾਂ
ਤੋਂ ਉਚਾਰਣ ਹੋਇਆ) ਫ਼ੁਰਮਾਣ ਹੈ -
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ
ਪਲੈ ਸਭੁ ਕਿਛੁ ਪਾਇ॥ 78॥
(ਫ਼ਰੀਦ ਜੀ, 1381-82)
ਪਦ ਅਰਥ: ਮਨਿ-ਮਨ ਵਿੱਚ। ਨ ਹਢਾਇ-ਨਾ ਆਉਣ ਦੇਹ (ਭਾਵ, ਗੁੱਸੇ ਦੀ
ਵਰਤੋਂ ਨਾ ਕਰ)। ਦੇਹੀ-ਸਰੀਰ। ਨ ਲਗਈ - ਨਹੀਂ ਲਗਦਾ। ਸਭੁ ਕਿਛੁ-ਹਰੇਕ ਚੀਜ਼। ਪਲੈ ਪਾਇ-ਪੱਲੇ ਪਈ
ਰਹਿੰਦੀ ਹੈ, ਸਾਂਭੀ ਰਹਿੰਦੀ ਹੈ।
ਭਾਵ: ਹੇ ਫ਼ਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ। ਗੁੱਸਾ ਮਨ
ਵਿੱਚ ਨਾ ਆਉਂਣ ਦੇਹ। (ਇਸ ਤਰ੍ਹਾਂ) ਸਰੀਰ ਨੂੰ ਕੋਈ ਰੋਗ ਨਹੀਂ ਲਗਦਾ ਅਤੇ ਹਰੇਕ ਪਦਾਰਥ (ਭਾਵ,
ਚੰਗਾ ਗੁਣ) ਸਾਂਭਿਆ ਰਹਿੰਦਾ ਹੈ।
ਨੋਟ: ਲੇਖਕ ਕਈ ਵਾਰ ਆਪਣੀ ਪਤਨੀ ਨੂੰ, ਗੁੱਸੇ ਵਿੱਚ ਆ ਕੇ,
ਫਿੱਕੇ-ਕੌੜੇ ਬੋਲ ਭੀ ਬੋਲ ਦਿੰਦਾ ਸੀ। ਪਰ, ਉਨ੍ਹਾਂ (ਪਤਨੀ) ਵਿੱਚ ‘ਧੀਰਜ’ ਤੇ ‘ਸਹਿਣਸ਼ੀਲਤਾ’ ਦੇ
ਚੰਗੇ ਗੁਣ ਹੋਣ ਸਦਕਾ ਉਹ ਕਦੇ ਭੀ, ਮੈਨੂੰ, ਗੁੱਸੇ ਵਿੱਚ ਆ ਕੇ, ਮੋੜਵਾਂ ਫਿੱਕਾ ਬੋਲ ਨਹੀਂ ਸੀ
ਬੋਲਦੇ। ਕੁੱਝ ਸੈਕੰਡਾਂ ਵਿੱਚ ਹੀ (ਉਨ੍ਹਾਂ ਦੇ ਇਹ ਗੁਣ ਵੇਖ ਕੇ) ਮੈਂ ਵੀ (ਆਪਣੇ ਗੁੱਸੇ `ਚ ਬੋਲੇ
ਬੋਲਾਂ `ਤੇ ਪਛੁਤਾਵਾ ਕਰ ਕੇ) ਚੁੱਪ ਹੋ ਜਾਇਆ ਕਰਦਾ ਸੀ। ਮੈਂ, ਅਕਸਰ, ਮਹਿਸੂਸ ਕਰਿਆ ਕਰਦਾ ਸੀ ਕਿ
ਪ੍ਰਭੂ-ਪਿਤਾ ਨੇ ਉਨ੍ਹਾਂ ਨੂੰ ਮੇਰੇ ਨਾਲੋਂ ਦੁਨਿਆਵੀ ਸਿਆਣਪ ਭੀ ਜ਼ਿਆਦਾ ਬਖ਼ਸ਼ਿਸ਼ ਕੀਤੀ ਹੋਈ ਸੀ ਅਤੇ
ਚੰਗੇ ਗੁਣ ਭੀ। ਇਸੇ ਕਰ ਕੇ, ਪ੍ਰਭੂ-ਪਿਤਾ ਦੀ ਰਹਿਮਤ ਸਦਕਾ, ਸਾਡਾ ਦੋਨਾਂ ਦਾ ਸਾਰੀ ਉਮਰ ਕਦੇ
ਤਕਰਾਰ ਭੀ ਨਹੀਂ ਸੀ ਹੋਇਆ, ਗਾਲੀ-ਗਲੋਚ ਜਾਂ ਹੱਥੋ-ਪਾਈ ਤਾਂ ਦੂਰ ਦੀਆਂ ਗੱਲਾਂ ਹਨ।
(ਖ) ਪਤੀ-ਪਤਨੀ ਤੇ ਬੱਚਿਆਂ ਲਈ, ਦਿਨ ਵਿੱਚ ਘੱਟੋ-ਘੱਟ ਇੱਕ ਬਾਰ, ਇਕੱਠੇ
ਬੈਠ ਕੇ, ਬਾਣੀ ਦਾ ਨਿੱਤ-ਨੇਮ ਕਰਨ ਤੇ ਵੀਚਾਰ ਕਰਨ ਦੇ ਬਹੁਤ ਲਾਭ ਹਨ
ਇਸ ਤਰ੍ਹਾਂ ਕਰਨ ਨਾਲ ਜਿੱਥੇ ਆਪਸੀ ਪਿਆਰ-ਸਤਿਕਾਰ ਬਣਿਆ ਰਹਿੰਦਾ ਹੈ, ਉਥੇ
ਬੱਚੇ ਭੀ (ਮਾਂ-ਬਾਪ ਤੋਂ ਚੰਗੇ ਸੰਸਕਾਰ ਹਾਸਲ ਕਰ ਕੇ) ਗੁਰਬਾਣੀ ਨਾਲ ਜੁੜੇ ਰਹਿੰਦੇ ਹਨ ਅਤੇ ਮਾੜੀ
ਸੰਗਤਿ ਦੇ ਪ੍ਰਭਾਵ ਤੋਂ ਭੀ, ਅਕਸਰ, ਬਚੇ ਰਹਿੰਦੇ ਹਨ, ਕਿਉਂਕਿ, ਬੱਚਿਆਂ ਦੇ ਪਹਿਲੇ ਅਧਿਆਪਕ
ਉਨ੍ਹਾਂ ਦੇ ਮਾਪੇ (ਵਿਸ਼ੇਸ਼ ਕਰ ਕੇ ਮਾਂ) ਹੁੰਦੇ ਹਨ। ਸ਼ਾਇਦ ਇਸੇ ਕਰ ਕੇ ਇਹ ਕਹਾਵਤ ਬਣੀ ਹੈ ਕਿ -
'The Family which prays together, stays
together' (ਯਾਨੀ ਕਿ, ਇਕੱਠੇ ਬੈਠ ਕੇ ਬਾਣੀ
ਪੜ੍ਹਨ-ਸੁਣਨ ਤੇ ਵਿਚਾਰਨ ਵਾਲੇ ਪਰਵਾਰ, ਅਕਸਰ, ਸਾਰੀ ਉਮਰ ਹੀ ਇਕੱਠੇ ਰਹਿੰਦੇ ਹਨ)। ਲੇਖਕ ਦੇ
ਦਾਦਾ ਜੀ ਤੱਕ (ਬਲਕਿ ਪਿਤਾ ਜੀ ਤੇ ਤਾਇਆ ਜੀ ਤੱਕ ਭੀ) ਬਹੁਤ ਸਾਰੇ ਸਾਂਝੇ ਪਰਿਵਾਰ ਵੇਖਣ ਨੂੰ
ਮਿਲਦੇ ਸਨ। ਪਰ ਅੱਜ, ਸ਼ਾਇਦ, ਗੁਰਬਾਣੀ-ਗੁਰੂ ਨਾਲੋਂ ਟੁੱਟ ਜਾਣ ਕਰ ਕੇ, ਸਿੱਖਾਂ ਵਿੱਚ ਭੀ ਕੋਈ
ਟਾਵਾਂ-ਟਾਵਾਂ ਹੀ ਸਾਂਝਾ ਪਰਵਾਰ ਵੇਖਣ ਨੂੰ ਮਿਲਦਾ ਹੈ। ਕਾਸ਼! ਕੌਮ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ
ਨੂੰ ਸਮਝ ਕੇ, ਮਨੋਂ ਸਵੀਕਾਰ ਕਰ ਕੇ, ਸਾਰੀ ਮਨੁੱਖਤਾ ਦੇ ਇਸ ਸਾਂਝੇ ਸ਼ਬਦ-ਗੁਰੂ ਦੀ ਦੱਸੀ
ਸਰਬ-ਸ੍ਰੇਸ਼ਟ ਜੀਵਨ-ਜਾਚ (ਨਾਮ-ਧਰਮ) ਨੂੰ ਅਪਣਾ ਕੇ ਦੁਰਲੱਭ ਤੇ ਅਮੋਲਕ ਮਨੁੱਖਾ ਜਨਮ ਨੂੰ ਸਫ਼ਲ ਕਰ
ਲਏ! !
ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ ਸਗਲ
ਕ੍ਰਿਆ ਮਹਿ ਊਤਮ ਕਿਰਿਆ॥ ਸਾਧਸੰਗਿ ਦੁਰਮਤਿ ਮਲੁ ਹਿਰਿਆ॥
(ਮ: 5, 266)
ਭਾਵ: (ਹੇ ਮਨ!) ਪ੍ਰਭੂ ਦਾ ਨਾਮ ਜਪ (ਤੇ) ਪਵਿੱਤ੍ਰ ਆਚਰਣ (ਬਣਾ) -
ਇਹ ਸਾਰੇ ਧਰਮਾਂ ਨਾਲੋਂ ਚੰਗਾ ਹੈ।
ਸਤਿ ਸੰਗਤਿ ਵਿੱਚ (ਰਹਿ ਕੇ) ਮਨ ਦੀ ਭੈੜੀ ਮਤਿ (ਰੂਪੀ) ਮੈਲ ਦੂਰ ਕੀਤੀ
ਜਾਏ - ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ।
(ਗ) ਧੀਆਂ-ਪੁੱਤਰਾਂ ਦਾ ਪਾਲਣ-ਪੋਸਣ
ਹਰ ਇੱਕ ਪਰਿਵਾਰ ਦਾ ਇਹ ਬੁਨਿਆਦੀ ਫ਼ਰਜ਼ ਹੈ ਕਿ ਉਹ ਧੀਆਂ ਤੇ ਪੁੱਤਰਾਂ ਦੇ
ਪਾਲਣ-ਪੋਸਨ ਵਿੱਚ ਕੋਈ ਵੀ ਵਿਤਕਰਾ ਨਾ ਕਰੇ (ਯਾਨੀ ਕਿ, ਧੀਆਂ ਨੂੰ ਭੀ ਪੁੱਤਰਾਂ ਦੀ ਤਰ੍ਹਾਂ ਹੀ
ਪਾਲੇ-ਪੋਸੇ ਤੇ ਪੜ੍ਹਾਏ-ਲਿਖਾਏ)। ਬੱਚਿਆਂ ਦਾ ਪਾਲਣ-ਪੋਸਣ ਕਰਨ ਅਤੇ ਉਨ੍ਹਾਂ ਨੂੰ
ਪੜ੍ਹਾਉਂਣ-ਲਿਖਾਉਂਣ ਵਿੱਚ ਮਾਂ ਹੀ ਜ਼ਿਆਦਾ ਅਹਿਮ ਯੋਗਦਾਨ ਪਾਉਂਦੀ ਹੈ (ਭਾਵੇਂ, ਪਿਤਾ ਦੇ ਯੋਗਦਾਨ
ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ)। ਪੜ੍ਹਾਉਂਣ-ਲਿਖਾਉਂਣ ਤੋਂ ਲੇਖਕ ਦਾ ਇਸ਼ਾਰਾ ਸਿਰਫ਼
ਦੁਨਿਆਵੀ ਵਿੱਦਿਆ ਵੱਲ ਹੀ ਨਹੀਂ, ਬਲਕਿ ਇਸ ਤੋਂ ਭੀ ਵੱਧ ਅਧਿਆਤਮਕ (ਨੈਤਿਕ) ਸਿੱਖਿਆ ਵੱਲ ਹੈ।
ਨੈਤਿਕ ਸਿੱਖਿਆ ਤੋਂ ਖਾਲੀ ਬੱਚੇ (ਭਾਵੇਂ ਉਹ ਕਿਤਨੇ ਭੀ ਜ਼ਿਅਦਾ ਪੜ੍ਹੇ-ਲਿਖੇ ਹੋਣ) ਚੰਗੇ ਇਨਸਾਨ
ਨਹੀਂ ਬਣ ਸਕਦੇ। ਨੈਤਿਕਤਾ ਦਾ ਵਿਸ਼ਾ ਸਕੂਲਾਂ ਤੇ ਕਾਲਜਾਂ ਵਿੱਚ ਲਾਜ਼ਮੀ (
compulsory)
ਵਿਸ਼ੇ ਦੇ ਤੌਰ `ਤੇ ਪੜ੍ਹਾਇਆ ਜਾਣਾ ਚਾਹੀਦਾ ਹੈ।
(ਘ) ਅਨੰਦ-ਕਾਰਜ ਤੋਂ ਪਹਿਲਾਂ ਸਾਰੇ ਹਮ-ਉਮਰ ਬੱਚੇ/ਬੱਚੀਆਂ (ਗੁਰਮਤਿ
ਫ਼ਲਸਫ਼ੇ ਅਨੁਸਾਰ) ਇੱਕ-ਦੂਜੇ ਦੇ ਭੈਣ-ਭਰਾ ਹੀ ਹੁੰਦੇ ਹਨ
ਅਨੰਦ ਕਾਰਜ ਦੀ ਪਵਿੱਤ੍ਰ ਰਸਮ ਤੋਂ ਪਹਿਲਾਂ ਕਿਸੇ ਨਾਲ ਭੀ (ਅਤੇ ਕਿਸੇ ਉਮਰ
ਵਿੱਚ ਭੀ) ਸਰੀਰਕ-ਸਬੰਧ ਨਾ ਬਣਾਉਂਣੇ ਇੱਕ ਚੰਗੇ ਸਮਾਜ ਦੀ ਨਿਸ਼ਾਨੀ ਹੈ। ਪਰ, ਅੱਜਕਲ ਮੀਡੀਆ ਰਾਹੀਂ
ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ, ਕੁੱਝ ਬੱਚੇ/ਬੱਚੀਆਂ, ਚੋਰੀ-ਛੁੱਪੇ, ਸਰੀਰਕ-ਸਬੰਧ ਬਣਾ ਲੈਂਦੇ
ਹਨ। ਅਜਿਹਾ ਕਰਨ ਲਈ, ਅਕਸਰ ਪ੍ਰੇਮ-ਵਿਆਹ ਕਰਨ ਦਾ ਝੂਠਾ ਵਾਅਦਾ ਕੀਤਾ ਜਾਂਦਾ ਹੈ, ਜਾਂ ਕਾਮ-ਵਾਸ਼ਨਾ
ਦੀ ਪੂਰਤੀ ਲਈ ਕੋਈ ਹੋਰ ਬਹਾਨਾ ਘੜ ਲਿਆ ਜਾਂਦਾ ਹੈ। ਗੁਰਮਤਿ ਸਭਿਆਚਾਰ ਦੇ ਧਾਰਨੀ ਬੱਚੇ/ਬੱਚੀਆਂ
(ਖ਼ਾਸ ਕਰ ਕੇ ਜਿਹੜੇ ਬੱਚੇ ਮਾਤਾ-ਪਿਤਾ ਦੀ ਨਿਗਰਾਨੀ ਤੇ ਅਗੁਵਾਈ ਵਿੱਚ ਚਲਦੇ ਹਨ, ਉਹ) ਇਸ
ਅ-ਸਮਾਜਕ ਅਤੇ ਪਸ਼ੂ-ਬਿਰਤੀ ਵਾਲੀ ਕਰਤੂਤ ਤੋਂ ਬਚੇ ਰਹਿੰਦੇ ਹਨ। ਇਸ ਲਈ ਆਮ ਕਹਾਵਤ ਹੈ ਕਿ -
ਜੇਕਰ ਮਾਇਆ (ਮਾਇਕ ਪਦਾਰਥ) ਚਲੀ ਗਈ ਤਾਂ ਸਮਝੋ ਕੁੱਝ ਭੀ ਨਹੀਂ ਗਿਆ। ਪਰ,
ਜੇਕਰ ਚੰਗਾ ਆਚਰਨ ਚਲਾ ਗਿਆ ਤਾਂ ਮਾਨੋਂ ਸਭ ਕੁੱਝ ਹੀ ਜਾਂਦਾ ਰਿਹਾ (ਪੱਲੇ ਕੁੱਝ ਭੀ ਨਾ ਰਿਹਾ)।
ਖ਼ਾਸ ਕਰ ਕੇ ਕਿਸ਼ੋਰ (13-17 ਸਾਲ ਦੀ ਉਮਰ) ਅਵੱਸਥਾ ਵਿੱਚ ਇਸ ਪੱਖੋਂ
ਮਾਂ-ਬਾਪ ਵੱਲੋਂ ਬੱਚਿਆਂ ਨੂੰ ਯੋਗ ਸ਼ਬਦਾਂ ਵਿੱਚ ਸਹੀ ਅਗੁਵਾਈ ਮਿਲਣੀ ਜ਼ਰੂਰੀ ਹੁੰਦੀ ਹੈ।
`ਚੰਡੀਗੜ੍ਹ-ਮੁਹਾਲੀ-ਪੰਚਕੁਲਾ’ ਤਿੰਨ-ਸ਼ਹਿਰਾਂ (
tricity)
ਦੀ ਨਾਲ-ਨਾਲ ਵਸਦੀ ਆਬਾਦੀ ਵਿੱਚ ਇਹ ਗੁਰਮਤਿ-ਵਿਰੋਧੀ ਕਰਤੂਤਾਂ ਆਮ ਹੀ ਵੇਖਣ-ਸੁਣਨ ਨੂੰ ਮਿਲਦੀਆਂ
ਹਨ - ਜਵਾਨ ਹੋ ਰਹੇ ਬੱਚੇ ਪਾਰਕਾਂ ਜਾਂ ਸੜਕਾਂ `ਤੇ ਅਜਿਹੀਆਂ ਸ਼ਰਮਨਾਕ ਹਰਕਤਾਂ ਕਰ ਕੇ ਸਮਾਜ ਲਈ
ਜਿੱਥੇ ਸ਼ਰਮਿੰਦਗੀ ਦਾ ਕਾਰਨ ਬਣਦੇ ਹਨ ਉਥੇ ਬਹੁਤ ਹੀ ਗ਼ਲਤ ਰਵਾਇਤਾਂ ਭੀ (ਅਸਭਿਆਚਾਰ) ਪੇਸ਼ ਕਰਦੇ
ਹਨ। ਪ੍ਰਸ਼ਾਸ਼ਨ ਵੱਲੋਂ ਅਜਿਹੀਆਂ ਕਰਤੂਤਾਂ ਨੂੰ ਠੱਲ੍ਹ ਪਾਉਂਣ ਲਈ ਯੋਗ ਤੇ ਸਖਤ ਕਾਰਵਾਈ ਕਰਨੀ,
ਪ੍ਰਸ਼ਾਸ਼ਨ ਦਾ ਅਹਿਮ ਫ਼ਰਜ਼ ਹੈ।
ਕਈ ਵਾਰ ਵਿਆਹ ਤੋਂ ਬਾਅਦ ਭੀ ਅਜਿਹੇ ਨਾਜ਼ਾਇਜ਼ ਸਬੰਧ ਬਣੇ ਰਹਿੰਦੇ ਹਨ ਜਾਂ
ਨਵੇਂ-ਸਿਰੇ ਤੋਂ ਬਣਾ ਲਏ ਜਾਂਦੇ ਹਨ ਜਿਨ੍ਹਾਂ ਦੇ ਕਾਰਨ ਕਈ ਪਰਿਵਾਰ ਬਰਬਾਦ ਹੋ ਜਾਂਦੇ ਹਨ। ਮੀਡੀਆ
ਰਾਹੀਂ ਭਾਵੇਂ ਅਜਿਹੇ ਸਾਰੇ ਮਾਮਲੇ ਤਾਂ ਨਹੀਂ ਸਾਹਮਣੇ ਆਉਂਦੇ ਪਰ ਜਿਤਨੇ ਕੁ ਆਉਂਦੇ ਹਨ ਉਹ ਭੀ
ਬਹੁਤ ਜ਼ਿਆਦਾ ਗਿਣਤੀ ਵਿੱਚ ਹਨ। ਅਜਿਹੀਆਂ ਸ਼ਰਮਨਾਕ ਕਰਤੂਤਾਂ ਕੌਮਾਂ ਤੇ ਸਬੰਧਤ ਸਮਾਜ ਲਈ
ਅੰਤਰ-ਰਾਸ਼ਟਰੀ ਪੱਧਰ `ਤੇ ਸ਼ਰਮਿੰਦਗੀ ਦਾ ਕਾਰਨ ਬਣਦੀਆਂ ਹਨ।
ਅੱਜ ਤੋਂ ਪੰਜਾਹ ਕੁ ਸਾਲ ਪਹਿਲਾਂ ਤੱਕ ਦੇ ਪਰਿਵਾਰਕ ਹਾਲਤ ਚੰਗੇ ਕਿਉਂ ਸਨ?
ਭਾਵੇਂ ਅੱਜ ਤੋਂ ਢਾਈ ਕੁ ਸਦੀਆਂ ਪਹਿਲਾਂ ਤੱਕ (ਤਕਰੀਬਨ 1765 ਤੱਕ) ਸਿੱਖ
ਕੌਮ ਦਾ ਵੱਡਾ ਹਿੱਸਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਅਨੁਸਾਰ ਜੀਵਨ ਜੀਊਂ ਰਿਹਾ ਸੀ (ਅਤੇ ਇਸੇ
ਕਾਰਨ ਹੀ ਸਿੱਖਾਂ ਦੀਆਂ ਗਿਆਰਾਂ ਮਿਸਲਾਂ, 1716 ਵਿੱਚ ਬੰਦਾ ਸਿੰਘ ਬਹਾਦਰ ਤੇ ਉਸ ਦੇ ਸਾਰੇ
ਸਿਰਕੱਢ ਸਾਥੀਆਂ ਦੀਆਂ ਦਰਦਨਾਕ ਸ਼ਹੀਦੀਆਂ ਤੋਂ ਬਾਅਦ ਗੁਆਚ ਚੁੱਕੇ ਖ਼ਾਲਸਾ ਹਲੇਮੀ-ਰਾਜ ਨੂੰ 1765
ਵਿੱਚ, ਫਿਰ ਤੋਂ ਬਹਾਲ ਕਰਨ ਦੀ ਹਾਲਤ ਵਿੱਚ ਵੀ ਆ ਚੁੱਕੀਆਂ ਸਨ, ਪਰ ਉਦੋਂ ਤੱਕ ਕੁੱਝ-ਕੁ ਮਿਸਲਾਂ
ਦੇ ਗੁਰਮਤਿ-ਵਿਹੂਣੇ ਆਗੂ ਗੁਰਮਤਿ ਸਿਧਾਂਤਾਂ ਤੋਂ ਵੀ ਥਿੜਕ ਚੁੱਕੇ ਸਨ। ਇਹੀ ਕਾਰਨ ਸੀ ਕਿ ਉਹ,
ਖ਼ਾਲਸਾ ਹਲੇਮੀ-ਰਾਜ ਨੂੰ ਬਹਾਲ ਕਰਨ ਦੀ ਬਜਾਏ ਆਪੋ-ਆਪਣੀ ਮਿਸਲ ਦੇ ਕਬਜ਼ੇ ਅਧੀਨ ਇਲਾਕਿਆਂ `ਚ ਵਾਧਾ
ਕਰਨ ਦੀ ਲਾਲਸਾ ਕਾਰਨ, ਆਪਸ ਵਿੱਚ ਹੀ ਭਰਾ-ਮਾਰੂ ਜੰਗਾਂ ਵਿੱਚ ਉਲਝਦੇ ਚਲੇ ਗਏ। ਇਸੇ ਕਾਰਨ ਹੀ
ਗੁਰੂ ਨਾਨਕ ਸਾਹਿਬ ਵੱਲੋਂ ਵਿਸ਼ਵ-ਪੱਧਰੀ ਚੰਗਾ ਸਮਾਜ ਸਿਰਜ ਕੇ ਸਦੀਵੀ ਹਲੇਮੀ-ਰਾਜ ਸਥਾਪਤ ਕਰਨ ਲਈ
1478 ਵਿੱਚ ਅਰੰਭ ਕੀਤੀ ਗੁਰਮਤਿ ਇਨਕਲਾਬੀ ਲਹਿਰ ਵੀ ਨਿਵਾਣਾਂ ਵੱਲ ਨੂੰ ਹੋ ਤੁਰੀ ਅਤੇ ਅੱਜ
ਤਕਰੀਬਨ ਇਹ ਲਹਿਰ ਗੁਆਚ ਹੀ ਗਈ ਲਗਦੀ ਹੈ)। ਪਰ, ਪਿਛਲੇ ਤਕਰੀਬਨ ਪੰਜਾਹ ਕੁ ਸਾਲਾਂ ਤੋਂ ਤਾਂ ਸਿੱਖ
ਕੌਮ ਦੀ ਹਾਲਤ ਹਰ-ਰੋਜ਼ (ਹਰ ਪੱਖੋਂ) ਨਿੱਘਰਦੀ ਹੀ ਜਾ ਰਹੀ ਹੈ। ਉਦੋਂ ਬਹੁਤੇ ਸਿੱਖ, ਆਮਤੌਰ ਤੇ,
ਅੱਜ ਜਿੰਨੇ ਖ਼ੁਦਗਰਜ਼, ਮਾਦਾ-ਪ੍ਰਸਤ, ਮੱਕਾਰ ਅਤੇ ਝੂਠ ਦਾ ਸਹਾਰਾ ਲੈਣ ਵਾਲੇ ਨਹੀਂ ਹੁੰਦੇ ਸਨ।
ਉਨ੍ਹਾਂ `ਚੋਂ ਬਹੁਤੇ, ਹਰ ਹਾਲਤ, ਸੱਚ ਬੋਲਦੇ ਅਤੇ ਸੱਚਾ-ਸੁੱਚਾ ਜੀਵਨ ਜਿਊਂਦੇ ਸਨ। ਉਦੋਂ
ਬੱਚੇ/ਬੱਚੀ ਦਾ ਰਿਸ਼ਤਾ ਭੀ, ਅਕਸਰ, ਲਾਗੀ (ਨਾਈ ਆਦਿ) ਹੀ ਪੱਕਾ ਕਰ ਆਉਂਦੇ ਸਨ ਕਿਉਂਕਿ ਉਹ ਲਾਗੀ
ਹੀ ਦੁੱਖ-ਸੁੱਖ ਦਾ ਸੁਨੇਹਾ ਲੈ ਕੇ ਸਾਰਿਆਂ ਦੇ ਰਿਸ਼ਤੇਦਾਰਾਂ ਤੱਕ ਪਹੁੰਚਾਇਆ ਕਰਦੇ ਸਨ ਅਤੇ ਇਸੇ
ਕਾਰਨ ਹੀ ਉਨ੍ਹਾਂ ਨੂੰ ਇਲਾਕੇ ਦੇ ਬਹੁਤ ਸਾਰੇ ਪਰਿਵਾਰਾਂ ਦੇ ਸੁਭਾਅ ਅਤੇ ਰਹਿਤ-ਬਹਿਤ ਬਾਰੇ ਕਾਫ਼ੀ
ਜਾਣਕਾਰੀ ਹੁੰਦੀ ਸੀ। ਸਿੱਖਾਂ ਦੀ, ਅਨੰਦ-ਕਾਰਜ ਸਮੇਂ ਗੁਰੂ ਦੇ ਸਨਮੁੱਖ ਕੀਤੇ ਪ੍ਰਣ ਦੇ ਕਾਰਨ
(ਕੀਤੇ ਬਚਨਾਂ ਨੂੰ ਹਰ ਹਾਲਤ ਵਿੱਚ ਨਿਭਾਉਂਣ ਦੇ ਗੁਣ ਕਾਰਨ) ਤਾਲਾਕ ਦੇ ਕੇਸ ਨਾਂਹ ਦੇ ਬਰਾਬਰ ਹੀ
ਹੁੰਦੇ ਸਨ। ਮੇਰੇ ਦਾਦਾ ਜੀ (ਜੋ 1957 ਵਿੱਚ ਅਕਾਲ ਚਲਾਣੇ ਕਰ ਗਏ ਸਨ) ਦੱਸਿਆ ਕਰਦੇ ਸਨ ਕਿ ਜਦੋਂ
ਭੀ ਪਿੰਡ ਦਾ ਕੋਈ ਜੁਆਈ (ਦਾਮਾਦ) ਪਿੰਡ ਆਇਆ ਕਰਦਾ ਸੀ ਤਾਂ ਤਕਰੀਬਨ ਸਾਰਾ ਅਗਵਾੜ (ਤਕਰੀਬਨ ਸਾਡਾ
ਅੱਧਾ ਪਿੰਡ) ਹੀ ਉਸ ਦਾ ਆਦਰ-ਸਤਿਕਾਰ ਕਰਨ ਲਈ, ਉਸ ਲਈ ਦੁੱਧ ਦੇ ਛੰਨੇ {(ਇੱਕ ਖੁੱਲ੍ਹੇ ਮੂੰਹ
ਵਾਲਾ ਭਾਂਡਾ (ਵੱਡਾ ਕਟੋਰਾ) ਜਿਸ ਵਿੱਚ ਤਕਰੀਬਨ ਅੱਧਾ ਕੁ ਲੀਟਰ ਦੁੱਧ ਤਾਂ ਸਹਿਜੇ ਹੀ ਪਾਇਆ ਜਾ
ਸਕਦਾ ਸੀ)} ਭਰ ਕੇ ਉਸ ਜੁਆਈ ਦੇ ਸਹੁਰੇ ਘਰ ਦੇ ਕੇ ਜਾਂਦੇ ਸਨ। ਇਹ ਉਸ ਵਕਤ ਦੇ ਇੱਕ ਬਹੁਤ ਹੀ
ਚੰਗੇ ਭਾਈਚਾਰੇ ਦੀ ਮਿਸਾਲ ਹੈ। ਅੱਜ ਮਨੁੱਖ ਇਤਨਾ ਮਾਦਾ-ਪ੍ਰਸਤ ਹੋ ਗਿਆ ਹੈ ਕਿ ਉਹ ਛੋਟੇ-ਮੋਟੇ
ਲਾਲਚ ਕਾਰਨ ਹੀ ਝੂਠ ਬੋਲਣ ਲੱਗਿਆਂ ਦੇਰ ਨਹੀਂ ਲਾਉਂਦਾ। ਸਤਿਗੁਰੂ ਜੀ ਮਿਹਰ ਕਰਨ, ਮਨੁੱਖੀ ਸਮਾਜ
ਫਿਰ ਤੋਂ ਸਰਬ-ਸਾਂਝੇ ਅਤੇ ਸਰਬ-ਸ੍ਰੇਸ਼ਟ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਨੂੰ ਸਮਝ ਕੇ, ਮਨੋਂ
ਸਵੀਕਾਰ ਕਰ ਕੇ, ਉਸ ਮੁਤਾਬਿਕ ਅਮਲੀ ਜੀਵਨ ਜਿਊਂਣ ਲੱਗ ਜਾਏ!
(ਙ) ਸਿਹਤ-ਸੰਭਾਲ ਤੇ ਅਮੋਲਕ ਗੁਰਮਤਿ ਵਿਰਸੇ ਦੀ ਸੰਭਾਲ
ਬੱਚਿਆਂ ਲਈ ਇਹ ਵਿਸ਼ਾ ਭੀ ਬਹੁਤ ਹੀ ਜ਼ਰੂਰੀ ਹੈ। ਇਸ ਬਾਰੇ ਭੀ
ਸਕੂਲਾਂ/ਕਾਲਜਾਂ `ਚ ਯੋਗ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤੇ ਅਭਿਆਸ ਕਰਾਏ ਜਾਣੇ ਜ਼ਰੂਰੀ ਹਨ।
ਖਡੂਰ ਸਾਹਿਬ ਵਿੱਚ ਪੰਜਾਬ ਦਾ ਸਭ ਤੋਂ ਪਹਿਲਾ ਸਕੂਲ ਤੇ ਮੱਲ-ਅਖਾੜੇ ਗੁਰੂ ਅੰਗਦ ਸਾਹਿਬ ਨੇ ਹੀ
ਸ਼ੁਰੂ ਕਰਵਾਏ ਸਨ। ਰੈਡ-ਕਰਾਸ (ਮਰੀਜ਼ਾਂ ਦੀ ਨਿਸ਼ਕਾਮ ਸੇਵਾ ਲਈ ਸੁਸਾਇਟੀ) ਭੀ ਸੰਸਾਰ ਵਿੱਚ ਸਭ ਤੋਂ
ਪਹਿਲਾਂ ਦਸਮੇਸ਼ ਪਿਤਾ ਜੀ ਨੇ ਭਾਈ ਕਨੱਈਆ ਸੇਵਕ ਜਥੇ ਦੁਆਰਾ ਸ਼ੁਰੂ ਕਰਵਾਈ ਸੀ ਜਿਥੇ ਆਪਣੇ ਤੇ
ਵਿਰੋਧੀ-ਧਿਰ ਦੇ ਜ਼ਖ਼ਮੀਆਂ ਨੂੰ ਪਾਣੀ ਪਿਲਾਉਂਣ ਤੇ ਮੱਲ੍ਹਮ-ਪੱਟੀ ਕਰਨ ਦੀ ਸੇਵਾ, ਬਿਨਾਂ ਕਿਸੇ
ਵਿਤਕਰੇ ਦੇ, ਕੀਤੀ ਜਾਂਦੀ ਸੀ। ਸਮਾਜ ਲਈ ਸਿਹਤ ਦਾ ਵਿਸ਼ਾ ਪਹਿਲ ਦੇ ਆਧਾਰ `ਤੇ ਲਿਆ ਜਾਣਾ ਚਾਹੀਦਾ
ਹੈ ਕਿਉਂਕਿ ਚੰਗੀ ਸਿਹਤ ਤੋਂ ਬਿਨਾਂ ਹੋਰ ਸਾਰੀਆਂ ਪ੍ਰਾਪਤੀਆਂ ਬੇ-ਅਰਥ ਹੁੰਦੀਆਂ ਹਨ। ਇੰਜ ਹੀ
ਗੁਰਮਤਿ ਵਿਰਸੇ ਦੀ ਸੰਭਾਲ (ਜਿਸ ਵਿੱਚ ਗੁਰ-ਇਤਿਹਾਸ ਤੇ 18ਵੀਂ ਸਦੀ ਦਾ ਸ਼ਾਨਾਂਪੱਤਾ ਸਿੱਖ-ਇਤਿਹਾਸ
ਭੀ ਸ਼ਾਮਲ ਹੋਵੇ) ਸਕੂਲਾਂ/ਕਾਲਜਾਂ ਦੇ ਸਿਲੇਬਸ ਵਿੱਚ ਲਾਜ਼ਮੀ ਤੌਰ ਤੇ ਸ਼ਾਮਲ ਕੀਤਾ ਜਾਵੇ।
(ਚ) ਨਸ਼ਿਆਂ ਤੋਂ ਪਰਹੇਜ਼
ਇਹ ਵਿਸ਼ਾ ਭੀ ਬਹੁਤ ਹੀ ਅਹਿਮ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਰਬ-ਸਾਂਝਾ
ਫ਼ਲਸਫ਼ਾ ਮਨੁੱਖ ਨੂੰ ਸਖਤੀ ਨਾਲ ਸਾਰੇ ਨਸ਼ਿਆਂ ਦੇ ਸੇਵਨ ਦੇ ਖ਼ਿਲਾਫ਼ ਤਾੜਨਾ ਕਰਦਾ ਹੈ।
(ਛ) ਧੀ ਜਾਂ ਪੁੱਤਰ ਦਾ ਰਿਸ਼ਤਾ ਪੱਕਾ ਕਰਨ ਤੋਂ ਪਹਿਲਾਂ ਕਰਨ ਵਾਲੀਆਂ ਕੁੱਝ
ਕੁ ਜ਼ਰੂਰੀ ਗੱਲਾਂ
ਧੀ ਅਤੇ ਪੁੱਤਰ ਵਾਲੇ ਦੋਨੋਂ ਪਰਿਵਾਰ ਇਕੱਠੇ ਬੈਠ ਕੇ ਇੱਕ-ਦੂਜੇ ਦੀ
ਰਹਿਤ-ਬਹਿਤ ਬਾਰੇ, ਈਮਾਨਦਾਰੀ ਨਾਲ, ਦੱਸ ਦੇਣ। ਬੱਚੇ ਤੇ ਬੱਚੀ ਦੇ ਆਮ-ਸੁਭਾਅ ਬਾਰੇ ਵੀ ਖੁੱਲ੍ਹ
ਕੇ ਵੀਚਾਰ ਕਰ ਲੈਣ। ਵਿਆਹ ਨਾਲ ਸਬੰਧਤ ਸਾਰੀਆਂ ਰਸਮਾਂ-ਰੀਤਾਂ (ਸਮੇਤ ਦਾਜ਼ ਦੀ ਲੋੜ ਦੇ) ਬਾਰੇ
ਖੁੱਲ੍ਹ ਕੇ ਵੀਚਾਰ ਕੀਤੀ ਜਾਏ ਤੇ ਕੋਈ ਵੀ ਗੱਲ ਛੁਪਾ ਕੇ ਨਾ ਰੱਖੀ ਜਾਏ। ਜੇਕਰ ਦੋਨਾਂ ਪਰਿਵਾਰਾਂ
ਦੀ ਇਨ੍ਹਾਂ ਬੁਨਿਆਦੀ ਗੱਲਾਂ ਬਾਰੇ ਸਹਿਮਤੀ ਹੋ ਜਾਵੇ ਤਾਂ ਉਸ ਤੋਂ ਬਾਅਦ ਲੜਕੇ ਤੇ ਲੜਕੀ (ਹੋਣ
ਵਾਲੇ ਪਤੀ-ਪਤਨੀ) ਨੂੰ ਇਕੱਲਿਆਂ ਬੈਠ ਕੇ ਇੱਕ-ਦੂਜੇ ਨਾਲ ਖੁੱਲ੍ਹ ਕੇ ਵੀਚਾਰ (ਸਾਰੇ ਪੱਖਾਂ ਤੋਂ
ਹੀ) ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤਾ ਕਿ ਉਹ ਸਮਝ ਸਕਣ ਕਿ ਉਨ੍ਹਾਂ ਵਿੱਚ (ਮੁੱਢਲੇ ਤੌਰ
`ਤੇ) ਆਪਸੀ-ਵਿਚਾਰਾਂ ਦੀ ਕਿਤਨੀ ਕੁ ਸਾਂਝ ਹੈ। ਇਸ ਢੰਗ ਨਾਲ ਪੱਕੇ ਕੀਤੇ ਰਿਸ਼ਤਿਆਂ `ਚ, ਆਮ ਕਰ
ਕੇ, ਬਾਅਦ ਵਿੱਚ ਕੋਈ ਗ਼ਲਤ-ਫ਼ਹਿਮੀ ਜਾਂ ਕੁੜੱਤਣ ਆਉਂਣ ਦੀ ਸੰਭਾਵਨਾ ਨਹੀਂ ਹੋ ਸਕਦੀ।
ਇਥੇ ਲੇਖਕ ਦੇ ਸਾਹਮਣੇ ਬੀਤੀਆਂ ਤਿੰਨ ਘਟਨਾਵਾਂ ਦਾ ਜ਼ਿਕਰ ਕਰਨਾ ਲਾਹੇਵੰਦ
ਹੋ ਸਕਦਾ ਹੈ।
ਪਹਿਲੀ ਘਟਨਾ - ਰਿਸ਼ਤਾ ਕਿ ਧੋਖਾ?
ਕੁੱਝ ਕੁ ਸਾਲ ਪਹਿਲਾਂ ਮੇਰੇ ਇੱਕ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਦੇ ਪੁੱਤਰ
ਦਾ ਰਿਸ਼ਤਾ ਕੈਨੇਡਾ ਵਿੱਚ ਰਹਿਣ ਵਾਲੇ ਪਰਿਵਾਰ ਦੀ ਲੜਕੀ ਨਾਲ ਹੋ ਗਿਆ। ਵਿਆਹ ਤੋਂ ਕੁੱਝ ਚਿਰ ਬਾਅਦ
ਲੜਕਾ ਵੀ ਉਸ ਦੇਸ਼ ਵਿੱਚ ਚਲਾ ਗਿਆ। ਕਿਸੇ ਮਾਮੂਲੀ ਜਿਹੀ ਗੱਲ ਤੋਂ ਦੋਨਾਂ ਪਰਿਵਾਰਾਂ ਵਿੱਚ
ਮੱਤ-ਭੇਦ ਪੈਦਾ ਹੋ ਗਏ (ਕਿਉਂਕਿ ਲੜਕੀ, ਸ਼ਾਇਦ, ਬਦਚਲਣ ਸੀ ਅਤੇ ਉਸ ਦੇ ਮਾਤਾ-ਪਿਤਾ ਭੀ ਸਮਝਦਾਰ
ਨਹੀਂ ਸਨ)। ਉਨ੍ਹਾਂ ਨੇ ਪੁਲਿਸ ਨੂੰ ਫ਼ੋਨ ਕਰ ਕੇ ਲੜਕੇ `ਤੇ ਘਰੇਲੂ ਹਿੰਸਾ (
Domestic
Violance) ਦਾ ਝੂਠਾ ਕੇਸ ਪਾ ਦਿੱਤਾ। ਅਦਾਲਤ `ਚ
ਕੇਸ ਚਲਾ ਗਿਆ ਅਤੇ ਹੁਣ ਨੌਬਤ ਤਲਾਕ ਦੀਆਂ ਤਿਆਰੀਆਂ ਤੱਕ ਜਾ ਪਹੁੰਚੀ ਹੈ। ਕਾਰਨ ਇਹ ਹੈ ਕਿ ਰਿਸ਼ਤਾ
ਪੱਕਾ ਕਰਨ ਵੇਲੇ ਦੋਨਾਂ ਪਰਿਵਾਰਾਂ ਨੇ ਸਾਰੇ ਪਹਿਲੂਆਂ ਤੇ, ਸ਼ਾਇਦ, ਖੁੱਲ੍ਹ ਕੇ ਵਿਚਾਰ-ਵਟਾਂਦਰਾ
ਨਹੀਂ ਕੀਤਾ ਸੀ।
ਦੂਜੀ ਘਟਨਾ - ਰਿਸ਼ਤੇਦਾਰੀ ਕਿ ਸੌਦੇਬਾਜੀ?
ਕੁੱਝ ਕੁ ਸਮਾਂ (ਦੋ ਕੁ ਸਾਲ) ਪਹਿਲਾਂ ਦੀ ਗੱਲ ਹੈ ਲੇਖਕ ਦੇ ਇੱਕ ਨਜ਼ਦੀਕੀ
ਰਿਸ਼ਤੇਦਾਰ ਦੀ ਧੀ ਦੇ ਰਿਸ਼ਤੇ ਬਾਰੇ ਦੋਨਾਂ ਪਰਿਵਾਰਾਂ `ਚ ਗੱਲ ਚੱਲ ਰਹੀ ਸੀ। ਲੜਕੇ ਵਾਲੇ ਲੜਕੀ
ਵਾਲਿਆਂ ਦੇ ਘਰ (ਇੱਕ ਵਿਚੋਲੇ ਰਾਹੀਂ) ਆਏ। ਸਬੱਬ ਨਾਲ, ਉਸ ਦਿਨ ਮੈਂ ਭੀ ਉੱਥੇ ਹੀ ਸੀ। ਮੇਰੇ
ਸਾਹਮਣੇ ਵਿਚੋਲੇ ਨੇ ਆਮ-ਵਾਕਫ਼ੀ ਦੀਆਂ ਗੱਲਾਂ ਕੀਤੀਆਂ। ਪਰ, ਵਿਆਹ ਦੇ ਸਮੇਂ ਲੈਣ-ਦੇਣ ਬਾਰੇ ਜਾਂ
ਵਿਆਹ ਨਾਲ ਸਬੰਧਤ ਹੋਰ ਕਿਸੇ ਵੀ ਪਹਿਲੂ ਬਾਰੇ ਕੋਈ ਗੱਲ ਨਾ ਹੋਈ। ਲੜਕਾ ਵਿਦੇਸ਼ ਵਿੱਚ ਸੀ। ਕੁੱਝ
ਹਫ਼ਤਿਆਂ ਬਾਅਦ ਲੜਕਾ ਭੀ ਵਿਦੇਸ਼ੋਂ ਆ ਗਿਆ। ਉਸ ਦੇ ਆਉਂਣ ਤੋਂ ਪਹਿਲਾਂ ਹੀ ਲੜਕੇ ਵਾਲੇ ਰਿਸ਼ਤਾ ਪੱਕਾ
ਕਰਨਾ ਚਾਹੁੰਦੇ ਸਨ। ਪਰ, ਲੜਕੀ ਵਾਲੇ ਪਰਿਵਾਰ ਨੇ ਉਨ੍ਹਾਂ ਨੂੰ ਕਿਹਾ ਕਿ, "ਲੜਕੇ ਨੂੰ ਵਿਦੇਸ਼ੋਂ ਆ
ਜਾਣ ਦਿਓ। ਉਸ ਦੇ ਆਏ ਤੋਂ ਹੀ ਰਿਸ਼ਤਾ ਪੱਕਾ ਕਰਨ ਬਾਰੇ ਗੱਲ ਕੀਤੀ ਜਾਣੀ ਠੀਕ ਰਹੇਗੀ"। ਦੋਨਾਂ
ਪਰਿਵਾਰਾਂ ਵਿਚਕਾਰ ਰਿਸ਼ਤੇ ਬਾਰੇ ਗੱਲ-ਬਾਤ ਅੱਗੇ ਚੱਲੀ ਅਤੇ ਰਿਸ਼ਤਾ ਪੱਕਾ ਕਰਨਾ ਤਕਰੀਬਨ-ਤਕੀਰਬਨ
ਤੈਅ ਹੋ ਗਿਆ। ਕੁੱਝ ਦਿਨਾਂ ਬਾਅਦ, ਲੜਕੀ ਵਾਲੇ ਪਰਿਵਾਰ ਨੇ ਲੜਕੇ ਵਾਲੇ ਪਰਿਵਾਰ ਨਾਲ ਸ਼ਗਨ ਪਾਉਂਣ
ਬਾਰੇ ਫ਼ੋਨ `ਤੇ ਗੱਲ ਕੀਤੀ। ਲੜਕੇ ਨੇ ਫ਼ੋਨ ਚੁੱਕਿਆ, ਰਸਮੀ-ਜਿਹੀ ਗੱਲ ਕਰ ਕੇ ਫ਼ੋਨ ਆਪਣੀ ਮਾਂ ਨੂੰ
ਫੜਾ ਦਿੱਤਾ। ਲੜਕੇ ਦੀ ਮਾਂ ਨੇ ਵੀ ਸਰਸਰੀ ਜਿਹੀ ਗੱਲ ਕਰ ਕੇ ਫ਼ੋਨ ਲੜਕੇ ਦੇ ਪਿਤਾ ਨੂੰ ਫੜਾ ਦਿੱਤਾ
ਅਤੇ ਕਿਹਾ ਕਿ, "ਲਓ ਜੀ! ਇਨ੍ਹਾਂ ਨਾਲ ਗੱਲ ਕਰ ਲਓ"। ਉਸ ਨੇ ਕਿਹਾ ਕਿ, "ਲੜਕੀ ਦੇ ਨਾਂ `ਤੇ ਬੈਂਕ
ਖਾਤਾ ਖੋਲ੍ਹ ਕੇ ਉਸ ਵਿੱਚ … … ਲੱਖ ਰੁਪਏ ਜਮ੍ਹਾਂ ਕਰਵਾ ਦਿਓ। ਜਦੋਂ ਲੜਕੀ ਨੂੰ ਲੜਕਾ ਵਿਦੇਸ਼
ਬੁਲਾਵੇਗਾ ਤਾਂ ਉਦੋਂ ਇਹ ਪੈਸੇ ਵਰਤ ਲਏ ਜਾਣਗੇ"। ਲੜਕੀ ਵਾਲੇ ਪਰਿਵਾਰ ਨੇ ਅਜਿਹੇ ਲਾਲਚੀ ਪਰਿਵਾਰ
ਨਾਲ ਆਪਣੀ ਚੰਗੀ ਪੜ੍ਹੀ-ਲਿੱਖੀ ਧੀ ਦਾ ਰਿਸ਼ਤਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਤੀਜੀ ਘਟਨਾ - ਛਲ ਕਪਟ ਕਿ ਰਿਸ਼ਤੇਦਾਰੀ?
ਕੁੱਝ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਲੇਖਕ ਦੇ ਇੱਕ ਅਤਿ-ਨਜ਼ਦੀਕੀ
ਰਿਸ਼ਤੇਦਾਰ ਦੀ ਕੈਨੇਡਾ ਵਿੱਚ ਰਹਿੰਦੀ ਤਲਾਕ-ਸ਼ੁਦਾ ਬੀਬੀ ਦਾ ਰਿਸ਼ਤਾ ਇੱਕ ਅਖੌਤੀ ਸਿੱਖ ਪਰਿਵਾਰ ਦੇ
ਲੜਕੇ ਨਾਲ ਪੂਰੇ ਵਿਸਥਾਰ ਨਾਲ (ਰਿਸ਼ਤੇ-ਬਾਰੇ) ਸਾਰੀਆਂ ਗੱਲਾਂ (ਰਿਸ਼ਤੇ ਦੇ ਸਾਰੇ ਪਹਿਲੂਆਂ ਬਾਰੇ)
ਖੁੱਲ੍ਹ ਕੇ ਕਰਨ ਤੋਂ ਬਾਅਦ ਪੱਕਾ ਹੋ ਗਿਆ। ਅਨੰਦ-ਕਾਰਜ ਦੀ ਰਸਮ ਤੋਂ ਬਾਅਦ ਲੜਕੀ ਨੇ ਆਪਣੇ ਪਤੀ
ਨੂੰ ਕੈਨੇਡਾ ਬੁਲਾ ਲਿਆ। ਉਹ ਲੜਕਾ ਕੁੱਝ ਕੁ ਹਫਤੇ ਲੜਕੀ ਨਾਲ ਰਹਿਣ ਤੋਂ ਬਾਅਦ (ਬਿਨਾਂ ਦੱਸੇ ਜਾਂ
ਲੜਕੀ ਨਾਲ ਸਲਾਹ ਕੀਤੇ ਹੀ) ਅਚਾਨਕ ਉਸ ਨੂੰ ਛੱਡ ਕੇ ਅਗਿਆਤਵਾਸ ਹੋ ਗਿਆ ਤੇ ਕੁੱਝ ਸਮੇਂ ਬਾਅਦ
(ਸ਼ਾਇਦ, ਲੜਕੀ ਨੂੰ ਧੋਖਾ ਦੇ ਕੇ) ਉਸ ਤੋਂ ਤਲਾਕ ਲੈ ਲਿਆ। ਉਸ ਲੜਕੇ ਨੇ ਭਾਰਤ ਵਿੱਚ ਆ ਕੇ ਦੁਬਾਰਾ
ਵਿਆਹ ਕਰਵਾ ਲਿਆ (ਕਿਉਂਕਿ ਉਹ, ਸ਼ਾਇਦ ਕੈਨੇਡਾ ਦਾ ਪੱਕਾ ਵਸਨੀਕ ਬਣ ਚੁੱਕਾ ਸੀ)। ਮੇਰੇ ਰਿਸ਼ਤੇਦਾਰ
ਦੀ ਲੜਕੀ ਦਾ, ਉਸ ਦੇ ਪਹਿਲੇ ਪਤੀ ਤੋਂ ਇੱਕ 5-6 ਸਾਲ ਦਾ ਲੜਕਾ ਵੀ ਸੀ। ਲੇਖਕ ਨੂੰ ਇਹ ਵੀ ਪਤਾ
ਲੱਗਿਆ ਹੈ ਕਿ ਉਸ ਲੜਕੀ ਦਾ ਇਹ ਦੂਜਾ ਪਤੀ ਉਸ ਮਾਸੂਮ ਲੜਕੇ `ਤੇ ਵੀ ਤਸ਼ੱਦਦ ਕਰਦਾ ਹੁੰਦਾ ਸੀ। ਕੀ
ਅਜਿਹੇ (ਲੜਕੇ ਵਾਲੇ) ਪਰਿਵਾਰਾਂ ਨੂੰ ਸਿੱਖ ਕਿਹਾ ਜਾ ਸਕਦਾ ਹੈ? ਅਜਿਹੇ ਲੋਕ ਸਿੱਖੀ ਦੇ
ਸ਼ਾਨਾਂਮੱਤੇ ਵਿਰਸੇ `ਤੇ ਕਲੰਕ ਹਨ ਜੋ ਵਿਦੇਸ਼ਾਂ ਵਿੱਚ ਭੀ ਸਿੱਖ ਕੌਮ ਦਾ ਨਾਂ ਬਦਨਾਮ ਕਰਦੇ ਹਨ। ਸਦ
ਅਫ਼ਸੋਸ! !
ਇਨ੍ਹਾਂ ਘਟਨਾਵਾਂ ਤੋਂ ਕੀ ਨਤੀਜਾ ਕੱਢਿਆ ਜਾ ਸਕਦਾ ਹੈ?
ਇਹ ਤਿੰਨ ਅਫ਼ਸੋਸਨਾਕ ਘਟਨਾਵਾਂ ਸਿੱਧ ਕਰਦੀਆਂ ਹਨ ਕਿ ਸਿੱਖ ਕੌਮ ਦਾ ਵਡਾ
ਹਿੱਸਾ (ਤਕਰੀਬਨ 95%) ਗੁਰੂ ਗ੍ਰੰਥ ਸਾਹਿਬ ਦੇ ਸਰਬ-ਸਾਂਝੇ ਤੇ ਕਲਿਆਣਕਾਰੀ ਫ਼ਲਸਫ਼ੇ ਨਾਲੋਂ ਟੁੱਟ
ਚੁੱਕਾ ਹੈ ਅਤੇ ਪਦਾਰਥਵਾਦੀ ਬਣ ਚੁੱਕਾ ਹੈ, ਨੈਤਿਕ ਕਦਰਾਂ-ਕੀਮਤਾਂ ਖੰਭ ਲਗਾ ਕੇ ਉੱਡ ਚੁੱਕੀਆਂ ਹਨ
ਕੌਮ ਦੇ ਇਸ ਹਿੱਸੇ `ਚੋਂ। ਪਤੀ-ਪਤਨੀ ਦੇ ਅਤਿ ਪਵਿੱਤ੍ਰ ਰਿਸ਼ਤਿਆਂ ਦੇ ਭੀ ਸੌਦੇ ਹੋਣ ਲੱਗ ਪਏ ਹਨ।
ਸਤਿਗੁਰੂ ਜੀ ਮਿਹਰ ਕਰਨ, ਕੌਮ ਅਗਿਆਨਤਾ ਦੀ ਗੂੜ੍ਹੀ ਨੀਂਦ `ਚੋਂ ਜਾਗ ਪਏ।
ਪਤਨੀ ਤੇ ਉਸ ਦੇ ਸਹੁਰੇ ਪਰਿਵਾਰ ਦਾ ਪ੍ਰਸਪਰ ਵਿਹਾਰ
ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਅੱਜਕਲ, ਆਮਤੌਰ `ਤੇ,
ਬੀਬੀ ਨੇ ਵਿਆਹ ਤੋਂ ਪਹਿਲਾਂ, ਆਪਣੇ ਪੇਕੇ-ਘਰ ਵਿੱਚ 20-25 ਸਾਲ ਬਿਤਾਏ ਹੋਏ ਹੁੰਦੇ ਹਨ ਅਤੇ ਹਰ
ਇੱਕ ਪਰਿਵਾਰ ਦੇ ਰਹਿਣ-ਬਹਿਣ ਦੇ ਢੰਗ ਵਿੱਚ ਥੋੜ੍ਹਾ-ਬਹੁਤ ਫ਼ਰਕ ਜ਼ਰੂਰ ਹੁੰਦਾ ਹੈ। ਇਸ ਲਈ ਜਿੱਥੇ
ਨਵ-ਵਿਆਹੀ ਬੀਬੀ ਦਾ ਆਪਣੇ ਸਹੁਰੇ ਪਰਿਵਾਰ ਦੇ ਰਹਿਣ-ਬਹਿਣ ਦੇ ਢੰਗ ਅਨੁਸਾਰ ਆਪਣੇ-ਆਪ ਨੂੰ ਢਾਲਣਾ
ਫਰਜ਼ ਬਣਦਾ ਹੈ, ਉੱਥੇ ਸਹੁਰੇ ਪਰਿਵਾਰ ਦਾ ਭੀ ਫ਼ਰਜ਼ ਹੈ ਕਿ ਉਹ ਪਰਿਵਾਰ ਵਿੱਚ ਆਈ ਬੀਬੀ ਨੂੰ ਆਪਣੇ
ਪਰਿਵਾਰ ਵਿੱਚ ਰਲ-ਮਿਲ ਕੇ ਰਹਿਣ ਲਈ ਹਰ ਯੋਗ ਮੱਦਦ ਕਰੇ। ਅਸਲ ਵਿੱਚ, ਪਤਨੀ ਦੇ ਸੱਸ-ਸਹੁਰਾ ਉਸ ਦੇ
‘ਧਰਮ ਦੇ ਮਾਪੇ’ ਹੁੰਦੇ ਹਨ ਅਤੇ ਉਹ ਉਨ੍ਹਾਂ ਦੀ ‘ਧਰਮ ਦੀ ਧੀ’ ਹੁੰਦੀ ਹੈ। ਪਤਨੀ ਦੇ ਦੇਵਰ-ਜੇਠ
ਉਸ ਦੇ ਧਰਮ ਦੇ ਭਰਾਵਾਂ ਸਮਾਨ ਅਤੇ ਉਸ ਦੀ ਨਨਦ ਭੈਣ ਸਮਾਨ ਹੁੰਦੀ ਹੈ। ਜੇਠਾਣੀ ਤੇ ਦਿਉਰਾਣੀ ਉਸ
ਦੀਆਂ ਧਰਮ ਦੀਆਂ ਭੈਣਾਂ ਹੁੰਦੀਆਂ ਹਨ ਅਤੇ ਉਨ੍ਹਾਂ ਸਾਰਿਆਂ ਦੇ ਬੱਚੇ ਆਪਣੇ ਹੀ ਬੱਚਿਆਂ ਸਾਮਾਨ
ਹੁੰਦੇ ਹਨ। ਜੇਕਰ ਇਨ੍ਹਾਂ ਹਕੀਕਤਾਂ ਨੂੰ ਈਮਾਨਦਾਰੀ ਨਾਲ ਆਪਣੇ ਧਰਮ ਦੇ ਫ਼ਰਜ਼ ਸਮਝ ਕੇ ਨਿਭਾਇਆ
ਜਾਵੇ ਤਾਂ ਆਮ ਤੌਰ `ਤੇ, ਕਿਸੇ ਨੂੰ ਵੀ ਪਰਿਵਾਰ ਦੇ ਕਿਸੇ ਦੂਜੇ ਮੈਂਬਰ ਪ੍ਰਤੀ ਕੋਈ ਗਿਲਾ-ਸ਼ਿਕਵਾ
ਹੋਣਾ ਹੀ ਨਹੀਂ ਚਾਹੀਦਾ। ਸਾਰੀਆਂ ਸਮੱਸਿਆਵਾਂ ਆਪੋ-ਆਪਣੇ ਇਨ੍ਹਾਂ ਫ਼ਰਜ਼ਾਂ ਤੋਂ ਅਵੇਸਲੇ ਹੋਣ ਕਾਰਨ
ਹੀ ਪੈਦਾ ਹੁੰਦੀਆਂ ਹਨ, ਲੇਖਕ ਦਾ ਇਹ ਦ੍ਰਿੜ ਵਿਸ਼ਵਾਸ਼ ਹੈ। ਲੇਖਕ ਦਾ ਆਪਣੀ ਪਤਨੀ ਬਾਰੇ ਅਮਲੀ
ਵਰਤਾਰਾ ਅਜਿਹਾ ਸੀ ਕਿ ਉਹ ਆਪਣੇ ਆਪ ਨੂੰ ਮੇਰੇ ਬਰਾਬਰ ਸਮਝੇ ਅਤੇ ਘਰ ਦੇ ਸਾਰੇ ਕਾਰਜ-ਵਿਹਾਰਾਂ
ਵਿੱਚ ਉਸ ਦੀ ਭੀ ਸਲਾਹ ਲਈ ਜਾਵੇ ਅਤੇ ਉਸ ਵੱਲੋਂ ਦਿੱਤੀ ਹਰ ਸਲਾਹ ਨੂੰ ਯੋਗ ਆਦਰ ਦਿੱਤਾ ਜਾਵੇ ਅਤੇ
ਕਦੇ ਭੀ ਆਪ-ਹੁਦਰਾ ਹੋ ਕੇ ਨਾ ਚੱਲਿਆ ਜਾਵੇ। ਇਸ ਸੋਚ ਲਈ ਲੇਖਕ ਪ੍ਰਭੂ-ਪਿਤਾ ਦਾ ਹਮੇਸ਼ਾਂ ਲਈ
ਸ਼ੁਕਰਗੁਜ਼ਾਰ ਹੈ। ਕੋਈ ਭੀ ਪਰਿਵਾਰਕ ਸਮੱਸਿਆ ਅਜਿਹੀ ਨਹੀਂ ਹੁੰਦੀ ਜਿਸ ਦਾ ਪਰਿਵਾਰ ਵਿੱਚ ਰਲ-ਬੈਠ
ਕੇ ਕੋਈ ਸਾਰਥਕ ਹੱਲ ਨਾ ਕੱਢਿਆ ਜਾ ਸਕੇ। ਸਮੱਸਿਆ ਉਦੋਂ ਹੀ ਦੁਖਦਾਈ ਬਣਦੀ ਹੈ ਜਦੋਂ ਸਾਡੇ ਵਿੱਚ
ਖ਼ੁਦਗਰਜ਼ੀ, ਹੰਕਾਰ ਜਾਂ ਫ਼ੋਕੇ ਵਕਾਰ ਦੀ ਭਾਵਨਾ ਜਨਮ ਲੈਂਦੀ ਹੈ। ਜਿਉਂ-ਜਿਉਂ ਪਰਿਵਾਰ ਗੁਰੂ
ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਅਮਲੀ ਜੀਵਨ ਵਿੱਚ ਢਾਲਦਾ ਜਾਵੇਗਾ, ਪਰਿਵਾਰਕ ਮਾਹੌਲ ਸੁਖਾਵਾਂ
ਬਣਦਾ ਚਲਾ ਜਾਵੇਗਾ। ਭਾਵ, ਜਿਤਨੀ ਕੁ ਪਰਿਵਾਰ ਦਾ ਹਰ ਮੈਂਬਰ ਆਪਣੇ ਮਨ ਦੀ ਮਤਿ ਨੂੰ ਤਿਆਗਦਾ ਹੋਇਆ
ਸ਼ਬਦ-ਗੁਰੂ ਦੀ ਮੱਤ ਨੂੰ ਈਮਾਨਦਾਰੀ ਨਾਲ ਗ੍ਰਹਿਣ ਕਰਦਾ ਜਾਵੇਗਾ ਉਤਨਾ ਹੀ ਪਰਿਵਾਰਕ ਜੀਵਨ ਸੁਖੀ
ਅਤੇ ਖ਼ੁਸ਼ਗਵਾਰ ਹੁੰਦਾ ਜਾਵੇਗਾ। ਇਹ ਸਤਿਗੁਰਾਂ ਵੱਲੋਂ ਸਾਡੇ ਸਭ ਲਈ ਪੱਕੀ ਗਰੰਟੀ ਹੈ। ਗੁਰੂ
ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਅਸਲ ਭਾਵ ਭੀ ਇਹੀ ਹੁੰਦਾ ਹੈ ਕਿ, "ਹੇ ਸੱਚੇ ਪਾਤਿਸ਼ਾਹ! ਮੈਂ
ਆਪਣੀ ਮੱਤਿ (ਮਨਮੱਤਿ) ਤੇਰੇ ਚਰਨਾਂ `ਚ ਭੇਟਾ ਕਰਦਾ ਹਾਂ ਅਤੇ ਤੇਰੀ ਸ੍ਰੇਸ਼ਟ-ਮਤਿ (ਗੁਰਮਤਿ) ਹਾਸਲ
ਕਰਨ ਲਈ ਤੇਰੇ ਮੂਹਰੇ ਸੱਚੇ-ਦਿਲੋਂ ਅਰਜ਼ੋਈ ਕਰਦਾ ਹਾਂ। ਤੁਸੀਂ ਮੈਨੂੰ (ਮਨਮੱਤਿ ਦਾ ਤਿਆਗ ਕਰਾ ਕੇ)
ਆਪਣੀ ਮੱਤਿ ਦੀ ਦਾਤਿ ਮੇਰੀ ਝੋਲੀ ਵਿੱਚ ਪਾਓ ਅਤੇ ਗੁਰਮਤਿ ਦੇ ਅਸੂਲਾਂ `ਤੇ ਚੱਲਣ ਦੀ ਸਮਰੱਥਾ ਭੀ
ਬਖ਼ਸ਼ੋ ਜੀ!"
ਸੱਚੇ-ਦਿਲੋਂ ਨਿਕਲੀਆਂ ਇਸ ਭਾਵ ਦੀਆਂ ਅਰਦਾਸਾਂ ਵਿਅਰਥ ਨਹੀਂ ਜਾ ਸਕਦੀਆਂ,
ਜ਼ਰੂਰ ਹੀ ਕਦੇ-ਨਾ-ਕਦੇ (ਪ੍ਰਭੂ-ਪਿਤਾ ਦੀ ਰਜ਼ਾ ਜਾਂ ਭਾਣੇ ਅਨੁਸਾਰ) ਪੂਰੀਆਂ ਹੋ ਜਾਂਦੀਆਂ ਹਨ
ਕਿਉਂਕਿ ਉਹ ਮਾਲਿਕ-ਪ੍ਰਭੂ ਅੰਤਰਜਾਮੀ ਅਤੇ ਸਦਾ ਦਇਆਲੂ ਹੈ।
ਕਮਜ਼ੋਰੀਆਂ/ਤਰੁੱਟੀਆਂ ਸਾਡੇ ਵਿੱਚ ਹੀ ਹੁੰਦੀਆਂ ਹਨ। ਪਹਿਲੀ ਗ਼ਲਤੀ ਤਾਂ
ਅਸੀਂ ਇਹ ਕਰਦੇ ਹਾਂ ਕਿ ਸਤਿਗੁਰੂ ਨੂੰ ਭੇਟਾ ਕੀਤੀ ਆਪਣੀ ਮੱਤਿ, ਹਰ ਰੋਜ਼ ਹੀ, ਗੁਰੂ-ਘਰ ਤੋਂ ਆਉਂਣ
ਲੱਗੇ, ਵਾਪਸ ਚੁੱਕ ਲਿਆਉਂਦੇ ਹਾਂ। ਕੀ ਸਤਿਗੁਰੂ ਨੂੰ ਭੇਟਾ ਕੀਤੀ ਹੋਰ ਕੋਈ ਚੀਜ਼ ਭੀ ਅਸੀਂ ਵਾਪਿਸ
ਆਉਂਣ ਲੱਗੇ ਕਦੇ ਚੁੱਕ ਕੇ ਲਿਆਉਂਣ ਲਈ ਸੋਚ ਭੀ ਸਕਦੇ ਹਾਂ? ਨਹੀਂ, ਕਿਉਂਕਿ ਪ੍ਰਭੂ-ਪਿਤਾ ਹਰ ਥਾਂ
ਤੇ ਹਰ ਵਕਤ ਹਾਜ਼ਰ-ਨਾਜ਼ਰ ਹੈ।
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ॥ ਛੋਡਿ ਸਿਆਣਪ ਸਗਲ ਮਨੁ
ਤਨੁ ਅਰਪਿ ਧਰਿ॥ (ਮ: 5, 519)
ਭਾਵ: (ਹੇ ਭਾਈ!) ਦਿਲ ਦਾ ਜੋ ਦੁੱਖ ਹੋਵੇ, ਉਹ ਆਪਣੇ ਸਤਿਗੁਰੂ ਅੱਗੇ
ਬੇਨਤੀ ਕਰ, ਆਪਣੀ ਸਾਰੀ ਚਤੁਰਾਈ ਛਡ ਦੇਹ ਤੇ ਮਨ-ਤਨ ਗੁਰੂ ਦੇ ਹਵਾਲੇ ਕਰ ਦੇਹ।
ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ॥
ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ॥ 1॥ ਰਹਾਉ॥ (ਮ: 3, 429)
ਭਾਵ: ਹੇ ਮੇਰੇ ਮਨ! ਕਿਤੇ ਇਹ ਨਾ ਸਮਝ ਲਈਂ ਕਿ ਪਰਮਾਤਮਾ (ਤੈਥੋਂ)
ਦੂਰ ਵਸਦਾ ਹੈ, ਉਸ ਨੂੰ ਸਦਾ ਆਪਣੇ ਅੰਗ-ਸੰਗ ਵਸਦਾ ਵੇਖ। (ਜੋ ਕੁੱਝ ਤੂ ਬੋਲਦਾ ਹੈਂ, ਉਸ ਨੂੰ ਉਹ)
ਸਦਾ ਸੁਣ ਰਿਹਾ ਹੈ, (ਤੇਰੇ ਕੰਮਾਂ ਨੂੰ ਉਹ) ਸਦਾ ਵੇਖ ਰਿਹਾ ਹੈ। ਗੁਰੂ ਦੇ ਸ਼ਬਦ (ਉਪਦੇਸ਼) ਵਿੱਚ
(ਜੁੜ ਤੈਨੂੰ ਹਰ ਥਾਂ) ਵਿਆਪਕ ਦਿਸੇਗਾ। 1. ਰਹਾਉ।
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ॥ ਨਾਨਕ ਜੋਰੁ ਗੋਵਿੰਦ ਕਾ ਪੂਰਨ
ਗੁਣਤਾਸਿ॥ 2॥ (ਮ: 5, 819)
ਭਾਵ: ਹੇ ਨਾਨਕ! (ਆਖ - ਹੇ ਭਾਈ! ਪ੍ਰਭੂ ਦੇ ਦਰ ਦੇ ਹੀ ਸੇਵਕ ਬਣੇ
ਰਹੋ) ਸੇਵਕ ਦੀ ਅਰਜ਼ੋਈ ਕਦੇ ਖਾਲੀ ਨਹੀਂ ਜਾਂਦੀ (ਪ੍ਰਭੂ ਜ਼ਰੂਰ ਸਹਾਇਤਾ ਕਰਦਾ ਹੈ, ਤੇ, ਰੋਗ
ਆਦਿਕਾਂ ਤੋਂ ਆਪ ਹੀ ਬਚਾਉਂਦਾ ਹੈ)। ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੇ ਗੁਣਾਂ ਨਾਲ
ਭਰਪੂਰ ਹੈ। ਮੈਨੂੰ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਹੈ। 2.
ਪਤੀ-ਪਤਨੀ ਦੇ ਪਵਿੱਤ੍ਰ ਰਿਸ਼ਤੇ ਬਾਰੇ ਇਤਨੇ ਵਿਸਥਾਰ ਨਾਲ ਲਿਖਣ ਦੀ ਕਿਉਂ
ਲੋੜ ਪਈ?
ਪਤੀ-ਪਤਨੀ ਦੇ ਰਿਸ਼ਤੇ ਤੋਂ ਹੀ ਪਰਵਾਰ ਤੇ ਸਮਾਜ ਦਾ ਵਿਕਾਸ ਹੁੰਦਾ ਹੈ।
ਜੇਕਰ ਇਹ ਪਵਿੱਤ੍ਰ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀਆਂ ਸਰਬ-ਸਾਂਝੀਆਂ ਇਖ਼ਲਾਕੀ
(ਨੈਤਿਕ) ਕਦਰਾਂ-ਕੀਮਤਾਂ `ਤੇ ਈਮਾਨਦਾਰੀ ਨਾਲ ਪਹਿਰਾ ਦੇਵੇਗਾ ਤਾਂ ਹੀ ਪਰਿਵਾਰਾਂ ਵਿੱਚ ਤੇ ਸਮਾਜ
ਵਿੱਚ ਸਦੀਵੀ ਸ਼ਾਂਤੀ ਦੀ ਸਥਾਪਨਾ ਵੱਲ ਵਧਿਆ ਜਾ ਸਕੇਗਾ। ਇੱਕ ਪਰਿਵਾਰ ਹੀ ਪੂਰੇ ਮਨੁੱਖੀ ਸਮਾਜ ਦੀ
ਸਭ ਤੋਂ ਛੋਟੀ ਇਕਾਈ ਹੁੰਦੀ ਹੈ ਅਤੇ ਜੇਕਰ ਬਹੁ-ਗਿਣਤੀ ਪਰਿਵਾਰ ਸਹੀ ਜੀਵਨ-ਜਾਚ (ਨਾਮ-ਧਰਮ ਯਾਨੀ
ਕਿ, ਇਨਸਾਨੀਅਤ) ਨੂੰ ਅਮਲੀ ਤੌਰ `ਤੇ ਪੂਰੀ ਈਮਾਨਦਾਰੀ ਨਾਲ ਅਪਣਾਅ ਲੈਣਗੇ ਤਾਂ ਉਹ ਵਿਸ਼ਵ-ਪੱਧਰੀ
ਆਦਰਸ਼ਕ ਭਾਈਚਾਰਕ ਸਾਂਝਾਂ ਵਾਲੇ (ਸ਼ਾਂਤੀ-ਪੂਰਵਕ) ਸਮਾਜ ਦੀ ਸਿਰਜਨਾ ਵੀ, ਦੇਰ-ਸਵੇਰ, ਕਰ ਹੀ
ਲੈਣਗੇ।
ਸਿੱਖ ਦੀ ਪ੍ਰੀਭਾਸ਼ਾ
ਸ਼ਬਦ ਗੁਰੂ (ਗੁਰੂ ਗ੍ਰੰਥ ਸਾਹਿਬ) ਦੇ ਅਟੱਲ ਇਲਾਹੀ ਫ਼ੁਰਮਾਣਾਂ ਅਨੁਸਾਰ
ਸਿੱਖ ਦੀ ਪ੍ਰੀਭਾਸ਼ਾ ਸਤਿਗੁਰਾਂ ਨੇ ਇੰਜ ਕੀਤੀ ਹੈ -
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ
ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ
ਪਛੋਤਾਵੈ॥ 1॥ ਹਰਿ ਕੇ ਦਾਸ ਸੁਹੇਲੇ ਭਾਈ॥ ਜਨਮ ਜਨਮ ਕੇ ਕਿਲਵਿਖ ਦੁਖ ਕਾਟੇ ਆਪੇ ਮੇਲਿ ਮਿਲਾਈ॥
ਰਹਾਉ॥ (ਮ: 601)
ਪਦ ਅਰਥ: ਸੋ-ਉਹ ਮਨੁੱਖ। ਸਖਾ-ਮਿੱਤਰ। ਬੰਧਪੁ-ਰਿਸ਼ਤੇਦਾਰ। ਜਿ-ਜੇਹੜਾ।
ਭਾਣੈ-ਮਰਜ਼ੀ ਵਿੱਚ, ਮਰਜ਼ੀ ਅਨੁਸਾਰ। ਵਿਛੁੜਿ-ਵਿੱਛੜ ਕੇ। ਸੁਹੇਲੇ-ਸੁਖੀ। ਕਿਲਵਿਖ-ਪਾਪ। ਆਪੇ-ਪ੍ਰਭੂ
ਆਪ ਹੀ। ਰਹਾਉ।
ਭਾਵ: ਹੇ ਭਾਈ! ਪਰਮਾਤਮਾ ਦੇ ਭਗਤ ਸੁਖੀ ਜੀਵਨ ਬਤੀਤ ਕਰਦੇ ਹਨ।
ਪਰਮਾਤਮਾ ਆਪ ਉਨ੍ਹਾਂ ਦੇ ਜਨਮਾਂ-ਜਨਮਾਂ ਦੇ ਦੁੱਖ ਪਾਪ ਕੱਟ ਦਿੰਦਾ ਹੈ, ਤੇ, ਉਨ੍ਹਾਂ ਨੂੰ ਆਪਣੇ
ਚਰਨਾਂ ਵਿੱਚ ਮਿਲਾ ਲੈਂਦਾ ਹੈ। ਰਹਾਉ।
ਹੇ ਭਾਈ! ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ
ਰਿਸ਼ਤੇਦਾਰ ਹੈ, ਜੇਹੜਾ ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ। ਪਰ ਜੇਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ
ਤੁਰਦਾ ਹੈ, ਉਹ ਪ੍ਰਭੂ ਤੋਂ ਵਿਛੜ ਕੇ ਦੁੱਖ ਸਹਾਰਦਾ ਹੈ। ਗੁਰੂ ਦੀ ਸ਼ਰਣ ਪੈਣ ਤੋਂ ਬਿਨਾਂ ਮਨੁੱਖ
ਕਦੇ ਸੁੱਖ ਨਹੀਂ ਪਾ ਸਕਦਾ, ਤੇ ਮੁੜ-ਮੁੜ ਆਵਾਗਵਣ `ਚ ਪੈ ਕੇ (ਦੁਖੀ ਹੋ ਕੇ) ਪਛੁਤਾਉਂਦਾ ਹੈ। 1.
ਨੋਟ:
ਜਪੁ (ਜਪੁ ਜੀ) ਦੀ ਦੂਜੀ ਪਉੜੀ ਦੀ ਅਰੰਭਤਾ ਹੀ, ਗੁਰੂ ਨਾਨਕ ਸਾਹਿਬ,
ਪ੍ਰਭੂ ਦੇ ਹੁਕਮੁ ਦਾ ਵਰਣਨ ਕਰਦਿਆਂ, ਇੰਜ ਕਰਦੇ ਹਨ -
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ (ਮ: 11)
ਭਾਵ: ਅਕਾਲ ਪੁਰਖੁ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ (ਪਰ ਇਸ
ਹੁਕਮ ਦੀ ਸੰਪੂਰਨ ਤੌਰ `ਤੇ ਵਿਆਖਿਆ ਨਹੀਂ ਕੀਤੀ ਜਾ ਸਕਦੀ)
ਨੋਟ: ਸਰੀਰ ਦੇ ਕੇਸ਼/ਰੋਮ ਭੀ ਪ੍ਰਭੂ-ਪਿਤਾ ਦੇ ਹੁਕਮ ਅਨੁਸਾਰ ਹੀ
ਮਨੁੱਖੀ ਸਰੀਰ ਦਾ ਹਿੱਸਾ ਬਣੇ ਹੋਏ ਹਨ। ਇਸ ਲਈ ਇਨ੍ਹਾਂ ਦੀ ਕਾਂਟਾ-ਛਾਂਟੀ ਕਰਨੀ ਪ੍ਰਭੂ ਦੇ ਹੁਕਮ
ਦੀ ਖੁਲ੍ਹੱਮ-ਖੁੱਲ੍ਹੀ ਉਲੰਘਣਾ ਹੈ।
ਫਿਰ, ਬਹੁਤ ਸਾਰੇ ਸਿੱਖ ਪਰਿਵਾਰਾਂ ਦੇ ਬੱਚੇ/ਬੱਚੀਆਂ ਕੇਸ਼ਾਂ/ਰੋਮਾਂ ਨੂੰ
ਕਿਉਂ ਕਟਦੇ ਹਨ?
ਲੇਖਕ ਦੀ ਸਮਝ ਅਨੁਸਾਰ, ਪਹਿਲਾ ਕਾਰਨ ਇਹ ਹੈ ਕਿ ਬਹੁਤੇ ਸਿੱਖ
ਮਾਪੇ ਖ਼ੁਦ ਹੀ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦੇ ਬੁਨਿਆਦੀ ਉਪਦੇਸ਼ਾਂ ਦੀ ਸੋਝੀ ਤੋਂ ਖਾਲੀ
ਹੁੰਦੇ ਹਨ। ਦੂਜਾ ਕਾਰਨ ਹੈ ਗੁਰਮਤਿ-ਵਿਹੂਣੇ ਤੇ ਖ਼ੁਦਗਰਜ਼ ਸਿੱਖ ਲੀਡਰ (ਰਾਜਨੀਤਕ, ਧਾਰਮਿਕ
ਤੇ ਸਮਾਜਕ ਲੀਡਰ)। ਤੀਜਾ ਕਾਰਨ ਹੈ ਗੁਰਦਵਾਰਾ ਸੰਸਥਾ ਦੇ ਗੁਰਮਤਿ ਦੀ ਸੋਝੀ ਤੋਂ ਸੱਖਣੇ
ਪ੍ਰਬੰਧਕ ਕਮੇਟੀਆਂ ਦੇ ਮੈਂਬਰ ਕਿਉਂਕਿ ਬਹੁਤੇ ਗੁਰਦਵਾਰੇ ਗੁਰਮਤਿ ਪ੍ਰਚਾਰ ਦੇ ਕੇਂਦਰ ਬਣਨ ਦੀ
ਬਜਾਏ ਕਰਮ-ਕਾਂਡਾਂ ਦੇ ਅੱਡੇ ਹੀ ਬਣੇ ਹੋਏ ਹਨ ਅਤੇ ਸਾਡੀ ਨੌਜਵਾਨ ਪੀੜ੍ਹੀ ਦੀ ਦਿਲਚਸਪੀ ਵਾਲਾ ਕੋਈ
ਪ੍ਰੋਗਰਾਮ ਗੁਰਦਵਾਰਿਆਂ `ਚ, ਆਮਤੌਰ `ਤੇ, ਨਹੀਂ ਕੀਤਾ ਜਾਂਦਾ। ਚੌਥਾ ਕਾਰਨ ਇਹ ਹੈ ਕਿ
ਸਾਡੇ ਬੱਚਿਆਂ ਨੂੰ ਸਕੂਲਾਂ/ਕਾਲਜਾਂ ਵਿੱਚ ਭੀ (ਪੰਜਾਬ ਵਿੱਚ ਭੀ) ਮਿਆਰੀ ਨੈਤਿਕ ਸਿੱਖਿਆ
ਗੁਰ-ਇਤਿਹਾਸ ਅਤੇ ਸਿੱਖ ਸਭਿਆਚਾਰ ਬਾਰੇ ਜਾਣਕਾਰੀ ਦੇਣ ਦਾ ਕੋਈ ਪ੍ਰਬੰਧ ਨਹੀਂ। ਪੰਜਵਾਂ
ਕਾਰਨ ਹੈ ਗੁਰਮਤਿ-ਵਿਰੋਧੀਆਂ ਦੀਆਂ ਸਾਜਿਸ਼ੀ ਕਾਰਵਾਈਆਂ। ਛੇਵਾਂ ਕਾਰਨ ਹੈ ਮਾੜੀ ਸੰਗਤਿ।
ਇਸ ਬਹੁਤ ਹੀ ਅਹਿਮ ਮਸਲੇ ਦੇ ਹੱਲ ਲਈ ਕੁੱਝ ਸੁਝਾਅ
1. ਬੱਚਿਆਂ ਲਈ ਸਕੂਲਾਂ/ਕਾਲਜਾਂ `ਚ ਗੁਰਮਤਿ ਸਿੱਖਿਆ ਕੈਂਪਸ ਹਰ ਸਾਲ ਲਗਾਏ
ਜਾਣ।
2. ਗੁਰਦਵਾਰਿਆਂ ਦੇ ਰੋਜ਼ਾਨਾ ਵਿਸ਼ੇਸ਼ ਪ੍ਰੋਗਰਾਮਾਂ `ਚ ਬੱਚਿਆਂ ਦੀ ਦਿਲਚਸਪੀ
ਵਾਲੇ ਵਿਸ਼ੇ ਸ਼ਾਮਲ ਕੀਤੇ ਜਾਣ।
3. ਗੁਰ-ਇਤਿਹਾਸ, ਸਭਿਆਚਾਰ ਅਤੇ ਅਠ੍ਹਾਰਵੀਂ ਸਦੀ ਦੇ ਸ਼ਾਨਾਂਮਤੇ ਸਿੱਖ
ਇਤਿਹਾਸ ਦੀਆਂ ਅਹਿਮ ਘਟਨਾਵਾਂ ਬਾਰੇ ਸਕੂਲਾਂ ਕਾਲਜਾਂ `ਚ ਸਮੇਂ-ਸਮੇਂ ਸਿਰ, ਫ਼ਿਲਮਾਂ ਦਿਖਾਈਆਂ
ਜਾਣ।
ਕਰਨਲ ਗੁਰਦੀਪ ਸਿੰਘ