.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰਬਾਣੀ ਅਨੁਸਾਰ ਨਾਮ ਸਿਮਰਣ

ਸਤਿਗੁਰਾਂ ਦੀ ਬਾਣੀ ਦਾ ਕੋਈ ਸ਼ਬਦ ਲੈ ਲਓ ਉਸ ਵਿੱਚ ਨਾਮ ਜਪਣਾ ਜਾਂ ਸਿਮਰਣ ਕਰਨ ਦੀ ਗੱਲ ਕੀਤੀ ਗਈ ਹੈ। ਸਾਡੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਕਦੇ ਅਸੀਂ ਗੁਰਬਾਣੀ ਦੇ ਕੇਵਲ ਅੱਖਰੀਂ ਕਰਦੇ ਹਾਂ ਤੇ ਕਦੇ ਭਾਵ ਅਰਥਾਂ ਵਿੱਚ ਗੱਲ ਕਰਦੇ ਹਾਂ। ਸਵਾਲ ਪੈਦਾ ਹੁੰਦਾ ਹੈ ਕਿ ਕੀ ਕੇਵਲ ਅੱਖਰੀਂ ਅਰਥ ਕਰਨ ਨਾਲ ਉਪਦੇਸ਼ ਦੀ ਸਮਝ ਆ ਸਕਦੀ ਹੈ?

ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ।।

ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ।।

ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ।। ੧।। ੩।।

ਵਡਹੰਸ ਮਹਲਾ ੧ ਪੰਨਾ ੫੫੭

ਅੱਖਰੀਂ ਅਰਥ--ਹੇ ਨਾਨਕ! (ਪ੍ਰਭੂ-ਦਰ ਤੇ) ਆਖ—ਹੇ ਮੇਰੇ ਮਾਲਕ! ਜੇ ਕੋਈ ਗੁਰਮੁਖਿ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕੇਹੜੀ ਭੇਟ ਧਰਾਂ! ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ (ਭਾਵ,) ਆਪਾ-ਭਾਵ ਦੂਰ ਕਰ ਕੇ ਮੈਂ ਉਸ ਦੀ ਸੇਵਾ ਕਰਾਂ। ਜਦੋਂ ਸਾਡਾ ਪ੍ਰਭੂ-ਪਤੀ (ਸਾਡੀ ਮੂਰਖਤਾ ਦੇ ਕਾਰਨ) ਸਾਥੋਂ ਓਪਰਾ ਹੋ ਜਾਏ (ਤਾਂ ਉਸ ਨੂੰ ਮੁੜ ਆਪਣਾ ਬਨਾਣ ਲਈ ਇਹੀ ਇੱਕ ਤਰੀਕਾ ਹੈ ਕਿ) ਅਸੀ ਆਪਾ-ਭਾਵ ਮਾਰ ਦੇਈਏ, ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦੇਈਏ।

ਅੱਖਰੀਂ ਅਰਥਾਂ ਵਿੱਚ ਸਿਰ ਵੱਢ ਕੇ ਆਸਣ ਬਣਾਉਣ ਦੀ ਗੱਲ ਸਮਝ ਆਉਂਦੀ ਹੈ। ਕੀ ਕਦੇ ਕਿਸੇ ਨੇ ਸਿਰ ਵੱਢ ਕੇ ਆਸਣ ਬਣਾਇਆ ਹੈ? ਫਿਰ ਭਾਵ ਅਰਥ ਹੀ ਲਵਾਂਗੇ।

ਉਠੁ ਫਰੀਦਾ, ਉਜੂ ਸਾਜਿ, ਸੁਬਹ ਨਿਵਾਜ ਗੁਜਾਰਿ।।

ਜੋ ਸਿਰੁ ਸਾਂਈ ਨਾ ਨਿਵੈ, ਸੋ ਸਿਰੁ ਕਪਿ ਉਤਾਰਿ।। ੭੧।।

{ਪੰਨਾ ੧੩੮੧}

ਅਰਥ: — ਹੇ ਫਰੀਦ! ਉੱਠ, ਮੂੰਹ ਹੱਥ ਧੋ, ਤੇ ਸਵੇਰ ਦੀ ਨਿਮਾਜ਼ ਪੜ੍ਹ। ਜੋ ਸਿਰ ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਹ ਸਿਰ ਕੱਟ ਕੇ ਲਾਹ ਦੇਹ (ਭਾਵ, ਬੰਦਗੀਹੀਣ ਬੰਦੇ ਦਾ ਜੀਊਣਾ ਕਿਸ ਅਰਥ?)

ਫਰੀਦ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਹੜਾ ਵਿਆਕਤੀ ਸਵੇਰੇ ਉੱਠ ਕੇ ਨਿਮਾਜ਼ ਨਹੀਂ ਪੜ੍ਹਦਾ ਸਾਂਈਂ ਅੱਗੇ ਸਿਰ ਨਹੀਂ ਝਕਾਉਂਦਾ ਉਸ ਦਾ ਸਿਰ ਕੱਟ ਦੇਣਾ ਚਾਹੀਦਾ ਹੈ। ਹੁਣ ਦੇਖਿਆ ਜਾਏ ਤਾਂ ਕਦੇ ਕਿਸੇ ਦਾ ਸਿਰ ਨਹੀਂ ਕੱਟਿਆ ਗਿਆ ਤਾਂ ਫਿਰ ਉਸ ਦਾ ਭਾਵ ਅਰਥ ਹੈ ਉਹ ਸਿਰ ਕਿਸੇ ਕੰਮ ਨਹੀਂ ਆਉਂਦਾ। ਜਿਸ ਤਰ੍ਹਾਂ ਕੱਟਿਆ ਹੋਇਆ ਸਿਰ ਕਿਸੇ ਕੰਮ ਨਹੀਂ ਆਉਂਦਾ ਏਸੇ ਤਰ੍ਹਾਂ ਹੀ ਉਹ ਮਨੁੱਖ ਵੀ ਕਿਸੇ ਕੰਮ ਨਹੀਂ ਆਉਂਦਾ ਜਿਹੜਾ ਰੱਬੀ ਗੁਣਾਂ ਨੂੰ ਗ੍ਰਹਿਣ ਨਹੀਂ ਕਰਦਾ। ਇਸ ਸਲੋਕ ਵਿੱਚ ਸਮੇਂ ਦੀ ਸੰਭਾਲ ਕਰਨ ਦੀ ਗੱਲ ਆਉਂਦੀ ਹੈ। ਰਾਗ ਬਿਹਾਗੜਾ ਵਿਚੋਂ ਗੁਰੂ ਸਾਹਿਬ ਜੀ ਦਾ ਇੱਕ ਵਾਕ ਵਿਚਾਰਾਂਗੇ--

ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ ਸਭ ਹਰਿ ਹਰਿ ਨਾਮੁ ਧਿਆਵੈ ਰਾਮ।।

ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ ਹਰਿ ਹਰਿ ਹਰਿਜਸੁ ਗਾਵੈ ਰਾਮ।।

ਵਣੁ ਤ੍ਰਿਣੁ ਸਭੁ ਆਕਾਰੁ ਹੈ ਮੇਰੀ ਜਿੰਦੁੜੀਏ ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ।।

ਨਾਨਕ ਤੇ ਹਰਿ ਦਰਿ ਪੈਨਾੑਇਆ ਮੇਰੀ ਜਿੰਦੁੜੀਏ ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ।। ੪।।

ਰਾਗ ਬਿਹਾਗੜਾ ਮਹਲਾ ੪ ਪੰਨਾ ੫੪੦

ਅੱਖਰੀਂ ਅਰਥ: —ਹੇ ਮੇਰੀ ਸੋਹਣੀ ਜਿੰਦੇ! ਧਰਤੀ, ਪਾਤਾਲ, ਆਕਾਸ਼—ਹਰੇਕ ਹੀ ਪਰਮਾਤਮਾ ਦਾ ਨਾਮ ਸਿਮਰ ਰਿਹਾ ਹੈ। ਹੇ ਮੇਰੀ ਸੋਹਣੀ ਜਿੰਦੇ! ਹਵਾ ਪਾਣੀ, ਅੱਗ—ਹਰੇਕ ਤੱਤ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾ ਰਿਹਾ ਹੈ। ਹੇ ਮੇਰੀ ਸੋਹਣੀ ਜਿੰਦੇ! ਜੰਗਲ, ਘਾਹ, ਇਹ ਸਾਰਾ ਦਿੱਸਦਾ ਸੰਸਾਰ—ਆਪਣੇ ਮੂੰਹ ਨਾਲ ਹਰੇਕ ਹੀ ਪਰਮਾਤਮਾ ਦਾ ਨਾਮ ਜਪ ਰਿਹਾ ਹੈ। ਹੇ ਨਾਨਕ! (ਆਖ—) ਹੇ ਮੇਰੀ ਸੋਹਣੀ ਜਿੰਦੇ! ਜੇਹੜਾ ਜੇਹੜਾ ਜੀਵ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਵਿੱਚ ਆਪਣਾ ਮਨ ਜੋੜਦਾ ਹੈ, ਉਹ ਸਾਰੇ ਪਰਾਮਤਮਾ ਦੇ ਦਰ ਤੇ ਸਤਕਾਰੇ ਜਾਂਦੇ ਹਨ। ੪।

ਵਿਚਾਰ ਚਰਚਾ—ਸਿਮਰਨ ਦੇ ਸਬੰਧ ਵਿੱਚ ਏਦਾਂ ਸਮਝਿਆ ਜਾ ਰਿਹਾ ਹੈ ਕਿ ਰਸਨਾ ਦੇ ਨਾਲ ਵਾਰ ਵਾਰ ਇੱਕ ਸ਼ਬਦ ਨੂੰ ਦੁਹਰਾਇਆ ਜਾਏ ਤਾਂ ਉਸ ਨੂੰ ਸਿਮਰਨ ਕਿਹਾ ਜਾਂਦਾ ਹੈ। ਜਿਉਂਦੇ ਤਲ਼ `ਤੇ ਤਾਂ ਮਨੁੱਖ ਆਪਣੀ ਰਸਨਾ ਨਾਲ ਸਿਮਰਨ ਕਰ ਸਕਦਾ ਹੈ ਪਰ ਧਰਤੀ, ਅਸਮਾਨ ਤੇ ਪਤਾਲ ਦੀ ਕੋਈ ਜ਼ਬਾਨ ਨਹੀਂ ਹੈ। ਫਿਰ ਇਹ ਕਿਵੇਂ ਸਿਮਰਨ ਕਰ ਸਕਦੇ ਹਨ? ਇਸ ਦਾ ਅਰਥ ਹੈ ਕਿ ਇਹ ਸਾਰੇ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਹੇ ਹਨ ਤੇ ਇਹ ਬੱਝਵਾਂ ਨਿਯਮ ਹੀ ਰੱਬ ਜੀ ਦਾ ਸਿਮਰਨ ਹੈ। ਜੇ ਮਨੁੱਖੀ ਸਰੀਰ ਵਲ ਹੀ ਝਾਤ ਮਾਰਦੇ ਹਾਂ ਇਹ ਪਾਣੀ, ਅਗਨੀ ਤੇ ਹਵਾ ਦਾ ਸਾਂਝਾ ਸੁਮੇਲ ਹੈ। ਮਨੁੱਖੀ ਸਰੀਰ ਵਿੱਚ ਬੱਝਵੇਂ ਅਕਾਰ ਦੀ ਅਗਨੀ ਤੇ ਹਵਾ ਪਾਣੀ ਸਰੀਰ ਦੀ ਸਾਰੀ ਕਾਰਵਾਈ ਚਲਾਉਂਦੇ ਹਨ। ਸਾਰੇ ਸੰਸਾਰ ਦੀ ਤਰੱਕੀ ਦਾ ਵੀ ਏਹੀ ਰਾਜ਼ ਹੈ ਕਿ ਇਹਨਾਂ ਤਿੰਨਾਂ ਵਸਤੂਆਂ ਦੀ ਵਰਤੋਂ ਕਰਕੇ ਮਨੁੱਖੀ ਸੁੱਖੀ ਜੀਵਨ ਬਸਰ ਕਰ ਰਿਹਾ ਹੈ। ਤੀਜੀ ਤੁਕ ਵਿੱਚ ਸਾਰੀ ਬਨਸਪਤੀ ਅਗਨੀ ਪਾਣੀ ਤੇ ਹਵਾ ਦੁਆਰਾ ਆਪਣਾ ਅਕਾਰ ਵਧਾ ਰਹੀ ਹੈ। ਗੁਰੂ ਦੇ ਗਿਆਨ ਨੂੰ ਸਮਝ ਕੇ ਅਪਨਾਉਣ ਵਾਲੇ ਨੂੰ ਇਹਨਾਂ ਗੁਣਾਂ ਦੀ ਸਮਝ ਲਗਦੀ ਹੈ। ਗੁਰਬਾਣੀ ਵਾਕ ਹੈ ‘ਵਿਣੁ ਗੁਣ ਕੀਤੇ ਭਗਤਿ ਨਾ ਹੋਇ`

ਪਹਿਲੀ ਤੁਕ ਵਿੱਚ ਧਰਤੀ, ਪਤਾਲ ਤੇ ਅਕਾਸ਼ ਵਿੱਚ ਬਝਵੇਂ ਨਿਯਮ ਵਿੱਚ ਚੱਲ ਰਹੇ ਹਨ। ਅਗਨੀ, ਹਵਾ ਤੇ ਪਾਣੀ ਸਾਰੇ ਸੰਸਾਰ ਦੀ ਕਾਰ ਚਲਾਉਂਦੇ ਹਨ। ਇਹਨਾਂ ਦੀ ਸਹਾਇਤਾ ਨਾਲ ਸਾਰਾ ਸੰਸਾਰ ਵੱਧ ਫੁੱਲ ਰਿਹਾ ਹੈ। ਅਖੀਰਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਐ ਇਨਸਾਨ ਤੂੰ ਵੀ ਇੱਕ ਬੱਝਵੇਂ ਨਿਯਮ ਵਿੱਚ ਚੱਲਣ ਦਾ ਯਤਨ ਕਰ। ਰੱਬੀ ਨਿਯਮਾਵਲੀ ਵਿੱਚ ਚੱਲਣ ਹੀ ਅਸਲ ਸਿਮਰਨ ਹੈ। ਸਿਮਰਨ ਦੇ ਭਾਵ ਅਰਥ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਨਾਉਣਾ ਹੈ। ਅਸਲ ਸਿਮਰਨ ਦੇ ਨੁਕਤਿਆਂ ਨੂੰ ਸਮਝਣ ਦਾ ਯਤਨ ਕਰਾਂਗੇ।

੧. ਇੱਕ ਅਕਾਲ ਪੁਰਖ ਤੇ ਨਿਸ਼ਚਾ ਰਖਣਾ
੨. ਰੱਬ ਦੀਆਂ ਵਡਿਆਈਆਂ ਦੀ ਵਿਚਾਰ ਕਰਨੀ ਤੇ ਰੋਜ਼ਾਨਾ ਜਿੰਦਗੀ ਨੂੰ ਸੋਧਣਾ
੩. ਰਿਦੈ ਵਿਚ ਨਿਮਰਤਾ ਧਾਰਨ ਕਰਨੀ
੪. ਵੰਡ ਛਕਣਾ, ਰਜ਼ਾ ਅੰਦਰ ਰਹਿਣਾ੫. ਕਿਰਤ ਕਰਨੀ, ਹੱਕ -ਹਲਾਲ ਦੀ ਕਮਾਈ ਖਾਣੀ (ਅਸਲ ਵਿੱਚ ਕਿਰਤ ਕਰਨੀ ਤੇ ਵੰਡ ਕੇ ਛਕਣਾ ਦੀ ਪ੍ਰਕਿਰਿਆ ਨਿਬਾਹੁੰਣਾ ਹੀ ਨਾਮ ਸਿਮਰਨ ਹੈ)
੬. ਕਿਸੀ ਦਾ ਬੁਰਾ ਨਾ ਚਿਤਵਣਾ
੭. ਖਲਕਤ ਅੰਦਰ ਰੱਬ ਨੂੰ ਵੇਖਣਾ ਤੇ ਖ਼ਲਕਤ ਨਾਲ ਪਿਆਰ ਕਰਨਾ
੮. ਮਿੱਠਾ ਬੋਲਣਾ, ਕਿਸੇ ਨਾਲ ਈਰਖਾ ਨਾ ਕਰਨੀ
੯. ਪਰ-ਉਪਕਾਰ ਲਈ ਤੱਤਪਰ ਰਹਿਣਾ
੧੦. ਨੇਕੀ ਕਰਕੇ ਫਲ ਦੀ ਇਛਾ ਨਾ ਕਰਨੀ
੧੧. ਉੱਚਾ ਆਚਰਨ ਰੱਖਣਾ, ਵਿਕਾਰਾਂ ਤੇ ਕਾਬੂ ਰਖਣਾ
੧੨. ਨਾ ਡਰਨਾ ਤੇ ਕਿਸੇ ਨੂੰ ਡਰਾਉਣਾ
੧੩. ਉਧਮੀ ਅਤੇ ਚੜਦੀ ਕਲਾ ਅੰਦਰ ਰਹਿਣਾ
੧੫. ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ
੧੬. ਵਹਿਮ-ਭਰਮ ਅਤੇ ਅੰਧ ਵਿਸ਼ਵਾਸ ਤੋਂ ਉਚੇ ਰਹਿਣਾ

ਸਿੱਖ ਨੇ ਵਾਹਿਗੁਰੂ ਉਪਰੋਕਤ ਗੁਣਾਂ ਨੂੰ ਜੀਵਨ ਧਾਰਦਿਆਂ ਸਹਿਜ ਅਵੱਸਥਾ ਵਿੱਚ ਕਰਨਾ ਹੈ ਨਾ ਕਿ ਤੋਤਾ ਰਟਨੀ ਵਾਲਾ ਸਿਮਰਨ। ਜਿਹੜੇ ਵੀਰ ਇਸ ਗੱਲ ਦਾ ਜੋਰ ਸ਼ੋਰ ਨਾਲ ਪ੍ਰਚਾਰ ਕਰਦੇ ਹਨ ਕਿ ਭਾਈ ਗੁਰਦਾਸ ਨੇ ਲਿਖਿਆ ਹੈ—

ਵਾਹਿਗੁਰੂ ਗੁਰੂ ਮੰਤ੍ਰ ਹੈ ਜਪ ਹਉਮੈ ਖੋਈ।।

(ਵਾਰ ੧੩, ਪਉੜੀ ੨)

ਇਸ ਤੁਕ ਦੇ ਅੱਖਰੀਂ ਅਰਥ ਤਾਂ ਏਹੀ ਬਣਦੇ ਹਨ ਕਿ ਵਾਹਿਗੁਰੂ ਜਪਣ ਨਾਲ ਸਾਡੇ ਵਿਚੋਂ ਹਊਮੇ ਖਤਮ ਹੁੰਦੀ ਹੈ। ਪਰ ਮੰਤਰ ਦਾ ਅਰਥ ਸਲਾਹ ਬਣਦਾ ਹੈ। ਫਿਰ ਇਸ ਦਾ ਭਾਵ ਅਰਥ ਹੋਇਆ ਕਿ ਗੁਰੂ ਸ਼ਬਦ ਦੀ ਸਲਾਹ ਲੈ ਕੇ ਆਪਣੇ ਸੁਭਾਅ ਵਿਚੋਂ ਹਉਮੇ ਵਰਗੀ ਬਿਮਾਰੀ ਖਤਮ ਕਰਨੀ ਹੈ ਤੇ ਅਕਾਲੀ ਗੁਣਾਂ ਨੂੰ ਧਾਰਨ ਕਰਨਾ ਹੈ।




.