ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ॥ ਵਜਹੁ ਗਵਾਏ ਅਗਲਾ ਮੁਹੇ
ਮੁਹਿ ਪਾਣਾ ਖਾਇ॥ (ਮ: 1, 474)
ਪਦ-ਅਰਥ: ਗੈਰਤਿ-ਸ਼ਰਮਿੰਦਗੀ। ਵਜਹੁ-ਤਨਖਾਹ, ਵਜ਼ੀਫ਼ਾ। ਅਗਲਾ-ਪਹਿਲਾ, ਜੋ
ਪਹਿਲਾਂ ਮਿਲਦਾ ਸੀ। ਮੁਹਿ-ਮੂੰਹ ਉੱਤੇ। ਪਾਣਾ-ਜੁੱਤੀਆਂ।
ਭਾਵ: ਜਿਹੜਾ ਮਨੁੱਖ ਮਾਲਿਕ-ਪ੍ਰਭੂ ਦੀ ਬਰਾਬਰੀ ਕਰਨ ਦੀ ਗ਼ੁਸਤਾਖ਼ੀ
ਕਰੇ, ਉਹ ਆਪਣੇ ਮਨ ਵਿੱਚ ਸ਼ਰਮਿੰਦਗੀ ਹੀ ਉਠਾਂਦਾ ਹੈ। ਅਜਿਹਾ ਗ਼ੁਸਤਾਖ਼ ਤੇ ਹੰਕਾਰੀ ਮਨੁੱਖ, ਆਪਣੀ
ਪਹਿਲੀ ਸੇਵਾ ਦਾ ਇਵਜ਼ਾਨਾ ਜਾਂ ਵਜ਼ੀਫ਼ਾ (ਬਖਸ਼ਿਸ਼) ਵੀ ਗਵਾ ਲੈਂਦਾ ਹੈ ਅਤੇ (ਆਤਮਿਕ ਮਾਰਗ `ਤੇ ਚੱਲਣ
ਸਮੇਂ) ਸਦਾ ਆਪਣੇ ਮੂੰਹ `ਤੇ ਜੁੱਤੀਆਂ ਖਾਂਦਾ ਹੈ।
ਅਜਿਹੇ ਅੰਨ੍ਹੇ ਧਾਰਮਿਕ ਆਗੂਆਂ ਦੇ ਹੁਕਮਾਂ ਦੀ ਪਾਲਣਾ ਵੀ ਕੇਵਲ ਅੰਨ੍ਹੇ
ਮਨੁੱਖ ਹੀ ਕਰਦੇ ਹਨ ਅਤੇ ਦਰਗਾਹ ਅੰਦਰ ਖੱਜਲ-ਖ਼ੁਆਰ ਹੀ ਹੁੰਦੇ ਹਨ -
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥ ਹੋਇ ਸੁਜਾਖਾ ਨਾਨਕਾ ਸੋ
ਕਿਉਂ ਉਝੜਿ ਪਾਇ॥ ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿਂ॥ ਅੰਧੇ ਸੇਈ ਨਾਨਕਾ ਖਸਮਹੁ
ਘੁਥੇ ਜਾਹਿ॥ 1॥ (ਮ: 1, 954)
ਭਾਵ: ਜੇ ਕੋਈ ਅੰਨ੍ਹਾ (ਅਗਿਆਨੀ) ਮਨੁੱਖ (ਕਿਸੇ ਹੋਰ ਨੂੰ) ਰਾਹ
(ਜੀਵਨ ਜਿਉਂਣ ਦਾ ਸਹੀ ਢੰਗ) ਦੱਸੇ ਤਾਂ (ਉਸ ਰਾਹ `ਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ। ਹੇ
ਨਾਨਕ! ਸੁਜਾਖਾ (ਗਿਆਨਵਾਨ) ਮਨੁੱਖ (ਅੰਨ੍ਹੇ ਦੇ ਆਖੇ) ਕੁਰਾਹੇ ਨਹੀਂ ਪੈਂਦਾ (ਪਰ ਆਤਮਿਕ ਜੀਵਨ
ਵਿੱਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉੱਤੇ ਅੱਖਾਂ (ਦੀ
ਰੌਸ਼ਨੀ) ਨਹੀਂ। ਹੇ ਨਾਨਕ! ਅਸਲ ਵਿੱਚ ਅੰਨ੍ਹੇ ਉਹੀ ਹਨ ਜੋ ਮਾਲਿਕ-ਪ੍ਰਭੂ ਤੋਂ ਖੁੰਝੇ ਹੋਏ
(ਗੁਰਮਤਿ ਸਿਧਾਂਤਾਂ ਤੋਂ ਟੁੱਟੇ ਹੋਏ) ਹਨ, ਜੋ ਆਪ-ਹੁਦਰੇ ਹੋ ਕੇ ਚਲਦੇ ਹਨ।
ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ॥ ਪਹਿਲਾਂ ਵਸਤੁ ਸਿਞਾਣਿ ਕੈ ਤਾਂ
ਕੀਚੈ ਵਾਪਾਰੁ॥ (ਮ: 1, 1410)
ਭਾਵ: ਹੇ (ਹਰਣ ਦੇ ਨੇਤਰਾਂ ਵਰਗੇ) ਸੁੰਦਰ ਨੇਤਰਾਂ ਵਾਲੀਏ ਭੋਲੀਏ
ਜਵਾਨ ਇਸਤਰੀਏ! (ਭਾਵ, ਹੇ ਜਗਤ ਰਚਨਾਂ ਵਿੱਚੋਂ ਸਭ ਤੋਂ ਸੋਹਣੀ ਜੀਵ-ਇਸਤਰੀਏ!) ਮੇਰੀ ਇੱਕ ਡੂੰਘੇ
ਭੇਤ ਦੀ ਗੱਲ ਸੁਣ! (ਜਦੋਂ ਕੋਈ ਚੀਜ਼ ਖ੍ਰੀਦਣ ਲੱਗੀਏ, ਤਾਂ) ਪਹਿਲਾਂ (ਉਸ) ਚੀਜ਼ ਨੂੰ ਚੰਗੀ ਤਰ੍ਹਾਂ
ਪਰਖ਼ ਕੇ ਤਦੋਂ ਹੀ ਉਸ ਦਾ ਵਾਪਾਰ ਕਰਨਾ ਚਾਹੀਦਾ ਹੈ।
ਨੋਟ: ਪੁਜਾਰੀਵਾਦ ਲਈ ਗੁਰਮਤਿ ਫ਼ਲਸਫ਼ੇ ਅੰਦਰ ਕੋਈ ਥਾਂ ਨਹੀਂ ਹੈ।
4. ਅਗਿਆਨਤਾ ਦਾ ਇਲਾਜ਼
ਅਗਿਆਨਤਾ ਦਾ ਹਨ੍ਹੇਰਾ ਦੂਰ ਕਰਨ ਲਈ ਸ਼ਬਦ-ਗੁਰੂ ਦਾ ਫ਼ੁਰਮਾਣੁ ਹੈ -
ਸਲੋਕ॥ ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥ ਹਰਿ
ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥ (ਮ: 5, 293)
ਭਾਵ: (ਹੇ ਭਾਈ!) ਪਰਮਾਤਮਾ ਦੀ ਕਿਰਪਾ ਨਾਲ ਗੁਰੂ (ਸ਼ਬਦ-ਗੁਰੂ) ਨਾਲ
ਮਨੁੱਖ ਦਾ ਮਿਲਾਪ ਹੋਇਆ, ਗੁਰੂ ਨੇ ਮਨੁੱਖ ਦੀਆ ਅੱਖਾਂ (ਸੁਰਤਿ ਰੂਪੀ ਅੱਖਾਂ) ਵਿੱਚ ਰੱਬੀ-ਗਿਆਨ
ਦਾ ਸੁਰਮਾ ਪਾ ਦਿੱਤਾ। ਇਸ ਤਰ੍ਹਾਂ, ਹੇ ਨਾਨਕ! ਮਨੁੱਖ ਦੇ ਮਨ ਵਿੱਚ ਰੱਬੀ-ਗਿਆਨ ਦਾ ਪ੍ਰਕਾਸ਼ ਹੋਣ
ਨਾਲ ਉਸ ਦੀ ਅਗਿਆਨਤਾ ਦਾ ਹਨ੍ਹੇਰਾ ਮਿਟ ਗਿਆ, ਨਾਸ਼ ਹੋ ਗਿਆ।
5. ਦੁਨਿਆਵੀ ਧੜੇਬੰਦੀਆਂ ਖ਼ਤਮ ਹੋ ਜਾਂਦੀਆਂ ਹਨ
ਜਿੱਥੇ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ, ਸਮਾਜਕ ਸੰਸਥਾਵਾਂ ਤੇ
ਜਥੇ-ਬੰਦੀਆਂ ਦੀ ਸਥਾਪਨਾ ਕਰਨੀ ਜ਼ਰੂਰੀ ਹੈ, ਉੱਥੇ ਖ਼ੁਦ-ਗਰਜ਼ ਰੁਚੀਆਂ ਨੂੰ ਸਾਕਾਰ ਕਰਨ ਲਈ ਸਮਾਜ
ਨੂੰ ਧਾਰਮਿਕ, ਰਾਜਨੀਤਕ, ਸਮਾਜਿਕ, ਆਰਥਿਕ ਆਦਿ ਲੀਹਾਂ `ਤੇ ਵੰਡਣ ਲਈ ਜਥੇਬੰਦੀਆਂ/ਸੰਸਥਾਵਾਂ ਦੀ
ਉਸਾਰੀ ਕਰਨਾ ਨਿੰਦਣਯੋਗ ਕਾਰਵਾਈਆਂ ਹਨ। ਗੁਰਮਤਿ ਫ਼ਲਸਫ਼ਾ, ਇਸ ਪੱਖ ਤੋਂ, ਇੰਜ ਸੇਧ ਬਖ਼ਸ਼ਿਸ਼ ਕਰਦਾ ਹੈ
-
ਏਹ ਸਭਿ ਧੜੇ ਮਾਇਆ ਮੋਹ ਪਸਾਰੀ॥ ਮਾਇਆ ਕਉ ਲੂਝਹਿਂ ਗਾਵਾਰੀ॥ ਜਨਮਿ
ਮਰਹਿ ਜੂਐ ਬਾਜੀ ਹਾਰੀ॥
ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ॥ 3॥ (ਮ: 4, 366)
ਭਾਵ: (ਹੇ ਭਾਈ! ਦੁਨੀਆਂ ਦੇ) ਇਹ ਸਾਰੇ ਧੜੇ ਮਾਇਆ ਦਾ ਹੀ ਖਿਲਾਰਾ
ਹਨ, ਮੋਹ ਦਾ ਖਿਲਾਰਾ ਹਨ। (ਧੜੇ ਬਣਾਉਣ ਵਾਲੇ) ਮੂਰਖ ਲੋਕ ਮਾਇਆ (ਦੁਨਿਆਵੀ ਪਦਾਰਥਾਂ ਦੀ
ਪ੍ਰਾਪਤੀ, ਦੁਨਿਆਵੀ ਸ਼ੁਹਰਤ ਦੀ ਪ੍ਰਾਪਤੀ, ਦੂਸਰਿਆਂ ਨੂੰ ਗ਼ੁਲਾਮ ਬਣਾ ਕੇ ਰੱਖਣ ਦੀ ਖ਼ੋਟੀ ਇੱਛਾ
ਆਦਿ) ਦੀ ਖਾਤਰ ਹੀ (ਆਪੋ-ਵਿਚ) ਲੜਦੇ ਰਹਿੰਦੇ ਹਨ (ਇਸ ਕਾਰਨ ਉਹ ਮੁੜ-ਮੁੜ) ਜੰਮਦੇ ਹਨ ਮਰਦੇ ਹਨ,
ਉਹ (ਮਾਨੋਂ) ਜੂਏ ਵਿੱਚ ਹੀ (ਦੁਰਲੱਭ ਮਨੁੱਖਾ ਜੀਵਨ ਦੀ) ਬਾਜ਼ੀ ਹਾਰ ਕੇ ਚਲੇ ਜਾਂਦੇ ਹਨ (ਜਿਸ
ਵਿੱਚੋਂ ਹਾਸਿਲ ਕੁੱਝ ਵੀ ਨਹੀਂ ਹੁੰਦਾ)। ਪਰ, ਮੇਰੇ ਨਾਲ ਤਾਂ ਸਾਥੀ ਹੈ (ਮੇਰਾ ਧੜਾ ਹੈ)
ਪਰਮਾਤਮਾ, ਜੋ ਮੇਰਾ ਇਹ ਲੋਕ ਤੇ ਪਰਲੋਕ ਸਭ ਕੁੱਝ ਸਵਾਰਨ ਵਾਲਾ ਹੈ।
6. ਈਰਖਾ ਤੇ ਵੈਰ-ਵਿਰੋਧ ਭੀ ਖਤਮ ਹੋ ਜਾਂਦੇ ਹਨ
ਜਿਸ ਸਮਾਜ ਅੰਦਰ ਧੜੇਬੰਦਕ ਰੁਚੀਆਂ ਦੀ ਪ੍ਰਧਾਨਤਾ ਹੋਵੇਗੀ, ਉਥੇ ਈਰਖਾ ਤੇ
ਵਿਰੋਧਤਾ ਦੀ ਬੀਮਾਰੀ ਵੀ ਜੜ੍ਹਾਂ ਪਕੜੇਗੀ ਅਤੇ ਈਰਖਾ ਤੇ ਵਿਰੋਧਤਾ ਦੀ ਅਲਾਮਤ ਵੱਧਦੀ-ਵੱਧਦੀ ਵੈਰ
ਤੱਕ ਵੀ ਚਲੀ ਜਾਵੇਗੀ। ਗੁਰੂ ਗ੍ਰੰਥ ਸਾਹਿਬ ਦਾ ਲਾਸਾਨੀ ਫ਼ਲਸਫ਼ਾ ਈਰਖਾ ਤੇ ਵੈਰ-ਵਿਰੋਧ ਦਾ ਮੁੱਢੋਂ
ਹੀ ਖੰਡਨ ਕਰਦਾ ਹੈ -
ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥ 1॥ ਰਹਾਉ॥
ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ 1॥ ਜੋ ਪ੍ਰਭ ਕੀਨੋਂ ਸੋ ਭਲ ਮਾਨਿਓ ਏਹ
ਸੁਮਤਿ ਸਾਧੂ ਤੇ ਪਾਈ॥ 1॥ ਸਭ ਮਹਿ ਰਵਿ-ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ॥ 3॥
(ਮ: 5, 1299)
ਭਾਵ: (ਹੇ ਭਾਈ!) ਜਦੋਂ ਤੋਂ ਮੈਨੂੰ ਸਾਧਸੰਗਤਿ (ਸ਼ਬਦ-ਗੁਰੂ ਦੀ
ਸੰਗਤਿ) ਮਿਲੀ ਹੈ। ਮੇਰੇ ਅੰਦਰੋਂ ਈਰਖਾ ਤੇ ਸਾੜਾ ਮੁਕੰਮਲ ਤੌਰ `ਤੇ ਮਿਟ ਗਿਆ ਹੈ। ਰਹਾਉ।
(ਹੇ ਭਾਈ!) ਹੁਣ ਮੈਨੂੰ ਕੋਈ ਵੈਰੀ ਨਹੀਂ ਦਿਸਦਾ, ਕੋਈ ਓਪਰਾ ਨਹੀਂ ਦਿਸਦਾ,
ਸਭਨਾਂ ਨਾਲ ਮੇਰਾ ਭਰਾਤਰੀ-ਭਾਵ ਵਾਲਾ ਪਿਆਰ ਬਣਿਆ ਹੋਇਆ ਹੈ। 1.
(ਹੇ ਭਾਈ!) ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰ ਕੇ, ਮੈਨੂੰ ਸਭਨਾਂ
ਵਿੱਚ ਪ੍ਰਭੂ-ਪਿਤਾ ਦੀ ਇਲਾਹੀ ਜੋਤਿ ਹੀ ਵਰਤ ਰਹੀ ਨਜ਼ਰੀਂ ਪੈਂਦੀ ਹੈ ਅਤੇ ਮੇਰਾ ਮਨ, ਉਸ ਮਾਲਿਕ
ਪ੍ਰਭੂ ਨੂੰ ਕਣ-ਕਣ ਅੰਦਰ ਰਵਿਆ ਦੇਖ ਕੇ, ਇੱਕ ਅਲੌਕਿਕ ਇਲਾਹੀ ਅਨੰਦ (ਵਿਗਾਸ) ਮਹਿਸੂਸ ਕਰਦਾ ਹੈ।
3॥
7. ਜਾਤ-ਪਾਤ ਤੇ ਊਚ-ਨੀਚ ਦੇ ਕੋੜ੍ਹ ਦਾ ਭੀ ਇਲਾਜ਼ ਦਸਦਾ ਹੈ ਗੁਰਮਤਿ ਫ਼ਲਸਫ਼ਾ
ਗੁਰੂ ਗ੍ਰੰਥ ਸਾਹਿਬ ਦਾ ਫ਼ੁਰਮਾਣੁ ਹੈ -
ਜਾਤਿ ਕਾ ਗਰਬੁ ਨ ਕਰੀਅਹੁ ਕੋਈ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥ 1॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿਂ ਬਹੁਤੁ ਵਿਕਾਰਾ॥ 1॥ ਰਹਾਉ॥
ਚਾਰੇ ਵਰਨ ਆਖੈ ਸਭੁ ਕੋਈ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ॥ 2॥ ਮਾਟੀ ਏਕ ਸਗਲ ਸੰਸਾਰਾ॥
ਬਹੁ ਬਿਧਿ ਭਾਂਡੇ ਘੜੈ ਕੁਮਾਰ੍ਹਾ॥ 3॥ ਪੰਚ ਤਤੁ ਮਿਲਿ ਦੇਹੀ ਕਾ ਆਕਾਰਾ॥ ਘਟਿ ਵਧਿ ਕੋ ਕਰੈ
ਬੀਚਾਰਾ॥ 4॥ ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ॥ 5॥ 1॥
(ਮ 3, 1128)
ਭਾਵ: ਹੇ ਮੂਰਖ! ਗਵਾਰ! ਆਪਣੀ (ਅਖੌਤੀ ਉੱਚੀ) ਜਾਤ ਦਾ ਹੰਕਾਰ ਨਾ
ਕਰ। ਇਸ ਹੰਕਾਰ ਤੋਂ ਸਮਾਜਕ ਜੀਵਨ ਵਿੱਚ ਬਹੁਤ ਸਾਰੀਆਂ ਬੁਰਿਆਈਆਂ ਪੈਦਾ ਹੋ ਜਾਂਦੀਆਂ ਹਨ। ਰਹਾਉ।
ਹੇ ਭਾਈ! ਕੋਈ ਵੀ ਆਪਣੀ ਅਖੌਤੀ ਉੱਚੀ ਜਾਤ ਦਾ ਹੰਕਾਰ ਨਾ ਕਰੋ। ਜੋ ਪ੍ਰਾਣੀ
ਪਰਮੇਸ਼ਰ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਹ ਹੀ ਅਸਲ ਵਿੱਚ ਸ੍ਰੇਸ਼ਟ ਮਨੁੱਖ (ਬ੍ਰਾਹਮਣ) ਹੈ। 1.
ਸਭ ਕੋਈ ਆਖਦਾ ਹੈ ਕਿ ਮਨੁੱਖੀ ਸਮਾਜ ਦੇ ਚਾਰ ਵਰਨ (ਬ੍ਰਾਹਮਣ, ਖੱਤਰੀ, ਵੈਸ਼
ਤੇ ਸ਼ੂਦਰ) ਹਨ, ਪਰ ਅਸਲੀਅਤ ਇਹ ਹੈ ਕਿ ਬ੍ਰਹਮ (ਪਰਮੇਸ਼ਰ) ਦੇ ਬੀਜ (ਜੋਤਿ) ਤੋਂ (ਬ੍ਰਹਮ-ਬੂੰਦ
ਤੋਂ) ਹੀ ਸਭ ਪੈਦਾ ਹੋਏ ਹਨ। ਭਾਵ, ਸਭ ਪਰਮੇਸ਼ਰ ਦੀ ਅੰਸ਼ ਹਨ (ਇਲਾਹੀ ਅਸਲੇ ਤੋਂ ਪੈਦਾ ਹੁੰਦੇ ਹਨ)।
ਇਸ ਲਈ ਸਾਰੇ ਹੀ ਇੱਕ ਪਿਤਾ ਦੀ ਨਾਦੀ ਸੰਤਾਨ ਹੋਣ ਕਰ ਕੇ, ਊਚ-ਨੀਚ ਜਾਤ ਵਾਲੇ ਨਹੀਂ ਹੋ ਸਕਦੇ। 2.
ਜਿਵੇਂ ਘੁਮਿਆਰ ਇੱਕ ਹੀ ਮਿੱਟੀ ਤੋਂ ਅਲੱਗ-ਅਲੱਗ ਸ਼ਕਲਾਂ ਤੇ ਆਕਾਰ ਵਾਲੇ
ਭਾਂੜੇ ਘੜ ਕੇ ਤਿਆਰ ਕਰ ਲੈਂਦਾ ਹੈ, ਇਵੇਂ ਹੀ ਮਾਲਿਕ-ਪ੍ਰਭੂ ਨੇ ਇੱਕ ਹੀ (ਇਲਾਹੀ) ਅਸਲੇ ਤੋਂ
ਅਲੱਗ-ਅਲੱਗ ਸ਼ਕਲਾਂ-ਸੂਰਤਾਂ, ਆਕਾਰਾਂ ਅਤੇ ਸੁਭਾਵਾਂ ਵਾਲੇ ਜੀਵ ਪੈਦਾ ਕੀਤੇ ਹਨ। 3.
ਹੇ ਭਾਈ! ਮਨੁੱਖੀ ਸਰੀਰ ਪੰਜ ਤੱਤਾਂ (ਆਕਾਸ਼, ਹਵਾ, ਅੱਗ ਪਾਣੀ ਤੇ ਮਿੱਟੀ)
ਦੇ ਕੁਦਰਤੀ ਸੁਮੇਲ ਤੋਂ ਬਣਿਆ ਹੋਇਆ ਹੈ। ਕੋਈ ਇਹ ਵਿਚਾਰ ਕਰ ਕੇ ਵੇਖ ਲਵੇ ਕਿ ਕਿਸੇ ਅਖੌਤੀ ਉੱਚੀ
ਜਾਤ ਵਾਲੇ ਦਾ ਸਰੀਰ ਅਤੇ ਆਖੇ ਜਾਂਦੇ ਨੀਵੀਆਂ ਜਾਂਤਾਂ ਵਾਲੇ ਮਨੁੱਖਾਂ ਦੇ ਸਰੀਰ ਵੀ ਇਨ੍ਹਾਂ
ਪੰਜਾਂ ਤੱਤਾਂ ਦੇ ਸੁਮੇਲ ਤੋਂ ਹੀ ਬਣੇ ਹੋਏ ਹਨ। ਫਿਰ, ਉੱਚੀਆਂ ਤੇ ਨੀਵੀਆਂ ਜਾਤਾਂ ਕਿੱਥੋਂ ਆ
ਗਈਆਂ? ਕੌਣ ਕਹਿ ਸਕਦਾ ਹੈ ਕਿ ਕਿਸੇ ਵਿੱਚ ਕੋਈ ਤੱਤ ਘੱਟ ਜਾਂ ਵੱਧ ਹੈ? । 4.
ਹੇ ਨਾਨਕ! (ਆਖ-ਕਿ) ਇਹ ਜੀਵ (ਪੂਰਬਲੇ ਕੀਤੇ) ਕਰਮਾਂ (ਦੇ ਸੰਸਕਾਰਾਂ) ਦਾ
ਬੱਧਾ ਹੋਇਆ ਹੈ ਅਤੇ ਜਦੋਂ ਤੱਕ ਇਹ ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਅਮਲੀ ਤੌਰ `ਤੇ ਪਾਲਣਾ ਨਹੀਂ ਕਰਦਾ
(ਹੁਕਮਿ ਰਜ਼ਾਈ ਨਹੀਂ ਚਲਦਾ), ਆਵਾ-ਗਵਣ ਦੇ ਚੱਕਰ `ਚੋਂ (ਵਿਸ਼ੇ ਵਿਕਾਰਾਂ ਤੇ ਮੈਂ-ਮੇਰੀ ਤੋਂ) ਮੁਕਤ
ਨਹੀਂ ਹੋ ਸਕਦਾ।
ਉੱਪਰ ਵਾਲੇ ਗੁਰ-ਫ਼ੁਰਮਾਣੁ ਤੋਂ ਗੱਲ ਪੂਰੀ ਤਰ੍ਹਾਂ ਸਾਫ ਹੋ ਗਈ ਹੈ ਕਿ ਜਨਮ
ਕਰ ਕੇ ਕੋਈ ਉੱਚੀ/ਨੀਵੀਂ ਜਾਤ ਨਹੀਂ ਹੁੰਦੀ। ਜਾਤ-ਪਾਤ ਦਾ ਸ਼ੋਸ਼ਾ, ਨਿਰਸੰਦੇਹ, ਮਾਨਵ-ਵਿਰੋਧੀ
ਸੰਗਠਤ ਧਿਰਾਂ ਵੱਲੋਂ ਮਨੁੱਖੀ ਸਮਾਜ ਦੇ ਕੁੱਝ ਹਿੱਸਿਆਂ ਵਿੱਚ, ਧਰਮ ਦੇ ਨਾਂਅ `ਤੇ ਸਮਾਜ ਵਿੱਚ
ਵੰਡੀਆਂ ਪਾ ਕੇ, ਆਪਣੀ ਨਕਲੀ ਸ੍ਰੇਸ਼ਟਤਾ ਸਥਾਪਤ ਕਰਨ ਲਈ ਹੀ ਛੱਡਿਆ ਗਿਆ ਸੀ। ਸੰਸਾਰ ਦੇ ਸੂਝਵਾਨ
ਦੇਸ਼ਾਂ ਨੇ ਤਾਂ ਇਸ ਸਮਾਜਕ-ਕਲੰਕ ਤੋਂ ਛੁਟਕਾਰਾ ਪਾ ਲਿਆ ਹੈ। ਪਰ, ਜਿਨ੍ਹਾਂ ਦੇਸ਼ਾਂ ਜਾਂ ਸੂਬਿਆਂ
ਅੰਦਰ ਧਰਮ ਦੇ ਨਾਂਅ `ਤੇ ਜਾਤ-ਪਾਤ, ਕਰਮ-ਕਾਂਡ, ਪਾਖੰਡਵਾਦ, ਅੰਧ੍ਹ-ਵਿਸ਼ਵਾਸ, ਪੁਜਾਰੀਵਾਦ, ਆਦਿ
ਅਜੇ ਤੱਕ ਖਤਮ ਨਹੀਂ ਕੀਤਾ ਜਾ ਸਕਿਆ, ਉਥੇ ਮਨੁੱਖਤਾ ਦੀ ਲੁੱਟ-ਖਸੁੱਟ ਜਾਰੀ ਹੈ ਅਤੇ ਵਿਸ਼ਵ-ਸ਼ਾਂਤੀ
ਤੇ ਆਦਰਸ਼ਕ ਮਨੁੱਖੀ ਸਮਾਜ-ਪ੍ਰਬੰਧ ਦੀ ਸਿਰਜਨਾ ਦੇ ਰਾਹ ਵਿੱਚ ਇਹ ਇੱਕ ਵੱਡੀ ਚੁਣੌਤੀ ਹੈ।
8. ਜ਼ੋਰ-ਜ਼ੁਲਮ (ਬੇ-ਇਨਸਾਫ਼ੀ) ਦਾ ਖਾਤਮਾ ਕਰਨ ਲਈ ਸਮਰੱਥ ਹੈ ਇਹ ਫ਼ਲਸਫ਼ਾ
॥ ਸਲੋਕੁ॥ ਜੋਰ ਜੁਲਮ ਫੂਲਹਿਂ ਘਨੋਂ ਕਾਚੀ ਦੇਹ ਬਿਕਾਰ॥ ਅਹੰਬੁਧਿ ਬੰਧਨ
ਪਰੇ ਨਾਨਕ ਨਾਮ ਛੁਟਾਰ॥ 1॥ (ਮ: 5, 255)
ਭਾਵ: ਜਿਹੜੇ ਮਨੁੱਖ ਦੂਜਿਆਂ ਉੱਤੇ ਜ਼ੁਲਮ ਕਰ ਕੇ ਬੜਾ ਮਾਨ ਕਰਦੇ ਹਨ,
(ਸਰੀਰ ਤਾਂ ਉਨ੍ਹਾਂ ਦਾ ਵੀ ਨਾਸ਼ਵੰਤ ਹੈ), ਉਨ੍ਹਾਂ ਦਾ ਨਾਸ਼ਵੰਤ ਸਰੀਰ ਵਿਅਰਥ ਚਲਾ ਜਾਂਦਾ ਹੈ (ਉਹ
ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਜਾਂਦੇ ਹਨ)। ਉਹ, "ਮੈਂ ਵੱਡਾ" ਮੈਂ ਵੱਡਾ" ਕਰਨ ਵਾਲੀ ਹੋਛੀ ਮੱਤ
ਦੇ ਬੰਧਨਾਂ ਵਿੱਚ ਜਕੜੇ ਜਾਂਦੇ ਹਨ। ਹੇ ਨਾਨਕ! ਇਨ੍ਹਾਂ ਬੰਧਨਾਂ ਤੋਂ ਪ੍ਰਭੂ ਦਾ ਨਾਮ ਹੀ ਛੁਡਾ
ਸਕਦਾ ਹੈ।
9. ਮੈਲੇ ਮਨ ਤੋਂ ਉਪਜੀ ਵੀ. ਆਈ. ਪੀ. ਕਲਚਰ ਦਾ ਖੰਡਨ ਕਰਦਾ ਹੈ ਗੁਰਮਤਿ
ਫ਼ਲਸਫ਼ਾ
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (ਮ: 5, 611)
ਜਿਵੇਂ ਕਿ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਸਾਰੇ ਮਨੁੱਖ (ਮਰਦ, ਨਾਰੀ ਅਤੇ
ਹਿਜੜੇ) ਪ੍ਰਭੂ-ਪਿਤਾ ਦੀ ਹੀ ਨਾਦੀ-ਸੰਤਾਨ ਹੋਣ ਦੇ ਨਾਤੇ ਜਨਮ ਤੋਂ ਹੀ ਬਰਾਬਰ ਮਾਣ-ਸਤਿਕਾਰ ਦੇ
ਹੱਕਦਾਰ ਹਨ।
ਛੋਟੇ-ਵੱਡੇ ਲੀਡਰਾਂ (ਧਾਰਮਿਕ, ਰਾਜਨੀਤਕ, ਸਮਾਜਿਕ ਆਦਿ) ਦਾ ਮਨ ਵਿਸ਼ੇਸ਼
ਤੌਰ `ਤੇ ਹੰਕਾਰ ਦੀ ਮੈਲ ਨਾਲ ਭਰਿਆ ਪਿਆ ਹੁੰਦਾ ਹੈ ਅਤੇ ਉਹ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਹੀ
ਵੀ. ਆਈ. ਪੀ. ਕਲਚਰ ਦੀ ਵਰਤੋਂ ਕਰ ਕੇ, ਲਾਲ, ਪੀਲੀਆਂ ਤੇ ਨੀਲੀਆਂ ਬੱਤੀਆਂ ਆਪਣੀਆਂ ਕਾਰਾਂ `ਤੇ
ਲਗਾ ਕੇ, ਬੇ-ਲੋੜੀਆਂ ਸੁਰੱਖਿਆ/ਸਹੂਲਤਾਂ ਦੀ ਫ਼ੌਜ ਨਾਲ ਇਕੱਠੀ ਕਰ ਕੇ ਅਤੇ ਹੋਰ ਅਫ਼ਸਰਸ਼ਾਹੀ ਦੀਆਂ
ਹੇੜ੍ਹਾਂ ਨਾਲ ਲੈ ਕੇ, ਹੂਟਰ ਵਾਲੀਆਂ ਪਾਇਲਟ ਗੱਡੀਆਂ ਦੇ ਮਗਰ-ਮਗਰ, ਸੜਕਾਂ ਦੂਰ-ਦੂਰ ਤੱਕ ਖਾਲੀ
ਕਰਾ ਕੇ, ਚਲਦੇ ਹਨ ਅਤੇ ਇਸ ਤਰ੍ਹਾਂ ਆਮ ਪਬਲਿਕ ਦੀ ਆਵਾਜਾਈ ਵਿੱਚ ਬੇ-ਲੋੜੀਆਂ ਰੁਕਾਵਟਾਂ ਪਾਉਂਦੇ
ਹਨ ਅਤੇ ਅਜਿਹਾ ਕਰ ਕੇ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਭੀ ਕਰਦੇ ਹਨ। ਅਜਿਹਾ ਵੀ. ਆਈ. ਪੀ. ਕਲਚਰ
ਸਭਿਅਕ ਦੇਸ਼ਾਂ ਵਿੱਚ ਨਹੀਂ ਹੋਣਾ ਚਾਹੀਦਾ। ਪੱਛਮ ਅਤੇ ਯੂਰਪ ਦੇ ਦੇਸ਼, ਆਮ ਤੌਰ `ਤੇ ਇਸ ਵੀ. ਆਈ.
ਪੀ. ਕਲਚਰ ਦੀ ਨਾ-ਮੁਰਾਦ ਬੀਮਾਰੀ ਤੋਂ ਕਾਫ਼ੀ ਹੱਦ ਤੱਕ ਬਚੇ ਰਹਿਣ ਲਈ ਯਤਨ ਕਰਦੇ ਹਨ ਜੋ ਕਿ
ਸ਼ਲਾਘਾਯੋਗ ਕਾਰਵਾਈ ਹੈ।
10. ਸਮਾਜ ਦੇ ਕਈ ਸਦੀਆਂ ਤੋਂ ਦੱਬੇ-ਕੁਚਲੇ ਤੇ ਗ਼ਰੀਬ ਵਰਗਾਂ ਨੂੰ ਬਰਾਬਰਤਾ
ਦਾ ਆਦਰ-ਸਤਿਕਾਰ ਦੇ ਕੇ ਉਨ੍ਹਾਂ ਦੀ ਗੁਰਬਤ-ਭਰੀ ਜ਼ਿੰਦਗੀ ਨੂੰ ਚੰਗਾ ਬਣਾਉਣ ਲਈ ਪ੍ਰੇਰਦਾ ਹੈ
ਗੁਰਮਤਿ ਫ਼ਲਸਫ਼ਾ
ਗੁਰਮਤਿ ਫ਼ਲਸਫ਼ਾ ਊਚ-ਨੀਚ ਦੇ ਅਤੇ ਜਾਤ-ਪਾਤ ਦੇ ਗ਼ੈਰ-ਕੁਦਰਤੀ ਅਤੇ
ਮਾਨਵ-ਵਿਰੋਧੀ ਵਿਚਾਰਾਂ ਨੂੰ ਕਿਉਂਕਿ ਮੁੱਢੋਂ ਹੀ ਰੱਦ ਕਰਦਾ ਹੈ, ਇਸ ਲਈ ਪ੍ਰਭੂ-ਪਿਤਾ ਦੇ ਇੱਕ
ਸਾਂਝੇ ਵੱਡੇ ਪਰਿਵਾਰ ਦੇ ਮੈਂਬਰ ਹੋਣ ਦੇ ਨਾਤੇ, ਗ਼ਰੀਬ ਵਰਗਾਂ ਦੇ ਮਨੁੱਖਾਂ ਨਾਲ ਹਰ ਪੱਖ ਤੋਂ
ਸਨਮਾਨ-ਭਰਪੂਰ ਅਤੇ ਬਰਾਬਰਤਾ ਦਾ ਸਲੂਕ ਕਰਨਾ ਇਨਸਾਨੀਅਤ ਦਾ ਮੁੱਢਲਾ ਫਰਜ਼ ਹੈ। ਇਸ ਪੱਖ ਤੋਂ
ਗੁਰਮਤਿ ਫ਼ਲਸਫ਼ਾ ਇੰਜ ਸੇਧਾਂ ਬਖ਼ਸ਼ਿਸ਼ ਕਰਦਾ ਹੈ -
ਨੀਚਾਂ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆਂ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ 4॥ 3॥ (ਮ: 1,
15)
ਭਾਵ: (ਹੇ ਪ੍ਰਭੂ! ਮੈਂ ਤੈਥੋਂ ਏਹੀ ਜਾਚਨਾ ਕਰਦਾ ਹਾਂ ਕਿ ਤੇਰਾ)
ਨਾਨਕ ਉਨ੍ਹਾਂ ਮਨੁੱਖਾਂ ਨਾਲ ਸਾਥ ਬਣਾਏ ਜੋ (ਕਈ ਭੁੱਲੜ ਜੀਵਾਂ ਅਨੁਸਾਰ) ਨੀਵੀਂ ਤੋਂ ਨੀਵੀਂ ਜਾਤ
ਦੇ ਹਨ, ਜੋ ਨੀਵਿਆਂ ਤੋਂ ਵੀ ਅਤਿ ਨੀਵੇਂ ਅਖਵਾਉਂਦੇ ਹਨ। ਮੈਨੂੰ ਮਾਇਆਧਾਰੀਆਂ (ਮਨਮੁੱਖਾਂ) ਦੇ
ਰਾਹੇ ਤੁਰਨ ਦੀ ਕੋਈ ਤਾਂਘ ਨਹੀਂ। (ਕਿਉਂਕਿ ਮੈਂਨੂੰ ਪਤਾ ਹੈ ਕਿ) ਜਿਸ ਦੇਸ਼ ਵਿੱਚ ਨੀਵਿਆਂ ਦੀ
ਸੰਭਾਲ ਹੁੰਦੀ ਹੈ, ਉਥੇ ਤੇਰੀ ਮਿਹਰ ਦੀ ਨਜ਼ਰ ਹੁੰਦੀ ਹੈ।
ਨੋਟ: ਉਪਰੋਕਤ ਰੱਬੀ ਨਿਯਮ ਦੀ ਅਮਲੀ ਤੌਰ `ਤੇ ਪਾਲਣਾ ਗੁਰੂ ਨਾਨਕ
ਸਾਹਿਬ ਨੇ, ਅਖੌਤੀ ਨੀਵੀਂ ਜਾਤ ਦੇ ਅਖਵਾਉਣ ਵਾਲੇ, ਭਾਈ ਮਰਦਾਨਾ (ਅਖੌਤੀ ਮਿਰਾਸੀ ਜਾਤ) ਅਤੇ ਅਤਿ
ਦੇ ਗ਼ਰੀਬ ਭਾਈ ਲਾਲੋ, (ਤਰਖਾਣ) ਨੂੰ ਸਾਰੀ ਉਮਰ ਆਪਣਾ ਭਰਾ ਬਣਾ ਕੇ ਕੀਤੀ।
11. ਸਿਹਤ-ਸੰਭਾਲ ਬਾਰੇ ਗੁਰਮਤਿ ਫ਼ਲਸਫ਼ੇ ਦਾ ਫ਼ੈਸਲਾ
ਗੁਰਮਤਿ ਫ਼ਲਸਫ਼ਾ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਪੱਧਰ `ਤੇ ਤੰਦਰੁਸਤ
ਬਣਾਉਂਣ ਲਈ ਭਰਪੂਰ ਅਗੁਵਾਈ ਕਰਦਾ ਹੈ -
ਘਟਿ ਵਸਹਿਂ ਚਰਣਾਰਬਿੰਦ ਰਸਨਾ ਜਪੈ ਗੁਪਾਲ॥
ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ॥ 2॥ (ਮ: 5, 554)
ਭਾਵ: ਹੇ ਨਾਨਕ! (ਜਿਸ ਮਨੁੱਖ ਦੇ) ਹਿਰਦੇ ਵਿੱਚ ਪ੍ਰਭੂ ਦੇ ਚਰਨ-ਕਮਲ
(ਭਾਵ, ਸ਼ਬਦ-ਗੁਰੂ ਦਾ ਸਰਵ-ਕਲਿਆਣਕਾਰੀ ਉਪਦੇਸ਼) ਵਸਦੇ ਹਨ ਤੇ ਜੀਭ ਹਰੀ ਨੂੰ ਜਪਦੀ ਹੈ (ਭਾਵ,
ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪ੍ਰੇਮ ਨਾਲ ਉਚਾਰਦੀ ਹੈ), ਉਸ ਦੇਹੀ ਦੀ ਪਾਲਣਾ ਕਰ ਕੇ
ਪ੍ਰਭੂ-ਸਿਮਰਨ ਕਰਨਾ ਚਾਹੀਦਾ ਹੈ।
ਗੁਰੂ ਨਾਨਕ ਜੋਤਿ ਦੇ ਦੂਜੇ ਸਰੂਪ ਗੁਰੂ ਅੰਗਦ ਸਾਹਿਬ ਨੇ ਖਡੂਰ ਵਿਖੇ
ਵਿਸ਼ੇਸ਼ ਤੌਰ `ਤੇ ਕਸਰਤ ਅਤੇ ਸਪੋਰਟਸ ਕੇਂਦਰ ਕਾਇਮ ਕੀਤਾ। ਅਸਲ ਵਿੱਚ, ਵਰਤਮਾਨ ਓਲੈਮਪਿਕਸ ਖੇਡਾਂ
ਦੀ ਇਹ ਸ਼ੁਰੂਆਤ ਸੀ। ਪੰਜਵੇਂ ਅਤੇ ਛੇਵੇਂ ਪਾਤਿਸ਼ਾਹ ਨੇ ਘੋੜ-ਸਵਾਰੀ, ਗਤਕਾ ਅਤੇ ਸ਼ਸਤਰ-ਅਭਿਆਸ
ਕੇਂਦਰਾਂ ਨੂੰ ਗੁਰਮਤਿ ਫ਼ਲਸਫ਼ੇ ਦੇ ਪ੍ਰਚਾਰ ਦਾ ਅਟੁੱਟ ਅੰਗ ਬਣਾਇਆ। ਸਤਵੇਂ ਪਾਤਿਸ਼ਾਹ ਗੁਰੂ ਹਰਿ
ਰਾਏ ਸਾਹਿਬ ਨੇ ਕੀਰਤਪੁਰ ਵਿਖੇ ਉਸ ਵਕਤ ਦੇ ਸੰਸਾਰ ਦਾ ਸਭ ਤੋਂ ਸ੍ਰੇਸ਼ਟ ਦਵਾਖ਼ਾਨਾ (ਹਸਪਤਾਲ) ਕਾਇਮ
ਕੀਤਾ।
ਚੰਗੇ ਸਮਾਜ ਦੀ ਸਿਰਜਨਾ ਕਰਨ ਲਈ, ਥਾਂ-ਪੁਰ-ਥਾਂ, ਸਿਹਤ-ਸੰਭਾਲ ਨਾਲ
ਸੰਬੰਧਤ ਸਰਬ-ਸਾਂਝੀਆਂ ਉੱਚ-ਮਿਆਰੀ ਸੰਸਥਾਵਾਂ ਸਥਾਪਤ ਕਰਨਾ ਸਮੇਂ ਦੀ ਲੋੜ ਹੈ - ਅਜਿਹੀਆਂ
ਸੰਸਥਾਵਾਂ ਜਿੱਥੇ ਆਰਥਿਕ ਤੇ ਸਮਾਜਕ ਪੱਖਾਂ ਤੋਂ ਪਛੜੇ ਹੋਏ ਵਰਗਾਂ ਲਈ ਦਾਖਲਾ ਤੇ ਇਲਾਜ਼ ਮੁਫ਼ਤ ਜਾਂ
ਬਹੁਤ ਹੀ ਘੱਟ ਕੀਮਤ `ਤੇ ਉਪਲਬਧ ਹੋਵੇ।
12. ਵਿਦਿਆ ਪ੍ਰਾਪਤੀ: ਰੋਜ਼ਗਾਰ ਅਤੇ ਪਰਉਪਕਾਰ ਲਈ
ਮਨੁੱਖੀ ਸਮਾਜ ਦਾ ਨਿਰੋਆ ਅੰਗ ਬਣ ਕੇ ਵਿਚਰਨ ਲਈ ਹਰ ਇੱਕ ਮਨੁੱਖ ਲਈ ਜ਼ਰੂਰੀ
ਹੈ ਕਿ ਉਹ, (ਆਪੋ-ਆਪਣੇ ਸਾਧਨਾਂ ਤੇ ਰੁਚੀ ਅਨੁਸਾਰ) ਉੱਚ ਪੱਧਰ ਦੀ ਦੁਨਿਆਵੀ ਅਤੇ ਅਧਿਆਤਮਿਕ
ਵਿਦਿਆ ਪ੍ਰਾਪਤ ਕਰਨ ਲਈ ਉੱਦਮ ਕਰੇ।
ਵਿਦਿਆ ਵੀਚਾਰੀ ਤਾਂ ਪਰਉਪਕਾਰੀ॥ (ਮ: 1, 356)
ਭਾਵ: (ਵਿਦਿਆ ਪ੍ਰਾਪਤ ਕਰ ਕੇ) ਜੇ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਦਾ
ਉੱਦਮ ਕਰਦਾ ਹੈ, ਤਾਂ ਹੀ ਸਮਝੋ ਕਿ ਉਹ ਵਿਦਿਆ ਹਾਸਿਲ ਕਰ ਕੇ ਵਿਚਾਰਵਾਨ ਬਣਿਆ ਹੈ।
ਵਿਦਿਆ ਪ੍ਰਾਪਤ ਕਰ ਕੇ ਜਿੱਥੇ ਮਨੁੱਖ ਨੇ ਆਪਣੇ ਪਰਿਵਾਰ ਦੀ ਪਾਲਣਾ ਕਰਨੀ
ਹੈ, ਉੱਥੇ ਆਪਣੇ ਹੁਨਰ ਨੂੰ ਲੋੜਵੰਦਾਂ ਨਾਲ, ਨਿਸ਼ਕਾਮਤਾ ਸਹਿਤ, ਸਾਂਝਾ ਕਰ ਕੇ ਗੁਰਮਤਿ ਫ਼ਲਸਫ਼ੇ ਦੇ
ਵੰਡ-ਛੱਕਣ ਦੇ ਸਿਧਾਂਤ ਦੀ ਵੀ ਪਾਲਣਾ ਕਰਨੀ ਹੈ।
ਚੰਗੇ ਸਮਾਜ ਅੰਦਰ, ਥਾਂ-ਪੁਰ-ਥਾਂ, ਉੱਚ ਮਿਆਰ ਦੀਆਂ ਵਿਦਿਅਕ ਸੰਸਥਾਵਾਂ ਦਾ
ਹੋਣਾ ਜ਼ਰੂਰੀ ਹੈ ਅਤੇ ਗ਼ਰੀਬ ਵਰਗ ਦੇ ਬੱਚਿਆਂ ਲਈ ਇਨ੍ਹਾਂ ਸੰਸਥਾਵਾਂ ਵਿੱਚ ਸਿਖਲਾਈ ਮੁਫ਼ਤ ਜਾਂ
ਬਹੁਤ ਹੀ ਘੱਟ ਕੀਮਤ `ਤੇ ਮਿਲਣੀ ਚਾਹੀਦੀ ਹੈ। ਇਹ ਸੰਸਥਾਵਾਂ ‘ਨਾ ਨਫ਼ਾ, ਨਾ ਘਾਟਾ’ (
) ਦੇ ਸਿਧਾਂਤ `ਤੇ ਚਲਾਈਆਂ ਜਾ
ਸਕਣ ਤਾਂ ਬਹੁਤ ਵਧੀਆ ਗੱਲ ਹੋਵੇਗੀ।
ਇਹ ਇੱਕ ਹਕੀਕਤ ਹੈ ਕਿ ਇਨ੍ਹਾਂ ਸੰਸਥਾਵਾਂ ਨੂੰ ਸਥਾਪਤ ਕਰਨ ਅਤੇ ਚਲਾਉਂਣ
ਲਈ ਬਹੁਤ ਸਾਰੇ ਪੈਸੇ ਦੀ ਲੋੜ ਹੈ। ਇਹ ਪੈਸਾ ਕਿੱਥੋਂ ਆਵੇਗਾ? ਇਹ ਪੈਸਾ ਦੋ ਪਾਸਿਆਂ ਤੋਂ ਆਵੇਗਾ।
ਪਹਿਲਾ, ਹਰ ਇੱਕ ਨਾਗਰਿਕ ਈਮਾਨਦਾਰੀ ਨਾਲ ਬਣਦਾ ਟੈਕਸ ਅਦਾ ਕਰੇ। ਪਰ, ਟੈਕਸ-ਦਰਾਂ ਵੀ
ਵਾਜ਼ਬ ਹੋਣ। ਮਿਸਾਲ ਦੇ ਤੌਰ `ਤੇ, ਅਮੀਰ ਤਬਕਾ ਆਪਣੀ ਆਮਦਨ ਦਾ ਤਕਰੀਬਨ 30% ਹਿੱਸਾ ਟੈਕਸ ਵਜੋਂ
ਅਦਾ ਕਰੇ, ਮੱਧ-ਵਰਗੀ ਸ਼੍ਰੇਣੀ ਆਪਣੀ ਆਮਦਨ ਦਾ ਤਕਰੀਬਨ 10% ਅਤੇ ਗ਼ਰੀਬ-ਵਰਗ ਆਪਣੀ ਇੱਛਾ ਅਨੁਸਾਰ,
ਜਿਤਨਾ ਕੁ ਸੌਖੇ ਹੀ ਦੇ ਸਕਦਾ ਹੋਵੇ, ਦੇਵੇ। ਦੂਜਾ, ਹਰ ਇੱਕ ਮਨੁੱਖ ਦਸਵੰਧ
(ਦਸਵਾਂ-ਹਿੱਸਾ) ਵਜੋਂ ਵੀ, ਆਪੋ-ਆਪਣੇ ਵਿਤ ਅਨੁਸਾਰ, ਸਮਾਜ-ਭਲਾਈ ਦੇ ਸਾਂਝੇ ਕੰਮਾਂ ਲਈ ਯੋਗਦਾਨ
ਪਾਵੇ। ਇਹ ਯੋਗਦਾਨ ਪੈਸੇ ਦੇ ਰੂਪ ਵਿੱਚ ਵੀ ਪਾਇਆ ਜਾ ਸਕਦਾ ਹੈ, ਕੁੱਝ ਸਮਾਂ ਇਨ੍ਹਾਂ ਕੰਮਾਂ ਲਈ
ਵਲੰਟੀਅਰ ਦੇ ਤੌਰ `ਤੇ ਕੰਮ ਕਰ ਕੇ ਵੀ ਪਾਇਆ ਜਾ ਸਕਦਾ ਹੈ ਅਤੇ ਇਨ੍ਹਾਂ ਸਾਂਝੇ ਕੰਮਾਂ ਲਈ ਸਟਾਫ਼
ਨੂੰ ਸਿਖਲਾਈ ਦੇ ਕੇ ਵੀ ਪਾਇਆ ਜਾ ਸਕਦਾ ਹੈ, ਇਤਿਆਦਿ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਨ੍ਹਾਂ
ਸਾਂਝੇ ਪ੍ਰਾਜੈਕਟਸ ਨੂੰ ਚਲਾਉਂਣ ਵਾਲਾ ਪ੍ਰਬੰਧਕੀ-ਨਿਜ਼ਾਮ ਪਾਰਦਰਸ਼ਕ ਅਤੇ ਪੂਰੀ ਇਮਾਨਦਾਰੀ ਦੇ ਢੰਗ
ਨਾਲ ਕੰਮ ਕਰੇ। ਇਨ੍ਹਾਂ ਸੰਸਥਾਵਾਂ ਅੰਦਰ ਭ੍ਰਿਸ਼ਟਾਚਾਰ ਨੂੰ ਪਨਪਨ ਤੋਂ ਰੋਕਣ ਲਈ ਵੀ ਪਾਰਦਰਸ਼ਕ
ਪਬਲਿਕ ਸਿਸਟਮ ਹੋਵੇ ਅਤੇ ਕਾਲੀਆਂ ਭੇਡਾਂ (ਭ੍ਰਿਸ਼ਟ ਅਨਸਰਾਂ) ਨੂੰ, ਜਨਤਕ ਤੌਰ `ਤੇ, ਮਿਸਾਲੀ
ਕਰੜੀਆਂ ਸਜ਼ਾਵਾਂ ਦੇਣ ਲਈ ਵੀ ਭਰੋਸੇਯੋਗ ਪ੍ਰਬੰਧ ਹੋਵੇ।
ਇਸ ਲਿਖਤ ਵਿੱਚ (ਇੱਥੋਂ ਤੱਕ) ਕੀਤੀ ਵਿਚਾਰ ਤੋਂ ਇਹ ਹਕੀਕਤ ਚਿੱਟੇ-ਦਿਨ
ਵਾਂਗ ਸਾਫ਼ ਹੋ ਜਾਂਦੀ ਹੈ ਕਿ -
(ੳ) ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸਾਰੇ ਸੰਸਾਰ ਲਈ ਸਾਂਝਾ, ਵਿਲੱਖਣ
ਤੇ ਅਜਿਹਾ ਇਲਾਹੀ ਫ਼ਲਸਫ਼ਾ ਹੈ ਜਿਸ `ਤੇ ਅਮਲ ਕਰ ਕੇ (ਅਸ਼ਾਂਤੀ ਦੇ ਕਾਰਨਾਂ ਨੂੰ ਦੂਰ ਕਰ ਕੇ)
ਸਦੀਵਕਾਲੀ ਵਿਸ਼ਵ-ਸ਼ਾਂਤੀ ਯਕੀਨਨ ਸਥਾਪਤ ਕੀਤੀ ਜਾ ਸਕਦੀ ਹੈ;
(ਅ) ਕੇਵਲ ਇਹੀ ਫ਼ਲਸਫ਼ਾ, ਮਨੁੱਖ ਦੀ ਬਰਾਬਰਤਾ ਨੂੰ ਅਮਲੀ ਰੂਪ ਵਿੱਚ ਪਰਗਟ
ਕਰਦਾ ਹੋਇਆ ਮਨੁੱਖ ਲਈ (ਸੰਸਾਰ ਲਈ) ਮਨੁੱਖੀ ਜੀਵਨ ਦੇ ਹਰ ਪੱਖ ਤੋਂ ਮਨੁੱਖਤਾ ਦੇ ਕਲਿਆਣ-ਹਿਤ
ਇਲਾਹੀ-ਸੇਧਾਂ ਦੀ ਬਖ਼ਸ਼ਿਸ਼ ਕਰਦਾ ਹੈ;
(ੲ) ਕੇਵਲ ਇਹੀ ਫ਼ਲਸਫ਼ਾ ਮਨੁੱਖਤਾ ਦੇ ਸਾਂਝੇ ਮਾਪੇ (ਮਾਂ-ਬਾਪ) ਬੇਅੰਤ
ਪ੍ਰਭੂ-ਪਿਤਾ ਬਾਰੇ, ਉਸ ਦੇ ਸਾਜੇ ਨਾਮੁ ਅਤੇ ਕੁਦਰਤਿ ਬਾਰੇ, ਗੁਰੂ-ਬਾਰੇ, ਮੁਕਤੀ ਬਾਰੇ, ਆਵਾਗਵਨ
ਬਾਰੇ, ਸਾਧਿ-ਸੰਗਤ ਦੀ ਮਹਿਮਾ ਆਦਿ ਮਹੱਤਵ-ਪੂਰਨ ਵਿਸ਼ਿਆਂ ਬਾਰੇ, ਵਿਗਿਆਨਕ ਤੇ ਸਰਲ ਜਾਣਕਾਰੀ ਦੀ
ਵਿਸਥਾਰ ਪੂਰਬਕ ਅਤੇ ਅਕੱਟ ਦਲੀਲਾਂ ਦੇ ਆਧਾਰ `ਤੇ ਵਿਆਖਿਆ ਕਰਦਾ ਹੈ;
(ਸ) ਇਹੀ ਫ਼ਲਸਫ਼ਾ ਵਿਸ਼ਵ-ਪੱਧਰੀ ਚੰਗੇ ਸਮਾਜ ਦੀ ਸਿਰਜਨਾ ਕਰ ਕੇ,
ਵਿਸ਼ਵ-ਪੱਧਰੀ ਸ਼ਾਂਤੀ ਤੇ ਸਦੀਵਕਾਲੀ ਹਲੇਮੀ-ਰਾਜ (ਰੱਬੀ-ਰਾਜ) ਦੀ ਸਥਾਪਨਾ ਬਾਰੇ ਇੱਕ ਵਿਲੱਖਣ ਪਲਾਨ
ਦੀ ਦੱਸ ਪਾਉਂਦਾ ਹੈ;
(ਹ) ਕੇਵਲ ਇਹੀ ਫ਼ਲਸਫ਼ਾ (ਗੁਰਮਤਿ ਫ਼ਲਸਫ਼ਾ) ਸਮੁੱਚੀ ਮਨੁੱਖਤਾ ਨੂੰ ਸੰਬੋਧਤ
ਹੁੰਦਾ ਹੋਇਆ ਕਿਸੇ ਕੌਮ, ਦੇਸ਼, ਰਾਸ਼ਟਰ, ਨਸਲ ਜਾਂ ਫ਼ਿਰਕੇ ਲਈ ਰਾਖਵਾਂ ਨਹੀਂ ਹੈ ਅਤੇ ਨਾ ਹੀ ਕਿਸੇ
ਨਾਲ ਦੇਸ਼, ਕੌਮ, ਰੰਗ, ਲਿੰਗ, ਨਸਲ, ਸਮਾਜਕ ਵਰਗਾਂ ਆਦਿ ਦੇ ਆਧਾਰ `ਤੇ ਕੋਈ ਭਿੰਨ-ਭੇਦ ਹੀ ਕਰਦਾ
ਹੈ;
(ਕ) ਕੇਵਲ ਤੇ ਕੇਵਲ ਇਹੀ ਫ਼ਲਸਫ਼ਾ ਹੈ ਜਿਸ ਦੇ ਉਚਾਰਨਹਾਰਿਆਂ ਨੇ ਇਸ ਨੂੰ
ਖ਼ੁਦ ਕਲਮਬੰਦ ਕਰ ਕੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ, ਮੂਲ-ਰੂਪ ਵਿੱਚ ਸਾਂਭ ਕੇ ਰੱਖਿਆ ਤੇ ਗੁਰੂ
ਸਾਹਿਬਾਨ ਨੇ ਆਪਣੀ ਨਿੱਜੀ ਨਿਗਰਾਨੀ ਹੇਠ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰਵਾਇਆ ਹੈ; ਅਤੇ
(ਖ) ਕੇਵਲ ਇਹੀ ਇਲਾਹੀ ਫ਼ਲਸਫ਼ਾ ਹੈ ਜਿਸ ਨੂੰ ‘ਜਾਗਤ-ਜੋਤਿ ਗੁਰੂ’ ਹੋਣ ਦਾ
ਮਾਣ ਪ੍ਰਾਪਤ ਹੈ।
ਇਥੇ ਹੀ ਬੱਸ ਨਹੀਂ। ਜਿਤਨੀ ਕੁ ਥੋੜ੍ਹੀ ਜਿਹੀ ਜਾਣਕਾਰੀ ਪਾਠਕਾਂ ਨਾਲ
ਸਾਂਝੀ ਕਰਨ ਦਾ ਨਿਗੁਣਾ ਜਿਹਾ ਉੱਦਮ ਕੀਤਾ ਗਿਆ ਹੈ, ਉਸ ਤੋਂ ਵੀ ਕਿਤੇ ਵੱਧ ਐਸੀ ਅਮੋਲਕ ਸਰਬ-ਪੱਖੀ
ਜਾਣਕਾਰੀ ਨਾਲ ਇਹ ਫ਼ਲਸਫ਼ਾ ਭਰਪੂਰ ਹੈ ਕਿ ਜਿਸ ਦੀ ਸੰਪੂਰਨ ਰੂਪ ਵਿੱਚ ਵਿਆਖਿਆ ਕਰ ਸਕਣੀ ਅਸੰਭਵ ਹੀ
ਜਾਪਦੀ ਹੈ। ਜਦੋਂ ਕਦੇ ਵੀ ਸੰਸਾਰ ਦੇ ਕਿਸੇ ਹਿੱਸੇ ਵਿੱਚ ਸਰਬ-ਪੱਖੀ ਸ਼ਾਂਤੀ ਅਤੇ ਆਦਰਸ਼ਕ
ਸਮਾਜ-ਪ੍ਰਬੰਧ (ਰੱਬੀ-ਰਾਜ ਦੇ ਕਿਸੇ ਮਾਡਲ) ਦੀ ਸਿਰਜਨਾ ਹੋਵੇਗੀ ਤਾਂ ਅਜਿਹੇ ਫ਼ਲਸਫ਼ੇ ਦੇ ਆਧਾਰ `ਤੇ
ਹੀ ਹੋ ਸਕੇਗੀ। ਮਨੁੱਖਤਾ ਵਿੱਚ ਕਈ ਕਿਸਮ ਦੀਆਂ ਵੰਡੀਆਂ ਪਾਉਂਣ ਅਤੇ ਊੱਚ-ਨੀਚ ਦੀਆਂ ਗੱਲਾਂ ਕਰਨ
ਵਾਲੇ ਕਿਸੇ ਵੀ ਫ਼ਲਸਫ਼ੇ ਦੇ ਆਧਾਰ `ਤੇ ਅਜਿਹਾ ਹੋ ਸਕਣਾ ਅਸੰਭਵ ਹੈ। ਸੰਖੇਪ ਵਿੱਚ, ਗੁਰੂ ਗ੍ਰੰਥ
ਸਾਹਿਬ ਦੇ ਸਰਬ-ਸਾਂਝੇ ਕਲਿਆਣਕਾਰੀ ਫ਼ਲਸਫ਼ੇ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਢਾਲਣ ਨਾਲ ਵਿਸ਼ਵ-ਸ਼ਾਂਤੀ
ਯਕੀਨੀ ਤੌਰ `ਤੇ ਸਥਾਪਤ ਕੀਤੀ ਜਾ ਸਕਦੀ ਹੈ। ਗੁਰਮਤਿ ਫ਼ਲਸਫ਼ੇ ਤੋਂ ਬੁਰੀ ਤਰ੍ਹਾਂ ਤੱ੍ਰਭਕਣ
ਵਾਲੇ ਖ਼ੁਦਗਰਜ਼ ਤੇ ਸ਼ਾਤਰ ਅਨਸਰ ਹੀ ਇਸ ਰਾਹ ਵਿੱਚ ਵੱਡੀ ਰੁਕਾਵਟ ਹਨ।
ਨੋਟ:
1. ਗੁਰਮਤਿ ਫ਼ਲਸਫ਼ੇ ਤੋਂ ਡਰ ਕੇ, ਇਸ ਦਾ ਵਿਉਂਤਬੱਧ ਤੇ ਲੁਕਵੇਂ ਸਾਜਿਸ਼ੀ
ਢੰਗਾਂ ਨਾਲ, ਇਸ ਦੇ ਅਰੰਭ-ਕਾਲ ਤੋਂ ਹੀ, ਸੰਸਾਰ ਵਿੱਚ ਇਸ ਦੇ ਵਿਕਾਸ ਨੂੰ ਰੋਕਣ ਵਾਲੀਆਂ
ਮਾਨਵ-ਵਿਰੋਧੀ, ਖ਼ੁਦਗਰਜ਼ ਤੇ ਸ਼ਾਤਰ ਧਿਰਾਂ (ਜਿਨ੍ਹਾਂ ਦਾ ਸੰਕੇਤਕ ਜ਼ਿਕਰ ਇਸ ਪੁਸਤਕ ਦੇ ਪਹਿਲੇ
ਅਧਿਆਇ ਵਿੱਚ ਕੀਤਾ ਜਾ ਚੁਕਾ ਹੈ) ਅਤੇ (ਇਤਿਹਾਸਕ ਕਾਰਨਾਂ ਕਰ ਕੇ) ਸਿੱਖ ਕੌਮ ਦਾ (1765 ਵੇਲੇ ਦੇ
ਸਿੱਖ ਮਿਸਲਾਂ ਦੇ ਸਮੇਂ ਦੇ ਆਸ-ਪਾਸ ਤੋਂ) ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸਰਬ-ਸਾਂਝੇ ਫ਼ਲਸਫ਼ੇ
ਤੋਂ ਟੁੱਟੇ ਹੋਏ ਚਲੇ ਆਉਣਾ ਹੀ, ਦੋ ਪਰਮੁੱਖ ਕਾਰਨ ਹਨ ਇਸ ਅਤਿ-ਮਾਨਵਵਾਦੀ ਇਨਕਲਾਬੀ ਫ਼ਲਸਫ਼ੇ ਦੇ
ਸੰਸਾਰ ਵਿੱਚ ਵਿਕਾਸ ਕਰ ਕੇ ਨਾ ਫੈਲਣ ਦੇ।