ਵਿਸ਼ਵ-ਪੱਧਰੀ ਸ਼ਾਂਤੀ ਸਥਾਪਤ ਕਰਨ ਲਈ ਕੌਣ, ਕਿਵੇਂ ਅਤੇ ਕਿਥੋਂ ਸ਼ੁਰੂਆਤ ਕਰੇ?
ਨਿਰਸੰਦੇਹ, ਇਸ ਅਤਿ ਜ਼ਰੂਰੀ ਕਾਰਜ ਲਈ ਸਿੱਖ ਕੌਮ ਨੂੰ ਹੀ ਪਹਿਲ-ਕਦਮੀ ਕਰਨੀ
ਪਵੇਗੀ ਕਿਉਂਕਿ ਸਿੱਖ ਕੌਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਇਸੇ ਕਾਰਜ ਲਈ ਹੀ, ਨੌ ਸਾਲ ਦੀ
ਉਮਰ ਵਿੱਚ (1478 ਵਿੱਚ), ਬ੍ਰਾਹਮਣਵਾਦ ਵੱਲੋਂ ਅਰੰਭ ਕੀਤੀ ਮਾਨਵ-ਵਿਰੋਧੀ ਅਤੇ ਸਮਾਜ ਵਿੱਚ
ਵਿਤਕਰੇ ਪੈਦਾ ਕਰਨ ਵਾਲੀ ਜਨੇਊ ਧਾਰਨ ਕਰਨ ਦੀ ਅਹਿਮ ਰਸਮ ਨੂੰ, ਭਰੀ ਸਭਾ ਵਿੱਚ, ਅਕੱਟ ਦਲੀਲਾਂ ਦੇ
ਆਧਾਰ `ਤੇ, ਰੱਦ ਕਰ ਕੇ ਇੱਕ ਵਿਸ਼ਵ- ਪੱਧਰੀ ਅਤੇ ਸਦੀਵਕਾਲੀ ਇਨਕਲਾਬੀ ਲਹਿਰ ਦੀ ਸ਼ੁਰੂਆਤ ਕਰ ਦਿੱਤੀ
ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸਰਬ-ਸਾਂਝੀ ‘ਧੁਰ ਕੀ ਬਾਣੀ’ ਇਸ ਇਨਕਲਾਬੀ ਲਹਿਰ ਦੀ
ਵਿਚਾਰਧਾਰਾ ਦਾ ਧੁਰਾ ਬਣੀ। ਹੁਣ ਭੀ ਇਸ ਗੁਆਚ ਚੁੱਕੀ ਇਨਕਲਾਬੀ ਲਹਿਰ ਨੂੰ ਪੁਨਰ-ਸੁਰਜੀਤ ਕਰ
ਕੇ ਹੀ ਅੱਗੇ ਵਧਿਆ ਜਾ ਸਕੇਗਾ। ਇਹ ਇਨਕਲਾਬੀ ਲਹਿਰ ਪਿਛਲੀਆਂ ਢਾਈ ਸਦੀਆਂ ਤੋਂ ਨਿਵਾਣਾਂ ਵੱਲ
ਨੂੰ ਤੁਰੀ ਜਾ ਰਹੀ ਹੈ। ਇਸ ਅਤਿ ਦੁੱਖਦਾਈ ਰੁਝਾਨ ਨੂੰ ਠੱਲ੍ਹ ਪਾ ਕੇ ਗੁਰੂ ਨਾਨਕ ਸਾਹਿਬ ਵੱਲੋਂ
ਬਣਾਏ ਅਤੇ ਮਨੁੱਖੀ ਸਮਾਜ ਨੂੰ ਦ੍ਰਿੜ੍ਹ ਕਰਾਏ ਪਲਾਨ ਅਨੁਸਾਰ ਹੀ ਅੱਗੇ ਵਧਿਆ ਜਾ ਸਕੇਗਾ। ਇਸ ਪਲਾਨ
ਦੀ ਰੂਪ-ਰੇਖਾ ਹੇਠਾਂ ਦਿੱਤੀ ਜਾ ਰਹੀ ਹੈ:-
(ੳ) ਧੁਰ ਕੀ ਬਾਣੀ ਦੇ ਫ਼ਲਸਫ਼ੇ ਦਾ, ਸ਼ੁੱਧ ਰੂਪ ਵਿੱਚ, ਵਿਸ਼ਵ-ਪੱਧਰ `ਤੇ
ਪ੍ਰਚਾਰ ਤੇ ਪਾਸਾਰ ਕਰ ਕੇ ਤੇ ਮਨੁੱਖੀ ਸਮਾਜ ਨੂੰ ਕਾਦਿਰ ਦੀ ਕੁਦਰਤਿ ਦੇ ਅਟੱਲ ਨਿਯਮਾਂ ਦੀ ਸੋਝੀ
ਕਰਾ ਕੇ ਅਗਿਆਨਤਾ ਦੀ ਨੀਂਦ `ਚੋਂ ਜਗਾਉਂਣਾ।
(ਅ) ਇਸ ਤਰ੍ਹਾਂ ਅਗਿਆਨਤਾ ਦੀ ਨੀਂਦ ਤੋਂ ਜਾਗ ਚੁੱਕੇ ਸਮਾਜ ਨੂੰ ਜਥੇਬੰਦ
ਕਰ ਕੇ, ਇਸ ਲਹਿਰ ਦਾ ਸੰਸਾਰ ਵਿੱਚ ਵਿਕਾਸ ਕਰਨਾ।
(ੲ) ਵਿਕਾਸ ਕਰ ਚੁੱਕੀ ਲਹਿਰ ਨੂੰ ਹਥਿਆਰਬੰਦ ਕਰ ਕੇ, ਪੜਾਅ-ਦਰ-ਪੜਾਅ,
ਸੰਸਾਰ ਵਿੱਚ ਰੱਬੀ-ਰਾਜ (ਕੁਦਰਤਿ ਦੇ ਅਟੱਲ ਨਿਯਮਾਂ ਦੀ ਪਾਲਣਾ ਕਰਨ ਵਾਲੇ ਰਾਜ) ਦੀ ਸਥਾਪਨਾ
ਕਰਨੀ। ਕਿਉਂਕਿ, ਨਿਆਂਇਕ ਸਿਸਟਮ ਰਾਜਨੀਤਕ ਸੱਤਾ ਅਤੇ ਫ਼ੌਜੀ-ਸ਼ਕਤੀ ਤੋਂ ਬਿਨਾ ਕਾਇਮ ਨਹੀਂ ਰੱਖਿਆ
ਜਾ ਸਕਦਾ, ਇਸ ਲਈ ਇਸ ਲਹਿਰ ਦਾ ਹੱਕ, ਸੱਚ ਤੇ ਇਨਸਾਫ਼ ਦੇ ਆਧਾਰ `ਤੇ ਸਿਆਸੀ ਅਤੇ ਫ਼ੌਜੀ ਪੱਖਾਂ ਤੋਂ
ਭੀ ਮਜ਼ਬੂਤ ਹੋਣਾ ਲਾਜ਼ਮੀ ਹੈ।
ਇਸ ਗੁਆਚ ਜਿਹੀ ਚੁੱਕੀ ਲਹਿਰ ਨੂੰ ਪੁਨਰ-ਸੁਰਜੀਤ ਕਰਨ ਲਈ ਸਮਾਜ ਦੀ ਸਭ ਤੋਂ
ਛੋਟੀ ਇਕਾਈ (ਇੱਕ ਪਰਿਵਾਰ) ਤੋਂ ਹੀ ਸ਼ੁਰੂਆਤ ਕਰਨੀ ਠੀਕ ਲਗਦੀ ਹੈ। ਇਹੀ ਢੰਗ ਗੁਰੂ ਨਾਨਕ ਸਾਹਿਬ
ਨੇ ਵਿਸ਼ਵ-ਪੱਧਰੀ ਪ੍ਰਚਾਰ ਫੇਰੀਆਂ ਦੌਰਾਨ ਅਪਣਾਇਆ ਸੀ।
ਗੁਰਮਤਿ ਪ੍ਰਚਾਰ ਰਾਹੀਂ ਚੰਗੇ ਪਰਿਵਾਰਾਂ ਦੀ ਸਿਰਜਨਾ: ਵਿਸ਼ਵ-ਸ਼ਾਂਤੀ ਦੀ
ਸਥਾਪਨਾ ਵੱਲ ਕਦਮ
ਇਸ ਕਾਰਜ ਲਈ ਹੇਠ ਲਿਖੇ ਅਨੁਸਾਰ ਕਾਰਵਾਈ ਕਰਨੀ ਜ਼ਰੂਰੀ ਹੈ:-
(ੳ) ਹਰੇਕ ਗੱਲੀ-ਮੁਹੱਲੇ `ਚ ਗੁਰਮਤਿ ਪ੍ਰਚਾਰ ਸਭਾ ਕਾਇਮ ਕੀਤੀ ਜਾਵੇ
ਅਜਕਲ ਤਕਰੀਬਨ ਸਾਰੇ ਹੀ ਗੁਰਦਵਾਰੇ ਮਾਡਰਨ ਮਹੰਤਾਂ ਤੇ ਚੌਧਰਾਂ ਦੇ ਭੁੱਖੇ
ਪ੍ਰਬੰਧਕਾਂ ਦੇ ਕਬਜ਼ੇ ਅਧੀਨ ਹਨ ਜਿੱਥੋਂ ਗੁਰਮਤਿ ਫ਼ਲਸਫ਼ੇ ਦਾ ਪ੍ਰਚਾਰ ਹੋਣ ਦੀ ਬਜਾਏ ਬ੍ਰਾਹਮਣਵਾਦੀ
ਕਰਮ-ਕਾਂਡਾਂ ਦਾ ਹੀ ਪ੍ਰਚਾਰ ਹੋ ਰਿਹਾ ਹੈ। ਇਸ ਲਈ ਗੁਰਮਤਿ ਪ੍ਰਚਾਰ ਸਭਾਵਾਂ ਹਰੇਕ ਗੱਲੀ-ਮੁਹੱਲੇ
ਦੇ ਕਿਸੇ ਇੱਕ ਘਰ ਤੋਂ ਕਾਰਜਸ਼ੀਲ ਕਰਨੀਆਂ ਪੈਣਗੀਆਂ। ਇਹ ਪ੍ਰਚਾਰ ਸਭਾਵਾਂ ਹਫ਼ਤੇ ਵਿੱਚ ਇੱਕ ਜਾਂ ਦੋ
ਦਿਨਾਂ ਲਈ (ਘੰਟੇ ਕੁ ਦਾ ਸਮਾਂ ਕੱਢ ਕੇ) ਆਪਸੀ ਵਿਚਾਰ-ਵਟਾਂਦਰੇ ਰਾਹੀਂ ਗੁਰਮਤਿ ਫ਼ਲਸਫ਼ੇ ਦੇ
ਮੁੱਢਲੇ ਸਿਧਾਂਤਾਂ ਦਾ ਪ੍ਰਚਾਰ ਕਰਨਾ ਅਰੰਭ ਕਰਨ। ਇਹ ਪ੍ਰਚਾਰ ਸਿੱਖ ਵਸੋਂ ਵਾਲੇ ਹਰੇਕ ਦੇਸ਼ ਵਿੱਚ
ਸਥਾਪਤ ਗੁਰਮਤਿ ਪ੍ਰਚਾਰ ਸਭਾਵਾਂ ਕਰਨ।
(ਅ) ਸਥਾਨਕ ਸਕੂਲਾਂ/ਕਾਲਜਾਂ ਨਾਲ ਸੰਪਰਕ ਕਰ ਕੇ, ਵੱਧ ਤੋਂ ਵੱਧ (ਚਾਰ-ਪੰਜ
ਰੋਜ਼ਾ) ਗੁਰਮਤਿ ਸਿੱਖਿਆ ਕੈਂਪ ਲਾਏ ਜਾਇਆ ਕਰਨ। ਅਜਿਹੇ ਕੈਂਪਾਂ ਦੇ ਚੰਗੇ ਨਤੀਜੇ ਨਿਕਲਦੇ ਹਨ।
ਇਨ੍ਹਾਂ ਕੈਂਪਾਂ ਵਿੱਚ ਗੁਰ-ਇਤਿਹਾਸ ਦੇ 18ਵੀਂ ਸਦੀ ਦੇ ਸਿੱਖ-ਇਤਿਹਾਸ `ਤੇ ਅਧਾਰਤ ਫ਼ਿਲਮਾਂ
ਵਿਖਾਈਆਂ ਜਾਣ।
(ੲ) ਮਹੱਤਵਪੂਰਨ ਕੌਮੀ ਮੁੱਦਿਆਂ `ਤੇ (ਸਮੇਂ-ਸਮੇਂ ਸਿਰ) ਜ਼ਿਲ੍ਹਾ-ਪੱਧਰੀ
ਸੈਮੀਨਾਰ
ਇਹ ਸੈਮੀਨਾਰ ਦੋ-ਤਿੰਨ ਰੋਜ਼ਾ ਹੋਣ ਅਤੇ ਹਰੇਕ ਮਹੱਤਵਪੂਰਨ ਕੌਮੀ ਮੁੱਦੇ
`ਤੇ, ਗੁਰਮਤਿ ਸਿਧਾਂਤਾਂ ਦੀ ਰੌਸ਼ਨੀ `ਚ ਖੁੱਲ੍ਹ ਕੇ ਵਿਚਾਰ-ਵਟਾਂਦਰੇ ਕੀਤੇ ਜਾਇਆ ਕਰਨ।
(ਸ) ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੰਕਲਪ
ਇਥੇ ਇਹ ਸੰਖੇਪ ਅਤੇ ਸੰਕੇਤਕ ਜ਼ਿਕਰ ਕਰਨਾ ਜ਼ਰੂਰੀ ਲਗਦਾ ਹੈ ਕਿ ਸ੍ਰੀ ਅਕਾਲ
ਤਖ਼ਤ ਸਾਹਿਬ ਨਾ ਤਾਂ ਕਿਸੇ ਇਮਾਰਤ ਦਾ ਨਾਮ ਹੈ ਅਤੇ ਨਾ ਹੀ ਇਸ ਦੇ ਪ੍ਰਬੰਧਕੀ ਨਿਜ਼ਾਮ ਦਾ। ਇਹ,
ਸਮੁੱਚੀ ਮਨੁੱਖਤਾ `ਤੇ ਰਹਿਮਤ ਕਰ ਕੇ, ‘ਗੁਰੂ ਨਾਨਕ ਜੋਤਿ’ ਦੇ ਛੇਵੇਂ ਜਾਮੇਂ ਗੁਰੂ ਹਰਿਗੋਬਿੰਦ
ਸਾਹਿਬ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰ ਕੇ ਗੁਰਮਤਿ ਫ਼ਲਸਫ਼ੇ ਦੇ ਹੇਠ ਦਿੱਤੇ
ਸਿਧਾਂਤ ਨੂੰ, 1608-09 ਦੌਰਾਨ, ਸਥੂਲ ਰੂਪ ਵਿੱਚ, (ਮਨੁੱਖਤਾ ਦੇ ਭਲੇ ਲਈ) ਪਰਗਟ ਕੀਤਾ ਸੀ,
ਰੱਬੀ-ਰਜ਼ਾ ਅਨੁਸਾਰ -
ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖ਼ਤੁ॥ ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ
ਛਤੁ॥ (ਮ: 5, 964)
ਭਾਵ: (ਹੇ ਪ੍ਰਭੂ!) ਤੇਰਾ ਇਲਾਹੀ ਦਰਬਾਰ (ਹੋਰ ਸਭ ਦਰਬਾਰਾਂ ਜਾਂ
ਅਦਾਲਤਾਂ ਨਾਲੋਂ) ਵੱਡਾ ਹੈ, ਤੇਰਾ ਤਖ਼ਤ ਸਦਾ ਕਾਇਮ ਰਹਿਣ ਵਾਲਾ ਹੈ, (ਹੇ ਪ੍ਰਭੂ!) ਤੇਰੇ ਇਲਾਹੀ
ਦਰਬਾਰ ਦਾ ਚਵਰ ਤੇ ਛਤਰ ਭੀ ਸਦਾ ਕਾਇਮ ਰਹਿਣ ਵਾਲੇ ਹਨ, ਅਤੇ ਤੂੰ ਪਾਤਿਸ਼ਾਹਾਂ ਦੇ ਸਿਰ ਉੱਤੇ ਭੀ
(ਸਭ ਤੋਂ ਵੱਡਾ) ਪਾਤਿਸ਼ਾਹ ਹੈਂ।
ਭਾਵ ਕਿ, ਰੱਬੀ-ਰਾਜ (ਹਲੇਮੀ-ਰਾਜ) ਦੀ, ਸ੍ਰੀ ਅਕਾਲ ਤਖ਼ਤ ਸਾਹਿਬ, ਇੱਕ
ਸੰਕੇਤਕ ਤੇ ਸਰਬ-ਉੱਚ (ਮੀਰੀ-ਪੀਰੀ ਦੇ ਅਲੌਕਿਕ ਸੁਮੇਲ ਵਾਲੀ) ਕੇਂਦਰੀ ਸੰਸਥਾ ਹੈ ਸਾਰੇ ਸੰਸਾਰ
ਦੀ। ਇਹ ਅਤੀ ਸਤਿਕਾਰਤ ਗੁਰਮਤਿ ਸੰਸਥਾ ਦੋ ਸਪੱਸ਼ਟ ਸੰਕੇਤ ਦੇ ਰਹੀ ਹੈ। ਪਹਿਲਾ, ਅਕਾਲ
ਪੁਰਖ ਹੀ ਸਮੁੱਚੀ ਸ੍ਰਿਸ਼ਟੀ ਦਾ ਇੱਕੋ-ਇੱਕ ਸਦੀਵੀ ਤੇ ਵਾਹਿਦ ਹਾਕਮ (
ruler)
ਹੈ। ਦੂਜਾ, ਗੁਰੂ ਨਾਨਕ ਸਾਹਿਬ ਵੱਲੋਂ ਸਾਜੀ ਸਿੱਖ ਕੌਮ, ਪ੍ਰਭੂ-ਪਿਤਾ ਦੀ ਹਕੂਮਤ ਅਧੀਨ,
ਇੱਕ ਸੁਤੰਤ੍ਰ, ਵਿਲੱਖਣ ਅਤੇ ਸੰਪੂਰਨ ਕੌਮ ਹੈ, ਜਿਸ ਦਾ ਆਪਣਾ ਵਿਲੱਖਣ ਸੰਵਿਧਾਨ (ਗੁਰਮਤਿ ਫ਼ਲਸਫ਼ੇ
ਦੇ ਅਨੁਕੂਲ), ਵਿਲੱਖਣ ਨਿਸ਼ਾਨ (ਕੌਮੀ ਪਰਚਮ, ਨੀਲਾ ਨਿਸ਼ਾਨ ਸਾਹਿਬ) ਅਤੇ ਵਿਲੱਖਣ ਹੀ ਸਮਾਜ-ਪ੍ਰਬੰਧ
(ਗੁਰਮਤਿ ਫ਼ਲਸਫ਼ੇ ਅਨੁਕੂਲ ਰਾਜ-ਪ੍ਰਣਾਲੀ) ਹੈ। ਇੱਥੇ ਲੇਖਕ ਸਮੁੱਚੇ ਸਿੱਖ ਵਿਦਵਾਨਾਂ ਨੂੰ ਨਿਮਰਤਾ
ਸਹਿਤ, ਇੱਕ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਕੀ ਕਿਸੇ ਗੁਰਮਤਿ-ਸਿਧਾਂਤ ਦਾ ਜਥੇਦਾਰ ਭੀ ਨਿਯੁਕਤ
ਕੀਤਾ ਜਾ ਸਕਦਾ ਹੈ? ਜੇਕਰ ਕੀਤਾ ਜਾ ਸਕਦਾ ਹੈ ਤਾਂ ਕਿਰਪਾ ਕਰ ਕੇ ਆਪਣੇ ਉੱਤਰ ਦੀ ਪੁਸ਼ਟੀ ਲਈ
ਇਹ ਵਿਦਵਾਨ ਗੁਰ-ਇਤਿਹਾਸ (1469 ਤੋਂ 1708) ਜਾਂ ਗੁਰੂ ਗ੍ਰੰਥ ਸਾਹਿਬ ਦੇ ਆਲਮਗੀਰੀ (ਸਰਬ-ਸਾਂਝੇ)
ਫ਼ਲਸਫ਼ੇ ਵਿੱਚੋਂ ਕੋਈ ਇੱਕ ਵੀ ਤਸੱਲੀਬਖਸ਼ ਹਵਾਲਾ ਦੇ ਦੇਣ ਜਿਸ ਤੋਂ ਇਹ ਸਾਬਤ ਹੋ ਜਾਵੇ ਕਿ ਸ੍ਰੀ
ਅਕਾਲ ਤਖ਼ਤ ਸਾਹਿਬ ਦੀ ਅਤੀ ਸਤਿਕਾਰਤ ਕੇਂਦਰੀ ਸੰਸਥਾ ਦਾ ਕੋਈ ਪੰਜ-ਭੂਤਕ ਸਰੀਰ ‘ਜਥੇਦਾਰ ਸ੍ਰੀ
ਅਕਾਲ ਤਖ਼ਤ ਸਾਹਿਬ’ ਦੇ (ਗੁਰਮਤਿ-ਵਿਰੋਧੀ) ਅਹੁਦੇ `ਤੇ ਨਿਯੁਕਤ ਕੀਤਾ ਜਾ ਸਕਦਾ ਹੈ ਅਤੇ
ਸਤਿਗੁਰਾਂ ਨੇ ਆਪਣੇ ਤਕਰੀਬਨ ਸੌ ਸਾਲ ਦੇ ਲੰਮੇ ਸਮੇਂ (1608 ਤੋਂ 1708 ਤੱਕ) ਦੌਰਾਨ
ਕਿਹੜੇ-ਕਿਹੜੇ ਮਨੁੱਖਾਂ ਨੂੰ ਇਸ ਸੰਸਥਾ ਦਾ ਜਥੇਦਾਰ ਨਿਯੁਕਤ ਕੀਤਾ ਸੀ? ਅਤੇ 1708 ਤੋਂ 1925 ਤੱਕ
ਕਿਹੜੇ-ਕਿਹੜੇ ਮਨੁੱਖ ਇਸ ਅਹੁਦੇ `ਤੇ ਰਹੇ ਹਨ?
ਅਸਲ ਗੱਲ ਇਹ ਹੈ ਕਿ ‘ਜਥੇਦਾਰ’ ਸ੍ਰੀ ਅਕਾਲ ਤਖ਼ਤ ਸਾਹਿਬ ਦੇ
ਗੁਰਮਤਿ-ਵਿਰੋਧੀ ਅਹੁਦੇ ਦੀ ਕਾਢ, 1970 ਦੇ ਆਸ-ਪਾਸ, ਖ਼ੁਦਗਰਜ਼, ਸ਼ਾਤਰ ਤੇ ਗੁਰਮਤਿ-ਵਿਹੂਣੇ ਅਖੌਤੀ
ਸਿੱਖ ਲੀਡਰਾਂ (ਖ਼ਾਸ ਕਰ ਕੇ ਪ੍ਰਧਾਨ ਸ਼੍ਰੋ. ਗੁ. ਪ੍ਰ. ਕਮੇਟੀ) ਨੇ ਆਪਣੇ ਵਿਰੋਧੀਆਂ ਨੂੰ ਧਰਮ ਦੇ
ਨਾਂ `ਤੇ ਦਬਕਾਅ ਕੇ ਰੱਖਣ ਲਈ ਹੀ ਕੱਢੀ ਸੀ ਜਿਸ ਦਾ ਖਮਿਆਜ਼ਾ ਹੁਣ ਪੂਰੀ ਕੌਮ ਭੁਗਤ ਰਹੀ ਹੈ।
(ਹ) ਤਖ਼ਤ ਸਾਹਿਬਾਨ ਦੇ ਅਖੌਤੀ ਜਥੇਦਾਰ: ਪੱਕੇ ਕੌਮੀ ਪੰਜ ਪਿਆਰੇ?
ਬਾਕੀ ਦੇ ਚਾਰ ‘ਤਖ਼ਤ ਸਾਹਿਬਾਨ’, ਗੁਰਮਤਿ-ਵਿਹੂਣੇ ਸਿੱਖ ਲੀਡਰਾਂ ਨੇ (ਕੁੱਝ
ਕੁ ਅਖੌਤੀ ਸਿੱਖ ਵਿਦਵਾਨਾਂ ਦੀ ਮਿਲੀ-ਭੁਗਤ ਨਾਲ) ਗੁਰੂ ਸਾਹਿਬਾਨ ਦੀ ਰੀਸ ਕਰ ਕੇ, ਵੀਹਵੀਂ ਸਦੀ
ਦੌਰਾਨ, ਕਾਇਮ ਕਰ ਲਏ ਅਤੇ ਸਮਾਂ ਪਾ ਕੇ ਇਨ੍ਹਾਂ ਪੰਜਾਂ ਤਖ਼ਤ ਸਾਹਿਬਾਨਾਂ ਦੇ ‘ਜਥੇਦਾਰ’ ਵੀ
ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ। ਤਖ਼ਤ ਸਾਹਿਬਾਨ ਦੇ ਅਖੌਤੀ ਜਥੇਦਾਰ, ਸਿੱਖ ਕੌਮ ਦੇ ਅਜਿਹੇ
(ਗੁਰਮਤਿ-ਵਿਹੂਣੇ) ਲੀਡਰਾਂ ਦੀ ਸਰਪ੍ਰਸਤੀ ਹਾਸਲ ਕਰ ਕੇ, ਇਤਨੇ ਹੰਕਾਰੇ ਗਏ ਕਿ ਇਨ੍ਹਾਂ ਨੇ
ਅਣ-ਅਧਿਕਾਰਤ ਤੌਰ `ਤੇ, ਕੌਮੀ ਮਸਲੇ ਹੱਲ ਕਰਨ ਤੇ ਕੌਮ ਦੀ ਅਗੁਵਾਈ ਕਰਨ ਲਈ ਕੌਮ ਦੇ ਪੱਕੇ
ਪੰਜ-ਪਿਆਰਿਆਂ ਦੀ ਡਿਉਟੀ ਭੀ ਸੰਭਾਲ ਲਈ। ਇਸ ਗੁਰਮਤਿ-ਵਿਰੋਧੀ ਹਰਕਤ ਦਾ ਭੀ ਸਿੱਖ ਕੌਮ ਬਹੁਤ ਹੀ
ਭੈੜਾ ਫ਼ਲ ਭੁਗਤਦੀ ਆ ਰਹੀ ਹੈ।
ਪ੍ਰਭੂ-ਪਿਤਾ ਭਾਵੇਂ ਸ੍ਰਿਸ਼ਟੀ ਦੀ ਸਾਜਨਾ ਕਰ ਕੇ ਇਸ ਦੇ ਕਣ-ਕਣ ਵਿੱਚ
(ਨਿਰਲੇਪ ਹੋ ਕੇ) ਸਮਾਇਆ ਹੋਇਆ ਹੈ, ਪਰ ਉਸ ਦਾ ਸੰਕੇਤਕ ਤਖ਼ਤ (ਸਤਿਗੁਰੂ ਜੀ ਵੱਲੋਂ ਪਰਗਟ ਕੀਤਾ)
ਭੀ ਇੱਕੋ ਹੀ ਹੈ -
ਏਕੋ ਤਖਤੁ ਏਕੋ ਪਾਤਿਸਾਹੁ॥ ਸਰਬੀ ਥਾਈ ਵੇਪਰਵਾਹੁ॥ ਤਿਸ ਕਾ ਕੀਆ
ਤ੍ਰਿਭਵਣ ਸਾਰੁ॥ ਓਹੁ ਅਗਮੁ ਅਗੋਚਰੁ ਏਕੰਕਾਰੁ॥
(ਮ: 1, 1188)
ਭਾਵ: (ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ, ਉਸ ਨੂੰ ਯਕੀਨ
ਬਣ ਜਾਂਦਾ ਹੈ ਕਿ ਸਾਰੇ ਜਗਤ ਦਾ ਮਾਲਿਕ ਪਰਮਾਤਮਾ ਹੀ ਸਦਾ-ਥਿਰ) ਇੱਕੋ-ਇੱਕ ਪਾਤਿਸ਼ਾਹ ਹੈ (ਤੇ ਉਸੇ
ਦਾ ਹੀ ਸਦਾ-ਥਿਰ ਰਹਿਣ ਵਾਲਾ) ਇੱਕੋ-ਇੱਕ (ਸੰਕੇਤਕ) ਤਖ਼ਤ (ਸ੍ਰੀ ਅਕਾਲ ਤਖ਼ਤ ਸਾਹਿਬ) ਹੈ, ਉਹ
ਪਾਤਿਸ਼ਾਹ ਸਭ ਥਾਵਾਂ ਵਿੱਚ ਵਿਆਪਕ ਹੈ (ਸਾਰੇ ਜਗਤ ਦੀ ਕਾਰ ਚਲਾਉਂਦਾ ਹੋਇਆ ਭੀ ਉਹ ਸਦਾ) ਬੇ-ਫ਼ਿਕਰ
ਰਹਿੰਦਾ ਹੈ। ਸਾਰਾ ਜਗਤ ਉਸੇ ਪ੍ਰਭੂ-ਪਿਤਾ ਦਾ ਬਣਾਇਆ ਹੋਇਆ ਹੈ, ਉਹੀ ਤਿੰਨਾਂ ਭਵਨਾਂ ਦਾ ਮੂਲ ਹੈ।
ਪਰ, ਉਹ ਮਨੁੱਖ ਦੀ ਮੱਤਿ-ਬੁੱਧੀ ਅਤੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰ੍ਹੇ ਹੈ (ਹਰ ਥਾਂ) ਉਹ
ਆਪ ਹੀ ਆਪ ਹੈ। 5.
(ਕ) ਖੰਡੇ ਬਾਟੇ ਦੀ ਪਾਹੁਲ
ਜਦੋਂ ਤੱਕ ਬੱਚੇ/ਬੱਚੀਆਂ ਹੋਸ਼ ਸੰਭਾਲ ਲੈਣ ਅਤੇ ਖੰਡੇ-ਬਾਟੇ ਦੀ ਪਾਹੁਲ ਦੀ
ਬੁਨਿਆਦੀ ਗੁਰਮਤਿ-ਫ਼ਿਲਾਸਫ਼ੀ ਨੂੰ ਸਮਝਣ ਜੋਗੇ ਹੋ ਜਾਣ, ਤਾਂ ਚੰਗੀ ਗੱਲ ਹੈ ਕਿ ਉਹ ਪਾਹੁਲ ਛਕ ਕੇ
ਅਕਾਲ ਪੁਰਖ ਦੀ ਫ਼ੌਜ ਵਿੱਚ ਸ਼ਾਮਿਲ ਹੋ ਜਾਣ। ਰਸਮੀ ਤੌਰ `ਤੇ, ਵਗੈਰ ਇਸ ਦੇ ਫ਼ਲਸਫ਼ੇ ਨੂੰ ਸਮਝਣ ਦੇ,
ਖੰਡੇ-ਬਾਟੇ ਦੀ ਪਾਹੁਲ ਛਕਣ ਵਾਲੇ ਬੱਚੇ, ਅਕਸਰ ਹੀ, ਗੁਰਮਤਿ ਸਿਧਾਂਤਾਂ ਤੋਂ ਥਿੜਕ ਕੇ ਅਜਿਹੇ
ਸ਼ਰਮਨਾਕ ਕਾਰੇ ਵੀ ਕਰ ਬਹਿੰਦੇ ਹਨ ਜਿਨ੍ਹਾਂ ਨੂੰ ਇੱਕ ਬੇ-ਪਹੁਲੀਆ ਸਾਧਾਰਨ ਮਨੁੱਖ ਵੀ ਕਰਨ
ਲੱਗਿਆਂ, ਸ਼ਾਇਦ, ਸੌ ਵਾਰ ਸੋਚੇਗਾ। ਸਾਧਾਰਨ ਫ਼ੌਜੀ ਲਈ ਭੀ ਕਰੜੇ ਅਨੁਸ਼ਾਸ਼ਨ ਦੀ ਪਾਲਣਾ ਕਰਨੀ ਲਾਜ਼ਮੀ
ਹੁੰਦੀ ਹੈ, ਫਿਰ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕਰ ਕੇ ਅਕਾਲ ਪੁਰਖ ਦੀ ਫ਼ੌਜ ਵਿੱਚ ਸ਼ਾਮਿਲ ਹੋਣ
ਵਾਲੇ ਲਈ ਤਾਂ ਬਾਣੀ-ਗੁਰੂ ਅਤੇ ਦਸਮੇਸ਼ ਪਿਤਾ ਜੀ ਨੇ ਕਰੜੇ ਅਨੁਸ਼ਾਸਨ ਦੀ ਪਾਲਣਾ ਕਰਦਿਆਂ, ਮਨੁੱਖੀ
ਹੱਕਾਂ ਦੀ ਰਾਖੀ ਲਈ, ਸਿਰ-ਧੜ ਦੀ ਬਾਜੀ ਲਾਉਂਣ ਤੋਂ ਵੀ ਗੁਰੇਜ਼ ਨਾ ਕਰਨ ਦੀ ਪੱਕੀ ਤੇ ਸਦੀਵੀ
ਹਦਾਇਤ ਕੀਤੀ ਹੋਈ ਹੈ। ਪਰ, ਇਸ ਦਾ ਇਹ ਮਤਲਬ ਭੀ ਨਹੀਂ ਕਿ ਇਹ ਗੁਰਮਤਿ ਫ਼ੌਜੀ ਅਨੁਸ਼ਾਸਨ ਨਿਭਾਇਆ ਹੀ
ਨਹੀਂ ਜਾ ਸਕਦਾ। ਨਹੀਂ, ਐਸੀ ਕੋਈ ਗੱਲ ਨਹੀਂ ਹੈ। ਸਿੱਖ (ਨਾਮ-ਧਰਮ ਦੀ ਪਾਲਣਾ ਕਰਨ ਵਾਲਾ ਪ੍ਰਾਣੀ)
ਹਮੇਸ਼ਾਂ ਪ੍ਰਭੂ-ਪਿਤਾ ਦੇ ਨਿਰਮਲ-ਭਉ (ਅਦਬ-ਸਤਿਕਾਰ ਵਾਲਾ ਡਰ) ਵਿੱਚ ਵਿਚਰਦਾ ਹੋਇਆ, ਹੁਕਮਿ ਰਜ਼ਾਈ
ਚੱਲਣ ਲਈ ਈਮਾਨਦਾਰੀ ਨਾਲ ਯਤਨਸ਼ੀਲ ਹੋਵੇ ਅਤੇ ਪ੍ਰਭੂ ਅਤੇ ਪ੍ਰਭੂ-ਸਰੂਪ ਸਤਿਗੁਰਾਂ ਦੇ ਚਰਨਾਂ ਨਾਲ
ਜੁੜ ਕੇ ਅਰਦਾਸਾਂ ਕਰਦਾ ਰਹੇ ਤਾਂ ਉਹ ਮਾਲਿਕ-ਪ੍ਰਭੂ ਸਿੱਖ ਦੀ ਹਰ ਥਾਂ ਅਤੇ ਹਰ ਵਕਤ ਖ਼ੁਦ ਅਗੁਵਾਈ
ਕਰ ਕੇ ਸਹਾਈ ਹੁੰਦਾ ਰਹਿੰਦਾ ਹੈ।
ਨੋਟ: ਗੁਰਮਤਿ ਅਨੁਸਾਰ ਸਾਂਝੀ ਅਗੁਵਾਈ (
collective
leadership) ਦਾ ਸਿਧਾਂਤ ਹੀ ਪਰਵਾਨ ਹੈ। ਪੰਜ
ਪਿਆਰੇ, ਆਮ ਕਰ ਕੇ, ਖੰਡੇ-ਬਾਟੇ ਦੀ ਪਾਹੁਲ ਦੇਣ ਲਈ ਹੀ ਹਾਜ਼ਰ ਸੰਗਤਿ `ਚੋਂ ਸੀਲੈਕਟ ਕੀਤੇ ਜਾਣੇ
ਚਾਹੀਦੇ ਹਨ। ਪੰਜ ਪਿਆਰਿਆਂ ਦੀ ਸੰਸਥਾ ਸਥਾਈ (permanent)
ਹੈ, ਪੰਜ ਪਿਆਰੇ ਸਥਾਈ ਨਹੀਂ ਹਨ।
(ਖ) ਨੌਜਵਾਨ ਹੋ ਰਹੇ ਬੱਚਿਆਂ ਦੀ ਅਗੁਵਾਈ
ਨੌਜਵਾਨ ਹੋ ਰਹੇ ਬੱਚੇ/ਬੱਚੀਆਂ, ਸਹੀ ਅਗੁਵਾਈ ਨਾ ਮਿਲਣ ਕਰ ਕੇ, ਕਈ ਵਾਰ,
ਮਾੜੀ ਸੰਗਤਿ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਇਸ ਕਿਸ਼ੋਰ ਅਵੱਸਥਾ ਵਿੱਚ ਜਿੱਥੇ ਬੱਚੇ ਬੁੱਧੀ
ਤੋਂ ਕੰਮ ਲੈਣ ਦੀ ਬਜਾਏ ਆਪਣੇ ਮਨ ਦੇ ਪਿੱਛੇ ਲੱਗ ਕੇ, ਜਜ਼ਬਾਤੀ ਹੋ ਕੇ, ਵਿਚਰਨ ਲਗਦੇ ਹਨ, ਉਥੇ
ਮਾਇਆ ਦੇ ਪੁੱਤਰ (ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ-ਖ਼ਾਸ ਕਰ ਕੇ ਕਾਮ-ਵਾਸ਼ਨਾ) ਉਨ੍ਹਾਂ `ਤੇ
ਭਾਰੂ ਪੈਣ ਲਗਦੇ ਹਨ। ਕਈ ਬੱਚੇ ਮਾੜੀ ਸੰਗਤਿ ਕਾਰਨ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਮੌਕੇ
ਕੋਈ ਗ਼ਲਤ ਕਦਮ ਚੁੱਕਣ ਤੋਂ ਪਹਿਲਾਂ ਦੱਸ ਵਾਰ ਸੋਚਣਾ ਚਾਹੀਦਾ ਹੈ ਅਤੇ ਅਰਦਾਸ ਕਰ ਕੇ ਪ੍ਰਭੂ-ਪਿਤਾ
ਅਤੇ ਸਤਿਗੁਰੂ ਜੀ ਤੋਂ ਮਦਦ ਲਈ ਤਰਲਾ ਕਰਨਾ ਸਹਾਈ ਹੋ ਸਕਦਾ ਹੈ। ਇਹ ਗੱਲ ਹਮੇਸ਼ਾਂ ਪੱਲੇ ਨਾਲ ਪੱਕੀ
ਤਰ੍ਹਾਂ ਬੰਨ੍ਹ ਕੇ ਰੱਖਣੀ ਚਾਹੀਦੀ ਹੈ ਕਿ ਨਜ਼ਦੀਕੀ ਸਰੀਰਕ ਸਬੰਧ ਕੇਵਲ ਅਤੇ ਕੇਵਲ (ਅਨੰਦ ਕਾਰਜ
ਤੋਂ ਬਾਅਦ ਹੀ) ਪਤੀ-ਪਤਨੀ ਵਿਚਕਾਰ ਹੀ ਬਣਾਏ ਜਾ ਸਕਦੇ ਹਨ। ਪਰਾਏ ਮਰਦ ਜਾਂ ਪਰਾਈ ਇਸਤਰੀ ਨਾਲ
ਸਰੀਰਕ ਸਬੰਧ ਬਣਾਉਣੇ ਗੁਰਮਤਿ ਦੀਆਂ ਚਾਰ ਬੱਜਰ ਕੁਰਹਿਤਾਂ `ਚੋਂ ਇੱਕ ਅਜਿਹੀ ਬੱਜਰ ਕੁਰਹਿਤ ਹੈ
ਜਿਸ ਦੇ ਕਰਨ ਦੇ ਕਾਰਨ ਜਿੱਥੇ ਪਰਿਵਾਰਕ ਰਿਸ਼ਤੇ ਨਰਕ ਬਣ ਕੇ ਟੁੱਟ ਜਾਂਦੇ ਹਨ, ਉੱਥੇ ਸਬੰਧਤ ਸਮਾਜਕ
ਵਰਗ ਅੰਦਰ ਵੈਰ-ਵਿਰੋਧ ਅਤੇ ਕਤਲ ਤੱਕ ਵੀ ਹੋ ਜਾਂਦੇ ਹਨ, ਹੋਰ ਉਲਝਣਾਂ ਪੈਦਾ ਹੋ ਜਾਂਦੀਆਂ ਹਨ, ਜੋ
ਮਨੁੱਖੀ ਸਮਾਜ ਅੰਦਰ ਆਦਰਸ਼ਕ ਭਾਈਚਾਰਕ ਸਾਂਝਾਂ ਨਹੀਂ ਬਣਨ ਦਿੰਦੇ ਅਤੇ ਅਸ਼ਾਂਤੀ ਦਾ ਕਾਰਨ ਬਣਦੇ ਹਨ।
ਇਹ ਸਿੱਖ ਕੌਮ ਲਈ ਵਿਸ਼ੇਸ਼ ਕਰ ਕੇ ਅਤਿ-ਸ਼ਰਮਨਾਕ ਕਾਰਵਾਈ ਹੈ। ਬਾਅਦ ਵਿੱਚ, ਕਿਸੇ ਕਾਰਨ ਇਨ੍ਹਾਂ
ਨਾਜਾਇਜ਼ ਸਰੀਰਕ ਸਬੰਧਾਂ ਵਿੱਚ, ਅਕਸਰ ਹੀ, ਕੁੜੱਤਣ ਪੈਦਾ ਹੋ ਜਾਂਦੀ ਹੈ ਜੋ ਲੜਕੇ ਜਾਂ ਲੜਕੀ ਦੀ
ਖ਼ੁਦਕਸ਼ੀ/ਕਤਲ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ। ਅਜਿਹੇ ਵਰਤਾਰੇ ਦਾ ਭੀ ਇੱਕੋ-ਇੱਕ ਕਾਰਨ ਗੁਰੂ
ਗ੍ਰੰਥ ਸਾਹਿਬ ਦੇ ਨੈਤਿਕ ਫ਼ਲਸਫ਼ੇ ਨਾਲੋਂ ਟੁੱਟੇ ਹੋਣਾ ਹੀ ਹੈ। ਸਰਬ-ਸਾਂਝਾ ਗੁਰਮਤਿ ਫ਼ਲਸਫ਼ਾ ਇਨ੍ਹਾਂ
ਬੱਜਰ ਕੁਰਹਿੱਤਾਂ ਤੋਂ ਬਚ ਕੇ ਰਹਿਣ ਲਈ, ਜੋ ਹੇਠਾਂ ਦਿੱਤੀਆਂ ਜਾ ਰਹੀਆਂ ਹਨ, ਸਖਤੀ ਨਾਲ ਤਾੜਨਾ
ਕਰਦਾ ਹੈ -
(ੳ) ਕੇਸ਼ਾਂ/ਰੋਮਾਂ ਨੂੰ ਕੱਟਣਾ ਜਾਂ ਕਿਸੇ ਹੋਰ ਢੰਗ ਨਾਲ ਇਨ੍ਹਾਂ ਨੂੰ
ਸਰੀਰ ਤੋਂ ਅਲੱਗ ਕਰਨਾ। ਹਾਂ, ਸਰਜਰੀ ਦੌਰਾਨ ਕੇਸਾਂ/ਰੋਮਾਂ ਦਾ ਕੱਟਿਆ ਜਾਣਾ ਸੁਭਾਵਕ ਹੈ ਅਤੇ
ਦੁਬਾਰਾ ਖੰਡੇ-ਬਾਟੇ ਦੀ ਪਾਹੁਲ ਛੱਕੀ ਜਾ ਸਕਦੀ ਹੈ।
(ਅ) ਪਰਾਏ ਮਰਦ ਜਾਂ ਪਰਾਈ ਇਸਤਰੀ ਨਾਲ ਸਰੀਰਕ (ਪਤੀ-ਪਤਨੀ ਵਾਲੇ) ਸੰਬੰਧ
ਬਣਾਉਂਣੇ।
(ੲ) ਤਮਾਕੂ ਜਾਂ ਕਿਸੇ ਹੋਰ ਨਸ਼ੇ ਦੀ ਵਰਤੋਂ ਕਰਨੀ।
(ਸ) ਕੁਠਾ-ਮਾਸ (ਕੋਈ ਧਾਰਮਿਕ ਕਰਮ-ਕਾਂਡ, ਕਲਮਾਹ ਆਦਿ ਪੜ੍ਹ ਕੇ ਪ੍ਰਾਪਤ
ਕੀਤਾ ਮਾਸ) ਖਾਣਾ।
ਕਰਨਲ ਗੁਰਦੀਪ ਸਿੰਘ