ਮਧੁ ਕੈਟਬ ਬਧਨ ਅਵਤਾਰ
[The
Fourteenth Incarnation of Vishnu]
ਬਚਿਤ੍ਰ ਨਾਟਕ ਵਿਖੇ ਵਿਸ਼ਣੂ ਦੇ ਚੌਧਵੇਂ ਅਵਤਾਰ “ਮਧੁ ਕੈਟਬ ਬਧਨ” ਦੀ ਵਾਰਤਾ ਇੰਜ ਲਿਖੀ ਹੋਈ ਹੈ:
ਅਬ ਮਧੁ ਕੈਟਬ ਬਧਨ ਕਥਨੰ
ਸ੍ਰੀ ਭਗਉਤੀ ਜੀ ਸਹਾਇ
ਦੋਹਰਾ
ਕਾਲ ਪੁਰਖ ਕੀ ਦੇਹਿ ਮੋ ਕੋਟਿਕ ਬਿਸਨ ਮਹੇਸ।
ਕੋਟਿ ਇੰਦ੍ਰ ਬ੍ਰਹਮਾ ਕਿਤੇ ਰਵਿ ਸਸਿ ਕੋਟਿ ਜਲੇਸ। ੧।
ਅਰਥ
ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ:
‘ਕਾਲ
ਪੁਰਖ’ ਦੀ ਵਿਰਾਟ
ਦੇਹ ਵਿੱਚ ਕਰੋੜਾਂ ਵਿਸ਼ਣੂ ਤੇ ਸ਼ਿਵ (ਮਹੇਸ਼) ਹਨ ਅਤੇ ਕਰੋੜਾਂ ਇੰਦਰ ਤੇ ਕਿਤਨੇ ਹੀ ਬ੍ਰਹਮੇ ਅਤੇ
ਕਰੋੜਾਂ ਸੂਰਜ, ਚੰਦ੍ਰਮਾ ਤੇ ਵਰੁਣ ਦੇਵਤੇ ਉਸ ਵਿੱਚ ਸਮਾਏ ਹੋਏ ਹਨ। ੧।
ਚੌਪਈ
ਸਮ੍ਰਿਤ ਬਿਸਨੁ ਤਹ ਰਹਤ ਸਮਾਈ। ਸਿੰਧੁ ਬਿੰਧੁ ਜਹ ਗਨਿਯੋ ਨ ਜਾਈ।
ਸੇਸਨਾਗਿ ਸੈ ਕੋਟਿਕ ਤਹਾ। ਸੋਵਤ ਸੈਨ ਸਰਪ ਕੀ ਜਹਾ। ੨।
ਅਰਥ:
(ਅਵਤਾਰ ਲੈ ਲੈ ਕੇ)
ਥਕਿਆ ਹੋਇਆ ਵਿਸ਼ਣੂ ਉਥੇ ਸਮਾਇਆ ਰਹਿੰਦਾ ਹੈ ਜਿਥੇ ਸਮੁੰਦਰ ਅਤੇ ਪਹਾੜ ਗਿਣੇ ਹੀ ਨਹੀਂ ਜਾ ਸਕਦੇ।
ਉਥੇ ਸ਼ੇਸ਼ਨਾਗ ਵਰਗੇ ਕਰੋੜਾਂ ਹਨ ਜਿਥੇ ਸੱਪ ਦੀ ਸੇਜਾ ਤੇ (ਸ਼ੇਸ਼ਸਾਈ) ਸੌਂਦਾ ਹੈ। ੨।
ਸਹੰਸ੍ਰ ਸੀਸ ਤਬ ਧਰ ਤਨ ਜੰਘਾ। ਸਹੰਸ੍ਰ ਪਾਵ ਕਰ ਸਹੰਸ ਅਭੰਗਾ।
ਸਹੰਸਰਾਛ ਸੋਭਤ ਹੈ ਤਾ ਕੇ। ਲਛਮੀ ਪਾਵ ਪਰੋਸਤ ਵਾ ਕੇ। ੩।
ਅਰਥ:
ਜਿਸ ਨੇ ਸ਼ਰੀਰ ਉਤੇ ਹਜ਼ਾਰਾਂ ਸਿਰ ਅਤੇ ਹਜ਼ਾਰਾਂ ਲੱਤਾ ਧਾਰਨ ਕੀਤੀਆਂ ਹੋਈਆਂ ਹਨ, ਜਿਸ ਦੇ ਨ ਟੁਟਣ
ਵਾਲੇ ਹਜ਼ਾਰਾਂ ਪੈਰ ਅਤੇ ਹਜ਼ਾਰਾਂ ਹੱਥ ਹਨ, ਉਸ ਦੇ (ਸ਼ਰੀਰ ਤੇ) ਹਜ਼ਾਰਾਂ ਅੱਖਾਂ ਸੁਸ਼ੋਭਿਤ ਹਨ ਅਤੇ
ਲੱਛਮੀ ਉਨ੍ਹਾਂ ਦੇ ਪੈਰਾਂ ਨੂੰ ਪਲੋਸਦੀ ਹੈ। ੩।
ਦੋਹਰਾ
ਮਧੁ ਕੀਟਭ ਕੇ ਬਧ ਨਮਿਤ ਜਾ ਦਿਨ ਜਗਤ ਮੁਰਾਰਿ।
ਸੁ ਕਬਿ ਸ੍ਹਯਾਮ ਤਾ ਕੋ ਕਹੇ ਚੌਦਸਵੋ ਅਵਤਾਰ। ੪।
ਅਰਥ: ਮਧੁ ਅਤੇ ਕੈਟਭ ਦੈਂਤਾਂ ਦੇ ਮਾਰਨ
ਲਈ ਜਿਸ ਦਿਨ ਮੁਰਾਰੀ (ਸਚੇਤ ਹੁੰਦਾ ਹੈ), ਉਸ ਨੂੰ
ਕਵੀ
ਸ਼ਿਆਮ
ਚੌਦਵਾਂ ਅਵਤਾਰ ਕਹਿੰਦਾ ਹੈ। ੪।
ਚੌਪਈ
ਸ੍ਰਵਣ ਮੈਲ ਤੇ ਅਸੁਰ ਪ੍ਰਕਾਸਤ। ਚੰਦ ਸੂਰ ਜਨੁ ਦੁਤੀਯ ਪ੍ਰਭਾਸਤ।
ਮਾਯਾ ਤਜਤ ਬਿਸਨੁ ਕਹੁ ਤਬ ਹੀ। ਕਰਤ ਉਪਾਧਿ ਅਸੁਰ ਮਿਲਿ ਜਬ ਹੀ। ੫।
ਅਰਥ:
(ਸ਼ੇਸ਼ਸਾਈ ਦੇ)
ਕੰਨਾਂ ਦੀ ਮੈਲ ਤੋਂ (ਮਧੁ ਅਤੇ ਕੈਟਭ) ਦੈਂਤ ਪ੍ਰਗਟ ਹੋਏ,
ਮਾਨੋ ਚੰਦ੍ਰਮਾ ਤੇ ਸੂਰਜ ਚੜ੍ਹੇ ਹੋਣ। ਤਦੋਂ ਹੀ ਮਾਇਆ ਵਿਸ਼ਣੂ ਨੂੰ ਛਡਦੀ ਹੈ ਜਦੋਂ ਦੈਂਤ ਇਕੱਠੇ
ਹੋ ਕੇ ਉਪਦਰ ਕਰਦੇ ਹਨ। ੫।
ਤਿਨ ਸੋ ਕਰਤ ਬਿਸਨੁ ਘਮਸਾਨਾ। ਬਰਖ ਹਜਾਰ ਪੰਚ ਪਰਮਾਨਾ।
ਕਾਲ ਪੁਰਖ ਤਬ ਹੋਤ ਸਹਾਈ। ਦੁਹੂੰਅਨਿ ਹਨਤ ਕ੍ਰੋਧ ਉਪਜਾਈ। ੬।
ਅਰਥ:
ਵਿਸ਼ਣੂ ਉਨ੍ਹਾਂ
(ਦੋਹਾਂ ਦੈਂਤਾਂ) ਨਾਲ ਯੁੱਧ ਕਰਦਾ ਹੈ ਜੋ ਪੰਜ ਹਜ਼ਾਰ ਸਾਲਾਂ ਤਕ ਹੁੰਦਾ ਰਹਿੰਦਾ ਹੈ। ਤਦ
‘ਕਾਲ-ਪੁਰਖ’ ਸਹਾਇਕ
ਹੁੰਦਾ ਹੈ ਅਤੇ ਕ੍ਰੋਧਵਾਨ ਹੋ ਕੇ ਦੋਹਾਂ ਨੂੰ ਮਾਰ ਦਿੰਦਾ ਹੈ। ੬।
ਦੋਹਰਾ
ਧਾਰਤ ਹੈ ਐਸੋ ਬਿਸਨੁ ਚੌਦਸਵੋ ਅਵਤਾਰ।
ਸੰਤ ਸੰਬੂਹਨਿ ਸੁਖ ਨਮਿਤ ਦਾਨਵ ਦੁਹੂੰ ਸੰਘਾਰ। ੭।
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਧੁ ਕੈਟਭ ਬਧਹ ਚਤਰਦਸਵੋ ਅਵਤਾਰ
ਬਿਸਨੁ ਸਮਾਤਮ, ਸਤੁ ਸੁਭਮ ਸਤੁ। ੧੪।
ਅਰਥ:
ਸਾਰਿਆਂ ਸੰਤਾਂ ਨੂੰ ਸੁਖ ਦੇਣ ਲਈ ਅਤੇ ਦੋਹਾਂ ਦੈਂਤਾਂ ਨੂੰ ਸੰਘਾਰਨ ਲਈ ਵਿਸ਼ਣੂ ਇਸ ਤਰ੍ਹਾਂ ਦਾ
ਚੌਦਵਾਂ ਅਵਤਾਰ ਧਾਰਨ ਕਰਦਾ ਹੈ। ੭।
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ‘ਮਧੁ ਕੈਟਭ ਬਧ’ ਚੌਦਵੇਂ ਅਵਤਾਰ ਬਿਸਨ ਦੀ ਸਮਾਪਤੀ,
ਸਭ ਸ਼ੁਭ ਹੈ। ੧੪।
{ਇੰਜ
ਪ੍ਰਤੀਤ ਹੁੰਦਾ ਹੈ ਕਿ ਬਚਿਤ੍ਰ ਨਾਟਕ ਦੀ ਪ੍ਰੜੋਤਾ ਕਰਨ ਵਾਲਿਆਂ ਨੇ ਕਦੇ ਇਸ ਨੂੰ ਪੜ੍ਹਣ ਤੇ ਸਮਝਣ
ਦਾ ਓਪਰਾਲਾ ਨਹੀਂ ਕੀਤਾ। ਜੇ ਆਪਣੀ ਬਿਬੇਕ ਬੁੱਧੀ ਦੀ ਵਰਤੋਂ ਕੀਤੀ ਹੁੰਦੀ ਤਾਂ ਇਨ੍ਹਾਂ ਨੂੰ
“ਅਕਾਲ ਪੁਰਖ” ਅਤੇ ‘ਕਾਲ ਪੁਰਖ’ ਬਾਰੇ ਫਰਕ ਪਤਾ ਲਗ ਜਾਂਦਾ! ਇਸ ਦੇ ਲਿਖਾਰੀ ‘ਕਵੀ ਸ਼ਿਆਮ’ ਦੀ
ਮੂਰਖਤਾ ਬਾਰੇ ਵੀ ਸਮਝ ਆ ਜਾਣੀ ਚਾਹੀਦੀ ਸੀ! ਹੋਰ ਦੇਖੋ, ਕਿਵੇਂ ਕੰਨ ਦੀ ਮੈਲ ਤੋਂ ਬਣੇ ਹੋਏ ਦੋ
ਦੈਂਤਾਂ ਨੂੰ ਮਾਰਨ ਲਈ ਵਿਸ਼ਣੂ ਦੇ ਪੰਜ ਹਜ਼ਾਰ ਸਾਲ ਲਗੇ। ਐਸੀਆਂ ਗੱਪਾਂ ਨੂੰ ਪੜ੍ਹ ਕੇ ਕਿਹੜਾ ਗਿਆਨ
ਪਰਾਪਤ ਹੁੰਦਾ ਹੈ? ਅਖੌਤੀ ਦੇਵਤੇ ਨੂੰ ਅਕਾਲ ਪੁਰਖ ਦੀ ਹੋਂਦ ਨਾਲ ਜੋੜਣ ਦਾ ਵੀ ਢੌਂਗ ਕੀਤਾ ਗਿਆ
ਜਿਵੇਂ:
(ਗੁਰੂ ਗਰੰਥ ਸਾਹਿਬ, ਪੰਨਾ ੧੩/੬੬੩: ਰਾਗੁ ਧਨਾਸਰੀ ਮਹਲਾ ੧ ਆਰਤੀ)
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤ+ਹੀ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਜਲਤ ਮੋਹੀ॥ ੨॥
{ਅਰਥ: ਅਕਾਲ ਪੁਰਖ ਸਾਰੇ ਜੀਵ-ਜੰਤੂਆਂ ਵਿੱਚ ਵਿਆਪਕ ਹੋਣ ਕਰਕੇ, ਉਸ ਦੀਆਂ ਬੇਅੰਤ ਅੱਖਾਂ ਹਨ, ਪਰ
ਅਸਲੀਅਤ ਇਹ ਹੈ ਕਿ ਉਹ ਨਿਰਾਕਾਰ ਹੋਣ ਕਰਕੇ, ਉਸ ਦੀ ਕੋਈ ਅੱਖ ਨਹੀਂ ਅਤੇ ਇਵੇਂ ਹੀ ਉਸ ਦੇ ਬੇਅੰਤ
ਸਰੂਪ ਹਨ, ਪਰ ਅਸਲ ਵਿੱਚ ਉਸ ਦਾ ਇੱਕ ਭੀ ਸਰੂਪ ਨਹੀਂ। ਉਸ ਦੇ ਬੇਅੰਤ ਸੋਹਣੇ ਪੈਰ ਹਨ, ਪਰ ਅਸਲੀਅਤ
ਵਿੱਚ ਉਸ ਦਾ ਇੱਕ ਭੀ ਪੈਰ ਨਹੀਂ ਅਤੇ ਇਵੇਂ ਹੀ ਬੇਅੰਤ ਨੱਕ ਹਨ, ਪਰ ਨਿਰਾਕਾਰ ਹੋਣ ਕਰਕੇ ਉਹ ਨੱਕ
ਤੋਂ ਬਿਨਾ ਹੈ। ਇਨ੍ਹਾਂ ਵਡਿਆਈਆਂ ਸਦਕਾ, ਸਾਰੀ ਲੋਕਾਈ ਅਕਾਲ ਪੁਰਖ ਦੀ ਹੀ ਸਿਫਤਿ-ਸਾਲਾਹ ਕਰਦੀ
ਰਹਿੰਦੀ ਹੈ।}
ਖਿਮਾ
ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧ ਜਨਵਰੀ ੨੦੧੬