ਬਿਚਿਤਰ ਨਾਟਕ ਦੇ ਸਮਰਥਕ ਇਸ ਕਿਤਾਬ ਵਿੱਚ ਦਰਜ ਚੰਡੀ ਦੀਆਂ ਕਹਾਣੀਆਂ ਨੂੰ
ਅਨੁਵਾਦ ਕਹਿ ਕੇ ਇਨ੍ਹਾਂ ਦਾ ਪ੍ਰਚਾਰ ਸਿੱਖਾਂ ਵਿੱਚ ਕਰਦੇ ਹਨ। ਜਿਸ ਵੀ ਸਿੱਖ ਵਿਦਵਾਨ ਨੇ ਇਹ
ਬਿਚਿਤਰ ਨਾਟਕ ਪੜ੍ਹਿਆ ਹੈ ਉਹ ਇਸ ਦਲੀਲ ਨੂੰ ਰੱਦ ਕਰਦਾ ਹੈ ਤੇ ਸਾਫ
ਕਹਿੰਦਾ ਹੈ ਕਿ ਇਸ ਵਿੱਚ ਦੇਵੀ ਉਸਤਿਤ ਹੈ ਅਤੇ ਉਸ ਦੀ ਪੁਜਾ ਕੀਤੀ ਗਈ ਹੈ। ਆਉ "ਚੰਡੀ ਚਰਿਤ੍ਰ
ਉਕਤਿ ਬਿਲਾਸ" ਦੀ ਪੜਚੋਲ ਕਰੀਏ।
ਚੰਡੀ ਚਰਿਤ੍ਰ ਉਕਤਿ ਬਿਲਾਸ ਇਕ ਐਸੀ ਰਚਨਾ ਹੈ,
ਜੋ ਬਿਚਿਤਰ ਨਾਟਕ ਕਿਤਾਬ ਦੇ ਲਿਖਾਰੀ ਦੀ ਇਸ਼ਟ ਭਾਵਨਾ ਨੂੰ ਸਬ ਦੇ ਸਾਮ੍ਹਣੇ ਲੈ ਆਂਦੀ ਹੈ। ਇਸ
ਰਚਣਾ ਵਿੱਚ ਦੇਵੀ ਮਹਾਤਮ ਦਾ ਅਨੁਵਾਦ ਹੈ ਜਿਸ ਨੂੰ ਦੁਰਗਾ ਸਪਤਸਤੀ ਵੀ ਕਹਿੰਦੇ ਹਨ। ਕਉਂਕਿ ਇਸ
ਰਚਨਾ ਵਿੱਚ ਇਹ ਦਰਜ ਹੈ ਕਿ ਇਹ ਮਾਰਕੰਡੇ ਪੁਰਾਣ ਵਿੱਚ ਦੇਵੀ ਮਹਾਤਮ (ਦੁਰਗਾ ਸਪਤਸਤੀ) ਦੇ ਅਧਿਆਇ
ਹਨ ਤੇ ਸਾਡਾ ਸਬ ਤੂੰ ਪਹਿਲਾ ਕੰਮ ਬਣਦਾ ਹੈ ਕਿ ਅਸੀਂ ਇਸ ਚੰਡੀ ਚਰਿਤ੍ਰ ਉਕਤਿ ਬਿਲਾਸ ਰਚਨਾ ਦੀ
ਤੁਲਨਾ ਮਾਰਕੰਡੇ ਪੁਰਾਣ ਵਿੱਚ ਦਰਜ ਸਪਤਸਤੀ ਨਾਲ ਕਰੀਏ। ਜਦ ਇਹ ਪੜਚੋਲ ਮਾਰਕੰਡੇ ਪੁਰਾਣ ਵੱਲ
ਤੁਰਦੀ ਹੈ ਤੇ ਪਤਾ ਚਲਦਾ ਹੈ ਕਿ ਸਪਤਸਤੀ ਦੀ ਰਚਨਾ ਮਾਰਕੰਡੇ ਪੁਰਾਣ ਦੇ ੮੧ ਵੇਂ ਅਧਿਆਇ ਤੂੰ ਸ਼ੁਰੂ
ਹੋਂਦੀ ਹੈ ਤੇ ੯੩ ਵੇਂ ਅਧਿਆਇ ਤੇ ਖਤਮ ਹੋਂਦੀ ਹੈ। ੮੧ ਵੇਂ ਅਧਿਆਇ ਦੇ ਸ਼ੁਰੂ ਵਿੱਚ ਚੰਡੀ ਨੂੰ
ਨਮਸਕਾਰ ਹੈ ਅਤੇ ਉਸ ਦੇ ਬਾਦ ਵਾਲੇ ਛੰਦ ਵਿੱਚ ਮਾਰਕੰਡੇ ਰਿਸ਼ੀ ਦਾ ਵਾਕ ਹੈ ਕਿ " ਮੈ ਸੁਰਜ ਦੇ
ਪੁਤਰ ਸਾਵਣ੍ਰਿਕ ਜੋ ਅਠਵਾਂ ਮਨੁ ਸੀ ਉਸ ਦੀ ਕਹਾਣੀ ਵਿਸਤਾਰ ਨਾਲ ਕਹਿ ਰਿਹਾ ਹੈ, ਧਿਆਨ ਨਾਲ
ਸੁਣਨਾ।" ਇਹ ਵਾਕ ਦੁਰਗਾ ਸਪਤਸਤੀ ਦੀ ਸ਼ੁਰੂਆਤ ਹੈ।
ਚੰਡੀ ਚਰਿਤ੍ਰ ੨੩੩ ਛੰਦਾਂ ਦੀ ਰਚਨਾ ਹੈ ਜਦ ਇਸ ਰਚਨਾ ਦਾ ਮਾਰਕੰਡੇ ਪੁਰਾਣ
ਦੇ ਨਾਲ ਤੁਲਾਨਾਤਮਕ ਅਧਿਐਨ ਕਰੀਏ ਤੇ ਪਤਾ ਚਲਦਾ ਹੈ ਕਿ ਚੰਡੀ ਚਰਿਤ੍ਰ ਰਚਨਾ ਵਿੱਚ ਦੁਰਗਾ ਸਪਤਸਤੀ
ਦਾ ਅਨੁਵਾਦ ੭ ਵੇਂ ਛੰਦ ਤੋਂ ਸ਼ੁਰੂ ਹੋਂਦਾ ਹੈ ਤੇ ਇਹ ਅਨੁਵਾਦ ੨੨੯ ਵੇਂ ਛੰਦ ਤੇ ਖਤਮ ਹੋ ਜਾਂਦਾ
ਹੈ। ਚੰਡੀ ਚਰਿਤ੍ਰ ਉਕਤਿ ਬਿਲਾਸ ਵਿੱਚ ਅਨੁਵਾਦ ਸਤਵੇਂ ਛੰਦ ਤੋਂ ਸੁਰੂ ਹੋਂਦਾ ਹੈ, ਪਾਠਕਾਂ
ਸਾਮ੍ਹਣੇ ਅਨੁਵਾਦ ਦੀ ਸ਼ੁਰੂਆਤ ਵਾਲਾ ਛੰਦ ਰਖ ਰਿਹਾ ਹਾਂ:--
ਸ੍ਵੈਯਾ ॥
ਤ੍ਰਾਸ ਕੁਟੰਬ ਕੇ ਹੋਇ ਕੈ ਉਦਾਸ ਅਵਾਸ ਕੋ ਤਿਆਗਿ ਬਸਿਓ ਬਨਿ ਰਾਈ ॥
ਨਾਮ ਸੁਰਥ ਮੁਨੀਸਰ ਬੇਖ ਸਮੇਤ ਸਮਾਧਿ ਸਮਾਧਿ ਲਗਾਈ ॥
ਚੰਡੀ ਚਰਿਤ੍ਰ ਦੇ ਇਸ ਛੰਦ ਵਿੱਚ ਦੁਰਗਾ ਸਪਤਸਤੀ ਦੇ ੮੧ ਵੇਂ ਅਧਿਆਇ ਦੇ ਦੋ ਕਿਰਦਾਰਾਂ ਦਾ ਜਿਕਰ
ਹੈ ਜੋ ਅਪਣਾ ਘਰ-ਬਾਰ ਛੱਡ ਕੇ ਇਕ ਰਿਸ਼ੀ ਦੇ ਆਸ਼ਰਮ ਵਿੱਚ ਰਹਿਣ ਲਗ ਪਏ, ਇਸ ਉਪਰ ਵਾਲੇ ਛੰਦ ਵਿੱਚ
ਉਨ੍ਹਾਂ ਦੋਨਾ ਲੋਕਾਂ ਦਾ ਨਾਮ ਹੈ ਇਕ ਰਾਜਾ ਸੁਰਥ ਅਤੇ ਦੂਜਾ ਸਮਾਧਿ ਨਾਮ ਦਾ ਵੈਸ਼। ਮਾਰਕੰਡੇ
ਪੁਰਾਣ ਦੇ ੮੧ ਵੇਂ ਅਧਿਆਇ ਵਿੱਚ ਸੁਰਥ ਅਤੇ ਸਮਾਧੀ ਦੀ ਕਹਾਣੀ ਦੇ ਇਲਾਵਾ ਵਿਸ਼ਨੂੰ ਦੇ ਹੱਥੀ
ਮਧੁ-ਕੈਟਭ ਨਾਮ ਦੇ ਦੈਤਾਂ ਦੇ ਵਧ ਦਾ ਜਿਕਰ ਹੈ ਅਤੇ ਚੰਡੀ ਚਰਿਤ੍ਰ ਵਿੱਚ ਇਹ ਪੁਰਾ ਅਧਿਆਇ ੭ਵੇਂ
ਛੰਦ ਤੋਂ ਲੈਕੇ ੧੨ ਵੇਂ ਛੰਦ ਤੇ ਖਤਮ ਹੋ ਜਾਂਦਾ ਹੈ।
ਮਾਰਕੰਡੇ ਪੁਰਾਣ ਦੇ ੯੨ਵੇਂ ਅਧਿਆਇ ਦਾ ਅਨੁਵਾਦ ਚੰਡੀ ਚਰਿਤ੍ਰ ਦੇ ੨੨੯ ਵੇਂ
ਛੰਦ ਵਿੱਚ ਚੰਡੀ ਦੇ ਲੋਪ ਹੋ ਜਾਉਣ ਨਾਲ ਖਤਮ ਹੋ ਜਾਂਦਾ ਹੈ ਤੇ ੨੩੦ ਵਾਂ ਛੰਦ ਚੰਡੀ ਦੇ ਦੈਤਾਂ
ਨੂੰ ਮਾਰਨ ਦਾ ਜਿਕਰ ਕਰ ਕੇ ਕਵੀ ਉਸ ਦੀ ਜੈਕਾਰ ਕਰਦਾ ਹੈ। ਚੰਡੀ ਚਰਿਤ੍ਰ ਦਾ ਮਾਰਕੰਡੇ ਪੁਰਾਣ
ਦੇ ਨਾਲ ਤੁਲਾਨਾਤਮਕ ਅਧਿਐਨ ਕਰਨ ਨਾਲ ਇਕ ਹੈਰਾਨੀਜਨਕ ਗੱਲ ਸਾਮ੍ਹਣੇ ਆਉਂਦੀ ਹੈ ਕਿ ਚੰਡੀ ਚਰਿਤ੍ਰ
ਵਿੱਚ ਦੁਰਗਾ ਸਪਤਸਤੀ ਦਾ ਅਨੁਵਾਦ ਪੂਰਾ ਨਹੀ ਹੈ, ਇਸ ਵਿੱਚ ਮਾਰਕੰਡੇ ਪੁਰਾਣ ਚ ਦਰਜ ੯੩ ਵੇਂ
ਅਧਿਆਇ ਦਾ ਅਨੁਵਾਦ ਨਹੀ ਹੈ, ਇਹ ਅਧਿਆਇ ਦੇਵੀ ਮਹਾਤਮ ਦਾ ਆਖਰੀ ਅਧਿਆਇ ਹੈ। ਇਸ ਅਧਿਆਇ ਵਿੱਚ ਸੁਰਥ
ਅਤੇ ਸਮਾਧਿ ਦੀ ਚੰਡੀ ਉਪਾਸਨਾ ਦਾ ਜਿਕਰ ਹੈ। ਕਮਾਲ ਦੇ ਬਿਚਿਤਰੀ ਵਿਦਵਾਨ ਹਨ ਜੋ ਤੱਥਾਂ ਨੂੰ ਪੁਰਾ
ਪੇਸ਼ ਨਹੀ ਕਰਦੇ।
ਹੁਣ ਸਵਾਲ ਉਠਦਾ ਹੈ ਕਿ ਜੇ ਅਨੁਵਾਦ ੭ ਵੇਂ ਛੰਦ ਅਨੁਵਾਦ ਤੋਂ ਲੈਕੇ ੨੨੯
ਵੇਂ ਛੰਦ ਤਕ ਹੈ ਤੇ ਫਿਰ ਪਹਿਲੇ ਛੇ ਛੰਦ ਅਤੇ ਆਖਰੀ ਤੇ ਚਾਰ ਛੰਦ ਅਨੁਵਾਦ ਨਹੀ ਹਨ ਤੇ ਫਿਰ ਇਹ
ਕਵੀ ਦੀਆਂ ਅਪਣੀ ਭਾਵਨਾਵਾਂ ਹੋਇਆਂ ਅਤੇ ਇਸ ਕਵੀ ਦੇ ਇਸ਼ਟ ਕੌਣ ਹੈ ਇਹ ਤੱਥ ਵੀ ਸਾਫ ਹੋ ਜਾਂਦਾ ਹੈ।
ਚੰਡੀ ਚਰਿਤ੍ਰ ਦੇ ਸ਼ੁਰੂਆਤ ਤੇ "ਅਥ ਚੰਡੀ ਚਰਿਤ੍ਰ ਉਕਤਿ ਬਿਲਾਸ ਲਿਖਯਤੇ ॥ ਪਾਤਸਾਹੀ ੧੦" ਲਿਖ
ਕੇ ਇਸ ਕਾਵ-ਰਚਨਾ ਦੇ ਕਵੀ ਨੇ ਇਹ ਸਾਬਿਤ ਕੀਤਾ ਕਿ ਇਸ ਰਚਨਾ ਦੇ ਕਵੀ ਗੁਰੂ ਗੋਬਿੰਦ ਸਿੰਘ ਹਨ। ਆਉ
ਪਹਿਲੇ ਛੇ ਛੰਦਾਂ ਨੂੰ ਸਮਝ ਲਈਏ ਅਤੇ "ਪਾਤਸਾਹੀ ੧੦" ਲਿਖ ਕੇ ਲਿਖਾਰੀ ਦੀ ਮੰਸ਼ਾ ਕਿ ਸਾਬਿਤ ਕਰਨ
ਦੀ ਹੈ ਇਸ ਦੀ ਵੀ ਪੜਚੋਲ ਕਰ ਲਈਏ।
ਇਸ ਰਚਨਾ ਦਾ ਕਵੀ ਪਹਿਲੇ ਛੰਦ ਵਿੱਚ ਮਹਾਕਾਲ ਦੀ ਉਸਤਿਤ ਵਿੱਚ "ਆਦਿ ਅਪਾਰ
ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ" ਜੈਸੇ ਸ਼ਬਦਾਂ ਦੀ ਵਰਤੋ ਕਰਦਾ ਹੈ ਅਤੇ ਦੁਜੇ ਛੰਦ ਵਿੱਚ ਕਵੀ
ਮਹਾਕਾਲ ਨੂੰ "ਕ੍ਰਿਪਾ ਸਿੰਧ" ਕਹਿ ਕੇ ਉਸ ਕੋਲੋਂ ਕਿਰਪਾ ਮੰਗਦਾ ਹੈ ਕਿ ਉਹ ਕਿਰਪਾ ਕਰੇ ਤੇ
ਲਿਖਾਰੀ ਦੁਰਗਾ ਦੀ ਕਥਾ ਦੀ ਰਚਨਾ ਕਰ ਸਕੇ। ਬਿਚਿਤਰ ਨਾਟਕ ਕਿਤਾਬ ਦੇ ਇਸ਼ਟ ਮਹਾਕਾਲ ਅਤੇ ਕਾਲਿਕਾ
ਹਨ, ਪਹਿਲੇ ਦੋ ਛੰਦ ਵਿੱਚ ਮਹਾਕਾਲ ਦੀ ਸਿਫਤ ਕਰਨ ਅਤੇ ਕ੍ਰਿਪਾ ਮੰਗਨ ਦੇ ਬਾਦ ਕਵੀ ਤੀਜੇ ਛੰਦ
ਵਿੱਚ ਅਪਣੀ ਇਸ਼ਟ ਦੇਵੀ ਕਾਲਿਕਾ ਭਾਵ ਚੰਡੀ ਦੇ ਗੁਣਾਂ ਦਾ ਵਰਣਨ ਕਰਦਾ ਹੈ ਹੋਇਆ ਲਿਖਦਾ ਹੈ ਚੰਡੀ
ਦੀ ਜੋਤਿ ਜਗਤ ਵਿੱਚ ਜਗਮਗਾ ਰਹੀ ਹੈ ਅਤੇ ਧਰਤੀ ਦੇ ਨੌਂ ਖੰਡਾ ਨੂੰ ਸੁਸੱਜਿਤ ਕਰਨ ਵਾਲੀ ਹੈ। ਪਾਠਕ
ਇਹ ਗੱਲ ਸਮਝ ਲੈਣ ਕਿ ਇਹ ਕਵੀ ਦੀ ਅਪਣੀ ਭਾਵਨਾ ਹੈ ਕੋਈ ਅਨੁਵਾਦ ਨਹੀ ਕਉਂਕਿ ਅਨੁਵਾਦ ਸਤਵੇਂ ਛੰਦ
ਤੂੰ ਸ਼ੁਰੂ ਹੋਂਦਾ ਹੈ।
ਚੌਥੇ ਛੰਦ ਵਿੱਚ ਕਵੀ ਦੇਵੀ ਦੇ ਹੋਰ ਗੁਣਾਂ ਨੂੰ ਪ੍ਰਗਟ ਕਰਦਾ ਹੋਇਆ
ਉਨ੍ਹਾਂ ਦਾ ਵਰਣਨ ਕਰਦਾ ਹੈ ਕਿ ਉਹ "ਲੋਕਾਂ ਨੂੰ ਤਾਰਨ ਵਾਲੀ, ਪ੍ਰਿਥਵੀ ਦਾ ਉਧਾਰ ਕਰਨ ਵਾਲੀ" ਹੈ,
ਇਹ ਗੁਰਮਤਿ ਤੋਂ ਉਲਟ ਹੈ, ਜਿਥੇ ਗੁਰਮਤ ਦੇਵੀ ਦੇਵਤੇਆ ਦੀ ਪੁਜਾ ਨੂੰ ਰੱਦ ਕਰਦੀ ਹੈ ਉਥੇ ਹੀ ਇਹ
ਗੁਰਮਤਿ ਵਿਰੋਧੀ ਬ੍ਰਹਾਮਨੀ ਮਤ ਦਾ ਪ੍ਰਗਟਾਵਾ ਹੈ। ਇਸੀ ਛੰਦ ਵਿੱਚ ਅੱਗੇ ਕਵੀ ਲਿਖਦਾ ਹੈ ਦੇਵੀ ਹੀ
ਤਮੋ, ਰਜੋ ਅਤੇ ਸਤੋ ਤਿੰਨਾਂ (ਗੁਣਾਂ ਦੇ ਸਾਰ ਰੂਪ) ਕਵਿਤਾ ਬਣਕੇ ਕਵੀ ਦੇ ਮਨ ਵਿੱਚ ਗੁੰਦੀ ਹੈ।
ਕਵੀ ਪੰਜਵੇ ਛੰਦ ਵਿੱਚ ਚੰਡੀ ਦੇ ਹੋਰ ਗੁਣਾਂ ਦਾ ਵਰਣਨ ਕਰਦਾ ਹੋਇਆ ਲਿਖਦਾ
ਹੈ ਚੰਡੀ ਹੀ ਸਭ ਨੂੰ ਪ੍ਰਸੰਨ ਕਰਨ ਵਾਲੀ ਅਤੇ ਸਭ ਦਾ ਭੈ ਦੂਰ ਕਰਨ ਵਾਲੀ ਹੈ। ਕਵੀ ਇਸ ਦੇ ਅੱਗੇ
ਲਿਖਦਾ ਹੈ ਜੇ ਦੇਵੀ ਉਸ ਨੂੰ ਉਤਮ ਬੁੱਧੀ ਦੇਵੇ ਤੇ ਉਹ ਉਸ ਦੇ ਅਲੌਕਿਕ ਚਰਿਤ੍ਰ ਦੀ ਰਚਨਾ ਕਰੇ।
ਅਜੀਬ ਗੱਲ ਹੈ ਗੁਰਮਤਿ ਮੁਤਾਬਿਕ ਰਬ ਹੀ ਸਬ ਦਾ ਭੈ ਦੁਰ ਕਰਦਾ ਹੈ ਤੇ ਚੰਡੀ ਚਰਿਤ੍ਰ ਦੇ ਕਵੀ
ਮੁਤਾਬਿਕ ਦੇਵੀ। ਛੇਵੇਂ ਛੰਦ ਵਿੱਚ ਦੇਵੀ ਦੀ ਆਗਿਆ ਮੰਗ ਕੇ ਗ੍ਰੰਥ ਦੀ ਰਚਨਾ ਕਰਨ ਬਾਰੇ ਕਹਿੰਦਾ
ਹੈ ਅਤੇ ਸਤਵੇਂ ਛੰਦ ਵਿੱਚ ਅਨੁਵਾਦ ਦੀ ਸ਼ੁਰਆਤ ਹੋ ਜਾਂਦੀ ਹੈ।
ਤੀਸਰੇ ਤੋਂ ਲੈਕੇ ਛੇਵੇ ਛੰਦ ਦੀ ਭਾਵਾਨਾਵਾਂ ਦਾ ਪ੍ਰਗਟਾਵਾ ਆਖਰੀ ਤਿੰਨ
ਛੰਦ ੨੩੧-੨੩੩ ਤਕ ਵਿੱਚ ਪਾਠਕ ਦੁਬਾਰਾ ਪੜ੍ਹ ਸਕਦੇ ਹਨ। ੨੩੧ ਵਾਂ ਛੰਦ ਬਹੁਤ ਮਸ਼ਹੂਰ ਛੰਦ ਹੈ
"ਦੇਹਿ ਸਿਵਾ ਵਰ ਮੋਹਿ", ਤੇ ਬਿਚਿਤਰੀ ਆਪ ਲਿਖਦੇ ਹਨ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਪਣੀ
ਭਾਵਨਾ ਹੈ ਅਤੇ ਸਿਵਾ ਦੇ ਅਰਥ ਅਕਾਲ ਪੁਰਖ ਕਰ ਦੇਂਦੇ ਹਨ, ਪਰ ਸਿਵਾ ਅਕਾਲ ਪੁਰਖ ਦਾ ਨਾਮ ਨਹੀ ਹੈ
ਇਹ ਦੁਰਗਾ ਦਾ ਇਕ ਨਾਮ ਹੈ। ਚੰਡੀ ਚਰਿਤ੍ਰ ਵਿੱਚ ਇਹ ਸ਼ਬਦ ਪੰਜ ਵਾਰ ਆਇਆ ਹੈ ਤੇ ਇਹ ਹਰ ਬਾਰ ਦੇਵੀ
ਵਾਸਤੇ ਹੀ ਵਰਤਿਆ ਗਿਆ ਹੈ। ਸਿਵਾ ਦਾ ਅਰਥ ਦੇਵੀ ਹੈ ਇਸ ਦਾ ਇਕ ਨਮੂਨਾ ਚਰਿਤ੍ਰੋਪਾਖਿਆਣ ਦੇ ਪਹਿਲੇ
ਚਰਿਤ੍ਰ ਵਿੱਚ ਹੈ ਜੋ ਚੰਡੀ ਦਾ ਹੀ ਚਰਿਤ੍ਰ ਹੈ, ਉਸ ਦੇ ੧੨ ਵੇਂ ਛੰਦ ਵਿੱਚ ਸਾਫ ਹੋ ਜਾਂਦਾ ਹੈ ਕਿ
ਚੰਡੀ ਦਾ ਹੀ ਨਾਮ ਸਿਵਾ ਹੈ। ਉਹ ਛੰਦ ਪਾਠਕਾਂ ਨਾਲ ਸਾਂਝਾ ਕਰ ਰਹਿਆ ਹਾਂ:--
ਜਯੰਤੀ ਤੁਹੀ ਮੰਗਲਾ ਰੂਪ ਕਾਲੀ ॥ ਕਪਾਲਨਿ ਤੁਹੀ ਹੈ ਤੁਹੀ ਭਦ੍ਰਕਾਲੀ ॥
ਦ੍ਰੁਗਾ ਤੂ ਛਿਮਾ ਤੂ ਸਿਵਾ ਰੂਪ ਤੋਰੋ ॥ ਤੁ ਧਾਤ੍ਰੀ ਸ੍ਵਾਹਾ ਨਮਸਕਾਰ ਮੋਰੋ ॥੧੨॥
ਪਾਠਕਾਂ ਦੀ ਜਾਣਕਾਰੀ ਵਾਸਤੇ ਇਹ ਵੀ ਦੱਸ ਦਿਆਂ ਕਿ ਇਹ ਦੁਰਗਾ ਸਪਤਸਤੀ
ਕਿਤਾਬ ਵਿੱਚ ਦਰਜ ਸ਼ਲੋਕ ਦੀ ਹੂਬਹੂ ਨਕਲ ਹੈ।
ਪਾਠਕਾਂ ਲਈ ੨੩੨ ਅਤੇ ੨੩੩ ਛੰਦਾਂ ਦਾ ਰਤਨ ਸਿੰਘ ਜੱਗੀ ਦਵਾਰਾ ਕੀਤਾ ਗਿਆ
ਅਨੁਵਾਦ ਸਾਂਝਾ ਕਰ ਰਿਹਾ ਹਾਂ:--
ਚੰਡਿ ਚਰਿਤ੍ਰ ਕਵਿਤਨ ਮੈ ਬਰਨਿਓ ਸਭ ਹੀ ਰਸ ਰੁਦ੍ਰਮਈ ਹੈ ॥ ਏਕ ਤੇ ਏਕ ਰਸਾਲ ਭਇਓ ਨਖ ਤੇ ਸਿਖ
ਲਉ ਉਪਮਾ ਸੁ ਨਈ ਹੈ ॥ ਕਉਤਕ ਹੇਤ ਕਰੀ ਕਵਿ ਨੇ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ ॥ ਜਾਹਿ ਨਮਿਤ
ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ ॥੨੩੨॥
ਅਰਥ:- ਚੰਡੀ-ਚਰਿਤ੍ਰ ਕਵਿਤਾ ਵਿਚ ਕਥਨ ਕੀਤਾ ਹੈ।(ਇਹ) ਸਾਰੀ (ਕਵਿਤਾ) ਰੌਦ੍ਰ-ਰਸ ਵਿਚ ਲਿਖੀ ਹੈ।
ਇਕ ਤੋਂ ਇਕ(ਉਕਤੀ) ਰਸ ਭਰਪੂਰ ਹੈ ਅਤੇ ਆਦਿ ਤੋਂ ਅੰਤ ਤਕ(ਪੈਰਾਂ ਦੇ ਨਹੁੰਆ ਤੋਂ ਸਿਰ ਦੀ ਚੋਟੀ
ਤਕ) ਹਰ ਉਪਮਾ ਨਵੀਂ ਹੈ। ਕਵੀ ਨੇ ਮਾਨਸਿਕ ਵਿਲਾਸ(ਕਉਤਕ) ਲਈ ਇਕ ਕਾਵਿ ਰਚਨਾ ਕੀਤੀ ਹੈ। ‘ਸਤਸਈ’
ਦੀ ਇਹ ਪੂਰੀ ਕਥਾ ਵਰਣਿਤ ਹੈ। ਜਿਸ (ਮਨੋਰਥ) ਲਈ ਕੋਈ ਪੁਰਸ਼ (ਇਸ ਰਚਨਾ ਨੂੰ) ਪੜ੍ਹੇ ਅਤੇ ਸੁਣੇਗਾ,
ਉਸ ਨੂੰ ਅੱਵਸ਼ ਹੀ (ਦੇਵੀ) ਵਰ ਪ੍ਰਦਾਨ ਕਰੇਗੀ।੨੩੨।
ਦੋਹਰਾ ॥
ਗ੍ਰੰਥ ਸਤਿ ਸਇਆ ਕੋ ਕਰਿਓ ਜਾ ਸਮ ਅਵਰੁ ਨ ਕੋਇ ॥ ਜਿਹ ਨਮਿਤ ਕਵਿ ਨੇ ਕਹਿਓ ਸੁ ਦੇਹ ਚੰਡਿਕਾ ਸੋਇ
॥੨੩੩॥
ਅਰਥ:- (ਮੈਂ) ’ਸਤਸਈ’(ਦੁਰਗਾ ਸਪਤਸ਼ਤੀ) ਗ੍ਰੰਥ ਦੀ ਰਚਨਾ ਕੀਤੀ ਹੈ ਜਿਸ ਦੇ ਸਮਾਨ ਹੋਰ ਕੋਈ
(ਗ੍ਰੰਥ) ਨਹੀਂ ਹੈ। ਹੇ ਚੰਡਿਕਾ! ਜਿਸ ਮਨੋਰਥ ਲਈ ਕਵੀ ਨੇ (ਇਹ ਕਥਾ) ਕਹੀ ਹੈ, ਉਸ ਦਾ
ਉਹੀ(ਮਨੋਰਥ) ਪੂਰਾ ਕਰੋ।੨੩੩।
ਪਾਠਕ ਇਨ੍ਹਾਂ ਛੰਦਾਂ ਵਿੱਚ ਪ੍ਰਗਟ ਕੀਤੀ ਗਈ ਭਾਵਨਾਵਾਂ ਨੂੰ ਦੁਬਾਰਾ ਸਮਝ
ਲੈਣ ਅਤੇ ਇਸ ਤੇ ਵੀ ਧਿਆਣ ਦੇਣ ਕਿ ਇਸ ਰਚਨਾ ਦੇ ਸ਼ੁਰੂ ਵਿੱਚ "ਅਥ ਚੰਡੀ ਚਰਿਤ੍ਰ ਉਕਤਿ ਬਿਲਾਸ
ਲਿਖਯਤੇ ॥ ਪਾਤਸਾਹੀ ੧੦" ਲਿਖਿਆ ਹੋਇਆ ਹੈ। ਇਹ ਸਬ ਕੁਛ ਲਿਖਣ ਵਾਲੇ ਕਵੀ ਗੁਰੂ ਗੋਬਿੰਦ ਸਿੰਘ
ਸਾਹਿਬ ਬਣ ਜਾਂਦੇ ਨੇ ਯਾਨਿ ਗੁਰੂ ਸਾਹਿਬ ਨੂੰ ਦੇਵੀ ਦਾ ਉਪਾਸਕ ਬਣਾ ਦਿੱਤਾ ਗਿਆ। ਇਹ ਅਨੁਵਾਦ ਤੇ
ਖਤਮ ਹੋਣ ਦੇ ਬਾਦ ਕਵੀ ਦੀਆ ਭਾਵਨਾਵਾਂ ਹਨ:--
੧.ਕਵੀ ਨੇ ਚੰਡੀ ਚਰਿਤ੍ਰ ਦੀ ਕਥਾ ਰੌਦ੍ਰ ਰਸ ਵਿੱਚ ਕੀਤੀ ਹੈ ਅਤੇ ਇਹ ਉਪਮਾ
ਨਵੀਂ ਹੈ।(ਇਹ ਕਵੀ ਦੇ ਅਪਣੇ ਸ਼ਬਦ ਹਨ ਕੋਈ ਅਨੁਵਾਦ ਨਹੀ)
੨.ਕਵੀ ਨੇ ਮਾਨਸਿਕ ਵਿਲਾਸ ਵਾਸਤੇ ਇਹ ਰਚਨਾ ਕੀਤੀ ਹੈ ਅਤੇ ਪਾਠਕ ਯਾਦ ਰਖਣ
ਕਿ ਚੌਥੇ ਛੰਦ ਵਿੱਚ ਕਵੀ ਲਿਖਦਾ ਹੈ ਕਿ ਦੇਵੀ ਰਜੋ,ਸਤੋ ਅਤੇ ਤਮੋ ਤਿੰਨਾ ਗੁਣਾਂ ਦੇ ਸਾਰ ਰੂਪ
ਵਿੱਚ ਕਵੀ ਦੇ ਮਨ ਵਿੱਚ ਗੁੰਦੀ ਹੈ "ਤਾਮਸਤਾ ਮਮਤਾ ਨਮਤਾ ਕਵਿਤਾ ਕਵਿ ਕੇ ਮਨ ਮਧਿ ਗੁਹੀ ਹੈ॥"।
੩. ਜੋ ਵੀ ਇਸ ਰਚਨਾ ਨੂੰ ਪੜ੍ਹੇਗਾ ਅਤੇ ਸੁਣੇਗਾ ਤੇ ਦੇਵੀ ਉਸ ਨੂੰ ਉਹ ਵਰ
ਪ੍ਰਦਾਨ ਕਰੇਗੀ। (ਗੁਰੂ ਸਾਹਿਬ ਦੇਵੀ ਉਪਾਸਨਾ ਦਾ ਸੱਦਾ ਦੇਂਦਾ ਸਾਬਿਤ ਕੀਤਾ ਗਿਆ)
੪. ਦੁਰਗਾ ਸਪਤਸਤੀ ਵਰਗਾ ਹੋਰ ਕੋਈ ਗ੍ਰੰਥ ਨਹੀ।(ਗੁਰੂ ਗ੍ਰੰਥ ਸਾਹਿਬ ਵੀ
ਨਹੀ)
੫. ਜਿਸ ਮਨੋਰਥ ਲਈ ਕਵੀ ਨੇ ਇਹ ਕਵਿਤਾ ਕਹੀ ਹੈ, ਉਸ ਦਾ ਉਹੀ(ਮਨੋਰਥ) ਚੰਡੀ
ਪੂਰਾ ਕਰੇ।(ਲੋ ਜੀ ਬਣਾ ਦਿੱਤਾ ਗੁਰੂ ਸਾਹਿਬ ਨੂੰ ਦੇਵੀ ਉਪਾਸਕ)। ਇਸ ਤਰਹਾਂ ਦੀ ਭਾਵਨਾ ਵਾਲੇ ਛੰਦ
ਕ੍ਰਿਸ਼ਨ ਅਵਤਾਰ ਦੇ ਪੰਜਵੇ ਛੰਦ ਵਿੱਚ ਕਵੀ ਨੇ ਦੇਵੀ ਉਸਤਿਤ ਕਰਦੇ ਹੋਏ ਲਿਖੇ ਹਨ "ਹੋਇ ਕ੍ਰਿਪਾ
ਤੁਮਰੀ ਹਮ ਪੈ ਤੁ ਸਭੈ ਸਗਨੰਗੁਨ ਹੀ ਧਰਿਹੋਂ ॥"
ਇਸ ਤਰਹਾਂ ਦੀਆ ਰਚਨਾਵਾਂ ਦੇ ਚਲਦੇ ਹੀ ਸਿੱਖ ਮਿਥਿਹਾਸਕਾਰਾਂ ਨੇ ਗੁਰੂ
ਸਾਹਿਬ ਦਵਾਰਾ ਦੇਵੀ ਦੇ ਪੁਜਨ ਦੀ ਸਾਖੀ ਬਣਾ ਦਿੱਤੀ, ਇਹ ਸਾਖੀ ਲਿਖਣ ਵਾਲੇ ਹਨ ਕੇਸਰ ਸਿੰਘ,
ਸੰਤੋਖ ਸਿੰਘ , ਗਿਆਨੀ ਗਿਆਨ ਸਿੰਘ ਆਦਿ। ਪਾਠਕ ਹੁਣ ਆਪ ਅੰਦਾਜਾ ਲਾ ਲੈਣ ਕਿ ਇਸ ਰਚਨਾ ਨੂੰ ਗੁਰੂ
ਸਾਹਿਬ ਦੇ ਨਾਮ ਹੇਠਾਂ ਲਿਖ ਕੇ ਬਿਚਿਤਰ ਨਾਟਕ ਦੇ ਲਿਖਾਰੀ ਅਤੇ ਉਸ ਦੇ ਚੇਲਿਆਂ ਨੇ ਗੁਰੂ ਸਾਹਿਬ
ਨੂੰ ਦੇਵੀ ਉਪਾਸਕ ਬਣਾ ਦਿੱਤਾ। ਜੇਕਰ ਕੋਈ ਇਸ ਰਚਨਾ ਨੂੰ ਅਨੁਵਾਦ ਕਹੇ ਤੇ ਇਨ੍ਹਾਂ ਛੰਦ ਬਾਰੇ
ਜਰੁਰ ਪੁਛਣਾ ਕਿ ਭਾਈ ਕਵੀ ਆਪ ਤੇ ਲਿਖ ਰਹਿਆ ਕਿ ਚੰਡੀ ਉਸ ਨੂੰ ਵਰ ਪ੍ਰਦਾਨ ਕਰੇ ਤੁਸੀਂ ਕਉਂ ਝੂਠ
ਬੋਲਦੇ ਹੋ ਕਿ ਇਹ ਅਨੁਵਾਦ ਹੈ।
ਗੁਰਦੀਪ ਸਿੰਘ ਬਾਗੀ