.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਕੰਤ ਨਾਲ ਨਾ ਸੌਣਾ

ਗੁਰੂ ਸਾਹਿਬ ਜੀ ਦੇ ਸਿਧਾਂਤ ਨੇ ਵੱਖ ਵੱਖ ਉਦਾਹਰਣਾਂ ਦੇ ਕੇ ਵਰਤਮਾਨ ਜੀਵਨ ਵਿੱਚ ਜ਼ਿੰਦਗੀ ਜਿਉਣ ਦੀ ਜਾਚ ਸਿਖਾਈ ਹੈ। ਸੁਚੱਜੇ ਜੀਵਨ ਦੀ ਸਾਰੀ ਵਿਚਾਰ ਨੂੰ ਗੁਰਬਾਣੀ ਵਿੱਚ ਅੰਕਤ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਨਾਲ ਰਲ਼ਦੇ ਹੋਰ ਵਿਚਾਰਾਂ ਨੂੰ ਇਕੱਠਿਆਂ ਕਰਕੇ ਇੱਕ ਨਰੋਈ ਵਿਚਾਰਧਾਰਾ ਖੜੀ ਕੀਤੀ ਹੈ। ਇਸ ਵਿਚਾਰਧਾਰਾ ਨੇ ਸਮੁੱਚੀ ਮਨੁੱਖਤਾ ਨੂੰ ਆਪਣੀ ਪਿਆਰ ਗਲਵੱਕੜੀ ਵਿੱਚ ਹੀ ਨਹੀਂ ਲਿਆ ਸਗੋਂ ਮਨੁੱਖੀ ਭਾਈਚਰਕ ਸਾਂਝ ਨੂੰ ਮਜ਼ਬੂਤ ਕੀਤਾ ਹੈ। ਜੀਵਨ ਵਿੱਚ ਸਫਲਤਾ ਲਈ ਸੱਚ ਦਾ ਨਿਸ਼ਾਨਾ ਮਿੱਥਿਆ ਹੈ। ਸੱਚ ਤੋਂ ਖੁੰਝਿਆ ਮਨੁੱਖ ਸਦੀਆਂ ਪਿੱਛੇ ਚਲਾ ਜਾਂਦਾ ਹੈ। ਗੁਰਬਾਣੀ ਸਿਧਾਂਤ ਨੇ ਵਿਹਾਰਕ ਜੀਵਨ ਦੀ ਸਫਲਤਾ ਅਤੇ ਗੈਰ ਵਿਹਾਰਕ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਜਾਣੂੰ ਵੀ ਕਰਾਇਆ ਹੈ। ਸ਼ੇਖ਼ ਫ਼ਰੀਦ ਸਾਹਿਬ ਜੀ ਨੇ ਸਫਲ ਜੀਵਨ ਲਈ ਪਤੀ ਪਤਨੀ ਦੀ ਉਦਾਰਹਣ ਦੇ ਕੇ ਇਸ ਪੱਖ ਨੂੰ ਹੋਰ ਸੁਖਾਲਾ ਪੇਸ਼ ਕੀਤਾ ਹੈ---

ਅਜੁ ਨ ਸੁਤੀ ਕੰਤ ਸਿਉ, ਅੰਗੁ ਮੁੜੇ ਮੁੜਿ ਜਾਇ।।

ਜਾਇ ਪੁਛਹੁ ਡੋਹਾਗਣੀ, ਤੁਮ ਕਿਉ ਰੈਣਿ ਵਿਹਾਇ।। ੩੦।।

ਅੱਖਰੀਂ ਅਰਥ-— ਮੈਂ (ਤਾਂ ਕੇਵਲ) ਅੱਜ (ਹੀ) ਪਿਆਰੇ ਨਾਲ ਨਹੀਂ ਸੁੱਤੀ (ਭਾਵ, ਮੈਂ ਤਾਂ ਕੇਵਲ ਅੱਜ ਹੀ ਪਿਆਰੇ ਪਤੀ-ਪਰਮਾਤਮਾ ਵਿੱਚ ਲੀਨ ਨਹੀਂ ਹੋਈ, ਤੇ ਹੁਣ) ਇਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ। ਜਾ ਕੇ ਛੁੱਟੜਾਂ (ਮੰਦ-ਭਾਗਣਾਂ) ਨੂੰ ਪੁੱਛੋ ਕਿ ਤੁਹਾਡੀ (ਸਦਾ ਹੀ) ਰਾਤ ਕਿਵੇਂ ਬੀਤਦੀ ਹੈ (ਭਾਵ, ਮੈਨੂੰ ਤਾਂ ਅੱਜ ਹੀ ਥੋੜਾ ਚਿਰ ਪ੍ਰਭੂ ਵਿਸਰਿਆ ਹੈ ਤੇ ਮੈਂ ਦੁਖੀ ਹਾਂ। ਜਿਨ੍ਹਾਂ ਕਦੇ ਭੀ ਉਸ ਨੂੰ ਯਾਦ ਨਹੀਂ ਕੀਤਾ, ਉਹਨਾਂ ਦੀ ਤਾਂ ਸਾਰੀ ਉਮਰ ਹੀ ਦੁਖੀ ਗੁਜ਼ਰਦੀ ਹੋਵੇਗੀ)

ਵਿਚਾਰ— ਅੱਖਰੀਂ ਅਰਥਾਂ ਦੇ ਊਪਰ ਵਿਚਾਰ ਦਿੱਤੇ ਹਨ। ਸਵਾਲ ਪੈਦਾ ਹੁੰਦਾ ਹੈ ਹੁਣ ਇਸ ਸਲੋਕ ਨੂੰ ਆਪਣੇ ਜੀਵਨ ਵਿੱਚ ਲਾਗੂ ਕਿਸ ਤਰ੍ਹਾਂ ਕਰਨਾ ਹੈ? ਦੂਜਾ ਕੀ ਇਹ ਇਹ ਸਲੋਕ ਕੇਵਲ ਵਿਆਹਿਆਂ ਤੇ ਹੀ ਲਾਗੂ ਹੁੰਦਾ ਹੈ ਦੂਜਿਆਂ `ਤੇ ਲਾਗੂ ਨਹੀਂ ਹੁੰਦਾ ਹੈ। ਜਿੰਨ੍ਹਾ ਦਾ ਵਿਆਹ ਨਹੀਂ ਹੋਇਆ ਉਹ ਇਸ ੳਪਦੇਸ਼ ਤੋਂ ਕੋਈ ਫਾਇਦਾ ਨਹੀਂ ਲੈ ਸਕਦੇ? ਜਦ ਕੇ ਗੁਰਬਾਣੀ ਦਾ ਉਪਦੇਸ਼ ਤਾਂ ਸਭ ਲਈ ਸਾਂਝਾ ਹੈ।

ਗੁਰਬਾਣੀ ਦਾ ਉਪਦੇਸ਼ ਹਰੇਕ ਮਨੁੱਖ `ਤੇ ਲਾਗੂ ਹੁੰਦਾ ਹੈ। ਏੱਥੇ ਕੇਵਲ ਵਿਆਹਿਆਂ ਜੋੜਿਆਂ ਦੀ ਉਦਾਹਰਣ ਦਿੱਤੀ ਗਈ ਹੈ। ਇਸ ਸਲੋਕ ਵਿੱਚ ਨਿੱਜੀ ਇਖ਼ਲਾਕ ਤੇ ਪ੍ਰਵਾਰਕ ਜ਼ਿੰਮੇਵਾਰੀ ਦਰਸਾਈ ਗਈ ਹੈ। ਇਸ ਵਿਚਾਰ ਨੂੰ ਸਮਝਣ ਲਈ ਇਸ ਸਲੋਕ ਦੇ ਭਾਵ ਅਰਥ ਲਏ ਜਾਣਗੇ। ‘ਅਜੁ` ਦਾ ਭਾਵ ਅਰਥ ਹੈ ਵਰਤਮਾਨ (ਹੱਥਲਾ) ਜੀਵਨ ਵਿੱਚ ਇੱਕ ਰਾਤ, ਇੱਕ ਪਲ, ਇੱਕ ਘੜੀ ਤੋਂ ਲਿਆ ਗਿਆ ਹੈ। ‘ਕੰਤ` ਗੁਣਾਂ ਰੂਪੀ ਰੱਬ ਜੀ ਸਪੱਸ਼ਟ ਹੁੰਦਾ ਹੈ। ‘ਨ ਸੁਤੀ` (ਕੋਈ ਸਰੀਰਾਂ ਦੇ ਤਲ਼`ਤੇ ਸੌਣ ਦੀ ਗੱਲ ਨਹੀਂ ਕੀਤੀ ਗਈ) ਗੁਣਾਂ ਦੀ ਵਰਤੋਂ ਨਹੀਂ ਕੀਤੀ ਬਾਵ ਇਕਮਿਕਤਾ ਹਾਸਲ ਨਹੀਂ ਕੀਤੀ ਤੇ ‘ਅੰਗੁ ਮੁੜੇ ਮੁੜ ਜਾਇ` (ਸਰੀਰ ਦੇ ਅੰਗ ਵਿੰਗੇ ਟੇਡੇ ਹੋਣ ਤੋਂ ਨਹੀਂ ਹੈ) ਗਿਆਨ ਇੰਦਰੇ ਸੰਜਮ ਵਿੱਚ ਨਹੀਂ ਰਹਿੰਦੇ। ਜਿਹੜੀਆਂ ਜੀਵ ਰੂਪੀ ਇਸਤ੍ਰੀਆਂ ਨੇ ਕਦੇ ਵੀ ਮਿਲਾਪ ਹਾਸਲ ਨਹੀਂ ਕੀਤਾ ਭਾਵ ਸ਼ੁਭ ਗੁਣਾਂ ਦੀਆਂ ਧਾਰਨੀਆਂ ਨਹੀਂ ਹੁੰਦੀਆਂ ਉਹਨਾਂ ਦੀ ਜ਼ਿੰਦਗੀ ਫਿਰ ਦੁੱਖਾਂ ਵਿੱਚ ਹੀ ਗੁਜ਼ਰਦੀ ਹੈ। ਕਦੇ ਦੇਖਿਆ ਹੈ ਕਿ ਕੋਈ ਪਤਨੀ ਆਪਣੇ ਪਤੀ ਨਾਲ ਸਬੰਧ ਨਾ ਰੱਖੇ ਹੋਣ `ਤੇ ਉਸ ਦੇ ਸਰੀਰਕ ਅੰਗ ਟੇਡੇ ਮੇਡੇ ਹੋ ਗਏ ਹੋਣ।

ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਵਾਕ ਵੀ ਆਏ ਹਨ ਕਿ ਜਦੋਂ ਕੋਈ ਸੌਂ ਜਾਂਦਾ ਹੈ ਤਾਂ ਉਸ ਦਾ ਸਮਾਨ ਵੀ ਚੋਰੀ ਹੋ ਜਾਂਦਾ ਹੈ। ਧਰਮ ਦੀ ਭਾਸ਼ਾ ਅਨੁਸਾਰ ਜਦੋਂ ਕੋਈ ਜੀਵ ਅਵੇਸਲੇਪਨ ਵਿੱਚ ਸੌਂ ਜਾਂਦਾ ਹੈ ਤਾਂ ਉਸ ਦੇ ਗੁਣ ਚੋਰੀ ਹੋ ਜਾਂਦੇ ਹਨ। ਏੱਥੇ ਸੌਣ ਦਾ ਅਰਥ ਹੈ ਅਵੇਸਲਾ ਹੋ ਜਾਣਾ, ਬਣਦੀ ਜ਼ਿੰਮੇਵਾਰੀ ਨਾ ਸੰਭਾਲਣੀ ਜੇਹਾ ਕਿ ਗੁਰਬਾਣੀ ਵਾਕ ਹੈ—

ਨਾਨਕ ਸੁਤੀ ਪੇਈਐ, ਜਾਣੁ ਵਿਰਤੀ ਸੰਨਿ।।

ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ।। ੪।। ੨੪।।

ਸਿਰੀ ਰਾਗੁ ਮਹਲਾ ੧ ਪੰਨਾ੨੩

ਅੱਖਰੀਂ ਅਰਥ--ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਪੇਕੇ ਘਰ (ਇਸ ਲੋਕ ਵਿੱਚ ਗ਼ਫ਼ਲਤ ਦੀ ਨੀਂਦ ਵਿਚ) ਸੁੱਤੀ ਰਹੀ, ਇਉਂ ਜਾਣੋ ਕਿ (ਉਸ ਦੇ ਗੁਣਾਂ ਨੂੰ) ਦਿਨ-ਦਿਹਾੜੇ ਹੀ ਸੰਨ੍ਹ ਲੱਗੀ ਰਹੀ। ਉਸ ਨੇ ਗੁਣਾਂ ਦੀ ਗੰਢੜੀ ਗਵਾ ਲਈ, ਉਹ (ਇਥੋਂ) ਔਗੁਣਾਂ ਦੀ ਪੰਡ ਬੰਨ੍ਹ ਕੇ ਲੈ ਤੁਰੀ। ੪।

ਆਪਣਿਆਂ ਘਰਾਂ ਵਿੱਚ ਇੱਕ ਹੋਰ ਵਰਤਾਰਾ ਵੀ ਦੇਖਦੇ ਹਾਂ ਕਿ ਕਈ ਜੀਵ ਰੂਪੀ ਇਸਤ੍ਰੀਆਂ ਸੁੱਤੀਆਂ ਹੀ ਰਹਿੰਦੀਆਂ ਹਨ ਭਾਵ ਨੌਕਰੀ ਆਦਿ ਨਹੀਂ ਕਰਦੀਆਂ ਤੇ ਉਹ ਘਰ ਦੀ ਜ਼ਿੰਮੇਵਾਰੀ ਨੂੰ ਵੀ ਧਿਆਨ ਪੂਰਵਕ ਨਹੀਂ ਨਿਭਾਉਂਦੀਆਂ, ਜੇ ਉਹਨਾਂ ਦਾ ਪਤੀ ਘਰ ਆਉਂਦਾ ਹੈ ਤਾਂ ਉਸ ਦੀ ਉਹ ਕੋਈ ਸਾਰ ਨਹੀਂ ਲੈਂਦੀਆਂ, ਭਾਵ ਪਾਣੀ ਆਦਿ ਨਹੀਂ ਪੁੱਛਦੀਆਂ ਤਾਂ ਕੁਦਰਤੀ ਕਲੇਸ਼ ਵੱਧੇਗਾ ਹੀ ਵੱਧੇਗਾ ਪਤੀ ਤੰਗ ਆ ਕੇ ਅਜੇਹੀ ਪਤਨੀ ਤੋਂ ਖਹਿੜਾ ਛਡਾਉਣ ਦੇ ਯਤਨ ਵਿੱਚ ਰਹੇਗਾ। ਨਿਖੁੱਟੇ ਪਤੀਆਂ ਲਈ ਵੀ ਏਹੀ ਵਿਚਾਰ ਲਾਗੂ ਹੁੰਦਾ ਹੈ। ਇਹ ਤੇ ਸਾਂਝਾ ਉਪਦੇਸ਼ ਹੈ--ਗੁਰਬਾਣੀ ਵਾਕ ਹੈ—

ਪਿਰਿ ਛੋਡਿਅੜੀ ਸੁਤੀ, ਪਿਰ ਕੀ ਸਾਰ ਨ ਜਾਣੀ।।

ਪਿਰਿ ਛੋਡੀ ਸੁਤੀ, ਅਵਗਣਿ ਮੁਤੀ ਤਿਸੁ ਧਨ ਵਿਧਣ ਰਾਤੇ।।

ਤੁਖਾਰੀ ਮਹਲਾ ਪੰਨਾ ੧੧੧੧

ਅੱਖਰੀਂ ਅਰਥ-- (ਮਾਇਆ ਦੇ ਮੋਹ ਦੀ ਨੀਂਦ ਵਿਚ) ਗ਼ਾਫ਼ਿਲ ਹੋ ਰਹੀ (ਅਜਿਹੀ ਜੀਵ-ਇਸਤ੍ਰੀ) ਨੂੰ ਪ੍ਰਭੂ-ਪਤੀ ਨੇ ਭੀ ਮਨੋਂ ਲਾਹ ਦਿੱਤਾ ਹੁੰਦਾ ਹੈ। ਹੇ ਭਾਈ! ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੀ ਹੋਈ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਪਿਆਰ ਕਰਨਾ ਛੱਡ ਦਿੱਤਾ, (ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੀ ਰਹਿਣ ਦੇ ਇਸ) ਔਗੁਣ ਦੇ ਕਾਰਨ ਤਿਆਗ ਦਿੱਤਾ, ਉਸ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਰਾਤ ਦੁੱਖਦਾਈ ਹੋ ਜਾਂਦੀ ਹੈ (ਉਸ ਦੀ ਸਾਰੀ ਉਮਰ ਦੁੱਖਾਂ ਵਿੱਚ ਬੀਤਦੀ ਹੈ)।

ਫ਼ਰੀਦ ਸਾਹਿਬ ਜੀ ਨੇ ਜਿਹੜਾ ਵਿਚਾਰ ਦਿੱਤਾ ਹੈ ਕਿ ਜਿਹੜੀ ਜੀਵ ਰੂਪੀ ਇਸਤ੍ਰੀ ਆਪਣੇ ਪਤੀ ਨਾਲ ਨਹੀਂ ਸੌਂਦੀ ਉਸ ਦੇ ਅੰਗ ਮੁੜ ਜਾਂਦੇ ਹਨ। ਗੁਰਬਾਣੀ ਵਿਚੋਂ ਸਹਿਜੇ ਹੀ ਇਹ ਪ੍ਰਮਾਣ ਮਿਲ ਜਾਂਦਾ ਹੈ ਕਿ ਪਤੀ ਪ੍ਰਮਾਤਮਾ ਭਾਵ ਰੱਬ ਜੀ ਨੂੰ ਕਿਹਾ ਹੈ ਤੇ ਰੱਬ ਜੀ ਦੀ ਸਮਝ ਗੁਰਵਾਕਾਂ ਵਿਚੋਂ ਆਉਣੀ ਹੈ ਜੇਹਾ ਗੁਰਬਾਣੀ ਵਾਕ ਹੈ—

ਸਹਜੇ ਸੁਖਿ ਸੁਤੀ ਸਬਦਿ ਸਮਾਇ।।

ਆਪੇ ਪ੍ਰਭਿ ਮੇਲਿ ਲਈ ਗਲਿ ਲਾਇ।।

ਦੁਬਿਧਾ ਚੂਕੀ ਸਹਜਿ ਸੁਭਾਇ।।

ਅੰਤਰਿ ਨਾਮੁ ਵਸਿਆ ਮਨਿ ਆਇ।।

ਸਾਰੰਗ ਮ: ੪ ਪੰਨਾ ੧੨੪੭

ਅਰਥ— ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਕੇ ਅਡੋਲ ਅਵਸਥਾ ਵਿੱਚ ਸਾਂਤਿ-ਅਵਸਥਾ ਵਿੱਚ ਟਿਕਦੀ ਹੈ, ਉਸ ਨੂੰ ਪ੍ਰਭੂ ਨੇ ਆਪ ਹੀ ਪਿਆਰ ਨਾਲ ਮਿਲਾ ਲਿਆ ਹੈ; ਆਤਮਕ ਅਡੋਲਤਾ ਵਿੱਚ ਪ੍ਰੇਮ ਵਿੱਚ ਟਿਕੇ ਰਹਿਣ ਦੇ ਕਾਰਨ ਉਸ ਦਾ ਦੁਚਿੱਤਾ-ਪਨ ਦੂਰ ਹੋ ਜਾਂਦਾ ਹੈ, ਉਸ ਦੇ ਅੰਦਰ ਮਨ ਵਿੱਚ ਪ੍ਰਭੂ ਦਾ ਨਾਮ ਆ ਵੱਸਦਾ ਹੈ।

ਸਲੋਕ ਵਾਰਾਂ ਤੇ ਵਧੀਕ ਵਿੱਚ ਗੁਰੁ ਅਮਰਦਾਸ ਜੀ ਫਰਮਾਉਂਦੇ ਕਿ ਸ਼ਬਦ ਦੀ ਵਿਚਾਰਧਾਰਾ ਵਿੱਚ ਲੀਨ ਹੋਣਾ ਹੀ ਕੰਤ ਨਾਲ ਸੌਣਾ ਹੈ ਜੇਹਾ ਗੁਰਵਾਕ ਹੈ—

ਗੁਰ ਪ੍ਰਸਾਦੀ ਬੁਝੀਐ ਸਾ ਧਨ ਸੁਤੀ ਨਿਚਿੰਦ।।

ਸਲੋਕ ਮ: ੩ ਪੰਨਾ ੧੪੧੫

ਅੱਖਰੀਂ ਅਰਥ--ਜਿਹੜੀ) ਜੀਵ-ਇਸਤ੍ਰੀ (ਇਸ ਭੇਤ ਨੂੰ ਸਮਝ ਲੈਂਦੀ ਹੈ, ਉਹ) ਚਿੰਤਾ-ਰਹਿਤ ਅਵਸਥਾ ਵਿੱਚ ਲੀਨ ਰਹਿੰਦੀ ਹੈ।

ਜਿਹੜੀ ਜੀਵ ਰੂਪੀ ਇਸਤ੍ਰੀ ਨੇ ਪਤੀ ਕੰਤ ਨਾਲ ਮਿਲਾਪ ਹਾਸਲ ਨਹੀਂ ਕੀਤਾ ਉਹ ਜੀਵ ਰੂਪੀ ਇਸਤ੍ਰੀ ਵਿਕਾਰਾਂ ਵਾਲੀ ਅਵਸਥਾ ਵਿੱਚ ਜਿਉਂਦੀ ਹੈ।

ਕਾਮਣਿ ਪਿਰੁ ਪਾਇਆ ਜੀਉ ਗੁਰ ਕੈ ਭਾਇ ਪਿਆਰੇ।।

ਰੈਣਿ ਸੁਖਿ ਸੁਤੀ ਜੀਉ ਅੰਤਰਿ ਉਰਿ ਧਾਰੇ।।

ਅੰਤਰਿ ਉਰਿ ਧਾਰੇ ਮਿਲੀਐ ਪਿਆਰੇ ਅਨਦਿਨੁ ਦੁਖੁ ਨਿਵਾਰੇ।।

ਅੰਤਰਿ ਮਹਲੁ ਪਿਰੁ ਰਾਵੇ ਕਾਮਣਿ ਗੁਰਮਤੀ ਵੀਚਾਰੇ।।

ਗਉੜੀ ਮ: ੩ ਪੰਨਾ ੨੪੫

ਅੱਖਰੀਂ ਅਰਥ--ਉਹ ਆਪਣੇ ਅੰਦਰ ਆਪਣੇ ਹਿਰਦੇ ਵਿੱਚ (ਪ੍ਰਭੂ-ਪਤੀ ਨੂੰ) ਵਸਾਂਦੀ ਹੈ ਤੇ ਸਾਰੀ ਜ਼ਿੰਦਗੀ ਰੂਪ ਰਾਤ ਸੁਖ ਵਿੱਚ ਗੁਜ਼ਾਰਦੀ ਹੈ। ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰ ਪ੍ਰਭੂ ਦਾ ਨਿਵਾਸ-ਥਾਂ ਲੱਭ ਲੈਂਦੀ ਹੈ, ਗੁਰੂ ਦੀ ਮਤਿ ਲੈ ਕੇ (ਪ੍ਰਭੂ ਦੇ ਗੁਣਾਂ ਨੂੰ) ਵਿਚਾਰਦੀ ਹੈ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਹੈ। ਜਿਸ ਜੀਵ-ਇਸਤ੍ਰੀ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਦਿਨ ਰਾਤ ਪੀਤਾ ਹੈ, ਉਹ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦੀ ਹੈ।

ਸ਼ੇਖ਼ ਫਰੀਦ ਸਾਹਿਬ ਜੀ ਦੇ ਦਿੱਤੇ ਹੋਏ ਸਲੋਕ ਦੀ ਦੂਸਰੀ ਤੁਕ ਵਿੱਚ ਉਹਨਾਂ ਜੀਵ ਰੂਪੀ ਇਸਤ੍ਰੀਆਂ ਦੀ ਗੱਲ ਕੀਤੀ ਗਈ ਹੈ ਜਿਹੜੀਆਂ ਆਪਣੇ ਪਤੀ ਦੀ ਪਹਿਚਾਨ ਨਹੀਂ ਕਰਦੀਆਂ ਉਹਨਾਂ ਦੀ ਜ਼ੰਦਗੀ ਔਖਿਆਈ ਵਾਲੀ ਹੁੰਦੀ ਹੈ। ਦੁਨਿਆਵੀ ਮਿਸਾਲ ਦੁਆਰਾ ਹੋਰ ਸਮਝਣ ਲਈ ਜਿਵੇਂ ਕੋਈ ਵਿਦਿਆਰਥੀ ਰੋਜ਼ਾਨਾ ਆਪਣਾ ਸਕੂਲ ਦਾ ਦਿੱਤਾ ਹੋਇਆ ਕੰਮ ਕਰਦਾ ਹੈ ਪਰ ਇੱਕ ਦਿਨ ਉਸ ਪਾਸੋਂ ਕੰਮ ਕੀਤਾ ਨਹੀਂ ਗਿਆ ਤੇ ਅਧਿਆਪਕ ਨੇ ਸਾਰੀ ਜਮਾਤ ਵਿੱਚ ਕੰਮ ਨਾ ਕਰਨ ਵਾਲੇ ਵਿਦਿਆਰਥੀ ਨੂੰ ਸਾਰੀ ਜਮਾਤ ਦੇ ਸਾਹਮਣੇ ਖੜਾ ਹੋ ਕੇ ਸ਼ਰਮਸ਼ਾਰ ਹੋਣਾ ਪਿਆ। ਹੁਣ ਇੱਕ ਦਿਨ ਦੇ ਪਛਤਾਵੇ ਕਾਰਨ ਉਹ ਵਿਦਿਆਰਥੀ ਉਸ ਵਿਦਿਆਰਥੀ `ਤੇ ਸਵਾਲ ਖੜਾ ਕਰਦਾ ਹੈ ਕਿ ਮੈਂ ਇੱਕ ਦਿਨ ਕੰਮ ਤੋਂ ਖੁੰਝਿਆਂ ਹਾਂ ਤਾਂ ਮੈਨੂੰ ਸਭ ਤੇ ਸਾਹਮਣੇ ਸ਼ਰਮ-ਸਾਰ ਹੋਣਾ ਪਿਆ ਹੈ ਤੇ ਜਿਹੜੇ ਰੋਜ਼ ਹੀ ਕੰਮ ਕਰਕੇ ਨਹੀਂ ਆਉਂਦੇ ਉਸ ਨੂੰ ਕਿੰਨਾ ਜ਼ਲੀਲ ਹੋਣਾ ਪੈਂਦਾ ਹੋਵੇਗਾ?

ਤੁਧੁ ਗੁਣ ਮੈ ਸਭਿ ਅਵਗਣਾ ਇੱਕ ਨਾਨਕ ਕੀ ਅਰਦਾਸਿ ਜੀਉ।।

ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ।। ੧।।

ਸੁਹੀ ਮ: ੧ ਪੰਨਾ ੭੬੨

ਅੱਖਰੀਂ ਅਰਥ--ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਵਾਲਾ ਹੈਂ, ਮੇਰੇ ਅੰਦਰ ਸਾਰੇ ਔਗੁਣ ਹੀ ਔਗੁਣ ਹਨ, ਫਿਰ ਭੀ ਨਾਨਕ ਦੀ ਬੇਨਤੀ (ਤੇਰੇ ਹੀ ਦਰ ਤੇ) ਹੈ ਕਿ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਤਾਂ ਸਦਾ ਹੀ ਤੇਰੇ ਨਾਮ-ਰੰਗ ਵਿੱਚ ਰੰਗੀਆਂ ਹੋਈਆਂ ਹਨ, ਮੈਨੂੰ ਅਭਾਗਣ ਨੂੰ ਭੀ ਕੋਈ ਇੱਕ ਰਾਤ ਬਖ਼ਸ਼ (ਮੇਰੇ ਉਤੇ ਭੀ ਕਦੇ ਮੇਹਰ ਦੀ ਨਿਗਾਹ ਕਰ)। ੧।

ਸੋ ਫ਼ਰੀਦ ਸਾਹਿਬ ਜੀ ਦੇ ਉਪਰੋਕਤ ਸਲੋਕ ਵਿੱਚ ਸਮਝ ਆਉਂਦੀ ਹੈ ਕਿ ਜੇ ਇੱਕ ਘੜੀ ਰੱਬ ਜੀ ਵਿਸਰ ਜਾਂਦਾ ਹੈ ਤਾਂ ਜੀਵਨ ਵਿੱਚ ਉਥਲ਼ ਪੁਥਲ਼ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੇ ਸਦਾ ਹੀ ਰੱਬ ਜੀ ਤੋਂ ਵਿਸਰੇ ਰਹਿੰਦੇ ਹਨ ਉਹਨਾਂ ਲਈ ਜੀਵਨ ਵਿੱਚ ਸਹਿਜ ਲਿਆਉਣਾ ਕਿੰਨਾ ਔਖਾ ਹੋਏਗਾ।




.