ਗੁਰਬਾਣੀ ਅਤੇ ਰੋਜ਼ਾਨਾ ਜੀਵਨ
ਸਤਿੰਦਰਜੀਤ ਸਿੰਘ
ਇੱਕ ਚੰਗੇ ਅਤੇ ਕਾਬਲ ਅਧਿਆਪਕ ਦਾ ਜੀਵਨ ਵਿੱਚ ਬਹੁਤ ਉਸਾਰੂ ਯੋਗਦਾਨ ਪੈਂਦਾ
ਹੈ। ਗੁਰੂ ਗਿਆਨਵਾਨ ਹੋਵੇਗਾ ਤਾਂ ਚੇਲੇ ਵੀ ਉਸ ਵਾਂਗ ਸਚਿਆਰੇ ਹੀ ਨਿਕਲਣਗੇ। ਮਨੁੱਖ ਜਾਤੀ ਨੂੰ
ਅੰਧ-ਵਿਸ਼ਵਾਸ਼ ਦੇ ਚੁੰਗਲ ਵਿੱਚੋਂ ਕੱਢ ਕੇ ਸਹੀ ਜੀਵਨ ਸੇਧ ਦੇਣ ਵਾਲੇ ਗੁਰੂ ਸਾਹਿਬ, ਬਹੁਤ ਹੀ ਕਾਬਲ
ਅਤੇ ਦੂਰਅੰਦੇਸ਼ ਗੁਰੂ ਸਨ। ਉਹਨਾਂ ਦੀ ਕਾਬਲੀਅਤ ਦੀ ਸਮਝ ਇਸ ਗੱਲ ਤੋਂ ਹੀ ਪੈ ਜਾਂਦੀ ਹੈ ਕਿ ਉਹ
ਜਿਸ ਵੀ ਧਰਮ ਅਸਥਾਨ ‘ਤੇ ਗਏ, ਉਸੇ ਖਿੱਤੇ ਵਰਗਾ ਪਹਿਰਾਵਾ ਧਾਰਨ ਕੀਤਾ। ਉਹਨਾਂ ਦੀ ਕਾਬਲੀਅਤ ਹੀ
ਸੀ ਕਿ ਉਹ ਜਿਸ ਵੀ ਇਨਸਾਨ ਨਾਲ ਮਿਲੇ, ਉਸਨੂੰ ਉਸਦੇ ਰੋਜ਼ਾਨਾ ਜੀਵਨ ਵਿੱਚੋਂ ਹੀ ਉਦਾਹਰਨਾਂ ਦੇ ਕੇ,
ਉਸਦੀ ਰੋਜ਼ਾਨਾ ਜ਼ਿੰਦਗੀ ਨਾਲ, ਆਪਣੀ ਗੱਲਬਾਤ ਦਾ ਧੁਰਾ ਜੋੜ ਕੇ ਸਮਝਾਉਂਦੇ ਸਨ। ਗੁਰੂ ਸਾਹਿਬ ਨੇ
ਲੋਕਾਂ ਨੂੰ ਸਮਝਾਉਣ ਲਈ ਗੁੰਝਲਦਾਰ ਸ਼ਬਦਾਂ ਦਾ ਜਾਲ ਨਹੀਂ ਬੁਣਿਆ, ਆਪਣੀ ਗੱਲਬਾਤ ਵਿੱਚ ਆਮ ਲੋਕਾਂ
ਦੀ ਰੋਜ਼ਾਨਾ ਦੀ ਜ਼ਿੰਦਗੀ ਦੇ ਕੰਮਾਂ-ਕਾਰਾਂ ਨੂੰ ਸ਼ਾਮਿਲ ਕੀਤਾ, ਰੋਜ਼ਾਨਾ ਇਨਸਾਨ ਦੇ ਆਲੇ-ਦੁਆਲੇ
ਹੁੰਦੀਆਂ ਰਸਮਾਂ-ਰਿਵਾਜਾਂ ਦੀਆਂ ਉਦਾਹਰਨਾਂ ਦਿੱਤੀਆਂ ਅਤੇ ਸਿਧਾਂਤ ‘ੴ’ ਨਾਲ ਜੁੜਨ ਦਾ ਦਿੱਤਾ,
ਵਿਕਾਰਾਂ ਨੂੰ ਖਤਮ ਕਰਨ ‘ਤੇ ਜ਼ੋਰ ਦਿੱਤਾ ਇਸਦੀ ਮਿਸਾਲ ਦੇ ਤੌਰ ‘ਤੇ ਦੇਖੋ ਕਿ ਜਦੋਂ ਗੁਰੂ ਸਾਹਿਬ
ਇੱਕ ਜੋਗੀ ਨੂੰ ਮਿਲਦੇ ਹਨ ਤਾਂ ਉਸਦੀ ਰੋਜ਼ਾਨਾ ਦੀ ਜ਼ਿੰਦਗੀ ਨਾਲ ‘ੴ’ ਦੇ ਸਿਧਾਂਤ ਨੂੰ ਜੋੜ ਕੇ
ਸਮਝਾਉਂਦੇ ਹਨ ਕਿ:
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
ਭਾਵ ਕਿ ਹੇ ਜੋਗੀ! ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ (ਮੁੰਦਾ) ਬਣਾ,
ਮਿਹਨਤ (ਸਰਮੁ) ਨੂੰ ਖੱਪਰ (ਪਤੁ) ਅਤੇ ਝੋਲੀ ਬਣਾ ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ (ਬਿਭੂਤਿ )
ਬਣਾ ਕੇ ਆਪਣੇ ਪਿੰਡੇ ‘ਤੇ ਮਲ, ਮੌਤ (ਕਾਲੁ) ਦੇ ਡਰ ਦੀ ਗੋਦੜੀ (ਖਿੰਥਾ) ਬਣਾ ਅਤੇ ਵਿਕਾਰਾਂ ਤੋਂ
ਰਹਿਤ ਸਰੀਰ (ਕੁਆਰੀ ਕਾਇਆ) ਤੇਰੀ ਰਹਿਤ (ਜੁਗਤਿ) ਹੋਵੇ ਅਤੇ ਅਕਾਲ ਪੁਰਖ ਵਿੱਚ ਪ੍ਰਤੀਤ, ਸ਼ਰਧਾ
(ਪਰਤੀਤਿ) ਤੇਰਾ ਡੰਡਾ ਹੋਵੇ, ਇਸ ਪ੍ਰਕਾਰ ਹੀ ਕੂੜ ਦੀ ਕੰਧ ਟੁੱਟ ਸਕਦੀ ਹੈ।
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥
ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ
॥੨੮॥
ਭਾਵ ਕਿ ਜੋ ਮਨੁੱਖ ਸਾਰੀ ਸ਼੍ਰਿਸ਼ਟੀ ਦੇ ਜੀਵਾਂ ਨੂੰ ਇੱਕੋ ਜਿਹਾ ਸਮਝਦਾ ਹੈ,
ਸਭ ਨੂੰ ਇੱਕ ਸਮਾਨ ਮਿੱਤਰ ਸਮਝਦਾ ਹੈ ਅਸਲ ਵਿੱਚ ਉਹ ਹੀ ਉੱਤਮ ਹੈ, ਉਹ ਹੀ ਆਈ-ਪੰਥ ਵਾਲਾ ਹੈ।
ਆਪਣੇ ਮਨ ਨੂੰ ਜਿੱਤਣ ਨਾਲ ਹੀ ਸਾਰਾ ਜਗਤ ਜਿੱਤਿਆ ਜਾ ਸਕਦਾ ਹੈ।
ਕੂੜ ਦੀ ਕੰਧ ਤੋੜਨ ਦਾ ਇਹੀ ਤਰੀਕਾ ਹੈ, ਕਿ ਸਦਾ ਉਸ ਅਕਾਲ ਪੁਰਖ ਨਾਲ ਹੀ
ਜੁੜੋ ਜੋ ਮੁੱਢ (ਆਦਿ) ਤੋਂ ਹੈ, ਪਵਿੱਤਰ (ਅਨੀਲੁ) ਹੈ, ਜਿਸਦਾ ਕੋਈ ਮੁੱਢ ਨਹੀਂ (ਅਨਾਦਿ), ਨਾਸ
ਰਹਿਤ (ਅਨਾਹਤਿ) ਹੈ ਅਤੇ ਹਰੇਕ ਯੁੱਗ (ਜੁਗੁ-ਜੁਗੁ) ਵਿੱਚ ਇੱਕ ਹੀ ਰੂਪ (ਵੇਸੁ) ਵਿੱਚ ਮੌਜੂਦ ਹੈ,
ਸਦਾ ਉਸਨੂੰ (ਤਿਸੈ) ਹੀ ਨਮਸਕਾਰ (ਆਦੇਸੁ) ਕਰੋ।
(
ਆਈ
ਪੰਥੁ-ਜੋਗੀਆਂ ਦੇ 12 ਫ਼ਿਰਕੇ ਹਨ, ਉਹਨਾਂ ਵਿਚੋਂ
ਸਬ ਤੋਂ ਉੱਚਾ ‘ਆਈ ਪੰਥ’ ਗਿਣਿਆ ਜਾਂਦਾ ਹੈ। ਪੰਥੀ-ਆਈ ਪੰਥ ਵਾਲਾ, ਆਈ ਪੰਥ ਨਾਲ ਸੰਬੰਧ ਰੱਖਣ
ਵਾਲਾ)।
ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚੋਂ ਉਦਾਹਰਨਾਂ ਦੇ ਕੇ ਗੁਰੂ
ਸਾਹਿਬ ਸਮਝਾਉਂਦੇ ਹਨ ਕਿ:
ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥
ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥
ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥
ਭਾਵ ਕਿ ਜੇ ਮਨ ਪ੍ਰਭੂ ਦੀ ਯਾਦ ਵਸ ਜਾਵੇ, ਮਨ ਪ੍ਰਭੂ ਦੀ ਸਿੱਖਿਆ ਨੂੰ ਮੰਨ
ਲਵੇ (ਮੰਨਿਐ) ਤਾਂ ਇਸ ਨੂੰ ਦੁਨੀਆਂ ਦੇ ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ, ਜੇ ਸੁਰਤਿ ਹਰੀ
ਦੇ ਨਾਮ ਵਿਚ ਜੁੜਨ ਲੱਗ ਪਏ, ਜੇ ਮਨ ਪ੍ਰਭੂ ਦੀ ਸਿੱਖਿਆ ਨੂੰ ਸੁਣਨਾ ਸ਼ੁਰੂ ਕਰ ਦੇਵੇ (ਸੁਣਿਐ) ਤਾਂ
ਇਸ ਨੂੰ ਲੂਣ ਵਾਲੇ ਪਦਾਰਥ ਸਮਝੋ, ਜਦੋਂ ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ (ਮੁਖਿ ਬੋਲਣਾ ) ਆ
ਜਾਵੇ ਤਾਂ ਇਸਨੂੰ ਖੱਟੇ ਸੁਆਦ (ਖਟ ਤੁਰਸੀ ) ਵਾਲੇ ਪਦਾਰਥ ਸਮਝੋ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ
ਕੀਰਤਨ (ਨਾਦ ) ਮਸਾਲੇ (ਮਾਰਣ) ਸਮਝੋ, ਪਰਮਾਤਮਾ ਨਾਲ ਇਕ-ਰਸ ਪ੍ਰੇਮ, ਮਨ ਵਿੱਚ ਅਕਾਲ ਪੁਰਖ ਦੇ
ਭਾਉ, ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ ਪਰ ਇਹ ਉੱਚੀ ਦਾਤ ਉਸੇ ਨੂੰ ਮਿਲਦੀ ਹੈ, ਜਿਸ ਉੱਤੇ
ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ।1।
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ
ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ
।1।ਰਹਾਉ।
ਪਹਿਰਾਵੇ ਦੀਆਂ ਉਦਾਹਰਨਾਂ ਦੇ ਕੇ ਸਮਝਾਉਂਦੇ ਹਨ ਕਿ:
ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥
ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥
ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥
{ਸਿਰੀਰਾਗੁ ਮਹਲਾ ੧, ਪੰਨਾ 16}
ਭਾਵ ਕਿ ਪ੍ਰਭੂ-ਪ੍ਰੀਤ ਵਿੱਚ ਮਨ ਰੰਗਿਆ ਜਾਏ ਤਾਂ ਇਹ ਲਾਲ ਪੁਸ਼ਾਕ ਦੇ ਸਮਾਨ
ਹੈ, ਦਾਨ ਪੁੰਨ ਕਰਨਾ, ਲੋੜਵੰਦਿਆਂ ਦੀ ਸੇਵਾ ਕਰਨੀ ਇਹ ਚਿੱਟੀ ਪੁਸ਼ਾਕ ਸਮਝੋ। ਆਪਣੇ ਮਨ ਵਿੱਚੋਂ
ਕਾਲਖ਼ ਕੱਟ ਦੇਣੀ (ਕਦਾ ਕਰਣੀ) ਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ-ਚਰਨਾਂ ਦਾ ਧਿਆਨ ਚੋਗਾ
(ਪਹਿਰਣੁ) ਹੈ । ਹੇ ਪ੍ਰਭੂ! ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ (ਕਮਰਬੰਦੁ) ਬਣਾਇਆ ਹੈ, ਤੇਰਾ
ਨਾਮ ਹੀ ਮੇਰਾ ਧਨ ਹੈ, ਮੇਰੀ ਜੁਆਨੀ ਹੈ।2।
ਜਦੋਂ ਗੁਰੂ ਨਾਨਕ ਸਾਹਿਬ ਜਨੇਊ ਪਾਉਣ ਦੀ ਰਸਮ ਸਮੇਂ ਪੰਡਿਤ ਨੂੰ ਸੰਬੋਧਿਨ
ਹੋ ਕੇ ਗੱਲ ਕਰਦੇ ਹਨ ਤਾਂ ਉਸਦੇ ਕਾਰ-ਵਿਹਾਰ ਜਨੇਊ ਪਹਿਨਾਉਣ ਦੀ ਰਸਮ ਦੀਆਂ ਉਦਾਹਰਨਾਂ ਦਿੰਦੇ ਹਨ:
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਭਾਵ ਕਿ ਹੇ ਪੰਡਿਤ! ਮੇਰੀ ਆਤਮਾ (ਜੀਅ ਕਾ) ਦੇ ਕੰਮ ਆਉਣ ਵਾਲਾ ਜਨੇਊ ਜੇ
ਤੇਰੇ ਕੋਲ ਹੈ (ਹਈ) ਤਾਂ ਉਹ ਪਾ ਜੋ ਕਿ ਤਰਸ (ਦਇਆ) ਦੀ ਕਪਾਹ, ਸਬਰ (ਸੰਤੋਖੁ) ਦੇ ਸੂਤ, ਆਪਣੇ ਮਨ
ਨੂੰ ਵੱਸ ਕਰਨ (ਜਤੁ) ਦੀਆਂ ਗੰਢਾਂ ਅਤੇ ਉੱਚੇ ਆਚਰਨ ਦੇ ਵਟ ਤੋਂ ਬਣਿਆ ਹੋਇਆ ਹੋਵੇ।
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਅੱਗੇ ਗੁਰੂ ਸਾਹਿਬ ਆਖਦੇ ਹਨ ਕਿ ਹੇ ਪੰਡਿਤ! ਇਹੋ ਜਿਹਾ ਜਨੇਊ ਨਾ ਟੁੱਟਦਾ
ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ (ਨ ਜਾਇ) ਹੈ। ਹੇ
ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿੱਚ ਪਾ ਲਿਆ ਹੈ।
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥
{ਸਲੋਕੁ ਮਃ ੧, ਪੰਨਾ 471}
ਹੇ ਪੰਡਤ! ਇਹ ਜਨੇਊ ਜੋ ਤੂੰ ਪਾਉਂਦਾ ਫਿਰਦਾ ਹੈਂ, ਇਹ ਤਾਂ ਤੂੰ ਚਾਰ
ਕੌਡੀਆਂ (ਚਉਕੜਿ) ਮੁੱਲ ਦੇ ਕੇ ਮੰਗਵਾ ਲਿਆ, ਆਪਣੇ ਜਜਮਾਨ ਦੇ ਚੌਂਕੇ ਵਿੱਚ ਬੈਠ ਕੇ ਉਸ ਦੇ ਗਲ ਪਾ
ਦਿੱਤਾ, ਫੇਰ ਤੂੰ ਉਸ ਦੇ ਕੰਨ ਵਿੱਚ ਉਪਦੇਸ਼ (ਸਿਖਾ) ਦਿੱਤਾ ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋ
ਗਿਆ। ਸਮਾਂ ਲੰਘਣ ‘ਤੇ ਜਦੋਂ ਉਹ ਜਜਮਾਨ ਮਰ ਗਿਆ ਤਾਂ ਉਹ ਜਨੇਊ ਉਸ ਦੇ ਸਰੀਰ ਤੋਂ ਸੜ ਗਿਆ ਜਾਂ
ਡਿੱਗ ਪਿਆ ਪਰ ਆਤਮਾ ਦੇ ਨਾਲ ਨਾ ਨਿਭਿਆ, ਇਸ ਵਾਸਤੇ ਉਹ ਜਜਮਾਨ ਵਿਚਾਰਾ ਜਨੇਊ ਤੋਂ ਬਿਨ੍ਹਾਂ ਹੀ
ਸੰਸਾਰ ਤੋਂ ਗਿਆ ।1।
ਇੱਕ ਕਿਸਾਨ ਨੂੰ ਸੰਬੋਧਨ ਹੋ ਕੇ ਗੁਰੂ ਸਾਹਿਬ ਉਸਦੇ ਜੀਵਨ ਅਤੇ ਕੰਮ-ਕਾਰ
ਵਿੱਚੋਂ ਉਦਾਹਰਨਾਂ ਦੇ ਕੇ ਸਮਝਾਉਂਦੇ ਹਨ ਕਿ:
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ
ਘਰ ਭਾਗਠ ਦੇਖੁ ॥੧॥
ਭਾਵ ਕਿ ਹੇ ਭਾਈ! ਸਦਾ ਨਾਲ ਨਿਭਣ ਵਾਲਾ ਧਨ ਕਮਾਉਣ ਲਈ ਮਨ ਨੂੰ ਹਾਲੀ ਵਰਗਾ
ਉੱਦਮੀ ਬਣਾ, ਉਚੇ ਆਚਰਨ (ਕਰਣੀ) ਨੂੰ ਵਾਹੀ (ਕਿਰਸਾਣੀ) ਸਮਝ, ਮਿਹਨਤ (ਸਰਮੁ) ਨਾਮ ਦੀ ਫ਼ਸਲ
ਵਾਸਤੇ ਪਾਣੀ ਅਤੇ ਇਹ ਆਪਣਾ ਸਰੀਰ (ਤਨੁ) ਹੀ ਪੈਲੀ (ਖੇਤੁ) ਬਣਾ। ਇਸ ਪੈਲੀ ਵਿੱਚ ਪ੍ਰਮਾਤਮਾ ਦਾ
ਨਾਮ ਬੀਜ, ਬੀਜ ਨੂੰ ਵਿਕਾਰਾਂ ਰੂਪੀ ਪੰਛੀਆ ਤੋਂ ਬਚਾਉਣ ਲਈ ਸੰਤੋਖ ਦਾ ਸੁਹਾਗਾ ਫੇਰ, ਸਾਦੇ ਜੀਵਨ
(ਗਰੀਬੀ ਵੇਸੁ) ਨੂੰ ਇਸ ਨਾਮ ਰੂਪੀ ਫਸਲ ਦਾ ਰਾਖਵਾਲਾ (ਰਖੁ) ਬਣਾ। ਹੇ ਭਾਈ! ਇਹ ਵਾਹੀ ਕੀਤਿਆਂ
ਸਰੀਰ-ਪੈਲੀ ਵਿੱਚ ਪ੍ਰਮਾਤਮਾ ਦੀ ਮਿਹਰ ਨਾਲ (ਕਰਮ ਕਰਿ) ਪ੍ਰੇਮ (ਭਾਉ) ਪੈਦਾ ਹੋਵੇਗਾ। ਵੇਖ
ਜਿੰਨ੍ਹਾਂ ਇਹ ਵਾਹੀ ਕੀਤੀ, ਉਹ ਹਿਰਦੇ ਨਾਮ-ਧਨ ਨਾਲ ਧਨਾਢ (ਭਾਗਠ) ਹੋ ਗਏ।੧।
ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥
ਰਹਾਉ ॥
ਭਾਵ ਕਿ ਹੇ ਭਾਈ! ਮਾਇਆ ਜੀਵ ਦੇ ਨਾਲ ਨਹੀਂ ਜਾਂਦੀ, ਇਹ ਸਭ ਨੂੰ ਪਤਾ ਹੈ
ਫਿਰ ਵੀ ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ ਅਤੇ ਸਦਾ ਨਾਲ ਨਿਭਣ ਵਾਲਾ
ਧਨ ਹੋਰ ਹੈ, ਇਹ ਗੱਲ ਕੋਈ ਵਿਰਲਾ ਮਨੁੱਖ ਹੀ ਸਮਝਦਾ ਹੈ।੧।ਰਹਾਉ।
ਦੁਕਾਨਦਾਰ ਦੀ ਉਦਾਹਰਨ ਨਾਲ ਗੁਰੂ ਸਾਹਿਬ ਸਮਝਾਉਂਦੇ ਹਨ ਕਿ:
ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥
ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥
ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥
ਭਾਵ ਕਿ ਹੇ ਭਾਈ! ਬੀਤ ਰਹੀ (ਹਾਣੁ) ਉਮਰ (ਆਰਜਾ) ਦੇ ਹਰ ਸੁਆਸ ਨੂੰ ਆਪਣੀ
ਹੱਟੀ ਦਾ ਬਣਾ ਅਤੇ ਸੱਚੇ ਨਾਮ ਦਾ ਸੌਦਾ (ਵਥੁ) ਬਣਾ। ਆਪਣੀ ਸੁਰਤ ਅਤੇ ਸੋਚ-ਸਮਝ ਨੂੰ ਇਸ ਦੁਕਾਨ
ਅੰਦਰ ਭਾਂਡਿਆਂ ਦੀ ਕਤਾਰ (ਭਾਂਡਸਾਲ) ਬਣਾ ਅਤੇ ਸੱਚ ਨਾਮ ਦੇ ਸੌਧੇ ਨੂੰ ਇਹਨਾਂ ਭਾਂਡਿਆਂ ਵਿੱਚ
ਰੱਖ ਅਤੇ ਇਸ ਨਾਮ ਦਾ ਵਪਾਰ ਕਰਨ ਵਾਲੇ ਸੰਤਸੰਗੀਆਂ (ਵਣਜਾਰੇ) ਨਾਲ ਮਿਲ ਕੇ ਵਾਪਰ (ਵਣਜ) ਕਰ ਅਤੇ
ਮਨ ਦੇ ਖਿੜਾਉ (ਮਨ ਹਸੁ) ਦਾ ਲਾਹਾ ਲੈ।
ਵਪਾਰੀ ਦੀ ਉਦਾਹਰਨ ਨਾਲ ਗੁਰੂ ਸਾਹਿਬ ਸਮਝਾਉਂਦੇ ਹਨ ਕਿ:
ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥
ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥
ਭਾਵ ਕਿ ਹੇ ਭਾਈ! ਸੌਦਾਗਰਾਂ ਵਾਂਗ ਪ੍ਰਮਾਤਮਾ ਦੇ ਨਾਮ ਦਾ ਸੌਦਾਗਰ ਬਣ,
ਧਰਮ-ਪੁਸਤਕਾਂ (ਸਾਸਤ) ਦਾ ਉਪਦੇਸ਼ ਸੁਣਿਆ ਕਰ, ਇਹ ਪ੍ਰਮਾਤਮਾ ਦੇ ਨਾਮ ਦੀ ਸੌਦਾਗਰੀ ਹੈ ਅਤੇ ਇਸ
ਸੌਦਾਗਰੀ ਦਾ ਮਾਲ ਲੱਦਣ ਵਾਸਤੇ ਉੱਚੇ ਆਚਰਨ (ਸਤੁ) ਨੂੰ ਘੋੜੇ ਬਣਾ ਕੇ ਤੁਰ, ਜ਼ਿੰਦਗੀ ਦੇ ਸਫ਼ਰ
ਵਿੱਚ ਚੰਗੇ ਗੁਣਾਂ ਨੂੰ ਖ਼ਰਚ ਬਣਾ। ਹੇ ਮਨ! ਇਸ ਸੱਚ ਨਾਮ ਦੇ ਵਪਾਰ ਦੇ ਉੱਦਮ ਨੂੰ ਕੱਲ ਤੇ ਨਾ
ਪਾਈਂ (ਮਤੁ ਜਾਣਹਿ ਕਲੁ)। ਇਸ ਵਪਾਰ ਨਾਲ ਜੇ ਤੂੰ ਪ੍ਰਮਾਤਮਾ ਦੇ ਦੇਸ਼ ਵਿੱਚ ਟਿਕ ਜਾਏਂ ਭਾਵ ਕਿ
ਪ੍ਰਮਾਤਮਾ ਦੀ ਸਿੱਖਿਆ ਦਾ ਵਾਸ ਤੇਰੇ ਮਨ ਵਿੱਚ ਹੋ ਜਾਵੇ ਤਾਂ ਆਤਮਿਕ ਸੁੱਖ ਵਿੱਚ ਥਾਂ ਲੱਭ
ਲਏਂਗਾ।੩।
ਨੌਕਰੀ ਕਰਨ ਵਾਲੇ ਮੁਲਾਜ਼ਮ ਦੀ ਉਦਾਹਰਨ ਨਾਲ ਗੁਰੂ ਸਾਹਿਬ ਸਮਝਾਉਂਦੇ ਹਨ
ਕਿ:
ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥
ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥
ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥
{ਸੋਰਠਿ ਮਹਲਾ ੧ ਘਰੁ ੧॥ ,ਪੰਨਾ 595}
ਭਾਵ ਕਿ ਹੇ ਭਾਈ! ਜਿਸ ਤਰ੍ਹਾਂ ਨੌਕਰ, ਰੋਜ਼ੀ ਕਮਾਉਣ ਲਈ ਮਿਹਨਤ ਨਾਲ ਮਾਲਕ
ਦੀ ਸੇਵਾ ਕਰਦਾ ਹੈ, ਤੂੰ ਵੀ ਪੂਰੇ ਧਿਆਨ ਨਾਲ ਪ੍ਰਭੂ-ਮਾਲਕ ਦੀ ਨੌਕਰੀ (ਚਾਕਰੀ) ਕਰ
ਪ੍ਰਮਾਤਮਾ-ਮਾਲਕ ਦੇ ਨਾਮ ਨੂੰ ਮਨ ਵਿੱਚ ਪੱਕਾ ਕਰ ਕੇ ਰੱਖ, ਇਹੀ ਹੈ ਉਸ ਦੀ ਸੇਵਾ ਭਾਵ ਉਸ ਲਈ
ਕੀਤਾ ਕੰਮ ਹੈ। ਇਸ ਨੌਕਰੀ ਵਿੱਚ ਵਿਕਾਰਾਂ ਨੂੰ ਆਪਣੇ ਨੇੜੇ ਆਉਣੋਂ ਰੋਕਣ ਦਾ ਉੱਦਮ ਕਰ ਤਾਂ ਹਰ
ਕੋਈ ਤੈਨੂੰ ਸ਼ਾਬਾਸ਼ੇ ਆਖੇਗਾ। ਹੇ ਨਾਨਕ! ਇਹ ਨੌਕਰੀ ਕੀਤਿਆਂ ਪਰਮਾਤਮਾ ਤੈਨੂੰ ਮਿਹਰ ਦੀ ਨਜ਼ਰ
ਨਾਲ ਵੇਖੇਗਾ, ਤੇਰੇ ਜੀਵਨ ਉੱਤੇ ਚੌ-ਗੁਣਾਂ ਆਤਮਿਕ ਰੂਪ ਚੜ੍ਹੇਗਾ।੪।੨।
ਦੁਖ ਮਹੁਰਾ ਮਾਰਣ ਹਰਿ ਨਾਮੁ ॥ ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥
ਨਿਤ ਨਿਤ ਲੇਹੁ ਨ ਛੀਜੈ ਦੇਹ ॥ ਅੰਤ ਕਾਲਿ ਜਮੁ ਮਾਰੈ ਠੇਹ ॥੧॥
ਐਸਾ ਦਾਰੂ ਖਾਹਿ ਗਵਾਰ ॥ ਜਿਤੁ ਖਾਧੈ ਤੇਰੇ ਜਾਹਿ ਵਿਕਾਰ ॥੧॥ ਰਹਾਉ ॥
{ਮਲਾਰ ਮਹਲਾ ੧, ਪੰਨਾ 1257}
ਭਾਵ ਕਿ ਦੁਨੀਆਵੀ ਦੁੱਖ-ਕਲੇਸ਼ ਇਨਸਾਨ ਦੇ ਜੀਵਨ ਲਈ ਜ਼ਹਿਰ (ਮਹੁਰਾ) ਹਨ ਅਤੇ
ਪ੍ਰਮਾਤਮਾ ਦਾ ਨਾਮ ਇਸ ਜ਼ਹਿਰ ਨੂੰ ਮਾਰਨ ਵਾਲੀਆਂ ਜੜ੍ਹੀ-ਬੂਟੀਆਂ ਦੀ ਦਵਾਈ (ਮਾਰਣ: ਮਹੁਰੇ ਨੂੰ
ਕੁਸ਼ਤਾ ਕਰਨ ਵਾਸਤੇ ਜੜ੍ਹੀ-ਬੂਟੀਆਂ ਆਦਿਕ) ਹੈ। ਇਹਨਾਂ ਜੜ੍ਹੀ-ਬੂਟੀਆਂ ਨੂੰ ਪੀਸਣ ਲਈ ਸੰਤੋਖ ਦੀ
ਸਿੱਲ ਬਣਾ ਕੇ ਲੋੜਵੰਦਾਂ ਨੂੰ ਕੀਤੇ ਦਾਨ ਦੇ ਵੱਟੇ ਨਾਲ ਪੀਸ ਅਤੇ ਇਸ ਸੱਚ ਨਾਮ ਦੀ ਦਵਾਈ ਨੂੰ ਤੂੰ
ਹਰ ਰੋਜ਼, ਸਦਾ ਹੀ (ਨਿਤ ਨਿਤ) ਖਾ, ਇਸਨੂੰ ਸਦਾ ਖਾਣ ਨਾਲ ਸਰੀਰ ਛਿੱਜਦਾ ਨਹੀਂ ਭਾਵ ਕਿ ਸਰੀਰ ਵਿੱਚ
ਕੋਈ ਵਿਕਾਰ ਪੈਦਾ ਨਹੀਂ ਹੁੰਦਾ ਅਤੇ ਨਾ ਹੀ ਅੰਤ ਸਮੇਂ ਮੌਤ ਦਾ ਡਰ ਪਟਕ ਕੇ ਮਾਰਦਾ ਹੈ ਭਾਵ ਕਿ
ਮੌਤ ਦਾ ਡਰ ਨਹੀਂ ਲਗਦਾ। ਹੇ ਮੂਰਖ (ਗਵਾਰ) ਐਸੀ ਦਵਾਈ ਖਾ ਜਿਸਨੂੰ ਖਾਣ ਨਾਲ ਤੇਰੇ ਸਾਰੇ ਵਿਕਾਰ
ਖਤਮ ਹੋ ਜਾਣ ॥ਰਹਾਉ॥
(ਨੋਟ:- ‘ਨ ਛੀਜੈ ਦੇਹ’ ਦਾ ਪਹਿਲਾ ‘ਨ’ ਅਗਲੀ ਤੁਕ ਭਾਵ ‘
ਅੰਤ
ਕਾਲਿ ਜਮੁ ਮਾਰੈ ਠੇਹ’ ਦੇ ਨਾਲ ਵੀ ਅਰਥ ਵੇਲੇ
ਵਰਤਣਾ ਹੈ। ਇਸ ਨੂੰ ‘ਦੇਹਲੀ ਦੀਪਕ’ ਅਲੰਕਾਰ ਸਮਝੋ) । ਮਾਰੈ ਠੇਹ-ਪਟਕ ਕੇ ਮਾਰਦਾ ਹੈ ।1।
ਇੱਕ ਬ੍ਰਾਹਮਣ ਨੂੰ ਸਮਝਾਉਂਦੇ ਹੋਏ ਗੁਰੂ ਸਾਹਿਬ ਉਸਦੀ ਜ਼ਿੰਦਗੀ, ਉਸਦੇ
ਕੰਮਕਾਰ ਵਿੱਚੋਂ ਉਦਾਹਰਨਾਂ ਦੇ ਰਹੇ ਹਨ ਕਿ:
ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ॥
ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ ॥੩॥
ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥
ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥੪॥੭॥
{ਪੰਨਾ 1329}
ਭਾਵ ਕਿ ਹੇ ਬ੍ਰਾਹਮਣ ਆਪਣੇ ਪ੍ਰਭੂ-ਜਜਮਾਨ ਕੋਲੋਂ ਮੰਗਣ ਲੱਗਿਆ ਤੂੰ
ਵਿਕਾਰਾਂ ਵੱਲੋਂ ਰੋਕਣ ਦਾ ਉੱਦਮ (ਜਤੁ) ਅਤੇ ਉੱਚਾ ਆਚਰਨ (ਸੱਤ) ਰੂਪੀ ਚਾਵਲ ਮੰਗ, ਦਇਆ ਰੂਪੀ ਕਣਕ
ਮੰਗ, ਇਸ ਧਨ (ਧਾਨੁ) ਨਾਲ ਤੂੰ ਪ੍ਰਮਾਤਮਾ ਦੀ ਪ੍ਰਾਪਤੀ ਦਾ ਪਾਤਰ (ਪ੍ਰਾਪਤਿ ਪਾਤੀ) ਬਣ ਜਾਵੇਂਗਾ।
ਪ੍ਰਮਾਤਮਾ ਤੋਂ ਇਸ ਤਰ੍ਹਾਂ ਦਾ ਦਾਨ ਮੰਗ ਜਿਸ ਵਿੱਚ ਸ਼ੁੱਭ ਕੰਮਾਂ ਰੂਪੀ ਦੁੱਧ ਅਤੇ ਸੰਤੋਖ ਰੂਪੀ
ਘਿਉ ਹੋਵੇ। ਦੂਸਰਿਆਂ ਦੀਆਂ ਵਧੀਕੀਆਂ ਸਹਾਰਨ ਦਾ ਸੁਭਾਅ ਅਤੇ ਖਿਮਾ ਕਰਨ ਦੀ ਸਮਰੱਥਾ ਰੂਪੀ ਲਵੇਰੀ
ਗਾਂ ਮੰਗ ਤਾਂ ਜੋ ਮਨ ਰੂਪੀ ਵੱਛਾ ਸਹਿਜ, ਸ਼ਾਂਤੀ ਰੂਪੀ ਦੁੱਧ (ਖੀਰੁ) ਪੀ ਸਕੇ। ਉਸ ਪ੍ਰਮਾਤਮਾ ਤੋਂ
ਉਸਦੀ ਸਿਫਤ-ਸਲਾਹ ਕਰਨ, ਉਸਦੇ ਗੁਣ ਗਾਉਣ ਦੇ ਉੱਦਮ ਦਾ ਕੱਪੜਾ ਮੰਗ ਤਾਂ ਜੋ ਮਨ ਹਮੇਸ਼ਾ ਉਸ
ਪ੍ਰਮਾਤਮਾ ਦੇ ਗੁਣ ਗਾਉਂਦਾ ਰਹੇ।
ਗੁਰੂ ਅੰਗਦ ਸਾਹਿਬ ਇੱਕ ਸਰੀਰਿਕ ਤੌਰ ‘ਤੇ ਅਪਾਹਜ ਵਿਆਕਤੀ ਦੇ ਜੀਵਨ ਦੀ
ਉਦਾਹਰਨ ਰਾਹੀਂ ਸਮਝਾਉਂਦੇ ਹਨ ਕਿ:
ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ॥
ਗੁਰੂ ਸਾਹਿਬ ਆਖ ਰਹੇ ਹਨ ਕਿ ਮਨੁੱਖ ਨੂੰ ਇਸ ਸਾੰਸਰ ਦੀ ਰਚਨਾ ਵਿੱਚ ਉਹ
ਪਰਮਾਤਮਾ ਦਿਸਦਾ ਹੈ, ਉਸਦੀ ਜੀਵਨ ਰੌਂ ਸਾਰੀ ਕਾਇਨਾਤ ਵਿੱਚ ਸੁਣਾਈ ਦਿੰਦੀ ਹੈ, ਸੰਸਾਰ ਵਿੱਚ ਉਸਦੇ
ਕੰਮਾਂ ਨਾਲ ਉਹ ਕਾਇਨਾਤ ਵਿੱਚ ਮੌਜੂਦ ਲਗਦਾ ਹੈ ਪਰ ਉਸਦੇ ਮਿਲਾਪ ਦਾ ਸਵਾਦ(ਸਾਉ) ਨਹੀਂ ਅਉਂਦਾ,
ਇੰਝ ਨਹੀਂ ਲਗਦਾ ਕਿ ਉਹ ਮਿਲ ਗਿਅ ਹੈ!
ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ॥
ਅੱਗੇ ਗੁਰੂ ਸਾਹਿਬ ਆਖ ਰਹੇ ਹਨ ਕਿ ਇਹ ਮਨੁੱਖ ਮਨ ਦੇ ਤਲ ‘ਤੇ ਲੰਗੜਾ
(ਰੁਹਲਾ) ਹੈ, ਇਸਦੇ ਬਾਹਵਾਂ ਵੀ ਨਹੀਂ (ਟੁੰਡਾ) ਹਨ ਅਤੇ ਅੱਖਾਂ ਵੀ ਨਹੀਂ ਹਨ (ਅੰਧੁਲਾ), ਇਸ ਲਈ
ਇਹ ਉਸ ਦੇ ਭੱਜ ਕੇ ਗਲ ਕਿਵੇਂ ਲੱਗੇ...??
{ਨੋਟ: ਇਸ ਸ਼ਬਦ ਵਿੱਚ ਬਾਹਰੀ ਅੰਗਾਂ ਦੀ ਨਹੀਂ ਬਲਕਿ ਮਨ ਦੇ ਅੰਗਾਂ ਦੀ ਗੱਲ
ਕੀਤੀ ਗਈ ਹੈ}
ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ॥
ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ॥੨॥
(ਮ:੨,ਪੰਨਾ ੧੩੯)
ਅੱਗੇ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਜੇ ਮਨੁੱਖ ਉਸਦੇ ਨਿਰਮਲ ਭਉ ਨੂੰ
ਅਪਣੇ ਮਨ ਦੇ ਪੈਰ (ਚਰਣ) ਬਣਾਵੇ, ਉਸਦੇ ਪਿਆਰ (ਭਾਵ) ਨੂੰ ਅਪਣੇ ਹੱਥ (ਕਰ) ਬਣਾਵੇ ਅਤੇ ਉਸਦੀ ਯਾਦ
ਵਿੱਚ ਜੁੜਨ ਨੂੰ ਆਪਣੀਆਂ ਅੱਖਾਂ ਬਣਾਵੇ ਤਾਂ ਹੀ ਸਿਅਣੀਏ ਇਸਤਰੀਏ
ਉਸ ਪਤੀ ਪ੍ਰਮਾਤਮਾ ਨਾਲ ਮਿਲਾਪ ਦਾ ਅਹਿਸਾਸ ਹੋ ਸਕਦਾ ਹੈ।
ਗੁਰਬਾਣੀ ਵਿੱਚ ਹੋਰ ਵੀ ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਮਿਲ ਜਾਣਗੀਆਂ
ਜਿਸ ਵਿੱਚ ਆਮ ਇਨਸਾਨ ਦੇ ਪੱਧਰ ‘ਤੇ ਗੱਲ ਕੀਤੀ ਗਈ ਹੈ। ਗੁਰਬਾਣੀ ‘ਅਗਾਧ-ਬੋਧ’ ਭਾਵੇਂ ਹੈ ਪਰ ਨਾ
ਸਮਝ ਆਉਣ ਵਾਲੀ ਵੀ ਨਹੀਂ, ਗੁਰਬਾਣੀ ਔਖੀ ਨਹੀਂ ਪਰ ਔਖੀ ਬਣਾ ਕੇ ਪੇਸ਼ ਕੀਤੀ ਗਈ, ਜਿਸ ਕਾਰਨ ਆਮ
ਇਨਸਾਨ ਪੜ੍ਹਨ ਅਤੇ ਵਿਚਾਰਨ ਤੋਂ ਦੂਰ ਹੁੰਦੇ ਚਲੇ ਗਏ ਅਤੇ ਨਤੀਜ਼ਾ ਸਾਡੇ ਸਾਹਮਣੇ ਹੈ। ਸਮਾਜ ਵਿੱਚ
ਹਰ ਤਰ੍ਹਾਂ ਦੀਆਂ ਗਲਤ ਆਦਤਾਂ ਭਾਰੂ ਹਨ ‘ਤੇ ਇਨਸਾਨੀਅਤ ਦਾ ਕਤਲ ਹੋ ਰਿਹਾ ਹੈ। ਜੇ ਗੁਰਬਾਣੀ ਨੂੰ
ਗੁਰੂ ਸਾਹਿਬ ਵਾਂਗ ਹੀ ਸਰਲ ਅਤੇ ਸਪੱਸ਼ਟ ਤਰੀਕੇ ਲੋਕਾਂ ਵਿੱਚ ਸੁਣਾਇਆ ਅਤੇ ਸਮਝਾਇਆ ਜਾਵੇ ਤਾਂ
ਇਨਸਾਨੀਅਤ ਨੂੰ ਮੁੜ ਬਹਾਲ ਕੀਤਾ ਜਾ ਸਕਦਾ ਹੈ। ਭ਼ੱਲ-ਚੁੱਕ ਦੀ ਖਿਮਾਂ,
ਸਤਿੰਦਰਜੀਤ ਸਿੰਘ।