.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਫਿਰਿਆ ਲਾਲਚ ਮਾਹਿ

ਗੁਰੂ ਅਰਜਨ ਪਾਤਸ਼ਾਹ ਜੀ ਨੇ ਸੰਸਾਰ `ਤੇ ਪਰੳਪਕਾਰ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਾਈ। ਇਸ ਮਹਾਨ ਗ੍ਰੰਥ ਵਿੱਚ ਗੁਰੂ ਸਾਹਿਬਾਨ ਦੀ, ਵੱਖ ਵੱਖ ਭਗਤਾਂ ਤੇ ਭੱਟਾਂ ਦੀ ਸਾਰੀ ਵਿਚਾਰਧਾਰਾ ਨੂੰ ਇੱਕ ਥਾਂ ਬੈਠਾਇਆ ਹੈ। ਭਗਤਾਂ ਦੀ ਬਾਣੀ ਵਿੱਚ ਕਈ ਵਾਰੀ ਭਗਤਾਂ ਦੇ ਖਿਆਲ ਨੂੰ ਹੋਰ ਮੋਕਲ਼ਾ ਕਰਨ ਲਈ ਗੁਰੂ ਸਾਹਿਬ ਜੀ ਨੇ ਸਲੋਕਾਂ ਦੇ ਨਾਲ ਆਪਣਾ ਵਿਚਾਰ ਵੀ ਦਿੱਤਾ ਹੈ ਕਿ ਕਿਤੇ ਕਿਸੇ ਨੂੰ ਕੋਈ ਮੁਗਾਲਤਾ ਨਾ ਲੱਗ ਜਾਏ। ਮਿਸਾਲ ਵਜੋਂ ਗਉੜੀ ਰਾਗ ਅੰਦਰ ਕਬੀਰ ਸਾਹਿਬ ਜੀ ਦੇ ਇੱਕ ਸ਼ਬਦ ਨਾਲ ਗੁਰੂ ਅਰਜਨ ਪਾਤਸ਼ਾਹ ਜੀ ਨੇ ਖਿਆਲ ਦਿੱਤਾ ਹੈ-- ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫।। ਇਸ ਸ਼ਬਦ ਦੀਆਂ ਅਖੀਰਲੀਆਂ ਦੋ ਤੁਕਾਂ ਗੁਰੂ ਅਰਜਨ ਪਾਤਸ਼ਾਹ ਜੀ ਦੀਆਂ ਹਨ। ਸ਼ੇਖ ਫਰੀਦ ਸਾਹਿਬ ਜੀ ਦੀ ਬਾਣੀ ਨਾਲ ਵੀ ਗੁਰੂ ਸਾਹਿਬ ਜੀ ਦੇ ਸਲੋਕ ਲੱਗੇ ਹੋਏ ਹਨ। ਇਹਨਾਂ ਤੱਥਾਂ ਤੋਂ ਗਵਾਹੀ ਮਿਲਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਦੇ ਗੁਜ਼ਰ ਚੁੱਕੇ ਭਗਤਾਂ ਦੀ ਬਾਣੀ ਨੂੰ ਆਪ ਇਕੱਠਾ ਕੀਤਾ ਤੇ ਇਹ ਸਾਰਾ ਕੀਮਤੀ ਖਜ਼ਾਨਾ ਗੁਰੂ ਅਗੰਦ ਪਾਤਸ਼ਾਹ ਜੀ ਨੂੰ ਸੌਂਪ ਦਿੱਤਾ। ਭਗਤਾਂ ਤੇ ਗੁਰੂਆਂ ਦੀ ਬਾਣੀ ਵਿੱਚ ਬਹੁਤ ਥਾਂਈਂ ਆਪਸੀ ਸ਼ਬਦਾਂ ਦੀ ਸਾਂਝ ਹੈ।

ਕਬੀਰ ਸਾਹਿਬ ਜੀ ਦੇ ਸਲੋਕ ਨੰਬਰ ੨੧੯ ਦੇ ਵਿਚਾਰ ਨੂੰ ਹੋਰ ਵਿਸਥਾਰ ਦੇਂਦਿਆਂ ਜਿੱਥੇ ਗੁਰੂ ਅਮਰਦਾਸ ਜੀ ਦਾ ਸਲੋਕ ਦਰਜ ਹੈ ਓੱਥੇ ਗੁਰੂ ਸਾਹਿਬ ਜੀ ਨੇ ਆਪਣਾ ਸਲੋਕ ਵੀ ਦਰਜ ਕੀਤਾ ਹੈ। ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਦਾ ਸਲੋਕ ਵਿਚਾਰਾਂਗੇ—

ਕਬੀਰ ਜੋ ਮੈ ਚਿਤਵਉ ਨਾ ਕਰੈ, ਕਿਆ ਮੇਰੇ ਚਿਤਵੇ ਹੋਇ।।

ਅਪਨਾ ਚਿਤਵਿਆ ਹਰਿ ਕਰੈ, ਜੋ ਮੇਰੇ ਚਿਤਿ ਨ ਹੋਇ।। ੨੧੯।।

ਪੰਨਾ ੧੩੭੬

ਅੱਖਰੀਂ ਅਰਥ: — ਹੇ ਕਬੀਰ! ( "ਚੀਤੁ ਨਿਰੰਜਨ ਨਾਲਿ" ਰੱਖਣ ਦੇ ਥਾਂ ਤੂੰ ਸਾਰਾ ਦਿਨ ਮਾਇਆ ਦੀਆਂ ਹੀ ਸੋਚਾਂ ਸੋਚਦਾ ਰਹਿੰਦਾ ਹੈਂ, ਪਰ ਤੇਰੇ) ਮੇਰੇ ਸੋਚਾਂ ਸੋਚਣ ਨਾਲ ਕੁੱਝ ਨਹੀਂ ਬਣਦਾ; ਪਰਮਾਤਮਾ ਉਹ ਕੁੱਝ ਨਹੀਂ ਕਰਦਾ ਜੋ ਮੈਂ ਸੋਚਦਾ ਹਾਂ (ਭਾਵ, ਜੋ ਅਸੀ ਸੋਚਦੇ ਰਹਿੰਦੇ ਹਾਂ)। ਪ੍ਰਭੂ ਉਹ ਕੁੱਝ ਕਰਦਾ ਹੈ ਜੋ ਉਹ ਆਪ ਸੋਚਦਾ ਹੈ, ਤੇ ਜੋ ਕੁੱਝ ਉਹ ਪਰਮਾਤਮਾ ਸੋਚਦਾ ਹੈ ਉਹ ਅਸਾਡੇ ਚਿੱਤ-ਚੇਤੇ ਭੀ ਨਹੀਂ ਹੁੰਦਾ। ੨੧੯।

ਇਸ ਵਿਚਾਰ ਨੂੰ ਵਿਸਥਾਰ ਦੇਂਦਿਆਂ ਗੁਰੂ ਅਮਰਦਾਸ ਜੀ ਦਾ ਸਲੋਕ ਅੱਗੇ ਆਉਂਦਾ ਹੈ-

ਚਿੰਤਾ ਭਿ ਆਪਿ ਕਰਾਇਸੀ, ਅਚਿੰਤੁ ਭਿ ਆਪੇ ਦੇਇ।।

ਨਾਨਕ ਸੋ ਸਾਲਾਹੀਐ, ਜਿ ਸਭਨਾ ਸਾਰ ਕਰੇਇ।। ੨੨੦।।

ਸਲੋਕ ਮ: ੩ ਪੰਨਾ ੧੩੭੬

ਅੱਖਰੀਂ ਅਰਥ ਅਰਥ: — ਹੇ ਕਬੀਰ! (ਜੀਵਾਂ ਦੇ ਕੀਹ ਵੱਸ?) ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿੱਚ ਦੁਨੀਆ ਦੇ ਫ਼ਿਕਰ-ਸੋਚਾਂ ਪੈਦਾ ਕਰਦਾ ਹੈ, ਉਹ ਅਵਸਥਾ ਭੀ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਜਦੋਂ ਮਨੁੱਖ ਇਹਨਾਂ ਫ਼ਿਕਰ-ਸੋਚਾਂ ਤੋਂ ਰਹਿਤ ਹੋ ਜਾਂਦਾ ਹੈ। ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਉਸੇ ਦੇ ਗੁਣ ਗਾਣੇ ਚਾਹੀਦੇ ਹਨ (ਭਾਵ ਪ੍ਰਭੂ ਅੱਗੇ ਹੀ ਅਰਦਾਸ ਕਰ ਕੇ ਦੁਨੀਆ ਦੇ ਫ਼ਿਕਰ-ਸੋਚਾਂ ਤੋਂ ਬਚੇ ਰਹਿਣ ਦੀ ਦਾਤਿ ਮੰਗੀਏ)। ੨੨੦।

ਵਿਚਾਰ ਚਰਚਾ—ਪਹਿਲੇ ਸਲੋਕ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਜੋ ਕੁੱਝ ਅਸੀਂ ਚਿਤਵਦੇ ਰਹਿੰਦੇ ਹਾਂ ਉਹ ਕੁੱਝ ਹੁੰਦਾ ਨਹੀਂ ਹੈ ਭਾਵ ਸਾਡੀਆਂ ਸੋਚਾਂ ਵਿੱਚ ਦੁਨਿਆਵੀ ਬਿਰਤੀ ਭਾਰੂ ਹੁੰਦੀ ਹੈ। ਜਿੰਨੀਆਂ ਅਸੀਂ ਮੰਗਾਂ ਮੰਗਦੇ ਹਾਂ ਉਹ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ। ਪਰ ਜੋ ਕੁੱਝ ਪਰਮਾਤਮਾ ਦੇਣਾ ਚਾਹੁੰਦਾ ਹੈ ਉਹ ਸਾਡੇ ਖਿਆਲ ਵਿੱਚ ਨਹੀਂ ਹੁੰਦਾ। ਮੰਨ ਲਓ ਕੋਈ ਆਪਣੇ ਬੱਚੇ ਦੇ ਵਿਆਹ ਵਿੱਚ ਕਾਰ ਦੀ ਆਸ ਲਾਈ ਬੈਠਾ ਹੈ ਪਰ ਕਾਰ ਦੀ ਆਸ ਪੂਰੀ ਨਹੀਂ ਹੁੰਦੀ। ਆਸ ਪੂਰੀ ਨਾ ਹੋਣ `ਤੇ ਕੁਦਰਤੀ ਤਲਖੀ ਜਨਮ ਲਏਗੀ। ਦੂਸਰਾ ਸਾਡੇ ਮਨ ਵਿੱਚ ਰੱਬ ਜੀ ਦਾ ਸ਼ੁਭ ਗੁਣ ਸੰਤੋਖ ਦੇ ਰੂਪ ਵਿੱਚ ਬੈਠਾ ਹੋਇਆ ਹੈ ਪਰ ਉਹ ਸਾਡੇ ਖਿਆਲ ਵਿੱਚ ਨਹੀਂ ਹੁੰਦਾ। ਸੰਤੋਖ ਨਾਲ ਮਨੁੱਖ ਨੂੰ ਸ਼ਾਂਤੀ ਰਹਿੰਦੀ ਹੈ। ਤਿੰਨ ਕੁ ਸਾਲ ਪੁਰਾਣੀ ਗੱਲ ਹੈ ਜਦੋਂ ਪਟਿਆਲੇ ਲਾਗੇ ਇੱਕ ਮੈਰਿਜ ਪੈਲਿਸ ਵਿੱਚ ਇੱਕ ਪਰਵਾਰ ਨੇ ਆਪਣੇ ਪੜ੍ਹੇ ਲਿਖੇ ਡਾਕਟਰ ਵਾਸਤੇ ਪੰਜਾਹ ਕੁ ਲੱਖ ਦੀ ਨਗਦੀ ਮੰਗ ਕਰ ਲਈ ਸੀ। ਉਹਨਾਂ ਦੇ ਖਿਆਲ ਵਿੱਚ ਸੀ ਕਿ ਸ਼ਾਇਦ ਸਾਡੀ ਇਹ ਮੰਗ ਜ਼ਰੂਰ ਪੂਰੀ ਹੋ ਜਾਏਗੀ। ਇੱਕ ਪੱਖ ਤਾਂ ਇਹ ਹੈ ਕਿ ਜੋ ਕੁੱਝ ਹੋਇਆ ਉਸਦੀ ਉਹਨਾਂ ਨੂੰ ਆਸ ਨਹੀਂ ਸੀ। ਦੂਜਾ ਜੇ ਪਰਵਾਰ ਸਿਆਣਾ ਹੁੰਦਾ ਤਾਂ ਅਜੇਹੀ ਘਟੀਆ ਮੰਗ ਨਾ ਮੰਗਦਾ ਸਗੋਂ ਪਰਵਾਰ ਨੂੰ ਸਹਿਯੋਗ ਦੇਂਦਾ ਤਾਂ ਸਮਾਜ ਵਿੱਚ ਉਹਨਾਂ ਦਾ ਪੂਰਾ ਮਾਣ ਸਨਮਾਨ ਹੋਣਾ ਸੀ ਤੇ ਅੰਤਰ ਆਤਮੇ ਤੇ ਵੀ ਸੁਖੀ ਹੋਣਾ ਸੀ। ਮੋਟੇ ਤੌਰ `ਤੇ ਕਿਹਾ ਜਾ ਸਕਦਾ ਹੈ ਕਿ ਸਾਡੀਆਂ ਸੋਚਾਂ ਆਪਣੀਆਂ ਗਰਜ਼ਾਂ ਤੀਕ ਹੀ ਹੁੰਦੀਆਂ ਹਨ ਜਦ ਕਿ ਵਿਸ਼ਾਲ ਹਿਰਦੇ ਨਾਲ ਜੀਵਨ ਸਵਾਰਿਆ ਜਾ ਸਕਦਾ ਹੈ।

ਗੁਰੂ ਅਮਰਦਾਸ ਜੀ ਹੋਰ ਵਿਸਥਾਰ ਦੇਂਦਿਆਂ ਫਰਮਾਉਂਦੇ ਹਨ ਕਿ ਰੱਬ ਜੀ ਦਾ ਹੁਕਮ ਇਕਸਾਰ ਚੱਲਦਾ ਹੈ ਪਰ ਉਸ ਵਿੱਚ ਕਰਮ ਮਨੁੱਖ ਦਾ ਆਪਣਾ ਹੁੰਦਾ ਹੈ। ਜੇਹੋ ਜੇਹਾ ਮਨੁੱਖ ਕਰਮ ਕਰੇਗਾ ੳਹੋ ਜੇਹਾ ਹੀ ਉਸ ਨੂੰ ਫਲ਼ ਪ੍ਰਾਪਤ ਹੋਏਗਾ। ਮਨੁੱਖ ਚਹੁੰਦਾ ਹੈ ਕਿ ਕਰਮ ਮੈਂ ਆਪਣੀ ਮਰਜ਼ੀ ਅਨੁਸਾਰ ਕਰਾਂ ਤੇ ਫਲ਼ ਵੀ ਮੈਨੂੰ ਮੇਰੀ ਮਰਜ਼ੀ ਅਨੁਸਾਰ ਹੀ ਮਿਲਣਾ ਚਾਹੀਦਾ ਹੈ। ਜਿਸ ਤਰ੍ਹਾਂ ਊਪਰ ਸਲੋਕ ਵਿੱਚ ਦੇਖਿਆ ਹੈ ਕਿ ਮਨੁੱਖ ਵਿਆਹ ਵਿੱਚ ਕਾਰ ਮੰਗਦਾ ਹੈ ਪਰ ਸੰਤੋਖ ਦੀ ਵਰਤੋਂ ਨਹੀਂ ਕਰਦਾ। ਮਨੁੱਖ ਕਾਰ ਦੀ ਮੰਗ ਕਰਕੇ ਇਹ ਵੀ ਚਹੁੰਦਾ ਹੈ ਕਿ ਮੇਰਾ ਸਮਾਜ ਵਿੱਚ ਨੱਕ ਬਣਿਆ ਰਹੇ ਪਰ ਇਸ ਮੰਗ ਦਾ ਕਿਸੇ ਨੂੰ ਪਤਾ ਵੀ ਨਾ ਲੱਗੇ। ਸੂਰਜ ਦੀ ਰੋਸ਼ਨੀ ਤਾਂ ਇਕਸਾਰ ਹੈ ਇਸ ਨੇ ਕਿਸੇ ਨੂੰ ਟੋਕਣਾ ਨਹੀਂ ਹੈ। ਹੁਣ ਮਨੁੱਖ ਦੀ ਮਰਜ਼ੀ ਹੈ ਕਿ ਇਸ ਨੇ ਸੂਰਜ ਦੀ ਰੋਸ਼ਨੀ ਵਿੱਚ ਚੋਰੀ ਕਰਨੀ ਹੈ ਕਿ ਮਨੁੱਖਤਾ ਦੀ ਸੇਵਾ ਕਰਨੀ ਹੈ। ਚੰਗਾ ਕੰਮ ਕਰਦੇ ਹਾਂ ਤਾਂ ਆਖਦੇ ਹਾਂ ਅਸਾਂ ਕੀਤਾ ਜੇ ਮਾੜਾ ਹੋ ਜਾਂਦਾ ਹੈ ਤਾਂ ਅਸੀਂ ਆਖਦੇ ਹਾਂ ਇਹ ਰੱਬ ਜੀ ਨੇ ਕੀਤਾ ਹੈ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਕਿੰਨਾ ਚੰਗਾ ਹੋਵੇ ਜੋ ਉਸ ਦੇ ਗੁਣਾਂ ਨੂੰ ਧਾਰਨ ਕੀਤਾ ਜਾਏ ਤਾਂ ਕਿ ਅਸੀਂ ਸੰਸਾਰਿਕ ਦਿਖਾਵੇ ਤੋਂ ਬਚ ਸਕੀਏ। ਸੜਕ ਦਾ ਕਨੂੰਨ ਇਕਸਾਰ ਹੈ ਪਰ ਫਿਰ ਵੀ ਕਈ ਸੜਕ ਦੇ ਕਨੂੰਨ ਨੂੰ ਤੋੜਦੇ ਹਨ। ਸੜਕ ਦੇ ਕਨੂੰਨ ਨੂੰ ਸਮਝਣ ਵਾਲ ਜਿੱਥੇ ਆਪ ਸੌਖਾਂ ਹੁੰਦਾ ਹੈ ਓੱਥੇ ਹੋਰਨਾ ਨੂੰ ਵੀ ਸੁੱਖ ਦੇਂਦਾ ਹੈ। ਸੜਕ ਦੇ ਕਨੂੰਨ ਨੂੰ ਨਾ ਸਮਝਣ ਵਾਲਾ ਜਿੱਥੇ ਆਪ ਦੁੱਖੀ ਹੁੰਦਾ ਹੈ ਓੱਤੇ ਹੋਰਨਾ ਲਈ ਵੀ ਸਮੱਸਿਆਵਾਂ ਪੈਦਾ ਕਰਦਾ ਹੈ। ਇਸ ਦਾ ਅਰਥ ਹੈ ਕਿ ਸਾਨੂੰ ਉਹ ਹੀ ਕਰਮ ਕਰਨਾ ਸੋਭਦਾ ਹੈ ਜਿਸ ਨਾਲ ਸਾਡਾ ਆਪਣਾ ਤੇ ਸਮਾਜ ਦਾ ਭਲਾ ਹੁੰਦਾ ਹੋਵੇ।

ਗੁਰੂ ਅਰਜਨ ਪਾਤਸ਼ਾਹ ਜੀ ਨੇ ਹੋਰ ਵਿਸਥਾਰ ਵਿੱਚ ਜਾਂਦਿਆਂ ਮਨੁੱਖ ਸਮਝਾਇਆ ਹੈ ਕਿ—

ਕਬੀਰ ਰਾਮੁ ਨ ਚੇਤਿਓ, ਫਿਰਿਆ ਲਾਲਚ ਮਾਹਿ।।

ਪਾਪ ਕਰੰਤਾ ਮਰਿ ਗਇਆ, ਅਉਧ ਪੁਨੀ ਖਿਨ ਮਾਹਿ।। ੨੨੧।।

ਸਲੋਕ ਮ: ੫ ਪੰਨਾ ੧੩੭੬

ਅੱਖਰੀਂ ਅਰਥ--ਹੇ ਕਬੀਰ! ਜੋ ਮਨੁੱਖ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ (ਸਿਮਰਨ ਨਾਹ ਕਰਨ ਦਾ ਨਤੀਜਾ ਹੀ ਇਹ ਨਿਕਲਦਾ ਹੈ ਕਿ ਉਹ ਦੁਨੀਆ ਦੀਆਂ ਸੋਚਾਂ ਸੋਚਦਾ ਹੈ, ਤੇ ਦੁਨੀਆ ਦੇ) ਲਾਲਚ ਵਿੱਚ ਭਟਕਦਾ ਫਿਰਦਾ ਹੈ। ਪਾਪ ਕਰਦਿਆਂ ਕਰਦਿਆਂ ਉਹ (ਭਾਗ-ਹੀਣ) ਆਤਮਕ ਮੌਤੇ ਮਰ ਜਾਂਦਾ ਹੈ (ਉਸ ਦੇ ਅੰਦਰੋਂ ਉੱਚਾ ਆਤਮਕ ਜੀਵਨ ਮੁੱਕ ਜਾਂਦਾ ਹੈ), ਅਤੇ ਉਹ ਵਿਕਾਰਾਂ ਵਿੱਚ ਰੱਜਦਾ ਭੀ ਨਹੀਂ ਕਿ ਅਚਨਚੇਤ ਉਮਰ ਮੁੱਕ ਜਾਂਦੀ ਹੈ। ੨੨੧।

ਵਿਚਾਰ ਚਰਚਾ—ਗੁਰੂ ਅਰਜਨ ਪਾਤਸ਼ਾਹ ਜੀ ਨੇ ਮਨੁੱਖ ਦੀ ਮੁੱਢਲ਼ੀ ਬਿਮਾਰੀ ਦਾ ਜ਼ਿਕਰ ਕਰਦਿਆਂ ਫਰਮਾਇਆ ਹੈ ਕਿ ਮਨੁੱਖ ਦੀ ਸਭ ਤੋਂ ਭੈੜੀ ਬਿਮਾਰੀ ਲਾਲਚ ਦੀ ਹੈ। ਗ੍ਰਹਿਸਤੀ ਹੋਣ ਦੇ ਨਾਤੇ ਵੀ ਕਾਮ ਦਾ ਲਾਲਚੀ ਹੈ। ਜੋ ਕੁੱਝ ਆਪਣੇ ਪਾਸ ਹੈ ਉਸ `ਤੇ ਇਸ ਨੂੰ ਭਰੋਸਾ ਨਹੀਂ ਹੈ ਪਰ ਦੂਜਿਆਂ ਪਾਸੋਂ ਹਮੇਸ਼ਾਂ ਖੋਹਣ ਲਈ ਤੱਤਪਰ ਰਹਿੰਦਾ ਹੈ। ਲਾਲਚ ਦੀ ਵਿਆਖਿਆਂ ਬਹੁਤ ਬਰੀਕ ਹੈ। ਕਿਸੇ ਪਾਰਟੀ ਵਿੱਚ ਗਿਆਂ ਜਾਂ ਲੰਗਰ ਛੱਕਣ ਲੱਗਿਆਂ ਹਮੇਸ਼ਾਂ ਬੰਦਾ ਲੋੜ ਨਾਲੋਂ ਜ਼ਿਆਦਾ ਖਾ ਜਾਂਦਾ ਹੈ। ਪਾਰਟੀਆਂ ਵਿੱਚ ਏਨੇ ਖਾਣੇ ਪਏ ਹੁੰਦੇ ਹਨ ਪਰ ਇਹ ਲਲਚਾਈ ਅੱਖਾਂ ਨਾਲ ਹੀ ਦੇਖਦਾ ਰਹਿੰਦਾ ਹੈ। ਜੇ ਇਹ ਇਹ ਰੱਜਿਆ ਵੀ ਹੋਵੇ ਤਾਂਵੀ ਲਾਲਚ ਵਿੱਚ ਭਟਕਦਾ ਰਹਿੰਦਾ ਹੈ। ਇਸ ਸਲੋਕ ਵਿੱਚ ਚਾਰ ਨੁਕਤੇ ਸਾਡੇ ਸਾਹਮਣੇ ਰੱਖੇ ਹਨ ਪਹਿਲਾ ‘ਰਾਮੁ ਨ ਚਤਿਓ` ਸ਼ੁਭ ਗੁਣਾਂ ਵਲੋਂ ਮੂੰਹ ਫੇਰ ਲੈਣਾ ਭਾਵ ਸ਼ੁਭ ਗੁਣਾਂ ਨੂੰ ਧਾਰਨ ਨਾ ਕਰਨਾ। ਦੂਜਾ ਨੁਕਤਾ ‘ਫਿਰਿਆ ਲਾਲਚ ਮਾਹਿ` ਲਾਲਚ ਵੱਸ ਭੱਜਿਆ ਫਿਰ ਰਿਹਾ ਏ ਤੀਜਾ ਨੁਕਤਾ ‘ਪਾਪ ਕਰੰਤਾ` ਹਰ ਵੇਲੇ ਮਲੀਨ ਸੋਚ ਸੋਚਦਿਆਂ ਰਹਿਣਾ ਤੇ ਚੌਥਾ ਨੁਕਤਾ ‘ਅਉਧ ਪੁਨੀ ਖਿਨ ਮਾਹਿ` ਅਜੇਹੀਆਂ ਸੋਚਾਂ ਸੋਚਦਿਆਂ ਤੇਰਾ ਸਾਰਾ ਵਕਤ ਲੰਘ ਗਿਆ ਭਾਵ ਭੈੜੀਆਂ ਸੋਚਾਂ ਸੋਚਦਿਆਂ ਹੱਥਲਾ ਸਮਾਂ ਗਵਾ ਲਿਆ ਹੈ।

ਮਨੁੱਖ ਦੀਆਂ ਬੁਨਿਆਦੀ ਕੰਮਜ਼ੋਰੀਆਂ ਦੀ ਗੱਲ ਕਰਦਿਆਂ ਗੁਰੂ ਅਰਜਨ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਇਹ ਲਾਲਚ ਵੱਸ ਭੱਜਿਆ ਫਿਰਦਾ ਹੈ। ਜਿਸ ਤਰ੍ਹਾਂ ਊਪਰ ਵਿਚਾਰ ਕੀਤੀ ਹੈ ਕਿ ਦਾਜ ਵਿੱਚ ਕਾਰ ਮੰਗਦਾ ਹੈ ਫਿਰਿਆ ਲਾਲਚ ਮਾਹਿ ਪਰ ਰਾਮ ਨਾ ਚੇਤਿਓ ਸੰਤੋਖ ਇਸ ਨੂੰ ਚੇਤੇ ਨਹੀਂ ਹੈ। ਹਾਂ ਸੰਤੋਖ ਚੇਤੇ ਵਿੱਚ ਹੈ ਪਰ ਉਸ ਦੀ ਵਰਤੋਂ ਨਹੀਂ ਕਰ ਰਿਹਾ। ਕਿਉਂ ਕਿ ਮਲੀਨ ਸੋਚ ਭਾਰੂ ਹੈ।

ਹੱਥਲੇ ਸਮੇਂ ਦੀ ਸਹੀ ਵਰਤੋਂ ਨਹੀਂ ਕਰ ਰਿਹਾ ਕਿਉਂਕਿ ਮਲੀਨ ਸੋਚ ਇਸ ਨੂੰ ਲਾਲਚ ਵਾਲੇ ਲਿਜਾ ਰਹੀ ਹੁੰਦੀ ਹੈ। ‘ਕਬੀਰ ਰਾਮੁ ਨਾ ਚੇਤਿਓ` ਅਦਰਸ਼ਕ ਸੋਚ, ਸਖਤ ਮੇਹਨਤ, ਨਿਸ਼ਾਨੇ ਦੀ ਪ੍ਰਾਪਤੀ ਵਲ ਧਿਆਨ ਨਹੀਂ ਦੇ ਰਿਹਾ। ਸ਼ੁਭ ਗੁਣਾਂ ਨੂੰ ਚੇਤੇ ਨਹੀਂ ਕਰ ਰਿਹਾ। ਇਹਨਾਂ ਚਾਰ ਨੁਕਤਿਆਂ ਨੂੰ ਆਪਣੇ ਜੀਵਨ ਵਿੱਚ ਵਰਤਣਾ ਸ਼ੂਰੂ ਕਰ ਦੇਵੇ ਤਾਂ ਸਦਾ ਲਈ ਸਹਿਜ ਅਵਸਥਾ ਬਣ ਜਾਏਗੀ।




.