ਪੰਜ ਪਿਆਰੇ , ਪੰਜ ਸਿੰਘ, ਕੌਣ ਤੇ ਕਿਹੜੇ ?
1699 ਦੀ ਵਿਸਾਖੀ ਤੇ ਖੰਡੇ ਦੀ
ਪਾਹੁਲ ਛਕਾਕੇ ਤਿਆਰ ਕੀਤੇ ‘ਪੰਜ ਪਿਆਰਿਆਂ’ ਤੋਂ ਸਿੱਖ ਪੰਥ ਵਿੱਚ ਪੰਚ ਪ੍ਰਧਾਨੀ ਸਿਸਟਮ ਆਰੰਭ ਹੋ
ਗਿਆ। ਇਤਹਾਸਿਕ ਸਰੋਤਾਂ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਨੇ ਵੰਗਾਰ ਪਾਈ ਕਿ ਜੋ ਮਨੁੱਖਤਾ ਦੀ
ਭਲਾਈ ਤੇ ਧਰਮ ਦੀ ਰਾਖੀ ਲਈ ਜ਼ਾਲਮ ਨਾਲ ਲੋਹਾ ਲੈਣ ਨੂੰ ਤਿਆਰ-ਬਰ ਤਿਆਰ ਹੋਵੇ ਤੇ ਆਪਣਾ ਸਿਰ ਵਾਰੇ
ਉਹ ਆਵੇ। ਜਿਹੜੇ ਪੰਜ ਸੂਰਮੇ ਨਿੱਤਰੇ ਉਹ ਪਹਿਲਾਂ ਹੀ ਸਿੱਖ ਸਿਧਾਂਤ ਤੋਂ ਜਾਣੂ ਅਤੇ ਆਪਣੇ
ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸਨ ਇਸੇ ਲਈ ਗੁਰੂ ਸਾਹਿਬ ਵਲੋਂ ਪਾਈ ਵੰਗਾਰ ਤੇ
ਆਪਣੇ ਜਾਨ ਤਲੀ ਤੇ ਧਰਕੇ ਸਾਹਮਣੇ ਆ ਖਲੋਏ ਤੇ ਬਾਦ ਵਿੱਚ ਵੀ ਗੁਰੂ ਸਾਹਿਬ ਦੇ ਨਾਲ ਮਨੱਖਤਾ ਦੇ
ਭਲੇ ਲਈ ਜ਼ਾਲਮ ਨਾਲ ਲੜਦੇ ਰਹੇ । ਗੁਰੂ ਸਾਹਿਬ ਤੋਂ ਬਾਦ ਬਿਖੜੇ ਸਮੇਂ ਵਿੱਚ ਸਿੱਖ ਸਰਦਾਰ ਗੁਰਮਤੇ
ਕਰਦੇ ਰਹੇ। ਮਿਸਲਾਂ ਦੇ ਸਮੇਂ ਵੀ ‘ਦਲ ਖਾਲਸਾ' ਅਮ੍ਰਿਤਸਰ ਵਿੱਚ ਸਾਲ ਵਿੱਚ ਦੋ ਵਾਰੀ ਇਕੱਠਾ
ਹੁੰਦਾ ਰਿਹਾ ਉੱਤੇ ਪੰਥ ਦੇ ਫੈਸਲੇ ਲੈਂਦਾ ਰਿਹਾ । ਮਿਸਲਾਂ ਦੇ ਨੁਮਾਇੰਦੇ ਰਲ ਮਿਲਕੇ ਸਾਂਝੇ
ਫੈਸਲੇ ਕਰ ਲੈਂਦੇ । ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਣ ਤੇ ਖਾਲਸੇ ਦਾ ਸਿਸਟਮ ਖਤਮ ਕਰ ਦਿੱਤਾ
ਗਿਆ । ਅਕਾਲੀ ਫੂਲਾ ਸਿੰਘ ਵਰਗੇ ਆਗੂ ਪਿੱਛੇ ਕਰ ਦਿੱਤੇ ਗਏ। ਰਣਜੀਤ ਸਿੰਘ ਨੇ ਭਾੜੇ ਦੇ ਪੁਜਾਰੀ
ਖੂਬ ਵਰਤੇ । ਦਰਬਾਰ ਸਾਹਿਬ ਨਿਰਮਲੇ ਪੁਜਾਰੀ ਆ ਗਏ ਤੇ ਖਾਲਸੇ ‘ਤੇ ਪੁਜਾਰੀ ਰਾਜ ਕਰਨ ਲੱਗੇ । ਫਿਰ
ਚਾਤਰ ਅੰਗਰੇਜ਼ ਨੇ ਵੀ ਸਿੱਖ ਕੌਮ ਨੂੰ ਕਾਬੂ ਰੱਖਣ ਲਈ ਇਹਨਾਂ ਪੁਜਾਰੀਆਂ ਦਾ ਹੀ ਪ੍ਰਯੋਗ ਵੀ ਕੀਤਾ
ਸਗੋਂ ਹੋਰ ਵੀ ਤਾਕਤ ਦੇ ਦਿੱਤੀ। ਪੰਥ ਵਿੱਚੋਂ ਛੇਕਣਾ ਵੀ ਇੱਥੋਂ ਹੀ ਸ਼ੁਰੂ ਹੁੰਦਾ ਹੈ । ਅਕਾਲ
ਬੁੰਗੇ ਤੋਂ ਅਕਾਲ ਤਖਤ ਬਣਾ ਕੇ ਤੇ ਉਸਦਾ ਪੁਜਾਰੀ ਸਿੱਖ ਤੇ ਕਾਬੂ ਪਾਉਣ ਲਈ ਤੇ ਧਰਮ ਦੇ ਪਰਮਾਣ
ਪੱਤਰ ਵੰਡਣ ਲਈ ਵਰਤੋਂ ਵਿੱਚ ਲਿਆਦਾਂ ਗਿਆ। ਅਖੌਤੀ ਪੰਜ ਪਿਆਰੇ ਇਕੱਠੇ ਕਰ ਪ੍ਰੋ. ਗੁਰਮੁਖ ਸਿੰਘ
ਵਰਗੇ ਸਿੱਖਾਂ ਤੇ ਪੁਜਾਰੀ ਕੁਹਾੜਾ ਚੱਲਿਆ, ਜ਼ਾਤ –ਪਾਤ ਪੱਕੀ ਕਰਨ ਲਈ ਪੰਜ ਸਿੰਘਾਂ ਨੇ ਪੂਰਾ
ਸਹਿਯੋਗ ਦਿੱਤਾ। ਗੁਰਦੁਵਾਰਾ ਸੁਧਾਰ ਲਹਿਰ ਨੇ ਕੁਰਬਾਨੀਆਂ ਕਰਕੇ ਪੁਜਾਰੀ ਤਾਂ ਕੱਢ ਦਿੱਤੇ ਪਰ
ਅੰਦਰਲਾ ਢਾਚਾਂ ਅਤੇ ਮੁਢਲੀ ਮਰਿਯਾਦਾ ਅੱਜ ਵੀ ਉਹੀ ਹੈ, ਬ੍ਰਾਹਮਣ ਤੇਜ ਸਿੰਘ ਵਰਗਿਆਂ ਦੀ ਅਗਵਾਈ
ਵਿੱਚ ਬਣੀ ਅਖੌਤੀ ਮਰਿਯਾਦਾ ਅੱਜ ਵੀ ਚਾਲੂ ਹੈ ਤੇ ਪੁਰਾਤਨ-ਪੁਰਾਤਨ ਕਹਿਕੇ ਪੱਕੀ ਹੋ ਗਈ ਹੈ।
ਸਮਾਂ ਪਾਕੇ ‘ਅਕਾਲ ਤਖਤ’ ਦਾ ਅਖੌਤੀ ਜਥੇਦਾਰ ਸਿੱਖਾਂ ਦਾ ਗਿਆਰਵਾਂ
ਗੁਰੂ ਬਣ ਬੈਠਾ। ਬਾਕੀ ਦੇ ਅਖੌਤੀ ਚਾਰ ਤਖਤਾਂ ਦੇ ਪੁਜਾਰੀ ਵੀ ਰਲ ਜਾਂਦੇ ਤੇ ‘ਪੰਜ ਪਿਆਰਿਆਂ’ ਦੇ
ਹੁਕਮ ਦੇ ਨਾਂ ਥੱਲੇ ਸਿੱਖੀ ਦਾ ਦਿਵਾਲਾ ਕੱਢ ਦਿੱਤਾ ਗਿਆ । ਪੰਜ ਪਿਆਰਿਆਂ ਬਨਾਮ ਸਿੰਘ ਸਾਹਿਬਾਨ
ਦੇ ਨਾਮ ਥੱਲੇ ਸਿੱਖ ਕੇਸਾਧਾਰੀ ਬ੍ਰਾਹਮਣ ਪੁਜਾਰੀ ਦੇ ਗੁਲਾਮ ਹੋ ਗਏ । ਖੰਡੇ ਦੀ ਪਾਹੁਲ ਦੀ ਰਸਮ
ਤੋਂ ਲੈਕੇ ਸਿੱਖ ਦੀ ਨਿੱਜੀ ਜ਼ਿੰਦਗੀ ਵਿੱਚ ਪੁਜਾਰੀ ਦਾ ਹੱਥ ਪੈ ਗਿਆ। ਸਿੱਖ ਦਾ ਖਾਣਾ-ਪੀਣਾ, ਜੀਣਾ
ਇਥੋਂ ਤੱਕ ਕਿ ਕੱਪੜੇ ਪਾਉਣਾ ਵੀ ਇਹ ਪੰਜ ਪਿਆਰੇ ਨਿਰਧਾਰਤ ਕਰਦੇ ਹਨ। ਸਿਰੇ ਦੇ ਪਾਗਲਪਣ ਦੀ ਹੱਦ
ਜਦੋਂ ‘ਗੁਰਬਚਨ ਸਿੰਘ ਭਿੰਡਰਾਂਵਾਲੇ’ ਨੇ ਲਿਖ ਮਾਰਿਆ ਕਿ ਜੇ ਸਿੱਖ ਨੇ ਨਹਾਉਣ ਵੇਲੇ ਕਛਹਿਰਾ
ਬਦਲਨਾ ਹੈ ਤਾਂ ਉਹ ਵੀ ਇਸ ਦੀ ਮਰਿਯਾਦਾ ਅਨੁਸਾਰ ਭਾਵ ਕਿ ਇੱਕ ਲੱਤ ਵਿੱਚੋਂ ਲਹਿਣ ਨਹੀਂ ਦੇਣਾ।
ਦੁਹਾਈ ਰੱਬ ਦੀ, ਆਹ! ਹੈ ਸਾਡਾ ਨਿਆਰਾ ਖਾਲਸਾ ਜਿਸ ਨੂੰ ਨਹਾਉਣ ਦੀ ਵੀ ਖੁੱਲ ਨਹੀਂ ਤੇ ਅਖੌਤੀ
ਬ੍ਰਹਮਗਿਆਨੀ ਗੁਰਬਚਨ ਸਿੰਘ ਸਿੱਖਾਂ ਦੇ ਗੁਸਲਖਾਨੇ ਵਿੱਚ ਵੀ ਜਾ ਵੜਿਆ ।
ਅੱਜ ਅਕਾਲ ਤਖਤ ਦੇ ਪੰਜ ਪਿਆਰਿਆਂ ਨੂੰ ਸੇਵਾ ਮੁਕਤ ਕੀਤੇ ਜਾਣ ਤੇ ਖਾਲਸਾ ਪੰਥ ਚਿੰਤਤ ਹੈ । ਸਭ
ਨੂੰ ਪਤਾ ਹੈ ਕਿ ਬਾਦਲ/ਮੱਕੜ ਜਾਂ ਜੋ ਧਿਰ ਵੀ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋਵੇ ਉਸ ਤੋਂ ਪੁਛੇ
ਬਿਨਾਂ ਗੁਰਦੁਵਾਰਿਆਂ ਵਿੱਚ ਪੱਤਾ ਵੀ ਝੁੱਲਣ ਨਹੀਂ ਦਿੱਤਾ ਜਾਂਦਾ। ਉਹਨਾਂ ਦੇ ਉਹ ਤਨਖਾਦਾਰ
ਕਰਿੰਦੇ ਸਨ ਉਹਨਾਂ ਨੇ ਕੱਢ ਦਿੱਤੇ । ਪਰ ਅਸੀਂ ਰੌਲਾ ਪਾ ਰੱਖਿਆ ਹੈ ਕਿ, ਜੀ ਪੰਜ ਪਿਆਰੇ ਆਜ਼ਾਦ
ਹਨ, ਸ਼੍ਰੋਮਣੀ ਕਮੇਟੀ ਨੇ ਪੰਥਕ ਰਵਾਇਤਾਂ ਤੋੜ ਦਿਤੀਆਂ । ਪੰਜ ਪਿਆਰੇ ਕੌਮ ਦੀ ਅਗਵਾਈ ਕਰਨ । ਇਹ
ਕਿਹੜੀ ਪੰਥਕ ਰਵਾਇਤ ਸੀ ਕਿ ਪੰਜ ਪਿਆਰੇ ਤਨਖਾਹ ਤੇ ਰੱਖੋ ਤੇ ਉਹ ‘ਪਿਆਰੇ’ ਮੈਨੇਜਰ ਦੇ ਪੁੱਛੇ
ਬਿਨਾਂ ਕਿਤੇ ਖੰਡੇ ਦੀ ਪਾਹੁਲ ਵੀ ਛਕਾਉਣ ਨਹੀਂ ਜਾ ਸਕਦੇ। ਕਿ ਇਹਨਾਂ ਪੰਜਾਂ ਕੋਲ ਇੰਨੀ ਯੋਗਤਾ ਹੈ
ਕਿ ਇਸ ਸਿੱਖਾਂ ਦੀ ਅਗਵਾਈ ਕਰ ਸਕਣ । ਖੰਡੇ ਦੀ ਪਾਹੁਲ ਛਕਾਉਣ ਤੋਂ ਬਿਨਾਂ ਇਹਨਾਂ ਦੀ ਕੀ ਯੋਗਤਾ
ਹੈ । ਸ਼੍ਰੋਮਣੀ ਕਮੇਟੀ ਵਿੱਚ ਇਹੋ ਜਿਹੇ ਸੈਂਕੜੇ ਪੰਜ ਪਿਆਰੇ ਹਨ ਜੋ ਤਨਖਾਹ ਤੇ ਪਲਦੇ ਹਨ ਤੇ ਅਪਣੀ
ਨੌਕਰੀ ਖੁੱਸਣ ਦੇ ਡਰੋਂ ਜੋ ਕਹੋ ਕਰਦੇ ਹਨ । ਨਿੱਕੇ-ਨਿੱਕੇ ਇਤਿਹਾਸਕ ਗੁਰਦੁਵਾਰਿਆਂ ਵਿੱਚ ਅਨੇਕਾਂ
ਮੁਲਾਜ਼ਮ ਹਨ ਜਿੰਨਾਂ ਨੂੰ ਸਿੱਖੀ ਦਾ ਊੜਾ ਵੀ ਨਹੀਂ ਆਉਂਦਾ ਪਰ ਲੋੜ ਪੈਣ ਤੇ ਪੰਜ ਪਿਆਰੇ ਬਣਾ ਲਏ
ਜਾਂਦੇ ਹਨ।
ਗੁਰੂ ਗੋਬਿੰਦ ਸਿੰਘ ਦੇ ਪਿਆਰਿਆਂ ਲਈ ਸ਼ਰਤ ਸੀ ਧਰਮ ਲਈ ਜੂਝਣਾ, ਸਿੱਖ ਸਿਧਾਂਤ ਤੇ ਪਹਿਰਾ ਦੇਣਾ ।
ਅੱਜ ਪਿਆਰਾ ਬਨਣ ਦੀ ਇੱਕ ਹੀ ਸ਼ਰਤ ਹੈ ਪੀਲਾ/ਨੀਲਾ ਚੋਲਾ, ਉੱਪਰ ਦੀ ਕਿਰਪਾਨ , ਵੱਧ ਤੋਂ ਵੱਧ ਖੰਡੇ
ਦੀ ਪਾਹੁਲ ਦੀ ਵਿਧੀ ਆਉਂਦੀ ਹੋਵੇ । ਕਈ ਪਿਆਰੇ ਮਰਿਯਾਦਾ ਸਮਝਾਉਣ ਵੇਲੇ ਉਲਝ ਪੈਂਦੇ ਹਨ ਕਿ ਸਿੱਖ
ਨੇ ‘ਝਟਕੇ ਦਾ ਮਹਾਂਪ੍ਰਸ਼ਾਦ’ ਖਾਣਾ ਹੈ ਕਿ ਨਹੀਂ । ਪਿਆਰਿਆਂ ਵਿੱਚ ਲੱਗਣ ਵਾਲੇ ਦਾ ਕੀ ਕਿਰਦਾਰ ਹੈ
, ਕੀ ਕਾਰੋਬਾਰ ਹੈ, ਸਮਾਜ ਨੂੰ ਕੀ ਦੇਣ ਹੈ, ਸਿੱਖ ਸਿਧਾਂਤ ਤੋਂ ਕਿੰਨਾ ਜਾਣੂ ਹੈ ਕੋਈ ਪਤਾ ਨਹੀਂ।
ਟਕਸਾਲੀ, ਨਾਨਕਸਰ, ਮਿਸ਼ਨਰੀ ਕਾਲਜ, ਨਿਹੰਗ, ਅਖੰਡ ਕੀਰਤਨੀ, ਸ਼੍ਰੋਮਣੀ ਕਮੇਟੀ ਸਭ ਦੇ ਪੰਜ ਪਿਆਰੇ
ਵੱਖ-ਵੱਖ ਮਰਿਯਾਦਾ ਦੱਸਣਗੇ । ਨਾਨਕਸਰੀਆਂ ਦੇ ਤਾਂ ਪੰਜ ਪਿਆਰੇ ‘ਛੜੇ’ ਹੀ ਹੁੰਦੇ ਹਨ ਤੇ
ਗ੍ਰਿਹਸਤੀ ਸਿੱਖਾਂ ਨੂੰ ਸਿੱਖੀ ਦਾਨ ਦਿੰਦੇ ਹਨ , ਕਿਉਂਕਿ ਵੱਡੇ ਬਾਬਾ ਜੀ ਕਹਿ ਗਏ ਸਨ ਕਿ ਵਿਆਹ
ਨਹੀਂ ਕਰਵਾਉਣਾ ਤੇ ਇਹ ਵੀ ਪੰਜ ਪਿਆਰੇ ਹੀ ਹਨ ਭਾਵੇਂ ਗੁਰਬਾਣੀ ਦੇ ਉਲਟ ਹੀ ਹਨ ।
ਜੇ ਕਿਤੇ ਪਾਹੁਲ ਛਕਣ ਵਾਲਾ ਪ੍ਰਾਣੀ ਗੁਰਬਾਣੀ ਤੇ ਆਧਾਰਿਤ ਸਵਾਲ ਕਰ ਲਵੇ ਤੇ ਚੁੱਪ ਕਰਾ ਦਿੱਤਾ
ਜਾਂਦਾ ਹੈ, ਖਬਰਦਾਰ ਜੇ ਪੰਜ ਪਿਆਰਿਆਂ ਨਾਲ ਜਵਾਬ ਤਲਬੀ ਕੀਤੀ। ਅਖੰਡ ਕੀਰਤਨੀ ਪੰਜ ਪਿਆਰੇ ਤਾਂ
ਹੋਰ ਕਿਸੇ ਦਾ ਛਕਾਇਆ ਅਮ੍ਰਿਤ ਵੀ ਅਮ੍ਰਿਤ ਨਹੀਂ ਮੰਨਦੇ ਜੇ ਕੋਈ ਬੀਬੀ ਵਿਆਹ ਕੇ ਇਹਨਾਂ ਦੇ ਜਥੇ
ਵਿੱਚ ਆਵੇ ਤਾਂ ਦੁਬਾਰਾ ਅਮ੍ਰਿਤ ਛਕੇ, ਜੇ ਬੱਚਾ ਜੰਮੇ ਤਾਂ ਦੁਬਾਰਾ ਅਮ੍ਰਿਤ ਛਕੇ ਜੇ ਹੋਰ ਬੱਚਾ
ਹੋਵੇ ਤਾਂ ਫਿਰ ਅਮ੍ਰਿਤ ਛਕੇ । ਖੰਡੇ ਦੀ ਪਾਹੁਲ ਨੂੰ ਇੱਕ ਪਾਖੰਡ ਬਣਾ ਦਿੱਤਾ ਇਹਨਾਂ ਆਪੇ ਬਣੇ
ਪੰਜ ਪਿਆਰਿਆਂ ਨੇ। ਇਹਨਾਂ ਦੇ ਪਾਖੰਡਾਂ ਮੁਤਾਬਿਕ ਤਾਂ ਜਿਵੇਂ ਖੰਡੇ ਦੀ ਪਾਹੁਲ ਗੁਰੂ ਗੋਬਿੰਦ
ਸਿੰਘ ਜੀ ਨੇ ਨਹੀਂ ਰਣਧੀਰ ਸਿੰਘ ਜਾਂ ਗੁਰਬਚਨ ਸਿੰਘ ਭਿੰਡਰਾਂਵਾਲੇ ਨੇ ਦਿੱਤੀ ਹੋਵੇ ।
ਸਾਧਾਂ ਦੇ ਪੰਜ ਪਿਆਰੇ ਸਾਧ ਤੋਂ ਪੁੱਛਕੇ ਹੀ ਸਾਹ ਲੈਂਦੇ ਹਨ, ਪੁੱਛਕੇ ਖੰਡੇ ਦੀ ਪਾਹੁਲ ਛਕਾਉਂਦੇ
ਹਨ । ‘ਸਰਹਾਲੀ ਵਾਲੇ ਤਾਰਾ ਸਿੰਘ’ ਦੇ ਪੰਜ ਪਿਆਰੇ ਇੱਕ ਵਾਰ ਅਖੌਤੀ ‘ਮਜ਼ਬੀ’ ਸਿੱਖਾਂ ਨੂੰ ਖੰਡੇ
ਕੀ ਪਾਹੁਲ ਛਕਾ ਬੈਠੇ, ਤਾਂ ਆਇਆਂ ਦੀ ਬਾਬੇ ਨੇ ਚੰਗੀ ਭੁਗਤ ਸੁਆਰੀ ਕਿ ਤੁਹਾਨੂੰ ਕਿਸਨੇ ਕਿਹਾ ਸੀ
ਚੌਥੇ ਪੌਡੇ ਵਾਲਿਆਂ ਨੂੰ ਅਮ੍ਰਿਤਧਾਰੀ ਬਨਾਉਣ ਲਈ । ਤੇ ਗੁਰੂ ਰੂਪ ਪਿਆਰੇ ਚੁੱਪ ਕਰ ਘਰਾਂ ਨੂੰ
ਤੁਰ ਗਏ । ਨਿਹੰਗਾਂ ਦੇ ਪੰਜ ਪਿਆਰੇ ਅਮ੍ਰਿਤ ਵੀ ਵੱਖ –ਵੱਖ ਛਕਾਉਂਦੇ ਹਨ ਜ਼ਾਤ ਦੇ ਆਧਾਰ ਤੇ ।
ਸਾਬਕਾ ਪੁਜਾਰੀ, ਮੁੱਖ ਗ੍ਰੰਥੀ, ਸਾਰੇ ਨੌਕਰੀ ਤੋਂ ਫਾਰਗ ਹੋਕੇ ਵੀ
ਅਪਣਾ ਹੁਕਮ ਮਨਵਾਉਣਾ ਚਾਹੁੰਦੇ ਹਨ, ਇਹਨਾਂ ਦੀ ਆਓ ਭਗਤ ਕਰਨ ਵਾਲੇ ਵੀ ਕਹਿਣਗੇ, ਇਹ ਜੀ ਸਾਬਕਾ
‘ਸਿੰਘ ਸਾਹਿਬ’ ਨੇ, ਮੂਰਖੋ ਤੁਹਾਡੀ ਭੇਟਾ ਤੇ ਪਲਣ ਵਾਲੇ ਹੀ ਤੁਹਾਡੇ ਸਾਹਿਬ ਕਿਵੇਂ ਬਣ ਗਏ ।
ਦਰਬਾਰ ਸਾਹਿਬ ਅਮ੍ਰਿਤਸਰ ਦੇ ਅਤੇ ਆਮ ਰਾਗੀਆਂ ਵਿੱਚ ਵੀ ਫਰਕ ਹੈ, ਇਹ ਜੀ ਹਜ਼ੂਰੀ ਰਾਗੀ ਹਨ, ਤੇ
ਜਿਹੜੇ ਦੂਜੇ ਹਨ ਕੀ ਉਹ ਗੁਰੂ ਦੀ ਹਜ਼ੂਰੀ ਕੀਰਤਨ ਨਹੀਂ ਕਰਦੇ? ਉਹ ਫਿਰ ਕਿਸਦੇ ਹਜ਼ੂਰੀ ਹੋਏ? ਦਰਬਾਰ
ਸਾਹਿਬ ਦੇ ਰਾਗੀ ਸਪੈਸ਼ਲ, ਪ੍ਰਚਾਰਕ ਸਪੈਸ਼ਲ, ਅਕਾਲ ਤਖਤ ਦਾ ਤੇ ਦਰਬਾਰ ਸਾਹਿਬ ਦਾ ਗਰੰਥੀ ਸਪੈਸ਼ਲ,
ਅਕਾਲ ਤਖਤ ਦਾ ਅਖੌਤੀ ਜਥੇਦਾਰ ਸਪੈਸ਼ਲ ਤੇ ਹੁਣ ਪੰਜ ਪਿਆਰੇ ਸਪੈਸ਼ਲ। ਗੁਰੂ ਕਾ ਸਿੱਖ ਤਾਂ ਵਿਚਾਰਾ
ਗਵਾਚ ਹੀ ਗਿਆ ਕਿਧਰੇ ਜਾਂ ਜਾਣਬੁੱਝ ਕੇ ਗਵਾ ਦਿੱਤਾ । ਕਿਰਤੀ ਸਿੱਖ ਦੀ ਲੁੱਟ ਕਰਨ ਲਈ ਨਿੱਤ ਨਵਾਂ
ਸ਼ਬਦ-ਜਾਲ , ਧਰਮ-ਜਾਲ ਪੈਦਾ ਕੀਤਾ ਜਾਂਦਾ ਹੈ । ਗੁਰਬਾਣੀ ਤੋਂ ਅਣਜਾਣ ਸਿਰਫ ਮੱਥੇ ਟੇਕਣ ਵਿੱਚ
ਰੁੱਝਿਆ ਅੱਜ ਦਾ ਸਿੱਖ ਫੋਕੀ ਸ਼ਰਧਾ ਦੇ ਨਾਂ ਥੱਲੇ ਇਹਨਾ ਗਿਰਝਾਂ ਤੋਂ ਆਪਣਾ ਮਾਸ ਨੁਚਵਾ ਰਿਹਾ ਹੈ
।
1999 ਦੀ ਵਿਸਾਖੀ ਤੇ ‘ਵੈਨਕੂਵਰ’ ਨਗਰ ਕੀਰਤਨ ਦਾ ਸ਼ਿੰਗਾਰ ਬਨਾਉਣ ਲਈ ਇੱਕ ਸ਼੍ਰੋਮਣੀ
ਕਮੇਟੀ ਦਾ ‘ਵਿਦਵਾਨ’ ਮੈਂਬਰ , ਇੱਕ ਅਕਾਲੀ ਮੰਤਰੀ ਤੇ ਹੋਰ ਪਿਆਰਿਆਂ ਨੂੰ ਲੈਕੇ ਗੁਰੂ ਸਾਹਿਬ ਦੇ
ਸ਼ਸਤਰ, ਤਾਜ਼ੀਆਂ-ਤਾਜ਼ੀਆਂ ਤਿਆਰ ਕੀਤੀਆਂ ਹੱਥ ਲਿਖਤ ਬੀੜਾਂ ਸੰਗਤ ਦੇ ਦਰਸ਼ਨ ਲਈ ਲੈਕੇ ਆਏ । ਪੰਜਾਂ
ਪਿਆਰਿਆਂ ਨੇ ਖੂਬ ਦਰਸ਼ਨ ਕਰਵਾਏ, ਛੋਟੇ-ਛੋਟੇ ਸ਼ਹਿਰਾਂ ਵਾਲਿਆਂ ਦੀ ਸ਼ਰਧਾ ਵੀ ਬਟੋਰੀ ਗਈ । ਬਾਅਦ
ਵਿੱਚ ਵਿਚਾਰਾ ਅਕਾਲੀ ਮੰਤਰੀ ਹੀ ਰਹਿ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਵੀ ਕਬੂਤਰ ਬਣ ਗਿਆ, ਸ਼ਸਤਰ ਵੀ
ਨਕਲੀ ਨਿਕਲੇ ਤੇ ਬੀੜਾਂ ਵੀ ਇੱਥੇ ਹੀ ਰਹਿ ਗਈਆਂ। ਪੰਜ ਪਿਆਰੇ ਸਾਧ-ਸੰਗਤ ਦੀ ਸ਼ਰਧਾ ਦੀ ਘੁੱਟ ਭਰ
ਅਮਰੀਕਾ ਦਾ ਬਾਰਡਰ ਟੱਪ ਗਏ। ਸੰਗਤ ਵਿਚਾਰੀ ਪੰਜ ਸਿੰਘਾਂ ਦੇ ਭੁਲੇਖੇ ਵਿੱਚ ਹੀ ਲੁੱਟੀ ਗਈ ।
ਆਮ ਸਿੱਖ ਤਾਂ ਵਿਚਾਰਾ ਇਹਨਾਂ ਪੰਜਾਂ ਦੇ ਚੱਕਰ ਵਿੱਚ ਐਸਾ ਪਿਆ ਹੈ ਕਿ ਰੱਬ ਹੀ ਬਚਾਵੇ । ਪਿੰਡਾਂ
ਵਿੱਚ ਸਿੱਖ ਬਿਠਾਉਣ ਦੇ ਵਹਿਮ ਨੇ ਮੱਤ ਮਾਰੀ ਹੋਈ ਹੈ, ਉੱਥੇ ਤਾਂ ਅਮ੍ਰਿਤਧਾਰੀ ਦੀ ਵੀ ਲੋੜ ਨਹੀਂ
ਬੱਸ ਪੱਗਾਂ ਹੀ ਹੋਣ ਤਾਂ ਸ਼ਹੀਦਾਂ ਦੀ ਦਸਵੀਂ ਛਕਾ ਦਿਓ । ਵਿਦੇਸ਼ਾਂ ਵਾਲੇ ਸਿੱਖ ਵੀ ਸਾਰੇ ਪਾਖੰਡ
ਨਾਲ ਹੀ ਲਿਆਏ । ਇੱਥੇ ਪ੍ਰਚਾਰਕਾਂ, ਰਾਗੀਆਂ, ਢਾਡੀਆਂ ਨੂੰ ਲੰਗਰ ਛਕਾਉਣ ਦੀ ਵੱਖਰੀ ਰਵਾਇਤ ਹੈ ।
ਪੰਜ ਪੂਰੇ ਕਰਨ ਲਈ ਗੁਰਦੁਵਾਰੇ ਦਾ ਗ੍ਰੰਥੀ ਅਤੇ ਕੋਈ ਹੋਰ ਬਜ਼ੁਰਗ ਫੜ ਲਏ ਜਾਂਦੇ ਹਨ । ਭਾਰਤ ਤੋਂ
ਵਿਦੇਸ਼ ਆਏ ਬਹੁਤੇ ਜਥੇ ਵੀ ਲੋਕਾਂ ਦੇ ਘਰਾਂ ਵਿੱਚ ਪੰਜਾਂ ਸਿੰਘਾਂ ਵਾਲੇ ਲੰਗਰ ਛਕਣ ਦੇ ਇਛੁੱਕ
ਰਹਿੰਦੇ ਹਨ ਕਿਉਂਕਿ ਨਾਲ ਦੰਦ-ਘਸਾਈ ਵੀ ਮਿਲਦੀ ਹੈ । ਗੁਰਦੁਵਾਰਿਆਂ ਵਿੱਚ ਸ਼ਿਵ ਲਿੰਗ ਦੀ ਤਰਜ਼ ਤੇ
ਨਿਸ਼ਾਨ ਨੂੰ ਕੱਚੀ ਲੱਸੀ ਨਾਲ ਧੋਤਾ ਜਾਂਦਾ ਹੈ , ਪੰਜ ਪਿਆਰਿਆਂ ਦੀ ਸ਼ਤਰ –ਛਾਇਆ ਵਿੱਚ । ਗ੍ਰੰਥੀ
ਅਰਦਾਸ ਕਰਕੇ ਨਿਆਰੇ ਖਾਲਸੇ ਦੇ ਨਿਸ਼ਾਨ ਦਾ ਬ੍ਰਾਹਮਣੀ ਇਸ਼ਨਾਨ ਕਰਾਕੇ ਜੈਕਾਰੇ ਛੁਡਵਾਉਂਦਾ ਹੈ ।
ਕੁੱਝ ਘਟਨਾਵਾਂ ਜੋ ਮੇਰੇ ਨਾਲ ਵਾਪਰੀਆਂ, ਬਿਆਨ ਕਰਦਾ ਹਾਂ – ਜਦੋਂ ਨਵੀਂ –ਨਵੀਂ ਖੰਡੇ ਕੀ ਪਾਹੁਲ
ਛਕੀ ਤਾਂ ਪਤਾ ਹੀ ਨਹੀਂ ਸੀ ਕਿ ਸਿੱਖ ਬਣਕੇ ਸ਼ਰਾਧ ਵੀ ਖਾਣੇ ਪੈਂਦੇ ਹਨ, ਸਾਡੇ ਨਾਲ ਦੇ ਸ਼ਹਿਰ ਦੇ
ਗੁਰਦੁਵਾਰੇ ਵਿੱਚ ਗ੍ਰੰਥੀ ਸਿੰਘ ਨੇ ਦੱਸਿਆ ਕਿ ਕਿਸੇ ਦੇ ਘਰ ਪ੍ਰਸ਼ਾਦਾ ਛਕਣਾ ਹੈ ਪੰਜ ਸਿੰਘ ਪੂਰੇ
ਨਹੀਂ, ਚੱਲੋਗੇ। ਪਾਖੰਡ ਤੋਂ ਨਾਵਾਕਫ ਮੈਂ ਵੀ ਤੁਰ ਗਿਆ ਨਾਲ ਪ੍ਰਬੰਧਕ ਕਮੇਟੀ ਦੇ ਵੀਰ ਵੀ ਸਨ।
ਪ੍ਰਸ਼ਾਦਾ ਛਕਣ ਦੀ ਤਿਆਰੀ ਸੀ , ਅਰਦਾਸਾ ਸੋਧਿਆ ਜਾਣਾ ਸੀ, ਸ਼ਰਧਾਲੂ ਪਰਿਵਾਰ ਨੇ ਇੱਕ ਸਾਧ ਦੀ
ਪੁਰਾਣੀ ਜਿਹੀ ਫੋਟੋ ਲੈ ਆਂਦੀ ਤੇ ਗਰੰਥੀ ਸਿੰਘ ਨੂੰ ਕਿਹਾ ਕਿ ਇਹਨਾਂ ਬਾਬਾ ਜੀ ਦੇ ਨਾਮ ਦੀ ਅਰਦਾਸ
ਕਰਿਓ, ਇਹ ਸਾਡੇ ਪਿੰਡ ਸਨ ਤੇ ਇਹਨਾਂ ਦੀ ਰੋਟੀ ਹੀ ਪੰਜ ਸਿੰਘਾਂ ਨੂੰ ਛਕਾਉਂਦੇ ਹਾਂ ਹਰ ਸਾਲ। ਭਾਵ
ਕਿ ਬਾਬੇ ਦਾ ਸ਼ਰਾਧ ਹਰ ਸਾਲ ਤੇ ਛਕਣ ਪੰਜ ਸਿੰਘ। ਮੈਂ ਗ੍ਰੰਥੀ ਸਿੰਘ ਦੇ ਕੂਹਣੀ ਮਾਰੀ ਕਿ ਬਾਬਾ ਜੀ
ਇਹ ਕੀ, ਜਵਾਬ ਸੀ, “ਮਨਦੀਪ ਸਿੰਘ ਜੀ ਪੰਜਾਂ ਸਿੰਘਾਂ ਦਾ ਪਰਸ਼ਾਦਾ ਇਹੀ ਕੁਝ ਹੁੰਦਾ ਹੈ” । ਉਸਤੋਂ
ਬਾਦ ਇੱਕ ਦੋ ਬਾਰ ਫਿਰ ਸੱਦਾ ਆਇਆ ਪਰ ਆਪਾਂ ‘ਪਿਆਰਾ’ ਬਨਣ ਤੋਂ ਬਚਦੇ ਹੀ ਰਹੇ ।
ਸਾਡੇ ਆਪਣੇ ਸ਼ਹਿਰ ਵਰਨਨ ਦੇ ਗਰੰਥੀ ਸਿੰਘ ਨੇ ਸੱਦਾ ਦਿਤਾ ਕਿ ਆਓ ਕਿਸੇ ਦੇ ਘਰ ਪੰਜਾਂ ਸਿੰਘਾਂ ਨੇ
ਪਰਸ਼ਾਦਾ ਛਕਣਾ ਹੈ। ਸ਼ਾਮਿਲ ਹੋਵੋ, ਮੈਂ ਕਿਹਾ, ਬਾਬਾ ਜੀ ਬਖਸ਼ੋ ਆਪਾਂ ਪਿਆਰੇ ਨਹੀਂ ਬਨਣਾ ਤਾਂ
ਕਹਿੰਦਾ ਕਿ ਪਿਤਾ ਜੀ ਨੂੰ ਭੇਜ ਦਿਓ। ਮੈਂ ਬੇਨਤੀ ਗੁਜ਼ਾਰੀ, ਕਿ ਪਿਤਾ ਜੀ ਤਾਂ ਅਮ੍ਰਿਤਧਾਰੀ ਵੀ
ਨਹੀਂ ਹਨ ਤੇ ਪੰਜ ਰਤਨੀ ਵੀ ਛਕ ਜਾਂਦੇ ਹਨ ਤਾਂ ਗ੍ਰੰਥੀ ਜੀ ਕਹਿੰਦੇ ਕੋਈ ਗੱਲ ਹੀ ਨਹੀਂ ਪੱਗ ਤਾਂ
ਬੰਨਦੇ ਹੀ ਹਨ। ਮੈਂ ਪੁੱਛਿਆ ਕਿ ਏਡੀ ਕਿਹੜੀ ਬਿਪਤਾ ਆ ਗਈ ਕਿ ਬੇ-ਅਮ੍ਰਿਤੀਏ ਪਿਆਰੇ ਵੀ ਚੱਲਣਗੇ
ਤਾਂ ਜਵਾਬ ਆਇਆ ਕਿ ਕਿਸੇ ਪਰਿਵਾਰ ਦੀ ਕੈਨੇਡਾ ਦੀ ਇਮੀਗ੍ਰੇਸ਼ਨ ਰੁਕੀ ਹੋਈ ਹੈ ਉਸਦੀ ਅਰਦਾਸ ਕਰਨੀ
ਹੈ ਪੰਜਾਂ ਸਿੰਘਾਂ ਨੇ ਪਰਸ਼ਾਦਾ ਛਕਕੇ। ਤਮਾਸ਼ਾ ਇਹ ਸੀ ਕਿ ਗ੍ਰੰਥੀ ਸਿੰਘ ਦੀ ਖੁਦ ਆਪਣੀ ਇਮੀਗ੍ਰੇਸ਼ਨ
ਤੇ ਉਸਦੇ ਪਰਿਵਾਰ ਦੀ ਇਮੀਗ੍ਰੇਸ਼ਨ ਅਜੇ ਵਿੱਚੇ ਫਸੀ ਹੋਈ ਸੀ, ਮੈਂ ਯਾਦ ਕਰਵਾਇਆ ਕਿ ਪਹਿਲਾਂ ਅਪਣੀ
ਅਰਦਾਸ ਕਰਵਾਓ ਬਾਬਾ ਜੀ, ਦੂਜਿਆਂ ਦਾ ਕੜਾਹ ਛਕਕੇ ਅਖੌਤੀ ਪੰਜ ਪਿਆਰਿਆਂ ਤੋਂ ਅਸੀਸਾਂ ਨਾ ਦਵਾਓ ਤੇ
ਮੇਰੇ ਬਾਪੂ ਨੂੰ ਬਖਸ਼ੋ।
ਗੁਰਬਾਣੀ ਸਿਧਾਂਤ ਤੋ ਬਿਲਕੁਲ ਕੋਰੇ ਲੋਕ ਪੰਜਾਂ ਪਿਆਰਿਆਂ ਨੂੰ ਰੋਟੀਆਂ ਖਵਾਕੇ ਆਪਣੇ ਮਰ-ਚੁੱਕੇ
ਬਜ਼ੁਰਗਾਂ ਨੂੰ ਪੁਚਾਉਂਦੇ ਹਨ, ਕਈ ਅਪਣੇ ਪਿੰਡਾਂ ਵਿੱਚ ਬਣੇ ਜਠੇਰੇ, ਸ਼ਹੀਦ, ਮਟੀਆਂ ਦੇ ਨਾਮ ਤੇ
ਖਾਲਸੇ ਨੂੰ ਲੰਗਰ ਛਕਾਉਂਦੇ ਹਨ ਤੇ ਖਾਲਸਾ ਵੀ ਗਪਲ-ਗਪਲ ਛਕਦਾ ਹੈ ਤੇ ਅੱਗੇ ਤੋਂ ਲੰਗਰ ਚੱਲਦੇ
ਰਹਿਣ ਦੀ ਅਰਦਾਸ ਕਰਦਾ ਹੈ। ਨਗਰ ਕੀਰਤਨਾਂ ਵਿੱਚ ਵੀ ਪੰਜ ਪਿਆਰੇ ਵੱਖ-ਵੱਖ ਤਰਾਂ ਦੇ ਬਣਾਏ ਜਾਂਦੇ
ਹਨ , ਪਹਿਲਾਂ ਪੰਜਾਂ ਦੇ ਹੱਥ ਵਿੱਚ ਨਿਸ਼ਾਨ ਉਹ ਵੀ ਪਿਆਰੇ, ਪਿੱਛੇ ਪੰਜ ਹੋਰ ਤੇ ਇਹਨਾਂ ਸਾਰਿਆਂ
ਨੂੰ ਕਿਵੇਂ ਤੁਰਨਾ ਹੈ , ਕਿੱਥੇ ਖੜਨਾ ਹੈ , ਕਿੱਧਰ ਦੇਖਣਾ ਹੈ ਦੱਸਣ ਵਾਲੇ ਆਲੇ -ਦੁਆਲੇ ਚੱਲਦੇ
ਹਨ। ਇੱਕ ਵਾਰ ਕੈਲਗਿਰੀ ਨਗਰ ਕੀਰਤਨ ਵਿੱਚ ਮੌਕਾ ਮਿਲਿਆ ਪੰਜ ਪਿਆਰਿਆਂ ਦੇ ਦੁਮਾਲੇ ਬੰਨਣ ਦਾ ਤੇ
ਉਹ ਕਿਵੇਂ ਬੰਨਣੇ ਹਨ ਪ੍ਰਮਾਣਿਤ ਕਰਨ ਵਾਲਾ ਜਥੇਦਾਰ ਕੋਈ ਹੋਰ ਸੀ। ਮੇਰੇ ਵਲੋਂ ਦਸਤਾਰ ਛੋਟੀ ਕਰਨ
ਦਾ ਤਰੀਕਾ ਜਥੇਦਾਰ ਨੂੰ ਪਸੰਦ ਨਾ ਅਇਆ, ਕਹਿੰਦਾ ਜੂਠੀ ਕਰ ਦਿੱਤੀ ਹੈ ਤੇ ਪੰਜ ਪਿਆਰਿਆਂ ਵਿਚੋਂ ਦੋ
ਬਜ਼ੁਰਗ ਨੋਕ ਵਾਲੀਆਂ ਬੰਨੀ ਬੈਠੇ ਸੀ, ਦਾਸ ਨੇ ਬੇਨਤੀ ਕੀਤੀ ਕਿ ਇਹ ਤਾਂ ਬਾਬੇ ਪਹਿਲਾਂ ਹੀ ਜੂਠੇ
ਹਨ, ਕੇਸੀ ਇਸ਼ਨਾਨ ਕਰਾਓ । ਗੱਲ ਕਿ ਸਾਡੇ ਆਪੇ ਬਣਾਏ ਪੰਜ ਪਿਆਰੇ ਅਪਣੀ ਮਰਜ਼ੀ ਅਨੁਸਾਰ ਪਹਿਨ ਵੀ
ਨਹੀਂ ਸਕਦੇ । ਨਗਰ ਕੀਰਤਨ ਇੱਕ ਫੈਸ਼ਨ ਸ਼ੋ ਵਾਂਗ ਲੱਗਦਾ ਹੈ ਜਿੱਥੇ ਸ਼ਾਇਦ ਆਮ ਕਪੜਿਆਂ ਵਾਲਾ ਪਿਆਰਾ
ਹੋ ਹੀ ਨਹੀਂ ਸਕਦਾ ।
ਹਰ ਕੋਈ ਤਿਆਰ ਬਰ ਤਿਆਰ ਸਿੰਘ ਖੰਡੇ ਦੀ ਪਾਹੁਲ ਛਕਾ ਸਕਦਾ ਹੈ ਫਿਰ ਅਕਾਲ ਤਖਤ ਵਾਲੇ ਪਿਆਰੇ ਸਪੈਸ਼ਲ
ਕਿਉਂ ਹਨ। ਕਿਰਤੀ ਗੁਰੂ ਕੇ ਸਿੱਖ, ਚੰਗੇ ਕਿਰਦਾਰ, ਵਿਹਾਰ ਤੇ ਜੀਵਨ ਵਾਲੇ ਅਪਣੇ ਘਰੇਲੂ ਕੰਮਾਂ
ਤੋਂ ਬਿਨਾ ਪੰਜ ਪਿਅਰਿਆਂ ਦੀ ਪਾਹੁਲ ਛਕਾਉਣ ਦੀ ਸੇਵਾ ਵੀ ਨਿਭਾ ਸਕਦੇ ਹਨ । ਸਾਨੂੰ ਭਾੜੇ ਦੇ
ਪੁਜਾਰੀਆਂ ਦੀ ਕੀ ਲੋੜ ਹੈ। ਇਹਨਾਂ ਕੋਲ ਕੀ ਯੋਗਤਾ ਹੈ ਸਿੱਖ ਕੌਮ ਦੀ ਅਗਵਾਈ ਕਰਨ ਲਈ । ਜੇਕਰ ਕੌਮ
ਨੂੰ ਕੋਈ ਆਰਥਿਕ, ਕਾਨੂੰਨੀ ਲੋੜ ਪੈਂਦੀ ਹੈ ਇਹ ਕੀ ਕਰਨਗੇ । ਵਿਦੇਸ਼ਾਂ ਦੇ ਜੰਮਪਲ ਬੱਚਿਆਂ ਨੂੰ ਕੀ
ਅਗਵਾਈ ਦੇਣਗੇ ਤੇ ਕਿਵੇਂ ਦੇਣਗੇ ਇਹਨਾ ਦੀ ਸਮਝ ਹੈ ਸਰਕਾਰਾਂ ਨਾਲ ਬੈਠਕੇ ਮਸਲੇ ਵਿਚਾਰਨ ਦੀ। ਜੋ
ਬੰਦੀ ਸਿੱਖਾਂ ਦਾ ਮਸਲਾ ਹੈ ਕੀ ਇਹ ਅਰਦਾਸ ਕਰਕੇ ਛੁਡਾ ਦੇਣਗੇ? ਸਰਬੱਤ ਖਾਲਸੇ ਨੇ ਆਪਣੇ ਜਥੇਦਾਰ
ਬਣਾ ਛੱਡੇ, ਹੁਣ ਇਹ ਪੰਜ, ਕਿਹੜੇ –ਕਿਹੜੇ ਰੱਖਣੇ ਹਨ। ਯੂ.ਐਨ.ਓ. ਕੋਲ ਰੈਫਰੈਡਮ ਹੋ ਰਹੇ ਹਨ,
ਪਹਿਲਾਂ ਸਿੱਖਸ ਫਾਰ ਜਸਟਿਸ ਵਾਲੇ ਪੁਜਾਰੀ ਗੁਰਬਚਨ ਸਿੰਘ ਦਾ ਹੁਕਮਨਾਮਾ ਚੁੱਕੀ ਫਿਰਦੇ ਸਨ ਹੁਣ
ਸ਼ਾਇਦ ਇਹਨਾਂ ਦਾ ਆ ਜਾਵੇ। ਜੇ ਇਹਨਾਂ ਨੂੰ ਯੂ.ਐਨ.ਓ. ਜਾਣਾ ਪਵੇ ਤਾਂ ਇਹ ਕਿਵੇਂ ਗੱਲ ਕਰਨਗੇ ।
ਨਿਆਰਾ ਖਾਲਸੇ ਦੀਆਂ ਟਾਹਰਾਂ ਮਾਰਨ ਵਾਲੇ ਅਸੀਂ ਤਨਖਾਹਦਾਰ ਮੁਲਾਜ਼ਮਾਂ ਤੋਂ ਧਰਮ ਲੱਭਦੇ ਹਾਂ।
ਗੁਰੂ ਸਾਹਿਬਾਨ ਨੇ ‘ਮਸੰਦ’ ਪ੍ਰਥਾ ਚਲਾਈ ਤਾਂ ਕਿ ਸਿੱਖੀ ਦਾ ਪ੍ਰਚਾਰ ਹੋ ਸਕੇ ਅਤੇ ਮਨੁੱਖਤਾ ਦੀ
ਲੁੱਟ ਰੋਕਣ ਲਈ । ਜਦੋਂ ਮਸੰਦ ਆਪ-ਹੁਦਰੀਆਂ ਕਰ ਆਪਣੇ ਆਪ ਨੂੰ ਗੁਰੂ ਸਾਹਿਬ ਦੀ ਥਾਂ ਸਮਝਣ ਲੱਗੇ
ਤਾਂ ਹਟਾ ਦਿੱਤੇ ਗਏ ਰੱਦ ਕਰ ਦਿੱਤੇ ਗਏ । ਗੁਰਦੁਵਾਰਿਆਂ ਦੇ ਮਹੰਤ ਬਦਫੈਲ ਹੋਣ ਤੇ ਬਦਲੇ ਗਏ।
ਅਕਾਲ ਤਖਤ ਦੇ ਪੁਜਾਰੀ ਆਪਣੇ ਆਪ ਨੂੰ ‘ਗੁਰੂ’ ਸਮਝਣ ਲੱਗੇ ਤਾਂ ਸਿੱਖ ਜਾਗੇ ਹਨ ਤੇ ਵਿਰੋਧ ਕਰ ਰਹੇ
ਹਨ। ਹੁਣੇ ਹੋਏ ਸਰਬੱਤ ਖਾਲਸੇ ਦੇ ਫੈਸਲੇ ਗਲਤ ਜਾਂ ਠੀਕ ਹੋਣ ਪਰ ਰੁਝਾਨ ਇਹੀ ਹੈ। ਜਥੇਦਾਰ ਵੀ ਪੰਜ
ਪਿਆਰਾ ਪ੍ਰਥਾ ਦਾ ਹਿੱਸਾ ਹਨ ਤੇ ਬਦਲੇ ਜਾਂਦੇ ਹਨ ਜਾਂ ਬਦਲੇ ਜਾ ਸਕਦੇ ਹਨ।
ਪੰਜ ਪਿਆਰਾ ਪ੍ਰਥਾ ਭਾਵੇਂ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਹੋਵੇ। ਉਹ ਨੁਮਾਇੰਦੇ ਤਾਂ ਹੋ ਸਕਣਗੇ ਪਰ
ਗੁਰੂ ਦੀ ਥਾਂ ਨਹੀਂ ਲੈ ਸਕਦਾ। ਸਿੱਖ ਦਾ ਗੁਰੂ ਗੁਰਬਾਣੀ ਦਾ “ਗਿਆਨ” ਹੈ । ਕੋਈ ਵੀ ਮਨੁੱਖ ਸਿੱਖ
ਲਈ ਗੁਰਬਾਣੀ ਦੇ ਗਿਆਨ ਦੀ ਥਾਂ ਨਹੀਂ ਲੈ ਸਕਦਾ ਕਦੇ ਵੀ ਨਹੀਂ ।
ਕਈ ਸਮਝਦੇ ਹਨ ਕਿ ਪੰਜ ਪਿਆਰੇ ਗੁਰੂ ਰੂਪ ਹਨ । ਗੁਰਬਾਣੀ ਫੁਰਮਾਨ ਹੈ ..
“ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ”, ਕੀ ਲੋਕਾਂ ਦੇ
ਘਰੇ ਸਿਰਫ ਰੋਟੀਆਂ ਖਾਕੇ ਦੰਦ ਘਸਾਈ ਲੈਣ ਵਾਲੇ, ਨਗਰ ਕੀਰਤਨਾਂ ਵਿੱਚ ਸ਼ਾਮਿਲ ਹੋਣ ਵਾਲੇ ਜਾਂ
ਤਖਤਾਂ ਤੇ ਤਨਖਾਹ ਲੈਕੇ ਸਿੱਖੀ ਦਾ ਨਾਸ ਕਰਨ ਵਾਲੇ ‘ਅਭੁਲ ਗੁਰੂ’ ਦੀ ਬਰਾਬਰੀ ਕਰ ਸਕਦੇ ਹਨ ।
ਸਿੱਖ ਭਰਾਵੋ ! ਗੁਰੂ ਨਾਨਕ ਦੇ ਸਿੱਖ ਬਣੋ ।
ਤੁਹਾਨੂੰ ਲੁੱਟਣ-ਪੱਟਣ ਲਈ ਨਿੱਤ ਨਵੇਂ ਢੰਗ ਤਰੀਕੇ ਪੁਜਾਰੀ ਤੇ ਹਾਕਮ ਲੱਭਦੇ ਹਨ। ਸਾਡੀ ਹਾਲਤ ਇਹ
ਹੈ ਕਿ ਗੁਰਬਾਣੀ ਦੀ ਰਾਹ ਤੇ ਚੱਲਣ ਤੋਂ ਬਿਨਾਂ ਹਰ ਮਸਲਾ, ਪੰਥਕ ਮਸਲਾ ਹੈ ਤੇ ਵਾਰ-ਵਾਰ ਉਹੀ
ਗਲਤੀਆਂ ਦੁਹਰਾਉਂਦੇ ਹਾਂ । ਕਦੇ ਅਕਾਲ ਤਖਤ ਸੁਪਰੀਮ ਹੋ ਜਾਂਦਾ ਹੈ, ਕਦੇ ਇਸਦਾ ਪੁਜਾਰੀ ਸੁਪਰੀਮ,
ਹੁਣ ਉੱਥੇ ਦੇ ਪੰਜ ਪਿਆਰੇ ਸੁਪਰੀਮ। ਕੀ ਕਦੇ ਗੁਰੂ ਵੀ ਸਾਡਾ ਸੁਪਰੀਮ ਹੋਵੇਗਾ? ਕੀ ਗੁਰਬਾਣੀ ਦਾ
ਸੱਚ ਜੋ ਸਾਡੇ ਗੁਰੂ ਸਾਹਿਬਾਨਾਂ ਤੇ ਵਡੇਰਿਆਂ ਨੇ ਜਾਨਾਂ ਵਾਰਕੇ ਕੁਰਬਾਨੀਆਂ ਦੇਕੇ ਸਾਡੇ ਤੱਕ
ਪਹੁੰਚਾਇਆ ਹੈ, ਕਦੇ ਸਾਡੇ ਲਈ ਸਰਬਉੱਚ ਬਣੇਗਾ ਕਿ ਨਹੀਂ? ਜਾਂ ਪੁਜਾਰੀ ਅਨੁਸਾਰ ਸਿਰਫ
ਸਾਡੀਆਂ ਰਸਮਾਂ ਹੀ ਨਿਭਾਏਗਾ, ਜੰਮਣ ਮਰਨ, ਵਿਆਹ, ਘਰਾਂ ਅਤੇ ਦੁਕਾਨਾਂ ਦੇ ਮਹੂਰਤ, ਅਖੰਡ ਪਾਠ ਅਤੇ
ਹੋਰ। ਕੇਵਲ ਆਪਣੇ ਸਮਰੱਥ ਗੁਰੂ ਦੀ ਮੰਨੀਏ । ਪੰਜ ਪਿਆਰੇ ਨੁਮਾਇੰਦਗੀ ਕਰ ਸਕਦੇ ਹਨ ‘ਗੁਰੂ’ ਦਾ
ਸਥਾਨ ਨਹੀਂ ਲੈ ਸਕਦੇ । ਕਦੇ ਢਹਿ ਜਾਣ ਵਾਲੇ ਉੱਸਰ ਜਾਣ ਵਾਲੇ , ਬਦਲ ਜਾਣ ਵਾਲੇ, ਬਦਲੇ ਜਾ ਸਕਣ
ਵਾਲੇ ਸਾਧਨਾਂ ਨੂੰ ਸਰਬਉੱਚ ਮੰਨਣਾ ਮੂਰਖਤਾ ਹੈ । ਕੁਝ ਹੋਸ਼ ਕਰੀਏ ।
ਮਨਦੀਪ ਸਿੰਘ ਵਰਨਨ