ਸੰਸਾਰ ਵਿੱਚ ਵਿਚਰਣ ਵਾਲਾ ਹਰ ਜੀਵ ਕਿਸੇ ਨਾ ਕਿਸੇ ਰੂਪ ਵਿੱਚ ਦੁਖੀ ਜ਼ਰੂਰ
ਹੈ। ਇਹ ਦੁੱਖ ਰੂਪੀ ਪ੍ਰਸ਼ਾਦ ਪ੍ਰਮੇਸ਼ਰ ਵਲੋਂ ਸਾਰਿਆਂ ਦੇ ਹਿਸੇ ਵਿੱਚ ਆਉਂਦਾ ਹੈ। ਪਰ ਮਨੁੱਖ ਕੇਵਲ
ਆਪਣੇ ਆਪ ਨੂੰ ਦੁਖੀ ਅਤੇ ਦੂਜਿਆਂ ਨੂੰ ਸੁਖੀ ਸਮਝਦਾ ਹੋਇਆ ਹੋਰ ਦੁੱਖਾਂ ਵਿੱਚ ਗਲਤਾਨ ਹੋ ਜਾਂਦਾ
ਹੈ। ਪਰ ਬਾਬਾ ਫਰੀਦ ਜੀ ਸਾਨੂੰ ਸਮਝਾਉਂਦੇ ਹਨ ਕਿ ਜ਼ਰਾ ਆਪਣੇ ਨਿਜ ਤੋਂ ਉਪਰ ਉਠ ਕੇ ਵੇਖਣ ਦੀ ਜਾਚ
ਸਿੱਖ ਲੈ ਤਾਂ ਇਹ ਸਪਸ਼ਟ ਰੂਪ ਵਿੱਚ ਸਾਹਮਣੇ ਸਚਾਈ ਪ੍ਰਗਟ ਹੋ ਜਾਵੇਗੀ ਕਿ ਇਹ ਦੁੱਖਾਂ ਰੂਪੀ
ਵਰਤਾਰਾ ਕੇਵਲ ਤੇਰੇ ਹਿੱਸੇ ਹੀ ਨਹੀਂ, ਹਰੇਕ ਦੇ ਹਿੱਸੇ ਵਿੱਚ ਆਇਆ ਦਿਖਾਈ ਦਿੰਦਾ ਹੈ, ਦੁੱਖਾਂ ਦੀ
ਪ੍ਰਤੀਸ਼ਤ (%) ਵਿੱਚ ਅੰਤਰ ਜਰੂਰ ਹੋ ਸਕਦਾ ਹੈ-
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ।।
ਊਚੈ ਚੜਿ ਕੈ ਦੇਖਿਆ ਤਾ ਘਰਿ ਘਰਿ ਏਹਾ ਅਗਿ।। ੮੧।।
(ਸਲੋਕ ਫਰੀਦ ਜੀ-੧੩੮੨)
ਇਸ ਸੰਬਧ ਵਿੱਚ ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਦੁੱਖਾਂ ਦੇ ਕਾਰਣ
ਖੋਜਦੇ ਹਾਂ ਤਾਂ ਹੋਰ ਕਾਰਣਾਂ ਵਿਚੋਂ ਇੱਕ ‘ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ` (੧੨੮੭)
ਦ੍ਰਿਸ਼ਟੀ ਗੋਚਰ ਹੁੰਦਾ ਹੈ। ਭਾਵ ਕਿ ਸਾਡੇ ਵਲੋਂ ਬੇ-ਸੰਜਮੀ ਖਾਣ-ਪੀਣ ਦੇ ਰਸਾਂ ਵਿੱਚ ਗਲਤਾਨ ਹੋ
ਜਾਣਾ ਹੀ ਦੁੱਖ ਰੂਪੀ ਫਲਾਂ ਦੇ ਪੈਦਾ ਹੋਣ ਵਿੱਚ ਸਹਾਈ ਹੋ ਜਾਂਦਾ ਹੈ।
ਸਿਆਣਿਆਂ ਦਾ ਕਥਨ ਹੈ ਕਿ- ‘ਅਜ ਤਕ ਸੰਸਾਰ ਅੰਦਰ ਉੰਨੇ ਜੀਵ ਭੁੱਖ ਨਾਲ
ਨਹੀਂ ਮਰੇ ਜਿੰਨੇ ਬੇ-ਸੰਜਮੀ, ਗਲਤ, ਲੋੜ ਤੋਂ ਵਧੀਕ, ਬਿਨਾਂ ਸੋਚੇ-ਸਮਝੇ ਖਾਣ ਨਾਲ ਰੋਗਾਂ ਵਿੱਚ
ਗਲਤਾਨ ਹੋ ਕੇ ਮਰੇ ਹਨ`।
ਸਾਡੇ ਜੀਵਨ ਅੰਦਰ ‘ਸੁਖਮਈ ਜੀਵਨ ਅਹਿਸਾਸ` ਹਮੇਸ਼ਾ ਬਣਿਆ ਰਹੇ,
ਗੁਰੂ ਸਾਹਿਬਾਨ ਤਾਂ ਇਹੀ ਚਾਹੁੰਦੇ ਹਨ, ਇਸ ਲਈ ਉਹਨਾਂ ਵਲੋਂ ਬਾਣੀ ਰੂਪੀ ਸ਼ਬਦ ਗੁਰੂ ਰਾਹੀਂ ਸਾਨੂੰ
ਖਾਣ-ਪੀਣ ਦੇ ਵਿਸ਼ੇ ਉਪਰ ਸੇਧ ਦਿਤੀ ਹੋਈ ਹੈ, ਪਰ ਜੇ ਅਸੀਂ ਉਸ ਦਿਤੀ ਸੇਧ ਦੀ ਰੋਸ਼ਨੀ ਵਿੱਚ ਚਲਣਾ
ਹੀ ਨਹੀਂ ਚਾਹੁੰਦੇ ਤਾਂ ਇਸ ਵਿੱਚ ਕਸੂਰ ਸਤਿਗੁਰੂ ਦਾ ਨਹੀਂ, ਸਾਡਾ ਹੀ ਹੈ। ਅਸੀਂ ਜੇਕਰ ਗੁਰੂ
ਸਾਹਿਬ ਦੇ ਹੁਕਮ ਨੂੰ ਪੜਣ-ਸੁਨਣ ਦੇ ਬਾਵਜੂਦ ਵੀ ਅਣਸੁਣਿਆ ਕਰਕੇ ਅਣਜਾਣ ਬਣੇ ਰਹਿਣਾ ਚਾਹੁੰਦੇ ਹਾਂ
ਤਾਂ ਇਹ ਉਸ ਤਰਾਂ ਹੀ ਹੈ ਜਿਵੇਂ ਖਾਲੀ ਬਾਂਸ ਦੇ ਇੱਕ ਸਿਰੇ ਤੋਂ ਫੂਕ (ਹਵਾ) ਮਾਰੀ ਜਾਣ ਤੇ ਦੂਜੇ
ਸਿਰੇ ਤੋਂ ਬਾਹਰ ਨਿਕਲਣ ਨਾਲ ਬਾਂਸ ਫਿਰ ਖਾਲੀ ਦਾ ਖਾਲੀ ਹੀ ਰਹਿ ਜਾਂਦਾ ਹੈ। ਜੇਕਰ ਅਸੀਂ ਸਮਝ ਵੀ
ਲਈਏ ਪਰ ਅਮਲ ਵਿੱਚ ਨਾ ਲਿਆਈਏ ਤਾਂ ਉਸ ਸਮਝ ਦਾ ਵੀ ਕੀ ਫਾਇਦਾ, ਇਹ ਤਾਂ ਉਸ ਤਰਾਂ ਹੈ ਜਿਵੇਂ ਕੋਈ
ਅੰਨਾ ਵਿਅਕਤੀ ਹਨੇਰੇ ਵਿੱਚ ਠੇਡਾ ਖਾ ਕੇ ਟੋਏ ਵਿੱਚ ਡਿਗ ਪਵੇ, ਦੋਸ਼ ਉਸਦਾ ਨਹੀਂ, ਦੋਸ਼ ਹਨੇਰੇ ਦਾ
ਮੰਨਿਆ ਜਾਵੇਗਾ, ਪਰ ਜੇਕਰ ਕਿਸੇ ਵਿਅਕਤੀ ਦੇ ਹੱਥ ਵਿੱਚ ਰੋਸ਼ਨੀ ਦਿੰਦਾ ਹੋਇਆ ਦੀਵਾ ਵੀ ਫੜਿਆ
ਹੋਵੇ, ਫਿਰ ਵੀ ਠੇਡੇ ਖਾਂਦਾ ਫਿਰੇ, ਡਿੱਗ ਜਾਵੇ, ਐਸਾ ਵਿਅਕਤੀ ਕਿਸੇ ਵੀ ਤਰਾਂ ਦੋਸ਼ ਮੁਕਤ ਹੋਣ ਦਾ
ਅਧਿਕਾਰੀ ਨਹੀਂ ਹੋ ਸਕਦਾ-
-ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ।।
ਅੰਧੈ ਏਕੁ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ।। ੧੫੮।।
(ਸਲੋਕ -ਕਬੀਰ ਜੀ-੧੩੭੨)
- ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ।।
ਕਾਹੇ ਕੀ ਕੁਸਲਾਤ ਹਾਥ ਦੀਪੁ ਕੂਏ ਪਰੈ।। ੨੧੬।।
(ਸਲੋਕ-ਕਬੀਰ ਜੀ-੧੩੭੬)
ਵਿਚਾਰਵਾਨਾਂ ਨੇ ਤੱਤ ਕੱਢੇ ਹੋਏ ਹਨ ਕਿ- ‘ਅਸੀਂ ਜੀਊਣ ਲਈ ਖਾਣਾ ਹੈ ਨਾ
ਕਿ ਖਾਣ ਲਈ ਜੀਊਣਾ ਹੈ। ` ਪ੍ਰਮੇਸ਼ਰ ਨੇ ਜਿਸ ਵੀ ਜੀਵ ਨੂੰ ਪੈਦਾ ਕੀਤਾ ਹੈ ਉਸਦੇ ਭੋਜਨ ਦਾ
ਪ੍ਰਬੰਧ ਵੀ ਕੀਤਾ ਹੈ, ਜਿਵੇਂ ਜਦੋਂ ਬੱਚਾ ਅਜੇ ਛੋਟਾ ਹੁੰਦਾ ਹੈ ਤਾਂ ਖਾਣ ਲਈ ਦੰਦ ਨਾਂ ਹੋਣ ਕਾਰਣ
ਪ੍ਰਮੇਸ਼ਰ ਨੇ ਉਸ ਨੂੰ ਪੈਦਾ ਕਰਨ ਸਮੇਂ ਹੀ ਮਾਂ ਦੇ ਦੁੱਧ ਰੂਪੀ ਪਵਿਤਰ ਆਹਾਰ ਦੀ ਬਖ਼ਸ਼ਿਸ਼ ਵੀ ਨਾਲ
ਹੀ ਪੈਦਾ ਕਰ ਦਿਤੀ। ਗੁਰਬਾਣੀ ਸਾਨੂੰ ਖਾਣ-ਪੀਣ ਤੋਂ ਨਹੀਂ ਵਰਜਦੀ, ਬਸ ਬੇ-ਸੰਜਮਾ, ਗਲਤ ਖਾਣ-ਪੀਣ
ਤੋਂ ਵਰਜਦੀ ਹੈ। ‘ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕ ਸੰਬਾਹਿ` (੪੭੨) ‘ਓਨੀ ਦੁਨੀਆ ਤੋੜੇ
ਬੰਧਨਾ ਅੰਨ ਪਾਣੀ ਥੋੜਾ ਖਾਇਆ` (੪੬੭) ਗੁਰੂ ਹੁਕਮਾਂ ਨੂੰ ਸਾਹਮਣੇ ਰੱਖਣ ਦੀ ਜ਼ਰੂਰਤ ਹੈ। ਜੀਭ
ਦੇ ਸੁਆਦ ਪਿੱਛੇ ਲੱਗ ਕੇ ਬੇ-ਲੋੜਾ ਖਾਈ ਜਾਣਾ, ਜੋ ਸਰੀਰ ਲਈ ਕਸ਼ਟਦਾਇਕ ਬਣ ਜਾਵੇ, ਮਨ ਅੰਦਰ ਬੁਰੇ
ਵਿਚਾਰ/ ਵਿਕਾਰ ਪੈਦਾ ਕਰਨ ਦਾ ਕਾਰਣ ਬਣੇ, ਐਸੇ ਖਾਣ ਪੀਣ ਤੋਂ ਬਚਣ ਵਿੱਚ ਹੀ ਮਨੁੱਖ ਦੀ ਭਲਾਈ ਹੈ।
ਕੋਈ ਵੀ ਖਾਣਾ ਆਪਣੇ ਆਪ ਸਾਡੇ ਮੂੰਹ ਰਾਹੀਂ ਅੰਦਰ ਨਹੀਂ ਜਾ ਸਕਦਾ ਜਿੰਨਾਂ ਚਿਰ ਅਸੀਂ ਇਸ ਲਈ ਆਪ
ਯਤਨ ਨਹੀਂ ਕਰਾਂਗੇ। ਗੁਰਬਾਣੀ ਤਾਂ ਸਾਨੂੰ ਸਪਸ਼ਟ ਅਗਵਾਈ ਦਿੰਦੀ ਹੈ ਕਿ ਕੀ ਖਾਣਾ ਹੈ- ਕੀ ਨਹੀਂ
ਖਾਣਾ ਹੈ, ਇਹ ਚੋਣ ਕਰਨ ਦਾ ਹੱਕ ਸਾਡੇ ਕੋਲ ਹੈ, ਜੇ ਅਸੀਂ ਇਸ ਹੱਕ ਦੀ ਸੁਯੋਗ ਵਰਤੋਂ ਨਹੀਂ ਕਰਦੇ
ਤਾਂ ‘ਸੁਖਮਈ ਜੀਵਨ ਅਹਿਸਾਸ` ਦੀ ਆਸ ਕਰਨਾ ਵੀ ਨਿਰਰਥਕ ਹੀ ਹੈ।
ਇਸ ਵਿਸ਼ੇ ਉਪਰ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਦਿਤੇ ਗਏ ਵਿਚਾਰ ਧਿਆਨ ਦੇਣ
ਯੋਗ ਹਨ-
‘ਵਿਦਵਾਨਾਂ ਨੇ ਖਾਣ ਪੀਣ ਦੇ ਪਦਾਰਥ ਪੰਜ ਪ੍ਰਕਾਰ ਦੇ
1. ਭਖਯ (ਜੋ ਦੰਦ, ਦਾੜ੍ਹਾਂ ਦੀ ਸਹਾਯਤਾ ਨਾਲ ਪਦਾਰਥ ਖਾਧੇ ਜਾਣ, ਜਿਵੇਂ
ਰੋਟੀ, ਪੂਰੀ, ਕਚੌਰੀ ਆਦਿ)
2. ਭੋਜਯ (ਜੋ ਕੇਵਲ ਦਾੜਾਂ ਦੀ ਸਹਾਯਤਾ ਨਾਲ ਖਾਧੇ ਜਾਣ, ਜਿਵੇਂ ਭੁੱਜੇ
ਦਾਣੇ, ਬਦਾਮ ਆਦਿ)
3. ਲੇਹਯ (ਜੋ ਜੀਭ ਨਾਲ ਚੱਟੇ ਜਾਣ, ਲਾਪਸੀ, ਚਟਣੀ ਆਦਿ)
4. ਪੇਅ (ਜੋ ਪੀਤੇ ਜਾਣ, ਦੁੱਧ, ਦਹੀਂ, ਸ਼ਰਬਤ ਆਦਿ)
5. ਚੌਸ਼ਯ (ਜੋ ਚੂਸੇ ਜਾਣ, ਅੰਬ, ਗੰਨਾ ਆਦਿ) ਮੰਨੇ ਹਨ। ਗੁਰੁਮਤ ਵਿੱਚ
ਇਨ੍ਹਾਂ ਦੇ ਵਰਤਣ ਵਿੱਚ ਅਵਿਦਿਯਾ ਅਤੇ ਵਹਿਮ ਭਰੇ ਯਕੀਨ, ਭ੍ਰਮ ਮੂਲਕ ਅਸ਼ੁੱਧੀ ਸ਼ੁੱਧੀ ਅਰ ਪੁੰਨ
ਪਾਪ ਨਹੀਂ ਮੰਨੇ ਗਏ ਜਿਵੇਂ ਕਿ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਵੇਖਿਆ ਜਾਂਦਾ ਹੈ। ਸਰੀਰ ਦੀ
ਅਰੋਗਤਾ ਨੂੰ ਮੁੱਖ ਰੱਖ ਕੇ ਨਿਰਮਲ ਅਤੇ ਪਵਿਤ੍ਰ ਖਾਨ ਪਾਨ ਪਹਰਾਨ ਵਿਧਾਨ ਕੀਤਾ ਹੈ, ਜਿਸ ਤੋਂ
ਸੰਜਮ ਨਾਲ ਨਿਰਵਾਹ ਹੋ ਸਕੇ ਅਤੇ ਹਰ ਵੇਲੇ ਮਨ ਤਦ ਪ੍ਰਸੰਨ ਰਹੇ। `
(ਗੁਰੁਮਤ ਮਾਰਤੰਡ -ਪੰਨਾ ੩੧੮, ੩੧੯)
- ‘ਅੰਨ ਬਹੁਤ ਭੁੱਖ ਲਗੇ ਤਾਂ ਖਾਣਾ, ਭਰੇ ਉਪਰ ਭਰੇ ਨਾਹੀਂ। ਜੋ ਖਟ ਕਰਮੀ
ਕਹਿਤੇ ਹੈਂ ਅਮੁਕਾ ਅਮੁਕਾ ਅੰਨ ਨਾ ਖਾਈਐ, ਸੋ ਸਭ ਭਰਮ ਹੈ, ਅੰਨ ਸਭ ਪਵਿਤ੍ਰ ਹੈਨ`
(ਗੁਰੁਮਤ ਮਾਰਤੰਡ- ਪੰਨਾ ੩੨੧)
ਇਸ ਵਿਸ਼ੇ ਉਪਰ ਨਿਮਨਲਿਖਤ ਗੁਰਬਾਣੀ ਫੁਰਮਾਣ ਧਿਆਨ ਗੋਚਰ ਰੱਖਣ ਵੀ ਜ਼ਰੂਰਤ
ਹੈ ਕਿ ਅਸੀਂ ਖਾਣੇ ਦੀ ਸਹੀ ਚੋਣ ਕਰ ਸਕੀਏ ਅਤੇ ਖਾਣ ਤੋਂ ਪਹਿਲਾਂ ਦੇਣਹਾਰ ਦਾਤਾਰ ਦਾ ਸ਼ੁਕਰਾਨਾ
ਕਰਨਾ ਨਾ ਭੁਲੀਏ-
-ਫਿਟ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ।।
ਨਾਨਕ ਸਚੇ ਨਾਮ ਵਿਣੁ ਸਭੋ ਦੁਸਮਣ ਹੇਤੁ।।
(ਵਾਰ ਸੂਹੀ-ਮਹਲਾ ੧-੭੯੦)
- ਸੋ ਕਿਉ ਮਨਹੁ ਵਿਸਾਰਿਐ ਜਾ ਕੇ ਜੀਅ ਪਰਾਣ।।
ਤਿਸੁ ਵਿਣੁ ਸਭ ਅਪਵਿਤ੍ਰ ਹੈ ਜੇਤਾ ਪੈਨਣੁ ਖਾਣੁ।।
(ਸਿਰੀ ਰਾਗ ਮਹਲਾ ੧-੧੬)
- ਅਧਿਕ ਸੁਆਦ ਰੋਗ ਅਧਿਕਾਈ ਬਿਨ ਗੁਰ ਸਹਜੁ ਨ ਪਾਇਆ।।
(ਮਲਾਰ ਮਹਲਾ ੧-੧੨੫੫)
-ਬਹੁ ਸਾਦਹੁ ਦੂਖੁ ਪਰਾਪਤਿ ਹੋਵੈ।।
ਭੋਗਹੁ ਰੋਗ ਸੁ ਅੰਤਿ ਵਿਗੋਵੈ।।
(ਮਾਰੂ ਮਹਲਾ ੧-੧੦੩੪)
-ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ।। … …
ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ।।
(ਵਾਰ ਗਉੜੀ -ਮਹਲਾ ੪- ੩੦੬)
ਅੱਜ ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਖਾਸ ਤੌਰ ਤੇ ਵਿਆਹ-ਸ਼ਾਦੀਆਂ,
ਪਾਰਟੀਆਂ ਆਦਿ ਦੇ ਸਮੇਂ ਪੈਲਸਾਂ ਵਿੱਚ ਇਕੋ ਸਮੇਂ ਠੰਡਾ-ਗਰਮ ਆਦਿ ਵਿਰੋਧੀ ਤਾਸੀਰ ਵਾਲੇ ਖਾਣੇ ਖਾਣ
ਨਾਲ ਅਸੀਂ ਬਿਮਾਰ ਹੋ ਜਾਣ ਦੀ ਵੀ ਪਰਵਾਹ ਨਹੀਂ ਕਰਦੇ। 10 ਆਦਮੀਆਂ ਦੀ ਖੁਰਾਕ ਖਾ ਕੇ ਫਿਰ 20
ਆਦਮੀਆਂ ਦੀ ਖੁਰਾਕ ਦੇ ਪੈਸੇ ਡਾਕਟਰਾਂ ਨੂੰ ਦੇਣੇ ਮਨਜ਼ੂਰ ਕਰਦੇ ਹੋਏ ਨਾਲ ਸਰੀਰਕ ਕਸ਼ਟ ਵਖਰਾ
ਉਠਾਉਂਦੇ ਹਾਂ। ਤੰਦੁਰਸਤ ਸਰੀਰ ਦੇ ਅੰਦਰ ਹੀ ਸੁਅਸਥ ਮਨ ਦਾ ਵਾਸਾ ਹੋ ਸਕਦਾ ਹੈ। ‘ਸੁਖਮਈ ਜੀਵਨ
ਅਹਿਸਾਸ` ਬਣਿਆ ਰਹੇ, ਇਸ ਲਈ ਅਸੀਂ ਦੂਸਰਿਆਂ ਦੀ ਦੇਖਾ-ਦੇਖੀ ਖਾਣ ਦੀ ਬਜਾਏ ਕੀ ਖਾਣਾ-ਕੀ
ਨਹੀਂ ਖਾਣਾ ਯੋਗ ਪਦਾਰਥਾਂ ਬਾਰੇ ਗੁਰਮਤਿ ਦੀ ਰੋਸ਼ਨੀ ਵਿੱਚ ਆਪਣੇ-ਆਪਣੇ ਸਰੀਰ ਅਨੁਸਾਰ ਠੀਕ-ਗਲਤ ਦੀ
ਚੋਣ ਕਰਨ ਦੇ ਸਮਰਥ ਬਣੀਏ। ਇਹ ਜ਼ਰੂਰੀ ਨਹੀਂ ਕਿ ਹਰ ਇੱਕ ਦਾ ਖਾਣਾ ਇਕੋ ਜਿਹਾ ਹੋਵੇ। ਸਾਨੂੰ ਗੁਰੂ
ਨਾਨਕ ਸਾਹਿਬ ਜੀ ਦੇ ਨਿਮਨਲਿਖਤ ਬਚਨਾਂ ਅਨੁਸਾਰ ਅਗਵਾਈ ਲੈਣ ਦੀ ਲੋੜ ਹੈ-
ਬਾਬਾ ਹੋਰੁ ਖਾਣਾ ਖੁਸੀ ਖੁਆਰੁ।।
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲੈ ਵਿਕਾਰ।।
(ਸਿਰੀ ਰਾਗੁ ਮਹਲਾ ੧-੧੬)
=========