ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਰਸਮਾਂ ਨਾਲ ਧਰਮੀ ਨਹੀਂ ਹੋ ਸਕੀਦਾ
ਜਦੋਂ ਸਿੱਖ ਧਰਮ ਦੇ ਨਾਂ `ਤੇ ਕਰਮ-ਕਾਂਡ ਨਿਭਾਅ ਰਹੇ ਹੁੰਦੇ ਹਨ ਤਾਂ ਦੇਖ
ਕੇ ਇੰਜ ਮਹਿਸੂਸ ਹੁੰਦਾ ਹੈ ਕਿ ਜਿੱਥੋਂ ਕੁ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਗਿਆਨ ਦੇ ਕੇ ਸਾਨੂੰ
ਚੁੱਕਿਆ ਸੀ ਅੱਜ ਅਸੀਂ ਓੱਥੇ ਹੀ ਫਿਰ ਚਲੇ ਗਏ ਹਾਂ। ਗੁਰਦੇਵ ਪਿਤਾ ਜੀ ਨੇ ਸਾਨੂੰ ਜ਼ਿੰਦਗੀ ਜਿਉਣ
ਦਾ ਅਸਲੀ ਮਕਸਦ ਸਮਝਾਇਆ ਸੀ ਪਰ ਅੱਜ ਅਸੀ ਅਸਲੀਅਤ ਨੂੰ ਛੱਡ ਕੇ ਮੁੜ ਉਹੀ ਕਰਮ-ਕਾਂਡ ਕਰ ਰਹੇ ਹਾਂ।
ਇਹ ਕਰਮ-ਕਾਂਡ ਕਰਕੇ ਅਸੀਂ ਧਰਮੀ ਹੋਣ ਦਾ ਦਾਅਵਾ ਵੀ ਕਰ ਰਹੇ ਹਾਂ।
ਗੁਰਬਾਣੀ ਦਾ ਪਾਠ ਪੜ੍ਹਦੇ-ਸੁਣਦੇ ਹਾਂ, ਮੱਥਾ ਵੀ ਜ਼ਰੂਰ ਟੇਕਦੇ ਹਾਂ ਪਰ
ਨਾਲ ਦੀ ਨਾਲ ਉਹ ਸਾਰੇ ਬ੍ਰਾਹਮਣੀ ਕਰਮ-ਕਾਂਡ ਵੀ ਕਰੇ ਰਹੇ ਹਾਂ ਜਿੰਨਾਂ ਨੂੰ ਗੁਰਬਾਣੀ ਨੇ ਨਕਾਰਿਆ
ਹੈ। ਇਸ ਮੁੱਦੇ ਨੂੰ ਸਮਝਣ ਲਈ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਸ਼ਬਦ ਦੀ ਵਿਚਾਰ ਨੂੰ ਧਿਆਨ ਗੋਚਰੇ
ਕਰਾਂਗੇ--
ਬਸਤ੍ਰ ਉਤਾਰਿ ਦਿਗੰਬਰੁ ਹੋਗੁ।। ਜਟਾਧਾਰਿ ਕਿਆ ਕਮਾਵੈ ਜੋਗੁ।।
ਮਨੁ ਨਿਰਮਲੁ ਨਹੀ ਦਸਵੈ ਦੁਆਰ।। ਭ੍ਰਮਿ ਭ੍ਰਮਿ ਆਵੈ ਮੂੜਾੑ ਵਾਰੋ ਵਾਰ।।
੧।।
ਏਕੁ ਧਿਆਵਹੁ ਮੂੜੑ ਮਨਾ।। ਪਾਰਿ ਉਤਰਿ ਜਾਹਿ ਇੱਕ ਖਿਨਾਂ।। ੧।। ਰਹਾਉ।।
ਸਿਮ੍ਰਿਤਿ ਸਾਸਤ੍ਰ ਕਰਹਿ ਵਖਿਆਣ।। ਨਾਦੀ ਬੇਦੀ ਪੜੑਹਿ ਪੁਰਾਣ।।
ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ।। ਤਿਨ ਕੈ ਰਮਈਆ ਨੇੜਿ ਨਾਹਿ।। ੨।।
ਜੇ ਕੋ ਐਸਾ ਸੰਜਮੀ ਹੋਇ।। ਕ੍ਰਿਆ ਵਿਸੇਖ ਪੂਜਾ ਕਰੇਇ।।
ਅੰਤਰਿ ਲੋਭੁ ਮਨੁ ਬਿਖਿਆ ਮਾਹਿ।। ਓਇ ਨਿਰੰਜਨੁ ਕੈਸੇ ਪਾਹਿ।। ੩।।
ਕੀਤਾ ਹੋਆ ਕਰੇ ਕਿਆ ਹੋਇ।। ਜਿਸ ਨੋ ਆਪਿ ਚਲਾਏ ਸੋਇ।।
ਨਦਰਿ ਕਰੇ ਤਾਂ ਭਰਮੁ ਚੁਕਾਏ।। ਹੁਕਮੈ ਬੂਝੈ ਤਾਂ ਸਾਚਾ ਪਾਏ।। ੪।।
ਜਿਸੁ ਜੀਉ ਅੰਤਰੁ ਮੈਲਾ ਹੋਇ।। ਤੀਰਥ ਭਵੈ ਦਿਸੰਤਰ ਲੋਇ।।
ਨਾਨਕ ਮਿਲੀਐ ਸਤਿਗੁਰ ਸੰਗ।। ਤਉ ਭਵਜਲ ਕੇ ਤੂਟਸਿ ਬੰਧ।। ੫।।
ਬਸੰਤੁ ਮਹਲਾ ੩ ਤੀਜਾ ਪੰਨਾ ੧੧੬੯
ਅੱਖਰੀਂ ਅਰਥ-—
ਹੇ ਮੂਰਖ ਮਨ! ਇੱਕ ਪਰਮਾਤਮਾ ਨੂੰ ਸਿਮਰ। (ਸਿਮਰਨ ਦੀ ਬਰਕਤਿ ਨਾਲ) ਇੱਕ ਪਲ ਵਿੱਚ ਹੀ
(ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿੰਗਾ। ੧। ਰਹਾਉ।
ਜੇ ਕੋਈ ਮਨੁੱਖ ਕੱਪੜੇ ਉਤਾਰ ਕੇ ਨਾਂਗਾ ਸਾਧੂ ਬਣ ਜਾਏ (ਤਾਂ ਭੀ ਵਿਅਰਥ ਹੀ
ਉੱਦਮ ਹੈ)। ਜਟਾ ਧਾਰ ਕੇ ਭੀ ਕੋਈ ਜੋਗ ਨਹੀਂ ਕਮਾਇਆ ਜਾ ਸਕਦਾ। (ਪਰਮਾਤਮਾ ਨਾਲ ਜੋਗ (ਮੇਲ) ਨਹੀਂ
ਹੋ ਸਕੇਗਾ)। ਦਸਵੇਂ ਦੁਆਰ ਵਿੱਚ ਪ੍ਰਾਣ ਚੜ੍ਹਾਇਆਂ ਭੀ ਮਨ ਪਵਿਤ੍ਰ ਨਹੀਂ ਹੁੰਦਾ। (ਅਜੇਹੇ ਸਾਧਨਾਂ
ਵਿੱਚ ਲੱਗਾ ਹੋਇਆ) ਮੂਰਖ ਭਟਕ ਭਟਕ ਕੇ ਮੁੜ ਮੁੜ ਜਨਮ ਲੈਂਦਾ ਹੈ। ੧।
(ਪੰਡਿਤ ਲੋਕ) ਸਿਮ੍ਰਿਤੀਆਂ ਤੇ ਸ਼ਾਸਤ੍ਰ (ਹੋਰਨਾਂ ਨੂੰ ਪੜ੍ਹ ਪੜ੍ਹ ਕੇ)
ਸੁਣਾਂਦੇ ਹਨ, ਜੋਗੀ ਨਾਦ ਵਜਾਂਦੇ ਹਨ, ਪੰਡਿਤ ਵੇਦ ਪੜ੍ਹਦੇ ਹਨ, ਕੋਈ ਪੁਰਾਣ ਪੜ੍ਹਦੇ ਹਨ, ਪਰ
ਉਹਨਾਂ ਦੀ ਨਿਗਾਹ ਪਖੰਡ ਵਾਲੀ ਹੈ, ਮਨ ਵਿੱਚ ਉਹ ਖੋਟ ਕਮਾਂਦੇ ਹਨ। ਪਰਮਾਤਮਾ ਅਜੇਹੇ ਬੰਦਿਆਂ ਦੇ
ਨੇੜੇ ਨਹੀਂ (ਢੁਕਦਾ)। ੨।
ਜੇ ਕੋਈ ਅਜੇਹਾ ਬੰਦਾ ਭੀ ਹੋਵੇ ਜੋ ਆਪਣੇ ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ
ਕਰਦਾ ਹੋਵੇ, ਕਿਸੇ ਉਚੇਚੀ ਕਿਸਮ ਦੀ ਕ੍ਰਿਆ ਕਰਦਾ ਹੋਵੇ, ਦੇਵ-ਪੂਜਾ ਭੀ ਕਰੇ, ਪਰ ਜੇ ਉਸ ਦੇ ਅੰਦਰ
ਲੋਭ ਹੈ, ਜੇ ਉਸ ਦਾ ਮਨ ਮਾਇਆ ਦੇ ਮੋਹ ਵਿੱਚ ਹੀ ਫਸਿਆ ਪਿਆ ਹੈ, ਤਾਂ ਅਜੇਹੇ ਬੰਦੇ ਭੀ ਮਾਇਆ ਤੋਂ
ਨਿਰਲੇਪ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ। ੩।
(ਪਰ ਜੀਵਾਂ ਦੇ ਭੀ ਕੀਹ ਵੱਸ?) ਸਭ ਕੁੱਝ ਪਰਮਾਤਮਾ ਦਾ ਕੀਤਾ ਹੋ ਰਿਹਾ ਹੈ।
ਜੀਵ ਦੇ ਕੀਤਿਆਂ ਕੁੱਝ ਨਹੀਂ ਹੋ ਸਕਦਾ। ਜਦੋਂ ਪ੍ਰਭੂ ਆਪ (ਕਿਸੇ ਜੀਵ ਉਤੇ) ਮੇਹਰ ਦੀ ਨਿਗਾਹ ਕਰਦਾ
ਹੈ ਤਾਂ ਉਸ ਦੀ ਭਟਕਣਾ ਦੂਰ ਕਰਦਾ ਹੈ (ਪ੍ਰਭੂ ਦੀ ਮੇਹਰ ਨਾਲ ਹੀ ਜਦੋਂ ਜੀਵ) ਪ੍ਰਭੂ ਦਾ ਹੁਕਮ
ਸਮਝਦਾ ਹੈ ਤਾਂ ਉਸ ਦਾ ਮਿਲਾਪ ਹਾਸਲ ਕਰ ਲੈਂਦਾ ਹੈ। ੪।
ਜਿਸ ਮਨੁੱਖ ਦਾ ਅੰਦਰਲਾ ਆਤਮਾ (ਵਿਕਾਰਾਂ ਨਾਲ) ਮੈਲਾ ਹੋ ਜਾਂਦਾ ਹੈ, ਉਹ
ਜੇ ਤੀਰਥਾਂ ਉਤੇ ਭੀ ਜਾਂਦਾ ਹੈ ਜੇ ਉਹ ਜਗਤ ਵਿੱਚ ਹੋਰ ਹੋਰ ਦੇਸਾਂ ਵਿੱਚ ਭੀ (ਵਿਰਕਤ ਰਹਿਣ ਲਈ)
ਤੁਰਿਆ ਫਿਰਦਾ ਹੈ (ਤਾਂ ਭੀ ਉਸ ਦੇ ਮਾਇਆ ਵਾਲੇ ਬੰਧਨ ਟੁੱਟਦੇ ਨਹੀਂ)। ਹੇ ਨਾਨਕ! ਜੇ ਗੁਰੂ ਦਾ
ਮੇਲ ਪ੍ਰਾਪਤ ਹੋਵੇ ਤਾਂ ਹੀ ਪਰਮਾਤਮਾ ਮਿਲਦਾ ਹੈ, ਤਦੋਂ ਹੀ ਸੰਸਾਰ-ਸਮੁੰਦਰ ਵਾਲੇ ਬੰਧਨ ਟੁੱਟਦੇ
ਹਨ। ੫।
ਵਿਚਾਰ ਚਰਚਾ—
ਗੁਰਬਾਣੀ ਦਾ
ਹਰ ਉਪਦੇਸ਼ ਹਰ ਮਨੁੱਖ ਲਈ ਸਾਂਝਾ ਹੈ। ਇਹ ਸ਼ਬਦ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਉਸ
ਸਮੇਂ ਜਿਹੜੇ ਕਰਮ-ਕਾਂਡ ਚੱਲ ਰਹੇ ਸੀ ਗੁਰੂ ਸਾਹਿਬ ਜੀ ਨੇ ਉਹਨਾਂ ਪ੍ਰਚੱਲਤ ਕਰਮ-ਕਾਂਡਾਂ ਦੀ ਪੂਰੀ
ਪੂਰੀ ਜਾਣਕਾਰੀ ਦਿੱਤੀ ਹੈ। ਹੁਣ ਜਿੰਨਾਂ ਧਰਮੀ ਯੋਧਿਆਂ ਦਾ ਇਸ ਸ਼ਬਦ ਵਿੱਚ ਨਾਂ ਲ਼ਿਆ ਹੈ ਉਹ ਨਾ
ਤਾਂ ਕੀਰਤਨ ਸੁਣਦੇ ਹਨ, ਨਾ ਹੀ ਗੁਰਦੁਆਰੇ ਆਉਂਦੇ ਤੇ ਨਾ ਹੀ ਸਿੱਖ ਧਰਮ ਦੀਆਂ ਕੋਈ ਰਸਮਾਂ
ਨਿਭਾਉਂਦੇ ਹਨ। ਦੇਖਿਆ ਜਾਏ ਤਾਂ ਗੁਰਬਾਣੀ ਸਮਝ ਦੀ ਘਾਟ ਕਰਕੇ ਸਿੱਖੀ ਪਹਿਰਾਵੇ ਵਿੱਚ ਉਹ ਸਾਰੇ
ਕਰਮ ਅਸੀਂ ਖੁਦ ਨਿਭਾਅ ਰਹੇ ਹਾਂ।
ਰਹਾਉ ਦੀਆਂ ਤੁਕਾਂ ਵਿੱਚ ਇਕੋ ਹੀ ਨੁਕਤਾ ਸਮਝਾਇਆ ਹੈ ਸਿਮਰਨ ਤੋਂ ਬਿਨਾ
ਤੈਨੂੰ ਜਿੰਦਗੀ ਜਉਣ ਦੀ ਸੌਝੀ ਨਹੀਂ ਆ ਸਕਦੀ।
"ਏਕੁ ਧਿਆਵਹੁ ਮੂੜੑ ਮਨਾ।। ਪਾਰਿ
ਉਤਰਿ ਜਾਹਿ ਇੱਕ ਖਿਨਾਂ"।। ਸਿਮਰਨ ਦਾ ਭਾਵ ਅਰਥ
ਹੈ ਗੁਰ-ਗਿਆਨ ਦੀ ਵਰਤੋਂ ਕਰਨੀ। ਇਸ ਦਾ ਅਰਥ ਇਹ ਨਹੀਂ ਹੈ ਕਿ ਇੱਕ ਸ਼ਬਦ ਨੂੰ ਬਾਰ ਬਾਰ ਬੋਲਿਆ
ਜਾਏ। ਇਹਨਾਂ ਤੁਕਾਂ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਜੇ ਗੁਰੂ ਜੀ ਦੀ ਇੱਕ ਸਿੱਖਿਆ ਨੂੰ
ਵੀ ਧਿਆਨ ਨਾਲ ਸੁਣ ਕੇ ਅਮਲ ਕੀਤਾ ਜਾਏ ਤਾਂ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਸਮਝ ਕੇ ਉਹਨਾਂ ਦਾ
ਹੱਲ ਲੱਭ ਸਕਦੇ ਹਾਂ। ਇਸ ਨੂੰ ਕਿਹਾ ਜਾਂਦਾ ਹੈ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਣਾ। ਇੱਕ ਪਲ
ਵਿੱਚ ਪਾਰ ਲੰਘਣ ਦਾ ਮਹੱਤਵ ਹੈ ਜਦੋਂ ਅਸਲੀਅਤ ਸਮਝ ਵਿੱਚ ਬੈਠ ਜਾਏ ਤਾਂ ਮਨ ਫਿਰ ਵਿਕਾਰਾਂ ਵਲ
ਦੋੜਦਾ ਨਹੀਂ ਹੈ।
ਸਾਡੇ ਮੁਲਕ ਅੰਦਰ ਸਮੱਸਿਆਵਾਂ ਦੇ ਹੱਲ ਲੱਭਣ ਦੀ ਬਜਾਏ ਸਰੀਰ ਨੂੰ ਕਸ਼ਟ ਦੇ
ਕੇ ਸੁਖ ਲੱਭਣ ਦੇ ਯਤਨ ਵਿੱਚ ਲੋਕ ਲੱਗੇ ਹੋਏ ਹਨ। ਦੁਖੀ ਮਨ ਨੂੰ ਸਥਿੱਰ ਕਰਨ ਲਈ ਕਈ ਤਰ੍ਹਾਂ ਦੇ
ਪਾਪੜ ਵੇਲੇ ਜਾਂਦੇ ਹਨ ਪਰ ਮਨ ਫਿਰ ਵੀ ਵੱਸ ਵਿੱਚ ਨਹੀਂ ਆਉਂਦਾ ਗੁਰੂ ਅਮਰਦਾਸ ਜੀ ਵੀ ਤੀਰਥ ਯਾਤਰਾ
ਕਰਦੇ ਰਹੇ ਹਨ ਪਰ ਅਸਲੀਅਤ ਗੁਰ-ਗਿਆਨ ਦੇ ਮਹੱਤਵ ਨੂੰ ਸਮਝ ਕੇ ਹੀ ਮਿਲੀ ਹੈ।
ਜਦੋਂ ਗੁਰਦੇਵ ਪਿਤਾ ਜੀ ਨੇ ਇਹ ਬਾਣੀ ਰਚੀ ਸੀ ਤਾਂ ਉਦੋਂ ਸਮਾਜ ਨੂੰ ਸੇਧ
ਦੇਣ ਦੀ ਥਾਂ `ਤੇ ਕੁੱਝ ਸਾਧ ਤਰ੍ਹਾਂ ਤਰ੍ਹਾਂ ਦੇ ਕਰਮ-ਕਾਂਡ ਕਰਨ ਲਈ ਆਖ ਰਹੇ ਸਨ। ਜਾਂ ਕਈ
ਸਾਧੂਆਂ ਨੇ ਰੱਬ ਨੂੰ ਲੱਭਣ ਲਈ ਗ੍ਰਹਿਸਤ ਦਾ ਤਿਆਗ ਕਰਕੇ ਆਪਣੇ ਸਰੀਰ ਨੂੰ ਕਸ਼ਟ ਦੇ ਰਹੇ ਸਨ ਮੋਟੇ
ਤੌਰ `ਤੇ ਗੁਰਦੇਵ ਪਿਤਾ ਜੀ ਨੇ ਅਜੇਹੇ ਲੋਕਾਂ ਨੂੰ ਸਮਝਾਇਆ ਕਿ ਤੁਸੀਂ ਆਪ ਤਾਂ ਜ਼ਿੰਦਗੀ ਦੀ ਲੀਹ
ਤੋਂ ਉੱਤਰੇ ਹੋਏ ਹੋ ਪਰ ਦੁਨੀਆਂ ਨੂੰ ਵੀ ਲੀਹ ਤੋਂ ਲਾਹ ਰਹੇ ਹੋ
ਬਸਤ੍ਰ ਉਤਾਰਿ ਦਿਗੰਬਰੁ ਹੋਗੁ।। ਜਟਾਧਾਰਿ ਕਿਆ ਕਮਾਵੈ ਜੋਗੁ।।
ਮਨੁ ਨਿਰਮਲੁ ਨਹੀ ਦਸਵੈ ਦੁਆਰ।। ਭ੍ਰਮਿ ਭ੍ਰਮਿ ਆਵੈ ਮੂੜਾੑ ਵਾਰੋ ਵਾਰ।।
੧।।
ਕਈਆਂ ਨੇ ਸਰੀਰ ਤੋਂ ਆਪਣੇ ਬਸਤ੍ਰ ਉਤਾਰ ਕੇ ਆਪਣੇ ਆਪ ਨੂੰ ਰੱਬ ਦੇ ਨਜ਼ਦੀਕ
ਸਮਝਣ ਲੱਗ ਪਏ ਸਨ। ਕੁੱਝ ਸਾਧੂਆਂ ਨੇ ਆਪਣੇ ਕੇਸਾਂ ਦੀਆਂ ਜਟਾਂ ਬਣਾ ਕੇ ਇਹ ਭਰਮ ਪਾਲ਼ ਲਿਆ ਕਿ
ਅਸੀਂ ਤਾਂ ਹੁਣ ਰੱਬ ਜੀ ਦੀ ਪ੍ਰਾਪਤੀ ਕਰ ਲਈ ਹੈ। ਤੇ ਕਈ ਸਮਾਧੀਆਂ ਲਗਾ ਕੇ ਦਸਵਾਂ ਦੁਆਰਾ ਖੋਲ੍ਹਣ
`ਤੇ ਲੱਗੇ ਗਏ ਸਨ। ਇਹਨਾਂ ਤੁਕਾਂ ਵਿੱਚ ਤਿੰਨ ਗੱਲਾਂ ਦੀ ਵਿਚਾਰ ਚਰਚਾ ਕੀਤੀ ਗਈ ਹੈ। ਜਿਹੜੇ ਲੋਕ
ਇਹ ਤਿੰਨੇ ਗੱਲਾਂ ਕਰ ਰਹੇ ਹਨ ਗੁਰਦੇਵ ਪਿਤਾ ਜੀ ਨੇ ਕਿਹਾ ਹੈ ਕਿ ਉਹ ਏਸੇ ਜੀਵਨ ਵਿੱਚ ਹੀ ਭਟਕਣਾ
ਵਿੱਚ ਪੈ ਕੇ ਹਰ ਰੋਜ਼ ਜਨਮ ਲੈ ਰਹੇ ਹਨ। ਭਾਵ ਭਟਕਣਾ ਵਿੱਚ ਵਿਚਰਨ ਵਾਲਾ ਬਾਰ ਬਾਰ ਜਨਮ ਲੈ ਰਿਹਾ
ਹੈ। ਇਹ ਵਰਤਮਾਨ ਜੀਵਨ ਦੀ ਗੱਲ ਕੀਤੀ ਹੈ।
ਸਿੱਖੀ ਵਿੱਚ ਸਾਧਾਂ ਦੀਆਂ ਕੇਵਲ ਲੱਤਾਂ ਹੀ ਨੰਗੀਆਂ ਹਨ ਪਰ ਕੰਮ ਸਾਰੇ ਉਹ
ਹੀ ਕਰ ਰਹੇ ਹਾਂ ਜਿੰਨਾਂ ਵਲੋਂ ਗੁਰਦੇਵ ਪਿਤਾ ਜੀ ਮਨ੍ਹੇ ਕਰ ਰਹੇ ਹਨ। ਸ਼ਹਿਰਾਂ ਵਿੱਚ ਸਵੇਰੇ
ਸਵੇਰੇ ਮੋਟਰਾਂ ਕਾਰਾਂ ਘੂੰ ਘੂੰ ਕਰਦੀਆਂ ਫਿਰਦੀਆਂ ਨਜ਼ਰ ਆਉਂਦੀਆਂ ਹਨ ਕਿ ਪੁੱਛਣ ਤੇ ਪਤਾ ਚੱਲਦਾ
ਹੈ ਕਿ ਜੀ ਇਹ ਦਸਵੇਂ ਦੁਆਰ ਵਿੱਚ ਪਹੁੰਚਣ ਲਈ ਸਾਰਾ ਖਲਜੱਗਣ ਕਰ ਰਹੇ ਹਨ। ਕਈ ਤੇ ਏਨਾਂ ਗੂੜਾ ਨਾਮ
ਜੱਪਦੇ ਹਨ ਕਿ ਉਹਨਾਂ ਦੀਆਂ ਦਸਤਾਰਾਂ ਵੀ ਲਹਿ ਜਾਂਦੀਆਂ ਹਨ ਬੀਮਾਰੀਆਂ ਅੱਜ ਵੀ ਉਹ ਹੀ ਹਨ ਸਿਰਫ
ਥੋੜਾ ਜੇਹਾ ਰੂਪ ਰੰਗ ਹੀ ਬਦਲਿਆ ਹੋਇਆ ਹੈ। ਨੂਰ ਮਹਿਲੀਏ, ਰਾਧਾ ਸੁਆਮੀਏ ਵੀ ਆਹ ਦਸਮ ਦੁਆਰ ਹੀ
ਖੁਲ੍ਹਾ ਰਹੇ ਹਨ ਪਰ ਅਜੇ ਤੀਕ ਕਿਸੇ ਦਾ ਦਸਵਾਂ ਦੁਆਰਾ ਖੁਲ੍ਹਿਆ ਨਹੀਂ ਜਾਪਦਾ ਨਹੀਂ ਤਾਂ ਪੰਜਾਬ
ਦੀ ਹੋਣੀ ਜ਼ਰੂਰ ਤਬਦੀਲ ਹੋ ਜਾਂਦੀ। ਅਜੇਹੀ ਔਖੀ ਪ੍ਰਕਿਰਿਆ ਨਿਭਾਹੁੰਣ ਵਾਲੇ ਨੂੰ ਗੁਰਬਾਣੀ ਸਿਰੇ
ਦਾ ਮੂੜ ਭਾਵ ਮੂਰਖ ਆਖਦੀ ਹੈ।
ਸ਼ਬਦ ਦੇ ਦੁਜੇ ਬੰਦ ਵਿੱਚ ਗੁਰਦੇਵ ਪਿਤਾ ਜੀ ਦਿਖਾਵੁੇ ਦੇ ਪਾਠ ਕਰਨ ਵਾਲਿਆਂ
ਦੀ ਸਾਰ ਪੈਂਦਿਆਂ ਫਰਮਾਇਆ ਹੈ ਕਿ ਇਹ ਸਾਰੀਆਂ ਭਟਕੀਆਂ ਹੋਈਆਂ ਰੂਹਾਂ ਹਨ—ਕਈ ਵਾਰੀ ਆਮ ਮੀਡੀਏ
ਵਿੱਚ ਨੰਗੇ ਸਾਧਾਂ ਨੂੰ ਬੜੀ ਬੇਸ਼੍ਰਮੀ ਨਾਲ ਸ਼ਹਿਰਾਂ ਵਿੱਚ ਘੁੰਮਦੇ ਦੇਖਦੇ ਹਾਂ ਤੇ ਓਦਾਂ ਦੇ
ਇਹਨਾਂ ਦੇ ਬੇ-ਸ਼ਰਮ ਲੋਕ ਇਹਨਾਂ ਦੀ ਪੂਜਾਂ ਕਰਦੇ ਦਿਖਾਈ ਦੇਂਦੇ ਨਜ਼ਰ ਆਉਂਦੇ ਹਨ।
ਸਿਮ੍ਰਿਤਿ ਸਾਸਤ੍ਰ ਕਰਹਿ ਵਖਿਆਣ।। ਨਾਦੀ ਬੇਦੀ ਪੜੑਹਿ ਪੁਰਾਣ।।
ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ।। ਤਿਨ ਕੈ ਰਮਈਆ ਨੇੜਿ ਨਾਹਿ।। ੨।।
ਕੇਵਲ ਦਿਖਾਵੇ ਦਾ ਸਿਮ੍ਰਿਤੀਆਂ ਸ਼ਾਸਤਰਾਂ ਦਾ ਪਾਠ ਪੜ੍ਹਨ ਦਾ ਤੋਤਾ ਰਟਨ
ਕਰਨ ਵਾਲੇ ਭਾਵ ਹੋਰਨਾਂ ਨੂੰ ਸਣਾਉਣ ਵਾਲੇ ਜੋਗੀ ਨਾਦ ਵਜਾਉਂਦੇ ਹਨ, ਪਰ ਇਹਨਾਂ ਸਾਰਿਆਂ ਧਰਮ ਦੀਆਂ
ਮਰਯਾਦਵਾਂ ਨਿਭਾਹੁੰਣ ਵਾਲਿਆਂ ਪ੍ਰਤੀ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਇਹਨਾਂ ਦੀ ਗੱਲ ਮੰਨਣੀ ਤਾਂ
ਇੱਕ ਪਾਸੇ ਰਹਿ ਗਈ ਇਹਨਾਂ ਦੇ ਕੋਲ ਭੁੱਲ ਕੇ ਵੀ ਨੇੜੇ ਨਹੀਂ ਜਾਣਾ ਚਾਹੀਦਾ।
ਗੁਰਦੇਵ ਪਿਤਾ ਜੀ ਅੱਜ ਤਾਂ ਸਿੱਖਾਂ ਵਿੱਚ ਇਹ ਬਿਮਾਰੀ ਬਹੁਤ ਜ਼ਿਆਦਾ ਹੋ ਗਈ
ਹੈ ਤੇ ਇਸ ਬਿਮਾਰੀ ਦੇ ਕਈ ਰੂਪ ਹੋ ਗਏ ਹਨ। ਅਖੰਡ ਪਾਠ ਲੜੀਆਂ, ਸੁਖਮਨੀ ਸਾਹਿਬ ਦੀਆਂ ਲੜੀਆਂ ਤੇ
ਇਸ ਤੋਂ ਇਲਾਵਾ ਨਵੀਂ ਕਿਸਮ ਦੇ ਰੂਪ ਵਿੱਚ ਸੰਪਟ ਪਾਠ ਨੇ ਜਨਮ ਲੈ ਲਿਆ ਹੈ। ਹੁਣ ਸੰਪਟ ਪਾਠ ਤੋਂ
ਅਗਾਂਹ ਮਹਾਂ ਸੰਪਟ ਪਾਠ ਨੂੰ ਦੀ ਮਹਾਨਤਾ ਤੇ ਉਸ ਦੇ ਫਲ਼ਾਂ ਦੀ ਪ੍ਰਾਪਤੀ ਨੂੰ ਲੈ ਕੇ ਸਿੱਖਾਂ ਵਿੱਚ
ਸਾਧਾਂ ਵਲੋਂ ਗਲਤ ਪ੍ਰੰਪਰਾਵਾਂ ਫੈਲਾਈਆਂ ਜਾ ਰਹੀਆਂ ਹਨ। ਪਾਠ ਕਰਨਾ ਕੋਈ ਮਾੜਾ ਕੰਮ ਨਹੀਂ ਹੈ
ਏੱਥੇ ਉਸ ਬਿਮਾਰੀ ਵਲ ਧਿਆਨ ਦਿਵਾਇਆ ਹੈ ਜਿਸ ਨਾਲ ਸਿੱਖ ਆਪ ਬਾਣੀ ਪੜ੍ਹਨੀ ਛੱਡ ਚੁੱਕੇ ਹਨ ਤੇ
ਠੇਕੇ `ਤੇ ਪਾਠ ਕਰਾ ਰਹੇ ਹਨ।
ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਜਿਹੜੇ ਲਾਲਚ ਵੱਸ ਲੋਕਾਂ ਨੂੰ ਪਾਠ
ਪੜ੍ਹ ਕੇ ਸਣਾਉਂਦੇ ਹਨ ਪਰ ਮਨ ਵਿੱਚ ਖੋਟ ਰੱਖਦੇ ਹਨ ਆਪ ਕੋਈ ਅਮਲ ਨਹੀਂ ਕਰਦੇ ਰੱਬ ਜੀ ਉਹਨਾਂ
ਬੰਦਿਆਂ ਦੇ ਨੇੜੇ ਕਦੇ ਵੀ ਰੱਬ ਨਹੀਂ ਹੁੰਦਾ ਹੈ। ਹੁਣ ਦੇਖੋ ਸਿੱਖਾਂ ਦਾ ਹਾਲ ਜਿਹੜੇ ਪਾਠ ਕਰਦੇ
ਹਨ ਲੋਕ ਉਹਨਾਂ ਪਾਸੋਂ ਅਰਦਾਸਾਂ ਕਰਾਉਂਦੇ ਹਨ ਕਿ ਸ਼ਾਇਦ ਇਹ ਬਾਣੀ ਪੜ੍ਹਦੇ ਹਨ ਤੇ ਰੱਬ ਇਹਨਾਂ ਦੇ
ਨੇੜੇ ਰਹਿੰਦਾ ਹੈ ਤੇ ਇਹ ਸਡਾ ਕੰਮ ਵੀ ਕਰਾ ਦੇਣਗੇ। ਇਹਨਾਂ ਤੁਕਾਂ ਤੋਂ ਇਹ ਸਮਝ ਵਿੱਚ ਆਉਂਦਾ ਹੈ
ਕਿ ਅੱਜ ਕਲ੍ਹ ਬਹੁਤ ਸਾਰੇ ਗਰਿਦੁਆਰਿਆਂ ਦਾ ਕੰਮ ਸਿਰਫ ਭਾੜੇ ਦੇ ਪਾਠ ਕਰਾਉਣਾ ਹੀ ਰਹਿ ਗਿਆ ਹੈ।
ਜੇ ਇਹ ਵਿਚਾਰ ਬ੍ਰਹਾਮਣ ਪੁਜਾਰੀ ਨੂੰ ਸਮਝਾਇਆ ਹੈ ਤਾਂ ਫਿਰ ਇਹ ਵਿਚਾਰ ਸਾਡੇ `ਤੇ ਵੀ ਲਾਗੂ ਹੁੰਦਾ
ਹੈ।
‘ਪਾਖੰਡ ਦ੍ਰਿਸਟਿ ਮਨਿ
ਕਪਟੁ ਕਮਾਹਿ।। ਤਿਨ ਕੈ ਰਮਈਆ ਨੇੜਿ ਨਾਹਿ`
ਇਹ ਵਿਚਾਰ ਨਾਲ ਪਰਬੰਧਕਾਂ ਤੇ ਪਾਠੀਆਂ ਉੱਤੇ
ਪੂਰੀ ਤਰ੍ਹਾਂ ਲਾਗੂ ਹੁੰਦਾ ਹੈ। ਸੰਗਤ ਵੀ ਭੁਲੇਖੇ ਵਿੱਚ ਹੈ ਕਿ ਸ਼ਾਇਦ ਸਾਡੀ ਕੋਈ ਮੁਰਾਦ ਪੂਰੀ ਹੋ
ਜਾਏਗੀ ਪਰ ਗੁਰਬਾਣੀ ਸਮਝਾ ਰਹੀ ਕਿ ਇਹ ਰੱਬ ਜੀ ਦੇ ਨੇੜੇ ਨਹੀਂ ਹਨ ਫਿਰ ਇਹਨਾਂ ਦੇ ਪਾਸ ਜਾਣ ਦੀ
ਸਾਨੂੰ ਕੋਈ ਲੋੜ ਨਹੀਂ ਹੈ। ਅਜੇਹੀ ਪਾਖੰਡੀ ਦ੍ਰਿਸ਼ਟੀ ਨਾਲ ਕਦੇ ਵੀ ਸਮਾਜ ਦਾ ਭਲਾ ਨਹੀਂ ਹੋ ਸਕਦਾ।
ਸ਼ਬਦ ਦੇ ਤੀਜੇ ਬੰਦ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ
ਜੇ ਕੋ ਐਸਾ ਸੰਜਮੀ ਹੋਇ।। ਕ੍ਰਿਆ ਵਿਸੇਖ ਪੂਜਾ ਕਰੇਇ।।
ਅੰਤਰਿ ਲੋਭੁ ਮਨੁ ਬਿਖਿਆ ਮਾਹਿ।। ਓਇ ਨਿਰੰਜਨੁ ਕੈਸੇ ਪਾਹਿ।। ੩।।
ਸਾਡੇ ਮੁਲਕ ਵਿੱਚ ਬਹੁਤ ਸਾਰੇ ਐਸੇ ਧਰਮੀ ਲੋਕ ਹਨ ਜਿਹੜੇ ਇਹ ਆਖਦੇ ਹਨ ਕਿ
ਅਸਾਂ ਨੇ ਆਪਣੀਆਂ ਇੰਦਰੀਆਂ `ਤੇ ਕਾਬੂ ਪਾਇਆ ਹੋਇਆ ਹੈ ਜਾਂ ਆਪਣੀਆਂ ਇੰਦਰੀਆਂ ਸੰਜਮ ਵਿੱਚ ਲਿਆਉਣ
ਦਾ ਯਤਨ ਅਰੰਭਿਆ ਹੋਇਆ ਹੈ, ਅਜੇਹੀ ਪ੍ਰਕਿਰਿਆ ਕਰਨ ਲਈ ਕਈ ਤਾਂ ਵਿਆਹ ਹੀ ਨਹੀਂ ਕਰਾਉਂਦੇ। ਬਾਹਰਲੇ
ਤਲ਼ `ਤੇ ਦੇਵਤਿਆਂ ਦੀ ਪੂਜਾ ਵੀ ਕਰਦੇ ਹਨ। ਅਜੇਹੇ ਲੋਕਾਂ ਦੇ ਮਨਾਂ ਵਿੱਚ ਲੋਭ ਦੀ ਲਹਿਰ ਹਰ ਵੇਲੇ
ਦੌੜਦੀ ਰਹਿੰਦੀ ਹੈ। ਮਾਇਕ ਪਦਾਰਥਾਂ ਦਾ ਮੋਹ ਹਮੇਸ਼ਾਂ ਬਣਿਆ ਰਹਿੰਦਾ ਹੈ। ਕੀ ਅਜੇਹੇ ਮਨੁੱਖ ਰੱਬ
ਜੀ ਦੀ ਪ੍ਰਾਪਤੀ ਕਰ ਸਕਦੇ ਹਨ?
ਹੁਣ ਇਸ ਵਿਚਾਰ ਨੂੰ ਅਸੀਂ ਆਪਣੇ `ਤੇ ਲਾਗੂ ਕਰਕੇ ਦੇਖਦੇ ਹਾਂ। ਅੱਜ
ਸਿੱਖਾਂ ਵਿੱਚ ਇਸ ਕਿਸਮ ਦੇ ਸਾਧ ਵੀ ਪੈਦਾ ਹੋ ਗਏ ਹਨ ਜਿਹੜੇ ਇਹ ਆਖਦੇ ਹਨ ਕਿ ਸਾਡੇ ਬਾਬਾ ਜੀ ਨੇ
ਵਿਆਹ ਨਹੀਂ ਕਰਾਇਆ। ਅਖੇ ਅਸੀਂ ਬਿਹੰਗਮ ਹੁੰਦੇ ਹਾਂ। ਅਜੇਹੇ ਭਾਊ ਹਿੰਦੂ ਦੇਵਤਿਆਂ ਦੀ ਪੂਜਾ
ਭਾਂਵੇਂ ਨਾ ਕਰਦੇ ਹੋਣ ਪਰ ਆਪਣੇ ਮਰ ਚੁੱਕੇ ਸਾਧਾਂ ਦੀਆਂ ਤਸਵੀਰਾਂ ਜ਼ਰੂਰ ਚੁੱਕੀ ਫਿਰਦੇ ਹਨ। ਅੱਜ
ਕਈ ਗੁਰਦੁਆਰਿਆਂ ਵਿੱਚ ਮਰਿਆਂ ਸਾਧਾਂ ਦੀ ਬੇਲੋੜੀਆਂ ਤਸਵੀਰਾਂ ਤੇ ਉਹਨਾਂ `ਤੇ ਪਏ ਹੋਏ ਰੁਮਾਲੇ ਆਮ
ਦੇਖੇ ਜਾ ਸਕਦੇ ਹਨ। ਦੇਵ ਪੂਜਾ ਦੀ ਥਾਂ `ਤੇ ਮਰਿਆਂ ਸਾਧਾਂ ਦੀਆਂ ਤਸਵੀਰਾਂ ਦਾ ਹੀ ਜਲੂਸ ਕੱਢੀ ਜਾ
ਰਹੇ ਹਨ। ਹੁਣ ਇਹ ਸਾਧ ਵਿਆਹ ਤਾਂ ਨਹੀਂ ਕਰਾਉਂਦੇ ਪਰ ਇਹਨਾਂ ਦੀਆਂ ਗੱਡੀਆਂ ਵੱਡ ਅਕਾਰੀ ਇਹਨਾਂ
ਦੀਆਂ ਰਿਹਾਇਸ਼ਾਂ ਬਿਨਾ ਪੈਸੇ ਦੇ ਨਹੀਂ ਬਣ ਸਕਦੀਆਂ। ਅਜੇ ਕਹਿੰਦੇ ਹਨ ਸਾਨੂੰ ਲਾਲਚ ਕੋਈ ਨਹੀਂ ਹੈ।
ਕਈ ਤੇ ਏਨੇ ਸੰਜਮੀ ਹਨ ਉਹ ਪਾਣੀ ਵਾਲਾ ਗੜਵਾ ਵੀ ਨਾਲ ਹੀ ਚੁੱਕੀ ਫਿਰਦੇ ਦੇਖੇ ਜਾ ਸਕਦੇ ਹਨ। ਗੁਰੂ
ਸਾਹਿਬ ਜੀ ਨੇ ਸਿੱਧਾ ਹੀ ਕਹਿ ਦਿੱਤਾ ਹੈ ਅਜੇਹੇ ਲੋਕ ਰੱਬ ਨੂੰ ਪ੍ਰਾਪਤ ਨਹੀਂ ਕਰ ਸਕਦੇ ਸਿਰਫ
ਹਨੇਰਾ ਹੀ ਢੋਅ ਰਹੇ ਹਨ।
ਸ਼ਬਦ ਦੇ ਚੌਥੇ ਬੰਦ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—
ਕੀਤਾ ਹੋਆ ਕਰੇ ਕਿਆ ਹੋਇ।। ਜਿਸ ਨੋ ਆਪਿ ਚਲਾਏ ਸੋਇ।।
ਨਦਰਿ ਕਰੇ ਤਾਂ ਭਰਮੁ ਚੁਕਾਏ।। ਹੁਕਮੈ ਬੂਝੈ ਤਾਂ ਸਾਚਾ ਪਾਏ।। ੪।।
ਇਸ ਬੰਦ ਵਿੱਚ ਸਮਝਾਇਆ ਗਿਆ ਹੈ ਕਿ ਰੱਬ ਜੀ ਦਾ ਹੁਕਮ ਇਕਸਾਰ ਚੱਲਦਾ ਹੈ ਇਸ
ਵਿੱਚ ਕਰਮ ਮਨੁੱਖ ਦਾ ਆਪਣਾ ਹੁੰਦਾ ਹੈ। ਇਸ ਵਿੱਚ ‘ਨਦਰਿ ਕਰੇ ਤਾਂ ਭਰਮੁ ਚੁਕਾਏ` ਦਾ ਭਾਵ ਅਰਥ ਹੈ
ਜੇ ਅਸੀਂ ਗੁਰ-ਗਿਆਨ ਨੂੰ ਸਮਝ ਲਈਏ ਤਾਂ ਸਾਡੇ ਮਨ ਵਿਚੋਂ ਭਰਮ ਵਹਿਮ ਦੂਰ ਹੋ ਜਾਏਗਾ। ਜਿਹੜਾ ਵੀ
ਹੁਕਮ ਨੂੰ ਸਮਝ ਲੈਂਦਾ ਹੈ ਭਾਵ ਸ਼ੁਭ ਗਿਆਨ ਨੂੰ ਧਾਰਨ ਕਰਦਾ ਹੈ ਉਹ ਸੱਚ ਨਾਲ ਜੁੜ ਜਾਂਦਾ ਹੈ। ਹਰ
ਕਰਮ ਉਸ ਦੇ ਹੁਕਮ ਵਿੱਚ ਹੋ ਰਿਹਾ ਹੈ ਤੇ ਉਸ ਦਾ ਫਲ਼ ਵੀ ਸਾਨੂੰ ਮਿਲ ਰਿਹਾ ਹੈ। ਗੱਲ ਹੈ ਸਮਝਣ ਦੀ
ਜਿਸ ਨੂੰ ਵਿਕਾਰਾਂ ਦੀ ਸਮਝ ਲੱਗ ਜਾਏਗੀ ਉਹ ਮੁੜ ਵਿਕਾਰਾਂ ਵਾਲੇ ਪਾਸੇ ਨਹੀਂ ਜਾਏਗਾ। ਅਸੀਂ ਬਹੁਤ
ਵੱਡੇ ਭਰਮ ਪਾਲ਼ੇ ਹੋਏ ਹਨ ਕਿ ਧਰਮ ਦੀਆਂ ਰੀਤੀਆਂ ਨਿਭਾਹੁੰਣ ਨਾਲ ਜ਼ਿੰਦਗੀ ਦਾ ਤੱਤ ਸਮਝ ਲਵਾਂਗੇ।
ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਜਿੰਨਾ ਚਿਰ ਤਕਨੀਕ ਨੂੰ ਨਹੀਂ ਬੁਝਦਾ ਉਹਨਾਂ ਚਿਰ ਕਿਸੇ ਵੀ
ਮੰਜ਼ਿਲ `ਤੇ ਨਹੀਂ ਪਹੁੰਚਿਆ ਜਾ ਸਕਦਾ। ਪਹਿਲਿਆਂ ਬੰਦਾ ਵਿੱਚ ਧਰਮ ਦੇ ਨਾਂ `ਤੇ ਕੀਤੇ ਜਾ ਰਹੇ
ਕਰਮ-ਕਾਂਡਾ ਸਬੰਧੀ ਸਮਝ ਆਉਂਦਾ ਹੈ ਕਿ ਇਹ ਨਿਰਾ ਭਰਮ ਹੀ ਪਾਲਿਆ ਜਾ ਰਿਹਾ ਹੈ ਜ਼ਿੰਦਗੀ ਦੀ ਅਸਲੀਅਤ
ਕੋਈ ਨਹੀਂ ਹੈ।
ਸ਼ਬਦ ਦੇ ਅਖੀਰਲੇ ਬੰਦ ਵਿੱਚ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ—
ਜਿਸੁ ਜੀਉ ਅੰਤਰੁ ਮੈਲਾ ਹੋਇ।। ਤੀਰਥ ਭਵੈ ਦਿਸੰਤਰ ਲੋਇ।।
ਨਾਨਕ ਮਿਲੀਐ ਸਤਿਗੁਰ ਸੰਗ।। ਤਉ ਭਵਜਲ ਕੇ ਤੂਟਸਿ ਬੰਧ।।
ਜਿਸ ਮਨੁੱਖ ਦੀ ਸੋਚ ਮਲੀਨ ਹੈ ਉਹ ਤੀਰਥਾਂ `ਤੇ ਜਾ ਕੇ ਇਸ਼ਨਾਨ ਕਰੇ ਤੇ ਕਹੇ
ਮੇਰੇ ਸਾਰੇ ਪਾਪ ਉਤਰ ਜਾਣਗੇ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ ਤੇ ਬਹੁਤ ਵੱਡਾ ਭਰਮ ਪਾਲ਼ ਰਿਹਾ
ਹੈ। ਸਾਡੇ ਮੁਲਕ ਅੰਦਰ ਕਈ ਪ੍ਰਕਾਰ ਦੇ ਸਾਧਾਂ ਦੀਆਂ ਸ਼੍ਰੇਣੀਆਂ ਦੇਖੀਆਂ ਜਾ ਸਕਦੀਆਂ ਹਨ। ਇੱਕ ਉਹ
ਸਾਧ ਵੀ ਹਨ ਜਿਹੜੇ ਧਾਰਮਿਕ ਅਸਥਾਨਾਂ ਦੀਆਂ ਯਾਤਰਾਵਾਂ ਹੀ ਕਰੀ ਜਾ ਰਹੇ। ਹੁਣ ਲਈਏ ਆਪਣੀ ਕੌਮ ਦੀ
ਕਹਾਣੀ ਕੀ ਇਹ ਤੀਰਥ ਯਾਤਰਾ `ਤੇ ਜ਼ੋਰ ਨਹੀਂ ਦੇ ਰਹੇ? ਜਿਉਂ ਹੀ ਮਈ ਸ਼ੁਰੂ ਹੁੰਦੀ ਹੈ ਹੇਮ ਕੁੰਟ ਦੀ
ਯਾਤਰਾ ਮਨੀ ਕਰਨ ਦੀ ਯਾਤਰਾ `ਤੇ ਬਹੁਤੇ ਸਿੱਖ ਜਾ ਹਰੇ ਹਨ। ਸਾਰੇ ਹੀ ਇਹ ਗੱਲ ਆਖਦੇ ਹਨ ਕਿ ਆਪਣਾ
ਜਨਮ ਸਫਲਾ ਕਰ ਲਓ। ਹੋਲੇ ਮਹੱਲੇ `ਤੇ ਬਹੁਤੇ ਵਡਭਾਗ ਸਿੰਘ ਦੇ ਡੇਰੇ `ਤੇ ਵੀ ਹਾਜ਼ਰੀ ਲਗਾਉਣਾ ਨਹੀਂ
ਭੁੱਲਦੇ। ਗੁਰਧਾਮਾਂ ਤੋਂ ਕੁੱਝ ਜਾਣਕਾਰੀ ਹਾਸਲ ਕਰਨੀ ਕੋਈ ਮਾੜੀ ਗੱਲ ਨਹੀਂ ਹੈ ਪਰ ਸਾਡੇ ਤਾਂ
ਪੂਰਾ ਲਾਲਚ ਦੇ ਰਹੇ ਹਨ ਕਿ ਫਲਾਣੇ ਡੇਰੇ ਦੀ ਯਾਤਰਾ ਕਰਨ ਨਾਲ ਸਾਡੇ ਸਾਰੇ ਕਾਰਜ ਰਾਸ ਹੋ ਜਾਣਗੇ।
ਸੰਸਾਰ ਰੂਪੀ ਭਵਸਾਗਰ ਤੋਂ ਤਰਨ ਲਈ ਜੁਗਤੀ ਦੀ ਲੋੜ ਹੈ। ਇਹ ਜੁਗਤੀ ਗੁਰ-ਗਿਆਨ ਵਿਚੋਂ ਮਿਲਣੀ ਹੈ।
ਇਸ ਸ਼ਬਦ ਵਿੱਚ ਗੁਰਦੇਵ ਪਿਤਾ ਜੀ ਨੇ ਸਮਝਾਇਆ ਹੈ ਕਿ ਧਰਮ ਦੇ ਨਾਂ `ਤੇ
ਕੀਤੇ ਜਾ ਰਹੇ ਕਰਮ ਕਾਂਡਾਂ ਨਾਲ ਕਦੇ ਵੀ ਜ਼ਿੰਦਗੀ ਵਿੱਚ ਸੋਝੀ ਨਹੀਂ ਆ ਸਕਦੀ। ਸਫਲ ਇਨਸਾਨ ਬਣਨ ਲਈ
ਸੱਚੇ ਗਿਆਨ ਨੂੰ ਜੀਵਨ ਵਿੱਚ ਧਾਰਨ ਕਰਨਾ ਪਏਗਾ।
ਮੁਕਦੀ ਗੱਲ ਕਿ ਜਿੰਨਾ ਕਰਮ ਕਾਂਡਾ ਨੂੰ ਗੁਰਬਾਣੀ ਨੇ ਨਿਕਾਰਿਆ ਹੈ ਉਹ
ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਕਰ ਰਹੇ ਹਾਂ ਕਾਸ਼ ਜੇ ਗੁਰਬਾਣੀ ਨੂੰ ਸਮਝ ਕੇ
ਆਪਣੇ ਜੀਵਨ ਵਿੱਚ ਧਾਰਨ ਕਰਨ ਦਾ ਯਤਨ ਕਰੀਏ ਅਸੀਂ ਸਹਿਜ ਅਵਸਥਾ ਵਿੱਚ ਵਿਚਰ ਸਕਦੇ ਹਾਂ।