ੴਸਤਿਗੁਰਪ੍ਰਸਾਦਿ।।
ਦਾਮਨੀ ਕਾਂਡ ਤੋਂ ਤਿੰਨ ਸਾਲ ਬਾਅਦ?
ਵਹਿਸ਼ਤ, ਦਹਿਸ਼ਤ ਅਤੇ ਦਰਿੰਦਗੀ
ਭਰਿਆ ਦਾਮਨੀ ਕਾਂਡ ਵਾਪਰਿਆਂ ਤਿੰਨ ਸਾਲ ਤੋਂ ਵਧੇਰੇ ਸਮਾਂ ਬੀਤ ਗਿਆ ਹੈ। ਭਾਵੇਂ ਬਲਾਤਕਾਰ ਮਨੁੱਖੀ
ਸਮਾਜ ਵਿੱਚ ਕੋਈ ਨਵੀਂ ਗੱਲ ਨਹੀਂ, ਪਰ ਜਿਸ ਤਰ੍ਹਾਂ ਨਾਲ ਇਹ ਗੈਰ ਮਨੁੱਖੀ ਅਤੇ ਗੈਰ ਇਖਲਾਕੀ ਕਾਰਾ
ਕੀਤਾ ਗਿਆ, ਉਹ ਇਸ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਅਤੇ ਆਚਰਣ ਵਿੱਚ ਆ ਰਹੀ ਗਿਰਾਵਟ ਦਾ ਇੱਕ ਸਪੱਸ਼ਟ
ਪਰ ਅਤਿ ਦੁੱਖਦਾਈ ਪ੍ਰਮਾਣ ਹੈ।
ਇਸ ਕਾਂਡ ਤੋਂ ਬਾਅਦ ਦੇਸ਼ ਦੇ ਲੋਕਾਂ ਵਿੱਚ ਇੱਕ ਨਵਾਂ ਰੋਸ ਅਤੇ ਜੋਸ਼ ਜਾਗਿਆ, ਵੱਡੇ ਰੋਸ ਵਿਖਾਵੇ
ਹੋਏ, ਮਾਰਚ ਕੱਢੇ ਗਏ, ਸਿਰਫ ਦਿੱਲੀ ਹੀ ਨਹੀਂ ਸਾਰੇ ਦੇਸ਼ ਵਿੱਚ ਇੱਕ ਹਨੇਰੀ ਜਿਹੀ ਝੁੱਲ ਪਈ।
ਵੱਡੀਆਂ ਚਰਚਾਵਾਂ ਚਲੀਆਂ, ਵਿਚਾਰ ਗੋਸ਼ਟੀਆਂ ਹੋਈਆਂ, ਦਰਸ਼ਨੀ ਮੀਡੀਏ ਤੇ ਉਘੇ ਵਿਦਵਾਨਾਂ ਅਤੇ
ਕਾਨੂੰਨਦਾਨਾਂ ਦੇ ਵਿਚਾਰ ਸੁਣਨ ਨੂੰ ਮਿਲੇ। ਨਵੇਂ ਕਰੜੇ ਕਾਨੂੰਨ ਬਣੇ। ਉਸ ਸਭ ਤੋਂ ਜਾਪਦਾ ਸੀ ਕਿ
ਇਸ ਪੱਖੋਂ ਦੇਸ਼ ਵਿੱਚ ਕੋਈ ਇਨਕਾਲਾਬੀ ਤਬਦੀਲੀ ਆਉਣ ਵਾਲੀ ਹੈ, ਹੁਣ ਦੇਸ਼ ਵਿੱਚ ਕਿਸੇ ਬੱਚੀ ਦੀ ਪੱਤ
ਨਹੀਂ ਰੋਲੀ ਜਾਵੇਗੀ।
ਅੱਜ ਤਿੰਨ ਸਾਲ ਬੀਤ ਜਾਣ ਤੇ ਸਵੈ ਪੜਚੋਲ ਕਰਨ ਦੀ ਲੋੜ ਹੈ ਕਿ ਅੱਜ ਦੇਸ਼ ਕਿਥੇ ਖੜਾ ਹੈ? ਜੇ ਪੁਲੀਸ
ਕੋਲ ਦਰਜ ਹੋਏ ਕੇਸਾਂ ਦੀ ਗੱਲ ਕਰੀਏ ਤਾਂ ਇਹ ਆਂਕੜੇ ਤਾਂ ਤਕਰੀਬਨ ਦੁਗਣੇ ਤੋਂ ਵਧੇਰੇ ਹੋ ਗਏ ਹਨ।
ਇਥੇ ਇੱਕ ਦਲੀਲ ਦਿੱਤੀ ਜਾਂਦੀ ਹੈ ਕਿ ਪਹਿਲਾਂ ਬਹੁਤੇ ਕੇਸ ਪੁਲੀਸ ਕੋਲ ਪਹੁੰਚਦੇ ਹੀ ਨਹੀਂ ਸਨ,
ਹੁਣ ਲੋਕਾਂ ਦਾ ਹੌਂਸਲਾ ਵਧਿਆ ਹੈ ਅਤੇ ਵਧੇਰੇ ਲੋਕ ਜੁਰਅਤ ਕਰ ਕੇ ਸਾਮ੍ਹਣੇ ਆਉਣੇ ਸ਼ੁਰੂ ਹੋਏ ਹਨ।
ਇਹ ਗੱਲ ਕੁੱਝ ਹੱਦ ਤੱਕ ਸੱਚ ਵੀ ਜਾਪਦੀ ਹੈ ਪਰ ਇਹ ਸਮਝਣਾ ਕਿ ਹੁਣ ਸਾਰੇ ਕੇਸ ਸਾਮ੍ਹਣੇ ਆਉਣ ਲੱਗ
ਪਏ ਹਨ ਵੀ ਬਿਲਕੁਲ ਗਲਤ ਹੋਵੇਗਾ। ਇਸ ਦਾ ਮੂਲ ਕਾਰਨ ਇਹ ਹੈ ਕਿ ਸਾਡੇ ਸਮਾਜ ਵਿੱਚ ਅੱਜ ਵੀ ਜਿਨਸੀ
ਸੋਸ਼ਣ ਦੀ ਪੀੜਤ ਬੱਚੀ ਨੂੰ ਇਜ਼ਤ ਜਾਂ ਹਮਦਰਦੀ ਦੀ ਨਜ਼ਰ ਨਾਲ ਨਹੀਂ ਬਲਕਿ ਨਫਰਤ ਨਾਲ ਵੇਖਿਆ ਜਾਂਦਾ
ਹੈ, ਉਹ ਇਕੱਲੀ ਹੀ ਇਹ ਸੰਤਾਪ ਨਹੀਂ ਭੋਗਦੀ ਸਗੋਂ ਉਸ ਦਾ ਪਰਿਵਾਰ ਵੀ ਸ਼ਰਮ ਨਾਲ, ਜਿਉਂਦਾ ਹੀ ਮਰ
ਜਾਂਦਾ ਹੈ। ਉਸ ਤੋਂ ਵੀ ਉਪਰ ਅਜੇ ਵੀ ਬਹੁਤੀ ਜਗ੍ਹਾ ਤੇ ਪੁਲੀਸ ਦਾ ਰਵੱਈਆ ਸੁਧਰਿਆ ਨਹੀਂ, ਅਜ ਵੀ
ਐਸੀਆਂ ਪੀੜਤ ਬੱਚੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਥਾਣਿਆਂ ਵਿੱਚ ਜ਼ਲੀਲ ਕੀਤਾ ਜਾਂਦਾ ਹੈ।
ਜਿਵੇਂ ਅੱਜ ਵੀ ਅਖਬਾਰਾਂ ਦੀਆਂ ਸੁਰਖੀਆਂ ਨਿੱਤ ਐਸੀਆਂ ਨਵੀਆਂ ਦੁੱਖਦਾਈ ਖ਼ਬਰਾਂ ਨਾਲ ਭਰੀਆਂ
ਹੁੰਦੀਆਂ ਹਨ, ਇਹ ਬਿਲਕੁਲ ਨਹੀਂ ਜਾਪਦਾ ਕਿ ਇਨ੍ਹਾਂ ਨੀਚ ਕਰਮਾਂ ਨੂੰ ਕੋਈ ਮਾੜੀ ਜਿਹੀ ਵੀ ਠੱਲ ਪਈ
ਹੈ।
ਬੇਸ਼ਕ ਇਹ ਗੱਲ ਠੀਕ ਹੈ ਕਿ ਇਸ ਦੁੱਖਦਾਈ ਕਾਂਡ ਨਾਲ ਦੇਸ਼ ਦੇ ਕੁੱਝ ਸੂਝਵਾਨ ਲੋਕਾਂ ਅੰਦਰ ਇੱਕ ਨਵੀਂ
ਸੋਚ ਪੈਦਾ ਹੋਈ ਹੈ ਕਿ ਇਨ੍ਹਾਂ ਪਾਪਾਂ ਨੂੰ ਲੁਕਾਉਣ ਨਾਲ ਇਨ੍ਹਾਂ ਵਿੱਚ ਸਗੋਂ ਵਾਧਾ ਹੁੰਦਾ ਹੈ,
ਇਸ ਲਈ ਇਨ੍ਹਾਂ ਨੂੰ ਜਨਤਕ ਕਰਨਾ ਜ਼ਰੂਰੀ ਹੈ। ਕਰੜੇ ਕਾਨੂੰਨਾਂ ਨਾਲ ਕੁੱਝ ਹੱਦ ਤੱਕ ਇਹ ਵਿਸ਼ਵਾਸ ਵੀ
ਜਾਗਿਆ ਹੈ ਕਿ ਹੁਣ ਗੁਨਹਗਾਰ ਸੌਖੇ ਨਹੀ ਬੱਚ ਸਕਣਗੇ। ਇਸ ਪੱਖੋਂ ਦਾਮਿਨੀ ਕਾਂਡ ਦੇ ਗੁਨਾਹਗਾਰਾਂ
ਨੂੰ ਮਿਲੀ ਸਜਾ ਨੇ ਲੋਕਾਂ ਵਿੱਚ ਵਿਸ਼ਵਾਸ ਹੋਰ ਵੀ ਪੱਕਾ ਕੀਤਾ ਹੈ। ਇਸ ਦੁਖਾਂਤ ਦੇ ਵਾਪਰਨ ਤੋਂ
ਬਾਅਦ ਪਹਿਲੇ ਪਹਿਲੇ, ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿੱਚ, ਕੁੱਝ ਹੋਰ ਕੇਸਾਂ ਵਿੱਚ, ਨਿਆਂ
ਪ੍ਰਨਾਲੀ ਨੇ ਗੁਨਾਹਗਾਰਾਂ ਨੂੰ ਕੁੱਝ ਦਿਨਾਂ ਵਿੱਚ ਹੀ ਕਰੜੀਆਂ ਸਜ਼ਾਵਾਂ ਸੁਣਾ ਕੇ ਜਿਥੇ ਭਾਰਤੀ
ਨਿਆਂ ਪ੍ਰਨਾਲੀ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੋੜਿਆ ਸੀ ਨਾਲ ਹੀ ਸਮਾਜ ਵਿੱਚ ਇਹ ਪ੍ਰਭਾਵ
ਵੀ ਦਿੱਤਾ ਸੀ ਕਿ ਨਿਆਂ ਪ੍ਰਨਾਲੀ ਨੇ ਇਸ ਸਮਾਜਿਕ ਗਿਰਾਵਟ ਅਤੇ ਔਰਤ ਖ਼ਿਲਾਫ ਜੁਰਮ ਦੀ ਗੰਭੀਰਤਾ
ਨੂੰ ਸਮਝ ਲਿਆ ਹੈ। ਪਰ ਜਿਵੇਂ ਇਸ ਦੇਸ਼ ਵਿੱਚ ਅਕਸਰ ਹੁੰਦਾ ਹੈ ਕਿ ਜੋਸ਼ ਕੁੱਝ ਦਿਨਾਂ ਵਿੱਚ ਠੰਡਾ
ਪੈ ਜਾਂਦਾ ਹੈ, ਦਿਨਾਂ ਵਿੱਚ ਸਭ ਕੁੱਝ ਭੁੱਲ ਭੁਲਾ ਕੇ ਗੱਡੀ ਮੁੜ ਉਸੇ ਰਾਹ ਅਤੇ ਰਫਤਾਰ ਨਾਲ ਤੁਰਨ
ਲੱਗ ਪੈਂਦੀ ਹੈ। ਅਜ ਭਾਰਤੀ ਅਦਾਲਤਾਂ ਵਿੱਚ ਇਹ ਔਰਤਾਂ ਖਿਲਾਫ ਜ਼ੁਲਮ ਦੇ ਕੇਸ ਫਿਰ ਉਸੇ ਕੱਛੂਕੁੰਮੇ
ਦੀ ਰਫਤਾਰ ਨਾਲ ਚਲ ਰਹੇ ਬਾਕੀ ਕੇਸਾਂ ਦੀ ਲਾਈਨ ਵਿੱਚ ਖੜੇ ਹਨ।
ਹੋਰ ਤਾਂ ਹੋਰ ਅਸਲ ਮੁੱਦਾ ਫੇਰ ਉੱਥੇ ਦਾ ਉੱਥੇ ਹੀ ਹੈ ਕਿ ਇਹ ਸਭ ਕੁੱਝ ਹੋਣ ਦੇ ਬਾਵਜੂਦ, ਤਿੰਨ
ਸਾਲ ਬੀਤਣ ਤੋਂ ਬਾਅਦ ਵੀ ਇਨ੍ਹਾਂ ਬਲਾਤਕਾਰ ਦੇ ਗੁਨਾਹਾਂ ਦੀ ਗਿਣਤੀ ਵਿੱਚ ਕੋਈ ਕਮੀ ਆਈ ਮਹਿਸੂਸ
ਨਹੀਂ ਹੁੰਦੀ। ਬਲਾਤਕਾਰ, ਸਮੂਹਿਕ ਬਲਾਤਕਾਰ, ਇਥੋਂ ਤੱਕ ਕਿ ਨਿੱਕੀਆਂ ਨਿੱਕੀਆਂ ਮਾਸੂਮ ਬਾਲੜੀਆਂ
ਨਾਲ ਬਲਾਤਕਾਰ ਅਤੇ ਉਸ ਤੋਂ ਬਾਅਦ ਕਤਲ ਦੀਆਂ ਵਹਿਸ਼ਿਆਨਾ ਖ਼ਬਰਾਂ ਰੋਜ਼ ਆ ਰਹੀਆਂ ਹਨ। ਇਸ ਤੋਂ ਇੱਕ
ਗੱਲ ਤਾਂ ਸਪੱਸ਼ਟ ਹੈ ਕਿ ਇਹ ਕੇਵਲ ਕਾਨੂੰਨ ਅਤੇ ਨਿਆਂ ਵਿਵਸਥਾ ਦੀ ਸਮੱਸਿਆ ਨਹੀਂ ਹੈ, ਬਲਕਿ ਲੋਕਾਂ
ਦੀ ਮਾਨਸਿਕਤਾ ਭ੍ਰਿਸ਼ਟ ਹੋ ਗਈ ਹੈ। ਗਿਰਾਵਟ ਇਥੋਂ ਤੱਕ ਆਈ ਹੈ ਕਿ ਨਾ ਠੀਕ ਗਲਤ ਦੀ ਪਛਾਣ ਰਹੀ ਹੈ,
ਨਾ ਮਾਣ ਸਨਮਾਨ ਦੀ ਫਿਕਰ ਅਤੇ ਨਾ ਕਾਨੂੰਨ ਦਾ ਡਰ। ਹੁਣ ਇਲਾਜ ਤਾਂ ਉਸੇ ਮੁਤਾਬਕ ਹੋਣਾ ਚਾਹੀਦਾ ਹੈ
ਜੈਸਾ ਰੋਗ ਹੋਵੇ। ਜਿਥੇ ਪਹਿਲਾਂ ਰੋਗ ਦੀ ਸਹੀ ਪਹਿਚਾਣ ਹੋਣੀ ਜ਼ਰੂਰੀ ਹੈ, ਉਥੇ ਸਹੀ ਇਲਾਜ ਲੱਭਣਾ
ਵੀ ਲਾਜ਼ਮੀ ਹੈ। ਪਾਵਨ ਗੁਰਬਾਣੀ ਦਾ ਵੀ ਫੁਰਮਾਣ ਹੈ:
“ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ।। “ (ਮਹਲਾ ੨, ਪੰਨਾ ੧੪੮)
“ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ।। ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ।।
“ (ਮਃ ੨, ਪੰਨਾ ੧੨੭੯)
ਜੇ ਸਮਾਜ ਮਾਨਸਿਕ ਤੌਰ ਤੇ ਰੋਗੀ ਹੋ ਗਿਆ ਹੈ ਤਾਂ ਇਲਾਜ ਵੀ ਸਮਾਜ ਦੀ ਇਸੇ ਮਾਨਸਿਕਤਾ ਦਾ
ਹੋਣਾ ਚਾਹੀਦਾ ਹੈ। ਮਾਨਸਿਕਤਾ ਦਾ ਬਹੁਤਾ ਵਿਕਾਸ ਬਚਪਨ ਵਿੱਚ ਹੁੰਦਾ ਹੈ ਇਸ ਲਈ ਸ਼ੁਰੂਆਤ ਵੀ ਉਥੋਂ
ਹੀ ਕਰਨ ਦੀ ਲੋੜ ਹੈ। ਮੈਨੁੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਅਸੀਂ ਸਕੂਲ ਪੜ੍ਹਦੇ ਸਾਂ ਸਾਡਾ ਇੱਕ
ਵਿਸ਼ਾ ਸਮਾਜਿਕ ਗਿਆਨ (Moral Science)
ਦਾ ਹੁੰਦਾ ਸੀ, ਜਿਸ ਵਿੱਚ ਨੈਤਿਕਤਾ ਅਤੇ ਸਮਾਜਿਕ ਨੇਮਾਂ ਦੀਆਂ ਗੱਲਾਂ ਦ੍ਰਿੜ ਕਰਾਈਆਂ ਜਾਂਦੀਆਂ
ਸਨ। ਮਾਂ ਬਾਪ ਦਾ ਸਤਿਕਾਰ ਅਤੇ ਸੇਵਾ ਕਰਨੀ, ਔਰਤਾਂ ਅਤੇ ਬਜ਼ੁਰਗਾਂ ਦਾ ਸਤਿਕਾਰ, ਸੜਕ ਤੇ ਚਲਣ ਦੇ
ਨੇਮਾਂ ਸਮੇਤ ਸਾਰੀਆਂ ਸਮਾਜਿਕ ਨੇਮਾਂ ਦੀਆਂ ਅਤੇ ਸੰਸਕਾਰੀ ਗੱਲਾਂ ਸਿਖਾਈਆਂ ਜਾਂਦੀਆਂ, ਜੋ ਬਚਪਨ
ਤੋਂ ਬੱਚੇ ਦੇ ਅਨਭੋਲ ਮਨ ਤੇ ਅੰਕਤ ਹੋ ਜਾਂਦੀਆਂ ਅਤੇ ਸਾਰੀ ਜ਼ਿੰਦਗੀ ਉਸ ਨੂੰ ਇੱਕ ਚੰਗਾ ਮਨੁੱਖ ਬਣ
ਕੇ ਸਮਾਜ ਵਿੱਚ ਵਿਚਰਨ ਵਿੱਚ ਸਹਾਈ ਹੁੰਦੀਆਂ। ਵੈਸੇ ਤਾਂ ਸਮਾਜਿਕ ਮਾਹੌਲ ਬਦਲਣ ਨਾਲ ਪ੍ਰਭਾਵ ਸਾਰੇ
ਸਮਾਜ ਤੇ ਪੈਂਦਾ ਹੈ, ਸਮਾਜ ਵਿੱਚ ਵਿੱਚਰ ਰਿਹਾ ਕੋਈ ਵੀ ਮਨੁੱਖ ਇਸ ਤੋਂ ਪੂਰੀ ਤਰ੍ਹਾਂ ਅਛੂਤਾ
ਨਹੀਂ ਰਹਿ ਸਕਦਾ ਪਰ ਉਸੇ ਸਿਖਿਆ ਦਾ ਕੁੱਝ ਅਸਰ ਅੱਜ ਵੀ ਕੁੱਝ ਵਡੇਰੀ ਉਮਰ ਦੇ ਮਨੁੱਖਾਂ ਵਿੱਚ
ਵੇਖਣ ਨੂੰ ਮਿਲ ਜਾਂਦਾ ਹੈ। ਪਤਾ ਨਹੀਂ ਉਸ ਸਭ ਤੋਂ ਜ਼ਰੂਰੀ ਵਿਸ਼ੇ ਨੂੰ ਗੈਰ ਜ਼ਰੂਰੀ ਸਮਝ ਕੇ ਕਿਉਂ
ਖਤਮ ਕਰ ਦਿੱਤਾ ਗਿਆ? ਅੱਜ ਸਮਾਜ ਵਿੱਚ ਆਈ ਵੱਡੀ ਗਿਰਾਵਟ ਦੇ ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ ਇਹ
ਵੀ ਹੈ ਕਿ ਅਜ ਦੀ ਵਿਦਿਆ ਡਾਕਟਰ ਬਣਨਾ, ਇੰਜੀਨੀਅਰ ਜਾਂ ਹੋਰ ਕੋਈ ਵੱਡਾ ਅਧਿਕਾਰੀ ਜਾਂ ਕਾਰੋਬਾਰੀ
ਬਣਨਾ ਤਾਂ ਸਿੱਖਾ ਰਹੀ ਹੈ ਪਰ ਚੰਗਾ ਮਨੁੱਖ ਬਣਨਾ ਨਹੀਂ ਸਿੱਖਾ ਰਹੀ। ਹੋਰ ਤਾਂ ਹੋਰ ਕੁੱਝ ਜ਼ਰੂਰੀ
ਸਮਾਜਿਕ ਨੇਮ ਜੋ ਹਰ ਨਿਰੋਈ ਸਮਾਜਿਕ ਬਣਤਰ ਅਤੇ ਸਮਾਜਿਕ ਵਿਵਸਥਾ ਬਣਾ ਕੇ ਰਖਣ ਵਾਸਤੇ ਜ਼ਰੂਰੀ ਹਨ,
ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਦੇਂਦੀ। ਸੜਕ ਤੇ ਚਲਦੀਆਂ ਗੱਡੀਆਂ ਵੱਲ ਵੇਖ ਲਓ, ਸ਼ਾਇਦ ਅੱਧੇ
ਤੋਂ ਵੱਧ ਡਰਾਈਵਰਾਂ ਨੂੰ ਤਾਂ ਇਹੀ ਨਹੀਂ ਪਤਾ ਹੋਣਾ ਕਿ ਭਾਰਤ ਵਿੱਚ ਖਬੇ ਪਾਸੇ ਚਲਣ ਦਾ ਨੇਮ ਹੈ
ਅਤੇ ਇਸ ਨੇਮ ਅਨੁਸਾਰ ਗੱਡੀ ਅਗੇ ਟਪਾਉਣ ਲੱਗਿਆਂ ਅਗਲੀ ਗੱਡੀ ਦੇ ਸਜੇ ਪਾਸਿਉਂ ਲੰਘਣਾ ਚਾਹੀਦਾ ਹੈ
ਅਤੇ ਨਾ ਅੱਗੇ ਵਾਲੀ ਗੱਡੀ ਵਾਲੇ ਨੂੰ ਪਤਾ ਹੈ ਕਿ ਪਿੱਛੇ ਵਾਲੇ ਨੂੰ ਆਪਣੇ ਸੱਜੇ ਪਾਸਿਉਂ ਰਾਹ
ਦੇਣਾ ਹੈ। ਗਲੀ, ਮੁਹੱਲੇ ਜਾਂ ਮਾਰਕੀਟ ਵਿੱਚ ਕਾਰ ਆਦਿ ਖੜੀ ਕਰਨ ਵੇਲੇ ਵਰਤੀ ਜਾ ਰਹੀ ਲਾਪਰਵਾਹੀ
ਕਾਰਨ ਰੋਜ਼ ਕਿਤਨੇ ਝਗੜੇ ਹੁੰਦੇ ਹਨ। ਕਿਸੇ ਬੱਸ ਜਾਂ ਰੇਲ ਗੱਡੀ ਵਿੱਚ ਕੋਈ ਬਜ਼ੁਰਗ ਤਾਂ ਭਾਵੇਂ ਔਰਤ
ਨੂੰ ਸੀਟ ਦੇਣ ਵਾਸਤੇ ਉਠ ਪਵੇ ਪਰ ਅਜ ਦੇ ਬਹੁਤੇ ਨੌਜੁਆਨ ਤਾਂ ਬਜ਼ੁਰਗਾਂ ਅਤੇ ਔਰਤਾਂ ਵਾਸਤੇ
ਰਾਖਵੀਆਂ ਸੀਟਾਂ ਤੋਂ ਵੀ ਉਠਣ ਵਿੱਚ ਔਖਿਆਈ ਮਹਿਸੂਸ ਕਰਦੇ ਹਨ, ਹਾਂ ਬੱਸ ਜਾਂ ਰੇਲ ਵਿੱਚ ਸਫਰ ਕਰ
ਰਹੀਂ ਔਰਤ ਨੂੰ ਪ੍ਰੇਸ਼ਾਨ ਕਰਨ ਵਾਲੇ ਅਨੇਕ ਮਿਲ ਜਾਣਗੇ। ਉਨ੍ਹਾਂ ਨੂੰ ਕਦੇ ਅਹਿਸਾਸ ਵੀ ਨਹੀਂ ਹੋਇਆ
ਹੋਵੇਗਾ ਕਿ ਉਨ੍ਹਾਂ ਦੀ ਇਸ ਘਟੀਆ ਹਰਕਤ ਨਾਲ ਉਹ ਔਰਤ ਕਿਸ ਮਾਨਸਿਕ ਪੀੜਾ ਵਿੱਚੋਂ ਲੰਘ ਰਹੀ
ਹੋਵੇਗੀ। ਗਿਰਾਵਟ ਦਾ ਪੱਧਰ ਇਹ ਹੈ ਕਿ ਜਿਨ੍ਹਾਂ ਦੇ ਆਪਣੇ ਘਰ ਜੁਆਨ ਧੀਆਂ ਭੈਣਾਂ ਹਨ, ਉਨ੍ਹਾਂ
ਨੂੰ ਵੀ ਇਹ ਖਿਆਲ ਨਹੀਂ ਆਉਂਦਾ ਕਿ ਹੋ ਸਕਦਾ ਹੈ ਕਿਸੇ ਦੂਸਰੀ ਜਗ੍ਹਾ ਤੇ ਉਨ੍ਹਾਂ ਦੀ ਧੀ ਭੈਣ ਵੀ
ਇਹੀ ਸੰਤਾਪ ਭੋਗ ਰਹੀ ਹੋਵੇ। ਨੈਤਿਕਤਾ ਦਾ ਇਹ ਸਭ ਤੋਂ ਜ਼ਰੁਰੀ ਪਾਠ ਨਾ ਅਜ ਘਰ ਵਿੱਚੋਂ ਮਿਲ ਰਿਹਾ
ਹੈ ਅਤੇ ਨਾ ਸਕੂਲ ਤੋਂ।
ਇਸ ਤੋਂ ਵੀ ਵੱਡੀ ਦੁੱਖਦਾਈ ਗੱਲ ਇਹ ਹੈ ਕਿ ਭਾਰਤ ਨੂੰ ਆਜ਼ਾਦ ਹੋਇਆਂ ੬੮ ਸਾਲ ਤੋਂ ਵਧੇਰੇ ਹੋ ਗਏ
ਹਨ ਪਰ ਅੱਜ ਵੀ ਦੇਸ਼ ਦੀ ਨਵੀਂ ਪਨੀਰੀ ਦਾ ਤਕਰੀਬਨ ਤੀਜਾ ਹਿੱਸਾ ਯੋਗ ਵਿਦਿਆ ਤੋਂ ਵਾਂਝਾ ਹੈ।
ਸਰਕਾਰ ਇਸ ਪੱਖੋਂ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ ਨਤੀਜੇ ਵਜੋਂ ਵਿੱਦਿਆ ਵਰਗਾ ਪਵਿੱਤਰ ਸਮਾਜ ਸੇਵਾ
ਦਾ ਕੰਮ ਧਨਾਢ ਅਤੇ ਸੁਆਰਥੀ ਲੋਕਾਂ ਵਾਸਤੇ ਵੱਡੇ ਵਪਾਰ ਦਾ ਸਾਧਨ ਬਣ ਗਿਆ ਹੈ। ਉਨ੍ਹਾਂ ਦੀ ਵਪਾਰੀ
ਵਿੱਦਿਆ ਤਾਂ ਵੈਸੇ ਹੀ ਆਮ ਮਨੁੱਖ ਦੀ ਪਹੁੰਚ ਤੋਂ ਬਹੁਤ ਬਾਹਰ ਹੈ। ਜਿਸ ਦੇਸ਼ ਵਿੱਚ ਇਹ ਹਾਲਾਤ
ਹੋਣ, ਸੁਭਾਵਕ ਹੀ ਉਥੇ ਦੀ ਜੁਆਨੀ ਦਾ ਇੱਕ ਵੱਡਾ ਹਿੱਸਾ ਗਵਾਰ, ਨਸ਼ੇੜੀ ਅਤੇ ਵਿਹਲੜ ਹੋਵੇਗਾ ਅਤੇ
ਐਸੀ ਗੈਰਜੁਮੇਂਵਾਰ ਜੁਆਨੀ ਨੇ ਹੋਰ ਭਲਾ ਕੀ ਕਰਮ ਕਰਨੇ ਹਨ? ਇਸ ਤੋਂ ਇਹ ਭਾਵ ਬਿਲਕੁਲ ਨਹੀਂ ਕਿ
ਪੜ੍ਹੇ ਲਿਖੇ ਇਹ ਕੁਕਰਮ ਨਹੀਂ ਕਰ ਰਹੇ, ਦੇਸ਼ ਵਿੱਚ ਪ੍ਰਫੁਲਤ ਹੋਈ ਘਟੀਆ ਮਾਨਸਿਕਤਾ ਤੋਂ ਕੋਈ
ਵਿਰਲੇ ਹੀ ਬੱਚ ਪਾਏ ਹਨ, ਪਰ ਬੇਸ਼ਕ ਬਹੁਗਿਣਤੀ ਅਨਪੜ੍ਹ ਜਾਂ ਨੀਮ ਪੜ੍ਹੇ ਲੋਕਾਂ ਦੀ ਹੈ।
ਇਸ ਲਈ ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਰੂਰੀ ਤਾਂ ਇਹ ਹੈ ਕਿ ਪੜ੍ਹਾਈ ਸਭ ਦੇ ਵਾਸਤੇ ਜ਼ਰੂਰੀ ਅਤੇ
ਯਕੀਨੀ ਬਣਾਈ ਜਾਵੇ ਅਤੇ ਸਮਾਜਿਕ ਗਿਆਨ (Moral
Science) ਦੇ ਅਤਿ ਮਹੱਤਵ ਪੂਰਨ ਵਿਸ਼ੇ ਨੂੰ
ਸਕੂਲਾਂ ਕਾਲਜਾਂ ਲਈ ਜ਼ਰੂਰੀ ਬਣਾਇਆ ਜਾਵੇ ਤਾਂ ਕਿ ਆਉਣ ਵਾਲ਼ੀ ਨਸਲ ਵਿੱਚ ਕੁੱਝ ਉਸਾਰੂ ਮੋੜ ਆਉਣ ਦੇ
ਆਸਾਰ ਬਣਨ। ਵੱਡੇ ਵੱਡੇ ਅਹੁਦੇਦਾਰ ਜਾਂ ਕਾਰੋਬਾਰੀ ਬਣਨ ਦੇ ਨਾਲ ਉਹ ਚੰਗੇ ਸਮਾਜਿਕ ਮਨੁੱਖ ਬਣਨਾ
ਵੀ ਸਿੱਖ ਸਕਣ। ਇਸ ਵਿਸ਼ੇ ਦੇ ਸਹੀ ਨਤੀਜੇ ਹਾਸਲ ਕਰਨ ਲਈ ਇਹ ਵੀ ਜ਼ਰੂਰੀ ਹੈ ਕਿ ਇਸ ਵਿਸ਼ੇ ਦੇ ਜੋ
ਅਧਿਆਪਕ ਲਾਏ ਜਾਣ, ਉਹ ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਵਿਸ਼ੇ ਬਾਰੇ ਤਾਂ ਪੂਰੇ ਜਾਣਕਾਰ
ਹੋਣ ਹੀ ਨਾਲ ਬਾਲ ਮਨੋਵਿਗਿਆਨ (Child Psychology)
ਦੇ ਵਿਸ਼ੇ ਦੇ ਵੀ ਜਾਣਕਾਰ ਹੋਣ ਅਤੇ ਆਪਣੇ ਵਿਸ਼ੇ ਨੂੰ ਪੂਰੀ ਦਿਆਨਤਦਾਰੀ ਨਾਲ ਨਿਭਾਉਣ।
ਇਸ ਸਮਾਜਿਕ ਰੋਗ ਦਾ ਦੂਸਰਾ ਵੱਡਾ ਕਾਰਨ ਸਮਾਜ ਵਿੱਚ ਫੈਲੀ ਅਸ਼ਲੀਲਤਾ ਹੈ। ਇਹ ਵੀ ਵੇਖਣ ਦੀ ਲੋੜ ਹੈ
ਕਿ ਜਿਸ ਦੇਸ਼ ਦੀ ਮਹਾਨ ਸੰਸਕ੍ਰਿਤੀ ਦੇ ਅਸੀਂ ਵੱਡੇ ਵੱਡੇ ਦਾਅਵੇ ਭਰਦੇ ਹਾਂ, ਉਥੇ ਇਤਨੀ ਅਸ਼ਲੀਲਤਾ
ਫੈਲ ਕਿਵੇਂ ਗਈ? ਆਮ ਤੌਰ ਤੇ ਇਸ ਦਾ ਸਾਰਾ ਦੋਸ਼ ਅਸੀਂ ਪੱਛਮੀ ਸਭਿਅਤਾ ਨੂੰ ਦੇ ਦੇਂਦੇ ਹਾਂ ਪਰ ਇਹ
ਤਾਂ ਵੇਖਣਾ ਪਵੇਗਾ ਕਿ ਇਹ ਪੱਛਮੀ ਪ੍ਰਭਾਵ ਇਥੇ ਇਤਨੀ ਜਲਦੀ ਅਤੇ ਇਤਨੇ ਪ੍ਰਭਾਵਸ਼ਾਲੀ ਢੰਗ ਨਾਲ
ਪਹੁੰਚਿਆ ਕਿਵੇਂ? ਅੰਗਰੇਜ਼ ਭਾਰਤ ਤੇ ਦੋ ਸੌ ਸਾਲ ਰਾਜ ਕਰ ਗਏ, ਹਜ਼ਾਰਾਂ ਦੀ ਗਿਣਤੀ ਵਿੱਚ ਉਹ ਇਸ
ਦੇਸ਼ ਵਿੱਚ ਰਹੇ, ਉਦੋਂ ਤਾਂ ਇਹ ਪੱਛਮੀ ਪ੍ਰਭਾਵ ਇਸ ਤੇਜ਼ੀ ਨਾਲ ਨਹੀਂ ਫੈਲਿਆ ਅਤੇ ਜੇ ਇਹ ਪੱਛਮੀ
ਸਭਿਅਤਾ ਦਾ ਪ੍ਰਭਾਵ ਹੈ ਤਾਂ ਫਿਰ ਪੱਛਮ ਵਿੱਚ ਤਾਂ ਬਲਾਤਕਾਰਾਂ ਦੀ ਭਰਮਾਰ ਹੋਣੀ ਚਾਹੀਦੀ ਹੈ, ਜੋ
ਕਿ ਸਚਾਈ ਨਹੀਂ। ਇਹ ਨਹੀਂ ਕਿ ਉਥੇ ਬਲਾਤਕਾਰ ਨਹੀਂ ਹੁੰਦੇ, ਸਾਰੀ ਦੁਨੀਆਂ ਵਿੱਚ ਹੁੰਦੇ ਹਨ, ਉਸ
ਤੋਂ ਪੱਛਮ ਵੀ ਬਚਿਆ ਨਹੀਂ ਹੋਇਆ, ਲੇਕਿਨ ਜਿਸ ਪੱਛਮੀਂ ਸਭਿਅਤਾ ਦਾ ਬਹਾਨਾ ਅਸੀਂ ਬਣਾ ਰਹੇ ਹਾਂ,
ਉਥੇ ਬਲਾਤਕਾਰ ਭਾਰਤ ਨਾਲੋਂ ਕਿਤੇ ਘੱਟ ਹੁੰਦੇ ਹਨ। ਜੇ ਅੰਕੜਿਆਂ ਵਿੱਚ ਬਹੁਤਾ ਫਰਕ ਨਾ ਵੀ ਦਿਸ
ਰਿਹਾ ਹੋਵੇ ਤਾਂ ਇੱਕ ਬਹੁਤ ਵੱਡਾ ਫਰਕ ਹੈ ਕਿ ਸਮਾਜ ਵਿਗਿਆਨੀਆਂ ਦੀ ਖੋਜ ਮੁਤਾਬਕ ਭਾਰਤ ਵਿੱਚ ਅੱਜ
ਵੀ ਬਲਾਤਕਾਰ ਦੇ ੩੦-੪੦ ਪ੍ਰਤੀਸ਼ਤ ਤੋਂ ਵਧ ਕੇਸ ਰਿਪੋਰਟ ਨਹੀਂ ਹੋ ਰਹੇ, ਜਦਕਿ ਪੱਛਮੀ ਦੇਸ਼ਾਂ ਵਿੱਚ
ਰਿਪੋਰਟ ਨਾ ਹੋਣ ਵਾਲੇ ਕੇਸਾਂ ਦੀ ਗਿਣਤੀ ੧੫-੨੦ ਪ੍ਰਤੀਸ਼ਤ ਸਮਝੀ ਜਾਂਦੀ ਹੈ।
ਇਨ੍ਹਾਂ ਸਭ ਅੰਕੜਿਆਂ ਨੂੰ ਪਾਸੇ ਰੱਖ ਕੇ ਮੈਂ ਆਪਣੇ ਮੂਲ ਵਿਸ਼ੇ ਤੇ ਵਾਪਸ ਆਉਣਾ ਚਾਹੁੰਦਾ ਹਾਂ ਕਿ
ਭਾਰਤ ਵਿੱਚ ਇਤਨੀ ਅਸ਼ਲੀਲਤਾ ਫੈਲੀ ਕਿਵੇਂ? ਮੇਰੀ ਸਮਝ ਅਨੁਸਾਰ ਇਸ ਦੇ ਵਾਸਤੇ ਸਭ ਤੋਂ ਵਧ
ਜ਼ਿਮੇਂਵਾਰ ਭਾਰਤੀ ਦਰਸ਼ਨੀ ਮੀਡੀਆ ਹੈ, ਭਾਵ ਫਿਲਮਾਂ ਅਤੇ ਟੈਲੀਵਿਜ਼ਨ। ਆਪਣੇ ਸੌ ਸਾਲ ਦੇ ਸਫਰ ਵਿੱਚ
ਫਿਲਮਾਂ ਨੇ ਪੂਰੇ ਸ਼ਰੀਰ ਤੇ ਸੋਹਣੇ ਕਪੜਿਆਂ ਵਿੱਚ ਸਜੀ, ਸ਼ਰਮ ਹਯਾ ਦੇ ਅਣਮੋਲ ਗੁਣਾਂ ਨਾਲ
ਸ਼ਿੰਗਾਰੀ, ਉੱਚੇ ਸੁੱਚੇ ਆਚਰਣ ਨੂੰ ਆਪਣਾ ਸਭ ਤੋਂ ਅਨਮੋਲ ਖਜਾਨਾ ਸਮਝਣ ਵਾਲੀ, ਆਪਣੀ ਅਜ਼ਮਤ ਨੂੰ
ਆਪਣੇ ਪਤੀ ਦੀ ਅਮਾਨਤ ਸਮਝਣ ਵਾਲੀ, ਪਵਿੱਤਰ ਦਿੱਖ ਵਾਲੀ ਭਾਰਤੀ ਔਰਤ ਨੂੰ ਡੇਢ ਗਿੱਠ ਕਪੜਿਆਂ
ਵਿੱਚ, ਕਾਮ ਉਕਸਾਊ ਸ਼ਿੰਗਾਰ ਨਾਲ ਲਬਰੇਜ਼, ਬੇਸ਼ਰਮੀ ਦੀਆਂ ਸਭ ਹੱਦਾਂ ਪਾਰ ਕਰ ਕੇ, ਕੇਵਲ ਐਯਾਸ਼ੀ ਨੂੰ
ਆਪਣੇ ਜੀਵਨ ਦਾ ਮਕਸਦ ਸਮਝਣ ਵਾਲੀ, ਕਾਮ ਵਾਸਨਾ ਦੀ ਪੁਤਲੀ ਬਣਾ ਦਿੱਤਾ ਹੈ। ਇਨ੍ਹਾਂ ਨੇ ਜਿੱਥੇ
ਔਰਤ ਨੂੰ ਸਰੇ ਬਾਜ਼ਾਰ ਨੰਗਾ ਕੀਤਾ ਹੈ ਉਥੇ ਹੁਣ ਪਿਛਲੇ ਕੁੱਝ ਸਮੇਂ ਤੋਂ ਆਦਮੀ ਦੇ ਕਪੜੇ ਲਾਹੁਣਾ
ਵੀ ਫੈਸ਼ਨ ਬਣਾ ਲਿਆ ਹੈ। ਹਾਲਾਂਕਿ ਇਹ ਆਦਮੀ ਦਾ ਨੰਗੇਜ ਵਿਖਾਉਣਾ ਵੀ ਗਲਤ ਹੈ ਪਰ ਜਿਤਨਾ ਕੁ
ਵਿਖਾਇਆ ਜਾ ਰਿਹਾ ਹੈ, ਇਹ ਤਾਂ ਸ਼ਾਇਦ ਕੁੱਝ ਹੱਦ ਤੱਕ ਸਮਾਜ ਨੂੰ ਹਜਮ ਹੋ ਵੀ ਜਾਂਦਾ ਪਰ ਔਰਤ ਨੂੰ
ਇਸ ਰੂਪ ਵਿੱਚ ਪੇਸ਼ ਕਰਨਾ ਕਿਤਨਾ ਵੱਡਾ ਗੁਨਾਹ ਹੈ, ਇਹ ਸ਼ਾਇਦ ਸਾਡੀ ਮਾਨਸਿਕਤਾ ਤੋਂ ਗੁਆਚ ਹੀ ਗਿਆ
ਹੈ। ਪਰ ਇਸ ਦਾ ਭਰਪੂਰ ਅਸਰ ਇਨ੍ਹਾਂ ਬਲਾਤਕਾਰਾਂ ਦੇ ਰੂਪ ਵਿੱਚ ਸਪੱਸ਼ਟ ਵੇਖਣ ਨੂੰ ਮਿਲ ਰਿਹਾ ਹੈ।
ਇਨ੍ਹਾਂ ਫਿਲਮਾਂ ਦੀ ਦਿੱਤੀ ਸਿਖਿਆ ਸਦਕਾ, ਅੱਜ ਸਕੂਲ ਜਾਂਦੇ ਬੱਚੇ ਵੀ ਰੋਮਾਂਸ ਕਰਨਾ ਜੀਵਨ ਦਾ
ਜ਼ਰੁਰੀ ਅੰਗ ਸਮਝਦੇ ਹਨ, ਫਿਰ ਇਸ ਬਾਲੜੀ ਉਮਰ ਵਿੱਚ ਸਮਾਜਿਕ ਸੀਮਾਵਾਂ ਦੀ ਨਾ ਸੋਝੀ ਹੁੰਦੀ ਹੈ ਅਤੇ
ਜੁਆਨੀ ਦੇ ਜੋਸ਼ ਵਿੱਚ ਨਾ ਉਹ ਕੁੱਝ ਅਹਿਮੀਅਤ ਰਖਦੀਆਂ ਹਨ। ਫਿਰ ਜਿੱਥੋਂ ਇਹ ਮਸਤੀ ਸੌਖੇ ਪ੍ਰਾਪਤ
ਨਾ ਹੋਵੇ ਉਹ ਬਲਾਤਕਾਰ ਦੇ ਰੂਪ ਵਿੱਚ ਫੁੱਟ ਪੈਂਦੀ ਹੈ। ਇਨ੍ਹਾਂ ਫਿਲਮਾਂ ਨੇ ਸਮਾਜਿਕ ਕਦਰਾਂ
ਕੀਮਤਾਂ ਦਾ ਇਸ ਹੱਦ ਤੱਕ ਪਤਨ ਕੀਤਾ ਹੈ ਕਿ ਧੀਆਂ ਭੈਣਾਂ ਦੇ ਸਾਹਮਣੇ, `ਚੋਲੀ ਕੇ ਪੀਛੇ ਕਿਆ ਹੈ`,
`ਚੁਮਾ ਦੇ ਦੇ ਚੁਮਾ`, ‘ਮੁੰਨੀ ਬਦਨਾਮ ਹੁਈ`, ‘ਅਬ ਕਰੂੰਗਾ ਤੇਰੇ ਸਾਥ ਗੰਦੀ ਗੰਦੀ ਬਾਤ` ਜਿਹੇ
ਅਸ਼ਲੀਲ ਗਾਣੇ ਸੁਨਣ ਵਿੱਚ ਕੋਈ ਸ਼ਰਮ ਨਹੀਂ ਆਉਂਦੀ। ਇਹ ਘਰ ਘਰ ਵਿੱਚ ਆਮ ਵੱਜ ਰਹੇ ਹਨ ਅਤੇ ਹੋਰ ਤਾਂ
ਹੋਰ ਭੈਣਾਂ ਦੇ ਸਾਹਮਣੇ ਭਰਾ ਅਤੇ ਧੀਆਂ ਨੂੰਹਾਂ ਦੇ ਸਾਹਮਣੇ ਬਾਪ ਗੁਨਗੁਣਾਉਂਦੇ ਸੁਣੇ ਜਾ ਸਕਦੇ
ਹਨ। ਦੂਸਰੇ ਪਾਸੇ ਛੋਟੇ ਛੋਟੇ ਬੱਚੇ ਵੀ ਮਾਂ-ਬਾਪ ਸਾਮਹਣੇ ਇਹ ਗੀਤ ਗਾਈ ਜਾਂਦੇ ਹਨ, ਨਾ ਉਨ੍ਹਾਂ
ਨੂੰ ਕੋਈ ਸ਼ਰਮ ਮਹਿਸੂਸ ਹੁੰਦੀ ਹੈ, ਨਾ ਪਰਿਵਾਰ ਨੂੰ। ਇਹ ਸੋਚਣ ਦੀ ਕਦੇ ਕਿਸੇ ਕੋਸ਼ਿਸ਼ ਹੀ ਨਹੀਂ
ਕੀਤੀ ਕਿ ਮੁੱਢ ਤੋਂ ਹੀ ਉਨ੍ਹਾਂ ਦੀ ਮਾਨਸਿਕਤਾ ਕਿਹੋ ਜਿਹੀ ਵਿਕਸਤ ਹੋ ਰਹੀ ਹੈ? ਇਸ ਸਭ ਦੀ ਬਦੌਲਤ
ਪਰਿਵਾਰਕ ਮਾਹੌਲ, ਅਤੇ ਰਿਸ਼ਤੇਦਾਰੀਆਂ ਦੀਆਂ ਕਦਰਾਂ ਕੀਮਤਾਂ ਵਿੱਚ ਇਤਨੀ ਗਿਰਾਵਟ ਆਈ ਹੈ ਕਿ ਅੱਜ
ਖੁਲ੍ਹੇ ਸਮਾਜ ਨਾਲੋਂ ਵਧੇਰੇ ਬਲਾਤਕਾਰ ਪਰਿਵਾਰਾਂ ਅਤੇ ਰਿਸ਼ਤੇਦਾਰੀਆਂ ਵਿੱਚ ਹੋ ਰਹੇ ਹਨ ਜਿਨ੍ਹਾਂ
ਦੀ ਬਹੁਤੇ ਤੌਰ ਤੇ ਭਿਣਕ ਹੀ ਬਾਹਰ ਨਹੀਂ ਪਹੁੰਚਦੀ। ਇਸ ਤੋਂ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰੀਏ ਕਿ
ਸਾਡੇ ਸਮਾਜ ਵਿੱਚ ਕਿਤਨੇ ਕੁ ਬਲਾਤਕਾਰ ਹੋ ਰਹੇ ਹਨ।
ਅਜੇ ਰਜ਼ਾਮੰਦੀ ਦੇ ਨਾਂਅ ਤੇ ਜੋ ਗੰਦਗੀ ਫੈਲੀ ਹੋਈ ਹੈ ਉਸ ਦਾ ਤਾਂ ਕੋਈ ਅੰਤ ਹੀ ਨਹੀਂ। ਮਰਦਾਂ
ਦੇ ਕਈ ਔਰਤਾਂ ਨਾਲ ਸਬੰਧ ਬਨਾਉਣ ਦੇ ਚਰਚੇ ਤਾਂ ਪੁਰਾਣੇ ਸਮੇਂ ਤੋਂ ਚਲਦੇ ਸਨ, ਅੱਜ ਤਾਂ ਕਾਲਜਾਂ
ਦੀਆਂ ਕਈ ਲੜਕੀਆਂ ਵੀ ਇਕੋ ਸਮੇਂ ਤੇ ਕਈ ਮਰਦਾਂ ਨਾਲ ਕਾਮ ਸਬੰਧ ਬਨਾਉਣਾ ਫੈਸ਼ਨ ਸਮਝਦੀਆਂ ਹਨ। ਹੋਰ
ਤਾਂ ਹੋਰ ਇਹ ਰੋਗ ਸਕੁਲਾਂ ਦੇ ਛੋਟੀ ਉਮਰ ਦੇ ਲੜਕੇ ਲੜਕੀਆਂ ਵਿੱਚ ਵੀ ਪੂਰੇ ਜੋਰ ਨਾਲ ਫੈਲ ਗਿਆ
ਹੈ। ਬਣਾਈ ਜਾਉ ਕਾਨੂੰਨ ਕਿ ਇਤਨੀ ਉਮਰ ਤੋਂ ਘੱਟ ਦੇ ਬੱਚੇ ਬੱਚੀ ਨਾਲ ਭਾਵੇਂ ਉਸ ਦੀ ਮਰਜ਼ੀ ਨਾਲ ਇਹ
ਕੁਕਰਮ ਕੀਤਾ ਜਾਵੇ ਤਾਂ ਇਹ ਕਾਨੂੰਨੀ ਗੁਨਾਹ ਹੈ, ਇਹ ਵੀ ਬਲਾਤਕਾਰ ਹੀ ਗਿਣਿਆ ਜਾਵੇਗਾ। ਗੁਨਾਹ
ਤਾਂ ਤਦ ਹੀ ਬਣੇਗਾ ਜੇ ਇਸ ਦੀ ਭਿਣਕ ਪਏਗੀ।
ਟੈਲੀਵਿਜ਼ਨ ਵਾਸਤੇ ਬਹੁਤਾ ਕੁੱਝ ਅੱਡ ਲਿਖਣ ਦੀ ਲੋੜ ਨਹੀਂ ਕਿਉਂਕਿ ਇਹ ਵੀ ਬਿਲਕੁਲ ਫਿਲਮਾਂ ਦੀਆਂ
ਲੀਹਾਂ ਤੇ ਹੀ ਚਲ ਰਿਹਾ ਹੈ ਪਰ ਕਿਸੇ ਕਿਸੇ ਪੱਖੋਂ ਤਾਂ ਇਹ ਫਿਲਮਾਂ ਨਾਲੋਂ ਅੱਗੇ ਟੱਪ ਜਾਂਦਾ ਹੈ
ਜਦੋਂ ਬੱਚਿਆਂ ਦੇ ਰਿਐਲਟੀ ਪ੍ਰੋਗਰਾਮਾਂ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਇਹ ਪੁੱਛਿਆ ਜਾਂਦਾ ਹੈ ਕਿ
ਤੇਰੀ ਕੋਈ ਗਰਲ ਫਰੈਂਡ ਹੈ ਕਿ ਨਹੀਂ? ਐਸੇ ਸੁਆਲ ਸੁਣ ਕੇ ਘਰ ਬੈਠਾ ਟੀ. ਵੀ. ਵੇਖ ਰਿਹਾ ਉਸੇ ਉਮਰ
ਦਾ ਬੱਚਾ ਵੀ ਇਹ ਸੁਨੇਹਾ ਲੈ ਜਾਂਦਾ ਹੈ ਕਿ ਉਸ ਦੀ ਗਰਲ ਫਰੈਂਡ ਬਨਾਉਣ ਦੀ ਉਮਰ ਹੋ ਗਈ ਹੈ ਅਤੇ ਇਹ
ਜ਼ਰੂਰੀ ਵੀ ਹੈ, ਨਹੀਂ ਤਾਂ ਉਹ ਸਮਾਜ ਵਿੱਚ ਪਛੜਿਆ ਹੋਇਆ ਗਿਣਿਆ ਜਾਵੇਗਾ। ਸ਼ੋਅ ਚਲਾਉਣ ਵਾਲਿਆਂ
ਵਾਸਤੇ ਭਾਵੇਂ ਇਹ ਮਨੋਰੰਜਨ ਦਾ ਚੰਗਾ ਸਾਧਨ ਹੋਵੇ ਪਰ ਬੱਚਿਆਂ ਦੀ ਮਾਨਸਿਕਤਾ ਤੇ ਇਹ ਕੀ ਪ੍ਰਭਾਵ
ਪਾ ਰਿਹਾ ਹੈ ਇਹ ਕਿਸੇ ਨੇ ਸੋਚਣ ਦੀ ਲੋੜ ਮਹਿਸੂਸ ਨਹੀਂ ਕੀਤੀ, ਬਸ ਵਧੇਰੇ ਪੈਸੇ ਕਮਾਉਣ ਦੀ ਹੀ
ਹੋੜ ਲੱਗੀ ਹੋਈ ਹੈ।
ਇਸ ਦਰਸ਼ਨੀ ਮੀਡੀਏ ਵਿੱਚ ਜੋ ਨਵਾਂ ਅਤਿ ਖਤਰਨਾਕ ਅਧਿਆਇ ਜੁੜ ਗਿਆ ਹੈ, ਉਹ ਹੈ ਇੰਟਰਨੈਟ ਦਾ।
ਇੰਟਰਨੈਟ ਨੇ ਮਨੁੱਖੀ ਸਮਾਜ ਵਿੱਚ ਜਿਥੇ ਇੱਕ ਨਵਾਂ ਇਨਕਲਾਬ ਲਿਆਂਦਾ ਹੈ ਕਿ ਨਾ ਸਿਰਫ ਦਫਤਰੀ
ਕੰਮਕਾਜ ਵਿੱਚ ਕਮਾਲ ਦੀ ਸਹਿਜਤਾ ਅਤੇ ਪਰਬੀਨਤਾ
(Perfection) ਆ ਗਈ ਹੈ, ਬਲਕਿ ਇਸਨੇ ਸੰਸਾਰ ਭਰ
ਦਾ ਗਿਆਨ ਹਰ ਮਨੁੱਖ ਦੀ ਪਹੁੰਚ ਵਿੱਚ ਲੈ ਆਂਦਾ ਹੈ। ਸੰਸਾਰ ਇੱਕ ਪਰਿਵਾਰ ਵਾਂਗ ਬਣ ਗਿਆ ਹੈ, ਜਿਥੇ
ਪਰਿਵਾਰ ਦਾ ਇੱਕ ਮੈਂਬਰ ਸਹਿਜੇ ਹੀ ਦੂਸਰੇ ਮੈਂਬਰ ਕੋਲੋਂ ਲੋੜੀਂਦੀ ਜਾਣਕਾਰੀ ਪਲਾਂ ਵਿੱਚ ਹਾਸਲ ਕਰ
ਸਕਦਾ ਹੈ। ਪਰ ਉਥੇ ਨਾਲ ਹੀ ਇਸ ਮਹਾ-ਪਰਉਪਕਾਰੀ ਮੀਡੀਏ ਦੀ ਦੁਰਵਰਤੋਂ ਨੇ ਨਵੀਂ ਪਨੀਰੀ ਨੂੰ ਜਵਾਨੀ
ਦੀਆਂ ਦਹਲੀਜਾਂ ਟੱਪਣ ਤੋਂ ਪਹਿਲਾਂ ਹੀ ਅਸ਼ਲੀਲਤਾ ਅਤੇ ਉਸ ਤੋਂ ਪੈਦਾ ਹੋਣ ਵਾਲੀ ਆਚਰਣਹੀਨਤਾ ਦੀ
ਗੰਦੀ ਖਾਈ ਵਿੱਚ ਡੋਬਣ ਦਾ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਇਸ ਅਣਭੋਲ ਉਮਰ ਵਿੱਚ ਕੁੱਝ ਕਾਮੁਕ
ਖਿਚ ਤਾਂ ਸੁਭਾਵਕ ਹੁੰਦੀ ਹੈ, ਫਿਰ ਜੇ ਐਸੇ ਕਾਮੁਕ, ਕਾਮਕ੍ਰੀੜਾ ਦੇ ਜ਼ਿੰਦਾ ਦ੍ਰਿਸ਼ ਸਹਿਜੇ ਹੀ
ਸਿਰਫ ਇੱਕ ਬਟਣ ਦਬਨ ਨਾਲ ਉਪਲਭਦ ਹੋਣ ਤਾਂ ਅਣਭੋਲ ਹੀ ਬਾਲੜੀ ਉਮਰ ਦੇ ਬੱਚਿਆ ਦਾ ਉਧਰ ਖਿਚਿਆ ਜਾਣਾ
ਸੁਭਾਵਕ ਹੈ। ਇਸ ਉਮਰ ਵਿੱਚ ਬਾਲ ਮਾਨਸਿਕਤਾ ਤੇ ਪੈਣ ਵਾਲੇ ਇਸ ਮਾਰੂ ਪ੍ਰਭਾਵ ਦਾ ਅੰਦਾਜ਼ਾ ਅਸੀਂ
ਸਹਿਜੇ ਹੀ ਲਗਾ ਸਕਦੇ ਹਾਂ। ਨਤੀਜਾ ਇੱਕ ਆਚਰਣਹੀਨ ਨਵੀਂ ਪੀੜ੍ਹੀ ਅਤੇ ਸਮਾਜ ਵਿੱਚ ਰੋਜ਼ ਬਲਾਤਕਾਰਾਂ
ਦੀ ਭਰਮਾਰ ਹੀ ਹੋ ਸਕਦਾ ਹੈ ਅਤੇ ਸਮਾਜ ਵਿੱਚ ਰੋਜ਼ ਵੱਧ ਰਹੇ ਬਲਾਤਕਾਰ ਇਸ ਦਾ ਸਪੱਸ਼ਟ ਪ੍ਰਮਾਣ ਹਨ।
ਜੇ ਸਮਾਜ ਦੇ ਇਸ ਅਸ਼ਲੀਲਤਾ ਵਾਲੇ ਮਾਹੌਲ ਨੂੰ ਕੋਈ ਮੋੜ ਪਾਉਣਾ ਹੈ ਤਾਂਕਿ ਆਚਰਣਹੀਨਤਾ ਅਤੇ
ਬਲਾਤਕਾਰ ਜਿਹੀ ਹੋਛੀ ਮਾਨਸਿਕਤਾ ਨੂੰ ਕੁੱਝ ਘਟਾਇਆ ਜਾ ਸਕੇ ਤਾਂ ਫਿਰ ਸਭ ਤੋਂ ਪਹਿਲਾਂ ਇਸ ਦਰਸ਼ਨੀ
ਮੀਡੀਏ ਨੂੰ ਨੱਥ ਪਾਉਣ ਦੀ ਲੋੜ ਹੈ। ਨਹੀਂ ਤਾਂ ਜਿਸ ਤੇਜੀ ਨਾਲ ਇਹ ਸਮਾਜ ਨੂੰ ਪਤਨ ਵੱਲ ਲੈ ਜਾ
ਰਿਹਾ ਹੈ, ਇਹ ਸਮਾਜ ਨੂੰ ਉਸ ਗੰਦਗੀ ਦੀ ਖਾਈ ਵਿੱਚ ਡੋਬ ਦੇਵੇਗਾ, ਜਿਥੇ ਸਾਰੇ ਆਚਾਰ ਵਿਹਾਰ,
ਸਾਰੀਆਂ ਮਨੁੱਖੀ ਕਦਰਾਂ ਕੀਮਤਾਂ ਅਤੇ ਸਾਰੇ ਰਿਸ਼ਤਿਆਂ ਨਾਤਿਆਂ ਦੀ ਪਵਿੱਤਰਤਾ ਗਰਕ ਹੋ ਜਾਵੇਗੀ।
ਐਸੇ ਸਮਾਜ ਵਿੱਚ ਕੋਈ ਧੀ ਭੈਣ ਆਪਣੇ ਘਰ ਵਿੱਚ ਬੈਠੀ ਵੀ ਸੁਰੱਖਿਅਤ ਨਹੀਂ ਹੋਵੇਗੀ। ਹੈਰਾਨਗੀ ਦੀ
ਗੱਲ ਹੈ ਕਿ ਦੇਸ਼ ਵਿੱਚ ਕੁੱਝ ਨੈਤਿਕਤਾ ਦੇ ਠੇਕੇਦਾਰ ਅਤੇ ਭਾਰਤੀ ਸੰਸਕ੍ਰਿਤੀ ਦੇ ਰਖਵਾਲੇ, ਕਿਸੇ
ਪਾਰਕ ਵਿੱਚ ਆਪਣੇ ਮਰਜ਼ੀ ਨਾਲ ਬੈਠੇ ਨੋਜੁਆਨ ਮੁੰਡੇ-ਕੁੜੀਆਂ ਜਾਂ ਵੈਲੇਨਟਾਈਨ ਡੇ ਮਨਾਉਣ ਲਈ ਇਕੱਤਰ
ਹੋਏ ਨੌਜੁਆਨ ਬੱਚੇ ਬੱਚੀਆਂ ਨੂੰ ਜ਼ਲੀਲ ਕਰਨਾ ਅਤੇ ਉਨ੍ਹਾਂ ਦਾ ਮਾਰ-ਕੁਟਾਈ ਕਰਨਾ ਆਪਣਾ ਹੱਕ ਸਮਝਦੇ
ਹਨ, ਪਰ ਇਸ ਸਮਾਜਿਕ ਰੋਗ ਨੂੰ ਜਨਮ ਦੇਣ ਵਾਲੀਆਂ ਇਨ੍ਹਾਂ ਮੂਲ ਬੁਰਾਈਆਂ ਬਾਰੇ ਕਦੇ ਕਿਸੇ ਅਵਾਜ਼
ਨਹੀਂ ਉਠਾਈ। ਸ਼ਾਇਦ ਉਹ ਇਹ ਸਭ ਕੁੱਝ ਆਪ ਰੱਸ ਲੈ ਲੈ ਕੇ ਮਾਣਦੇ ਹਨ।
ਬਲਾਤਕਾਰੀ ਮਾਨਸਿਕ ਪ੍ਰਵਿਰਤੀ ਨੂੰ ਪਰਫੁਲਤ ਕਰਨ ਵਾਲੇ ਦੋ ਹੋਰ ਵੱਡੇ ਕਾਰਨ ਹਨ ਪਰ ਇਹ ਇਤਨੇ
ਭਾਵੁਕ ਅਤੇ ਨਾਜ਼ੁਕ ਹਨ ਕਿ ਇਨ੍ਹਾਂ ਬਾਰੇ ਗੱਲ ਕਰਨ ਤੋਂ ਬਹੁਤੀਆਂ ਜ਼ੁਬਾਨਾ ਅਤੇ ਕਲਮਾਂ ਇੱਕ ਭੈਅ
ਜਿਹਾ ਮਹਿਸੂਸ ਕਰਦੀਆਂ ਹਨ, ਪਰ ਜਿਵੇਂ ਮੈਂ ਪਹਿਲਾਂ ਲਿਖਿਆ ਹੈ ਕਿ ਜੇ ਸਹੀ ਇਲਾਜ ਕਰਨਾ ਹੈ ਤਾਂ
ਪਹਿਲਾਂ ਰੋਗ ਦੀ ਪੂਰੀ ਪਛਾਣ ਹੋਣੀ ਜ਼ਰੂਰੀ ਹੈ। ਜੇ ਰੋਗ ਦੇ ਚਿੰਨ੍ਹ
(symptoms)
ਹੀ ਲੁਕਾਈ ਜਾਵਾਂਗੇ ਤਾਂ ਰੋਗ ਦੀ ਸਹੀ ਪਛਾਣ ਕਿਵੇਂ ਹੋਵੇਗੀ?
ਪਹਿਲਾ ਕਾਰਨ ਤਾਂ ਹੈ ਕੁੱਝ ਧਾਰਮਿਕ ਸ਼ਖਸੀਅਤਾਂ ਨਾਲ ਜੁੜੀਆਂ ਹੋਈਆਂ ਕਾਮੁਕ, ਇਥੋਂ ਤੱਕ ਕੇ
ਬਲਾਤਕਾਰ ਕਰਨ ਦੀਆਂ ਕਹਾਣੀਆਂ ਅਤੇ ਐਸੀਆਂ ਹੀ ਕੁੱਝ ਹੋਰ ਕਾਮੁਕ ਅਤੇ ਅਸ਼ਲੀਲ ਕਹਾਣੀਆਂ ਨੂੰ ਕਿਸੇ
ਧਾਰਮਿਕ ਸ਼ਖਸੀਅਤ ਨਾਲ ਜੋੜਨਾ ਕਿ ਇਹ ਉਕਤ ਧਾਰਮਿਕ ਸ਼ਖਸੀਅਤ ਨੇ ਰਚੀਆਂ ਹਨ। ਮੇਰਾ ਮਕਸਦ ਕਿਸੇ ਕੌਮ
ਦੀਆਂ ਮਾਨਤਾਵਾਂ ਦਾ ਅਪਮਾਨ ਕਰਨਾ ਨਹੀਂ ਅਤੇ ਨਾ ਹੀ ਕਿਸੇ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ
ਕਰਨਾ ਹੈ, ਇਸ ਲਈ ਇਸ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਪਰ ਇਤਨਾ ਜ਼ਰੂਰ ਕਹਿਣਾ ਚਾਹੁੰਦਾ
ਹਾਂ ਕਿ ਐਸੀਆਂ ਕਹਾਣੀਆਂ ਬਲਾਤਕਾਰੀ ਮਨੋਪ੍ਰਵਿਰਤੀ ਨੂੰ ਇੱਕ ਧਾਰਮਿਕ ਪ੍ਰਵਾਨਗੀ ਪ੍ਰਦਾਨ ਕਰਦੀਆਂ
ਹਨ। ਗੱਲ ਸੁਭਾਵਕ ਹੈ ਕਿ ਜੇ ਇਤਨੀਆਂ ਮਹਾਨ ਧਾਰਮਿਕ ਸ਼ਖਸੀਅਤਾਂ ਇਹ ਕਰਮ ਕਰਦੀਆਂ ਰਹੀਆਂ ਹਨ ਜਾਂ
ਐਸੇ ਕਰਮਾਂ ਬਾਰੇ ਇਤਨਾ ਖੁਲ੍ਹ ਕੇ ਲਿਖਦੀਆਂ ਹਨ ਤਾਂ ਇਹ ਮਾੜਾ ਕਰਮ ਕਿਵੇਂ ਹੋ ਸਕਦਾ ਹੈ? ਇਸ ਦਾ
ਨੌਜੁਆਨ ਮਾਨਸਿਕਤਾ ਤੇ ਕਿਵੇਂ ਅਸਰ ਪੈਂਦਾ ਹੈ ਇਸ ਦਾ ਇੱਕ ਛੋਟਾ ਜਿਹਾ ਪ੍ਰਮਾਣ ਦੇਣਾ ਚਾਹਾਂਗਾ।
ਆਮ ਤੌਰ ਤੇ ਬੱਸਾਂ ਟਰੱਕਾਂ ਦੇ ਡਰਾਈਵਰਾਂ ਵੱਲੋਂ ਆਪਣੀਆਂ ਗੱਡੀਆਂ ਦੇ ਪਿੱਛੇ ਕੁੱਝ ਟੋਟਕੇ ਜਿਹੇ
ਲਿਖਵਾ ਦਿੱਤੇ ਜਾਂਦੇ ਹਨ, ਜੋ ਕਈ ਵਾਰੀ ਬੜੇ ਸੁਆਦਲੇ ਵੀ ਹੁੰਦੇ ਹਨ। ਅਕਸਰ ਸੜਕ ਤੇ ਗੱਡੀ
ਚਲਾਂਦਿਆਂ ਪਿੱਛੋਂ ਇਨ੍ਹਾਂ ਤੇ ਨਜ਼ਰ ਪੈ ਹੀ ਜਾਂਦੀ ਹੈ। ਕੁੱਝ ਸਮਾਂ ਪਹਿਲੇ ਇੱਕ ਕਾਲਜ ਦੇ
ਵਿਦਿਆਰਥੀਆਂ ਦੀ ਬੱਸ ਦੇ ਪਿੱਛੇ ਲਿਖੇ ਇੱਕ ਟੋਟਕੇ ਬਾਰੇ ਦਸਣਾ ਚਾਹਾਂਗਾ ਜੋ ਡਰਾਇਵਰ ਨੇ ਨਹੀਂ ਸੀ
ਲਿਖਾਇਆ ਬਲਕਿ ਕੁੱਝ ਵਿਦਿਆਰਥੀਆਂ ਵਲੋਂ ਬੱਸ ਦਾ ਪੇਂਟ ਖੁਰਚ ਕੇ ਲਿਖਿਆ ਹੋਇਆ ਸੀ। ਪਹਿਲਾਂ ਇੱਕ
ਕੌਮ ਦੀ ਅਤਿ ਸਤਿਕਾਰਤ ਧਾਰਮਿਕ ਸ਼ਖਸੀਅਤ ਦਾ ਨਾਂਅ ਲਿਖ ਕੇ ਅਗੋਂ ਲਿਖਿਆ ਸੀ, “… … …. . ਕਰੇ ਤੋ
ਲੀਲਾ, ਹਮ ਕਰੇਂ ਤੋ ਪਾਪ”। ਕੀ ਸਾਡੇ ਕੋਲ ਨੌਜੁਆਨ ਪੀੜ੍ਹੀ ਦੀ ਇਸ ਜਗਿਆਸਾ ਦਾ ਕੋਈ ਤਸੱਲੀ ਬਖਸ਼
ਉੱਤਰ ਹੈ?
ਸਮਾਜ ਸ਼ਾਸਤ੍ਰੀਆਂ ਅਤੇ ਧਾਰਮਿਕ ਸ਼ਖਸੀਅਤਾਂ ਨੂੰ ਬੜੀ ਗੰਭੀਰਤਾ ਨਾਲ ਇਸ ਅਤਿ ਨਾਜ਼ੁਕ ਮੁੱਦੇ ਦਾ
ਗੰਭੀਰਤਾ ਨਾਲ ਹੱਲ ਲੱਭਣਾ ਚਾਹੀਦਾ ਹੈ, ਨਹੀਂ ਤਾਂ ਅਸੀਂ ਕਾਨੂੰਨ ਜਿਤਨੇ ਮਰਜ਼ੀ ਸਖਤ ਬਣਾ ਲਈਏ ਪਰ
ਘਟੀਆ ਬਲਾਤਕਾਰੀ ਪਰਵਿਰਤੀ ਨੂੰ ਧਾਰਮਿਕ ਮਾਨਤਾ ਪ੍ਰਾਪਤ ਰਹੇਗੀ।
ਦੂਸਰਾ ਨਾਜ਼ੁਕ ਮੁੱਦਾ ਹੈ ਸਿੱਧੀ ਜਾਂ ਅਸਿੱਧੀ ਸਰਕਾਰੀ ਪ੍ਰਵਾਨਗੀ ਨਾਲ ਦੇਸ਼ ਦੀ ਫੌਜ, ਨੀਮ ਫੌਜੀ
ਦਸਤਿਆਂ ਜਾਂ ਪੁਲੀਸ ਵਲੋਂ ਸਰਕਾਰ ਵਿਰੋਧੀਆਂ ਦੀਆਂ ਔਰਤਾਂ ਦੀ ਕੀਤੀ ਜਾਂਦੀ ਬੇਪਤੀ। ਆਮ ਤੌਰ ਤੇ
ਇਹ ਬਲਾਤਕਾਰ ਵਿਰੋਧੀਆਂ ਨੂੰ ਸਜ਼ਾ ਦੇਣ ਜਾਂ ਸਬਕ ਸਿਖਾਉਣ ਦੀ ਭਾਵਨਾ ਨਾਲ ਕੀਤੇ ਦਸੇ ਜਾਂਦੇ ਹਨ।
ਕੀ ਦੁਨੀਆਂ ਦਾ ਕੋਈ ਐਸਾ ਕਾਨੂੰਨ ਹੈ ਜੋ ਕਿਸੇ ਗੁਨਹਗਾਰ ਦੀ ਧੀ, ਭੈਣ, ਮਾਂ ਜਾਂ ਪਤਨੀ ਨੂੰ ਉਸ
ਦੇ ਗੁਨਾਹਾਂ ਦੀ ਸਜ਼ਾ ਦੇਣ ਨੂੰ ਪ੍ਰਵਾਨਗੀ ਦੇਂਦਾ ਹੋਵੇ? ਮਨ ਲਓ ਕਿ ਜੇ ਉਹ ਆਪ ਵੀ ਗੁਨਹਗਾਰ ਹੋਵੇ
ਤਾਂ ਦੁਨੀਆਂ ਦਾ ਐਸੇ ਕਿਹੜਾ ਕਾਨੂੰਨ ਹੈ ਜੋ ਸਜ਼ਾ ਦੇ ਤੌਰ ਤੇ ਕਿਸੇ ਦਾ ਸ਼ਰੀਰਕ ਕਾਮੁਕ ਸੋਸ਼ਣ ਕਰਨ
ਅਤੇ ਉਸ ਦੀ ਇਜ਼ਤ ਲੁਟਣ ਦੀ ਇਜਾਜ਼ਤ ਦੇਂਦਾ ਹੈ? ਇਸ ਦੁਸ਼ ਕਰਮ ਨੂੰ ਨਾ ਕੋਈ ਕਾਨੂੰਨੀ ਮਾਨਤਾ ਹੈ ਅਤੇ
ਨਾ ਹੀ ਨੈਤਿਕ ਪ੍ਰਵਾਨਗੀ, ਫਿਰ ਵੀ ਇਹ ਖੁਲ੍ਹੇ ਆਮ ਕੀਤੇ ਜਾ ਰਹੇ ਹਨ। ਸਾਡੇ ਦੇਸ਼ ਵਿੱਚ ਹੀ
ਸਾਡੀਆਂ ਆਪਣੀਆਂ ਹੀ ਲੋਕਾਂ ਦੀ ਸੁਰੱਖਿਆ ਲਈ ਤੈਨਾਤ ਕੀਤੀਆਂ ਗਈਆਂ ਫੌਜਾਂ ਜਾਂ ਪੁਲੀਸ ਵਲੋਂ
ਅਸਾਮ, ਪੰਜਾਬ, ਜੰਮੂ ਕਸ਼ਮੀਰ ਅਤੇ ਦੇਸ਼ ਦੇ ਹੋਰ ਕਈ ਹਿੱਸਿਆਂ ਵਿੱਚ ਆਪਣੇ ਹੀ ਦੇਸ਼ ਵਾਸੀਆਂ ਉਤੇ ਇਹ
ਜ਼ੁਲਮ ਢਾਹਿਆ ਗਿਆ। ਇਸ ਹੱਦ ਤੱਕ ਕਿ ਫੌਜ ਦੇ ਉੱਚ ਅਧਿਕਾਰੀਆਂ ਵਲੋਂ ਇਹ ਖੁਲ੍ਹੇ ਤੌਰ ਤੇ ਬਿਆਨ
ਦਿੱਤੇ ਗਏ ਕਿ ਅਸੀਂ ਇਨ੍ਹਾਂ ਨੂੰ ਸਬਕ ਸਿਖਾਉਣ ਲਈ ਇਨ੍ਹਾਂ ਦੀਆਂ ਔਰਤਾਂ ਨਾਲ ਬਲਾਤਕਾਰ ਕਰਾਂਗੇ।
ਮਜ਼ਲੂਮਾਂ ਵਲੋਂ ਕੁਰਲਾਹਟ ਪਾਉਣ ਦੇ ਬਾਵਜੂਦ ਨਾ ਕਦੇ ਇਸ ਦੀ ਕੋਈ ਪੜਤਾਲ ਕਰਾਈ ਗਈ ਅਤੇ ਨਾ ਹੀ
ਕਿਸੇ ਇੱਕ ਨੂੰ ਵੀ ਕਦੇ ਸਜ਼ਾ ਦਿੱਤੀ ਗਈ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਸ ਅਤਿ ਨੀਚ ਕਰਮ
ਵਾਸਤੇ ਸਰਕਾਰ ਦੀ ਖਮੋਸ਼ ਪ੍ਰਵਾਨਗੀ ਹਾਸਲ ਹੈ। ਆਮ ਤੌਰ ਤੇ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਸ ਨਾਲ
ਫੌਜ ਦੇ ਮਨੋਬਲ ਨੂੰ ਢਾਹ ਲਗੇਗੀ। ਇਥੋਂ ਤੱਕ ਕਿ ਕਈ ਇਸ ਨੀਚ ਕਰਮ ਨੂੰ ਦੇਸ਼ ਭਗਤੀ ਦਾ ਹਿੱਸਾ
ਸਮਝਦੇ ਹਨ। ਜੇ ਕਿਸੇ ਔਰਤ ਭਾਵੇਂ ਉਹ ਦੁਸ਼ਮਨ ਜਾਂ ਦੁਸ਼ਮਨ ਦੀ ਧੀ, ਭੈਣ, ਮਾਂ ਜਾਂ ਪਤਨੀ ਹੀ ਕਿਉਂ
ਨਾ ਹੋਵੇ, ਦੀ ਪਤ ਰੋਲਣੀ ਦੇਸ਼ ਭਗਤੀ ਹੈ ਤਾਂ ਲੱਖ ਲਾਹਨਤ ਹੈ ਐਸੀ ਦੇਸ਼ ਭਗਤੀ ਨੂੰ। ਕਮਾਲ ਤਾਂ ਇਹ
ਹੈ ਕਿਸੇ ਸਮਾਜ ਸ਼ਾਸਤ੍ਰੀ ਜਾਂ ਇਸਤ੍ਰੀ ਜਾਤੀ ਦੇ ਹਮਦਰਦ ਕਹਾਉਣ ਵਾਲੇ ਨੇ ਵੀ ਕਦੇ ਪੁਰੇ ਜ਼ੋਰ ਨਾਲ
ਇਸ ਖਿਲਾਫ ਆਵਾਜ਼ ਨਹੀਂ ਉਠਾਈ। ਜੇ ਕੋਈ ਮਾੜੀ ਮੋਟੀ ਬਿਆਨਬਾਜ਼ੀ ਹੋਈ ਵੀ ਤਾਂ ਬੇਦਿਲੀ ਨਾਲ ਕੀਤੀ
ਹੋਈ ਬਿਆਨਬਾਜ਼ੀ, ਇੱਕ ਅੱਧੇ ਬਿਆਨ ਨਾਲ ਹੀ ਮੁੱਕ ਗਈ। ਜਿਵੇਂ ਇੱਕ ਬਿਆਨ ਨਾਲ ਮਜ਼ਲੁਮਾਂ ਨੂੰ ਨਿਆਂ
ਮਿਲ ਗਿਆ ਹੋਵੇ।
ਜੇ ਬਲਾਤਕਾਰ ਦੇ ਇਸ ਅਤਿ ਨੀਚ ਰੂਪ ਨੂੰ ਸਮਾਜਿਕ ਪ੍ਰਵਾਨਗੀ ਰਹੇਗੀ ਤਾਂ ਸਮਾਜ ਵਿੱਚੋਂ ਬਲਾਤਕਾਰ
ਦੇ ਪਾਪ ਨੂੰ ਖਤਮ ਕਰਨ ਦੀਆਂ ਗੱਲਾਂ ਜਾਂ ਔਰਤ ਨੂੰ ਨਿਆਂ ਅਤੇ ਸਨਮਾਨਤ ਜੀਵਨ ਦੇਣ ਦੀਆਂ ਗੱਲਾਂ
ਇੱਕ ਥੋਥਾ ਵਿਖਾਵਾ ਹੀ ਰਹਿਣਗੀਆਂ। ਜੇ ਦੇਸ਼ ਵਾਸੀਆਂ ਦੇ ਇਸ ਮਾਨਸਕ ਸੋਸ਼ਣ ਨਾਲ ਕਿ ਇਹ ਗੱਦਾਰ,
ਦੁਸ਼ਮਣ ਜਾਂ ਆਤੰਕਵਾਦੀ ਹਨ, ਦੇਸ਼ ਦੀਆਂ ਹਜ਼ਾਰਾਂ ਗੀਤਾਵਾਂ ਨੂੰ ਦਾਮਨੀ ਬਨਾਉਣ ਦਾ ਕੰਮ ਇਵੇਂ ਹੀ
ਜਾਰੀ ਰਹੇਗਾ ਤਾਂ ਇਸ ਦੇਸ਼ ਵਿੱਚੋਂ ਇਹ ਬਲਾਤਕਾਰੀ ਮਾਨਸਿਕਤਾ ਕਦੇ ਨਹੀਂ ਮੁੱਕ ਸਕਦੀ। ਜੇ ਇਸ
ਸਮਾਜਿਕ ਰੋਗ ਨੂੰ ਜੜ੍ਹੋ ਪੁੱਟਣਾ ਹੈ ਤਾਂ ਇਨਸਾਫ ਪਸੰਦ, ਦਰਦਮੰਦ ਦੇਸ਼ ਵਾਸੀਆਂ ਨੂੰ ਇਸ ਘੋਰ ਪਾਪ
ਦੇ ਵਿਰੁਧ ਵੀ ਉਂਝ ਹੀ ਅਵਾਜ਼ ਉਠਾਉਣੀ ਪਵੇਗੀ, ਜਿਵੇਂ ਅਤਿ ਮਲੀਣ ਦਾਮਨੀ ਕਾਂਡ ਦੇ ਖਿਲਾਫ ਉਠਾਈ
ਸੀ।
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)
ਮੋਬਾਈਲ: ੯੮੭੬੧੦੪੭੨੬