. |
|
ਧਾਣਕ ਰੂਪਿ ਰਹਾ ਕਰਤਾਰ॥ ……
ਮਨੁੱਖਾ ਜਾਤਿ ਦੀ ਇਨਸਾਨੀਯਤ ਤੋਂ ਗਿਰੀ ਹੋਈ ਇੱਕ ਅਤਿ ਨੀਚ ਸ਼੍ਰੇਣੀ ਦੇ
ਲੋਕਾਂ ਨੂੰ ਧਾਣਕ ਜਾਂ ਸਾਂਸੀ ਕਿਹਾ ਜਾਂਦਾ ਹੈ। ਆਪਣੇ ਨਿਰਬਾਹ ਵਾਸਤੇ ਕਿਰਤ- ਕਮਾਈ
ਕਰਨ ਦੀ ਬਜਾਏ ਇਹ ਲੋਕ ਹਿੰਸਕ ਵਾਰਦਾਤਾਂ ਕਰਕੇ ਦੂਸਰਿਆਂ ਨੂੰ ਲੁੱਟ ਕੇ ਖਾਣ ਵਿੱਚ ਵਿਸ਼ਵਾਸ ਰੱਖਦੇ
ਹਨ। ਧਾਣਕ ਨਿਰਦਯਤਾ ਨਾਲ ਕੀਤੀ ਹੱਤਿਆ ਅਤੇ ਠੱਗੀ-ਠੋਰੀ ਨੂੰ ਆਪਣਾ ਰੁਜ਼ਗਾਰ ਬਣਾਉਂਦਾ ਹੈ।
ਪਾਪ ਕਰਨ ਸਮੇਂ ਧਾਣਕ ਦੇ ਪਾਪੀ ਮਨ ਦੇ ਵਿਕਾਰ ਉਸ ਦੇ ਸਹਾਇਕ
(accomplices)
ਬਣਦੇ ਹਨ ਜੋ ਸਵੇਰ ਸ਼ਾਮ, ਹਰ ਵੇਲੇ ਉਸ ਨੂੰ ਪਾਪ-ਪੂਰਨ ਕਪਟ-ਕਮਾਈ ਕਰਨ ਲਈ ਉਕਸਾਉਂਦੇ ਰਹਿੰਦੇ ਹਨ।
ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਅਤੇ ਆਪਣੇ ਸ਼ਿਕਾਰ ਉੱਤੇ ਹਿੰਸਕ ਜ਼ੁਲਮ ਕਰਨ ਲਈ ਧਾਣਕ ਅਪਣੇ ਨਾਲ
ਸ਼ਿਕਾਰੀ ਕੁੱਤੇ ਕੁੱਤੀਆਂ ਅਤੇ ਤੇਜ਼ ਧਾਰ ਹਥਿਆਰ ਵੀ ਰੱਖਦਾ ਹੈ।
ਮਨੁੱਖਾ ਸਮਾਜ ਦੇ ਧਾਰਮਿਕ ਖੇੱਤਰ ਵਿੱਚ ਵੀ, ਆਦਿ ਕਾਲ ਤੋਂ ਹੀ, ਇੱਕ
ਅਜਿਹੀ ਸ਼੍ਰੇਣੀ ਵਿਚਰ ਰਹੀ ਹੈ ਜੋ ਧਰਮ ਦੇ ਨਾਮ `ਤੇ ਭੋਲੀ-ਭਾਲੀ ਜਨਤਾ ਨੂੰ ਬੜੀ ਬੇਰਹਿਮੀ ਨਾਲ
ਨੋਚ ਨੋਚ ਕੇ ਖਾ ਰਹੀ ਹੈ। ਗੁਰਬਾਣੀ ਵਿੱਚ ਇਸ ਸ਼੍ਰੇਣੀ ਦੇ ਲੋਕਾਂ ਦੀ ਤੁੱਲਣਾ ਧਾਣਕ ਨਾਲ ਕੀਤੀ
ਮਿਲਦੀ ਹੈ। ਮਾਨਵਵਾਦੀ ਬਾਣੀਕਾਰਾਂ ਨੇ ਸੰਸਾਰ ਵਿੱਚ ਵਿਚਰਦੀ ਇਸ ਸ਼੍ਰੇਣੀ ਦੇ ਕਪਟੀ ਤੇ ਲੋਟੂ
ਲੋਕਾਂ ਨੂੰ ਬੜੇ ਸਖ਼ਤ ਸ਼ਬਦਾਂ ਵਿੱਚ ਤਿਰਸਕਾਰਿਆ ਅਤੇ ਅਣਸੁਖਾਵੇਂ ਨਾਵਾਂ/ਵਿਸ਼ੇਸ਼ਣਾਂ ਨਾਲ ਜਾਣਿਆ
ਹੈ, ਜਿਵੇਂ ਕਿ; ਬਗੁਲਾ, ਕੁੱਤਾ, ਚੰਡਾਲ, ਮਾਣਸਖਾਣੇ, ਮੁਰਦਾਰਖੋਰ, ਹਰਾਮਖੋਰ, ਧਾਣਕ, ਸੱਪ, ਅਤੇ
ਬਨਾਰਸ ਕੇ ਠੱਗ ਵਗੈਰਾ ਵਗੈਰਾ।
ਇੱਥੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਇੱਕ ਅਜਿਹੇ ਸ਼ਬਦ ਦੀ ਵਿਚਾਰ ਕਰਦੇ ਹਾਂ
ਜਿਸ ਵਿੱਚ ਉਨ੍ਹਾਂ ਨੇ ਉਕਤ ਸੱਚ ਨੂੰ ਬੜੇ ਭਾਵਪੂਰਨ ਸ਼ਬਦਾਂ ਨਾਲ ਚਿਤਰਿਆ ਹੈ। ਗੁਰੂ ਨਾਨਕ ਦੇਵ ਜੀ
ਫ਼ਰਮਾਉਂਦੇ ਹਨ:
ਮਲੂਕੀ ਵੇਸ ਭੇਖੀ ਠੱਗਾਂ ਦਾ ਜੀਵਨ ਵੀ ਮਤਿਹੀਨ ਅਪਰਾਧੀ ਧਾਣਕ (ਨੀਚ
ਜਾਤ ਸਾਂਸੀ) ਦੇ ਜੀਵਨ ਦੇ ਸਮਾਨ ਹੈ। ਜਿਵੇਂ ਧਾਣਕ ਦੇ ਅਪਰਾਧੀ ਮਨ ਦੇ ਵਿਕਾਰ ਉਸ ਦੇ ਸਹਾਇਕ
(accomplices)
ਬਣਦੇ ਹਨ ਜੋ ਸਵੇਰ ਸ਼ਾਮ, ਹਰ ਵੇਲੇ ਉਸ ਨੂੰ ਪਾਪ-ਪੂਰਨ ਕਪਟ-ਕਮਾਈ ਕਰਨ ਲਈ ਉਕਸਾਉਂਦੇ ਰਹਿੰਦੇ ਹਨ
ਅਤੇ ਮਾਅਸੂਮਾਂ ਦਾ ਸ਼ਿਕਾਰ ਕਰਨ ਲਈ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਸਤੇ ਧਾਣਕ ਅਪਣੇ ਨਾਲ
ਸ਼ਿਕਾਰੀ ਕੁੱਤੇ ਕੁੱਤੀਆਂ ਅਤੇ ਤੇਜ਼ ਧਾਰ ਛੁਰਾ ਆਦਿ ਵੀ ਰੱਖਦਾ ਹੈ, ਤਿਵੇਂ ਮਲੂਕੀ ਵੇਸ
ਵਿੱਚ ਵਿਚਰਦੇ ਠੱਗ ਦੇ ਪਾਪੀ ਮਨ ਦੇ ਸਾਥੀ ਹਨ ਲੋਭ ਲਾਲਚ (ਕੁੱਤਾ) ਅਬੁੱਝ ਤ੍ਰਿਸ਼ਨਾ ਅਤੇ ਆਸ਼ਾਵਾਂ
ਆਦਿ (ਕੁੱਤੀਆਂ)। ਕਪਟ ਤੇ ਜ਼ੁਲਮ ਨਾਲ ਕੀਤੀ ਕਮਾਈ ਅਤੇ ਮੁਰਦਾਰਖ਼ੋਰੀ ਦੀ ਭੈੜੀ ਬਾਣ ਨੇ ਮਲੂਕੀ ਵੇਸ
ਭੇਖੀ ਦਾ ਅਸਲੀ ਮਾਨਸ-ਰੂਪ ਵਿਗਾੜ ਕੇ ਉਸ ਨੂੰ ਸ਼ੈਤਾਨ ਦਾ ਡਰਾਉਣਾ ਤੇ ਕੋਝਾ ਰੂਪ ਦੇ ਦਿੱਤਾ ਹੈ।
ਹਉਮੈਂ-ਵੱਸ, ਪਰਾਈ ਨਿੰਦਾ ਉਸ ਦਾ ਸੁਭਾ ਬਣ ਜਾਂਦਾ ਹੈ। ਉਸ ਦਾ ਧਿਆਨ ਸਦਾ ਪਰਾਏ ਘਰਾਂ ਦੇ ਸੁੱਖ
ਠੱਗਣ ਵੱਲ ਰਹਿੰਦਾ ਹੈ। ਕਾਮ ਕ੍ਰੋਧ ਆਦਿ ਵਿਕਾਰ ਉਸ ਦੇ ਚੰਡਾਲਪੁਣੇ ਨੂੰ ਉਤਸਾਹਿਤ ਕਰਦੇ ਰਹਿੰਦੇ
ਹਨ। ਸ਼ਰੀਫ਼ਾਨਾ ਲਿਬਾਸ ਦੇ ਪੜਦੇ ਓਹਲੇ ਉਸ ਦੀ ਠੱਗੀ ਦਾ ਅੱਡਾ ਹੈ। ਉਹ ਛਲ-ਯੁਕਤ ਪਹਿਰਾਵੇ ਦੇ
ਛਲ ਨਾਲ ਦੇਸ-ਬਿਦੇਸ ਭੋਲੇ-ਭਾਲੇ ਅਗਿਆਨੀ ਅਤੇ ਕਈ ਹਉਮੈ-ਮਾਰੇ ਮਾਇਆਧਾਰੀ ਲੋਕਾਂ ਨੂੰ ਕਠੋਰ ਚਿਤ
ਹੋ ਕੇ ਠੱਗਦਾ ਫਿਰਦਾ ਹੈ। ਆਪਣੇ ਜਾਣੇ ਉਹ ਬੜਾ ਚੁਸਤ-ਚਾਲਾਕ ਤੇ ਸਿਆਣਾ ਹੈ, ਜੋ ਲੋਕਾਂ ਨੂੰ
ਆਪਣੇ ਫਰੇਬ-ਜਾਲ ਵਿੱਚ ਫਾਹ ਕੇ ਠੱਗਣ ਵਿੱਚ ਸਫ਼ਲ ਹੈ। ਪਰ, ਸੱਚ ਤਾਂ ਇਹ ਹੈ ਕਿ ਉਹ ਆਪਣੇ ਸਿਰ
ਉੱਤੇ ਆਪ ਰੱਖੀ ਪਾਪਾਂ ਦੀ ਪੰਡ ਨੂੰ ਵਧੇਰੇ ਭਾਰੀ ਤੇ ਵਡੇਰੀ ਕਰੀ ਜਾ ਰਿਹਾ ਹੈ। ਮਲੂਕੀ ਵੇਸ ਧਾਣਕ
(ਭੇਖਧਾਰੀ ਮੁਰਦਾਰਖ਼ੋਰ ਹਿੰਸਕ ਲੁਟੇਰਾ) ਵਿਕਾਰਾਂ ਦੇ ਸੁਆਦਾਂ ਵਿੱਚ ਇਤਨਾ ਗ਼ਲਤਾਨ ਹੈ ਕਿ ਉਸ ਨੇ
ਕਦੇ ਵੀ ਮੁਕਤੀ-ਦਾਤੇ ਪਰਮਾਤਮਾ ਦੀ ਨਸੀਹਤ ਨਹੀਂ ਗੌਲੀ ਅਤੇ ਨਾ ਹੀ ਇਹ ਸੋਚਣ ਦੀ ਖੇਚਲ ਕੀਤੀ ਹੈ
ਕਿ ਕਿਹੜੀ ਕਰਨੀ ਸਦਾਚਾਰਕ ਹੈ ਅਤੇ ਕਿਹੜੀ ਦੁਰਾਚਾਰਕ! ! ਗੁਰੂ ਨਾਨਕ ਦੇਵ ਜੀ ਅਜਿਹੇ "ਬਿਗੜੈ
ਰੂਪਿ" ਪਾਪੀਆਂ ਨੂੰ ਪਾਪ ਦਾ ਕੁਮਾਰਗ ਤਿਆਗ ਕੇ ਤੇ ਭੇਖ-ਪ੍ਰਥਾ ਨੂੰ ਤਿਲਾਂਜਲੀ ਦੇ ਕੇ
ਤਰਣਤਾਰਣ ਪਾਰਬ੍ਰਹਮ ਦੇ ਚਰਣ-ਕਮਲਾਂ ਦਾ ਸਹਾਰਾ ਲੈਣ ਲਈ ਪ੍ਰੇਰਦੇ ਹਨ। ਪਾਠਕਾਂ ਦੀ ਸੇਵਾ ਵਿੱਚ
ਗੁਰੂ ਨਾਨਕ ਦੇਵ ਜੀ ਦਾ ਰਚਿਆ ਇਹ ਪੂਰਾ ਸ਼ਬਦ ਪੇਸ਼ ਹੈ:
ਏਕੁ ਸੁਆਨੁ ਦੁਇ ਸੁਆਨੀ ਨਾਲਿ॥ ਭਲਕੇ ਭਉਕਹਿ ਸਦਾ ਬਇਆਲਿ॥ ਕੂੜੁ ਛੁਰਾ
ਮੁਠਾ ਮੁਰਦਾਰੁ॥ ਧਾਣਕ ਰੂਪਿ ਰਹਾ ਕਰਤਾਰ॥ ੧॥ ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ॥ ਹਉ ਬਿਗੜੈ
ਰੂਪਿ ਰਹਾ ਬਿਕਰਾਲ॥ ਤੇਰਾ ਏਕੁ ਨਾਮੁ ਤਾਰੇ ਸੰਸਾਰੁ॥ ਮੈ ਏਹਾ ਆਸ ਏਹੋ ਆਧਾਰੁ॥ ੧॥ ਰਹਾਉ॥ ਮੁਖਿ
ਨਿੰਦਾ ਆਖਾ ਦਿਨੁ ਰਾਤਿ॥ ਪਰ ਘਰੁ ਜੋਹੀ ਨੀਚ ਸਨਾਤਿ॥ ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ॥ ਧਾਣਕ
ਰੂਪਿ ਰਹਾ ਕਰਤਾਰ॥ ੨॥ ਫਾਹੀ ਸੁਰਤਿ ਮਲੂਕੀ ਵੇਸ॥ ਹਉ ਠਗਵਾੜਾ ਠਗੀ ਦੇਸੁ॥ ਖਰਾ ਸਿਆਣਾ ਬਹੁਤਾ
ਭਾਰੁ॥ ਧਾਣਕ ਰੂਪਿ ਰਹਾ ਕਰਤਾਰ॥ ੩॥ ਮੈ ਕੀਤਾ ਨਾ ਜਾਤਾ ਹਰਾਮਖੋਰੁ॥ ਹਉ ਕਿਆ ਮੁਹੁ ਦੇਸਾ ਦੁਸਟੁ
ਚੋਰੁ॥ ਨਾਨਕੁ ਨੀਚੁ ਕਹੈ ਬੀਚਾਰੁ॥ ਧਾਣਕ ਰੁਪਿ ਰਹਾ ਕਰਤਾਰ॥ ੪॥ ਸਿਰੀ ਰਾਗੁ ਮ: ੧
ਸ਼ਬਦ ਅਰਥ:- ਸੁਆਨੁ:
ਕੂਕਰ, ਕੁੱਤਾ ਜੋ ਲੋਭ-ਲਾਲਚ ਦਾ ਪ੍ਰਤੀਕ ਹੈ। ਦੁਇ: ਦੂਜਾ, ਦੋ। ਸੁਆਨੀ: ਕੁੱਤੀ,
(ਸੰਸਾਰਕ) ਆਸਾ, ਮਨਸਾ, ਲਾਲਸਾ, ਇੱਛਾ ਆਦਿ ਕੁੱਤੀਆਂ। ਭਲਕੇ: ਸਵੇਰੇ, ਅਗਲੇ ਦਿਨ।
ਭਉਕਹਿ: ਕੁੱਤੇ ਵਾਂਗ ਭੌਂਕ ਕੇ/ਬਕਬਾਦ ਕਰਕੇ ਲਾਲਚੀ ਰੁਚੀ ਦਾ
ਪ੍ਰਗਟਾਵਾ ਕਰਦਾ ਹੈ। ਬਇਆਲਿ: ਸ਼ਾਮ/ਸੰਧਿਆ/ਆਥਣ ਵੇਲੇ; ਭਲਕੇ ਤੇ ਬਇਆਲਿ:
ਸਵੇਰ-ਸ਼ਾਮ, ਹਰ ਵੇਲੇ, ਹਰ ਰੋਜ਼, ਨਿਤ ਦਿਨ। ਕੂੜ ਛੁਰਾ: ਝੂਠ/ਕੁਸੱਤ ਦਾ ਛੁਰਾ ਅਰਥਾਤ
ਬੁਰੀ ਅਮਾਨਵੀ ਅਪਰਾਧਕ ਸੋਚਣੀ ਤੇ ਕਰਨੀ ਰੂਪੀ ਛੁਰਾ। ਮੁਠਾ: ਦਸਤਾ, ਹੱਥਾ। ਮੁਰਦਾਰੁ:
ਹਰਾਮ ਦੀ ਕਮਾਈ। ਧਾਣਕ: ਇੱਕ ਨੀਚ ਜਾਤਿ ਦੇ ਲੋਕ ਜਿਨ੍ਹਾਂ ਦਾ ਪੇਸ਼ਾ ਹਿੰਸਕ
ਵਾਰਦਾਤਾਂ ਕਰਕੇ ਲੋਕਾਂ ਨੂੰ ਲੁੱਟਣਾ ਹੁੰਦਾ ਹੈ। ੧।
ਪਤਿ ਕੀ: ਪਤੀ ਪਰਮਾਤਮਾ ਦੀ, ਦੈਵੀ। ਪੰਦਿ: ਨਸੀਹਤ, ਸਿੱਖਿਆ।
ਕਰਣੀ: ਕਰਮ, ਕਰਤੂਤ, ਪਾਪ-ਕਰਮ। ਕਾਰ: ਕਾਲਖ। ਬਿਕਰਾਲ: ਡਰਾਉਣਾ,
ਭਿਆਣਕ। ਆਧਾਰੁ: ਸਹਾਰਾ, ਆਸਰਾ। ੧। ਰਹਾਉ।
ਜੋਹੀ: ਜੋਹਨਾ: ਦੇਖਣਾ, ਤਾੜਣਾ; ਤਾੜਦਾ ਰਹਿੰਦਾ ਹੈ। ਨੀਚ:
ਇਨਸਾਨੀਅਤ/ਸੱਚਿਆਰਤਾ ਤੋਂ ਗਿਰਿਆ ਹੋਇਆ, ਦੁਸ਼ਟ। ਸਨਾਤਿ: ਹੋਛੀ/ਨੀਚ ਜਾਤਿ ਦਾ, ਬ੍ਰਾਹਮਣੀ
ਦੀ ਕੁੱਖੋਂ ਸ਼ੂਦਰ ਦੀ ਔਲਾਦ, ਅਤਿ ਨੀਚ। ਚੰਡਾਲ: ਤਮੋਗੁਣੀ ਸੁਭਾਉ ਵਾਲਾ ਮਨੁੱਖ, ਵਿਕਾਰੀ
ਸੁਭਾਉ ਵਾਲਾ। ੨।
ਫਾਹੀ ਸੁਰਤਿ: ਜਿਸ ਦਾ ਧਿਆਨ ਲੋਕਾਂ ਨੂੰ ਧੋਖੇ ਨਾਲ ਫਾਹ/ਫਸਾ ਕੇ
ਨਿਰਦਇਤਾ ਨਾਲ ਲੁੱਟਣ ਵਿੱਚ ਹੋਵੇ। ਮਲੂਕੀ: ਮਲਿਕ: ਫ਼ਰਿਸ਼ਤਾ ਅਰਥਾਤ ਸਾਧੂ/ਸੰਤਾਂ ਵਾਲਾ,
ਸ਼ਰੀਫ਼ਾਨਾ। ਵੇਸੁ: ਲਿਬਾਸ, ਪਹਿਨਾਵਾ। ਹਉ: ਮੈਂ, ਹਉਮੈ। ਠਗਵਾੜਾ:
ਛਲ-ਕਪਟ ਤੇ ਧੋਖੇ ਨਾਲ ਦੂਸਰਿਆਂ ਨੂੰ ਠੱਗਣ ਵਾਲਾ। ਖਰਾ: ਬਹੁਤ।। ੩।
ਜਾਤਾ: ਜਾਣਿਆ; ਕੀਤਾ ਨਾ ਜਾਤਾ: ਰੱਬੀ ਰਹਿਮਤਾਂ ਦੀ ਕਦਰ
ਨਹੀਂ ਪਾਈ, ਕ੍ਰਿਤਘਣ/ਨਾਸ਼ੁਕਰਗੁਜ਼ਾਰ ਰਿਹਾ। ਹਰਾਮਖੋਰ:
ਬੇਇਮਾਨੀ ਦਾ ਖੱਟਿਆ ਖਾਣ ਵਾਲਾ,
ਦੂਜਿਆਂ ਦੀ ਕਿਰਤ-ਕਮਾਈ ਠੱਗ ਕੇ ਖਾਣ ਵਾਲਾ।
ਕਿਆ ਮੁਹੁ ਦੇਸਾ: ਮੂੰਹ ਦਿਖਾਉਣ ਦੇ ਯੋਗ ਨਹੀਂ ਰਹਾਂ ਗਾ ਅਰਥਾਤ ਸ਼ਰਮਿੰਦਗੀ ਉਠਾਉਣੀ ਪਵੇਗੀ।
ਦੁਸਟੁ: ਪਾਪ ਕਮਾਉਣ ਵਾਲਾ ਕਲੰਕੀ। ਨੀਚ: ਨਿਮਾਣਾ, ਨਮਰ। ਬੀਚਾਰੁ:
ਵਿਚਾਰ ਕੇ, ਬਿਬੇਕ ਨਾਲ ਸੋਚ-ਸਮਝ ਕੇ। ੪।
ਭਾਵ ਅਰਥ:- ਹੇ ਸ੍ਰਿਸ਼ਟੀ ਦੇ ਸਿਰਜਨਹਾਰ! ਮੈਂ ਧਾਣਕ ਵਾਲਾ ਅਪਰਾਧੀ
ਜੀਵਨ ਜੀਅ ਰਿਹਾ ਹਾਂ। ਮੇਰਾ ਪਾਪੀ ਮਨ ਹਰ ਵੇਲੇ, ਨਿਤ ਦਿਨ ਦੂਜਿਆਂ ਨੂੰ ਠੱਗਣ ਵਾਸਤੇ ਉਤਾਵਲਾ
ਰਹਿੰਦਾ ਹੈ। (ਜਿਵੇਂ ਧਾਣਕ ਹਿੰਸਕ ਪਾਪ ਕਰਨ ਸਮੇਂ ਆਪਣੇ ਨਾਲ ਖ਼ੂਨ-ਖ਼ਵਾਰ ਕੁੱਤੇ ਕੁੱਤੀਆਂ ਤੇ
ਛੁਰਾ ਆਦਿ ਰੱਖਦਾ ਹੈ ਤਿਵੇਂ) ਸੰਸਾਰਕ ਆਸਾ-ਮਨਸਾ ਤੇ ਲੋਭ ਲਾਲਚ ਆਦਿ ਮੇਰੇ ਸਾਥੀ ਹਨ ਜੋ ਮੇਰੇ
ਮਲੀਨ ਮਨ ਨੂੰ ਪਾਪ ਕਮਾਉਣ ਲਈ ਉਕਸਾਉਂਦੇ ਰਹਿੰਦੇ ਹਨ। (ਮੂੜ੍ਹ ਮਨ ਦੇ ਮਗਰ ਲਗਿ) ਕੂੜ-ਕੁਸੱਤ ਤੇ
ਛਲ-ਫ਼ਰੇਬ ਦੇ ਛੁਰੇ, ਜਿਸ ਦਾ ਦਸਤਾ ਮੁਰਦਾਰ ਖਾਣ ਦੀ ਮੇਰੀ ਰੁਚੀ ਹੈ, ਨਾਲ ਮੈਂ ਲੋਕਾਂ ਨੂੰ ਨੋਚ
ਨੋਚ ਕੇ ਖਾਂਦਾ ਹਾਂ। ੧।
ਮੈਂ ਪਤੀ ਪਰਮਾਤਮਾ ਦੇ ਦੈਵੀ ਗੁਣਾਂ ਤੋਂ ਮਿਲਦੀ ਸਿੱਖਿਆ ਨਹੀਂ ਲਈ; ਉਲਟਾ
ਮੈਂ ਆਪਣੀਆਂ ਕਾਲੀਆਂ ਕਰਤੂਤਾਂ (ਪਾਪ ਕਰਮਾਂ) ਦੀ ਕਾਲਖ ਆਪਣੇ ਮੂੰਹ `ਤੇ ਥੱਪਦਾ ਰਿਹਾ। ਜਿਸ ਕਾਰਣ
ਮੇਰਾ ਰੂਪ ਵਿਗੜ ਕੇ ਡਰਾਉਣਾ ਬਣ ਗਿਆ ਹੈ। ਹੇ ਸਿਰਜਨਹਾਰ! ਤੇਰੇ ਨਾਮ ਦਾ ਸਿਮਰਨ (ਗੁਣ-ਗਾਇਨ) ਹੀ
ਸਿਰਫ਼ ਇੱਕ ਸਾਧਨ ਹੈ ਜਿਸ ਨਾਲ ਇਸ ਸੰਸਾਰ-ਸਾਗਰ ਨੂੰ ਤਰ ਕੇ ਪਾਰ ਹੋਇਆ ਜਾ ਸਕਦਾ ਹੈ। (ਅਪਰਾਧਾਂ
ਦੀ ਦਲਦਲ ਵਿੱਚ ਗ਼ਰਕੇ ਹੋਏ) ਮੈਨੂੰ ਵੀ ਹੁਣ ਕੇਵਲ ਤੇਰੇ ਨਾਮ ਦਾ ਹੀ ਆਸਰਾ ਤੇ ਉਮੀਦ ਹੈ (ਕਿ ਨਾਮ
ਦੇ ਸਹਾਰੇ ਸ਼ਾਇਦ! ਮੇਰਾ ਕਲੰਕੀ ਦਾ ਵੀ ਇਸ ਸੰਸਾਰ-ਸਾਗਰ ਤੋਂ ਪਾਰ ਉਤਾਰਾ ਹੋ ਜਾਵੇ!)। ੧। ਰਹਾਉ।
(ਆਪਣੇ ਆਪ ਨੂੰ ਸ੍ਰੇਸ਼ਟ ਸਾਬਤ ਕਰਨ ਲਈ, ਆਪਣੀਆਂ ਕਰਤੂਤਾਂ ਨੂੰ ਨਜ਼ਰਅੰਦਾਜ਼
ਕਰਦਾ ਹੋਇਆ) ਮੈਂ ਹਰ ਵੇਲੇ, ਦਿਨ-ਰਾਤ ਦੂਜਿਆਂ ਉੱਤੇ ਝੂਠੀਆਂ ਤੁਹਮਤਾਂ ਲਾਉਂਦਾ ਰਹਿੰਦਾ ਹਾਂ।
ਮੈਂ ਇਨਸਾਨੀਯਤ ਤੋਂ ਇਤਨਾ ਗਿਰ ਗਿਆ ਹਾਂ ਕਿ ਮੈਂ ਦੂਸਰਿਆਂ ਦੇ ਘਰਾਂ ਨੂੰ ਠੱਗਣ ਦੀਆਂ ਵਿਉਂਤਾਂ
ਘੜਦਾ ਰਹਿੰਦਾ ਹਾਂ। ਮੇਰੇ ਤਨ-ਮਨ ਅੰਦਰ ਕਾਮ ਕ੍ਰੋਧ ਆਦਿ ਵਿਕਾਰ ਘਰ ਕਰ ਗਏ ਹਨ; ਜਿਸ ਕਾਰਣ ਮੈਂ
ਚੰਡਾਲ ਬਣ ਗਿਆ ਹਾਂ। ਹੇ ਸਿਰਜਨਹਾਰ! (ਆਪਣੀਆਂ ਕਾਲੀਆਂ ਕਰਤੂਤਾਂ ਕਰਕੇ) ਮੈਂ ਸਾਂਸੀਆਂ ਵਾਲਾ
ਪਾਪੀ ਜੀਵਨ ਬਿਤੀਤ ਕਰ ਰਿਹਾ ਹਾਂ। ੨।
ਮੈਂ ਸਾਧ/ਸੰਤਾਂ ਵਾਲੇ ਭਰਮਾਊ ਪਹਿਰਾਵੇ ਵਿੱਚ ਵਿਚਰਦਾ ਹਾਂ (ਪਰੰਤੂ) ਮੇਰਾ
ਧਿਆਨ ਹਰ ਵੇਲੇ ਲੋਕਾਂ ਨੂੰ ਫਸਾ ਕੇ ਠੱਗਣ ਵੱਲ ਹੁੰਦਾ ਹੈ। ਇਸ ਤਰ੍ਹਾਂ ਮੈਂ ਦੇਸ-ਬਿਦੇਸ ਲੋਕਾਂ
ਨੂੰ ਠੱਗਦਾ ਫਿਰਦਾ ਹਾਂ। (ਲੋਕਾਂ ਨੂੰ ਠੱਗਣ ਵਿੱਚ ਕਾਮਯਾਬ ਹੋ ਕੇ) ਮੈਂ ਆਪਣੇ ਆਪ ਨੂੰ ਬੜਾ
ਚੁਸਤ-ਚਲਾਕ ਤੇ ਸਿਆਣਾ ਸਮਝਦਾ ਹਾਂ; (ਪਰੰਤੂ ਅਸਲੀਅਤ ਤਾਂ ਇਹ ਹੈ ਕਿ ਦਰਅਸਲ) ਮੈਂ ਆਪਣੇ ਸਿਰ
ਉੱਤੇ ਆਪ ਰੱਖੀ ਪਾਪਾਂ ਦੀ ਪੰਡ ਨੂੰ ਵਧੇਰੇ ਭਾਰੀ ਤੇ ਵਡੇਰੀ ਕਰੀ ਜਾ ਰਿਹਾ ਹਾਂ। ਹੇ ਕਰਤਾਰ! ਇਸ
ਤਰ੍ਹਾਂ ਮੈਂ ਇਨਸਾਨੀਯਤ ਤੋਂ ਗਿਰਿਆ ਹੋਇਆ ਸਾਂਸੀਆਂ ਵਾਲਾ ਨੀਚ ਜੀਵਨ ਜੀਅ ਰਿਹਾ ਹਾਂ। ੩।
ਹੇ ਕਰਤਾਰ! ਮੈਂ ਇਤਨਾ ਕ੍ਰਿਤਘਣ/ਨਾਸ਼ੁਕਰਗੁਜ਼ਾਰ ਹਾਂ ਕਿ ਮੈਂ ਹਰਾਮਖ਼ੋਰ ਨੇ
ਤੇਰੀਆਂ ਰਹਿਮਤਾਂ/ਬਖ਼ਸ਼ਿਸ਼ਾਂ ਦੀ ਕਦਰ ਨਹੀਂ ਪਾਈ। ਮੈਂ ਸਚਿਆਰਤਾ ਤੋਂ ਇਤਨਾ ਗਿਰਿਆ ਹੋਇਆ ਕਲੰਕੀ
ਚੋਰ ਹਾਂ ਕਿ ਤੇਰੇ ਦਰ `ਤੇ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ। ਨਿਮਾਣਾ ਨਾਨਕ ਬਿਚਾਰ ਨਾਲ ਸੋਚ ਸਮਝ
ਕੇ ਕਥਨ ਕਰਦਾ ਹੈ ਕਿ ਮੈਂ (ਨਾਨਕ, ਦੇਵਨਹਾਰ ਪਰਮਾਤਮਾ ਵੱਲੋਂ ਬੇਮੁਖ ਹੋ ਕੇ) ਸਾਂਸੀਆਂ ਵਾਲਾ
ਅਪਰਾਧਕ ਜੀਵਨ ਜੀਅ ਰਿਹਾ ਹਾਂ। ੪।
ਉਕਤ ਵਿਚਾਰੇ ਸ਼ਬਦ ਦਾ ਸਾਰੰਸ਼ ਅਤੇ ਨਿਰਣਾ: ਪਹਿਲਾ, ਮਹਾਂਪੁਰਖ
ਮਾਨਵਵਾਦੀ ਨਿਯਮਾਂ, ਜਿਨ੍ਹਾਂ ਦਾ ਉਹ ਪ੍ਰਚਾਰ ਕਰਦੇ ਹਨ, ਨੂੰ ਹੁਕਮਨ ਦੂਸਰਿਆਂ ਤੋਂ ਮੰਨਵਾਉਂਦੇ
ਨਹੀਂ ਅਤੇ ਨਾ ਹੀ ਨਸੀਹਤ ਕਰਦੇ ਹਨ ਸਗੋਂ ਨਿਜ ਦੀ ਉਦਾਹਰਣ ਦੇ ਕੇ ਦੂਜਿਆਂ ਨੂੰ ਸੁਚੇਤ ਕਰਦੇ ਹੋਏ
ਸਹੀ ਰਸਤੇ `ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ। ਪਰਮ-ਪਦ ਪ੍ਰਾਪਤ ਗੁਰੂ ਨਾਨਕ ਦੇਵ ਜੀ, ਹਉਮੈਂ ਦਾ
ਪਰਿਤਿਆਗ ਕਰਕੇ, ਮਨੁੱਖਾ ਸਮਾਜ ਵਿੱਚ ਵਿਆਪਕ ਧਾਣਕਾਂ/ਸਾਂਸੀਆਂ ਵਾਲੇ ਅਮਾਨਵੀ ਤੇ ਅਪਰਾਧਕ ਜੀਵਨ
ਦੀ ਬੁਰਾਈ ਦਾ ਦੋਸ਼ ਦੂਜਿਆਂ ਉੱਤੇ ਥੋਪਣ ਦੀ ਬਜਾਏ ਪਹਿਲਾਂ ਆਪਣੇ ਕਿਰਦਾਰ ਉੱਤੇ ਢੁਕਾਉਂਦੇ ਅਤੇ ਉਸ
ਬੁਰਾਈ ਨੂੰ ਨਾਮ-ਸਿਮਰਨ ਦੁਆਰਾ ਪ੍ਰਾਪਤ ਰੱਬੀ ਰਹਿਮਤ ਨਾਲ ਦੂਰ ਕਰਨ ਦੀ ਗੱਲ ਕਰਦੇ ਹਨ। ਦੂਜਾ,
ਭਲੇ ਪੁਰਖ ਨੂੰ ਭੇਖ ਦੀ ਜ਼ਰੂਰਤ ਨਹੀਂ ਹੁੰਦੀ। ਭੇਖ ਤਾਂ ਧਾਣਕਿ ਰੂਪ ਮੁਰਦਾਰਖ਼ੋਰਾਂ ਦੀ ਮਜਬੂਰੀ
ਹੈ! ਤੀਜਾ, ਧਾਣਕਾਂ ਵਾਲੇ ਅਪਰਾਧਕ ਜੀਵਨ ਤੋਂ ਮੁਕਤ ਹੋਣ ਵਾਸਤੇ ਨਾਮ-ਸਿਮਰਨ (ਦੈਵੀ ਗੁਣਾਂ ਨੂੰ
ਯਾਦ ਕਰਦਿਆਂ) ਆਪਣੇ ਜੀਵਨ ਨੂੰ ਸੁਧਾਰਨ ਦੀ ਜ਼ਰੂਰਤ ਹੈ।
ਗੁਰੂ ਨਾਨਕ ਦੇਵ ਜੀ ਦੇ ਉਕਤ ਸ਼ਬਦ ਵਿੱਚ ਦਿੱਤੇ ਵਿਚਾਰਾਂ ਦੇ ਮਾਪਦੰਡ ਨਾਲ
ਨਿਰਪੱਖ ਤੇ ਪਾਰਖੂ ਅੱਖ ਨਾਲ ਦੇਖੀਏ ਤਾਂ ਸਾਨੂੰ ਸਭ ਪਾਸੇ, ਖ਼ਾਸ ਕਰਕੇ ਧਰਮ-ਸਥਾਨਾਂ ਅਤੇ ਡੇਰਿਆਂ
ਆਦਿ ਉੱਤੇ, ਧਾਣਕ ਹੀ ਧਾਣਕ ਨਜ਼ਰ ਆਉਂਦੇ ਹਨ। ਗੁਰਮਤਿ ਦਾ ਪ੍ਰਚਾਰ ਕਰਨ ਦਾ ਢੌਂਗ ਕਰਨ ਵਾਲੇ ਵੀ,
ਦਰਅਸਲ, ਮਲੂਕੀ ਵੇਸ ਵਿੱਚ ਹਉਮੈਂ-ਮਾਰੇ ਵਿਕਾਰੀ ਧਾਣਕ ਹਨ ਜੋ ਮਾਅਸੂਮ ਲੋਕਾਂ ਨੂੰ ਅਪਣੇ ਤਰ੍ਹਾਂ
ਤਰ੍ਹਾਂ ਦੇ ਰੰਗ-ਬਰੰਗੇ ਬਾਣਿਆਂ ਤੇ ਚਿੰਨ੍ਹਾਂ ਦੇ ਭਰਮ-ਜਾਲ ਵਿੱਚ ਫਸਾ ਕੇ, ਕੂੜ-ਕੁਸੱਤ ਦੇ
ਗੁੱਝੇ ਛੁਰੇ ਨਾਲ ਉਨ੍ਹਾਂ ਦੀ ਕਿਰਤ-ਕਮਾਈ ਠੱਗਦੇ ਤੇ ਉਨ੍ਹਾਂ ਦਾ ਖ਼ੂਨ ਪੀਂਦੇ ਹਨ। ਅਤੇ ਅਸੀਂ,
ਗਿਆਨ-ਵਿਹੂਣੀ ਅੰਨ੍ਹੀਂ ਰਈਯਤ, ਵੀ ਮਲੂਕੀ ਵੇਸ ਠੱਗਾਂ ਦੇ ਮਗਰ ਲਗਿ, ਗੁਰੂ ਨਾਨਕ ਦੇਵ ਜੀ ਦੇ
ਪ੍ਰੇਰਣਾਤਮਕ ਸੁਨੇਹੇ ਨੂੰ ਅਣਗੌਲਿਆ ਕਰਕੇ ਮਲੂਕੀ ਵੇਸ (ਭੇਖੀ) ਠੱਗਾਂ ਦੀ ਹੀ ਪੂਜਾ ਕਰੀ ਜਾ ਰਹੇ
ਹਾਂ।
ਗੁਰਇੰਦਰ ਸਿੰਘ ਪਾਲ ਜਨਵਰੀ 24, 2016.
|
. |