ਸਰਬੱਤ ਖ਼ਾਲਸਾ ਦੀ ਪੁਨਰ-ਸੁਰਜੀਤੀ
ਅੱਜ ਸਿੱਖ ਕੌਮ ਦੀ ਵਸੋਂ ਸੰਸਾਰ ਦੇ ਤਕਰੀਬਨ ਹਰੇਕ ਦੇਸ਼ ਵਿੱਚ ਹੈ। ਇਸ ਲਈ
ਹਰੇਕ ਦੇਸ਼ ਵਿੱਚੋਂ ਕੁੱਝ ਕੁ ਕੌਮੀ ਦਰਦ ਰੱਖਣ ਵਾਲੇ ਤੇ ਗੁਰਮਤਿ ਦੇ ਮੁੱਢਲੇ ਸਿਧਾਂਤਾਂ ਦੀ
ਸਪੱਸ਼ਟਤਾ ਰੱਖਣ ਵਾਲੇ ਸਿੱਖ ਵਿਦਵਾਨ/ਇਤਿਹਾਸਕਾਰ ਆਪੋ-ਆਪਣੇ ਦੇਸ਼/ਸੂਬੇ ਵਿੱਚ ਇਕੱਤ੍ਰਤਾਵਾਂ ਕਰ ਕੇ
‘ਸਰਬੱਤ ਖ਼ਾਲਸਾ’ ਸੰਸਥਾ ਦੀ ਪ੍ਰਸਤਾਵਤ ਰੂਪ-ਰੇਖਾ ਤਿਆਰ ਕਰਨ। ਫਿਰ ਸੰਸਾਰਕ ਪੱਧਰ ਦੀ ਇਕੱਤ੍ਰਤਾ
ਬੁਲਾਈ ਜਾਵੇ ਜਿਸ ਵਿੱਚ ਸਾਰੇ ਦੇਸ਼ਾਂ ਦੀਆਂ ਉਪਰੋਕਤ ਇਕੱਤ੍ਰਤਾਵਾਂ ਵੱਲੋਂ ਮਿਲੇ ਸੁਝਾਵਾਂ `ਤੇ
ਖੁੱਲ੍ਹ ਕੇ ਵਿਚਾਰਾਂ ਕੀਤੀਆਂ ਜਾਣ। ਇਹ ਕੇਂਦਰੀ ਇਕੱਤ੍ਰਤਾ ਲਗਾਤਾਰ ਕੁੱਝ ਕੁ ਦਿਨ ਇਹ ਵਿਚਾਰਾਂ
ਕਰ ਕੇ, ਪ੍ਰੈਸ ਕਾਨਫ਼ਰੰਸ ਕਰ ਕੇ, ਸਰਬੱਤ ਖ਼ਾਲਸਾ ਵਿੱਚ ਸ਼ਾਮਲ ਹੋਣ ਵਾਲੀਆਂ ਜਥੇਬੰਦੀਆਂ/ਸੰਸਥਾਵਾਂ
ਵਿਦਵਾਨਾਂ ਦੀ ਸੂਚੀ, ਸਮੇਂ ਤੇ ਸਥਾਨ ਦਾ ਐਲਾਨ ਕਰ ਦੇਣ ਅਤੇ ਇਸ ਸਾਰੀ ਜਾਣਕਾਰੀ ਨੂੰ ਇੱਕ ਸਾਂਝੀ
ਵੈਬ-ਸਾਈਟ (ਇੰਟਰਨੈੱਟ) `ਤੇ ਪਾ ਦੇਣ। ਨਾਲ ਦੀ ਨਾਲ ਹੀ, ਇਸ ਜਾਣਕਾਰੀ ਨੂੰ ਬਾਕੀ ਮੀਡੀਆ ਰਾਹੀਂ
ਵੀ ਸਾਰੀ ਕੌਮ ਦੀ ਜਾਣਕਾਰੀ ਲਈ ਐਲਾਨਿਆਂ ਜਾਏ। ਇਸ ਵਿਸ਼ਵ-ਪੱਧਰੀ ਇਕੱਤ੍ਰਤਾ ਦਾ ਏਜੰਡਾ ਸਰਬੱਤ
ਖ਼ਾਲਸਾ ਨੂੰ ਪੁਨਰ-ਸੁਰਜੀਤ ਕਰਨਾ ਅਤੇ ਪ੍ਰਸਤਾਵਤ ਕੌਮੀ ਜਥੇਬੰਦਕ ਸਿਸਟਮ ਬਾਰੇ ਵਿਚਾਰ ਕਰਨਾ ਹੀ
ਹੋਵੇ। ਇਸ ਇਕੱਤ੍ਰਤਾ ਵਿੱਚ ਮਨਜ਼ੂਰ ਕੀਤੇ ਮੱਤਿਆਂ ਨੂੰ ਭੀ ਉਪਰੋਕਤ ਅਨੁਸਾਰ, ਸਾਰੀ ਕੌਮ ਦੀ
ਜਾਣਕਾਰੀ ਹਿੱਤ ਅਤੇ ਸੁਝਾਅ ਪ੍ਰਾਪਤੀ ਲਈ, ਕਾਰਵਾਈ ਕੀਤੀ ਜਾਵੇ। ਸਿੱਖ ਜਥੇਬੰਦੀਆਂ/ਸੰਸਥਾਵਾਂ
ਵੱਲੋਂ ਮਿਲੇ ਸੁਝਾਵਾਂ ਨੂੰ ਵਿਚਾਰਨ ਲਈ ਸਰਬੱਤ ਖ਼ਾਲਸਾ ਦੀ ਇਕੱਤ੍ਰਤਾ ਦੁਬਾਰਾ ਬੁਲਾਈ ਜਾਵੇ, ਜਿਸ
ਵਿੱਚ ਸਰਬੱਤ ਖ਼ਾਲਸਾ ਦੀ ਰੂਪ-ਰੇਖਾ ਅਤੇ ਕੌਮੀ ਜਥੇਬੰਦਕ ਢਾਂਚੇ ਬਾਰੇ ਖੁਲ੍ਹੀਆਂ ਵਿਚਾਰਾਂ ਕਰ ਕੇ
ਇਨ੍ਹਾਂ ਦੀ ਅੰਤਮ (
final)
ਬਣਤਰ ਬਾਰੇ ਫੈਸਲੇ ਲੈ ਕੇ ਸਾਰੀ ਕੌਮ ਦੀ ਜਾਣਕਾਰੀ ਹਿੱਤ ਐਲਾਨ ਕਰ ਦਿੱਤਾ ਜਾਵੇ ਅਤੇ ਜਮੀਨੀ ਪੱਧਰ
`ਤੇ ਇਨ੍ਹਾਂ ਫ਼ੈਸਲਿਆਂ ਨੂੰ ਅਮਲੀ ਰੂਪ ਦੇਣ ਹਿਤ ਯੋਗ ਕਾਰਵਾਈ ਅਰੰਭ ਕਰ ਦਿੱਤੀ ਜਾਵੇ।
ਨੋਟ:
1. ਅਸ਼ਾਂਤੀ ਪੈਦਾ ਕਰਨ ਵਾਲੀਆਂ ਧਿਰਾਂ ਦਾ ਸਫ਼ਲਤਾ ਨਾਲ ਟਾਕਰਾ ਕਰ ਕੇ
ਵਿਸ਼ਵ-ਸ਼ਾਂਤੀ ਦੀ ਸਥਾਪਨਾ ਵੱਲ ਵੱਧਣ ਲਈ ਸਿੱਖ ਕੌਮ ਦੇ ਪ੍ਰਸਤਾਵਤ ਪ੍ਰਬੰਧਕੀ ਸਿਸਟਮ ਦੀ ਰੂਪ-ਰੇਖਾ
ਉੱਪਰ ਦਿੱਤੇ ਚਾਰਟ ਵਿੱਚ ਦਿੱਤੀ ਜਾ ਚੁੱਕੀ ਹੈ।
ਸਰਬੱਤ ਖ਼ਾਲਸਾ ਸੰਸਥਾ ਅਤੇ ਪ੍ਰਸਤਾਵਤ ਕੌਮੀ ਜਥੇਬੰਦਕ ਸਿਸਟਮ ਦੀ ਰੂਪ-ਰੇਖਾ
ਤਿਆਰ ਕਰਨ ਲਈ ਅਤੇ ਅੰਤਮ ਰੂਪ ਦੇਣ ਲਈ ਕੇਵਲ ਅਤੇ ਕੇਵਲ ਉਨ੍ਹਾਂ ਜਥੇਬੰਦੀਆਂ/ਸੰਸਥਾਵਾਂ/ਵਿਦਵਾਨਾਂ
ਨੂੰ ਹੀ ਬੁਲਾਇਆ ਅਤੇ ਸ਼ਾਮਿਲ ਕੀਤਾ ਜਾਵੇ ਜਿਹੜੇ ਹੇਠ ਲਿਖੇ ਪ੍ਰਣ ਲਿਖਤੀ ਰੂਪ ਵਿੱਚ ਕਰਨ:-
(ੳ) ਕੇਵਲ ਅਤੇ ਕੇਵਲ ‘ਗੁਰੂ ਨਾਨਕ ਜੋਤਿ’ ਦੀ ਗੁਰਗੱਦੀ `ਤੇ ਦਸਮੇਸ਼ ਪਿਤਾ
ਜੀ ਵੱਲੋਂ ਸਦੀਵਕਾਲ ਲਈ ਸੁਸ਼ੋਭਤ ਕੀਤੇ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਤੋਂ ਹੀ ਸਰਬ-ਪੱਖੀ
ਅਗੁਵਾਈ ਲੈ ਕੇ ਵਿਸ਼ਵ-ਪੱਧਰੀ ਸ਼ਾਂਤੀ ਤੇ ਹਲੇਮੀ-ਰਾਜ ਦੀ ਸਥਾਪਨਾ ਵੱਲ (ਸਤਿਗੁਰਾਂ ਵੱਲੋਂ ਤਿਆਰ ਕਰ
ਕੇ ਅਮਲ ਵਿੱਚ ਲਿਆਂਦੇ ਗੁਰਮਤਿ ਪਲਾਨ ਅਨੁਸਾਰ ਹੀ) ਵਧਿਆ ਜਾਵੇਗਾ, ਕਿਉਂਕਿ, ਕੇਵਲ ਅਤੇ ਕੇਵਲ
ਗੁਰੂ ਗ੍ਰੰਥ ਸਾਹਿਬ ਹੀ ਸਮੁੱਚੀ ਮਨੁੱਖਤਾ ਦੇ ਸਾਂਝੇ ਗੁਰੂ ਤੇ ਰਹਿਬਰ ਹਨ।
ਸਾਹਿਬੁ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ॥ 1॥ ਰਹਾਉ॥ (ਮ: 1, 350)
(ਅ) ਕੌਮੀ ਅਤੇ ਨਿੱਜੀ ਜੀਵਨ ਵਿੱਚ ਭੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ
`ਤੇ ਦ੍ਰਿੜਤਾ ਤੇ ਸ਼ਰਧਾ ਨਾਲ ਪਹਿਰਾ ਦਿੱਤਾ ਜਾਵੇਗਾ।
(ੲ) ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਵੀ ਗ੍ਰੰਥ ਜਾਂ ਵਿਅਕਤੀ
ਲਈ ‘ਗੁਰੂ’ ਜਾਂ ‘ਸਤਿਗੁਰੂ’ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ।
(ਸ) ਗੁਰੂ ਗ੍ਰੰਥ ਸਾਹਿਬ ਦੇ ਬਰਾਬਰ (ਜਾਂ ਵਾਕਰ) ਕਿਸੇ ਵੀ ਹੋਰ ਗ੍ਰੰਥ
ਜਾਂ ਪੰਜ-ਭੂਤਕ ਸਰੀਰ ਦਾ ਪ੍ਰਕਾਸ਼ (?) ਨਹੀਂ ਕੀਤਾ ਜਾਵੇਗਾ।
2. ਉਪਰੋਕਤ ਪ੍ਰਣ-ਪੱਤਰ ਦੀ ਕਿਸੇ ਭੀ ਮਦ ਦੀ ਉਲੰਘਣਾ ਕਰਨ ਵਾਲੀ ਧਿਰ ਨੂੰ
ਸਿੱਖ ਕੌਮ ਦੇ ਹਿੱਸੇ ਵਜੋਂ ਮਾਨਤਾ ਨਹੀਂ ਦਿੱਤੀ ਜਾਵੇਗੀ।
3. ਸਾਰੇ ਕੌਮੀ ਜਾਂ ਸਥਾਨਕ ਫ਼ੈਸਲੇ ਸਾਂਝੀ ਲੀਡਰਸ਼ਿਪ ਰਾਹੀਂ ਆਮ-ਸਹਿਮਤੀ
ਨਾਲ ਹੀ ਲਏ ਅਤੇ ਅਮਲ ਵਿੱਚ ਲਿਆਂਦੇ ਜਾਂਦੇ ਰਹਿਣਗੇ, ਗੁਰਮਤਿ-ਵਿਰੋਧੀ ਵੋਟ-ਵਿਧਾਨ ਅਨੁਸਾਰ ਨਹੀਂ
(ਯਾਨੀ ਕਿ, ਯੋਗਤਾ ਦੇ ਆਧਾਰ `ਤੇ ਹੀ ਸਾਂਝੀ ਕੌਮੀ ਅਗੁਵਾਈ ਲਈ ਸੀਲੈਕਸ਼ਨ ਸਿਸਟਮ ਅਮਲ ਵਿੱਚ
ਲਿਆਂਦਾ ਜਾਵੇਗਾ ਇਲੈਕਸ਼ਨ ਸਿਸਟਮ ਨਹੀਂ)।
4. ਸਥਾਨਕ ਅਤੇ ਕੌਮੀ ਪੱਧਰ ਦੀ ਸੇਵਾ ਦੇ ਸਾਰੇ ਅਹੁਦੇ, ਕੌਮੀ ਸਾਂਝੀ
ਲੀਡਰਸ਼ਿਪ ਦੁਆਰਾ ਯੋਗਤਾ ਦੇ ਆਧਾਰ `ਤੇ (ਗ਼ਰੀਬ ਸਮਾਜਕ ਵਰਗਾਂ ਨੂੰ ਪਹਿਲ ਦੇ ਕੇ) ਹੀ ਦਿੱਤੇ ਜਾਂਦੇ
ਰਹਿਣਗੇ। ਇਸ ਸਾਂਝੀ ਕੌਮੀ ਲੀਡਰਸ਼ਿਪ ਨੂੰ ਸਰਬੱਤ ਖ਼ਾਲਸਾ ਨਾਮਜਦ ਕਰਿਆ ਕਰੇਗਾ।
5. ਸਰਬੱਤ ਖ਼ਾਲਸਾ ਸੰਸਥਾ ‘ਸੁਪਰੀਮ ਸਿੱਖ ਗਵਰਨਿੰਗ ਕੌਂਸਲ’ ਦੀ ਸਥਾਪਨਾ
ਕਰੇਗੀ।
6. ਸੁਪਰੀਮ ਸਿੱਖ ਗਵਰਨਿੰਗ ਕੌਂਸਲ ਸਰਬੱਤ ਖ਼ਾਲਸਾ ਦੀ ਸਲਾਹ ਨਾਲ, ਕੌਮੀ
ਜਥੇਬੰਦਕ ਸਿਸਟਮ ਵਿੱਚ ਸ਼ਾਮਿਲ ਬਾਕੀ ਇਕਾਈਆਂ ਗੁਰਮਤਿ-ਵਿਧੀ ਅਨੁਸਾਰ ਸਥਾਪਤ ਕਰੇਗੀ।
7. ਪਿੰਡ ਪੱਧਰ ਤੋਂ ਲੈ ਕੇ ਕੌਮੀ ਪੱਧਰ ਤੱਕ, ਸਾਂਝੀ ਲੀਡਰਸ਼ਿਪ ਵਾਲਾ
ਗੁਰਮਤਿ ਪ੍ਰਬੰਧਕ ਸਿਸਟਮ ਹੋਂਦ ਵਿੱਚ ਲਿਆਂਦਾ ਜਾਵੇਗਾ।
8.’ਸਿੱਖ ਗੁਰਦਵਾਰਾ ਐਕਟ-1925’ ਨੂੰ ਰੱਦ ਕਰ ਕੇ ਇਸ ਦੀ ਥਾਂ ਯੋਗ ਤੇ
ਸੰਖੇਪ ਐਕਟ, (ਮੁਢਲੇ ਗੁਰਮਤਿ ਸਿਧਾਂਤਾਂ ਦੀ ਸਪੱਸ਼ਟਤਾ ਰੱਖਣ ਵਾਲੇ ਸਿੱਖ ‘ਕਾਨੂੰਨੀ-ਮਾਹਰਾਂ’ ਦੀ
ਸਲਾਹ ਨਾਲ) ਬਣਾਇਆ ਜਾਵੇਗਾ।
9. ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸਥਾਪਤ ਕੀਤਾ ਸ੍ਰੀ ਅਕਾਲ ਤਖ਼ਤ ਹੀ
ਇੱਕੋ-ਇੱਕ ਤਖ਼ਤ ਹੈ। ਸਤਿਗੁਰਾਂ ਦੀ ਰੀਸ (ਬਰਾਬਰੀ) ਕਰ ਕੇ ਸਥਾਪਤ ਕੀਤੇ ਬਾਕੀ ਦੇ ਸਾਰੇ ਤਖ਼ਤ
ਸਾਹਿਬਾਨ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਨਹੀਂ ਹਨ। ਇਸ ਲਈ, ਇਨ੍ਹਾਂ ਦੀ ਮਾਨਤਾ ਰੱਦ ਕਰ ਕੇ
ਇਨ੍ਹਾਂ ਨੂੰ ਅਕਾਲ ਤਖ਼ਤ ਦੀ ਸਰਪ੍ਰਸਤੀ ਅਧੀਨ ਜੋਨਲ (
zonal)
ਗੁਰਮਤਿ-ਪ੍ਰਚਾਰ ਕੇਂਦਰਾਂ ਵਜੋਂ ਹੀ ਕਾਰਜਸ਼ੀਲ ਕੀਤਾ ਜਾਵੇਗਾ। ਸਰਬੱਤ ਖ਼ਾਲਸਾ ਸੰਸਥਾ ‘ਜਥੇਦਾਰ
ਸ੍ਰੀ ਅਕਾਲ ਤਖ਼ਤ ਸਾਹਿਬ’ ਦੇ ਗੁਰਮਤਿ-ਵਿਰੋਧੀ ਅਹੁਦੇ ਨੂੰ ਰੱਦ ਕਰ ਕੇ, ਸ੍ਰੀ ਅਕਾਲ ਤਖ਼ਤ ਸਾਹਿਬ
ਦੇ ਯੋਗ ਪ੍ਰਬੰਧਕੀ ਨਿਜ਼ਾਮ ਨੂੰ ਹੋਂਦ ਵਿੱਚ ਲਿਆਵੇਗੀ।
10. ਸਾਰੇ ਕੌਮੀ ਮਸਲਿਆਂ ਨੂੰ ਸੂਚੀ-ਵਧ ਕਰ ਕੇ, ਕਰਮ-ਵਾਰ (
prioritywise)
ਹੱਲ ਕਰਨ ਦੀ ਕਾਰਵਾਈ (ਸਮਾਂ-ਵੱਧ ਕਰ ਕੇ) ਤੁਰੰਤ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਕਾਰਜ ਸਰਬੱਤ
ਖ਼ਾਲਸਾ ਸੰਸਥਾ ਵਿੱਚੋਂ ਸਾਂਝੀ ਕੌਮੀ ਅਗੁਵਾਈ ਲਈ ਸੀਲੈਕਟ ਕੀਤੇ ਲੀਡਰਾਂ ਰਾਹੀਂ ਸਿਰੇ ਚੜ੍ਹਾਇਆ
ਜਾਵੇਗਾ।
ਲੇਖਕ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਉੱਪਰ ਵਰਣਨ ਕੀਤੀ ਵਿਧੀ ਅਨੁਸਾਰ, ਭਾਰਤ
ਵਿੱਚ ਸਦੀਵੀ ਸ਼ਾਂਤੀ ਸਥਾਪਤ ਕਰਨ ਦੇ ਰਾਹ ਦੀਆਂ ਸਾਰੀਆਂ ਚੁਣੌਤੀਆਂ ਦਾ ਸਫ਼ਲਤਾ ਨਾਲ ਟਾਕਰਾ ਕੀਤਾ
ਜਾ ਸਕਦਾ ਹੈ। ਉਸ ਤੋਂ ਬਾਅਦ, ਇਸੇ ਪਲਾਨ ਨੂੰ, ਪੜਾਅ-ਦਰ-ਪੜਾਅ, ਅੱਗੇ ਵਧਾ ਕੇ, ਵਿਸ਼ਵ-ਪੱਧਰ ਦੀਆਂ
ਚੁਣੌਤੀਆਂ ਦਾ ਟਾਕਰਾ ਕਰ ਕੇ, ਵਿਸ਼ਵ-ਪੱਧਰ `ਤੇ ਸ਼ਾਂਤੀ ਤੇ ਹਲੇਮੀ-ਰਾਜ ਸਥਾਪਤ ਕੀਤੇ ਜਾ ਸਕਦੇ ਹਨ।
ਇਹੀ ਉਦੇਸ਼ ਸੀ ਗੁਰੂ ਨਾਨਕ ਸਾਹਿਬ (ਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਜਾਮਿਆਂ) ਦਾ।
ਨੋਟ: ਭਾਰਤੀ ਉਪ-ਮਹਾਂਦੀਪ ਦਾ ਮੌਜੂਦਾ ਖ਼ੁਦ-ਗਰਜ਼ ਤੇ ਘੱਟ ਗਿਣਤੀਆਂ
ਨੂੰ ਦਬਕਾਅ ਕੇ ਰੱਖਣ ਵਾਲਾ ਰਾਜਤੰਤਰ, ‘ਸਰਬੱਤ ਖ਼ਾਲਸਾ’ ਦੀ ਪੁਨਰ-ਸੁਰਜੀਤੀ ਦਾ ਡਟ ਕੇ ਵਿਰੋਧ
ਕਰੇਗਾ ਜਿਸ ਦਾ ਗੁਰਮਤਿ ਸਿਧਾਂਤਾਂ ਅਨੁਸਾਰ ਹੀ ਸਫ਼ਲਤਾ ਨਾਲ ਟਾਕਰਾ ਕੀਤਾ ਜਾਵੇਗਾ। ਮੌਜ਼ੂਦਾ ਤਖ਼ਤ
ਸਾਹਿਬਾਨ ਦੇ ਅਖੌਤੀ ਜਥੇਦਾਰਾਂ ਨੂੰ ਮੁਕੰਮਲ ਤੌਰ `ਤੇ ਨਜ਼ਰ-ਅੰਦਾਜ਼ ਕਰਨਾ ਜ਼ਰੂਰੀ ਹੈ।
ਅਤੰਕਵਾਦ (
Terrorism)
ਅੱਜ ਇਹ ਮਾਨਵ-ਵਿਰੋਧੀ ਵਰਤਾਰਾ (ਅਤੰਕਵਾਦ) ਸਾਰੇ ਹੀ ਸੰਸਾਰ ਵਿੱਚ (ਉੱਪਰ
ਤੋਂ ਪਿੰਡ ਪੱਧਰ ਤੱਕ) ਫੈਲ ਚੁੱਕਾ ਹੈ। ਅੰਤਰ-ਰਾਸ਼ਟਰੀ ਪੱਧਰ ਤੋਂ ਪਿੰਡ ਪੱਧਰ ਤੱਕ ਇਸ ਦੇ ਫੈਲਣ
ਦੇ ਬੁਨਿਆਦੀ ਕਾਰਨਾਂ ਵਿੱਚ ਮਨੁਖੀ-ਨਾਬਰਾਬਰੀ, ਜ਼ੁਲਮ, ਧੱਕੇਸ਼ਾਹੀ, ਬੇ-ਇਨਸਾਫ਼ੀ, ਫ਼ਿਰਕਾ-ਪ੍ਰਸਤੀ,
ਨਫ਼ਰਤ, ਹਰ ਪ੍ਰਕਾਰ ਦੇ ਵਿਤਕਰੇ, ਵਰਨ-ਆਸ਼ਰਮ ਸਮਾਜਕ ਵੰਡ ਵਾਲਾ ਮਨੂੰਵਾਦ ਤੇ ਫ਼ਾਸ਼ੀਵਾਦ ਆਦਿ ਸ਼ਾਮਲ
ਹਨ। ਆਮਤੌਰ `ਤੇ ਅਤੰਕਵਾਦ ਉੱਪਰ ਤੋਂ ਹੇਠਾਂ ਵੱਲ ਨੂੰ ਫੈਲਦਾ ਹੈ। ਉਦਾਹਰਣ ਦੇ ਤੌਰ `ਤੇ ਜੇਕਰ
ਕਿਸੇ ਦੇਸ਼ ਜਾਂ ਸੂਬੇ ਦੀ ਹਕੂਮਤ ਅਤੰਕਵਾਦੀ ਹੋ ਜਾਵੇ ਤਾਂ ਉਸ ਅਤੰਕਵਾਦ ਤੋਂ ਪੀੜ੍ਹਤ ਧਿਰ ਦਾ
ਆਪਣੇ ਬਚਾਉ ਹਿੱਤ ਹਿੰਸਕ ਹੋ ਜਾਣਾ ਸੁਭਾਵਕ ਪ੍ਰਤੀਕਰਮ (
natural
reaction) ਹੀ ਕਿਹਾ ਜਾ ਸਕਦਾ ਹੈ ਅਤੇ ਇਸ
ਤਰ੍ਹਾਂ ਅੰਤਕਵਾਦ ਦੀ ਅਲਾਮਤ ਘਟਣ ਦੀ ਬਜਾਏ ਵਧਦੀ ਹੀ ਚਲੀ ਜਾਂਦੀ ਹੈ। ਜੇਕਰ ਹਕੂਮਤਾਂ ਗੁਰੂ
ਗ੍ਰੰਥ ਸਾਹਿਬ ਦੇ ਸਰਬ-ਸਾਂਝੇ ਫ਼ਲਸਫ਼ੇ (ਨਾਮ-ਧਰਮ ਦੇ ਨਿਯਮਾਂ) ਅਨੁਸਾਰ ਕੰਮ ਕਰਨ ਤਾਂ ਇਸ ਅਲਾਮਤ
ਨੂੰ ਜੜ੍ਹੋਂ ਹੀ ਖ਼ਤਮ ਕੀਤਾ ਜਾ ਸਕਦਾ ਹੈ।
ਜੇਕਰ ਭਾਰਤ ਉੱਪ-ਮਹਾਂਦੀਪ ਦੇ ਪਿਛਲੇ ਤਿੰਨ ਕੁ ਹਜ਼ਾਰ ਸਾਲ ਦੇ ਇਤਿਹਾਸ ਨੂੰ
ਨਿਰਪੱਖ ਹੋ ਕੇ ਵੇਖਿਆ ਜਾਵੇ ਤਾਂ ਸੰਸਾਰ ਦੇ ਇਸ ਹਿੱਸੇ ਵਿੱਚ ਅਤੰਕਵਾਦ ਫੈਲਾਉਣ ਲਈ ਮਨੂੰਵਾਦ ਦੀ
ਹਮਾਇਤ ਕਰਨ ਵਾਲੀ ਲਾਬੀ (
coterie)
ਹੀ ਪ੍ਰਮੁੱਖ ਤੌਰ `ਤੇ ਜ਼ਿੰਮੇਵਾਰ ਹੈ ਤੇ ਇਹੀ ਲਾਬੀ ਅਗੱਸਤ 1947 ਤੋਂ ਭਾਰਤ `ਤੇ ਰਾਜ ਕਰਦੀ ਆ
ਰਹੀ ਹੈ। ਮਨੂੰਵਾਦ ਦਾ ਆਧਾਰ ਹੈ ਮਨੂੰ ਰਿਸ਼ੀ ਵੱਲੋਂ ਲਿਖੀ ਹੋਈ ਦੱਸੀ ਜਾਂਦੀ ਅਤੇ ਕਥਿਤ ਤੌਰ `ਤੇ
ਵੇਦਾਂ ਦੀ ਵਿਆਖਿਆ ਕਰਨ ਵਾਲੀ ਪੁਸਤਕ ‘ਮਨੂੰ-ਸਿਮ੍ਰਿਤਿ’। ਬ੍ਰਾਹਮਣਵਾਦ (ਮਨੂੰਵਾਦ) ਵਿੱਚ
ਮਨੂੰ-ਸਿਮ੍ਰਿਤਿ ਨੂੰ ਵੇਦਾਂ ਦੇ ਬਰਾਬਰ ਦਾ ਹੀ ਦਰਜ਼ਾ ਹਾਸਿਲ ਹੈ। ਗੁਰੂ ਗ੍ਰੰਥ ਸਾਹਿਬ ਦੇ
ਆਲਮਗੀਰੀ ਫ਼ਲਸਫ਼ੇ ਦਾ ਮਨੂੰ-ਸਿਮ੍ਰਿਤਿ ਬਾਰੇ ਫ਼ੁਰਮਾਣੁ ਹੈ -
ਬੇਦ ਕੀ ਪੁਤ੍ਰੀ ਸਿਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥ 1॥ ਆਪਨ ਨਗਰ
ਆਪ ਤੇ ਬਾਧਿਆ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥ 1॥ ਰਹਾਉ॥ ਕਟੀ ਨ ਕਟੈ ਤੂਟਿ ਨਹ ਜਾਈ॥ ਸਾ
ਸਾਪਨਿ ਹੋਇ ਜਗ ਕਉ ਖਾਈ॥ 2॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ॥
3॥ 30॥ (ਕਬੀਰ ਜੀ, 329)
ਭਾਵ: ਹੇ ਵੀਰ! ਇਹ ਸਿਮ੍ਰਿਤਿ ਜੋ ਵੇਦਾਂ ਦੇ ਆਧਾਰ `ਤੇ ਬਣੀ ਹੈ (ਇਹ
ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ-ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ
ਆਈ ਹੈ। 1.
(ਇਸ ਸਿਮ੍ਰਿਤਿ ਨੇ) ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ (ਇਨ੍ਹਾਂ
ਨੂੰ ਸਵੱਰਗ ਆਦਿਕ ਦੇ) ਮੋਹ ਦੀ ਫਾਹੀ ਵਿੱਚ ਫਸਾ ਕੇ (ਇਨ੍ਹਾਂ ਦੇ ਸਿਰ `ਤੇ) ਮੌਤ (ਦੇ ਸਹਿਮ) ਦਾ
ਤੀਰ (ਇਸ ਨੇ) ਖਿੱਚਿਆ ਹੋਇਆ ਹੈ। 1. ਰਹਾਉ।
(ਇਹ ਸਿਮ੍ਰਿਤਿ ਰੂਪ ਫਾਹੀ ਸ਼ਰਧਾਲੂਆਂ ਪਾਸੋਂ) ਵੱਢਿਆਂ ਵੱਢੀ ਨਹੀਂ ਜਾ
ਸਕਦੀ ਅਤੇ ਨਾ ਹੀ (ਆਪਣੇ ਆਪ) ਇਹ ਟੁਟਦੀ ਹੈ। (ਹੁਣ ਤਾਂ) ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ
(ਭਾਵ, ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿਮ੍ਰਿਤਿ ਆਪਣੇ ਹੀ
ਸ਼ਰਧਾਲੂਆਂ ਦਾ ਆਤਮਿਕ-ਜੀਵਨ ਨਾਸ਼ ਕਰ ਰਹੀ ਹੈ)।
ਹੇ ਕਬੀਰ! ਆਖ-ਅਸਾਡੇ ਵੇਖਦਿਆਂ-ਵੇਖਦਿਆਂ ਜਿਸ (ਸਿਮ੍ਰਿਤਿ) ਨੇ ਸਾਰੇ
ਸੰਸਾਰ ਨੂੰ ਠੱਗ ਲਿਆ ਹੈ, ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ। 3. 30.
ਸ਼ਬਦ ਦਾ ਸਮੁੱਚਾ ਭਾਵ: ਸਿਮ੍ਰਿਤਿਆਂ ਦੇ ਉਲੀਕੇ ਹੋਏ ਵਰਨ-ਆਸ਼ਰਮ ਤੇ
ਕਰਮ-ਕਾਂਡ, ਸਿਮ੍ਰਿਤਿ ਵਿੱਚ ਸ਼ਰਧਾ ਰੱਖਣ ਵਾਲਿਆਂ ਨੂੰ, ਸੰਗਲ ਹੋ ਢੁਕਦੇ ਹਨ। ਉਨ੍ਹਾਂ ਨੂੰ ਅਜਿਹੇ
ਵਹਿਮਾਂ-ਭਰਮਾਂ ਵਿੱਚ ਜਕੜਦੇ ਹਨ ਕਿ ਛੁਟਕਾਰਾ ਹੋਣਾ ਔਖਾ ਹੋ ਜਾਂਦਾ ਹੈ। ਪ੍ਰਭੂ ਦਾ ਸਿਮਰਨ (ਯਾਦ)
ਤੇ ਹੁਕਮਿ ਰਜਾਈ ਚੱਲਣਾ ਹੀ ਇਨ੍ਹਾਂ ਤੋਂ ਬਚਾਉਣ ਦੇ ਸਮਰੱਥ ਹੈ।
ਭਾਰਤ ਉਪ-ਮਹਾਂਦੀਪ ਵਿੱਚ ਮਨੂੰਵਾਦੀ ਲਾਬੀ (
coterie)
ਵੱਲੋਂ ਕੀਤੀਆਂ ਗਈਆਂ ਅਤੇ ਅਜੇ ਭੀ ਕੀਤੀਆਂ ਜਾ ਰਹੀਆਂ ਅਤੰਕਵਾਦੀ ਕਾਰਵਾਈਆਂ: ਸੰਸਾਰ ਦੇ ਇਸ
ਖਿੱਤੇ ਵਿੱਚ ਸ਼ਾਂਤੀ ਸਥਾਪਤ ਕਰਨ ਦੇ ਰਾਹ `ਚ ਵੱਡੀਆਂ ਚੁਣੌਤੀਆਂ
ਇਸ ਹਕੀਕਤ ਦੀ ਹੇਠਾਂ ਦਿੱਤੇ ਹਵਾਲੇ ਪੁਸ਼ਟੀ ਕਰਦੇ ਹਨ (ਜਿਨ੍ਹਾਂ ਦਾ
ਸੰਕੇਤਕ ਜ਼ਿਕਰ ਕੀਤਾ ਜਾ ਚੁੱਕਾ ਹੈ)।
1. ਭਾਰਤ ਉੱਪ-ਮਹਾਂਦੀਪ ਦੇ ਵੱਡੇ ਹਿੱਸੇ `ਤੇ ਤਕਰੀਬਨ ਗਿਆਰਾਂ ਸੌ ਸਾਲ
ਰਾਜ ਕਰਨ ਵਾਲੇ ਬੁੱਧ-ਮੱਤ ਨੂੰ ਵਹਿਸ਼ੀਆਨਾ ਢੰਗ ਨਾਲ ਭਾਰਤ `ਚੋਂ ਖ਼ਤਮ ਕੀਤਾ ਗਿਆ ਤੇ ਮੂਰਤੀ ਪੂਜਾ
ਨੂੰ ਸਰਕਾਰੀ ਤੌਰ `ਤੇ ਬੰਦ ਕਰਨ ਵਾਲੇ ਮਹਾਤਮਾ ਬੁੱਧ ਨੂੰ ਇੱਕ ਮੂਰਤੀ ਬਣਾ ਕੇ ਮਨੋ-ਕਲਪਿਤ
ਵਿਸ਼ਨੂੰ ਦਾ ਅਵਤਾਰ ਬਣਾ ਦਿੱਤਾ ਗਿਆ।
2. ਸੰਸਾਰ ਦੇ ਇਸ ਖਿੱਤੇ ਵਿੱਚ ਹੀ (ਗੁਰੂ ਨਾਨਕ ਸਾਹਿਬ ਵੱਲੋਂ ਚਲਾਏ ਤੇ)
ਪੈਦਾ ਹੋਏ ਸੁਤੰਤਰ ਅਤੇ ਮਨੂੰਵਾਦ ਨੂੰ ਮੁਕੰਮਲ ਤੌਰ `ਤੇ ਰੱਦ ਕਰਨ ਵਾਲੇ ਸਿੱਖ ਧਰਮ (ਨਾਮ-ਧਰਮ)
ਨੂੰ, ਭਾਰਤੀ ਸੰਵਿਧਾਨ ਦੀ ਧਾਰਾ 25 (2) (ਬੀ) ਰਾਹੀਂ ਇਸ ਮਨ-ਘੜਤ ‘ਹਿੰਦੂ-ਧਰਮ’ ਦੀ ਇੱਕ ਸ਼ਾਖ ਦੇ
ਤੌਰ `ਤੇ ਦਰਜ ਕਰ ਕੇ ਸਿੱਖ-ਮੱਤ ਦੀ ਆਜ਼ਾਦ ਹਸਤੀ ਨੂੰ ਕਾਨੂੰਨੀ ਤੌਰ `ਤੇ (ਗ਼ੈਰ-ਸੰਵਿਧਾਨਕ ਤੌਰ
`ਤੇ) ਖਤਮ ਕਰ ਦਿੱਤਾ ਗਿਆ ਹੈ। ਭਾਰਤੀ ਸੰਵਿਧਾਨ ਦੀ ਇਸੇ ਧਾਰਾ ਅਧੀਨ ਸੁਤੰਤਰ ਬੁੱਧ-ਮੱਤ ਤੇ
ਜੈਨ-ਮੱਤ ਨੂੰ ‘ਹਿੰਦੂ-ਮੱਤ’ ਦੀਆਂ ਸਾਖਾਂ ਦੇ ਤੌਰ `ਤੇ ਦਰਜ ਕੀਤਾ ਹੋਇਆ ਹੈ।
ਸਿੱਖ-ਮੱਤ, ਬੁੱਧ-ਮੱਤ ਤੇ ਜੈਨ-ਮੱਤ ਨਾਲ ਮਨੂੰਵਾਦੀ ਲਾਬੀ ਵੱਲੋਂ ਕੀਤੀ ਗਈ
ਇਹ ਅਸਲੋਂ ਹੀ ਜੱਗੋਂ-ਤੇਰ੍ਹਵੀਂ (ਲਾਸਾਨੀ) ਬੇ-ਇਨਸਾਫ਼ੀ ਨੂੰ ਜਸਟਿਸ ਵੈਂਕਟ ਚਲੱਈਆ ਦੀ ਪ੍ਰਧਾਨਗੀ
ਵਾਲੇ (ਭਾਰਤੀ ਸੰਵਿਧਾਨ ਦੀ ਸਮੀਖਿਆ ਕਰ ਕੇ ਸੋਧਾਂ ਦੇ ਸੁਝਾਅ ਦੇਣ ਵਾਲੇ, 2000 ਵਿੱਚ ਸਥਾਪਤ
ਕੀਤੇ ਉੱਚ-ਤਾਕਤੀ) ਕਮਿਸ਼ਨ ਦੀਆਂ ਕੀਤੀਆਂ ਸਿਫ਼ਾਰਸ਼ਾਂ ਅਨੁਸਾਰ ਸਿੱਖ-ਮੱਤ ਨੂੰ ਭਾਰਤੀ ਸੰਵਿਧਾਨ ਦੀ
ਧਾਰਾ 25 (2) (ਬੀ) ਵਿੱਚੋਂ ਕੱਢ ਕੇ ਸੁਤੰਤਰ ਮੱਤ (ਸਿੱਖ-ਮੱਤ) ਦੇ ਤੌਰ `ਤੇ ਸੰਵਿਧਾਨ ਵਿੱਚ ਦਰਜ਼
ਕੀਤਾ ਜਾਵੇ ਅਤੇ ਸਿੱਖ-ਮੱਤ ਉੱਪਰ ਬਾਕੀ ਦੀਆਂ ਹਿੰਦੂ ਧਾਰਾਵਾਂ (ਹਿੰਦੂ ਵਿਰਾਸਤ ਐਕਟ,
ਹਿੰਦੂ-ਮੈਰਿਜ ਐਕਟ ਆਦਿ) ਵਿੱਚੋਂ ਭੀ ਸੁਤੰਤਰ ਸਿੱਖ-ਮੱਤ ਨੂੰ ਬਾਹਰ ਕੱਢ ਕੇ (ਸਿੱਖ ਵਿਰਾਸਤ ਐਕਟ,
ਅਨੰਦ ਮੈਰਿਜ਼ ਐਕਟ ਆਦਿ), ਸਿੱਖ-ਮੱਤ ਦੇ ਫ਼ਲਸਫ਼ੇ ਅਨੁਸਾਰ, ਅਲੱਗ ਤੌਰ `ਤੇ ਦਰਜ਼ ਕੀਤਾ ਜਾਵੇ।
ਪ੍ਰਿੰਟ ਮੀਡੀਆ ਰਾਹੀਂ ਪ੍ਰਾਪਤ ਹੁੰਦੀ ਆ ਰਹੀ ਜਾਣਕਾਰੀ ਅਨੁਸਾਰ ਮਾਨਯੋਗ ਭਾਰਤੀ ਸੁਪਰੀਮ ਕੋਰਟ ਨੇ
‘ਹਿੰਦੂ-ਮੱਤ’ ਨੂੰ ਹੀ, ਸ਼ਾਇਦ, ‘ਹਿੰਦੂਤਵਾ’ ਦੇ ‘ਤੌਰ `ਤੇ ਪ੍ਰੀਭਾਸ਼ਤ ਕੀਤਾ ਹੈ ਅਤੇ ਕਿਹਾ ਹੈ ਕਿ
ਇਹ ‘ਹਿੰਦੂ-ਮੱਤ’ `ਤੇ ਆਧਾਰਤ ਜੀਵਨ-ਜਾਚ ਹੈ। ਪਰ, ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰਾਂ ਵੱਲੋਂ
ਖ਼ੁਦ ਅੰਕਿਤ ਕੀਤਾ ਸਮੁੱਚੀ ਮਨੁੱਖਤਾ ਦਾ ਸਾਂਝਾ ਫ਼ਲਸਫ਼ਾ (ਗੁਰਮਤਿ-ਫ਼ਲਸਫ਼ਾ) ਅਖੌਤੀ ਹਿੰਦੂ-ਮੱਤ ਅਤੇ
ਹਿੰਦੂਤਵਾ ਜੀਵਨ-ਜਾਚ ਨੂੰ ਮੁੱਢੋਂ ਹੀ ਰੱਦ ਕਰਦਾ ਹੈ। ਫਿਰ, ਸੁਤੰਤਰ ਸਿੱਖ-ਮੱਤ ‘ਹਿੰਦੂਤਵਾ’ ਦੀ
ਸ਼ਾਖ ਕਿਵੇਂ ਬਣਿਆ ਰਹਿ ਸਕਦਾ ਹੈ?
ਜੇਕਰ ਕਿਸੇ ਵਾਜਬ ਢੰਗ ਨਾਲ ਭੀ ਸੁਤੰਤਰ ਸਿੱਖ-ਮੱਤ ਨੂੰ ਭਾਰਤੀ ਸੰਵਿਧਾਨ
ਵਿੱਚ ਇੱਕ ਸੁਤੰਤਰ-ਮੱਤ ਦੇ ਤੌਰ `ਤੇ ਦਰਜ ਕਰਾਉਂਣ ਲਈ ਸਫ਼ਲਤਾ ਨਾ ਮਿਲੇ ਤਾਂ ਅੰਤਰ-ਰਾਸ਼ਟਰੀ ਅਦਾਲਤ
(
International Court of Justice)
ਦਾ ਬੂਹਾ ਖੜਕਾਅ ਕੇ ਇਨਸਾਫ਼ ਹਾਸਲ ਕੀਤਾ ਜਾਵੇ।
ਪਾਠਕਾਂ ਦੀ ਦਿਲਚਸਪੀ ਲਈ ਇਹ ਭੀ ਦੱਸ ਦਿਆਂ ਕਿ ਅਜਿਹੀ ਧਾਰਮਿਕ-ਖਿੱਚੋਤਾਣ
ਦੇ ਮਾਹੌਲ ਨੂੰ ਸਾਫ਼ ਕਰਨ ਲਈ ਹੀ ਸਿੱਖ ਕੌਮ ਦੇ (ਅੰਤਰ-ਰਾਸ਼ਟਰੀ ਪੱਧਰ ਦੇ) ਮਹਾਨ ਵਿਦਵਾਨ ਭਾਈ
ਕਾਨ੍ਹ ਸਿੰਘ ਨਾਭਾ ਨੂੰ 1898 ਵਿੱਚ ਪੁਸਤਕ ‘ਹਮ ਹਿੰਦੂ ਨਹੀਂ’ ਛਪਾਉਣੀ ਪਈ ਸੀ, ਜਿਸ ਦੇ ਹੁਣ ਤੱਕ
ਦੋ ਦਰਜਨ ਦੇ ਕਰੀਬ ਰੀ-ਪ੍ਰਿੰਟ ਛਾਪੇ ਜਾ ਚੁੱਕੇ ਹਨ। 1917 ਵਿੱਚ ਪੰਚ ਖ਼ਾਲਸਾ ਦੀਵਾਨ ਵੱਲੋਂ
ਪ੍ਰਕਾਸ਼ ਛੇਵੀਂ ਐਡੀਸ਼ਨ ਨਾਲ ਇਸ ਪੁਸਤਕ ਦੇ ਪਾਠ ਦਾ ਮਿਲਾਨ ਕਰ ਕੇ, ਇਸ ਪੁਸਤਕ ਨੂੰ ਸਿੰਘ ਬ੍ਰਦਰਜ਼
ਅੰਮ੍ਰਿਤਸਰ ਵੱਲੋਂ ਭੀ 1992 ਤੋਂ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ।
3. ਪੰਜਾਬ ਪੁਨਰ ਗਠਨ ਐਕਟ-1966 ਰਾਹੀਂ (ਗ਼ੈਰ-ਸੰਵਿਧਾਨਕ ਧਾਰਾਵਾਂ 78,
79, 80 ਦਰਜ ਕਰ ਕੇ) ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹ ਕੇ ਕੇਂਦਰੀ-ਖੇਤਰ
ਬਣਾਇਆ ਗਿਆ, ਪੰਜਾਬ ਦੇ ਦਰਿਆਵਾਂ ਦੇ ਹੈੱਡ-ਵਰਕਸ ਕੇਂਦਰ ਸਰਕਾਰ ਨੇ ਆਪਣੇ ਅਧੀਨ ਕਰ ਲਏ ਅਤੇ
ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਤਕਰੀਬਨ 75 ਫ਼ੀ ਸਦੀ ਹਿੱਸਾ, ਗ਼ੈਰ-ਸੰਵਿਧਾਨਕ ਢੰਗ ਨਾਲ,
(ਅੰਤਰ-ਰਾਸ਼ਟਰੀ ਪੱਧਰ `ਤੇ ਮਨਜ਼ੂਰ-ਸ਼ੁਦਾ ਰਿਪੇਰੀਅਨ ਐਕਟ ਦੀ ਉਲੰਘਣਾ ਕਰ ਕੇ) ਗ਼ੈਰ-ਰਿਪੇਰੀਅਨ
ਸੂਬਿਆਂ (ਰਾਜਸਥਾਨ ਤੇ ਹਰਿਆਣਾ) ਨੂੰ ਮੁਫ਼ਤ ਵੰਡ ਦਿੱਤਾ ਗਿਆ ਅਤੇ ਬਾਕੀ ਦੇ ਬਚਦੇ 25 ਫ਼ੀ ਸਦੀ
ਹਿੱਸੇ ਦੇ ਪਾਣੀ ਨੂੰ ਵੀ ਪੰਜਾਬ ਤੋਂ ਖੋਹਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥ-ਕੰਡੇ ਅਜੇ ਭੀ ਵਰਤੇ ਜਾ
ਰਹੇ ਹਨ।
4. ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਪਾਕਿਸਤਾਨ `ਚੋਂ ਉੱਜੜੀ-ਪੁੱਜੜੀ ਆਈ
ਸਿੱਖ ਕੌਮ ਦੇ ਪੱਲੇ ਭੀ ਭਾਰਤ ਵਿੱਚ, ਨਫ਼ਰਤ ਹੀ ਪਈ ਸੀ।
5. ਭਾਰਤ ਵਿੱਚ ਫ਼ਿਰਕਾ-ਪ੍ਰਸਤ ਮੀਡੀਆ ਦੀ ਦੁਰਵਰਤੋਂ ਕਰ ਕੇ ਸਿੱਖ ਕੌਮ ਨੂੰ
ਵੀਹਵੀਂ ਸਦੀ ਦੇ ਸਤਵੇਂ ਤੇ ਅੱਠਵੇਂ ਦਹਾਕਿਆਂ ਦੌਰਾਨ ਅੰਤਰ-ਰਾਸ਼ਟਰੀ ਪੱਧਰ `ਤੇ (ਝੂਠੇ ਪ੍ਰਚਾਰ
ਰਾਹੀਂ) ਬਦਨਾਮ ਕਰ ਕੇ 3 ਜੂਨ 1984 (ਸ਼ਹੀਦੀ ਦਿਨ ਗੁਰੂ ਅਰਜਨ ਸਾਹਿਬ) ਦੇ ਦਿਨ ਸਿੱਖ ਕੌਮ ਦੇ ਦਿਲ
(ਦਰਬਾਰ ਸਾਹਿਬ ਸਮੂਹ, ਅੰਮ੍ਰਿਤਸਰ) `ਤੇ ਭਾਰਤੀ ਫ਼ੌਜ ਤੋਂ ਹਮਲਾ ਕਰਵਾ ਕੇ ਸਿੱਖ ਕੌਮ ਦੀ ਤਕਰੀਬਨ
ਇੱਕ ਦਹਾਕੇ ਤੱਕ ਨਸਲਕੁਸ਼ੀ ਕੀਤੀ ਗਈ।
6. 31 ਅਕਤੂਬਰ 1984 (ਇੰਦਰਾ ਗਾਂਧੀ, ਤੱਤਕਾਲੀਨ ਭਾਰਤੀ ਪ੍ਰਧਾਨ ਮੰਤਰੀ
ਦੇ ਕਤਲ) ਤੋਂ ਬਾਅਦ, ਭਾਰਤ ਵਿੱਚ, ਫਿਰ ਸਿੱਖ ਕੌਮ ਦੀ ਵੱਡੇ ਪੱਧਰ `ਤੇ ਨਸਲਕੁਸ਼ੀ ਕੀਤੀ ਗਈ ਤੇ
ਸਿੱਖ ਬੀਬੀਆਂ ਦੀ ਬੇ-ਪਤੀ ਕੀਤੀ ਗਈ।
7. ਫ਼ਰਵਰੀ 2002 ਦੇ ਗੋਧਰਾ ਕਾਂਡ ਤੋਂ ਬਾਅਦ, ਗੁਜਰਾਤ ਸੂਬੇ ਵਿੱਚ
(ਤੱਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਸਮੇਂ) ਮੁਸਲਮਾਨਾਂ ਦੀ ਵੱਡੇ ਪੱਧਰ `ਤੇ ਨਸਲਕੁਸ਼ੀ
ਕੀਤੀ ਗਈ।
8. 2008 ਦੌਰਾਨ ਉੜੀਸਾ, ਕਰਨਾਟਕਾ ਆਦਿ ਦੱਖਣੀ ਸੂਬਿਆਂ `ਚ ਈਸਾਈਆਂ `ਤੇ
ਅਨ-ਮਨੁੱਖੀ ਤਸ਼ੱਦਦ ਕਰ ਕੇ ਉਨ੍ਹਾਂ ਦੀ ਨਸਲਕੁਸ਼ੀ ਕੀਤੀ ਗਈ।
ਉੱਪਰ ਸਿਰਫ਼ ਮੋਟੀਆਂ-ਮੋਟੀਆਂ ਘਟਨਾਵਾਂ ਦਾ (ਵੰਨਗੀ-ਮਾਤਰ) ਹੀ ਸੰਕੇਤਕ
ਜ਼ਿਕਰ ਕੀਤਾ ਗਿਆ ਹੈ। ਸਾਰੀਆਂ ਅਤੰਕਵਾਦੀ ਮਨੂੰਵਾਦੀ ਮਾਨਵ-ਵਿਰੋਧੀ ਕਾਰਵਾਈਆਂ ਦੀ ਸੂਚੀ ਬਹੁਤ ਹੀ
ਲੰਮੀ ਹੈ। ਇੰਜ ਲਗਦਾ ਹੈ ਕਿ ਜੇਕਰ ਭਾਰਤੀ ਉੱਪ-ਮਹਾਂਦੀਪ ਵਿੱਚ ਵਸ ਰਹੀਆਂ ਘੱਟ-ਗਿਣਤੀਆਂ ਅਤੇ
ਅਖੌਤੀ ਨੀਵੀਆਂ ਜਾਤਾਂ (ਗੁਰਮਤਿ ਫ਼ਲਸਫ਼ਾ ਜਾਤ-ਪਾਤੀ ਸਮਾਜਕ ਵੰਡ ਨੂੰ ਸਖਤੀ ਨਾਲ ਰੱਦ ਕਰਦਾ ਹੈ) ਨੇ
ਇਥੇ ਆਪਣੀ ਹੋਂਦ ਨੂੰ ਕਾਇਮ ਰੱਖ ਕੇ ਇੱਜ਼ਤ ਤੇ ਅਣਖ਼ ਨਾਲ ਜਿਊਣਾ ਹੈ ਤਾਂ ਉਨ੍ਹਾਂ ਲਈ ਇਕੱਠਿਆਂ ਹੋ
ਕੇ (ਸਾਂਝੇ ਤੌਰ `ਤੇ) ਸੰਯੁਕਤ ਰਾਸ਼ਟਰ (ਯੂ. ਐਨ. ਓ.) ਦੀ ਐਸੋਸੀਏਟ ਮੈਂਬਰਸ਼ਿਪ ਲੈ ਕੇ (ਇੱਕ
ਘੱਟੋ-ਘੱਟ ਸਾਂਝਾ ਪ੍ਰੋਗਰਾਮ ਬਣਾ ਕੇ) ਕਾਰਵਾਈ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਨਜ਼ਰ
ਆਉਂਦਾ। 1947 ਤੋਂ ਬਾਅਦ ਦਾ ਭਾਰਤੀ ਇਤਿਹਾਸ ਭੀ ਇਸ ਹਕੀਕਤ ਦੀ ਪੁਸ਼ਟੀ ਹੀ ਕਰਦਾ ਆ ਰਿਹਾ ਹੈ। ਇਸ
ਲਈ ਕਾਨੂੰਨੀ ਮਾਹਰਾਂ ਦੀ ਰਾਇ ਲੈ ਕੇ ਹੁਣ ਤੋਂ ਹੀ ਇਸ ਦਿਸ਼ਾ ਵੱਲ ਯੋਗ ਕਦਮ ਪੁੱਟਣੇ ਅਤੀ ਜ਼ਰੂਰੀ
ਹਨ। ਸਮਾਂ ਬੀਤ ਜਾਣ ਤੋਂ ਬਾਅਦ, ਪਛੁਤਾਵੇ ਤੋਂ ਇਲਾਵਾ ਕੁੱਝ ਭੀ ਹੱਥ ਨਹੀਂ ਆਵੇਗਾ। ਇਸ ਲਈ ਸੁਚੇਤ
ਹੋ ਕੇ ਅਤੇ ਇਕੱਠੇ ਹੋ ਕੇ ਯੋਗ ਕਾਰਵਾਈ ਕਰਨ ਦਾ ਸਮਾਂ ਅਜਾਈਂ ਨਾ ਗੁਆਇਆ ਜਾਵੇ! ! ਜੇਕਰ ਸਰਬ
ਸਾਂਝੇ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਅਗੁਵਾਈ ਹੇਠ ਇਕੱਠੇ ਹੋ ਕੇ ਚੱਲਿਆ ਜਾਵੇਗਾ ਤਦ ਹੀ ਬਚਾਉ
ਹੋ ਸਕਦਾ ਹੈ।
ਇੰਜ ਜਾਪਦਾ ਹੈ ਕਿ ਮਨੂੰਵਾਦ ਨੂੰ, ਯੂ. ਐਨ. ਓ. ਦੁਆਰਾ ਇੱਕ ‘ਅਤੰਕਵਾਦੀ
ਸੰਗਠਨ’ ਐਲਾਨ ਕੇ ਇਸ ਨੂੰ ਨੱਥ ਪਾਉਂਣ ਲਈ ਯੋਗ ਕਾਰਵਾਈ ਕਰਨਾ ਸਮੇਂ ਦੀ ਅਹਿਮ ਲੋੜ ਹੈ।
ਸੈਨਿਕ ਬਲਾਂ, ਅਰਧ-ਸੈਨਿਕ ਬਲਾਂ ਅਤੇ ਪੁਲੀਸ ਬਲਾਂ ਦੀ ਦੁਰਵਰਤੋਂ:
ਵਿਸ਼ਵ-ਸ਼ਾਂਤੀ ਲਈ ਵੱਡਾ ਖ਼ਤਰਾ
ਸੈਨਿਕ ਬਲਾਂ (ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ) ਦਾ ਮੁੱਖ ਕਰਤਵ, ਕਿਸੇ
ਵੀ ਦੇਸ਼ ਦੀ ਹਕੂਮਤ ਦੇ ਹੁਕਮਾਂ ਅਨੁਸਾਰ, ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨਾ ਹੁੰਦਾ ਹੈ। ਹਾਂ,
ਕੁਦਰਤੀ ਆਫ਼ਤਾਂ (ਭੂਚਾਲ, ਹੜ੍ਹ, ਸੁਨਾਮੀ, ਕੋਈ ਵੱਡੀ ਦੁਰ-ਘਟਨਾ ਆਦਿ) ਦੌਰਾਨ ਦੇਸ਼ ਦੇ ਪ੍ਰਬੰਧਕੀ
ਸਿਸਟਮ ਦੀ ਸਹਾਇਤਾ ਕਰਨ ਲਈ ਭੀ ਇਨ੍ਹਾਂ ਬਲਾਂ ਦੀ ਸਹਾਇਤਾ ਲਈ ਜਾ ਸਕਦੀ ਹੈ। ਪਰ, ਦੇਸ਼ ਦੀ ਹਕੂਮਤ
ਦੇ ਗ਼ੈਰ-ਕਾਨੂੰਨੀ (
un-lawful)
ਹੁਕਮਾਂ (ਕਿਸੇ ਘੱਟ-ਗਿਣਤੀ ਕੌਮ ਜਾਂ ਸਮਾਜਕ ਵਰਗ ਦੀ ਨਸਲਕੁਸ਼ੀ ਕਰਨੀ, ਕਿਸੇ ਰਾਜਨੀਤਕ ਪਾਰਟੀ ਨੂੰ
ਲਾਭ ਪਹੁੰਚਾਉਣਾ, ਕਿਸੇ ਘਟ-ਗਿਣਤੀ ਨੂੰ ਦਬਾਅ ਕੇ ਰੱਖਣਾ ਅਤੇ ਉਸ ਦੇ ਮਨੁੱਖੀ ਹੱਕਾਂ ਦਾ ਘਾਣ
ਕਰਨਾ, ਕਿਸੇ ਸੂਬੇ ਦੇ ਕੁਦਰਤੀ ਸਾਧਨਾਂ ਨੂੰ ਖੋਹਣ ਲਈ ਵਰਤੋਂ ਕਰਨੀ ਆਦਿ) ਦੀ ਪਾਲਣਾ ਕਰਨਾ
ਇਨ੍ਹਾਂ ਬਲਾਂ ਦੇ ਫ਼ਰਜ਼ਾਂ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ ਅਤੇ ਇਨ੍ਹਾਂ ਬਲਾਂ ਦੇ ਮੁੱਖੀਆਂ ਦਾ
ਫ਼ਰਜ਼ ਬਣਦਾ ਹੈ ਕਿ ਹਕੂਮਤ ਦੇ ਅਜਿਹੇ ਗ਼ੈਰ-ਕਾਨੂੰਨੀ ਹੁਕਮਾਂ ਦੀ ਪਾਲਣਾ ਕਰਨ ਤੋਂ ਸਾਫ਼ ਤੌਰ `ਤੇ
ਇਨਕਾਰ ਕਰ ਦੇਣ, ਭਾਵੇਂ ਉਨ੍ਹਾਂ ਨੂੰ ਅਜਿਹਾ ਕਰਨ ਲਈ, ਇਨਸਾਨੀਅਤ ਦੇ ਨਾਤੇ, ਕਿਤਨੀ ਭੀ ਵੱਡੀ
ਕੁਰਬਾਨੀ ਕਿਉਂ ਨਾ ਕਰਨੀ ਪਵੇ। ਪਰ, ਬਦ-ਕਿਸਮਤੀ ਨਾਲ ਅਜਿਹੇ ਕਾਨੂੰਨ-ਪਸੰਦ, ਇਨਸਾਫ਼-ਪਸੰਦ ਅਤੇ
ਨਿਧੜਕ ਜਰਨੈਲ ਘੱਟ ਹੀ ਹੁੰਦੇ ਹਨ। ਅਜਿਹੀਆਂ ਸਥਿਤੀਆਂ ਦਾ ਸਫ਼ਲਤਾ ਨਾਲ ਟਾਕਰਾ ਕਰਨ ਲਈ ਹੀ, ਛੇਵੇਂ
ਗੁਰੂ ਹਰਿਗੋਬਿੰਦ ਸਾਹਿਬ ਤੇ ਸਤਵੇਂ ਗੁਰੂ ਹਰਿਰਾਏ ਸਾਹਿਬ ਨੇ ਸਿੱਖ ਫ਼ੌਜਾਂ ਤਿਆਰ ਕੀਤੀਆਂ ਸਨ।
ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵੈਸਾਖੀ ਦੇ ਦਿਨ, ਇੱਕ ਅਲੌਕਿਕ ਢੰਗ ਨਾਲ,
ਸਿੱਖਾਂ ਨੂੰ ਖੰਡੇ-ਬਾਟੇ ਦੀ ਪਾਹੁਲ ਛਕਾ ਕੇ ਅਕਾਲ ਪੁਰਖੁ ਦੀ ਫ਼ੌਜ ਤਿਆਰ ਕੀਤੀ ਸੀ। ਇਹ ਇੱਕ ਫ਼ਖ਼ਰ
ਕਰਨ ਯੋਗ ਇਤਿਹਾਸਕ ਹਕੀਕਤ ਹੈ ਕਿ ਇਸ ਅਕਾਲ ਪੁਰਖ ਦੀ ਫ਼ੌਜ (ਅਤੇ ਛੇਵੇਂ ਪਾਤਿਸ਼ਾਹ ਦੀਆਂ ਫ਼ੌਜਾਂ)
ਨੇ ਸਾਰੀਆਂ ਹੀ ਜੰਗਾਂ ਜ਼ਾਲਮ ਤੇ ਅਤੰਕਵਾਦੀ ਹਕੂਮਤਾਂ ਦੇ ਹਮਲਿਆਂ ਨੂੰ ਰੋਕਣ ਲਈ ਹੀ ਲੜੀਆਂ ਸਨ,
ਕਿਸੇ ਦੇ ਇਲਾਕੇ `ਤੇ ਕਬਜ਼ਾ ਕਰਨ ਲਈ ਨਹੀਂ। ਸਿੱਖ ਫ਼ੌਜਾਂ ਹਮੇਸ਼ਾਂ ਹੀ ਗੁਰੂ ਗ੍ਰੰਥ ਸਾਹਿਬ ਦੇ
ਇਲਾਹੀ ਫ਼ਲਸਫ਼ੇ ਦਾ ਪਾਲਣ ਕਰਦੀਆਂ ਸਨ। ਇਸ ਹਕੀਕਤ ਦਾ ਜ਼ਿਕਰ, ਅਠ੍ਹਾਰਵੀਂ ਸਦੀ ਦੌਰਾਨ ਅਹਿਮਦਸ਼ਾਹ
ਅਬਦਾਲੀ ਨਾਲ ਹੋਈਆਂ ਸਿੱਖਾਂ ਦੀਆਂ ਜੰਗਾਂ ਦਾ ‘ਅੱਖੀਂ-ਡਿੱਠਾ’ ਹਾਲ ਕਲਮ-ਬੰਦ ਕਰਨ ਲਈ ਅਬਦਾਲੀ
ਨਾਲ ਆਇਆ ਫ਼ਿਰਕਾ-ਪ੍ਰਸਤ ਕਾਜ਼ੀ ਨੂੰਰ ਦੀਨ ਭੀ ਜ਼ਿਕਰ ਕਰਨ ਤੋਂ ਰੁਕ ਨਹੀਂ ਸਕਿਆ, ਭਾਵੇਂ ਕਿ, ਉਹ
ਸਿੱਖਾਂ ਨੂੰ ਆਪਣੀਆਂ ਇਨ੍ਹਾਂ ਲਿਖਤਾਂ ਵਿੱਚ ਨਫ਼ਰਤ ਨਾਲ ਸੱਗ (ਕੁੱਤੇ) ਕਰ ਕੇ ਸੰਬੋਧਨ ਕਰਦਾ ਹੈ।
ਭਵਿੱਖ ਵਿੱਚ ਭੀ ਅਜਿਹੀਆਂ ਅਕਾਲ ਪੁਰਖ ਦੀਆਂ ਫ਼ੌਜਾਂ ਵਿਸ਼ਵ-ਸ਼ਾਂਤੀ ਸਥਾਪਤ
ਕਰਨ ਲਈ ਅਹਿਮ ਯੋਗਦਾਨ ਪਾਉਂਣਗੀਆਂ।
ਪਰਮਾਣੂ-ਬੰਬ, ਮੀਜ਼ਾਈਲਜ਼ ਤੇ ਹੋਰ ਜ਼ਹਿਰੀਲੇ ਹਥਿਆਰ: ਮਨੁੱਖੀ ਹੋਂਦ ਤੇ
ਵਿਸ਼ਵ-ਸ਼ਾਂਤੀ ਲਈ ਵੱਡਾ ਖ਼ਤਰਾ!
ਜਿੱਥੇ ਆਧੁਨਿਕ ਵਿਗਿਆਨਕ ਖੋਜ ਨੇ ਮਨੁੱਖ ਲਈ ਸੁਖ-ਸਹੂਲਤਾਂ ਦੇ ਸਾਧਨ ਪੈਦਾ
ਕੀਤੇ ਹਨ, ਉੱਥੇ ਮਨੁੱਖਤਾ ਦੇ ਸਰਬ-ਨਾਸ਼ ਲਈ ਭੀ ਉਪਰੋਕਤ ਕਿਸਮ ਦੇ ਹਥਿਆਰ ਈਜ਼ਾਦ ਕਰ ਲਏ ਹਨ। ਅਜਿਹੇ
ਹਥਿਆਰਾਂ ਨੂੰ, ਯੂ. ਐਨ. ਓ. ਦੀ ਨਿਗਰਾਨੀ ਹੇਠ, ਮੁਕੰਮਲ ਤੌਰ `ਤੇ ਨਸ਼ਟ ਕਰ ਕੇ ਅੱਗੇ ਤੋਂ ਅਜਿਹੇ
ਹਥਿਆਰਾਂ ਦੀ ਹੋਂਦ `ਤੇ ਸਖਤ ਪਾਬੰਦੀ ਲਾਉਣੀ ਚਾਹੀਦੀ ਹੈ ਅਤੇ ਇਸ ਪਾਬੰਦੀ `ਤੇ ਅਮਲ ਕਰਨ ਲਈ ਕੋਈ
ਭਰੋਸੇ-ਯੋਗ ਪਾਰ-ਦਰਸ਼ਕ ਸਿਸਟਮ ਭੀ ਹੋਂਦ ਵਿੱਚ ਲਿਆਉਂਣਾ ਯੂ. ਐਨ. ਓ. ਦਾ ਮੁੱਢਲਾ ਫ਼ਰਜ਼ ਹੋਣਾ
ਚਾਹੀਦਾ ਹੈ।
ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿੱਚ ਹੋ ਰਹੇ ਮਨੁੱਖੀ ਹੱਕਾਂ ਦੀ ਉਲੰਘਣਾ
ਨੂੰ ਰੋਕਣਾ ਭੀ ਇਸ ਕੇਂਦਰੀ ਜਥੇਬੰਦੀ ਦਾ ਬੁਨਿਆਦੀ ਫ਼ਰਜ਼ ਹੈ। ਜਿਹੜੇ ਦੇਸ਼ ਅਜਿਹੇ ਅਤੀ ਗੰਭੀਰ
ਮਸਲਿਆਂ ਨੂੰ ਆਪਣੇ ‘ਅੰਦਰੂਨੀ ਮਸਲੇ ਕਹਿ ਕੇ, ਐਮਨੈਸਟੀ ਇੰਟਰਨੈਸ਼ਨਲ ਵਰਗੀਆਂ ਮਨੁੱਖੀ ਹੱਕਾਂ ਦੀ
ਰਾਖੀ ਕਰਨ ਵਾਲੀਆਂ ਜਥੇਬੰਦੀਆਂ ਨੂੰ ਦੇਸ਼ ਵਿੱਚ ਦਾਖ਼ਲ ਹੋਣ ਤੋਂ ਰੋਕਦੇ ਆ ਰਹੇ ਹਨ, ਉਨ੍ਹਾਂ ਦੇਸ਼ਾਂ
ਦੇ ਖ਼ਿਲਾਫ਼ ਯੋਗ ਕਰੜੀ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਜਥੇਬੰਦੀਆਂ ਨੂੰ ਉਨ੍ਹਾਂ ਦੇਸ਼ਾਂ `ਚ ਦਾਖ਼ਲ
ਕਰਵਾ ਕੇ ਨਿਰਪੱਖਤਾ ਨਾਲ ਕੰਮ ਕਰਨ ਲਈ ਯੂ. ਐਨ. ਓ. ਹਰ ਸੰਭਵ ਮਦਦ ਦੇਵੇ।
ਉੱਪਰ ਵਰਣਨ ਕੀਤੀਆਂ ਸਾਰੀਆਂ ਚੁਣੌਤੀਆਂ ਦਾ ਸਫ਼ਲਤਾ ਨਾਲ ਟਾਕਰਾ ਕਰ ਕੇ
ਸਦੀਵੀ ਵਿਸ਼ਵ-ਸ਼ਾਂਤੀ ਸਥਾਪਤ ਕਰਨ ਲਈ, ਅੱਜ ਮਨੁੱਖਤਾ ਪਾਸ, ਮਨੁੱਖਤਾ ਦੇ ਸਰਬ-ਸਾਂਝੇ (ਗੁਰੂ ਗ੍ਰੰਥ
ਸਾਹਿਬ ਵਿੱਚ ਅੰਕਿਤ) ਗੁਰਮਤਿ ਫ਼ਲਸਫ਼ੇ `ਤੇ ਅਮਲ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ। ਇਹ
ਹਕੀਕਤ, ਹਥਲੀ ਪੁਸਤਕ ਦਾ ਨਿਰਪੱਖ ਹੋ ਕੇ ਅਧਿਐਨ ਕਰਨ ਤੋਂ, ਭਲੀ-ਭਾਂਤ ਸਪੱਸ਼ਟ ਹੋ ਜਾਂਦੀ ਹੈ। ਪਰ
ਇਹ ਜ਼ਾਹਰਾ ਕਰਾਮਾਤ ਉਦੋਂ ਹੀ ਵਰਤੇਗੀ ਜਦੋਂ ਸੰਸਾਰ ਦਾ ਵੱਡਾ ਹਿੱਸਾ ਇਸ ਸਰਬ-ਸਾਂਝੇ ਇਲਾਹੀ ਫ਼ਲਸਫ਼ੇ
ਦੇ ਸਿਧਾਂਤਾਂ `ਤੇ ਪੂਰੇ ਵਿਸ਼ਵਾਸ, ਦ੍ਰਿੜਤਾ ਤੇ ਈਮਾਨਦਾਰੀ ਨਾਲ ਅਮਲ ਕਰੇਗਾ। ਪਰ, ਇਹ ਮਨੁੱਖਤਾ
ਦੀ ਬਦਕਿਸਮਤੀ ਹੀ ਹੈ ਕਿ ਖ਼ੁਦਗਰਜ਼, ਮਾਨਵ-ਵਿਰੋਧੀ ਅਤੇ ਸ਼ਾਤਿਰ ‘ਰਾਜਨੀਤਕ-ਪੁਜਾਰੀ-ਸਰਮਾਏਦਾਰ’ ਦੀ
ਤਿੱਕੜੀ ਇਸ ਇਲਾਹੀ ਫ਼ਲਸਫ਼ੇ `ਤੇ ਅਮਲ ਕਰਨ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਇਸੇ ਲਈ ਹੀ
ਗੁਰਮਤਿ ਫ਼ਲਸਫ਼ਾ ਰਾਜਿਆਂ (ਅਜੋਕੀਆਂ ਹਕੂਮਤਾਂ ਦੇ ਮੁਖੀਆਂ) ਅਤੇ ਉਨ੍ਹਾਂ ਦੀ ਖ਼ੁਦਗਰਜ਼ ਤੇ ਭ੍ਰਿਸ਼ਟ
ਅਫ਼ਸਰ-ਸ਼ਾਹੀ ਲਈ ‘ਕਸਾਈ’, ਸ਼ੀਂਹ ਅਤੇ ‘ਕੁੱਤੇ’ ਆਦਿ ਵਰਗੇ ਸਖ਼ਤ ਸ਼ਬਦਾਂ ਦੀ ਵਰਤੋਂ ਕਰਦਾ ਹੈ।
ਮਾਣਯੋਗ ਦੁਨਿਆਵੀ ਅਦਾਲਤਾਂ ਦੇ ਭ੍ਰਿਸ਼ਟ ਜੱਜਾਂ (ਵੱਢੀ-ਖੋਰੇ ਤੇ ਫ਼ਿਰਕਾ-ਪ੍ਰਸਤ) ਨੂੰ ਇਸ ਫ਼ਲਸਫ਼ੇ
ਵਿੱਚ ‘ਗੰਦ-ਖਾਣੇ’ ਕਹਿਣ ਤੋਂ ਭੀ ਸੰਕੋਚ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਹੀ, ਨਕਲੀ ਤੇ ਪਾਖੰਡੀ
ਧਾਰਮਿਕ ਆਗੂਆਂ ਨੂੰ ਭੀ ਸਮਾਜ ਦਾ ਸ਼ੋਸ਼ਨ ਕਰਨ ਵਾਲੇ ਤੇ ਉਜਾੜਾ ਕਰਨ ਵਾਲੇ ਕਿਹਾ ਗਿਆ ਹੈ।
ਵੰਨਗੀ-ਮਾਤਰ, ਵੇਖੋ ਹੇਠਾਂ ਦਿੱਤੇ ਗੁਰ-ਫ਼ੁਰਮਾਣ
1. ਰਾਜੇ ਤੇ ਅਫ਼ਸਰਸ਼ਾਹੀ
ਰਾਜੇ ਸੀਂਹ ਮੁਕਦਮ ਕੁਤੇ॥ ਜਾਇ ਜਗਾਇਨ੍ਹਿ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿ
ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ ਜਿਥੈ ਜੀਆ ਹੋਸੀ ਸਾਰ॥ ਨਕੀਂ ਵਢੀਂ ਲਾਇਤਬਾਰ॥ (ਮ: 1,
1288)
ਭਾਵ: ( ‘ਨਾਮ’ ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ਰਾਜੇ (ਮਾਨੋਂ)
ਸ਼ੇਰ ਹਨ, (ਉਨ੍ਹਾਂ ਦੇ ਪੜ੍ਹੇ-ਲਿਖੇ) ਅਹਿਲਕਾਰ (ਮਾਨੋਂ) ਕੁੱਤੇ ਹਨ, ਬੈਠੇ-ਸੁੱਤੇ
(ਵੇਲੇ-ਕੁਵੇਲੇ) ਬੰਦਿਆਂ ਨੂੰ ਜਾ ਜਗਾਉਂਦੇ ਹਨ (ਭਾਵ, ਤੰਗ-ਪ੍ਰੇਸ਼ਾਨ ਕਰਦੇ ਹਨ)। ਇਹ ਅਹਿਲਕਾਰ
(ਮਾਨੋਂ) ਸ਼ੇਰਾਂ ਦੀਆਂ ਨਹੁੰਦਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, ਰਾਜੇ-ਸ਼ੀਹ ਇਨ੍ਹਾਂ
(ਮੁਕੱਦਮ) ਕੁੱਤਿਆਂ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ।
ਪਰ ਜਿੱਥੇ (ਰੱਬੀ-ਦਰਗਾਹ ਵਿੱਚ) ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ,
ਉਥੇ ਅਜਿਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ) ਹਨ।
2. ਧਾਰਮਿਕ ਆਗੂ (ਪੁਜਾਰੀ)
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ
ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (ਮ: 1, 662)
ਭਾਵ: ਕਾਜ਼ੀ (ਜੋ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ, ਤੇ ਦੂਜੇ
ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ (ਮਾਨੋਂ) ਗੰਦ (ਰਿਸ਼ਵਤ)
ਖਾ ਰਿਹਾ ਹੈ। ਬ੍ਰਾਹਮਣ (ਕ੍ਰੋੜਾਂ ਹੀ ਸ਼ੂਦਰ ਅਖਵਾਉਂਦੇ) ਬੰਦਿਆਂ ਨੂੰ ਦੁਖੀ ਕਰ ਕੇ ਤੀਰਥ-ਇਸ਼ਨਾਨ
(ਭੀ) ਕਰਦਾ ਹੈ (ਭਾਵ, ਧਰਮੀ ਹੋਣ ਦਾ ਪਾਖੰਡ ਭੀ ਕਰਦਾ ਹੈ)। ਜੋਗੀ ਭੀ (ਆਤਮਕ ਪੱਖ ਤੋਂ) ਅੰਨ੍ਹਾ
ਹੈ ਤੇ ਸਹੀ ਜੀਵਨ-ਜੁਗਤਿ ਨਹੀਂ ਜਾਣਦਾ। (ਇਹ ਤਿੰਨੇ ਆਪੋ-ਆਪਣੇ ਤੌਰ `ਤੇ ਤਾਂ ਧਰਮ ਨੇਤਾ ਹਨ, ਪਰ)
ਇਨ੍ਹਾਂ ਤਿੰਨਾਂ ਦੇ ਹੀ ਅੰਦਰ, ਆਤਮਿਕ-ਜੀਵਨ ਵੱਲੋਂ, ਸੁੰਞ ਹੀ ਸੁੰਞ ਹੈ ਅਤੇ ਇਹ ਮਨੁੱਖੀ ਸਮਾਜ
ਨੂੰ ਲੁਟਣ `ਤੇ ਲੱਗੇ ਪਏ ਹਨ।
3. ਸਰਮਾਏਦਾਰ (ਮਾਇਆਧਾਰੀ)
ਮਾਇਆਧਾਰੀ ਅਤਿ ਅੰਨ੍ਹਾ ਬੋਲਾ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ॥ (ਮ: 3,
313)
ਭਾਵ: ਜਿਸ ਮਨੁੱਖ ਨੇ (ਹਿਰਦੇ ਵਿੱਚ) ਮਾਇਆ (ਦਾ ਪਿਆਰ) ਧਾਰਨ ਕੀਤਾ
ਹੋਇਆ ਹੈ, ਉਹ (ਸਤਿਗੁਰਾਂ ਵੱਲੋਂ) ਅੰਨ੍ਹਾ ਤੇ ਬੋਲਾ ਹੈ (ਭਾਵ, ਉਹ ਨਾ ਤਾਂ ਸ਼ਬਦ-ਗੁਰੂ ਦਾ ਉਪਦੇਸ਼
ਸੁਣ ਕੇ ਅਤੇ ਨਾ ਹੀ ਦਰਸ਼ਨ ਕਰ ਕੇ ਪਤੀਜ ਸਕਦਾ ਹੈ)। ਉਹ ਮਨੁੱਖ ਸ਼ਬਦ-ਗੁਰੂ ਦੇ ਉਪਦੇਸ਼ ਵੱਲ ਧਿਆਨ
ਨਹੀਂ ਦਿੰਦਾ (ਪਰ ਮਾਇਆ ਦਾ) ਖਪਾਉਣ ਵਾਲਾ ਰੌਲਾ ਬਹੁਤ ਪਸੰਦ ਕਰਦਾ ਹੈ।
ਰਾਜਸੀ ਸ਼ਕਤੀ ਦਾ (ਝੂਠਾ) ਨਸ਼ਾ, ਧਾਰਮਿਕ ਆਗੂ ਹੋਣ ਦਾ (ਝੂਠਾ) ਨਸ਼ਾ ਤੇ
ਸਰਮਾਏਦਾਰੀ ਦਾ (ਝੂਠਾ) ਨਸ਼ਾ ਮਨੁੱਖ ਲਈ ਇਨਸਾਨੀਅਤ ਹਾਸਲ ਕਰਨ ਦੇ ਰਾਹ ਦੀਆਂ ਵੱਡੀਆਂ ਰੁਕਾਵਟਾਂ
ਹਨ। ਏਹੀ ਝੂਠੇ ਨਸ਼ੇ ਵਿਸ਼ਵ-ਸ਼ਾਤੀ ਸਥਾਪਤ ਕਰਨ ਦੇ ਰਾਹ ਵਿੱਚ ਭੀ ਵੱਡੀਆਂ ਰੁਕਾਵਟਾਂ ਹਨ।
ਗੁਰੂ ਗ੍ਰੰਥ ਸਾਹਿਬ ਦੇ ਇਲਾਹੀ ਫ਼ਲਸਫ਼ੇ `ਤੇ ਅਮਲ ਕਰ ਕੇ
‘ਰਾਜਨੀਤਕ-ਪੁਜਾਰੀ-ਸਰਮਾਏਦਾਰ’ ਦੀ ਮਾਨਵ-ਵਿਰੋਧੀ ਤਿੱਕੜੀ ਨੂੰ ਨੱਥ ਪਾਈ ਜਾ ਸਕਦੀ ਹੈ
ਗੁਰ-ਇਤਿਹਾਸ ਅਤੇ ਅਠ੍ਹਾਰਵੀਂ ਸਦੀ ਦਾ ਸਿੱਖ-ਇਤਿਹਾਸ ਇਸ ਹਕੀਕਤ ਦਾ ਗਵਾਹ
ਹੈ ਕਿ ਸਰਬ-ਸਾਂਝੇ ਗੁਰਮਤਿ ਫ਼ਲਸਫ਼ੇ `ਤੇ ਅਮਲ ਕਰ ਕੇ ਗੁਰੂ ਸਾਹਿਬਾਨ ਅਤੇ ਛੋਟੀ ਜਿਹੀ ਸਿੱਖ ਕੌਮ
ਨੇ ਇਸ ਖ਼ੁਦਗਰਜ਼ ਤੇ ਜ਼ਾਲਮ ਤਿੱਕੜੀ ਨੂੰ (ਇਨ੍ਹਾਂ ਵਿੱਚੋਂ ਕੁੱਝ ਕੁ ਨੂੰ) ਗੁਰਮਤਿ ਫ਼ਲਸਫ਼ੇ ਦਾ
ਧਾਰਨੀ ਬਣਾ ਕੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਚੰਗੇ ਇਨਸਾਨ ਬਣਾਇਆ (ਯਾਨੀ ਕਿ, ਉਨ੍ਹਾਂ
ਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ)। ਇਸ ਤਿੱਕੜੀ ਵਿੱਚੋਂ ਜਿਹੜੇ ਇਨਸਾਨੀਅਤ ਧਾਰਨ ਕਰਨ ਵੱਲੋਂ ਆਕੀ
ਰਹੇ, ਉਨ੍ਹਾਂ ਵੱਲੋਂ ਮਨੁੱਖਤਾ `ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ, ਖ਼ਾਲਸਾ ਫ਼ੌਜ (ਅਕਾਲ ਪੁਰਖ ਦੀ
ਫ਼ੌਜ) ਨੇ ਠੱਲ੍ਹ ਪਾ ਕੇ, ਮਨੁੱਖਤਾ ਦਾ ਭਲਾ ਕੀਤਾ।
ਪਰ, ਉਪਰੋਕਤ ਜ਼ਾਲਮ ਤਿੱਕੜੀ ਤੋਂ ਇਲਾਵਾ, ਭਾਰਤ-ਉਪਮਹਾਂਦੀਪ ਵਿੱਚ,
ਮਨੂੰਵਾਦ ਦੀ ਹਮਾਇਤੀ ਲਾਬੀ (
coterie),
ਜੋ ਅਗੱਸਤ 1947 ਤੋਂ ਹੀ ਭਾਰਤ `ਤੇ ਹਕੂਮਤ ਕਰਦੀ ਆ ਰਹੀ ਹੈ, ਹੀ ਸੰਸਾਰ ਦੇ ਇਸ ਖਿੱਤੇ ਵਿੱਚ ਅਮਨ
ਤੇ ਸ਼ਾਂਤੀ ਸਥਾਪਤ ਕਰਨ ਦੇ ਰਾਹ ਵਿੱਚ ਵੱਡੀ ਚੁਣੌਤੀ ਹੈ। ਇਸ ਹਕੀਕਤ ਬਾਰੇ ਹਥਲੀ ਪੁਸਤਕ ਵਿੱਚ
ਸੰਖੇਪ ਜ਼ਿਕਰ ਭੀ ਕੀਤਾ ਗਿਆ ਹੈ। ਸੁਹਿਰਦ (ਸਮੁੱਚੀ ਮਨੁੱਖਤਾ ਦਾ ਭਲਾ ਲੋਚਣ ਵਾਲੇ) ਪਾਠਕ ਇਸ
ਪੁਸਤਕ ਦੇ ਅੰਤ ਵਿੱਚ ਦਿੱਤੀਆਂ ਅੰਤਿਕਾਵਾਂ ਦਾ ਨਿਰਪੱਖ ਅਧਿਐਨ ਕਰ ਕੇ ਆਸ ਹੈ ਕਿ ਲੇਖਕ ਦੇ ਇਸ
ਵਿਚਾਰ ਦੀ ਪੁਸ਼ਟੀ ਕਰਨਗੇ।
ਮੂਲ-ਰੂਪ ਵਿੱਚ ਛੋਟੀ ਜਿਹੀ ਗਿਣਤੀ ਵਾਲੀ ਸਿੱਖ ਕੌਮ ਨੇ ਹੀ ਭਾਰਤ
ਉੱਪ-ਮਹਾਂਦੀਪ ਨੂੰ ਜ਼ਾਲਮ ਅੰਗਰੇਜ਼ੀ ਹਕੂਮਤ ਦੀ ਗ਼ੁਲਾਮੀ `ਚੋਂ ਆਜ਼ਾਦ ਕਰਾਇਆ ਸੀ
1947 `ਚ ਭਾਰਤ ਤਾਂ ਆਜ਼ਾਦ ਹੋ ਗਿਆ ਪਰ ਭਾਰਤ ਵਿੱਚ ਸਿੱਖ (ਸਮੇਤ ਭਾਰਤ
ਵਿਚਲੀਆਂ ਘੱਟ-ਗਿਣਤੀਆਂ ਤੇ ਅਖੌਤੀ ਨੀਵੀਆਂ ਜਾਤਾਂ) ਅੱਜ ਵੀ ਅਣ-ਐਲਾਨੀ ਗ਼ੁਲਾਮੀ ਭੋਗ ਰਹੀਆਂ ਹਨ।
ਭਾਰਤ ਦੀ ਆਜ਼ਾਦੀ ਦੀ ਜਦੋਜਹਿਦ ਵਿੱਚ ਸਿੱਖ ਕੌਮ ਨੇ ਭਾਰਤੀ ਆਬਾਦੀ ਦਾ 2% ਹਿੱਸਾ ਹੋਣ ਦੇ ਬਾਵਜੂਦ
ਮਨੂੰਵਾਦੀ ਲੀਡਰਾਂ ਦੇ ਲਿਖਤੀ ਵਾਅਦਿਆਂ `ਤੇ ਵਿਸ਼ਵਾਸ ਕਰ ਕੇ 80 ਫ਼ੀ ਸਦੀ ਤੋਂ ਵੱਧ ਯੋਗਦਾਨ ਪਾਇਆ
ਸੀ। ਪਰ, ਅਗੱਸਤ 1947 ਤੋਂ ਹੀ ਭਾਰਤੀ ਹਕੂਮਤ `ਤੇ ਕਾਬਜ਼ ਹੋ ਕੇ ਮਨੂੰਵਾਦੀ ਲਾਬੀ (
coterie)
ਸਿੱਖਾਂ ਨਾਲ, ਇਸ ਜਦੋਜਹਿਦ ਦੌਰਾਨ, ਮਤਿਆਂ ਦੇ ਰੂਪ ਵਿੱਚ (ਅਤੇ ਗਾਂਧੀ ਦੇ ਅਖ਼ਬਾਰ ‘ਜੰਗ ਇੰਡੀਆ’
ਵਿੱਚ ਮਾਰਚ 1931 ਵਿੱਚ ਸੰਪਾਦਕੀ ਲਿਖ ਕੇ) ਮਨੂੰਵਾਦੀਆਂ ਵੱਲੋਂ ਸਿੱਖ ਕੌਮ ਨਾਲ ਕੀਤੇ ਵਾਅਦਿਆਂ
ਦੀ ਪੁਸ਼ਟੀ ਕੀਤੀ ਗਈ ਸੀ। ਪਰ, ਇਹ ਮੱਕਾਰ ਲੀਡਰ ਰਾਤੋਂ-ਰਾਤ ਉਨ੍ਹਾਂ ਵਾਅਦਿਆਂ ਤੋਂ ਪੂਰੀ ਬੇ-ਸ਼ਰਮੀ
ਤੇ ਢੀਠਤਾਈ ਨਾਲ ਮੁੱਕਰ ਗਏ। ਅਕਤੂਬਰ 1947 ਵਿੱਚ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਪੰਜਾਬ
ਦੇ ਤੱਤਕਾਲੀਨ ਗਵਰਨਰ ਨੇ ਇੱਕ ਗਸ਼ਤੀ ਪੱਤਰ ਜਾਰੀ ਕਰ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ
ਕਮਿਸ਼ਨਰਾਂ ਨੂੰ ਹੁਕਮ ਦਿੱਤਾ ਕਿ ਸਿੱਖ ਇੱਕ ਜ਼ਰਾਇਮ-ਪੇਸ਼ਾ (criminal)
ਕੌਮ ਹਨ ਅਤੇ ਇਨ੍ਹਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇ। ਯੋਗ ਕਾਨੂੰਨੀ ਪੈਂਤੜਾ ਵਰਤ ਕੇ ਇਨ੍ਹਾਂ
ਕੀਤੇ ਵਾਅਦਿਆਂ `ਤੇ ਅਮਲ ਕਰਵਾਇਆ ਜਾਵੇ।
ਭਾਰਤ ਦੀ ਸੰਵਿਧਾਨ ਘੜਨੀ ਕਮੇਟੀ `ਚ ਸਿੱਖ-ਕੌਮ ਦੇ ਭੀ ਦੋ ਨੁਮਾਇੰਦੇ (ਸ.
ਹੁਕਮ ਸਿੰਘ ਤੇ ਸ. ਭੁਪਿੰਦਰ ਸਿੰਘ ਮਾਨ) ਲਏ ਗਏ ਸਨ। ਪਰ, ਘੱਟ-ਗਿਣਤੀਆਂ ਨਾਲ, ਸੰਵਿਧਾਨ ਵਿੱਚ
ਦਰਜ ਕੀਤੀਆਂ ਧਾਰਾਵਾਂ ਰਾਹੀਂ, ਧ੍ਰੋਹ ਕੀਤਾ ਗਿਆ। ਇਸ ਲਈ ਸਿੱਖ ਕੌਮ ਦੇ ਇਨ੍ਹਾਂ ਨੁਮਾਇੰਦਿਆਂ ਨੇ
ਸੰਵਿਧਾਨ ਦੇ ਖਰੜੇ `ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਜੂਨ 1984 ਦੌਰਾਨ ਦਰਬਾਰ ਸਾਹਿਬ ਅੰਮ੍ਰਿਤਸਰ `ਤੇ ਭਾਰਤੀ ਫ਼ੌਜਾਂ ਵੱਲੋਂ
ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁਟ ਕੇ ਇਸ ਦਾ ਸਾਰਾ ਸਾਮਾਨ (ਸਮੇਤ ਗੁਰੂ ਸਾਹਿਬਾਨ ਦੇ ਵਕਤ ਦੇ
ਦੁਰਲੱਭ ਖਰੜਿਆਂ ਅਤੇ ਬੇਸ਼-ਕੀਮਤੀ ਹੱਥ-ਲਿਖਤ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ) ਭਾਰਤੀ
ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਨੂੰ ਸਿੱਖ ਕੌਮ ਵੱਲੋਂ ਬਾਰ-ਬਾਰ ਕੀਤੀਆਂ ਅਪੀਲਾਂ ਦੇ
ਬਾਵਜੂਦ ਇਹ ਦੁਰਲੱਭ ਵਸਤਾਂ ਅਜੇ ਤੱਕ ਕੌਮ ਨੂੰ ਵਾਪਸ ਨਹੀਂ ਕੀਤੀਆਂ ਗਈਆਂ। ਡਾ. ਮਨਮੋਹਨ ਸਿੰਘ ਭੀ
ਭਾਵੇਂ ਦਸ ਸਾਲ ਭਾਰਤ ਦਾ ਪ੍ਰਧਾਨ-ਮੰਤਰੀ ਰਿਹਾ, ਪਰ ਉਹ ਵੀ ਇਨ੍ਹਾਂ ਦੁਰਲੱਭ ਵਸਤਾਂ ਨੂੰ, ਸਿੱਖ
ਕੌਮ ਨੂੰ ਲੈ ਕੇ ਵਾਪਸ ਨਹੀਂ ਕਰਾ ਸਕਿਆ। ਇਸ ਤੋਂ ਹੀ ਸਾਬਤ ਹੋ ਜਾਂਦਾ ਹੈ ਕਿ ਇਹ ਮਨੂੰਵਾਦੀ ਲਾਬੀ
ਭਾਰਤ ਦੇ ਅਖੌਤੀ ਸੈਕੁਲਰ ਲੋਕਰਾਜ ਵਿੱਚ ਕਿਤਨੀ ਤਾਕਤ ਫੜ ਚੁੱਕੀ ਹੈ।
ਭਾਰਤ ਵਿਚਲੀਆਂ ਘੱਟ-ਗਿਣਤੀਆਂ ਨਾਲ ਕੀਤੇ ਗਏ ਅਤੇ ਕੀਤੇ ਜਾ ਰਹੇ ਧੱਕੇ,
ਜ਼ੁਲਮਾਂ, ਵਿਤਕਰਿਆਂ ਅਤੇ ਬੇ-ਇਨਸਾਫ਼ੀਆਂ ਦੀ ਸੂਚੀ ਬਹੁਤ ਹੀ ਲੰਮੀ ਤੇ ਦੁਖਦਾਈ ਹੈ।
ਚੁਣੌਤੀਆਂ ਦਾ ਸਫ਼ਲਤਾ ਨਾਲ ਸਾਹਮਣਾ ਕਰਨ ਦੇ ਰਾਹ `ਚ ਅਹਿਮ ਸਮੱਸਿਆ
ਜਿਸ ਸਿੱਖ ਕੌਮ ਦੀ ਇਖ਼ਲਾਕੀ ਜ਼ਿੰਮੇਵਾਰੀ ਵਿਸ਼ਵ-ਪੱਧਰੀ ਚੰਗੇ ਸਮਾਜ ਦੀ
ਸਿਰਜਨਾ ਕਰ ਕੇ ਵਿਸ਼ਵ-ਪੱਧਰੀ ਸ਼ਾਂਤੀ ਸਥਾਪਤ ਕਰਨ ਦੀ ਹੈ, ਉਹ ਖ਼ੁਦ ਹੀ, ਪਿਛਲੀਆਂ ਤਕਰੀਬਨ ਢਾਈ ਕੁ
ਸਦੀਆਂ ਤੋਂ, ਸਾਰੀ ਮਨੁੱਖਤਾ ਦੇ ਸਾਂਝੇ, ਸਰਬ-ਸ੍ਰੇਸ਼ਟ ਅਤੇ ਮਨੁੱਖਤਾ ਦੀ ਕਲਿਆਣ ਕਰਨ ਵਾਲੇ
ਗੁਰਮਤਿ ਫ਼ਲਸਫ਼ੇ ਨਾਲੋਂ ਟੁੱਟੀ ਚਲੀ ਆ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਸਿੱਖ ਕੌਮ
ਨੂੰ ਹੀ, ਗੁਰੂ ਗ੍ਰੰਥ ਸਾਹਿਬ ਦੇ ਫਲਸਫ਼ੇ ਦਾ ਸ਼ੁੱਧ ਰੂਪ ਵਿੱਚ ਵਿਸ਼ਵ-ਪੱਧਰੀ ਪ੍ਰਚਾਰ ਕਰ ਕੇ
ਜਾਗਰੂਕ ਕੀਤਾ ਜਾਵੇ। ਇਹ ਅਹਿਮ ਜ਼ਰੂਰੀ ਕੰਮ ਆਪਣੇ ਆਪ ਵਿੱਚ ਹੀ ਇੱਕ ਵੱਡੀ ਸਮੱਸਿਆ ਹੈ। ਪਰ,
ਸਮੁੱਚੀ ਮਨੁੱਖਤਾ ਦਾ ਭਲਾ ਲੋਚਣ ਵਾਲੀਆਂ ਸਿੱਖ ਜਥੇਬੰਦੀਆਂ/ਸੰਸਥਾਵਾਂ ਤੇ ਵਿਦਵਾਨ ਸੂਰਮੇ ਬਣ ਕੇ
ਅਤੇ ਅੱਗੇ ਹੋ ਕੇ ਇਸ ਕਾਰਜ ਨੂੰ ਸਿਰੇ ਚਾੜ੍ਹਨ। ਪ੍ਰਭੂ-ਪਿਤਾ ਦੇ ਚਰਨਾਂ ਵਿੱਚ ਸੱਚੇ ਦਿਲੋਂ ਇਸ
ਕਾਰਜ ਦੀ ਸਫ਼ਲਤਾ ਲਈ ਅਰਦਾਸ ਕਰ ਕੇ, ਮਾਲਿਕ-ਪ੍ਰਭੂ ਤੇ ਨਿਰੰਕਾਰ-ਸਰੂਪ ਜਾਗਦੀ-ਜੋਤਿ ਗੁਰੂ ਗ੍ਰੰਥ
ਸਾਹਿਬ ਦੇ ਉਪਦੇਸ਼ਾਂ ਪ੍ਰਤੀ ਸੁਹਿਰਦ ਹੋ ਕੇ, ਇਹ ਕਾਰਜ ਅਰੰਭ ਕੀਤਿਆਂ, ਸਤਿਗੁਰੂ ਜੀ ਜ਼ਰੂਰ ਹੀ
ਸਹਾਈ ਹੋਣਗੇ, ਕਿਉਂਕਿ ਇਹ ਕਾਰਜ ਪ੍ਰਭੂ-ਪਿਤਾ ਦੀ ਰਜ਼ਾ ਦੇ ਅਨੁਕੂਲ ਹੀ ਹੈ।
ਕਰਨਲ ਗੁਰਦੀਪ ਸਿੰਘ