.

ਬਾਣੀ ‘ਥਿਤੀ’ ਦਾ ਵਿਵਰਨ

ਸੰਸਕ੍ਰਿਤ ਦੇ ਮੂਲ-ਸ਼ਬਦ ’ਤਿਥਿ’ ਤੋਂ ਪੁਰਾਤਨ-ਨਵੀਨ-ਪੰਜਾਬੀ ਵਿੱਚ ’ਥਿਤ, ਥਿਤੀ’ਸ਼ਬਦ ਭਾਵਵਾਚਕ ਇਸਤ੍ਰੀ-ਲਿੰਗ ਨਾਂਵ ਕਰਕੇ ਹੋਂਦ ਵਿੱਚ ਆਇਆ ਹੈ। ’ਥਿਤ’ ਦਾ ਅਰਥ ਹੈ ’ਚੰਦ੍ਰਮਾ ਦੀ ਕਲਾ ਦੇ ਵਧਣ-ਘਟਣ ਨਾਲ ਸ਼ੁਮਾਰ ਹੋਣ ਵਾਲਾ ਦਿਨ, ਮਿਤਿ, ਤਾਰੀਖ। ਸਨਾਤਨ ਮਤ ਵਿੱਚ ਵੇਦ ਕਾਲ ਤੋਂ ਹੀ ਚੰਦ੍ਰਮਾਂ ਨਾਲ ਸੰਬੰਧਤ ਥਿਤਾਂ ਦੀ ਵਿਸ਼ੇਸ਼ਤਾ ਮੰਨੀ ਜਾਂਦੀ ਹੈ। ਸ਼ਾਹੂਕਾਰ ਲੋਕ ਸੂਦ ਦਾ ਫੈਲਾਉ ਥਿਤਾਂ ਦੇ ਹਿਸਾਬ ਨਾਲ ਕਢਦੇ ਹੁੰਦੇ ਸਨ ਜਿਸ ਨਾਲ ਵਿਆਜ ਵਿੱਚ ਕੁੱਝ ਵਾਧਾ ਹੋ ਜਾਂਦਾ ਸੀ। ਅੱਜ-ਕੱਲ੍ਹ ਭੀ ਵਿਆਹ-ਸ਼ਾਦੀਆਂ ਸਮੇਂ ਦਿਨ ਥਿਤਾਂ ਅਨੁਸਾਰ ਦੇਖ ਕੇ ਨਿਯਤ ਕੀਤੇ ਜਾਂਦੇ ਹਨ। ਭਾਂਤ-ਭਾਂਤ ਦਾ ਥਿਤਾਂ ਸੰਬੰਧੀ ਫਲ ਸਨਾਤਨੀ-ਗ੍ਰੰਥਾਂ ਵਿੱਚ ਭਰਿਆ ਪਿਆ ਹੈ ਕਿਸੇ ਥਿਤ ਵਿੱਚ ਯਾਤਰਾ ਕਰਨਾ ਲਾਭਦਾਇਕ ਨਹੀਂ, ਕਿਸੇ ਵਿੱਚ ਵਿਦਿਆ ਪੜ੍ਹਨੀ, ਇਸ਼ਨਾਨ ਕਰਨਾ, ਆਦਿ ਨਾਲ ਉਪਦੱਰ ਪੈਦਾ ਹੁੰਦਾ ਹੈ। ਕਿਸੇ ਥਿਤ ਵਿੱਚ ਵਿਸ਼ੇਸ਼ ਕਪੜੇ ਗਹਿਣੇ ਪਾਉਣ ਨਾਲ ਘਰ ਵਿੱਚ ਸ਼ੁੱਖ-ਸ਼ਾਂਤੀ ਦਾ ਨਿਵਾਸ ਆਦਿ ਆਉਣਾ ਮੰਨਿਆ ਹੈ।ਆਦਿ ਕਾਲ ਤੋਂ ਚੱਲ ਰਹੀ ਮਨੌਤ ਨੂੰ ਸਤਿਗੁਰੂ ਜੀ ਨੇ ਕੱਟਦਿਆਂ ਹੋਇਆ ਆਪਣਾ ਮਹਾਨ-ਉਪਦੇਸ਼ ’ਥਿਤੀ’ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਤ ਕੀਤਾ ਹੈ।ਗੁਰੂ ਗ੍ਰੰਥ ਸਾਹਿਬ ਜੀ ਵਿੱਚ ’ਥਿਤੀ’ ਸਿਰਲੇਖ ਹੇਠ ਤਿੰਨ ਬਾਣੀਆ ਮਿਲਦੀਆਂ ਹਨ-:

੧.ਥਿਤੀ ਗਉੜੀ ਮਹਲਾ ੫=ਪੰਨਾ ੨੯੬

੨. ਰਾਗ ਗਉੜੀ ਥਿਤੀੰ ਕਬੀਰ ਜੀ ਕੀੰ= ਪੰਨਾ ੩੪3

੩. ਬਿਲਾਵਲ ਮਹਲਾ ੧ਥਿਤੀ ਘਰੁ ੧੦ ਜਤਿ = ੮੩੮

ਗੁਰੂ ਅਰਜਨ ਸਾਹਿਬ ਜੀ ਦੀ ਰਚਨਾ ’ਥਿਤੀ ਗਉੜੀ ਮਹਲਾ ੫’ ਸਿਰਲੇਖ ਅਧੀਨ ਬਾਣੀ ਸੁਖਮਣੀ ਦੀ ਸਮਾਪਤੀ ਤੋਂ ਬਾਅਦ ਆਰੰਭ ਹੁੰਦੀ ਹੈ। ਸਲੋਕ-ਪਉੜੀ-ਬੰਧ ਵਿੱਚ ਲਿਖੀ ਇਸ ਬਾਣੀ ਦੇ ੧੭ ਸਲੋਕ-ਪਉੜੀਆਂ ਹਨ। ਪੁਰਾਤਨ ਸਮੇਂ ਵਿੱਚ ਜਿਵੇਂ ’ਸਤਵਾਰਾ, ਬਾਰਾਮਾਹ’ ਆਦਿ ਲਿਖੇ ਗਾਏ ਜਾਂਦੇ ਸਨ, ਉਸੇ ਤਰ੍ਹਾਂ ’ਥਿਤੀ’ ਭੀ ਇੱਕ ਕਾਵਿ-ਰਚਨਾ ਹੈ। ਦੇਸੀ ਸਾਲ ਮਹੀਨੇ ਦੋ ਤਰ੍ਹਾਂ ਗਿਣੇ ਜਾਂਦੇ ਸਨ-’ਸੰਗ੍ਰਾਦੀ’ ਅਤੇ ‘ਤਿਥੀ’। ਕਲੈਂਡਰ-ਵਿਗਿਆਨ ਦਾ ਬੋਧ ਰੱਖਣ ਵਾਲੇ ਸੱਜਣ ਚੰਗੀ ਤਰ੍ਹਾਂ ਜਾਣਦੇ ਹਨ ਕਿ, ’ਸੰਗ੍ਰਾਦੀ’ ਮਹੀਨੇ ਸੂਰਜ ਦੀ ਚਾਲ ਨਾਲ ਚਲਦੇ ਹਨ ਅਤੇ ਤਿਥਾਂ ਜਾਂ ਪ੍ਰਵਿਸਟਿਆਂ ਨੂੰ ਚੰਦ੍ਰਮਾ ਦੇ ਉਤਰਾਅ ਚੜ੍ਹਾ ਅਨੁਸਾਰ ਗਿਣਿਆ ਜਾਂਦਾ ਹੈ। ਇਹਨਾਂ ਦੀ ਗਿਣਤੀ ੧੫ ਹੈ। ਕਾਵਿ-ਰੂਪ ਵਿੱਚ ਇਹ ੧੫ ਥਿਤਾਂ ’ਏਕਮ, ਦੂਜ, ਤੀਜ’ ਆਦਿ ਕਰਕੇ ਗਾਈਦੀਆਂ, ਸੁਣੀਦੀਆਂ ਸੀ। ਭਾਰਤੀਯ ਇਤਿਹਾਸ ਵਿੱਚ ਪ੍ਰਚਲਤ ਗੋਰਖ ਨਾਥ ਦੀ ’ਪ੍ਰਦਹ-ਥਿਤੀ’ ਮਿਲਦੀ ਹੈ, ਜਿਸ ਤੋਂ ਥਿਤੀ ਦਾ ਕਾਵਿ-ਰਚਨ ਅਤੇ ਗਾਉਣ ਦਾ ਰਿਵਾਜ਼ ਮਾਲੂਮ ਹੁੰਦਾ ਹੈ। ਗਉੜੀ ਰਾਗ ਵਿੱਚ ਵਿਦਮਾਨ ਬਾਣੀ ਦਾ ਮੁੱਖ ਵਿਸ਼ਾ ’ਧਰਮ’ ਦੀ ਅਟਲਤਾ’ ਹੈ। ਪ੍ਰਭੂ-ਜੋਤਿ ਹਰੇਕ ਜੀਵ ਵਿੱਚ ਰਮੀ ਹੈ,ਮਨੁੱਖ ਨੂੰ ਜਦੋਂ ਰਮੇ ਹੋਏ ਦਾ ਅਹਿਸਾਸ ਹੁੰਦਾ ਹੈ ਤਾਂ ’ਤਿੰਨੇ-ਤਾਪ’ ਨਾਸ਼ ਹੋ ਜਾਂਦੇ ਹਨ। ਮਨ ਦੇ ਟਿਕਾਉ ਦਾ ਸਾਧਨ ’ਸਾਧਸੰਗਤਿ’ ਹੈ, ਜਿਸ ਵਿੱਚ ਬੈਠਣ ਨਾਲ ਮਨੁੱਖ ਨੂੰ ਸਤਿ,ਸੰਤੋਖ ਅਤੇ ਰੱਬੀ-ਨਿਯਮ ਵਿੱਚ ਵਿਚਰਨ ਦੀ ਦਾਤਿ ਪ੍ਰਾਪਤ ਹੁੰਦੀ ਹੈ। ਇਸ ਬਾਣੀ ਅੰਦਰ ਇੱਕ ਰਹਾਉ ਹੈ, ਜੋ ਕਿ ਸਾਰੀ ਬਾਣੀ ਦਾ ਮੁੱਖ ਵਿਸ਼ਾ ਕੀ ਹੈ, ਉਸ ਵੱਲ ਸੰਕੇਤ ਕਰਦਾ ਹੈ।

 ਸਿਰਲੇਖ ਉਚਾਰਣ-ਸੰਬੰਧੀ-

 ਸਿਰਲੇਖ ਵਿੱਚ ਆਏ ’ਥਿਤੀ’ ਸ਼ਬਦ ਦਾ ਉਚਾਰਣ ਕੁੱਝ ਸੱਜਣ ’ਥਿਤੀਂ’ ਵਾਂਗ, ਭਾਵ ਅੰਤ-ਨਾਸਕੀ ਕਰਦੇ ਹਨ। ਪਰ ਇਹ ਉਚਾਰਣ ਦਰੁਸੱਤ ਨਹੀਂ ਮੰਨਿਆ ਜਾ ਸਕਦਾ। ਚੂੰਕਿ ਇਥੇ ’ਥਿਤੀ’ ਸ਼ਬਦ ਇਕੱਠ-ਵਾਚਕ ਇਸਤਰੀ-ਲਿੰਗ ਨਾਂਵ ਹੈ, ਜਿਸ ਦਾ ਅਰਥ ਹੈ, ’ਥਿਤਾਂ ਬਾਬਤ ਗੁਰਮਤਿ-ਗਿਆਨ ਪ੍ਰਗਟਾਉਣ ਵਾਲੀ ਬਾਣੀ। ਜਦੋਂ ਇਹ ਸ਼ਬਦ ਸਧਾਰਨ ਰੂਪ ‘ਚ ਬਹੁਵਚਨ ਜਾਂ ਕਿਸੇ ਕਾਰਕ ਅਧੀਨ ਬਹੁਵਚਨ ਹੋਵੇ, ਤਦੋਂ ਅੰਤ-ਨਾਸਕਤਾ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।

੨. ਰਾਗ ਗਉੜੀ ਥਿਤੀੰ ਕਬੀਰ ਜੀ ਕੀੰ :

ਰਾਗ ਗਉੜੀ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤੱਰ ਪੰਨਾ ੩੪੩ ’ਤੇ ਭਗਤ ਕਬੀਰ ਜੀ ਦੀ ਉਪਰੋਕਤ ਸਿਰਲੇਖ ਵਾਲੀ ਬਾਣੀ ਅੰਕਤ ਹੈ। ਇਸ ਬਾਣੀ ਵਿੱਚ ਚਾਰ-ਚਾਰ ਤੁਕਾਂ ਦੇ ੧੬ ਪਦੇ ਅਤੇ ੨ ਤੁਕਾਂ ਰਹਾਉ ਦੀਆਂ ਹਨ।ਚਾਰ-ਚਾਰ ਤੁਕਾਂ ਦਾ ਇੱਕ ਸਲੋਕ ਹੋਣ ਕਾਰਣ ਛੰਦ-ਵਿਧਾਨ ਅਨੁਸਾਰ ਉਕਤ ਬਾਣੀ ਨੂੰ ’ਚੌਪਈ’ ਵਿੱਚ ਰੱਖਿਆ ਜਾ ਸਕਦਾ ਹੈ।ਮੁੱਖ ਰੂਪ ‘ਚ ਇਸ ਬਾਣੀ ਦਾ ਵਿਸ਼ਾ ‘ਅੰਤਰਜਾਮੀ ਰਾਮੁ ਸਮਾਰਹੁ’ ‘ਤੇ ਆਧਾਰਿਤ ਹੈ।ਤਿਥਾਂ ਬਾਰੇ ਜੋ ਵਹਿਮ-ਭਰਮ ਫੈਲਿਆ ਹੈ,ਉਸ ਨੂੰ ਦੂਰ ਕਰਕੇ ਅੰਤਰਜਾਮੀ-ਪ੍ਰਭੂ ਵਿੱਚ ਧਿਆਨ ਟਿਕਾਉਣਾ ਚਾਹੀਦਾ ਹੈ।ਗੁਰ-ਗਿਆਨ ਜਿਸ ਹਿਰਦੇ ਵਿੱਚ ਟਿਕ ਜਾਂਦਾ ਹੈ,ਉਹ ਹਿਰਦਾ ਸੁੰਨ-ਸਰੋਵਰ ਵਿੱਚ ਵਾਸ ਪਾ ਲੈਂਦਾ ਹੈ। ਭਾਵ,ਲੋਭ,ਮੋਹ, ਹੰਕਾਰ, ਵਿਸ਼ੇ-ਵਿਕਾਰਾਂ ਤੋਂ ਬਚ ਕੇ ’ਕਹੁ ਕਬੀਰ ਇਹੁ ਰਾਮ ਕੀ ਅੰਸੁ’ਵਾਲੇ ਮੁਕਾਮ ’ਤੇ ਪੁੱਜ ਜਾਂਦਾ ਹੈ।

ਸਿਰਲੇਖ-ਉਚਾਰਣ-ਸੰਬੰਧੀ :

ਸਿਰਲੇਖ ’ਥਿਤੀ’ ਅਤੇ ’ਕੀ’ ਦੇ ਅੰਤ-ਈਕਰਾਂਤ (ਬਿਹਾਰੀ) ਤੋਂ ਪਹਿਲਾਂ ਨਾਸਕੀ-ਚਿੰਨ੍ਹ ’ਟਿਪੀ’ ਪ੍ਰਿੰਟ ਹੈ। ਇਸਦਾ ਉਚਾਰਣ ਅੰਤ ਨਾਸਕੀ-ਚਿੰਨ੍ਹ ’ਬਿੰਦੀ’ ਵਾਂਗ ਕਰਨਾ ਹੈ। ਕੁੱਝ ਹਸਤ-ਲਿਖਤ ਬੀੜਾਂ ਵਿੱਚ ’ਟਿੱਪੀ’ ਨਹੀਂ ਹੈ।

੩. ਬਿਲਾਵਲ ਮਹਲਾ ੧ ਥਿਤੀ :

ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤੱਰ ਪੰਨਾ ੮੩੮ ‘ਤੇ ਅੰਕਤ ਗੁਰੂ ਨਾਨਕ ਸਾਹਿਬ ਜੀ ਦੀ ਉਕਤ ਬਾਣੀ ੨0 ਪਦਿਆਂ ਵਿੱਚ ਸੰਕਲਿਤ ਹੈ। ਉਪਰੋਕਤ ਬਾਣੀ ਵਿੱਚ ਸਾਰੇ ਪਦੇ ਛੇ-ਛੇ ਤੁਕਾਂ ਦੇ ਹਨ ਅਤੇ ‘ਰਹਾਉ’ ਦੀਆਂ ਦੋ ਤੁਕਾਂ ਹਨ।‘ਰਹਾਉ’ ਦੀਆਂ ਤੁਕਾਂ ਵਿੱਚ ਸਤਿਗੁਰੂ ਜੀ ਉਪਦੇਸ਼ ਦ੍ਰਿੜ ਕਰਵਾ ਰਹੇ ਹਨ ਕਿ, ’ਜਗਦੀਸ਼’(ਜਗਤ+ਈਸ਼) ਦੇ ਬਿਨਾ ਨਾਮ ਨੂੰ ਨਹੀਂ ਸਮਝਿਆ ਜਾ ਸਕਦਾ।ਜਗਦੀਸ਼ ਦੀ ਪ੍ਰਾਪਤੀ ਗੁਰੂ ਦੇ ਸ਼ਬਦ ਬਿਨਾ ਸੰਭਵ ਨਹੀਂ।ਕੋਈ ਭੀ ਦਿਨ, ਵਾਰ, ਥਿਤ ਆਦਿ ਮਾੜ੍ਹੇ ਨਹੀਂ।ਕਿਸੇ ਭੀ ਥਿਤ ਦਾ ਵਹਿਮ-ਭਰਮ ਨਹੀਂ ਕਰਨਾ ਚਾਹੀਦਾ।ਕੇਵਲ ਅਕਾਲ ਪੁਰਖ ਜੀ ਨੂੰ ਚਿਤਵਣਾ ਚਾਹੀਦਾ ਹੈ।

ਅਮਾਵਸ ਅਤੇ ਪੁੰਨਿਆ ਨੂੰ ਛੱਡ ਕੇ ਚੰਦ ਮਹੀਨੇ ਦੀ ਹਰੇਕ ਥਿਤ ਦਾ ਨਾਮ ਗਿਣਤੀ ਪੱਖ ਤੋਂ ਕਲਪਿਆ ਹੋਇਆ ਹੈ। ਉਕਤ ਗਿਣਤੀ ੧ ਤੋਂ ਲੈ ਕੇ ੧੪ ਤੱਕ ਇਕਸਾਰ ਹੈ।ਤਿੰਨ੍ਹਾਂ ਬਾਣੀਆ ਵਿੱਚ ਆਏ ਥਿਤ-ਗਿਣਤੀ-ਬੋਧਕ ਸ਼ਬਦਾਂ ਦਾ ਵੇਰਵਾ ਦ੍ਰਿਸ਼ਟੀਗੋਚਰ ਕੀਤਾ ਜਾਂਦਾ ਹੈ :

 

੧. ਥਿਤੀ ਮਹਲਾ ੫               ੨.ਥਿਤੀ ਕਬੀਰ ਜੀ          ੩. ਥਿਤੀ ਮਹਲਾ ੧

     ਏਕਮ                          ਪਰਵਾ                           ਏਕਮ

     ਦੁਤੀਆ                       ਦੁਤੀਆ                           ਦੂਜੀ

     ਤ੍ਰਿਤੀਆ                      ਤ੍ਰਿਤੀਆ                           ਤ੍ਰਿਤੀਆ

     ਚਤੁਰਥਿ                      ਚਉਥ                              ਚਉਥਿ

     ਪੰਚਮਿ                         ਪਾਂਚੈ                               ਪੰਚਮੀ

     ਖਸਟਮਿ                       ਛਠਿ                               ਖਸਟੀ

    ਸਪਤਮਿ                       ਸਾਤੈਂ                               ਸਪਤਮੀ

    ਅਸਟਮੀ                       ਅਸਟਮੀ                           ਅਸਟਮੀ

    ਨਉਮੀ                          ਨਉਮੀ                             ਨਉਮੀ

    ਦਸਮੀ                          ਦਸਮੀ                              ਦਸਮੀ

    ਏਕਾਦਸੀ                       ਏਕਾਦਸੀ                            ਏਕਾਦਸੀ

    ਦੁਆਦਸੀ                       ਬਾਰਸਿ                              ਦੁਆਦਸਿ

    ਤ੍ਰਉਦਸੀ                        ਤੇਰਸਿ                              ਤੇਰਸਿ

    ਚਉਦਹਿ                        ਚਉਦਸਿ                            ਚਉਦਸਿ

    ਅਮਾਵਸਿ                        ਅੰਮਾਵਸ                            ਅਮਾਵਸਿਆ

    ਪੂਰਨਮਾ                         ਪੂਨਿਉ                               ਸਸੀਅਰ ਗਗਨ ਜੋਤਿ

 ਉਪਰੋਕਤ ਤਿੰਨੇ ਬਾਣੀਆ ਵਿੱਚ ਭਾਸ਼ਾਈ ਪੱਖੋ ਤੋਂ ਬਹੁਤ ਸਮਾਨਤਾ ਹੈ। ‘ਪ੍ਰਾਕ੍ਰਿਤ’, ਸਾਧਭਾਸ਼ਾ ਦੇ ਬਹੁਤਾਤ ‘ਚ ਸ਼ਬਦ ਅਤੇ ਕਾਰਕੀ ਵਿਭਕਤੀਆਂ ਉਪਲਬਧ ਹਨ। ਅੰਤ ਵਿੱਚ,  ਉਕਤ ਬਾਣੀਆ ਦਾ ਵਿਸਥਾਰ ਸਹਿਤ ਵਿਵੇਚਨ ਕਰਦਿਆਂ ਬੋਧ ਹੁੰਦਾ ਹੈ ਕਿ, ਥਿਤਾਂ ਦਾ ਭਰਮ ਵਿਅਰਥ ਹੈ।ਮਨੁੱਖ ਨੂੰ ਕਰਮ-ਯੋਗੀ ਹੋਣਾ ਚਾਹੀਦਾ ਹੈ। ਸੱਚੇ ਸਾਧਕ ਬਣ ਕੇ ਪ੍ਰਭੂ-ਨਾਮ ਵਿੱਚ ਸਮਾਉਣਾ ਹੈ।

ਭੁੱਲ-ਚੁਕ ਦੀ ਖਿਮਾ

ਹਰਜਿੰਦਰ ਸਿੰਘ ‘ਘੜਸਾਣਾ’

[email protected]




.