.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰ ਉਪਦੇਸ ਹੀ ਤੀਰਥ ਹੈ

ਭਾਰਤ ਦੇ ਲੋਕਾਂ ਦੀ ਇੱਕ ਧਾਰਨਾ ਰਹੀ ਹੈ ਕਿ ਕੁੱਝ ਮਿੱਥੇ ਹੋਏ ਅਸਥਾਨਾਂ ਦੀ ਯਾਤਰਾ, ਓੱਥੇ ਬਣੇ ਹੋਏ ਸਰੋਵਰਾਂ ਵਿੱਚ ਇਸ਼ਨਾਨ ਤੇ ਇਹਨਾਂ ਅਸਥਾਨਾਂ `ਤੇ ਜਾ ਕੇ ਦਾਨ ਪੁੰਨ ਕਰਨਾ ਜਾਂ ਧਾਰਮਿਕ ਅਸਥਾਨਾਂ `ਤੇ ਬੈਠ ਕੇ ਵਿਧੀ ਪੂਰਵਕ ਪਾਠ ਕਰਨ ਨਾਲ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। ਪੁਜਾਰੀ ਵਲੋਂ ਇੱਕ ਹੋਰ ਬੜਾ ਵੱਡਾ ਧੋਖਾ ਦਿੱਤਾ ਜਾ ਰਿਹਾ ਹੈ, ਕਿ ਐ ਮਨੁੱਖ! ਤੂੰ ਆਪਣੇ ਜੀਵਨ ਵਿੱਚ ਜਿੰਨੇ ਮਰਜ਼ੀ ਐਬ-ਪਾਪ, ਭੈੜੇ ਕੰਮ ਕਰ ਲੈ, ਤੈਨੂੰ ਕੋਈ ਪਾਪ ਨਹੀਂ ਲੱਗੇਗਾ, ਜੇ ਕਰ ਤੂੰ ਇੱਕ ਵਾਰ ਤੀਰਥਾਂ `ਤੇ ਆ ਕੇ ਇਸ਼ਨਾਨ ਕਰ ਲਏਂਗਾ ਤਾਂ ਇਹ ਸਾਰੇ ਬਖਸ਼ੇ ਜਾਣਗੇ। ਪੁਜਾਰੀ ਇਹ ਵੀ ਭਰੋਸਾ ਦਿਵਾਉਂਦਾ ਹੈ ਕਿ ਇਹ ਮੇਰੀ ਜ਼ਿੰਮੇਵਾਰੀ ਹੋਏਗੀ ਕਿ ਮੈਂ ਤੈਨੂੰ ਸਿੱਧਾ ਸਵਰਗ ਵਿੱਚ ਥਾਂ ਦਿਵਾ ਦਿਆਂਗਾ। ਏਦਾਂ ਕਹੀਏ ਕਿ ਤੀਰਥਾਂ ਦੇ ਇਸ਼ਨਾਨ ਦਾ ਬਹੁਤ ਵੱਡਾ ਮਹਾਤਮ ਗਿਣਾਇਆ ਗਿਆ ਹੈ। ਅੱਜ ਜਿਹੜੇ ਮਰਜ਼ੀ ਧਾਰਮਿਕ ਅਸਥਾਨ ਵਲ ਨਿਗਾਹ ਮਾਰੋ ਲੋਕ ਮੁਕਤੀ ਲਈ ਹਾਲੋ ਬੇਹਾਲ ਹੋਏ ਪਏ ਹਨ। ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਦਾ ਭਲਾ ਕਰਦਿਆਂ ਤੀਰਥ ਇਸ਼ਨਾਨ ਦੇ ਵਹਿਮ ਵਿਚੋਂ ਸਾਨੂੰ ਬਾਹਰ ਕੱਢਿਆ ਸੀ ਪਰ ਦੁੱਖ ਇਸ ਗੱਲ ਦਾ ਹੈ ਕਿ ਸਭ ਤੋਂ ਵੱਧ ਅੱਜ ਤੀਰਥ ਯਾਤਰਾ ਦਾ ਰੁਝਾਨ ਸਿੱਖਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਗਏ ਗੁਜ਼ਰੇ ਸਾਧਾਂ ਨੇ ਵੀ ਆਪਣਿਆਂ ਡੇਰਿਆਂ `ਤੇ ਸਰੋਵਰ ਬਣਾ ਕੇ ਲੋਕਾਂ ਨੂੰ ਚੁੱਭੀਆਂ ਮਾਰਨ `ਤੇ ਲਾ ਦਿੱਤਾ ਹੈ- ਇਸ ਵਿਚਾਰ ਨੂੰ ਸਮਝਣ ਲਈ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇੱਕ ਸ਼ਬਦ ਦੀ ਵਿਚਾਰ ਕਰਾਂਗੇ—

ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ।।

ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸ+ ਖੋਜਿ ਲਹੈ।। ੧।।

ਗੁਰ ਸਮਾਨਿ ਤੀਰਥੁ ਨਹੀ ਕੋਇ।।

ਸਰੁ ਸੰਤੋਖੁ ਤਾਸੁ ਗੁਰੁ ਹੋਇ।। ੧।। ਰਹਾਉ।।

ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ।।

ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ।। ੨।।

ਰਤਾ ਸਚਿ ਨਾਮਿ ਤਲ ਹੀਅਲੁ ਸੋ ਗੁਰੁ ਪਰਮਲੁ ਕਹੀਐ।।

ਜਾ ਕੀ ਵਾਸੁ ਬਨਾਸਪਤਿ ਸਉਰੈ ਤਾਸੁ ਚਰਣ ਲਿਵ ਰਹੀਐ।। ੩।।

ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ।।

ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ।। ੪।।

ਪ੍ਰਭਾਤੀ ਮਹਲਾ ੧ ਪੰਨਾ ੧੩੨੮-੧੩੨੯

ਅੱਖਰੀਂ ਅਰਥ-—ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ। ਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ। ੧। ਰਹਾਉ।

(ਗੁਰੂ ਤੋਂ ਮਿਲਣ ਵਾਲਾ) ਪ੍ਰਭੂ-ਨਾਮ (ਗੁਰੂ-ਤੀਰਥ ਦਾ) ਜਲ ਹੈ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿੱਚ ਮਨ ਦੀ ਚੁੱਭੀ (ਉਸ ਗੁਰ-ਤੀਰਥ ਦਾ) ਇਸ਼ਨਾਨ ਹੈ, (ਗੁਰੂ-ਤੀਰਥ ਦੇ) ਨਾਲ ਹੀ ਅਠਾਹਠ ਤੀਰਥ (ਦੇ ਇਸ਼ਨਾਨ) ਮਿਲ ਜਾਂਦੇ ਹਨ। ਗੁਰੂ ਦੇ ਉਪਦੇਸ਼ (-ਰੂਪ ਡੂੰਘੇ ਪਾਣੀਆਂ ਵਿੱਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਮੋਤੀ ਤੇ ਜਵਾਹਰ ਹਨ। ਜੇਹੜਾ ਸਿੱਖ (ਗੁਰੂ-ਤੀਰਥ ਨੂੰ) ਸੇਂਵਦਾ ਹੈ (ਸਰਧਾ ਨਾਲ ਆਉਂਦਾ ਹੈ) ਉਹ ਭਾਲ ਕਰ ਕੇ ਲੱਭ ਲੈਂਦਾ ਹੈ। ੧।

ਗੁਰੂ ਇੱਕ (ਐਸਾ) ਦਰਿਆ ਹੈ ਜਿਸ ਪਾਸੋਂ ਮਿਲਦਾ ਨਾਮ-ਅੰਮ੍ਰਿਤ ਉਸ ਦਰਿਆ ਵਿੱਚ (ਐਸਾ) ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ, ਜਿਸ ਮਨੁੱਖ ਨੂੰ ਉਹ ਜਲ ਮਿਲਦਾ ਹੈ ਉਸ ਦੀ ਖੋਟੀ ਮਤਿ ਦੀ ਮੈਲ ਦੂਰ ਕਰ ਦੇਂਦਾ ਹੈ। ਜੇ ਗੁਰੂ ਮਿਲ ਪਏ ਤਾਂ (ਉਸ ਗੁਰੂ-ਦਰਿਆ ਵਿੱਚ ਕੀਤਾ ਇਸ਼ਨਾਨ) ਸਫਲ ਇਸ਼ਨਾਨ ਹੁੰਦਾ ਹੈ, ਗੁਰੂ ਪਸ਼ੂਆਂ ਤੋਂ ਪਰੇਤਾਂ ਤੋਂ ਦੇਵਤੇ ਬਣਾ ਦੇਂਦਾ ਹੈ। ੨।

ਜਿਸ ਗੁਰੂ ਦੇ ਗਿਆਨ-ਇੰਦ੍ਰੇ ਜਿਸ ਗੁਰੂ ਦਾ ਹਿਰਦਾ (ਸਦਾ) ਪਰਮਾਤਮਾ ਦੇ ਨਾਮ-ਰੰਗ ਵਿੱਚ ਰੰਗਿਆ ਰਹਿੰਦਾ ਹੈ, ਉਸ ਗੁਰੂ ਨੂੰ ਚੰਦਨ ਆਖਣਾ ਚਾਹੀਦਾ ਹੈ, ਚੰਦਨ ਦੀ ਸੁਗੰਧੀ (ਨੇੜੇ ਉੱਗੀ) ਬਨਸਪਤੀ ਨੂੰ ਸੁਗੰਧਿਤ ਕਰ ਦੇਂਦੀ ਹੈ (ਗੁਰੂ ਦਾ ਉਪਦੇਸ਼ ਸਰਨ ਆਏ ਬੰਦਿਆਂ ਦੇ ਜੀਵਨ ਸੰਵਾਰ ਦੇਂਦਾ ਹੈ), ਉਸ ਗੁਰੂ ਦੇ ਚਰਨਾਂ ਵਿੱਚ ਸੁਰਤਿ ਜੋੜ ਰੱਖਣੀ ਚਾਹੀਦੀ ਹੈ। ੩।

ਗੁਰੂ ਦੀ ਸਰਨ ਪਿਆਂ ਜੀਵਾਂ ਦੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦੇ ਹਨ, ਗੁਰੂ ਦੀ ਰਾਹੀਂ ਉਸ ਪ੍ਰਭੂ ਦੇ ਦਰ ਤੇ ਪਹੁੰਚ ਜਾਈਦਾ ਹੈ ਜੋ ਸਦਾ ਆਨੰਦ-ਸਰੂਪ ਹੈ। ਹੇ ਨਾਨਕ! ਗੁਰੂ ਦੀ ਸਰਨ ਪਿਆਂ ਸਦਾ-ਥਿਰ ਪ੍ਰਭੂ ਵਿੱਚ ਲੀਨ ਹੋ ਜਾਈਦਾ ਹੈ, ਗੁਰੂ ਦੀ ਰਾਹੀਂ ਉੱਚਾ ਆਤਮਕ ਦਰਜਾ ਮਿਲ ਜਾਂਦਾ ਹੈ ਜੋ ਸਦਾ ਹੀ ਆਪਣਾ ਬਣਿਆ ਰਹਿੰਦਾ ਹੈ (ਅਟੱਲ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ)। ੪। ੬।

ਵਿਚਾਰ ਚਰਚਾ—ਰਹਾਉ ਦੀਆਂ ਤੁਕਾਂ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—

ਗੁਰ ਸਮਾਨਿ ਤੀਰਥੁ ਨਹੀ ਕੋਇ।।

ਸਰੁ ਸੰਤੋਖੁ ਤਾਸੁ ਗੁਰੁ ਹੋਇ।। ੧।।

ਕਿ ਗੁਰੂ ਦੇ ਸਮਾਨ ਹੋਰ ਕੋਈ ਤੀਰਥ ਨਹੀਂ ਹੈ। ਗੁਰੂ ਸੰਤੋਖ ਦਾ ਸਰੋਵਰ ਹੈ। ਇਸ ਦਾ ਭਾਵ ਅਰਥ ਹੈ ਕਿ ਸੰਤੋਖ ਵਰਗੇ ਦੈਵੀ ਗੁਰ ਉਪਦੇਸ਼ਾਂ `ਤੇ ਤੁਰਨਾ ਹੀ ਤੀਰਥਾਂ ਦਾ ਇਸ਼ਨਾਨ ਹੈ। ਜੇ ਕਰ ਗੁਰੂ ਸਾਹਿਬ ਦੀ ਗੱਲ ਨਹੀਂ ਮੰਨਣੀ ਤਾਂ ਤੀਰਥਾਂ ਦੇ ਇਸ਼ਨਾਨ ਦਾ ਕੋਈ ਲਾਭ ਨਹੀਂ ਹੈ। ਅੱਜ ਧਾਰਮਿਕ ਅਸਥਾਨਾਂ ਨੇ ਜ਼ਿੰਦਗੀ ਜਿਉਣ ਦੀ ਜਾਚ ਦੱਸਣ ਦੀ ਥਾਂ `ਤੇ ਧਰਮ ਨੂੰ ਨਿਰੋਲ ਧੰਦਾ ਬਣ ਲਿਆ ਹੋਇਆ ਹੈ। ਬਹੁਤ ਸਾਰੀਆਂ ਸੰਸਥਾਵਾਂ ਉਚੇਚੇ ਤੌਰ `ਤੇ ਸੰਗਤਾਂ ਨੂੰ ਤੀਰਥਾਂ ਦੀ ਯਾਤਰਾ `ਤੇ ਲੈ ਕੇ ਜਾ ਰਹੀਆਂ ਹਨ।

ਏੱਥੇ ਇੱਕ ਗੁਰਮਤਿ ਦਾ ਨੁਕਤਾ ਸਮਝਣ ਵਾਲਾ ਹੈ ਕਿ ਗੁਰੂਆਂ ਦੀ ਚਰਨ ਛੋਹ ਧਰਤੀਆਂ ਦੀ ਮਹਾਨਤਾ ਇਸ ਲਈ ਹੈ ਏਥੇ ਮਾਹਨ ਘਟਨਾਵਾਂ ਵਾਪਰੀਆਂ ਤੇ ਮਹਾਨ ਕਾਰਜ ਹੋਏ ਹਨ। ਏੱਥੇ ਬੈਠ ਕੇ ਗੁਰੂ ਸਾਹਿਬ ਜੀ ਨੇ ਮਨੁੱਖਤਾ ਨੂੰ ਉਪਦੇਸ਼ ਦਿੱਤੇ। ਸਿੱਖ ਏੱਥੋਂ ਜੀਵਨ ਦੀ ਭਾਵਮਾਤਿਕ ਸੇਧ ਲੈਣ ਜਾਂਦਾ ਹੈ। ਜਿਸ ਤਰ੍ਹਾਂ ਨਨਕਾਣਾ ਸਾਹਿਬ ਵਾਲਾ ਜੰਡ ਦੇਖਣ ਨਾਲ ਉਸ ਵੇਲੇ ਦਾ ਸਾਰਾ ਬ੍ਰਿਤਾਂਤ ਅੱਖਾਂ ਸਾਹਮਣੇ ਘੁੰਮ ਜਾਂਦਾ ਹੈ। ਦੂਸਰਾ ਕਈ ਵਾਰੀ ਪੁਸਤਕਾਂ ਪੜ੍ਹਨ ਨਾਲ ਪੂਰਾ ਪਤਾ ਨਹੀਂ ਲਗਦਾ ਪਰ ਜਗ੍ਹਾ ਨੂੰ ਦੇਖ ਲਈਏ ਤਾਂ ਅਸਲੀਅਤ ਦਾ ਹੋਰ ਡੂੰਘਾ ਅਧਿਐਨ ਹੋ ਜਾਂਦਾ ਹੈ। ਪੰਜਾ ਸਾਹਿਬ ਦੀ ਸਾਖੀ ਆਮ ਸੁਣਾਈ ਜਾਂਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਪੱਥਰ ਵਿੱਚ ਪੰਜਾ ਲਗਾਇਆ ਪਰ ਦੇਖ ਕੇ ਪਤਾ ਲਗਦਾ ਹੈ ਪੰਜਾ ਪਹਾੜੀ ਦੇ ਪੈਰ ਵਾਲੇ ਪੱਥਰ `ਤੇ ਹੀ ਉਕਰਿਆ ਹੋਇਆ ਸਾਫ਼ ਦਿਸਦਾ ਹੈ।

ਜੇਕਰ ਇਹਨਾਂ ਧਾਰਮਿਕ ਅਸਥਾਨਾਂ `ਤੇ ਜਾ ਕੇ ਜੀਵਨ ਜਾਚ ਲਈ ਕੁੱਝ ਸਿੱਖ ਕੇ ਆਉਂਦਾ ਹੈ ਤਾਂ ਮੁਬਾਰਿਕ ਹੈ। ਜੇ ਅਜੇਹਾ ਨਹੀਂ ਹੁੰਦਾ ਤਾਂ ਫਿਰ ਹਨ੍ਹੇਰਾ ਹੀ ਢੋਇਆ ਜਾ ਰਿਹਾ ਹੈ।

ਹੁਣ ਤਾਂ ਕਈ ਵਾਰੀ ਏਦਾਂ ਲੱਗਦਾ ਹੈ ਕਿ ਸਿੱਖਾਂ ਦੇ ਧਾਰਮਿਕ ਅਸਥਾਨ ਤੇ ਸਰੋਵਰ ਕੇਵਲ ਸੁੱਖਣਾ ਦੀ ਪੂਰਤੀ ਲਈ ਹੀ ਰਹਿ ਗਏ ਹੋਣ। ਭਾਰਤ ਵਿੱਚ ਕਈ ਏਦਾਂ ਦੇ ਅਸਥਾਨ ਵੀ ਮਿਲਦੇ ਹਨ ਜਿੱਥੇ ਪੁਜਾਰੀ ਇਹ ਸਮਝਾਉਣ ਵਿੱਚ ਕਾਮਯਾਬ ਹੋ ਗਿਆ ਹੈ ਕਿ ਏੱਥੇ ਏੰਨੀ ਵਾਰ ਇਸ਼ਨਾਨ ਕਰਨ ਨਾਲ ਜਾਂ ਚੌਂਕੀਆਂ ਭਰਨ ਨਾਲ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਹੋਰ ਤਾਂ ਹੋਰ ਗੋਇੰਦਵਾਲ ਸਾਹਿਬ ਦੇ ਅਸਥਾਨ ਦੀ ਧਾਰਮਿਕ ਮਹਾਨਤਾ, ਬਉਲੀ ਸਾਹਿਬ ਦੇ ਕ੍ਰਾਂਤੀਕਾਰੀ ਇਤਹਾਸ ਦੇ ਮਹੱਤਵ ਨੂੰ ਨਾ ਸਮਝਦਿਆਂ ਹੋਇਆਂ ਚਉਰਾਸੀ ਪਉੜੀਆਂ ਤੇ ਚੁਰਾਸੀ ਵਾਰੀ ਇਸ਼ਨਾਨ ਤੇ ਚਉਰਾਸੀ ਵਾਰੀ ਜਪੁਜੀ ਸਾਹਿਬ ਦੇ ਪਾਠ ਕਰਨ ਨਾਲ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਤੇ ਬ੍ਰਾਹਮਣੀ ਸੋਚ ਵਾਲੀ ਚਉਰਾਸੀ ਕੱਟੀ ਜਾਂਦੀ ਹੈ। ਹੈਰਾਨਗੀ ਦੀ ਗੱਲ ਦੇਖੋ ਕੋਈ ਵੀ ਹੋ ਰਹੀ ਮਨਮਤ ਤੋਂ ਜਾਣੂ ਨਹੀਂ ਕਰਾਉਂਦਾ ਸਗੋਂ ਕਿਹਾ ਜਾਂਦਾ ਹੈ ਕਿ ਕਿਸੇ ਦੀ ਸ਼ਰਧਾ ਨਾ ਤੋੜੋ ਜੀ। ਫਿਰ ਕੀ ਫਰਕ ਪੈਂਦਾ ਹੈ। ਭਾਰਤ ਵਿੱਚ ਅਜੇਹੇ ਸਥਾਨ ਹਨ ਜਿੱਥੇ ਪਹਿਲਾਂ ਪੰਡਤ ਇਸ਼ਨਾਨ ਕਰਦਾ ਸੀ ਫਿਰ ਹੋਰ ਲੋਕ ਇਸ਼ਨਾਨ ਕਰਦੇ ਸਨ ਪਰ ਓੱਥੇ ਸ਼ੂਦਰਾਂ ਨੂੰ ਇਸ਼ਨਾਨ ਕਰਨ ਦਾ ਕੋਈ ਹੱਕ ਨਹੀਂ ਸੀ। ਖਲੋਤੇ ਪਾਣੀ ਵਿੱਚ ਬ੍ਰਾਹਮਣ ਹੀ ਇਸ਼ਨਾਨ ਕਰਦਾ ਸੀ। ਵੱਗਦੇ ਪਾਣੀ ਵਿੱਚ ਪਹਿਲਾਂ ਬ੍ਰਾਹਮਣ ਇਸ਼ਨਾਨ ਕਰਦਾ ਸੀ ਤੇ ਉਸ ਦੇ ਵਰਤੇ ਹੋਏ ਪਾਣੀ ਨੂੰ ਅੱਗੋਂ ਛੋਟੀਆਂ ਜਾਤਾਂ ਵਾਲੇ ਵਰਤਦੇ ਸਨ। ਗੁਰੂ ਸਾਹਿਬ ਜੀ ਨੇ ਜਾਤ ਪਾਤ ਦੇ ਕੋਹੜ ਨੂੰ ਖਤਮ ਕਰਦਿਆਂ ਤੇ ਕਿਰਸਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਦਿਆਂ ਬਉਲੀ ਸਾਹਿਬ ਦੀ ਸਿਰਜਣਾ ਕਰਾਈ ਜੋ ਅੱਜ ਵੀ ਆਪਣੇ ਵਿੱਚ ਇੱਕ ਵੱਡੀ ਕ੍ਰਾਂਤੀ ਸੰਭਾਲ਼ੀ ਬੈਠੀ ਹੈ। ਅਸੀਂ ਬ੍ਰਹਾਮਣੀ ਗਲੇਫ਼ ਚਾੜ੍ਹ ਕੇ ਰੱਖ ਦਿੱਤਾ ਹੈ। ਗੁਰੂ ਸਾਹਿਬ ਦੇ ਇਸ ਮਹਾਨ ਕਾਰਜ ਨੂੰ ਪੂਰੀ ਬ੍ਰਹਾਮਣੀ ਪਿਉਂਦੇ ਦੇ ਕੇ ਗੁਰੂ ਸਾਹਿਬ ਦੇ ਨਿਆਰੇ ਸਿਧਾਂਤ ਦੀ ਆਪ ਹੀ ਵਿਰੋਧਤਾ ਕਰ ਰਹੇ ਹਾਂ।

ਅੰਮ੍ਰਿਤਸਰ ਸ਼ਹਿਰ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਲਿਆਉਣ ਲਈ ੫੨ ਕਿਸਮ ਦੇ ਕਿਰਤੀਆਂ ਨੂੰ ਏੱਥੇ ਵਸਾਇਆ ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਜਿਵੇਂ ਜਿਵੇਂ ਸ਼ਹਿਰ ਦੀ ਅਬਾਦੀ ਵੱਧਦੀ ਗਈ ਤਿਵੇਂ ਤਿਵੇਂ ਉਹਨਾਂ ਦੀਆਂ ਲੋੜਾਂ ਵੀ ਵੱਧਦੀਆਂ ਗਈਆਂ। ਕੁਦਰਤੀ ਇਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਰੋਵਰਾਂ ਦੀ ਗਿਣਤੀ ਵੀ ਵੱਧਦੀ ਗਈ। ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਨਾਲ ਪਿੰਗਲੇ ਦੀ ਕਹਾਣੀ ਜੋੜ ਕੇ ਇਸ ਦੀ ਇਤਿਹਾਸਕ ਮਹਾਨਤਾ ਨੂੰ ਘਟਾਇਆ ਹੈ। ਅੰਮ੍ਰਿਤਸਰ ਸ਼ਹਿਰ ਦੀ ਅਸੀਮ ਇਤਿਹਾਸਕ ਮਹਾਨਤਾ ਨੂੰ ਅਸੀਂ ਸੀਮਤ ਕਰਕੇ ਰੱਖ ਦਿੱਤਾ ਹੈ।

ਰਹਾਉ ਦੀਆਂ ਤੁਕਾਂ ਵਿੱਚ ਗੁਰਦੇਵ ਪਿਤਾ ਜੀ ਨੇ ਸਮਝਾਇਆ ਹੈ ਕਿ ਗੁਰੂ ਵਲੋਂ ਦੱਸੇ ਹੋਏ ਸੰਤੋਖ ਵਰਗਾ ਹੋਰ ਕੋਈ ਤੀਰਥ ਨਹੀਂ ਹੈ।

ਸਿਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ--

ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ।।

ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ।।

ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੈ ਥਾਉ।। ੧।।

ਸਿਰੀ ਰਾਗ ਮਹਲਾ ੫ ਪੰਨਾ ੫੨

ਹੇ ਭਰਾਵੋ! ਹੇ ਸੰਤ ਜਨੋ! (ਧਿਆਨ ਨਾਲ) ਸੁਣੋ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿੱਚ ਜੁੜਿਆਂ ਹੀ (ਵਿਕਾਰਾਂ ਤੋਂ) ਖ਼ਲਾਸੀ ਹੁੰਦੀ ਹੈ (ਪਰ ਇਹ ਨਾਮ ਗੁਰੂ ਪਾਸੋਂ ਹੀ ਮਿਲ ਸਕਦਾ ਹੈ) ਗੁਰੂ ਦੇ ਚਰਨ ਪੂਜਣੇ (ਭਾਵ, ਹਉਮੈ ਤਿਆਗ ਕੇ ਗੁਰੂ ਦੀ ਸਰਨ ਮਿਲ ਪੈਣਾ, ਤੇ ਗੁਰੂ ਦੇ ਸਨਮੁਖ ਰਹਿ ਕੇ) ਪਰਮਾਤਮਾ ਦਾ ਨਾਮ (ਜਪਣਾ) ਹੀ (ਸਾਰੇ) ਤੀਰਥਾਂ (ਦਾ ਤੀਰਥ) ਹੈ (ਇਸ ਦੀ ਬਰਕਤਿ ਨਾਲ) ਪਰਲੋਕ ਵਿੱਚ ਪਰਮਾਤਮਾ ਦੀ ਦਰਗਾਹ ਵਿੱਚ (ਭਾਗਾਂ ਵਾਲੇ ਜੀਵ) ਆਦਰ ਪਾਂਦੇ ਹਨ। ਜਿਸ ਮਨੁੱਖ ਨੂੰ ਹੋਰ ਕਿਤੇ ਭੀ ਆਸਰਾ ਨਹੀਂ ਮਿਲਦਾ, ਉਸ ਨੂੰ (ਪ੍ਰਭੂ ਦੀ ਦਰਗਾਹ ਵਿਚ) ਆਸਰਾ ਮਿਲ ਜਾਂਦਾ ਹੈ। ਉਪਰੋਕਤ ਤੁਕਾਂ ਵਿੱਚ ਗੁਰੂ ਚਰਨਾਂ ਨੂੰ ਤੀਰਥ ਦੱਸਿਆ ਹੈ। ਚਰਨਾ ਦਾ ਭਾਵ ਅਰਥ ਗੁਰ ਉਪਦੇਸ਼ ਤੋਂ ਹੈ। ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਉਪਦੇਸ਼ ਮਿਲਦੇ ਹਨ ਜੇਹਾ ਕਿ

ਨਾਨਕ ਕਰਮੁ ਹੋਵੈ ਮੁਖਿ ਮਸਤਕਿ, ਲਿਖਿਆ ਹੋਵੈ ਲੇਖੁ।।

ਅਠਸਠਿ ਤੀਰਥ ਗੁਰ ਕੀ ਚਰਣੀ, ਪੂਜੈ ਸਦਾ ਵਿਸੇਖੁ।।

ਸਲੋਕ ਮ: ੧ ਪੰਨਾ ੧੪੭

ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ, ਜਿਸ ਦੇ ਮੂੰਹ ਮੱਥੇ ਤੇ ਭਾਗ ਹੋਵੇ, ਉਹ ਗੁਰੂ ਦੀ ਚਰਨੀਂ ਲੱਗ ਕੇ (ਗੁਰੂ ਦੇ ਚਰਨਾਂ ਨੂੰ) ਅਠਾਹਠ ਤੀਰਥਾਂ ਨਾਲੋਂ ਵਿਸ਼ੇਸ਼ ਜਾਣ ਕੇ (ਗੁਰੂ-ਚਰਨਾਂ ਨੂੰ) ਪੂਜਦਾ ਹੈ।

ਗੁਰਬਾਣੀ ਵਿੱਚ ਇਸ ਪਰਥਾਏ ਇੱਕ ਹੋਰ ਬਹੁਤ ਪਿਆਰਾ ਵਾਕ ਹੈ—

ਸਚਾ ਤੀਰਥੁ ਜਿਤੁ ਸਤਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ।।

ਅਠਸਠਿ ਤੀਰਥ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ।।

ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ।।

ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ।। ੫।।

ਅੱਖਰੀਂ ਅਰਥ-—ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਇਹ ਸੂਝ ਬਖ਼ਸ਼ਦਾ ਹੈ ਕਿ ਜਿਸ ਸੱਚੇ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਤੀਰਥ (ਗੁਰੂ ਦਾ ਸ਼ਬਦ ਹੀ ਹੈ) ਗੁਰੂ ਦੇ ਸ਼ਬਦ ਵਿੱਚ (ਹੀ ਪ੍ਰਭੂ ਉਸ ਨੂੰ) ਅਠਾਹਠ ਤੀਰਥ ਵਿਖਾ ਦੇਂਦਾ ਹੈ (ਅਤੇ ਵਿਖਾ ਦੇਂਦਾ ਹੈ ਕਿ) ਉਸ (ਗੁਰੂ-ਸ਼ਬਦ-ਤੀਰਥ) ਵਿੱਚ ਨ੍ਹਾਤਿਆਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ। (ਉਸ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ) ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਅਤੇ ਪਵਿਤ੍ਰ ਤੀਰਥ ਹੈ (ਉਸ ਵਿੱਚ ਇਸ਼ਨਾਨ ਕੀਤਿਆਂ ਵਿਕਾਰਾਂ ਦੀ) ਮੈਲ ਨਹੀਂ ਲੱਗਦੀ, (ਉਹ ਤੀਰਥ) ਮੈਲ ਨਹੀਂ ਚੰਬੋੜਦਾ। ਉਹ ਮਨੁੱਖ ਪੂਰੇ ਗੁਰੂ ਪਾਸੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪ੍ਰਾਪਤ ਕਰ ਲੈਂਦਾ ਹੈ। ੫।

ਗੁਰੂ ਨਾਨਕ ਸਾਹਿਬ ਜੀ ਨੇ ਸਰੋਵਰ ਦੀ ਉਦਾਹਰਣ ਦਿੱਤੀ ਹੈ ਜਿਸ ਤਰ੍ਹਾਂ ਸਰੋਵਰ ਵਿੱਚ ਪਾਣੀ ਹੁੰਦਾ ਤੇ ਉਸ ਵਿੱਚ ਇਸ਼ਨਾਨ ਕਰਨ ਨਾਲ ਸਰੀਰ ਦੀ ਮੈਲ ਦੂਰ ਹੁੰਦੀ ਹੈ ਏਸੇ ਤਰ੍ਹਾਂ ਗੁਰੂ ਵਲੋਂ ਦਿੱਤਾ ਹੋਇਆ ਰੱਬੀ ਗਿਆਨ ਤੀਰਥ ਦਾ ਜਲ ਹੈ। ਇਸ ਗਿਆਨ ਵਿੱਚ ਮਨ ਦੀ ਚੁੱਭੀ ਮਰਵਾਉਣੀ ਹੀ ਅਠਾਹਠ ਤੀਰਥ ਦਾ ਇਸ਼ਨਾਨ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰੂ ਉਪਦੇਸ਼ ਐਸਾ ਡੂੰਘਾ ਪਾਣੀ ਹੈ ਜਿਸ ਵਿੱਚ ਇਸ਼ਨਾਨ ਕਰਨ ਨਾਲ ਮੋਤੀ ਤੇ ਜਵਾਹਰ ਵਰਗੀਆਂ ਕੀਮਤੀ ਵਸਤੂਆਂ ਵਾਂਗ ਕੀਮਤੀ ਸਿੱਖਿਆਵਾਂ ਮਿਲਦੀਆਂ ਹਨ। ਜਿਸ ਤਰ੍ਹਾਂ ਡੂੰਘੇ ਪਾਣੀਆਂ ਵਿੱਚ ਕੀਮਤੀ ਵਸਤੂਆਂ ਪਈਆਂ ਹੁੰਦੀਆਂ ਹਨ ਤੇ ਡੂੰਘੀਆਂ ਚੁੱਭੀਆਂ ਮਾਰਨ ਵਾਲੇ ਹੀ ਉਹ ਕੀਮਤੀ ਵਸਤੂਆਂ ਲੱਭ ਕੇ ਲਿਆਉਂਦੇ ਹਨ। ਏਸੇ ਤਰ੍ਹਾਂ ਜਿਵੇਂ ਜਿਵੇਂ ਅਸੀਂ ਗੁਰਬਾਣੀ ਦੀ ਸਿਧਾਂਤਿਕ ਢੰਗ ਨਾਲ ਵਿਚਾਰ ਕਰਾਂਗੇ ਓਸੇ ਤਰ੍ਹਾਂ ਹੀ ਸਾਨੂੰ ਹੋਰ ਅਣਮੁੱਲੀਆਂ ਸਿੱਖਿਆਵਾਂ ਮਿਲਣਗੀਆਂ। ਤੀਰਥ ਦੀ ਵਿਆਖਿਆ ਕਰਦਿਆਂ ਇਸ ਸ਼ਬਦ ਦੀਆਂ ਪਹਿਲੀਆਂ ਤੁਕਾਂ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ---

ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ।।

ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸ+ ਖੋਜਿ ਲਹੈ।। ੧।।

ਗੁਰੂ ਸਾਹਿਬ ਜੀ ਦਾ ਉਪਦੇਸ਼ ਤੀਰਥ ਦਾ ਜਲ ਹੈ ਤੇ ਇਸ ਜਲ ਦੁਆਰਾ ਮਨ ਦਾ ਇਸ਼ਨਾਨ ਕਰਾਉਣਾ ਹੈ। ਗੁਰੂ ਜੀ ਦਾ ਗਿਆਨ ਹੀ ਸਿੱਖ ਲਈ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਗੁਰ-ਉਪਦੇਸ਼ ਰੂਪੀ ਪਾਣੀ ਵਿੱਚ ਰੱਬੀ ਗੁਣਾਂ ਦੇ ਬਹੁਤ ਕੀਮਤੀ ਮੋਤੀ ਜਵਾਹਰਾਤ ਪਏ ਹੋਏ ਹਨ। ਵਿਚਾਰਵਾਨ ਸ਼ਰਧਾਭਾਵਨਾ ਨਾਲ ਵਿਚਾਰ ਦੁਆਰਾ ਆਪਣੇ ਨਾਲ ਲੈ ਜਾਂਦੇ ਹਨ। ਏੱਥੇ ਸ਼ਬਦ ਖੋਜਣ ਦਾ ਉਪਦੇਸ਼ ਦਿੱਤਾ ਹੋਇਆ ਹੈ ਪਰ ਅੱਜ ਸਾਰਾ ਜ਼ਿਆਦਾ ਸਿੱਖ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਤੀਰਥਾਂ ਦੇ ਇਸ਼ਨਾਨ ਕਰਨ ਲਈ ਜਾ ਰਹੇ ਹਨ। ਇਹ ਠੀਕ ਹੈ ਪਾਣੀ ਨਾਲ ਸਰੀਰ ਦੀ ਸ਼ਫ਼ਾਈ ਤਾਂ ਹੋ ਸਕਦੀ ਹੈ ਪਰ ਮਨ ਦੀ ਸਫ਼ਾਈ ਤਾਂ ਕੇਵਲ ਗੁਰ ਸ਼ਬਦ ਦੀ ਵਿਚਾਰ ਨੂੰ ਸਮਝ ਕੇ ਅਪਨਾਉਣ ਨਾਲ ਹੀ ਦੂਰ ਹੋ ਸਕਦੀ ਹੈ।

ਸ਼ਬਦ ਦੇ ਦੂਸਰੇ ਬੰਦ ਵਿੱਚ ਗੁਰਦੇਵ ਪਿਤਾ ਜੀ ਅੱਗੇ ਫਰਮਾਉਂਦੇ ਹਨ

ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ।।

ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ।। ੨।।

ਸਰੋਵਰਾਂ ਦੇ ਖਲੋਤੇ ਪਾਣੀ ਵਿੱਚ ਜਾਲ਼ਾ ਆਦਿਕ ਆ ਸਕਦਾ ਹੈ ਪਰ ਗੁਰੂ ਸਾਹਿਬ ਦੇ ਤੀਰਥ ਦਾ ਜਲ ਸਦਾ ਸਾਫ਼ ਰਹਿੰਦਾ ਹੈ ਕਿਉਂਕਿ ਇਹ ਤੀਰਥ ਗੁਰ-ਦਰਿਆਵਾਂ ਵਰਗੇ ਹਨ। ਦਰਿਆਵਾਂ ਦਾ ਚਲਦਾ ਪਾਣੀ ਹਮੇਸ਼ਾਂ ਸਾਫ਼ ਰਹਿੰਦਾ ਹੈ। ਜਿਹੜਾ ਮਨੁੱਖ ਇਸ ਗੁਰਬਾਣੀ ਜਲ ਦੁਆਰਾ ਮਨ ਦਾ ਇਸ਼ਨਾਨ ਕਰਾਉਂਦਾ ਹੈ ਉਸ ਦੀ ਖੋਟੀ ਮਤ ਦੂਰ ਹੋ ਜਾਂਦੀ ਹੈ। ਦੂਸਰਾ ਪਸ਼ੂਆਂ ਤੇ ਪ੍ਰੇਤਾਂ ਤੋਂ ਸਾਨੂੰ ਦਵਤੇ ਭਾਵ ਦੈਵੀ ਗੁਣਾਂ ਵਾਲੇ ਬਣਾ ਦੇਂਦਾ ਹੈ।

ਅਸੀਂ ਆਮ ਪਿੰਡਾਂ ਵਿੱਚ ਦੇਖਦੇ ਹਾਂ ਕਿ ਦੇਖਾ ਦੇਖਾ ਹਰੇਕ ਗੁਰਦੁਆਰੇ ਦੇ ਬਾਹਰ ਪ੍ਰਬੰਧਕਾਂ ਨੇ ਪੈਰ ਧੌਣ ਲਈ ਜਗ੍ਹਾ ਬਣਾ ਦਿੱਤੀ ਹੈ ਪਰ ਉਸ ਵਿੱਚ ਤਾਜ਼ਾ ਪਾਣੀ ਬਹੁਤ ਘੱਟ ਆਉਂਦਾ ਹੈ ਸੰਗਤ ਗੰਦੇ ਪਾਣੀ ਨਾਲ ਹੀ ਪੈਰ ਧੋਈ ਜਾ ਰਹੀ ਹੈ। ਕਈ ਵਾਰੀ ਇਹ ਵੀ ਦੇਖਿਆ ਗਿਆ ਹੈ ਕਿ ਗਰਮੀਆਂ ਦੀ ਬਹਾਰ ਵਿੱਚ ਕੁੱਤੇ ਉਸ ਪਾਣੀ ਵਿੱਚ ਬੈਠੇ ਰਹਿੰਦੇ ਹਨ। ਗਿਆਨ ਹੀਣ ਲੋਕ ਪੈਰਾਂ ਦਾ ਵਰਤਿਆ ਹੋਇਆ ਪਾਣੀ ਅੰਮ੍ਰਿਤ ਸਮਝ ਕੇ ਆਮ ਪੀਂਦੇ ਦਿਖਾਈ ਦੇ ਰਹੇ ਹਨ। ਹੁਣ ਗੁਰਬਾਣੀ ਸਮਝਾ ਰਹੀ ਹੈ ਸਰੋਵਰ ਦੇ ਪਾਣੀ ਨਾਲ ਪਸ਼ੂਆਂ ਤੋਂ ਦੇਵਤੇ ਬਣ ਜਾਈਦਾ ਹੈ। ਦਰਅਸਲ ਇਹ ਸਰੀਰ ਦੇ ਤਲ਼ ਵਾਲੇ ਪਸ਼ੂ ਦੀ ਗੱਲ ਨਹੀਂ ਹੋ ਰਹੀ ਇਹ ਤੇ ਮਨੁੱਖੀ ਤਲ ਵਿੱਚ ਬੈਠੇ ਹੋਏ ਪਸ਼ੂ ਬਿਰਤੀ ਦੀ ਗੱਲ ਕੀਤੀ ਜਾ ਰਹੀ ਹੈ। ਦਰਬਾਰ ਸਾਹਿਬ ਦੇ ਸਰੋਵਰ ਨਾਲ ਵੀ ਏਦਾਂ ਦੀ ਕਹਾਣੀ ਜੋੜੀ ਹੈ ਕਿ ਕਾਂ ਇਸ਼ਨਾਨ ਕਰਕੇ ਚਿੱਟੇ ਹੰਸ ਬਣ ਗਏ ਸਨ। ਕਈ ਵਾਰੀ ਇਹ ਵੀ ਸੁਣਦੇ ਹਾਂ ਕਿ ਜੀ ਅਮਕੇ ਮਨੁੱਖ ਦਾ ਕੈਂਸਰ ਦੂਰ ਹੋ ਗਿਆ। ਕੀ ਸੈਂਕੜੇ ਸਾਲਾਂ ਵਿੱਚ ਇੱਕ ਮਨੁੱਖ ਦਾ ਹੀ ਕੈਂਸਰ ਦੂਰ ਹੋਇਆ ਹੈ? ਗੁਰਦੇਵ ਪਿਤਾ ਜੀ ਤਾਂ ਇਹ ਸਮਝਾ ਰਹੇ ਹਨ ਕਿ ਗਰਬਾਣੀ ਦਾ ਵਾਕ ਹੈ--- ਸਤਿਗੁਰ ਤਾਂ ਸਭਨਾ ਦਾ ਭਲਾ ਮੰਗਦਾ ਹੈ।

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।।

ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ।। ੧।।

ਸਲੋਕੁ ਮ: ੧ ਪੰਨਾ ੪੬੨

ਇਕ ਤੀਰਥ ਉਹ ਹਨ ਜਿਹੜੇ ਦਰਿਆਵਾਂ ਦੇ ਕੰਢਿਆਂ `ਤੇ ਬਣੇ ਹੋਏ ਹਨ ਦੁਜੇ ਉਹ ਤੀਰਥ ਹਨ ਜਿਹੜੇ ਦਰਿਆਵਾਂ ਦੇ ਕੰਢਿਆਂ `ਤੇ ਨਹੀਂ ਬਣੇ ਪਰ ਓੱਥੇ ਸਰੋਵਰ ਬਣਾਏ ਹੁੰਦੇ ਹਨ। ਵੱਗਦੇ ਦਰਿਆਵਾਂ ਦਾ ਪਾਣੀ ਬਹੁਤ ਸਾਫ਼ ਹੁੰਦਾ ਹੈ ਤੇ ਉਸ ਪਾਣੀ ਨੂੰ ਮੈਲ ਵੀ ਨਹੀਂ ਲੱਗਦੀ ਦਰਿਆਵਾਂ ਦਾ ਪਾਣੀ ਖੇਤੀ ਤੇ ਹੋਰ ਵਰਤੋਂ ਲਈ ਕੰਮ ਆਉਂਦਾ ਹੈ ਏਸੇ ਤਰ੍ਹਾਂ ਗੁਰੂ ਸਾਹਿਬ ਦੀ ਸਿੱਖਿਆ ਇੱਕ ਵੱਗਦੇ ਦਰਿਆ ਵਰਗੀ ਹੈ ਜਿਸ ਨਾਲ ਆਪਣੀ ਖੋਟੀ ਮਤ ਧੌਣੀ ਹੈ। "ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ"।।

ਕਦੇ ਕਿਸੇ ਨੇ ਦੇਖਿਆ ਹੈ ਕਿ ਦਰਿਆ ਵਿੱਚ ਕੋਈ ਪਸ਼ੂ ਇਸ਼ਨਾਨ ਕਰਦਾ ਹੋਵੇ ਤੇ ਉਹ ਬੰਦਾ ਬਣ ਗਿਆ ਹੋਵੇ। ਪਰ ਗੁਰਬਾਣੀ ਕਹਿ ਰਹੀ ਹੈ ਕਿ ਵੱਗਦੇ ਪਾਣੀ ਇਸ ਇਸ਼ਨਾਨ ਕਰਨ ਵਾਲਾ ਪਸ਼ੂ ਮਨੁੱਖ ਬਣ ਜਾਂਦਾ ਹੈ ਜੇਹਾ ਕਿ— "ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ" ਸਰੀਰ ਦੇ ਤਲ਼ ਵਾਲੇ ਪਸ਼ੂ ਪ੍ਰੇਤ ਨਹੀਂ ਬਲ ਕੇ ਜਿੰਨਾਂ ਦੀ ਸੋਚ ਪਸ਼ੂਆਂ ਵਾਲੀ ਸੀ ਉਹ ਗੁਰੂ ਦੀ ਮਤ ਲੈ ਕੇ ਦੇਵਤਾ ਸਰੂਪ ਭਾਵ ਦੇਵੀ ਗੁਣਾਂ ਵਾਲੇ ਬਣ ਗਏ।

ਸਾਡੇ ਮੁਲਕ ਵਿੱਚ ਇੱਕ ਹੋਰ ਰਿਵਾਜ ਹੈ ਕਿ ਜ਼ਿਆਦਾ ਤੀਰਥਾਂ `ਤੇ ਜਾ ਕੇ ਇਸ਼ਨਾਨ ਕੀਤਾ ਜਾਏ ਤਾਂ ਜ਼ਿਆਦਾ ਫਲ਼ ਮਿਲਦਾ ਹੈ। ਭਾਰਤ ਵਿੱਚ ਅਠਾਹਠ ਤੀਰਥਾਂ ਦੇ ਇਸ਼ਨਾਨ ਦੀ ਮਹੱਤਤਾ ਨੂੰ ਵੱਡੀ ਪ੍ਰਾਪਤੀ ਗਿਣੀ ਗਈ ਦੱਸਿਆ ਹੈ।

ਸਿੱਧ ਗੋਸਟਿ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧਾ ਨੇ ਇਹ ਦੱਸਿਆ ਸੀ ਕਿ ਅਸੀਂ ਤੀਰਥਾਂ `ਤੇ ਇਸ਼ਨਾਨ ਕਰਦੇ ਹਾਂ ਬੜੀ ਮੌਜ ਵਿੱਚ ਰਹਿੰਦੇ ਹਾਂ, ਅਸਾਂ ਦੁਨੀਆਂ ਦੇ ਝਮੇਲਿਆਂ ਤੋਂ ਬਚੇ ਹੋਏ ਹਾਂ।

ਤੀਰਥਿ ਨਾਈਐ, ਸੁਖੁ ਫਲੁ ਪਾਈਐ, ਮੈਲੁ ਨ ਲਾਗੈ ਕਾਈ।।

ਗੋਰਖ ਪੂਤੁ ਲੋਹਾਰੀਪਾ ਬੋਲੈ, ਜੋਗ ਜੁਗਤਿ ਬਿਧਿ ਸਾਈ।। ੭।।

ਪੰਨਾ ੯੩੮-੯੩੯

ਅੱਖਰੀਂ ਅਰਥ--ਤੀਰਥ ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ ਮਿਲਦਾ ਹੈ ‘ਸੁਖ`, ਤੇ (ਮਨ ਨੂੰ) ਕੋਈ ਮੈਲ (ਭੀ) ਨਹੀਂ ਲੱਗਦੀ। ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ।

ਤੀਰਥਾਂ ਦੀ ਯਾਤਰਾ ਕਰਾਉਣ ਵਾਲੇ ਆਗੂ ਇਹਨਾਂ ਤੁਕਾਂ ਦੀ ਵਰਤੋਂ ਕਰਦੇ ਹਨ ਕਿ ਗੁਰੂ ਸਾਹਿਬ ਜੀ ਤੀਰਥਾਂ ਦੀ ਯਾਤਰਾ ਨੂੰ ਵਧੀਆ ਕਹਿ ਰਹੇ ਹਨ ਜਦ ਕਿ ਗੁਰੂ ਸਾਹਿਬ ਜੀ ਤਾਂ ਸਿੱਧਾਂ ਦੀ ਗੱਲ ਕਰ ਰਹੇ ਹਨ ਕਿ ਅਸੀਂ ਤੀਰਥਾਂ ਦੇ ਇਸ਼ਨਾਨ ਕਰਕੇ ਖੁਸ਼ ਰਹਿੰਦੇ ਹਾਂ ਤੇ ਸਾਡੀਆਂ ਸਾਰੀਆਂ ਮੈਲ਼ਾਂ ਕੱਟੀਆਂ ਜਾਂਦੀਆਂ ਹਨ। ਬੇ ਸਮਝੀ ਕਰਕੇ ਅਸੀਂ ਇਹਨਾਂ ਤੁਕਾਂ ਨੂੰ ਤੀਰਥ ਯਾਤਰਾ ਦੇ ਹੱਕ ਵਿੱਚ ਭੁਗਤਾਅ ਰਹੇ ਹਾਂ। ਆਮ ਟਰਾਲੀਆਂ `ਤੇ ਇਹ ਤੁਕ ਲਿਖੀ ਮਿਲਦੀ ਹੈ।

ਸ਼ਬਦ ਦੇ ਤੀਸਰੇ ਬੰਦ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—

ਰਤਾ ਸਚਿ ਨਾਮਿ ਤਲ ਹੀਅਲੁ ਸੋ ਗੁਰੁ ਪਰਮਲੁ ਕਹੀਐ।।

ਜਾ ਕੀ ਵਾਸੁ ਬਨਾਸਪਤਿ ਸਉਰੈ ਤਾਸੁ ਚਰਣ ਲਿਵ ਰਹੀਐ।। ੩।।

ਜਿਸ ਗੁਰੂ ਦੇ ਗਿਆਨ ਇੰਦਰੇ ਅਤੇ ਮਨ ਅੰਦਰੋਂ ਰੱਬੀ ਗੁਣਾਂ ਨਾਲ ਭਰਿਆ ਹੈ ਉਸ ਨੂੰ ਚੰਦਨ ਕਹੋ ਕਿਉਂਕਿ ਚੰਦਨ ਦੀ ਸਗੰਧਿਤ ਨਾਲ ਆਲੇ ਦੁਆਲੇ ਦੀਆਂ ਜੜ੍ਹੀਆਂ ਬੂਟੀਆਂ ਵੀ ਸੰਗਧਿਤ ਹੋ ਜਾਂਦੀਆਂ ਹਨ। ਗੁਰੂ ਤੀਰਥ `ਤੇ ਜਿਹੜਾ ਵੀ ਇਸ਼ਨਾਨ ਕਰਦਾ ਹੈ ਭਾਵ ਆਪਣੀ ਸੁਰਤੀ ਨੂੰ ਜੜ ਕੇ ਆਪਣੇ ਭੈੜੇ ਸੁਭਾਅ ਦਾ ਤਿਆਗ ਕਰਦਾ ਹੈ ਉਸ ਨੂੰ ਜੀਵਨ ਜਾਚ ਆ ਜਾਂਦੀ ਹੈ।

ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ।।

ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ।।

ਬਿਮਾਰ ਬੰਦੇ ਨੂੰ ਡਾਕਟਰ ਸਲਾਹ ਦੇਂਦਾ ਹੈ ਕਿ ਦਿਨ ਵਿੱਚ ਤਿੰਨ ਵਾਰ ਦਵਾਈ ਖਾਣੀ ਹੈ ਤੇ ਇਹਨਾਂ ਚੀਜ਼ਾਂ ਤੋਂ ਪ੍ਰਹੇਜ਼ ਕਰਨਾ ਹੈ। ਬੰਦਾ ਘਰ ਆ ਕੇ ਦਵਾਈ ਤਾਂ ਸਮੇਂ ਅਨੁਸਾਰ ਖਾਈ ਜਾ ਰਿਹਾ ਹੈ ਪਰ ਪਰਹੇਜ਼ ਕਿਸੇ ਚੀਜ਼ ਦਾ ਨਹੀਂ ਕਰਦਾ ਉਸ ਮਨੁੱਖ ਨੂੰ ਬਿਮਾਰੀ ਤੋਂ ਛੁਟਕਾਰਾ ਪਤਾ ਨਹੀਂ ਕਦੋਂ ਮਿਲੇਗਾ? ਇੱਕ ਉਹ ਮਨੁੱਖ ਹੈ ਜਿਹੜਾ ਡਾਕਟਰ ਨੂੰ ਫੀਸ ਵੀ ਦੇ ਆਉਂਦਾ ਹੈ ਪਰ ਦਵਾਈ ਆਦਿ ਲਿਆਉਂਦਾ ਹੀ ਨਹੀਂ ਕੀ ਐਸਾ ਮਨੁੱਖ ਕਦੇ ਤੰਦਰੁਸਤ ਹੋ ਸਕਦਾ ਹੈ? ਇਹ ਦੋਹਾਂ ਬਿਮਾਰੀਆਂ ਦੇ ਅਸੀਂ ਸ਼ਿਕਾਰ ਜੋ ਚੁੱਕੇ ਹਾਂ। ਅੱਜ ਧਾਰਮਿਕ ਅਸਥਾਨਾਂ `ਤੇ ਕੁੱਝ ਲੋਕ ਆਖੰਡ ਪਾਠ ਕਰਾ ਆਉਂਦੇ ਤੇ ਨਾਲ ਸਿਰਪਾਓ ਵੀ ਲੈ ਆਉਂਦੇ ਹਨ ਪਰ ਪਰਨਲਾ ਓੱਥੇ ਦਾ ਓੱਥੇ ਹੀ ਰਹਿੰਦਾ ਹੈ ਸੁਭਾਅ ਵਿੱਚ ਕੋਈ ਵੀ ਤਬਦੀਲੀ ਨਹੀਂ ਆਈ। ਕੁੱਝ ਲੋਕ ਕੇਵਲ ਚੜ੍ਹਾਵਾਂ ਹੀ ਚੜ੍ਹਾ ਆਉਂਦੇ ਹਨ ਤੇ ਸਮਝਦੇ ਹਨ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਰਹੀ ਗੁਰੂ ਆਪੇ ਹੀ ਹੁਣ ਸਾਡੀ ਸਹਾਇਤਾ ਕਰਦਾ ਰਹੇਗਾ ਕਿਉਂ ਕਿ ਅਸੀਂ ਰੁਮਲਾ ਆਦਿ ਚੜ੍ਹਾ ਆਏ ਹਾਂ। ਕੁੱਝ ਲੋਕ ਏਦਾਂ ਦੇ ਹੀ ਹਨ ਕਿ ਅਸੀਂ ਤਾਂ ਮੂੰਹ ਹਨੇਰੇ ਹੀ ਸਵੇਰੇ ਇਸ਼ਨਾਨ ਕਰ ਲਿਆ ਸੀ। ਸ਼ਾਇਦ ਗੁਰੂ ਇਸੇ ਗੱਲ ਉੱਤੇ ਹੀ ਰੀਝ ਪਏਗਾ। ਗੁਰੂ ਸਾਹਿਬ ਜੀ ਨੇ ਇਸ ਸ਼ਬਦ ਰਾਂਹੀ ਸਾਨੂੰ ਇਹ ਸਮਝਾਇਆ ਹੈ ਕਿ ਜਿੰਨਾ ਚਿਰ ਅਸੀਂ ਗੁਰਸ਼ਬਦ ਦੇ ਗਿਆਨ ਸਰੋਵਰ ਵਿੱਚ ਇਸ਼ਨਾਨ ਨਹੀਂ ਕਰਦੇ ਭਾਵ ਗੁਰਬਾਣੀ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਉਂਦੇ ਓਨਾ ਚਿਰ ਏਦਾਂ ਹੀ ਹੈ ਕਿ ਅਸੀਂ ਬਾਹਰੋਂ ਇਸ਼ਨਾਨ ਤਾਂ ਜ਼ਰੂਰ ਕਰ ਰਹੇ ਹਾਂ ਪਰ ਅੰਦਰ ਗੁਰਬਾਣੀ ਉਪਦੇਸ਼ ਨੂੰ ਢਾਲਿਆ ਨਹੀਂ ਹੈ। ਗੁਰੂ ਦੀ ਸਿੱਖਿਆ ਹੀ ਸਾਨੂੰ ਉੱਚਾ ਆਤਮਿਕ ਜੀਵਨ ਦੇਂਦੀ ਹੈ।

ਸੰਗਤਾਂ ਦੀ ਜ਼ਿਆਦਾ ਆਮਦ ਹੋਣ `ਤੇ ਉਸ ਦੇ ਰਹਿਣ ਸਹਿਣ ਤੇ ਇਸ਼ਨਾਨ ਵਾਸਤੇ ਉਚਤ ਪ੍ਰਬੰਧ ਕਰਨਾ ਬਹੁਤ ਚੰਗਾ ਉਦਮ ਹੈ।

ਮਨੁੱਖੀ ਲੋੜਾਂ ਲਈ ਇਹਨਾਂ ਸਾਧਨਾ ਦੀ ਬੜੀ ਜ਼ਰੂਰਤ ਸੀ। ਪਾਣੀ ਦੀ ਕਦਰ ਨਾ ਸਮਝਦਿਆਂ ਅਸੀਂ ਕੇਵਲ ਤੀਰਥਾਂ ਦੇ ਇਸ਼ਨਾਨ ਨੂੰ ਹੀ ਮੁਕਤੀ ਦਾ ਘਰ ਮੰਨ ਲਿਆ ਹੈ।

ਸਿੱਖ ਲਈ ਸ਼ਬਦ ਦੀ ਵਿਚਾਰ ਨੂੰ ਜੀਵਨ ਵਿੱਚ ਅਪਨਾਉਣਾ ਹੀ ਤੀਰਥਾਂ ਦਾ ਇਸ਼ਨਾਨ ਹੈ।




.