ਗ਼ੈਰ-ਸਿੱਖ ਵਿਦਵਾਨਾਂ ਦੀ ਨਜ਼ਰ ਵਿੱਚ ਗੁਰਬਾਣੀ
ਜਿਵੇਂ ਕਿ ਇਸ ਲਿਖਤ ਦੇ ਅਰੰਭ ਵਿੱਚ ਹੀ ਦੱਸਿਆ ਜਾ ਚੁੱਕਾ ਹੈ ਕਿ,
ਬੁਨਿਆਦੀ ਤੌਰ `ਤੇ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸਰਬ-ਸਾਂਝੀ ਗੁਰਬਾਣੀ ਦੇ ਫ਼ਲਸਫ਼ੇ ਨੂੰ ਹੀ
ਇਸ ਪੁਸਤਕ ਦੇ ਵਿਸ਼ੇ ਦਾ ਆਧਾਰ ਬਣਾ ਕੇ ਵੀਚਾਰਾਂ ਕੀਤੀਆਂ ਗਈਆਂ ਹਨ। ਇਸ ਲਈ ਇਹ ਪ੍ਰਸੰਗਿਕ ਹੀ
ਹੋਵੇਗਾ ਕਿ ਵਿਸ਼ਵ-ਪ੍ਰਸਿੱਧੀ ਵਾਲੇ ਗ਼ੈਰ-ਸਿੱਖ ਵਿਦਵਾਨਾਂ, ਲੇਖਕਾਂ ਇਤਿਹਾਸਕਾਰਾਂ, ਅਧਿਆਤਮਕ ਪੱਧਰ
`ਤੇ ਜਾਗੇ ਹੋਏ ਧਾਰਮਿਕ ਵਿਅਕਤੀਆਂ ਤੇ ਚਿੰਤਕਾਂ ਦੇ ਗੁਰਬਾਣੀ-ਗੁਰੂ ਬਾਰੇ ਨਿੱਜੀ ਵਿਚਾਰ ਵੀ
ਪਾਠਕਾਂ ਦੀ ਸੇਵਾ ਵਿੱਚ ਪੇਸ਼ ਕੀਤੇ ਜਾਣ।
1. ਮਿਸਜ਼ ਪਰਲ ਐਸ. ਬੱਕ (ਨੋਬਲ-ਇਨਾਮ ਜੇਤੂ)
"ਮੈਂ ਹੋਰ ਵੀ ਧਰਮਾਂ ਦੇ ਗ੍ਰੰਥ ਪੜ੍ਹੇ ਹਨ, ਪਰ ਮੈਨੂੰ ਹੋਰ ਕਿਧਰੇ ਵੀ ਮਨ
ਤੇ ਦਿਲ ਨੂੰ ਟੁੰਬਣ ਵਾਲੀ ਉਹ ਸ਼ਕਤੀ ਨਹੀਂ ਮਿਲੀ, ਜੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਾਪਤ ਹੋਈ
ਹੈ। ਆਕਾਰ ਵੱਡਾ ਹੋਣ ਦੇ ਬਾਵਜੂਦ ਵੀ, ਇਹ ਗ੍ਰੰਥ ਇੱਕ ਬੱਝਵਾਂ ਪ੍ਰਭਾਵ ਪਾਉਂਦਾ ਹੈ। ਇਸ ਵਿੱਚ
ਮਨੁੱਖੀ ਮਨ ਦੀਆਂ ਅਥਾਹ ਪਕੜ ਵਾਲੀਆਂ ਗੱਲਾਂ ਦਾ ਭੇਦ ਉਜਾਗਰ ਕੀਤਾ ਹੋਇਆ ਹੈ। ਪਰਮਾਤਮਾ ਦੇ
ਪਵਿੱਤਰ ਵਿਚਾਰ ਤੋਂ ਲੈ ਕੇ ਮਨੁੱਖੀ ਸਰੀਰ ਜਿਨ੍ਹਾਂ ਆਮ ਚੀਜ਼ਾਂ ਨੂੰ ਮੰਨਦਾ ਅਤੇ ਹੱਲ ਕਰਦਾ ਹੈ,
ਉਨ੍ਹਾਂ ਸਭਨਾਂ ਦਾ ਵਰਨਣ ਅਤੇ ਪ੍ਰਗਟਾਅ ਇਸ ਵਿੱਚ ਹੈ। …
…. ਸ਼ਾਇਦ ਇਹ ਬੱਝਵਾਂ ਪ੍ਰਭਾਵ ਹੀ ਉਸ ਸ਼ਕਤੀ ਦਾ ਸੋਮਾ ਹੈ, ਜਿਸ ਦਾ ਅਨੁਭਵ
ਮੈਨੂੰ ਇਸ ਗ੍ਰੰਥ ਵਿੱਚ ਹੋਇਆ ਹੈ। ਕੋਈ ਮਨੁੱਖ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਹੋਵੇ ਜਾਂ
ਨਾਸਤਕ ਹੀ ਕਿਉਂ ਨਾ ਹੋਵੇ, ਇਹ ਬਾਣੀ ਸਭ ਨੂੰ ਇੱਕੋ ਤਰ੍ਹਾਂ ਸੰਬੋਧਨ ਕਰਦੀ ਹੈ, ਕਿਉਂਕਿ ਇਸ ਦੀ
ਆਵਾਜ਼ ਮਨੁੱਖੀ ਦਿਲ ਅਤੇ ‘ਕੁੱਝ ਲੱਭ ਰਹੇ’ ਮਨਾਂ ਲਈ ਹੈ"। (ਡਾ. ਗੋਪਾਲ ਸਿੰਘ ਦੁਆਰਾ ਗੁਰੂ ਗ੍ਰੰਥ
ਸਾਹਿਬ ਜੀ ਦੇ ਅੰਗਰੇਜ਼ੀ ਵਿੱਚ ਕੀਤੇ ਅਨੁਵਾਦ ਦੀ ਭੂਮਿਕਾ-
Some
Opinions-ਵਿੱਚੋਂ)
2. ਆਰਨਲਡ ਟਾਇਨਬੀ (ਜਗਤ ਪ੍ਰਸਿੱਧ ਇਤਿਹਾਸਕਾਰ)
"ਮਨੁੱਖਤਾ ਦਾ ਭਵਿੱਖ ਪਿਆ ਧੁੰਧਲਾ ਹੋਵੇ, ਇੱਕ ਚੀਜ਼ ਘੱਟੋ-ਘੱਟ ਦੇਖੀ ਜਾ
ਸਕਦੀ ਹੈ। ਉਹ ਇਹ ਕਿ ਵੱਡੇ ਜੀਵਤ ਧਰਮ ਇੱਕ ਦੂਜੇ ਉੱਤੇ ਪਹਿਲਾਂ ਨਾਲੋਂ ਵੀ ਵਧੇਰੇ ਅਸਰ ਪਾਉਂਣਗੇ,
ਕਿਉਂਕਿ ਧਰਤੀ ਦੇ ਵੱਖ-ਵੱਖ ਇਲਾਕਿਆਂ ਅਤੇ ਮਨੁੱਖੀ ਨਸਲ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚਕਾਰ ਵਧ ਰਹੇ
ਸੰਚਾਰ ਸਾਧਨਾਂ ਕਾਰਨ, ਸੰਬੰਧ ਵਧ ਰਹੇ ਹਨ। ਇਸ ਹੋਣ ਵਾਲੀ ਵਿਚਾਰ-ਚਰਚਾ ਵਿੱਚ ਸਿੱਖਾਂ ਦੀ ਧਾਰਮਿਕ
ਪੁਸਤਕ ‘ਆਦਿ ਗ੍ਰੰਥ’ ਕੋਲ ਸੰਸਾਰ ਦੇ ਧਰਮਾਂ ਨੂੰ ਕਹਿਣ ਲਈ ਜੋ ਕੁੱਝ ਹੈ, ਉਸ ਦੀ ਖ਼ਾਸ ਮਹੱਤਤਾ
ਅਤੇ ਕੀਮਤ ਹੈ"। (
UNESCO
ਦੁਆਰਾ ਪ੍ਰਕਾਸ਼ਿਤ
Sacred Writings of the Sikhs
ਵਿੱਚੋਂ)
3. ਡਾ. ਰਾਧਾਕ੍ਰਿਸ਼ਣਨ (ਪ੍ਰਸਿੱਧ ਭਾਰਤੀ ਵਿਦਵਾਨ ਅਤੇ ਭਾਰਤ ਦੇ ਸਾਬਕਾ
ਰਾਸ਼ਟਰਪਤੀ)
"ਸ੍ਰੀ ਗੁਰੂ ਗ੍ਰੰਥ ਸਾਹਿਬ ਰਹੱਸਮਈ ਭਾਵਨਾਵਾਂ ਦਾ ਸਮੂਹ ਹੈ, ਨਿੱਜੀ ਤੌਰ
`ਤੇ ਪਰਮਾਤਮਾ ਨੂੰ ਪਛਾਨਣ ਦਾ ਪ੍ਰਗਟਾਵਾ ਹੈ ਅਤੇ ਦੈਵੀ ਗਿਆਨ ਦੇ ਵਿਸਮਾਦੀ ਸ਼ਬਦ ਹਨ। ਇਸ ਵਿੱਚ ਜੋ
ਅਨੁਭਵ ਦੀ ਨਵੀਨਤਾ ਅਤੇ ਅਨਿਨ ਸ਼ਰਧਾ ਦੇ ਰੂਪ ਵਿੱਚ ਸਦੀਵੀ ਸੱਚਾਈ ਦਾ ਸੰਦੇਸ਼ ਵਿਦਮਾਨ ਹੈ, ਉਸ ਨੂੰ
ਸਾਗਰ ਤੇ ਪਰਬਤ ਵੀ ਸੰਸਾਰ ਵਿੱਚ ਫੈਲਣ ਲਈ ਰਾਹ ਦੇਣਗੇ।" {ਗੁਰਮਤਿ ਪ੍ਰਕਾਸ਼ (ਮਾਸਿਕ), ਮਾਰਚ
2008, ਪੰਨਾ 66 ਤੇ 79}
4. ਸਾਧੂ ਟੀ. ਐਲ. ਵਾਸਵਾਨੀ
"ਇਹ ‘ਜਗਤ ਗ੍ਰੰਥ’ ਹੈ, ਜਗਤ-ਆਤਮਾ ਵਿੱਚੋਂ ਫੁੱਟ ਵਹਿ ਨਿਕਲਿਆ ਹੈ। ਇਹ
ਠੀਕ ਅਰਥਾਂ ਵਿੱਚ ਮਨੁੱਖਤਾ ਦਾ ਇੱਕੋ-ਇੱਕ ਅਜਿਹਾ ਸਰਬ-ਸਾਂਝਾ ਅਤੇ ਹਿਤਕਾਰੀ ਧਰਮ ਗ੍ਰੰਥ ਹੈ। ਇਹ
ਇਸ ਲਈ ਵੀ ਕਿਉਂਕਿ ਇਸ ਵਿੱਚ ਸੰਚਿਤ ਬਾਣੀ ਦਾ ਵਿਸ਼ਾ-ਵਸਤੂ ਵਿਸ਼ਵ-ਅਰਥੀ ਹੈ; ਇਸ ਦਾ ਸੰਦੇਸ਼
ਸਰਬ-ਦੇਸ਼ੀ ਅਤੇ ਉਪਦੇਸ਼ ਸਰਬਕਾਲੀ ਹੋਣ ਤੋਂ ਛੁੱਟ, ਸਰਬ-ਹਿਤਕਾਰੀ ਤੇ ਸਰਬ-ਕਲਿਆਣਕਾਰੀ ਵੀ ਹੈ।"
{ਗੁਰਮਤਿ ਪ੍ਰਕਾਸ਼ (ਮਾਸਿਕ), ਮਾਰਚ 2008, ਪੰਨਾ 67}
5. ਡਾ. ਧਰਮਪਾਲ ਸੈਣੀ
"ਕੀ ਇਹ ਘੱਟ ਮਹੱਤਵ ਦੀ ਗੱਲ ਹੈ ਕਿ ਜੀਵਨ ਅਤੇ ਜਗਤ ਦੀਆਂ ਉਨ੍ਹਾਂ ਸਾਰੀਆਂ
ਸਮੱਸਿਆਵਾਂ ਦੇ ਹੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣੇ ਢੰਗ ਨਾਲ ਮਿਲ ਜਾਂਦੇ ਹਨ,
ਜਿਨ੍ਹਾਂ ਦੀ ਜਿੰਦਗੀ ਦੇ ਕਿਸੇ ਨਾ ਕਿਸੇ ਮੋੜ `ਤੇ ਹਰ ਇੱਕ ਨੂੰ ਲੋੜ ਪੈਂਦੀ ਹੈ? ਸ੍ਰੀ ਗੁਰੂ
ਗ੍ਰੰਥ ਸਾਹਿਬ ਇਸ ਲੌਕਿਕ ਧਰਾਤਲ `ਤੇ ਪ੍ਰਾਲੌਕਿਕ ਜੀਵਨ-ਜਾਚ ਦੀ ਚੰਗਿਆੜੀ ਸਾਡੇ ਮਨਾਂ ਵਿੱਚ ਚਮਕਾ
ਦਿੰਦੇ ਹਨ"। {ਗੁਰਮਤਿ ਪ੍ਰਕਾਸ਼ (ਮਾਸਿਕ), ਜੁਲਾਈ 2008}
6. ਮੈਕਸ ਆਰਥਰ ਮੈਕਾਲਿਫ਼
"ਹੋਰਨਾਂ ਧਰਮਾਂ ਸੰਪਰਦਾਵਾਂ ਦੇ ਧਰਮ ਗ੍ਰੰਥਾਂ ਤੋਂ ਉਲਟ ਇਨ੍ਹਾਂ
(ਗੁਰੂ-ਸ਼ਬਦਾਂ) ਵਿੱਚ ਪਿਆਰ-ਕਥਾਵਾਂ, ਨਿੱਜੀ ਸੁਆਰਥਾਂ ਲਈ ਯੁੱਧਾਂ ਦੇ ਵੇਰਵੇ ਨਹੀਂ ਹਨ। ਇਨ੍ਹਾਂ
ਵਿੱਚ ਸਰਬ-ਉੱਚ (ਮਹਾਨ) ਸਚਾਈਆਂ ਹਨ ਜਿਨ੍ਹਾਂ ਦੇ ਅਧਿਐਨ ਪਾਠਕ ਦੀ ਅਧਿਆਤਮਕ, ਸਦਾਚਾਰਕ ਅਤੇ
ਸਮਾਜਕ ਪੱਧਰ ਨੂੰ ਉੱਚਾ ਚੁਕਦੇ ਹਨ। ਇਨ੍ਹਾਂ ਵਿੱਚ ਵੱਖਵਾਦ ਦਾ ਨਾਮੋ-ਨਿਸ਼ਾਨ ਵੀ ਨਹੀਂ ਹੈ। ਇਹ
ਉਚਤਮ ਤੇ ਸਭ ਤੋਂ ਪਵਿੱਤਰ ਸਿਧਾਂਤਾਂ ਦੀ ਸਿੱਖਿਆ ਦਿੰਦੇ ਹਨ ਜਿਹੜੇ ਮਨੁੱਖ ਨੂੰ ਮਨੁੱਖ ਨਾਲ
ਜੋੜਦੇ ਹਨ ਅਤੇ ਸ਼ਰਧਾਲੂਆਂ ਨੂੰ ਲੋਕ-ਸੇਵਾ ਲਈ ਉਤਸ਼ਾਹਿਤ ਕਰਦੇ ਹਨ; ਲੋਕਾਂ ਲਈ ਸਭ-ਕੁੱਝ ਕੁਰਬਾਨ
ਕਰਨ ਅਤੇ ਸ਼ਹੀਦ ਤੱਕ ਹੋ ਜਾਣ ਦੀ ਪ੍ਰੇਰਨਾ ਦਿੰਦੇ ਹਨ"। {ਦਿ ਸਿੱਖ ਰਿਲੀਜਨ}
ਨੋਟ: ਉੱਪਰਲੇ ਹਵਾਲੇ, ਧੰਨਵਾਦ ਸਹਿਤ, ਸਿੱਖ ਫੁਲਵਾੜੀ, ਨਵੰਬਰ 2013
ਵਿੱਚੋਂ ਲਏ ਗਏ ਹਨ।
ਕਰਨਲ ਗੁਰਦੀਪ ਸਿੰਘ