.

ਸੂਰਜ ਅਵਤਾਰ

[The Sun, eighteenth Incarnation of Vishnu]

ਅਧ ਸੂਰਜਾਵਤਾਰ ਕਥਨੰ

ਸ੍ਰੀ ਭਗਉਤੀ ਜੀ ਸਹਾਇ

ਚੌਪਈ

ਬਹੁਰਿ ਬਢੇ ਦਿਤਿ ਪੁਤ੍ਰ ਅਤੁਲਿ ਬਲਿ। ਅਰਿ ਅਨੇਕ ਜੀਤੇ ਜਿਨ ਜਲਿ ਥਲਿ।

ਕਾਲ ਪੁਰਖ ਕੀ ਆਗ੍ਹਯਾ ਪਾਈ। ਸੂਰਜ ਅਵਤਾਰ ਧਰਿਯੋ ਹਰਿ ਰਾਈ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਫਿਰ ਦਿਤੀ ਦੇ ਪੁੱਤਰ (ਦੈਂਤਾਂ) ਦਾ ਅਤੁਲ ਬਲ ਵਧ ਗਿਆ, ਜਿਨ੍ਹਾਂ ਨੇ ਅਨੇਕਾਂ ਵੈਰੀ ਜਲ-ਥਲ ਵਿੱਚ ਜਿਤ ਲਏ। (ਉਸ ਸਮੇਂ) ‘ਕਾਲ-ਪੁਰਖ’ ਦੀ ਆਗਿਆ ਪ੍ਰਾਪਤ ਕਰ ਕੇ ਵਿਸ਼ਣੂ ਨੇ ਸੂਰਜ ਅਵਤਾਰ ਧਾਰਨ ਕੀਤਾ। ੧। {ਕੀ ਸੂਰਜ ਦਾ ਜਨਮ ਕਿਸੇ ਔਰਤ ਦੇ ਪੇਟ ਵਿਚੋਂ ਹੋ ਸਕਦਾ ਹੈ?}

ਜੇ ਜੇ ਹੋਤ ਅਸੁਰ ਬਲਵਾਨਾ। ਰਵਿ ਮਾਰਤ ਤਿਨ ਕੋ ਬਿਧਿ ਨਾਨਾ।

ਅੰਧਕਾਰ ਧਰਨੀ ਤੇ ਹਰੇ। ਪ੍ਰਜਾ ਕਾਜ ਗ੍ਰਿਹ ਕੇ ਉਠਿ ਪਰੇ। ੨।

ਅਰਥ: ਜਿਹੜੇ ਜਿਹੜੇ ਦੈਂਤ ਬਲਵਾਨ ਹੁੰਦੇ ਹਨ, ਉਨ੍ਹਾਂ ਨੂੰ ਸੂਰਜ ਅਨੇਕ ਤਰ੍ਹਾਂ ਨਾਲ ਮਾਰਦਾ ਹੈ। ਧਰਤੀ ਤੋਂ ਹਨੇਰਾ ਨਸ਼ਟ ਕਰਦਾ ਹੈ। (ਜਿਸ ਕਰ ਕੇ) ਪ੍ਰਜਾ ਉਠ ਕੇ ਘਰ ਦੇ ਕੰਮਾਂ ਵਿੱਚ ਲਗ ਜਾਂਦੀ ਹੈ। ੨। {ਕੀ ਇਸ ਤੋਂ ਪਹਿਲਾਂ ਸੂਰਜ ਨਹੀਂ ਸੀ}

ਨਰਾਜ ਛੰਦ

ਬਿਸਾਰਿ ਆਲਸੰ ਸਬੈ ਪ੍ਰਭਾਤਿ ਲੋਗ ਜਾਗਹੀ। ਅਨੰਤਿ ਜਾਪ ਕੋ ਜਪੈ ਬਿਅੰਤੁ ਧ੍ਹਯਾਨ ਪਾਗਹੀ।

ਦੁਰੰਤ ਕਰਮ ਕੋ ਕਰੈ ਅਥਾਪ ਥਾਪ ਥਾਪਹੀ। ਗਾਇਤ੍ਰੀ ਸੰਧਿਯਾਨ ਕੈ ਅਜਾਪ ਜਾਪ ਜਾਪਹੀ। ੩।

ਅਰਥ: ਆਲਸ ਨੂੰ ਛਡ ਕੇ ਸਾਰੇ ਲੋਕ ਪ੍ਰਭਾਤ ਵੇਲੇ ਜਾਗਦੇ ਹਨ। ਬੇਅੰਤ (ਲੋਕ) ਜਪ ਨੂੰ ਜਪਦੇ ਹਨ ਅਤੇ ਬੇਸ਼ੁਮਾਰ ਲੋਕ ਧਿਆਨ ਵਿੱਚ ਜੁਟ ਜਾਂਦੇ ਹਨ। ਔਖੇ ਕਰਮ ਕਰਦੇ ਹਨ ਅਤੇ ਨ ਥਾਪੇ ਜਾਣ ਵਾਲੇ ਨੂੰ ਹਿਰਦੇ ਵਿੱਚ ਸਥਾਪਿਤ ਕਰਦੇ ਹਨ। ਸੰਧਿਆ ਅਤੇ ਗਾਇਤ੍ਰੀ ਦੇ ਅਜਪਾ-ਜਾਪ ਜਪਦੇ ਹਨ। ੩। {ਬਚਿਤ੍ਰ ਨਾਟਕ ਦੇ ਭਗਉਤੀਆਂ ਦਾ ਨਿੱਤ-ਨੇਮ ਦੇਖੋ!}

ਸੁ ਦੇਵ ਕਰਮ ਆਦਿ ਲੈ ਪ੍ਰਭਾਤਿ ਜਾਗ ਕੈ ਕਰੈ। ਸੁ ਜਗ ਧੂਪ ਦੀਪ ਹੋਮ ਬੇਦ ਬਿਯਾਕਰਨ ਕਰੈ।

ਸੁ ਪਿਤ੍ਰ ਕਰਮ ਹੈ ਜਿਤੇ ਸੋ ਬ੍ਰਿਤ ਬ੍ਰਿਤ ਕੋ ਕਰੈ। ਸੁ ਸਾਸਤ੍ਰ ਸਿਮ੍ਰਿਤ ਉਚਰੰ ਸੁ ਧਰਮ ਧਯ੍ਹਾਨ ਕੋ ਧਰੈ। ੪।

ਅਰਥ: ਪ੍ਰਭਾਤ ਵੇਲੇ ਜਾਗ ਕੇ (ਲੋਕੀ) ਦੇਵ-ਕਰਮ ਆਦਿਕ ਕਰਦੇ ਹਨ। ਯੱਗ, ਧੂਪ, ਦੀਪ, ਹੋਮ ਕਰਦੇ ਹਨ ਅਤੇ ਵੇਦ ਤੇ ਵਿਆਕਰਨ ਪੜ੍ਹਦੇ ਹਨ। ਜਿੰਨੇ ਪਿਤਰੀ ਕਰਮ ਹਨ, (ਉਨ੍ਹਾਂ ਨੂੰ) ਵਿਧੀ ਪੂਰਵਕ ਕਰਦੇ ਹਨ। ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦਾ ਉੱਚਾਰਨ ਕਰਦੇ ਹੋਏ ਧਰਮ ਵਲ ਧਿਆਨ ਲਗਾਉਂਦੇ ਹਨ। ੪। {ਇੰਜ ਤਾਂ ਹਿੰਦੂ ਹੀ ਕਰਦੇ ਹਨ!}

ਅਰਧ ਨਰਾਜ ਛੰਦ

ਸੁ ਧੂਮ ਧੂਮ ਧੂਮ ਹੀ। ਕਰੰਤ ਸੈਨ ਭੂਮਿ ਹੀ। ਬਿਅੰਤਿ ਧ੍ਹਯਾਨ ਧ੍ਹਯਾਵਹੀ। ਦੁਰੰਤ ਠਉਰ ਪਾਵਹੀ। ੫।

ਅਰਥ: ਹਰ ਪਾਸੇ ਹਵਨਾਂ ਦਾ ਧੂੰਆਂ ਹੀ ਧੂੰਆਂ ਹੁੰਦਾ ਹੈ ਅਤੇ (ਲੋਕ) ਧਰਤੀ ਉਤੇ ਸੌਂਦੇ ਹਨ। ਬੇਅੰਤ ਲੋਕ ਧਿਆਨ ਧਰਦੇ ਹਨ, ਬੜੀ ਮੁਸ਼ਕਲ ਨਾਲ (ਮਿਲਣ ਵਾਲੇ ਬੈਕੁੰਠ) ਧਾਮ ਨੂੰ ਪ੍ਰਾਪਤ ਕਰਦੇ ਹਨ। ੫।

ਅਨੰਤ ਮੰਤ੍ਰ ਉਚਰੈ। ਸੁ ਜੋਗ ਜਾਪਨਾ ਕਰੈ। ਨ੍ਰਿਬਾਨ ਪੁਰੁਖ ਧ੍ਹਯਾਵਹੀ। ਬਿਮਾਨ ਅੰਤਿ ਪਾਵਹੀ। ੬।

ਅਰਥ: ਅਨੰਤ ਮੰਤਰ ਉੱਚਾਰਦੇ ਹਨ ਅਤੇ ਯੋਗ ਜਪ-ਤਪ ਕਰਦੇ ਹਨ। ਨਿਰਬਾਨ ਪੁਰਖ ਨੂੰ ਧਿਆਉਂਦੇ ਹਨ ਅਤੇ ਅੰਤ ਵੇਲੇ (ਦੇਵ ਪਦਵੀ ਪਾਣ ਲਈ) ਵਿਮਾਨਾਂ ਵਿੱਚ ਬੈਠਦੇ ਹਨ। ੬।

ਦੋਹਰਾ

ਬਹੁਤ ਕਾਲ ਇਮ ਬੀਤਯੋ ਕਰਤ ਧਰਮ ਅਰੁ ਦਾਨ। ਬਹੁਰਿ ਅਸੁਰ ਬਢਿਯੋ ਪ੍ਰਬਲ ਦੀਰਘੁ ਕਾਇ ਦੁਤਿ ਮਾਨ। ੭।

ਅਰਥ: ਧਰਮ ਅਤੇ ਦਾਨ ਕਰਦਿਆਂ ਬਹੁਤ ਸਾਰਾ ਸਮਾਂ ਇਸ ਤਰ੍ਹਾਂ ਬੀਤ ਗਿਆ। ਫਿਰ ਇੱਕ ਦੈਂਤ ਨੇ ਜ਼ੋਰ ਫੜਿਆ, (ਜਿਸ ਦਾ ਨਾਂ) ‘ਦੀਰਘ-ਕਾਇ’ ਸੀ ਅਤੇ (ਜੋ) ਵੱਡੇ ਤੇਜ ਵਾਲਾ ਸੀ। ੭।

ਚੌਪਈ

ਬਾਣ ਪ੍ਰਜੰਤ ਬਢਤ ਨਿਤਪ੍ਰਤਿ ਤਨ। ਨਿਸਿ ਦਿਨ ਘਾਤ ਕਰਤ ਦਿਜ ਦੇਵਨ।

ਦੀਰਘੁ ਕਾਇ ਐਸੋ ਰਿਪੁ ਭਯੋ। ਰਵਿ ਰਥਿ ਹਟਕ ਚਲਨ ਤੇ ਗਯੋ। ੮।

ਅਰਥ: ਉਸ ਦਾ ਹਰ ਰੋਜ਼ ਇੱਕ ਬਾਣ ਜਿੰਨਾ ਸ਼ਰੀਰ ਵੱਧਦਾ ਸੀ ਅਤੇ ਰਾਤ ਦਿਨ ਦੇਵਤਿਆਂ ਅਤੇ ਬ੍ਰਾਹਮਣਾਂ ਦਾ ਨਾਸ ਕਰਦਾ ਸੀ। ਇਸ ਤਰ੍ਹਾਂ ਦਾ ਦੀਰਘ-ਕਾਇ (ਨਾਮ ਦਾ ਰਾਖਸ਼ ਸੂਰਜ ਦਾ) ਵੈਰੀ ਹੋ ਗਿਆ, (ਅਤੇ) ਸੂਰਜ ਦਾ ਰਥ ਚਲਣੋਂ ਰੁਕ ਗਿਆ। ੮। {ਕੀ ਸੂਰਜ ਅਸਮਾਨ `ਤੇ ਆਪਣਾ ਰੱਥ ਚਲਾਉਂਦਾ ਸੀ ਜਾਂ ਧਰਤੀ ਉਪਰ?}

ਅੜਿਲ

ਹਟਕ ਚਲਤ ਰਥੁ ਭਯੋ ਭਾਨ ਕੋਪਿਯੋ ਤਬੈ। ਅਸਤ੍ਰ ਸਸਤ੍ਰ ਲੈ ਚਲਿਯੋ ਸੰਗ ਲੈ ਦਲ ਸਬੈ।

ਮੰਡਿਯੋ ਬਿਬਿਧ ਪ੍ਰਕਾਰ ਤਹਾ ਰਣ ਜਾਇਕੈ। ਹੋ ਨਿਰਖ ਦੇਵ ਅਰੁ ਦੈਂਤ ਰਹੇ ਉਰਝਾਇਕੈ। ੯।

ਅਰਥ: ਸੂਰਜ ਦਾ ਚਲਦਾ ਚਲਦਾ ਰਥ ਜਦੋਂ ਅਟਕ ਗਿਆ, ਤਦੋਂ ਸੂਰਜ ਨੂੰ ਗੁੱਸਾ ਆਇਆ। ਉਹ ਅਸਤ੍ਰ ਸ਼ਸਤ੍ਰ ਲੈ ਕੇ ਅਤੇ ਸਾਰੀ ਸੈਨਾ ਨੂੰ ਨਾਲ ਲੈ ਕੇ ਚਲ ਪਿਆ। ਉਸ ਨੇ ਰਣ-ਭੂਮੀ ਵਿੱਚ ਜਾ ਕੇ ਅਨੇਕ ਢੰਗਾਂ ਨਾਲ ਯੁੱਧ ਸ਼ੁਰੂ ਕਰ ਦਿੱਤਾ, ਜਿਸ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਵੀ ਯੁੱਧ ਵਿੱਚ ਲਗ ਗਏ। ੯।

ਗਹਿ ਗਹਿ ਪਾਣਿ ਕ੍ਰਿਪਾਣ ਦੁਬਹੀਯਾ ਰਣਿ ਭਿਰੇ। ਟੂਕ ਟੂਕ ਹੁਐ ਗਿਰੇ ਨ ਪਗ ਪਾਛੇ ਫਿਰੇ।

ਅੰਗਨਿ ਸੋਭੇ ਘਾਇ ਪ੍ਰਭਾ ਅਤਿ ਹੀ ਬਢੇ। ਹੋ ਬਸਤ੍ਰ ਮਨੋ ਛਿਟਕਾਇ ਜਨੇਤੀ ਸੇ ਚਢੇ। ੧੦।

ਅਰਥ: ਹੱਥਾਂ ਵਿੱਚ ਤਲਵਾਰਾਂ ਫੜ ਫੜ ਕੇ ਸੂਰਮੇ ਯੁੱਧ ਕਰਨ ਲਗੇ। ਟੋਟੇ ਟੋਟੇ ਹੋ ਕੇ (ਧਰਤੀ ਉਤੇ) ਡਿਗਣ ਲਗੇ, ਪਰ ਪਿਛੇ ਨੂੰ ਪੈਰ ਨ ਮੋੜਦੇ। ਸ਼ਰੀਰਾਂ ਉਤੇ ਜ਼ਖ਼ਮ ਲਗਣ ਨਾਲ ਉਨ੍ਹਾਂ ਦੀ ਸ਼ੋਭਾ ਬਹੁਤ ਵਧ ਰਹੀ ਸੀ। (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਲਾਲ ਰੰਗ ਦੇ ਕਪੜੇ ਪਾ ਕੇ (ਜਾਂਞੀ) ਬਰਾਤ ਨਾਲ ਚੜ੍ਹੇ ਹੋਣ। ੧੦।

ਅਨੁਭਵ ਛੰਦ

ਅਨਹਦ ਬਜੇ। ਧੁਣਿ ਘਣ ਲਜੇ। ਘਣਹਣ ਘੋਰੰ। ਜਣ ਬਣ ਮੋਰੰ। ੧੧।

ਅਰਥ: ਧੌਂਸੇ ਵਜਦੇ ਸਨ, (ਜਿਨ੍ਹਾਂ ਦੀ) ਆਵਾਜ਼ ਅਗੇ ਬਦਲ ਵੀ ਲਜਾਉਂਦੇ ਸਨ। ਡਗਿਆਂ ਦੇ ਵੱਜਣ ਤੋਂ ਜੋ ਗੂੰਜ ਉਠਦੀ ਸੀ, (ਇੰਜ ਲਗਦਾ ਸੀ) ਮਾਨੋ ਜੰਗਲ ਵਿੱਚ ਮੋਰ (ਕੂਕਦੇ ਹੋਣ)। ੧੧।

ਮਧੁਰ ਧੁਨਿ ਛੰਦ

ਢਲ ਹਲ ਢਾਲੰ। ਜਿਮ ਗੁਲ ਲਾਲੰ। ਖੜਭੜ ਬੀਰੰ। ਤੜ ਸੜ ਤੀਰੰ। ੧੨।

ਅਰਥ: ਢਾਲਾਂ (ਇੰਜ) ਚਮਕਦੀਆਂ ਸਨ ਜਿਵੇਂ ਲਾਲਾ ਦੇ ਫੁਲ ਹਨ। ਸੂਰਮਿਆਂ ਵਿੱਚ ਖੜਬੜਾਹਟ (ਮਚੀ ਹੋਈ ਸੀ) ਅਤੇ ਤੀਰ ਤੜ-ਸੜ ਆਵਾਜ਼ ਕਰਦੇ (ਚਲ ਰਹੇ ਸਨ)। ੧੨।

ਰੁਣ ਝੁਣ ਬਾਜੈ। ਜਣੁ ਘਣ ਗਾਜੇ। ਧੰਮਕ ਢੋਲੰ। ਖੜਰੜ ਖੋਲੰ। ੧੩।

ਅਰਥ: ਵਾਜੇ ਰੁਣ-ਝੁਣ ਕਰਦੇ ਸਨ, ਮਾਨੋ ਬਦਲ ਗਜਦੇ ਹੋਣ। ਢੋਲਾਂ ਦੀ ਢਮਕਾਰ ਹੋ ਰਹੀ ਸੀ। ਖੋਲਾਂ ਵਿੱਚ ਖੜ-ਖੜ ਦੀ ਆਵਾਜ਼ ਨਿਕਲ ਰਹੀ ਸੀ। ੧੩।

ਥਰਹਰ ਕੰਪੈ। ਹਰਿ ਹਰਿ ਜੰਪੈ। ਰਣ ਰੰਗ ਰਤੇ। ਜਣੁ ਗਣ ਮਤੇ। ੧੪।

ਅਰਥ: ਡਰਪੋਕ ਥਰ-ਥਰ ਕੰਬਦੇ ਸਨ ਅਤੇ ਹਰਿ ਹਰਿ ਜਪਦੇ ਸਨ। ਯੁੱਧ ਦੇ ਰੰਗ ਵਿੱਚ ਸੂਰਮੇ ਰਤੇ ਹੋਏ ਸਨ, ਮਾਨੋ ਮਸਤ ਹਾਥੀ (ਘੁਲ ਰਹੇ) ਹੋਣ। ੧੪।

ਥਰਕਤ ਸੂਰੰ। ਨਿਰਖਤ ਹੂਰੰ। ਸਰ ਬਰ ਛੁਟੇ। ਕਟਿ ਭਟ ਲਿਟੇ। ੧੫।

ਅਰਥ: ਸੂਰਮੇ ਥਿਰਕਦੇ ਸਨ ਅਤੇ ਹੂਰਾਂ ਉਨ੍ਹਾਂ ਨੂੰ ਵੇਖ ਰਹੀਆਂ ਸਨ। ਉੱਤਮ ਤੀਰ ਚਲਦੇ ਸਨ (ਜਿਨ੍ਹਾਂ ਨਾਲ) ਕਟ-ਕਟ ਕੇ (ਸੂਰਮੇ) ਲੇਟਦੇ ਜਾ ਰਹੇ ਸਨ। ੧੫।

ਚਮਕਤ ਬਾਣੰ। ਫੁਰਹ ਨਿਸਾਣੰ। ਚਟ ਪਟ ਜੁਟੇ। ਅਰਿ ਉਰ ਫੁਟੇ। ੧੬।

ਅਰਥ: ਤੀਰ ਚਮਕਦੇ ਸਨ, ਝੰਡੇ ਝੂਲਦੇ ਸਨ। ਝਟ-ਪਟ (ਸੂਰਮੇ ਯੁੱਧ ਵਿਚ) ਜੁਟਦੇ ਸਨ ਅਤੇ ਵੈਰੀ ਦੀ ਛਾਤੀ ਨੂੰ ਪਾੜ ਦਿੰਦੇ ਸਨ। ੧੬।

ਨਰ ਬਰ ਗਜੇ। ਸਰ ਬਰ ਸਜੇ। ਸਿਲਹ ਸੰਜੋਯੰ। ਸੁਰ ਪੁਰ ਪੋਯੰ। ੧੭।

ਅਰਥ: ਬਲਵਾਨ ਯੋਧੇ ਗਜ ਰਹੇ ਸਨ। (ਉਹ) ਉੱਤਮ ਤੀਰਾਂ ਨਾਲ ਸਜੇ ਹੋਏ ਸਨ। ਯੋਧੇ ਕਵਚਾਂ ਅਤੇ ਸੰਜੋਆਂ ਨਾਲ ਸਜੇ ਸਨ ਅਤੇ ਸੁਅਰਗ ਵਿੱਚ ਪਹੁੰਚਦੇ ਜਾਂਦੇ ਸਨ। ੧੭।

ਸਰ ਬਰ ਛੂਟੇ। ਅਰ ਉਰਿ ਫੂਟੇ। ਚਟ ਪਟ ਚਰਮੰ। ਫਟ ਫੁਟ ਬਰਮੰ। ੧੮।

ਅਰਥ: ਸ੍ਰੇਸ਼ਠ ਤੀਰ ਚਲਦੇ ਸਨ (ਜੋ) ਵੈਰੀ ਦੀ ਛਾਤੀ ਨੂੰ ਪਾੜ ਦਿੰਦੇ ਸਨ। (ਤੀਰ) ਝਟਪਟ ਢਾਲ (ਨੂੰ ਪਾੜ ਦਿੰਦੇ ਸਨ) ਅਤੇ ਕਵਚ ਨੂੰ ਫੋੜ ਦਿੰਦੇ ਸਨ। ੧੮।

ਨਰਾਜ ਛੰਦ

ਦਿਨੇਸ ਬਾਣ ਪਾਣਿ ਲੈ ਰਿਪੇਸ ਤਾਕਿ ਧਾਈਯੰ। ਅਨੰਤ ਜੁਧ ਕ੍ਰੁਧ ਸੁਧੁ ਭੂਮਿ ਮੈ ਮਚਾਈਯੰ।

ਕਿਤੇਕ ਭਾਜਿ ਚਾਲੀਯੰ ਸੁਰੇਸ ਲੋਗ ਕੋ ਗਏ। ਨਿਸੰਤ ਜੀਤ ਜੀਤ ਕੈ ਅਨੰਤ ਸੂਰਮਾ ਲਏ। ੧੯।

ਅਰਥ: ਸੂਰਜ ਹੱਥ ਵਿੱਚ ਬਾਣ ਲੈ ਕੇ ਵੱਡੇ ਦੁਸ਼ਮਣ ਦੀਰਘ ਕਾਇ ਨੂੰ ਵੇਖ ਕੇ ਭਜਿਆ। ਯੁੱਧ-ਭੂਮੀ ਵਿੱਚ (ਜਾ ਕੇ) ਕ੍ਰੋਧ ਨਾਲ ਅਨੰਤ ਤਰ੍ਹਾਂ ਦਾ ਯੁੱਧ ਮਚਾਇਆ। ਕਿਨੇ ਹੀ ਦੈਂਤ ਭਜ ਕੇ ਇੰਦਰ ਪੁਰੀ ਵਲ ਚਲੇ ਗਏ। ਅਨੰਤ ਸੂਰਮਿਆਂ ਨੂੰ ਸੂਰਜ ਨੇ ਜਿਤ ਲਿਆ। ੧੯। {ਹਿੰਦੂਆਂ ਦਾ ਸੂਰਜ ਅਵਤਾਰ ਆਮ ਮਨੁੱਖ ਵਾਂਗ ਧਰਤੀ ਤੇ ਆ ਕੇ ਯੁੱਧ ਵੀ ਕਰ ਲੈਂਦਾ ਹੈ?}

ਸਿਮਟ ਸੇਲ ਸਾਮੁਹੇ ਸਰਕ ਸੂਰ ਝਾੜਹੀ। ਬਬਕ ਬਾਘ ਜਯੋ ਬਲੀ ਹਲਕ ਹਾਕ ਮਾਰਹੀ।

ਅਭੰਗ ਅੰਗ ਭੰਗ ਹੈਵ ਉਤੰਗ ਜੰਗ ਮੋ ਗਿਰੇ। ਸੁਰੰਗ ਸੂਰਮਾ ਸਬੈ ਨਿਸੰਗ ਜਾਨ ਕੈ ਅਰੈ। ੨੦।

ਅਰਥ: ਸੂਰਮੇ ਸਿਮਟ ਕੇ ਸਾਹਮਣੇ ਵਲ ਨੂੰ ਸਰ-ਸਰ ਕਰਦੇ ਬਰਛੇ ਚਲਾਉਂਦੇ ਸਨ। ਬਾਘ ਵਾਂਗ ਬੜ੍ਹਕਦੇ ਹੋਏ ਸੂਰਮੇ ਹੱਲਾ ਕਰਨ ਲਈ ਲਲਕਾਰੇ ਮਾਰਦੇ ਸਨ। ਦ੍ਰਿੜ੍ਹ ਅੰਗਾਂ ਵਾਲਿਆਂ (ਅਭੰਗ) ਦੇ ਅੰਗ ਭੰਗ ਹੁੰਦੇ ਜਾ ਰਹੇ ਸਨ ਅਤੇ ਉਛਲ ਉਛਲ ਕੇ ਰਣ-ਭੂਮੀ ਵਿੱਚ ਡਿਗ ਰਹੇ ਸਨ। ਸੂਹੇ ਰੰਗ ਵਿੱਚ ਰੰਗੇ ਹੋਏ ਸਾਰੇ ਯੋਧੇ ਨਿਡਰ ਹੋ ਕੇ (ਵੈਰੀ ਨਾਲ) ਜੁਟੇ ਹੋਏ ਸਨ। ੨੦।

ਅਰਧ ਨਰਾਜ ਛੰਦ

ਨਵੰ ਨਿਸਾਣ ਬਾਜੀਯੰ। ਘਟਾ ਘਮੰਡ ਲਾਜੀਯੰ। ਤਬਲ ਤੁੰਦਰੰ ਬਜੇ। ਸੁਣੰਤ ਸੂਰਮਾ ਗਜੇ। ੨੧।

ਅਰਥ: ਨਵੇਂ ਨਗਾਰੇ ਵਜਦੇ ਸਨ ਜਿਨ੍ਹਾਂ ਦੀ ਆਵਾਜ਼ ਅਗੇ ਘਟਾਵਾਂ ਵੀ ਲਜਾਉਂਦੀਆਂ ਸਨ। ਛੋਟੇ ਨਗਾਰੇ ਵਜਣ ਲਗੇ, ਜਿਨ੍ਹਾਂ ਦੀ ਆਵਾਜ਼ ਸੁਣ ਕੇ ਸੂਰਮੇ ਗਜਣ ਲਗ ਪਏ। ੨੧।

ਸੁ ਜੂਝਿ ਜੂਝਿ ਕੇ ਪਰੈ। ਸੁਰੇਸ ਲੋਗ ਬਿਚਰੈ। ਚੜੇ ਬਿਵਾਨ ਸੋਭਹੀ। ਅਦੇਵ ਦੇਵ ਲੋਭਹੀ। ੨੨।

ਅਰਥ: (ਲੜਾਕੇ ਯੋਧੇ) ਜੂਝ ਜੂਝ ਕੇ ਡਿਗਦੇ ਸਨ, ਅਤੇ ਇੰਦਰ ਲੋਕ ਨੂੰ ਚਲੇ ਜਾਂਦੇ ਸਨ। ਉਹ ਵਿਮਾਨਾਂ ਉਤੇ ਚੜ੍ਹ ਕੇ ਸ਼ੋਭਾ ਪਾਉਂਦੇ ਸਨ, (ਜਿਨ੍ਹਾਂ ਨੂੰ ਵੇਖ ਕੇ) ਦੈਂਤ ਅਤੇ ਦੇਵਤੇ (ਉਸ ਪਦਵੀ ਨੂੰ ਪ੍ਰਾਪਤ ਕਰਨ ਲਈ) ਲੁਭਾਇਮਾਨ ਹੁੰਦੇ ਸਨ। ੨੨।

ਬੇਲੀ ਬਿਦ੍ਰਮ ਛੰਦ

ਡਹ ਡਹ ਸੁ ਡਾਮਰ ਡੰਕਣੀ। ਕਹ ਕਹ ਸੁ ਕੂਕਤ ਜੋਗਣੀ।

ਝਮ ਝਮਕ ਸਾਂਗ ਝਮਕੀਯੰ। ਰਣਿ ਗਾਜ ਬਾਜ ਉਥਕੀਯੰ। ੨੩।

ਅਰਥ: ਡਾਹ-ਡਾਹ ਕਰਦੇ ਡਮਰੂ ਵਜ ਰਹੇ ਸਨ ਅਤੇ ਕਹ-ਕਹ ਕਰਦੀਆਂ ਜੋਗਣਾਂ ਕੂਕ ਰਹੀਆਂ ਸਨ। ਝਮ-ਝਮ ਕਰਦੇ ਬਰਛੇ ਚਮਕਦੇ ਸਨ ਅਤੇ ਰਣ-ਭੂਮੀ ਵਿੱਚ ਹਾਥੀ ਅਤੇ ਘੋੜੇ ਉਛਲਦੇ ਸਨ। ੨੩।

ਢਮ ਢਮਕ ਢੋਲ ਢਮਕੀਯੰ। ਝਲ ਝਲਕ ਤੇਗ ਝਲਕੀਯੰ।

ਜਟ ਛੋਰਿ ਰੁਦ੍ਰ ਤਹ ਨਚੀਯੰ। ਬਿਕ੍ਰਾਰ ਮਾਰ ਤਹ ਮਚੀਯੰ। ੨੪।

ਅਰਥ: ਢੰਮ-ਢੰਮ ਢੋਲ ਢਮਕਦੇ ਸਨ, ਝਲ-ਝਲ ਕਰਦੀਆਂ ਤੇਗਾਂ ਲਿਸ਼ਕ ਰਹੀਆਂ ਸਨ। (ਸਿਰ ਦਾ) ਜੂੜਾ ਖੋਲ੍ਹ ਕੇ ਰੁਦ੍ਰ ਉਥੇ ਨਚਦਾ ਸੀ। ਉਥੇ ਭਿਆਨਕ ਮਾਰ ਮੱਚੀ ਹੋਈ ਸੀ। ੨੪।

ਤੋਟਕ ਛੰਦ

ਉਥਕੇ ਰਣਿ ਬੀਰਣ ਬਾਜ ਬਰੰ। ਝਮਕੀ ਘਣ ਬਿਜੁ ਕ੍ਰਿਪਾਣ ਕਰੰ।

ਲਹਕੇ ਰਣ ਧੀਰਣ ਬਾਣ ਉਰੰ। ਰੰਗ ਸ੍ਰੋਣਤ ਰਤ ਕਢੇ ਦੁਸਰੰ। ੨੫।

ਅਰਥ: ਸੂਰਮਿਆਂ ਦੇ ਘੋੜੇ ਰਣ ਵਿੱਚ ਉਛਲਦੇ ਸਨ। ਬਦਲਾਂ ਵਿੱਚ ਬਿਜਲੀ ਵਾਂਗ, ਹੱਥਾਂ ਵਿੱਚ ਕ੍ਰਿਪਾਨਾਂ ਚਮਕਦੀਆਂ ਸਨ। ਰਣ ਦੇ ਧੀਰਜਵਾਨ (ਸੂਰਮਿਆਂ) ਦੀ ਛਾਤੀ ਵਿਚੋਂ ਬਾਣ ਲੰਘ ਕੇ, ਲਹੂ ਦੇ ਰੰਗ ਨਾਲ ਰਤੇ ਹੋਏ ਦੂਜੇ ਪਾਸੇ ਨਿਕਲ ਜਾਂਦੇ ਸਨ।। ੨੫।

ਫਹਰੰਤ ਧੁਜਾ ਬਹਰੰਤ ਭਟੰ। ਨਿਰਖੰਤ ਲਜੀ ਛਬਿ ਸਿਯਾਮ ਘਟੰ।

ਚਮਕੰਤ ਸੁ ਬਾਣ ਕ੍ਰਿਪਾਣ ਰਣੰ। ਜਿਮ ਕਉਧਿਤ ਸਾਵਣ ਬਿਜੁ ਘਣੰ। ੨੬।

ਅਰਥ: ਝੰਡੇ ਝੂਲਦੇ ਸਨ ਅਤੇ ਸੂਰਮੇ ਥਿਰਕਦੇ ਸਨ, ਜਿਨ੍ਹਾਂ ਨੂੰ ਵੇਖ ਕੇ ਕਾਲੀ ਘਟਾ ਵੀ ਲਜਾਉੁਂਦੀ ਸੀ। ਯੁੱਧ ਵਿੱਚ ਤੀਰ ਅਤੇ ਤਲਵਾਰਾਂ ਇਉੁਂ ਚਮਕਦੀਆਂ ਸਨ, ਜਿਵੇਂ ਸਾਵਣ ਦੇ ਬਦਲਾਂ ਵਿੱਚ ਬਿਜਲੀ ਚਮਕਦੀ ਹੈ। ੨੬।

ਦੋਹਰਾ

ਕਥਾ ਬ੍ਰਿਧਿ ਤੇ ਮੈ ਡਰੋ ਕਹਾ ਕਰੋ ਬਖ੍ਹਯਾਨ। ਨਿਸਾਹੰਤ ਅਸੁਰੇਸ ਸੋ ਸਰ ਤੇ ਭਯੋ ਨਿਦਾਨ। ੨੭।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸੂਰਜ ਅਸਟਦਸਮੋ ਅਵਤਾਰ ਸਮਾਪਤਮ

ਸਤੁ ਸੁਭਮ ਸਤੁ। ੧੮।

ਅਰਥ: ਕਥਾ ਦੇ ਵਧ ਜਾਣ ਤੋਂ ਮੈਂ ਡਰਦਾ ਹਾਂ, ਕਿਥੋਂ ਤਕ ਕਥਨ ਕਰਾਂ? (ਮੁਕਦੀ ਗੱਲ ਇਹ ਹੈ ਕਿ) ਸੂਰਜ ( ‘ਨਿਸਾਹੰਤ’ ) ਦੇ ਤੀਰ ਨਾਲ ਅਸੁਰੇਸ (ਦੈਂਤ ਰਾਜ ਦੀਰਘ-ਕਾਇ) ਦਾ ਅੰਤ ਹੋ ਗਿਆ। ੨੭। {ਇਹ “ਮੈਂ” ਕੌਣ ਹੈ?}

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦਾ ਸੂਰਜ ਅਠਾਰਵਾਂ ਅਵਤਾਰ ਸਮਾਪਤ, ਸਭ ਸ਼ੁਭ ਹੈ। ੧੮।

ਨੋਟ: “ਮਹਾਨ ਕੋਸ਼” ਦੇ ਪੰਨਾ ੧੦੯੫ (ਐਡੀਸ਼ਨ ੧੯੯੯) ਵਿਖੇ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਰਾਮਾਯਣ ਵਿੱਚ ਲਿਖਿਆ ਹੈ ਕਿ ਵਿਸ਼ਵਕਰਮਾ ਅੱਠਵੇਂ ਵਸੁ ਪ੍ਰਭਾਸ ਦਾ ਪੁਤ੍ਰ ਲਾਵਨਯਮਤੀ (ਯੋਗ-ਸਿੱਧਾ) ਦੇ ਪੇਟੋਂ ਹੋਇਆ, ਇਸ ਦੀ ਪੁਤ੍ਰੀ ਸੰਜਨਾ ਦਾ ਵਿਆਹ ਸੂਰਯ ਨਾਲ ਹੋਇਆ ਸੀ, ਪਰ ਜਦ ਸੰਜਨਾ ਸੂਰਯ ਦਾ ਤੇਜ ਸਹਾਰ ਨਾ ਸਕੀ, ਤਾਂ ਵਿਸਵਕਰਮਾ ਨੇ ਸੂਰਯ ਨੂੰ ਆਪਣੇ ਖਰਾਦ ਤੇ ਚਾੜ੍ਹਕੇ ਉਸ ਦਾ ਅੱਠਵਾਂ ਭਾਗ ਛਿੱਲ ਦਿੱਤਾ, ਜਿਸ ਤੋਂ ਸੂਰਯ ਦੀ ਤਪਤ ਕਮ ਹੋ ਗਈ, ਸੂਰਜ ਦੇ ਛਿੱਲੜ ਤੋਂ ਵਿਸ਼ਵਕਰਮਾ ਨੇ ਵਿਸ਼ਨੂ ਦਾ ਚਕ੍ਰ, ਸ਼ਿਵ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਹੋਰ ਕਈ ਦੇਵਤਿਆਂ ਦੇ ਸ਼ਸਤ੍ਰ ਬਣਾਏ…! ਇੰਜ, ਹਿੰਦੂ ਲੋਕ “ਸੂਰਜ ਅਵਤਾਰ/ਦੇਵਤੇ” ਨੂੰ ਪੂਜਦੇ ਹਨ ਅਤੇ ਇਵੇਂ ਹੀ ਕਈ ਸਿੱਖ ਕਾਰੀਗਰ, ਵਿਸ਼ਵਕਰਮਾ ਦੀ ਹੋਂਦ ਨੂੰ ਮੰਨਦੇ ਹਨ! ਕੀ ਕੋਈ ਸਿੱਖ ਪ੍ਰਚਾਰਕ, ਵਿਦਵਾਨ, ਕਮੇਟੀ, ਸੰਸਥਾ ਜਾਂ ਜਥੇਬੰਦੀ ਐਸੀ ਮਨਘੜਤ ਵਾਰਤਾ ਦੀ ਪ੍ਰੜੋਤਾ ਕਰ ਸਕਦੇ ਹਨ?

ਖਿਮਾ ਦਾ ਜਾਚਕ ਜੇ ਉਤਾਰਾ ਕਰਦਿਆਂ ਕੋਈ ਗ਼ਲਤੀ ਹੋ ਗਈ ਹੋਵੇ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨੯ ਜਨਵਰੀ ੨੦੧੬




.