ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਸੰਤ ਸੰਗਿ ਤਹ ਗੋਸਟਿ ਹੋਇ
ਮਹਾਨ ਕੋਸ਼ ਵਿੱਚ ਗੋਸਟਿ ਦੇ ਅਰਥ ਤਿੰਨ ਆਏ ਹਨ—
੧ ਗੋਸਟਿ—ਗਊਆਂ ਦੇ ਠਹਿਰਣ ਦਾ ਥਾਂ ਗੋਸ਼ਾਲਾ।
੨. ਸਭਾ, ਮਜਲਿਸ।
੩. ਭਾਵ ਸਭਾ ਵਿੱਚ ਵਾਰਤਾਲਾਪ, ਚਰਚਾ—ਜੇਹਾ ਕਿ ਗੁਰਬਾਣੀ ਵਾਕ ਹੈ--
ਗੋਸਟਿ ਗਿਆਨੁ ਨਾਮੁ ਸੁਣਿ ਉਧਰੇ ਜਿਨਿ ਜਿਨਿ ਦਰਸਨੁ ਪਾਇਆ।।
ਭਇਓ ਕ੍ਰਿਪਾਲੁ ਨਾਨਕ ਪ੍ਰਭੁ ਅਪੁਨਾ ਅਨਦ ਸੇਤੀ ਘਰਿ ਆਇਆ।। ੪।।
ਸੋਰਠਿ ਮਹਲਾ ੫ ਪੰਨਾ ੬੧੫
ਹੇ ਭਾਈ! ਜਿਸ ਜਿਸ ਮਨੁੱਖ ਨੇ (ਗੁਰੂ ਦਾ) ਦਰਸਨ ਕੀਤਾ ਹੈ, ਉਹਨਾਂ ਨੂੰ
ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਗਿਆ, ਉਹਨਾਂ ਨੂੰ ਆਤਮਕ ਜੀਵਨ ਦੀ ਸੂਝ ਪ੍ਰਾਪਤ ਹੋ ਗਈ, ਪ੍ਰਭੂ ਦਾ
ਨਾਮ ਸੁਣ ਸੁਣ ਕੇ ਉਹ ਮਨੁੱਖ (ਵਿਕਾਰਾਂ ਦੇ ਹੱਲਿਆਂ ਤੋਂ) ਬਚ ਗਏ। ਹੇ ਨਾਨਕ! ਜਿਸ ਮਨੁੱਖ ਉਤੇ
ਪਿਆਰਾ ਪ੍ਰਭੂ ਦਇਆਵਾਨ ਹੋਇਆ ਉਹ ਮਨੁੱਖ ਆਤਮਕ ਅਨੰਦ ਨਾਲ ਪ੍ਰਭੂ-ਚਰਨਾਂ ਵਿੱਚ ਲੀਨ ਹੋ ਗਿਆ। ੪।
ਵਿਚਾਰ ਚਰਚਾ—
ਗੁਰੂ
ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਉਸ ਪੰਡਤ ਨਾਲ ਵਿਚਾਰ ਚਰਚਾ ਕੀਤੀ ਹੈ ਜਿਹੜਾ ਉਹਨਾਂ ਨੂੰ
ਜਨੇਊ ਪਉਣ ਲਈ ਆਇਆ ਸੀ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਅਕਾਲ ਪੁਰਖ `ਤੇ ਭਰੋਸਾ ਤੇ ਸਚਿਆਰ ਮਨੁੱਖ
ਦੀ ਘਾੜਤ ਘੜੀ ਹੈ। ਇਸ ਅਦਰਸ਼ ਨੂੰ ਲੈ ਕੇ ਪੁਰਾਣੀਆਂ ਕਰਮ-ਕਾਂਡੀ ਤੇ ਥੋਥਾ ਹੋ ਚੁੱਕੀਆਂ ਸਮਾਜਿਕ,
ਧਾਰਮਿਕ ਤੇ ਰਾਜਨੀਤਿਕ ਰਸਮਾਂ ਨੂੰ ਇੱਕਵਢਿੱਓਂ ਰੱਦ ਕੀਤਾ ਹੈ।
ਸਲਤਾਨਪੁਰ ਵਿਖੇ ਵਿਚਾਰ ਚਰਚਾ ਵਿੱਚ ਰਾਜਨੀਤਿਕ ਤੌਰ `ਤੇ ਨਵਾਬ, ਉਸ ਦੇ
ਅਹਿਲਕਾਰ ਤੇ ਧਾਰਮਿਕ ਤੌਰ `ਤੇ ਕਾਜ਼ੀ ਹਾਜ਼ਰ ਹੋਏ। ਬਾਕੀ ਲੋਕ ਸਰੋਤੇ ਸਨ। ਗੁਰੂ ਸਾਹਿਬ ਜੀ ਨੇ
ਬਾ-ਦਲੀਲ ਗੱਲ ਕਰਦਿਆਂ ਰੱਬੀ ਪੱਖ ਸਮਝਾਇਆ। ਸਮਾਜ ਦੀ ਨਿੱਘਰ ਚੁੱਕੀ ਹਾਲਤ ਤੇ ਧਰਮ ਦੇ ਨਾਂ ਹੁੰਦੀ
ਲੁੱਟ ਘਸੁੱਟ ਸਬੰਧੀ ਖੁਲ੍ਹੀਆਂ ਵਿਚਾਰਾਂ ਹੋਈਆਂ ਤਾਂ ਉਹ ਸਾਰੇ ਪ੍ਰਭਾਵਤ ਹੋਏ ਤੇ ਅੱਗੋਂ ਸੱਚ `ਤੇ
ਪਹਿਰਾ ਦੇਣ ਦਾ ਪ੍ਰਣ ਕੀਤਾ। ਇੰਜ ਕਹੀਏ ਕਿ ਉਹਨਾਂ ਨੇ ਸੱਚੇ ਮਨੋ ਆਪਣੀਆਂ ਬੁਰਾਈਆਂ ਦਾ ਤਿਆਗ
ਕੀਤਾ। ਇਸ ਨੂੰ ਕਿਹਾ ਹੈ ਕਿ ਉਹਨਾਂ ਨੇ ਸਿੱਖੀ ਧਾਰਨ ਕੀਤੀ। ਸਿੱਖੀ ਧਾਰਨ ਕਰਨ ਦਾ ਅਰਥ ਹੀ ਸੱਚ
ਨਾਲ ਜੁੜਨ ਤੋਂ ਹੈ।
ਗੁਰੂ ਸਾਹਿਬ ਜੀ ਜਿੱਥੇ ਵੀ ਗਏ ਹਨ ਓੱਥੋਂ ਦੇ ਮੁੱਖੀਆਂ ਤੇ ਲੋਕਾਂ ਨਾਲ
ਵਿਚਾਰ ਚਰਚਾ ਕਰਦਿਆਂ ਸੱਚੇ ਮਾਰਗ ਨੂੰ ਜੀਵਨ ਵਿੱਚ ਧਾਰਨ ਕਰਨ ਲਈ ਕਿਹਾ। ਰਾਜਨੀਤਿਕ ਤੇ ਪੁਜਾਰੀਆਂ
ਦੇ ਸਤਾਏ ਹੋਏ ਲੋਕ ਆਪ ਮੁਹਾਰੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਦੇ ਗਏ। ਏੱਥੇ ਇੱਕ
ਗੱਲ ਵਿਚਾਰਨ ਵਾਲੀ ਹੈ ਕਿ ਗੁਰੂ ਸਾਹਿਬ ਜੀ ਨੇ ਬਹਿਸ ਨਹੀਂ ਕੀਤੀ ਬਲ ਕੇ ਵਿਚਾਰ ਚਰਚਾ ਕੀਤੀ ਹੈ।
ਮਹਾਨ ਕੋਸ਼ ਅਨੁਸਾਰ ਬਹਸ ਦਾ ਅਰਥ ਹੈ—ਵਾਦ ਚਰਚਾ ਭਾਵ ਖੰਡਨ-ਮੰਡਨ ਕਰਨਾ, ਤਰਕ ਹੁਜਤ ਆਦਿ ਹੈ। ਗੁਰੂ
ਨਾਨਕ ਸਾਹਿਬ ਜੀ ਦੇ ਜੀਵਨ ਵਿੱਚ ਬਹੁਤ ਵਿਚਾਰ -ਗੋਸਟੀਆਂ ਹੋਈਆਂ ਹਨ। ਇਹਨਾਂ ਸਾਰੀਆਂ ਚਰਚਾਵਾਂ
ਵਿਚੋਂ ਹਰਦੁਆਰ, ਕੁਰਕੇਸ਼ਤਰ, ਮੱਕਾ-ਮਦੀਨਾ, ਹਮਜਾਗੋਂਸ, ਵਲੀ ਕੰਧਾਰੀ, ਬਾਬਰ, ਬਨਾਰਸ,
ਜਗਨਨਾਥਪੁਰੀ, ਬੰਗਾਲ ਦੇ ਮਸ਼ਹੂਰ ਜਾਦੂਗਰ ਤੇ ਸਭ ਤੋਂ ਅਹਿਮ ਅਚੱਲ ਬਟਾਲੇ ਸਿੱਧਾਂ ਨਾਲ ਹੋਈ ਹੈ।
ਇਸ ਵਿਚਾਰ-ਗੋਸਟੀ ਨੂੰ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਸਿੱਧ ਗੋਸਟਿ ਦੇ ਨਾਂ ਹੇਠ ਅੰਕਤ
ਕੀਤਾ ਹੈ। ਸਿੱਧ ਗੋਸਟ ਵਿੱਚ ਸਿੱਧਾਂ ਵਲੋਂ ਉਠਾਏ ਸਵਾਲਾਂ ਦੇ ਜੁਆਬ ਗੁਰੂ ਸਾਹਿਬ ਜੀ ਨੇ ਦਿੱਤੇ
ਸਨ। ਵਿਚਾਰ ਚਰਚਾ ਦਾ ਭਾਵ ਹੈ ਕਿ ਪਹਿਲਾਂ ਕਿਸੇ ਦੀ ਗੱਲ ਨੂੰ ਬਹੁਤ ਧਿਆਨ ਪੂਵਰਕ ਸੁਣਨਾ ਤੇ ਫਿਰ
ਉਹਨਾਂ ਦੇ ਬਾ ਦਲੀਲ ਉੱਤਰ ਦੇਣੇ ਜਿਸ ਨਾਲ ਸੁਣਨ ਵਾਲਿਆਂ ਦੀ ਪੂਰੀ ਤਸੱਲੀ ਹੁੰਦੀ ਹੈ। ਗੁਰੂ
ਸਾਹਿਬ ਜੀ ਨੇ ਪਹਿਲਾਂ ਸਿੱਧਾਂ ਦੇ ਸਵਾਲ ਨੂੰ ਸੁਣਿਆਂ ਤੇ ਫਿਰ ਉਹਨਾਂ ਨੂੰ ਉੱਤਰ ਦੇਂਦਿਆਂ
ਜ਼ਿੰਦਗੀ ਦਾ ਸਹੀ ਰਸਤਾ ਉਹਨਾਂ ਨੂੰ ਸਮਝਾਇਆ।
ਨਾਮਿ ਰਤੇ ਸਿਧ ਗੋਸਟਿ ਹੋਇ।। ਨਾਮਿ ਰਤੇ ਸਦਾ ਤਪੁ ਹੋਇ।।
ਨਾਮਿ ਰਤੇ ਸਚੁ ਕਰਣੀ ਸਾਰੁ।। ਨਾਮਿ ਰਤੇ ਗੁਣ ਗਿਆਨ ਬੀਚਾਰੁ।।
ਬਿਨੁ ਨਾਵੈ ਬੋਲੈ ਸਭੁ ਵੇਕਾਰੁ।। ਨਾਨਕ, ਨਾਮਿ ਰਤੇ ਤਿਨ ਕਉ ਜੈਕਾਰੁ।।
੩੩।।
ਪੰਨਾ ੯੪੧
ਅਰਥ
—
(ਪ੍ਰਭੂ ਦੇ) ਨਾਮ ਵਿੱਚ
ਰੱਤਿਆਂ ਹੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ। ਪ੍ਰਭੂ-ਨਾਮ ਵਿੱਚ ਰੰਗੇ ਰਹਿਣਾ ਹੀ ਸਦਾ ਕਾਇਮ ਰਹਿਣ
ਵਾਲਾ ਪੁੰਨ-ਕਰਮ ਹੈ। ਨਾਮ ਵਿੱਚ ਲੱਗਣਾ ਹੀ ਸੱਚੀ ਤੇ ਉੱਤਮ ਕਰਣੀ ਹੈ। ਨਾਮ ਵਿੱਚ ਰੱਤੇ ਰਿਹਾਂ ਹੀ
ਪ੍ਰਭੂ ਦੇ ਗੁਣਾਂ ਨਾਲ ਜਾਣ-ਪਛਾਣ ਹੁੰਦੀ ਹੈ ਤੇ ਸਾਂਝ ਬਣਦੀ ਹੈ। (ਪ੍ਰਭੂ ਦੇ) ਨਾਮ ਤੋਂ ਬਿਨਾ
ਮਨੁੱਖ ਜੋ ਬੋਲਦਾ ਹੈ ਵਿਅਰਥ ਹੈ। ਹੇ ਨਾਨਕ! ਜੋ ਮਨੁੱਖ ਨਾਮ ਵਿੱਚ ਰੱਤੇ ਹੋਏ ਹਨ, ਉਹਨਾਂ ਨੂੰ
(ਸਾਡੀ) ਨਮਸਕਾਰ ਹੈ। ੩੩।
ਗੁਰੂ ਨਾਨਕ ਸਾਹਿਬ ਜੀ ਦੀਆਂ ਵਿਚਾਰ ਚਰਚਾਵਾਂ ਕਰਕੇ ਜੋਗਮਤ ਦੇ ਖੋਖਲੇਪਨ
ਤੇ ਬ੍ਰਾਹਮਣ ਦੇ ਕਰਮ ਕਾਂਡਾਂ ਤੋਂ ਲੋਕਾਂ ਨੂੰ ਨਿਜਾਤ ਮਿਲੀ ਹੈ। ਕਸ਼ਮੀਰ ਦਾ ਭਾਈ ਬ੍ਰਹਮਦਾਸ ਊਠਾਂ
`ਤੇ ਪੁਸਤਕਾਂ ਲੱਦੀ ਫਿਰਦਾ ਸੀ ਵਿਚਾਰ ਚਰਚਾ ਕਰਨ ਲਈ। ਉਸ ਨੇ ਕੰਮ ਹੀ ਇਹ ਫੜਿਆ ਹੋਇਆ ਸੀ ਕਿ
ਵਿਦਵਾਨਾਂ ਨੂੰ ਵਿਚਾਰ ਚਰਚਾਵਾਂ ਦੁਆਰਾ ਹਰਾ ਕੇ ਉਹਨਾਂ ਦੇ ਧਾਰਮਿਕ ਗ੍ਰੰਥਾਂ ਨੂੰ ਆਪਣੇ ਕਬਜ਼ੇ
ਵਿੱਚ ਕਰ ਲੈਂਣਾ। ਗੁਰੂ ਸਾਹਿਬ ਨਾਲ ਵਿਚਾਰ ਚਰਚਾ ਕਰਕੇ ਆਪਣੀ ਅੰਦਰਲੀ ਤਸਵੀਰ ਦੇਖੀ ਤੇ ਸੱਚੇ
ਮਾਰਗ `ਤੇ ਚਲਣ ਦਾ ਪ੍ਰਣ ਕੀਤਾ। ਕੁਰਕੇਸ਼ਤਰ ਵਿਖੇ ਮਾਸ ਦੀ ਚਰਚਾ ਵਿੱਚ ਪੰਡਤ ਨਿਰੁਤਰ ਹੋਏ ਤੇ
ਉਹਨਾਂ ਨੇ ਅੱਗੋਂ ਕਰਮ-ਕਾਂਡ ਛੱਡ ਕੇ ਸੱਚੇ ਧਰਮ ਨੂੰ ਧਾਰਨ ਕੀਤਾ।
ਗੁਰੂ ਅੰਗਦ ਪਾਤਸ਼ਾਹ ਜੀ ਦੀ ਹਮਾਯੂੰ ਨਾਲ ਵਿਚਾਰ ਚਰਚਾ ਹੋਈ ਜਦ ਕੇ ਗੁਰੂ
ਅਮਰਦਾਸ ਜੀ ਨੇ ਉਸ ਵੇਲੇ ਦੀ ਕੇਂਦਰੀ ਸਰਕਾਰ ਤੇ ਸੂਬਾ ਸਰਕਾਰ ਨਾਲ ਜਦੋਂ ਉੱਚ ਪੱਧਰੀ ਗੱਲ ਕਰਨੀ
ਸੀ ਤਾਂ ਓਦੋਂ ਲਾਹੌਰ ਵਿਖੇ ਭਾਈ ਜੇਠਾ ਜੀ ਨੂੰ ਭੇਜਿਆ ਸੀ। ਭਾਈ ਜੇਠਾ ਜੀ ਦੀਆਂ ਵਿਚਾਰਾਂ ਸੁਣ ਕੇ
ਅਕਬਰ ਏੰਨਾ ਪ੍ਰਭਾਵਤ ਹੋਇਆ ਕਿ ਉਹ ਅਜੇਹਾ ਇੰਤਜ਼ਾਮ ਦੇਖਣ ਲਈ ਆਪ ਗੋਇੰਦਵਾਲ ਆਇਆ ਸੀ। ਭਾਈ ਗੁਰਦਾਸ
ਜੀ ਨੇ ਬਹੁਤ ਥਾਵਾਂ `ਤੇ ਜਾ ਕੇ ਵਿਚਾਰ ਚਰਚਾ ਦੁਆਰਾ ਸਿੱਖ ਸਿਧਾਂਤ ਨੂੰ ਸਮਝਾਇਆ ਹੈ। ਭਾਈ
ਗੁਰਦਾਸ ਜੀ ਨੇ ਆਪਣੀਆਂ ਰਚਨਾ ਵਿੱਚ ਉਸ ਸਮੇਂ ਦੀਆਂ ਹੁੰਦੀਆਂ ਵਿਚਾਰ ਚਰਚਾਵਾਂ ਦਾ ਜ਼ਿਕਰ ਕੀਤਾ
ਹੈ—
ਗੋਸਟਿ ਗਾਂਗੇ ਤੇਲੀਐ ਪੰਡਿਤ ਨਾਲਿ ਹੋਵੈ ਜਗੁ ਦੇਖੈ।
ਖੜੀ ਕਰੈ ਇੱਕ ਅੰਗੁਲ਼ੀ ਗਾਂਗਾ ਦੁਇ ਵੇਖਾਲੈ ਰੇਖੈ।
ਫੇਰਿ ਉਚਾਇ ਪੰਜਾਂਗੁਲਾ ਗਾਂਗਾ ਮੁਠਿ ਹਲਾਇ ਅਲੇਖੈ।
ਪੈਰੀ ਪੈ ਉਠਿ ਚਲਿਆ ਪੰਡਿਤੁ ਹਾਰਿ ਭੁਲਾਵੈ ਭੇਖੈ।
ਨਿਰਗੁਣ ਸਰਗੁਣ ਅੰਗ ਦੁਇ ਪਰਮੇਸ਼ਰੁ ਪੰਜਿ ਮਿਲਨਿ ਸਰੇਖੈ।
ਅਖੀ ਦੋਇ ਭੰਨਸਾਂ ਮੁਕੀ ਲਾਇ ਹਲਾਇ ਨਿਮੇਖੈ।
ਮੂਰਖ ਪੰਡਿਤੁ ਸੁਰਤਿ ਵਿਸੇਖੈ।
ਵਾਰ ਨੰ ੩੨ ੋਪਉੜੀ ੧੮
ਇਹਨਾਂ ਵਿਚਾਰ ਚਰਚਾਵਾਂ ਵਿੱਚ ਸਿਆਣੇ ਬੰਦੇ ਆਪਣੀ ਜ਼ਿੰਮੇਵਾਰੀ ਸਮਝਦਿਆਂ
ਆਪਣੇ ਆਪ ਹੀ ਦਲੀਲ ਦੇ ਕਾਇਲ ਹੋ ਜਾਂਦੇ ਸਨ ਅੱਜ ਕਲ੍ਹ ਜੇ ਵਿਚਾਰ ਨਾ ਰਲ਼ਦੇ ਹੋਣ ਤਾਂ ਅੱਗੋਂ ਡਾਂਗ
ਕੱਢ ਲਈ ਜਾਂਦੀ ਹੈ। ਕਈ ਤਾਂ ਗਾਲ਼ੀ ਗਲੋਚ `ਤੇ ਵੀ ਉੱਤਰ ਆਉਂਦੇ ਹਨ।
ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਪੰਜੋਖੜਾ ਵਿਖੇ ਲਾਲ ਚੰਦ ਦੇ
ਹੰਕਾਰ ਨੂੰ ਵਿਚਾਰ ਚਰਚਾ ਦੁਆਰਾ ਦੂਰ ਕੀਤਾ। ਆਸਾ ਕੀ ਵਾਰ ਅੰਦਰ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ
ਕਿ
"ਸਿਖੀ ਸਿਖਿਆ ਗੁਰ
ਵੀਚਾਰਿ"। ਵੀਚਾਰ ਹੀ ਐਸਾ ਰਸਤਾ ਹੈ ਜਿਸ ਦੁਆਰਾ
ਅਸੀਂ ਆਤਮਿਕ, ਸਮਾਜਿਕ, ਧਾਰਮਿਕ ਤੇ ਰਾਜਨੀਤੀ ਵਿੱਚ ਤਰੱਕੀ ਕਰ ਸਕਦੇ ਹਾਂ। ਗੁਣਵਾਨ ਬੰਦਾ ਗੁਣਾਂ
ਦੀ ਹੀ ਵੀਚਾਰ ਕਰਦਾ ਹੈ ਜਦ ਕਿ ਪੁਜਾਰੀ ਆਪਣੇ ਹਾਣ ਲਾਭ ਨੂੰ ਮੁੱਖ ਰੱਖ ਕੇ ਵਿਚਾਰ ਕਰਦਾ ਹੈ—
"ਪੰਡਿਤ ਲੋਗਹ ਕਉ ਬਿਉਹਾਰ।।
ਗਿਆਨਵੰਤ ਕਉ ਤਤੁ ਬੀਚਾਰ"।।
ਜਦੋਂ ਪਰਚਾਰਕ ਬਣੇ ਸੀ।
ਜਦੋਂ ਅਸੀਂ ਪਰਚਾਰ ਵਾਲੇ ਖੇਤਰ ਵਿੱਚ ਆਏ ਸੀ ਤਾਂ ਓਦੋਂ ਰਾਧਾ ਸੁਆਮੀਏ,
ਨਿੰਰਕਾਰੀਏ ਤੇ ਨਾਮਧਾਰੀਏ ਸਿੱਖੀ ਭੇਸ ਵਿੱਚ ਗੁਰ ਸ਼ਬਦ ਦਾ ਸਹਾਰਾ ਲੈ ਕੇ ਆਪਣਾ ਹੀ ਮਤ ਚਲਾ ਰਹੇ
ਹਨ। ਸਮਝਿਆ ਜਾਂਦਾ ਸੀ ਕਿ ਸ਼ਾਇਦ ਇਹ ਵੀ ਸਿੱਖ ਹੋਣ।
ਇਨਸਾਨੀਅਤ ਦੇ ਤਲ਼ `ਤੇ ਸਾਡਾ ਕਿਸੇ
ਨਾਲ ਕੋਈ ਵਿਰੋਧ ਨਹੀਂ ਹੈ। ਸਾਡਾ ਵਿਰੋਧ
ਵਿਚਾਰਧਾਰਾ ਕਰਕੇ ਹੈ। ਸਿੱਖੀ ਵਿੱਚ ਦੇਹ ਧਾਰੀ ਗੁਰੂ ਦੀ ਕੋਈ ਮਾਨਤਾ ਨਹੀਂ ਹੈ ਏੱਥੇ ਕੇਵਲ ਸ਼ਬਦ
ਗੁਰੂ ਦੀ ਹੀ ਗੱਲ ਹੈ। ਇਹ ਤਿੰਨੇ ਮਤ ਆਪਣੇ ਆਪਣੇ ਥਾਂ ਦੇਹ ਧਾਰੀ ਗੁਰੂ ਦੀ ਪੂਜਾ ਕਰ ਰਹੇ ਹਨ ਜੋ
ਸਿੱਖੀ ਵਿੱਚ ਪ੍ਰਵਾਨ ਨਹੀਂ ਹੈ ਇਸ ਲਈ ਸਾਡਾ ਇਹਨਾਂ ਦਾ ਮੁੱਢਲੇ ਤਲ਼ `ਤੇ ਸਿਧਾਂਤਿਕ ਤੌਰ `ਤੇ
ਕਰੜਾ ਮਤਭੇਦ ਹੈ। ਇਹ ਤਿੰਨਾਂ ਹੀ ਮਤਾਂ ਵਾਲੇ ਆਗੂ ਸਿੱਖੀ ਭੇਸ ਵਿੱਚ ਹਨ ਜਿਸ ਕਰਕੇ ਆਮ ਲੋਕ ਜਾਂ
ਹੋਰ ਮਤਾਂ ਵਾਲੇ ਇਹਨਾਂ ਨੂੰ ਵੀ ਸਿੱਖ ਹੀ ਸਮਝਦੇ ਹਨ। ਉਹ ਭੁਲੇਖਾ ਖਾ ਜਾਂਦੇ ਹਨ ਸ਼ਾਇਦ ਸਿੱਖ
ਸਿਧਾਂਤ ਏਦਾਂ ਦਾ ਹੀ ਹੋਣਾ ਹੈ ਜਿਸਦਾ ਇਹ ਪ੍ਰਚਾਰ ਕਰ ਰਹੇ ਹਨ। ਬਾਹਰੀ ਸਰੂਪ ਕਰਕੇ ਦੇਖਣ ਨੂੰ
ਸਿੱਖ ਹੀ ਲਗਦੇ ਹਨ ਪਰ ਸਿੱਖ ਸਿਧਾਂਤ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈ। ਸਿੱਖੀ ਵਿੱਚ ਹੋਰ ਵੀ
ਕਈ ਡੇਰੇ ਹਨ ਪਰ ਥੋੜਾ ਬਹੁਤਾ ਮਤਭੇਦ ਹੋਣ ਦੇ ਬਾਵਜੂਦ ਵੀ ਲੋੜ ਪੈਣ `ਤੇ ਉਹ ਸਾਰੇ ਸਿੱਖੀ ਦੇ ਇੱਕ
ਝੰਡੇ ਥੱਲੇ ਆ ਜਾਂਦੇ ਹਨ। ਨਿੰਰਕਾਰੀਆਂ ਨੇ ਤਾਂ ਸਿੱਖੀ `ਤੇ ਸਿੱਧੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ
ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ ਹਨ। ਓਦੋਂ ਸਾਰੀਆਂ ਸਿੱਖ ਜੱਥੇਬੰਦੀਆਂ ਨੇ ਡਟ ਕੇ
ਮੁਕਾਬਲਾ ਕੀਤਾ ਸੀ। ਰਾਧਾ ਸੁਆਮੀਏ ਚੁੱਪ ਚਪੀਤੇ ਆਪਣਾ ਰਾਗ ਅਲਾਪੀ ਜਾ ਰਹੇ ਹਨ। ਨਾਮਧਾਰੀਏ
ਬਿਲਕੁਲ ਹੀ ਅਲੱਗ ਹੋ ਗਏ ਹਨ। ਉਹਨਾਂ ਦੀਆਂ ਸਾਰੀਆਂ ਰੀਤੀਆਂ ਇੱਕ ਕਰਮ-ਕਾਂਡੀ ਬਿਪਰ ਵਾਲੀਆਂ ਹਨ।
ਸੁ ਇਹਨਾਂ ਮਤਾਂ ਨਾਲ ਸਾਡਾ ਸਿਧਾਂਤਿਕ ਮਤ ਭੇਦ ਹੈ। ਜਦੋਂ ਕਿਤੇ ਪਿੰਡਾਂ ਵਿੱਚ ਇਹਨਾਂ ਨਾਲ ਵਿਚਾਰ
ਚਰਚਾ ਕਰਨ ਦਾ ਸਬੱਬ ਬਣਦਾ ਸੀ ਤਾਂ ਇਹ ਗੁਰਬਾਣੀ ਦਲੀਲ ਅੱਗੇ ਝੁਕ ਜਾਂਦੇ ਸਨ। ਹੁਣ ਹਾਲਾਤ ਬਦਲ ਗਏ
ਹਨ। ਹੁਣ ਜਿੰਨ੍ਹਾਂ ਨੂੰ ਸਰਕਾਰੀ ਥਾਪੜਾ ਹੈ ਜਾਂ ਉਹ ਆਪਣੇ ਆਪ ਨੂੰ ਸਥਾਪਿਤ ਕਰ ਚੁੱਕੇ ਹਨ ਉਹ
ਕੋਈ ਦਲੀਲ ਮੰਨਣ ਲਈ ਤਿਆਰ ਨਹੀਂ ਹਨ।
ਸਿੱਖੀ ਭੇਸ ਵਿੱਚ ਡੇਰੇ--
ਸਾਡੇ ਦੇਖਦਿਆਂ ਦੇਖਦਿਆਂ ਹੀ ਸਿੱਖੀ ਭੇਸ ਵਿੱਚ ਬਹੁਤ ਜ਼ਿਆਦਾ ਡੇਰੇ ਸਥਾਪਿਤ
ਹੋ ਗਏ ਹਨ। ਦੇਖਣ ਨੂੰ ਇਹਨਾਂ ਦੀ ਰਹਿਤ ਬਹਿਤ ਸਿੱਖਾਂ ਵਾਲੀ ਲਗਦੀ ਹੈ ਪਰ ਗੁਰੂ ਨਾਨਕ ਸਾਹਿਬ ਦੇ
ਸਿਧਾਂਤ ਤੋਂ ਕੋਹਾਂ ਦੂਰ ਹਨ। ਇਹਨਾਂ ਦੀ ਸਾਰੀ ਮਰਯਾਦਾ ਬ੍ਰਹਾਮਣੀ ਕਰਮ ਕਾਂਡ ਵਾਲੀ ਹੈ। ਇਹ
ਵਿਚਾਰ ਚਰਚਾ ਕਰਨ ਲਈ ਬਿਲਕੁਲ ਤਿਆਰ ਨਹੀਂ ਹਨ। ਏਦਾਂ ਕਹੀਏ ਕਿ ਇਹਨਾਂ ਨੇ ਵਿਚਾਰ ਚਰਚਾ ਵਾਲਾ
ਦਰਵਾਜ਼ਾ ਬੰਦ ਹੀ ਕਰ ਲਿਆ ਹੋਇਆ ਹੈ। ਇਹਨਾਂ ਨੇ ਉਹਨਾਂ ਰੀਤਾਂ ਨੂੰ ਜਨਮ ਦਿੱਤਾ ਦਿੱਤਾ ਹੈ ਜਿਨਾਂ
ਨੂੰ ਗੁਰੂ ਨਾਨਕ ਸਾਹਿਬ ਜੀ ਨਿਕਾਰਿਆ ਹੋਇਆ ਹੈ।
ਸਭ ਤੋਂ ਵੱਡਾ ਦੁਖਾਂਤ
ਪਿੱਛਲੇ ਦੋ ਕੁ ਦਹਾਕਿਆਂ ਤੋਂ ਸਿੱਖਾਂ ਵਿੱਚ ਇਸ ਤਰ੍ਹਾਂ ਦੀ ਭਾਵਨਾ ਨੇ
ਜਨਮ ਲੈ ਲਿਆ ਹੈ ਜਿਹੜੀ ਗੁਰਦੁਆਰਿਆਂ `ਤੇ ਪੂਰੀ ਤਰ੍ਹਾਂ ਕਬਜ਼ਾ ਜਮਾਈ ਬੈਠੀ ਹੈ ਤੇ ਉਹ ਕੋਈ ਦਲੀਲ
ਵਾਲੀ ਗੱਲ ਸੁਣਨ ਲਈ ਤਿਆਰ ਨਹੀਂ ਹਨ। ਉਹ ਆਪਣੀ ਮਰਜ਼ੀ ਦੇ ਵਿਰੋਧ ਵਿੱਚ ਕੁੱਝ ਵੀ ਸੁਣਨ ਲਈ ਤਿਆਰ
ਨਹੀਂ ਹਨ। ਸਿਧਾਂਤਿਕ ਪਰਚਾਰਕਾਂ ਨੂੰ ਕਦੇ ਵੀ ਇਹ ਪ੍ਰਵਾਨ ਨਹੀਂ ਕਰਦੇ। ਮੈਨੂੰ ਯਾਦ ਹੈ ਕਿ
ਜ਼ਿੰਦਗੀ ਵਿੱਚ ਪਹਿਲੀ ਵਾਰੀ ਯੂ. ਕੇ. ਦੇ ਸਮੈਥਿਕ ਸ਼ਹਿਰ ਵਿਚਲੇ ਗੁਰਦੁਆਰੇ ਇੱਕ ਹਫਤਾ ਕਥਾ ਕਰਨ ਦਾ
ਸਬੱਬ ਬਣਿਆ। ਮੈਂ ਪਹਿਲੀ ਵਾਰ ਏੱਥੇ ਆਇਆ ਸੀ ਤੇ ਪਹਿਲੀ ਵਾਰ ਹੀ ਸਮਾਂ ਮਿਲਿਆ ਸੀ। ਮੈਨੂੰ ਅਜੇ
ਤੀਕ ਸਮਝ ਨਹੀਂ ਆਈ ਕਿ ਉਹ ਬੰਦਾ ਕੌਣ ਸੀ ਜਿਸ ਨੇ ਮੈਨੂੰ ਦਫਤਰ ਬੁਲਾਇਆ ਸੀ ਤੇ ਬਿਨਾ ਕਿਸੇ ਅਧਾਰ
ਦੇ ਬਹਿਸ ਕਰ ਰਿਹਾ ਸੀ। ਕੁਦਰਤੀ ਪ੍ਰਬੰਧਕ ਸੱਜਣ ਬੈਠੇ ਸਨ ਜਿੰਨਾਂ ਨੇ ਮੇਰਾ ਖਹਿੜਾ ਛੁਡਵਾਇਆ
ਨਹੀਂ ਤਾਂ ਪਤਾ ਨਹੀਂ ਕਿੰਨਾ ਚਿਰ ਬੰਦਾ ਲੜਦਾ ਰਹਿੰਦਾ। ਸਿਰਫ ਇਕੋ ਹੀ ਰਟ ਲਾਈ ਹੋਈ ਸੀ ਮਿਸ਼ਨਰੀ
ਪਰਚਾਰ ਸਹੀ ਨਹੀਂ ਕਰਦੇ। ਇਸ ਰਟ ਤੋਂ ਬਿਨਾ ਅਗਾਂਹ ਉਸ ਨੂੰ ਵੀ ਕੱਖ ਨਹੀਂ ਆਉਂਦਾ ਸੀ।
ਗੁਰਦੁਆਰਿਆਂ ਵਿਚੋਂ ਵਿਚਾਰ ਗੋਸ਼ਟੀਆਂ ਲਗ-ਪਗ ਖਤਮ ਹੀ ਹੋ ਗਈਆਂ ਹਨ। ਨਵੇਂ
ਨਵੇਂ ਤਜਰਬੇ ਕੀਤੇ ਜਾ ਰਹੇ। ਵਿਚਾਰ ਗੋਸ਼ਟੀਆਂ ਦੀ ਜਗ੍ਹਾ ਗੁਰਮਤਿ ਦੇ ਨਾਂ `ਤੇ
ਦੁਪਹਿਰੇ-ਚੁਪਹਿਰੇ, ਬੱਤੀਆਂ ਬੰਦ ਕਰਕੇ ਨਾਮ ਜਪਣਾ ਕੀਰਤਨ ਦਰਬਾਰਾਂ ਵਿੱਚ ਨਾਮ ਜਪਣਾ। ਅਖੰਡਪਾਠਾਂ
ਦੀਆਂ ਲੜੀਆਂ, ਸੁਖਮਨੀ ਦੇ ਪਾਠ. ਸੰਪਟ ਅਖੰਡਪਾਠ ਮਹਾਂ-ਸੰਪਟ ਅਖੰਡਪਾਠ, ਭਾਂਤ ਭਾਂਤ ਦੇ ਮਹਿੰਗੇ
ਤੋਂ ਮਹਿੰਗੇ ਲੰਗਰ, ਜੋਤਾਂ ਵਿੱਚ ਘਿਉ ਪਉਣਾ, ਨਿਸ਼ਾਨ ਸਾਹਿਬ ਨੂੰ ਕੱਚੀ ਲੱਸੀ ਦਹੀਂ ਨਾਲ ਇਸ਼ਨਾਨ
ਕਰਾਉਣਾ, ਬੇਲੋੜੀ ਆਤਸ਼ਬਾਜ਼ੀ ਤੇ ਹੋਰ ਪਤਾ ਨਹੀਂ ਕੀ ਕੁੱਝ ਅਸੀਂ ਕਰ ਰਹੇ ਹਾਂ। ਇਹ ਸਾਰੇ ਅਸੀਂ ਧਰਮ
ਦਾ ਅੰਗ ਸਮਝੀ ਬੈਠੇ ਹਾਂ।
ਅੱਜ ਦਲੀਲ ਵਾਲੀ ਕੋਈ ਗੱਲ ਰਹਿ ਹੀ ਨਹੀਂ ਗਈ ਹੈ ਸਗੋਂ ਗਾਲ਼ੀ ਗਲੋਚ ਤੇ
ਡਾਂਗ ਸੋਟਾ ਹੀ ਸਾਡੇ ਪਾਸ ਰਹਿ ਗਿਆ ਜਾਪਦਾ ਹੈ। ਖੋਪਰੀ ਤੋਂ ਕੰਮ ਲੈਣਾ ਅਸੀਂ ਛੱਡ ਦਿੱਤਾ ਹੈ।
ਵਿਚਾਰ ਚਰਚਾ ਨੂੰ ਬੰਦ ਕਰਾਉਣ ਲਈ ਬੜਾ ਵਧੀਆਂ ਹਥਿਆਰ ਵਰਤਿਆ ਜਾਂਦਾ ਹੈ—ਕੀ ਬੜੇ ਮਹਾਂਰਾਜ ਜੀ ਝੂਠ
ਬੋਲਦੇ ਸਨ। ਸਾਡੇ ਬਾਬਾ ਜੀ ਤਾਂ ਏਦਾਂ ਹੀ ਕਰਦੇ ਸਨ। ਜੇ ਅੱਜ ਗੁਰਦੁਅਿਾਰਿਆਂ ਵਿੱਚ ਗੋਸ਼ਟੀਆਂ
ਕੀਤੀਆਂ ਜਾਣ ਤਾਂ ਸਾਡੇ ਮਸਲੇ ਹੱਲ ਹੋ ਸਕਦੇ ਹਨ।
ਮੇਰੀ ਗੱਲ ਦਾ ਉੱਤਰ ਦਿਓ--
ਅੱਜ ਇੱਕ ਨਵਾਂ ਰੁਝਾਨ ਦੇਖਣ ਸੁਣਨ ਨੂੰ ਮਿਲ ਰਿਹਾ ਹੈ ਕਿ ਮੇਰੀ ਗੱਲ ਦਾ
ਉੱਤਰ ਦਿਓ। ਮੈਂ ਤੇਰੇ ਕੋਲੋਂ ਜਵਾਬ ਮੰਗਦਾ ਹਾਂ। ਅਸਲ ਵਿੱਚ ਜਿਹੜਾ ਸੁਵਾਲ ਕਰ ਰਿਹਾ ਹੈ ਉਹ ਬੰਦਾ
ਉੱਤਰ ਵੀ ਆਪਣੇ ਅਨੁਸਾਰ ਹੀ ਸੁਣਨਾ ਚਾਹੁੰਦਾ ਹੈ। ਬਹੁਤੀ ਦਫਾ ਬੰਦਾ ਦੂਜੇ ਨੂੰ ਹੀ ਸਣਾਉਂਦਾ ਹੈ
ਪਰ ਆਪ ਸੁਣਨ ਲਈ ਤਿਆਰ ਨਹੀਂ ਹੁੰਦਾ। ਸਿੱਖੀ ਲਹਿਰ ਦੇ ਪ੍ਰੋਗਰਾਮ ਹੇਠ ਅਸੀਂ ਹੁਸ਼ਿਆਰਪੁਰ ਅਖੀਰਲਾ
ਸਮਾਗਮ ਕਰ ਰਹੇ ਸੀ। ਕੁੱਝ ਵੀਰ ਸਾਰਾ ਦੀਵਾਨ ਸੁਣਦੇ ਰਹੇ ਤੇ ਅਖੀਰ ਵਿੱਚ ਕਹਿਣ ਲੱਗੇ ਤੁਸੀਂ ਸਾਡੇ
ਨਾਲ ਵਿਚਾਰ ਕਰੋ। ਅਸੀਂ ਕਿਹਾ ਵਿਚਾਰ ਕਰਨ ਵਿੱਚ ਸਾਨੂੰ ਕੋਈ ਹਰਜ ਨਹੀਂ ਹੈ ਪਰ ਅਸੀਂ ਇੱਕ ਦੂਜੇ
ਨਾਲ ਵਿਚਾਰ ਨਹੀਂ ਕਰਨੀ ਚਾਹੁੰਦੇ ਬਲ ਕੇ ਬਹਿਸ ਰਾਂਹੀ ਲੜਨਾ ਚਾਹੁੰਦੇ ਹਾਂ। ਦੂਸਰਾ ਜੇ ਅਸੀਂ ਆਪਸ
ਵਿੱਚ ਵਿਚਾਰ ਚਰਚਾ ਕਰਾਂਗੇ ਤਾਂ ਇਸ ਦਾ ਫੈਸਲਾ ਕੌਣ ਕਰੇਗਾ? ਫਿਰ ਕਹੀ ਜਾਣ ਕਿ ਸਾਡੀ ਗੱਲ ਦਾ ਉਤਰ
ਦਿਓ। ਵਿਚਾਰ ਚਰਚਾ ਵਾਲਾ ਮੁੱਦਾ ਹੀ ਗਾਇਬ ਹੋ ਗਿਆ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਿੱਧਾਂ ਨਾਲ ਗੋਸਟ ਕੀਤੀ ਸੀ ਤਾਂ ਸ਼ਬਦ
ਦੁਆਰਾ ਉਹਨਾਂ ਵਿੱਚ ਸ਼ਾਂਤੀ ਵਰਤ ਗਈ ਭਾਵ ਉਹਨਾਂ ਨੇ ਗੁਰੂ ਸਾਹਿਬ ਦੀਆਂ ਦਲੀਲਾਂ ਅੱਗੇ ਆਪਣਾ ਸਿਰ
ਨਿਵਾ ਦਿੱਤਾ--
ਬਾਬੇ ਕੀਤੀ ਸਿਧਿ ਗੋਸਟਿ ਸਬਦਿ ਸਾਂਤ ਸਿੱਧਾਂ ਵਿਚਿ ਆਈ।
ਭਾਈ ਗੁਰਦਾਸ ਜੀ ਵਾਰ ਨੰਬਰ ੧ ਪਉੜੀ ੪੪
ਅੱਜ ਗੁਰਦੁਆਰਿਆਂ ਵਿੱਚ ਗੋਸਟੀਆਂ ਹੋਣੀਆਂ ਚਾਹੀਦੀਆਂ ਹਨ। ਇਹ ਤਾਂ ਹੀ ਹੋ
ਸਕਦੀਆਂ ਹਨ ਜੇ ਪ੍ਰਬੰਧਕ ਪੂਰਾ ਸਾਥ ਦੇਣ। ਇਹਨਾਂ ਗੋਸਟੀਆਂ ਦੁਆਰਾ ਸਿੱਖ ਸਿਧਾਂਤ ਨੂੰ ਸਮਝਿਆ ਜਾ
ਸਕਦਾ ਹੈ।
ਅੱਜ ਕਲ੍ਹ ਇੱਕ ਹੋਰ ਰੁਝਾਨ ਨੇ ਜਨਮ ਲਿਆ ਹੈ। ਕਿਸੇ ਨਾ ਕਿਸੇ ਸਾਧ ਦਾ
ਚੇਲਾ ਆਪਣਾ ਵਿਚਾਰ ਧੱਕੇ ਨਾਲ ਹੀ ਦਈ ਜਾ ਰਿਹਾ ਹੈ। ਉਹ ਦੂਜੇ ਨੂੰ ਮੌਕਾ ਹੀ ਨਹੀਂ ਦੇ ਰਿਹਾ ਹੈ।
ਅੱਜ ਦੇ ਦੌਰ ਵਿੱਚ ਬਹੁਤ ਸਾਰੀਆਂ ਪੰਥਕ ਸਾਈਟਾਂ ਹਨ ਜਿੰਨਾਂ ਤੇ ਵੱਖ ਵੱਖ
ਲਿਖਾਰੀਆਂ ਨੇ ਲੇਖ ਲਿਖੇ ਹੁੰਦੇ ਹਨ। ਹੁਣ ਜੇ ਸਾਨੂੰ ਕਿਸੇ ਲਿਖਾਰੀ ਦਾ ਲੇਖ ਪਸੰਦ ਨਹੀਂ ਆਇਆ ਤਾਂ
ਤੁਸੀਂ ਉਸ ਤੋਂ ਵਧੀਆ ਕਰਕੇ ਲਿਖ ਸਕਦੇ ਹੋ ਲੇਖ ਤੁਸੀਂ ਲਿਖ ਦਿਓ। ਪੜ੍ਹਨ ਵਾਲੇ ਆਪੇ ਫੈਸਲਾ ਕਰ
ਲੈਣਗੇ ਅਸਲੀਅਤ ਕਿਸ ਲੇਖ ਵਿੱਚ ਹੈ। ਆਮ ਕਰਕੇ ਦੇਖਿਆ ਗਿਆ ਹੈ ਕਿ ਵਿਚਾਰ ਚਰਚਾ ਘੱਟ ਹੈ ਕੁਕੜ ਖੋਹ
ਜ਼ਿਆਦਾ ਹੁੰਦੀ ਹੈ। ਪਹਿਲਾਂ ਤਾਂ ਬਹੁਤ ਨਿੰਮ੍ਰਤਾ ਨਾਲ ਅਗਲੇ ਕੋਲੋਂ ਸਵਾਲ ਦਾ ਜੁਆਬ ਪੁੱਛਿਆ
ਜਾਂਦਾ ਹੈ। ਅਗਲਾ ਜਵਾਬ ਦੇਣ ਦਾ ਯਤਨ ਕਰਦਾ ਹੈ। ਦੂਜਾ ਫਿਰ ਹੋਰ ਸਵਾਲ ਕਰ ਦੇਂਦਾ ਹੈ। ਹੌਲ਼ੀ ਹੌਲ਼ੀ
ਜਾਤੀ ਤੋਮਤਾਂ ਤੋਂ ਗੱਲ ਅੱਗੇ ਵੱਧਦੀ ਹੋਈ ਗਾਲ਼ੀ ਗਲੋਚ ਤੀਕ ਗੱਲ ਅਪੜ ਜਾਂਦੀ ਹੈ। ਏਦਾਂ ਲੱਗਦਾ
ਹੁੰਦਾ ਹੈ ਕਿ ਜੇ ਇਹ ਸਾਹਮਣੇ ਆ ਗਏ ਤਾਂ ਇੱਕ ਦੂਜੇ ਦਾ ਸਿਰ ਪਾੜ ਦੇਣਗੇ।
ਇਕ ਹੋਰ ਮਾਰੂ ਰੁਝਾਨ ਨੇ ਜਨਮ ਲਿਆ ਹੈ ਕਿ ਜਿਸ ਵਿਸ਼ੇ ਸਬੰਧੀ ਮੇਰੀ
ਜਾਣਕਾਰੀ ਬਹੁਤ ਸੀਮਤ ਹੈ ਮੈਂ ਉਸ `ਤੇ ਆਪਣੇ ਵਿਚਾਰ ਦੇ ਰਿਹਾ ਹਾਂ। ਵਿਚਾਰ ਚਰਚਾ ਓੱਥੇ ਹੀ ਕੀਤੀ
ਜਾ ਸਕਦੀ ਹੈ ਜਿੱਥੇ ਓਸੇ ਹੀ ਵਿਸ਼ੇ ਨਾਲ ਸਬੰਧ ਰੱਖਦਾ ਹੋਵੇ।
ਬਹੁਤੀ ਵਾਰੀ ਜਦੋਂ ਕਿਸੇ ਨਾਲ ਸਧਾਰਨ ਤਰੀਕੇ ਨਾਲ ਵੀ ਗੱਲ ਕੀਤੀ ਜਾਏ ਤਾਂ
ਉਹ ਲੜਨ ਬਹਿ ਜਾਂਦਾ ਹੈ। ਜਿਸ ਮੋੜ `ਤੇ ਅੱਜ ਕੌਮ ਖੜੀ ਹੈ ਜਿੰਨੀਆਂ ਅਸੀਂ ਵੰਡੀਆਂ ਪਾਈ ਜਾ ਰਹੇ
ਹਾਂ ਇਹ ਬਹੁਤ ਖਤਰਨਾਕ ਰੁਝਾਂਨ ਹੈ।
ਬਖੁ ਫਲ ਮੀਠ ਲਗੇ, ਮਨ ਬਉਰੇ, ਚਾਰ ਬਿਚਾਰ ਨ ਜਾਨਿਆ।।
ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ, ਜਨਮ ਮਰਨ ਫਿਰਿ ਤਾਨਿਆ।। ੧।।
ਰਾਗ ਆਸਾ ਬਾਣੀ ਭਗਤ ਧੰਨਾ ਜੀ ਪੰਨਾ ੪੮੭
ਹੇ ਕਮਲੇ ਮਨ! ਇਹ ਜ਼ਹਿਰ-ਰੂਪ ਫਲ ਤੈਨੂੰ ਮਿੱਠੇ ਲੱਗਦੇ ਹਨ, ਤੈਨੂੰ ਸੋਹਣੀ
ਵਿਚਾਰ ਨਹੀਂ ਫੁਰਦੀ; ਗੁਣਾਂ ਵਲੋਂ ਹੱਟ ਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵਧ ਰਹੀ ਹੈ,
ਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ। ੧।
ਉਸਾਰੂ ਚਰਚਾ ਨਾਲ ਤਰੱਕੀ ਹੁੰਦੀ ਹੈ ਜਦ ਕੇ ਈਰਖਾ ਨਾਲ ਸਾੜਾ ਹੁੰਦਾ ਹੈ।