ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਅਸਥਾਨਾਂ ਦੀਆਂ ਮਹਾਨਤਾਵਾਂ
ਸਿੱਖਾਂ ਦੀ ਇੱਕ ਮਹਾਨਤਾ ਹੈ ਕਿ ਇਹ ਆਪਣੇ ਇਤਿਹਾਸਕ ਅਸਥਾਨਾਂ ਦੇ ਦਰਸ਼ਨਾਂ
ਨੂੰ ਜ਼ਰੂਰ ਜਾਂਦੇ ਹਨ। ਸੰਗਤਾਂ ਇਹਨਾਂ ਇਤਿਹਾਸਕ ਅਸਥਾਨਾਂ ਨਾਲ ਜੁੜੀਆਂ ਰਹਿਣ ਇਸ ਵਾਸਤੇ ਬਹੁਤ
ਸਾਰੇ ਉਪਰਾਲੇ ਕੀਤੇ ਜਾਂਦੇ ਹਨ। ਕਈ ਵਾਰੀ ਅਸਲੀ ਇਤਿਹਾਸ ਦੇ ਨਾਲ ਨਾਲ ਕਾਲਪਨਿਕ ਭਾਵਨਾਵਾਂ ਵੀ
ਪੈਦਾ ਹੋ ਜਾਂਦੀਆਂ ਹਨ। ਹਰ ਸਿੱਖ ਵਿੱਚ ਇੱਕ ਭਾਵਨਾ ਬਣੀ ਰਹਿੰਦੀ ਹੈ ਕਿ ਮੈਂ ਆਪਣੇ ਗੁਰੂਆਂ ਦੀ
ਚਰਨ ਛੋਹ ਧਰਤੀ ਨੂੰ ਆਪਣੀਆਂ ਅੱਖਾਂ ਨਾਲ ਇੱਕ ਵਾਰ ਜ਼ਰੂਰ ਦੇਖਣਾ ਹੈ। ਸਿੱਖ ਔਖਿਆਂ ਹੋ ਕੇ ਵੀ
ਆਪਣੇ ਗੁਰੂਆਂ ਦੀ ਧਰਤੀ ਨੂੰ ਦੇਖਣ ਦਾ ਚਾਹਵਾਨ ਰਹਿੰਦਾ ਹੈ।
ਹੁਣ ਦਾ ਮੈਨੂੰ ਪਤਾ ਨਹੀਂ ਹੈ ਪਰ ਜਦੋਂ ਮੈਂ ੧੯੬੯ ਵਿੱਚ ਅੰਮ੍ਰਿਤ ਛੱਕਿਆ
ਸੀ ਤਾਂ ਓਦੋਂ ਅਕਾਲ ਤੱਖਤ ਤੋਂ ਆਏ ਪੰਜਾਂ ਪਿਆਰਿਆਂ ਨੇ ਸਾਨੂੰ ਕਿਹਾ ਸੀ, ਕਿ ਅੰਮ੍ਰਿਤ ਛੱਕਣ
ਵਾਲੇ ਸਾਰੇ ਭੈਣ ਭਰਾ ਜਦੋਂ ਵੀ ਸਮਾਂ ਮਿਲੇ ਓਦੋਂ ਅਕਾਲ ਤੱਖਤ ਦੇ ਦਰਸ਼ਨ ਕਰਨ ਜਾਣ ਤੇ ਓੱਥੇ ਜਾ ਕੇ
ਗੋਲਕ ਵਿੱਚ ਸਵਾ ਰੁਪਇਆ ਪਉਣਾ ਹੈ। ਮੈਂ ਸਮਝਦਾ ਹਾਂ ਕਿ ਪਹਿਲਾਂ ਅਵਾਜਾਈ ਦੇ ਸਾਧਨ ਕੋਈ ਬਹੁਤੇ
ਨਹੀਂ ਹੁੰਦੇ ਸਨ। ਖਿਆਲ ਕੀਤਾ ਜਾਂਦਾ ਸੀ ਕਿ ਸਾਡੇ ਬਜ਼ੁਰਗਾਂ ਦੀ ਇਹ ਭਾਵਨਾ ਸੀ ਕਿ ਹਰ ਸਿੱਖ ਆਪਣੇ
ਇਤਿਹਾਸਕ ਅਸਥਾਨਾਂ ਨਾਲ ਜੁੜਿਆ ਰਹੇ। ਸਿੱਖ ਆਪਣੇ ਕਈ ਜ਼ਰੂਰੀ ਕੰਮ ਛੱਡ ਕੇ ਵੀ ਦੀਵਾਲੀ ਵੈਸਾਖੀ
ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਜ਼ਰੂਰ ਜਾਂਦੇ ਸਨ। ਇਹ ਪ੍ਰੰਪਰਾ ਅੱਜ ਵੀ ਕਾਇਮ ਹੈ।
ਗੁਰੂ ਅਮਰਦਾਸ ਜੀ ਨੂੰ ਭਾਈ ਪਾਰੋ ਨੇ ਸਲਾਹ ਦਿੱਤੀ ਸੀ ਕਿ ਸਾਲ ਵਿੱਚ ਇੱਕ
ਵਾਰੀ ਵੈਸਾਖੀ ਦੇ ਮੌਕੇ ਤੇ ਸੰਗਤਾਂ ਦਾ ਭਾਰੀ ਇਕੱਠ ਕੀਤਾ ਜਾਏ ਤੇ ਗੁਰਦੇਵ ਪਿਤਾ ਜੀ ਨੂੰ ਇਹ
ਸੁਝਾਅ ਬਹੁਤ ਪਸੰਦ ਆਇਆ ਸੀ। ਅੱਜ ਸਾਡੇ ਪੰਜਾਬ ਵਿੱਚ ਇੱਕ ਰਿਵਾਜ ਹੈ, ਕਿ ਜਦੋਂ ਕਿਸੇ ਸਿੱਖ
ਪ੍ਰਵਾਰ ਦਾ ਆਰਥਿਕ ਪੱਖ ਥੋੜਾ ਜੇਹਾ ਸੌਖਾ ਹੁੰਦਾ ਹੈ ਜਾਂ ਕੋਈ ਪ੍ਰਵਾਰ ਦਾ ਜੀਅ ਬਾਹਰਲੇ ਮੁਲਕ
ਵਿੱਚ ਗਿਆ ਹੋਵੇ ਜਾਂ ਕੋਈ ਫੌਜੀ ਹੋਵੇ ਤਾਂ ਸਭ ਤੋਂ ਪਹਿਲ਼ਾਂ ਉਸ ਦੀ ਇਹ ਖਾਹਸ਼ ਹੁੰਦੀ ਹੈ ਕਿ ਮੈਂ
ਆਪਣੇ ਮਾਂ ਬਾਪ ਨੂੰ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਦੀ ਯਾਤਰਾ ਜ਼ਰੂਰ ਕਰਾਉਣੀ ਹੈ। ਸਾਡਿਆਂ ਪਿੰਡਾਂ
ਦੀ ਭਾਵਨਾ ਹੈ ਕਿ ਜਦੋਂ ਵੀ ਕੋਈ ਨਵਾਂ ਟ੍ਰੈਕਟਰ ਟ੍ਰਾਲੀ ਜਾਂ ਕਾਰ ਲੈਂਦਾ ਹੈ ਤਾਂ ਪਹਿਲਾਂ
ਇਤਿਹਾਸਕ ਅਸਥਾਨ ਦੀ ਯਾਤਰਾ ਕਰਦਾ ਹੈ। ਸਾਡਿਆਂ ਪਿੰਡਾਂ ਦੀ ਇੱਕ ਹੋਰ ਬੜੀ ਪਿਆਰੀ ਰਵਾਇਤ ਹੈ ਕਿ
ਨਵਾਂ ਵਿਆਹਿਆ ਜੋੜਾ ਅੰਮ੍ਰਿਤਸਰ ਪਰਵਾਰ ਸਮੇਤ ਜ਼ਰੂਰ ਆਉਂਦਾ ਹੈ। ਇਹ ਇੱਕ ਵੱਖਰਾ ਮਸਲਾ ਹੈ ਕਿ
ਸਾਡੇ ਧਾਰਮਿਕ ਅਸਥਾਨਾਂ ਦੀ ਗੋਲਕ ਧਰਮ ਪਰਚਾਰ ਲਈ ਵਰਤੀ ਜਾਂਦੀ ਕਿ ਜਾਂ ਅਦਾਲਤੀ ਮੁਕੱਦਮਿਆਂ ਤੇ
ਖਰਚੀ ਜਾ ਰਹੀ ਹੁੰਦੀ ਹੈ। ਸੰਗਤ ਵਲੋਂ ਆਪਣੇ ਇਤਿਹਾਸਕ ਅਸਥਾਨਾਂ ਦੀ ਪ੍ਰਤੀ ਆਸਥਾ ਵਿੱਚ ਕੋਈ ਫਰਕ
ਨਹੀਂ ਹੈ। ਸੰਗਤਾਂ ਪੂਰੀ ਭਾਵਨਾ ਨਾਲ ਇਤਿਹਾਸਕ ਅਸਥਾਨਾਂ ਦੀਆਂ ਯਾਤਰਾਵਾਂ ਕਰਦੀਆਂ ਹਨ।
ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਸ ਨੂੰ ਅਸੀਂ ਪਹਿਲਾਂ
ਧਰਮਸਾਲ ਕਹਿੰਦੇ ਸੀ ਤੇ ਅੱਜ ਕਲ੍ਹ ਗੁਰਦੁਆਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਹਨਾਂ
ਗੁਰਦੁਆਰਿਆਂ ਵਿੱਚ ਨਿਤਾ ਪ੍ਰਤੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਏੱਥੋਂ
ਸਿੱਖ ਨੇ ਆਪਣੇ-ਆਪ ਦੀ ਸਵੈ ਪੜਚੋਲੇ, ਸਮਾਜ, ਧਰਮ, ਰਾਜਨੀਤੀ ਤੇ ਆਤਮਿਕ ਗਿਆਨ ਦੀ ਸੋਝੀ ਲੈਣੀ ਹੈ
ਜੇਹਾ ਕਿ ਗੁਰਬਾਣੀ ਵਾਕ ਹੈ---
ਗੁਰੂ ਦੁਆਰੈ ਹੋਇ ਸੋਝੀ ਪਾਇਸੀ।। ਏਤੁ ਦੁਆਰੈ ਧੋਇ ਹਛਾ ਹੋਇਸੀ।।
ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ।।
ਸੂਹੀ ਮਹਲਾ ਪੰਨਾ ੭੩੦
ਅੱਖਰੀਂ ਅਰਥ---
ਜੇ
ਗੁਰੂ ਦੇ ਦਰ ਤੇ (ਆਪਾ-ਭਾਵ ਦੂਰ ਕਰ ਕੇ ਸਵਾਲੀ) ਬਣੀਏ, ਤਾਂ ਹੀ (ਹਿਰਦੇ ਨੂੰ ਪਵਿਤ੍ਰ ਕਰਨ ਦੀ)
ਅਕਲ ਮਿਲਦੀ ਹੈ। ਗੁਰੂ ਦੇ ਦਰ ਤੇ ਰਹਿ ਕੇ ਹੀ (ਵਿਕਾਰਾਂ ਦੀ ਮੈਲ) ਧੋਤਿਆਂ ਹਿਰਦਾ ਪਵਿਤ੍ਰ ਹੁੰਦਾ
ਹੈ। (ਜੇ ਗੁਰੂ ਦੇ ਦਰ ਤੇ ਟਿਕੀਏ ਤਾਂ) ਪਰਮਾਤਮਾ ਆਪ ਹੀ ਇਹ (ਵਿਚਾਰਨ ਦੀ) ਸਮਝ ਬਖ਼ਸ਼ਦਾ ਹੈ ਕਿ
ਅਸੀ ਚੰਗੇ ਹਾਂ ਜਾਂ ਮੰਦੇ।
ਹਰ ਚੰਗੇ ਕੰਮ ਨਾਲ ਨਕਲ ਵੀ ਛੇਤੀ ਪੈਦਾ ਹੋ ਜਾਂਦੀ ਹੈ। ਇਸ ਗੱਲ ਦਾ ਅਖੌਤੀ
ਸਾਧਾਂ ਨੇ ਪੂਰਾ ਪੂਰਾ ਲਾਭ ਚੁੱਕਿਆ ਹੈ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ
ਆਪਣੇ ਤੋਰੀ ਫੁੱਲਕੇ ਦਾ ਪੱਕਾ ਪ੍ਰਬੰਧ ਕਰ ਲਿਆ ਹੈ। ਸਿੱਖਾਂ ਦੇ ਇਤਿਹਾਸਕ ਅਸਥਾਨਾਂ ਦੇ ਨਾਲ ਨਾਲ
ਸਾਧਾਂ ਨੇ ਵੀ ਆਪਣੇ ਪੱਕੇ ਡੇਰੇ ਸਥਾਪਿਤ ਕਰ ਲਏ ਹਨ। ਸਿੱਖਾਂ ਦੀਆਂ ਭਾਵਨਾਂਵਾਂ ਦਾ ਫਇਦਾ
ਚੁੱਕਦਿਆਂ ਤੇਜ਼ ਤਰਾਰ ਲੋਕਾਂ ਨੇ ਹੇਮ ਕੁੰਟ ਵਰਗੇ ਨਕਲੀ ਅਸਥਾਨਾਂ ਨੂੰ ਸਿੱਖਾਂ ਤੇ ਥੋਪ ਦਿੱਤਾ
ਗਿਆ ਹੈ। ਸਿੱਖਾਂ ਦੀਆਂ ਭਾਵਨਾਵਾਂ ਦਾ ਇਹਨਾਂ ਲੋਕਾਂ ਨੇ ਪੂਰਾ ਪੂਰਾ ਲਾਭ ਲਿਆ ਹੈ। ਸਿੱਖ ਆਪਣੇ
ਗੁਰੂ ਪ੍ਰਤੀ ਬਹੁਤ ਸ਼ਰਧਾਵਾਨ ਹਨ ਤੇ ਏਸੇ ਸ਼ਰਧਾ ਦਾ ਹੀ ਇਹਨਾਂ ਨੇ ਲਾਭ ਉਠਾਇਆ ਹੈ। ਇਤਿਹਾਸਕ
ਅਸਥਾਨਾਂ ਦੀ ਤਰਜ਼ ਤੇ ਬਣੇ ਇਹ ਡੇਰੇ ਦਿਨ ਦੁਗਣੀ ਤੇ ਰਾਤ ਚਾਰ ਗੁਣੀ ਤਰੱਕੀ ਕਰ ਗਏ ਹਨ। ਹੁਣ ਤਾਂ
ਇਹਨਾਂ ਡੇਰਿਆਂ ਨੇ ਧਰਮ ਨੂੰ ਵਪਾਰ ਹੀ ਬਣਾ ਲਿਆ ਹੋਇਆ ਹੈ।
ਗੁਰਬਾਣੀ ਦੇ ਇੱਕ ਵਾਕ ਨੂੰ ਧਿਆਨ ਵਿੱਚ ਲਿਆਉਣ ਦੀ ਲੋੜ ਹੈ ਕਿ ਨਿਰਾ ਦੇਖਣ
ਨਾਲ ਕਦੇ ਵੀ ਸਿੱਖ ਦਾ ਕਲਿਆਣ ਨਹੀਂ ਹੋ ਸਕਦਾ। ਇਹ ਤਾਂ ਇੱਟਾਂ ਪੱਥਰਾਂ ਦੀਆਂ ਬਣੀਆਂ ਇਮਾਰਤਾਂ ਹਨ
ਜਿੰਨਾਂ ਨੂੰ ਦੇਖਣ ਨਾਲ ਕੋਈ ਸੋਝੀ ਨਹੀਂ ਆ ਸਕਦੀ। ਗੁਰਬਾਣੀ ਤਾਂ ਇਹ ਆਖਦੀ ਹੈ ਕਿ ਸਿੱਖਾ ਨਿਰਾ
ਅੱਖਾਂ ਨਾਲ ਗੁਰੂ ਨੂੰ ਦੇਖ ਕੇ ਤੈਨੂੰ ਕੋਈ ਵੀ ਸੋਝੀ ਨਹੀਂ ਆ ਸਕਦੀ—ਗੁਰਬਾਣੀ ਵਾਕ ਹੈ—
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ।।
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।।
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ।।
ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ।।
ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ੧।।
ਸਲੋਕ ਮ: ੩ ਪੰਨਾ ੫੯੪
ਅੱਖਰੀਂ ਅਰਥ---
ਜਿਤਨਾ
ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ (ਪਰ) ਨਿਰਾ ਦਰਸ਼ਨ ਕੀਤਿਆਂ
ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦਾ, (ਕਿਉਂਕਿ ਵਿਚਾਰ
ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿੱਚ ਪਿਆਰ ਨਹੀਂ ਬਣਦਾ। ਕਈ
ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮੇਹਰ ਕਰ ਕੇ ਮਿਲਾ ਲਿਆ ਹੈ ਜਿਨ੍ਹਾਂ ਨੇ ਮੇਰ-ਤੇਰ ਤੇ ਵਿਕਾਰ
ਛੱਡੇ ਹਨ। ਹੇ ਨਾਨਕ! ਕਈ ਮਨੁੱਖ (ਸਤਿਗੁਰੂ ਦਾ) ਦਰਸ਼ਨ ਕਰ ਕੇ ਸਤਿਗੁਰੂ ਦੇ ਪਿਆਰ ਵਿੱਚ ਬਿਰਤੀ
ਜੋੜ ਕੇ ਮਰ ਕੇ (ਭਾਵ, ਆਪਾ ਗਵਾ ਕੇ) ਹਰੀ ਵਿੱਚ ਮਿਲ ਗਏ ਹਨ। ੧।
ਇਕ ਗੱਲ ਤਾਂ ਪੱਕੀ ਹੋ ਗਈ ਕੇ ਨਿਰਾ ਦੇਖਣ ਨਾਲ ਸਾਨੂੰ ਕੋਈ ਵੀ ਉਪਦੇਸ਼ ਸਮਝ
ਨਹੀਂ ਆ ਸਕਦਾ। ਫਿਰ ਗੁਰਦੁਆਰੇ ਦੀ ਇਮਾਰਤ ਦਾ ਦਰਸ਼ਨ ਕਰਨ ਨਾਲ ਸਿੱਖ ਨੂੰ ਕੋਈ ਸੋਝੀ ਆ ਸਕਦੀ ਹੈ?
ਨਹੀਂ ਜੀ ਨਿਰਾ ਦੇਖਣ ਨਾਲ ਸਿੱਖ ਨੂੰ ਕਦੇ ਵੀ ਸੋਝੀ ਨਹੀਂ ਆ ਸਕਦੀ। ਉਂਜ ਸਾਡੀ ਇੱਕ ਧਾਰਨਾ ਬਣ ਗਈ
ਹੈ ਕਿ ਮੈਂ ਗੁਰਦੁਆਰਿਓਂ ਹੋ ਆਵਾਂ, ਮੈਂ ਜ਼ਰਾ ਗੁਰਦੁਆਰੇ ਜਾ ਆਵਾਂ ਜਾਂ ਕਈ ਪਿੰਡਾਂ ਵਿੱਚ ਨਿਆਣਾ
ਰੋਂਦਾ ਹੋਵੇ ਤਾਂ ਸਿਆਣੀਆਂ ਦਾਦੀਆਂ ਕਹਿਣਗੀਆਂ ਜਾ ਨਿਆਣਾ ਰੋਈ ਜਾਂਦਾ ਹੈ ਇਸ ਨੂੰ ਗੁਰਦੁਆਰੇ ਲੈ
ਜਾਓ। ਕਈ ਗੁਰਦੁਆਰੇ ਮੇਲ ਮਿਲਾਪ ਲਈ ਆਉਂਦੇ ਹਨ। ਕਈ ਨਿਆਣੇ ਚੁੱਪ ਕਰਾਉਣ ਲਈ ਸਮਾਂ ਪਾਸ ਕਰਦੇ ਹਨ।
ਕਈ ਲੋਕਾਂ ਨੇ ਗੁਰਦੁਆਰਿਆਂ ਨੂੰ ਸੁਖਣਾ ਦੀ ਪੂਰਤੀ ਦਾ ਇੱਕ ਸਾਧਨ ਮੰਨਿਆ ਹੋਇਆ ਹੈ। ਕਈ ਸੁਖਣਾ ਦੀ
ਪੂਰਤੀ ਲਈ ਚਲੀਹੇ ਕੱਟਦੇ ਆਮ ਦਿਖਾਈ ਦੇਂਦੇ ਹਨ। ਕਈ ਬੇ-ਸਮਝੀ ਕਰਕੇ ਕਥਾ ਕੀਰਤਨ ਦੇ ਨਾਲ ਨਾਲ
ਆਪਣਾ ਸੰਪਟ ਵਾਲਾ ਪਾਠ ਵੀ ਕਰੀ ਜਾਂਦੇ ਹਨ। ਕਈ ਅੱਖਾਂ ਮੀਚ ਕੇ ਬੰਦਗੀ ਦੇ ਨਾਂ ਤੇ ਆਪਣੇ ਆਪ ਨੂੰ
ਪਹੁੰਚੇ ਹੋਏ ਸਾਬਤ ਕਰਨਗੇ ਜਿੰਨਾਂ ਪ੍ਰਤੀ ਗੁਰਬਾਣੀ ਵਾਕ ਹੈ--
ਕਲ ਮਹਿ ਰਾਮਨਾਮੁ ਸਾਰੁ।।
ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ।। ੧।। ਰਹਾਉ।।
ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ।।
ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ।। ੨।।
ਧਨਾਸਰੀ ਮਹਲਾ ੧ ਪੰਨਾ ੬੬੨
ਅਖਰੀਂ ਅਰਥ--
ਇਹ
(ਮਨੁੱਖਾ ਜਨਮ ਦਾ) ਸਮਾ (ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ) ਨਹੀਂ ਹੈ, (ਇਹਨਾਂ ਢਬਾਂ ਨਾਲ)
ਪਰਮਾਤਮਾ ਦਾ ਮੇਲ ਨਹੀਂ ਹੁੰਦਾ, ਨਾਹ ਹੀ ਉੱਚੇ ਆਚਰਨ ਦਾ ਤਰੀਕਾ ਹੈ। (ਇਹਨਾਂ ਤਰੀਕਿਆਂ ਦੀ
ਰਾਹੀਂ) ਜਗਤ ਦੇ (ਅਨੇਕਾਂ) ਪਵਿਤ੍ਰ ਹਿਰਦੇ (ਭੀ) ਗੰਦੇ ਹੋ ਜਾਂਦੇ ਹਨ, ਇਸ ਤਰ੍ਹਾਂ ਜਗਤ
(ਵਿਕਾਰਾਂ ਵਿਚ) ਡੁੱਬਣ ਲੱਗ ਪੈਂਦਾ ਹੈ। ੧। ਜਗਤ ਵਿੱਚ ਪਰਮਾਤਮਾ ਦਾ ਨਾਮ (ਸਿਮਰਨਾ ਹੋਰ ਸਾਰੇ
ਕੰਮਾਂ ਨਾਲੋਂ) ਸ੍ਰੇਸ਼ਟ ਹੈ। (ਜੇਹੜੇ ਇਹ ਲੋਕ) ਅੱਖਾਂ ਤਾਂ ਮੀਟਦੇ ਹਨ, ਨੱਕ ਭੀ ਫੜਦੇ ਹਨ (ਇਹ)
ਜਗਤ ਨੂੰ ਠੱਗਣ ਵਾਸਤੇ (ਕਰਦੇ ਹਨ, ਇਹ ਭਗਤੀ ਨਹੀਂ, ਇਹ ਸ੍ਰੇਸ਼ਟ ਧਾਰਮਿਕ ਕੰਮ ਨਹੀਂ)। ੧।
ਗੁਰਦੁਆਰੇ ਵਿੱਚ ਵਿੱਚ ਆ ਕੇ ਅਸਾਂ ਕੀ ਕਰਨਾ ਹੈ ਇਹ ਅਗਵਾਈ ਸਾਨੂੰ
ਗੁਰਬਾਣੀ ਵਿਚੋਂ ਮਿਲਦੀ ਹੈ। ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਗੁਰਦੁਆਰੇ ਵਿੱਚ ਆ ਕੇ
ਸਿੱਖ ਦਾ ਪਹਿਲਾ ਫ਼ਰਜ਼ ਹੈ ਕਿ ਗੁਰੂ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣੇ ਦੂਸਰਾ ਗੁਰੂ ਜੀ ਦੇ ਕੋਲ
ਬੈਠ ਕੇ ਆਪਣਾ ਆਤਮ ਚਿੰਤਨ ਕਰੇ ਭਾਵ ਗੁਰੂ ਜੀ ਨੂੰ ਆਪਣੇ ਸਵਾਲਾਂ ਦੇ ਜੁਆਬ ਪੁੱਛੇ। ਇਹ ਤਾਂ ਸਾਰਾ
ਕੁੱਝ ਹੋ ਸਕਦਾ ਹੈ ਜੇ ਅਸੀਂ ਗੁਰਦੁਆਰੇ ਨਿੱਠ ਕੇ ਬੈਠਣ ਦਾ ਯਤਨ ਕਰਾਂਗੇ ਗੁਰਬਾਣੀ ਵਾਕ ਹੈ---
ਗੁਰ ਦੁਆਰੈ ਹਰਿ ਕੀਰਤਨੁ ਸੁਣੀਐ।।
ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ।।
ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ ਮਾਨਾਂ ਹੇ।।
ਮਾਰੂ ਮਹਲਾ ੫ ਪੰਨਾ ੧੦੭੫
ਅੱਖਰੀਂ ਅਰਥ--
ਹੇ ਭਾਈ! ਗੁਰੂ ਦੇ ਦਰ ਤੇ
ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੀ ਚਾਹੀਦੀ ਹੈ, ਹਰੀ ਦਾ ਜਸ ਮੂੰਹੋਂ ਉਚਾਰਨਾ ਚਾਹੀਦਾ ਹੈ
(ਜਿਸ ਨੂੰ) ਗੁਰੂ ਮਿਲ ਪੈਂਦਾ ਹੈ (ਉਹ ਮਨੁੱਖ ਸਦਾ ਇਹ ਉੱਦਮ ਕਰਦਾ ਹੈ)। ਹੇ ਭਾਈ! ਗੁਰੂ (ਮਨੁੱਖ
ਦੇ) ਸਾਰੇ ਝਗੜੇ ਕਲੇਸ਼ ਮਿਟਾ ਦੇਂਦਾ ਹੈ, ਗੁਰੂ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ-ਸਤਕਾਰ
ਦੇਂਦਾ ਹੈ।
ਇਤਹਾਸਕ ਅਸਥਾਨ ਦੇਖਣ ਨਾਲ ਇੱਕ ਤਾਂ ਉਸ ਅਸਥਾਨ ਦੇ ਦਰਸ਼ਨ ਹੁੰਦੇ ਹਨ ਜਿੱਥੇ
ਗੁਰਦੇਵ ਪਿਤਾ ਜੀ ਨੇ ਆਪਣੇ ਜੀਵਨ ਦੇ ਦਿਨ ਬਤੀਤ ਕੀਤੇ ਹੁੰਦੇ ਹਨ। ਇਤਿਹਾਸਕ ਅਸਥਾਨ ਦੇਖਣ ਨਾਲ
ਪੁਰਾਣਾ ਇਤਿਹਾਸ ਸਾਰਾ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਦੂਜਾ ਜੋ ਪੁਸਤਕਾਂ ਵਿੱਚ ਪੜ੍ਹਿਆ ਹੁੰਦਾ
ਹੈ ਉਸ ਦੀ ਅਸਲ ਤਸਵੀਰ ਸਾਹਮਣੇ ਆ ਜਾਂਦੀ ਹੈ।
ਦੂਜਾ ਇਤਿਹਾਸਕ ਅਸਥਾਨਾਂ ਤੋਂ ਗੁਰੂਆਂ ਦੇ ਮਾਹਨ ਕੀਤੇ ਕਾਰਨਾਮੇ ਸਾਡੀਆਂ
ਅੱਖਾਂ ਸਾਹਮਣੇ ਆ ਜਾਂਦੇ ਹਨ। ਗੁਰਦੁਆਰੇ ਦੀ ਇਮਾਰਤ ਇੱਟਾਂ ਦੀ ਬਣਨ ਕਰਕੇ ਮਹਾਨ ਨਹੀਂ ਹੁੰਦੀ
ਸਗੋਂ ਇਹ ਅਸਥਾਨ ਗੁਰੂਆਂ ਦੇ ਮਹਾਨ ਕੀਤੇ ਕਾਰਨਾਮਿਆਂ ਕਰਕੇ ਹੁੰਦੇ ਹਨ ਜੋ ਪੁਸਤਕਾਂ ਪੜ੍ਹਿਆਂ ਵੀ
ਸਮਝ ਨਹੀਂ ਲੱਗਦੀ ਉਹ ਦੇਖ ਕੇ ਯਾਦ ਹੋ ਜਾਂਦਾ ਹੈ। ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਵਾਕ ਹੈ—
ਕਹਿ ਕਬੀਰ ਹਉ ਭਇਆ ਉਦਾਸੁ।। ਤੀਰਥੁ ਬਡਾ, ਕਿ ਹਰਿ ਕਾ ਦਾਸ।।
ਅੱਖਰੀਂ ਅਰਥ—ਤੀਰਥ ਦੀ ਮਹਾਨਤਾ ਹੀ ਤਾਂ ਹੁੰਦੀ ਹੈ ਕਿ ਓੱਥੇ ਗੁਰੂ
ਸਾਹਿਬ ਜੀ ਨੇ ਮਹਾਨ ਕਾਰਨਾਮੇ ਕੀਤੇ ਹੁੰਦੇ ਹਨ। ਜਿਸ ਤਰ੍ਹਾਂ ਦਰਬਾਰ ਸਾਹਿਬ ਦੀ ਵਡਿਆਈ ਹੈ ਕਿ ਇਸ
ਨੂੰ ਗੁਰੂ ਰਾਮਦਾਸ ਜੀ ਨੇ ਬਣਾਇਆ ਹੈ। ਕਰਤਾਰਪੁਰ ਦੀ ਵਢਿਆਈ ਹੈ ਕਿ ਏੱਥੇ ਗੁਰੂ ਨਾਨਕ ਸਾਹਿਬ ਜੀ
ਰਹੇ ਹਨ।
ਗੁਰਦੁਆਰਾ ਨਨਕਾਣਾ ਸਾਹਿਬ ਦੇਖ ਕੇ ਸਾਰਾ ਕੁੱਝ ਅੱਖਾਂ ਸਾਹਮਣੇ ਆ ਜਾਂਦਾ
ਹੈ ਕਿ ਏੱਥੇ ਗੁਰਦੇਵ ਪਿਤਾ ਜੀ ਆਪਣੇ ਹਾਣੀਆਂ ਨਾਲ ਬਚਪਨ ਬਿਤਾਇਆ ਸੀ ਤੇ ਆਏ ਵਿਚਾਰਵਾਨਾਂ ਨਾਲ
ਵਿਚਾਰ ਚਰਚਾਵਾਂ ਕਰਦੇ ਸਨ। ਪੰਜਾ ਸਾਹਿਬ ਦੇਖ ਹੀ ਪਤਾ ਲਗਦਾ ਹੈ ਕਿ ਪੱਥਰ `ਤੇ ਪੰਜਾ ਨਹੀਂ
ਲੱਗਿਆ ਸਗੋਂ ਪਹਾੜੀ ਦੇ ਥੱਲੇ ਵਾਲੇ ਹਿੱਸੇ ਵਿੱਚ ਪਹਾੜੀ ਤੇ ਹੀ ਪੰਜਾ ਤਰਾਸ਼ਿਆ ਗਿਆ ਹੈ।
ਗੁਰਦੁਆਰਾ ਸੱਚਾ ਸੌਦਾ ਦੇਖ ਕੇ ਅਹਿਸਾਸ ਹੁੰਦਾ ਹੈ ਕਿ ਗੁਰਦੇਵ ਪਿਤਾ ਜੀ ਆਪਣੇ ਘਰੋਂ ਰੋਟੀ ਲਿਆ
ਕੇ ਏੱਥੇ ਬੈਠ ਕੇ ਛੱਕਦੇ ਛਕਾਉਂਦੇ ਹੋਣਗੇ ਤੇ ਨਾਲ ਆਪਣੀ ਗੱਲ ਲੋਕਾਂ ਨੂੰ ਦਸਦੇ ਹੋਣਗੇ। ਕਿੰਨਿਆਂ
ਲੋਕਾਂ ਨੂੰ ਗੁਰਬਾਣੀ ਉਪਦੇਸ਼ ਦੇ ਕੇ ਜ਼ਿੰਦਗੀ ਦੇ ਤੱਥ ਸਮਝਾਏ ਸਨ। ਇਹ ਸਾਰੀ ਵਿਚਾਰ ਅਸਥਾਨ ਨੂੰ
ਦੇਖ ਕੇ ਹੋਰ ਗਹਿਰਾ ਪਤਾ ਚਲਦਾ ਹੈ ਤੇ ਉਹ ਭਾਵਨਾ ਮਾਣੀ ਜਾ ਸਕਦੀ ਹੈ ਪਰ ਦੱਸੀ ਨਹੀਂ ਜਾ ਸਕਦੀ।
ਉਸ ਸਮੇਂ ਦਾ ਸਾਰੇ ਹਾਲਾਤ ਸਾਹਮਣੇ ਆ ਜਾਂਦੇ ਹਨ।
ਗੁਰਦੁਆਰਾ ਕਰਤਾਰ ਪੁਰ ਦੇਖ ਕੇ ਗੁਰੂ ਸਾਹਿਬ ਜੀ ਦਾ ਖੇਤੀ ਕਰਦਿਆਂ ਦਾ
ਸਾਰਾ ਬਿਰਤਾਂਤ ਅੱਖਾਂ ਸਾਹਮਣੇ ਆ ਜਾਂਦਾ ਹੈ। ਸਮਝ ਆਉਂਦੀ ਹੈ ਕਿ ਭਾਈ ਲਹਿਣਾ ਜੀ ਏੱਥੇ ਗੁਰੂ
ਸਾਹਿਬ ਜੀ ਨੂੰ ਮਿਲੇ ਸਨ ਤਾਂ ਸ਼ਾਮ ਦਾ ਸਮਾਂ ਹੋਏਗਾ। ਕਦੇ ਘੁੱਗ ਵੱਸਦਾ ਸ਼ਹਿਰ ਹੋਏਗਾ? ਗੁਰੂ
ਸਾਹਿਬ ਜੀ ਨੇ ਏੱਥੈ ਬੈਠ ਕੇ ਆਪਣੇ ਵਿਚਾਰਾਂ ਨੂੰ ਕਿਸ ਤਰ੍ਹਾਂ ਦੁਨੀਆਂ ਦੇ ਸਾਹਮਣੇ ਰੱਖਿਆ ਸੀ।
ਗੁਰੂ ਸਾਹਿਬ ਜੀ ਨੇ ਅਗਲੇਰੇ ਪ੍ਰੋਗਰਾਮ ਦੀ ਤੇ ਕੌਮੀ ਉਸਾਰੀ ਲਈ ਕਿੰਨੀ ਵਧੀਆਂ ਵਿਉਂਤ ਬੰਦੀ
ਕੀਤੀ। ਨਿਰੀਆਂ ਇਮਾਰਤਾਂ ਦੇਖਣ ਦੀ ਗੱਲ ਨਹੀਂ ਹੈ ਇਹ ਤੇ ਸਗੋਂ ਅਜੇਹੇ ਮਹਾਨ ਅਸਥਾਨਾਂ ਦੀਆਂ
ਮਹਾਨਤਾਵਾਂ ਦਾ ਡੂੰਘਾ ਅਧਿਐਨ ਹੁੰਦਾ ਹੈ। ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਪ੍ਰਬੰਧਕੀ ਢਾਂਚੇ
ਦੀ ਕਿ ਉਹ ਆਪਣੀ ਬਣਦੀ ਜ਼ਿੰਮੇਵਾਰੀ ਸਮਝਦਿਆਂ ਇਤਿਹਾਸਕ ਆਸਥਾਨਾਂ ਦੀ ਮਹਾਨਤਾ ਨੂੰ ਕਾਇਮ ਰੱਖਦਿਆਂ
ਓੱਥੋਂ ਮਨਮਤ ਦਾ ਪਰਚਾਰ ਰੋਕੇ ਅਸਲੀ ਗੁਰਮਤਿ ਦੀ ਗੱਲ ਸਮਝਾਈ ਜਾਏ।
ਭਾਂਵੇਂ ਮੈਂ ਪਕਿਸਤਾਨ ਵਿਚਲੇ ਪਹਿਲਾਂ ਤਿੰਨ ਅਸਥਾਨਾਂ ਦੀ ਯਾਤਰਾ ਕਰ
ਚੁੱਕਿਆ ਸੀ ਪਰ ਇਸ ਫੇਰੀ ਵਿੱਚ ਚਾਰ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਨਵੇਂ ਸਿਰੇ ਤੋਂ ਇਤਿਹਾਸ
ਦੀਆਂ ਯਾਦਾਂ ਤਾਜ਼ਾ ਹੋਈਆਂ ਹਨ। ਗੁਰੂਆਂ ਦੇ ਇਤਿਹਾਸਕ ਅਸਥਾਨ ਉਹਨਾਂ ਦੀਆਂ ਮਹਾਨਤਾਂਵਾਂ ਕਰਕੇ
ਮਹਾਨ ਹਨ। ਗੁਰਦੁਆਰਾ ਡੇਹਰਾ ਸਾਹਿਬ ਦੇਖ ਕੇ ਪਤਾ ਚਲਦਾ ਹੈ ਕਿ ਕਿਵੇਂ ਰਾਵੀ ਦਰਿਆ ਵਿੱਚ ਗੁਰਦੇਵ
ਪਿਤਾ ਜੀ ਨੂੰ ਰੋੜ੍ਹਿਆ। ਅੱਜ ਕਲ੍ਹ ਰਾਵੀ ਆਪਣਾ ਅਸਲੀ ਥਾਂ ਛੱਡ ਚੁੱਕੀ ਹੈ।
ਸਿੱਖ ਰਾਜ ਦੀਆਂ ਮਹਾਨਤਾਵਾਂ, ਗੋਰਵ ਮਈ ਵਿਰਸਾ ਤੇ ਕਿਲ੍ਹਾ ਦੇਖ ਅਹਿਸਾਸ
ਹੁੰਦਾ ਹੈ ਕਿ ਕਦੇ ਮਹਾਂਰਾਜਾ ਰਣਜੀਤ ਸਿੰਘ ਇਸ ਕਿਲ੍ਹੇ ਵਿੱਚ ਬੈਠ ਕੇ ਅਫਗਨਿਸਤਾਨ ਤੀਕ ਖਾਲਸਾ
ਰਾਜ ਫੈਲਾ ਦਿੱਤਾ ਸੀ। ਇਤਿਹਾਸਕ ਅਸਥਾਂਨ ਤਾਂ ਮਹਾਨ ਹੁੰਦੇ ਹਨ ਕਿਉਂ ਕਿ ਓੱਥੇ ਮਹਾਨ ਕਰਮ ਹੋਏ
ਹੁੰਦੇ ਹਨ। ਲਾਹੌਰ ਸ਼ਹਿਰ ਵਿੱਚ ਕਿਵੇਂ ਮਾਤਾਵਾਂ ਨੂੰ ਤਸੀਹੇ ਦਿੱਤੇ ਗਏ ਬੱਚਿਆਂ ਦੇ ਗਲ਼ਾਂ ਵਿੱਚ
ਟੁੱਕੜੇ ਕਰਕੇ ਹਾਰ ਪਾਏ ਗਏ, ਕਿਵੇਂ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੀ। ਨਖਾਸ ਚੌਂਕ ਭਾਵ
ਉਸ ਵੇਲੇ ਦੀ ਪੰਜਾਬ ਸਰਕਾਰ ਦਾ ਇਹ ਤਸੀਹਾ ਕੇਂਦਰ ਰਿਹਾ ਹੈ। ਕਿੱਡੀ ਵੱਡੀ ਜੇਲ੍ਹ ਹੋਏਗੀ। ਮੀਰ
ਮੰਨੂ ਤੇ ਜ਼ਕਰੀਆਂ ਖਾਂ ਵਰਗੇ ਜ਼ਾਲਮ ਸੂਬੇਦਾਰ ਕਿਸ ਤਰ੍ਹਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਉਂਦੇ
ਸਨ।
ਬਲੱਗਣ ਜੀ ਦੀ ਕਵਿਤਾ ਦੀਆਂ ਸਤਰਾਂ ਬੜੀਆਂ ਭਾਵ ਪੁਰਤ ਹਨ
ਜਦੋਂ ਕਦੇ ਵੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ, ਹਾਮੀ ਹੱਸ ਕੇ ਭਰੀ
ਪੰਜਾਬੀਆਂ ਨੇ।
ਜਦੋਂ ਕਦੇ ਵੀ ਜ਼ੁਲਮ ਦੀ ਨਦੀ ਵਿੱਚ ਕਾਂਗ ਆਈ ਛਾਲ਼ਾਂ ਮਾਰ ਕੇ ਤਰੀ
ਪੰਜਾਬੀਆਂ ਨੇ।
ਰਚਿਆ ਸਵੰਬਰ ਜਾਂ ਕਿਤੇ ਵਿਧ ਮਾਤਾ ਲਾੜੀ ਮੌਤ ਦੀ ਵਰੀ ਪੰਜਾਬੀਆਂ ਨੇ।
ਚੋਂਹਾਂ ਪਾਸਿਆਂ ਤੋਂ ਕਿਤੋਂ ਜਾਂ ਆਈ ਗੋਲ਼ੀ ਪਹਿਲਾਂ ਹਿੱਕ ਤੇ ਜਰੀ
ਪੰਜਾਬੀਆਂ ਨੇ।
ਪੰਜਾਂ ਨਦੀਆਂ ਦੀ ਜੱਗ ਉੱਤੇ ਜਿਹੜੀ ਮੌਤ ਦੀ ਹਿੱਕ `ਤੇ ਹੱਸਦੀ ਏ।
ਇਕੋ ਮਾਂ ਪੰਜਬਣ ਹੈ ਅਣਖ ਬਦਲੇ ਜਿਹੜੀ ਪੁੱਤ ਮਰਵਾ ਕੇ ਹੱਸਦੀ ਏ।
ਸ਼ਹੀਦੀ ਖੁਮਾਰੀਆਂ ਵਿਚੋਂ
ਇਹਨਾਂ ਅਸਥਾਨਾਂ ਨੂੰ ਦੇਖ ਕੇ ਇੱਕ ਵਾਰੀ ਇਹ ਅਹਿਸਾਸ ਹੁੰਦਾ ਹੈ ਕਿ ਸਾਡੇ
ਪੁਰਖਿਆਂ ਨੇ ਸਿਧਾਂਤ ਲਈ ਆਪਣੀ ਜਾਨਾਂ ਦੇ ਕੇ ਸ਼ਹੀਦੀਆਂ ਤਾਂ ਪ੍ਰਾਪਤ ਕਰ ਲਈਆਂ ਪਰ ਸਿੱਖ
ਵਿਚਾਰਧਾਰਾ ਨੂੰ ਆਂਚ ਨਹੀਂ ਆਉਣ ਦਿੱਤੀ।
ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ ਪਰ ਪੰਜਾਬੀਆਂ ਦਾ
ਨੁਕਸਾਨ ਬਹੁਤ ਹੋਇਆ ਹੈ। ਅੱਜ ਸਾਰੇ ਯੂਰਪ ਵਿੱਚ ਇੱਕ ਦੂਜੇ ਦੇਸ਼ ਦੇ ਵਾਸੀ ਬਿਨਾ ਰੋਕ ਟੋਕ ਦੇ ਆ
ਜਾ ਸਕਦੇ ਹਨ। ਇਹ ਠੀਕ ਹੈ ਕਿ ਸਰਕਾਰਾਂ ਦੀਆਂ ਆਪਣੀਆਂ ਮਜ਼ਬੂਰੀਆਂ ਹੁੰਦੀਆਂ ਹਨ ਪਰ ਦੋਹਾਂ
ਪੰਜਾਬਾਂ ਦੇ ਪੁਰਾਣੇ ਸਮੇਂ ਵਾਂਗ ਮਿਲਣਾ ਲੋਚਦੇ ਹਨ। ਆਪਣੀਆਂ ਜਨਮ ਭੋਂਇ ਦੇਖਣੀਆਂ ਚਹੁੰਦੇ ਹੋਏ
ਵੀ ਨਹੀਂ ਦੇਖ ਸਕਦੇ। ਦੋਹਾਂ ਪੰਜਾਬਾਂ ਦੀ ਵੀਜ਼ਾ ਪ੍ਰਣਾਲ਼ੀ ਹੋਰ ਸੁਖੈਨ ਹੋਵੇ ਤੇ ਵਪਾਰ ਹੋਵੇ ਜਿਸ
ਨਾਲ ਦੋਹਾਂ ਮੁਲਕਾਂ ਨੂੰ ਲਾਭ ਹੋ ਸਕਦਾ ਹੈ।