.

ਨੋਟ: ‘ਤੂ ਸਦਾ’ ਦਾ ਭਾਵ ਹੈ ਕਿ ਕੂੜ ਖਿਆਲਾਂ ਤੋਂ ਮੁਕਤ ਮਨ। ਸਤਿਗੁਰ ਦਾ ਰੱਬੀ ਸੁਨੇਹਾ ਹੀ ਸਦੀਵੀ ਸਲਾਮਤ ਰੱਖਣ ਵਾਲਾ ਹੈ। ਅਨੇਕਾਂ ਚੰਗੇ ਖਿਆਲ ਸਤਿਗੁਰੁ ਦੀ ਮੱਤ ਰਾਹੀਂ ਆਉਂਦੇ ਹਨ। ਮਨ ਕੀ ਮੱਤ ਕਾਰਨ ਅਨੇਕਾਂ ਮੰਦੇ ਖਿਆਲ ਵੀ ਉਪਜਦੇ ਹਨ। ਅਗਲੀਆਂ ਪਉੜੀਆਂ ਵਿਚ 17, 18, 19 ਵਿਚ ਚੰਗੇ ਮੰਦੇ ਖਿਆਲ ਵਿਚਾਰੇ ਹਨ।

ਪਊੜੀ 17

ਨੋਟ:ਵਿਰਲਾ ਬਣਨ ਵਾਲੇ ਮਨ ਨੂੰ ਰੱਬੀ ਮਿਲਨ ਦੀ ਤਾਂਘ ਹੈ। ਉਸੇ ਵਾਸਤੇ ਕੂੜ ਤੋਂ ਛੁਟ ਕੇ ਸਚਿਆਰਾ ਬਣਨ ਦੀ ਜਾਚਨਾ ਕੀਤੀ ਗਈ ਸੀ। ਵਿਰਲਾ ਮਨ ਆਪਣੀ ਕੂੜ ਤੋਂ ਛੁੱਟ ਕੇ ਰੱਬੀ ਮਿਲਨ ਦੀ ਯਾਤਰਾ ’ਚ ਜੋ-ਜੋ ਮਨ ਦੇ ਵੇਗ ਖਿਆਲ ਮਹਿਸੂਸ ਕਰਦਾ ਹੈ ਉਹ ਚੰਗੇ-ਮੰਦੇ ਸਾਰੇ ਖਿਆਲਾਂ ਨੂੰ ਵਿਚਾਰਨ ਯੋਗ ਹੋ ਜਾਂਦਾ ਹੈ ਕਿ ਕਿਹੜੇ ਸਚਿਆਰ ਬਣਨ ਲਈ ਸਹਾਇਕ ਖਿਆਲ ਸੁਭਾ ’ਚ ਪਕਾਉਣੇ ਹਨ ਅਤੇ ਕਿਹੜੇ ਮੰਦੇ-ਮੰਦੇ ਅਸੰਖ ਫੁਰਨੇ ਖਿਆਲ (ਭਾਉ) ਆਪਣੇ ਸੁਭਾ ਵਿਚੋਂ ਛਡਨੇ ਹਨ। ਇਸ ਕਿਸਮ ਦੇ ਚੰਗੇ-ਮੰਦੇ ਬੇਅੰਤ (ਅਸੰਖ) ਖਿਆਲਾਂ ਵਾਲੇ ਸੁਭਾ ਅਗਲੀਆਂ 3 ਪਉੜੀਆਂ 17, 18, 19 ਵਿਚ ਵਿਚਾਰਨ ਯੋਗ ਹਨ।

ਅਸੰਖ ਜਪ ਅਸੰਖ ਭਾਉ ॥

ਰੱਬੀ ਰਜ਼ਾ ਅਨੁਸਾਰ ਜਿਊਣਾ ਹੀ ਭਲੀ ਕਾਰ ਹੈ। ਇਸੇ ਭਾਉ ਨਾਲ ਜਿਊਣਾ ਹੀ ਅਸੰਖ ਜਪਾਂ ਦਾ ਜਪ ਹੈ।

ਅਸੰਖ ਪੂਜਾ ਅਸੰਖ ਤਪ ਤਾਉ ॥

ਤਪ ਤਾਉ:ਤੀਵਰ ਤਾਂਘ।

ਅਸੰਖ ਤਪਾਂ ਦਾ ਤਪ ਹੈ ਜੇ ਸਤਿਗੁਰ ਦੀ ਮੱਤ ਅਧੀਨ ਜੀਵਿਆ ਜਾਵੇ, ਅਤੇ ਅਸਲ ਪੂਜਾ ਵੀ ਇਸਨੂੰ ਹੀ ਕਹਿੰਦੇ ਹਨ।

ਅਸੰਖ ਗਰੰਥ ਮੁਖਿ ਵੇਦ ਪਾਠ ॥

ਮੁਖਿ:ਅੰਤਰ ਆਤਮੇ ਵਿਚੋਂ ਨਿਕਲਿਆ।

ਮੁੱਖ (ਅੰਤਰ ਆਤਮੇ) ਵਿਚੋਂ ਨਿਕਲਿਆ ਸੁਨੇਹਾ ਭਾਵ ਸੱਚ ਤੇ ਆਧਾਰਤ ਮੱਤ ਅਨੁਸਾਰ ਕਾਰ ਕਮਾਉਣਾ ਹੀ ਅਸੰਖ ਗਰੰਥਾਂ ਦਾ ਵੇਦ ਪਾਠ ਹੈ।

ਅਸੰਖ ਜੋਗ ਮਨਿ ਰਹਹਿ ਉਦਾਸ ॥

ਸਤਿਗੁਰ ਦੀ ਮੱਤ ਅਧੀਨ ਜਿਊਣਾ ਹੀ ਅਸੰਖ ਜੋਗਾਂ ਦਾ ਜੋਗ ਹੈ। ਜਿਸ ਸਦਕਾ ਮਨ ਦੇ ਅਸੰਖ ਮੰਦੇ ਖਿਆਲਾਂ (ਵੇਗਾਂ) ਵੱਲੋਂ ਉਪਰਾਮ (ਉਦਾਸ) ਹੋ ਕੇ ਰੱਬੀ ਇਕਮਿਕਤਾ ਦਾ ਜੋਗ ਪ੍ਰਾਪਤ ਹੁੰਦਾ ਹੈ।

ਅਸੰਖ ਭਗਤ ਗੁਣ ਗਿਆਨ ਵੀਚਾਰ ॥

ਸਤਿਗੁਰ ਦੀ ਮੱਤ ਅਨੁਸਾਰ ਰੱਬੀ ਗੁਣਾਂ ਨੂੰ ਸੁਭਾ ’ਚ ਦ੍ਰਿੜ ਕਰਨਾ ਹੀ ਅਸੰਖ ਗੁਣਾਂ ਦੀ ਵਿਚਾਰ ਤੁਲ ਹੈ ਜਿਸ ਸਦਕਾ (ਭਗਤ ਅਵਸਥਾ) ਮਨ ਨੂੰ ਪ੍ਰਾਪਤ ਹੁੰਦੀ ਹੈ ਤੇ ਸਾਰੇ ਅੰਗ ਵੀ ਸੱਚ ਗ੍ਰਹਿਣ ਕਰਨ ਜੋਗ ਹੁੰਦੇ ਹਨ।

ਅਸੰਖ ਸਤੀ ਅਸੰਖ ਦਾਤਾਰ ॥

ਸਤਿਗੁਰ ਦੀ ਮੱਤ ਅਨੁਸਾਰ ਸੁਭਾ ਪਕਾਉਣ ਨਾਲ ਅਨੇਕਾਂ ਨਿਰਮਲ ਖਿਆਲ ਉਪਜਦੇ ਹਨ ਤੇ ਰੋਮ-ਰੋਮ (ਅਸੰਖ) ਭਾਵ ਸਾਰਾ ਤਨ ਅਤੇ ਸੁਭਾ ਸੰਤੋਖੀ ਹੋ ਜਾਂਦਾ ਹੈ।

ਅਸੰਖ ਸੂਰ ਮੁਹ ਭਖ ਸਾਰ ॥

ਸੱਚ ਨੂੰ ਆਪਣੀ ਜੀਵਨ ਜਾਚ ਵਿਚ ਅਪਨਾਉਣ ਸਦਕਾ ਵਿਰਲਾ ਮਨ ਸੂਮਿਆਂ ਵਰਗੀ ਮਜ਼ਬੂਤੀ ਹਾਸਲ ਕਰਦਾ ਹੈ ਅਤੇ ਲੋਹੇ ਵਰਗੇ ਸਖਤ ਵਿਕਾਰਾਂ (ਕਰੜਾ ਸਾਰ) ਨੂੰ ਚਬ ਕੇ (ਭਖ ਕੇ) ਖਾ ਜਾਣ ਦਾ ਬਲ ਪ੍ਰਾਪਤ ਕਰਨ ਜੋਗ ਹੋ ਜਾਂਦਾ ਹੈ।

ਅਸੰਖ ਮੋਨਿ ਲਿਵ ਲਾਇ ਤਾਰ ॥

ਸੱਚ ਨਾਲ ਆਪਣੀ ਲਿਵ ਲਗਾਤਾਰ ਜੋੜੀ ਰੱਖਣ ਲਈ ਵਿਰਲਾ ਮਨ ਵਿਕਾਰੀ ਸੋਚ ਵੱਲੋਂ ਚੁੱਪੀ (ਮੋਨਿ) ਧਾਰੀ ਰੱਖਦਾ ਹੈ।

ਕੁਦਰਤਿ ਕਵਣ ਕਹਾ ਵੀਚਾਰੁ ॥

ਵਿਰਲਾ ਮਨ ਚੰਗੇ ਗੁਣਾਂ ਦੇ ਬਲ ਦਾ ਅੰਦਾਜ਼ਾ ਲਗਾਉਣ (ਵਿਚਾਰ ਕਰਨ) ਤੋਂ ਅਸਮਰਥਤਾ ਵਿਚ ਵਿਸਮਾਦਤ ਹੋ ਕੇ ਸਮਰਪਣ ਦੀ ਅਵਸਥਾ ਨੂੰ ਮਾਣਦਾ ਹੈ।

ਵਾਰਿਆ ਨ ਜਾਵਾ ਏਕ ਵਾਰ ॥

ਵਿਰਲਾ ਮਨ ਬੇਅੰਤ ਚੰਗੇ ਗੁਣਾਂ ਵਾਲੇ ਰੱਬ (ਸਤਿਗੁਰ ਦੀ ਮੱਤ) ਤੋਂ ਵਾਰਨੇ ਜਾਂਦਾ ਹੈ।

ਜੋ ਤੁਧੁ ਭਾਵੈ ਸਾਈ ਭਲੀ ਕਾਰ ॥

ਵਿਰਲੇ ਮਨ ਨੂੰ ਸੂਝ ਪੈਂਦੀ ਹੈ ਕਿ ਸਤਿਗੁਰ ਦੀ ਮੱਤ ਨੂੰ ਪਸੰਦ ਕਰੋ ਅਤੇ ਉਸ ਅਨੁਸਾਰ ਜੀਵੋ ਤਾਂ ਭਲਾ ਹੀ ਹੈ। ਭਾਵ ਸਚਿਆਰ ਬਣਨ ਵਾਲੇ ਮਨ ਲਈ ਸਤਿਗੁਰ ਦੀ ਮੱਤ ਅਨੁਸਾਰ ਜਿਊਣਾ ਹੀ ਭਲੀਕਾਰ ਹੈ।

ਤੂ ਸਦਾ ਸਲਾਮਤਿ ਨਿਰੰਕਾਰ ॥17॥

ਸਤਿਗੁਰ ਦੀ ਮੱਤ ਤੋਂ ਪ੍ਰਾਪਤ ਸਲਾਮਤੀ ਸੁਨੇਹਿਆਂ ਨੂੰ ਸਦੀਵੀ ਸੁਭਾ ’ਚ ਦ੍ਰਿੜ ਕਰਕੇ ਮਨ ਕੀ ਮੱਤ ਤੋਂ ਛੁੱਟ ਜਾਈਦਾ ਹੈ।

ਵੀਰ ਭੁਪਿੰਦਰ ਸਿੰਘ




.