.

ਰਾਮ ਅਵਤਾਰ

[Ram Avtar: the Twentieth Incarnation of Vishnu]

ੴ ਵਾਹਗੁਰੂ ਜੀ ਕੀ ਫਤਹਿ

ਅਥ ਬੀਸਵਾ ਰਾਮ ਅਵਤਾਰ ਕਥਨੰ

ਚੌਪਈ

ਅਬ ਮੈਂ ਕਹੋ ਰਾਮ ਅਵਤਾਰਾ। ਜੈਸਿ ਜਗਤ ਮੋ ਕਰਾ ਪਸਾਰਾ।

ਬਹੁਤੁ ਕਾਲ ਬੀਤਤ ਭਯੋ ਜਬੈ। ਅਸੁਰਨ ਬੰਸ ਪ੍ਰਗਟ ਭਯੋ ਤਬੈ। ੧।

ਅਰਥ: ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਹੁਣ ਮੈਂ ਰਾਮ ਅਵਤਾਰ ਦੀ ਕਥਾ ਕਹਿੰਦਾ ਹਾਂ, ਜਿਸ ਤਰ੍ਹਾਂ ਜਗਤ ਵਿੱਚ (ਉਸ ਨੇ) ਪਸਾਰ ਕੀਤਾ ਸੀ। ਜਦੋਂ ਬਹੁਤ ਸਮਾਂ ਬੀਤ ਗਿਆ, ਤਦੋਂ ਦੈਂਤਾਂ ਦੀ ਕੁਲ ਪ੍ਰਗਟ ਹੋ ਗਈ। ੧। ( “ਮੈਂ” ਕੋਈ ਅਗਿਆਤ ਲਿਖਾਰੀ?)

ਅਸੁਰ ਲਗੇ ਬਹੁ ਕਰੈ ਬਿਖਾਧਾ। ਕਿਨਹੂੰ ਨ ਤਿਨੈ ਤਨਿਕ ਮੈਂ ਸਾਧਾ।

ਸਕਲ ਦੇਵ ਇਕਠੇ ਤਬ ਭਏ। ਛੀਰ ਸਮੁੰਦ੍ਰ ਜਹ ਥੋ ਤਿਹ ਗਏ। ੨।

ਅਰਥ: ਦੈਂਤ ਬਹੁਤ ਦੰਗਾ ਕਰਨ ਲਗੇ, ਕਿਸੇ ਨੇ ਵੀ ਉਨ੍ਹਾਂ ਨੂੰ ਮਾੜਾ ਜਿੰਨਾ ਵੀ ਸਿੱਧਾ ਨਹੀਂ ਕੀਤਾ। ਤਦ ਸਾਰੇ ਦੇਵਤੇ ਇਕੱਠੇ ਹੋਏ ਅਤੇ ਛੀਰ ਸਮੁੰਦਰ (ਵਿਚ) ਜਿਥੇ (? ਸੇਖ-ਸਾਈ ਰਹਿੰਦਾ ਸੀ, ਉਸ ਕੋਲ) ਉੱਥੇ ਗਏ। ੨।

ਬਹੁ ਚਿਰ ਬਸਤ ਭਏ ਤਿਹ ਠਾਮਾ। ਬਿਸਨੁ ਸਹਿਤ ਬ੍ਰਹਮਾ ਜਿਹ ਨਾਮਾ।

ਬਾਰ ਬਾਰ ਹੀ ਦੁਖਤ ਪੁਕਾਰਤ। ਕਾਨ ਪਰੀ ਕਲ ਕੇ ਧੁਨਿ ਆਰਤ। ੩।

ਅਰਥ: ਵਿਸ਼ਣੂ ਸਮੇਤ ਬ੍ਰਹਮਾ ਨਾਮ ਵਾਲੇ ਦੇਵਤੇ ਨੇ ਬਹੁਤ ਸਮੇਂ ਤਕ ਉਸ ਥਾਂ ਵਿੱਚ ਵਾਸ ਕੀਤਾ। (ਉਨ੍ਹਾਂ ਨੇ) ਬਾਰ ਬਾਰ ਦੁਖ ਭਰੀ ਪੁਕਾਰ ਕੀਤੀ। ਉਹ ਦੁਖ ਭਰੀ ਆਵਾਜ਼ ‘ਕਾਲ-ਪੁਰਖ’ ਦੇ ਕੰਨਾਂ ਵਿੱਚ ਪਈ। ੩। (ਵਾਇਰਲਿਸ ਦੁਆਰਾ)

ਤੋਟਕ ਛੰਦ

ਬਿਸਨਾਦਿਕ ਦੇਵ ਲਖੇ ਬਿਮਨੰ। ਮ੍ਰਿਦੁ ਹਾਸ ਕਰੀ ਕਰਿ ਕਾਲਿ ਧੁਨੰ।

ਅਵਤਾਰ ਧਰੋ ਰਘੁਨਾਥ ਹਰੰ। ਚਿਰੁ ਰਾਜ ਕਰੋ ਸੁਖ ਸੋ ਅਵਧੰ। ੪।

ਅਰਥ: ਵਿਸ਼ਣੂ ਆਦਿਕ ਸਾਰੇ ਦੇਵਤਿਆਂ ਨੂੰ ਉਦਾਸ ਮਨ ( ‘ਬਿਮਨ’ ) ਵੇਖਿਆ, ਤਾਂ ( ‘ਕਾਲ-ਪੁਰਖ’ ) ਨੇ ਥੋੜੀ ਜਿਹੀ ਮੁਸਕਾਨ ਨਾਲ ਆਵਾਜ਼ ਦਿੱਤੀ- ਹੇ ਵਿਸ਼ਣੂ! (ਜਾ ਕੇ) ਰਘੁਨਾਥ ਅਵਤਾਰ ਧਾਰਨ ਕਰੋ ਅਤੇ ਚਿਰ ਕਾਲ ਤਕ ਅਵਧ ਵਿੱਚ ਸੁਖ ਪੂਰਵਕ ਰਾਜ ਕਰੋ। ੪।

ਬਿਸਨੇਸ ਧੁਣੰ ਸੁਣਿ ਬ੍ਰਹਮ ਮੁਖੰ। ਅਬ ਸੁਧ ਚਲੀ ਰਘੁਬੰਸ ਕਥੰ।

ਜੁ ਪੈ ਛੋਰਿ ਕਥਾ ਕਵਿ ਯਾਹਿ ਰਢੈ। ਇਨ ਬਾਤਨ ਕੋ ਇੱਕ ਗ੍ਰੰਥ ਬਢੈ। ੫।

ਅਰਥ: ਵਿਸ਼ਣੂ ਨੇ ‘ਕਾਲ-ਪੁਰਖ’ ਦੇ ਮੁਖ ਤੋਂ ਆਵਾਜ਼ ਸੁਣ ਲਈ (ਅਰਥਾਤ ਆਗਿਆ ਪ੍ਰਾਪਤ ਕਰ ਲਈ)। ਹੁਣ (ਇਸ ਤੋਂ ਅਗੇ) ਨਿਰੋਲ ਰਘੁਬੰਸ ਦੀ ਕਥਾ ਚਲਦੀ ਹੈ। ਜੇ ਕਵੀ ਇਸ ਕਥਾ ਨੂੰ ਮੁਢ ਤੋਂ ਕਥਨ ਕਰੇ ਤਾਂ ਇਨ੍ਹਾਂ ਗੱਲਾਂ ਨਾਲ ਗ੍ਰੰਥ ਵੱਡਾ ਹੋ ਜਾਵੇਗਾ। ੫।

ਤਿਹ ਤੇ ਕਹੀ ਥੋਰੀਐ ਬੀਨ ਕਥਾ। ਬਲਿ ਤੈਵ ਉਪਜੀ ਬੁਧਿ ਮਧਿ ਜਥਾ।

ਜਹ ਭੂਲਿ ਭਈ ਹਮ ਤੇ ਲਹੀਯੋ। ਸੁ ਕਬੋ ਤਹ ਅਛ੍ਰ ਬਨਾ ਕਹੀਯੋ। ੬।

ਅਰਥ: ਇਸ ਕਰ ਕੇ ਥੋੜੀ ਚੋਣਵੀਂ ਕਥਾ ਕਹੀ ਹੈ, (ਹੇ ਪ੍ਰਭੂ!) ਤੇਰੇ ਬਲ ਨਾਲ (ਜਿਨੀ ਕੁ ਮੇਰੀ) ਬੁੱਧੀ ਵਿੱਚ ਪੈਦਾ ਹੋਈ ਹੈ। ਜਿਥੇ ਸਾਡੇ ਕੋਲੋਂ ਭੁਲ ਹੋਈ ਜਾਣ ਲਵੋ, ਹੇ ਕਵੀਓ! ਤੁਸੀਂ ਅੱਖਰਾਂ ਨੂੰ ਸੰਵਾਰ ਕੇ ਕਥਨ ਕਰ ਲੈਣਾ। ੬।

ਰਘੁਰਾਜ ਭਯੋ ਰਘੁਬੰਸ ਮਣੰ। ਜਿਹ ਰਾਜ ਕਰਿਯੋ ਪੁਰਿ ਅਉਧ ਘਣੰ।

ਸੋਊ ਕਾਲਿ ਜਿਣਿਯੋ ਨ੍ਰਿਪਰਾਜ ਜਬੰ। ਭੂਅ ਰਾਜ ਕਰਿਯੋ ਅਜ ਰਾਜ ਤਬੰ। ੭।

ਅਰਥ: ਰਾਘਵ ਕੁਲ ਵਿੱਚ ਮਣੀ ਵਾਂਗ ਸ਼ੋਭਾ-ਸ਼ਾਲੀ ‘ਰਘੁ’ ਰਾਜਾ ਹੋਇਆ ਸੀ, ਜਿਸ ਨੇ ਅਯੁਧਿਆ ਪੁਰੀ ਵਿੱਚ ਬਹੁਤ ਚਿਰ ਰਾਜ ਕੀਤਾ। ਜਦੋਂ ਉਸ ਮਹਾਰਾਜੇ (ਰਘੁ) ਨੂੰ ਕਾਲ ਨੇ ਜਿਤ ਲਿਆ ਤਾਂ (ਉਸ ਦੇ ਪੁੱਤਰ) ‘ਅਜ’ ਨੇ ਧਰਤੀ ਦਾ ਰਾਜ ਕੀਤਾ। ੭।

ਅਜ ਰਾਜ ਹਣਿਯੋ ਜਬ ਕਾਲ ਬਲੀ। ਸੁ ਨ੍ਰਿਪਤਿ ਕਥਾ ਦਸਰਥ ਚਲੀ।

ਚਿਰ ਰਾਜ ਕਰੋ ਸੁਖ ਸੋ ਅਵਧੰ। ਮ੍ਰਿਗ ਮਾਰਿ ਬਿਹਾਰਿ ਬਣੰ ਸੁ ਪ੍ਰਭੰ। ੮।

ਅਰਥ: ‘ਅਜ’ ਰਾਜੇ ਨੂੰ ਜਦੋਂ ਬਲੀ ਕਾਲ ਨੇ ਮਾਰ ਦਿੱਤਾ ਤਾਂ ਰਾਜ-ਕਥਾ ਦਸਰਥ ਦੇ ਨਾਂ ਦੀ ਤੁਰੀ। ਉਸ ਨੇ ਵੀ ਬੜੇ ਚਿਰ ਤਕ ਅਯੁਧਿਆ ਵਿੱਚ ਸੁਖ ਪੂਰਵਕ ਰਾਜ ਕੀਤਾ। ਉਹ ਰਾਜਾ ਸ਼ਿਕਾਰ ਕਰਨ ਲਈ ਬਨਾਂ ਵਿੱਚ ਫਿਰਦਾ ਰਹਿੰਦਾ। ੮।

ਜਗ ਧਰਮ ਕਥਾ ਪ੍ਰਚੁਰੀ ਤਬ ਤੇ। ਸੁਮਿਤ੍ਰੇਸ ਮਹੀਪ ਭਯੋ ਜਬ ਤੇ।

ਦਿਨੁ ਰੈਣਿ ਬਣੈਸਨ ਬੀਚ ਫਿਰੈ। ਮ੍ਰਿਗਰਾਜ ਕਰੀ ਮ੍ਰਿਗ ਨੇਤਿ ਹਰੈ। ੯।

ਅਰਥ: ਜਗ ਵਿੱਚ ਧਰਮ ਦੀ ਕਥਾ ਤਦ ਤੋਂ ਪਸਰ ਗਈ, ਜਦ ਤੋਂ ਦਸਰਥ ( ‘ਸੁਮਿਤ੍ਰੇਸ’ ) ਰਾਜਾ ਹੋਇਆ। ਉਹ ਦਿਨ ਰਾਤ ਘਣੇ ਜੰਗਲਾਂ ਵਿੱਚ ਫਿਰਦਾ ਰਹਿੰਦਾ ਸੀ। ਸ਼ੇਰ, ਹਾਥੀ ਤੇ ਹਿਰਨਾਂ ਨੂੰ ਨਿਤ ਮਾਰਦਾ ਹੁੰਦਾ ਸੀ। ੯।

ਇਹ ਭਾਤਿ ਕਥਾ ਉਹ ਠੌਰ ਭਈ। ਅਬ ਰਾਮ ਜਯਾ ਪਰ ਬਾਤ ਗਈ।

ਕੁਹੜਾਮ ਜਹਾ ਸੁਨੀਐ ਸਹਰੰ। ਤਹ ਕੌਸਲ ਰਾਜ ਨ੍ਰਿਪੇਸ ਬਰੰ। ੧੦।

ਅਰਥ: ਇਸ ਤਰ੍ਹਾਂ ਦੀ ਕਥਾ ਉਸ ਪਾਸੇ ਹੋਈ, ਹੁਣ ਰਾਮ ਦੀ ਮਾਤਾ ( ‘ਜਯਾ’ ) ਵਲ ਵਾਰਤਾ ਮੁੜਦੀ ਹੈ। ਜਿਥੇ ‘ਕੁਹੜਾਮ’ ਨਾਂ ਦਾ ਸ਼ਹਿਰ ਸੁਣੀਦਾ ਹੈ, ਉਥੇ ਕੌਸ਼ਲ ਰਾਜ ਦਾ ਮਹਾਨ ਰਾਜਾ ਸੀ। ੧੦।

ਉਪਜੀ ਤਿਹ ਧਾਮ ਸੁਤਾ ਕੁਸਲੰ। ਜਿਹ ਜੀਤ ਲਈ ਸਸਿ ਅੰਸ ਕਲੰ।

ਜਬ ਹੀ ਸੁਧਿ ਪਾਇ ਸੁਯੰਬ੍ਰ ਕਰਿਓ। ਅਵਧੇਸ ਨਰੇਸਹਿ ਚੀਨਿ ਬਰਿਓ। ੧੧।

ਅਰਥ: ਉਸ ਦੇ ਘਰ ਕੁਸ਼ਲਿਆ ਨਾਂ ਦੀ (ਇਕ) ਕੰਨਿਆ ਪੈਦਾ ਹੋਈ, ਜਿਸ ਨੇ ਚੰਦ੍ਰਮਾ ਦੀਆਂ ਕਲਾਵਾਂ (ਦੀ ਸੁੰਦਰਤਾ) ਜਿਤ ਲਈ। ਜਦੋਂ ਉਸ ਕੰਨਿਆ ਨੇ ਹੋਸ਼ ਸੰਭਾਲੀ ਤਾਂ (ਰਾਜੇ ਨੇ) ‘ਸੁਅੰਬਰ’ ਰਚਾ ਦਿੱਤਾ। (ਕੁਸ਼ਲਿਆ ਨੇ) ਚੋਣ ਕਰ ਕੇ ਅਯੁਧਿਆ ਦੇ ਰਾਜੇ (ਦਸ਼ਰਥ) ਨੂੰ ਵਰ ਲਿਆ। ੧੧।

ਪੁਨਿ ਸੈਨ ਸੁਮਿਤ੍ਰ ਨਰੇਸ ਬਰੰ। ਜਿਹ ਜੁਧ ਲੀਏ ਮਦ੍ਰ ਦੇਸ ਹਰੰ।

ਸੁਮਿਤ੍ਰਾ ਤਿਹ ਧਾਮ ਭਈ ਦੁਹਿਤਾ। ਜਿਹ ਜੀਤ ਲਈ ਸਸਿ ਸੂਰ ਪ੍ਰਭਾ। ੧੨।

ਅਰਥ: ਫਿਰ (ਇਕ) ‘ਸੁਮਿਤ੍ਰ ਸੈਨ’ ਨਾਮ ਵਾਲਾ ਸ੍ਰੇਸ਼ਠ ਰਾਜਾ ਹੋਇਆ, ਜਿਸ ਨੇ ਯੁੱਧ ਕਰ ਕੇ ਮਦਰ ਦੇਸ ਨੂੰ ਜਿਤ ਲਿਆ ਸੀ। ਉਸ ਦੇ ਘਰ ‘ਸੁਮਿਤ੍ਰਾ’ ਨਾਂ ਦੀ ਕੰਨਿਆ ਪੈਦਾ ਹੋਈ, ਜਿਸ ਨੇ ਚੰਦ੍ਰਮਾ ਅਤੇ ਸੂਰਜ ਦੀ ਸੁੰਦਰਤਾ ਨੂੰ ਹਰ ਲਿਆ। ੧੨।

ਸੋਊ ਬਾਰਿ ਸੁਬੁਧਿ ਭਈ ਜਬਹੀ। ਅਵਧੇਸਹਿ ਚੀਨਿ ਬਰਿਓ ਤਬਹੀ।

ਗਨਿ ਯਾਹ ਭਣੋ ਕਸਟੁਆਰ ਨ੍ਰਿਪੰ। ਜਿਹ ਕੇਕਈ ਧਾਮ ਸੁਤਾ ਸੁਪ੍ਰਭੰ। ੧੩।

ਅਰਥ: ਉਸ ਬਾਲਿਕਾ ਨੇ ਜਦੋਂ ਹੋਸ਼ ਸੰਭਾਲੀ, ਤਦੋਂ (ਉਸ ਨੇ ਵੀ) ਮਹਾਰਾਜ ਦਸ਼ਰਥ ਨੂੰ ਪਛਾਣ ਕੇ ਵਰ ਲਿਆ। ਇਹ ਕਥਨ ਕਰ ਕੇ ਹੁਣ ਕਸਟੁਆਰ ਰਾਜੇ ਦਾ ਹਾਲ ਕਹਿੰਦੇ ਹਾਂ, ਜਿਸ ਦੇ ਘਰ ਕੇਕਈ ਨਾਮ ਦੀ ਸੁੰਦਰ ਲੜਕੀ (ਪੈਦਾ ਹੋਈ) ਸੀ। ੧੩।

ਇਨ ਤੇ ਗ੍ਰਿਹ ਮੋ ਸੁਤ ਜਉਨ ਥੀਓ। ਤਬ ਬੈਠਿ ਨਰੇਸ ਬਿਚਾਰ ਕੀਓ।

ਤਬ ਕੇਕਈ ਨਾਰਿ ਬਿਚਾਰ ਕਰੀ। ਜਿਹ ਤੇ ਸਸਿ ਸੂਰਜ ਸੋਭ ਧਰੀ। ੧੪।

ਅਰਥ: (ਜਦੋਂ ਦਸ਼ਰਥ ਨੇ ਕੈਕਈ ਨੂੰ ਵਿਆਹੁਣ ਦੀ ਇੱਛਾ ਪ੍ਰਗਟ ਕੀਤੀ ਤਾਂ ਕਸਟੁਆਰ ਦੇ ਰਾਜੇ ਨੇ ਕਿਹਾ) - ਇਸ ਤੋਂ ਤੇਰੇ ਘਰ ਜਿਹੜਾ ਪੁੱਤਰ ਪੈਦਾ ਹੋਵੇਗਾ (ਉਹੀ ਰਾਜ ਦਾ ਹੱਕਦਾਰ ਹੋਵੇਗਾ)। ਤਦ ਦਸ਼ਰਥ ਨੇ (ਇਹ ਗੱਲ ਸੁਣ ਕੇ) ਬੈਠ ਕੇ ਵਿਚਾਰ ਕੀਤਾ। ਤਦ ਵਿਚਾਰ ਪੂਰਵਕ ਕੈਕਈ ਨੂੰ ਇਸਤਰੀ ਵਜੋਂ ਪਰਨਾ ਲਿਆ, ਜਿਸ ਤੋਂ ਚੰਦ੍ਰਮਾ ਤੇ ਸੂਰ ਨੇ ਸ਼ੋਭਾ ਧਾਰਨ ਕੀਤੀ ਹੋਈ ਸੀ। ੧੪।

ਤਿਹ ਬਿਯਾਹਤ ਮਾਗ ਲਏ ਦੁ ਬਰੰ। ਜਿਹ ਤੇ ਅਵਧੇਸ ਕੇ ਪ੍ਰਾਣ ਹਰੰ।

ਸਮਝੀ ਨ ਨਰੇਸਰ ਬਾਤ ਹੀਏ। ਤਬ ਹੀ ਤਿਹ ਕੋ ਬਰ ਦੋਇ ਦੀਏ। ੧੫।

ਅਰਥ: ਕੈਕਈ ਨੇ ਵਿਆਹ ਵੇਲੇ ਦੋ ਵਰ ਮੰਗ ਲਏ, ਜਿਨ੍ਹਾਂ ਕਰ ਕੇ ਦਸ਼ਰਥ ਦੇ ਪ੍ਰਾਣ ਖ਼ਤਮ ਹੋਏ। ਮਹਾਰਾਜੇ ਨੇ ਇਹ ਗੱਲ ਹਿਰਦੇ ਵਿੱਚ ਨ ਸਮਝੀ ਅਤੇ ਉਸ ਵੇਲੇ ਉਸ ਨੂੰ ਦੋ ਵਰ ਦੇਣੇ ਮੰਨ ਲਏ। ੧੫।

ਪੁਨਿ ਦੇਵ ਅਦੇਵਨ ਜੁਧ ਪਰੋ। ਜਹ ਜੁਧ ਘਣੋ ਨ੍ਰਿਪ ਆਪ ਕਰੋ।

ਹਤਿ ਸਾਰਥੀ ਸ੍ਹਯੰਦਨ ਨਾਰ ਹਕਿਯੋ। ਯਹ ਕੌਤਕ ਦੇਖ ਨਰੇਸ ਚਕਿਯੋ। ੧੬।

ਅਰਥ: ਫਿਰ ਦੇਵਤਿਆਂ ਅਤੇ ਦੈਂਤਾਂ ਵਿੱਚ (ਇਕ ਸਮੇਂ) ਯੁੱਧ ਹੋਇਆ, ਜਿਸ ਵਿੱਚ ਬਹੁਤਾ ਯੁੱਧ ਰਾਜੇ ਨੇ ਆਪ ਕੀਤਾ। (ਉਸ ਯੁੱਯ ਵਿੱਚ ਰਾਜੇ ਦਾ) ਸਾਰਥੀ ਮਾਰਿਆ ਗਿਆ, (ਤਾਂ ਦਸ਼ਰਥ ਦੀ) ਇਸਤਰੀ ਕੈਕਈ ਨੇ ਰਥ ਨੂੰ (ਆਪ) ਹਕਿਆ। ਇਸ ਕੌਤਕ ਨੂੰ ਵੇਖ ਕੇ ਰਾਜਾ ਦਸ਼ਰਥ ਹੈਰਾਨ ਹੋ ਗਿਆ। ੧੬।

ਪੁਨਿ ਰੀਝਿ ਦਏ ਦੋਊ ਤੀਅ ਬਰੰ। ਚਿਤ ਮੋ ਸੁ ਬਿਚਾਰ ਕਛੂ ਨ ਕਰੰ।

ਕਹੀ ਨਾਟਕ ਮਧ ਚਰਿਤ੍ਰ ਕਥਾ। ਜਯ ਦੀਨ ਸੁਰੇਸਿ ਨਰੇਸ ਜਥਾ। ੧੭।

ਅਰਥ: ਫਿਰ ਰਾਜੇ ਨੇ ਪ੍ਰਸੰਨ ਹੋ ਕੇ ਇਸਤਰੀ ਨੂੰ ਵਰ ਦੇ ਦਿੱਤੇ ਅਤੇ ਚਿੱਤ ਵਿੱਚ ਇਨ੍ਹਾਂ ਦੇ ਨਤੀਜੇ ਦਾ ਕੁੱਝ ਵੀ ਵਿਚਾਰ ਨ ਕੀਤਾ। (ਇਹ) ਕਥਾ (ਹਨੂਮਾਨ) ਨਾਟਕ ਅਤੇ (ਰਾਮਾਇਣ ਆਦਿਕ) ਰਾਮ-ਚਰਿਤ੍ਰਾਂ ਵਿੱਚ (ਵਿਸਥਾਰ ਨਾਲ) ਕਹੀ ਗਈ ਹੈ ਜਿਸ ਤਰ੍ਹਾਂ ਦਸ਼ਰਥ ਰਾਜੇ ਨੇ ਇੰਦਰ ਨੂੰ (ਦੈਂਤਾਂ ਤੋਂ) ਜਿੱਤ ਲੈ ਦਿੱਤੀ ਸੀ। ੧੭।

ਅਰਿ ਜੀਤਿ ਅਨੇਕ ਅਨੇਕ ਬਿਧੰ। ਸਬ ਕਾਜ ਨਰੇਸਵਰ ਕੀਨ ਸਿਧੰ।

ਦਿਨ ਰੈਣ ਬਿਹਾਰਤ ਮਧਿ ਬਣੰ। ਜਲ ਲੈਨ ਦਿਜਾਇ ਤਹਾ ਸ੍ਰਵਣੰ। ੧੮।

ਅਰਥ: ਦਸ਼ਰਥ ਨੇ ਅਨੇਕ ਤਰ੍ਹਾਂ ਨਾਲ ਅਨੇਕਾਂ ਵੈਰੀ ਜਿੱਤ ਲਏ ਅਤੇ ਰਾਜ ਦੇ ਸਾਰੇ ਕੰਮ ਸਿੱਧ ਕਰ ਲਏ। (ਦਸ਼ਰਥ ਮਹਾਰਾਜਾ) ਦਿਨ ਰਾਤ ਜੰਗਲ ਵਿੱਚ ਸ਼ਿਕਾਰ ਲਈ ਵਿਚਰਦਾ ਰਹਿੰਦਾ। (ਇਕ ਦਿਨ) ਉਥੇ ਸ੍ਰਵਣ ਨਾਮ ਦਾ ਬ੍ਰਾਹਮਣ ਜਲ ਲੈਣ ਲਈ ਆਇਆ। ੧੮।

ਪਿਤੁ ਮਾਤ ਤਜੇ ਦੋਊ ਅੰਧ ਭੁਯੰ। ਗਹਿ ਪਾਤ੍ਰ ਚਲਿਯੋ ਜਲੁ ਲੈਨ ਸੁਯੰ।

ਮੁਨਿ ਨੋਦਿਤ ਕਾਲ ਸਿਧਾਰ ਤਹਾ। ਨ੍ਰਿਪ ਬੈਠ ਪਤਉਵਨ ਬਾਧਿ ਜਹਾ। ੧੯।

ਅਰਥ: (ਸ੍ਰਵਣ ਨੇ ਆਪਣੇ) ਦੋਹਾਂ ਅੰਨ੍ਹੇ ਮਾਤਾ ਪਿਤਾ ਨੂੰ ਧਰਤੀ ਉਤੇ ਛਡਿਆ ਅਤੇ ਆਪ ਬਰਤਨ ਫੜ ਕੇ, ਜਲ ਲੈਣ ਲਈ ਚਲ ਪਿਆ। (ਸ੍ਰਵਣ) ਮੁਨੀ ਕਾਲ ਦਾ ਪ੍ਰੇਰਿਆ ਉਥੇ ਚਲਾ ਗਿਆ, ਜਿਥੇ ਦਸ਼ਰਥ ਰਾਜਾ ਮਚਾਨ ਬ੍ਹੰਨੀ ਬੈਠਾ ਸੀ। ੧੯।

ਭਭਕੰਤ ਘਟੰ ਅਤਿ ਨਾਦਿ ਹੂਅੰ। ਧੁਨਿ ਕਾਨਿ ਪਰੀ ਅਜ ਰਾਜ ਸੂਅੰ।

ਗਹਿ ਪਾਣਿ ਸੁ ਬਾਣਹਿ ਤਾਨਿ ਧਨੰ। ਮ੍ਰਿਗ ਜਾਣ ਦਿਜੰ ਸਰ ਸੁਧ ਹਨੰ। ੨੦।

ਅਰਥ: (ਪਾਣੀ ਭਰਨ ਨਾਲ) ਘੜੇ ਤੋਂ ਭਕ ਭਕ ਦਾ ਨਾਦ ਹੋਇਆ ਤਾਂ ਅਜ ਰਾਜੇ ਦੇ ਪੁੱਤਰ (ਦਸ਼ਰਥ) ਦੇ ਕੰਨ ਵਿੱਚ (ਉਹ) ਆਵਾਜ਼ ਪਈ। (ਉਸ ਵੇਲੇ) ਹੱਥ ਵਿੱਚ ਤੀਰ ਫੜ ਕੇ, ਧਨੁਸ਼ ਵਿੱਚ ਖਿਚਿਆ ਅਤੇ ਹਿਰਨ ਸਮਝ ਕੇ ਬ੍ਰਾਹਮਣ ਨੂੰ ਮਾਰ ਦਿੱਤਾ। ੨੦।

ਗਿਰ ਗਯੋ ਸੁ ਲਗੇ ਸਰ ਸੁਧ ਮੁਨੰ। ਨਿਸ੍ਰੀ ਮੁਖ ਤੇ ਹਹਕਾਰ ਧੁਨੰ।

ਮ੍ਰਿਗ ਨਾਤ ਕਹਾ ਨ੍ਰਿਪ ਜਾਇ ਲਹੈ। ਦਿਜ ਦੇਖ ਦੁਊ ਕਰ ਦਾਂਤ ਗਹੇ। ੨੧।

ਅਰਥ: ਤੀਰ ਲਗਦਿਆਂ ਹੀ ਮੁਨੀ ਡਿਗ ਪਿਆ। (ਉਸ ਦੇ) ਮੂੰਹੋਂ ਹਾਹਾਕਾਰ ਦੀ ਆਵਾਜ਼ ਨਿਕਲੀ। ਹਿਰਨ ਕਿਥੇ ਮਰਿਆ ਹੈ? (ਇਹ ਜਾਣਨ ਲਈ) ਰਾਜਾ (ਤਲਾਉ ਦੇ ਦੂਜੇ ਕੰਢੇ) ਗਿਆ, ਅਤੇ ਬ੍ਰਾਹਮਣ ਨੂੰ ਵੇਖ ਕੇ (ਰਾਜੇ ਨੇ) ਦੋਵੇਂ ਹੱਥ ਦੰਦਾਂ ਨਾਲ ਦਬ ਲਏ (ਭਾਵ ਰਾਜਾ ਦੁਖ ਨਾਲ ਉਦਾਸ ਹੋ ਗਿਆ)। ੨੧।

ਸਰਵਣੁ ਬਾਚਿ

ਕਛੁ ਪ੍ਰਾਨ ਰਹੇ ਤਿਹ ਮਧ ਤਨੰ। ਨਿਕਰੰਤ ਕਹਾ ਜੀਅ ਬਿਪ ਨ੍ਰਿਪੰ।

ਮੁਰ ਤਾਤਰੁ ਮਾਤ ਨ੍ਰਿਚਛ ਪਰੇ। ਤਿਹ ਪਾਣਿ ਪਿਆਇ ਨ੍ਰਿਪਾਧ ਮਰੇ। ੨੨।

ਅਰਥ: ਸ੍ਰਵਣ ਦੇ ਸ਼ਰੀਰ ਵਿੱਚ (ਅਜੇ) ਕੁੱਝ ਪ੍ਰਾਣ ਰਹਿੰਦੇ ਸਨ। ਬ੍ਰਾਹਮਣ (ਦੀ ਦੇਹ ਵਿਚੋਂ ਨਿਕਲਦਿਆਂ ਪ੍ਰਾਣਾਂ) ਨੇ ਰਾਜੇ ਨੂੰ ਕਿਹਾ- ਹੇ ਨੀਚ ਰਾਜੇ! ਮੇਰੇ ਅੰਨ੍ਹੇ ( ‘ਨ੍ਰਿਚਛ’ ) ਮਾਤਾ ਪਿਤਾ (ਫਲਾਣੀ ਥਾਂ ਉਤੇ) ਪਏ ਹਨ, ਉਨ੍ਹਾਂ ਨੂੰ ਪਾਣੀ ਪਿਲਾ ਦੇ। ੨੨।

ਟੂਕ ਮਾਤਰ ਬ੍ਰਾਹਮਣ ਦੀ ਕਰਾਮਾਤ ਪੜ੍ਹੋ: ਤਬ ਲੀਯੋ ਅਦਿਕ ਕਾਸਟ ਮੰਗਾਇ। ਚੜਿ ਬੈਠੇ ਤਹਾ ਸਲ੍ਹ ਕਉ ਬਨਾਇ।

ਚਹੁ ਓਰ ਦਈ ਜੁਆਲਾ ਜਗਾਇ। ਦਿਜ ਜਾਨ ਗਈ ਪਾਵਕ ਸਿਾਇ। ੩੩।

ਅਰਥ: ਤਦ ਬਹੁਤ ਸਾਰੀਆਂ ਲਕੜਾਂ ਮੰਗਵਾ ਲਈਆਂ, ਉਨ੍ਹਾਂ ਦੀ ਚਿੱਖਾ ( ‘ਸਲ੍ਹ’ ) ਬਣਾ ਕੇ (ਦੋਵੇਂ ਉਸ ਉਤੇ) ਚੜ੍ਹ ਬੈਠੇ। ਚੌਹਾਂ ਪਾਸਿਆਂ ਤੋਂ ਅੱਗ ਮਚਾ ਦਿੱਤੀ, ਪਰ ਬ੍ਰਹਾਮਣ ਜਾਣ ਕੇ ਅੱਗ ਠੰਡੀ ਹੋ ਗਈ। ੩੩।

ਫਿਰ ਦਸ਼ਰਜ ਰਾਜੇ ਨੇ ਯੱਗ ਕੀਤਾ!

ਬੇਦ ਧੁਨਿ ਕਰਿ ਕੈ ਸਬੈ ਦਿਜ ਕੀਅਸ ਜਗ ਅਰੰਭ। ਭਾਤਿ ਭਾਤਿ ਬੁਲਾਇ ਹੋਮਤ ਰਿਤਜਾਨ ਅਸੰਭ।

ਅਧਿਕ ਮੁਨਿਬਰ ਜਉ ਕੀਯੋ ਬਿਧਿ ਪੂਰਬ ਹੋਮ ਬਨਾਇ। ਜਗ ਕੁੰਡਹੁ ਤੇ ਉਠੇ ਤਬ ਜਗ ਪੁਰਖ ਅਕੁਲਾਇ। ੫੦।

ਅਰਥ: ਵੇਦਾਂ ਦੀ ਧੁਨੀ ਨਾਲ ਸਾਰਿਆਂ ਬ੍ਰਾਹਮਣਾਂ ਨੇ ਯੱਗ ਦਾ ਆਰੰਭ ਕੀਤਾ। ਤਰ੍ਹਾਂ ਤਰ੍ਹਾਂ ਦੇ ਪੁਰੋਹਿਤ ( ‘ਰਿਤਜਾਨ’ ) ਬੁਲਾਏ, ਜੋ ਅਮੋਲਕ ਪਦਾਰਥ ਹੋਮ ਕਰਦੇ ਸਨ। ਬਹੁਤੇ ਮੁਨੀਆਂ ਨੇ ਵਿਧੀ-ਪੂਰਵਕ ਬਣਾ ਕੇ ਜੋ ਬਲੀਆਂ ਹੋਮ ਕੀਤੀਆ ਸਨ, (ਉਨ੍ਹਾਂ ਕਰ ਕੇ) ਉਦੋਂ ਹੀ ਯੱਗ ਪੁਰਸ਼ ਵਿਆਕੁਲ ਹੋ ਕੇ ਯੱਗ ਕੁੰਡ ਵਿਚੋਂ ਉਠ ਖੜੋਤਾ। ੫੦।

ਖੀਰ ਪਾਤ੍ਰ ਕਢਾਇ ਲੈ ਕਰਿ ਦੀਨ ਨ੍ਰਿਪ ਕੇ ਆਨਿ। ਭੂਪ ਪਾਇ ਪ੍ਰਸੰਨ ਭਯੋ ਜਿਮੁ ਦਾਰਦੀ ਲੈ ਦਾਨ।

ਚਤ੍ਰ ਭਾਗ ਕਰਿਯੋ ਤਿਸੈ ਨਿਜ ਪਾਨਿ ਲੈ ਨ੍ਰਿਪ ਰਾਇ। ਏਕ ਏਕ ਦਯੋ ਦੁਹੂੰ ਤ੍ਰੀਅ ਏਕ ਕੋ ਦੁਇ ਭਾਇ। ੫੧।

ਅਰਥ: (ਯੱਗ ਪੁਰਸ਼ ਨੇ) ਆਪਣੇ ਹੱਥ ਵਿੱਚ ਖੀਰ ਦਾ ਬਰਤਨ ਕਢ ਕੇ ਰਾਜੇ ਨੂੰ ਆਣ ਦਿੱਤਾ। ਰਾਜਾ ਦਸ਼ਰਥ (ਉਸ ਨੂੰ ਪ੍ਰਾਪਤ ਕਰ ਕੇ ਇਸ ਤਰ੍ਹਾਂ) ਪ੍ਰਸੰਨ ਹੋਇਆ, ਜਿਸ ਤਰ੍ਹਾਂ ਕੰਗਲਾ ਦਾਨ ਲੈ ਕੇ (ਪ੍ਰਸੰਨ ਹੁੰਦਾ ਹੈ)। ਦਸ਼ਰਥ ਨੇ (ਖੀਰ ਨੂੰ) ਆਪਣੇ ਹੱਥ ਵਿੱਚ ਲੈ ਕੇ ਉਸ ਦੇ ਚਾਰ ਹਿੱਸੇ ਕਰ ਦਿੱਤੇ। ਇੱਕ ਇੱਕ ਹਿੱਸਾ ਦੋਹਾਂ ਰਾਣੀਆਂ ਨੂੰ ਦਿੱਤਾ ਅਤੇ ਇੱਕ (ਰਾਣੀ ਸੁਮਿਤ੍ਰਾ) ਨੂੰ ਦੋ ਹਿੱਸੇ ਦੇ ਦਿੱਤੇ। ੫੧।

ਗਰਭਵੰਤਿ ਭਈ ਤ੍ਰਿਯੋ ਤ੍ਰਿਯ ਛੀਰ ਕੇ ਕਰਿ ਪਾਨ। ਤਾਹਿ ਰਾਖਤ ਭੀ ਭਲੋ ਦਸ ਦੋਇ ਮਾਸ ਪ੍ਰਮਾਨ।

ਮਾਸ ਤ੍ਰਿਉਦਸਮੋ ਚਢਿਯੋ ਤਬ ਸੰਤਨ ਹੇਤ ਉਧਾਰ। ਰਾਵਣਾਰਿ ਪ੍ਰਗਟ ਭਏ ਜਗਿ ਆਨਿ ਰਾਮ ਅਵਤਾਰ। ੫੨।

ਅਰਥ: (ਉਸ) ਖੀਰ ਨੂੰ ਪੀਣ ਨਾਲ ਤਿੰਨੋ ਇਸਤਰੀਆਂ ਗਰਭਵਤੀ ਹੋ ਗਈਆਂ। ਬਾਰ੍ਹਾਂ ਮਹੀਨੇ ਤਕ ਉਨ੍ਹਾਂ ਨੇ ਉਸ (ਗਰਭ) ਨੂੰ ਧਾਰਨ ਕੀਤੀ ਰਖਿਆ। ਤੇਰ੍ਹਵਾਂ ਮਹੀਨਾ (ਜਦ) ਚੜ੍ਹਿਆ ਤਾਂ ਸੰਤਾਂ ਦੇ ਉੱਧਾਰ ਲਈ ਰਾਵਣ ਦੇ ਵੈਰੀ ਰਾਮ ਅਵਤਾਰ ਜਗਤ ਵਿੱਚ ਆ ਕੇ ਪ੍ਰਗਟ ਹੋਏ। ੫੨।

ਭਰਥ ਲਛਮਨ ਸਤ੍ਰੁਘਨ ਪੁਨਿ ਭਏ ਤੀਨ ਕੁਮਾਰ। ਭਾਤਿ ਭਾਤਨ ਬਾਜੀਯੰ ਨ੍ਰਿਪ ਰਾਜ ਬਾਜਨ ਦੁਆਰਿ।

ਪਾਇ ਲਾਗਿ ਬੁਲਾਇ ਬਿਪਨ ਦੀਨ ਦਾਨ ਦੁਰੰਤਿ। ਸਤ੍ਰੁ ਨਾਸਤ ਹੋਹਿਗੇ ਸੁਖ ਪਾਇ ਹੈ ਸਭ ਸੰਤ। ੫੩।

ਅਰਥ: ਫਿਰ ਭਰਤ, ਲੱਛਮਣ ਤੇ ਸ਼ਤਰੂਘਨ ਤਿੰਨ ਕੁਮਾਰ (ਹੋਰ) ਹੋਏ। ਰਾਜੇ ਦੇ ਦੁਆਰ ਤੇ ਕਈ ਤਰ੍ਹਾਂ ਦੇ ਵਾਜੇ ਵਜਣ ਲਗੇ। ਬ੍ਰਾਹਮਣਾਂ ਨੂੰ ਬੁਲਾ ਕੇ (ਉਨ੍ਹਾਂ ਦੇ) ਪੈਰੀ ਲਗ ਕੇ ਬਹੁਤ ਦਾਨ ਦਿੱਤੇ। (ਹੁਣ) ਵੈਰੀ ਨਸ਼ਟ ਹੋਣਗੇ ਅਤੇ ਸਭ ਸੰਤ ਸੁਖ ਪਾਣਗੇ। ੫੩।

{ਇਸ ਤੋਂ ਅਗਲੀ ਵਾਰਤਾ ਵੀ ਰਾਮਾਇਣ ਦੀ ਕਹਾਣੀ ਚਲਦੀ ਰਹੀ (੫੪ ਤੋਂ ੮੫੭) ਜਿਵੇਂ ਸੀਤਾ ਸੁਅੰਬਰ, ਬਨਵਾਸ ਦਾ ਕਥਨ, ਸੀਤਾ ਦੇ ਹਰਨ ਦਾ ਕਥਨ, ਹਨੂਮਾਨ ਨੂੰ ਖੋਜ ਲਈ ਭੇਜਣ ਦਾ ਪ੍ਰਸੰਗ, ਰਾਵਣ ਦੇ ਯੁੱਧ ਦਾ ਕਥਨ, ਅਯੁਧਿਆ ਨੂੰ ਚਲਣ ਦਾ ਕਥਨ, ਸੀਤਾ ਨੂੰ ਬਨਵਾਸ ਦੇਣ ਦਾ ਕਥਨ, ਸੀਤਾ ਦਾ ਦੋਹਾਂ ਪੁੱਤਰਾਂ ਸਹਿਤ ਅਵਧਪੁਰੀ ਵਿੱਚ ਪ੍ਰਵੇਸ਼ ਦਾ ਕਥਨ, ਆਦਿਕ}

ਦੋਹਰਾ

ਰਾਮ ਕਥਾ ਜੁਗੁ ਜੁਗਿ ਅਟਲ ਸਭ ਕੋਈ ਭਾਖਤ ਨੇਤਿ। ਸੁਰਗਿ ਬਾਸੁ ਰਘੁਬਰ ਕਰਾ ਸਗਰੀ ਪੁਰੀ ਸਮੇਤ। ੮੫੮।

ਇਤਿ ਰਾਮ ਭਿਰਾਤ ਤ੍ਰੀਅਨ ਸਹਤ ਸੁਰਗਿ ਗਏ ਅਰੁ ਰਾਮ ਸਗਰੀ ਪੁਰੀ ਸਹਿਤ ਸੁਰਗ ਜਾਇਬੋ ਧਿਆਇ ਸਮਾਪਤਮ।

ਅਰਥ: ਸ੍ਰੀ ਰਾਮ ਦੀ ਕਥਾ ਯੁਗਾਂ ਯੁਗਾਂ ਵਿੱਚ ਅਟਲ ਹੈ, (ਉਸ ਕਥਾ ਨੂੰ) ਸਭ ਕੋਈ ਸਦੀਵੀ ਕਹਿੰਦਾ ਹੈ। ਸ੍ਰੀ ਰਾਮ ਨੇ ਸਾਰੀ ਨਗਰੀ ਸਹਿਤ ਸੁਅਰਗ ਵਿੱਚ ਨਿਵਾਸ ਕੀਤਾ। ੮੫੮।

ਚੌਪਈ

ਜੋ ਇਹ ਕਥਾ ਸੁਨੈ ਅਰੁ ਗਾਵੈ। ਦੂਖ ਪਾਪ ਤਿਹ ਨਿਕਟਿ ਨ ਆਵੈ।

ਬਿਸਨੁ ਭਗਤਿ ਕੀ ਏ ਫਲੁ ਹੋਈ। ਆਧਿ ਬ੍ਹਯਾਧਿ ਛੈਵ ਸਕੈ ਨ ਕੋਈ। ੮੫੯।

ਅਰਥ: ਜੇ ਕੋਈ ਇਸ ਰਾਮ ਕਥਾ ਨੂੰ ਸੁਣੇਗਾ ਅਤੇ ਪੜ੍ਹੇਗਾ, ਦੁਖ ਅਤੇ ਪਾਪ ਉਸ ਦੇ ਨੇੜੇ ਨਹੀਂ ਆਣਗੇ। ਵਿਸ਼ਣੂ ਭਗਤੀ ਕਰਨ ਦਾ (ਇਹੀ ਫਲ) ਪ੍ਰਾਪਤ ਹੋਵੇਗਾ ਕਿ ਕੋਈ ਆਧਿ ਜਾਂ ਬਿਆਧਿ (ਉਸ ਭਗਤ ਨੂੰ) ਛੋਹ ਵੀ ਨਹੀਂ ਸਕੇਗੀ। ੮੫੯।

ਸੰਮਤ ਸਤ੍ਰਹ ਸਹਸ ਪਚਾਵਨ। ਹਾੜ ਵਦੀ ਪ੍ਰਿਥਮਿ ਸੁਖ ਦਾਵਨ।

ਤਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ। ਭੂਲ ਪਰੀ ਲਹੁ ਲੇਹੁ ਸੁਧਾਰਾ। ੮੬੦।

ਅਰਥ: ਸੰਮਤ ੧੭੫੫ ਦੀ ਸੁਖਦਾਇਕ ਹਾੜ ਵਦੀ ਏਕਮ ਨੂੰ ਤੇਰੀ ਕ੍ਰਿਪਾ ਨਾਲ ਗ੍ਰੰਥ ਪੂਰਾ ਕੀਤਾ ਹੈ। (ਜਿਥੇ ਕੋਈ) ਭੁੱਲ ਹੋਈ ਵੇਖੋ, ਤਾਂ ਉਸ ਨੂੰ ਸੋਧ ਲਵੋ। ੮੬੦।

ਦੋਹਰਾ

ਨੇਤ੍ਰ ਤੁੰਗ ਕੇ ਚਰਨ ਤਰਿ ਸਤਦ੍ਰਵ ਤੀਰ ਤਰੰਗ। ਸ੍ਰੀ ਭਗਵਤਿ ਪੂਰਨ ਕੀਓ ਰਘੁਬਰ ਕਥਾ ਪ੍ਰਸੰਗ। ੮੬੧।

ਅਰਥ: ਨੈਣਾ ਦੇਵੀ ਪਰਬਤ ਦੇ ਪੈਰਾਂ ਹੇਠ ਲਹਿਰਾਂ ਵਾਲੀ ਸਤਲੁਜ ਨਦੀ ਦੇ ਕੰਢੇ ਉਤੇ (ਆਨੰਦਪੁਰ ਵਿਚ) ਸ੍ਰੀ ਭਗਵਾਨ (ਨੇ ਮਿਹਰ ਕਰਕੇ) ਸ੍ਰੀ ਰਾਮ ਦਾ ਕਥਾ-ਪ੍ਰਸੰਗ ਪੂਰਾ ਕੀਤਾ। ੮੬੧।

ਸਾਧ ਅਸਾਧ ਜਾਨੋ ਨਹੀ ਬਾਦ ਸੁਬਾਦ ਬਿਬਾਦ। ਗ੍ਰੰਥ ਸਕਲ ਪੂਰਣ ਕੀਯੋ ਭਗਵਤਿ ਕ੍ਰਿਪਾ ਪ੍ਰਸਾਦਿ। ੮੬੨।

ਅਰਥ: ਮੈਂ ਚੰਗੇ ਮਾੜੇ ਅਤੇ ਵਾਦ-ਵਿਵਾਦ ਤੇ ਸੁਵਾਦ ਨੂੰ ਵੀ ਨਹੀਂ ਜਾਣਦਾ। ਬਸ ਸ੍ਰੀ ਭਗਵਾਨ ਦੀ ਕ੍ਰਿਪਾ ਅਤੇ ਮਿਹਰ ਕਰ ਕੇ ਹੀ ਸਾਰਾ ਗ੍ਰੰਥ ਪੂਰਾ ਕੀਤਾ ਹੈ। ੮੬੨।

ਸਵੈਯਾ

ਪਾਇ ਗਹੈ ਜਬ ਤੇ ਤੁਮਰੇ ਤਬ ਤੇ ਕੋਊ ਆਖ ਤਰੇ ਨਹੀ ਆਨਿਯੋ।

ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤਿ ਏਕ ਨ ਮਾਨਿਯੋ।

ਸਿੰਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਨਿਯੋ।

ਸ੍ਰੀ ਅਸਿਪਾਨਿ ਕ੍ਰਿਪਾ ਤੁਮਰੀ ਕਰਿ ਮੈ ਨ ਕਹਿਯੋ ਸਬ ਤੋਹਿ ਬਖਾਨਿਯੋ। ੮੬੩।

ਅਰਥ: ਜਦ ਤੋਂ ਤੁਹਾਡੇ ਚਰਨ ਫੜੇ ਹਨ ਤਦ ਤੋਂ ਮੈਂ (ਹੋਰ) ਕਿਸੇ ਨੂੰ ਅੱਖ ਹੇਠਾਂ ਨਹੀਂ ਲਿਆਉਂਦਾ। ਰਾਮ, ਰਹੀਮ, ਪੁਰਾਨ ਅਤੇ ਕੁਰਾਨ ਨੇ ਅਨੇਕਾਂ ਮੱਤ ਕਹੇ ਗਏ ਹਨ (ਪਰ ਮੈਂ ਕਿਸੇ) ਇੱਕ ਨੂੰ ਵੀ ਨਹੀਂ ਮੰਨਦਾ। ਸਮ੍ਰਿਤੀਆਂ, ਸ਼ਾਸਤ੍ਰ ਅਤੇ ਵੇਦ ਬਹੁਤ ਸਾਰੇ ਭੇਦ ਦਸਦੇ ਹਨ, ਪਰ ਮੈ ਇੱਕ ਵੀ ਨਹੀਂ ਜਾਣਿਆਂ। ਹੇ ਕਾਲ ਪੁਰਖ! ਤੇਰੀ ਕ੍ਰਿਪਾ ਕਰ ਕੇ (ਗ੍ਰੰਥ ਸਿਰਜਿਆ ਜਾ ਸਕਿਆ ਹੈ)। (ਇਹ) ਮੈਂ ਨਹੀਂ ਕਿਹਾ, ਸਾਰਾ ਤੁਸੀਂ ਹੀ ਕਥਨ ਕੀਤਾ ਹੈ। ੮੬੩।

ਦੋਹਰਾ

ਸਗਲ ਦੁਆਰ ਕੋ ਛਾਡਿ ਕੈ ਗਹਿਓ ਤੁਹਾਰੋ ਦੁਆਰ। ਬਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ੮੬੪।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਮਾਇਣ ਸਮਾਪਤਾਮ।

ਅਰਥ: ਸਾਰੇ ਦਰਾਂ ਨੂੰ ਛੱਡ ਕੇ, ਤੁਹਾਡਾ ਦਰ ਫੜਿਆ ਹੈ। ਤੁਹਾਨੂੰ ਬਾਂਹ ਫੜੇ ਦੀ ਲਾਜ ਹੈ, ਗੋਬਿੰਦ ਤੁਹਾਡਾ ਦਾਸ ਹਾਂ। ੮੬੪।

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਰਾਮਾਇਣ ਦੀ ਸਮਾਪਤੀ।

{੧੯੩੨ ਤੋਂ ਲੈ ਕੇ ਹੁਣ ਤੱਕ, ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਹੈੱਡ-ਮਨਿਸਟਰ, ਸਿੱਖ ਬੁੱਧੀਮਾਨ, ਲੇਖਕ, ਪ੍ਰਚਾਰਕ, ਆਦਿਕ ਨੇ ਕਦੇ ਕੋਈ ਜਾਣਕਾਰੀ ਦਿੱਤੀ ਕਿ ਚਰਿਤ੍ਰਪਖਯਾਨੋ ਦੀ ਚੌਪਈ ਵਾਂਗ, ਇਹ ਰਾਮ ਲੀਲ੍ਹਾ ਪ੍ਰਸੰਗ ਦਾ ਸਵੈਯਾ ਅਤੇ ਦੋਹਰਾ (੮੬੩ ਤੇ ੮੬੪) ਕਿਵੇਂ ਰਹਰਾਸਿ ਵਿੱਚ ਅੰਕਿਤ ਕੀਤੇ ਗਏ? ਇਸ ਰਾਮਾਇਣ ਦੀ ਵਾਰਤਾ ਨਾਲ ਸਿੱਖਾਂ ਦਾ ਕੀ ਵਾਸਤਾ? ਸਾਨੂੰ ਕਦੋਂ ਹੋਸ਼ ਆਏਗੀ?}

ਉਤਾਰਾ ਕਰਤਾ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੨ ਫਰਵਰੀ ੨੦੧੬




.