ਆਜ਼ਾਦੀ ਦੀ ਕਹਾਣੀ, ਸ. ਰਾਮ ਸਿੰਘ ਜੀ ਦੀ ਜ਼ੁਬਾਨੀ
ਸ. ਰਾਮ ਸਿੰਘ
ਜੀ ਇਸ ਸਮੇ ਬਜ਼ੁਰਗ ਉਮਰ ਵਿੱਚ ਹੋਣ ਦੇ ਬਾਵਜੂਦ ਵੀ ਹਰ ਤਰ੍ਹਾਂ ਉਦਮਸ਼ੀਲ ਅਤੇ ਹਸਮੁਖ ਸੁਭਾ ਦੇ ਹਨ।
ਉਹ ਖ਼ੁਦ ਕਾਰ ਚਲਾ ਕੇ ਹਰ ਰੋਜ਼ ਗੁਰਦੁਆਰਾ ਸਾਹਿਬ ਗਲੈਨਵੁੱਡ ਆਉਂਦੇ ਹਨ। ਜਦੋਂ ਦੇ ਸਿਡਨੀ ਵਿੱਚ ਆਏ
ਹਨ ਇਸ ਗੁਰਦੁਆਰਾ ਸਾਹਿਬ ਵਿਖੇ ਹਰ ਪ੍ਰਕਾਰ ਦੀ ਸੇਵਾ ਵਿੱਚ ਹਿੱਸਾ ਲੈਂਦੇ ਆ ਰਹੇ ਹਨ। ਉਹਨਾਂ ਨੇ
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਿੱਚ ਵੀ ਕਈ ਸਾਲ ਸੇਵਾ ਕੀਤੀ ਹੈ ਤੇ ਗੁਰਦੁਆਰਾ ਸਾਹਿਬ ਦੀ
ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਸਮੇ ਆਪ ਜੀ ਪੰਜਾਂ ਪਿਆਰਿਆਂ ਵਿੱਚ ਵੀ ਸ਼ਾਮਲ ਸਨ। ਉਹਨਾਂ ਦਾ
ਫ਼ੋਨ ਨੰਬਰ ਹੈ: 0401 158 426
ਅੱਜ ਤੱਕ ਮਨੁਖੀ ਇਤਿਹਾਸ ਵਿੱਚ ਅਜਿਹੀ ਦੁਰਘਟਨਾ
ਨਹੀਂ ਵਾਪਰੀ ਜਿੰਨੀ ਭਿਆਨਕ ੧੯੪੭ ਦੇ ਦੂਜੇ ਅੱਧ ਵਿੱਚ ਪੰਜਾਬੀ ਸਮਾਜ ਨਾਲ਼ ਵਾਪਰੀ। ਮੁਢਲੇ ਤੌਰ ਤੇ
ਦੋ ਬੰਦਿਆਂ, ਜਵਾਹਰ ਲਾਲ ਨਹਿਰੂ ਅਤੇ ਮਿਸਟਰ ਜਿਨਾਹ ਦੀ, ਇੱਕ ਅੰਗ੍ਰੇਜ਼ ਲੇਡੀ ਓਡਵਿਨਾ ਦੇ ਇਸ਼ਕ
ਵਿਚੋਂ ਪੈਦਾ ਹੋਈ ਈਰਖਾ, ਇਸ ਮਹਾਨ ਦੇਸ਼ ਨੂੰ ਦੋ ਟੋਟਿਆਂ ਵਿੱਚ ਵੰਡਣ ਦਾ ਕਾਰਨ ਬਣੀ। ਇਸ ਇਸ਼ਕ ਦੀ
ਦੌੜ ਵਿੱਚ ਨਹਿਰੂ ਓਡਵਿਨਾ ਨੂੰ ਜਿੱਤਣ ਵਿੱਚ ਕਾਮਯਾਬ ਰਿਹਾ ਅਤੇ ਜਿਨਾਹ ਨੂੰ ਨਾਕਾਮੀ ਦਾ ਸਾਹਮਣਾ
ਕਰਨਾ ਪਿਆ। ਅਜਿਹਾ ਬੜਾ ਕੁੱਝ ਇਤਿਹਾਸ ਦੀਆਂ ਕਿਤਾਬਾਂ ਵਿੱਚ ਦਰਜ ਹੈ। ਕੁਲਦੀਪ ਨਈਅਰ ਨੇ ਲਿਖਿਆ
ਹੈ ਕਿ ਉਸ ਵੇਲ਼ੇ ਦੇ ਵਾਇਸਰਾਇ ਲਾਰਡ ਮਾਉਂਟਬੇਟਨ ਨੇ ਦੱਸਿਆ ਕਿ ਇਸ ਘੱਲੂਘਾਰੇ ਵਿੱਚ ੨੫ ਲਖ ਲੋਕ
ਮਾਰੇ ਗਏ ਜਦੋਂ ਕਿ ਹੁਣ ਤੱਕ ਆਮ ਲੇਖਕਾਂ ਦੇ ਵਿਚਾਰ ਹਨ ਕਿ ਉਸ ਸਮੇ ਦਸ ਲੱਖ ਲੋਕ ਮਰੇ ਤੇ ਇੱਕ
ਕਰੋੜ ਦੇ ਕਰੀਬ ਆਪਣੇ ਘਰਾਂ ਤੋਂ ਉਜੜੇ। ਵੈਸੇ ਉਸ ਸਮੇ ਸਭ ਤੋਂ ਉਚੇ ਅਹੁਦੇ ਤੇ ਹੋਣ ਕਾਰਨ, ਲਾਰਡ
ਮਾਊਂਟਬੇਟਨ ਦੀ ਗੱਲ ਸੁੱਟ ਪਾਉਣ ਵਾਲ਼ੀ ਨਹੀਂ। ਉਹ ਉਸ ਉਜਾੜੇ ਸਮੇ ਭਾਰਤ ਦਾ ਗਵਰਨਰ ਜਨਰਲ ਸੀ।
ਵਿੱਚ ਭਿਆਨਕ ਦੁਰਘਟਨਾ ਦਾ ਸਭ ਤੋਂ ਵਧ ਸ਼ਿਕਾਰ ਪੰਜਾਬੀ ਸਮਾਜ ਹੋਇਆ ਤੇ ਉਸ ਤੋਂ ਵੀ ਵਧੇਰੇ ਸਿੱਖਾਂ
ਦਾ ਨੁਕਸਾਨ ਹੋਇਆ। ਸਿੱਖਾਂ ਦਾ ਤੇ ਤਕਰੀਬਨ ਸਭ ਕੁੱਝ ਹੀ ਖੁੱਸ ਗਿਆ। ਕੀ ਹੋਣਾ ਚਾਹੀਦਾ ਸੀ ਤੇ ਕੀ
ਨਹੀਂ ਹੋ ਸਕਿਆ, ਇਸ ਬਾਰੇ ਪਿਛਲੇ ਸੱਤ ਅੱਠ ਦਹਾਕਿਆਂ ਵਿੱਚ ਬਹੁਤ ਕੁੱਝ ਲਿਖਿਆ ਤੇ ਆਖਿਆ ਜਾ
ਚੁੱਕਾ ਹੈ। ਇਹਨਾਂ ਸਤਰਾਂ ਵਿੱਚ ਤਾਂ ਸ. ਰਾਮ ਸਿੰਘ ਜੀ ਨੇ ਜੋ ਕੁੱਝ ਹੱਡੀਂ ਹੰਡਾਇਆ, ਉਸ ਦਾ ਹੀ
ਸੰਖੇਪ ਵਿੱਚ ਜ਼ਿਕਰ ਕਰਨਾ ਸਾਡਾ ਮਨੋਰਥ ਹੈ।
ਸ. ਰਾਮ ਸਿੰਘ ਜੀ ਆਪਣੀ ਚੌਦਾਂ ਪੰਦਰਾਂ ਸਾਲ ਦੀ ਉਮਰ ਸਮੇ, ਜ਼ਿਲ੍ਹਾ ਲਾਇਲਪੁਰ ਦੀ ਤਸੀਲ
ਜੜ੍ਹਾਂਵਾਲ਼ਾ ਦੇ ਪਿੰਡ ਕਿੱਲਿਆਂ ਵਾਲ਼ਾ, ਅਰਥਾਤ ਚੱਕ ਨੰਬਰ ੨੩੬ ਵਿੱਚ ਰਹਿੰਦੇ ਸਨ। ਇਸ ਉਜਾੜੇ ਦੇ
ਦਿਨਾਂ ਵਿੱਚ ਉਹਨਾਂ ਦੇ ਪਿਤਾ ਸ. ਠਾਕੁਰ ਸਿੰਘ ਜੀ, ਆਪਣੀ ਇੱਕ ਮਹੀਨੇ ਸੁੱਖੀ ਹੋਈ ਸੇਵਾ ਪੂਰੀ
ਕਟਨ ਵਾਸਤੇ ਮੁਕਤਸਰ ਵਿਚ, ਸੰਤ ਗੁਰਮੁਖ ਸਿੰਘ ਜੀ ਹੋਰਾਂ ਕੋਲ਼ ਗਏ ਹੋਏ ਸਨ। ਉਹਨਾਂ ਨੇ ਇੱਕ ਮਹੀਨਾ
ਸੇਵਾ ਕਰਨੀ ਸੁੱਖੀ ਹੋਈ ਸੀ। ਪੰਜ ਕੁ ਦਿਨ ਹੀ ਉਹਨਾਂ ਨੂੰ ਓਥੇ ਗਿਆਂ ਹੋਏ ਸਨ ਕਿ ਦੇਸ਼ ਅੰਦਰ ਪਏ
ਰੌਲ਼ੇ ਦੀਆਂ ਖ਼ਬਰਾਂ ਸੁਣ ਕੇ, ਸ. ਠਾਕਰ ਸਿੰਘ ਨੇ ਸੰਤਾ ਪਾਸੋਂ ਛੁੱਟੀ ਮੰਗੀ ਤਾਂ ਕਿ ਉਹ ਇਸ ਬਿਪਤਾ
ਸਮੇ ਪਰਵਾਰ ਦੇ ਨਾਲ਼ ਰਹਿ ਕੇ ਉਹਨਾਂ ਦੀ ਕੁੱਝ ਸਹਾਇਤਾ ਕਰ ਸਕੇ ਪਰ ਸੰਤ ਜੀ ਨੇ ਜਾਣ ਦੀ ਆਗਿਆ ਨਾ
ਦਿਤੀ ਤੇ ਸਗੋਂ ਧੀਰਜ ਦਿਤੀ ਕਿ ਉਸ ਦੇ ਪਰਵਾਰ ਦੀ ਗੁਰੂ ਨਾਨਕ ਰੱਖਿਆ ਕਰੇਗਾ; ਉਹ ਸੇਵਾ ਕਰਦਾ
ਰਹੇ। ਅਸੀਂ ਇਸ ਬਿਪਤਾ ਸਮੇ ਉਹਨਾਂ ਨੂੰ ਉਡੀਕੀਏ। ਪੰਝੀ ਦਿਨ ਸੇਵਾ ਕਰਨ ਪਿਛੋਂ ਪਿਤਾ ਜੀ ਨੇ ਫਿਰ
ਸੰਤ ਜੀ ਤੋਂ ਆਗਿਆ ਮੰਗੀ ਤਾਂ ਸੰਤਾਂ ਨੇ ਫਿਰ ਧੀਰਜ ਰੱਖਣ ਲਈ ਆਖਿਆ ਤੇ ਕਿਹਾ ਕਿ ਗੁਰੂ ਨਾਨਕ
ਤੇਰੇ ਪਰਵਾਰ ਨੂੰ ਲਿਆਵੇਗਾ; ਤੂੰ ਬੇ ਫਿਕਰ ਹੋ ਕੇ ਆਪਣੀ ਸੁਖਣਾ ਪੂਰੀ ਕਰ ਅਤੇ ਸੇਵਾ ਕਰੀ ਚੱਲ।
ਚਾਰ ਚੁਫੇਰੇ ਰੌਲ਼ਾ ਬਹੁਤ ਵਧ ਗਿਆ। ਗੱਡੀਆਂ ਵੀ ਬੰਦ ਹੋ ਗਈਆਂ। ਸੇਵਾ ਪੂਰੀ ਕਰਨ ਪਿਛੋਂ ਅਖੀਰਲੀ
ਗੱਡੀ `ਤੇ ਪਿਤਾ ਜੀ ਆਏ। ਸਾਨੂੰ ਪਤਾ ਨਾ ਲੱਗੇ ਕਿ ਅਸੀਂ ਕਿਧਰ ਜਾਈਏ! ਕਦੀ ਕਿਸੇ ਨੇ ਸੋਚਿਆ ਹੀ
ਨਹੀਂ ਸੀ ਪਰਜਾ ਨੂੰ ਵੀ ਆਪਣੇ ਘਰ ਛੱਡ ਕੇ ਪਰਦੇਸੀਂ ਰੁਲਣਾ ਪਵੇਗਾ! ਲੋਕਾਂ ਨੇ ਰਾਜੇ ਬਦਲਦੇ ਤਾਂ
ਸੁਣੇ ਸਨ ਪਰ ਪਰਜਾ ਬਦਲਦੀ ਕਦੀ ਨਹੀਂ ਸੀ ਸੁਣੀ। ਇਹ ਅਲੋਕਾਰ ਦੁਰਘਟਨਾ ਮਨੁਖੀ ਇਤਿਹਾਸ ਵਿੱਚ
ਪਹਿਲੀ ਵਾਰ ਹੋਈ। ਇੱਕ ਦਿਨ ਦੋ ਪਠਾਣ ਸਾਡੇ ਪਿੰਡ ਆਏ ਤੇ ਮੇਰੇ ਤਾਏ ਪ੍ਰੇਮ ਸਿੰਘ ਨੂੰ ਆਖਣ ਲੱਗੇ
ਕਿ ਉਹ ਚੁੱਪ ਚਾਪ ਸਭ ਕੁੱਝ ਏਥੇ ਛੱਡ ਕੇ, ਆਪਣੀਆਂ ਜਾਨਾ ਬਚਾ ਕੇ ਏਥੋਂ ਤੁਰ ਜਾਣ ਨਹੀਂ ਤਾਂ ਬੁਰੀ
ਮੌਤੇ ਮਾਰ ਦਿਤੇ ਜਾਣਗੇ। ਏਥੋਂ ਕੁੱਝ ਵੀ ਨਾਲ਼ ਨਹੀਂ ਖੜਨ ਦੇਣਾ। ਉਹਨਾਂ ਵਿਚੋਂ ਜੋ ਮੇਰੇ ਤਾਏ ਨੂੰ
ਧਮਕਾ ਰਿਹਾ ਸੀ, ਮੈਂ ਉਸ ਦੇ ਬਿਲਕੁਲ ਕੋਲ਼ ਖਲੋਤਾ ਉਸ ਦੀ ਜੇਬ੍ਹ ਵਿੱਚ ਪਸਤੌਲ ਵੇਖ ਰਿਹਾ ਸਾਂ ਤੇ
ਇੱਕ ਬੰਦੂਕ ਵਾਲਾ ਕੋਠੇ ਤੇ ਚੜ੍ਹ ਗਿਆ ਸੀ ਤਾਂ ਕਿ ਪਿੰਡ ਦੇ ਬਾਕੀ ਲੋਕਾਂ ਨੂੰ ਵੀ ਡਰਾਇਆ ਜਾ
ਸਕੇ। ਸਾਡਾ ਗਵਾਂਢੀ ਉਮਰ ਦੀਨ ਤੇ ਉਸ ਦੇ ਨਾਲ਼ ਕੁੱਝ ਹੋਰ ਮੁਸਲਮਾਨ ਗਵਾਂਢੀ, ਸਾਡੀ ਸਹਾਇਤਾ ਲਈ ਆ
ਗਏ। ਉਹਨਾਂ ਸਾਰਿਆਂ ਨੇ ਮਿਲ਼ ਕੇ ਉਹਨਾਂ ਦੋਹਾਂ ਪਠਾਣਾਂ ਨੂੰ ਇਹ ਆਖ ਕੇ ਭਜਾ ਦਿਤਾ ਕਿ ਏਥੋਂ ਭਲੇ
ਮਾਣਸ ਬਣ ਕੇ ਚਲੇ ਜਾਓ ਨਹੀਂ ਤੁਹਾਨੂੰ ਵਢ ਕੇ ਜ਼ਮੀਨ ਵਿੱਚ ਦੱਬ ਦਿਆਂਗੇ।
ਫਿਰ ਜਦੋਂ ਅੰਮ੍ਰਿਤਸਰ ਸ਼ਹਿਰ ਦੇ ਇੱਕ ਮੁਹੱਲੇ ਸ਼ਰੀਫ਼ਪੁਰੇ ਤੋਂ ਮੁਸਲਮਾਨ ਉਜੜ ਕੇ, ਸਭ ਕੁੱਝ ਖੁਹਾ
ਕੇ, ਬੁਰੇ ਹਾਲੀਂ ਸਾਡੇ ਪਿੰਡ ਪੁੱਜੇ ਤਾਂ ਫਿਰ ਸਾਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਤੇ ਸਮਝ ਆਈ
ਕਿ ਹੁਣ ਸਾਡਾ ਏਥੇ ਰਹਿਣਾ ਖ਼ਤਰੇ ਤੋਂ ਖਾਲੀ ਨਹੀਂ, ਇਸ ਲਈ ਸਾਨੂੰ ਵੀ ਇਹਨਾਂ ਵਾਂਙ ਹੀ ਏਥੋਂ ਜਾਣਾ
ਪੈਣਾ ਹੈ। ਇਹ ਵਿਚਾਰ ਕੇ ਅਸੀਂ ਗਵਾਂਢੀ ਪਿੰਡ ਚੱਕ ਨੰਬਰ ੨੩੭, ਜਿਥੇ ਸਿੱਖਾਂ ਦੀ ਵਸੋਂ ਵਧੇਰੇ
ਸੀ, ਵਿੱਚ ਚਲੇ ਜਾਣ ਦਾ ਵਿਚਾਰ ਬਣਾ ਲਿਆ। ਪਿੰਡ ਛੱਡ ਕੇ ਜਾਣ ਸਮੇ ਉਮਰ ਦੀਨ ਸਮੇਤ ਗਵਾਂਢੀ ਸਭ
ਇਕੱਠੇ ਹੋ ਗਏ ਤੇ ਸਾਨੂੰ ਨਾ ਜਾਣ ਲਈ ਪ੍ਰੇਰਨ ਲੱਗੇ। ਅਸੀਂ ਆਖੀਏ ਕਿ ਉਹ ਸਾਡਾ ਸਾਰਾ ਸਾਮਾਨ ਲੈ
ਲੈਣ ਤੇ ਡੰਗਰ ਵੱਛਾ ਵੀ ਸਾਰਾ ਸਾਂਭ ਲੈਣ। ਅਸੀਂ ਉਹਨਾਂ ਨੂੰ ਘਰ ਦੀਆਂ ਚਾਬੀਆਂ ਵੀ ਦੇ ਰਹੇ ਪਰ
ਕੋਈ ਵੀ ਅਜਿਹਾ ਕਰਨ ਲਈ ਤਿਆਰ ਨਾ ਹੋਇਆ ਤੇ ਨਾ ਹੀ ਕੋਈ ਸਾਥੋਂ ਘਰਾਂ ਦੀਆਂ ਕੁੰਜੀਆਂ ਫੜੇ। ਅਸੀਂ
ਫਿਰ ਮਜਬੂਰ ਹੋ ਕੇ ਮਝਾਂ, ਗਾਵਾਂ, ਬਲਦਾਂ ਦੇ ਰੱਸੇ ਖੋਹਲ ਦਿਤੇ ਕਿ ਜਿਧਰ ਚਾਹੁਣ ਚਲੇ ਜਾਣ। ਘਰ
ਦੇ ਕੁੱਤੇ ਬਿੱਲੇ ਵੀ ਘਰੋਂ ਭਜਾਉਣ ਦਾ ਯਤਨ ਕੀਤਾ ਪਰ ਉਹਨਾਂ ਨੇ ਕੁਰਲਾਹਟ ਮਚਾ ਦਿਤੀ। ਅਸੀਂ
ਉਹਨਾਂ ਡੰਗਰਾਂ ਤੇ ਕੁਤੇ ਬਿੱਲਿਆਂ ਨੂੰ ਘਰੋਂ ਬਾਹਰ ਕਢੀਏ ਪਰ ਉਹ ਮੁੜ ਘਿੜ ਘਰ ਆ ਵੜਨ। ਕੁੱਝ
ਡੰਗਰਾਂ ਦੀਆਂ ਅੱਖਾਂ ਵਿੱਚ ਅਥਰੂ ਵੀ ਮੈਂ ਖ਼ੁਦ ਵੇਖੇ। ਆਖਰ ਪਿੰਡ ਦੇ ਮੁਸਲਮਾਨ ਸਾਨੂੰ ਚੱਕ ਨੰਬਰ
੨੩੭ ਵਿੱਚ ਛੱਡ ਆਏ। ਉਸ ਸਮੇ ਸਾਡੇ ਕੋਲ਼ ਕ੍ਰਿਪਾਨਾਂ ਬਰਛੇ ਡਾਗਾਂ ਵਰਗੇ ਕੁੱਝ ਹਥਿਆਰ ਵੀ ਸਨ।
ਦੋ ਕੁ ਹਫ਼ਤੇ ਅਸੀਂ ਏਥੇ ਚੱਕ ਨੰਬਰ ੨੩੭ ਵਿੱਚ ਰਹੇ। ਅਸੀਂ ਓਥੋਂ ਦੇ ਲੋਕਾਂ ਨੂੰ ਅੱਗੇ ਚੱਲਣ ਲਈ
ਆਖੀਏ ਤੇ ਉਹ ਸਾਡੇ ਨਾਲ਼ ਲੜ ਪੈਣ। ਆਖਣ ਅਸੀਂ ਤੇ ਜਾਣਾ ਨਹੀਂ; ਏਥੇ ਹੀ ਲੜ ਮਰਾਂਗੇ। ਆਖਣ ਕਿ ਜੇ
ਤੁਸੀਂ ਨਹੀਂ ਲੜ ਸਕਦੇ ਤਾਂ ਤੁਸੀਂ ਜਾ ਸਕਦੇ ਹੋ। ਉਸ ਪਿੰਡ ਦੇ ਵਾਸੀ ਸ. ਭੋਲਾ ਸਿੰਘ ਦੇ ਦੋ
ਮੁੰਡੇ ਦੂਜੀ ਸੰਸਾਰ ਜੰਗ ਲੜ ਕੇ ਫੌਜ ਵਿਚੋਂ ਆਏ ਸਨ ਤੇ ਉਹਨਾਂ ਨੇ ਤਿੰਨ ਤੋਪਾਂ ਵੀ ਬਣਾ ਲਈਆਂ
ਹੋਈਆਂ ਸਨ। ਉਹ ਹਰ ਹਮਲੇ ਦਾ ਮੁਕਾਬਲਾ ਕਰਨ ਲਈ ਤਿਆਰ ਸਨ। ਦੋ ਹਫ਼ਤਿਆਂ ਪਿੱਛੋਂ ਆਲ਼ੇ ਦੁਆਲੇ ਦੇ
ਪਿੰਡਾਂ ਦਾ ਮੁਸਲਿਮ ਹਜੂਮ ਢੋਲ ਵਜਾ ਕੇ ਸਾਡੇ ਉਤੇ ਆ ਪਿਆ। ਪਿੰਡ ਵਾਸੀ ਵੀ ਇਸ ਹਮਲੇ ਦੇ ਮੁਕਾਬਲੇ
ਲਈ ਤਿਆਰ ਸਨ। ਸਾਰੇ ਬੰਦਿਆਂ ਕੋਲ਼ ਹਥਿਆਰ ਸਨ ਤੇ ਗੱਡਿਆਂ ਉਪਰ ਤਿੰਨ ਤੋਪਾਂ ਵੀ ਬੀੜੀਆਂ ਹੋਈਆਂ
ਸਨ। ਹਜੂਮ ਦੇ ਨੇੜੇ ਆਉਣ ਤੇ ਨਗਾਰਾ ਵਜਾ ਕੇ ਸਾਰਿਆਂ ਨੂੰ ਖ਼ਬਰਦਾਰ ਕੀਤਾ ਗਿਆ। ਜਦੋਂ ਤੋਪ ਦੀ
ਬੁਛਾੜ ਦੀ ਮਾਰ ਹੇਠ ਹਜੂਮ ਆਇਆ ਤਾਂ ਅਸੀਂ ਤੋਪ ਨੂੰ ਪਲੀਤਾ ਲਾ ਦਿਤਾ। ਤੋਪ ਦੇ ਇਸ ਫਾਇਰ ਨਾਲ਼
ਬਹੁਤ ਸਾਰੇ ਹਮਲਾਵਰ ਮਾਰੇ ਗਏ ਤੇ ਉਹਨਾਂ ਵਿੱਚ ਭਾਜੜ ਪੈ ਗਈ। ਤੋਪ ਦੇ ਦੋ ਫਾਇਰ ਹੋਏ ਤੇ ਤੀਜਾ
ਫਾਇਰ ਕਰਨ ਸਮੇ ਪਲੀਤਾ ਲਾਉਣ `ਤੇ ਤੋਪ ਦੇ ਦੋ ਟੋਟੇ ਹੋ ਗਏ। ਉਸ ਦਾ ਉਹ ਪੇਚ ਟੁੱਟ ਗਿਆ ਜਿਸ ਨਾਲ਼
ਤੋਪ ਦੇ ਦੋ ਹਿੱਸਿਆਂ ਨੂੰ ਜੋੜਿਆ ਹੋਇਆ ਸੀ। ਫਿਰ ਕ੍ਰਿਪਾਨਾਂ ਤੇ ਬਰਛਿਆਂ ਵਾਲ਼ੇ ਉਹਨਾਂ ਮਹਲਾਵਰਾਂ
ਨੂੰ ਪੈ ਗਏ। ਦੋ ਕੁ ਮੀਲ ਨਹਿਰ ਤੱਕ ਉਹਨਾਂ ਦਾ ਪਿੱਛਾ ਕੀਤਾ। ਇਸ ਹਮਲੇ ਵਿੱਚ ਬਹੁਤ ਸਾਰੇ ਹਮਲਾਵਰ
ਮਾਰੇ ਗਏ।
ਇਸ ਘਟਨਾ ਪਿੱਛੋਂ ਦਸ ਦਿਨ ਤੱਕ ਲੁਟੇਰਿਆਂ ਨੂੰ ਸਾਡੇ ਉਪਰ ਹਮਲਾ ਕਰਨ ਦੀ ਹਿੰਮਤ ਨਾ ਪਈ। ਫਿਰ
ਲਾਹੌਰ ਤੋਂ ਬਲੋਚ ਮਿਲਟਰੀ ਰੇਲ ਗੱਡੀ ਉਪਰ ਆਈ। ਮਿਲਟਰੀ ਨੇ ਗੱਡੀ ਵਿਚੋਂ ਹੀ ਪਿੰਡ ਉਪਰ ਗੋਲ਼ੀ ਚਲਾ
ਦਿਤੀ। ਦਸ ਪੰਦਰਾਂ ਮਿੰਟ ਗੋਲ਼ੀ ਚਲਾ ਕੇ ਗੱਡੀ ਅੱਗੇ ਜੜ੍ਹਾਂਵਾਲ਼ੇ ਨੂੰ ਤੁਰ ਗਈ। ਸਾਰਾ ਪਿੰਡ ਦੜ
ਵੱਟ ਕੇ ਅੰਦਰੀਂ ਲੁਕਿਆ ਰਿਹਾ ਤੇ ਬਾਹਰ ਨਾ ਨਿਕਲਣ ਕਰਕੇ ਜਾਨੀ ਨੁਕਸਾਨ ਹੋਣੋ ਬਚ ਰਿਹਾ। ਇਸ ਹਮਲੇ
ਵਿੱਚ ਕੇਵਲ ਇੱਕ ਬੰਦਾ ਮਰਿਆ, ਬਾਕੀ ਸੁੱਖ ਸਾਂਦ ਹੀ ਰਹੀ। ਓਸੇ ਦਿਨ ਸ਼ਾਮ ਨੂੰ ਆਲ਼ੇ ਦੁਆਲ਼ੇ ਦੇ
ਪਿੰਡਾਂ ਤੋਂ ਲੁਟੇਰਿਆਂ ਦਾ ਹਜੂਮ ਇਕੱਠਾ ਹੋ ਕੇ ਆਇਆ। ਅਸੀਂ ਸਾਰਾ ਪਿੰਡ ਉਹਨਾਂ ਦਾ ਮੁਕਾਬਲਾ ਕਰਨ
ਦੀ ਬਜਾਇ, ਪਿੰਡ ਛੱਡ ਕੇ, ਸੇਮ ਦੇ ਨਾਲ਼ੇ ਦੇ ਵਿੱਚ ਵਿਚ ਦੀ ਤੁਰ ਕੇ, ਨਾਲ਼ ਦੇ ਪਿੰਡ ਚੱਕ ਨੰਬਰ ੫੮
ਵਿੱਚ ਚਲੇ ਗਏ। ਇਹ ਪਿੰਡ ਕੰਬੋ ਸਿਖਾਂ ਦਾ ਸੀ ਜੋ ਕਿ ਮਿਲਟਰੀ ਵਿਚੋਂ ਆਏ ਹੋਏ ਸਨ। ਉਹਨਾਂ ਨੇ ਹਰ
ਹਾਲਤ ਵਿੱਚ ਹਮਲਾਵਰਾਂ ਦਾ ਮੁਕਾਬਲਾ ਕਰਨ ਦਾ ਤਹੱਈਆ ਕੀਤਾ ਹੋਇਆ ਸੀ ਤੇ ਪੂਰੀ ਤਿਆਰੀ ਨਾਲ਼ ਡਟੇ
ਹੋਏ ਸਨ। ਉਹਨਾਂ ਕੰਬੋਆਂ ਨੇ ਸਾਨੂੰ ਆਖਿਆ ਕਿ ਜੇ ਅਸੀਂ ਲੁਟੇਰਿਆਂ ਨਾਲ ਲੜ ਸਕਦੇ ਹਾਂ ਤਾਂ ਓਥੇ
ਰੁਕੀਏ ਨਹੀਂ ਤਾਂ ਜੇ ਹਿੰਦੁਸਤਾਨ ਨੂੰ ਜਾਣਾ ਹੈ ਤਾਂ ਓਥੋਂ ਅੱਗੇ ਨੂੰ ਚਲੇ ਜਾਈਏ। ਅਸੀਂ ਓਥੋਂ
ਅਗੇ ਜੜ੍ਹਾਂਵਾਲ਼ੇ ਨੂੰ ਚਲੇ ਗਏ।
ਮਗਰੋਂ ਬਲੋਚ ਮਿਲਟਰੀ ਨੇ ਹਮਲਾ ਕਰਕੇ ਉਹ ਸਾਰਾ ਪਿੰਡ ਗੋਲ਼ੀਆਂ ਨਾਲ਼ ਭੁੰਨ ਦਿਤਾ। ਓਥੋਂ ਬਚ ਕੇ ਆਏ
ਇੱਕ ਬੰਦੇ ਨੇ ਸਾਨੂੰ ਬਾਅਦ ਵਿੱਚ ਅੰਮ੍ਰਿਤਸਰ ਆ ਕੇ ਦੱਸਿਆ ਕਿ ਇੱਕ ਜਾਂ ਦੋ ਬੰਦੇ ਹੀ ਉਸ ਪਿੰਡ
ਵਿਚੋਂ ਭੱਜ ਕੇ ਬਚੇ ਸਨ; ਬਾਕੀ ਸਾਰੇ ਬਲੋਚ ਮਿਲਟਰੀ ਨੇ ਮਾਰ ਦਿਤੇ ਸਨ। ਤੋੜੇਦਾਰ ਬੰਦੂਕਾਂ ਅਤੇ
ਹੋਰ ਹਥਿਆਰਾਂ ਨਾਲ਼, ਦੋ ਦਿਨ ਤੱਕ ਪਿੰਡ ਵਾਲ਼ਿਆਂ ਨੇ ਮਿਲਟਰੀ ਦਾ ਮੁਕਾਬਲਾ ਕੀਤਾ। ਉਹਨਾਂ ਨੂੰ
ਕਾਬੂ ਨਾ ਕਰ ਸਕਣ ਕਰਕੇ ਫਿਰ ਮਿਲਟਰੀ ਨੇ ਟੈਂਕ ਲਿਆ ਕੇ ਪਿੰਡ ਦਾ ਸਫਾਇਆ ਕੀਤਾ।
ਅਸੀਂ ਉਸ ਪਿੰਡੋਂ ਅੱਗੇ ਤੁਰ ਕੇ ਜੜ੍ਹਾਂਵਾਲ਼ੇ ਦੀ ਮੰਡੀ ਵਿੱਚ ਜਾ ਕੇ ਰੁਕੇ। ਰਾਤ ਕੱਟੀ ਤੇ ਅਗਲੇ
ਦਿਨ ਮਿਲਟਰੀ ਅਤੇ ਲੁਟੇਰੇ ਹਜੂਮ ਨੇ ਹਮਲਾ ਕਰਕੇ ਬੇ ਹਥਿਆਰੇ ਲੋਕਾਂ ਨੂੰ ਗੋਲ਼ੀਆਂ ਨਾਲ਼ ਭੁੰਨਿਆਂ
ਅਤੇ ਗੰਡਾਸੇ, ਤਲਵਾਰਾਂ ਆਦਿ ਹਥਿਆਰਾਂ ਨਾਲ਼ ਵਢਿਆ ਟੁੱਕਿਆ। ਉਹਨਾਂ ਵਿਚੋਂ ਅਸੀਂ ਇੱਕ ਚੁਬਾਰੇ
ਵਿੱਚ ਲੁਕੇ ਹੋਏ ਤੀਹ ਚਾਲ਼ੀ ਕੁ ਬੰਦੇ ਬਚੇ ਤੇ ਏਸੇ ਤਰ੍ਹਾਂ ਕੁੱਝ ਹੋਰ ਚੁਬਾਰਿਆਂ ਵਿੱਚ ਵੀ ਲੁਕੇ
ਹੋਏ ਬਚ ਰਹੇ। ਸਾਡੇ ਕਾਰਨ ਬਚਣ ਦਾ ਇਹ ਸੀ ਕਿ ਜੇਹੜਾ ਵੀ ਸਾਨੂੰ ਮਾਰਨ ਲਈ ਚੁਬਾਰੇ ਦੀਆਂ ਪਉੜੀਆਂ
ਚੜ੍ਹਦਾ ਸੀ ਅਸੀਂ ਅੱਗੋਂ ਇੱਟਾਂ ਰੋੜੇ ਮਾਰ ਕੇ ਉਸ ਨੂੰ ਪਿੱਛੇ ਮੁੜਨ ਲਈ ਮਜਬੂਰ ਕਰ ਦਿੰਦੇ ਸਾਂ।
ਇਸ ਕਤਲਾਮ ਤੋਂ ਮੰਦਰ ਵਿੱਚ ਸੱਠ ਕੁ ਅਤੇ ਗੁਰਦੁਆਰੇ ਦੀ ਓਟ ਵਿੱਚ ਢਾਈ ਕੁ ਸੌ ਹੋਰ ਵੀ ਲੁਕੇ ਹੋਏ
ਬਚ ਰਹੇ ਸਨ। ਅਗਲੇ ਦਿਨ ਫਿਰ ਸਾਡੇ ਉਤੇ ਹਜੂਮ ਆ ਪਿਆ। ਉਹ ਘੋੜੀਆਂ ਉਪਰ ਸਵਾਰ, ਹੱਥਾਂ ਵਿੱਚ
ਬੰਦੂਕਾਂ ਬਰਛੇ ਤੇ ਤਲਵਾਰਾਂ ਫੜੀ ਸਾਡੇ ਦੁਆਲੇ ਘੇਰਾ ਪਾਈ, ਹਮਲਾ ਕਰਕੇ ਸਾਡਾ ਕਤਲਾਮ ਕਰਨ ਲਈ
ਤਿਆਰ ਸਨ। ਸ਼ਾਮ ਦਾ ਸਮਾ ਸੀ। ਇਸ ਖ਼ਤਰੇ ਭਰੇ ਸਮੇ ਦੌਰਾਨ ਸਾਹਮਣੇ ਮੌਤ ਨਾਚ ਕਰਦੀ ਵੇਖ ਕੇ, ਸ਼ਾਮ ਦੇ
ਸਮੇ ਇੱਕ ਸਿੰਘ ਨੇ ਰਹਰਾਸਿ ਦਾ ਪਾਠ ਕਰਨ ਉਪ੍ਰੰਤ ਅਰਦਾਸ ਕੀਤੀ। ਅਰਦਾਸ ਵਿੱਚ ਉਸ ਨੇ ਅੱਥਰੂ
ਵਗਾਉਂਦੀਆਂ ਅੱਖਾਂ ਨਾਲ ਆਖਿਆ, “ਹੇ ਗੁਰੂ ਰਾਮਦਾਸ ਜੀ, ਤੁਸੀਂ ਆਖਦੇ ਹੋ, ‘ਬਿਰਥੀ ਕਦੇ ਨਾ ਹੋਵਈ
ਜਨ ਕੀ ਅਰਦਾਸਿ॥’ ਪਰ ਅਸੀਂ ਕਲ੍ਹ ਤੋਂ ਅਰਦਾਸਾਂ ਕਰ ਰਹੇ ਹਾਂ ਇਸ ਬਿਪਤਾ ਤੋਂ ਬਚਣ ਲਈ। ਤੁਸੀਂ
ਤਾਂ ਸਾਡੀ ਸਹਾਇਤਾ ਲਈ ਬਹੁੜੇ ਈ ਨਹੀਂ!” ਏਸੇ ਸਮੇ ਰੱਬ ਦਾ ਕਰਨਾ ਐਸਾ ਹੋਇਆ ਕਿ ਸਿੱਖ ਫੌਜੀ
ਅਫ਼ਸਰ, ਆਪਣੇ ਦੋ ਸਾਥੀਆਂ ਸਣੇ ਜੀਪ ਉਪਰ ਸਵਾਰ ਆ ਗਿਆ। ਉਸ ਨੇ ਆਉਂਦਿਆਂ ਹੀ ਹਮਲਾਵਰਾਂ ਨੂੰ
ਵਾਰਨਿੰਗ ਦਿਤੀ ਕਿ ਜੇ ਕਿਸੇ ਨੇ ਹਮਲਾ ਕੀਤਾ ਤਾਂ ਉਹ ਗੋਲ਼ੀ ਨਾਲ਼ ਸਾਰਿਆਂ ਨੂੰ ਭੁੰਨ ਦੇਵੇਗਾ। ਇਸ
ਕਰਕੇ ਹਮਾਲਵਰ ਸਾਡੇ ਉਪਰ ਹਮਲਾ ਕਰਨ ਦੀ ਜੁਰਅਤ ਨਾ ਕਰ ਸਕੇ। ਫਿਰ ਉਸ ਨੇ ਸਪੀਕਰ ਉਪਰ ਐਲਾਨ ਕੀਤਾ
ਕਿ ਜੋ ਵੀ ਬਚ ਗਏ ਹੋਏ ਹਨ ਉਹ ਸਾਰੇ ਬਾਹਰ ਆ ਜਾਣ। ਇਹ ਆਵਾਜ਼ ਸੁਣ ਕੇ ਮੰਦਰ, ਗੁਰਦੁਆਰੇ ਅਤੇ
ਚੁਬਾਰਿਆਂ ਵਿੱਚ ਲੁਕੇ ਹੋਏ ਕੁੱਝ ਬਚੇ ਤੇ ਕੁੱਝ ਜ਼ਖ਼ਮੀ ਹੋਏ ਹੋਏ, ਦੋ ਢਾਈ ਸੌ ਬੰਦੇ ਬਾਹਰ ਆ ਗਏ।
ਉਸ ਸਮੇ ਲਾਇਲਪੁਰ ਵੱਲੋਂ ਇੱਕ ਵੱਡਾ ਕਾਫ਼ਲਾ ਹਿੰਦੂ ਸਿੱਖਾਂ ਦਾ, ਫ਼ੀਰੋਜ਼ਪੁਰ ਵੱਲ ਜਾਣ ਲਈ, ਮੰਡੀ
ਦੇ ਬਾਹਰਵਾਰੋਂ ਲੰਘ ਰਿਹਾ ਸੀ। ਸਿੱਖ ਅਫ਼ਸਰ ਨੇ ਸਾਰੇ ਬਚਿਆਂ ਹੋਇਆਂ ਨੂੰ ਉਸ ਕਾਫ਼ਲੇ ਵਿੱਚ
ਪੁਚਾਇਆ; ਜ਼ਖ਼ਮੀ ਹੋਣੋ ਬਚ ਗਿਆਂ ਨੂੰ ਤੋਰ ਕੇ ਤੇ ਜ਼ਖ਼ਮੀਆਂ ਨੂੰ ਬੱਸਾਂ ਵਿੱਚ ਚੜ੍ਹਾ ਕੇ।
ਇਕ ਕਾਫ਼ਲਾ ਬਹੁਤ ਵੱਡਾ ਸੀ। ਕੁੱਝ ਦਾ ਵਿਚਾਰ ਸੀ ਕਿ ਇਸ ਵਿੱਚ ਦਸ ਲੱਖ ਦੇ ਕਰੀਬ ਘਰਾਂ ਤੋਂ ਉਜੜਿਆ
ਹੋਇਆ ਪਰਵਾਰਾਂ ਸਮੇਤ ਮੁਲਖਈਆ ਹੋਵੇਗਾ। ਬਹੁਤੀ ਦੁਨੀਆਂ ਪੈਦਲ ਅਤੇ ਗੱਡਿਆਂ ਉਪਰ ਸਵਾਰ ਸੀ। ਜੇਹੜੇ
ਕੁੱਝ ਤਕੜੇ ਸਨ ਤੇ ਉਹਨਾਂ ਪਾਸ ਘੋੜੇ ਘੋੜੀਆਂ ਸਨ, ਉਹ ਉਹਨਾਂ ਉਪਰ ਸਵਾਰ ਹੋ ਕੇ ਸਾਵਧਾਨੀ ਨਾਲ਼ ਇਸ
ਕਾਫ਼ਲੇ ਦੀ ਹਮਲਾਵਰਾਂ ਤੋਂ ਰਾਖੀ ਕਰ ਰਹੇ ਸਨ। ਕਾਫ਼ਲੇ ਦੀ ਰਖਵਾਲੀ ਵਾਸਤੇ ਕੁੱਝ ਗੋਰਖਾ ਮਿਲਟਰੀ ਦੇ
ਬੰਦੇ ਵੀ ਸਨ। ਉਹਨਾਂ ਨੂੰ ਕਾਫ਼ਲੇ ਵਾਲ਼ਿਆਂ ਨੇ ਘੋੜੀਆਂ ਦਿਤੀਆਂ ਹੋਈਆਂ ਸਨ ਤਾਂ ਕਿ ਉਹ ਕਾਫ਼ਲੇ ਦੇ
ਚਾਰ ਚੁਫੇਰੇ ਫਿਰ ਕੇ ਹਮਲਾਵਰਾਂ ਤੋਂ ਕਾਫ਼ਲੇ ਦੀ ਰਾਖੀ ਕਰ ਸਕਣ। ਜੜ੍ਹਾਂਵਾਲ਼ੇ ਤੋਂ ਥੋਹੜਾ ਹੀ
ਅੱਗੇ ਜਾ ਕੇ ਸ਼ਾਮ ਪੈ ਜਾਣ ਕਰਕੇ ਕਾਫ਼ਲਾ ਰੁਕ ਗਿਆ। ਰਾਤ ਏਥੇ ਕੱਟੀ। ਅਗਲੀ ਸਵੇਰ ਕਾਫ਼ਲਾ ਫਿਰ ਅੱਗੇ
ਨੂੰ ਤੁਰ ਪਿਆ। ਪਿੰਡਾਂ ਦਾ ਮੁਲਖਈਆ ਸਾਡੇ ਤੇ ਹਮਲੇ ਕਰੇ। ਜੇਹੜਾ ਉਹਨਾਂ ਦੇ ਹੱਥ ਚੜ੍ਹੇ ਉਸ ਨੂੰ
ਮਾਰ ਦੇਣ, ਔਰਤਾਂ ਨੂੰ ਖੋਹ ਕੇ ਲੈ ਜਾਣ। ਗੋਰਖੇ ਫੌਜੀ ਵਾਹ ਲੱਗਦੀ ਸਾਡਾ ਉਹਨਾਂ ਤੋਂ ਬਚਾ ਕਰਨ।
ਦੋਵੇਂ ਰਾਤਾਂ ਕਾਫ਼ਲੇ ਤੇ ਗੋਲ਼ੀ ਚੱਲਦੀ ਰਹੀ। ਦਿਨੇ ਵੀ ਹਮਲਾਵਰ ਹਮਲਾ ਕਰਦੇ। ਜਿਨ੍ਹਾਂ ਕੋਲ਼ ਹਥਿਆਰ
ਸਨ ਉਹ ਅੱਗੋਂ ਮੁਕਾਬਲਾ ਕਰਦੇ ਤੇ ਉਹਨਾਂ ਨੂੰ ਭਜਾ ਦਿੰਦੇ। ਫੌਜੀ ਘੋੜੀਆਂ ਉਪਰ ਚਾਰ ਚੁਫੇਰੇ ਚੱਕਰ
ਲਾ ਰਹੇ ਸਨ। ਜਿਥੇ ਉਹ ਵੇਖਦੇ ਸਨ ਕਿ ਹਜੂਮ ਮਾੜੀ ਨੀਅਤ ਨਾਲ਼ ਇਕੱਠਾ ਹੋਇਆ ਹੈ ਤਾਂ ਓਧਰ ਵਧ ਕੇ
ਉਹਨਾਂ ਉਪਰ ਗੋਲ਼ੀਆਂ ਚਲਾ ਕੇ ਉਹਨਾਂ ਨੂੰ ਭਜਾ ਦਿੰਦੇ ਸਨ। ਇਸ ਤਰ੍ਹਾਂ ਸਾਵਧਾਨੀ ਵਰਤਦਿਆਂ, ਅਸੀਂ
ਹਮਲਾਵਰਾਂ ਦੀ ਬਹੁਤੀ ਪੇਸ਼ ਨਹੀਂ ਜਾਣ ਦਿਤੀ। ਪਿੰਡਾਂ ਦੇ ਲੋਕਾਂ ਨੇ ਖੂਹਾਂ ਦੀਆਂ ਮਾਹਲਾਂ ਖੋਹਲ
ਕੇ ਖੂਹਾਂ ਵਿੱਚ ਸੁੱਟ ਦਿਤੀਆਂ ਤਾਂ ਕਿ ਤਿਹਾਇਆ ਕਾਫ਼ਲਾ ਪਾਣੀ ਨਾ ਪੀ ਸਕੇ। ਛੱਪੜਾਂ ਵਿੱਚ ਵੀ
ਜ਼ਹਿਰ ਪਾ ਦਿਤਾ। ਕਾਫ਼ਲੇ ਵਾਲ਼ੇ ਵੀ ਲੱਗਦੀ ਵਾਹ ਨੇੜੇ ਦੇ ਪਿੰਡਾਂ ਵਿਚੋਂ ਆਪਣੇ ਭੁੱਖੇ ਡੰਗਰਾਂ
ਵਾਸਤੇ ਪੱਠੇ ਵਢ ਲਿਆਉਂਦੇ ਤੇ ਜੇ ਕੁੱਝ ਖਾਣ ਨੂੰ ਲਭਦਾ ਤਾਂ ਉਹ ਵੀ ਚੁੱਕ ਲਿਆਉਂਦੇ। ਕਿਤੇ
ਪਿੰਡਾਂ ਨੂੰ ਅੱਗ ਵੀ ਲਾ ਆਉਂਦੇ। ਦੂਜੀ ਰਾਤ ਕਾਫ਼ਲਾ ਬੱਲੋ ਕੀ ਹੈਡ ਉਪਰ ਆ ਕੇ ਰੁਕਿਆ। ਇਸ ਰਾਤ ਵੀ
ਅਸੀਂ ਲੁਟੇਰਿਆਂ ਦੀ ਪੇਸ਼ ਨਹੀਂ ਜਾਣ ਦਿਤੀ। ਕਾਫ਼ਲੇ ਦੇ ਸਫ਼ਰ ਦੌਰਾਨ, ਮਹਾਂਰਾਜਾ ਪਟਿਆਲਾ ਦਾ
ਪ੍ਰਸਿਧ ਪਾਇਲਟ, ਸ. ਮੇਹਰ ਸਿੰਘ ਇੱਕ ਛੋਟੇ ਜਿਹੇ ਜਹਾਜ ਵਿਚ. ਅੰਮ੍ਰਿਤਸਰੋਂ ਲਿਆ ਕੇ, ਕਾਫ਼ਲੇ ਉਤੇ
ਰੋਟੀਆਂ ਸੁੱਟਦਾ ਰਿਹਾ। ਕਿਸੇ ਦੇ ਹੱਥ ਕੋਈ ਖੰਨੀ ਚੱਪਾ ਆ ਗਈ, ਕਿਸੇ ਦੇ ਨਾ ਆਈ। ਕਾਫ਼ਲੇ ਵਿੱਚ
ਹੈਜ਼ਾ ਫੈਲ ਗਿਆ। ਗੱਡਿਆਂ ਵਿੱਚ ਹੀ ਕਈ ਨਵੇਂ ਬਾਲ ਜੰਮੇ। ਕਈ ਥਕਾਵਟ, ਬੁਢੇਪਾ, ਕਮਜ਼ੋਰੀ ਆਦਿ
ਕਾਰਨਾਂ ਕਰ ਕੇ, ਰਾਹ ਵਿੱਚ ਹੀ ਚੱਲ ਵਸੇ। ਮਰਨ ਵਾਲ਼ਿਆਂ ਨੂੰ ਅਸੀਂ ਰਸਤੇ ਵਿੱਚ ਹੀ ਨਹਿਰ ਵਿੱਚ
ਸੁੱਟ ਆਏ।
ਬੱਲੋ ਕੀ ਹੈਡ ਉਪਰ ਬਲੋਚ ਮਿਲਟਰੀ ਦੇ ਛੇ ਜਵਾਨ ਪਹਿਰੇ ਉਪਰ ਸਨ। ਅਗਲੇ ਦਿਨ ਉਹਨਾਂ ਨੇ ਕਾਫ਼ਲੇ
ਵਾਲ਼ਿਆਂ ਨੂੰ ਦੱਸਿਆ ਕਿ ਅੱਗੇ ਭਾਈ ਫੇਰੂ ਦੇ ਗੁਰਦੁਆਰੇ ਵਿੱਚ ਲੰਗਰ ਲੱਗਿਆ ਹੋਇਆ ਹੈ, ਓਥੇ ਜਾ ਕੇ
ਰੋਟੀ ਖਾ ਆਓ। ਕੁੱਝ ਪੈਦਲ ਲੋਕ ਓਧਰ ਰੋਟੀ ਮਿਲਨ ਦੀ ਆਸ ਤੇ ਤੁਰ ਪਏ। ਮੈਂ ਤੇ ਮੇਰੇ ਪਿਤਾ ਜੀ ਵੀ
ਓਧਰ ਨੂੰ ਤੁਰ ਪਏ। ਅਸੀਂ ਅਜੇ ਥੋਹੜੀ ਹੀ ਦੂਰ ਗਏ ਸਾਂ ਕਿ ਅੱਗੋਂ ਗੋਲ਼ੀਆਂ ਚੱਲਣ ਦੀ ਆਵਾਜ਼ ਸੁਣ ਕੇ
ਵਾਪਸ ਮੁੜ ਆਏ। ਅਸਲ ਵਿੱਚ ਬਲੋਚਾਂ ਦੀ ਇਹ ਸਾਜਸ਼ ਸੀ ਸਾਨੂੰ ਵਧ ਤੋਂ ਵਧ ਕਤਲ ਕਰਨ ਦੀ। ਅੱਗੇ
ਕਾਤਲਾਂ ਦਾ ਹਜੂਮ ਸੀ। ਉਹ ਓਧਰ ਜਾਣ ਵਾਲ਼ਿਆਂ ਨੂੰ ਵਢ ਵਢ ਕੇ ਇੱਕ ਭੱਠੇ ਦੇ ਟੋਏ ਵਿੱਚ ਸੁੱਟੀ
ਜਾਂਦੇ ਸਨ। ਫਿਰ ਪਤਾ ਨਹੀਂ ਕੀ ਤੇ ਕਿਵੇਂ ਹੋਇਆ; ਜਾਂ ਜਹਾਜ ਦੇ ਪਾਇਲਟ ਸ. ਮੇਹਰ ਸਿੰਘ ਨੇ ਜਹਾਜ
ਵਿਚੋਂ ਇਹ ਕਤਲਾਮ ਹੁੰਦਾ ਵੇਖ ਕੇ ਓਧਰ ਖ਼ਬਰ ਕਰ ਦਿਤੀ ਕਿ ਅੱਧੇ ਪੌਣੇ ਘੰਟੇ ਪਿਛੋਂ ਇੱਕ ਜੀਪ ਤੇ
ਇੱਕ ਟਰੱਕ ਵਿੱਚ ਗੋਰਖਾ ਤੇ ਸਿੱਖ ਮਿਲਟਰੀ ਦੇ ਕੁੱਝ ਜਵਾਨ ਆ ਗਏ। ਉਹਨਾਂ ਆਉਂਦੇ ਸਾਰ ਹੀ ਕਾਤਲ
ਭੀੜ ਉਪਰ ਗੋਲ਼ੀ ਚਲਾ ਕੇ ਭੀੜ ਨੂੰ ਭਜਾ ਦਿਤਾ। ਉਹਨਾ ਦਾ ਅਫ਼ਸਰ ਇੱਕ ਸਿੱਖ ਮੇਜਰ ਸੀ। ਉਸ ਨੇ
ਮਿਲਟਰੀ ਦੇ ਪਹਿਰੇਦਾਰ ਬਲੋਚਾਂ ਨੂੰ ਦਬਕਾ ਮਾਰ ਕੇ ਭਜਾਇਆ ਤੇ ਆਖਿਆ ਕਿ ਜੇ ਉਹ ਨਾ ਭੱਜੇ ਤਾਂ
ਗੋਲ਼ੀਆਂ ਨਾਲ਼ ਭੁੰਨ ਦਿਤੇ ਜਾਣ ਗੇ। ਉਹ ਭੱਜ ਕੇ ਇੱਕ ਕਮਰੇ ਵਿੱਚ ਵੜ ਗਏ। ਮੇਜਰ ਕੁੱਝ ਜਵਾਨ ਆਪਣੇ
ਨਾਲ਼ ਜੀਪ ਵਿੱਚ ਲੈ ਕੇ ਅੱਗੇ ਕਾਫ਼ਲੇ ਵੱਲ ਤੁਰ ਪਿਆ ਤੇ ਗੋਰਖਿਆਂ ਨੂੰ ਟਰੱਕ ਸਣੇ ਬੱਲੋ ਕੀ ਹੈਡ
ਤੋਂ ਪਾਰ ਜਾਣ ਵਾਲ਼ਿਆਂ ਦੀ ਰਾਖੀ ਲਈ ਛੱਡ ਗਿਆ। ਗੋਰਖੇ ਟਰੱਕ ਉਤੇ ਅਤੁ ਕੁੱਝ ਘੋੜੀਆਂ ਉਪਰ ਸਵਾਰ
ਹੋ ਕੇ ਸਾਡੇ ਨਾਲ਼ ਨਾਲ ਰਹੇ। ਜਦੋਂ ਅਸੀਂ ਭਾਈ ਫੇਰੂ ਦੇ ਗੁਰਦੁਆਰੇ ਪੁੱਜੇ ਤਾਂ ਅੱਗੇ ਲੰਗਰ ਦੀ
ਥਾਂ ਗੁਰਦੁਆਰਾ ਭਾਂ ਭਾਂ ਕਰਦਾ ਪਿਆ ਸੀ। ਭਾਈ ਫੇਰੂ ਤੋਂ ਅੱਗੇ ਲੋਕਾਂ ਨੇ ਛਾਂਗੇ ਮਾਂਗੇ ਵਾਲ਼ੀ
ਨਹਿਰ ਤੋੜ ਦਿਤੀ ਹੋਈ ਸੀ ਤਾਂ ਕਿ ਕਾਫ਼ਲਾ ਅੱਗੇ ਹਿੰਦੁਸਤਾਨ ਵੱਲ ਨਾ ਜਾ ਸਕੇ। ਸੜਕ ਉਪਰ ਪਾਣੀ ਹੀ
ਪਾਣੀ ਸੀ। ਕਾਫ਼ਲਾ ਪਾਣੀ ਵਿਚੋਂ ਲੰਘ ਨਹੀਂ ਸੀ ਸਕਦਾ। ਕਾਫ਼ਲਾ ਰੁਕ ਗਿਆ। ਫਿਰ ਫੌਜ ਨੇ ਕਾਫ਼ਲੇ ਨੂੰ,
ਵਲ਼ ਪਾ ਕੇ, ਛਾਂਗੇ ਮਾਂਗੇ ਦੀ ਰੱਖ ਰਾਹੀਂ ਅਗੇ ਨੂੰ ਲੰਘਾਇਆ। ਕਾਫ਼ਲਾ ਸਾਰਾ ਦਿਨ ਚੱਲ ਕੇ ਰਾਤ ਨੂੰ
ਫੀਰੋਜ਼ਪੁਰ ਪੁੱਜਿਆ। ਅਸੀਂ ਸੜਕ ਉਪਰ ਹੀ ਰੁਕੇ ਹੋਏ ਸਾਂ। ਫੀਰੋਜ਼ਪੁਰ ਵਾਸੀਆਂ ਨੇ ਏਥੇ ਸੜਕ ਉਪਰ ਹੀ
ਸਾਡੇ ਵਾਸਤੇ ਕੁੱਝ ਰੋਟੀਆਂ ਤੇ ਦਵਾਈਆਂ ਦਾ ਪ੍ਰਬੰਧ ਕੀਤਾ। ਫੀਰੋਜ਼ਪੁਰੋਂ ਫਿਰ ਅਸੀਂ ਅੰਮ੍ਰਿਤਸਰ
ਗਏ। ਗੁਰੂ ਰਾਮਦਾਸ ਸਰਾਂ ਵਿੱਚ ਸਾਨੂੰ ਇੱਕ ਕਮਰਾ ਮਿਲ਼ ਗਿਆ। ਇਸ ਕਾਫ਼ਲੇ ਦੇ ਸਫ਼ਰ ਸਮੇ ਸਾਡਾ ਟੱਬਰ
ਨਿੱਖੜ ਗਿਆ ਸੀ। ਮਹੀਨਾ ਡੇਢ ਮਹੀਨਾ ਏਥੇ ਸਰਾਂ ਵਿੱਚ ਰਹਿਣ ਸਮੇ ਹੌਲ਼ੀ ਹੌਲ਼ੀ ਸਾਰਾ ਟੱਬਰ ਇਕੱਠਾ
ਹੋ ਗਿਆ। ਫਿਰ ਅਸੀਂ ਅੰਬਾਲ਼ੇ ਸ਼ਹਿਰ ਚਲੇ ਗਏ। ਓਥੇ ਅਸੀਂ ਸਾਰੇ ਟੱਬਰ ਨੇ ਮਹੀਨਾਂ ਕੁ ਸਟੇਸ਼ਨ ਦੇ
ਇੱਕ ਬਰਾਂਡੇ ਵਿੱਚ ਹੀ ਕੱਟਿਆ। ਪਿਤਾ ਜੀ ਜਲੰਧਰੋਂ ਭੱਜ ਨੱਸ ਕਰਕੇ, ਤਸੀਲ ਨਰੈਣ ਗੜ੍ਹ ਦੇ ਪਿੰਡ
ਪੰਜਲਾਸਾ ਵਿੱਚ ਜ਼ਮੀਨ ਅਲਾਟ ਕਰਵਾ ਕੇ ਆਏ ਤੇ ਅਸੀਂ ਉਸ ਪਿੰਡ ਵਿੱਚ ਚਲੇ ਗਏ। ਹੋਰ ਤਾਂ ਓਥੋਂ ਘਰੋਂ
ਅਸੀਂ ਆਪਣੇ ਨਾਲ਼ ਕੁੱਝ ਨਾਲ਼ ਨਹੀਂ ਲਿਆ ਸਕੇ ਪਰ ਰੱਬ ਦਾ ਸ਼ੁਕਰ ਹੈ ਕਿ ਸਾਰਾ ਪਰਵਾਰ ਜਾਨਾਂ ਬਚਾ ਕੇ
ਏਧਰ ਆ ਗਿਆ।
ਇਸ ਵਾਰਤਾ ਨੂੰ ਟਾਇਪਣ ਵਾਲ਼ੇ ਦੇ ਵਿਚਾਰ:
ਬਚਪਨ ਤੋਂ ਪਾਕਿਸਤਾਨ ਬਣਨ ਸਮੇ ਦੇ ਉਜਾੜੇ ਦੀਆਂ ਗੱਲਾਂ ਸੁਣਦੇ ਤੇ ਪੜ੍ਹਦੇ ਆ ਰਹੇ
ਹਾਂ। ਇਸ ਬਾਰੇ ਓਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਕੁੱਝ ਲਿਖਿਆ ਤੇ ਬੋਲਿਆ ਗਿਆ ਹੈ। ਸ. ਨਾਨਕ
ਸਿੰਘ ਜੀ ਨੇ ਵੀ ਇਸ ਬਾਰੇ ਨਾਵਲਾਂ ਦੀ ਇੱਕ ਲੜੀ ਲਿਖੀ ਸੀ। ਉਹਨਾਂ ਨਾਵਲਾਂ ਨੂੰ ਪੜ੍ਹ ਕੇ ਮੇਰਾ
ਵਿਚਾਰ ਬਣਿਆ ਸੀ ਕਿ ਸਾਡੇ ਤੋਂ ਪਹਿਲੀ ਪੀਹੜੀ ਘੱਟ ਸਮਝ ਵਾਲ਼ਿਆਂ ਦੀ ਸੀ ਜਿਸ ਨੇ ਸਦੀਆਂ ਤੋਂ
ਇਕੱਠੇ ਵੱਸਦੇ ਆ ਰਹੇ ਗਵਾਂਢੀਆ ਨਾਲ਼, ਕੇਵਲ ਇੱਕ ਮਜ਼ਹਬ ਦੇ ਫਰਕ ਕਰਕੇ ਏਨਾ ਮਾੜਾ ਕੀਤਾ। ਹੁਣ ਅਸੀਂ
ਅੱਗੇ ਤੋਂ ਸਿਆਣੇ ਹੋ ਗਏ ਹਾਂ ਤੇ ਇਸ ਵੀਹਵੀਂ ਸਦੀ ਦੇ ਅਖੀਰਲੇ ਸਾਲਾਂ ਵਿਚ, ਦੁਨੀਆਂ ਉਪਰ ਕਿਸੇ
ਵੀ ਥਾਂ ਤੇ ਮਨੁਖ ਦੂਜੇ ਮਨੁਖ ਨਾਲ਼, ਮਜ਼ਹਬੀ ਵਿਖੇਵੇਂ ਕਰਕੇ ਅਜਿਹਾ ਮਾੜਾ ਵਰਤਾ ਨਹੀਂ ਕਰੇਗਾ।
ਮੇਰੇ ਅਜਿਹੇ ਵਿਚਾਰ ਗੁਰਬਾਣੀ ਅਤੇ ਖਾਸ ਕਰਕੇ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਵਿਚਾਰਾਂ ਤੋਂ
ਪ੍ਰਭਾਵਤ ਸਨ। ਪਰ ਇਹ ਮੇਰੀ ਖ਼ਾਮ ਖ਼ਿਆਲੀ ਹੀ ਸੀ।
੧੯੭੪ ਵਿੱਚ ਜਦੋਂ ਪਾਕਿਸਤਾਨ ਵਿੱਚ ਅਹਿਮਦੀਆਂ ਨਾਲ਼ ਦੂਜਿਆਂ ਵੱਲੋਂ ਅਜਿਹਾ ਵਤੀਰਾ ਹੋਇਆ ਤਾਂ ਉਸ
ਸਮੇ ਮੈਂ ਮਲਾਵੀ ਵਿੱਚ ਸਾਂ। ਇਹ ਜਾਣ ਕੇ ਬੜਾ ਅਫ਼ਸੋਸ ਹੋਇਆ ਕਿ ਪੰਜ ਹਜ਼ਾਰ ਸਾਲ ਦੀ ਸਭਿਅਤਾ ਉਪਰ
ਮਾਣ ਕਰਨ ਵਾਲੇ ਪੰਜਾਬੀ ਅਜੇ ਵੀ, ੧੯੪੭ ਵਾਂਙ ਅਜਿਹਾ ਕੁੱਝ ਮਜ਼ਹਬੀ ਮੱਤ ਭੇਦ ਰੱਖਣ ਵਾਲ਼ਿਆਂ ਨਾਲ
ਕਰ ਸਕਦੇ ਹਨ! ੧੯੭੮ ਵਿੱਚ ਮੈਂ ਕੈਲੇਫ਼ੋਰਨੀਆ ਵਿੱਚ ਸਾਂ ਜਦੋਂ ਜਿਮ ਜੋਨਜ਼ ਵਾਲ਼ੀ ਘਟਨਾ ਵਾਪਰੀ ਕਿ
ਉਸ ਦੇ ਆਖੇ ਤੇ ੯੧੫ ਉਸ ਦੇ ਅਮ੍ਰੀਕਨ ਸ਼ਰਧਾਲੂ ਜ਼ਹਿਰ ਪੀ ਕੇ ਮਰ ਗਏ। ਓਦੋਂ ਵਿਚਾਰ ਆਈ ਕਿ ਮਨੁਖ ਦੀ
ਸੋਚ ਵਿੱਚ ਕੋਈ ਵਾਧਾ ਨਹੀਂ ਹੋਇਆ ਤੇ ਮਨੁਖਤਾ ਦੀ ਅਜਿਹੀ ਸਮਝ ਤੋਂ ਕੁੱਝ ਢਹਿੰਦੀਕਲਾ ਦਾ ਪ੍ਰਭਾਵ
ਵੀ ਮਨ ਤੇ ਪਿਆ। ਉਹ ਤਾਂ ਵੀਹਵੀ ਸਦੀ ਦੀ ਗੱਲ ਹੈ ਹੁਣ ਇਕੀਵੀਂ ਸਦੀ ਦੀ ਵੀ ਸੁਣ ਲਵੋ: ਕਿਸੇ
‘ਸੰਤ’ ਦੇ ਆਖੇ ਚਾਰ ਸੌ ਬੰਦਾ ਨਿਪੁੰਸਕ ਬਣ ਜਾਂਦਾ ਹੈ; ਪਤਾ ਨਹੀਂ ਇਸ ‘ਮਹਾਨ’ ਕਾਰਜ ਲਈ ਕੀ
ਬਹਾਨਾ ਲਾ ਕੇ ਉਹਨਾਂ ਨੂੰ ਵਰਗਲਾਇਆ ਗਿਆ ਹੋਵੇਗਾ!
ਫਿਰ ਜੂਨ, ੧੯੮੪ ਵਿੱਚ ਤਾਂ ਕਿਆਸ ਤੋਂ ਬਾਹਰੀ ਦੁਰਘਟਨਾ ਵਾਪਰ ਗਈ। ਕਦੀ ਸੋਚ ਵਿੱਚ ਹੀ ਨਹੀਂ ਸੀ ਆ
ਸਕਦਾ ਕਿ ਪੰਜਾਬ ਵਿੱਚ ਸਿੱਖਾਂ ਨਾਲ਼ ਹਿੰਦ ਸਰਕਾਰ ਵੱਲੋਂ ਅਜਿਹਾ ਕਹਿਰ ਵਰਤਾਇਆ ਜਾ ਸਕਦਾ ਹੈ! ਗੱਲ
ਏਥੇ ਹੀ ਨਹੀਂ ਮੁੱਕੀ। ਫਿਰ ਓਸੇ ਸਾਲ ਹੀ ਨਵੰਬਰ, ੧੯੮੪ ਵਿੱਚ ਤਾਂ ਕੋਈ ਭੁਲੇਖਾ ਹੀ ਨਹੀਂ ਰਿਹਾ
ਕਿ ਕੇਵਲ ਸਰਕਾਰ ਵੱਲੋਂ ਹੀ ਨਹੀਂ, ਬਲਕਿ ਹਿੰਦੁਸਤਾਨ ਵਿੱਚ ਵੱਸਣ ਵਾਲ਼ੀ ਬਹੁ ਸੰਮਤੀ ਦੇ ਲੋਕ ਵੀ,
ਸਾਰੀ ਦੁਨੀਆਂ ਦੇ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ, ਸਰਕਾਰੀ ਸਹਾਇਤਾ ਨਾਲ਼ ਸਿੱਖ ਸਮਾਜ ਦਾ ਅਜਿਹਾ
ਘਾਣ ਕਰ ਸਕਦੇ ਹਨ ਤੇ ਦੇਸ ਦਾ ਪ੍ਰਧਾਨ ਮੰਤਰੀ, ਜਦੋਂ ਸਿੱਖਾਂ ਦੇ ਕਤਲਾਮ ਨੂੰ ਜਾਇਜ਼ ਠਹਿਰਾਉਂਦਿਆਂ
ਇਹ ਆਖਦਾ ਹੈ ਕਿ ਜਦੋਂ ਵੱਡਾ ਦਰੱਖ਼ਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੀ ਹੈ; ਤਾਂ ਲੋਕ ਤਾੜੀਆਂ ਮਾਰ
ਕੇ ਇਸ ਕਤਲਾਮ ਦੀ ਪ੍ਰੋੜ੍ਹਤਾ ਕਰਦੇ ਹਨ।
ਗੱਲ ਏਥੇ ਹੀ ਨਹੀਂ ਮੁੱਕ ਜਾਂਦੀ: ੨੦੦੨ ਵਿੱਚ ਗੁਜਰਾਤ ਅੰਦਰ ਮੁਸਲਮਾਨਾਂ ਦਾ ਘਾਤ, ਅਫ਼੍ਰੀਕਾ ਵਿੱਚ
ਦੋ ਕਬੀਲਿਆਂ ਦੀ ਲੜਾਈ ਵਿੱਚ ਮਨੁਖਤਾ ਦਾ ਘਾਣ ਤੇ ਫਿਰ ਸੋਵੀਅਤ ਯੂਨੀਅਨ ਦੇ ਤਹਿਸ ਨਹਿਸ ਹੋਣ
ਪਿੱਛੋਂ, ਉਸ ਦੇ ਚੁੰਗਲ਼ ਵਿਚੋਂ ਆਜ਼ਾਦ ਹੋਏ ਮੁਲਕਾਂ ਵਿਚੋਂ ਇੱਕ ਮੁਲਕ ਯੂਗੋਸਲਾਵੀਆ ਦੇ ਅੱਗੋਂ ਹੋਰ
ਟੋਟੇ ਹੋਣ ਸਮੇ, ਤਕੜੀ ਧਿਰ ਵਾਲ਼ਿਆਂ ਨੇ ਜੋ ਮਾੜੀ ਧਿਰ ਵਾਲ਼ਿਆਂ ਨਾਲ਼ ਕੀਤਾ, ਉਹ ਮਨੁਖਤਾ ਵਾਸਤੇ
ਨੱਕ ਡੋਬ ਕੇ ਮਰਨ ਵਾਲੀ ਗੱਲ ਹੈ।
ਹਿੰਸਾ ਮਨੁਖ ਦੇ ਅੰਦਰ ਕੁੱਟ ਕੁੱਟ ਭਰੀ ਹੋਈ ਹੈ। ਜਦੋਂ ਵੀ ਇਸ ਨੂੰ ਕੋਈ ਵੀ ਬਹਾਨਾ ਮਿਲ਼ੇ,
ਚਾਹੇ ਗਾਂ ਦੀ ਰੱਖਿਆ ਦਾ ਹੋਵੇ ਤੇ ਚਾਹੇ ਗੁਰਬਾਣੀ ਦੇ ਸਤਿਕਾਰ ਦਾ, ਇਸ ਦੇ ਅੰਦਰ ਦਾ ਜ਼ਾਲਮ ਪਰਗਟ
ਹੋ ਜਾਂਦਾ ਹੈ ਤੇ ਮਾੜੇ ਉਪਰ ਆਪਣਾ ਮਨ ਚਾਹਿਆ ਜ਼ੁਲਮ ਕਰਦਾ ਹੈ। ਸਭ ਤੋਂ ਵੱਡਾ ਬਹਾਨਾ ਇਸ ਵਾਸਤੇ
ਮਜ਼ਹਬ ਦਾ ਹੈ ਜਿਸ ਨਾਲ਼ ਇਹ ਆਪਣੇ ਨਾਲ਼ੋਂ ਵੱਖਰੇ ਵਿਚਾਰ ਰੱਖਣ ਵਾਲ਼ਿਆਂ ਉਪਰ, ਮਨ ਚਾਹੇ ਜ਼ੁਲਮ ਕਰ
ਸਕਦਾ ਹੈ। ਅਜਿਹਾ ਜ਼ੁਲਮ ਕਰਦਿਆਂ ਸ਼ਰਮ ਮੰਨਣ ਦੀ ਥਾਂ ਖ਼ੁਦ ਨੂੰ ਧਰਮ ਰਖਿਅਕ ਸੂਰਮਾ (ਗਾਜ਼ੀ) ਵੀ
ਪਰਗਟ ਕਰਦਾ ਹੈ। ਗੁਰਬਾਣੀ ਅਨੁਸਾਰ, “ਪਾਪ ਕਰਹਿ ਪੰਚਾ ਕੇ ਬਸ
ਰੇ॥” ਪੰਜ ਦੂਤਾਂ ਦੇ ਅਸਰ ਅਧੀਂ ਮਨੁਖ ਮਾੜੇ ਨੂੰ ਹਰੇਕ ਸਮੇ ਲੁੱਟਣ ਤੇ ਕੁੱਟਣ ਦੀ
ਝਾਕ ਵਿੱਚ ਹੀ ਹੈ ਬੱਸ ਉਸ ਨੂੰ ਅਜਿਹਾ ਕੁੱਝ ਕਰਨ ਸਮੇ, ਬਦਲੇ ਦਾ, ਸਮਾਜ ਦਾ, ਸਰਕਾਰ ਦਾ, ਧਰਮ ਦਾ
ਡਰ ਨਾ ਹੋਵੇ।
ਉਸ ਤਕਰੀਬਨ ਤਿੰਨ ਮਹੀਨਿਆਂ ਦੇ ਸਮੇ ਦੌਰਾਨ, ਮੇਹਨਤੀ ਅਤੇ ਬਹਾਦਰ ਪੰਜਾਬੀਆਂ ਦੇ ਸਾਹਮਣੇ ਬਸ ਦੋ
ਹੀ ਕੰਮ ਰਹਿ ਗਏ ਸਨ: ਇੱਕ ਮਾੜਿਆਂ ਨੂੰ ਕਤਲ ਕਰਨਾ ਅਤੇ ਦੂਜਾ ਤਗੜਿਆਂ ਦੇ ਹਥੋਂ ਕਤਲ ਹੋਣ ਤੋਂ
ਬਚਣ ਲਈ ਜਾਨ ਬਚਾ ਕੇ ਭੱਜਣਾ।
(ਗਿਆਨੀ ਸੰਤੋਖ ਸਿੰਘ)