.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਭਾਵਨਾ

ਭਾਂਵੇਂ ਮੈ ੧੯੭੯ ਤੇ ੧੯੮੧ ਨੂੰ ਦੋ ਵਾਰ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਕਰ ਚੁੱਕਿਆ ਸੀ, ਪਰ ਇਹ ਤਾਂਘ ਹਮੇਸ਼ਾਂ ਬਣੀ ਰਹਿੰਦੀ ਸੀ, ਕਿ ਕਿਤੇ ਇੱਕ ਵਾਰ ਫਿਰ ਮੌਕਾ ਮਿਲੇ ਤਾਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕੀਤੇ ਜਾਣ। ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਹਰ ਸਿੱਖ ਦੇ ਹਿਰਦੇ ਵਿੱਚ ਉੱਕਰੀ ਹੋਈ ਹੈ। ਇਹ ਠੀਕ ਹੈ ਕਿ ਸੰਸਾਰ ਭਰ ਦੇ ਸਾਰੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਇਸ ਤਰ੍ਹਾਂ ਗੁਰਦੁਆਰਿਆਂ ਦਾ ਮਹੱਤਵ ਵੀ ਇਕਸਾਰ ਹੈ ਪਰ ਫਿਰ ਵੀ ਜੋ ਮਹੱਤਵ ਇਤਿਹਾਸਕ ਅਸਥਾਨਾਂ ਦਾ ਹੈ ਉਹ ਆਪਣੀ ਮਿਸਾਲ ਆਪ ਹੈ। ਇਹਨਾਂ ਇਤਿਹਾਸਕ ਅਸਥਾਨਾਂ ਤੇ ਜਾ ਕੇ ਜੋ ਭਾਵਨਾ ਜਨਮ ਲੈਂਦੀ ਹੈ ਉਹ ਨਾ ਤਾਂ ਦਿਖਾਈ ਜਾ ਸਕਦੀ ਹੈ ਤੇ ਨਾ ਹੀ ਦੱਸੀ ਜਾ ਸਕਦੀ। ਇਸ ਭਾਵਨਾ ਨੂੰ ਕੇਵਲ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਜਾਂ ਮਾਣਿਆਂ ਜਾ ਸਕਦਾ ਹੈ। ਗੁਰੂਆਂ ਦੀ ਚਰਨ ਛੋਹ ਪ੍ਰਾਪਤ ਅਸਥਾਨਾਂ `ਤੇ ਜਾ ਕੇ ਇੱਕ ਵੱਖਰੀ ਕਿਸਮ ਦਾ ਸਕੂਨ ਮਿਲਦਾ ਹੈ ਜੋ ਅੱਖਰਾਂ ਦੀ ਬੰਦਸ਼ ਵਿੱਚ ਨਹੀਂ ਆ ਸਕਦਾ ਸਿਰਫ ਆਤਮਿਕ ਤਲ਼ `ਤੇ ਹੀ ਜਾਣਿਆਂ ਜਾ ਸਮਝਿਆ ਜਾ ਸਕਦਾ ਹੈ।
ਇੱਕ ਗੱਲ ਤਾਂ ਪੱਕੀ ਹੈ ਕਿ ਭਾਰਤ ਵਿਚਲੇ ਸਾਰੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਦੀਦਰੇ ਨਹੀਂ ਕੀਤੇ ਜਾ ਸਕਦੇ। ਪਰ ਸਿੱਖ ਦੀ ਤਾਂਘ ਬਣੀ ਰਹਿੰਦੀ ਹੈ ਕਿ ਮੈਂ ਆਪਣੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਜ਼ਰੂਰ ਕਰਾਂ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਨਨਕਾਣਾ ਸਾਹਿਬ ਦੀ ਯਾਦ ਲਈ ਹਮੇਸ਼ਾਂ ਅੰਦਰੋਂ ਚੀਸ ਉੱਠਦੀ ਰਹਿੰਦੀ ਹੈ। ਨਨਕਾਣਾ ਸਾਹਿਬ ਦੀ ਧਰਤੀ ਦੇ ਵਿਛੋੜੇ ਦਾ ਦਰਦ ਕਵੀਆਂ ਨੇ ਆਪੋ ਆਪਣੀ ਕਲਮ ਨਾਲ ਅੰਕਤ ਕੀਤਾ ਹੈ। ਅਜੇਹੇ ਦਰਦ ਨੂੰ ਮਹਿਸੂਸ ਕਰਦਿਆਂ ਅਥਰੂਆਂ ਦਾ ਦਰਿਆ ਚਲ ਪੈਂਦਾ ਹੈ।
ਅੱਜ ਤੋਂ ਕੋਈ ੩੫ ਕੁ ਸਾਲ ਪਹਿਲਾਂ ਪੰਜਾਬੀ ਭਵਨ ਲੁਧਿਆਣਾ ਵਿਖੇ ਜਦੋਂ ਚਮਕੀਲੇ ਗਾਇਕ ਨੇ ਗਾਇਆ ਸੀ “ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ” ਤਾਂ ਮੇਰਾ ਖਿਆਲ ਹੈ ਹਰ ਸਰੋਤੇ ਦੀ ਅੱਖ ਨੇ ਹੰਝੂ ਕੇਰੇ ਸਨ। ਅੱਜ ਕਲ੍ਹ ਇੱਕ ਹੋਰ ਗੀਤ ਜੋ ਬਹੁਤ ਪ੍ਰਚੱਲਤ ਹੈ “ਮੇਰੇ ਨੈਨ ਤਰਦੇ ਨਨਕਾਣੇ ਨੂੰ” ਦਿੱਲ ਚੀਰਦੇ ਜਾਂਦੇ ਹਨ। ਕਰਤਾਰਪੁਰ ਦੀ ਧਰਤੀ ਨੂੰ ਦੇਖਣ ਦੀ ਚਾਹਤ ਸਦਾ ਹੀ ਉਬਾਲੇ ਮਾਰਦੀ ਰਹਿੰਦੀ ਹੈ। ਇਹ ਉਹ ਮਹਾਨ ਧਰਤੀਆਂ ਨੇ ਜਿੱਥੇ ਗੁਰਦੇਵ ਪਿਤਾ ਜੀ ਨੇ ਜ਼ਿੰਦਗੀ ਦਾ ਲੰਬਾ ਸਮਾਂ ਬਿਤਾਇਆ ਹੈ। ਇਹਨਾਂ ਧਰਤੀਆਂ ਦੀ ਮਹਾਨਤਾ ਇਸ ਕਰਕੇ ਹੈ ਕਿ ਏੱਥੇ ਗੁਰਦੇਵ ਪਿਤਾ ਜੀ ਨੇ ਮਹਾਨ ਕਾਰਜ ਕੀਤੇ ਹਨ।
ਪੰਜਾਬ ਇੱਕ ਅਜੇਹਾ ਬਦਕਿਸਮਤ ਸੂਬਾ ਹੈ ਜਿਸ ਦੀ ਗੈਰ ਕੁਦਰਤੀ ਭੂਗੋਲਿਕ ਵੰਡ ਹੋਈ ਹੈ। ਮਹਾਂਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਨੂੰ ਘਰ ਦੇ ਭੇਤੀਆਂ, ਖਾਲਸਾ ਪੰਥ ਦਾ ਲੂਣ ਖਾਣ ਵਾਲੇ ਡੋਗਰਿਆਂ ਤੇ ਬ੍ਰਹਮਣ ਸੋਚ ਦੇ ਅਹਿਲਕਾਰਾਂ ਨੇ ਕੇਵਲ ਦਸ ਸਾਲ ਵਿੱਚ ਭੋਗ ਪਾ ਦਿੱਤਾ। ਲੰਮੀਆਂ ਸਰਹੱਦਾਂ ਰੱਖਦਾ ਹੋਇਆ ਵੱਡ ਅਕਾਰੀ ਦੇਸ ਪੰਜਾਬ ਅੰਗਰੇਜ਼ਾਂ ਦੇ ਅਧੀਨ ਚਲਾ ਗਿਆ। ਅੰਗਰੇਜ਼ਾਂ ਨੇ ਲੱਗ-ਪੱਗ ਸੌ ਸਾਲ ਦੇਸ ਪੰਜਾਬ `ਤੇ ਰਾਜ ਕੀਤਾ ਹੈ। ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਦੇਖਣ ਵਾਲਿਆਂ ਨੇ ਬੇ-ਮੁਹਾਰੇ ਅਥਰੂ ਵਹਾ ਕੇ ਸਬਰ ਦਾ ਘੁੱਟ ਭਰ ਲਿਆ। ਆਪਣਾ ਰਾਜ ਭਾਗ ਦਾ ਅਨੰਦ ਮਾਣਨ ਵਾਲਿਆਂ ਪਾਸ ਕੇਵਲ ਚੀਸਾਂ ਤੇ ਹੌਕੇ ਹੀ ਬਾਕੀ ਰਹਿ ਗਏ ਹਨ। ਬਹੁਤਿਆਂ ਨੂੰ ਆਸ ਸੀ ਕਿ ਛੇਤੀ ਹੀ ਮੁੜ ਕੇ ਖਾਲਸਾ ਰਾਜ ਹੋਂਦ ਵਿੱਚ ਆ ਸਕਦਾ ਹੈ। ਏਸੇ ਆਸ ਨਾਲ ਬਹੁਤੇ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ ਕਿ ਅਸੀਂ ਮੁੜ ਕੇ ਰਾਜ ਭਾਗ ਦੇ ਮਾਲਕ ਬਣ ਸਕਦੇ ਹਾਂ। ਪਰ ਇਹ ਇੱਕ ਸੁਪਨੇ ਦੀ ਨਿਆਂਈ ਹੀ ਸੀ। ਰਾਜਨੀਤਿਕ ਇੱਕ ਸ਼ਤਰੰਜ ਦੀ ਬਾਜ਼ੀ ਹੈ। ਦੇਸ ਦੀ ਅਜ਼ਾਦੀ ਲਈ ਨਬ੍ਹੇ ਪ੍ਰਤੀਸ਼ੱਤ ਤੋਂ ਉਪਰ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਜੋਗੋਂ ਤੇਰ੍ਹੀਆਂ ਕਰਦਿਆਂ ਪੰਜਾਬ ਨੂੰ ਦੋ ਭਾਗਾਂ ਵਿੱਚ ਚੀਰ ਕੇ ਰੱਖ ਦਿੱਤਾ। ਇੱਕ ਸਰੀਰ ਦੇ ਦੋ ਟੁਕੜੇ ਕਰ ਦਿੱਤੇ। ਇਹ ਇੱਕ ਅਜੇਹੀ ਵੰਡ ਸੀ ਜਿਸ ਨੂੰ ਨਾ ਮੰਨਦਿਆਂ ਹੋਇਆਂ ਵੀ ਮੰਨਣਾ ਪਿਆ। ਇਸ ਗੈਰ ਕੁਦਰਤੀ ਵੰਡ ਨੇ ਪੰਜਾਬੀਆਂ ਦੀ ਪੂਰੀ ਬਰਬਾਦੀ ਕੀਤੀ ਹੈ।
ਮੁਲਕ ਦੀ ਅਜ਼ਾਦੀ ਵਿੱਚ ਸਿੱਖਾਂ ਨੇ ਵਿਤੋਂ ਵੱਧ ਕੇ ਆਪਣਾ ਜੋਗ ਦਾਨ ਪਾਇਆ ਹੈ। ਫਾਂਸੀਆਂ ਦਿਆਂ ਰੱਸਿਆਂ ਨੂੰ ਚੁੰਮਣ ਵਾਲੇ ੯੪ ਸਿੱਖ ਸਨ ਕਾਲੇ ਪਾਣੀਆਂ ਦੀਆਂ ਸਜਾਵਾਂ ਕੱਟਣ ਵਾਲੇ ਬਹੁਤੇ ਸਿੱਖ ਸਨ। ਅਜ਼ਾਦੀ ਦੀ ਜੰਗ ਲੜਦਿਆਂ ਸਿੱਖ ਕੌਮ ਦੇ ਨੇਤਾਵਾਂ ਨੇ ਜਦ ਵੀ ਸਿੱਖਾਂ ਨੇ ਆਪਣੇ ਰਾਜ ਭਾਗ ਦੀ, ਆਪਣੇ ਹੱਕਾਂ ਦੀ ਜਾਂ ਭਾਰਤ ਵਿੱਚ ਰਹਿੰਦਿਆਂ ਵੱਧ ਅਧਿਕਾਰਾਂ ਦੀ ਗੱਲ ਕੀਤੀ ਤਾਂ ਰਾਜਨੀਤੀ ਵਿੱਚ ਚਲਾਕ ਨਹਿਰੂ ਆਦਿ ਨੇਤਾਵਾਂ ਨੇ ਏਹੀ ਸਮਝਾਉਣ ਦਾ ਯਤਨ ਕੀਤਾ ਕਿ ਇੱਕ ਵਾਰੀ ਅੰਗਰੇਜ਼ਾਂ ਨੂੰ ਅਸੀਂ ਭਾਰਤ ਵਿਚੋਂ ਬਾਹਰ ਕਰ ਦਈਏ ਮੁੜ ਕੇ ਤਾਂ ਤੁਸਾਂ ਹੀ ਸਾਰੇ ਭਾਰਤ `ਤੇ ਰਾਜ ਕਰਨਾ ਹੈ। ਅਸੀਂ ਤਾਂ ਤੁਹਾਡੇ ਸੇਵਾਦਾਰ ਹੀ ਰਹਾਂਗੇ। ਸਾਫ਼ ਸਪੱਸ਼ਟ ਹੈ ਕਿ ਸਿੱਖ ਲੀਡਰਸ਼ਿੱਪ ਭਾਰਤੀ ਲੀਡਰਾਂ ਦੇ ਛਲਾਵੇ ਵਿੱਚ ਪੂਰੀ ਤਰ੍ਹਾਂ ਜਕੜੇ ਗਏ ਸਨ। ਗਾਂਧੀ ਵਰਗੇ ਲੀਡਰ ਹਰ ਥਾਂ `ਤੇ ਇਹ ਗੱਲ ਕਰਦੇ ਸੀ ਕਿ ਸਿੱਖ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਯੋਗਦਾਨ ਪਉਣ ਵਾਲੇ ਹਨ ਇਸ ਲਈ ਅਜ਼ਾਦ ਭਾਰਤ ਵਿੱਚ ਸਿੱਖ ਪੂਰੀ ਅਜ਼ਾਦੀ ਦਾ ਨਿੱਘ ਮਾਨਣਗੇ। ਪਰ ਹੋਇਆ ਸਾਰਾ ਕੁੱਝ ਉਲਟ ਹੀ ਹੈ। ਸੋਚੀਦਾ ਹੈ ਕਿ ਅਜੇਹੇ ਹਿੰਦੂ ਲੀਡਰਾਂ ਦਾ ਕੀ ਕਿਰਦਾਰ ਹੈ ਜਿੰਨ੍ਹਾਂ ਦੇ ਮਨ ਵਿੱਚ ਕੁੱਝ ਹੋਰ ਤੇ ਜ਼ਬਾਨ ਤੇ ਕੁੱਝ ਹੋਰ ਸੀ। ਇਸ ਸਬੰਧੀ ਬਹੁਤ ਸਾਰੀਆਂ ਪੁਸਤਕਾਂ ਪੜ੍ਹਨ ਨੂੰ ਮਿਲਦੀਆਂ ਹਨ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸਿੱਖ ਲੀਡਰਸ਼ਿੱਪ ਨੇ ਭਾਰਤੀ ਲੀਡਰਾਂ `ਤੇ ਅਥਾਹ ਭਰੋਸਾ ਕਰਕੇ ਮਹਾਂਰਾਜਾ ਰਣਜੀਤ ਸਿੰਘ ਦੇ ਬਣੇ ਰਾਜ ਨੂੰ ਦੋ ਥਾਂਈ ਕਰਦਿਆਂ, ਆਪਣੇ ਹੀ ਪੰਜਾਬ ਦੇ ਦੋ ਹਿੱਸੇ ਕਰਾ ਲਏ। ਅੱਜ ਦੇਸ ਪੰਜਾਬ ਦੇ ਇੱਕ ਹਿੱਸੇ ਨੂੰ ਪੂਰਬੀ ਤੇ ਦੂਸਰੇ ਨੂੰ ਪੱਛਮੀ ਪੰਜਾਬ ਕਹਿ ਕੇ ਪੁਕਾਰਿਆ ਜਾਂਦਾ ਹੈ।
ਦੇਸ ਨੂੰ ਅਜ਼ਾਦੀ ਮਿਲ ਗਈ ਪਰ ਸਿੱਖ ਕੌਮ ਨੂੰ ਸਭ ਤੋਂ ਵੱਧ ਨੁਕਸਾਨ ਉਠਾਉਣਾ ਪਿਆ। ਬਣੇ ਘਰਬਾਰ, ਵੱਡੀਆਂ ਹਵੇਲੀਆਂ, ਜ਼ਰਖ਼ੇਜ਼ ਜ਼ਮੀਨਾਂ, ਦੁਧਾਰੂ ਪੁਸ਼ੂ ਤੇ ਮਾਲ ਅਸਬਾਬ ਛੱਡ ਕੇ ਕੇਵਲ ਤਨ ਦੇ ਕਪੜਿਆਂ ਨਾਲ ਜਾਨਾਂ ਬਚਾ ਕੇ ਤੁਰਨਾ ਪਿਆ। ਦਿਨ ਦੀਵੀਂ ਹੱਸਦੇ ਵੱਸਦੇ ਪਰਵਾਰ ਕੇਵਲ ਉਝੜਨ ਜੋਗੇ ਰਹਿ ਗਏ। ਇਸ ਭਿਆਨਕ ਵੰਡ ਨੇ ਕਤਲੇਆਮ ਨੂੰ ਜਨਮ ਦਿੱਤਾ ਬੱਚੀਆਂ ਦੇ ਜਿਸਮਾਂ ਨੂੰ ਨੋਚਿਆ ਗਿਆ ਤੇ ਬੇ-ਪਤ ਕੀਤਾ ਗਿਆ। ਭਾਰੀ ਮਾਲੀ ਜਾਨੀ ਨੁਕਸਾਨ ਪੰਜਾਬੀਆਂ ਨੂੰ ਉਠਾਉਣਾ ਪਿਆ। ਹਲਾਤ ਇਹ ਸਨ ਕਿ “ਅੱਜ ਬੇਲੇ ਲਾਸ਼ਾਂ ਵਿੱਛੀਆਂ ਤੇ ਲਹੂ ਦੀ ਭਰੀ ਚਨਾਬ” ਸਭ ਤੋਂ ਦੁਖਦਾਈ ਪਹਿਲੂ ਇਹ ਸੀ ਕਿ ਸਿੱਖੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਗੁਰੂ ਨਾਨਕ ਸਾਹਿਬ ਜੀ ਦੀ ਜ਼ਿੰਦਗੀ ਦੇ ਆਖਰੀ ਸਾਲਾਂ ਵਾਲੀ ਚਰਨ ਛੋਹ ਕਰਤਾਰਪੁਰ ਦੀ ਧਰਤੀ ਤੋਂ ਸਾਨੂੰ ਸਦਾ ਲਈ ਵਿਛੜਣਾ ਪਿਆ। ਲਾਹੌਰ ਦਾ ਸ਼ਾਹੀ ਕਿਲ੍ਹਾ ਦੇਖਣ ਲਈ ਵੀ ਸਿੱਖ ਕੌਮ ਨੂੰ ਵੀਜ਼ੇ ਦਾ ਮੁਥਾਜ ਹੋਣ ਲਈ ਮਜ਼ਬੂਰ ਹੋਣਾ ਪਿਆ। ਮੁਲਕ ਤਾਂ ਅਜ਼ਾਦ ਹੋ ਗਿਆ ਪਰ ਸਿੱਖਾਂ ਨੂੰ ਆਪਣਿਆਂ ਗੁਰਦੁਆਰਿਆਂ ਤੋਂ ਵਿਛੋੜਿਆ ਗਿਆ ਹੈ। ਅੱਜ ਅਸੀਂ ਅਰਦਾਸ ਹੀ ਕਰਦੇ ਹਾਂ ਕਿ “ਨਨਕਾਣਾ ਸਹਿਬ ਤੇ ਹੋਰ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ਼ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ” ਨਾਲ ਸਬਰ ਕਰਨਾ ਪੈ ਰਿਹਾ ਹੈ। ਹੈਰਾਨਗੀ ਦੀ ਗੱਲ ਦੇਖੋ ਕਿ ਸਿੱਖ ਇਤਿਹਾਸ ਦਾ ਬਹੁਤਾ ਹਿੱਸਾ ਹੀ ਲਾਹੌਰ ਨਾਲ ਸਬੰਧ ਰੱਖਦਾ ਹੈ।
ਪੰਜਾਬ ਦੀ ਇਸ ਗੈਰ ਕੁਦਰਤੀ ਵੰਡ ਨੇ ਬਹੁਤੇ ਪੰਜਾਬੀਆਂ ਨੂੰ ਉਜਾੜ ਕੇ ਰੱਖ ਦਿੱਤਾ। ਮੁਲਕ ਅਜ਼ਾਦ ਹੁੰਦਿਆਂ ਹੈ ਭਾਰਤੀ ਲੀਡਰਾਂ ਦੇ ਤੌਰ ਤਰੀਕੇ ਹੀ ਬਦਲ ਗਏ। ਸਿੱਖ ਕੌਮ ਦੀ ਅਣਖ ਤੇ ਗੈਰਤ ਨੂੰ ਜ਼ਰਾਇਮ ਪੇਸ਼ਾ ਵਰਗੇ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ। ਹੋਰ ਤਾਂ ਹੋਰ ਜਦੋਂ ਭਾਰਤ ਵਿੱਚ ਬੋਲੀ ਦੇ ਅਧਾਰਤ ਸੂਬਿਆਂ ਦੀ ਵੰਡ ਹੋਈ ਤਾਂ ਪੰਜਾਬੀ ਜ਼ਬਾਨ ਨੂੰ ਬਣਦਾ ਮਾਣ ਸਤਿਕਾਰ ਨਾ ਦਿੱਤਾ ਗਿਆ ਤੇ ਪੰਜਾਬੀ ਬੋਲੀ ਦੇ ਅਧਾਰਤ ਸੂਬਾ ਵੀ ਨਾ ਬਣਾਇਆ ਗਿਆ। ਤੁਅਸਬ ਏੰਨਾ ਭਾਰੂ ਸੀ ਕਿ ਹਿੰਦੂ ਵੀਰ ਪੰਜਾਬੀ ਵਿੱਚ ਬੋਲ ਕੇ ਕਹਿੰਦੇ ਸਨ ਕਿ ਸਾਡੀ ਮਾਂ ਬੋਲੀ ਹਿੰਦੀ ਹੈ। ਮੇਰੇ ਇੱਕ ਮਰਦਮ ਸ਼ੁਮਾਰੀ ਕਰਨ ਵਾਲੇ ਮਿੱਤਰ ਅਫ਼ਸਰ ਨੇ ਗੱਲ ਸੁਣਾਈ ਕਿ ਮੈਂ ਇੱਕ ਪਿੰਡ ਵਿੱਚ ਗਿਆ ਜਿੱਥੋਂ ਇੱਕ ਜਨਸੰਘੀ ਤਾਜ਼ਾ ਤਾਜ਼ਾ ਪੰਜਾਬੀ ਵਿੱਚ ਲੈਕਚਰ ਕਰਕੇ ਗਿਆ ਸੀ ਕਿ ਸਾਡੀ ਬੋਲੀ ਪੰਜਾਬੀ ਨਹੀਂ ਸਗੋਂ ਹਿੰਦੀ ਹੈ। ਹੁਣ ਪੇਂਡੂ ਵਿਚਾਰੇ ਨੂੰ ਹਿੰਦੀ ਸ਼ਬਦ ਤਾਂ ਭੁੱਲ ਗਿਆ ਉਹ ਕਹੀ ਜਾਵੇ ਕਿ ਮੇਰੀ ਮਾਂ ਬੋਲੀ ਹਿੰਦੜੀ ਹੈ। ਜਨੀ ਕਿ ਏਦਾਂ ਦੀਆਂ ਚਾਲਾਂ ਚੱਲੀਆਂ ਗਈਆਂ ਜਿਸ ਨਾਲ ਵੰਡੇ ਹੋਏ ਪੰਾਜਬ ਦੇ ਅਗਾਂਹ ਤਿੰਨ ਟੁਕੜੇ ਹੋਰ ਹੋ ਗਏ। ਪੰਜਾਬੀ ਬੋਲੀ ਦੇ ਅਧਾਰਤ ਸੂਬਾ ਬਣਾਉਣ ਲਈ ਇੱਕ ਵਾਰ ਫਿਰ ਪੰਜਾਬੀਆਂ ਨੂੰ ਲੰਮੀ ਜਦੋ ਜਹਿਦ ਕਰਨੀ ਪਈ। ਅਖੀਰ ਵਿੱਚ ਇੱਕ ਲੰਗੜਾ ਸੂਬਾ ਬਣਾ ਕੇ ਸਿੱਖਾਂ ਦੇ ਹੱਥ ਵਿੱਚ ਫੜਾ ਦਿੱਤਾ। ਨਾ ਤਾਂ ਪੰਜਾਬ ਨੂੰ ਆਪਣੀ ਰਾਜਧਾਨੀ ਦਿੱਤੀ ਤੇ ਨਾਂ ਹੀ ਪੰਜਾਬੀ ਬੋਲਦੇ ਪੂਰੇ ਇਲਾਕੇ ਦਿੱਤੇ ਗਏ। ਪਾਣੀਆਂ ਦਾ ਰੇੜਕਾ ਸਦਾ ਲਈ ਖੜਾ ਕਰ ਦਿੱਤਾ ਗਿਆ। ਹੁਣ ਜਦੋਂ ਵੋਟਾਂ ਆਉਂਦੀਆਂ ਹਨ ਇਹ ਮੁਦੇ ਉਭਾਰ ਕਿ ਸਿੱਖਾਂ ਦੇ ਜ਼ਜਬਾਤਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ।
ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਲਿਸਟ ਤਾਂ ਬਹੁਤ ਲੰਬੀ ਹੈ ਪਰ ਫਿਰ ਵੀ ਮੋਟੇ ਤੌਰ `ਤੇ ਨਨਕਾਣਾ ਸਾਹਿਬ, ਕਰਤਾਰਪੁਰ, ਭਾਈ ਜੋਗਾ ਸਿੰਘ ਦਾ ਗੁਦੁਆਰਾ ਪੇਸ਼ਾਵਰ, ਚੂੜਕਾਣਾ, ਏਮਨਾਬਾਦ, ਪੰਜਾ ਸਾਹਿਬ, ਲਾਹੌਰ, ਬੇਰ ਸਾਹਿਬ (ਸਿਆਲਕੋਟ) ਤੇ ਮਹਾਂਰਾਜਾ ਰਣਜੀਤ ਸਿੰਘ ਨਾਲ ਸੰਬੰਧਤਿਤ ਅਸਥਾਨ ਸਦਾ ਲਈ ਸਾਡੇ ਪਾਸੋਂ ਦੂਰ ਹੋ ਗਏ ਹਨ। ਏਦਾਂ ਕਿਹਾ ਜਾਏ ਕਿ ਅੱਧੀ ਅਰਦਾਸ ਹੀ ਲਾਹੌਰ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਸਦਾ ਲਈ ਇਹ ਕੀਮਤੀ ਅਸਥਾਨ ਦੇ ਵਿਛੋੜੇ ਦਾ ਅਹਿਸਾਸ ਕਰਾਉਂਦੀ ਹੈ।
ਅਜ਼ਾਦ ਭਾਰਤ ਦੇ ਲੀਡਰਾਂ ਪਾਸ ਜਦੋਂ ਸਿੱਖ ਲੀਡਰਸ਼ਿਪ ਆਪਣੀਆਂ ਸਮੱਸਿਆਂਵਾਂ ਲੈ ਕੇ ਗਈ ਤਾਂ ਅੱਗੌ ਭਾਰਤ ਦਾ ਪ੍ਰਧਾਨ ਮੰਤਰੀ ਬੜੀ ਰੇ ਰੁੱਖੀ ਤੇ ਲਾਪ੍ਰਵਾਹੀ ਨਾਲ ਕਹਿੰਦਾ ਹੈ ਕਿ “ਅੱਬ ਤੋ ਵਕਤ ਬਦਲ ਗਿਆ ਹੈ। ਆਪ ਕੋ ਏਸੀ ਤਰ੍ਹਾਂ ਹੀ ਰਹਿਣਾ ਪਏਗਾ”। ਭਾਰਤੀ ਲੀਡਰਾਂ ਦੇ ਭਰੋਸੇ ਹਵਾ ਵਿੱਚ ਕਫ਼ੂਰ ਹੋ ਗਏ। ਹਿੰਦੂ ਨੇਤਾਵਾਂ ਦੀ ਬੇਈਮਾਨੀ ਜਗ੍ਹ ਜ਼ਾਹਰ ਹੋਈ। ਪਾਕਿਸਤਾਨ ਤੋਂ ਉਝੜ ਕੇ ਆਏ ਸਿੱਖਾਂ ਨੇ ਪਹਿਲੀ ਦਫ਼ਾ ਮਹਿਸੂਸ ਕੀਤਾ ਕਿ ਸਿੱਖ ਕੌਮ ਨਾਲ ਰਾਜਨੀਤਿਕ ਤੌਰ `ਤੇ ਬੜਾ ਵੱਡਾ ਧੌਖਾ ਹੋਇਆ ਹੈ।
ਪੰਜਾਬ ਦੀ ਵੰਡ ਸਮੇਂ ਇਹ ਤਹਿ ਹੋਇਆ ਕਿ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰਾਂ ਗੁਰਧਾਮਾਂ ਦੇ ਦਰਸ਼ਨਾ ਲਈ ਤਹਿ ਕਰਿਆ ਕਰਨਗੀਆਂ ਕਿ ਇਸ ਵਾਰ ਕਿੰਨੇ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਇਆ ਕਰੇਗੀ। ਇੰਜ ਪਹਿਲਾਂ ਪਹਿਲ ਬੰਦ ਗੱਡੀਆਂ ਵਿੱਚ ਆਪਣੇ ਹੀ ਪੰਜਾਬ ਵਿੱਚ ਪਰਾਇਆਂ ਵਾਂਗ ਵਿਚਰਨ ਦੀ ਆਗਿਆ ਮਿਲੀ। ਪਹਿਲੇ ਜੱਥਿਆਂ ਵਿੱਚ ਜਾਣ ਵਾਲੇ ਬਜ਼ੁਰਗ ਦੱਸਦੇ ਸਨ ਕਿ ਨਨਕਾਣਾ ਸਾਹਿਬ ਵਿਖੇ ਬਹੁਤ ਸਾਰੇ ਮੁਸਲਮਾਨ ਵੀਰ ਸੜਕ ਦੇ ਦੋਹੀਂ ਪਾਸੀਂ ਖੜੇ ਹੋ ਜਾਂਦੇ ਸਨ ਕਿ ਸਾਡਿਆਂ ਪਿੰਡਾਂ ਦਾ ਕੋਈ ਬਜ਼ੁਰਗ ਆਇਆ ਹੋਏਗਾ। ਜਦੋਂ ਪਤਾ ਲੱਗਦਾ ਸੀ ਕਿ ਇਹ ਮੇਰੇ ਪਿੰਡੋਂ ਆਇਆ ਹੈ ਤਾਂ ਉਹ ਗਲ ਲੱਗ ਕੇ ਰੋਂਦੇ ਸਨ।
ਜਦੋਂ ਪਹਿਲੀ ਵਾਰ ੧੯੭੯ ਨੂੰ ਪਕਿਸਤਾਨ ਗਿਆ ਸੀ ਤਾਂ ਚੌਧਰੀ ਜ਼ਹੂਰੇ ਇਲਾਹੀ ਨੇ ਲਾਹੌਰ ਵਿਖੇ ਆਪਣੀ ਕੋਠੀ ਵਿੱਚ ਸਾਰੇ ਜੱਥੇ ਨੂੰ ਦਾਵਤ ਦਿੱਤੀ ਸੀ। ਇਸ ਸਮੇਂ ਉਸਤਾਦ ਦਾਮਨ ਕਵੀ ਨੇ ਦਿੱਲ ਚੀਰਵੀ ਸ਼ਬਦਾਵਲੀ ਵਿੱਚ ਆਪਣੀ ਕਵਿਤਾ ਸੁਣਾਈ ਸੀ
ਲੁੱਟਣ ਵਾਲਿਆਂ ਦੱਬ ਕੇ ਲੁਟਿਆ ਏ ਸੋਏ ਤੁਸੀਂ ਵੀ ਸੋਏ ਅਸੀਂ ਵੀ ਹਾਂ,
ਲਾਲੀਆਂ ਅੱਖੀਆਂ ਦੀ ਪਈ ਦਸਦੀ ਏ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ।
ਪਹਿਲਾਂ ਪਹਿਲ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਆਗਿਆ ਮਿਲੀ ਫਿਰ ਹੌਲ਼ੀ ਹੌਲ਼ੀ ਗੁਰਦੁਆਰਿਆਂ ਵਿੱਚ ਵਾਧਾ ਹੁੰਦਾ ਗਿਆ। ਅੱਜ ਕਲ੍ਹ ਦਸ ਦਿਨ ਦਾ ਵੀਜ਼ਾ ਮਿਲਦਾ ਹੈ ਤੇ ਛੇ ਸੱਤ ਪਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਸੰਗਤਾਂ ਕਰਦੀਆਂ ਹਨ।
ਭਾਵੇਂ ਮੈ ਦੋ ਵਾਰ ਇਸ ਤੋਂ ਪਹਿਲਾਂ ਵੀ ਪਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰ ਚੁੱਕਿਆ ਸੀ। ਪਰ ਫਿਰ ਵੀ ਜਦੋਂ ਕੋਈ ਜੱਥਾ ਨਨਕਾਣਾ ਸਹਿਬ, ਪੰਜਾ ਸਾਹਿਬ ਜਾਂ ਡੇਰਾ ਸਾਹਿਬ ਲਈ ਰਵਾਨਾ ਹੁੰਦਾ ਸੀ, ਤਾਂ ਸਿੱਖੀ ਲਹਿਰ ਦੀ ਟੀਮ ਇਹ ਗੱਲ ਜ਼ਰੂਰ ਮਹਿਸੂਸ ਕਰਦੀ, ਕਿ ਕੀ ਸਾਨੂੰ ਵੀ ਕੋਈ ਅਜੇਹਾ ਮੌਕਾ ਮਿਲ ਸਕੇਗਾ ਜਦੋਂ ਅਸੀਂ ਵੀ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਸਕਾਂਗੇ? ਉਂਜ ਇਹ ਖ਼ਿਆਲ ਵੀ ਆਉਂਦਾ ਸੀ ਕਿ ਸੁਣਿਆ ਦਸ ਜਣਿਆਂ ਦੇ ਜੱਥੇ ਨੂੰ ਪਾਕਿਸਤਾਨ ਸਰਕਾਰ ਵੀਜ਼ਾ ਦੇ ਦੇਂਦੀ ਹੈ। ਏਦਾਂ ਕਿਹਾ ਜਾਏ ਕਿ ਆਪਣੇ ਗੁਰਧਾਮਾਂ ਦੀ ਹਮੇਸ਼ਾਂ ਖਿੱਚ ਰਹੀ ਹੈ ਪਰ ਮੌਕਾ ਨਹੀਂ ਬਣਦਾ ਰਿਹਾ ਸੀ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ੧੯੯੬ ਵਿੱਚ ਸਥਾਪਿਤ ਹੋਇਆ ਹੈ ਇਸ ਨੇ ਸੰਨ ੨੦੦੦ ਤੋਂ ਪਿੰਡਾਂ ਤੇ ਸ਼ਾਹਿਰਾਂ ਵਿੱਚ ਮਈ ਜੂਨ ਦੇ ਮਹੀਨੇ ਦੋਰਾਨ ਗੁਰਮਤਿ ਪ੍ਰਚਾਰ ਦੇ ਕੈਂਪ ਲਗਾਉਣੇ ਸ਼ੁਰੂ ਕੀਤੇ। ਇਸ ਵਿੱਚ ਹੋਰ ਵਾਧਾ ਕਰਦਿਆਂ, ਪਿੱਛਲੇ ਤਿੰਨ ਸਾਲ ਤੋਂ ਸਿੱਖੀ ਲਹਿਰ ਦੀ ਟੀਮ ਨੇ ਪਿੰਡਾਂ ਸ਼ਾਹਿਰਾਂ ਵਿੱਚ ਨਵੀਂ ਪਿਰਤ ਪਉਂਦਿਆਂ ਹੋਇਆਂ ਕੁੱਝ ਨਿਵੇਕਲਾ ਕਰਨ ਦਾ ਯਤਨ ਕੀਤਾ ਹੈ। ਰਵਾਇਤੀ ਕਥਾ ਦੇ ਵਿੱਚ ਸ਼ਬਦ ਦੀਆਂ ਵਿਚਾਰਾਂ, ਗੁਰਇਤਿਹਾਸ ਤੇ ਸਿੱਖ ਇਤਿਹਾਸ ਦੀਆਂ ਵਿਚਾਰਾਂ ਪੇਸ਼ ਕੀਤੀਆਂ ਜਾਂਦੀਆਂ ਸਨ ਓੱਥੇ ਇਹਨਾਂ ਵਿਚਾਰਾਂ ਵਿੱਚ ਹੋਰ ਵਾਧਾ ਕਰਦਿਆਂ ਸਮਾਜਿਕ ਬੁਰਾਈਆਂ ਤੇ ਧਾਰਮਕ ਖੇਤਰ ਵਿੱਚ ਅੰਧਵਿਸ਼ਵਾਸ ਦੀ ਸੰਗਤਾਂ ਨੂੰ ਭਰਪੂਰ ਜਾਣਕਾਰੀ ਦੇਣ ਦਾ ਸਾਰਥਿਕ ਯਤਨ ਕੀਤਾ ਗਿਆ। ਸਿੱਖੀ ਲਹਿਰ ਦੀ ਟੀਮ ਨੇ ਇੱਕ ਨਵੀਂ ਪਿਰਤ ਪਉਂਦਿਆਂ ਹੋਇਆਂ ਦੀਵਾਨ ਵਿੱਚ ਹੀ ਸੰਗਤਾਂ ਵਲੋਂ ਸਵਾਲਾਂ ਦੇ ਜੁਆਬ ਵੀ ਦੇਣ ਦਾ ਯਤਨ ਕੀਤਾ ਗਿਆ ਹੈ। ਸੰਗਤਾਂ ਨੇ ਇਸ ਪ੍ਰੋਗਰਾਮ ਨੂੰ ਸਲਾਹਿਆ ਹੀ ਨਹੀਂ ਸਗੋਂ ਪੂਰਾ ਪੂਰਾ ਲਾਭ ਲਿਆ ਹੈ। ਸਿੱਖੀ ਲਹਿਰ ਦੀ ਟੀਮ ਵਿੱਚ ਜਦੋਂ ਵੀ ਕਦੇ ਵਿਚਾਰ ਚਲਦੀ ਤਾਂ ਹਮੇਸ਼ਾਂ ਸਾਰਿਆਂ ਦੀ ਖੁਅਸ਼ ਹੁੰਦੀ ਸੀ ਕਿ ਕਿਤੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਕੀਤੀ ਜਾਏ ਪਰ ਸਬੱਬ ਬਣਦਾ ਨਜ਼ਰ ਨਹੀਂ ਆਉਂਦਾ ਸੀ। ਪ੍ਰਚਾਰਕਾਂ ਦੀ ਇੱਕ ਸਮੱਸਿਆ ਹੈ ਕਿ ਗੁਰਪੁਰਬਾਂ ਤੇ ਹੀ ਪਾਕਿਸਤਾਨ ਯਾਤਰਾ ਜਾਂਦੀ ਹੈ ਤੇ ਇਹਨਾਂ ਦਿਨਾਂ ਵਿੱਚ ਹੀ ਪ੍ਰਚਾਰਕਾਂ ਦੇ ਗੁਰਦੁਆਰਿਆਂ ਵਿੱਚ ਪ੍ਰੋਗਰਾਮ ਹੁੰਦੇ ਹਨ। ਸਿੱਖੀ ਲਹਿਰ ਦਾ ਸਮੁੱਚਾ ਪ੍ਰੋਗਰਾਮ ਪਕਿਸਤਾਨ ਵਿੱਚ ਰਹਿਣ ਵਾਲੇ ਸਿੱਖ ਨੌਜਵਾਨ ਇਨਟਰਨੈਟ ਦੁਆਰਾ ਦੇਖਦੇ ਰਹਿੰਦੇ ਹਨ। ਇਹਨਾਂ ਦਿਨਾਂ ਵਿੱਚ ਸਾਡਾ ਭੋਖੜਾ ਪਿੰਡ ਵਿਖੇ ਸਮਾਗਮ ਚੱਲ ਰਿਹਾ ਸੀ। ਭਾਈ ਸੁਖਵਿੰਦਰ ਸਿੰਘ ਦਦੇਹਰ, ਭਾਈ ਸਰਬਜੀਤ ਸਿੰਘ ਧੂੰਦਾ, ਭਾਈ ਗੁਰਜੰਟ ਸਿੰਘ ਰੂਪੋਵਾਲੀ ਤੇ ਦਾਸ ਪਿੰਡ ਭੋਖੜਾ ਵਿਖੇ ਸਮਾਗਮ ਕਰਨ ਜਾ ਰਹੇ ਸੀ। ਰਸਤੇ ਵਿੱਚ ਜਾਂਦਿਆਂ ਸ੍ਰ. ਪਰਮਜੀਤ ਸਿੰਘ ਜੀ ਸਰਨਾ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਦਾ ਟੈਲੀਫੂਨ ਆਇਆ ਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਅਰਜਨ ਪਾਤਸਾਹ ਜੀ ਦਾ ਸ਼ਹੀਦੀ ਦਿਹਾੜਾ ਲਾਹੌਰ ਮਨਾਉਣ ਲਈ ਜਾ ਰਹੇ ਹਾਂ। ਉਹਨਾਂ ਨੇ ਕਿਹਾ ਕਿ “ਧੂੰਦਾ ਜੀ ਤੁਸੀਂ ਕਥਾ ਵਾਸਤੇ ਜੱਥੇ ਨਾਲ ਚੱਲੋ”। ਉਂਜ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਪੂਰਾ ਜ਼ੋਰ ਸੀ ਕਿ ਧੂੰਦਾ ਜੀ ਕਥਾ ਕਰਨ ਲਈ ਆਉਣ। ਧੂੰਦਾ ਜੀ ਨੇ ਸਰਨਾ ਜੀ ਨੂੰ “ਕਿਹਾ ਕਿ ਮੈਨੂੰ ਥੋੜਾ ਜੇਹਾ ਸਮਾਂ ਦਿਓ ਕਿਉਂਕਿ ਸਾਡੇ ਸਿੱਖੀ ਲਹਿਰ ਦੇ ਪ੍ਰੋਗਰਾਮ ਚਲ ਰਹੇ ਹਨ। ਮੈਂ ਆਪਣੀ ਸਿੱਖੀ ਲਹਿਰ ਦੀ ਟੀਮ ਨਾਲ ਤਰਤੀਬ ਬਣਾ ਕਿ ਫਿਰ ਦਸਦਾ ਹਾਂ”। ਧੂੰਦਾ ਜੀ ਨੇ ਸਾਡੇ ਨਾਲ ਸਲਾਹ ਕੀਤੀ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਅਸਾਂ ਸਾਰਿਆਂ ਨੇ ਧੂੰਦਾ ਜੀ ਨੂੰ ਕਿਹਾ ਸਰਨਾ ਜੀ ਨੂੰ ਇਹ ਕਹੋ ਕੇ ਜੇ ਸਿੱਖੀ ਲਹਿਰ ਵਾਲੀ ਟੀਮ ਦਾ ਪ੍ਰੋਗਰਾਮ ਬਣਦਾ ਹੈ ਤਾਂ ਫਿਰ ਸਾਰਿਆਂ ਦਾ ਹੀ ਪ੍ਰੋਗਰਾਮ ਬਣਾ ਦਿਓ। ਅਸੀਂ ਪੱਕੀ ਸਲਾਹ ਕਰ ਲਈ ਕਿ ਪਾਕਿਸਤਾਨ ਵਿਚਲੇ ਗੁਰੁਦਆਰਿਆਂ ਦੇ ਦਰਸ਼ਨ ਕਰਨ ਲਈ ਸਾਰੀ ਟੀਮ ਹੀ ਜਾਏਗੀ ਕੁਦਰਤੀ ਮੌਕਾ ਮਿਲ ਰਿਹਾ ਹੈ। ਵਿਚਾਰਾਂ ਕਰਦਿਆਂ ਕਰਦਿਆਂ ਸਰਨਾ ਜੀ ਦਾ ਦੁਬਾਰਾ ਟੈਲੀਫੂਨ ਆ ਗਿਆ। ਧੂੰਦਾ ਜੀ ਕਹਿੰਦੇ ਮੇਰੇ ਵਾਸਤੇ ਕਿ “ਸਰਨਾ ਜੀ ਬਾਪੂ ਗੁਰਬਚਨ ਸਿੰਘ ਪੰਨਵਾਂ ਨਾਲ ਗੱਲ ਕਰ ਲਓ ਜੀ”। ਟੈਲੀਫੂਨ ਧੂੰਦਾ ਜੀ ਨੇ ਮੈਨੂੰ ਫੜਾ ਦਿੱਤਾ।” ਮੈਂ ਸਰਨਾ ਜੀ ਨੂੰ ਫਤਹ ਬੁਲਾਈ ਤੇ ਆਪਣੇ ਬਾਰੇ ਦੱਸਣ ਹੀ ਲੱਗਾ ਤਾਂ ਉਹਨਾਂ ਨੇ ਝੱਟ ਮੇਰੀ ਅਵਾਜ਼ ਪਹਿਚਾਨਦਿਆਂ ਮੇਰਾ ਪੂਰਾ ਹਾਲ ਚਾਲ ਪੁੱਛਿਆ”। ਮੈਂ ਅੱਗੇ ਗੱਲ ਤੋਰਦਿਆਂ ਦੱਸਿਆ ਕਿ “ਸਰਨਾ ਜੀ ਧੂੰਦਾ ਜੀ ਕਥਾ ਲਈ ਪਾਕਿਸਤਾਨ ਜਾ ਸਕਦੇ ਹਨ ਪਰ ਸਾਡੀ ਇੱਕ ਸਮੱਸਿਆ ਹੈ ਕਿ ਅਸੀਂ ਸਿੱਖੀ ਲਹਿਰ ਦੇ ਪ੍ਰੋਗਰਾਮ ਇਕੱਠੇ ਕਰ ਰਹੇ ਹਾਂ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ “ਸਾਡੀ ਸਾਰੀ ਟੀਮ ਸਿੱਖੀ ਲਹਿਰ ਦੇ ਸਮਾਗਮ ਕਰ ਰਹੀ ਹੈ ਇਸ ਲਈ ਧੂੰਦਾ ਦਾ ਇਕੱਲਿਆਂ ਜਾਣਾ ਮੁਸਕਲ ਹੈ। ਕਿਰਪਾ ਕਰਕੇ ਸਾਡੀ ਸਾਰੀ ਟੀਮ ਦਾ ਹੀ ਪ੍ਰੋਗਰਾਮ ਬਣ ਜਾਵੇ ਤਾਂ ਕਿ ਅਸੀਂ ਵੀ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰ ਲਵਾਂਗੇ”। ਉਹਨਾਂ ਨੇ ਇੱਕ ਮਿੰਟ ਲਾਇਆ ਕਹਿੰਦੇ “ਹੁਣੇ ਹੀ ਆਪਣੇ ਪਾਸਪੋਰਟ ਦੀਆਂ ਕਾਪੀਆਂ ਮੇਰੇ ਦਫ਼ਤਰ ਭੇਜ ਦਿਓ ਬਾਕੀ ਜਿੰਨੀ ਜਲਦੀ ਹੋ ਸਕੇ ਕਲ੍ਹ ਸ਼ਾਮ ਤੀਕ ਆਪਣੇ ਆਪਣੇ ਪਾਸਪੋਰਟ ਤੇ ਪੰਜ ਪੰਜ ਤਾਜ਼ਾ ਫੋਟੋਆਂ ਨਾਲ ਹੀ ਭੇਜ ਦਿਓ”। ਉਹਨਾਂ ਨੇ ਕਿਹਾ ਕਿ ਤੂਹਾਨੂੰ ਅਸੀਂ ਪਰਚਾਰ ਲਈ ਨਾਲ ਲੈ ਕੇ ਜਾਣਾ ਹੈ”। ਭਾਈ ਤਰਸੇਮ ਸਿੰਘ ਜੀ ਸਾਬਕਾ ਚੇਅਰਮੈਨ ਧਰਮ ਪਰਚਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਪਤਾ ਲੱਗਿਆ ਸੀ ਕਿ ਅਸਲ ਵਿੱਚ ਪਹਿਲੀ ਲਿਸਟ ਵਾਲੇ ਯਾਤਰੂਆਂ ਦੇ ਵੀਜ਼ੇ ਲੱਗ ਚੁੱਕੇ ਸਨ ਇਹ ਦੁਬਾਰਾ ਲਿਸਟ ਤਿਆਰ ਕਰਕੇ ਭੇਜੀ ਸੀ। ਰਾਤ ਨੂੰ ਸਮਾਗਮ ਤੋਂ ਵਾਪਸ ਆ ਕਿ ਪਾਸਪੋਰਟ ਦੀਆਂ ਕਾਪੀਆਂ ਭਾਈ ਗੁਰਜੰਟ ਸਿੰਘ ਰੂਪੋਵਾਲੀਆ ਨੇ ਭੇਜ ਦਿੱਤੀਆਂ। ਕੁਦਰਤੀ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਜਿਹੜੇ ਬਹੁਤ ਹੀ ਮਿਲਣਸਾਰੀ ਮਿੱਤਰ ਹਨ ਕਾਲਜ ਨਾਲ ਬਹੁਤ ਸਨੇਹ ਰੱਖਦੇ ਹਨ ਉਹ ਲੁਧਿਆਣੇ ਆਏ ਹੋਏ ਸਨ। ਇਹ ਚੰਗੇ ਕਾਰੋਬਾਰੀ ਸਿੰਘ ਹਨ ਕਈ ਵਾਰੀ ਏਰਿਆ ਪੋਰਟ ਤੇ ਛੱਡਣ ਤੇ ਲਿਆਉਣ ਦੀ ਅਣਥੱਕ ਸੇਵਾ ਵੀ ਕਰਦੇ ਹਨ ਤੇ ਰਾਤ ਵੀ ਇਹਨਾਂ ਪਾਸ ਹੀ ਠਹਿਰ ਜਾਈਦਾ ਹੈ। ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਦਿੱਲੀ ਜਾਣਾ ਹੈ ਸਾਡੇ ਪਾਸਪੋਰਟ ਸਰਨਾ ਜੀ ਦੇ ਦਫਤਰ ਵਿਖੇ ਜਮ੍ਹਾ ਕਰਾ ਦਿਆ ਜੇ। ਉਹਨਾਂ ਕਿਹਾ ਕੇ ਕੋਈ ਗੱਲ ਨਹੀਂ ਜਿੱਥੇ ਕਹੋਗੇ ਓੱਥੇ ਪਹੁੰਚਾ ਦਿਆਂਗਾ। ਅਸਾਂ ਆਪਣੀਆਂ ਤਾਜ਼ਾ ਫੋਟੋਆਂ ਕਰਾ ਲਈਆਂ ਸਨ। ਇੰਜ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਨਾ ਜੀ ਦੇ ਸਹਿਯੋਗ ਸਦਕਾ ਬੜੇ ਚਿਰ ਦੀ ਭਾਵਨਾ ਪੂਰੀ ਹੁੰਦੀ ਨਜ਼ਰ ਆਉਣ ਲੱਗੀ। ਮਨ ਵਿੱਚ ਇੱਕ ਤੌਖਲਾ ਜ਼ਰੂਰ ਸੀ ਕਿ ਪਤਾ ਨਹੀਂ ਵੀਜ਼ਾ ਮਿਲੇ ਕਿ ਨਾ ਮਿਲੇ ਕਿਉਂਕਿ ਕਈ ਵਾਰੀ ਅਖਬਾਰਾਂ ਵਿੱਚ ਆਉਂਦਾ ਸੀ ਕਿ ਇਸ ਵਾਰੀ ਪੰਜਾਹ ਵਿਆਕਤੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ ਜਾਂ ਇਸ ਵਾਰੀ ਸੌ ਯਾਤਰੂਆਂ ਨੂੰ ਵੀਜ਼ੇ ਨਹੀਂ ਮਿਲੇ। ਇਹ ਠੀਕ ਹੈ ਸਾਡੀ ਟੀਮ ਦੇ ਸਾਰੇ ਹੀ ਮੈਂਬਰ ਲੱਗ ਪਗ ਕਈ ਦੇਸ਼ਾ ਵਿੱਚ ਜਾ ਆਏ ਹਨ ਪਰ ਪਕਿਸਤਾਨ ਵਿਚਲੇ ਗੁਰਧਾਮਾਂ ਦੀ ਖਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਇਹਨਾਂ ਗੁਰਧਾਮਾਂ ਦੀ ਤਾਂਘ ਮਾਣੀ ਹੀ ਜਾ ਸਕਦੀ ਹੈ। ਪਾਸਪੋਰਟ ਦੇ ਕੇ ਇੱਕ ਅਜੀਬ ਜੇਹਾ ਚਾਅ ਚੜ੍ਹਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਅ ਧਰਤੀ ਦੇਖਣ ਦੀ ਬਹੁਤ ਤਾਂਘ ਲੱਗੀ ਹੋਈ ਸੀ। ਬੜੇ ਚਿਰਾਂ ਦੀ ਭਾਵਨਾ ਪੂਰੀ ਹੁੰਦੀ ਲੱਗ ਰਹੀ ਸੀ।




.