. |
|
’ਆਪ’ ਸ਼ਬਦ ਦਾ ਵਿਵੇਚਨ
ਸੰਸਕ੍ਰਿਤ ਦੇ ਮੂਲ ਸ਼ਬਦ
‘आत्मन्’
ਤੋਂ ਤਦਭਵ ਹੋ ਕੇ ‘ਆਪ’ ਸ਼ਬਦ ਉਤਪਨ ਹੋਇਆ ਹੈ। ਪੰਜਾਬੀ ਵਿੱਚ ਇਹ ਸ਼ਬਦ ‘ਪੁਰਖਵਾਚੀ’ ਜਾਂ
‘ਨਿਜਵਾਚੀ’ ਪੜਨਾਂਵ ਤੌਰ ‘ਤੇ ਵਰਤਿਆ ਜਾਂਦਾ ਹੈ।ਹਿੰਦੀ ਅਤੇ ਉਰਦੂ ਵਿੱਚ ਭੀ ਇਸ ਦੀ ਵਰਤੋਂ
ਆਦਰਵਾਚੀ ਅਤੇ ‘ਪੁਰਖਵਾਚੀ’ ਪੜਨਾਂਵ ਤੌਰ ‘ਤੇ ਹੁੰਦੀ ਹੈ।ਗੁਰਬਾਣੀ ਵਿੱਚ ਇਸ ਦੇ ਵੱਖ-ਵੱਖ ਸਰੂਪ
ਲਗਮਾਤ੍ਰੀ-ਨੇਮਾਂ ਅਧੀਨ ਬਣਦੇ ਹਨ,ਜਿੰਨਾਂ ਦਾ ਵੇਰਵਾ ਇਸ ਪ੍ਰਕਾਰ ਹੈ :
੧. ‘ਆਪਿ, ਆਪੇ, ਆਪਹਿ, ਆਪ ਹੀ, ਆਪੈ -: (ਕਰਤਾ ਕਾਰਕ)
ਸ਼ਬਦ ‘ਆਪਿ’ ਪੁਰਖਵਾਚੀ ਪੜਨਾਂਵ ਕਰਤਾ ਕਾਰਕ ਇਕਵਚਨ ਹੈ।ਜਿਸ ਦਾ ਵੱਖ-ਵੱਖ ਰੂਪ ਕਾਵਿ ਅਨੁਸਾਰ
ਉਪਰ ਦਰਸਾ ਦਿੱਤਾ ਹੈ।ਇਸ ਸ਼ਬਦ ਦਾ ਸੰਬੰਧਕੀ-ਰੂਪ ‘ਆਪੀਨੈ,ਆਪਹਿ’ ਹੈ।ਗੁਰਬਾਣੀ ਪ੍ਰਮਾਣ :
”ਸਚਾ ਆਪਿ ਸਚਾ ਦਰਬਾਰੁ ॥ (ਪੰ:/ ੭)
ਆਪਿ-(ਕਰਤਾ ਕਾਰਕ ਪੜਨਾਂਵ)ਆਪ।
”ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥
ਆਪੇ-(ਕਰਤਾ ਕਾਰਕ ਪੜਨਾਂਵ) ਆਪ ਹੀ। ਗੁਰਮਤਿ-ਕਾਵਿ ਪ੍ਰਬੰਧ ਅਧੀਨ ਉਕਤ ਸ਼ਬਦ ਦਾ ਰੂਪ
‘ਆਪਿ’ ਤੋਂ ‘ਆਪੇ’ ਹੋਇਆ ਹੈ।
”ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭੁ ਕਿਛੁ ਆਪਹਿ ਕਰਤਾ ॥੩॥
(ਪੰ:/੨੧੬)
ਆਪਹਿ-(ਕਰਤਾ ਕਾਰਕ ਪੜਨਾਂਵ)ਆਪ ਹੀ।
” ਆਪਨ ਚਲਿਤੁ ਆਪ ਹੀ ਕਰੈ॥ (ਪੰ:/੨੮੧)
ਆਪ ਹੀ-(ਕਰਤਾ ਕਾਰਕ ਪੜਨਾਂਵ) ਅੱਵਿਐ ‘ਹੀ’ ਆਉਣ ਨਾਲ ‘ਆਪ’ ਦੀ ਔਂਕੜ ਹਟ ਗਈ ਹੈ।
” ਕਾਹੂ ਪੰਥੁ ਦਿਖਾਰੈ ਆਪੈ॥ (ਪੰ:/੨੫੩)
ਆਪੈ-(ਕਰਤਾ ਕਾਰਕ ਪੜਨਾਂਵ)ਆਪ।
ਉਪਰੋਕਤ ਸਾਰੇ ਰੂਪ, ਕਰਤਾ ਕਾਰਕ ਸਧਾਰਨ ਰੂਪ ਵਿੱਚ ਆਉਂਦੇ ਹਨ।ਉਕਤ ਸ਼ਬਦ ਦੇ ਕੇਵਲ ਦੋ ਸੰਬੰਧਕੀ
ਰੂਪ ਗੁਰਬਾਣੀ ਵਿੱਚ ਮਿਲਦੇ ਹਨ:
(ਉ) ’ਆਪੀਨੈ’
”ਆਪੀਨੈ ਭੋਗਿ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ॥ (ਪੰ:੪੬੩)
ਆਪੀਨੈ –(ਕਰਤਾ ਕਾਰਕ ਪੜਨਾਂਵ ਸੰਬੰਧਕੀ ਰੂਪ)ਆਪ ਹੀ ਨੇ।
(ਅ) ’ਆਪਹਿ’
” ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ॥ (ਪੰ:/੨੫੦)
ਆਪਹਿ –(ਕਰਤਾ ਕਾਰਕ ਪੜਨਾਂਵ ਸੰਬੰਧਕੀ ਰੂਪ) ਆਪ ਹੀ ਨੇ।
੨. ’ਆਪੁ, ਆਪਾ, ਅਪਤੁ,ਆਪਤੁ : (ਕਰਮ ਕਾਰਕ)
ਸ਼ਬਦ ’ਆਪੁ’ ਕਰਮ ਕਾਰਕ ਅੰਦਰ ਵਰਤਿਆ ਗਿਆ ਹੈ,ਜਿਸ ਦੀ ਉਦਾਹਰਣ ਇਸ ਪ੍ਰਕਾਰ ਹੈ :
” ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥ (ਪੰ:/੧੫)
ਆਪੁ –(ਕਰਮ ਕਾਰਕ ਪੜਨਾਂਵ) ਆਪਨੇ ਆਪ ਨੂੰ।
” ਜਨੁ ਨਾਨਕੁ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ॥ (ਪੰ:/੬੮੪)
ਆਪਾ-(ਭਾਵ ਵਾਚਕ,ਕਰਮ ਕਾਰਕ,ਪੜਨਾਂਵ)ਆਪਾ ਭਾਵ ਆਪਨੇ ਆਪ ਨੂੰ।
” ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ (ਪੰ:/੧੩੯੬)
ਅਪਤੁ- (ਭਾਵ ਵਾਚਕ, ਕਰਮ ਕਾਰਕ, ਪੜਨਾਂਵ)ਅਹੰਕਾਰ।
” ਛੋਡਿ ਆਪਤੁ ਬਾਦੁ ਅਹੰਕਾਰਾ ਮਾਨੁ ਸੋਈ ਜੋ ਹੋਗੁ (ਪੰ:/੭੧੩)
ਆਪਤੁ-(ਭਾਵ ਵਾਚਕ ,ਕਰਮ ਕਾਰਕ,ਪੜਨਾਂਵ)ਝਗੜਾਲੂਪਨ।
3. ਆਪੈ, ਆਪਸ ਕਉ,ਆਪੈ ਨੋ : (ਸੰਪਰਦਾਨ ਕਾਰਕ)
”ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ (ਪੰ:/੩੬0)
ਆਪੈ-(ਸੰਪਰਦਾਨ ਕਾਰਕ ਪੜਨਾਂਵ)ਆਪਣੇ ਆਪ ਨੂੰ। ਨੋਟ: ’ਆਪੈ’ ਰੂਪ ਕਰਤਾ ਕਾਰਕ ਦਾ ਭੀ ਹੈ।
” ਆਪਸ ਕਉ ਜੋ ਜਾਣੈ ਨੀਚਾ॥ (ਪੰ:/੨੬੬)
ਆਪਸ ਕਉ-(ਸੰਪਰਦਾਨ ਕਾਰਕ) ਆਪਣੇ ਆਪ ਨੂੰ।
” ਆਪੈ ਨੋ ਆਪੁ ਖਾਇ ਮਨੁ ਨਿਰਮਲੁ ਹੋਵੈ ਗੁਰ ਸਬਦੀ ਵੀਚਾਰੁ॥ (ਪੰ:/੮੬)
ਆਪੈ ਨੋ –(ਸੰਪਰਦਾਨ ਕਾਰਕ) ਆਪਾ ਭਾਵ (ਹੰਕਾਰ) ਨੂੰ ਸਵੈ-ਰੂਪ ਖਾਂਦਾ ਹੈ।ਭਾਵ ਜਦ ਆਪਣੇ
ਅਸਲੇ ਦੀ ਪਛਾਣ ਹੋ ਜਾਂਦੀ ਹੈ ਤਾਂ ਹੰਕਾਰ ਮੁੱਕ ਜਾਂਦਾ ਹੈ।
4. ਆਪਹੁ ,ਆਪੌ : (ਅਪਾਦਾਨ ਕਾਰਕ)
” ਆਪਹੁ ਕਛੂ ਨ ਹੋਇ ਪ੍ਰਭ ਨਦਰਿ ਨਿਹਾਲੀਐ॥ (ਪੰ:/੫੧੮)
ਆਪਹੁ –(ਅਪਾਦਾਨ ਕਾਰਕ ਪੜਨਾਂਵ)ਮੇਰੇ ਆਪ ਤੋਂ।
” ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ॥ (ਪੰ:/੦੫)
ਆਪੌ –(ਅਪਾਦਾਨ ਕਾਰਕ) ਆਪਣੇ ਆਪ ਤੋਂ।
ਸਮੱਗਰ ਗੁਰਬਾਣੀ ਅੰਦਰ ਨਿਜਵਾਚੀ ਪੜਨਾਂਵ ਦਾ ਉਕਤ ਸਰੂਪ ਕੇਵਲ ਇਕੋ ਵਾਰ ਹੀ ਆਇਆ ਹੈ।ਹੱਥ-ਲਿਖਤ
ਬੀੜਾਂ ਵਿੱਚ ਇਸ ਦਾ ਰੂਪ ‘ਆਪੋਂ’ (ਨਾਸਕੀ-ਚਿੰਨ੍ਹ ਹੋੜੇ ਤੋਂ ਪਹਿਲਾਂ)ਕਰਕੇ ਮਿਲਦਾ ਹੈ।ਦਾਸ ਪਾਸ
ਮੌਜੂਦ ਦੋ ਬੀੜਾਂ ਵਿੱਚ ਭੀ ‘ਆਪੋਂ’ ਰੂਪ ਉਪਲਬੱਧ ਹੈ,ਜੋ ਕਿ ਦਰੁਸੱਤ ਜਾਪਦਾ ਹੈ।
5. ਆਪਾ, ਆਪ, ਅਪਨੈ : (ਸੰਬੰਧ ਕਾਰਕ)
” ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ॥ (ਪੰ:/ ੧੩੭੫)
ਆਪਾ-(ਸੰਬੰਧ ਕਾਰਕ) ਆਪਣਾ।
” ਆਪ ਪਰ ਕਾ ਕਛੁ ਨ ਜਾਨੈ ਕਾਮੁ ਕ੍ਰੋਧਹਿ ਜਾਰਿ॥ (੧੨੨੫)
ਆਪ-(ਸੰਬੰਧ ਕਾਰਕ) ਆਪਣਾ।
” ਅਪਨੈ ਬੀਚਾਰਿ ਅਸਵਾਰੀ ਕੀਜੈ॥ (ਪੰ:੩੨੯)
ਅਪਨੈ –(ਸੰਬੰਧ ਕਾਰਕ) ਆਪਣੇ ਆਪ ਦੀ। ਨੋਟ: ‘ਅਪਨੈ’ ਕਰਤਾ ਕਾਰਕ ਦਾ ਭੀ ਕਾਰਕੀ ਚਿੰਨ੍ਹ
ਹੈ। ਜਦੋਂ ਇਹ ਸ਼ਬਦ ਕਿਸੇ ਨਾਂਵ ਨਾਲ ‘ਵਿਸ਼ੇਸ਼ਣ’ ਰੂਪ ਵਿੱਚ ਆਵੇ ਅਤੇ ਉਸ ਦਾ ਸੰਬੰਧਤ ਨਾਂਵ ‘ਕਰਤਾ,
ਕਰਣ’ ਅਤੇ ਅਧਿਕਰਣ ਕਾਰਕ ਵਿੱਚ ਹੋਵੇ ਤਦੋਂ ਭੀ ਇਸ ਪੜਨਾਂਵ ਦਾ ਉਕਤ ਰੂਪ ਹੀ ਰਹਿੰਦਾ ਹੈ। ਸ਼ਬਦ
‘ਆਪ’ ਦਾ ਪੁਲਿੰਗ ਸੰਬੰਧ ਕਾਰਕ ਇਕਵਚਨੀ ਰੂਪ ‘ਆਪਣਾ’ ਹੈ। ਲਿੰਗ ਅਤੇ ਵਚਨ ਦੇ ਪ੍ਰਭਾਵ ਅਧੀਨ ਇਸ
ਦਾ ਰੂਪ ਬਦਲਦਾ ਰਹਿੰਦਾ ਹੈ। ‘ਆਪ’ ਨਿਜਵਾਚੀ ਪੜਨਾਂਵ ਦਾ ‘ਕਰਨ ਕਾਰਕ-ਰੂਪ’ ਗੁਰਬਾਣੀ ਅੰਦਰ ਨਜ਼ਰੀਂ
ਨਹੀਂ ਪਿਆ।
ਭੁੱਲ-ਚੁਕ ਦੀ ਖ਼ਿਮਾ
ਹਰਜਿੰਦਰ ਸਿੰਘ ‘ਘੜਸਾਣਾ’
[email protected]
|
. |