ਪਉੜੀ 18
ਨੋਟ:
ਵਿਰਲੇ ਮਨ ਨੂੰ
ਮੰਦੇ ਖਿਆਲਾਂ, ਫੁਰਨਿਆਂ, ਨੀਚ ਸੁਭਾਉ, ਬਾਰੇ ਜੋ ਸੋਝੀ ਹੁੰਦੀ ਹੈ ਇਸ ਪਉੜੀ ’ਚ ਉਨ੍ਹਾਂ ਦਾ ਜ਼ਿਕਰ
ਹੈ।
ਅਸੰਖ ਮੂਰਖ ਅੰਧ ਘੋਰ ॥
ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਮੂਰਖਾਂ ਵਾਲੀ ਮਤ ਅਗਿਆਨਤਾ ਦੇ ਘੁੱਪ
ਹਨੇਰੇ ਦੀ ਨਿਆਈ ਹੈ। ਵਿਖਾਵੇ ਅਤੇ ਛਲਾਵੇ ਭਰੀ (ਮੂਰਖ) ਅੰਧਿਆਰੀ ਸੋਚ ਤੋਂ ਸੁਚੇਤ ਰਹਿੰਦਾ ਹੈ।
ਅਸੰਖ ਚੋਰ ਹਰਾਮਖੋਰ ॥
ਵਿਰਲਾ ਮਨ ਅਕ੍ਰਿਤਘਣਤਾ ਜੈਸੀ ਹਰਾਮਖੋਰੀ ਅਤੇ ਪਰਾਏ ਹੱਕ ਬਾਰੇ ਸਮਝ ਕੇ
ਇਨ੍ਹਾਂ ਤੋਂ ਬੱਚਕੇ ਰਹਿੰਦਾ ਹੈ।
ਅਸੰਖ ਅਮਰ ਕਰਿ ਜਾਹਿ ਜੋਰ ॥
ਵਿਰਲੇ ਮਨ ਨੂੰ ਰੱਬੀ ਨਿਯਮ ਸਮਝ ਪੈਣ ਸਾਰ ਸਮਰਪਣ ਕਰਦਾ ਹੈ ਕਿ ਸ਼ਰੀਰਕ
ਪੱਕੜ ਦਾ ਦੇਹ ਅਧਿਆਸ ਅਤੇ ਦੁਨਿਆਵੀ ਸੁੱਖ ਸਦੀਵੀ ਨਹੀਂ ਹਨ। ਜ਼ੋਰ-ਜ਼ਬਰ ਅਧੀਨ ਰਾਜ ਸੱਤਾ ਮਾਣਨ
ਜੈਸੇ ਖਿਆਲਾਂ ਤੋਂ ਦੂਰੀ ਬਣਾਈ ਰੱਖਦਾ ਹੈ।
ਅਸੰਖ ਗਲਵਢ ਹਤਿਆ ਕਮਾਹਿ ॥
ਵਿਰਲੇ ਮਨ ਨੂੰ ਸੂਝ ਪੈਂਦੀ ਹੈ ਕਿ ਕੁਮਤ (ਵਿਕਾਰਾਂ ਵਾਲੀ ਮਤ) ਕਾਰਨ
ਸੁਰਤ, ਮਤ, ਬੁਧ ਦਾ ਗਲਾ ਵੱਢਿਆ ਜਾਂਦਾ ਹੈ। ਵਿਕਾਰੀ ਸੋਚ ਨੂੰ ਸੱਚ ਦੇ ਸੰਦੇਸ਼ਾਂ ਤੇ ਹਾਵੀ ਨਹੀਂ
ਹੋਣ ਦੇਂਦਾ। ਭਾਵ ਚੰਗੇ ਖਿਆਲ ਲੈਣ ਵਲੋਂ ਸੁਰਤ, ਮਤ, ਮਨ, ਬੁਧ ਦਾ ਗਲਾ ਨਹੀਂ ਵੱਢਿਆ ਜਾਂਦਾ।
ਅਸੰਖ ਪਾਪੀ ਪਾਪੁ ਕਰਿ ਜਾਹਿ ॥
ਵਿਰਲਾ ਮਨ ਰਜ਼ਾ ਤੋਂ ਉਲਟ ਕੀਤੇ ਕਰਮਾਂ ਨੂੰ ਵਿਗਸਣ ਹੀ ਨਹੀਂ ਦੇਂਦਾ
ਕਿਉਂਕਿ ਇਹੀ ਤਾਂ ਪਾਪ ਕਮਾਉਣਾ ਕਹਾਉਂਦਾ ਹੈ।
ਅਸੰਖ ਕੂੜਿਆਰ ਕੂੜੇ ਫਿਰਾਹਿ ॥
ਮਨ ਦੀ ਮਤ ਕਾਰਨ ਅਨੇਕਾਂ ਐਸੇ ਖਿਆਲ ਮੁੜ-ਮੁੜ ਕੇ ਹਾਵੀ ਹੁੰਦੇ ਹਨ
ਜਿਨ੍ਹਾਂ ਕਰਕੇ ਸੱਚ ਛੱਡਕੇ ਦੁਨੀਆਦਾਰੀ ਦੇ ਚਲਨ (ਕੂੜਿਆਰ) ਨੂੰ ਅਪਣਾਉਣ ਤੇ ਦਿਲ ਕਰਦਾ ਹੈ। ਮਨ
ਕੀ ਮਤ ਨਾਲ ਭਟਕਣਾ ਪੈਂਦਾ ਹੈ। ਪਰ ਬਿਬੇਕ ਬੁੱਧ ਸਦਕਾ ਕੂੜੇ ਖਿਆਲਾਂ ਤੋਂ ਜਾਗਰੂਕ ਹੋ ਕੇ ਵਿਰਲਾ
ਮਨ ਭਟਕਣ ਤੋਂ ਬੱਚ ਜਾਂਦਾ ਹੈ।
ਅਸੰਖ ਮਲੇਛ ਮਲੁ ਭਖਿ ਖਾਹਿ ॥
ਮਲੇਛ:
ਕੁਕਰਮੀ, ਮਲੀਨ
ਬੁੱਧੀਭਖਿ:ਖਾਣਾ।
ਮਨ ਜਦੋਂ ਮੰਦੇ ਖਿਆਲਾਂ ਦਾ ਭੋਜਨ ਖਾਂਦਾ ਹੈ ਤਾਂ ਹੋਛੇ ਖਿਆਲਾਂ ਦੀ ਬੁੱਧੀ
ਬਣਦੀ ਹੈ। ਵਿਰਲਾ ਮਨ ਇਸ ਬਾਰੇ ਸੂਜ ਲੈਕੇ ਇਸ ਕੂੜ ਤੋਂ ਸੁਚੇਤ ਹੋ ਜਾਂਦਾ ਹੈ।
ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥
ਵਿਰਲੇ ਮਨ ਨੂੰ ਦ੍ਰਿੜ ਹੁੰਦਾ ਜਾਂਦਾ ਹੈ ਕਿ ਸੱਚ (ਸਤਿਗੁਰ ਦੀ ਮੱਤ) ਨੂੰ
ਪਿੱਠ ਦੇਣਾ ਹੀ ਨਿੰਦਕ ਖਿਆਲ ਹਨ ਜੋ ਕਿ ਮਨ ਤੇ ਬੋਝ ਬਣਕੇ ਸਤਾਉਂਦੇ ਰਹਿੰਦੇ ਹਨ।
ਨਾਨਕੁ ਨੀਚੁ ਕਹੈ ਵੀਚਾਰੁ ॥
ਵੀਚਾਰੁ:
ਸੁਭਾ।
ਨਾਨਕ ਜੀ ਆਖਦੇ ਹਨ ਕਿ ਮਨ ਕੀ ਮੱਤ ਨਾਲ ਮੰਦੇ ਖਿਆਲਾਂ(ਨੀਚੁ)ਵਾਲਾ ਸੁਭਾ
ਬਣਦਾ ਹੈ, ਇਸ ਤੋਂ ਸੁਚੇਤ ਰਹਿਣਾ ਹੈ।
ਵਾਰਿਆ ਨ ਜਾਵਾ ਏਕ ਵਾਰ ॥
ਅਣਗਿਣਤ ਨੀਚ ਖਿਆਲਾਂ ਬਾਰੇ ਵਿਚਾਰਨ ਮਗਰੋਂ ਵਿਰਲਾ ਮਨ ਅਸਮਰਥਤਾ ਵਿਚ
ਸਮਰਪਣ ਕਰਦਾ ਹੈ ਕਿ -
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਸਤਿਗੁਰ ਦੀ ਮੱਤ ਨੂੰ ਪਸੰਦ ਕਰੋ ਅਤੇ ਉਸ ਅਨੁਸਾਰ ਜੀਵੋ ਤਾਂ ਹੀ ਭਲਾ ਹੈ।
ਭਾਵ ਸਚਿਆਰ ਬਣਨ ਵਾਲੇ ਮਨ ਲਈ ਸਤਿਗੁਰ ਦੀ ਮੱਤ ਅਨੁਸਾਰ ਜਿਊਣਾ ਹੀ ਭਲੀਕਾਰ ਹੈ।
ਤੂ ਸਦਾ ਸਲਾਮਤਿ ਨਿਰੰਕਾਰ ॥ 18॥
ਸਤਿਗੁਰ ਦੀ ਮੱਤ ਤੋਂ ਪ੍ਰਾਪਤ ਸਲਾਮਤੀ ਸੁਨੇਹਿਆਂ ਨੂੰ ਸਦੀਵੀ ਸੁਭਾ ’ਚ
ਦ੍ਰਿੜ ਕਰਕੇ ਮਨ ਕੀ ਮੱਤ ਤੋਂ ਛੁੱਟ ਜਾਈਦਾ ਹੈ।
ਨੋਟ:
ਪਉੜੀ ਨੰਬਰ 17 ਦੇ
ਅੰਤ ਤੇ ‘ਕੁਦਰਤਿ ਕਵਣ ਕਹਾ ਵੀਚਾਰੁਦੇ ਟਾਕਰੇ ਤੇ ਪਉੜੀ ਨੰਬਰ 18 ਦੇ ਅੰਤ ਤੇ‘ਨਾਨਕੁ ਨੀਚੁ
ਕਹੈ ਵੀਚਾਰੁ’ ਵਿਚਾਰਨਯੋਗ ਹੈ। ਪਿਛਲੀ ਪਉੜੀ ਨੰਬਰ 17 ਵਿਚ ‘ਕੁਦਰਤਿ ਕਵਣ ਕਹਾ ਵੀਚਾਰੁ’;ਚੰਗੇ
ਗੁਣਾਂ ਨਾਲ ਜੋ ਬਲ (ਕੁਦਰਤਿ) ਪ੍ਰਾਪਤ ਹੁੰਦਾ ਹੈ ਉਸ ਨਾਲ ਚੰਗਾ ਕਿਰਦਾਰ ਬਣਦਾ ਹੈ। ਪਰ ਇਸ ਪਉੜੀ
ਨੰਬਰ 18 ਵਿਚ ਮਨ ਕੀ ਮੱਤ ਨਾਲ ਜੋ ਨੀਚ ਕਿਰਦਾਰ ਬਣਦਾ ਹੈ ਉਸ ਤੋਂ ਛੁੱਟਣ ਲਈ ਸਤਿਗੁਰ ਦੀ ਮੱਤ ਦੀ
ਇਕੋ ਇੱਕ ਟੇਕ ਮਹਿਸੂਸ ਕਰਦਿਆਂ ਸਮਰਪਣ ਕੀਤਾ ਹੈ‘ਨਾਨਕੁ ਨੀਚੁ ਕਹੈ ਵੀਚਾਰੁ’।
ਵੀਰ ਭੁਪਿੰਦਰ ਸਿੰਘ