ਪਉੜੀ 19
ਅਸੰਖ ਨਾਵ ਅਸੰਖ ਥਾਵ ॥
ਅਸੰਖ ਨਾਵ:
ਕੁਦਰਤੀ
ਨਿਯਮ;ਥਾਵ: ਹਰੇਕ
ਜਗ੍ਹਾ ਭਾਵ ਮੇਰੇ ਰੋਮ-ਰੋਮ ਵਿਚ।
ਵਿਰਲੇ ਮਨ ਨੂੰ ਕੁਦਰਤ ਦੇ ਕਿਣਕੇ-ਕਿਣਕੇ ਅਤੇ ਆਪਣੇ ਰੋਮ-ਰੋਮ ਵਿੱਚੋਂ
ਹਰੇਕ ਖਿਆਲ ਅਤੇ ਉਨ੍ਹਾਂ ’ਚ ਵਰਤ ਰਹੇ ਕੁਦਰਤੀ ਨਿਯਮਾਂ ਬਾਰੇ ਸੋਝੀ ਲੈਣ ਦੀ ਜਾਚ ਆਉਂਦੀ ਜਾਂਦੀ
ਹੈ।
ਅਗੰਮ ਅਗੰਮ ਅਸੰਖ ਲੋਅ ॥
ਅਨੇਕਾਂ ਖਿਆਲਾਂ ਬਾਰੇ ਅੰਦਾਜ਼ਾ ਲਾਉਣਾ ਔਖਾ (ਅਗੰਮ) ਹੈ ਕਿਉਂਕਿ ਮਨ ਦੀ
ਡੂੰਘਿਆਈਆਂ (ਲੋਅ, ਪਰਤਾਂ) ਵਿਚ ਵਸਦੇ ਅਸੰਖ ਹੀ ਖਿਆਲ ਹਨ (ਉਪਜਦੇ ਬਿਨਸਦੇ ਰਹਿੰਦੇ ਹਨ)। ਵਿਰਲੇ
ਮਨ ਨੂੰ ਸਮਝ ਪੈਂਦੀ ਹੈ ਕਿ ਦੰਮ ਭਰਕੇ ਨਹੀਂ ਕਹਿਆ ਜਾ ਸਕਦਾ ਕਿ ਮੈਨੂੰ ਸਾਰੀ ਸੋਝੀ ਹੋ ਗਈ ਹੈ।
ਅਸੰਖ ਕਹਹਿ ਸਿਰਿ ਭਾਰੁ ਹੋਇ ॥
ਵਿਰਲੇ ਮਨ ਨੂੰ ਅਮਲੀ ਜੀਵਨੀ ਬਾਰੇ ਸੂਝ ਪੈਂਦੀ ਹੈ ਕਿ ਕੇਵਲ ‘ਕਥਨੀ’ ਹੀ
ਨਹੀਂ ਬਲਕਿ ‘ਕਰਨੀ’ ਵੀ ਜ਼ਰੂਰੀ ਹੈ। ਇਹ ਸੂਝ ਵਧਦੀ ਹੈ ਕਿ ਅਮਲੀ ਜੀਵਨ ਬਿਨਾ ਕੇਵਲ ਅਸੰਖ ਕਹੀ
ਜਾਣਾ ‘ਸਿਰ ਤੇ ਭਾਰ’ ਹੀ ਹੈ। ਸਮਰਪਣ ਬਿਨਾ ਫੋਕੀ ਨਿਮਰਤਾ ’ਚ ਕੇਵਲ ਅਸੰਖ ਕਹਿਣਾ ਸਿਰ ਤੇ
ਅਵਗੁਣਾਂ ਦਾ ਭਾਰ ਵਧਾਉਂਦਾ ਹੈ।
ਅਖਰੀ ਨਾਮੁ ਅਖਰੀ ਸਾਲਾਹ ॥
ਨੋਟ:
‘ਅਖਰ’ ਸ਼ਬਦ ਤੋਂ
ਅਖਰੀ ਬਣਿਆ ਹੈ ਭਾਵ ਨਾ ਖਰਣ ਵਾਲਾ, ਸਦੀਵੀ, ਅਵਿਨਾਸ਼ੀ ਰੱਬ ਜੀ। ਰੱਬੀ ਗੁਣਾਂ ਦਾ ਨਾਮਣਾ (ਨਿਯਮ)
‘ਅਖਰ’ ਭਾਵ ਸਦੀਵੀ ਹੈ। ਵਿਕਾਰ ਜੰਮ ਇਸ ਅਟਲ ਨਿਯਮ ਨੂੰ ਤੋੜ ਭੰਨ ਕੇ ਨਹੀਂ ਬਦਲ ਸਕਦੇ।
ਵਿਰਲਾ ਮਨ ਸਚਿਆਰ ਬਣਨ ਲਈ ਨਾ ਖਰਣ ਵਾਲੇ (ਅਖਰਣ) ਨਾਮਣੇ ਭਾਵ ਨਿਯਮ ਦੀ
ਸਲਾਹੁਤਾ ਭਾਵ ਸਮਰਪਣ ਨਾਲ ਰੱਬੀ ਗੁਣਾ ਨੂੰ ਜਿਊਂਦਾ ਹੈ।
ਅਖਰੀ ਗਿਆਨੁ ਗੀਤ ਗੁਣ ਗਾਹ ॥
ਗਿਆਨੁ:
ਸਤਿਗੁਰ ਦੀ
ਮੱਤ, ਗਾਹ: ਗ੍ਰਹਿਣ।
ਵਿਰਲਾ ਮਨ ਸਤਿਗੁਰ ਦੀ ਮੱਤ ਦੀ ਧੁਨ ਵਿੱਚ ਲੀਨ ਰਹਿ ਕੇ ਰੱਬੀ ਗੁਣਾਂ ਨੂੰ
ਗ੍ਰਹਿਣ ਕਰਦਾ ਹੈ।
ਅਖਰੀ ਲਿਖਣੁ ਬੋਲਣੁ ਬਾਣਿ ॥
ਅਖਰੀ:
ਅਟਲ ਰੱਬ ਦੇ
ਨਿਯਮ; ਬੋਲਣੁ: ਵਰਤਣਾ।
ਵਿਰਲਾ ਮਨ ਅਟਲ ਰੱਬ ਦੇ ਨਿਯਮਾਂ ਨੂੰ ਸੁਰਤ, ਮੱਤ ਅਤੇ ਬੁਧ ਵਿਚ ਦ੍ਰਿੜ
ਕਰਕੇ ਲਿਖਦਾ ਜਾਂਦਾ ਹੈ ਤੇ ਆਪਣੇ ਜੀਵਨ ਵਿਚ ਸਦਾ ਲਈ ਵਰਤਦਾ ਹੈ।
ਅਖਰਾ ਸਿਰਿ ਸੰਜੋਗੁ ਵਖਾਣਿ ॥
ਵਿਰਲੇ ਮਨ ਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਰੱਬੀ ਇੱਕਮਿਕਤਾ ਵਾਲੀ
ਸਤਿਗੁਰ ਦੀ ਮੱਤ ਨਾਲ ਹੀ ਸੰਜੋਗ ਵਖਾਣਿਆ ਜਾਂਦਾ ਹੈ ਭਾਵ ਵਿਰਲਾ ਮਨ ਜਦੋਂ (ਅ-ਖਰੀ) ਸਤਿਗੁਰ ਦੀ
ਮੱਤ ਪ੍ਰਾਪਤ ਕਰ ਲੈਂਦਾ ਹੈ ਤਾਂ ਹੀ ਰੱਬੀ ਸੰਜੋਗ ਬਣਦਾ ਹੈ। ਸੁਰਤ, ਮੱਤ, ਮਨ, ਬੁਧ ਅਤੇ ਰੋਮ-ਰੋਮ
ਨੂੰ ਵਖਿਆਣ ਕਰਕੇ ਦਸਣ ਯੋਗ ਹੁੰਦਾ ਹੈ।
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥
ਵਿਰਲਾ ਮਨ ਜਦੋਂ ਸੁਰਤ, ਮੱਤ ਅਤੇ ਬੁਧ ਵਿਚ ਸਤਿਗੁਰ ਦੀ ਸਿਖਿਆਵਾਂ ਨਾਲ
ਰੱਬੀ ਸੰਜੋਗ ਲਿਖਣ ਜੋਗ ਭਾਗ ਬਣਾ ਲੈਂਦਾ ਹੈ ਭਾਵ ‘ਮਸਤਕਿ ਭਾਗੁ ਮੰਦੇਰਾ’ ਤੋਂ ‘ਮਸਤਕਿ ਭਾਗੁ
ਚੰਗੇਰਾ’ ਕਰ ਲੈਂਦਾ ਹੈ ਤਾਂ ਸਿਰ ਤੇ ਵਿਕਾਰਾਂ ਦਾ ਭਾਰ ਨਹੀਂ ਰਹਿੰਦਾ ਹੈ। ਭਾਵ ਕੂੜੇ ਖਿਆਲ
ਉਪਜਦੇ ਹੀ ਨਹੀਂ।
ਜਿਵ ਫੁਰਮਾਏ ਤਿਵ ਤਿਵ ਪਾਹਿ ॥
ਵਿਰਲੇ ਮਨ ਨੂੰ ਨਿਜਘਰ (ਰੱਬੀ ਦਰ - ਸਤਿਗੁਰ ਦੀ ਮੱਤ) ਰਾਹੀਂ ਜੋ ਫੁਰਮਾਣ
(ਗਿਆਨ) ਪ੍ਰਾਪਤ ਹੁੰਦਾ ਹੈ ਸਦਕੇ ਰੱਬੀ ਗੁਣ ਧਾਰਨ ਕਰਦਾ ਜਾਂਦਾ ਹੈ ਭਾਵ ਵਿਰਲੇ ਮਨ ਦੀ ਝੋਲੀ ’ਚ
(ਸੁਰਤ, ਮੱਤ, ਬੁਧ, ਰੋਮ-ਰੋਮ ਵਿਚ) ਚੰਗੇ ਗੁਣਾਂ ਦੀ ਦਾਤ ਪੈਂਦੀ ਜਾਂਦੀ ਹੈ।
ਜੇਤਾ ਕੀਤਾ ਤੇਤਾ ਨਾਉ ॥
ਵਿਰਲਾ ਮਨ ਮਹਿਸੂਸ ਕਰਦਾ ਹੈ ਕਿ ਮੇਰੇ ਚੰਗੇ ਗੁਣਾਂ ਦਾ ਪਸਾਰਾ ਰੱਬੀ
ਨਿਯਮਾਂ ਅਧੀਨ ਅਮਲੀ ਜੀਵਨੀ ਸਦਕਾ ਮਿਲਿਆ ਇਹ ਸਦੀਵੀ (ਅ-ਖਰੀ) ਰੱਬ ਦਾ ਨਾਉ ਭਾਵ ਨਿਯਮ ਨਾਮੜਾ ਹੈ।
ਵਿਣੁ ਨਾਵੈ ਨਾਹੀ ਕੋ ਥਾਉ ॥
ਵਿਰਲਾ ਮਨ ਵਿਸਮਾਦਤ ਅਵਸਥਾ ’ਚ ਮਹਿਸੂਸ ਕਰਦਾ ਹੈ ਕਿ ਹਰੇਕ ਖਿਆਲ,
ਰੋਮ-ਰੋਮ, ਸੁਭਾ ਆਦਿ ਸਭ ਕੁਝ ਰੱਬੀ ਨਿਯਮਾਵਲੀ ’ਚ ਹੈ। ਰੱਬੀ ਰਜ਼ਾ ਤੋਂ ਉਲਟ ਕੁਝ ਵੀ ਨਹੀਂ ਹੈ।
ਰੱਬੀ ਨਿਯਮਾਵਲੀ ਵਿਚ ਕੂੜਿਆਰ ਤੋਂ ਸਚਿਆਰ ਬਣਕੇ ਰੱਬੀ ਇਕਮਿਕਤਾ ਮਿਲਦੀ ਹੈ।
ਕੁਦਰਤਿ ਕਵਣ ਕਹਾ ਵੀਚਾਰੁ ॥
ਵਿਰਲਾ ਮਨ ਚੰਗੇ ਗੁਣਾਂ ਦੇ ਬਲ ਦਾ ਅੰਦਾਜ਼ਾ ਲਗਾਉਣ (ਵਿਚਾਰ ਕਰਨ) ਤੋਂ
ਅਸਮਰਥਤਾ ਮਹਿਸੂਸ ਕਰਦਾ ਹੈ ਇਸ ਲਈ ਸਮਰਪਣ ਦੀ ਅਵਸਥਾ ਨੂੰ ਮਾਣਦਾ ਹੈ।
ਵਾਰਿਆ ਨ ਜਾਵਾ ਏਕ ਵਾਰ ॥
ਵਿਰਲਾ ਮਨ ਬੇਅੰਤ ਚੰਗੇ ਗੁਣਾਂ ਵਾਲੇ ਰੱਬ (ਸਤਿਗੁਰ ਦੀ ਮੱਤ) ਤੋਂ ਵਾਰਨੇ
ਜਾਂਦਾ ਹੈ।
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਵਿਰਲੇ ਮਨ ਨੂੰ ਸੂਝ ਪੈਂਦੀ ਹੈ ਕਿ ਸਤਿਗੁਰ ਦੀ ਮੱਤ ਨੂੰ ਪਸੰਦ ਕਰੋ ਅਤੇ
ਉਸ ਅਨੁਸਾਰ ਜੀਵੋ ਤਾਂ ਭਲਾ ਹੀ ਹੈ। ਭਾਵ ਸਚਿਆਰ ਬਣਨ ਵਾਲੇ ਮਨ ਲਈ ਸਤਿਗੁਰ ਦੀ ਮੱਤ ਅਨੁਸਾਰ
ਜਿਊਣਾ ਹੀ ਭਲੀਕਾਰ ਹੈ।
ਤੂ ਸਦਾ ਸਲਾਮਤਿ ਨਿਰੰਕਾਰ ॥19॥
ਸਤਿਗੁਰ ਦੀ ਮੱਤ ਤੋਂ ਪ੍ਰਾਪਤ ਸਲਾਮਤੀ ਸੁਨੇਹਿਆਂ ਨੂੰ ਸਦੀਵੀ ਸੁਭਾ ’ਚ
ਦ੍ਰਿੜ ਕਰਕੇ ਮਨ ਕੀ ਮੱਤ ਤੋਂ ਛੁੱਟ ਜਾਈਦਾ ਹੈ।
ਨੋਟ:
ਪਉੜੀ 18 ਵਿਚ
ਦਰਸਾਇਆ ਹੈ ਕਿ ਨੀਚ ਮੰਦੇ ਕਰਮਾਂ ਤੋਂ ਮਨ ਕੀ ਮੱਤ ਨਾਲ ਛੁਟਕਾਰਾ ਨਹੀਂ ਮਿਲ ਸਕਦਾ ਬਲਕਿ ਸਤਿਗੁਰ
ਦੀ ਮੱਤ ਭਾਵ ਰੱਬੀ ਗੁਣਾਂ ਨਾਲ ਹੀ ਛੁੱਟ ਸਕਦੇ ਹਾਂ। ਇਸ ਕਰਕੇ ਸਤਿਗੁਰ ਦੀ ਮੱਤ ਰਾਹੀਂ ਰੱਬ ਜੀ
ਤੋਂ ਵਾਰਨੇ ਜਾਣ ਦਾ ਜ਼ਿਕਰ ਹੈ ਤੇ ਵਿਰਲਾ ਮਨ ਨਿਮਰਤਾ ’ਚ ਸਮਰਪਣ ਕਰਦਾ ਹੈ। ਪਉੜੀ 17 ਅਤੇ 19 ਵਿਚ
ਰੱਬੀ ਗੁਣਾਂ ਭਾਵ ਸਤਿਗੁਰ ਦੀ ਮੱਤ ਨਾਲ ਜੋ ਬਲ (ਕੁਦਰਤ) ਪ੍ਰਾਪਤ ਹੁੰਦਾ ਹੈ ਉਸਦੇ ਵਿਸਮਾਦ ’ਚ
ਵਿਰਲਾ ਮਨ ਨਿਮਰਤਾ ਭਰਪੂਰ ਹੋ ਕੇ ਸਤਿਗੁਰ ਦੀ ਮੱਤ ਤੋਂ ਵਾਰਨੇ ਜਾਂਦਾ ਹੈ। ਇਸ ਕਰਕੇ ‘ਵਾਰਿਆ ਨ
ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥’ ਤਿੰਨੋ ਪਉੜੀਆਂ
’ਚ ਸਮਰੂਪ ਹੈ। ਪਰ 17 ਅਤੇ 19 ਵਿਚ ‘ਕੁਦਰਤਿ ਕਵਣ ਕਹਾ ਵੀਚਾਰੁ ॥’ ਹੈ ਅਤੇ 18ਵੀਂ ਪਉੜੀ
ਵਿਚ ‘ਨਾਨਕੁ ਨੀਚੁ ਕਹੈ ਵੀਚਾਰੁ ॥’ ਹੈ।
ਵੀਰ ਭੁਪਿੰਦਰ ਸਿੰਘ