ਗੁਰਮਤਿ ਦਾ ਧੁਰਾ- ਮੂਲ ਮੰਤਰ
ਜਰਨੈਲ ਸਿੰਘ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ ॥
ਗੁਰੂ ਗ੍ਰੰਥ ਸਾਹਿਬ ਦੇ ਉਪਰੋਕਿਤ ਅਰੰਭਕ ਸ਼ਬਦਾਂ ਦੇ ਸਮੂਹ ਨੂੰ ਅਕਸਰ ਮੂਲ
ਮੰਤਰ ਕਹਿ ਕੇ ਪੁਕਾਰਿਆ ਜਾਂਦਾ ਹੈ। ਭਾਈ ਕਾਹਨ ਸਿੰਘ ਅਨੁਸਾਰ ਮੰਤਰ ਦਾ ਇੱਕ ਅਰਥ ਹੈ ਗੁਰਉਪਦੇਸ਼।
ਮੂਲ ਮੁਢਲੇ ਜਾਂ ਬੁਨਿਆਦੀ ਨੂੰ ਕਿਹਾ ਜਾਂਦਾ ਹੈ। ਸੋ ਮੂਲ ਮੰਤਰ ਦਾ ਅਰਥ ਹੋਇਆ ਮੁਢਲਾ ਜਾਂ
ਬੁਨਿਆਦੀ ਗੁਰਉਪਦੇਸ਼। (1) ਬਿਨਾ ਸ਼ੱਕ ਇਸ ਉਪਦੇਸ਼ ਉੱਪਰ ਸਿੱਖੀ ਜਾਂ ਗਰੁਮਤਿ ਦੀ ਬੁਨਿਆਦ ਟਿਕੀ ਹੋਈ
ਹੈ। ਗੁਰਮਤਿ ਦੇ ਸਾਰੇ ਸਿਧਾਂਤਾਂ ਦੇ ਬੀਜ ਇਸ ਵਿੱਚ ਮੌਜ਼ੂਦ ਹਨ। ਇਹ ਇਸ ਤੱਥ ਤੋਂ ਵੀ ਸਾਬਿਤ
ਹੁੰਦਾ ਹੈ ਕਿ ਇਹ ਪੂਰੇ ਜਾਂ ਸੰਖੇਪ ਰੂਪ ਵਿੱਚ ਕੋਈ 567 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ
ਹੈ। ਸੰਪੂਰਣ ਰੂਪ ਵਿੱਚ ਇਹ 33 ਵਾਰੀ ਆਇਆ ਹੈ ਅਤੇ ਇਸ ਦੇ ਸੰਖੇਪ ਰੂਪਾਂ ਦੀ ਵਰਤੋਂ ਦਾ ਵੇਰਵਾ ਇਸ
ਤਰ੍ਹਾ ਹੈ:
ੴਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ (ਇਹ 9 ਵਾਰੀ ਆਉਂਦਾ ਹੈ)
ੴਸਤਿ ਨਾਮੁ ਗੁਰ ਪ੍ਰਸਾਦਿ ॥ (ਇਹ 2 ਵਾਰੀ ਆਉਂਦਾ ਹੈ)
ੴਸਤਿ ਗੁਰ ਪ੍ਰਸਾਦਿ ॥ (ਇਹ 523 ਵਾਰੀ ਆਉਂਦਾ ਹੈ)
ਇੰਨ੍ਹੀ ਜ਼ਿਆਦਾ ਗਿਣਤੀ ਵਿੱਚ ਇਸ ਦਾ ਹੋਣਾ ਪਾਠਕ ਨੂੰ ਹੋਰ ਮੋੜ ਤੇ ਸਹੀ
ਅਗਵਾਈ ਦੇਣ ਲਈ ਇੱਕ ਬਹੁਤ ਹੀ ਵਧੀਆ ਸੰਪਾਦਨ ਕਲਾ ਦਾ ਨਮੂਨਾ ਹੈ। ਹਥਲੇ ਲੇਖ ਵਿੱਚ ਇਹਨਾਂ ਅਰੰਭਕ
ਸ਼ਬਦਾਂ ਦੇ ਅਰਥ ਅਤੇ ਮਹੱਤਵ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੈ। ਆਪਾਂ ਇੱਕ ਇੱਕ ਸ਼ਬਦ ਦੀ ਵਿਚਾਰ ਕਰ
ਕੇ ਸਮਝਣ ਦਾ ਯਤਨ ਕਰਦੇ ਹਾਂ। ਜਿਉਂ ਜਿਉਂ ਅਸੀ ਇਹਨਾ ਸ਼ਬਦਾਂ ਨੂੰ ਵਿਚਾਰਾਂਗੇ ਸਾਨੂੰ ਪਤਾ ਚਲੇਗਾ
ਕਿ ਇਹ ਇੱਕ ਖਾਸ ਬੱਝਵੀਂ ਤਰਤੀਬ ਵਿੱਚ ਪਰੋਏ ਹੋਏ ਨੇ। ਕੋਈ ਵੀ ਸ਼ਬਦ ਅੱਗੇ ਪਿੱਛੇ ਨਹੀਂ ਹੋ ਸਕਦਾ।
ਸਾਰੇ ਸ਼ਬਦ ਆਪਣੇ ਅਗਲੇ ਪਿਛਲੇ ਸ਼ਬਦ ਦੇ ਅਰਥ ਨੂੰ ਨਿਖਾਰ ਰਹੇ ਨੇ ਜਿਵੇਂ ਦੋ ਕਮਰਿਆਂ ਵਿਚਾਲੇ ਸਰਦਲ
ਤੇ ਰੋਖਿਆ ਦੀਵਾ ਦੋਨਾਂ ਕਮਰਿਆਂ ਵਿੱਚ ਚਾਨਣ ਦਾ ਛੱਟਾ ਦਿੰਦਾ ਹੈ।
ੴ (ਇੱਕ ਓਅੰਕਾਰ ਜਾਂ ਏਕੰਕਾਰ)
ੴ ਨੂੰ ਸਿੱਖ ਧਰਮ ਦਾ ਸਭ ਤੋਂ ਵੱਧ ਮਕਬੂਲ਼ ਸ਼ਬਦ ਜਾਂ ਸ਼ਬਦ ਜੁੱਟ ਕਿਹਾ ਜਾ
ਸਕਦਾ ਹੈ। ਇਹ ਸਿੱਖ ਧਰਮ ਦੀ ਪਹਿਚਾਣ ਹੈ। ਸਿੱਖ ਧਰਮ ਵਾਰੇ ਕੋਈ ਵੀ ਅਜਿਹੀ ਲਿਖਤ ਨਹੀ ਮਿਲੇਗੀ
ਜਿਸ ਵਿੱਚ ਇਸ ਦੀ ਵਰਤੋਂ ਨਾ ਕੀਤੀ ਹੋਵੇ। ਇਸ ਨੂੰ ਸਿੱਖ ਧਰਮ ਦਾ ਲੋਗੋ ਵੀ ਕਿਹਾ ਜਾ ਸਕਦਾ ਹੈ।
ਇਸ ਦੇ ਅਰਥ ਅਕਸਰ ਇਹ ਕੀਤੇ ਜਾਂਦੇ ਨੇ ਕਿ ਰੱਬ ਇੱਕ ਹੈ। ਮਸਲਨ ਪ੍ਰੋ: ਸਾਹਿਬ ਸਿੰਘ ਇਸ ਦਾ ਅਰਥ
ਇੱਕ ਰਸ ਵਿਆਪਕ ਰੱਬ ਕਰਦੇ ਨੇ। ਭਾਈ ਕਾਹਨ ਸਿੰਘ ਹੁਰੀਂ ਵੀ ਇਸ ਨੂੰ ਇੱਕ ਕਰਤਾਰ ਦਾ ਬੋਧਿਕ
ਕਹਿੰਦੇ ਨੇ। ਉਹ ਓ, ਓਅੰ ਅਤੇ ਓਅੰਕਾਰ ਨੂੰ ਸਮਅਰਥੀ ਜਾਣ ਆਪਣੇ ਕੋਸ਼ ਵਿੱਚ ਇਹਨਾਂ ਤਿੰਨਾਂ ਸ਼ਬਦਾਂ
ਦੀ ਇੱਕੋ ਇੰਦਰਾਜ਼ ਹੇਠ ਵਿਆਖਿਆ ਕਰਦੇ ਨੇ। ਕਈ ਹੋਰ ਵਿਦਵਾਨ ਬੇਸ਼ੱਕ ਉਹ ਇਸ ਦੇ ਉਚਾਰਣ (2) ਪੱਖੋਂ
ਪ੍ਰੋ ਸਾਹਿਬ ਸਿੰਘ ਜਾਂ ਭਾਈ ਕਾਹਨ ਸਿੰਘ ਨਾਲ ਸਹਿਮਤ ਨਹੀ ਹਨ ਪਰ ਇਸ ਦੇ ਅਰਥ ਉਹ ਵੀ "ਇੱਕ ਰੱਬ"
ਹੀ ਕਰਦੇ ਨੇ। ਬਲਕਿ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਉਹਨਾਂ ਦੇ ਉਚਾਰਣ "ਇਕੋ" ਦੀ ਬੁਨਿਆਦ
ਹੀ ਇਸ ਗਲ ਤੇ ਟਿਕੀ ਹੋਈ ਹੈ ਕਿ ਇਸ ਦਾ ਕੇਵਲ ਤੇ ਕੇਵਲ ਅਰਥ ਹੈ ਕਿ "ਰੱਬ ਇੱਕ ਹੈ"। ਪਰ ਸੋਚਣ
ਵਾਲੀ ਗੱਲ ਇਹ ਹੈ ਕਿ ਬਾਕੀ ਧਰਮ (3) ਵੀ ਤਾਂ ਇਹ ਗਲ ਕਹਿੰਦੇ ਹੀ ਨੇ ਕਿ ਰੱਬ ਇੱਕ ਹੈ। ਫਿਰ ਗੁਰ
ਨਾਨਕ ਸਾਹਿਬ ਨੇ ਇੱਥੇ ਕਿਹੜੀ ਨਵੀਂ ਗੱਲ ਕੀਤੀ ਹੈ। ਗੁਰੂ ਨਾਨਕ ਸਾਹਿਬ ਆਪ ਹੀ ਆਪਣੀ ਬਾਣੀ
"ਓਅੰਕਾਰ" ਦੀ ਪੰਜਵੀਂ ਪੌੜੀ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ। ਇਹ ਪੌੜੀ ਸਾਨੂੰ ੴ ਦੇ ਸਹੀ ਅਰਥ
ਸਮਝਣ ਵਿੱਚ ਬਹੁਤ ਸਹਾਈ ਹੁੰਦੀ ਹੈ। ਪੌੜੀ ਦਾ ਪਾਠ ਇਸ ਤਰ੍ਹਾਂ ਹੈ।
ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ॥ ਅੰਤਰਿ ਬਾਹਿਰ ਏਕੁ ਪਛਾਣੈ ਇਉ
ਘਰੁ ਮਹਲੁ ਸਿਞਾਪੈ॥ ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ॥ ਏਕੰਕਾਰ ਅਵਰੁ ਨਹੀ
ਦੂਜਾ ਨਾਨਕ ਏਕੁ ਸਮਾਈ॥ 5॥ ਪੰਨਾ 930
ਇੱਥੇ ਇੱਕ ਗੱਲ ਤਾਂ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਨਾਨਕ
ਸਾਹਿਬ ਦਾ ਰੱਬ ਨੂੰ ਇੱਕ ਕਹਿਣਾ ਬਾਕੀਆ ਨਾਲੋਂ ਜ਼ਰੂਰ ਭਿੰਨ੍ਹ ਹੈ। ਇਸ ਕਰਕੇ ਉਨ੍ਹਾਂ ਦੇ ਇੱਕ ਰੱਬ
ਦੇ ਸੰਕਲਪ ਨੂੰ ਸਮਝਣ ਦੀ ਬਹੁਤ ਲੋੜ ਹੈ। ਇਹ ਵੀ ਇੱਕ ਕਾਬਲੇ ਗੌਰ ਗੱਲ ਹੈ ਕਿ ਬਾਣੀ "ਓਅੰਕਾਰ" ਉਸ
ਮੰਦਰ ਦੇ ਪੁਜਾਰੀ ਪਾਂਡੇ ਨਾਲ ਗੱਲਬਾਤ ਤੇ ਅਧਾਰਿਤ ਹੈ ਜੋ ਉਸ ਮੰਦਰ ਵਿੱਚ ਓਅੰਕਾਰ ਦੀ ਮੂਰਤੀ ਬਣਾ
ਉਸ ਨੂੰ "ਇੱਕ ਰੱਬ" ਵਜੋਂ ਪੂਜਣ ਦੀ ਚਾਟੜਿਆਂ ਨੂੰ ਸਿੱਖਿਆਂ ਦੇ ਰਿਹਾ ਹੈ। ਜ਼ਹਿਰ ਹੈ ਕਿ ਇਥੇ
ਗੁਰੂ ਨਾਨਕ ਸਾਹਿਬ ਉਸ ਦੇ ਇੱਕ ਰੱਬ ਦੇ ਸੰਕਲਪ ਨੂੰ ਰੱਦ ਕਰ ਆਪਣਾ ਸੰਕਲਪ ਪੇਸ਼ ਕਰ ਰਹੇ ਨੇ। ਇਸ
ਪੌੜੀ ਦੀ ਵਿਚਾਰ ਕੀਤਿਆਂ ਕੁੱਝ ਗੱਲਾਂ ਉੱਭਰ ਕੇ ਸਾਹਮਣੇ ਆਂਉਦੀਆਂ ਹਨ:-
ਹਕੀਕਤ ਇਹ ਹੈ ਕਿ ਰੱਬ ਨੂੰ ਇੱਕ ਕਹਿਣਾ ਅਤੇ ਮੰਨਣਾ ਆਪਣੇ ਆਪ ਵਿੱਚ ਦੋ ਅੱਡ ਅੱਡ ਗੱਲਾਂ
ਨੇ।
ਅਸੀਂ ਸਭ ਜਾਣਦੇ ਹਾਂ ਕਿ ਮੁਸਲਮਾਨਾਂ ਦੇ ਰੱਬ ਦਾ ਆਖਰੀ ਮਸੀਹਾ ਹਜ਼ਰਤ ਮੁਹੰਮਦ ਹੈ,
ਈਸਾਈਆਂ ਦੇ ਰੱਬ ਦਾ ਇਕਲੌਤਾ ਪੁੱਤਰ ਈਸਾ ਮਸੀਹ ਹੈ, ਹਿੰਦੂ ਦੇ ਇੱਕ ਰੱਬ ਨੇ ਸਾਰੀ ਕਾਰ
ਵਿਹਾਰ ਚਲਾਉਣ ਲਈ ਬ੍ਰਹਮਾ ਵਿਸ਼ਨੂੰ ਮਹੇਸ਼ ਦੀ ਤਿੱਕੜੀ ਬਣਾਈ ਹੋਈ ਹੈ। ਅਗਰ ਰੱਬ ਸੱਚਮੁਚ ਹੀ
ਇੱਕ ਹੈ ਤਾਂ ਫਿਰ ਇਹ ਵਖਰੇਵਾਂ ਤਾਂ ਹੋਣਾ ਹੀ ਨਹੀ ਚਾਹੀਦਾ। ਅਸਲ ਵਿੱਚ ਸਭ ਨੇ ਆਪੋ ਆਪਣਾ
ਰੱਬ ਮਿੱਥ ਉਸ ਨੂੰ ਹੀ ਇੱਕੋ ਇੱਕ ਹੋਣ ਦਾ ਖ਼ਿਤਾਬ ਦੇ ਕੇ ਆਪੋ ਆਪਣੀ ਹਉਮੇ ਨੂੰ ਪੱਠੇ ਪਾਏ
ਹੋਏ ਨੇ।
ਇਸ ਹਉਮੇ ਦਾ ਵਰਤਾਰਾ ਅੱਜ ਸਿੱਖੀ ਸਮੇਤ ਹਰ ਛੋਟੇ ਵੱਡੇ ਧਰਮ ਦੇ ਪੈਰੋਕਾਰਾਂ ਵਿੱਚ ਵੀ
ਪ੍ਰਤੱਖ ਦੇਖ ਸਕਦੇ ਹਾਂ। ਜਿਵੇਂ ਅਸੀਂ ਆਪਣੇ ਘਰ, ਆਪਣੀ ਔਲਾਦ ਆਦਿ ਦੀ ਸਿਫਤ ਕਰ ਜਾਂ ਸੁਣ ਕੇ
ਆਪਣੀ ਮੈਂ ਨੂੰ ਫੁਲਦੀ ਵੇਖ ਹਰੋਂਸਦੇ ਰਹਿੰਦੇ ਹਾਂ ਤਿਵੇਂ ਹੀ ਹਰ ਕੋਈ ਆਪੋ ਆਪਣੇ ਧਰਮ, ਆਪਣੇ
ਰਹਿਬਰ ਨੂੰ ਦੂਜਿਆਂ ਨਾਲੋਂ ਵੱਡਾ ਸਿੱਧ ਕਰਨ ਵਿੱਚ ਲੱਗਾ ਹੋਇਆ ਹੈ। ਰਹਿਬਰਾਂ ਦੇ ਨਾਂ ਨਾਲ
ਕਰਾਮਾਤਾਂ ਦਾ ਜੁੜਨਾ ਵੀ ਇਸੇ ਵਰਤਾਰੇ ਦੀ ਇੱਕ ਉਪਜ ਹੈ। ਜਿੰਨੀ ਵੱਡੀ ਕਰਾਮਾਤ ਉਹਨਾਂ ਵੱਡਾ
ਰਹਿਬਰ। ਜਿੰਨਾ ਵੱਡੀ ਕਰਾਮਾਤ ਦਾ ਮਾਲਕ ਰਹਿਬਰ ਉਹਨੇ ਵੱਡੇ ਉਸਦੇ ਚੇਲੇ। ਭਾਵੇਂ ਗੁਰਬਾਣੀ
ਹਉਮੇ ਨੂੰ ਰੱਬ ਨੂੰ ਇੱਕ ਮੰਨਣ ਵਿੱਚ ਸਭ ਤੋਂ ਵੱਡੀ ਅੜਚਣ ਕੂਕ ਪੁਕਾਰ ਕੇ ਕਹਿੰਦੀ ਹੈ। ਫਿਰ
ਵੀ ਸਿੱਖ ਦੂਸਰੇ ਧਰਮ ਦੇ ਪੈਰੋਕਾਰਾਂ ਦੀ ਤਰ੍ਹਾਂ ਗੁਰੂ ਸਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੀ
ਵਡਿਆਈ ਵਿੱਚ ਹਰ ਉਪਲਬਧ ਵਿਸ਼ੇਸ਼ਣ ਵਰਤ ਆਪਣੀ ਹਉਮੇ ਦਾ ਪ੍ਰਗਟਾਵਾ ਕਰਨ ਵਿੱਚ ਹੋਰਨਾ ਨਾਲੋਂ
ਇੱਕ ਰੱਤੀ ਵੀ ਘਟ ਨਹੀਂ ਹਨ। ਬਲਕਿ ਦੋ ਰੱਤੀਆਂ ਵੱਧ ਹੀ ਹੋਣਗੇ। (4)
ਅਕਸਰ ਸਰਬ ਧਰਮ ਸੰਮੇਲਨ ( Inerfaith
Conferrences) ਹੁੰਦੇ ਰਹਿੰਦੇ ਨੇ। ਇਹ ਵੀ
ਇੱਕ ਤਰ੍ਹਾਂ ਦਾ ਸਬੂਤ ਹੈ ਕਿ ਰੱਬ ਨੂੰ ਇੱਕ ਕੋਈ ਨਹੀਂ ਮੰਨਦਾ ਪਰ ਆਪੋ ਆਪਣੇ ਰੱਬ ਨੂੰ ਠੀਕ
ਕਹਿਣ ਜਾਂ ਮੰਨਣ ਲਈ ਹੀ ਆਪਸੀ ਰਜ਼ਾਮੰਦੀ ਦਾ ਉਪਰਾਲਾ ਕਰ ਰਹੇ ਨੇ।
ਇਹ ਵੀ ਦੇਖਿਆ ਜਾਂਦਾ ਹੈ ਕਿ ਕਿਸੇ ਦੁਖਦਾਈ ਘਟਨਾ ਤੋਂ ਤ੍ਰਬਕੇ ਲੋਕ ਸਾਰੇ ਧਰਮਾ ਦੇ
ਪਜਾਰੀਆਂ ਤੋਂ ਇਕੱਠੇ ਪੂਜਾ ਪਾਠ ਕਰਵਾਂਦੇ ਨੇ। ਜੇਕਰ ਰੱਬ ਇੱਕ ਹੈ ਅਤੇ ਸਭ ਦੇ ਪੂਜਾ ਪਾਠ ਦਾ
ਢੰਗ ਵੀ ਸਹੀ ਹੈ ਤਾਂ ਇੱਕ ਧਰਮ ਦੀ ਪੂਜਾ ਪਾਠ ਕਿਉਂ ਨਹੀਂ ਕਾਰਗਰ ਮੰਨੀ ਜਾਦੀ? ਅਗਰ ਕੋਈ
ਉਹਨਾ ਨੂੰ ਕਹੇ ਕਿ ਤੁਹਾਡੇ ਸਾਰਿਆਂ ਦਾ ਰੱਬ ਇੱਕ ਹੀ ਹੈ ਵੱਖਰਾ ਵੱਖਰਾ ਨਹੀਂ ਤਾਂ ਕਿਸੇ ਨੂੰ
ਵੀ ਚੰਗਾ ਨਹੀਂ ਲਗਦਾ। ਕਿਉਂਕਿ ਉਹ ਸਾਰੇ ਆਪੋ ਆਪਣੇ ਰੱਬ ਨਾਲ ਹੀ ਜੁੜੇ ਰਹਿਣਾ ਪਸ਼ੰਦ ਕਰਦੇ
ਨੇ। ਆਪਣੇ ਮਿਥੇ ਹੋਏ ਰੱਬ ਤੋਂ ਟੁਟਦਿਆਂ ਉਹਨਾ ਦੀ ਹਉਮੇ ਤੇ ਸੱਟ ਵੱਜਦੀ ਹੈ। ਕਬੀਰ ਸਾਹਿਬ
ਇਸ ਤੱਥ ਦੀ ਪੁਸ਼ਟੀ ਕਰਦੇ ਨੇ ਜਦੋਂ ਉਹ ਕਹਿੰਦੇ ਨੇ:
"ਜਬ ਹਮ ਏਕੋ ਏਕੁ ਕਰਿ ਜਾਨਿਆ॥
ਤਬ ਲੋਗਹ ਕਾਹੇ ਦੁਖੁ ਮਾਨਿਆ॥" ਪੰਨਾ 324
ਅਗਰ ਗੁਰਦਵਾਰੇ ਦਾ ਰੱਬ ਮਸਜ਼ਿਦ, ਮੰਦਰ ਜਾਂ ਗਿਰਜ਼ਾ ਘਰ ਦੇ ਰੱਬ ਨਾਲੋਂ ਭਿੰਨ੍ਹ ਹੈ ਤਾਂ
ਰੱਬ ਇੱਕ ਨਹੀਂ ਹੋ ਸਕਦਾ। ਇਸ ਦਾ ਮਤਲਬ ਹੈ ਹਾਲੇ ਅਸੀਂ "ਘਰੁ ਮਹਲੁ ਸਿਞਾਪੈ" ਤਕ
ਨਹੀਂ ਪਹੁੰਚੇ ਭਾਵ ਰੱਬ ਨੂੰ ਆਪਣੇ ਘਰ ਜਾਂ ਹਿਰਦੇ ਵਿੱਚ ਨਹੀਂ ਪਛਾਣਿਆਂ। ਹਾਲੇ ਅਸੀ
"ਹਊਮੈ ਗਰਬੁ ਵਿਆਪੈ" ਵਾਲੀ ਅਵਸਥਾ ਵਿੱਚ ਹੀ ਵਿਚਰ ਰਹੇ ਹਾਂ। ਰੱਬ ਅਤੇ ਸਾਡੇ ਵਿਚਕਾਰ
ਸਾਡੀ ਹਉਮੇ ਪੜਦਾ ਬਣੀ ਖੜੀ ਹੈ। ਅਗਰ ਅਸੀਂ ਸਚਮੁਚ ਹੀ ਰੱਬ ਨੂੰ ਇੱਕ ਮੰਨਦੇ ਹਾਂ ਤਾਂ ਸਾਡੀ
ਹਉਮੈ ਦਾ ਨਾਸ਼ ਹੋਣਾ ਜ਼ਰੂਰੀ ਹੈ। ਇਹ ਗੁਰੂ ਨਾਨਕ ਸਾਹਿਬ ਵਲੋਂ ਦਿੱਤੀ ਗਈ ਜਾਂ ਰੱਖੀ ਗਈ ਇੱਕ
ਅਤਿ ਜ਼ਰੂਰੀ ਪਰਖ ਅਤੇ ਸ਼ਰਤ ਹੈ। ਹਉਮੇ ਦੇ ਜਾਂਦਿਆਂ ਹੀ ਰੱਬ ਹਰ ਜਗ੍ਹਾ ਇਕਸਾਰ ਮਹਿਸੂਸ
ਹੋਏਗਾ। ਹਰ ਘਰ, ਹਰ ਮੁਲਕ, ਹਰ ਚੰਗੀ ਮਾੜੀ ਜਗ੍ਹਾ ਤੇ, ਅੰਦਰ ਬਾਹਰ ਉਹੀ ਉਹ ਮਹਿਸੂਸ਼ ਹੋਏਗਾ।
ਰੱਬ ਇਕਸਾਰ ਮਹਿਸੂਸ ਹੁੰਦਾ ਹੈ ਕਿਉਂਕਿ ਉਹ ਸਾਰੀ ਸ੍ਰਿਸ਼ਟੀ ਵਿੱਚ ਹੀ ਸਮੋਇਆ ਹੋਇਆ ਹੈ।
ਇਸ ਲਈ ਉਹ ਦੂਰ ਜਾਂ ਵੱਖ ਤਾਂ ਹੋ ਹੀ ਨਹੀ ਸਕਦਾ। ਇਹ ਅਸੰਭਵ ਹੈ। ਦਰਅਸਲ ਉਸ ਤੋਂ ਬਿਨ੍ਹਾ
ਹੋਰ ਕੁੱਝ ਵੀ ਨਹੀਂ। ਪਰ ਅਗਰ ਅਸੀਂ ਰੱਬ ਨੂੰ ਉਸ ਦੀ ਰਚਨਾ ਤੋਂ ਅਲੱਗ ਦੇਖਦੇ ਹਾਂ ਤਾਂ
ਜਿੰਨੇ ਦੇਖਣ ਵਾਲੇ ਨੇ ਉਨੇ ਹੀ ਰੱਬ ਬਣ ਜਾਂਦੇ ਨੇ। ਸਭ ਨੂੰ ਆਪਣਾ ਦੇਖਿਆ ਰੱਬ ਹੀ ਸਹੀ ਲਗਦਾ
ਹੈ। ਸਾਰੀ ਸਮੱਸਿਆ ਦੀ ਜੜ੍ਹ ਇਹ ਹੈ। ਜਿਵੇਂ ਹੀ ਅਸੀ ਰੱਬ ਤੇ ਉਸ ਦੀ ਰਚਨਾ ਨੂੰ ਇੱਕ ਹੀ
ਸਮਝਦੇ ਹਾਂ ਤਾਂ ਸਾਨੂੰ ਸਮਝ ਆਉਂਦੀ ਹੈ ਕਿ "ਅਵਰ ਨਹੀਂ ਦੂਜਾ" ਬਲਕਿ ਇਹ ਸਭ ਏਕੰਕਾਰ
ਹੀ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਰੱਬ ਨੂੰ "ਬਲਿਹਾਰੀ ਕੁਦਰਤਿ ਵਸਿਆ" ਦਸਦੇ
ਨੇ। ਉਹ ਇਸ ਸ੍ਰਿਸਟੀ ਰੂਪੀ ਪਿਆਲੇ ਨੂੰ ਰੱਬ ਦੀ ਹੋਂਦ ਨਾਲ ਨੱਕੋ ਨੱਕ ਭਰਿਆ ਪਿਆ ਦੇਖ
ਵਿਸਮਾਦ ਵਿੱਚ ਆ ਗਾ ਉਠਦੇ ਨੇ।
"ਜਾਤਿ ਮਹਿ ਜੋਤਿ ਜੋਤਿ ਮਹਿ
ਜਾਤਾ ਅਕਲ ਕਲਾ ਭਰਪੂਰਿ ਰਹਿਆ॥" ਪੰਨਾ 469
ਕਿਉਂਜੋ ਰੱਬ ਇੱਕ ਹੈ ਇਸ ਲਈ ਤਰਕ ਸੰਗਤ ਗੱਲ ਇਹ ਵੀ ਹੈ ਕਿ ੳਸ ਦਾ ਗਿਆਨ ਵੀ ਇਕੋ ਹੀ
ਹੋਏਗਾ। ਇਸ ਲਈ ਉਸ ਦੀ ਵਿਚਾਰ ਵੀ ਵੱਖ ਵੱਖ ਨਹੀਂ ਹੋ ਸਕਦੀ। ਇਸੇ ਕਰਕੇ ਗੁਰਬਾਣੀ ਵਿੱਚ ਇਹ
ਦ੍ਰਿੜ ਕਰਵਾਇਆ ਗਿਆ ਹੈ।
"ਇਕਾ ਬਾਣੀ ਇਕੁ ਗੁਰੁ ਇਕੋ ਸਬਦ
ਵਚਿਾਰਿ॥" ਪੰਨਾ 646
ਉੱਪਰ ਦਿੱਤੀ ਵਿਚਾਰ ਦਾ ਸਾਰ ਇਹ ਨਿਕਲਦਾ ਹੈ ਕਿ ਸਹੀ ਅਰਥਾਂ ਵਿੱਚ ਰੱਬ
ਇੱਕ ਤਾਂ ਹੀ ਹੋ ਸਕਦਾ ਹੈ ਅਗਰ ਉਹਦੇ ਅਤੇ ਉਸਦੀ ਰਚਨਾ ਵਿੱਚ ਕੋਈ ਅੰਤਰ ਨ ਮੰਨਿਆ ਜਾਵੇ। ੴ ਦਾ ਵੀ
ਇਹ ਹੀ ਅਰਥ ਹੈ। ਰੱਬ ਤੇ ਉਸਦੀ ਇਹ ਰਚਨਾ ਹੀ ਇੱਕ ਨਹੀ ਬਲਕਿ ਇਸ ਰਚਨਾ ਤੋਂ ਪਹਿਲਾਂ ਵੀ ਉਹ ਸੀ,
ਰਚਨਾ ਵਿੱਚ ਵੀ ਉਹ ਹੀ ਹੈ ਅਤੇ ਬਾਅਦ ਵਿੱਚ ਵੀ ਉਹੀ ਰਹੇਗਾ। ਇਸੇ ਨੂੰ ਗੁਰੂ ਸਾਹਿਬ ਆਦਿ ਸੱਚ,
ਜੁਗਾਦ ਸੱਚ, ਹੈ ਭੀ ਸੱਚ, ਹੋਸੀ ਵੀ ਸੱਚ ਕਹਿੰਦੇ ਨੇ। ੴ ਸ੍ਰਿਸ਼ਟੀ ਦੀ ਰਚਨਾ ਅਤੇ ਪਸਾਰੇ ਤੋਂ
ਪਹਿਲਾਂ ਵਾਲੀ ਰੱਬ ਦੀ ਅਵਸਥਾ ਦਾ ਲਖਾਇਕ ਹੈ। ਇਸ ਗੱਲ ਦਾ ਪ੍ਰਮਾਣ ਸਾਨੂੰ ਗੁਰੂ ਗ੍ਰੰਥ ਸਾਹਿਬ
ਵਿੱਚ ਬਹੁਤ ਜਗ੍ਹਾ ਮਿਲਦਾ ਹੈ। ਹੇਠਾਂ ਕੁੱਝ ਪ੍ਰਮਾਣ ਦਿੱੇਤੇ ਜਾ ਰਹੇ ਨੇ।
ਕਈ ਕੋਟਿ ਖਾਣੀ ੳਰੁ ਖੰਡ॥ ਕਈ ਕੋਟ ਅਕਾਸ ਬ੍ਰਹਮੰਡ॥ ਕਈ ਕੋਟਿ ਹੋਏ ਅਵਤਾਰ॥ ਕਈ ਜੁਗਤਿ
ਕੀਨੋ ਬਿਸਥਾਰ॥ ਕਈ ਬਾਰ ਪਸਰਿਓ ਪਾਸਾਰ॥ ਸਦਾ ਸਰਾ ਇਕੁ ਏਕੰਕਾਰ॥ ਕਈ ਕੋਟ ਕੀਨੇ ਬਹੁ ਭਾਤਿ॥
ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ॥ ਤਾ ਕਾ ਅੰਤੁ ਨ ਜਾਨੇ ਕੋਇ॥ ਆਪੇ ਆਪਿ ਨਨਿਕ ਪ੍ਰਭ ਸੋਇ॥
ਪੰਨਾ 276
ਨਾਨਾ ਬਿਧਿ ਕੀਨੋ ਬਿਸਥਾਰੁ॥ ਪ੍ਰਭ ਅਬਿਨਾਸੀ ਏਕੰਕਾਰੁ॥ ਪੰਨਾ 284
ਤਿਸੁ ਭਾਵੇ ਤਾਂ ਕਰੇ ਬਿਸਥਾਰੁ॥ ਤਿਸੁ ਭਾਵੈ ਤਾਂ ਏਕੰਕਾਰ॥ ਪੰਨਾ 294
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ॥ ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰ॥
ਪੰਨਾ 296
ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ॥ ਹਰਿ ਏਕੋ ਸੂਤੁ ਵਰਤੈ ਜੁਗ
ਅੰਤਰਿ ਸੂਤੁ ਖਿੰਚੈ ਏਕੰਕਾਰੀ॥ ਪੰਨਾ 507
ਸਾਂਗ ਉਤਾਰਿ ਥੰਮਿਹਓ ਪਾਸਾਰਾ॥ ਤਬ ਏਕੋ ਏਕੰਕਾਰਾ॥ ਪੰਨਾ 736
ਬਰਨੁ ਚਿਹਨੁ ਨਾਹੀ ਕਿਛੁ ਰਚਨਾ ਮਿਥਿਆ ਸਕਲ ਪਸਾਰਾ॥ ਬਣਿਤ ਨਾਨਕੁ ਜਬ ਖੇਲੁ ਉਝਾਰੇ ਤਬ
ਏਕੈ ਏਕੰਕਾਰਾ॥ ਪੰਨਾ 999
ਏਕੋ ਤਖਤੁ ਏਕੋ ਪਾਤਿਸਾਹੁ॥ ਸਰਬੀ ਥਾਈ ਵੇਪਰਵਾਹੁ॥ ਤਿਸ ਕਾ ਕੀਆ ਤ੍ਰਿਭਵਣ ਸਾਰੁ॥ ਓਹੁ
ਅਗਮੁ ਅਗੋਚਰੁ ਏਕੰਕਾਰ॥ ਪੰਨਾ 1188
ਹਰਿ ਸਿਮਰਿ ਏਕੰਕਾਰ ਸਾਚਾ ਸਭੁ ਜਗਤੁ ਜਿੰਨਿ ਉਪਾਇਆ॥ ਪੰਨਾ 1113
ਉੱਪਰ ਦਿੱਤੇ ਪ੍ਰਮਾਣਾ ਤੋਂ ਸਾਫ ਸਿੱਧ ਹੁੰਦਾ ਹੈ ਕਿ ਇਹ ਸ੍ਰਿਸ਼ਟੀ ਜਾਂ
ਤ੍ਰਿਭਵਣ ਅੰਦਰ ਅਨੇਕ ਭਾਂਤ ਹੋ ਕੇ ਪਸਰਿਆ ਹੋਇਆ ਏਕੰਕਾਰ ਹੀ ਹੈ। ਜਦੋਂ ਉਹ ਇਸ ਪਸਾਰੇ ਨੂੰ ਸਮੇਟ
ਲੈਂਦਾ ਹੈ ਉਦੋਂ ਫਿਰ ਏਕੰਕਾਰ ਹੋ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਨੇ ੴ ਨੂੰ ਏਕੰਕਾਰ ਦੇ ਛੋਟੇ ਰੂਪ ਵਜੋਂ ਅਤੇ ਮੂਲ ਮੰਤਰ
ਦੇ ਸ਼ੁਰੂ ਵਿੱਚ ਹੀ ਵਰਤਿਆ ਹੈ। ਇਹ ਵੀ ਸਾਡੇ ਲਈ ਇੱਕ ਇਸ਼ਾਰਾ ਹੈ ਕਿ ਏਕੰਕਾਰ ਦਾ ਮਤਲਬ ਆਪਣੀ ਰਚਨਾ
ਦੇ ਪਸਾਰੇ ਦੀ ਸ਼ੁਰੂਆਤ ਤੋ ਪਹਿਲੀ ਰੱਬ ਦੀ ਸਿਮਟੀ ਹੋਈ ਅਵਸਥਾ ਹੈ। ੴ ਅਕਾਲ ਪੁਰਖ ਦੀ ਉਸ ਅਵਸਥਾ
ਦਾ ਬੋਧਿਕ ਹੈ ਜੋ ਸ਼੍ਰਿਸ਼ਟੀ ਦੇ ਪਸਾਰੇ ਤੋਂ ਪਹਿਲੀ ਸੀ ਜਾ ਪਸਾਰੇ ਦੇ ਸਿਮਟ ਜਾਣ ਉਪਰੰਤ ਹੋਵੇਗੀ।
ਜ਼ਾਹਰ ਹੈ ਉਹ ਸਿਮਟ ਕੇ ਅਸੀਮ ਘਣਤਾ ਦਾ ਰੂਪ ਧਾਰਨ ਕਰਦਾ ਹੈ। ਇਹ ਵੀ ਬੜੀ ਸੁਆਦਲੀ ਗਲ ਹੈ ਕਿ ਅਜਕਲ
ਜਦੋਂ ਵਿਗਿਆਨੀ ਇਸ ਸ੍ਰਿਸ਼ਟੀ ਦੇ ਹੋਂਦ ਵਿੱਚ ਆਉਣ ਜਾਂ ਸਿਮਟ ਜਾਣ ਦੀ ਗੱਲ ਕਰਦੇ ਨੇ ਤਾਂ ਉਹ ਵੀ
ਇਸ ਅਵਸਥਾ ਨੂੰ ਸਿੰਗੁਲੈਰਟੀ (
Singularity)
ਦਾ ਨਾਮ ਦਿੰਦੇ ਨੇ। ਸਟੀਵਿਨ ਹੌਕਿੰਗ ਆਪਣੀ ਕਿਤਾਬ "ਸਮੇ ਦਾ ਸੰਖੇਪ ਇਤਿਹਾਸ" ਵਿੱਚ
Big Bang
ਅਤੇ
Bing Cruch ਨੂੰ
Singularity
ਕਹਿ ਕੇ ਬਿਆਨ ਕਰਦੇ ਨੇ। (5) ਹੁਣ ਭੋਤਿਕ ਵਿਗਿਆਨ ਨੇ
ਉਹਨਾਂ ਸਵਾਲਾਂ ਦੇ ਹਲ ਲੱਭਣੇ ਸ਼ੁਰੂ ਕਰ ਦਿੱਤੇ ਹਨ ਜੋ ਕਦੀ ਧਰਮ ਜਾਂ ਫਿਲਾਸਫੀ ਦਾ ਅਧਿਕਾਰ ਖੇਤਰ
ਹੀ ਨਹੀ ਬਲਕਿ ਅਜਾਰੇਦਾਰੀ ਸਮਝੇ ਜਾਂਦੇ ਸਨ। ਇਹਨਾਂ ਸਵਾਲਾਂ ਵਿੱਚੋਂ ਇੱਕ ਸਵਾਲ ਹੈ ਕਿ ਸ੍ਰਿਸ਼ਟੀ
ਕਿਵੇਂ ਤੇ ਕਦੋਂ ਹੋਂਦ ਵਿੱਚ ਆਈ। ਸਿੰਗੂਲੈਰਟੀ ( Singularity)
ਦਾ ਭੌਤਿਕ ਵਿਗਿਆਨ ਵਿੱਚ ਖਾਸ ਮਤਲਬ ਹੈ। ਇਹ ਉਹ
ਅਵਸਥਾ ਹੈ ਜਦੌਂ ਸਾਰੇ ਨਿਯਮ ਜੋ ਕੁਦਰਤ ਦਾ ਕਾਰ ਵਿਹਾਰ ਚਲਾਉਂਦੇ ਨੇ ਟੁੱਟ ਜਾਂਦੇ ਨੇ ਅਤੇ ਸਾਰੇ
ਪਦਾਰਥ ਇੱਕ ਅਸੀਮ ਘਣਤਾ ਵਿੱਚ ਸਿਮਟ ਆਪਣਾ ਵਜੂਦ ਖੋ ਦਿੰਦੇ ਨੇ। ਗੁਰੂ ਨਾਨਕ ਸਾਹਿਬ ਸਾਇੰਸਦਾਨ
ਤਾਂ ਨਹੀਂ ਸਨ ਪਰ ਉਹਨਾਂ ਦੇ ਸੋਚਣ ਦਾ ਢੰਗ ਧਾਰਮਿਕ ਰਹਿਬਰਾਂ ਨਾਲੋਂ ਸਾਇੰਸਦਾਨਾਂ ਨਾਲ ਜ਼ਿਆਦਾ
ਮਿਲਦਾ ਹੈ। ਸ਼ਾਇਦ ਇਸੈ ਕਰਕੇ ਦੋਨੋ ਇੱਕੋ ਨਤੀਜ਼ੇ ਤੇ ਪਹੁੰਚੇ ਨੇ। (6)
ਅਸੀਂ ਦੇਖ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਰੱਬ ਨੂੰ ਇੱਕ ਇਸ ਕਰਕੇ
ਕਹਿੰਦੇ ਨੇ ਕਿਉਂਜੋ ਉਹ ਉਸਨੂੰ ਆਪਣੀ ਰਚਨਾ ਵਿੱਚ ਰਚਿਆ ਹੋਇਆ ਦੇਖਦੇ ਹਨ। ਇਸੇ ਕਰਕੇ ਰੱਬ ਨੂੰ
ਕਿਸੇ ਮੰਦਰ ਆਦਿ ਵਿੱਚ ਮੂਰਤੀ ਬਣਾ ਸਥਾਪਿਤ ਨਹੀਂ ਕੀਤਾ ਜਾ ਸਕਦਾ ਨਾ ਹੀ ਇਹ ਕਿਹਾ ਜਾ ਸਕਦਾ ਹੈ
ਕਿ ਰੱਬ ਕਿਸੇ ਖਾਸ ਜਗ੍ਹਾ (ਗੁਰੂਦਵਾਰਾ, ਮਸਜ਼ਿਦ, ਗਿਰਜ਼ਾ ਘਰ ਆਦਿ) ਵਿੱਚ ਵਸਦਾ ਹੈ।
"ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ
ਆਪਿ ਨਿਰੰਜਨੁ ਸੋਇ॥" ਪੰਨਾ 2. ਨਾ ਹੀ ਉਸ ਨੂੰ
ਕੋਈ ਮਸੀਹਾ ਭੇਜਣ ਦੀ ਜ਼ਰੂਰਤ ਹੈ। ਨਾ ਹੀ ਉਸ ਨੂੰ ਆਪਣੀ ਰਚਨਾ ਦਾ ਕਾਰੋਬਾਰ ਚਲਾਉਣ ਲਈ ਕੋਈ ਸਹਾਇਕ
ਰੱਖਣ ਦੀ ਲੋੜ ਹੈ।
ਸਤਿ
ਮੂਲ ਮੰਤਰ ਦਾ ਦੂਸਰ ਸ਼ਬਦ ਹੈ "ਸਤਿ"। ਪ੍ਰੋ: ਸਾਹਿਬ ਸਿੰਘ ਇਸ ਦਾ ਅਰਥ
ਹੋਂਦ ਵਾਲਾ ਜਾ ਸਦਾ ਥਿਰ ਰਹਿਣ ਵਾਲਾ ਕਰਦੇ ਨੇ। ਭਾਈ ਕਾਹਨ ਸਿੰਘ ਵੀ ਇਸ ਦਾ ਅਰਥ ਸੱਚ ਕਰਦੇ ਨੇ।
ਸੱਚ ਉਹ ਹੈ ਜੋ ਝੂਠ ਨਹੀਂ ਮਤਲਬ ਜੋ ਸਦਾ ਹੈ। ਜਪੁ ਦੇ ਪਹਿਲੇ ਸਲੋਕ ਵਿੱਚ ਵੀ ਇਸੇ ਗਲ ਤੇ ਜ਼ੋਰ ਹੈ
ਜਦੋਂ ਰੱਬ ਨੂੰ ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ ਅਤੇ ਹੋਸੀ ਭੀ ਸੱਚ ਕਿਹਾ ਗਿਆ ਹੈ। ਸ੍ਰਿਸ਼ਟੀ
ਦੇ ਪਸਾਰੇ `ਚ ਵੀ ਉਹ ਹੈ ਅਤੇ ਪਸਾਰੇ ਤੋਂ ਪਹਿਲਾਂ ਵੀ ਉਹ ਹੀ ਸੀ ਤੇ ਬਾਅਦ ਵਿੱਚ ਵੀ ਰਹੇਗਾ।
ਕਿਉਂਕਿ ਉਹ ਕਿਤੇ ਜਾਂਦਾ ਹੀ ਨਹੀਂ ਇਸ ਕਰੇ ਉਸ ਦੇ ਅਵਤਾਰ ਧਾਰ ਕੇ ਆਉਣ ਜਾਂ ਆਪਣੇ ਕਿਸੇ ਮਸੀਹੇ
ਨੂੰ ਦੁਨੀਆ ਦੇ ਉਧਾਰ ਲਈ ਭੇਜਣ ਦੀ ਕੋਈ ਜ਼ਰੂਰਤ ਹੀ ਨਹੀਂ ਰਹਿੰਦੀ। ੴ ਦੇ ਬਿਲਕੁਲ ਬਾਅਦ ਸਤਿ ਲਿਖਣ
ਦਾ ਮਤਲਬ ਇਹ ਹੈ ਕਿ ਪਾਠਕ ਇਹ ਨਾ ਸਮਝ ਲਵੇ ਕਿ ਰੱਬ ਅਤੇ ਉਸਦੀ ਰਚਨਾ ਦੇ ਅਰੰਭ ਦੀ ਕੋਈ ਖਾਸ ਤਿੱਥ
ਹੈ। ਉਹ ਸਦਾ ਹੀ ਸੀ ਸਦਾ ਹੀ ਰਹੇਗਾ। ਗੁਰਬਾਣੀ ਪ੍ਰਮਾਣ ਨੇ:
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ॥
ਪੰਨਾ 11
ਸਤਿ ਸਤਿ ਸਤਿ ਪ੍ਰਭੁ ਸੋਈ॥
ਸਦਾ ਸਦਾ ਸਦ ਆਪੇ ਹੋਈ॥ ਪੰਨਾ 104
ਨਾਮੁ
ਇਹ ਸ਼ਬਦ ਇਸ ਸ਼ਕਲ ਵਿੱਚ ਤਿੰਨ ਹਜ਼ਾਰ ਤੋਂ ਵੀ ਵਧ ਵਾਰੀ ਗੁਰੂ ਗ੍ਰੰਥ ਸਾਹਿਬ
ਵਿੱਚ ਵਰਤਿਆ ਗਿਆ ਹੈ। ਭਾਈ ਕਾਹਨ ਸਿੰਘ ਅਨੁਸਾਰ ਗੁਰਬਾਣੀ ਵਿੱਚ ਇਹ ਲ਼ਫ਼ਜ਼ ਕਰਤਾਰ ਅਤੇ ਉਸ ਦੇ ਹੁਕਮ
ਦਾ ਬੋਧਕ ਹੈ। ਗੁਰਬਾਣੀ ਵਿੱਚੋਂ ਵੀ ਸਾਨੂੰ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਨਾਮੁ ਹੁਕਮ ਦਾ ਬੋਧਕ
ਹੈ। ਸਿਰੀ ਰਾਗ ਵਿੱਚ ਪੰਨਾ 72 ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ:
ਸਤਿਸੰਗਤਿ ਕੈਸੀ ਜਾਣੀਐ॥
ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ 5॥
ਗੁਰੂ ਅਰਜਨ ਸਾਹਿਬ ਇਸ ਨੂੰ ਹੋਰ ਵੀ ਸਪਸ਼ਟ ਕਰ ਦਿੰਦੇ ਨੇ ਜਦੋਂ ਉਹ ਸੁਖਮਨੀ
ਸਾਹਿਬ ਵਿੱਚ ਕਹਿੰਦੇ ਨੇ:
ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਖੰਡ ਬ੍ਰਹਮੰਡ॥
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ॥
ਨਾਮ ਕੇ ਧਾਰੇ ਆਗਾਸ ਪਾਤਾਲ॥ ਨਾਮ ਕੇ ਧਾਰੇ ਸਗਲ ਆਕਾਰ॥
ਨਾਮ ਕੇ ਧਾਰੇ ਪੁਰੀਆ ਸਭ ਭਵਨ॥ ਨਾਮ ਕੇ ਸੰਗਿ ਉਧਰੇ ਸੁਨਿ ਸ੍ਰਵਨ॥
ਕਰਿ ਕਿਰਪਾ ਜਿਸੁ ਆਪਨੇ ਨਾਮਿ ਲਾਏ॥ ਨਾਨਕ ਚੌਥੇ ਪਦ ਮੇ ਸੋ ਜਨੁ ਗਤਿ ਪਾਏ॥
5॥
ਉਪਰ ਦਿੱਤੀਆਂ ਗੁਰਬਾਣੀ ਦੀਆਂ ਪੰਕਤੀਆਂ ਤੋ ਇਹ ਸਿੱਧ ਹੁੰਦਾ ਹੈ ਕਿ ਨਾਮ
ਹੁਕਮ ਹੈ ਅਤੇ ਇਸੇ ਹੁਕਮ ਅੰਦਰ ਸਾਰੀ ਕਾਇਨਾਤ ਦਾ ਕਾਰੋਬਾਰ ਚਲ ਰਿਹਾ ਹੈ। ਨਾਮ ਜਾਂ ਹੁਕਮ ਨੂੰ
ਗੁਰਬਾਣੀ ਵਿੱਚ ਅਟੱਲ ਕਿਹਾ ਗਿਆ ਹੈ। ਮੂਲ ਮੰਤਰ ਵਿੱਚ ਵੀ ਇਸ ਨੂੰ ਸਤਿ ਨਾਲ ਲਿਖਣ ਦਾ ਇਹ ਹੀ ਭਾਵ
ਹੈ।
"ਗੁਰੁ ਪੂਰਾ ਪੂਰੀ ਤਾ
ਕੀ ਕਲਾ॥ ਗੁਰੁ ਕਾ ਸ਼ਬਦ ਸਦਾ ਸਦ ਅਟਲਾ॥ (ਪੰਨਾ 1040) "ਗੁਰ ਕਾ ਬਚਨੁ ਅਟਲ ਅਛੇਦ॥"
ਪੰਨਾ 177. ਵਿਗਿਆਨੀ ਵੀ ਹੁਣ ਇਸ ਗਲ ਤੇ ਸਹਿਮਤ ਹਨ ਕਿ
ਕੁਦਰਤ ਦੇ ਨਿਯਮ ਅਟਲ ਹਨ। ਕਦੇ ਨਿਉਟਨ ਵਰਗੇ ਵਿਗਿਆਨੀ ਵੀ ਇਹ ਮੰਨਦੇ ਸਨ ਕਿ ਰੱਬ ਆਪਣੇ ਨਿਯਮ ਜਦੋ
ਚਾਹੇ ਬਦਲ ਸਕਦਾ ਹੈ। ਇਸੇ ਕਰਕੇ ਉਹ ਕਰਾਮਾਤਾਂ ਵਿੱਚ ਵੀ ਯਕੀਨ ਕਰਦਾ ਸੀ। ਪਰ ਹੁਣ ਵਿਗਿਆਨ ਜਗਤ
ਵਿਗਿਆਨਕ ਨਿਰਧਾਰਤਵਾਦ ( scientific
deternininsm) ਤੇ ਸਹਿਮਤ ਹੈ। ਸਟੀਵਨ ਹੌਕਿੰਗ
ਆਪਣੀ ਕਿਤਾਬ " The Grand Design"
ਵਿੱਚ ਇਸ ਵਿਸ਼ੇ ਤੇ ਵਿਸਥਾਰ ਸਹਿਤ ਚਰਚਾ ਕਰਦਾ
ਹੈ। (7) ਉਹਨਾਂ ਅਨੁਸਾਰ ਅਗਰ ਕੁਦਰਤ ਅਟੱਲ ਨਿਯਮਾਂ ਤਹਿਤ ਵਿਚਰ ਰਹੀ ਹੈ ਤਾਂ ਤਿੰਨ ਸਵਾਲ ਪੈਦਾ
ਹੁੰਦੇ ਨੇ: 1. ਇਹ ਨਿਯਮ ਕਿਥੋਂ ਆਏ? 2. ਕੀ ਇਹਨਾਂ ਨਿਯਮਾ ਵਿੱਚ ਕੋਈ ਢਿੱਲ ਸੰਭਵ ਹੈ ਭਾਵ
ਕਰਾਮਾਤ ਹੋ ਸਕਦੀ ਹੈ? 3. ਕੀ ਸਾਰੀ ਸ੍ਰਿਸ਼ਟੀ ਵਿੱਚ ਇਕੋ ਤਰ੍ਹਾਂ ਦੇ ਨਿਯਮ ਨੇ? ਇਥੇ ਸਟੀਵਨ
ਹੌਕਿੰਗ ਦੇ ਜਵਾਬਾਂ ਵਿੱਚ ਨਾ ਜਾਦਾ ਹੋਇਆ ਮੈ ਆਪਣੀ ਸਮਝ ਅਨੁਸਾਰ ਗੁਰਮਤਿ ਦੇ ਜਵਾਬ ਦੇ ਰਿਹਾਂ
ਹਾਂ। ਸਾਰੇ ਨਿਯਮ ਕਰਤਾਰ ਨੇ ਘੜੇ ਨੇ ਅਤੇ ਇਹਨਾ ਵਿੱਚ ਕੋਈ ਢਿਲ ਦੀ ਗੁੰਜਾਇਸ਼ ਨਹੀਂ ਹੈ ਅਤੇ ਇਹ
ਸਾਰੀ ਸ੍ਰਿਸ਼ਟੀ `ਚ ਇਕਸਾਰ ਲਾਗੂ ਨੇ। ਮੂਲ ਮੰਤਰ ਦਾ ਵੀ ਇਹੋ ਸਨੇਹਾ ਹੈ।
ਉੱਪਰ ਅਸੀਂ ੴ ਦੇ ਅਰਥ ਸਮਝਦਿਆਂ ਇਹ ਦੇਖਿਆ ਸੀ ਕਿ ਜਦੋਂ ਤਕ ਹਉਮੇ ਨਹੀਂ
ਜਾਂਦੀ ਉਦੋਂ ਤਕ ਰੱਬ ਨੂੰ ਇੱਕ ਮੰਨਣਾ ਮੁਮਕਿਨ ਨਹੀਂ ਹੈ। ਇਸੇ ਤਰਕ ਨੂੰ ਅਗੇ ਤੋਰਦਿਆ ਗੁਰੂ
ਸਾਹਿਬ ਕਹਿੰਦੇ ਨੇ ਕਿ ਜਿਸ ਸ਼ਖਸ਼ ਨੂੰ ਰੱਬ ਦਾ ਨਾਮ ਭਾਵ ਹੁਕਮ ਨਹੀ ਭਾਂਉਦਾ ਉਹ ਹਉਮੇ ਵਿੱਚ ਗ੍ਰਸ
ਜਾਂਦਾ ਹੈ:
"ਜਿਤੁ ਤਨਿ ਨਾਮੁ
ਨ ਭਾਵਈ ਤਿਤੁ ਤਨਿ ਹਉਮੈ ਵਾਦੁ॥" (ਪੰਨਾ 61)
ਬਲਕਿ ਇਥੋਂ ਤਕ ਕਹਿ ਦਿਤਾ ਗਿਆ ਹੈ ਕਿ ਨਾਮੁ ਅਤੇ ਹਉਮੇ ਇੱਕ ਜਗ੍ਹਾ ਇਕੱਠੇ ਰਹਿ ਹੀ ਨਹੀ ਸਕਦੇ।
"ਹਉਮੈ ਨਾਵੈ ਨਾਲਿ ਵਿਰੋਧੁ
ਹੈ ਦੁਇ ਨ ਵਸਹਿ ਇੱਕ ਠਾਇ॥" (ਪੰਨਾ 560)। ਗੁਰੂ
ਅਰਜਨ ਸਾਹਿਬ ਪੰਨਾ 1083 ਤੇ ਰੱਬ ਲਈ ਵਰਤੇ ਜਾਂਦੇ ਵੱਖ ਵੱਖ ਨਾਵਾਂ ਦਾ ਜ਼ਿਕਰ ਕਰਕੇ ਕਹਿੰਦੇ ਨੇ
ਕਿ "ਸਤਿ ਨਾਮੁ ਤੇਰਾ ਪਰਾ
ਪੂਰਬਲਾ"। ਇੱਥੇ ਉਹ ਇਹ ਨਹੀਂ ਕਹਿ ਰਹੇ ਕਿ ਬਾਕੀ
ਦੱਸੇ ਨਾਵਾਂ ਦੇ ਮੁਕਾਲਬਲਤਨ "ਸਤਿਨਾਮ" ਰੱਬ ਦਾ ਮੁਢ ਕਦੀਮੀ ਨਾਮ ਹੈ। ਬਲਕਿ ਗੁਰੂ ਸਾਹਿਬ ਇਹ ਕਹਿ
ਰਹੇ ਨੇ ਕਿ ਜਿਸ ਕਾਰਨ ਇਹ ਨਾਮ ਪਏ ਨੇ ਉਹ ਕਾਰਨ ਜਿਸ ਹੁਕਮ ਤਹਿਤ ਘਟਦਾ ਹੈ ਉਹ ਅਟੱਲ ਅਤੇ ਮੁਢ
ਕਦੀਮੀ ਹੈ। "ਸਤਿ ਨਾਮੁ" ਰੱਬ ਦਾ ਅਟੱਲ ਸਦਾ ਥਿਰ ਰਹਿਣ ਵਾਲਾ ਹੁਕਮ ਹੈ ਜੋ ਸਾਰੀ ਸ੍ਰਿਸ਼ਟੀ ਦੀ
ਕਾਰ ਚਲਾ ਰਿਹਾ ਹੈ।
ਹੁਣ ਜਦੋਂ ਅਸੀ ਨਾਮੁ ਦੇ ਇਹ ਗੁਰਬਾਣੀ ਅਧਾਰਤ ਅਰਥ ਸਮਝਦੇ ਹਾਂ ਤਾਂ ਸਾਨੂੰ
ਪਤਾ ਲਗਦਾ ਹੈ ਕਿ ਜੋ ਲੋਕ ਨਾਮ ਦਿੰਦੇ ਨੇ ਜਾਂ ਲੈਂਦੇ ਨੇ ਉਹ ਗੁਰੂ ਦੀ ਸਿਖਿਆ ਤੋਂ ਕੋਹਾਂ ਦੂਰ
ਹੀ ਨਹੀ ਬਲਕਿ ਉਲਟ ਨੇ ਬੇਸ਼ਕ ਉਹ ਇਹ ਸਭ ਗੁਰੂ ਦੇ ਨਾਂ ਤੇ ਹੀ ਕਰਦੇ ਨੇ। ਇਸੇ ਤਰ੍ਹਾਂ
ਗੁਰਦਵਾਰਿਆਂ ਵਿੱਚ ਇੱਕ ਸ਼ਬਦ ਦੇ ਰਟਨ ਨਾਲ ਹੁੰਦਾ ਨਾਮੁ ਸਿਮਰਨ ਵੀ ਗੁਰੂ ਦੀ ਸਿਖਿਆ ਦੀ ਘੋਰ
ਉਲੰਘਣਾ ਹੀ ਨਹੀ ਬਲਕਿ ਬੇਅਦਬੀ ਹੈ। ਸਿੱਖ ਸ਼ਰਧਾ ਦੀ ਗੋਲੀ ਨਾਲ ਸੰਮੋਹਿਤ ਹੋਏ ਇਹ ਸਭ ਖੁਸ਼ੀ ਖੁਸ਼ੀ
ਕਰ ਰਹੇ ਨੇ। ਉਹਨਾਂ ਨੂੰ ਕੋਈ ਸੁਰਤ ਨਹੀਂ ਉਹ ਕੀ ਖੌ ਰਹੇ ਨੇ ਕੀ ਪਾ ਰਹੇ ਨੇ।
ਕਰਤਾ ਪੁਰਖੁ
ਭਾਈ ਕਾਹਨ ਸਿੰਘ ਅਨੁਸਾਰ ਜਦੋਂ ਕੋਈ ਗੁਰੂ ਨਾਨਕ ਸਾਹਿਬ ਕੋਲ ਆਉਂਦਾ ਸੀ
ਤਾਂ ਉਹ ਉਸ ਨੂੰ "ਕਰਤਾਰ ਚਿੱਤ ਆਵੇ" ਕਹਿ ਕੇ ਆਸ਼ੀਰਵਾਦ ਦਿੰਦੇ ਸਨ। (8) ਸ਼ਾਇਦ ਇਸੇ ਕਰਕੇ ਸਿੱਖਾਂ
ਵਿੱਚ ਰੱਬ ਨੂੰ ਕਰਤਾਰ ਕਹਿਣ ਦਾ ਬਹੁਤ ਰਿਵਾਜ਼ ਸੀ ਜੋ ਹੁਣ ਘਟਦਾ ਘਟਦਾ ਨਾ ਮਾਤਰ ਹੀ ਰਹਿ ਗਿਆ ਹੈ।
ਰੱਬ ਨੂੰ ਕਰਤਾਰ ਕਹਿ ਕੇ ਯਾਦ ਕਰਨਾ ਬਹੁਤ ਹੀ ਸਾਰਥਕ ਅਤੇ ਲਾਹੇਵੰਦ ਹੈ। ਸਿੱਖਾਂ ਨੂੰ ਇਸ ਨੂੰ
ਤਿਆਗਣਾ ਨਹੀਂ ਚਾਹੀਦਾ। ਕਰਤਾ ਦਾ ਅਰਥ ਹੈ ਕਰਨ ਵਾਲਾ ਜਾਂ ਰਚਨ ਵਾਲਾ। ਸਭ ਕੁੱਝ ਕਰਤਾ ਆਪਣੇ ਹੁਕਮ
ਰਾਹੀਂ ਕਰ ਜਾਂ ਰਚ ਰਿਹਾ ਹੈ। ਮਾਲੀ ਦਾ ਸਿਰਫ ਨਾਮ ਹੈ ਫੁਲ ਨੂੰ ਅਸਲ ਵਿੱਚ ੳਗਾਉਣ ਤੇ ਖਿੜਾਉਣ
ਵਾਲਾ ਕਰਤਾਰ ਹੀ ਹੈ। ਦਰਅਸਲ ਇਸ ਦੁਨੀਆ ਵਿੱਚ ਅੱਜ ਤਕ ਕਦੇ ਵੀ ਕੋਈ ਵੀ ਕਾਢ ਨਹੀਂ ਹੋਈ ਤੇ ਨਾ ਹੀ
ਹੋਏਗੀ। ਜਿਸ ਨੂੰ ਅਸੀਂ ਕਾਢ ਕਹਿੰਦੇ ਹਾਂ ਉਹ ਵੀ ਕਰਤੇ ਦੇ ਕਿਸੇ ਗੁੱਝੇ ਭੇਤ ਦੀ ਖੋਜ਼ ਹੀ ਹੁੰਦੀ
ਹੈ। ਕਿਉਂਕਿ ਕਰਤਾਰ ਆਪਣੇ ਹੁਕਮ `ਚ ਸਭ ਕੁੱਝ ਪਹਿਲਾਂ ਹੀ ਸਿਰਜ ਚੁੱਕਾ ਹੈ ਜਾਂ ਸਿਰਜ ਰਿਹਾ ਹੈ।
ਜਪੁ ਵਿੱਚ ਫੁਰਮਾਨ ਹੈ
"ਆਸਣੁ
ਲੋਇ ਲੋਇ ਭੰਡਾਰ॥ ਜੋ ਕਿਛੁ ਪਇਆ ਸੁ ਏਕਾ ਵਾਰ॥ ਕਰਿ ਕਰਿ ਵੇਖੈ ਸਿਰਜਣਹਾਰੁ॥ ਨਾਨਕ ਸਚੇ ਕੀ ਸਾਚੀ
ਕਾਰ॥" ਪਰ ਉਸ ਦਾ ਹੁਕਮ ਬਿਆਨ ਨਹੀਂ ਕੀਤਾ ਜਾ
ਸਕਦਾ ਭਾਵ ਕੋਈ ਇਹ ਨਹੀਂ ਕਹਿ ਸਕਦਾ ਕਿ ਉਸਨੇ ਹੁਕਮ ਨੂੰ ਸੰਪੂਰਨ ਤੌਰ ਤੇ ਜਾਣ ਲਿਆ ਹੈ। ਜਪੁ
ਵਿੱਚ ਹੀ ਇੱਕ ਹੋਰ ਫੁਰਮਾਨ ਹੈ
"ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ
ਜਾਈ॥"
ਕਿਉਂਜੋ ਕਰਤਾਰ ਹੀ ਸਭ ਕੁੱਝ ਆਪਣੇ ਅਟੱਲ ਹੁਕਮ `ਚ ਕਰ ਰਿਹਾ ਹੈ ਇਸ ਕਰਕੇ
ਕਿਸੇ ਤਰ੍ਹਾਂ ਦੀ ਕਰਾਮਾਤ ਦੀ ਕੋਈ ਵੀ ਗੁੰਜਾਇਸ਼ ਨਹੀਂ ਰਹਿੰਦੀ। ਸੋ ਜੋ ਲੋਕ ਕਰਾਮਾਤ ਦਾ ਦਾਅਵਾ
ਜਾਂ ਪ੍ਰੋੜਤਾ ਕਰਦੇ ਨੇ ਉਹ ਗੁਰਮਤਿ ਦੇ ਇਸ ਮੁਢਲੇ ਸਿਧਾਂਤ ਦਾ ਖੰਡਨ ਕਰ ਰਹੇ ਨੇ। ਕਰਾਮਾਤ ਦਾ
ਸਿੱਧਾ ਮਤਲਬ ਹੁਕਮ ਵਿੱਚ ਦਖਲ ਅੰਦਾਜ਼ੀ ਹੈ। ਜਦੋਂ ਅਸੀਂ ਇਹ ਦਖਲ ਅੰਦਾਜ਼ੀ ਕਬੂਲ ਕਰ ਲੈਂਦੇ ਹਾਂ
ਫਿਰ ਸਾਡੇ ਮਨਾਂ ਵਿੱਚ ਰੱਬ ਨਾਲੋਂ ਵੀ ਵੱਧ ਕਰਾਮਾਤ ਕਰਨੇ ਵਾਲੇ ਜਾਂ ਕਰਾਮਾਤ ਦਾ ਦਾਅਵਾ ਕਰਨੇ
ਵਾਲੇ ਦਾ ਡਰ ਘਰ ਕਰ ਜਾਂਦਾ ਹੈ। ਉਹ ਕਹਾਵਤ ਵਿਚਲਾ ਘਸੁੰਨ ਬਣ ਜਾਂਦੇ ਨੇ ਜੋ ਰੱਬ ਨਾਲੋਂ ਨੇੜ੍ਹੇ
ਨਜ਼ਰ ਆਉਂਦਾ ਹੈ। ਜਦ ਕਿ ਗੁਰੂ ਸਾਹਿਬ ਕੂਕ ਪੁਕਾਰ ਕੇ ਕਹਿ ਰਹੇ ਨੇ ਕਿ ਇੱਕੋ ਇੱਕ ਕਰਤਾ ਰੱਬ ਹੈ
ੳਸਦਾ ਹੀ ਹੁਕਮ ਚਲਦਾ ਹੈ ਇਸ ਕਰਕੇ ਉਸ ਨੂੰ ਹੀ ਚਿਤ ਵਿੱਚ ਰੱਖ ਹੋਰ ਸਾਰੇ ਡਰ ਭੈ ਦੂਰ ਕਰ ਦੇ।
ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ॥ ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ
ਚਿਤ ਧਰਿ॥
ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ॥ ਹਰਿ ਤਿਸੈ ਨੋ
ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ॥
ਹਰਿ ਜਿਸੁ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ॥ 1॥ ਪੰਨਾ 83
ਗੁਰਬਾਣੀ ਵਿੱਚ ਰੱਬ ਨੂੰ "ਆਦਿ ਪੁਰਖੁ", "ਅਬਿਨਾਸੀ ਪੁਰਖੁ", "ਪੁਰਖੂ
ਨਿਰੰਜਨੁ", "ਏਕੋ ਪੁਰਖੁ"," ਸਤਿਗੁਰੁ ਪੁਰਖੁ" ਅਤੇ ਕਈ ਹੋਰ "ਪੁਰਖੁ" ਲਫ਼ਜ਼ ਨਾਲ ਜੋੜ ਕੇ ਬਣਾਏ
ਵਿਸ਼ੇਸ਼ਣਾ ਨਾਲ ਪੁਕਰਿਆ ਗਿਆ ਹੈ। ਸਿਖਾਂ ਵਿੱਚ ਵੀ ਰੱਬ ਦਾ ਨਾਮ "ਅਕਾਲ ਪੁਰਖ" ਬਹੁਤ ਹੀ ਮਕਬੂਲ
ਹੈ। ਭਾਈ ਕਾਹਨ ਸਿੰਘ "ਪੁਰਖੁ" ਦਾ ਅਰਥ ਪੂਰਣਰੂਪ ਕਰਤਾਰ ਜਾਂ ਸਰਬਵਯਾਪੀ ਪਾਰਬ੍ਰਹਮ ਕਰਦੇ ਨੇ।
ਪ੍ਰੋ: ਸਾਹਿਬ ਸਿੰਘ ਇਸ ਦਾ ਅਰਥ "ਓਹੁ ਓਅੰਕਾਰ ਜੋ ਸਾਰੇ ਜਗਤ ਵਿੱਚ ਵਿਆਪਕ ਹੈ, ਓੁਹ ਆਤਮਾ ਜੋ
ਸਾਰੀ ਸ੍ਰਿਸ਼ਟੀ ਵਿੱਚ ਰਮ ਰਿਹਾ ਹੈ" ਕਰਦੇ ਨੇ। ਰੱਬ ਨੂੰ ਕਰਤਾ ਦੇ ਨਾਲ ਹੀ ਪੁਰਖੁ ਕਹਿਣਾ ਬਹੁਤ
ਹੀ ਅਰਥ ਭਰਪੂਰ ਹੈ। ਲਫ਼ਜ਼ ਪੁਰਖੂ ਸਾਨੂੰ ਲਫ਼ਜ਼ ਕਰਤਾ ਦੇ ਸਹੀ ਅਰਥਾਂ ਵਲ ਮੋੜਦਾ ਹੈ। ਅਗਰ ਪੁਰਖੁ
ਲਫ਼ਜ਼ ਨ ਹੁੰਦਾ ਤਾਂ ਸ਼ਇਦ ਅਸੀ ਕਰਤਾ ਨੂੰ ਉਸਦੀ ਰਚਨਾ ਤੋਂ ਅਲਗ ਕਿਆਸਣ ਲਗ ਜਾਂਦੇ। ਪਰ ਗੁਰੂ ਨਾਨਕ
ਸਾਹਿਬ ਦਾ ਰੱਬ
"ਕੁਦਰਤਿ ਕਰਿ
ਕੈ ਵਸਿਆ ਸੋਇ" ਹੈ। ਇਸੇ ਕਰਕੇ ਗੁਰੂ ਗ੍ਰੰਥ
ਸਾਹਿਬ ਵਿੱਚ ਵਾਰ ਵਾਰ ਇਹ ਕਿਹਾ ਗਿਆ ਹੈ ਇਹ ਸਾਰੀ ਕਾਇਨਾਤ ਰੱਬ ਨਾਲ ਭਰੀ ਪਈ ਹੈ।
"ਤੂ ਭਰਪੂਰਿ ਜਾਨਿਆ ਮੈ ਦੂਰਿ॥" ਪੰਨਾ
25 "ਥਾਨ ਥਨੰਤਰਿ ਰਵਿ ਰਹਿਆ ਪ੍ਰਭ ਮੇਰਾ ਭਰਪੂਰਿ"॥
ਪੰਨਾ 48. ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਬਹੁਤ
ਹੀ ਸਪਸ਼ਟ ਕਰ ਦਿੰਦੇ ਨੇ
"ਆਪੀਨੈ ਆਪੁ ਸਾਜਿਓ ਆਪੀਨੈ ਰਚਿਆ ਨਾਓੁ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥"
ਸ਼ੋ ਗੁਰਬਾਣੀ ਅਨੁਸਾਰ ਰੱਬ ਕਿਸੇ ਸੱਤਵੇਂ ਅਸਮਾਨ ਤੇ ਨਹੀ ਬੈਠਾ। ਨਾ ਹੀ
ਕਿਸੇ ਸਵਰਗ ਵਿੱਚ ਵਿਰਾਜਮਾਨ ਹੈ। ਨਾ ਹੀ ਇਹ ਸ੍ਰਿਸ਼ਟੀ ਨੂੰ ਸਾਜ ਆਪਣੀ ਅਰਾਮਗਾਹ ਵਿੱਚ ਵਿਸ਼ਰਾਮ ਕਰ
ਰਿਹਾ ਹੈ। ਨ ਹੀ ਕਿਸੇ ਹੋਰ ਜਗ੍ਹਾ ਬੈਠ ਸਭ ਦੇ ਚੰਗੇ ਮੰਦੇ ਕੰਮ ਵਾਚ ਰਿਹਾ ਹੈ। ਗੁਰਬਾਣੀ ਅਨੁਸਾਰ
ਰੱਬ ਤੋਂ ਬਿਨਾ ਹੋਰ ਕੁੱਝ ਵੀ ਨਹੀਂ ਹੈ। ਅਸੀਂ ਆਪਣੀ ਹਉਮੇ ਅੰਦਰ ਆਪਣੇ ਆਪ ਨੂੰ ਰੱਬ ਤੋਂ ਅੱਡ
ਦੇਖਣ ਲਗ ਜਾਂਦੇ ਹਾਂ। ਪਰ ਇਹ ਵੀ ਉਸ ਦੀ ਹੀ ਖੇਡ ਹੈ।
ਨਿਰਭਉ ਨਿਰਵੈਰੁ
ਧਾਰਮਿਕ ਦੁਨੀਆਂ ਵਿੱਚ ਰੱਬ ਦੇ ਕਈ ਗੁਣ ਜਾਂ ਲੱਖਣ ਦੱਸੇ ਜਾਂਦੇ ਨੇ। ਕੋਈ
ਰੱਬ ਨੂੰ ਸਰਬ ਸ਼ਕਤੀਮਾਨ, ਕੋਈ ਸਰਬ ਵਿਆਪਕ ਅਤੇ ਕੋਈ ਸਰਬੱਗ ਕਹਿੰਦਾ ਹੈ। ਗੁਰਬਾਣੀ ਵਿੱਚ ਵੀ ਰੱਬ
ਨੂੰ ਅਗਮ, ਅਗਾਧ, ਸ਼ਮਰੱਥ, ਦਿਆਲੂ, ਨਿਰਮਲ, ਪ੍ਰਤੀਪਾਲਕ ਆਦਿ ਅਨੇਕਾ ਹੋਰ ਵਿਸ਼ੇਸ਼ਣਾ ਨਾਲ ਸੰਬੋਧਨ
ਕੀਤਾ ਗਿਆ ਹੈ। ਪਰ ਇਥੇ ਸਿਰਫ ਨਿਰਭਉ ਤੇ ਨਿਰਵੈਰ ਹੀ ਕਿਹਾ ਗਿਆ ਹੈ। ਇਹ ਗੱਲ ਸਾਡਾ ਵਿਸ਼ੇਸ਼ ਧਿਆਨ
ਮੰਗਦੀ ਹੈ। ਕਿਉਂਜੋ ਇੱਥੇ ਅਕਾਲ ਪੁਰਖ ਦੇ ਇੱਕ ਤੋਂ ਅਨੇਕ ਹੋਣ ਦੀ ਪ੍ਰਕ੍ਰਿਆ ਜਾਂ ਸੂਖਮ ਤੋਂ
ਅਸਥੂਲ ਹੋਣ ਦੀ ਕਹਾਣੀ ਬਿਆਨ ਕਰਕੇ ਉਸ ਦੀ ਸੋਝੀ ਕਰਵਾਈ ਜਾ ਰਹੀ ਹੈ ਇਸ ਲਈ ਇਸ ਪ੍ਰਕ੍ਰਿਆ ਨਾਲ
ਢੁਕਦੇ ਗੁਣ ਹੀ ਦੱਸੇ ਗਏ ਨੇ। ਬੈਸੇ ਵੀ ਇਹ ਦੋ ਗੁਣ ਇੱਕ ਤਰ੍ਹਾਂ ਨਾਲ ਮੌਲਿਕ ਨੇ। ਨਿਰਭੈ ਤੇ
ਨਿਰਵੈਰ ਹੋਣ ਬਿਨਾ ਸਰਬ ਸਕਤੀਮਾਨ ਜਾਂ ਸਰਬੱਗ ਰੱਬੀ ਗੁਣ ਹੀ ਨਹੀਂ ਰਹਿੰਦੇ। ਇਨ੍ਹਾਂ ਦੋਨਾਂ ਗੁਣਾ
ਦਾ ਆਪਸ ਵਿੱਚ ਵੀ ਬਹੁਤ ਗਹਿਰਾ ਸਬੰਧ ਹੈ। ਜਦੋਂ ਤਕ ਨਿਰਭਉ ਨਹੀਂ ਉਦੋਂ ਤਕ ਨਿਰਵੈਰ ਨਹੀਂ ਹੋ
ਸਕਦਾ। ਨਿਰਭਉ ਅਗਰ ਨਿਰਵੈਰ ਨਾ ਹੋਵੇ ਤਾਂ ਨਿਰਭਉ ਹੋਣਾ ਨਿਰਾਰਥਕ ਹੈ।
ਦਰਅਸਲ ਦੁਨੀਆਂ ਅੰਦਰ ਦੋ ਤਰ੍ਹਾਂ ਦੇ ਭੈ ਨੇ। ਇੱਕ ਉਹ ਭੈ ਜਿਸ ਅੰਦਰ ਸਾਰੀ
ਸ੍ਰਿਸ਼ਟੀ ਚਲ ਰਹੀ ਹੈ। ਗੁਰੂ ਨਾਨਕ ਸਾਹਿਬ ਦੇ ਬੋਲ ਨੇ:
ਸਲੋਕ ਮਃ ੧॥ ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰੀਆਉ॥ ਭੈ
ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ॥ ਭੈ ਵਿਚਿ
ਰਾਜਾ ਧਰਮ ਦੁਆਰੁ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ॥ ਭੈ ਵਿਚਿ ਸਿਧ
ਬੁਧ ਸੁਰ ਨਾਥ॥ ਭੈ ਵਿਚਿ ਆਡਾਣੇ ਆਕਾਸ॥ ਭੈ ਵਿਚਿ ਜੋਧ ਮਹਾਬਲ ਸੂਰ॥ ਭੈ ਵਿਚਿ ਆਵਹਿ ਜਾਵਹਿ ਪੂਰ॥
ਸਗਲਿਆ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ॥ ੧॥ ਪੰਨਾ 464
ਇਹ ਭੈ ਕਰਤਾਰ ਦਾ ਹੁਕਮ ਹੈ। ਦੂਜਾ ਭੈ ਦੁਨੀਆ `ਚ ਵਰਤ ਰਹੀ ਮਾਇਆ ਦੀ ਖੇਡ
ਹੈ ਜਿਸ ਅੰਦਰ ਲੋਕ ਆਪਣੀ ਜਾਨ ਦੇ ਨੁਕਸਾਨ ਤੋਂ ਜਾਂ ਕੁੱਝ ਖੁਸ ਜਾਣ ਤੋਂ ਥਰ ਥਰ ਕੰਬਦੇ ਨੇ।
ਪਹਿਲਾ ਭੈ ਜਰੂਰੀ ਹੈ ਦੁਜਾ ਭੈ ਛਲਾਵਾ ਹੈ। ਅਗਰ ਪਹਿਲੇ ਭੈ ਨੂੰ ਸਮਝ ਕੇ ਅਪਣਾ ਲਿਆ ਤਾਂ ਦੂਜਾ ਭੈ
ਆਪਣੇ ਆਪ ਖਤਮ ਹੋ ਜਾਂਦਾ ਹੈ। ਜਿਉਂ ਜਿਉਂ ਪਹਿਲੇ ਭੈ ਜਾਂ ਹੁਕਮ (ਨਾਮੁ) ਵਿੱਚ ਰਹਿਣ ਦੀ ਸੋਝੀ
ਅਤੇ ਸ਼ਕਤੀ ਆਉਂਦੀ ਹੈ ਦੂਜਾ ਭੈ ਦੂਰ ਹੁੰਦਾ ਜਾਂਦਾ ਹੈ। ਗੁਰਬਾਣੀ ਦੇ ਫੁਰਮਾਨ ਹਨ
"ਜਿਨ ਨਿਰਭਉ ਨਾਮੁ ਧਿਆਇਆ ਤਿਨੁ ਕਉ
ਭਉ ਕੋਇ ਨਾਹਿ॥" ਪੰਨਾ 310 ਅਤੇ "ਇਹੁ ਮਨੁ ਨਿਰਭਉ ਗੁਰਮੁਖਿ ਨਾਮਿ॥" (ਪਨਾ 415)।
ਗੁਰੂ ਨਾਨਕ ਸਾਹਿਬ ਦੇ ਹੇਠਾਂ ਦਿਤੇ ਬਚਨ ਸਾਰੀ ਗਲ ਨੂੰ
ਸਪਸ਼ਟ ਕਰ ਦਿੰਦੇ ਨੇ:
ਡਰਿ ਘਰੁ, ਘਰਿ ਡਰੁ, ਡਰਿ ਡਰੁ ਜਾਇ॥ ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ॥
ਤੁਝ ਬਿਨੁ ਦੁਜੀ ਨਾਹੀ ਜਾਇ॥ ਜੋ ਕਿਛੁ ਵਰਤੈ ਸਭ ਤੇਰੀ ਰਜਾਇ॥ 1॥
ਡਰੀਐ ਜੇ ਡਰ ਹੋਵੈ ਹੋਰੁ॥ ਡਰਿ ਡਰਿ ਡਰਨਾ ਮਨ ਕਾ ਸੋਰੁ॥ ਰਹਾਉ॥ ਪੰਨਾ 151
ਜਦੋਂ ਕਰਤਾਰ ਦੇ ਹੁਕਮ ਦਾ ਭੈ ਹਿਰਦੇ ਵਿੱਚ ਵਸਾ ਲਈਏ ਤਾਂ ਦੂਜੇ ਡਰ ਦੂਰ
ਹੋ ਜਾਂਦੇ ਨੇ। ਜਦੋਂ ਤਕ ਇਹ ਸਮਝ ਨਹੀ ਪੈਦੀ ਕਿ ਕਰਤਾਰ ਬਿਨਾ ਹੋਰ ਕੋਈ ਨਹੀਂ ਹੈ ਅਤੇ ਸਭ ਕੁੱਝ
ਉਸਦੇ ਹੁਕਮ ਵਿੱਚ ਹੋ ਰਿਹਾ ਹੈ। ਉਦੋਂ ਤੱਕ ਦੁਨੀਆ ਦਾ ਡਰ ਲਗਦਾ ਹੈ। ਇਹ ਡਰ ਤਾਂਹੀ ਲਗਦਾ ਹੈ ਅਗਰ
ਕਰਤਾਰ ਤੋਂ ਬਿਨਾ ਕੋਈ ਹੋਰ ਡਰ ਹੈ। ਫਿਰ ਸਾਡਾ ਮਨ ਸਹਿਮ ਦੀ ਗ੍ਰਿਫਤ ਵਿੱਚ ਆ ਜਾਂਦਾ ਹੈ। ਸਿੱਖ
ਇਤਿਹਾਸ ਵਿੱਚ ਬੇਸ਼ੁਮਾਰ ਨਿਡਰ ਸੂਰਮੇ ਪੈਦਾ ਹੋਣ ਦੀ ਬੁਨਿਆਦ ਇਸ ਸਿਖਿਆ ਤੋਂ ਬੱਝੀ।
ਸੋ
"ਆਪਿ ਇਕੰਤੀ ਆਪਿ ਪਸਾਰਾ" (ਪੰਨਾ 108) ਅਨੁਸਾਰ
ਕਰਤਾਰ ਇਸ ਸ੍ਰਿਸ਼ਟੀ ਦਾ ਪਸਾਰ ਬਿਨਾ ਕਿਸੇ ਭੈ ਅਤੇ ਵੈਰ ਵਿਰੋਧ ਦੇ ਕਰ ਰਿਹਾ ਹੈ। ਇਹ ਪਸਾਰਾ ਉਸ
ਦੇ ਅਟੱਲ ਹੁਕਮ ਵਿੱਚ ਹੋ ਰਿਹਾ ਹੈ। ਉਸ ਦਾ ਅਟੱਲ ਹੁਕਮ ਹਰ ਇੱਕ ਤੇ ਅਤੇ ਹਰ ਜਗ੍ਹਾ ਤੇ ਇੱਕ ਸਮਾਨ
ਲਾਗੂ ਹੋ ਰਿਹਾ ਹੈ। ਸੂਰਜ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਨ ਹੀ ਪਾਣੀ ਜਾਂ ਅੱਗ ਆਪਣਾ ਸੁਭਾਉ ਬਦਲ
ਕਿਸੇ ਦੀ ਮਦਦ ਕਰਦੇ ਨੇ। ਅਸੀਂ ਜੋ ਵੀ ਕੁਦਰਤ ਨਾਲ ਕਰਦੇ ਹਾਂ ਕੁਦਰਤ ਉਸ ਦਾ ਹਰ ਕਿਸੇ ਨੂੰ ਇੱਕ
ਸਮਾਨ ਉੱਤਰ ਦਿੰਦੀ ਹੈ। ਹਵਾ ਦਾ ਵੇਗ ਕਿਸੇ ਏ ਕਹਿਣ ਤੇ ਨਾ ਤੇਜ਼ ਹੁੰਦਾ ਹੈ ਨਾ ਹੀ ਰੁਕਦਾ ਹੈ।
ਰੌਸਨੀ ਇੱਕ ਖਾਸ ਗਤੀ ਨਾਲ਼ ਜੁਗਾਂ ਜੁਗੰਤਰਾਂ ਤੋਂ ਚਲ ਰਹੀ ਹੈ।
ਅਕਾਲ ਮੂਰਤਿ
ਐਲਬ੍ਰਟ ਆਈਨਸਟਾਈਨ (
Albert
Einstein) ਦੀ ਜੁੜਵੇਂ ਬੱਚਿਆ ਦੀ ਇੱਕ ਮਸ਼ਹੂਰ
ਵਿਰੋਧਾਭਾਸ ( Twin
Paradox )
ਹੈ। ਅਗਰ ਦੋ ਜੁੜਵਾਂ ਬੱਚਿਆਂ ਚੋਂ ਇੱਕ ਇਸ ਧਰਤੀ ਤੇ ਠਹਿਰਦੀ ਹੈ ਅਤੇ ਦੂਜੀ ਇੱਕ ਅਤੀ ਤੇਜ਼ ਰਾਕਟ
ਵਿੱਚ ਬ੍ਰਹਿਮੰਡ ਦੀ ਸੈਰ ਕਰਨ ਚਲੀ ਜਾਂਦੀ ਹੈ। ਜਦੋਂ ਉਹ ਸੈਰ ਕਰ ਕੇ ਵਾਪਸ ਪਰਤੇਗੀ ਤਾਂ ਉਸ ਦੀ
ੳਮਰ ਧਰਤੀ ਤੇ ਠਹਿਰੀ ਜੁੜਵੀਂ ਭੈਣ ਨਾਲੋ ਘੱਟ ਹੋਏਗੀ। ਇਸ ਨੂੰ ਵਿਗਿਆਨੀ ਪ੍ਰਯੋਗ ਰਾਹੀਂ ਸੱਚ
ਸਾਬਤ ਕਰ ਚੁੱਕੇ ਨੇ। ਉਹਨਾ ਇੱਕ ਭਾਰ ਰਹਿਤ ਕਣ ( Particle )
ਨਾਲ ਇਹ ਤਜ਼ਰਬਾ ਕਰਕੇ ਸਿੱਧ ਕੀਤਾ ਕਿ ਜਦੋਂ ਕਣ ਲਗਭਗ ਰੌਸ਼ਨੀ ਦੀ ਗਤੀ ਨਾਲ ਚਲਦਾ ਹੈ ਤਾਂ ਉਸਦੀ
ਅੰਦਰਲੀ ਪਰਪਾਣੁ ਘੜੀ ( Atomic Clock )
ਸੁਸਤ ਰਫਤਾਰ ਨਾਲ ਚਲਣ ਲਗ ਜਾਂਦੀ ਹੈ। ਆਈਨਸਟਾਈਨ ਨੇ ਇਹ ਸਿੱਧ ਕੀਤਾ ਕਿ ਸਮਾਂ ਸਭ ਲਈ ਇਕਸਾਰ
ਨਹੀਂ ਚਲਦਾ ਬਲਕਿ ਸਮਾਂ ਤੁਹਾਡੀ ਗਤੀ ਤੇ ਨਿਰਭਰ ਹੈ। ਇਸ ਬ੍ਰਹਿਮੰਡ ਦੀ ਗਤੀ ਰੋਸ਼ਨੀ ਦੀ ਗਤੀ ਤੋਂ
ਕਦੀ ਵੀ ਨਹੀਂ ਵਧ ਸਕਦੀ। ਇਸ ਲਈ ਸਾਰਾ ਬ੍ਰਹਿਮੰਡ ਸਮੇ ਦੇ ਬੰਧਨ ਵਿੱਚ ਬੱਜਾ ਹੋਇਆ ਹੈ। ਸਮਾਂ
ਰੌਸ਼ਨੀ ਦੀ ਗਤੀ ਤੇ ਨਿਰਭਰ ਕਰਦਾ ਹੈ। ਜਿਉਂ ਜਿਉਂ ਗਤੀ ਵਧਦੀ ਹੈ ਸਮਾ ਪਤਲਾ ਪੈਂਦਾ ਜਾਂਦਾ ਹੈ।
ਵਿਗਿਆਨੀ ਇਸ ਨੁੰ Time Dilation
ਦਾ ਨਾਮ ਦਿੰਦੇ ਨੇ। ਪਰ ਰੋਸ਼ਨੀ ਦੀ ਗਤੀ ਖੁਦ ਕਰਤਾਰ ਦੇ ਹੁਕਮ ਅੰਦਰ ਕੰਮ ਕਰ ਰਹੀ ਹੈ। ਇਹ ਕਰਤਾਰ
ਦਾ ਹੀ ਹੁਕਮ ਹੈ ਕਿ ਖਲਾਅ ਵਿੱਚ ਇਸ ਦੀ ਗਤੀ ਹਮੇਸ਼ਾਂ ਇਕਸਾਰ ਰਹਿੰਦੀ ਹੈ। ਕਿਉਂਕਿ ਸਿਰਫ ਕਰਤਾਰ
ਹੀ ਹੁਕਮ ਤੋਂ ਬਾਹਰ ਹੈ ਇਸ ਲਈ ਉਹ ਇਸ ਸਮੇਂ ਦੇ ਬੰਧਨ ਤੋਂ ਵੀ ਬਾਹਰ ਹੈ। ਕਾਲ ਦਾ ਅਰਥ ਸਮਾਂ ਹੈ
ਸੋ ਕਰਤਾਰ ਅਕਾਲ ਹੈ।
ਪ੍ਰੋ: ਸਾਹਿਬ ਸਿੰਘ ਮੂਰਤਿ ਦਾ ਅਰਥ ਸਰੂਪ ਕਰਦੇ ਨੇ ਜੋ ਠੀਕ ਨਹੀਂ ਜਾਪਦਾ।
(9) ਭਾਈ ਕਾਹਨ ਸਿੰਘ ਮੂਰਤਿ ਦੇ ਮਹਾਂਨ ਕੋਸ਼ ਵਿੱਚ ਕਈ ਅਰਥ ਕਰਦੇ ਨੇ ਮਸਲਨ ਦੇਹ, ਅਕਾਰ, ਤਸਵੀਰ,
ਕਠੋਰਤਾ, ਮਿਸਾਲ, ਹਸਤੀ ਹੋਂਦ ਭਾਵ ਸ਼ੱਤਾ। ਇੱਥੇ ਇਸ ਦਾ ਅਰਥ ਸੱਤਾ ਹੀ ਢੁਕਦਾ ਹੈ। ਅਕਾਲ ਮੂਰਤਿ
ਉਹ ਹਸਤੀ ਭਾਵ ਸੱਤਾ ਹੈ ਜੋ ਸਮੇਂ ਦੇ ਬੰਧਨ ਤੋਂ ਰਹਿਤ ਹੈ। ਕਬੀਰ ਸਾਹਿਬ ਵੀ ਹੇਠਾਂ ਦਿੱਤੀ ਤੁਕ
ਵਿੱਚ ਮੂਰਤਿ ਨੂੰ ਸੱਤਾ ਦੇ ਅਰਥਾਂ ਵਿੱਚ ਵਰਤ ਰਹੇ ਨੇ:
ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ॥ ਕਹੁ ਕਬੀਰ ਸਾਧੂ ਕੋ
ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ॥ ਪੰਨਾ 1252
ਇੱਥੇ ਇੱਕ ਗਲ ਨੋਟ ਕਰਨ ਵਾਲੀ ਇਹ ਹੈ ਕਿ ਧਰਮ ਦੀ ਦੁਨੀਆਂ ਵਿੱਚ ਰੱਬ ਨੂੰ
ਅਮਰ ਤਾਂ ਬਹੁਤ ਜਾਣਿਆਂ ਨੇ ਕਿਹਾ ਹੈ ਪਰ ਰੱਬ ਨੂੰ ਵਿਗਿਆਨੀਆ ਦੀ ਤਰ੍ਹਾਂ ਅਕਾਲ ਕਹਿ ਕਿ ਸੰਬੋਧਨ
ਸਿਰਫ ਗੁਰੂ ਨਾਨਕ ਨੇ ਕੀਤਾ ਹੈ। ਕਈ ਸਾਕਤ ਮਤੀਏ ਤਾਂ ਰੱਬ ਨੂੰ ਕਾਲ ਕਹਿ ਕੇ ਵੀ ਪੂਜਦੇ ਨੇ। ਇਹ
ਪੂਜਾ ਉਹਨਾਂ ਦੇ ਸਰੀਰਕ ਮੌਤ ਦੇ ਸਹਿਮ ਵਿੱਚੋਂ ਉਪਜੀ ਹੈ। ਸਿਖੀ ਸਰੀਰਕ ਮੌਤ ਦੇ ਸਹਿਮ ਨੂੰ ਦੂਰ
ਕਰਦੀ ਹੈ। ਇਸ ਦੀ ਗਵਾਹੀ ਸਿਖੀ ਦਾ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਹੈ।
ਅਜੂਨੀ
ਹਰ ਪਲ ਕੁੱਝ ਟੁਟ ਰਿਹਾ ਹੈ, ਭਜ ਰਿਹਾ ਹੈ, ਜੁੜ ਰਿਹਾ ਹੈ, ਬਣ ਰਿਹਾ ਹੈ।
ਸਾਰੀ ਸ੍ਰਿਸ਼ਟੀ ਦਾ ਜਨਮ ਮਰਨ ਕਰਤਾਰ ਦੇ ਹੁਕਮ ਤਹਿਤ ਹੋ ਰਿਹਾ ਹੈ। ਪਰ ਇੱਕ ਤਰ੍ਹਾਂ ਨਾਲ ਦੇਖੋ
ਤਾਂ ਕੋਈ ਜਨਮ ਮਰਨ ਨਹੀਂ ਵੀ ਹੋ ਰਿਹਾ। ਸਿਰਫ ਤੱਤ ਤੱਤ `ਚ ਮਿਲ ਰਹੇ ਨੇ। ਇਹ ਜਨਮ ਮਰਨ ਤਾਂ ਹੀ
ਹੈ ਅਗਰ ਅਸੀ ਆਪਣੇ ਨਜ਼ਰੀਏ ਤੋਂ ਦੇਖਦੇ ਹਾਂ। ਸ੍ਰਿਸ਼ਟੀ ਦੇ ਨਜ਼ਰੀਏ ਤੋਂ ਕੋਈ ਮੌਤ ਜਾਂ ਜਨਮ ਨਹੀਂ
ਹੋ ਰਿਹਾ। ਸ੍ਰਿਸਟੀ ਨ ਵਧਦੀ ਹੈ ਨ ਘਟਦੀ ਹੈ। ਇਸੇ ਕਰਕੇ ਗੁਰਬਾਣੀ ਕਹਿੰਦੀ ਹੈ ਕਿ
"ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ
ਕੀ ਦੁਹਾਈ" ਪੰਨਾ 695. ਗੁਰੂ ਅਰਜਨ ਸਾਹਿਬ ਬਹੁਤ
ਹੀ ਸਪਸ਼ਟ ਕਰ ਦਿੰਦੇ ਨੇ:
ਇਹੁ ਤਉ ਰਚਨੁ ਰਚਿਆ ਕਰਤਾਰ॥ ਆਵਤ ਜਾਵਤ ਹੁਕਮਿ ਅਪਾਰਿ॥
ਨਹ ਕੋ ਮੂਆ ਨ ਮਰਣੈ ਜੋਗ॥ ਨਹ ਬਿਨਸੈ ਅਬਿਨਾਸੀ ਹੋਗ॥ ਪੰਨਾ 885
ਇਸੇ ਕਰਕੇ ਕਰਤਾਰ ਅਜੂਨੀ ਹੈ। ਪਰ ਧਰਮ ਦੀ ਦੁਨੀਆ ਵਿੱਚ ਰਬ ਨੂੰ ਕਿਸੇ
ਕਿਸੇ ਨਾ ਕਿਸੇ ਜੂਨ ਵਿੱਚ ਆਉਂਦਾ ਦੱਸ ਪੂਜਾ ਕੀਤੀ ਜਾਂਦੀ ਹੈ। ਗੁਰਮਤਿ ਇਸ ਗਲ ਦਾ ਖੰਡਨ ਕਰਦੀ
ਹੈ। ਕਿਉਂਕਿ ਕਰਤਾਰ ਆਪਣੀ ਰਚਨਾ ਵਿੱਚ ਰਚਿਆ ਹੋਇਆ ਇਸ ਕਰਕੇ ਉਸ ਦਾ ਜਨਮ ਜਾ ਮਰਨ ਦਾ ਸਵਾਲ ਹੀ
ਨਹੀਂ ਉੱਠਦਾ। ਜਨਮ ਦਾ ਸਵਾਲ ਤਾਂ ਹੀ ਪੈਦਾ ਹੁੰਦਾ ਹੈ ਅਗਰ ਮੌਤ ਹੋਵੇ, ਮੌਤ ਦਾ ਸਵਾਲ ਤਾਂ ਹੀ
ਪੈਦਾ ਹੁੰਦਾ ਹੈ ਅਗਰ ਜਨਮ ਹੋਵੇ। ਕਰਤਾਰ ਦੋਹਾਂ ਗੱਲਾਂ ਤੋਂ ਮੁਕਤ ਹੈ ਕਿਉਂਕਿ ਉਹ ਰਮਿਆ ਹੋਇਆ
ਹੈ, ਰਚਿਆ ਹੋਇਆ ਹੈ, ਭਰਪੂਰ ਹੈ। ਮੌਤ ਅਤੇ ਜਨਮ ਉਹਦੇ ਹੁਕਮ ਜਾਂ ਨਾਮ ਨੂੰ ਸੰਚਾਲਨ ਦੇ ਸਾਧਨ ਹਨ।
ਭਾਵ ਉਸ ਦੇ ਅਪਾਰ ਅਗਾਹ ਹੁਕਮ ਦਾ ਇੱਕ ਛੋਟਾ ਜਿਹਾ ਨਿਯਮ ਨੇ। ਬਾਕੀ ਸਭ ਕੁੱਝ ਹੁਕਮ ਅੰਦਰ ਹੈ।
ਸਿਰਫ ਕਰਤਾਰ ਹੀ ਹੁਕਮ ਤੋਂ ਬਾਹਰਾ ਹੈ। ਇਸੇ ਕਰਕੇ ਗੁਰੂ ਅਰਜਨ ਸਾਹਿਬ ਬੜੀ ਸਖਤੀ ਨਾਲ ਤਾੜਨਾ
ਕਰਦੇ ਨੇ:
"ਸੋ ਮੁਖੁ ਜਲਉ
ਜਿਤੁ ਕਹਿਹਿ ਠਾਕੁਰੁ ਜੋਨੀ॥" ਏਨੀ ਸਖਤ ਤਾੜਨਾ
ਦੇ ਬਾਵਜ਼ੁਦ ਵੀ ਬਹੁਤੇ ਸਿੱਖ ਗੁਰੂ ਸਹਿਬਾਨ ਨੂੰ ਰੱਬ ਦਾ ਅਵਤਾਰ ਕਹਿੰਦੇ ਨੇ। ਇਹ ਬੇਸਮਝੀ ਹੀ
ਨਹੀਂ ਬਲਕਿ ਘੋਰ ਅਵੱਗਿਆ ਹੈ।
ਸੈਭੰ
ਕਰਤਾਰ ਨੂੰ ਅਜੂਨੀ ਦੇ ਨਾਲ ਹੀ "ਸੈਭੰ" ਵੀ ਕਹਿ ਦਿਤਾ ਤਾਂ ਕਿ ਗੱਲ ਹੋਰ
ਵੀ ਸਪਸ਼ਟ ਹੋ ਜਾਏ। ਸ਼ੱਕ ਦੀ ਕੋਈ ਗੁੰਜਾਇਸ਼ ਨ ਰਹੇ। ਅਗਰ ਕਰਤਾਰ ਅਜੂਨੀ ਹੈ ਫਿਰ ਸਵਾਲ ਉਠਦਾ ਹੇ ਕਿ
ਕਰਤਾਰ ਹੋਂਦ ਵਿੱਚ ਕਿਸ ਤਰ੍ਹਾਂ ਆਇਆ। ਇਸ ਦੇ ਜਵਾਬ ਵਿੱਚ ਗੁਰੂ ਸਾਹਿਬ ਕਰਤਾਰ ਨੂੰ ਸੈਭੰ ਕਹਿੰਦੇ
ਨੇ। ਸੈਭੰ ਦਾ ਮਤਲਬ ਹੈ ਜੋ ਆਪਣੇ ਆਪ ਤੋਂ ਹੋਂਦ ਵਿੱਚ ਆਇਆ ਹੋਵੇ। ਆਸਾ ਕੀ ਵਾਰ ਵਿੱਚ ਗੁਰੂ ਨਾਨਕ
ਸਾਹਿਬ ਬੜੇ ਸਪਸ਼ਟ ਸਬਦਾਂ ਵਿੱਚ ਕਹਿੰਦੇ ਨੇ:
ਆਪੀਨੇ ਆਪ ਸਾਜਿਓ ਆਪੀਨੇ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ
ਡਿਠੋ ਚਾਉ॥ ਪੰਨਾ 463
ਉਹ ਆਪਣੇ ਆਪ ਕਿਵੇਂ ਅਤੇ ਕਦੋਂ ਹੋਂਦ ਵਿੱਚ ਆਇਆ ਇਸ ਦਾ ਕਿਸੇ ਨੂੰ ਕੋਈ
ਭੇਤ ਨਹੀਂ। ਵਿਗਿਆਨ ਵੀ ਇੱਥੇ ਆਕੇ ਚੁੱਪ ਹੋ ਜਾਂਦਾ ਹੈ।
ਗੁਰ ਪ੍ਰਸਾਦਿ
ਪ੍ਰਸਾਦਿ ਦਾ ਅਰਥ ਹੈ ਕ੍ਰਿਪਾ ਜਾਂ ਮਿਹਰਬਾਨੀ ਨਾਲ। ਗੁਰ ਪ੍ਰਸਾਦਿ ਦਾ ਅਰਥ
ਹੋਇਆ ਗੁਰੂ ਦੀ ਕ੍ਰਿਪਾ ਨਾਲ। ਗੁਰੂ ਦੀ ਕ੍ਰਿਪਾ ਕੀ ਹੁਂਦੀ ਹੈ। ਗੁਰੂ ਕ੍ਰਿਪਾਲੂ ਹੋ ਕੇ ਗਿਆਨ ਦੀ
ਬਖਸ਼ਿਸ਼ ਕਰਦਾ ਹੈ। ਗਿਆਨ ਸ਼ਬਦ ਹੈ। ਸ਼ਬਦ ਗੁਰੂ ਹੈ। ਗੁਰੂ ਬਿਬੇਕ ਹੈ। ਬਿਬੇਕ ਕਰਤੇ ਦੇ ਹੁਕਮ ਦੀ
ਸੋਝੀ ਕਰਾਉਂਦਾ ਹੈ। ਹੁਕਮ ਦੀ ਸੋਝੀ ਕਰਤਾਰ ਨਾਲ ਸਾਂਝ ਪਾਉਣਾ ਹੈ। ਗੁਰੂ ਅਰਜਨ ਸਾਹਿਬ ਦਾ ਕਥਨ
ਹੈ:
"ਪ੍ਰਭ ਮਿਲਣੈ ਕੀ ਏਹ
ਨੀਸਾਣੀ॥ ਮਨਿ ਇਕੋ ਸਚਾ ਹੁਕਮੁ ਪਛਾਣੀ॥ ਸਹਜਿ ਸੰਤੋਖਿ ਸਦਾ ਤ੍ਰਿਪਤਾਸੈ ਅਨਚੁ ਖਸਮ ਕੇ ਭਾਣੈ
ਜੀਉ॥" ਪੰਨਾ 106. ਇਹ ਹੀ ਗੁਰ ਪ੍ਰਸਾਦਿ ਹੈ। ਇਸ
ਤੋਂ ਉਪਰ ਕੋਈ ਦਾਤ ਨਹੀਂ।
ਮੂਲ ਮੰਤਰ ਦਾ ਸਮੁੱਚਾ ਭਾਵ ਅਤੇ ਮਹੱਤਵ
ਮੂਲ ਮੰਤਰ ਦੇ ਇਕੱਠਾ ਭਾਵ ਸਮਝਣ ਲਈ ਇਸ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ
ਜਾ ਸਕਦਾ ਹੈ। "ੴ" ਤੋਂ "ਪੁਰਖ" ਤਕ ਕਰਤਾਰ ਦੇ ਇੱਕ ਤੋਂ ਅਨੇਕ ਹੋਣ ਦੀ ਕਹਾਣੀ ਹੈ, "ਨਿਰਭਉ" ਤੋਂ
"ਸ਼ੈਭੰ" ਤਕ ਕਰਤੇ ਦੀ ਇਸ ਪ੍ਰਕਿਰਿਆ ਦੇ ਖਾਸ ਲੱਖਣ ਦੱਸੇ ਗਏ ਨੇ, ਅਖੀਰ ਵਿੱਚ ਗੁਰ ਪ੍ਰਸਾਦਿ ਕਰਤੇ
ਦੀ ਇਸ ਪ੍ਰਕਿਰਿਆ ਦੀ ਸੋਝੀ ਦਾ ਵਾਹਿਦ ਇੱਕੋ ਇੱਕ ਤਰੀਕਾ ਦੱਸਿਆ ਗਿਆ ਹੈ। ਸੋ ਮੂਲ ਮੰਤਰ ਦਾ ਭਾਵ
ਹੋਇਆ ਕਿ ਵਿਸਥਾਰ ਤੋਂ ਪਹਿਲਾਂ ਕਰਤਾ ਏਕੰਕਾਰ ਸੀ, ਆਪਣੇ ਅਟੱਲ ਹੁਕਮ ਨਾਲ ਉਹ ਵਿਸਥਾਰ ਕਰ ਆਪਣੀ
ਰਚਨਾ ਵਿੱਚ ਵਿਰਾਜਮਾਨ ਹੈ, ਇਹ ਵਿਸਥਾਰ ਬਿਨਾ ਕਿਸੇ ਭੈ ਜਾਂ ਵੈਰ ਵਿਰੋਧ ਦੇ ਹੋ ਰਿਹਾ ਹੈ, ਉਹ ਆਪ
ਸਮੇਂ ਦੇ ਬੰਧਨ ਅਤੇ ਜਨਮ-ਮੌਤ ਤੋਂ ਰਹਿਤ ਹੈ, ਆਪਣੇ ਆਪ ਪ੍ਰਗਟ ਹੋਇਆ ਹੈ, ਉਸ ਦੀ ਸੋਝੀ ਬਿਬੇਕ
ਬੁਧ ਰਾਹੀਂ ਹੁੰਦੀ ਹੈ।
ਮੂਲ ਮੰਤਰ ਦਾ ਗੁਰੂ ਗ੍ਰੰਥ ਸਾਹਿਬ ਵਿੱਚ 567 ਵਾਰੀ ਆਉਣਾ ਪਾਠਕ ਲਈ ਪੈਰ
ਪੈਰ ਤੇ ਦਿਤਾ ਹੋਇਆ ਦਿਸ਼ਾ ਨਿਰਦੇਸ਼ ਹੈ ਕਿ ਬਾਣੀ ਸਮਝਣ ਵੇਲੇ ਟਪਲਾ ਨਾ ਖਾਵੇ। ਮੂਲ ਮੰਤਰ ਗੁਰੂ
ਸਾਹਿਬ ਦੀ ਸੰਪਾਦਕੀ ਕਲਾ ਦਾ ਇੱਕ ਬੇਮਿਸਾਲ ਨਮੂਨਾ ਹੈ। ਮੂਲ ਮੰਤਰ ਇਸ ਗਲ ਨੂੰ ਪੱਕੀ ਕਰਨ ਲਈ ਕਿ
ਬਾਣੀ ਦੇ ਅਰਥ ਕਰਨ ਵੇਲੇ ਇਹ ਸਮਝਿਆ ਜਾਏ ਕਿ ਰੱਬ ਸਚਮੁਚ ਹੀ ਸਭ ਲਈ ਇੱਕ ਹੈ ਕਿਉਂਕਿ ਉਹ ਸਾਰੀ
ਸ੍ਰਿਸ਼ਟੀ ਵਿੱਚ ਸਮੋਇਆਂ ਹੋਇਆ ਹੈ, ਉਸਨੂੰ ਕੋਈ ਸਥਾਪਤ ਨਹੀਂ ਕਰ ਸਕਦਾ, ਨ ਹੀ ਉਹ ਅਵਤਾਰ ਧਾਰਦਾ
ਹੈ, ੳਸਦੇ ਬਣਾਏ ਨਿਯਮ ਬਦਲੇ ਨਹੀੰ ਜਾ ਸਕਦੇ ਭਾਵ ਕੋਈ ਕਰਾਮਾਤ ਨਹੀ ਹੋ ਸਕਦੀ, ੳਸਨੂੰ ਮਿਲਣ ਲਈ
ਜਾਂ ਸਮਝਣ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ ਸਿਰਫ ਬਿਬੇਕ ਬੁਧ ਹੀ ਚਾਹੀਦੀ ਹੈ। ਉਸ ਦਾ ਕੋਈ ਖਾਸ
ਨਾਂਵ ਨਹੀਂ ੳਸ ਦਾ ਨਾਮ ਉਸ ਦਾ ਹੁਕਮ ਹੀ ਹੈ ਜਿਸ ਨੂੰ ਸਮਝਣਾ ਹੀ ਜਪਣਾ ਹੈ। ਅਗਰ ਇੰਨ੍ਹੀ ਜਬਰਦਸਤ
ਹਦਾਇਤ ਅਤੇ ਪੈਰ ਪੈਰ ਤੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਬਾਵਜ਼ੂਦ ਕੋਈ ਗੁਰੂ ਗ੍ਰੰਥ ਸਾਹਿਬ ਦੇ
ਅਰਥ ਕਰਨ ਲਗਿਆ ਟਪਲਾ ਖਾਂਦਾ ਹੈ ਫਿਰ ਤਾਂ ਇਹ ਹੀ ਕਿਹਾ ਜਾ ਸਕਦਾ ਹੈ:
ਕਬੀਰ ਸਾਚਾ ਸਤਿਗੁਰੂ ਕਿਆ ਕਰੇ ਜਉ ਸਿਖਾ ਮਹਿ ਚੂਕ॥ ਪੰਨਾ 1372
ਮੂਲ ਮੰਤਰ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਣਤਰ
ਮੂਲ ਮੰਤਰ ਸੰਪੂਰਣ ਰੂਪ ਵਿੱਚ ਹੇਠਾਂ ਦਿੱਤੇ ਰਾਗਾਂ ਅਤੇ ਬਾਣੀਆਂ ਦੇ ਅਰੰਭ
ਵਿੱਚ ਆਇਆ ਹੈ।
ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿੱਚ
ਰਾਗੁ ਮਾਝ ਦੇ ਅਰੰਭ ਵਿੱਚ
ਰਾਗੁ ਗਉੜੀ ਦੇ ਅਰੰਭ ਵਿੱਚ
ਰਾਗੁ ਆਸਾ ਦੇ ਅਰੰਭ ਵਿੱਚ
ਰਾਗੁ ਗੁਜਰੀ ਦੇ ਅਰੰਭ ਵਿੱਚ
ਰਾਗੁ ਦੇਵਗੰਧਾਰੀ ਦੇ ਅਰੰਭ ਵਿੱਚ
ਰਾਗੁ ਬਿਹਾਗੜਾ
ਰਾਗੁ ਵਡਹੰਸ
ਰਾਗੁ ਸੋਰਠਿ
ਰਾਗੁ ਧਨਾਸਰੀ
ਰਾਗੁ ਟੋਡੀ
ਰਾਗੁ ਤਿਲੰਗ
ਰਾਗੁ ਸੂਹੀ
ਰਾਗੁ ਬਿਲਾਵਲੁ
ਰਾਗੁ ਗੌਂਡ
ਰਾਗੁ ਰਾਮਕਲੀ
ਰਾਗੁ ਨਟ ਨਾਰਾਇਨ
ਰਾਗੁ ਮਾਲੀ ਗਉੜਾ
ਰਾਗੁ ਮਾਰੂ
ਰਾਗੂ ਭੈਰਉ
ਰਾਗੁ ਬਸੰਤੁ
ਰਾਗ ਸਾਰਗ
ਰਾਗੁ ਮਲਾਰ
ਰਾਗੁ ਕਾਨੜਾ
ਰਾਗੁ ਕਲਿਆਨ
ਰਾਗੁ ਪ੍ਰਭਾਤੀ
ਰਾਗੁ ਜੈਜਾਵੰਤੀ
ਸਲੋਕ ਸਹਸਕ੍ਰਿਤੀ ਮਹਲਾ 1
ਸਲੋਕ ਸਹਸਕ੍ਰਿਤੀ ਮਹਲਾ 5
ਸਲੋਕ ਵਾਰਾਂ ਤੇ ਵਧੀਕ
ਆਸਾ ਦੀ ਵਾਰ ਦੇ ਅਰੰਭ ਵਿੱਚ
ਰਾਗੁ ਆਸਾ ਵਿੱਚ ਭਗਤਾਂ ਦੀ ਬਾਣੀ ਦੇ ਅਰੰਭ ਵਿੱਚ
ਭੱਟਾਂ ਦੇ ਸਵਯੇ ਸ੍ਰੀ ਮੁਖਬਾਕ੍ਹ ਮਹਲਾ 5 ਦੇ ਅਰੰਭ ਵਿੱਚ
ਜਿਨ੍ਹਾਂ ਰਾਗਾਂ ਦੇ ਅਰੰਭ ਵਿੱਚ ਨਹੀ ਆਇਆ ੳਹ ਇਸ ਤਰ੍ਹਾਂ ਹਨ। ਸਿਰੀ ਰਾਗ,
ਜੈਤਸਰੀ, ਬੈਰਾੜੀ, ਤੁਖਾਰੀ ਅਤੇ ਕੇਦਾਰਾ।
ਪਹਿਲੇ ਸੰਖੇਪ ਰੂਪ ਵਿੱਚ ਮੂਲ ਮੰਤਰ ਇਸ ਤਰ੍ਹਾਂ ਆਇਆ ਹੈ
ਵਾਰ ਮਾਝ ਕੀ ਪੰਨਾ 137
ਰਾਗੁ ਗਉੜੀ ਗੁਆਰੇਰੀ ਮਹਲਾ 1 ਅਸ਼ਟਪਦੀਆਂ ਪੰਨਾ 221
ਰਾਗੁ ਗਉੜੀ ਗੁਆਰੇਰੀ ਮਹਲਾ 5 ਅਸ਼ਟਪਦੀਆਂ ਪੰਨਾ 235
ਰਾਗੁ ਗਉੜੀ ਪੂਰਬੀ ਛੰਤ ਮਹਲਾ 1 ਪੰਨਾ 242
ਰਾਗੁ ਗਉੜੀ ਪੂਰਬੀ ਛੰਤ ਮਹਲਾ 3 ਪੰਨਾ 243
ਰਾਗੁ ਗਉੜੀ ਭਗਤਾਂ ਕੀ ਬਾਣੀ ਪੰਨਾ 323
ਰਾਗੁ ਗਉੜੀ ਬਾਵਨ ਅਖਰੀ ਕਬੀਰ ਜੀਉ ਕੀ ਪੰਨਾ 340
ਰਾਗੁ ਗਉੜੀ ਗੁਆਰੇਰੀ ਰਵਿਦਾਸ ਜੀ ਕੇ ਪਦੇ ਪੰਨਾ 345
ਰਾਗੁ ਬਿਲਾਵਲੁ ਬਾਣੀ ਭਗਤਾਂ ਪੰਨਾ 855
ਦੂਜੇ ਸੰਖੇਪ ਰੂਪ ਵਿੱਚ ਇਸ ਤਰ੍ਹਾ ਆਇਆ ਹੈ।
ਸਿਰੀ ਰਾਗੁ ਮਹਲਾ 4 ਵਣਜਾਰਾ ਬਾਣੀ ਪੰਨਾ 81
ਬਿਹਾਗੜਾ ਮਹਲਾ 5 ਘਰ 2 ਪੰਨਾ 544
ਤੀਸਰਾ ਸੰਖੇਪ ਰੂਪ ਗੁਰੂ ਗ੍ਰੰਥ ਸਾਹਿਬ ਦੇ ਹਰ ਉਸ ਬਾਣੀ/ਸ਼ਬਦ ਦੇ ਸ਼ੁਰੂ
ਵਿੱਚ ਆਉਂਦਾ ਹੈ ਜਿਥੇ ੳਪਰੋਕਿਤ ਰੂਪ ਨਹੀ ਹਨ।
ਕੁਝ ਸਵਾਲ
ਉਪਰੋਕਿਤ ਬਣਤਰ ਸਬੰਧੀ ਕੁੱਝ ਸਵਾਲ ਹਨ ਜੋ ਵਿਦਵਾਨਾ ਨੂੰ ਹਲ ਕਰਨੇ ਚਾਹੀਦੇ
ਹਨ। ਸਿਖਾਂ ਦੀ ਅਜੋਕੀ ਸਥਿਤੀ ਇਹ ਤਾਂ ਮੁਮਕਿਨ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਤਬਦੀਲੀ
ਹੋ ਸਕੇ ਪਰ ਕੀਤੀ ਖੋਜ ਸਾਡੀ ਬਾਣੀ ਦੀ ਸਮਝ ਨੂੰ ਜਰੂਰ ਨਿਖਾਰੇਗੀ।
ਸੰਪੂਰਣ ਰੂਪ ਵਿੱਚ ਮੂਲ਼ ਮੰਤਰ ਸਾਰੇ ਰਾਗਾਂ ਦੇ ਅਰੰਭ ਵਿੱਚ ਕਿਉਂ ਨਹੀਂ ਆਇਆ? ਕੀ ਇਹ
ਕਾਤਬਾਂ ਦੀ ਗਲਤੀ ਹੈ ਜਾਂ ਕੋਈ ਹੋਰ ਵਜਹ?
ਮੂਲ ਮੰਤਰ ਦੇ ਸੰਖੇਪ ਰੂਪ ਤਿੰਨ ਹਨ ਜਿਸ ਦਾ ਕੋਈ ਤਰਕ ਨਜ਼ਰ ਨਹੀਂ ਆਉਂਦਾ। ਸੰਖੇਪ ਰੂਪ
ਜੋ 523 ਵਾਰੀ ਵਰਤਿਆ ਗਿਆ ਹੈ ਉਹ ਹੀ ਸਹੀ ਲਗਦਾ ਹੈ। ਕੀ ਇਹ ਵੀ ਕਾਤਬਾਂ ਦੀ ਗਲਤੀ ਹੈ ਜਾ
ਕੋਈ ਹੋਰ ਕਾਰਨ ਹੈ?
ਸਭ ਤੋਂ ਵੱਡਾ ਸੰਖੇਪ ਰੂਪ ਜੋ 9 ਵਾਰੀ ਆਉਂਦਾ ਹੈ ਸਿਰਫ ਰਾਗ ਗਉੜੀ ਵਿੱਚ ਹੀ 7 ਵਾਰ
ਵਰਤਿਆ ਗਿਆ ਹੈ। ਕੀ ਇਹ ਇਸ ਗਲ ਦਾ ਸਬੂਤ ਹੈ ਕਿ ਕਾਤਬਾਂ ਨੇ ਗਲਤੀ ਕੀਤੀ ਹੈ ਜਾਂ ਇਸ ਦਾ ਕੋਈ
ਹੋਰ ਸਿਧਾਂਤਿਕ ਕਾਰਣ ਹੈ?
ਸਭ ਤੋਂ ਛੋਟੇ ਸੰਖੇਪ ਰੂਪ ਵਿੱਚ ਸਤਿ ਅਤੇ ਗੁਰ ਨੂੰ ਇਕੱਠਾ ਕਰਕੇ ਲਿਖਣ ਦਾ ਰਿਵਾਜ਼ ਪੈ
ਗਿਆ ਹੈ ਜੋ ਗ਼ਲਤ ਹੈ।
ਹਵਾਲੇ
ਕੁਝ ਵਿਦਵਾਨ ਸੱਜਣ ਇਸ ਨੂੰ ਮੂਲ ਮੰਤਰ ਕਹਿਣ ਤੇ ਇਤਰਾਜ਼ ਵੀ ਕਰਦੇ ਨੇ ਕਿੳਂਕਿ ਉਹਨਾਂ
ਅਨੁਸਾਰ ਇਸ ਤਰ੍ਹਾਂ ਕਰਨ ਨਾਲ ਗੁਰਬਾਣੀ ਵੀ ਵੇਦਾਂ ਦੀ ਤਰ੍ਹਾਂ ਇੱਕ ਮੰਤਰ ਬਣ ਜਾਂਦੀ ਹੈ। ਪਰ
ਇਹ ਖ਼ਦਸ਼ਾ ਨਿਰਮੂਲ਼ ਜਾਪਦਾ ਹੈ। ਸਾਨੂੰ ਇਸ ਦੇ ਸਹੀ ਅਰਥ ਸਮਝਣੇ ਤੇ ਪਰਚਾਰਨੇ ਚਾਹੀਦੇ ਨੇ।
ਜਦੋਂ ਅਸੀ ਇਸ ਦੇ ਸਹੀ ਅਰਥ ਸਮਝਦੇ ਹਾਂ ਤਾਂ ਵੇਦਾਂ ਦੇ ਮੰਤਰ ਸਾਡੇ ਜਿਹਨ ਚੋਂ ਆਪਣੇ ਆਪ
ਗਾਇਬ ਹੋ ਜਾਂਦੇ ਨੇ। ਮੈਂ ਇਥੇ ਇਸ ਨੂੰ ਮੂਲ਼ ਮੰਤਰ ਕਹਿਣ ਦੀ ਵਕਾਲਿਤ ਨਹੀਂ ਕਰ ਰਿਹਾ ਪਰ ਜੋ
ਖ਼ਦਸ਼ਾ ਜ਼ਾਹਿਰ ਕੀਤਾ ਜਾਂਦਾ ਹੈ ਉਸ ਨੂੰ ਨਿਰਮੂਲ ਦਸ ਰਿਹਾਂ ਹਾਂ।
ਉਚਾਰਣ ਸਬੰਧੀ ਜੋ ਵਾਦ ਵਿਵਾਦ ਹੈ ਉਸ ਦੀ ਪੜਚੋਲ ਮੈਂ ਆਪਣੇ ਇੱਕ ਲੇਖ ਵਿੱਚ ਵਿਸਥਾਰ
ਸਹਿਤ ਕੀਤੀ ਹੈ। ਇਹ ਸਿੱਖ ਮਾਰਗ ਤੇ ਪੜ੍ਹਿਆ ਜਾ ਸਕਦਾ ਹੈ।
ਈਸਾਈ, ਮੁਸਲਮਾਨ ਸਾਰੇ ਇਹ ਕਹਿਂਦੇ ਨੇ। ਹਿਂਦੂ ਵੀ ਬ੍ਰ੍ਹਹਮਾ, ਵਿਸ਼ਨੂੰ ਅਤੇ ਮਹੇਸ਼ ਨੂੰ
ਇੱਕ ਰੱਬ ਦੇ ਹੀ ਅਗੇ ਰੂਪ ਦਸਦੇ ਨੇ।
ਇਸ ਗੱਲ ਦਾ ਇੱਕ ਪ੍ਰਮਾਣ ਇਹ ਹੈ ਕਿ ਇੰਟ੍ਰਨੈਟ ਤੇ ਤੁਹਾਨੂੰ ਅਜਿਹੀਆਂ ਲਿਖਤਾਂ ਆਮ ਮਿਲ
ਜਾਂਦੀਆਂ ਹਨ ਜਿਨ੍ਹਾ ਵਿੱਚ ਕਿਸੇ ਮੱਸ਼ਹੂਰ ਵਿਦੇਸ਼ੀ ਲੇਖਕ (ਬ੍ਰਟ੍ਰੈਂਡ ਰੱਸਲ ਆਦਿ) ਵਲੋਂ
ਸਿੱਖ ਧਰਮ ਦੀ ਵਡਿਆਈ ਕੀਤੀ ਦੱਸੀ ਜਾਂਦੀ ਹੈ। ਸਿੱਖ ਇਸ ਸਭ ਨੂੰ ਬਿਨਾਂ ਪਰਖੇ ਸੱਚ ਮੰਨ ਕੇ
ਪ੍ਰਚਾਰਨ ਲਗ ਜਾਂਦੇ ਨੇ ਜਦ ਕਿ ਉਹਨਾਂ ਲਿਖਾਰੀਆਂ ਨੇ ਇਹ ਗਲ ਕਹੀ ਲਿਖੀ ਵੀ ਨਹੀਂ ਹੁੰਦੀ।
A Brief History of Time by Stephen Hawking , Bentham Edition 2011, Page
224
ਵਿਗਿਆਨ ਹੁਣ ਹੋਰ ਵੀ ਖੋਜ ਕਰਕੇ ਸਿੰਗੁਲੈਰਿਟੀ ਵਾਰੇ ਵੀ ਅਸਪਸ਼ਟ ਹੋ ਗਿਆ ਹੈ। ਇਥੇ ਇਸ
ਵਿਸਥਾਰ ਵਿੱਚ ਜਾਣਾ ਅਸੰਗਤ ਹੋਏਗਾ। ਸ਼ਟਵਿਨ ਹੌਕਿੰਗ ਆਪਣੀ ਉੱਪਰ ਦੱਸੀ ਕਿਤਾਬ ਦੇ ਪੰਨਾ 155
ਤੇ ਲਿਖਦਾ ਹੈ: " God may know how
the universe began, but we cannot give any particular reason for thinking it
began one way rather than another."
The Grand Design by Stephen Hawking & Leonard Mlodinow, Bentham 2011
edition, Page 41-44
ਦੇਖੋ ਮਹਾਨ ਕੋਸ਼ ਵਿੱਚ ਇੰਦਰਾਜ "ਕਰਤਾਰ"
ਦੇਖੋ ਦਰਪਣ ਵਿੱਚ ਮੂਲ ਮੰਤ੍ਰ ਦੀ ਵਿਆਖਿਆ ਅਤੇ ਦਰਪਣ ਦੀ ਪੋਥੀ ਨੰ: 2 ਦਾ ਪੰਨਾ 287.
ਇਸ ਸੰਦਰਭ ਵਿੱਚ ਮੂਰਤਿ ਦੇ "ਸਰੂਪ" ਅਰਥ ਕਰਨਾ ਸਾਨੂੰ ਦੇਹਧਾਰੀ ਗੁਰੂਡੰਮ ਅਤੇ ਮੁਰਤੀ ਪੂਜਾ
ਵਲ ਧਕੇਲਦਾ ਹੈ।
ਨੋਟ: ਅਗਰ ਮੂਲ ਮੰਤਰ ਨੂੰ ਅੰਗਰੇਜ਼ੀ ਵਿੱਚ ਉਲਥਾ ਕਰਨਾ ਹੋਵੇ ਤਾਂ
ਮੈ ਇਸ ਤਰ੍ਹਾਂ ਕਰਾਂਗਾ।
Before beginning God was in its compresed state called
"ekonkar" Creating the eternal laws God exapands and resides in its creation
operating the laws without any fear or enimity. God is beyond the limits of time
and does not take birth, exists on its own and can only be understood only
through knowledge sifted through discerning intellect.
Explanation.
In Guru Granth Sahib it has been reiterated time and again
that God contracts and expands itself at its own discretion. It has happened
many times. The compressed state of God has been described as Ekonkar. The word
Ã
is also in an abrdiged form and pronounced
as ekonkar.The abridged from is also an indication that it signifies the
compressed state of God. God created the eternal laws of nature to expand and
reside in its creation (expansion). This means that after expansion there is
nothing in this universe except God as this universe is just an expansion of the
compressed state of God. Once we realize this then we find that there is only
one God for everybody irrespective of the religion he professes or even if he
has no relgion at all. In fact there is no possibility of more than one God.In a
sense God is the embodiment of the eternal laws of nature operating in the
expansion of this universe. These laws operate with no exceptions at all. Hence
there is no place or possibility for miracles. God expands itself with these
laws without any fear or enimity. Since God is not separate from its creation so
it is absurd to say that it resides in any heaven or some other place. Also it
does not need any prophet or messiah to carry out its work as no one can
interfere in its creation.Nor can you confine God to an idol and install in a
temple. It is also incorrect to say that God lives only in the places designed
for worship. Though God in a way is an embodiment of the laws of nature but God
itself is not subject to these laws. Every thing in the cosmos except God is
subject to these laws. Hence God is beyond time which is the product of the laws
of nature. Hence God does not take birth at all and exists on its own. So there
can not be any reincarnation of God.God can be understood or realized only
through the knowledge sifted through discerning intellect. Sikhism calls this
knowledge a blessings of Guru.
ਸਿਡਨੀ ਅਸਟ੍ਰੇਲੀਆ
You must have JavaScript enabled to use the comments.