☬
ਲੜੀ ਵਾਰ (ਸੰ: ੪੬
ਤੋਂ ੪੮) (ਭਾਗ
ਬਾਰ੍ਹਵਾਂ) ☬
ਗੁਰਮੱਤ ਸੰਦੇਸ਼
ਅਥਵਾ
ਗੁਰਬਾਣੀ ਦਾ ਸੱਚ
ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ
(ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956
"ਗੁਰਮੁਖਿ ਨਾਮੁ ਧਿਆਇ, ਅਸਥਿਰੁ ਹੋਈਐ"
(ਸੰ: ੪੬)
"ਆਇਆ
ਮਰਣੁ ਧੁਰਾਹੁ, ਹਉਮੈ ਰੋਈਐ॥ ਗੁਰਮੁਖਿ ਨਾਮੁ ਧਿਆਇ, ਅਸਥਿਰੁ ਹੋਈਐ॥ ੧॥
ਗੁਰ ਪੂਰੇ ਸਾਬਾਸਿ, ਚਲਣੁ ਜਾਣਿਆ॥ ਲਾਹਾ ਨਾਮੁ ਸੁ ਸਾਰੁ, ਸਬਦਿ ਸਮਾਣਿਆ॥
੧॥ ਰਹਾਉ॥
ਪੂਰਬਿ ਲਿਖੇ ਡੇਹ, ਸਿ ਆਏ ਮਾਇਆ॥ ਚਲਣੁ ਅਜੁ ਕਿ ਕਲਿੑ, ਧੁਰਹੁ ਫੁਰਮਾਇਆ॥
੨॥
ਬਿਰਥਾ ਜਨਮੁ ਤਿਨਾ, ਜਿਨੀੑ ਨਾਮੁ ਵਿਸਾਰਿਆ॥ ਜੂਐ ਖੇਲਣੁ ਜਗਿ, ਕਿ ਇਹੁ
ਮਨੁ ਹਾਰਿਆ॥ ੩॥
ਜੀਵਣਿ ਮਰਣਿ ਸੁਖੁ ਹੋਇ, ਜਿਨਾੑ ਗੁਰੁ ਪਾਇਆ॥ ਨਾਨਕ ਸਚੇ ਸਚਿ, ਸਚਿ
ਸਮਾਇਆ॥ ੪॥
(ਪੰ: ੩੬੯)
ਅਰਥ-
ਸ਼ਬਦ-ਗੁਰੂ
ਦੀ ਸ਼ਰਣ `ਚ ਆਉਣ ਬਾਅਦ ਮਨੁੱਖ ਸੁਚੇਤ ਰਹਿੰਦਾ ਹੇ ਕਿ ਉਹ ਇਥੇ ਰਹਿਣ ਲਈ ਨਹੀਂ ਆਇਆ; ਇਸ ਲਈ ਉਹ
ਮਨੁੱਖਾ ਜਨਮ ਪਾਉਣ ਬਾਅਦ ਇਸ ਦੇ ਇਕੋ-ਇਕ ਮਕਸਦ ਵੱਲੋਂ ਅਵੇਸਲਾ ਰਹਿ ਕੇ, ਪ੍ਰਾਪਤ ਜਨਮ ਵਾਲੇ ਅਵਸਰ
ਨੂੰ ਬਿਰਥਾ ਨਾ ਕਰੇ। ਉਹ ਸ਼ਬਦ ਗੁਰੂ ਦੀ ਕਮਾਈ ਕਰਦਾ ਹੈ ਅਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਿਆ
ਰਹਿ ਕੇ ਜੀਂਦੇ ਜੀਅ ਪ੍ਰਭੂ `ਚ ਸਮਾਅ ਜਾਂਦਾ ਹੈ, ਇਸ ਤਰ੍ਹਾਂ ਉਸ ਦਾ ਪ੍ਰਾਪਤ ਮਨੁੱਖਾ ਜਨਮ ਹੀ
ਸਫ਼ਲ ਹੋ ਜਾਂਦਾ ਹੈ। ੧। ਰਹਾਉ।
(ਹੇ ਭਾਈ!) ਹਰੇਕ ਮਨੁੱਖ ਲਈ ਮੌਤ ਦਾ ਪਰਵਾਨਾ ਵੀ ਧੁਰੋਂ ਤੇ ਨਾਲ ਹੀ ਆਇਆ
ਹੁੰਦਾ ਹੈ ਭਾਵ ਜੋ ਜਨਮਿਆ ਹੈ, ਉਸ ਨੇ ਮਰਣਾ ਵੀ ਅਵੱਸ਼ ਹੁੰਦਾ ਹੈ। ਮੌਤ `ਤੇ ਰੌਣ ਦਾ ਕਾਰਣ ਮਨੁੱਖ
ਦੀ ਹਉਮੈ ਭਾਵ ਉਸਦੀ ਪ੍ਰਭੂ ਤੋਂ ਆਪਣੀ ਵੱਖਰੀ ਬਣ ਚੁੱਕੀ ਹੋਂਦ ਵਾਲੀ ਸੋਚ ਹੀ ਹੁੰਦੀ ਹੈ। ਜਦਕਿ
ਸ਼ਬਦ ਗੁਰੂ ਦਾ ਅਨੁਸਾਰੀ ਮਨੁੱਖ, ਮੌਤ ਆਉਣ `ਤੇ ਵੀ ਨਹੀਂ ਡੋਲਦਾ ਅਤੇ ਪ੍ਰ੍ਰਭੂ ਦੀ ਉਸ ਕਰਣੀ ਨੂੰ
ਵੀ ਉਸੇ ਤਰ੍ਹਾਂ ਖਿੜੇ ਮੱਥੇ ਪ੍ਰਵਾਣ ਕਰਦਾ ਹੈ। ੧।
ਹੇ ਮੇਰੀ ਮਾਂ! ਪਹਿਲਾਂ ਤੋਂ ਨਿਯਤ ਸਮੇਂ ਲਈ ਮਨੁੱਖ, ਸੰਸਾਰ `ਚ ਆਉਂਦਾ ਹੈ
ਤੇ ਫ਼ਿਰ ਉਸ ਪ੍ਰਭੂ ਦੇ ਹੁਕਮ `ਚ ਅੱਜ ਨਹੀਂ ਤਾਂ ਕਲ ਭਾਵ ਆਪਣੇ ਲਈ ਮਿੱਥੇ ਸਮੇਂ ਅਨੁਸਾਰ, ਇਹ
ਸੰਸਾਰ ਤੋਂ ਵਾਪਿਸ ਚਲਾ ਜਾਂਦਾ ਹੈ। ੨।
(ਹੇ ਭਾਈ!) ਜਿਨ੍ਹਾਂ ਲੋਕਾਂ ਨੇ ਮਨੁੱਖਾ ਜਨਮ ਮਿਲਣ `ਤੇ ਵੀ ਪ੍ਰਭੂ ਨੂੰ
ਵਿਸਾਰੀ ਰਖਿਆ। ਉਨ੍ਹਾਂ ਨੇ ਮਨੁੱਖਾ ਜਨਮ ਪਾ ਕੇ ਇਸ ਨੂੰ ਵੀ ਜੂਏ ਦੀ ਖੇਡ ਹੀ ਬਣਾਇਆ ਤੇ ਵਿਕਾਰਾਂ
ਕਾਰਣ ਉਹ ਇਸ ਖੇਡ `ਚ, ਆਪਣੇ ਮਨ ਦੀ ਬਾਜ਼ੀ ਨੂੰ ਹਾਰ ਕੇ ਗਏ। ਇਸ ਤਰ੍ਹਾਂ ਉਹ ਆਪਣੇ ਪ੍ਰਾਪਤ
ਮਨੁੱਖਾ ਜਨਮ ਨੂੰ ਬਿਰਥਾ ਕਰ ਗਏ। ਭਾਵ ਮਨੁੱਖਾ ਜਨਮ ਪਾ ਕੇ ਵੀ ਉਹ ਅਸਲੇ ਪ੍ਰਭੂ `ਚ ਅਭੇਦ ਨਹੀਂ
ਹੋ ਸਕੇ ਤੇ ਮੁੜ ਉਨ੍ਹਾਂ ਹੀ ਭਿੰਨ-ਭਿੰਨ ਜੂਨਾਂ-ਜਨਮਾਂ ਤੇ ਗਰਭਾਂ ਵਾਲੀ ਵਿਸ਼ਟਾ `ਚ ਪਾ ਦਿੱਤੇ
ਗਏ। ੩।
ਜਿਹੜੇ ਮਨੁੱਖਾ ਜਨਮ ਮਿਲਣ `ਤੇ ਸ਼ਬਦ-ਗੁਰੂ ਦੀ ਸ਼ਰਣ `ਚ ਆ ਜਾਂਦੇ ਹਨ ਉਹ
ਜੀਂਦੇ ਜੀਅ ਵੀ ਪ੍ਰਭੂ `ਚ ਅਭੇਦ ਹੋ ਕੇ ਸੰਤੋਖੀ ਅਤੇ ਅਨੰਦਮਈ ਜੀਵਨ ਜੀਊਂਦੇ ਹਨ। ਉਪ੍ਰੰਤ ਸਰੀਰਕ
ਮੌਤ ਤੋਂ ਬਾਅਦ ਵੀ ਉਹ ਅਸਲੇ ਸਦਾ-ਥਿਰ ਪ੍ਰਭੂ `ਚ ਹੀ ਸਮਾਅ ਜਾਂਦੇ ਹਨ, ਮੁੜ ਜਨਮਾਂ-ਜੂਨਾਂ ਤੇ
ਭਿੰਨ ਭਿੰਨ ਗਰਭਾਂ ਦੇ ਗੇੜ `ਚ ਨਹੀਂ ਪੈਂਦੇ। ਉਨ੍ਹਾਂ ਦਾ ਜਨਮ ਵੀ ਤੇ ਮਰਨ ਵੀ, ਭਾਵ ਇਹ ਲੋਕ ਅਤੇ
ਪ੍ਰਲੋਕ, ਦੋਵੇਂ ਸੁਹੇਲੇ ਹੋ ਜਾਂਦੇ ਹਨ। ੪।
(ਪੰ: ੩੬੯)
"ਨਾਮੁ ਮਿਲੈ ਚਲੈ ਮੈ
ਨਾਲਿ॥
ਬਿਨੁ ਨਾਵੈ ਬਾਧੀ ਸਭ
ਕਾਲਿ"
(ਸੰ: ੪੮)
"ਸੁਣਿ ਸੁਣਿ ਬੂਝੈ ਮਾਨੈ ਨਾਉ॥ ਤਾ ਕੈ
ਸਦ ਬਲਿਹਾਰੈ ਜਾਉ॥ ਆਪਿ ਭੁਲਾਏ ਠਉਰ ਨ ਠਾਉ॥ ਤੂੰ ਸਮਝਾਵਹਿ ਮੇਲਿ ਮਿਲਾਉ॥ ੧॥
ਨਾਮੁ ਮਿਲੈ ਚਲੈ ਮੈ ਨਾਲਿ॥ ਬਿਨੁ ਨਾਵੈ ਬਾਧੀ ਸਭ ਕਾਲਿ
॥
੧॥ ਰਹਾਉ॥
ਖੇਤੀ ਵਣਜੁ ਨਾਵੈ ਕੀ ਓਟ॥ ਪਾਪੁ ਪੁੰਨੁ ਬੀਜ ਕੀ ਪੋਟ॥ ਕਾਮੁ ਕ੍ਰੋਧੁ ਜੀਅ
ਮਹਿ ਚੋਟ॥ ਨਾਮੁ ਵਿਸਾਰਿ ਚਲੇ ਮਨਿ ਖੋਟ॥ ੨॥
ਸਾਚੇ ਗੁਰ ਕੀ ਸਾਚੀ ਸੀਖ॥ ਤਨੁ ਮਨੁ ਸੀਤਲੁ ਸਾਚੁ ਪਰੀਖ॥ ਜਲ ਪੁਰਾਇਨਿ ਰਸ
ਕਮਲ ਪਰੀਖ॥ ਸਬਦਿ ਰਤੇ ਮੀਠੇ ਰਸ ਈਖ॥ ੩॥
ਹੁਕਮਿ ਸੰਜੋਗੀ ਗੜਿ ਦਸ ਦੁਆਰ॥ ਪੰਚ ਵਸਹਿ ਮਿਲਿ ਜੋਤਿ ਅਪਾਰ॥ ਆਪਿ ਤੁਲੈ
ਆਪੇ ਵਣਜਾਰ॥ ਨਾਨਕ ਨਾਮਿ ਸਵਾਰਣਹਾਰ॥ ੪॥"
{ਪੰ:
੧੫੨}
ਅਰਥ-
ਹੇ
ਪ੍ਰਭੂ !
ਮੇਰੀ ਅਰਦਾਸ ਹੈ, ਮੇਰਾ ਜੀਵਨ ਤੇਰੀ ਸਿਫ਼ਤ ਸਲਾਹ `ਚ ਬਤੀਤ ਹੋਵੇ, ਕਿਉਂਕਿ ਜਾਣ ਵੇਲੇ ਵੀ ਮੇਰੇ
ਨਾਲ ਤੇਰੀ ਇਹ ਸਿਫ਼ਤ ਸਲਾਹ ਹੀ ਜਾ ਸਕਦੀ ਹੈ।
ਜਦਕਿ ਨਾਮ ਤੋਂ ਖਾਲੀ ਸਾਰੀ ਲੋਕਾਈ ਮੌਤ ਦੇ ਸਹਮ `ਚ ਜੱਕੜੀ ਰਹਿੰਦੀ ਹੈ।
ਭਾਵ ਜੀਂਦੇ ਜੀਅ ਵੀ ਆਤਮਕ
ਪੱਖੋਂ ਮੁਰਦਾ ਜੀਵਨ ਬਤੀਤ ਕਰਦੀ ਹੈ ਤੇ ਮੌਤ ਤੋਂ ਬਾਅਦ ਵੀ ਉਹ ਤੇਰੇ `ਚ ਅਭੇਦ ਨਹੀਂ ਹੁੰਦੇ, ਮੁੜ
ਉਨ੍ਹਾਂ ਹੀ ਜਨਮਾਂ ਤੇ ਗਰਭਾਂ ਦੇ ਗੇੜ `ਚ ਪਾ ਦਿੱਤੇ ਜਾਂਦੇ ਹਨ।
(ਰਹਾਉ)।
ਜਿਹੜੇ
"ਸਾਚੇ ਗੁਰ ਕੀ ਸਾਚੀ ਸੀਖ"
ਨੂੰ ਸੁਣ-ਸੁਣ ਕੇ ਵਿਚਾਰਦੇ ਤੇ ਅਮਲਾਉਂਦੇ ਵੀ ਹਨ,
ਉਨ੍ਹਾਂ ਨੂੰ ਸਮਝ ਆ ਜਾਂਦੀ ਹੈ ਕਿ ਮਨੁੱਖਾ ਜਨਮ ਦਾ ਇਕੋ-ਇਕ ਮਕਸਦ ਹੀ ਪ੍ਰਭੂ ਦੀ ਸਿਫ਼ਤ ਸਲਾਹ ਨਾਲ
ਜੁੜਣਾ ਤੇ ਪ੍ਰਭੂ `ਚ ਅਭੇਦ ਹੋਣਾ ਹੈ; ਮੈਂ ਅਜਿਹੇ ਜੀਊੜਿਆਂ ਤੋਂ ਸਦਾ ਬਲਿਹਾਰੇ ਜਾਂਦਾ ਹਾਂ।
ਇਸ ਦੇ ਉਲਟ ਹੇ ਪ੍ਰਭੂ! ਜਿਹੜੇ ਤੇਰੇ ਸੱਚ ਨਿਆਂ `ਚ ਹੀ ਜੀਵਨ ਪੱਖੋਂ
ਕੁਰਾਹੇ ਪਏ ਹੁੰਦੇ ਹਨ, ਉਨ੍ਹਾਂ ਦੀ ਭਟਕਣਾ ਵੀ, ਤੇਰੇ ਸਿਵਾ ਹੋਰ ਕਿਧਰੋਂ ਨਹੀਂ ਮੁੱਕ ਸਕਦੀ।
ਫ਼ਿਰ ਜੇ ਉਹ ਲੋਕ ਵੀ ਸ਼ਬਦ-ਗੁਰੂ ਦੀ ਸ਼ਰਣ `ਚ ਆ ਜਾਣ ਤਾਂ ਤੂੰ ਉਨ੍ਹਾਂ ਨੂੰ
ਵੀ ਆਪਣੇ ਅੰਦਰ ਅਭੇਦ ਕਰ ਲੈਂਦਾ ਹੈਂ, ਜੀਵਨ ਦੇ ਸਿੱਧੇ ਰਾਹ ਪਾ ਕੇ ਉਨ੍ਹਾਂ ਦੇ ਜਨਮ ਵੀ ਸਫ਼ਲ ਕਰ
ਦਿੰਦਾ ਹੈਂ। ੧।
ਹੇ ਭਾਈ! ਤੁਸੀਂ ਵੀ ਸਿਫ਼ਤ ਸਲਾਹ ਦੀ ਖੇਤੀ ਬੋਵੋ। ਪ੍ਰਭੂ ਨੂੰ ਵਿਸਾਰ ਕੇ
ਜਦੋਂ ਤੁਸੀਂ ਚੰਗੇ ਤੇ ਭਾਵੇਂ ਮਾੜੇ ਸੰਸਕਾਰਾਂ ਦਾ ਹੀ ਬੀਜ ਪਾਵੋਗੇ। ਚੇਤੇ ਰਹੇ! ਉਸ ਤੋਂ
ਪ੍ਰਫ਼ੁਲਤ ਹੋਣ ਵਾਲੀ ਤੁਹਾਡੀ ਜੀਵਨ ਰੂਪੀ ਉਸ ਨਿਜ ਦੀ ਫ਼ਸਲ `ਤੇ ਕਾਮ ਕ੍ਰੋਧ ਆਦਿ ਵਿਕਾਰਾਂ ਦੀਆਂ
ਚੋਟਾਂ ਹੀ ਪੈਣਗੀਆਂ। ਉਪ੍ਰੰਤ ਇਸ ਤਰ੍ਹਾਂ ਜਾਣ ਸਮੇਂ ਆਪਣੇ ਨਾਲ ਵੀ ਤੁਸੀਂ ਉਸ ਖੋਟ ਨੂੰ ਹੀ ਲੈ
ਕੇ ਜਾਵੋਗੇ।
੨।
ਫ਼ਿਰ ਜੇ ਤੁਹਾਡੇ ਜੀਵਨ ਦੀ ਕਮਾਈ
"ਸਾਚੇ ਗੁਰ ਕੀ ਸਾਚੀ ਸੀਖ"
ਹੋਵੇਗੀ ਤਾਂ ਜੀਂਦੇ ਜੀਅ ਵੀ ਤੁਹਾਡੇ
ਜੀਵਨ `ਚ ਟਿਕਾਅ ਰਵੇਗਾ, ਉਪ੍ਰੰਤ ਜਿਹੜੀ ਅਜਿਹੇ ਕਰਮਾਂ ਤੇ ਸੰਸਕਾਰਾਂ ਦੀ ਫ਼ਸਲ ਪਣਪੇਗੀ, ਉਹ ਪਾਣੀ
`ਚੋਂ ਪੈਦਾ ਹੋਣ ਵਾਲੀ ਚੌਂਪਤੀ, ਕਮਲ ਦੇ ਫੁਲ ਵਾਂਙ ਰਸੀਲੀ ਅਤੇ ਗੰਨੇ ਦੇ ਰਸ ਵਾਂਙ ਮਿੱਠੀ
ਹੋਵੇਗੀ। ੩।
ਜਦਕਿ ਪ੍ਰਭੂ ਪਿਆਰੇ ਵੀ ਪ੍ਰਭੂ ਦੇ ਉਸੇ ਸੰਜੋਗ ਤੇ ਹੁਕਮ `ਚ ਹੀ ਸੰਸਾਰ `ਚ
ਆਉਂਦੇ ਹਨ ਅਤੇ ਉਹ ਵੀ ਇਸ ਦਸ-ਦੁਆਰੀ ਸਰੀਰ ਰੂਪ ਕਿਲੇ `ਚ ਹੀ ਵਿਚਰਦੇ ਹਨ। ਪਰ ਉਹ ਜੀਵਨ ਭਰ ਤੇਰੀ
ਸਿਫ਼ਤ ਸਲਾਹ ਨਾਲ ਜੁੜੇ ਰਹਿੰਦੇ ਹਨ। ਇਸ ਤਰ੍ਹਾਂ ਤਿਆਰ ਹੋਏ ਆਪਣੇ ਉੱਚੇ ਸੰਸਕਾਰਾਂ ਤੇ ਕਰਮਾਂ
ਕਾਰਣ, ਉਹ ਸਦਾ ਤੇਰੇ ਰੰਗ `ਚ ਰੰਗੇ ਰਹਿਕੇ ਅਨੰਦਮਈ, ਸੰਤੋਖੀ ਤੇ ਤੇਰੇ `ਚ ਅਭੇਦ ਰਹਿ ਕੇ ਜੀਵਨ
ਜੀਉਂਦੇ ਹਨ। ਉਪ੍ਰੰਤ ਇਹੀ ਕਾਰਣ ਹੁੰਦਾ ਹੈ ਕਿ ਮੋਹ ਮਾਇਆ ਤੇ ਵਿਕਰਾਂ ਆਦਿ ਦੇ ਹੱਲਿਆਂ ਤੋਂ
ਉਨ੍ਹਾਂ ਦੀ ਰਖਿਆ ਵੀ ਤੂੰ ਆਪ ਹੀ ਕਰ ਰਿਹਾ ਹੁੰਦਾ ਹੈਂ।
੪।
"ਬਿਨੁ ਸਤਿਗੁਰ ਮੁਕਤਿ ਨ
ਹੋਈ"
(ਸੰ: ੪੮)
"ਏਹੁ ਜਗੁ ਜਲਤਾ ਦੇਖਿ ਕੈ, ਭਜਿ ਪਏ
ਸਤਿਗੁਰ ਸਰਣਾ॥ ਸਤਿਗੁਰਿ ਸਚੁ ਦਿੜਾਇਆ, ਸਦਾ ਸਚਿ ਸੰਜਮਿ ਰਹਣਾ॥ ਸਤਿਗੁਰੁ ਸਚਾ ਹੈ ਬੋਹਿਥਾ, ਸਬਦੇ
ਭਵਜਲੁ ਤਰਣਾ॥ ੬॥
ਲਖ ਚਉਰਾਸੀਹ ਫਿਰਦੇ ਰਹੇ, ਬਿਨੁ ਸਤਿਗੁਰ ਮੁਕਤਿ ਨ ਹੋਈ॥
ਪੜਿ ਪੜਿ ਪੰਡਿਤ ਮੋਨੀ ਥਕੇ, ਦੂਜੈ
ਭਾਇ ਪਤਿ ਖੋਈ॥ ਸਤਿਗੁਰਿ ਸਬਦੁ ਸੁਣਾਇਆ, ਬਿਨੁ ਸਚੇ ਅਵਰੁ ਨ ਕੋਈ॥ ੭॥
ਜੋ ਸਚੈ ਲਾਏ ਸੇ ਸਚਿ ਲਗੇ, ਨਿਤ ਸਚੀ ਕਾਰ ਕਰੰਨਿ॥ ਤਿਨਾ ਨਿਜ ਘਰਿ ਵਾਸਾ
ਪਾਇਆ, ਸਚੈ ਮਹਲਿ ਰਹੰਨਿ॥ ਨਾਨਕ ਭਗਤ ਸੁਖੀਏ ਸਦਾ, ਸਚੈ ਨਾਮਿ ਰਚੰਨਿ"॥ ੮॥
(ਪ: ੬੯-੭੦)
ਅਰਥ-
ਜਿਹੜੇ
ਬੰਦੇ ਸੰਸਾਰ ਨੂੰ ਵਿਕਾਰਾਂ ਦੀ ਤਪਸ਼ `ਚ ਸੜਦਾ ਵੇਖ ਕੇ ਛੇਤੀ ਨਾਲ ਸ਼ਬਦ-ਗੁਰੂ ਦੀ ਸ਼ਰਨ `ਚ ਆ ਗਏ।
ਸ਼ਬਦ-ਗੁਰੂ ਦੀ ਕਮਾਈ ਸਦਕਾ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਗਏ। ਉਸੇ ਤੋਂ ਉਨ੍ਹਾਂ
ਨੂੰ ਸਦਾ-ਥਿਰ ਪ੍ਰਭੂ ਦੀ ਰਜ਼ਾ `ਚ ਜੀਵਨ ਜੀਉਣ ਦੀ ਜਾਚ ਆ ਗਈ।
ਹੇ ਭਾਈ! ਸ਼ਬਦ-ਗੁਰੂ ਸਦਾ ਕਾਇਮ ਰਹਿਣ ਵਾਲਾ ਅਜਿਹਾ ਜਹਾਜ਼ ਹੈ ਜਿਸ ਰਾਹੀਂ
ਤੇ ਜਿਸ ਦੇ ਅਨੁਸਾਰੀ ਹੋ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ੬।
ਜਿਹੜੇ ਸ਼ਬਦ-ਗੁਰੂ ਦੀ ਕਮਾਈ ਤੋਂ ਵਾਂਝੇ ਰਹਿੰਦੇ ਹਨ, ਉਹ ਆਵਾਗਉਣ ਦੇ ਗੇੜ
`ਚ ਪਏ, ਭਟਕਦੇ ਰਹਿੰਦੇ ਹਨ। ਸ਼ਬਦ-ਗੁਰੂ ਦੀ ਸ਼ਰਣ `ਚ ਆਉਣ ਤੋਂ ਬਿਨਾ ਜਨਮਾਂ-ਜੂਨਾਂ ਦੇ ਗੇੜ ‘ਤੋਂ
ਖ਼ਲਾਸੀ ਨਹੀਂ ਹੁੰਦੀ। ਪੰਡਿਤ, ਸ਼ਾਸਤ੍ਰ ਆਦਿ ਧਰਮ-ਪੁਸਤਕਾਂ ਪੜ੍ਹ-ਪੜ੍ਹ ਕੇ ਥੱਕ ਗਏ ਤੇ ਮੋਨ-ਧਾਰੀ
ਸਮਾਧੀਆਂ ਲਗਾ ਲਗਾ ਕੇ ਥੱਕ ਗਏ ਪਰ ਸ਼ਬਦ-ਗੁਰੂ ਦੀ ਸ਼ਰਣ `ਚ ਨਾ ਆਉਣ ਕਰਕੇ, ਉਹ ਦੂਜੇ ਭਾਇ ਭਾਵ
ਤ੍ਰੈ ਗੁਣੀ ਸੰਸਾਰ ਦੀ ਮਾਇਆ ਦੀ ਵੱਧ ਤੇ ਵੱਧ ਜਕੜਣ `ਚ ਹੀ ਫ਼ਸਦੇ ਗਏ।
ਉਸੇ ਦਾ ਨਤੀਜਾ, ਉਹ ਮਨੁੱਖਾ ਜਨਮ ਦੀ ਬਾਜ਼ੀ ਨੂੰ ਨਾ ਜਿੱਤ ਸਕੇ ਭਾਵ ਉਹ
ਮੁੜ ਉਨ੍ਹਾਂ ਹੀ ਜਨਮਾਂ ਜੂਨਾਂ ਤੇ ਭਿੰਨ-ਭਿੰਨ ਗਰਭਾਂ ਦਾ ਖਾਜ ਬਣੇ। ਪਰ ਜਿਸ `ਤੇ ਸ਼ਬਦ-ਗੁਰੂ ਦੀ
ਕਿਰਪਾ ਹੋ ਜਾਂਦੀ ਹੈ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਸਦਾ-ਥਿਰ ਪ੍ਰਭੂ ਤੋਂ ਬਿਨਾ ਜੀਵ ਦੀ ਹੋਰ
ਕੋਈ ਬਹੁੜੀ ਨਹੀਂ ਕਰ ਸਕਦਾ। ੭।
ਇਸਤਰ੍ਹਾਂ ਜਿਨ੍ਹਾਂ `ਤੇ ਪ੍ਰਭੂ ਦੀ ਮਿਹਰ ਹੋ ਗਈ ਤੇ ਜਿਨ੍ਹਾਂ ਨੂੰ
ਸਦਾ-ਥਿਰ ਪ੍ਰਭੂ ਨੇ ਆਪਣੇ ਰੰਙ `ਚ ਰੰਙ ਲਿਆ, ਉਹ ਸਦਾ-ਥਿਰ ਪ੍ਰਭੂ ਦੇ ਨਾਮ `ਚ ਗੜੁੱਚ ਰਹਿ ਕੇ,
ਨਾਲ ਨਿਭਣ ਵਾਲੇ ਸਦਾ-ਥਿਰ ਨਾਮ ਦੀ ਕਮਾਈ ਕਰਦੇ ਹਨ। ਉਹ ਜੀਂਦੇ ਜੀਅ ਪ੍ਰਭੂ ਦੇ ਦਰ `ਤੇ ਕਬੂਲ ਹੋ
ਜਾਂਦੇ ਅਤੇ ਪ੍ਰਭੂ ਨਾਲ ਇਕ-ਮਿੱਕ ਹੋ ਕੇ ਜੀਵਨ ਜੀਊਂਦੇ ਹਨ। ਉਨ੍ਹਾਂ ਨੂੰ ਸਹਿਜ ਅਵਸਥਾ ਪ੍ਰਾਪਤ
ਹੋ ਚੁੱਕੀ ਹੁੰਦੀ ਹੈ। ਉਹ ਅੰਤਰ-ਆਤਮੇ ਸੁਆਸ-ਸੁਆਸ ਸਦਾ-ਥਿਰ ਪ੍ਰਭੂ ਦੀ ਹਜ਼ੂਰੀ `ਚ ਹੀ ਜੀਵਨ ਬਤੀਤ
ਕਰਦੇ ਹਨ।
ਹੇ ਨਾਨਕ! ਪ੍ਰਭੂ ਦੀ ਭਗਤੀ ਕਰਨ ਵਾਲੇ, ਮਨ ਕਰ ਕੇ ਅਨੰਦਤ ਤੇ ਟਿਕਾਅ ਵਾਲਾ
ਜੀਵਨ ਬਤੀਤ ਕਰਦੇ ਹਨ। ਉਹ ਹਰ ਸਮੇਂ ਤੇ ਅਨਦਿਨ ਸਦਾ ਥਿਰ ਪ੍ਰਭੂ ਦੇ ਨਾਮ ਦੇ ਰੰਙ `ਚ ਰੰਙੇ
ਰਹਿੰਦੇ ਹਨ। ੮।
(ਪੰ:
੬੯-੭੦)