.

ਪਉੜੀ 22

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥

ਪਾਤਾਲ: ਮਨ ਦੇ ਲੁਕੇ ਛੁਪੇ ਅਣਗਿਣਤ ਮੰਦੇ ਖਿਆਲ, ਭਾਉ; ਆਗਾਸ: ਉੱਚੇ ਖਿਆਲਾਂ ਦੀਆਂ ਬੇਅੰਤ ਉਚੀਆਂ ਸੁਰਤੀਆਂ।

ਵਿਰਲਾ ਮਨ ਜਿਉਂ-ਜਿਉਂ ਕੂੜ ਤੋਂ ਛੁੱਟਦਾ ਅਤੇ ਸਚਿਆਰ ਬਣਨ ਵਲ ਵਧਦਾ ਹੈ ਤਾਂ ਮਹਿਸੂਸ ਕਰਦਾ ਹੈ ਕਿ ਮਨ ਦੇ ਅਣਗਿਣਤ ਮੰਦੇ ਵੇਗ, ਖਿਆਲ ਵੀ ਹਨ ਅਤੇ ਚੰਗੇ ਗੁਣਾਂ ਦੀਆਂ ਉੱਚੀਆਂ ਸੁਰਤੀਆਂ ਵੀ ਹਨ।

ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥

ਓੜਕ: ਆਖਿਰਕਾਰ । ਥਕੇ: ਟਿਕਾਉ ਦੇਣ ਵਾਲੇ ਚੰਗੇ ਖਿਆਲ। ਵੇਦ: ਅੰਤਰ ਆਤਮੇ ਦੇ ਸੱਚੇ ਗਿਆਨ ਨੂੰ ਹੀ ਵੇਦ ਕਹਿੰਦੇ ਹਨ।

ਆਖਿਰਕਾਰ ਭਾਵ ਕਈ ਤਰ੍ਹਾਂ ਦੇ ਦੁਨਿਆਵੀ ਤਲ ਤੇ ਪ੍ਰਾਪਤ ਕੀਤੀਆਂ ਸਿਆਣਪਾਂ, ਦਲੀਲਾਂ ਜਾਂ ਗਿਆਨ ਦੇ ਬਾਵਜੂਦ ਅੰਤਰਆਤਮੇ ਵਿਚ ਟਿਕਾਉ ਕੇਵਲ ਸੱਚ ਦੀ ਮੱਤ ਨੂੰ ਅਪਣਾਉਣ ਨਾਲ ਹੀ ਮਿਲਦਾ ਹੈ।

ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥

ਸਹਸ ਅਠਾਰਹ: ਬੇਅੰਤ ਚੰਗੇ ਗੁਣਾਂ ਦੇ ਖਿਆਲ (ਸੁਨੇਹੇ)। ਕਤੇਬਾ: ਧਾਰਮਿਕਤਾ। ਅਸੁਲੂ ਇਕੁ ਧਾਤੁ: ਅਸਲੀ ਖ਼ਜ਼ਾਨਾ।

ਅੰਤਰ-ਆਤਮੇ ’ਚੋਂ ਉਠਦੇ ਅਨੇਕਾਂ ਚੰਗੇ ਖਿਆਲ ਹੀ ਅਸਲੀ ਖ਼ਜ਼ਾਨਾ ਹੈ। ਜਿਸ ਵੱਲ ਧਿਆਨ ਗੋਚਰੇ ਰਹਿਣਾ ਹੀ ਧਾਰਮਿਕਤਾ ਹੈ।

ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥

ਵਿਣਾਸੁ: ਮੁੱਕ ਜਾਂਦਾ ਹੈ।

ਰੱਬੀ ਰਜ਼ਾ (ਸਤਿਗੁਰ ਦੀ ਮੱਤ) ਅਨੁਸਾਰ ਜੀਵੋ ਤਾਂ ਵਿਕਾਰਾਂ ਰੂਪੀ ਜਮਾਂ ਦਾ ਲੇਖਾ ਮੁੱਕ ਜਾਂਦਾ ਹੈ। ਭਾਵ ਮਨ ਉੱਤੇ ਮੰਦੀ ਸੋਚ ਦਾ ਭਾਰ ਰਹਿੰਦਾ ਹੀ ਨਹੀਂ ਅਤੇ ਵਿਕਾਰਾਂ ਦੇ ਲੇਖੇ ਤੋਂ ਮੁਕਤ ਹੋ ਜਾਂਦੇ ਹਾਂ।

ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥ 22॥

ਆਪੇ ਜਾਣੈ ਆਪੁ: ਚੰਗੀ-ਮੰਦੀ ਸੋਚ ਦੀ ਪੜਚੋਲ ਕਰ ਪਾਉਣਾ।

ਸਤਿਗੁਰ ਦੀ ਮੱਤ ਰਾਹੀਂ ਆਪਣੇ ਅੰਦਰ ਉੱਠਦੇ ਭੈੜੇ-ਚੰਗੇ ਖਿਆਲ ਦੀ ਪੜਚੋਲ ਕਰ ਪਾਉਣਾ ਹੀ ਰੱਬੀ ਗਿਆਨ ਦੀ ਪ੍ਰਾਪਤੀ ਹੈ। ਅਦ੍ਵੈਤ ਅਵਸਥਾ ਵਿਚ ਨਾਨਕ ਪਾਤਸ਼ਾਹ ਕਹਿ ਰਹੇ ਹਨ ਕਿ ਬਿਬੇਕ ਬੁਧ ਰਾਹੀਂ ਪੜਚੋਲ ਕਰਨ ਦੀ ਜਾਚ ਆ ਜਾਂਦੀ ਹੈ।

ਵੀਰ ਭੁਪਿੰਦਰ ਸਿੰਘ




.