ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਨਨਕਾਣਾ ਸਾਹਿਬ ਤੋਂ ਸੱਚਾ ਸੌਦਾ
ਗੁਰੂ ਨਾਨਕ ਸਾਹਿਬ ਜੀ ਦੇ ਆਗਮਨ
ਤੋਂ ਹੀ ਸਿੱਖ ਧਰਮ ਦੀ ਬੁਨਿਆਦ ਰੱਖੀ ਗਈ ਹੈ। ਸਮੁੱਚੇ ਭਾਰਤ ਦੇ ਹਾਲਾਤ ਬਹੁਤ ਬਦਤਰ ਸਨ। ਮਨੁੱਖਤਾ
ਦੇ ਨਿੱਘਰ ਚੁੱਕੇ ਹਾਲਤਾਂ ਦਾ ਗੁਰੂ ਨਾਨਕ ਸਾਹਿਬ ਜੀ ਨੇ ਮੁਲੰਕਣ ਕੀਤਾ। ਸਾਡਾ ਸਾਰਾ ਸਮਾਜ
ਧਾਰਮਿਕ ਆਗੂਆਂ ਤੇ ਰਾਜਨੀਤਿਕ ਲੋਕਾਂ ਦੀ ਦੁਬੇਲ ਬਣ ਚੁੱਕਿਆ ਸੀ। ਪਰਜਾ ਆਪਣਿਆਂ ਹੱਕਾਂ ਦੀ ਰਾਖੀ
ਵੀ ਨਹੀਂ ਕਰ ਸਕਦੀ ਸੀ। ਗੁਰੂ ਨਾਨਕ ਸਾਹਿਬ ਜੀ ਨੇ ਪੁਰਾਣੀਆਂ ਤੇ ਬੋਝਲ ਹੋ ਚੁੱਕੀਆਂ ਰੀਤੀਆਂ ਨੂੰ
ਸਦਾ ਲਈ ਨਿਕਾਰ ਦਿੱਤਾ। ਬ੍ਰਹਾਮਣ ਦੇ ਸਦੀਆਂ ਪੁਰਾਣੇ ਬਣੇ ਖਿਆਲਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ
ਗਿਆਨ ਦੀ ਚਿਣਗ ਨਾਲ ਸਾੜ ਕੇ ਸਵਾਹ ਕਰ ਦਿੱਤਾ। ਵਿਹਲੜ ਜੋਗੀਆਂ ਨੂੰ ਦੁਰਲਾਹਨਤ ਪਾਈ ਜਿਹੜੇ ਸਮਾਜ
ਤੇ ਬੋਝ ਬਣੇ ਹੋਏ ਸਨ। ਨਾਂਗੇ ਸਾਧੂਆਂ ਨੂੰ ਕਪੜੇ ਭੁਖਿਆਂ ਨੂੰ ਰੋਟੀ ਛਕਾ ਕੇ ਸਮਾਜ ਵਿੱਚ ਕੰਮ
ਕਰਨ ਦੀ ਪ੍ਰ੍ਰੇਰਨਾ ਦਿੱਤੀ।
ਗੁਰੂ ਸਾਹਿਬ ਜੀ ਨੇ ਆਇਆਂ ਵਿਦਵਾਨ ਸਾਧੂਆਂ ਨਾਲ ਗਿਆਨ ਗੋਸ਼ਟੀਆਂ ਕੀਤੀਆਂ, ਘਰੋਂ ਲੰਗਰ ਛਕਾਇਆ
ਕਰਦੇ ਸਨ। ਕ੍ਰਾਂਤੀਕਾਰੀ ਸੋਚ ਨੇ ਜੁੱਗ ਬਦਲ ਦਿੱਤਾ। ਸਵਾਹ ਮਲ਼ਣ ਕੇ ਨੌਂਹ ਵਧਾ ਕੇ ਤੁਰੇ ਫਿਰਨ
ਵਾਲੇ ਵਿਹਲਿਆਂ ਰਹਿਣ ਵਾਲਿਆਂ ਨੂੰ ਕੌਮੀ ਬੋਝ ਦੱਸਿਆ। ਘਾਲ ਕਰਕੇ ਹੋਰਨਾ ਦੀ ਮਦਦ ਕਰਨ ਵਾਲੇ ਨੂੰ
ਸਲਾਹਿਆ। ਗੁਰਬਾਣੀ ਵਾਕ ਹੈ—
ਗਿਆਨ ਵਿਹੂਣਾ ਗਾਵੈ ਗੀਤ।। ਭੁਖੇ ਮੁਲਾਂ ਘਰੇ ਮਸੀਤਿ।।
ਮਖਟੂ ਹੋਇ ਕੈ ਕੰਨ ਪੜਾਏ।। ਫਕਰੁ ਕਰੇ ਹੋਰੁ ਜਾਤਿ ਗਵਾਏ।।
ਗੁਰੁ ਪੀਰੁ ਸਦਾਏ ਮੰਗਣ ਜਾਇ।। ਤਾ ਕੈ ਮੂਲਿ ਨ ਲਗੀਐ ਪਾਇ।।
ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। ੧।।
ਸ਼ਲੋਕ ਮ: ੧ ਪੰਨਾ ੧੨੪੫
ਅੱਖਰੀਂ ਅਰਥ-- (ਪੰਡਿਤ ਦਾ ਇਹ ਹਾਲ ਹੈ ਕਿ) ਪਰਮਾਤਮਾ ਦੇ ਭਜਨ ਤਾਂ ਗਾਂਦਾ ਹੈ
ਪਰ ਆਪ ਸਮਝ ਤੋਂ ਸੱਖਣਾ ਹੈ (ਭਾਵ, ਇਸ ਭਜਨ ਗਾਣ ਨੂੰ ਉਹ ਰੋਜ਼ੀ ਦਾ ਵਸੀਲਾ ਬਣਾਈ ਰੱਖਦਾ ਹੈ, ਸਮਝ
ਉੱਚੀ ਨਹੀਂ ਹੋ ਸਕੀ)। ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਜ਼ੀ ਦੀ ਖ਼ਾਤਰ ਹੀ ਹੈ (ਭਾਵ,
ਮੁੱਲਾਂ ਨੇ ਭੀ ਬਾਂਗ ਨਮਾਜ਼ ਆਦਿਕ ਮਸੀਤ ਦੀ ਕ੍ਰਿਆ ਨੂੰ ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ) (ਤੀਜਾ
ਇਕ) ਹੋਰ ਹੈ ਜੋ ਹੱਡ-ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ, ਫ਼ਕੀਰ ਬਣ ਜਾਂਦਾ ਹੈ, ਕੁਲ ਦੀ ਅਣਖ
ਗਵਾ ਬੈਠਦਾ ਹੈ, (ਉਂਝ ਤਾਂ ਆਪਣੇ ਆਪ ਨੂੰ) ਗੁਰੂ ਪੀਰ ਅਖਵਾਂਦਾ ਹੈ (ਪਰ ਰੋਟੀ ਦਰ ਦਰ) ਮੰਗਦਾ
ਫਿਰਦਾ ਹੈ; ਅਜੇਹੇ ਬੰਦੇ ਦੇ ਪੈਰੀਂ ਭੀ ਕਦੇ ਨਹੀਂ ਲੱਗਣਾ ਚਾਹੀਦਾ। ਜੋ ਜੋ ਮਨੁੱਖ ਮਿਹਨਤ ਨਾਲ
ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁੱਝ (ਹੋਰਨਾਂ ਨੂੰ ਭੀ) ਦੇਂਦਾ ਹੈ, ਹੇ ਨਾਨਕ!
ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ। ੧।
ਰਾਇ ਬੁਲਾਰ ਦਾ ਘੁੱਗ ਵੱਸਦਾ ਨਗਰ ਸੀ ਜਿਸ ਨੂੰ ਰਾਇ ਭੋਇ ਦੀ ਤਲਵੰਡੀ ਕਿਹਾ ਜਾਂਦਾ ਸੀ। ਕਲਿਆਣ
ਦਾਸ ਮਹਿਤਾ ਜੀ ਏੱਥੇ ਪਟਵਾਰੀ ਦੀ ਜ਼ਿੰਮੇਵਾਰੀਆਂ ਨਿਭਾਅ ਰਹੇ ਸਨ। ਜੰਡ ਕਰੀਰ ਦੇ ਰੁੱਖਾਂ ਦੀ
ਭਰਮਾਰ ਵਾਲੀ ਧਰਤੀ ਉਪਜਾਊ ਸੀ। ਬਚਪਨ ਤੋਂ ਲੈ ਕੇ ਭਰ ਜਵਾਨੀ ਦਾ ਏੱਥੇ ਗੁਰੂ ਨਾਨਕ ਸਾਹਿਬ ਜੀ ਨੇ
ਸਮਾਂ ਬਤੀਤ ਕੀਤਾ ਹੈ। ਐਸੇ ਮਹਾਨ ਰਹਿਬਰ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਲਈ ਭਾਰਤ ਸਰਕਾਰ ਤੇ
ਪਾਕਿਸਤਾਨ ਸਰਕਾਰਾਂ ਦੇ ਸਮਝੌਤੇ ਤਹਿਤ ਇਹਨਾਂ ਗੁਰਧਾਮਾਂ ਦੇ ਜਾਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ।
ਪਾਕਿਸਤਾਨ ਬਣਨ ਤੋਂ ਪਹਿਲਾਂ ਸਾਰਾ ਸਿੱਖ ਜਗਤ ਏੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ
ਮਨਾਉਣ ਆਉਂਦਾ ਸੀ। ਭਾਈ ਕਰਮ ਸਿੰਘ ਹਿਸਟੋਰੀਅਨ ਅਨੁਸਾਰ ੧੯੨੫ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਦਾ
ਆਗਮਨ ਪੁਰਬ ਵੈਸਾਖ ਨੂੰ ਮਨਾਇਆ ਜਾਂਦਾ ਸੀ। ੧੯੨੫ ੳਪਰੰਤ ਹੀ ਕੱਤਕ ਨੂੰ ਮਨਾਇਆ ਜਾਣ ਲੱਗਾ ਸੀ।
ਪਾਕਿਸਤਾਨ ਬਣਨ ਨਾਲ ਇੱਕ ਦਮ ਰੌਣਕਾਂ ਘੱਟ ਗਈਆਂ ਸਨ। ਕੇਵਲ ਸਿੰਧੀ ਪ੍ਰਵਾਰ ਜਾਂ ਕੁੱਝ ਹੋਰ
ਬਾਹਰਲੇ ਮੁਲਕਾਂ ਦੇ ਸਿੱਖ ਹੀ ਆਉਂਦੇ ਸਨ। ਪਾਕਿਸਤਾਨ ਵਿੱਚ ਸਿੱਖਾਂ ਦੀ ਗਿਣਤੀ ਵੀ ਥੋੜ੍ਹੀ ਸੀ।
ਓਦੋਂ ਹੋਰਨਾਂ ਮੁਲਕਾਂ ਵਿੱਚ ਵੀ ਸਿੱਖ ਵਸੋਂ ਥੋੜ੍ਹੀ ਸੀ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ `ਤੇ
ਸਿੰਧੀ ਸਿੱਖ ਜ਼ਿਆਦਾ ਆਉਂਦੇ ਸਨ। ਹੌਲ਼ੀ ਹੌਲ਼ੀ ਪਰਵਾਸੀ ਸਿੱਖਾਂ ਨੇ ਗੁਰਦੁਆਰਾ ਨਨਕਾਣਾ ਸਾਹਿਬ ਦੀ
ਉਸਾਰੀ ਵਲ ਧਿਆਨ ਦਿੱਤਾ। ਪਾਕਿਸਤਾਨ ਦੀ ਸਰਕਾਰ ਕੋਲੋਂ ਕਈ ਉਸਾਰੀਆਂ ਕਰਨ ਦੀ ਪ੍ਰਵਾਨਗੀ ਲਈ ਗਈ।
ਗੁਰਦੁਆਰਾ ਨਨਕਾਣਾ ਸਾਹਿਬ ਦੀ ਨਵ ਉਸਾਰੀ ਵਿੱਚ ਵੱਡਿਆਂ ਮੁਲਕਾਂ ਵਾਲੀਆਂ ਸੰਗਤਾਂ ਦਾ ਬਹੁਤ ਵੱਡਾ
ਯੋਗਦਾਨ ਰਿਹਾ ਹੈ। ਔਕਾਫ਼ ਬੋਰਡ, ਪਕਿਸਤਾਨ ਸਰਕਾਰ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ ਆਪਸੀ ਤਾਲ ਮੇਲ ਨਾਲ ਹੀ ਇਹ ਉਸਾਰੀਆਂ ਸੰਭਵ ਹੋ ਸਕੀਆਂ ਹਨ। ਵੱਡਿਆਂ ਮੁਲਕਾਂ ਦੀਆਂ ਕਈ ਸੁਹਿਰਦ
ਕਮੇਟੀਆਂ ਅਤੇ ਕਿਰਤੀ ਤੇ ਸੂਝਵਾਨ ਸਿੱਖ ਵਿਦਵਾਨਾਂ ਦੀ ਬਦੋਲਤ ਕਈ ਸਹੂਲਤਾਂ ਵਿੱਚ ਵਾਧਾ ਸਮੇਂ
ਸਮੇਂ ਹੁੰਦਾ ਰਿਹਾ ਹੈ।
ਦੇਸ ਪੰਜਾਬ ਦੇ ਦੋ ਟੋਟੇ ਹੋਣ `ਤੇ ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿੱਤਾ ਪ੍ਰਤੀ ਦੀ
ਅਰਦਾਸ ਵਿੱਚ ਇਹ ਬੋਲ ਜੋੜੇ, ਕਿ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਧਾਮ ਜਿੰਨਾਂ ਤੋਂ ਖਾਲਸਾ
ਪੰਥ ਨੂੰ ਵਿਛੋੜਿਆ ਗਿਆ ਹੈ ਖੁਲ੍ਹੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ।
ਇਹ ਅਰਦਾਸ ਸਾਨੂੰ ਹਮੇਸ਼ਾਂ ਨਨਕਾਣਾ ਸਾਹਿਬ ਦੀ ਯਾਦ ਤਾਜ਼ਾ ਪੈਦਾ ਕਰਾ ਕੇ ਤੜਪ ਪੈਦਾ ਕਰਦੀ ਹੈ। ਉਂਜ
ਹੁਣ ਹਲਾਤ ਕੁੱਝ ਇਸ ਤਰ੍ਹਾਂ ਦੇ ਹਨ ਕਿ ਸਾਡੇ ਮੁਲਕ ਦੀ ਸਰਕਾਰ ਦੀਆਂ ਕਾਲੀਆਂ ਸੂਚੀਆਂ ਅਨੁਸਾਰ ਕਈ
ਸਿੱਖਾਂ ਨੂੰ ਪੰਜਾਬ ਆਉਣ ਦੀ ਆਗਿਆ ਨਹੀਂ ਹੈ ਪਰ ਉਹਨਾਂ ਪਾਸ ਅਮਰੀਕਾ, ਯੂ ਕੇ, ਕਨੇਡਾ ਅਤੇ ਹੋਰ
ਕਈ ਮੁਲਕਾਂ ਦੀ ਸ਼ਹਿਰੀਅਤ ਹੋਣ ਦੇ ਨਾਤੇ ਪਾਕਿਸਤਾਨ ਆਉਣਾ ਕੋਈ ਮੁਸ਼ਕਲ ਨਹੀਂ ਹੈ। ਹਾਂ ਇੱਕ ਗੱਲ
ਜ਼ਰੂਰ ਹੈ ਕਿ ਅਰਦਾਸ ਦੇ ਇਹ ਬੋਲ ਨਨਕਾਣਾ ਸਾਹਿਬ ਲਈ ਤੜਪ ਜਗਾਈ ਰੱਖਦੇ ਹਨ। ਭਾਰਤ ਨਾ ਆ ਸਕਣ ਵਾਲੇ
ਸਿੱਖਾਂ ਨੂੰ ਭਾਰਤ ਵਿਚਲੇ ਗੁਰਧਾਮਾਂ ਦੀ ਤੜਪ ਰਹਿੰਦੀ ਹੈ। ਪੰਜਾਬ ਦੀ ਪੰਥਕ ਸਰਕਾਰ ਨੂੰ ਅਜੇਹੀਆਂ
ਕਾਲੀਆਂ ਸੂਚੀਆਂ ਖਤਮ ਕਰਾਉਣ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਸਨ। ਭਾਂਵੇਂ ਚੋਣਾਂ ਤੋਂ ਪਹਿਲਾਂ
ਅਜੇਹੇ ਵਾਅਦੇ ਕੀਤੇ ਜਾਂਦੇ ਰਹਿੰਦੇ ਹਨ ਪਰ ਸਰਕਾਰ ਬਣਨ `ਤੇ ਕਦੀ ਵੀ ਸੁਹਿਰਦਤਾ ਨਾਲ ਇਹ ਕੰਮ
ਨਹੀਂ ਹੋਇਆ। ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਸਾਡੇ ਪੰਥਕ ਨੇਤਾ ਕੌਮ ਲਈ ਸੋਚਣਾ ਹੀ ਬੰਦ ਕਰ
ਦੇਂਦੇ ਹਨ। ਧਾਰਮਿਕ ਆਗੂ ਤਾਂ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਉਣ ਨੂੰ ਪਹਿਲ ਦੇਂਦੇ ਹਨ। ਸਿੱਖ
ਕੌਮ ਦਾ ਸਭ ਤੋਂ ਵੱਡਾ ਦੁਖਾਂਤ ਹੈ ਕਿ ਇਸ ਦੇ ਸਿਰਮੋਰ ਆਗੂ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਕਿਨਾਰਾ
ਕਰ ਲੈਂਦੇ ਹਨ।
ਗੁਰਦੁਆਰਾ ਨਨਕਾਣਾ ਸਾਹਿਬ ਦੇ ਨਾਮ ਨਾਲ ੧੭੬੭੫ ਏਕੜ ਜ਼ਮੀਨ ਹੈ। ਨਨਕਾਣਾ ਸਾਹਿਬ ਦੇ ਨਾਂ ਨਾਲ ਕਈ
ਹੋਰ ਜਾਇਦਾਦਾਂ ਤੇ ਦੁਕਾਨਾਂ ਵੀ ਹਨ। ਭਾਂਵੇਂ ਏੱਥੇ ਹੋਰ ਵੀ ਗੁਰਦੁਆਰਿਆਂ ਦੇ ਦਰਸ਼ਨ ਅਸੀਂ ਕਰਨੇ
ਸਨ ਪਰ ਸਮਾਂ ਥੋੜਾ ਹੋਣ ਦੇ ਨਾਤੇ ਹੋਰ ਦਰਸ਼ਨ ਦੀਦਾਰੇ ਨਹੀਂ ਕਰ ਸਕੇ। ਗੁਰੂ ਨਾਨਕ ਸਾਹਿਬ ਜੀ ਦੇ
ਆਗਮਨ ਸਮੇਂ ਦੇਸ-ਵਿਦੇਸ਼ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਜੁੜਦੀਆਂ ਹਨ। ਏੱਥੇ ਹੁਣ ਬਾਬਾ ਜਗਤਾਰ
ਸਿੰਘ ਜੀ ਤੇ ਬਾਬਾ ਜਸਬੀਰ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸਾਰੀ ਨਵ ਉਸਾਰੀ ਕਰਾਈ ਹੈ। ਮੌਜੂਦਾ
ਪ੍ਰਬੰਧ ਵਿੱਚ ਭਾਈ ਸ਼ਾਮ ਸਿੰਘ ਜੀ ਪ੍ਰਧਾਨ, ਭਾਈ ਗੁਪਾਲ ਸਿੰਘ ਜੀ ਚਾਵਲਾ ਸਕੱਤਰ ਤੇ ਭਾਈ ਮਨਿੰਦਰ
ਸਿੰਘ ਜੀ ਗੁਰਦੁਆਰਾ ਕਮੇਟੀ ਦੇ ਸਰਗਰਮ ਮੈਂਬਰ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ। ਕਮਰਿਆਂ
ਦੀ ਵੰਡ ਵਾਲਾ ਪਰਚਾ ਜਿਹੜਾ ਵਾਹਗਾ ਬਾਰਡਰ ਤੇ ਦਿੱਤਾ ਜਾਂਦਾ ਹੈ ਉਸ ਪਰਚੇ `ਤੇ ਨਾਂ ਭਾਈ ਮਨਿੰਦਰ
ਸਿੰਘ ਜੀ ਦਾ ਲਿਖਿਆ ਹੋਇਆ ਸੀ। ਬਾਕੀ ਹੋਰ ਕਮੇਟੀ ਮੈਂਬਰਾਂ ਦੇ ਨਾਂਵਾਂ ਸਬੰਧੀ ਮੈਨੂੰ ਜਾਣ ਕਾਰੀ
ਨਹੀਂ ਹੈ।
ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਹੋਰ ਵੀ ਗੁਰਦੁਆਰੇ ਹਨ।
1 ਗੁਰਦੁਆਰਾ ਕਿਆਰਾ ਸਾਹਿਬ ਇਸ ਗੁਰਦੁਆਰੇ ਦੇ ਨਾਂ ੪੫ ਮਰੱਬੇ ਜ਼ਮੀਨ ਹੈ।
2 ਗੁਰਦੁਆਰਾ ਤੰਬੂ ਸਾਹਿਬ ਏੱਥੇ ਗੁਰੂ ਨਾਨਕ ਪਾਤਸ਼ਾਹ ਚੂੜਕਾਣੇ ਤੋਂ ਸੱਚਾ ਸੌਦਾ ਕਰਕੇ ਇੱਕ ਵਣ ਦੇ
ਦਰੱਖਤ ਥੱਲੇ ਬਿਰਾਜੇ ਸਨ।
3 ਗੁਰਦੁਆਰਾ ਪੱਟੀ ਸਾਹਿਬ ਇਹ ਗੁਰਦੁਆਰਾ ਕਸਬੇ ਦੇ ਵਿੱਚ ਹੀ ਹੈ ਇਸ ਦੇ ਨਾਲ ਹੀ ਬਾਲ ਲੀਲਾ
ਗੁਰਦੁਆਰਾ ਬਣਿਆ ਹੋਇਆ ਹੈ ਅਸੀਂ ਕੇਵਲ ਇਹ ਦੋ ਗੁਰਦੁਆਰੇ ਹੀ ਦੇਖ ਸਕੇ ਸੀ।
4 ਬਾਲ ਲੀਲਾ ਨਨਕਾਣਾ ਸਾਹਿਬ ਦੀ ਅਬਾਦੀ ਵਿੱਚ ਹੈ। ਛੋਟੀ ਉਮਰੇ ਬਾਲਕ ਨਾਨਕ ਏੱਥੇ ਖੇਡਦੇ ਰਹੇ ਸਨ।
ਗੁਰਦੁਆਰੇ ਪੂਰਬ ਵਲ ਇੱਕ ਤਲਾਬ ਹੈ ਜੋ ਗੁਰੂ ਸਾਹਿਬ ਦੇ ਨਾਂ `ਤੇ ਰਾਇ ਬੁਲਾਰ ਨੇ ਖੁਦਵਾਇਆ ਸੀ।
ਇਸ ਗੁਰਦੁਆਰੇ ਦੇ ਨਾਂ ੧੨੦ ਮਰੱਬੇ ਜ਼ਮੀਨ ਹੈ। ਇੱਕ ਮੁਰੱਬੇ ਵਿੱਚ ੨੫ ਕਿੱਲੇ ਹੁੰਦੇ ਹਨ।
5 ਗੁਰਦੁਆਰਾ ਮਾਲ ਸਾਹਿਬ ਏੱਥੇ ਗੁਰੂ ਸਾਹਿਬ ਜੀ ਗਾਂਈਆਂ-ਮੱਝਾਂ ਚਾਰਿਆ ਕਰਦੇ ਸਨ। ਇਸ ਗੁਰਦੁਆਰੇ
ਦੇ ਨਾਂ ੧੮੦ ਮਰੱਬੇ ਜ਼ਮੀਨ ਹੈ। ਏੱਥੇ ਵਣ ਦਾ ਦਰੱਖਤ ਮੌਜੂਦ ਹੈ।
6 ਗੁਰੂ ਅਰਜਨ ਪਾਤਸ਼ਾਹ ਤੇ ਗੁਰੂ ਹਰਿ ਗੋਬਿੰਦ ਸਾਹਿਬ ਨਨਕਾਣਾ ਸਾਹਿਬ ਦੀ ਯਾਤਰਾ ਕਰਨ ਲਈ ਆਏ ਸਨ।
ਇਸ ਅਸਥਾਨ ਦੇ ਨਾਮ ੧੩ ਘੁਮਾ ਜ਼ਮੀਨ ਹੈ।
ਪਾਕਿਸਤਾਨ ਬਣਨ ਉਪਰੰਤ ਕੇਵਲ ਦੋ ਕੁ ਵਾਰ ਹੀ ਪਾਕਿਸਤਾਨ ਆਉਣ ਦਾ ਸਰਕਾਰਾਂ ਮੌਕਾ ਦੇਂਦੀਆਂ
ਸਨ। ਹੌਲ਼ੀ ਹੌਲ਼ੀ ਹੋਰ ਗੁਰਧਾਮਾਂ ਦੇ ਦਰਸ਼ਨਾਂ ਦੀ ਵੀ ਸਹੂਲਤ ਹੋਣੀ ਸ਼ੁਰੂ ਹੋਈ। ਮੈਨੂੰ ਏੰਨਾ ਕੁ
ਯਾਦ ਹੈ ਕਿ ਜਦੋਂ ਮੈਂ ਪਹਿਲੀ ਦਫਾ ਗਿਆ ਸੀ ਤਾਂ ਚੌਧਰੀ ਜ਼ਹੂਰੇ ਇਲਾਹੀ ਨੇ ਲਾਹੌਰ ਵਿਖੇ ਸਾਰੇ
ਜੱਥੇ ਨੂੰ ਆਪਣੀ ਹਵੇਲੀ ਵਿੱਚ ਚਾਹ ਆਦਿ ਨਾਲ ਸਾਰੇ ਜੱਥੇ ਦੀ ਸੇਵਾ ਕੀਤੀ ਸੀ। ਉਸਤਾਦ ਦਾਮਨ ਕਵੀ
ਨੇ ਸੰਸਾਰ ਪ੍ਰਸਿੱਧ ਕਵਿੱਤਾ ਪੜ੍ਹੀ ਸੀ ਰੋਏ ਤੁਸੀਂ ਵੀ ਰੋਏ ਅਸੀਂ ਵੀ ਹਾਂ। ਮੈਨੂੰ ਮਾੜਾ ਜੇਹਾ
ਯਾਦ ਹੈ ਕਿ ਓਦੋਂ ਤੋਂ ਹੀ ਦਸ ਦਿਨ ਦੀ ਯਾਤਰਾ ਦਾ ਮੁੱਢ ਬੱਝਾ ਸੀ। ਫਿਰ ਇਹ ਤਹਿ ਹੋਇਆ ਕਿ ਜੱਥੇ
ਕਿਸੇ ਪੁਰਬ ਤੇ ਵੀ ਆਉਣ ਉਹਨਾਂ ਨੂੰ ਚਾਰ ਪੰਜ ਹੋਰਸ ਗੁਰਧਾਮਾਂ ਦੇ ਦਰਸ਼ਨ ਕਰਾਏ ਜਾਇਆ ਕਰਨਗੇ।
ਗੁਰੂ ਨਾਨਕ ਸਾਹਿਬ ਜੀ ਦੇ ਪੁਰਬ ਤੋਂ ਛੁੱਟ ਵੈਸਾਖੀ ਨੂੰ ਪੰਜਾ ਸਾਹਿਬ, ਗੁਰੂ ਅਰਜਨ ਪਾਤਸ਼ਾਹ ਜੀ
ਦੀ ਸ਼ਹੀਦੀ ਜੋੜ ਮੇਲੇ `ਤੇ ਲਾਹੌਰ ਤੇ ਮਹਾਂਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਜੱਥੇ ਆਇਆ ਕਰਨਗੇ।
ਇੰਜ ਸਾਲ ਵਿੱਚ ਚਾਰ ਵਾਰੀ ਭਾਰਤ ਵਿੱਚ ਰਹਿ ਰਹੀ ਸੰਗਤ ਨੂੰ ਮੌਕਾ ਮਿਲਦਾ ਹੈ।
ਸੁਰੱਖਿਆ ਕਾਰਨਾਂ ਨੂੰ ਮੁੱਖ ਰਖ ਕੇ ਕਈ ਪਾਬੰਦੀਆਂ ਲੱਗੀਆਂ ਹੋਈਆਂ ਸਨ। ਨਨਕਾਣਾ ਸਾਹਿਬ ਦਾ
ਸਮੁੱਚਾ ਬਜ਼ਾਰ ਬੰਦ ਸੀ। ਜਦੋਂ ੧੯੭੯ ਵਿੱਚ ਗਏ ਸੀ ਤਾਂ ਓਦੋਂ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ
ਤੋਂ ਬਾਹਰ ਆਮ ਮੁਸਲਮਾਨ ਵੀਰ ਮਿਲਦੇ ਸਨ ਤੇ ਉਹ ਪਹਿਲਾਂ ਇਹ ਸਵਾਲ ਕਰਦੇ ਸੀ ਕਿ ਕਿਹੜੇ ਜ਼ਿਲ੍ਹੇ,
ਪਿੰਡੋਂ ਜਾਂ ਸ਼ਾਹਿਰੋਂ ਆਏ ਹੋ? ਜਦੋਂ ਕਿਸੇ ਨੇ ਕੋਈ ਨੇੜੇ ਦਾ ਪਿੰਡ ਦਸਣਾ ਤਾਂ ਬੰਦਾ ਭਾਵਕ ਹੋਣੋ
ਨਹੀਂ ਰਹਿ ਸਕਦਾ ਸੀ। ਲੋਕ ਗਲ਼ ਲੱਗ ਲੱਗ ਕੇ ਭੁੱਬਾਂ ਮਾਰ ਮਾਰ ਕੇ ਰੋਂਦੇ ਸਨ। ਦਰ ਅਸਲ ਓਦੋਂ ਅਜੇ
ਤਾਜ਼ੀ ਤਾਜ਼ੀ ਦੋਹਾਂ ਮੁਲਕਾਂ ਦੀ ਵੰਡ ਹੋਈ ਸੀ। ਇੱਕ ਦੂਜੇ ਨਾਲ ਪਿੰਡ ਵੱਸਦਿਆਂ ਦੀ ਸਾਂਝ ਹੁੰਦੀ
ਸੀ। ਔਖ ਸੌਖ ਵੇਲੇ ਇੱਕ ਦੂਜੇ ਦੀ ਭਾਈਵਾਲ ਹੁੰਦੇ ਸਨ। ਹੁਣ ਇੱਕ ਤਾਂ ਦੂਜੀ ਪੀੜ੍ਹੀ ਆ ਗਈ ਹੈ
ਦੂਜਾ ਸੁਰੱਖਿਆ ਕਾਰਨਾਂ ਕਰਕੇ ਉਹ ਨਜ਼ਾਰਾ ਦੇਖਣ ਨੂੰ ਨਹੀਂ ਮਿਲਿਆ। ਤੀਜਾ ਕਾਰਨ ਇਹ ਵੀ ਹੋ ਸਕਦਾ
ਹੈ ਕਿ ਸਾਡੇ ਜੱਥੇ ਪਾਸ ਸਮਾਂ ਬਹੁਤ ਥੋੜਾ ਸੀ, ਇਸ ਲਈ ਅਸੀਂ ਜ਼ਿਆਦਾ ਬਜ਼ਾਰ ਆਦਿ ਵੀ ਨਹੀਂ ਜਾ ਸਕੇ।
ਬੰਦ ਬਜ਼ਾਰ ਵਿੱਚ ਕੇਵਲ ਦੋ ਚਾਰ ਹੀ ਦੁਕਾਨਾਂ ਖੁਲ੍ਹੀਆਂ ਸਨ ਜਿੱਥੋਂ ਪਾਣੀ ਆਦਿ ਮਿਲਦਾ ਸੀ। ਸਾਡੀ
ਵੈਨ ਦੀ ਸਮੱਸਿਆ ਸੀ ਕਿ ਉਸ ਦੀ ਪਉੜੀ ਨਹੀਂ ਸੀ ਇਸ ਲਈ ਜਦੋਂ ਵੀ ਸਮਾਨ ਉਤਾਰਨਾ ਜਾਂ ਚੜ੍ਹਾਉਣਾ
ਹੁੰਦਾ ਸੀ ਤਾਂ ਓਦੋਂ ਕਿਸੇ ਹੋਰ ਵੈਨ ਦਾ ਆਸਰਾ ਭਾਲਿਆ ਜਾਂਦਾ ਸੀ।
ਭਾਈ ਮਨਿੰਦਰ ਸਿੰਘ ਦੇ ਪਰਵਾਰ ਨੇ ਬਹੁਤ ਹੀ ਚਾਉ ਕੀਤਾ ਸਵੇਰ ਦਾ ਲੰਗਰ ਛੱਕ ਕੇ ਅਸੀਂ ਦੋ
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਮੁੜ ਜਨਮ ਅਸਥਾਨ ਵਲ ਨੂੰ ਆ ਗਏ। ਸਮਾਨ ਤਾਂ ਅਸੀਂ ਜਾਣ ਸਮੇਂ ਹੀ
ਬੰਨ੍ਹ ਲਿਆ ਸੀ। ਸਮਾਨ ਸਾਡੇ ਕੋਲ ਕੋਈ ਜ਼ਿਆਦਾ ਨਹੀਂ ਸੀ ਗਰਮੀਆਂ ਵਾਲੇ ਸੱਤ ਕੁ ਸੂਟ ਹੀ ਸਨ। ਛੋਟੇ
ਛੋਟੇ ਸਾਡੇ ਬੈਗ ਸਨ ਸਿਰਫ ਚੁੱਕਣੇ ਹੀ ਸਨ। ਨਨਕਾਣਾ ਸਾਹਿਬ ਰਹਿਣ ਵਾਲੇ ਨੌਜਵਾਨ ਵੀਰ ਸਾਡੇ ਨਾਲ
ਸਨ। ਅਸੀਂ ਆਪਣਾ ਸਮਾਨ ਲਿਆ ਪਰ ਸਾਨੂੰ ਉਹਨਾਂ ਨੇ ਚੁੱਕਣ ਨਹੀਂ ਦਿੱਤਾ। ਉਹਨਾਂ ਸਾਡੇ ਬੈਗ ਆਪ
ਚੁੱਕ ਲਏ ਸਨ। ਸਾਡਾ ਸਮਾਨ ਵੀਰਾਂ ਨੇ ਚੁੱਕਿਆ ਸੀ ਜੋ ਸਾਨੂੰ ਚੰਗਾ ਨਹੀਂ ਲੱਗਿਆ ਪਰ ਉਹਨਾਂ ਦੇ
ਪਿਆਰ ਅੱਗੇ ਅਸੀਂ ਬੇਬਸ ਸੀ। ਸਰਾਂ ਦੇ ਕਮਰੇ ਵਿਚੋਂ ਬਾਹਰ ਆਏ ਤੇ ਇੱਕ ਵਾਰ ਗੁਰਦੁਆਰੇ ਦੀਆਂ
ਸਾਰੀਆਂ ਵਸਤੂਆਂ ਨੂੰ ਧੁਰ ਅੰਦਰ ਤੱਕ ਵਸਾਉਣ ਦਾ ਯਤਨ ਕਰ ਰਹੇ ਸੀ। ਭਾਈ ਦਲੀਪ ਸਿੰਘ ਸ਼ਹੀਦ ਦੇ ਭਾਵ
ਸ਼ਹੀਦ ਗੰਜ ਤੇ ਅੱਗੋਂ ਦੀ ਲੰਘੇ ਅਗਾਂਹ ਜਨਮ ਅਸਥਾਨ ਦੇ ਗੇਟ ਤੋਂ ਹੀ ਨਮਸਕਾਰ ਕੀਤੀ। ਚਾਅ ਕੇ ਵੀ
ਪੈਰ ਨਹੀਂ ਪੁੱਟਿਆ ਜਾ ਰਿਹਾ ਸੀ। ਇੰਜ ਮਹਿਸੂਸ ਹੋ ਰਿਹਾ ਸੀ ਕਿ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ
ਧਰਤੀ ਤੇ ਘੜੀ ਦੋ ਘੜੀ ਹੋਰ ਰਹਿ ਕੇ ਅਨੰਦ ਮਾਣ ਲਈਏ। ਸਮਾਂ ਆਪਣੀ ਚਾਲ ਨਾਲ ਚੱਲੀ ਜਾ ਰਿਹਾ ਸੀ।
ਹੱਥ ਵਾਲੇ ਲਾਊਡ ਸਪੀਕਰ ਤੋਂ ਅਵਾਜ਼ਾਂ ਪਈ ਜਾ ਰਹੀਆਂ ਸਨ। ਗਿਣਤੀ ਵਾਲਾ ਭਾਈ ਕਦੇ ਕਿਸੇ ਬੱਸ ਨੂੰ
ਕਤਾਰ ਵਿੱਚ ਕਰ ਰਿਹਾ ਸੀ ਕਦੇ ਕਿਸ ਵੈਨ ਦੀ ਗਿਣਤੀ ਕਰੀ ਜਾ ਰਿਹਾ ਸੀ। ਬਹੁਤ ਦਫਾ ਸਾਡੇ ਆਪਣੇ ਹੀ
ਸਮੇਂ ਦੇ ਪਾਬੰਧ ਨਹੀਂ ਸਨ। ਕਈਆਂ ਨੂੰ ਉਡੀਕਦਿਆਂ ਹੀ ਸਮਾਂ ਬਰਬਾਦ ਹੋ ਜਾਂਦਾ ਸੀ। ਦਸ ਵਜੇ ਦੀ
ਬਜਾਏ ਕਾਫ਼ਲਾ ਗਿਆਰਾਂ ਵਜੇ ਤੁਰਿਆ। ਲਾਲ ਬੱਤੀਆਂ ਚਮਕਣ ਵਾਲੀਆਂ ਕਾਰਾਂ, ਪੰਜਾਬ ਪੁਲੀਸ, ਕਮਾਂਡੋ
ਫੋਰਸ ਤੇ ਹੋਰ ਅਮਲਾ ਫੈਲਾ ਆਪੋ ਆਪਣੇ ਲਾਹੂ ਲਸ਼ਕਰ ਨਾਲ ਤਿਆਰ ਖੜਾ ਸੀ। ਨਨਕਾਣਾ ਸਾਹਿਬ ਵਾਲੇ
ਵੀਰਾਂ ਨੇ ਠੰਡੇ ਪਾਣੀ ਦੀਆਂ ਬੋਤਲਾਂ ਸਾਨੂੰ ਵੈਨ ਵਿੱਚ ਬੈਠਣ ਸਮੇਂ ਫੜਾ ਦਿੱਤੀਆਂ। ਵੈਨ ਦਾ ਪਰਦਾ
ਇੱਕ ਪਾਸੇ ਕਰਕੇ ਨਨਕਾਣਾ ਸਾਹਿਬ ਦੇ ਗੇਟ ਕੋਲੋਂ ਦੀ ਲੰਘਦਿਆਂ ਇੱਕ ਵਾਰ ਜਨਮ ਅਸਥਾਨ ਨੂੰ ਫਿਰ
ਨਿਹਾਰਿਆ। ਸਾਰੀਆਂ ਗੱਡੀਆਂ ਵਿਚੋਂ ਜੈਕਾਰਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਪੁਲੀਸ ਦੀਆਂ ਗੱਡੀਆਂ
ਨੇ ਹੂਟਰ ਦੁਆਰਾ ਮਾਹੌਲ ਨੂੰ ਚੌਕੰਨਾ ਕੀਤਾ। ਸਾਰੀਆਂ ਗੱਡੀਆਂ ਹੌਲ਼ੀ ਹੌਲ਼ੀ ਸ਼ਾਹਿਰ ਵਿਚੋਂ ਬਾਹਰ
ਨਿਕਲ ਰਹੀਆਂ ਸਨ। ਰੇਲਵੇ ਲਾਈਨ ਦੇ ਨਾਲ ਨਾਲ ਪਾਰਕ ਬਣੇ ਹੋਏ ਸਨ। ਵੈਨ ਵਿੱਚ ਬੈਠਿਆਂ ਉਹ ਸ਼ਟੇਸ਼ਨ
ਦੇਖਿਆ ਜਿੱਥੇ ਭਾਈ ਲਛਮਣ ਸਿੰਘ ਜੱਥੇ ਨਾਲ ਸਵੇਰੇ ਉੱਤਰੇ ਸਨ ਤੇ ਦੂਜੇ ਪਾਸੇ ਮਹੰਤ ਲਾਹੌਰ ਜਾਣ
ਵਾਲੀ ਗੱਡੀ ਦਾ ਇੰਤਜ਼ਾਰ ਕਰ ਰਿਹਾ ਸੀ। ਇੱਕ ਮਰਾਸਣ ਨੇ ਮਹੰਤ ਨੂੰ ਆ ਕਿ ਦੱਸਿਆ ਸੀ ਕਿ ਸਿੰਘਾ ਦਾ
ਜੱਥਾ ਗੁਰਦੁਆਰਾ ਸਾਹਿਬ ਪਹੁੰਚ ਗਿਆ ਹੈ ਤੇ ਮਹੰਤ ਏੱਥੋਂ ਹੀ ਵਾਪਸ ਚਲਾ ਗਿਆ ਸੀ ਤੇ ਨਨਕਾਣਾ
ਸਾਹਿਬ ਵਾਲਾ ਸਾਕਾ ਵਾਪਰ ਗਿਆ। ਗੱਡੀਆਂ ਅੱਗੇ ਵੱਧਦੀਆਂ ਜਾ ਰਹੀਆਂ ਸਨ ਤੇ ਜਨਮ ਅਸਥਾਨ ਅੱਖੋਂ
ਉਹਲੇ ਹੁੰਦਾ ਜਾ ਰਿਹਾ ਸੀ। ਗੱਡੀਆਂ ਰਫ਼ਤਾਰ ਫੜਨ ਤੋਂ ਸੜਕ ਦੇ ਕਿਨਾਰੇ ਖੜੀਆਂ ਹੁੰਦੀਆਂ ਜਾ ਰਹੀਆਂ
ਸਨ।
ਨਨਕਾਣਾ ਸਾਹਿਬ ਨੂੰ ਪ੍ਰਵੇਸ਼ ਹੋਣ ਵਾਲਾ ਗੇਟ ਅਸੀਂ ਲੰਘੇ ਤਾਂ ਗੱਡੀਆਂ ਵਲ਼ ਵਲੇਵੇਂ ਖਾਂਦੀਆਂ ਦਿਸ
ਦੀਆਂ ਸਨ। ਹਰ ਕੋਈ ਆਪਣੇ ਮੁਬਾਇਲ ਨਾਲ ਫੋਟੋਆਂ ਖਿੱਚ ਰਿਹਾ ਸੀ ਕੋਈ ਮੂਵੀ ਬਣਾ ਰਿਹਾ ਸੀ। ਚਲਦੀ
ਗੱਡੀ ਵਿੱਚ ਨੀਂਦ ਆਉਣੀ ਸੁਭਾਵਕ ਹੈ ਪਰ ਮੇਰੀ ਭਾਵਨਾ ਸੀ ਕਿ ਆਲੇ ਦੁਆਲੇ ਨੂੰ ਦੇਖਦਾ ਜਾਂਵਾਂ।
ਜਿਸ ਤਰ੍ਹਾਂ ਅਸੀਂ ਪਸ਼ੂਆਂ ਲਈ ਪੱਠੇ ਲੈ ਕੇ ਆਉਂਦੇ ਹਾਂ ਓਸੇ ਤਰ੍ਹਾਂ ਉਹ ਲੋਕ ਵੀ ਆਪਣੇ ਪਸ਼ੂਆਂ ਲਈ
ਚਾਰਾ ਆਦਿ ਲੈ ਕੇ ਆ ਰਹੇ ਦਿਸਦੇ ਸਨ। ਪਿੰਡਾਂ ਦੇ ਕੋਲ ਦੀ ਲੰਘਦਿਆਂ ਖਚਰ ਰੇੜਾ ਆਮ ਦਿੱਸਦਾ ਸੀ।
ਜ਼ਿਆਦਾ ਪਹਿਰਾਵਾ ਲੰਬੀ ਕਮੀਜ਼ ਤੇ ਖੁਲ੍ਹੀ ਸਲਵਾਰ ਨਿੱਕੇ ਤੋਂ ਲੈ ਕੇ ਵੱਡੇ ਨੇ ਪਹਿਨੀ ਹੋਈ ਸੀ।
ਬੀਬੀਆਂ ਭੈਣਾਂ ਬੁਰਕਾ ਪਹਿਨਦੀਆਂ ਹਨ। ਬਹੁਤੇ ਮਹਿਕਮਿਆਂ ਵਿੱਚ ਵੀ ਸਲਵਾਰ ਕਮੀਜ਼ ਹੀ ਚੱਲਦੀ ਦੇਖੀ
ਗਈ ਹੈ। ਦੂਰੋਂ ਦੇਖਿਆਂ ਸਾਂਝੇ ਹੁੱਕੇ ਵੀ ਦਿਸਦੇ ਸਨ ਜਿਸ ਦੇ ਆਲੇ ਦੁਆਲੇ ਕਈ ਜਣੇ ਬੈਠੇ ਹੋਏ ਸਨ।
ਕਈ ਰੁੱਖਾਂ ਥੱਲੇ ਬੈਠੇ ਜ਼ਿੰਦਗੀ ਦਾ ਅਨੰਦ ਮਾਣ ਰਹੇ ਸੀ। ਸ਼ਰਾਬ ਦੀ ਭਾਂਵੇਂ ਸਖਤ ਮਨਾਹੀ ਹੈ ਪਰ
ਤੰਮਾਕੂ ਦੀ ਬਹੁਤਾਤ ਵਰਤੋਂ ਕਰਦੇ ਦੇਖੇ ਆਮ ਜਾ ਸਕਦੇ ਹਨ। ਮੁਸਲਮਾਨ ਵੀਰ ਜਾਂ ਕਿਸੇ ਮਾਂ ਨੇ ਆਪਣੇ
ਮੁੰਡੇ ਨੂੰ ਜਾਂ ਕਿਸੇ ਹੋਰਸ ਨੂੰ ਕੋਈ ਮਤ ਦੇਣੀ ਹੋਵੇ ਤਾਂ ਠੇਠ ਪੰਜਾਬੀ ਵਿੱਚ ਬੋਲਦੇ ਸਨ ਤੇਰਾ
ਖਾਨਾ ਖਰਾਬ ਹੋ ਜਾਏ।
ਕਈ ਥਾਂਵਾਂ ਤੇ ਸੜਕ ਥੋੜੀ ਖਰਾਬ ਵੀ ਆਈ ਤੇ ਟੋਲ ਪਲਾਜ਼ੇ ਵੀ ਆਏ ਪਰ ਸਾਡੀਆਂ ਗੱਡੀਆਂ ਨੂੰ ਉਚੇਚੇ
ਤੌਰ ਵੱਖਰੇ ਰਸਤੇ ਦੀ ਜਾਣ ਦੀ ਆਗਿਆ ਹੋਈ ਹੋਣ ਕਰਕੇ ਕੋਈ ਬਹੁਤੀ ਰੋਕ ਨਹੀਂ ਸੀ। ਟਰੱਕਾਂ ਬੱਸਾਂ
ਦੀ ਬੇਹੱਦ ਸਜਾਵਟ ਕੀਤੀ ਹੋਈ ਸੀ। ਟਰੱਕ ਅਗਾਂਹ ਨੂੰ ਕਾਫੀ ਵਧਾਏ ਹੋਏ ਸਨ। ਪਿੰਡਾਂ ਨੂੰ ਜਾਣ
ਵਾਲੀਆਂ ਬੱਸਾਂ ਦੀਆਂ ਸੀਟਾਂ ਕਾਫੀ ਉੱਚੀਆਂ ਤੇ ਹਵਾਦਾਰ ਸਨ। ਦੂਰੋਂ ਪਿੰਡਾਂ ਦੇ ਕੱਚੇ ਘਰ ਵੀ
ਦਿਸਦੇ ਸਨ ਜੋ ਵੰਡ ਤੋਂ ਪਹਿਕਾਂ ਦੀ ਯਾਦ ਦਿਵਾਉਂਦੇ ਸਨ। ਜ਼ਮੀਨ, ਲੋਕ ਬੋਲੀ, ਮਹੱਬਤ, ਪਿਆਰ ਦੋਹਾਂ
ਪੰਜਾਬਾਂ ਦਾ ਇਕੋ ਜੇਹਾ ਲੱਗਦਾ ਸੀ। ਪੁਰਾਣੇ ਬਜ਼ੁਰਗ ਉਸ ਵਕਤ ਨੂੰ ਯਾਦ ਕਰਕੇ ਅੱਜ ਵੀ ਹੰਝੂ
ਕੇਰਨੋਂ ਨਹੀਂ ਰਹਿ ਸਕਦੇ। ਪਿੰਡਾਂ ਦੇ ਨਜ਼ਾਰੇ ਤਕਦਿਆਂ ਤਕਦਿਆਂ ਸਾਡਾ ਕਾਫਲਾ ਸੱਚੇ ਸੌਦੇ ਦੇ
ਗੁਰਦੁਆਰਾ ਵਲ ਨੂੰ ਜਾ ਰਿਹਾ ਸੀ।