ਪਉੜੀ 23
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥
ਸਾਲਾਹੀ ਸਾਲਾਹਿ:
ਰੱਬੀ
ਗੁਣਾਂ ਨੂੰ ਸਲਾਹੁਣਾ ਅਤੇ ਉਨ੍ਹਾਂ ਗੁਣਾਂ ਨੂੰ ਜਿਊਣਾ। ਏਤੀ
ਸੁਰਤਿ ਨ ਪਾਈਆ: ਮਨ ਕੀ ਮੱਤ ਭਾਵ ਚਤੁਰਾਈ,
ਸਿਆਣਪਾਂ ਅਤੇ ਹੰਕਾਰ ਨਾਲ ਕੂੜ ਤੋਂ ਮੁਕਤੀ ਭਾਵ ਚੈਨ ਨਹੀਂ ਮਿਲਦਾ।
ਰੱਬੀ ਗੁਣਾਂ ਦਾ ਧਾਰਨੀ ਹੋਣਾ ਹੀ ਚੰਗਾ ਉੱਦਮ ਹੈ ਵਰਨਾ ਮਨ ਕੀ ਮੱਤ ਨਾਲ
ਬੇਚੈਨੀ, ਅਵਗੁਣ, ਕੂੜ ਅਤੇ ਰੱਬ ਤੋਂ ਦੂਰੀ ਵਧਦੀ ਹੈ।
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥
ਨਦੀਆ:
ਨਿੱਕੇ ਤੋਂ ਨਿੱਕੇ
ਖਿਆਲ। ਨ ਜਾਣੀਅਹਿ: ਪਤਾ
ਹੀ ਨਹੀਂ ਲਗਦਾ ਕਦੋਂ।
ਐਸੇ ਸੋਹਣੇ ਉੱਦਮ (ਰੱਬੀ ਸਿਫਤ ਸਲਾਹ) ਦੇ ਸਦਕੇ ਪਤਾ ਹੀ ਨਹੀਂ ਲੱਗਦਾ ਹੈ
ਕਿ ਕਦੋਂ ਮਨ ਦੇ ਅਧੀਨ ਉੱਠਦੇ ਨਿੱਕੇ ਤੋਂ ਨਿੱਕੇ ਖਿਆਲ (ਨਦੀਆਂ), ਰੱਬੀ ਗੁਣਾਂ ਦੇ ਸਮੁੰਦਰ ’ਚ
ਜਾ ਰਲਦੇ ਹਨ।
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥
ਸਮੁੰਦ ਸਾਹ ਸੁਲਤਾਨ:
ਵਿਸ਼ਾਲਤਾ। ਗਿਰਹਾ: ਪਹਾੜ
ਜੈਸੀ ਅਡੋਲਤਾ। ਮਾਲੁ ਧਨ: ਰੱਬੀ
ਗੁਣਾਂ ਦਾ ਖ਼ਜ਼ਾਨਾ।
ਰੱਬੀ ਰਜ਼ਾ ਭਾਵ ਸੱਚ ਹਰ ਥਾਂ ਵਰਤ ਰਿਹਾ ਹੈ। ਇਸੀ ਸੱਚ ਦੀ ਵਿਸ਼ਾਲਤਾ ਨੂੰ
ਮਾਣਦਾ ਹੋਇਆ ਮਨ ਚੰਗੇ ਗੁਣਾਂ ਦੇ ਖ਼ਜ਼ਾਨੇ ਕਾਰਨ ਅਡੋਲਤਾ ਨੂੰ ਮਾਣਦਾ ਹੈ।
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥23॥
ਕੀੜੀ ਤੁਲਿ ਨ ਹੋਵਨੀ
: ਚੰਗੇ
ਗੁਣ ਪ੍ਰਾਪਤ ਕਰਕੇ ਨਿਮ੍ਰਤਾ ਵਿਚ ਰਹਿਣਾ। ਵਿਰਲਾ ਮਨ ਜਦੋਂ ਚੰਗੇ ਗੁਣਾਂ ਦੇ ਖ਼ਜ਼ਾਨਾ ਪ੍ਰਾਪਤ ਕਰਦਾ
ਹੈ ਤੇ ਮਾਣਦਾ ਹੈ। ਵਰਨਾ ਪਹਾੜ ਜਿਤਨੇ ਦੁਨਿਆਵੀ ਪਦਾਰਥਾਂ ਨਾਲ ਹੰਕਾਰੀ ਮੱਤ ਵਧਦੀ ਹੈ ਨਿਮਰਤਾ
ਨਹੀਂ ਮਿਲਦੀ, ਹੋਰ ਅਸੰਤੋਖੀ ਹੋ ਕੇ ਅਡੋਲਤਾ ਵੀ ਨਹੀਂ ਮਿਲਦੀ।
ਚੰਗੇ ਗੁਣਾਂ ਨਾਲ ਵਿਰਲੇ ਮਨ ਨੂੰ ਵਿਸ਼ਾਲ ਹਿਰਦਾ, ਸੰਤੋਖ, ਪਹਾੜ ਜੈਸੀ
ਅਡੋਲਤਾ ਅਤੇ ਨਿਮ੍ਰਤਾ ਦਾ ਸੁਭਾ ਪ੍ਰਾਪਤ ਹੁੰਦਾ ਹੈ। ਇਹੋ ਸਚਿਆਰਾ ਹੋਣ ’ਚ ਸਹਾਇਕ ਹੁੰਦਾ
ਹੈ। ‘ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ ॥’
ਜਦੋਂ ਵਿਰਲਾ ਮਨ ਨਿਮਰਤਾ ਦਾ ਖ਼ਜ਼ਾਨਾ (ਪਹਾੜ) ਪ੍ਰਾਪਤ ਕਰਦਾ ਹੈ ਤਾਂ ਭਾਵ
ਕੀੜੀ ਹੰਕਾਰ ਰੂਪੀ ਪਹਾੜ ਨੂੰ ਖਾਣ ਜੋਗ ਹੋ ਜਾਂਦੀ ਹੈ। ਹੰਕਾਰ ’ਚ ਅਡੋਲਤਾ ਨਹੀਂ ਮਿਲਦੀ ਨਿਮਰਤਾ
’ਚ ਹੀ ਅਡੋਲ ਰਹਿ ਸਕੀਦਾ ਹੈ।
ਪਉੜੀ ਦਾ ਸਮੁਚਾ ਭਾਵ ਅਰਥ:
ਨਿਮਰਤਾ
’ਚ ਮਨ ਨੀਂਵਾ ਤੇ ਉੱਚੀ ਸੁਰਤ ਪ੍ਰਾਪਤ ਹੁੰਦੀ ਹੈ। ਸਲਾਹੁਣ ਕਰਕੇ ਚੰਗੇ ਗੁਣਾਂ ਦੇ ਖਜ਼ਾਨੇ ਵਾਲੇ
ਸੁਭਾ ਨਾਲ ਰੱਬੀ ਇਕਮਿਕਤਾ ਦੇ ਸਮੁੰਦਰ ਵਿਚ ਮਨ ਦੇ ਇੱਕ-ਇੱਕ ਖਿਆਲ ਦੀਆਂ ਨਦੀਆਂ ਨਾਲੇ ਸਮਾ ਜਾਂਦੇ
ਹਨ। ਰਤਨ-ਜਵਾਹਰ ਵਰਗੇ ਖ਼ਜ਼ਾਨੇ ਦਾ ਨਿਮ੍ਰਤਾ ਭਰਿਆ ਅਡੋਲ ਸੁਭਾ (ਪਹਾੜ) ਪ੍ਰਾਪਤ ਹੁੰਦਾ ਹੈ ਤੇ
ਹੰਕਾਰ ਦਾ ਪਰਬਤ ਮੁਕ ਜਾਂਦਾ ਹੈ। ਨਿਮਰਤਾ ਹੀ ਅਡੋਲਤਾ ਹੈ ਜੋ ਕਿ ਮਨ ਨੂੰ ਸਚਿਆਰ ਬਣਾਉਂਦੀ ਹੈ।
ਵੀਰ ਭੁਪਿੰਦਰ ਸਿੰਘ