ਪਉੜੀ 24
ਨੋਟ:
ਚੰਗੇ ਗੁਣ ਬੇਅੰਤ
ਹਨ ਅਤੇ ਮਨ ਦੇ ਵੇਗ ਤੇ ਖਿਆਲ ਵੀ ਬੇਅੰਤ ਹਨ। ਮਨ ਦੇ ਵਿਚ ਕੀ ਮੰਤਵ ਹਨ, ਲੱਭਣਾ ਔਖਾ ਹੈ। ਰੱਬ ਦੀ
ਬੇਅੰਤਤਾ ਵੀ ਵਿਸਮਾਦਤ ਹੈ।
ਅੰਤੁ ਨ ਸਿਫਤੀ ਕਹਣਿ ਨ ਅੰਤੁ ॥
ਅੰਤੁ ਨ ਸਿਫਤੀ:
ਬੇਅੰਤ
ਰੱਬੀ ਗੁਣ।
ਵਿਰਲੇ ਮਨ ਨੂੰ ਮਹਿਸੂਸ ਹੁੰਦਾ ਹੈ ਕਿ ਸੋਚ ਮੰਡਲ ਵਿਚ ਉਠਦੇ ਬੇਅੰਤ
ਖਿਆਲਾਂ ਨੂੰ ਵੀ ਬੇਅੰਤ ਰੱਬੀ ਗੁਣਾਂ ਰਾਹੀਂ ਰਸਤੇ ਪਾਇਆ ਜਾ ਸਕਦਾ ਹੈ।
ਅੰਤੁ ਨ ਕਰਣੈ ਦੇਣਿ ਨ ਅੰਤੁ ॥
ਵਿਰਲੇ ਮਨ ਨੂੰ ਅਨੁਭਵ ਹੁੰਦਾ ਹੈ ਕਿ ਦੇਣਹਾਰ ਪ੍ਰਭੂ ਦੀ ਦੇਣ (ਰੱਬੀ ਗੁਣ)
ਇਤਨੀ ਵਿਸ਼ਾਲ ਹੈ ਕਿ ਸਮੁੱਚੇ ਜੀਵਨ ਕਾਲ ਵਿਚ ਇਸਦੀ ਵਰਤੋਂ (ਕਰਣੈ) ਕਰਨ ਦੇ ਬੇਅੰਤ ਮੌਕੇ ਮਿਲਦੇ
ਹਨ।
ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥
ਵਿਰਲਾ ਮਨ ਇੰਦਰੀਆਂ ਅਤੇ ਗਿਆਨ-ਇੰਦਰੀਆਂ ਅੰਦਰ ਐਸਾ ਜਜ਼ਬਾ ਬਣਾਉਦਾ ਹੈ ਕਿ
ਹਰ ਪਲ ਕੁਦਰਤ ਦੇ ਪਸਾਰੇ ਵਿਚੋਂ ਸੱਚ ਦੇ ਮਾਰਗ ਨੂੰ ਅਪਣਾਈ ਜਾਂਦਾ ਹੈ।
ਅੰਤੁ ਨ ਜਾਪੈ ਕਿਆ ਮਨਿ ਮੰਤੁ ॥
ਵਿਰਲਾ ਮਨ ਨਿਜਘਰ ਚੋਂ ਆਉਂਦੇ ਸੱਚ ਦੇ ਸੰਦੇਸ਼ਾਂ ਅਤੇ ਜੀਵਨ ਤੇ ਉਨ੍ਹਾਂ ਦੇ
ਅਸਰ ਬਾਰੇ ਜ਼ਰਾ ਵੀ ਸ਼ੱਕ ਨਹੀਂ ਰਹਿੰਦਾ।
ਅੰਤੁ ਨ ਜਾਪੈ ਕੀਤਾ ਆਕਾਰੁ ॥
ਵਿਰਲਾ ਮਨ ਆਪਣੇ ਅੰਦਰ ਉੱਠਦੇ ਹਰ ਖਿਆਲ ਲਈ ਇਕਦਮ ਨਵੀਂ, ਤਾਜ਼ਾ ਅਤੇ ਜੀਵਤ
ਸੋਚ ਨੂੰ ਆਕਾਰ ਲੈਦਿਆਂ ਦੇਖਕੇ ਵਿਸਮਾਦਤ ਹੋ ਉੱਠਦਾ ਹੈ।
ਅੰਤੁ ਨ ਜਾਪੈ ਪਾਰਾਵਾਰੁ ॥
ਵਿਰਲਾ ਮਨ ਇਹ ਵੇਖਕੇ ਆਨੰਦਤ ਹੁੰਦਾ ਹੈ ਕਿ ਕਿਵੇਂ ਸੱਚ ਲਈ ਕੀਤੇ ਉੱਦਮ
ਵਿਚ ਸਾਰੇ ਇੰਦਰੇ, ਗਿਆਨ-ਇੰਦਰੇ ਅਤੇ ਰੋਮ-ਰੋਮ ਇਕ ਕਰਕੇ ਸ਼ਾਮਲ ਹੋਈ ਜਾਂਦੇ ਹਨ।
ਅੰਤ ਕਾਰਣਿ ਕੇਤੇ ਬਿਲਲਾਹਿ ॥
ਵਿਰਲਾ ਮਨ ਹਮੇਸ਼ਾਂ ਸੱਚ ਲੈਣ ਲਈ ਤੱਤਪਰਤਾ ਬਣਾਈ ਰੱਖਦਾ ਹੈ ਕਿਉਂਕਿ ਉਸਨੂੰ
ਸਮਝ ਪੈਂਦੀ ਹੈ ਕਿ ਚੰਗੇ ਗੁਣ ਲੈਣ ਤੋਂ ਰੁਕ ਜਾਣਾ ਹੀ ਹਉਮੈ ਹੈ, ਬਿਲਲਾਉਣਾ ਹੈ।
ਤਾ ਕੇ ਅੰਤ ਨ ਪਾਏ ਜਾਹਿ ॥
ਰੱਬ ਦੇ ਨਿਜ਼ਾਮ ਅੱਗੇ ਨਤਮਸਤਕ ਹੋਕੇ ਬੇਅੰਤ ਰੱਬੀ ਗੁਣਾਂ ਦੇ ਜਾਚਕ ਬਣੇ
ਗੁਣ ਵਿਚ ਹੀ ਭਲਾ ਹੈ।
ਏਹੁ ਅੰਤੁ ਨ ਜਾਣੈ ਕੋਇ ॥
ਜੇ ਆਪਣੇ ਖਿਆਲਾਂ ਨੂੰ ਰੱਬੀ ਗੁਣਾਂ ਨਾਲ ਇਕ ਸੁਰ ਨਾ ਕਰੀਏ ਤਾਂ ਮਨ ਵਿਚ
ਖੁਆਰੀ ਹੀ ਬਣੀ ਰਹਿੰਦੀ ਹੈ।
ਬਹੁਤਾ ਕਹੀਐ ਬਹੁਤਾ ਹੋਇ ॥
ਵਿਰਲੇ ਮਨ ਦੀ ਸੂਝ ਵਧਦੀ ਹੈ ਕਿ ਚੰਗੇ ਗੁਣ ਨੂੰ ਜਿਤਨਾ ਸੁਭਾ ਵਿਚ ਵਰਤੋ
ਵਧਦੇ ਹਨ ਤੇ ਹਉਮੈ ਵੀ ਨਹੀਂ ਸਤਾਉਂਦੀ।
ਵਡਾ ਸਾਹਿਬੁ ਊਚਾ ਥਾਉ ॥
ਸਤਿਗੁਰ ਦੀ ਮੱਤ ਰਾਹੀਂ ਪ੍ਰਾਪਤ ਬਿਬੇਕ ਬੁਧੀ ਨਾਲ ਵਿਰਲੇ ਮਨ ਨੂੰ ਸਮਝ
ਪੈਂਦੀ ਹੈ ਕਿ ਰੱਬ ਜੀ ਵੱਡੇ ਹਨ, ਮਾਲਕ ਹਨ। ਉਨ੍ਹਾਂ ਦਾ ਥਾਉ ਭਾਵ ਸਾਰੇ ਮਨੁੱਖਾਂ ਦੀ ਅੰਤਰ ਆਤਮਾ
(ਨਿਜਘਰ) ਵੀ ਉੱਚਾ ਹੈ। ਮੇਰੇ ਰਾਮ ਹਉ ਸੋ ਥਾਨੁ ਭਾਲਣ ਆਇਆ ॥ (ਗੁਰੂ ਗ੍ਰੰਥ ਸਾਹਿਬ, ਪੰਨਾ
747) ਅਤੇ ਅਗਮ ਰੂਪ ਕਾ ਮਨ ਮਹਿ ਥਾਨਾ ॥ (ਗੁਰੂ ਗ੍ਰੰਥ ਸਾਹਿਬ, ਪੰਨਾ 186)।
ਊਚੇ ਉਪਰਿ ਊਚਾ ਨਾਉ ॥
ਊਚੇ:
ਬੇਅੰਤ ਗੁਣਾਂ ਦੇ
ਮਾਲਕ। ਉਪਰਿ: ਉੱਚੀ। ਨਾਉ: ਨਿਆਂ,
ਨਾਮਣਾ
ਕੇਵਲ ਰੱਬ ਜੀ ਦਾ ਨਿਆਂ ਹੀ ਅਚੂਕ (ਉੱਚਾ) ਹੈ। ਵਿਰਲੇ ਮਨ ਨੂੰ ਸਮਝ ਪੈਂਦੀ
ਹੈ ਕਿ ਉੱਚੇ ਦੀ ਮੱਤ ਲੈਕੇ ਸੁਰਤ, ਮੱਤ ਅਤੇ ਬੁਧ ਵੀ ਉੱਚੀ ਹੋ ਜਾਂਦੀ ਹੈ।
ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥
ਊਚਾ:
ਰੱਬੀ ਗੁਣ; ਜਾਣੈ
ਸੋਇ: ਸਮਾ ਜਾਣਾ।
ਰੱਬੀ ਇਕਮਿਕਤਾ, ਰੱਬੀ ਗੁਣਾਂ ਨੂੰ ਲੈ ਕੇ ਜਿਊਣ ਨਾਲ ਹੀ ਹੁੰਦੀ ਹੈ ਤੇ
ਇਹੀ ਉਸ ਪ੍ਰਮਾਤਮਾ ਵਿਚ ਸਮਾ ਜਾਣਾ ਹੈ। ਗੁਰਮੁਖਿ ਹੋਵੈ ਸੋਈ ਬੁਝੈ ਗੁਣ ਕਹਿ ਗੁਣੀ ਸਮਾਵਣਿਆ
॥ (ਗੁਰੂ ਗ੍ਰੰਥ ਸਾਹਿਬ, ਪੰਨਾ : 110)
ਜੇਵਡੁ ਆਪਿ ਜਾਣੈ ਆਪਿ ਆਪਿ ॥
ਵਿਰਲਾ ਮਨ ਜਿਉਂ-ਜਿਉਂ ਨਿਜਘਰ (ਆਪਿ) ’ਚ ਰੱਬੀ ਗੁਣਾਂ ਨੂੰ ਮਹਿਸੂਸ ਕਰਦਾ
ਹੈ ਤਾਹੀਓਂ ਆਪਣੇ ਮੂਲ ਨੂੰ ਪਛਾਣਦਾ ਹੈ। ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ (ਗੁਰੂ ਗ੍ਰੰਥ ਸਾਹਿਬ,
ਪੰਨਾ 441)
ਨਾਨਕ ਨਦਰੀ ਕਰਮੀ ਦਾਤਿ ॥24॥
ਵਿਸਮਾਦਤ ਅਵਸਥਾ ਵਿਚ ਨਾਨਕ ਜੀ ਆਖਦੇ ਹਨ ਕਿ ਸਤਿਗੁਰ ਦੇ ਤੱਤ ਗਿਆਨ
(ਨਦਰੀ) ਨਾਲ ਚੰਗੇ ਗੁਣਾਂ ਵਾਲੀ ਬਿਬੇਕ ਬੁਧ ਹੀ ਦਾਤ ਹੈ, ਕਰਮੀ ਦਾ ਕਰਮ ਹੈ। ਭਾਵ ਰੱਬ ਨਦਰੀ ਦੀ
ਦਾਤ ਬਿਬੇਕ ਬੁਧ ਹੈ ਅਤੇ ਇਹੋ ਕਰਮੀ ਦਾ ਕਰਮ ਅਤੇ ਬਖ਼ਸ਼ਿਸ਼ ਜੋਕਿ ਵਿਰਲਾ ਮਨ ਪ੍ਰਾਪਤ ਕਰਦਾ ਹੈ।
24ਵੀਂ ਪਉੜੀ ਦਾ ਨਿਚੋੜ - ਜੋ ਵੀ ਬੇਅੰਤ ਗੁਣਾਂ ਦੇ ਮਾਲਕ (ਉੱਚੇ) ਰੱਬ ਜੀ
ਨਾਲ ਜੁੜ ਜਾਂਦਾ ਹੈ, ਉਸਦਾ ਜੀਵਨ ਆਚਰਣ ਸੁਰਤ ਵੀ ਉੱਚੀ ਹੋ ਜਾਂਦੀ ਹੈ। ਰੱਬ ਉੱਚਾ ਹੈ, ਉਸਦਾ
ਨਾਮਣਾ, ਰਜ਼ਾ, ਹੁਕਮ ਉੱਚਾ ਹੈ। ਉੱਚੇ ਅੱਗੇ ਸਮਰਪਣ ਨਾਲ ਜਦੋਂ ਗੁਣ ਮਾਣਦਾ ਹੈ ਤਾਂ ਗੁਣਾਂ ਕਰਕੇ
ਗੁਣਾਂ ਦੇ ਖ਼ਜ਼ਾਨੇ ਵਿਚ ਅਭੇਦ ਹੋ ਜਾਂਦਾ ਹੈ। ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥
ਸੁ ਏਤੁ ਖਜਾਨੈ ਲਇਆ ਰਲਾਇ ॥ (ਗੁਰੂ ਗ੍ਰੰਥ ਸਾਹਿਬ, ਪੰਨਾ: 186)।
ਵਿਰਲਾ ਮਨ ਵੱਡੇ ’ਚ ਸਮਾ ਜਾਣ ਨਾਲ ਵੱਡੇ ਦਾ ਵੱਡਾ ਨਾਓ ਮਹਿਸੂਸ ਕਰਦਾ ਹੈ।
ਨਾਨਕ ਜੀ ਆਖਦੇ ਹਨ ਕਿ ਇਹ ਬਿਬੇਕ ਬੁੱਧ ਦੀ ਪ੍ਰਾਪਤੀ ਹੀ ਨਦਰੀ ਦੀ ਦਾਤ (ਕਰਮ, ਬਖ਼ਸ਼ਿਸ਼) ਹੈ।
ਵੀਰ ਭੁਪਿੰਦਰ ਸਿੰਘ