ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਪੰਜਾ ਸਾਹਿਬ ਨੂੰ ਚਾਲੇ
ਗੁਰਦੁਆਰਾ ਸੱਚਾ ਸੌਦਾ ਜੋ ਕਿ
ਚੂਹੜਕਾਣਾ ਵਿਖੇ ਸਥਿੱਤ ਸੀ ਉਸ ਦੇ ਦਰਸ਼ਨ ਕਰਕੇ ਪੰਜਾ ਸਾਹਿਬ ਵਲ ਅਸੀਂ ਪੌਣੇ ਦੋ ਵਜੇ ਦੇ ਕਰੀਬ
ਚੱਲ ਪਏ ਸੀ। ਵਲ਼-ਵਲੇਵੇਂ ਖਾਂਦਿਆਂ ਸਾਡੀਆਂ ਗੱਡੀਆਂ ਹੁਣ ਉਸ ਸੜਕ ਤੇ ਪੈ ਗਈਆਂ ਜੋ ਅਮਰੀਕਾ ਦੀ
ਤਰਜ਼ ਤੇ ਬਣਾਈ ਹੋਈ ਸੀ। ਇਹ ਸੜਕ ਲਾਹੌਰ ਤੋਂ ਪਿਸ਼ਾਵਰ ਤੱਕ ਦਾ ਕੋਈ ੫੦੦ ਕਿਲੋਮੀਟਰ ਦੀ ਲੰਮਾ ਪੰਧ
ਮਕਾਉਂਦੀ ਹੈ। ਇਸ ਸੜਕ ਨੂੰ ਅਮਰੀਕਾ ਵਾਲਿਆਂ ਨੇ ਬਣਾਇਆ ਦੱਸਿਆ ਜਾਂਦਾ ਹੈ। ਇੱਕ ਪਾਸੇ ਇਕੱਠੀਆਂ
ਤਿੰਨ ਗੱਡੀਆਂ ਚੱਲ ਸਕਦੀਆਂ ਹਨ। ਸੜਕ ਦੇ ਦੋਹਾਂ ਕਿਨਾਰਿਆਂ ਤੇ ਰੋਕ ਲੱਗੀ ਹੋਈ ਹੈ। ਇਸ ਰੋਕ ਦੇ
ਬਾਅਦ ਪੂਰੀ ਹਰਿਆਵਲ ਹੈ ਭਾਵ ਦਰੱਖਤ ਆਦਿ ਲੱਗੇ ਹੋਏ ਦਿਖਾਈ ਦੇਂਦੇ ਹਨ। ਏੱਥੇ ਫਿਰ ਜਾਲੀ ਲੱਗੀ
ਹੋਈ ਹੈ। ਏਦਾਂ ਕਿਹਾ ਜਾ ਸਕਦਾ ਹੈ ਕਿ ਇਸ ਸੜਕ ਦੇ ਦੋਵੇਂ ਪਾਸੇ ਦੋਹਰੀ ਦੋਹਰੀ ਸੁਰੱਖਿਆ ਦੀਵਾਰ
ਬਣਾਈ ਹੋਈ ਹੈ। ਬਾਹਰਲੇ ਪਾਸੇ ਤੋਂ ਇਸ ਸੜਕ `ਤੇ ਕੋਈ ਮਨੁੱਖ ਜਾਂ ਪੁਸ਼ੂ ਆਦਿ ਨਹੀਂ ਚੜ੍ਹ ਸਕਦਾ।
ਦੂਜਾ ਇਸ ਸੜਕ ਤੇ ਚੜ੍ਹਨ ਲਈ ਕੋਈ ਆਮ ਰਸਤਾ ਨਹੀਂ ਹੈ ਤੇ ਨਾ ਹੀ ਇਸ ਸੜਕ `ਤੇ ਕੋਈ ਟੋਲ ਪਲਾਜ਼ਾ
ਹੈ। ਜਦੋਂ ਕਿਸੇ ਸ਼ਹਿਰ ਦੀ ਕੋਈ ਸੜਕ ਇਸ ਵੱਡੀ ਸੜਕ ਤੇ ਪੈਂਦੀ ਹੈ ਤਾਂ ਓਦੋਂ ਹੀ ਟੋਲ ਟੈਕਸ ਲੱਗ
ਜਾਂਦਾ ਹੈ। ਇਸ ਸੜਕ `ਤੇ ਕਿਤੇ ਵੀ ਕੋਈ ਕੱਟ ਨਹੀਂ ਹੈ ਤੇ ਨਾ ਹੀ ਕੋਈ ਲਾਲਬੱਤੀ ਹੈ। ਇਸ ਹਾਈਵੇ
`ਤੇ ਸਾਇਕਲ, ਟ੍ਰੈਕਟਰ-ਟਰਾਲੀ, ਹੱਥ ਵਾਲਾ ਰੇੜਾ ਤੇ ਨਾ ਹੀ ਕੋਈ ਪੈਦਲ ਚੱਲ ਸਕਦਾ ਹੈ। ਜਿੱਥੋਂ
ਅਸੀਂ ਇਸ ਸੜਕ `ਤੇ ਚੜ੍ਹੇ ਸੀ ਓੱਥੋਂ ਹਸਨ ਅਬਦਾਲ ਦਾ ਰਸਤਾ ੩੮੦ ਕਿਲੋਮੀਟਰ ਦਾ ਸੀ। ਗੱਡੀਆਂ ਹਵਾ
ਨਾਲ ਗੱਲਾਂ ਕਰਦੀਆਂ ਜਾਂਦੀਆਂ ਸਨ ਤੇ ਨਾਲ ਕਮਾਂਡੋਂ ਦਸਤੇ ਵੀ ਪੂਰੀ ਨਿਗਰਾਨੀ ਰੱਖ ਰਹੇ ਸਨ। ਸੜਕ
ਦੇ ਦੋਹੀਂ ਪਾਸੀਂ ਸਬਵੇਅ ਜਾਂ ਕੇ. ਐਫ. ਸੀ. ਅਮਰੀਕੀ ਤਰਜ਼ ਦੇ ਮਿਲ ਰਹੇ ਸਨ।
ਲੰਬੇ ਸਫਰ ਲਈ ਖਾਣ ਤੇ ਪੀਣ ਦਾ ਹਲਕਾ ਜੇਹਾ ਸਮਾਨ ਨਾਲ ਲੈ ਕੇ ਲੈਣਾ ਚਾਹੀਦਾ ਹੈ। ਸਾਡੇ ਨਾਲ
ਦਿੱਲੀ ਵਾਲੇ ਪ੍ਰਵਾਰ ਸਨ ਤੇ ਅਸੀਂ ਸਾਰੇ ਰਲ਼ ਮਿਲ ਕੇ ਹੀ ਕੁੱਝ ਨਾ ਕੁੱਝ ਛੱਕ ਰਹੇ ਸੀ। ਚੱਲਦਿਆਂ
ਚੱਲਦਿਆਂ ਇਸ ਕਾਫਲੇ ਵਿਚੋਂ ਇੱਕ ਬਜ਼ੁਰਗ ਬਿਮਾਰ ਹੋ ਗਿਆ ਸੀ ਤੇ ਐਂਬੂਲੈਂਸ ਉਸ ਨੂੰ ਹਸਪਤਾਲ ਵਿਚੋਂ
ਦਵਾਈ ਦਿਵਾਉਣ ਲਈ ਚਲੇ ਗਈ। ਚੱਲ ਰਿਹਾ ਕਾਫਲਾ ਇੱਕ ਸਬਵੇਅ ਤੇ ਰੁੱਕਿਆ ਕਿਉਂ ਕਿ ਕਾਫਲੇ ਨੂੰ
ਚੱਲਿਆਂ ਕਾਫ਼ੀ ਸਮਾਂ ਵੀ ਹੋ ਚੁੱਕਿਆ ਸੀ। ਪਹਿਲਾਂ ਤਾਂ ਲੋਕ ਇਹ ਸਮਝਦੇ ਸੀ ਕਿ ਜਿੱਥੇ ਅਸੀਂ ਰੁਕਣਾ
ਹੈ ਓੱਥੇ ਸ਼ਾਇਦ ਪੰਜਾਬੀ ਢਾਬਾ ਹੋਏਗਾ, ਮਾਂਹ ਦੀ ਦਾਲ ਨੂੰ ਤੜਕਾ ਲੱਗ ਰਿਹਾ ਹੋਵੇਗਾ ਤੇ ਤੰਦੂਰੀ
ਰੋਟੀਆਂ ਪਕਾਉਣ ਦੇ ਪਟਾਕੇ ਵੱਜ ਰਹੇ ਹੋਣਗੇ ਪਰ ਏੱਥੇ ਤਾਂ ਕੇ. ਐਫ. ਸੀ. ਜਾਂ ਸਬਵੇਅ ਹੀ ਸੀ।
ਲੋਕਾਂ ਨੇ ਆਪੋ ਆਪਣੀ ਮਰਜ਼ੀ ਅਨੁਸਾਰ ਦੋਹਾਂ ਥਾਂਵਾਂ ਤੋਂ ਹੀ ਕੁੱਝ ਨਾ ਕੁੱਝ ਖਾਧਾ। ਥੋੜਾ ਸਮਾਂ
ਹੀ ਏੱਥੇ ਰੁਕੇ ਸੀ। ਇਹਨਾਂ ਦੀ ਸਫ਼ਾਈ ਆਦਿ ਦੇਖ ਕੇ ਵੱਡਿਆਂ ਮੁਲਕਾਂ ਦੀ ਯਾਦ ਆ ਰਹੀ ਸੀ। ਥੋੜੇ
ਚਿਰ ਵਿੱਚ ਐਂਬੂਲੈਂਸ ਬਜ਼ੁਰਗ ਭਾਈ ਨੂੰ ਲੈ ਕੇ ਆ ਗਈ। ਅਵਾਜ਼ਾਂ ਪੈਂਦਿਆਂ ਹੀ ਲੋਕ ਸਵਾਰ ਹੋਣੇ ਸ਼ੁਰੂ
ਹੋ ਗਏ। ਏੱਥੇ ਸਵਾਰ ਹੁੰਦਿਆਂ ਕੋਈ ਬਹੁਤੀ ਦੇਰ ਨਹੀਂ ਲੱਗੀ ਕਿਉਂਕਿ ਹਰੇਕ ਨੂੰ ਮੰਜ਼ਿਲ `ਤੇ
ਪਹੁੰਚਣ ਦੀ ਕਾਹਲੀ ਸੀ।
ਇਕ ਵਾਰ ਫਿਰ ਗਿਣਤੀ ਹੋਣ ਲੱਗੀ ਆਲਾ ਦੁਆਲਾ ਦੇਖਿਆ ਤੇ ਗੱਡੀਆਂ ਨੂੰ ਅੱਗੇ ਤੁਰਨ ਦੀ ਝੰਡੀ ਮਿਲ
ਗਈ। ਆਗੂ ਗੱਡੀਆਂ ਨੇ ਸੁਚੇਤ ਕਰਨ ਲਈ ਸਰਕਾਰੀ ਅਵਾਜ਼ਾਂ ਕੱਢੀਆਂ ਸਭ ਲੋਕ ਦੇਖਣ ਲੱਗ ਪਏ, ਕਈਆਂ ਨੇ
ਹੱਥ ਹਿਲਾ ਕੇ ਵਿਦਾ ਕੀਤਾ।
ਪੰਜ ਆਬ ਨੂੰ ਪੰਜਾਬ ਕਿਹਾ ਜਾਂਦਾ ਹੈ। ਵੱਸਦੇ ਰਸਦੇ ਪੰਜਾਬ ਦੇ ਦੋ ਟੁਕੜੇ ਹੋ ਗਏ ਤੇ ਨਾਲ ਹੀ
ਪੰਜਾਂ ਦਰਿਆਵਾਂ ਨੂੰ ਢਾਈ ਢਾਈ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਬਿਆਸ, ਸਤਲੁਜ ਤੇ ਅੱਧੀ ਰਾਵੀ
ਪੂਰਬੀ ਪੰਜਾਬ ਵਿੱਚ ਵੱਗਦੇ ਹਨ ਤੇ ਏਸੇ ਤਰ੍ਹਾਂ ਜੇਹਲਮ, ਚਨਾਬ ਤੇ ਅੱਧੀ ਰਾਵੀ ਪੱਛਮੀ ਪੰਜਾਬ
ਵਿੱਚ ਵੱਗਦੇ ਹਨ। ਜੇਹਲਮ ਕਸ਼ਮੀਰ ਵਿਚੋਂ ਵਾਰਿਨਾਗ ਆਦਿ ਚਸ਼ਮਿਆਂ ਤੋਂ ਉਪਜ ਕੇ ਬਾਰਾਂਮੁਲਾ
ਮੁਜ਼ਫਰਾਬਾਦ, ਕੋਹਾਲਾ, ਜੇਹਲਮ, ਗੁਜਰਾਤ, ਸ਼ਾਹਪੁਰ, ਝੰਗ ਆਦਿ ਇਲਾਕਿਆਂ ਵਿਚੋਂ ੪੫੦ ਮੀਲ ਵਹਿੰਦੀ
ਹੋਈ ਮਘਿਆਣਾ ਪਾਸ ਚਨਾਬ ਵਿੱਚ ਜਾ ਮਿਲਦੀ ਹੈ। ਕਸ਼ਮੀਰ ਦੀ ਰਾਜਧਾਨੀ ਸ਼੍ਰੀ ਨਗਰ ਇਸ ਦੇ ਕਿਨਾਰੇ
ਅਬਾਦ ਹੈ। ਰੇਲ ਦੇ ਰਸਤੇ ਰਾਂਹੀ ਲਾਹੌਰ ਤੋਂ ਜੇਹਲਮ ੧੦੪ ਮੀਲ ਹੈ। ਏਸੇ ਤਰ੍ਹਾਂ ਚਨਾਬ ਕਸ਼ਮੀਰ ਦੇ
ਇਲਾਕੇ ਅਖਨੂਰ ਕਿਸਟਵਾਦ ਅਤੇ ਚੰਬਾ ਰਾਜ ਵਿੱਚ ਵਹਿੰਦੀ ਹੋਈ ਸਿਆਲਕੋਟ ਤੇ ਵਜ਼ੀਰਾਬਾਦ ਦੇ ਇਲਾਕਿਆਂ
ਦੀ ਜ਼ਮੀਨ ਨੂੰ ਪਾਣੀ ਨਾਲ ਨਿਹਾਲ ਕਰਦੀ ਹੋਈ ਝੰਗ ਜ਼ਿਲ੍ਹੇ ਜੇਹਲਮ ਵਿੱਚ ਮਿਲ ਕੇ ਅਤੇ ਸਿੰਧ ਪਾਸ
ਰਾਵੀ ਨਾਲ ਇਕੱਠੇ ਹੋ ਕੇ ਮਿੱਠਨਕੋਟ ਦੇ ਮੁਕਾਮ ਤੇ ਸਿੰਧੁਨਾਦ ਵਿੱਚ ਜਾ ਮਿਲਦੀ ਹੈ।
ਜੇਹਲਮ ਤੇ ਚਨਾਬ ਨੂੰ ਪਾਠ ਪੁਸਤਕਾਂ ਵਿੱਚ ਹੀ ਪੜ੍ਹਿਆ ਸੀ ਪਰ ਅੱਜ ਜਦੋਂ ਅਸੀਂ ਜੇਹਲਮ ਤੇ ਚਨਾਬ
ਨੂੰ ਪਾਰ ਕਰ ਰਹੇ ਸੀ ਤਾਂ ਇਹ ਮਹਿਸੂਸ ਕੀਤਾ ਕਿ ਅਸੀਂ ਆਪਣੇ ਪੰਜਾਬ ਨੂੰ ਗਵਾ ਕੇ ਇਸ ਦੇ ਇਤਿਹਾਸ
ਹੀ ਗਵਾ ਲਿਆ ਹੈ। ਆਪਣੇ ਪੰਜਾਬ ਵਿੱਚ ਹੀ ਆਉਣ ਲਈ ਕਈ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਣਵੰਡੇ ਪੰਜਾਬ ਦੀ ਸਾਰੀ ਕਹਾਣੀ ਅੱਖਾਂ ਸਾਹਮਣੇ ਘੁੰਮਦੀ ਨਜ਼ਰ ਆਈ। ਉਹ ਕਿਹੋ ਜੇਹਾ ਸਮਾਂ ਹੋਏਗਾ
ਜਦੋਂ ਠਾਠਾਂ ਮਾਰਦੇ ਦਰਿਆਵਾਂ ਨੂੰ ਮਹਾਂਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਪਾਰ ਕੀਤਾ ਹੋਏਗਾ।
ਭਾਂਵੇਂ ਧਰਤੀ ਇਕੋ ਜੇਹੀ ਹੈ ਲੋਕਾਂ ਦਾ ਪਹਿਰਾਵਾ ਕੋਈ ਬਹੁਤਾ ਵੱਖਰਾ ਨਹੀਂ ਹੈ। ਮਾਖਿਓਂ ਮਿੱਠੀ
ਪੰਜਾਬੀ ਬੋਲੀ ਸਾਰੇ ਪਿਆਰ ਨਾਲ ਬੋਲਦੇ ਸਨ। ਮਜ਼ਹਬ ਭਾਂਵੇਂ ਵੱਖੋ ਵੱਖਰੇ ਹਨ ਪਰ ਭਰਾਵਾਂ ਵਾਲੀ
ਅਪਣਤ ਬਰਕਾਰ ਨਜ਼ਰ ਆਈ ਹੈ। ਅਜੇਹੀਆਂ ਸੋਚਾ ਸੋਚਦਿਆਂ ਆਪਣੇ ਹੀ ਪੰਜਾਬ ਵਿੱਚ ਸਰਕਾਰੀ ਮਹਿਮਾਨ ਬਣ
ਕੇ ਸੁਰੱਖਿਆ ਅਧੀਨ ਸੜਕ `ਤੇ ਭੱਜੇ ਜਾ ਰਹੇ ਸੀ।
ਰਸਤੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ। ਸਾਡੀ ਵੈਨ ਵਾਲੇ ਵੀਰ ਨੇ ਆਪਣੀ ਗੱਡੀ `ਤੇ ਤ੍ਰਿਪਾਲ ਨਹੀਂ
ਪਾਈ ਹੋਈ ਸੀ। ਸਭ ਨੂੰ ਚਿੰਤਾ ਹੋਣ ਲੱਗੀ ਕਿ ਕਿਤੇ ਸਾਡਾ ਸਮਾਨ ਹੀ ਨਾ ਭਿੱਜ ਜਾਏ। ਡ੍ਰਾਈਵਰ ਨੂੰ
ਕਿਹਾ ਕਿ ਊਪਰ ਤ੍ਰਿਪਾਲ ਪਾ ਲੈਣੀ ਚਾਹੀਦੀ ਹੈ। ਹੁਣ ਫਿਰ ਉਹ ਹੀ ਸਮੱਸਿਆ ਸੀ ਕਿ ਸਾਡੀ ਗੱਡੀ ਨੂੰ
ਪਉੜੀ ਨਹੀਂ ਸੀ। ਦੂਸਰੀ ਗੱਡੀ ਨੂੰ ਬਰਾਬਰ ਖੜਾ ਕੀਤਾ ਤੇ ਫਿਰ ਊਪਰ ਤਰਪਾਲ ਪਾਈ। ਕਿਤੇ ਮੀਂਹ ਤੇਜ਼
ਪੈ ਰਿਹਾ ਸੀ ਕਿਤੇ ਮੀਂਹ ਹੌਲ਼ੀ ਪੈ ਰਿਹਾ ਸੀ। ਸ਼ਾਮ ਪੈ ਰਹੀ ਸੀ। ਰਹਿਰਾਸ ਦਾ ਸਮਾਂ ਹੋ ਗਿਆ ਸੀ,
ਸਾਰਿਆਂ ਨੇ ਰਲ਼ ਕੇ ਪਾਠ ਕੀਤਾ ਤੇ ਧਾਰਨਾ ਲਗਾ ਕੇ ਧੂੰਦਾ ਜੀ ਨੇ ਸ਼ਬਦ ਪੜ੍ਹੇ। ਸੜਕ `ਤੇ ਚਲਦਿਆਂ
ਨੇੜੇ ਪਿੰਡ ਦੇਖੇ ਸਨ ਹੁਣ ਦੂਰੋਂ ਕਈ ਪਿੰਡਾਂ ਦੀ ਲਾਈਟਾਂ ਦਿਸਦੀਆਂ ਸਨ। ਕਈ ਸ਼ਾਹਿਰਾਂ ਦੀਆਂ
ਬੱਤੀਆਂ ਜਗਦੀਆਂ ਦਿਸ ਰਹੀਆਂ ਸਨ। ਹੁਣ ਅਸੀ ਪਹਾੜੀ ਰਸਤੇ ਨੂੰ ਤਹਿ ਕਰ ਰਹੇ ਸੀ ਜਿਸ ਕਰਕੇ ਗੱਡੀ
ਦੀ ਸਪੀਡ ਘੱਟੀ ਤੇ ਸੂਰਜ ਅਲੋਪ ਹੋ ਗਇਆ ਸੀ। ਇੰਜ ਮਹਿਸੂਸ ਹੋ ਰਿਹਾ ਸੀ ਕਿ ਸਾਡਾ ਹਸਨ ਅਬਦਾਲ
ਨੇੜੇ ਨੇੜੇ ਆਉਣਾ ਸ਼ੁਰੂ ਹੋ ਗਿਆ ਹੈ। ਜਗਦੀਆਂ ਬੱਤੀਆਂ ਵਿੱਚ ਦੀ ਲੰਘਦਿਆਂ ਹੁਣ ਅਸੀਂ ਤਕਰੀਬਨ ਨੌਂ
ਕੁ ਵਜੇ ਗੁਰਦੁਆਰਾ ਪੰਜਾ ਸਾਹਿਬ ਦੇ ਨੇੜੇ ਪਹੁੰਚ ਗਏ। ਕਿਤੇ ਸਬਜ਼ੀ ਵਾਲੀਆਂ ਰੇੜ੍ਹੀਆਂ ਲੱਗੀਆਂ
ਹੋਈਆਂ ਸਨ ਜਿੰਨਾਂ ਤੇ ਕਾਫੀ ਭੀੜ ਸੀ। ਕਿਤੇ ਪੰਜਾਬ ਵਰਗੇ ਢਾਬਿਆਂ `ਤੇ ਬੈਠ ਕੇ ਲੋਕ ਰੋਟੀ ਖਾ
ਰਹੇ ਸਨ। ਮੋਟਰ ਸਾਇਕਲਾਂ ਤੇ ਪੂਰਾ ਪੂਰਾ ਪਰਵਾਰ ਲੱਦਿਆ ਹੋਇਆ ਨਜ਼ਰ ਆਉਂਦਾ ਸੀ। ਗੁਰਦੁਆਰਾ ਸਾਹਿਬ
ਵਾਲੀ ਸੜਕ ਬਹੁਤ ਛੋਟੀ ਸੀ ਇਸ ਲਈ ਇਕੱਲੀ ਇਕੱਲੀ ਗੱਡੀ ਦੀਆਂ ਸਵਾਰੀਆਂ ਤੇ ਉਹਨਾਂ ਦਾ ਸਮਾਨ ਉਤਾਰਨ
ਕਰਕੇ ਕਾਫੀ ਸਮਾਂ ਲੱਗ ਰਿਹਾ ਸੀ।
ਸਾਨੂੰ ਤਾਂ ਲਗ-ਪਗ ਦਸ ਹੀ ਵੱਜ ਗਏ ਸਨ ਗੱਡੀ ਵਿਚੋਂ ਉਤਰਦਿਆਂ। ਜਿਉਂ ਹੀ ਅਸੀਂ ਗੱਡੀ ਵਿਚੋਂ ਉਤਰੇ
ਤਾਂ ਅਗਲੇ ਪਾਸੇ ੧੫-੨੦ ਨੌਜਵਾਨ ਸਵਾਗਤ ਲਈ ਖੜੇ ਸਨ। ਉਹਨਾਂ ਫੁੱਲਾਂ ਦੀਆਂ ਪੱਤੀਆਂ ਥਾਲੀ ਵਿੱਚ
ਪਾਈਆਂ ਹੋਈਆਂ ਸਨ ਜੋ ਸਵਾਗਤ ਵਜੋਂ ਊਪਰ ਦੀ ਸੁਟੀਆਂ ਗਈਆਂ। ਭਾਂਵੇਂ ਸਾਨੂੰ ਇਹਨਾਂ ਫੁੱਲਾਂ ਦੀ
ਜ਼ਰੂਰਤ ਨਹੀਂ ਸੀ ਪਰ ਉਹਨਾਂ ਵੀਰਾਂ ਦਾ ਪਿਆਰ ਦੇਖ ਕੇ ਸਾਨੂੰ ਧੰਨਵਾਦ ਵਾਲੇ ਸ਼ਬਦ ਉਪਰੇ ਲੱਗ ਰਹੇ
ਸੀ। ਇਹ ਵੀਰ ਦੋ ਦੋ ਹਜ਼ਾਰ ਕਿਲੋਮੀਟਰ ਦਾ ਸਫਰ ਤਹਿ ਕਰਕੇ ਏੱਥੇ ਸਾਨੂੰ ਮਿਲਣ ਲਈ ਆਏ ਹੋਏ ਸਨ। ਭਾਈ
ਸਰਬਜੀਤ ਸਿੰਘ ਜੀ ਧੂੰਦਾ ਸਮੇਤ ਸਿੱਖੀ ਲਹਿਰ ਦੀ ਟੀਮ ਨੂੰ ਮਿਲਣ ਦੀ ਬਹੁਤ ਤਾਂਘ ਸੀ। ਜੈਕਾਰਿਆਂ
ਦੀ ਗੂੰਜ ਵਿੱਚ ਉਹਨਾਂ ਨੇ ਸਾਡਾ ਸਵਾਗਤ ਕੀਤਾ। ਇਹਨਾਂ ਨੌਜਵਾਨ ਵੀਰਾਂ ਦਾ ਪਿਆਰ, ਮਾਹੌਲ ਨੂੰ
ਬਹੁਤ ਜ਼ਿਆਦਾ ਭਾਵਕ ਕਰ ਰਿਹਾ ਸੀ। ਗੱਡੀ ਤੋਂ ਸਮਾਨ ਉਤਾਰਿਆ ਤੰਗ ਕੀਤੇ ਰਸਤੇ ਵਾਲੇ ਦਰਵਾਜ਼ੇ `ਤੇ
ਲੱਗੀਆਂ ਐਕਸਰੇ ਮਸ਼ੀਨਾਂ ਵਿੱਚ ਸਮਾਨ ਨੂੰ ਪਾ ਦਿੱਤਾ। ਉਹਨਾਂ ਮਸ਼ੀਨਾ ਦੇ ਦਸਣ ਅਨੁਸਾਰ ਸਾਨੂੰ ਅੱਗੇ
ਜਾਣ ਦਿੱਤਾ। ਬਹੁਤੀ ਭੀੜ ਇਸ ਮਸ਼ੀਨ ਕਰਕੇ ਹੀ ਸੀ।
ਕੁਝ ਕੁ ਸਮਾਂ ਸਾਨੂੰ ਕਮਰੇ ਦੀ ਦਿੱਕਤ ਆਈ ਸੀ ਬਹੁਤ ਛੇਤੀ ਸਾਨੂੰ ਊਪਰਲੀ ਮੰਜ਼ਿਲ `ਤੇ ਕਮਰਾ ਮਿਲ
ਗਿਆ ਤਿੰਨ ਬਿਸਤਰੇ ਥੱਲੇ ਲੱਗੇ ਹੋਏ ਸਨ ਇੱਕ ਮੰਜਾ ਡੱਠਾ ਹੋਇਆ ਸੀ। ਰਾਤ ਦੇ ਗਿਆਰਾਂ ਵੱਜਣ ਨੂੰ
ਤਿਆਰ ਸਨ। ਇਹਨਾਂ ਨੌਜਵਾਨ ਵੀਰਾਂ ਨੇ ਸਾਨੂੰ ਬਹੁਤ ਜਲਦੀ ਪ੍ਰਸ਼ਾਦਾ ਛਕਾਇਆ ਤੇ ਗੱਲਾਂ ਬਾਤਾਂ ਕਰਨ
ਲੱਗ ਪਏ। ਏੱਥੇ ਸਾਡੀ ਵੀ ਮਜ਼ਬੂਰੀ ਸੀ ਕਿ ਅਸੀਂ ਸਵੇਰ ਦੇ ਚੱਲੇ ਹੋਣ ਕਰਕੇ ਥਕਾਵਟ ਬਹੁਤ ਜ਼ਿਆਦਾ
ਸੀ। ਦੂਜਾ ਸਵੇਰ ਦੇ ਦੀਵਾਨ ਵਿੱਚ ਧੂੰਦਾ ਜੀ ਨੇ ਕਥਾ ਵੀ ਕਰਨੀ ਸੀ। ਉਹਨਾਂ ਨੌਜਵਾਨ ਵੀਰਾਂ ਦੇ
ਸਵਾਲ ਬਹੁਤ ਸਨ ਕੁੱਝ ਕੁ ਦੇ ਜੁਆਬ ਦਿੱਤੇ ਪਰ ਰਾਤ ਜ਼ਿਆਦਾ ਹੋਣ ਕਰਕੇ ਸਵੇਰੇ ਮਿਲਣ ਦੀ ਆਸ ਨਾਲ ਉਹ
ਵੀਰ ਆਪੋ ਆਪਣੇ ਟਿਕਾਣਿਆਂ `ਤੇ ਚਲੇ ਗਏ।
ਸਵੇਰੇ ਅਸੀਂ ਚਾਰ ਕੁ ਵਜੇ ਉੱਠ ਬੈਠੇ ਸੀ। ਜਿਉਂ ਹੀ ਅਸੀਂ ਬੱਤੀ ਜਗਾਈ ਦੋ ਨੌਜਵਾਨ ਵੀਰ ਸਾਡੇ
ਕਮਰੇ ਵਿੱਚ ਆ ਗਏ ਤੇ ਕਹਿਣ ਲੱਗੇ ਕਿ ਅਸੀਂ ਤਾਂ ਸਿਰਫ ਤੂਹਾਨੂੰ ਫਤਹ ਹੀ ਬਲਾਉਣੀ ਹੈ ਬਾਕੀ ਦੀਆਂ
ਗੱਲਾਂ ਦੀਵਾਨ ਦੀ ਸਮਾਪਤੀ ਉਪਰੰਤ ਕਰਾਂਗੇ। ਉਹ ਦੇਰ ਗਈ ਰਾਤ ਦੇ ਖੜੇ ਸਨ। ਉਹਨਾਂ ਨੇ ਥੋੜਾ ਆਪਣੇ
ਬਾਰੇ ਦੱਸਿਆ ਤਾਂ ਸਾਡੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ। ਉਹ ਵੀਰ ਕਹਿਣ ਲੱਗੇ ਕਿ ਅਸੀਂ ਸਿੰਧ ਤੋਂ
ਆਏ ਹਾਂ। ਜਦੋਂ ਅਸੀਂ ਸੁਣਿਆ ਕਿ ਧੂੰਦਾ ਜੀ ਤੇ ਸਿੱਖੀ ਲਹਿਰ ਦੀ ਟੀਮ ਆ ਰਹੀ ਹੈ ਤਾਂ ਸਾਡੀ ਖੁਸ਼ੀ
ਦੀ ਕੋਈ ਹੱਦ ਨਾ ਰਹੀ। ਉਹਨਾਂ ਵਿਚੋਂ ਇੱਕ ਵੀਰ ਕਹਿਣ ਲੱਗਾ ਕਿ ਮੈਂ ਆਪਣੇ ਵਪਾਰ ਲਈ ਕਰਾਚੀ ਗਿਆ
ਹੋਇਆ ਸੀ। ਮੇਰਾ ਆਪਣਾ ਵਪਾਰ ਹੈ। ਮੈਂ ਆਪਣੇ ਵਪਾਰ ਲਈ ਸਮਾਨ ਖਰੀਦ ਕੇ ਓੱਥੋਂ ਆਪਣੇ ਸ਼ਹਿਰ ਨੂੰ
ਭੇਜ ਦਿੱਤਾ ਤੇ ਮੈਂ ਲਾਹੌਰ ਨੂੰ ਚੱਲ ਪਿਆ। ਗੱਡੀ ਵਿੱਚ ਭੀੜ ਬਹੁਤ ਜ਼ਿਆਦਾ ਸੀ ਮੈਂ ਗੱਡੀ ਦੇ
ਬਾਥਰੂਮ ਵਿੱਚ ਖਲੋ ਕੇ ਆਇਆ ਹਾਂ। ਏਸੇ ਤਰ੍ਹਾਂ ਦੂਜੇ ਵੀਰ ਵੀ ਦੋ ਦੋ ਹਜ਼ਾਰ ਕਿਲੋਮੀਟਰ ਦਾ ਪੈਂਡਾ
ਤਹਿ ਕਰਕੇ ਆਏ ਸਨ। ਉਹਨਾਂ ਨੂੰ ਪਤਾ ਲੱਗਾ ਕਿ ਪੂਰਾ ਜੱਥਾ ਤੇ ਸਿੱਖੀ ਲਹਿਰ ਦੀ ਟੀਮ ਲਾਹੌਰ ਆ ਰਹੀ
ਹੈ। ਉਹ ਸਾਰੇ ਲਾਹੋਰ ਚਲੇ ਗਏ ਸਨ। ਜਦੋਂ ਪਤਾ ਲੱਗਾ ਕਿ ਜੱਥਾ ਤਾਂ ਨਨਕਾਣਾ ਸਾਹਿਬ ਤੋਂ ਹੋ ਕੇ
ਫਿਰ ਪੰਜਾ ਸਾਹਿਬ ਜਾਣਾ ਹੈ ਤਾਂ ਉਹ ਸਾਰੇ ਵੀਰ ਪੰਜਾ ਸਾਹਿਬ ਨੂੰ ਚੱਲ ਪਏ। ਲਾਹੌਰ ਤੋਂ ਪੰਜਾ
ਸਾਹਿਬ ੫੦੦ ਕਿਲੋਮੀਟਰ ਦੀ ਦੂਰੀ ਤੇ ਹੈ। ਉਹ ਵੀ ਬਹੁਤ ਥੱਕੇ ਹੋਏ ਸਨ। ਦਰਵਾਜ਼ਾ ਖੁਲ੍ਹਾ ਦੇਖ ਕੇ
ਕਈ ਹੋਰ ਵੀਰ ਵੀ ਆ ਗਏ। ਕਈ ਨੇ ਦੱਸਿਆ ਕਿ ਅਸੀਂ ਰਾਤ ਕਈ ਵਾਰ ਦੇਖ ਕੇ ਗਏ ਸਾਂ ਕਿ ਕਦੋਂ ਕਮਰੇ ਦੀ
ਬੱਤੀ ਜਗਦੀ ਹੈ ਤੇ ਕਦੋਂ ਅਸੀਂ ਤੁਹਾਡੇ ਨਾਲ ਵਿਚਾਰਾਂ ਕਰਦੇ ਹਾਂ।
ਹਸਨ ਅਬਦਾਲ ਦਾ ਇਲਾਕਾ ਪਹਾੜੀ ਹੈ ਇਸ ਲਈ ਪੂਰੀ ਗਰਮੀ ਹੋਣ ਦੇ ਬਾਵਜੂਦ ਵੀ ਏੱਥੇ ਮੌਸਮ ਬਹੁਤ
ਸੁੰਦਰ ਸੀ ਕੋਈ ਜ਼ਿਆਦਾ ਗਰਮੀ ਨਹੀਂ ਸੀ। ਏੱਥੇ ਸਰਾਵਾਂ ਦੇ ਕਮਰੇ ਬਹੁਤ ਹਨ ਸਾਡਾ ਜੱਥਾ ਤਾਂ ਥੋੜੀ
ਗਿਣਤੀ ਵਿੱਚ ਸੀ ਪਰ ਜਦੋਂ ਵਿਸਾਖੀ ਦਾ ਪੁਰਬ ਆਉਂਦਾ ਹੈ ਤਾਂ ਓਦੋਂ ਇਹ ਕਮਰੇ ਥੋੜੇ ਹੋ ਜਾਂਦੇ ਹਨ।
ਨੌਜਵਾਨ ਵੀਰਾਂ ਨਾਲ ਗੱਲਬਾਤ ਵੀ ਹੋ ਰਹੀ ਸੀ ਤੇ ਨਾਲ ਨਾਲ ਅਸੀਂ ਤਿਆਰ ਵੀ ਹੋ ਰਹੇ ਸੀ। ਨੌਜਵਾਨਾਂ
ਵਿੱਚ ਬਹੁਤ ਉਤਸ਼ਾਹ ਸੀ। ਕੁੱਝ ਨੌਜਵਾਨ ਪਿਸ਼ਾਵਰ ਤੋਂ ਆਏ ਸਨ। ਪਿਸ਼ਾਵਰ ਵਿੱਚ ਭਾਈ ਜੋਗਾ ਸਿੰਘ ਜੀ
ਦਾ ਗੁਰਦੁਆਰਾ ਹੈ। ਉਹਨਾਂ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਕਦੇ ਸਾਡੇ ਨਗਰ ਕੀਰਤਨ ਨਿਲਕਦਾ ਹੈ
ਤਾਂ ਅਸੀਂ ਤੁਹਾਡੀਆਂ ਹੀ ਸੀਡੀਜ਼ ਬਣਾ ਬਣਾ ਕੇ ਵੰਡਦੇ ਹਾਂ। ਅਸੀਂ ਹੈਰਾਨ ਸੀ ਕਿ ਪਾਕਿਸਤਾਨ ਦੇ
ਵੱਖ ਵੱਖ ਸ਼ੀਹਰਾਂ ਵਿਚੋਂ ਬੜੇ ਉਤਸ਼ਾਹ ਨਾਲ ਨੌਜਵਾਨ ਆਏ ਸਨ।
ਜ਼ਿਆਦਾ ਗੱਲਾਂ ਤਾਂ ਨਹੀਂ ਹੋਈਆਂ ਪਰ ਅਹਿਸਾਸ ਜ਼ਰੂਰ ਹੋਇਆ ਕਿ ਇਹਨਾਂ ਨੌਜਵਾਨਾਂ ਵਿੱਚ ਸਿੱਖੀ ਲਈ
ਬੜਾ ਜ਼ਜਬਾ ਤੇ ਪਿਆਰ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਦੂਸਰਾ ਇਹ ਬ੍ਰਾਹਮਣੀ ਕਰਮ-ਕਾਂਡ ਨੂੰ ਚੰਗੀ
ਤਰ੍ਹਾਂ ਸਮਝਦੇ ਹਨ।
ਵੀਰਾਂ ਨੇ ਚਾਹ ਲਿਆਂਦੀ ਅਸੀਂ ਸਾਰਿਆਂ ਨੇ ਰਲ਼ ਕੇ ਚਾਹ ਦਾ ਲੰਗਰ ਛੱਕਿਆ, ਦਸਤਾਰਾਂ ਸਜਾਈਆਂ ਤੇ
ਗੁਰਦੁਆਰਾ ਸਾਹਿਬ ਨੂੰ ਤੁਰ ਪਏ। ਦਰਬਾਰ ਹਾਲ ਵਿਖੇ ਦਿੱਲੀ ਤੋਂ ਆਏ ਰਾਗੀ ਜੱਥਾ ਗੁਰਬਾਣੀ ਕੀਰਤਨ
ਕਰ ਰਿਹਾ ਸੀ। ਕੀਰਤਨ ਦੀ ਸਮਾਪਤੀ ਉਪਰੰਤ ਧੂੰਦਾ ਜੀ ਨੇ ਸ਼ਬਦ ਦੀਆਂ ਵਿਚਾਰਾਂ ਕੀਤੀਆਂ। ਸਿੱਖ ਧਰਮ
ਵਿੱਚ ਆਈਆਂ ਕੁਰੀਤੀਆਂ ਦੀ ਜਾਣਕਾਰੀ ਦਿੱਤੀ। ਸੰਗਤਾਂ ਨੇ ਬਹੁਤ ਪਿਆਰ ਨਾਲ ਸੁਣਿਆ ਜਿੱਥੇ ਵੀ ਕਿਸੇ
ਨੂੰ ਥਾਂ ਮਿਲੀ ਓੱਥੇ ਹੀ ਬੈਠ ਗਏ। ਦੀਵਾਨ ਦੀ ਸਮਾਪਤੀ ਹੋਈ ਤੇ ਅਸੀਂ ਲੰਗਰ ਛੱਕਣ ਲਈ ਲੰਗਰ ਹਾਲ
ਵਿੱਚ ਚਲੇ ਗਏ। ਇਹ ਵੀ ਲੰਗਰ ਨਵ-ਉਸਾਰੀ ਕੀਤੀ ਹੋਈ ਸੀ। ਸਾਹਮਣੇ ਸਕੂਲ ਦੀ ਇਮਾਰਤ ਸੀ।
ਜਦੋਂ ਮੈਂ ੧੯੮੧ ਨੂੰ ਵਿਸਾਖੀ ਦੇ ਪੁਰਬ ਨੂੰ ਗਿਆ ਸੀ। ਓਦੋਂ ਜੱਥਾ ਏੱਥੇ ਤਿੰਨ ਦਿਨ ਰਿਹਾ ਸੀ,
ਅਸੀਂ ਸਾਰਾ ਸ਼ਹਿਰ ਘੁੰਮ ਕੇ ਦੇਖਿਆ ਸੀ। ਓਦੋਂ ਬਜ਼ਾਰ ਬੰਦ ਨਹੀਂ ਸੀ ਸਗੋਂ ਸਾਰਾ ਬਜ਼ਾਰ ਖੁਲਾ ਹੋਇਆ
ਸੀ ਤੇ ਵਲੀ ਕੰਧਾਰੀ ਵਾਲੀ ਪਹਾੜੀ ਤੇ ਵੀ ਅਸੀਂ ਗਏ ਸੀ। ਇਸ ਵਾਰੀ ਸਾਰਾ ਬਜ਼ਾਰਾ ਬੰਦ ਕੀਤਾ ਹੋਇਆ
ਸੀ ਬਾਹਰ ਜਾਣ ਦੀ ਕਿਸੇ ਨੂੰ ਕੋਈ ਆਗਿਆ ਨਹੀਂ ਸੀ ਉਂਜ ਬਾਹਰ ਜਾਣ ਲਈ ਸਾਡੇ ਪਾਸ ਸਮਾਂ ਵੀ ਨਹੀਂ
ਸੀ। ਇਸ ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਤੇ ਸਾਰੀ ਮੁਰੰਮਤ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ
ਨੇ ਕਰਾਈ ਹੈ। ਸਿੰਧ ਵਿਚੋਂ ਆਏ ਨੌਜਵਾਨ ਵੀਰਾਂ ਨੇ ਸਾਨੂੰ ਬੜੀ ਭਾਵਨਾ ਨਾਲ ਸਿਰਪਾਉ ਦਿੱਤੇ। ਇਹ
ਸਿਰਪਾਉ ਵਾਲਾ ਕਪੜਾ ਕੇਵਲ ਸਿੰਧ ਵਿਚੋਂ ਹੀ ਮਿਲਦਾ ਹੈ। ਇਹਨਾਂ ਨੂੰ ਪਸ਼ਤੋ, ਉਰਦੂ ਤੇ ਵਧੀਆ
ਪੰਜਾਬੀ ਆਉਂਦੀ ਸੀ। ਕੁੱਝ ਕੁ ਨੇ ਤਾਂ ਏੱਥੋਂ ਹੀ ਮੁੜ ਜਾਣਾ ਸੀ ਤੇ ਕੁੱਝ ਕੁ ਲਾਹੌਰ ਵੀ ਜਾਣ ਲਈ
ਤਿਆਰ ਸਨ। ਨੌਜਵਾਨੋ ਤੁਸੀਂ ਧੰਨ ਜੋ ਤੁਸੀਂ ਸਿੱਖ ਸਿਧਾਂਤ ਨੂੰ ਸਮਝ ਰਹੇ ਹੋ--